StatCounter

Sunday, August 19, 2012

ਕਵਿਤਾ ਦੇ ਦਿਲ ਦੀ ਧੜਕਣ ਕਦੇ ਨਹੀਂ ਰੁਕੇਗੀ

                          19 ਅਗਸਤ ਲਾਲ ਸਿੰਘ ਦਿਲ ਯਾਦਗਾਰੀ ਸਾਹਿਤਕ ਸਮਾਗਮ 'ਤੇ ਵਿਸ਼ੇਸ਼
        ਕਵਿਤਾ ਦੇ ਦਿਲ ਦੀ ਧੜਕਣ ਕਦੇ ਨਹੀਂ ਰੁਕੇਗੀ
                                                                                                                                —ਅਮੋਲਕ ਸਿੰਘ
'ਸਤਲੁਜ ਦੀ ਹਵਾ', 'ਬਹੁਤ ਸਾਰੇ ਸੂਰਜ', 'ਸੱਥਰ', 'ਨਾਗ ਲੋਕ' (ਵੱਖ-ਵੱਖ ਪੁਸਤਕਾਂ ਦਾ ਸੰਗ੍ਰਹਿ) ਅਤੇ ਆਤਮ ਕਥਾ 'ਦਾਸਤਾਨ' ਦਾ ਲੇਖਕ 11 ਅਪ੍ਰੈਲ 1943 ਨੂੰ ਨਾਨਕੇ ਪਿੰਡ ਘੁੰਗਰਾਲੀ ਸਿੱਖਾਂ, ਮਾਂ ਚਿੰਤ ਕੌਰ ਅਤੇ ਪਿਤਾ ਰੌਣਕੀ ਰਾਮ ਦੇ ਘਰ ਪੈਦਾ ਹੋਇਆ ਲਾਲ ਸਿੰਘ ਜੋ ਕਿ ਤਖੱਲਸ 'ਦਿਲ' ਨਾਲ ਸਾਹਿਤ ਜਗਤ ਦੇ ਅੰਬਰ ਦਾ ਧਰੂ ਤਾਰਾ ਬਣ ਚਮਕਿਆ ਅਤੇ ਜੋ ਆਉਣ ਵਾਲੇ ਕੱਲ੍ਹ ਦਾ ਵੀ ਦਿਲ ਬਣਕੇ ਧੜਕਦਾ ਰਹੇਗਾ। ਉਸਨੂੰ ਅੱਜ 19 ਅਗਸਤ ਵਾਲੇ ਦਿਨ ਸਮਰਾਲਾ ਵਿਖੇ ਸਾਹਿਤਕ ਸਮਾਗਮ ਦੇ ਸਬੱਬ ਨਾਲ ਮਹਿਜ਼ ਯਾਦ ਨਹੀਂ ਸਗੋਂ ਉਸਦੀ ਕਾਵਿ-ਸੰਵੇਦਨਾ ਉਪਰ ਗੰਭੀਰ ਵਿਚਾਰਾਂ ਕਰਨ ਲਈ ਸਾਹਿਤਕਾਰ, ਲੇਖਕ, ਆਲੋਚਕ, ਕਵੀ ਅਤੇ ਸਭਿਆਚਾਰਕ ਕਾਮੇ ਸਿਰ ਜੋੜ ਕੇ ਬੈਠ ਰਹੇ ਹਨ।

14 ਅਗਸਤ 2007, ਰਾਤ ਦੇ 8 ਵਜੇ ਡੀ.ਐਮ.ਸੀ. ਲੁਧਿਆਣਾ ਵਿਖੇ ਇਸ ਲੋਕਾਂ ਦੇ ਸ਼ਾਇਰ ਨੇ ਵੈਨਟੀਲੇਟਰ 'ਤੇ ਅੰਤਿਮ ਸਾਹ ਲਿਆ। ਇਹ ਪਾਕਿਸਤਾਨ ਦੀ 'ਆਜ਼ਾਦੀ' ਦਾ ਦਿਹਾੜਾ ਹੈ। ਅਗਲੇ ਦਿਨ ਜਦੋਂ ਸਾਡੇ ਮੁਲਕ ਅੰਦਰ ਚੜ੍ਹਦੇ ਸੂਰਜ ਦੀ ਲਾਲੀ ਨਾਲ 'ਬਹੁਤ ਸਾਰੇ ਸੂਰਜ' ਦੇ ਰਚਨਾਕਾਰ ਸਾਹਿਤਕਾਰ ਦਿਲ ਨੂੰ ਉਸਦੇ ਸੰਗੀ-ਸਾਥੀ 'ਅਲਵਿਦਾ! ਐ ਡੁੱਬਦੇ ਸੂਰਜ!!' ਕਹਿਣ ਸਮਰਾਲੇ ਵੱਲ ਵਹੀਰਾਂ ਘੱਤ ਰਹੇ ਸਨ ਤੇ ਸਾਡੇ ਮੁਲਕ ਦੀ 'ਆਜ਼ਾਦੀ' ਦੇ ਤੈਰਾਨੇ, ਇਨ੍ਹਾਂ ਕਾਫ਼ਲਿਆਂ ਦੇ ਕੰਨੀਂ ਪੈ ਰਹੇ ਸਨ। ਜਿਹੜੇ ਅਨੇਕਾਂ ਸੁਆਲਾਂ ਦੀ ਸਰਗਮ ਛੇੜ ਰਹੇ ਸਨ। ਪ੍ਰੋ. ਬਲਦੀਪ, ਮਾਸਟਰ ਤਰਲੋਚਨ, ਗੁਲਜ਼ਾਰ ਮੁਹੰਮਦ ਗੌਰੀਆ ਅਤੇ ਮੈਂ ਵਿਛੜੇ ਸ਼ਾਇਰ ਦੀ ਮਖ਼ਮਲੀ ਕੋਮਲ ਕਵਿਤਾ ਵਰਗੇ ਫੁੱਲ ਭਾਲਦੇ ਰਹੇ ਜਿਹੜੇ ਫੁੱਲ ਸ਼ਹਿਰ ਅਤੇ ਕਸਬਿਆਂ 'ਚੋਂ ਆਜ਼ਾਦੀ ਦੇ ਜਸ਼ਨ ਮਨਾਉਣ ਵਾਲੇ ਲੈ ਗਏ ਸਨ। ਮੁੱਲ ਵਿਕੇਂਦੇ ਫੁੱਲਾਂ ਦੀ ਬਜਾਏ, ਖੇਤਾਂ-ਜਾਏ ਸ਼ਾਇਰ ਉਪਰ ਉਨ੍ਹਾਂ ਫੁੱਲਾਂ ਦੀ ਵਰਖਾ ਹੋਈ ਜਿਹੜੇ ਅਸੀਂ ਧਰਤੀ ਦੀ ਬੁੱਕਲ 'ਚੋਂ ਅਤੇ 'ਪੜ੍ਹਨ ਲਈ ਆਓ, ਸੇਵਾ ਲਈ ਜਾਓ' ਲਿਖੇ ਬੋਲਾਂ ਵਾਲੇ ਗੇਟ ਲੰਘਕੇ ਕਟਾਣੀ ਦੇ ਸਕੂਲ ਵਿਚੋਂ ਤਾਜ਼ੇ ਤਾਜ਼ੇ ਹਾਸਲ ਕੀਤੇ ਸਨ।

ਪੰਜ ਵਰ੍ਹੇ ਬੀਤ ਜਾਣ ਤੇ ਦਿਲ ਦੇ ਸਿਵੇ ਦੀਆਂ ਲਾਟਾਂ ਦੀ ਲੋਅ ਨਾ ਮੱਠੀ ਪਈ ਹੈ ਅਤੇ ਨਾ ਹੀ ਰਾਖ ਅੰਦਰ ਸੁਲਘਦੇ, ਤੜਪਦੇ ਅਣਗਿਣਤ ਸੁਆਲਾਂ ਦੀ ਤਪਸ ਹੀ ਮੱਠੀ ਪਈ ਹੈ। ਜਾਤ-ਪਾਤ ਦੇ ਕੋਹੜ ਦੀ ਬੁਨਿਆਦ 'ਤੇ ਟਿਕੇ ਸੜਿਹਾਂਦ ਮਾਰਦੇ ਨਿਜ਼ਾਮ ਦੀਆਂ ਛਮਕਾਂ ਪਿੰਡੇ 'ਤੇ ਝੱਲਣ ਵਾਲਾ, ਸਕੂਲ, ਕਾਲਜ, ਗਿਆਨੀ ਤੱਕ ਪਾਠ ਪੁਸਤਕਾਂ ਦੇ ਅੱਖਰਾਂ 'ਚੋਂ ਜ਼ਿੰਦਗੀ ਦਾ ਸਿਰਨਾਵਾਂ ਤਲਾਸ਼ਣ ਵਾਲਾ ਖੋਜੀ ਅੱਖ ਵਾਲਾ ਲਾਲ ਸਿੰਘ, ਸਾਹਿਤ, ਕਵਿਤਾ, ਮਾਰਕਸੀ ਵਿਚਾਰ-ਧਾਰਾ ਅਤੇ ਇਨਕਲਾਬੀ ਸਮਾਜਕ ਤਬਦੀਲੀ ਦੇ ਨਿਯਮਾਂ ਨੂੰ ਵਿਗਿਆਨਕ ਦ੍ਰਿਸ਼ਟੀ ਤੋਂ ਪਰਖਣ ਵਾਲਾ ਕਵੀ ਬਣਨ ਤੱਕ ਦਾ ਸੰਗਰਾਮੀ ਪਾਂਧੀ ਕਿਸੇ ਝੀਲ ਕਿਨਾਰੇ ਬਹਿਕੇ, ਕੋਰੇ ਕਾਗਜ਼ ਲੈ ਕੇ ਨਹੀਂ ਲਿਖਦਾ ਰਿਹਾ ਸਗੋਂ ਜ਼ਿੰਦਗੀ ਦੇ ਤਪਦੇ ਤੰਦੂਰ 'ਚ ਕਵਿਤਾ ਨੂੰ ਰਾੜ੍ਹਦਾ ਰਿਹਾ ਹੈ।

ਇਸਦਾ ਪ੍ਰਮਾਣ ਉਸਦੀ ਕਾਵਿ-ਧਰੋਹਰ ਹੈ :
 ਕਿਸੇ ਦੇ ਰਹਿਮ ਤੇ
 ਕੁਝ ਵੀ ਸਾਨੂੰ ਮਨਜ਼ੂਰ ਨਹੀਂ
 ਕੋਈ ਸਵਰਗ, ਕੋਈ ਧਰਮਰਾਜ ਦਾ ਰਾਜ

ਕੰਮੀਆਂ ਵਿਹੜੇ ਮਘੇ ਸੂਰਜ ਲਾਲੀ ਤੋਂ ਹਨੇਰਗਰਦੀ ਭਰੀ ਸਥਾਪਤੀ ਨੂੰ ਕੱਚੀਆਂ ਤਰੇਲੀਆਂ ਆ ਰਹੀਆਂ ਸਨ। ਦਿਲ ਦੀ ਕਵਿਤਾ, ਕਿਰਤੀਆਂ, ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ, ਬੁੱਧੀਜੀਵੀਆਂ ਤੋਂ ਲੈ ਕੇ ਛੱਜ-ਘਾੜਿਆਂ, ਬੱਦੂਮਾਰਾਂ, ਪਿਆਰ, ਮੁਹੱਬਤ, ਕੁਦਰਤੀ ਮਨਮੋਹਕ ਨਜ਼ਾਰਿਆਂ ਤੋਂ ਲੈ ਕੇ, ਬਲ਼ਦੇ ਜਿਸਮਾਂ ਨਾਲ ਲੋਹਾ ਢਾਲਦੇ ਕਾਮਿਆਂ ਦੀ ਜ਼ਿੰਦਗੀ ਦੇ ਬਹੁ-ਪੱਖਾਂ ਨੂੰ ਆਪਣੇ ਕਲਾਵੇ 'ਚ ਲੈਂਦੀ ਹੈ। ਜ਼ਿੰਦਗੀ ਨੂੰ ਹੁਸੀਨ ਬਣਾਉਣ ਵਾਲੇ ਹੀ ਜਦੋਂ ਜ਼ਿੰਦਗੀ ਦੇ ਨਕਸ਼ੇ ਤੋਂ ਮਨਫ਼ੀ ਕਰ ਦਿੱਤੇ ਜਾਣ ਦੀਆਂ ਯੋਜਨਾਵਾਂ ਨੂੰ ਰਾਜ ਭਾਗ ਬਲਵਾਨ ਕਰੇ ਤਾਂ ਜ਼ਿੰਦਗੀ ਨਾਲ ਚਾਰ ਸੌ ਵੀਹ ਕਰਨ ਵਾਲਿਆਂ ਦੇ ਨਕਾਬ ਵਗਾਹ ਮਾਰਨ ਲਈ ਵਕਤ ਨੂੰ ਲਾਲ ਸਿੰਘ ਦਿਲ ਵਰਗੇ ਕਲਮਕਾਰਾਂ ਦੀ ਉਡੀਕ ਹੁੰਦੀ ਹੈ। ਸਮੇਂ ਸਮੇਂ ਅਜੇਹੀਆਂ ਕਲਮਾਂ ਉੱਗਦੀਆਂ, ਉੱਠਦੀਆਂ ਅਤੇ ਅੱਗੇ 'ਕਲਮਾਂ' ਲਾਉਂਦੀਆਂ ਰਹੀਆਂ ਹਨ।

ਦਿਲ ਦੇ ਦਿਲ ਅੰਦਰੋਂ ਧਰਤੀ ਦੇ ਸਰੋਕਾਰਾਂ ਦੀ ਧੜਕਣ ਬੰਦ ਕਰਨ ਲਈ ਉਸਨੂੰ ਬਿਨਾਂ ਰਿਮਾਂਡ ਹੀ 28 ਦਿਨ 'ਭਾਰਤੀ ਜਮਹੂਰੀਅਤ' ਨੇ ਪੁੱਠੇ ਲਟਕਾਇਆ ਹੈ। ਕਿਲੋਮੀਟਰ ਲਾਏ ਹਨ। ਘੋਟਣੇ ਲਾਏ ਹਨ। ਵਾਲੋਂ ਫੜ ਕੇ ਘੜੀਸਿਆ ਹੈ। ਦਾੜ੍ਹੀ ਦਾ ਵਾਲ ਵਾਲ ਕੀਤਾ ਹੈ। ਉਨੀਂਦਰੇ ਰੱਖਿਆ ਹੈ। ਭਾਈ ਲਾਲੋਆਂ ਦਾ ਲਹੂ ਪੀਣੇ ਮਲਕ ਭਾਗੋਆਂ ਦੀ ਚਾਕਰੀ ਕਰਦੇ ਦਰਿੰਦਿਆਂ ਨੇ ਵਹਿਸ਼ਤ ਦਾ ਨੰਗਾ ਨਾਚ ਕੀਤਾ ਹੈ। 'ਚਮਾਰੋ ਦੇਈਏ ਥੋਨੂੰ ਜ਼ਮੀਨਾਂ', 'ਚਮਾਰੋ ਇਨਕਲਾਬ ਲਿਆਓਗੇ', 'ਚੱਲ ਚਮਾਰਾ, ਅੱਜ ਅੱਧੀ ਰਾਤ ਨੂੰ ਨਹਿਰ ਦੇ ਸੁੰਨੇ ਪੁਲ 'ਤੇ ਤੇਰੇ ਨਾਲ ਅਤੇ ਤੇਰੇ ਇਨਕਲਾਬ ਨਾਲ ਸਿੱਝਾਂਗੇ।'

ਅਨੇਕਾਂ ਉਤਰਾਅ ਚੜਾਅ ਉਸਨੇ ਸਮੇਂ ਦੇ ਦੇਖੇ ਹਨ। ਰਾਜਨੀਤਕ ਸਮਾਜਕ ਅਤੇ ਸਾਹਿਤਕ ਲਹਿਰ ਦੇ ਦੇਖੇ ਹਨ। ਜੇਲ੍ਹ ਦੀ ਕਾਲ ਕੋਠੜੀ ਅੰਦਰ ਸਮੇਂ ਦੀਆਂ ਚੁਣੌਤੀਆਂ ਨਾਲ ਸੰਵਾਦ ਰਚੇ ਹਨ। ਜੇਲ੍ਹ ਦੇ ਅੰਦਰ ਕੋਲ਼ੇ ਨਾਲ ਓਹਲੇ ਪਰਦੇ ਵਾਲੀਆਂ ਕੰਧਾਂ ਦੇ ਖੱਲ ਖੂੰਜੇ ਕਵਿਤਾ ਉੱਕਰੀ ਹੈ। ਹਿੰਮਤ ਕਰਕੇ ਨਿੱਕੇ ਕਾਗਜ਼ 'ਤੇ ਨਿੱਕੇ ਅੱਖਰਾਂ 'ਚ ਕੱਦਾਵਰ ਅਰਥਾਂ ਵਾਲੀ ਕਵਿਤਾ ਰਚੀ ਹੈ। ''ਅਸੀਂ ਬਹੁਤ ਢਿੱਲੇ ਹਾਂ, ਹਨੇਰਾ ਰਾਕਟ ਦੀ ਚਾਲ ਚੱਲਦਾ ਹੈ'' ਜੇਲ੍ਹ ਤੋਂ ਰਿਹਾਅ ਹੋਣ ਮੌਕੇ ਕਵਿਤਾਵਾਂ ਜੁੱਤੀ ਦੇ ਤਲੇ ਅੰਦਰ ਛੁਪਾ ਕੇ ਬਾਹਰ ਲਿਆਂਦੀਆਂ ਹਨ। ਲੋਹੜੇ ਦੇ ਤਸ਼ੱਦਦ ਅੱਗੇ ਕਵਿਤਾ ਦੀ ਮੌਤ ਨਹੀਂ ਹੋਈ। ਉਹ ਸਤਲੁਜ ਕੰਢੇ ਸਾੜੇ ਗਏ ਕਰਾਂਤੀ ਦੇ ਮਹਾਂ-ਨਾਇਕਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗਿਆਂ ਦੇ ਸੁਨਹਿਰੀ ਸੁਪਨਿਆਂ ਨੂੰ ਆਪਣੀ ਕਵਿਤਾ ਦੀ ਲਾਟ ਅੰਦਰ ਇਉਂ ਸੰਜੋਂਦਾ ਹੈ :

ਸਤਲੁਜ ਦੀਏ 'ਵਾਏ ਨੀ
 ਪ੍ਰੀਤ ਤੇਰੇ ਨਾਲ ਸਾਡੀ 'ਵਾਏ ਨੀ
 ਫੇਰ ਅਸੀਂ ਕੋਲ ਤੇਰੇ ਆਏ ਨੀ
 ਦਿਲ ਪਹਿਚਾਣ ਸਾਡਾ ਉੱਠਕੇ।

ਦਿਲ ਦਾ ਦਿਲ ਪਹਿਚਾਨਣ ਵਾਲੇ ਹੀ ਉਨ੍ਹਾਂ ਕਾਲ਼ੀਆਂ ਜੀਭਾਂ ਦਾ ਭੇਦ ਪਾ ਸਕਦੇ ਹਨ ਜਿਹੜੀਆਂ ਕੁਬੋਲ ਬੋਲ ਕੇ ਦਿਲ, ਪਾਸ਼ ਅਤੇ ਉਦਾਸੀ ਦੀ ਮੜ੍ਹੀ ਵੀ ਵੰਡਣ ਦੇ ਧੰਦੇ ਲੱਗੀਆਂ ਰਹਿੰਦੀਆਂ ਹਨ। ਸ਼ਨਦ ਰਹਿਣ ਲਈ ਇਹ ਕਵੀ ਆਪਣੇ ਹਿੱਸੇ ਦੀ ਅਜੇਹੀ ਮਸ਼ਾਲ ਬਾਲ ਕੇ ਗਏ ਹਨ ਕਿ ਹਨੇਰੇ 'ਚ ਇਹ ਹਿੰਮਤ ਨਹੀਂ ਕਿ ਉਹ ਇਸਦੀ ਰੌਸ਼ਨੀ ਅੱਗੇ ਖੜ੍ਹ ਸਕੇ।
ਦਿਲ ਲਿਖਦਾ ਹੈ :

 ਜ਼ਿੰਦਗੀ ਦੇ ਯੁੱਗ ਦੀ ਸਵੇਰ
 ਆਏਗੀ ਜ਼ਰੂਰ ਇੱਕ ਵੇਰ
 ਸੋਨੇ ਦਿਆਂ ਦੀਵਿਆਂ 'ਚ ਬਾਲ਼
 ਹੋਰ ਸਾਨੂੰ ਵੰਡ ਲੈ ਹਨੇਰ

ਜਦੋਂ ਪਾਸ਼, 'ਸੋਨੇ ਦੀ ਸਵੇਰ ਜਦੋਂ ਆਊ ਹਾਣੀਆਂ, ਨੱਚੇਗਾ, ਅੰਬਰ ਭੂਮੀ ਆਊ ਹਾਣੀਆਂ' ਲਿਖਦਾ ਹੈ ਅਤੇ ਸੰਤ ਰਾਮ ਉਦਾਸੀ 'ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਘਦਾ ਰਹੀਂ ਵੇ ਸੂਰਜਾ ਕਮੀਆਂ ਦੇ ਵਿਹੜੇ' ਲਿਖਦਾ ਹੈ ਤਾਂ ਕਵੀਆਂ ਦੇ ਨਾਂਅ ਹੀ ਵੱਖ-ਵੱਖ ਹਨ ਪਰ ਕਵਿਤਾ ਦਾ ਸਿਰਨਾਵਾਂ ਇਕੋ ਹੈ। ਮੰਜ਼ਲ ਇਕੋ ਹੈ।

ਇਸ ਮੰਜ਼ਲ ਦੀ ਕਵਿਤਾ ਦਾ ਸਫ਼ਰ ਜਾਰੀ ਹੈ। ਜੇ ਸੱਤਰਵਿਆਂ ਦੇ ਦੌਰ ਦੇ ਦਿਲ, ਪਾਸ਼, ਉਦਾਸੀ, ਗੁਰਸ਼ਰਨ ਸਿੰਘ ਵਰਗੇ ਸੱਚ ਦੀ ਗੱਲ ਕਰਨ ਕਰਕੇ ਸੀਖਾਂ ਪਿੱਛੇ ਡੱਕੇ ਗਏ ਤਾਂ ਅੱਜ ਪੰਜਾਬ ਦੇ ਰੰਗ ਕਰਮੀਆਂ, ਕਬੀਰ ਕਲਾ ਮੰਚ ਮਹਾਂਰਾਸ਼ਟਰ, ਜਤਿਨ ਮਰਾਂਡੀ (ਨਾਟਕਕਾਰ), ਚੇਤਨਾ ਕਲਾ ਕੇਂਦਰ ਛਤੀਸਗੜ੍ਹ, ਦਸਤਾਵੇਜ਼ੀ ਫਿਲਮਕਾਰ ਸੰਜੇ ਕਾਕ, ਸੀਮਾ ਆਜ਼ਾਦ, ਇਰੋਮ ਸ਼ਰਮੀਲਾ ਆਦਿ ਦੱਬੇ ਕੁਚਲੇ ਲੋਕਾਂ ਨੂੰ ਗੁਰਬਤ ਤੋਂ ਆਜ਼ਾਦੀ, ਬਰਾਬਰੀ, ਜਮਹੂਰੀਅਤ, ਨਿਆਂ, ਸਵੈ-ਮਾਣ ਭਰੀ ਜ਼ਿੰਦਗੀ ਭਰਿਆ ਸਮਾਜ ਸਿਰਜਣ ਦੀ ਕਵਿਤਾ ਅੱਗੇ ਤੋਰਨ ਕਰਕੇ ਜਬਰ ਸਿਤਮ ਦਾ ਸ਼ਿਕਾਰ ਹੋਣਾ ਪੈ ਰਿਹੈ। ਇਉਂ ਅਜੋਕੀਆਂ ਚੁਣੌਤੀਆਂ ਨੂੰ ਸਿੰਗਾਂ ਤੋਂ ਫੜ ਕੇ ਰਚੀ ਜਾ ਰਹੀ ਸਮੇਂ ਦੀ ਹਾਣੀ ਕਵਿਤਾ 'ਚ ਦਿਲ ਦਾ ਦਿਲ ਧੜਕਦਾ ਹੈ। ਇਹ ਧੜਕਣ ਸਾਹ ਅਤੇ ਨਬਜ਼ ਨਾਲੋਂ ਸਿਫ਼ਤੀ ਤੌਰ 'ਤੇ ਹੀ ਅਲੱਗ ਹੈ। ਇਹ ਧੜਕਣ ਕਦੇ ਨਹੀਂ ਰੁਕੇਗੀ।
ਸੰਪਰਕ : 94170-76745

Thursday, August 9, 2012

ਲੇਖਕ ਅਤੇ ਪੱਤਰਕਾਰ ਜੋੜੀ ਸੀਮਾ ਆਜ਼ਾਦ ਅਤੇ ਵਿਸ਼ਵ ਵਿਜੈ ਦੀ ਜ਼ਮਾਨਤ

ਜਮਹੂਰੀ ਸ਼ਕਤੀਆਂ ਅਤੇ ਸੱਚ ਦੀ ਜਿੱਤ : ਜਮਹੂਰੀ ਫਰੰਟ

ਜਲੰਧਰ: ਉੱਘੇ ਗਾਂਧੀਵਾਦੀ ਚਿੰਤਕ ਹਿਮਾਂਸ਼ੂ ਕੁਮਾਰ ਅਤੇ ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ, ਪੰਜਾਬ ਦੇ ਕੋ-ਕਨਵੀਨਰ ਡਾ. ਪਰਮਿੰਦਰ, ਪ੍ਰੋ. ਏ.ਕੇ. ਮਲੇਰੀ ਅਤੇ ਯਸ਼ਪਾਲ ਨੇ ਪ੍ਰੈਸ ਨੂੰ ਲਿਖਤੀ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜਮਹੂਰੀ ਹੱਕਾਂ ਦੀ ਲਹਿਰ ਦੀ ਝੰਡਾਬਰਦਾਰ, ਲੇਖਕ-ਪੱਤਰਕਾਰ ਜੋੜੀ ਸੀਮਾ ਆਜ਼ਾਦ ਅਤੇ ਵਿਸ਼ਵ ਵਿਜੈ ਨੂੰ ਅਲਾਹਾਬਾਦ ਹਾਈ ਕੋਰਟ ਨੇ ਜ਼ਮਾਨਤ ਮਿਲਣ 'ਤੇ ਮੁਲਕ ਭਰ ਦੇ ਜਮਹੂਰੀ ਹਲਕਿਆਂ ਅੰਦਰ ਖ਼ੁਸ਼ੀ ਅਤੇ ਸਚਾਈ ਦੀ ਜਿੱਤ 'ਤੇ ਮਾਣ ਮਹਿਸੂਸ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਹਾਈਕੋਰਟ ਦੇ ਮਾਣਯੋਗ ਜੱਜ ਨੇ ਆਪਣੇ ਨੋਟ ਵਿਚ ਉਚੇਚਾ ਦਰਜ ਕੀਤਾ ਹੈ ਕਿ ਕਿਸੇ ਵੀ ਭਾਰਤੀ ਨਾਗਰਿਕ ਨੂੰ ਸਿਰਫ ਆਪਣੇ ਵੱਖਰੇ ਵਿਚਾਰ ਰੱਖਣ 'ਤੇ ਹੀ ਉਸ ਉਪਰ ਗੈਰ-ਕਾਨੂੰਨੀ ਗਤੀਵਿਧੀਆਂ ਦਾ ਠੱਪਾ ਕਿਵੇਂ ਲਾਇਆ ਜਾ ਸਕਦਾ ਹੈ। ਇਹੀ ਨੁਕਤਾ ਬਚਾਅ ਪੱਖ ਦੇ ਵਕੀਲ ਰਵੀ ਕਿਰਨ ਜੈਨ, ਜੱਜ ਸਾਹਿਬਾਨ ਜੈਨ ਅਤੇ ਅਸ਼ੋਕ ਪਾਲ ਸਿੰਘ ਜੱਜ ਵੀ ਉਠਾਇਆ ਹੈ।

ਸੀਮਾ ਆਜ਼ਾਦ ਅਤੇ ਉਸਦੇ ਜੀਵਨ ਸਾਥੀ ਵਿਸ਼ਵ ਵਿਜੈ ਨੂੰ 8 ਜੂਨ ਨੂੰ ਅਲਾਹਾਬਾਦ ਦੀ ਸੈਸ਼ਨ ਕੋਰਟ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਹਨਾਂ ਉਪਰ ਸੀ.ਪੀ.ਆਈ. (ਮਾਓਵਾਦੀ) ਪਾਰਟੀ ਦੇ ਮੈਂਬਰ ਹੋਣ ਦਾ 'ਦੋਸ਼' ਆਇਦ ਕੀਤਾ ਗਿਆ ਸੀ।

ਪੁਲਿਸ ਨੇ ਸੀਮਾ ਆਜ਼ਾਦ ਨੂੰ 6 ਫਰਵਰੀ 2010 ਨੂੰ ਅਲਾਹਾਬਾਦ ਗ੍ਰਿਫ਼ਤਾਰ ਕਰ ਲਿਆ ਸੀ ਜਦੋਂ ਉਹ ਦਿੱਲੀ ਤੋਂ ਕੌਮਾਂਤਰੀ ਪੁਸਤਕ ਮੇਲੇ ਵਿਚੋਂ ਵਾਪਸ ਆ ਰਹੀ ਸੀ। ਇਸ ਮੌਕੇ ਹੀ ਉਨ੍ਹਾਂ ਦਾ ਜੀਵਨ ਸਾਥੀ ਵਿਸ਼ਵ ਵਿਜੈ ਸੀਮਾ ਆਜ਼ਾਦ ਨੂੰ ਲੈਣ ਲਈ ਖੜ੍ਹੇ ਸਨ ਉਨ੍ਹਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ। ਇਨ੍ਹਾਂ ਉਪਰ ਗੈਰ-ਕਾਨੂੰਨੀ ਸਰਗਰਮੀਆਂ ਅਤੇ ਪਾਬੰਦੀ ਸ਼ੁਦਾ ਸਾਹਿਤ ਫੜੇ ਜਾਣ ਦੇ ਦੋਸ਼ ਲਗਾ ਕੇ 30 ਮਹੀਨੇ ਮੁਕੱਦਮਾ ਦੱਸਿਆ ਅਤੇ ਲੰਘੀ 8 ਜੂਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ, ਪੰਜਾਬ ਨੇ ਸੀਮਾ ਆਜ਼ਾਦ ਅਤੇ ਵਿਸ਼ਵ ਵਿਜੈ ਉਪਰ ਮੜ੍ਹਿਆ ਨਿਰ-ਆਧਾਰ ਕੇਸ ਖ਼ਤਮ ਕਰਨ ਦੀ ਮੰਗ ਕੀਤੀ ਹੈ।
ਜਾਰੀ ਕਰਤਾ :
ਡਾ. ਪਰਮਿੰਦਰ ਸਿੰਘ
(95010-25030)

Saturday, August 4, 2012

DFAOGH held convention against unbridled state violence and human rights violations

ਸਮਾਜ ਉਪਰ ਰਾਜ ਦੀ ਮਰਜ਼ੀ ਠੋਸਣਾ ਘਾਤਕ: ਹਿਮਾਂਸ਼ੂ ਕੁਮਾਰ
ਲੋਕਾਂ ਕੋਲ ਸੰਗਰਾਮ ਬਿਨਾਂ ਕੋਈ ਰਾਹ ਨਹੀਂ: ਡਾ. ਬੀ.ਡੀ. ਸ਼ਰਮਾ

ਜਲੰਧਰ; 4 ਅਗਸਤ-ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਵੱਲੋਂ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਹੋਈ ਸੂਬਾਈ ਕਨਵੈਨਸ਼ਨ 'ਚ ਪੰਜਾਬ ਭਰ ਤੋਂ ਜੁੜੇ ਬੁੱਧੀਜੀਵੀਆਂ ਅਤੇ ਵੱਖ ਵੱਖ ਮਿਹਨਤਕਸ਼ ਤਬਕਿਆਂ ਅੰਦਰ ਸੰਘਰਸ਼ਸ਼ੀਲ, ਜਮਹੂਰੀ ਇਨਕਲਾਬੀ ਸ਼ਕਤੀਆਂ ਨੇ ਦੋਵੇਂ ਬਾਹਵਾਂ ਖੜੀਆਂ ਕਰਕੇ ਜ਼ੋਰਦਾਰ ਮੰਗ ਕੀਤੀ ਕਿ ਲੋਕਾਂ ਕੋਲੋਂ ਜ਼ਮੀਨ, ਜਲ, ਕੁਦਰਤੀ ਸਰੋਤ ਅਤੇ ਜੰਗਲ ਆਦਿ ਖੋਹਣ ਲਈ ਅਪਰੇਸ਼ਨ ਗਰੀਨ ਹੰਟ ਦੇ ਨਾਂਅ ਹੇਠ ਲੋਕਾਂ ਦੀ ਕਿਰਤ ਕਮਾਈ, ਸਵੈਮਾਨ, ਜ਼ਿੰਦਗੀ ਅਤੇ ਜਮਹੂਰੀ ਹੱਕਾਂ ਉਪਰ ਬੋਲਿਆ ਜਾ ਰਿਹਾ ਧਾਵਾ ਫੌਰੀ ਬੰਦ ਕੀਤਾ ਜਾਏ।

ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਦੇ ਕੋ-ਕਨਵੀਨਰ ਯਸ਼ਪਾਲ, ਸੂਬਾ ਕਮੇਟੀ ਮੈਂਬਰ ਪ੍ਰੋ. ਬਲਦੀਪ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਗੁਰਮੀਤ ਦੀ ਪ੍ਰਧਾਨਗੀ ਅਤੇ ਜਮਹੂਰੀ ਫਰੰਟ ਦੇ ਕੋ-ਕਨਵੀਨਰ ਡਾ. ਪਰਮਿੰਦਰ ਦੀ ਮੰਚ ਸੰਚਾਲਨਾ ਹੇਠ ਹੋਈ ਸੂਬਾਈ ਕਨਵੈਨਸ਼ਨ ਨੂੰ ਦਿੱਲੀ ਤੋਂ ਉਚੇਚੇ ਤੌਰ 'ਤੇ ਪਹੁੰਚੇ ਹਿਮਾਂਸ਼ੂ ਕੁਮਾਰ ਅਤੇ ਡਾ. ਬੀ.ਡੀ.ਸ਼ਰਮਾ ਨੇ ਸੰਬੋਧਨ ਕੀਤਾ। ਉੱਘੇ ਗਾਂਧੀਵਾਦੀ ਚਿੰਤਕ ਹਿਮਾਂਸੂ ਕੁਮਾਰ ਨੇ ਬੀਜਾਪੁਰ (ਛਤੀਸਗੜ੍ਹ) ਦੇ ਹਿਰਦੇਵੇਦਕ ਕਾਂਡ 'ਚ ਮਾਰੇ ਗਏ ਬੱਚਿਆਂ, ਬੱਚੀਆਂ, ਔਰਤਾਂ ਅਤੇ ਬੇਗੁਨਾਹ ਨਿੱਹਥੇ ਆਦਿਵਾਸੀਆਂ ਨੂੰ ਦਿੱਤੀ ਅਜੇਹੀ ਗਿਣੀ ਮਿਥੀ ਸਜ਼ਾ ਪਿੱਛੇ ਛੁਪੀ ਕਹਾਣੀ ਨੂੰ ਬੇਪਰਦ ਕਰਦਿਆਂ ਦੱਸਿਆਂ ਕਿ ਘਟਨਾ ਸਥਾਨ ਵਾਲੇ ਪਿੰਡਾਂ ਵਿੱਚੀਂ ਲੰਘ ਕੇ ਹੀ ਬੇਲਾਡੇਲਾ ਦੇ ਪਹਾੜਾਂ ਅੰਦਰ ਛੁਪੇ ਖਣਿਜ ਪਦਾਰਥਾਂ ਤੱਕ ਪਹੁੰਚਿਆ ਜਾ ਸਕਦਾ ਹੈ। ਜਿਨਾਂ ਤੇ ਜੱਫਾ ਮਾਰਨ ਲਈ ਟਾਟਾ, ਮਿੱਤਲ, ਅੰਬਾਨੀ ਅਤੇ ਆਈਸ਼ਰ ਆਦਿ ਅਜ਼ਾਰੇਦਾਰ ਘਰਾਣਿਆਂ ਨਾਲ ਸੌਦਾ ਹੋ ਚੁੱਕਾ ਹੈ। ਇਸ ਲਈ ਪੂਰੇ ਖੇਤਰ ਨੂੰ ਦਹਿਸ਼ਤਜ਼ਦਾ ਕਰਕੇ ਇਥੋਂ ਉਜਾੜਨ ਦੀ ਗੁੱਝੀ ਸਕੀਮ ਤਹਿਤ ਹੀ ਇਹ ਵਹਿਸ਼ਤ ਦਾ ਖ਼ੂਨੀ ਨਾਚ ਨੱਚਿਆ ਗਿਆ ਹੈ।

ਹਿਮਾਂਸ਼ੂ ਕੁਮਾਰ ਨੇ ਮੰਚ ਤੋਂ ਠੋਸ ਤੱਥ ਪੇਸ਼ ਕਰਦਿਆਂ ਦੱਸਿਆ ਕਿ ਆਦਿਵਾਸੀ ਜਵਾਨ ਲੜਕੀਆਂ ਨੂੰ ਜਬਰੀ ਉਠਾ ਕੇ, ਥਾਣੇ ਡੱਕ ਕੇ ਉਨ੍ਹਾਂ ਦੀ ਪੱਤ ਲੁੱਟੀ ਜਾ ਰਹੀ ਹੈ, ਉਹਨਾਂ ਨੂੰ ਜੇਲ੍ਹੀਂ ਡੱਕਿਆ ਜਾ ਰਿਹਾ ਹੈ ਜਿੱਥੇ ਉਹ ਕੁਆਰੀਆਂ ਮਾਵਾਂ ਬਣ ਰਹੀਆਂ ਹਨ ਜੁਲਮੋ ਸਿਤਮ ਸਭ ਹੱਦਾ ਪਾਰ ਕਰ ਚੁੱਕਾ ਹੈ। ਅਜਿਹਾ ਕਹਿਰ ਢਾਹੁਣ ਵਾਲੇ ਅਤੇ ਕੌਮੀ ਸੰਪਤੀ ਲੁੱਟਣ ਵਾਲੇ ਦੇਸ਼ ਭਗਤ ਅਖਵਾ ਰਹੇ ਹਨ ਅਤੇ ਇਨ੍ਹਾਂ ਖਿਲਾਫ਼ ਆਵਾਜ਼ ਉਠਾਉਣ ਵਾਲਿਆਂ ਨੂੰ ਦੇਸ਼ ਧਰੋਹੀ ਦੱਸਿਆ ਜਾ ਰਿਹਾ ਹੈ। ਹਿਮਾਂਸ਼ੂ ਕੁਮਾਰ ਨੇ ਕਿਹਾ ਕਿ ਸਾਡੇ ਵਰਗੇ ਗਾਂਧੀਵਾਦੀ, ਜਮਹੂਰੀਅਤ ਅਤੇ ਅਮਨ-ਪਸੰਦ ਲੋਕਾਂ ਲਈ ਆਪਣੀ ਗੱਲ ਜਚਾਉਣ ਲਈ ਕੋਈ ਜਗ੍ਹਾ ਨਹੀਂ ਛੱਡੀ ਜਾ ਰਹੀ, ਅਸੀਂ ਵੀ ਹੁਣ ਇਸ ਨਤੀਜੇ ਤੇ ਪੁੱਜੇ ਹਾਂ ਕਿ ਲੋਕਾਂ ਕੋਲ ਅਜੋਕੇ ਗਲੇ ਸੜੇ ਨਿਜ਼ਾਮ ਖਿਲਾਫ ਖੜ੍ਹੇ ਹੋਣ ਤੋਂ ਬਿਨਾਂ ਹੋਰ ਕੋਈ ਵੀ ਰਾਹ ਬਾਕੀ ਨਹੀਂ ਬਚਿਆ।

ਸਿਲਾਂਗ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ, ਲੰਮਾ ਅਰਸਾ ਬਸਤਰ ਖੇਤਰ 'ਚ ਉੱਚ ਅਧਿਕਾਰੀ ਰਹੇ ਅਤੇ ਲੋਕ ਮਸਲਿਆਂ ਉਪਰ 100 ਦੇ ਕਰੀਬ ਪੁਸਤਕਾਂ ਦੇ ਲੇਖਕ ਡਾ. ਬੀ.ਡੀ. ਸ਼ਰਮਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਸਾਡੇ ਮੁਲਕ ਦੇ ਆਦਿਵਾਸੀ, ਕਿਰਤੀ ਕਿਸਾਨਾਂ ਉਪਰ ਅਜੇ ਵੀ ਬਰਤਾਨਵੀ ਸਾਮਰਾਜੀ ਪ੍ਰਬੰਧ ਵਾਲੇ ਕਾਇਦੇ ਕਾਨੂੰਨ ਮੜ੍ਹੇ ਜਾ ਰਹੇ ਹਨ, ਮੁਢਲੇ ਜਮਹੂਰੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ, ਨਤੀਜੇ ਵਜੋਂ ਕਿਰਤੀ ਕਿਸਾਨਾਂ ਪੱਲੇ ਕਰਜੇ, ਮੰਦਹਾਲੀ ਅਤੇ ਖੁਦਕੁਸ਼ੀਆਂ ਪੈ ਰਹੀਆਂ ਹਨ, ਅਜੇਹੀ ਹਾਲਤ ਅੰਦਰ ਲੋਕਾਂ ਕੋਲ ਇਕੋ ਇਕ ਰਾਹ ਇਹੋ ਬਚਿਆ ਹੈ ਕਿ ਉਹ ਅਜੇਹੇ ਲੋਕ-ਦੋਖੀ ਪ੍ਰਬੰਧ ਨੂੰ ਮੂਲੋਂ ਬਦਲਕੇ ਸਮਾਜ-ਪੱਖੀ, ਨਿਆਂ ਅਤੇ ਬਰਾਬਰੀ 'ਤੇ ਟਿਕਿਆ ਸਮਾਜ ਸਿਰਜਣ ਲਈ ਸੰਘਰਸ਼ ਦੇ ਮੈਦਾਨ 'ਚ ਨਿੱਤਰਿਆ ਜਾਏ।

ਕਨਵੈਨਸ਼ਨ ਵਲੋਂ ਪਾਸ ਕੀਤੇ ਮਤਿਆਂ 'ਚ ਮੰਗ ਕੀਤੀ ਗਈ ਕਿ ਅਪਰੇਸ਼ਨ ਗਰੀਨ ਹੰਟ ਫੌਰੀ ਬੰਦ ਕੀਤਾ ਜਾਏ, ਝੂਠੇ ਪੁਲਸ ਮੁਕਾਬਲੇ ਅਤੇ ਬੀਜਾਪੁਰ ਵਰਗੇ ਖ਼ੂਨੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਸੀਮਾ ਆਜ਼ਾਦ, ਵਿਸ਼ਵ ਵਿਜੈ, ਜਤਿਨ ਮਰਾਂਡੀ, ਸੋਨੀ ਸੋਰੀ, ਚੇਤਨਾ ਨਾਟਕ ਕੇਂਦਰ ਛਤੀਸਗੜ੍ਹ, ਕਬੀਰ ਕਲਾ ਮੰਚ ਮਹਾਂਰਾਸ਼ਟਰ ਅਤੇ ਨਾਟਿਅਮ ਅਭਿਨੇਤਾ ਦਾ ਰੰਗ ਮੰਚ ਬਠਿੰਡਾ ਦੇ ਕਲਾਕਾਰਾਂ ਤੇ ਮੜੇ ਕੇਸ ਰੱਦ ਕੀਤੇ ਜਾਣ। ਚਰਾਂਸੋ, ਬਲਬੇੜਾ (ਪਟਿਆਲਾ), ਕਿਸਾਨਾ ਦਾ ਉਜਾੜਾ ਬੰਦ ਕੀਤਾ ਜਾਏ, ਮਾਲਕੀ ਹੱਕ ਦਿੱਤੇ ਜਾਣ। ਬੀ.ਕੇ.ਯੂ (ਕ੍ਰਾਂਤੀਕਾਰੀ) ਦੇ ਆਗੂ ਬਾਲ ਕ੍ਰਿਸ਼ਨ ਫੌਜੀ ਨੂੰ ਤੁਰੰਤ ਅਦਾਲਤ 'ਚ ਪੇਸ਼ ਕੀਤਾ ਜਾਏ। ਮਾਨਸਾ ਜਿਲੇ ਦੇ ਪਿੰਡ ਅਕਲੀਆ ਦੇ ਲੋਕਾਂ ਉਪਰ ਜੁਲਮ ਢਾਹੁਣ ਅਤੇ ਦੋ ਮਨੁੱਖੀ ਜਾਨਾਂ ਲੈਣ ਦੇ ਮੁਜ਼ਰਮਾ ਨੂੰ ਸਜ਼ਾਵਾਂ ਦਿੱਤੀਆਂ ਜਾਣ।

ਜਮਹੂਰੀ ਫਰੰਟ ਦੇ ਕੋ-ਕਨਵੀਨਰ ਡਾ. ਪਰਮਿੰਦਰ ਨੇ ਬੋਲਦਿਆਂ ਕਿਹਾ ਕਿ ਅਪਰੇਸ਼ਨ ਗਰੀਨ ਹੰਟ ਮਹਿਜ ਹਥਿਆਰਾਂ, ਪੁਲਸ, ਨੀਮ ਫੌਜੀ ਬਲਾਂ, ਨਿੱਜੀ ਸੈਨਾਵਾਂ ਦੇ ਜ਼ੁਲਮ ਦਾ ਹੀ ਨਾਂਅ ਨਹੀਂ ਅਸਲ 'ਚ ਇਸ ਦਾ ਆਧਾਰ ਆਰਥਕ ਏਜੰਡਾ ਹੈ ਜਿਹੜਾ ਹਰੇ ਇਨਕਲਾਬ ਦੇ ਨਾਂਅ ਹੇਠ ਪੰਜਾਬ ਅੰਦਰ ਕਦੋਂ ਦਾ ਲਾਗੂ ਕੀਤਾ ਗਿਆ ਹੈ। ਹੁਣ ਜਦੋਂ ਪੰਜਾਬ ਬੋਲਦਾ ਹੈ ਤਾਂ ਜ਼ੁਲਮੀ ਝੱਖੜ ਝੁਲਾਏ ਜਾ ਰਹੇ ਹਨ। ਇਸ ਮੌਕੇ ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਦੇ ਇਤਿਹਾਸ, ਸਰਗਰਮੀਆਂ ਆਦਿ ਦਾ ਸਗ੍ਰਹਿ ਪੁਸਤਕ 'ਜਮਹੂਰੀ ਸਗਰਾਮ ਦੀ ਦਸਤਾਵੇਜ' ਵੀ ਫਰੰਟ ਦੀ ਸੂਬਾ ਕਮੇਟੀ ਅਤੇ ਮਹਿਮਾਨ ਬੁਲਾਰਿਆਂ ਨੇ ਜਾਰੀ ਕੀਤੀ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਗੁਰਮੀਤ ਨੇ ਪ੍ਰਧਾਨਗੀ ਮੰਡਲ ਵੱਲੋਂ ਧੰਨਵਾਦ ਦੇ ਸ਼ਬਦ ਬੋਲਦਿਆਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਗ਼ਦਰੀ ਸ਼ਹੀਦਾਂ ਦੇ ਵਾਰਿਸ ਅੱਜ ਉਹਨਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਸੰਗਰਾਮ ਜਾਰੀ ਰੱਖ ਰਹੇ ਹਨ। ਜਮਹੂਰੀ ਫਰੰਟ ਨੇ ਅਖੀਰ 'ਚ ਪੰਜਾਬ ਦੇ ਸਮੂਹ ਬੁੱਧੀਜੀਵੀ ਵਰਗ ਨੂੰ ਸਿਰ ਖੜੀਆ ਚੁਣੌਤੀਆਂ ਦਾ ਟਾਕਰਾ ਕਰਨ ਲਈ ਵਿਸ਼ਾਲ ਸਾਂਝੇ ਜਮਹੂਰੀ ਫਰੰਟ ਨੂੰ ਹੋਰ ਵੀ ਮਜ਼ਬੂਤ ਕਰਨ ਦਾ ਸੱਦਾ ਦਿੱਤਾ।

ਜਾਰੀ ਕਰਤਾ:
ਡਾ. ਪਰਮਿੰਦਰ ਸਿੰਘ ਕੋ ਕਨਵੀਨਰ 95010-25030
ਸੂਬਾ ਕਮੇਟੀ ਮੈਂਬਰ ਅਮੋਲਕ ਸਿੰਘ 94170-76735

Wednesday, August 1, 2012

AFDR held procession against Sarkeguda killings

On a call given by Bathinda District unit of the Association For Democratic Rights, Punjab, activists including teachers, university professors, writers, advocates intellectuals and leaders of trade unions and mass organizations, held a protest march and rally against the killings of innocent tribals at Sarkeguda in Bijapur District of Chhatisgarh by the CRPF & Chhattisgarh Police in a mid-night operation, branding them as Maoists.

The participants gathered at the local Teachers Home, where Sh. Bagga Singh, State President AFDR Punjab gave the blood chilling details of the heinous acts committed by the CRPF at Sarkeguda on the night of 28th June, 2012. Quoting extensively from the C.D.R.O. report, he said that it was a planned massacre, to terrorize the tribal to secure their lands for the big mining corporations. He called upon all the intellectuals and champions of democratic rights to raise their voice against such brutal killings. Sh. Pritpal Singh, who visited Sarkeguda and surrounding areas as a member of the CDRO Fact Finding Team, narrated his personal experience and described the harrowing circumstances in which the tribal in those areas live.

Thereafter the demonstrators marched through the main bazaars of the city, raising slogans against neo-liberal economic policies, atrocities on the tribal, fake police encounters, mortgaging India’s national wealth to imperialist MNCs , the Chattisgarh Govt. and Central Govt’s Home Minister P. Chidambaram etc. They demanded halt to Operation Green Hunt and registration of criminal case against all those responsible for Sarkeguda massacre. After marching through the bazaars of Bathinda, the protestors reached the District Administrative Complex, to present memorandum addressed to the Prime Minister of India.

Here a rally was held, which was addressed by Sh. Baru Satwarag – a leftist writer, Sh. Jagmohan Kaushal – a veteran trade unionist & social worker, and N.K.Jeet Advocate – a human rights activist. Tehsildar-cum Executive Magistrate Bathinda came to receive the memorandum on behalf of the District Administration.

DEMOCRATIC FRONT AGAINST OPERATION GREEN HUNT HOLDING STATE CONVENTION

ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ
 ਪੰਜਾਬ (ਬਾਨੀ ਕਨਵੀਨਰ ਸ਼੍ਰੀ ਗੁਰਸ਼ਰਨ ਸਿੰਘ)
ਕੋ-ਕਨਵੀਨਰ : ਡਾ. ਪਰਮਿੰਦਰ (95010-25030), ਪ੍ਰੋ. ਏ.ਕੇ. ਮਲੇਰੀ (98557-00310), ਯਸ਼ਪਾਲ (98145-35005)
ਸੂਬਾਈ, ਜਮਹੂਰੀ ਕਨਵੈਨਸ਼ਨ ਦੀਆਂ ਤਿਆਰੀਆਂ ਮੁਕੰਮਲ
ਉੱਘੇ ਵਿਦਵਾਨ ਡਾ. ਬੀ.ਡੀ. ਸ਼ਰਮਾ ਅਤੇ ਹਿਮਾਂਸ਼ੂ ਕੁਮਾਰ ਸੰਬੋਧਨ ਕਰਨਗੇ
[DEMOCRATIC FRONT AGAINST OPERATION GREEN HUNT HOLDING STATE CONVENTION TO RAISE MASS DEMOCRATIC VOICE AGAINST UNBRIDLED STATE VIOLENCE AND GROSS HUMAN RIGHTS VIOLATIONS]
ਜਲੰਧਰ (1 ਅਗਸਤ) ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ, ਪੰਜਾਬ ਦੇ ਕੋ-ਕਨਵੀਨਰ ਡਾ. ਪਰਮਿੰਦਰ ਸਿੰਘ, ਪ੍ਰੋ. ਏ.ਕੇ. ਮਲੇਰੀ ਅਤੇ ਯਸ਼ਪਾਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਕ ਭਰ ਅੰਦਰ ਮੁਢਲੇ ਮਨੁੱਖੀ ਅਧਿਕਾਰਾਂ ਉਪਰ ਹੋ ਰਹੇ ਚੌਤਰਫ਼ੇ ਹਮਲਿਆਂ, ਬੀਜਾਪੁਰ ਕਾਂਡ ਵਾਂਗ ਬੱਚਿਆਂ, ਔਰਤਾਂ, ਨਿਹੱਥੇ ਅਤੇ ਨਿਰਦੋਸ਼ ਲੋਕਾਂ ਦੀਆਂ ਬੇ-ਰਹਿਮੀ ਨਾਲ ਸਮੂਹਿਕ ਹੱਤਿਆਵਾਂ, ਜਮਹੂਰੀ, ਸਾਹਿਤਕ/ਸਭਿਆਚਾਰਕ, ਬੁੱਧੀਜੀਵੀ ਅਤੇ ਪੱਤਰਕਾਰ ਭਾਈਚਾਰੇ ਉਪਰ ਵਾਰ, ਮਾਰੂਤੀ, ਰਿਵਾੜੀ, ਪਟਿਆਲਾ, ਨਿਹਾਲ ਖੇੜਾ ਅਬੋਹਰ ਅਤੇ ਅਕਲੀਆ ਵਰਗੀਆਂ ਘਟਨਾਵਾਂ ਤੋਂ ਬੇਲਗਾਮ ਹੋਈ ਰਾਜਕੀ ਹਿੰਸਾ ਵਿਰੁੱਧ ਜਨਤਕ ਜਮਹੂਰੀ ਆਵਾਜ਼ ਉਠਾਉਣ ਲਈ 4 ਅਗਸਤ ਨੂੰ ਦਿਨ 11 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਹੋ ਰਹੀ ਸੂਬਾਈ ਕਨਵੈਨਸ਼ਨ ਦੀਆਂ ਸਭੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ।
ਉਨ੍ਹਾਂ ਦੱਸਿਆ ਕਿ ਕਨਵੈਨਸ਼ਨ ਨੂੰ ਉਚੇਚੇ ਤੌਰ 'ਤੇ ਸੰਬੋਧਨ ਕਰਨ ਲਈ ਮੁਲਕ ਦੇ ਮੰਨੇ ਪ੍ਰਮੰਨੇ ਵਿਦਵਾਨ ਡਾ. ਬੀ.ਡੀ. ਸ਼ਰਮਾ ਅਤੇ ਹਿਮਾਂਸ਼ੂ ਕੁਮਾਰ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ।
ਉਨ੍ਹਾਂ ਦੱਸਿਆ ਕਿ ਕਨਵੈਨਸ਼ਨ 'ਚ ਜਮਹੂਰੀ ਫਰੰਟ ਦੇ ਬੁਲਾਵੇ ਨੂੰ ਭਰਵਾਂ ਹੁੰਗਾਰਾ ਭਰਦਿਆਂ ਜਨਤਕ ਜਮਹੂਰੀ ਜੱਥੇਬੰਦੀਆਂ ਅਤੇ ਬੁੱਧੀਜੀਵੀ ਉਚੇਚੇ ਤੌਰ 'ਤੇ ਸ਼ਿਰਕਤ ਕਰ ਰਹੇ ਹਨ।
ਜਾਰੀ ਕਰਤਾ : ਡਾ. ਪਰਮਿੰਦਰ ਸਿੰਘ