StatCounter

Tuesday, December 30, 2014

ਭਾਜਪਾ ਸਰਕਾਰ ਨੇਂ ਜਬਰੀ ਜ਼ਮੀਨ ਖੋਹਣ ਦਾ ਰਾਹ ਪਧਰਾ ਕੀਤਾ

ਭਾਜਪਾ ਸਰਕਾਰ ਨੇਂ ਜਬਰੀ ਜ਼ਮੀਨ ਖੋਹਣ ਦਾ ਰਾਹ ਪਧਰਾ ਕੀਤਾ 

ਕਾਰਪੋਰੇਟ ਟੋਲੇ ਦੀ ਜ਼ਮੀਨ ਹਥਿਆਊ ਧਾੜਵੀ ਮੁਹਿੰਮ ਨੂੰ ਹੱਲਾ ਸ਼ੇਰੀ

People protesting against POSCO Land acquisition

ਲੋਕ ਮੋਰਚਾ ਪੰਜਾਬ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਜ਼ਮੀਨ ਅਧਿਗਰੈਹਣ ਕਾਨੂਨ ਚ ਸੋਧ ਕਰਕੇ, ਸੁਰਖਿਆ, ਪੇਂਡੂ ਬੁਨਿਆਦੀ ਢਾਂਚਾ, ਮਕਾਨ ਉਸਾਰੀ ਦੇ ਪ੍ਰੋਜੈਕਟ, ਸਨਅਤੀ ਗਲਿਆਰੇ, ਅਤੇ ਬੁਨਿਆਦੀ ਢਾਂਚੇ  ਦੇ ਪ੍ਰੋਜੈਕਟਾਂ ਜਿਨਾਂਹ ਵਿਚ ਸਰਕਾਰੀ ਅਤੇ ਨਿੱਜੀ ਖੇਤਰ ਦੀ ਭਾਈ ਵਾਲੀ ਵਾਲੇ ਪ੍ਰੋਜੈਕਟ ਵੀ ਸ਼ਾਮਲ ਹਨ, ਲਈ ਜਬਰੀ ਜ਼ਮੀਨ ਹਾਸਿਲ ਕਰਨ ਦਾ ਅਧਿਕਾਰ ਆਪਣੇ ਹਥਾਂ ਵਿਚ ਲੈਣ ਦੇ ਫੈਸਲੇ ਦੀ ਪੁਰਜ਼ੋਰ ਨਿਖੇਧੀ ਕਰਦਾ ਹੈ | ਪਾਰਲੀਮੈਂਟ ਚ ਇਸ ਬਾਰੇ ਬਿਲ ਪਾਸ ਕਰਵਾਉਣ ਚ ਨਾਕਾਮ ਰੈਹਨ ਤੋਂ ਬਾਦ ਹੁਣ ਮੋਦੀ ਸਰਕਾਰ ਲੋਕ ਰਜ਼ਾ ਦੀ ਉਲੰਘਣਾ ਕਰਕੇ ਇਸ ਬਾਰੇ ਆਰਡੀਨੈੰਸ ਜਾਰੀ ਕਰ ਰਹੀ ਹੈ, ਜਿਸ ਨੂੰ ਕੱਲ ਮੰਤਰੀ ਮੰਡਲ ਨੇਂ ਮਨਜੂਰੀ ਦੇ ਦਿੱਤੀ ਹੈ|

ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਕਿਸਾਨਾਂ ਅਤੇ ਖੇਤ ਮਜਦੂਰਾਂ ਦੇ ਵੱਡੀ ਪਧਰ ਤੇ ਉਜਾੜੇ ਦਾ ਰਾਹ ਖੁੱਲ ਗਿਆ ਹੈ | ਅਸਲ ਚ ਸਰਕਾਰ ਕੌਮੀ ਸਨਅਤੀ ਉਤਪਾਦਨ ਖੇਤਰ (National Industrial Manufacturing Zone) ਸਕੀਮ ਦੇ ਤੈਹਿਤ 1483 ਕਿਲੋਮੀਟਰ ਲੰਬੇ ਦਿੱਲੀ ਮੁੰਬਈ ਗਲਿਆਰਾ ਪ੍ਰੋਜੈਕਟ ਦੇ ਆਲੇ ਦੁਆਲੇ 150 ਕਿਲੋਮੀਟਰ ਤਕ ਦੀਆਂ ਜ਼ਮੀਨਾਂ ਕਿਸਾਨਾਂ ਤੋਂ ਜਬਰੀ ਹਥਿਆ ਕੇ ਦੇਸੀ ਵਿਦੇਸ਼ੀ ਵੱਡੀਆਂ ਕੰਪਨੀਆਂ ਦੇ ਹਵਾਲੇ ਕਰਨ ਦੀ ਯੋਜਨਾ ਬਣਾਈ ਬੈਠੀ ਹੈ l ਸਨਅਤੀਕਰਨ ਦੇ ਨਾਂ ਥੱਲੇ ਕਿਸਾਨਾਂ ਤੋਂ 3,50,000 ਹੈਕਟੇਅਰ ਜ਼ਮੀਨ ਖੋਹ ਕੇ ਉਸ ਵਿਚ ਵੱਡੇ ਸਨਅਤ ਕਾਰਾਂ ਲਈ ਸਨਅਤੀ ਖੇਤਰ, ਹਵਾਈ ਅੱਡੇ, ਬਿਜਲੀ ਘਰ, ਰਿਹਾਇਸ਼ੀ ਕਲੋਨੀਆਂ ਅਤੇ ਬਹੁ ਮੰਜਿਲਾ ਫਲੈਟ, ਸ਼ਾਪਿੰਗ ਮਾਲ ਆਦ ਉਸਾਰੇ ਜਾਣੇ ਹਨ| ਇਸ ਗਲਿਆਰੇ ਲਈ ਜ਼ਮੀਨ ਗੁਜਰਾਤ, ਰਾਜਸਥਾਨ, ਮਹਾਰਾਸ਼ਟਰ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਤੋਂ ਖੋਹੀ ਜਾਨੀ ਹੈ| ਖੋਹੀ ਜਾਨ ਵਾਲੀ ਜ਼ਮੀਨ ਵਿਚ 9 ਵੱਡੇ ਸਨਅਤੀ ਖੇਤਰ, ਜਿਨ੍ਹਾਂ ਚੋ ਹਰ ਇਕ 200-250 ਕਿਲੋਮੀਟਰ ਰਕਬੇ ਚ ਫੈਲਿਆ ਹੋਵੇਗਾ; 7 ਨਵੇਂ ਸ਼ੈਹਰ, 6 ਹਵਾਈ ਅੱਡੇ, 6 ਮਾਰਗੀ ਜਰਨੈਲੀ ਸੜਕ, ਉਚੀ ਰਫਤਾਰ ਦੀਆਂ  ਮਾਲ ਗੱਡੀਆਂ ਚਲਾਉਣ ਲਈ 1483 ਕਿਲੋਮੀਟਰ ਲੰਬੀ ਰੇਲਵੇ ਲਾਈਨ ਦਾ ਵਿਸ਼ੇਸ ਗਲਿਆਰਾ, ਕਈ ਸਨਅਤੀ ਹਬ, ਫੈਕਟਰੀਆਂ ਅਤੇ ਕਾਰਖਾਨੇ ਲਾਏ ਜਾਣਗੇ| 100 ਅਰਬ ਡਾਲਰ ਦੀ ਇਸ ਯੋਜਨਾ ਤੇ 10 ਅਰਬ ਡਾਲਰ ਜਾਪਾਨੀ ਕੰਪਨੀਆਂ ਖਰਚ ਕਰਨਗੀਆਂ, ਬਾਕੀ ਦਾ ਖਰਚ ਵੀ ਵਿਦੇਸ਼ੀ ਕੰਪਨੀਆਂ ਰਾਹੀ ਹੀ ਕਰਵਾਇਆ ਜਾਵੇਗਾ|

ਕਾਂਗਰਸ ਸਰਕਾਰ ਵਲੋਂ ਪਾਸ ਕੀਤੇ ਜ਼ਮੀਨ ਅਧਿਗਰੈਹਣ ਕਾਨੂਨ ਵਿਚ ਕਿਸੇ ਵੀ ਪ੍ਰੋਜੈਕਟ ਲਈ ਜ਼ਮੀਨ ਹਾਸਿਲ ਕਰਨ ਲਈ 80 ਪ੍ਰਤਿਸ਼ਤ ਕਿਸਾਨਾਂ ਦੀ ਰਜ਼ਾਮੰਦੀ ਦੀ ਸ਼ਰਤ ਰਖੀ ਗਈ ਸੀ| ਭਾਜਪਾ ਸਰਕਾਰ ਵਲੋਂ ਕੀਤੀਆਂ ਇਹਨਾਂ ਸੋਧਾਂ ਨਾਲ ਇਹ ਸ਼ਰਤ ਖਤਮ ਕਰ ਦਿੱਤੀ ਗਈ ਹੈ|

ਇਸ ਦੇ ਨਾਲ ਹੀ ਅਮ੍ਰਿਤਸਰ ਕਲਕੱਤਾ ਸਨਅਤੀ ਗਲਿਆਰਾ ਯੋਜਨਾ ਦੀ ਵੀ ਰੂਪ ਰੇਖਾ ਤਿਆਰ ਕਰ ਲਈ ਗਈ ਹੈ, ਜਿਸ ਨਾਲ ਵੀ ਲਗਪਗ ਇਨੇਂ ਹੀ ਕਿਸਾਨਾਂ ਅਤੇ ਖੇਤ ਮਜਦੂਰਾਂ ਦਾ ਉਜੜਾ ਹੋਵੇਗਾ |

ਪਿਛਲੇ ਕਾਫੀ ਸਮੇਂ ਤੋਂ ਕਾਰਪੋਰੇਟ ਘਰਾਣੇ ਅਤੇ ਉਹਨਾਂ ਦੀਆਂ ਸਾਂਝੀਆਂ ਸੰਸਥਾਵਾਂ ਲਗਾਤਾਰ ਸਨਅਤਾਂ ਲਾਉਣ ਲਈ ਜ਼ਮੀਨ ਨਾਂ ਮਿਲਣ ਦਾ ਰੌਲਾ ਪਾ ਰਹੀਆਂ ਸਨ | ਅਸਲ ਵਿਚ ਕਾਰਪੋਰੇਟ ਟੋਲੇ ਸਨਅਤੀ ਕਰਨ ਦੀ ਆੜ ਚ ਜ਼ਮੀਨ ਹਥਿਆਊ ਧਾੜਵੀ ਮੁਹਿੰਮ ਤੇ ਤੁਰੇ ਹੋਏ ਹਨ | ਮੋਦੀ ਸਰਕਾਰ ਦਾ ਇਹ ਕਦਮ ਇਸ ਮੁਹਿੰਮ ਨੂੰ ਕਾਨੂੰਨੀ ਰੂਪ ਦਿੰਦਾ ਹੈ। ਲੋਕ ਮੋਰਚਾ ਪੰਜਾਬ ਸਾਰੇ ਸੰਘਰਸ਼ ਸ਼ੀਲ ਲੋਕਾਂ ਨੂੰ ਸੱਦਾ ਦਿੰਦਾ ਹੈ ਕਿ ਜਲ,ਜੰਗਲ,ਜ਼ਮੀਨ ਤੇ ਹੋਰ ਕੁਦਰਤੀ ਸੋਮਿਆਂ ਦੀ ਰਾਖੀ ਲਈ ਚਲਦੇ ਹਰ ਸੰਘਰਸ਼ ਦੌਰਾਨ ਮੋਦੀ ਸਰਕਾਰ ਦੀ ਕਿਸਾਨ ਤੇ ਲੋਕ ਦੋਖੀ ਖਸਲਤ ਉਭਾਰਦਿਆਂ, ਨਾਂ ਸਿਰਫ ਇਹਨਾਂ ਸੋਧਾਂ ਨੂੰ ਰੱਦ ਕਰਨ ਦੀ ਮੰਗ ਕਰਨੀ ਚਾਹੀਦੀ ਹੈ ਸਗੋਂ ਮੁਲਕ ਵਿੱਚ ਇਨਕਲਾਬੀ ਜ਼ਮੀਨੀ ਸੁਧਾਰ ਕਰਨ ਅਤੇ ਜ਼ਮੀਨ ਦੀ ਕਾਣੀ ਵੰਡ ਖਤਮ ਕਰਕੇ ਜ਼ਮੀਨ ਨੂੰ ਬੇਜ਼ਮੀਨੇ ਤੇ ਥੁੜ ਜ਼ਮੀਨੇ ਕਿਸਾਨਾਂ ਵਿਚ ਵੰਡਣ ਦੀ ਮੰਗ ਦੁਆਲੇ ਸੰਘਰਸ਼  ਅੱਗੇ ਵਧਾਉਣਾ ਚਾਹੀਦਾ ਹੈ।

ਜਗਮੇਲ ਸਿੰਘ, ਜਨਰਲ ਸਕੱਤਰ, ਲੋਕ ਮੋਰਚਾ ਪੰਜਾਬ

ਸੰਪਰਕ: 9417224822

Friday, December 19, 2014

ਲੋਕ ਮੋਰਚਾ ਪੰਜਾਬ ਵਲੋਂ ਪੇਸ਼ਾਵਰ ਚ ਸੈਂਕੜੇ ਮਾਸੂਮ ਬਾਲਾਂ ਦੇ ਕਤਲ ਦੀ ਨਿਖੇਧੀ, ਨਫਰਤ ਉਕਸਾਉਂਦੀ ਅਤੇ ਭਾਈਚਾਰੇ ਨੂੰ ਠੇਸ ਪਹੁੰਚਾਉਂਦੀ ਹਰ ਸਿਆਸਤ ਨੂੰ ਨਕਾਰਨਾ ਦਾ ਸੱਦਾ

ਲੋਕ ਮੋਰਚਾ ਪੰਜਾਬ ਵਲੋਂ ਪੇਸ਼ਾਵਰ ਚ ਫਿਰਕੂ ਹਿੰਸਕ ਟੋਲਿਆਂ ਵਲੋਂ ਸੈਂਕੜੇ ਮਾਸੂਮ ਬਾਲਾਂ ਦੇ ਕਤਲ ਦੀ ਨਿਖੇਧੀ

ਲੋਕਾਂ ਨੂੰ ਨਫਰਤ ਉਕਸਾਉਂਦੀ ਅਤੇ ਭਾਈਚਾਰੇ ਨੂੰ ਠੇਸ ਪਹੁੰਚਾਉਂਦੀ ਹਰ ਸਿਆਸਤ ਨੂੰ ਨਕਾਰਨਾ ਦਾ ਸੱਦਾ

          ਪੇਸ਼ਾਵਰ ਅੰਦਰ ਫਿਰਕੂ ਹਿੰਸਕ ਟੋਲਿਆਂ ਹੱਥੋਂ ਸੈਂਕੜੇ ਮਾਸੂਮ ਬਾਲਾਂ ਨੂੰ ਮਾਰਨ ਦਾ ਕਾਰਾ ਕੌਮਾਂਤਰੀ ਸਰੋਕਾਰ ਦਾ ਮਾਮਲਾ ਹੈ। ਹਾਲਾਂਕਿ ਇਸ ਘਟਨਾ ਦੀ ਪੀੜ ਵੰਡਾਉਣ ਲਈ ਲਫਜ ਬੇਬਸ ਹਨ ਪਰ ਇਹ ਵੀ ਹਕੀਕਤ ਹੈ ਕਿ ਦੁੱਖ ਵੰਡਾਇਆਂ ਹੀ ਘਟਦਾ ਹੈ ਤੇ ਇਸ ਦੁੱਖ ਤੇ ਸਦਮੇ ਦੀ ਘੜੀ ਭਾਰਤ ਦੇ ਇਨਸਾਫ ਪਸੰਦ ਲੋਕ ਇਸ ਦਹਿਸ਼ਤੀ ਕਾਰੇ ਕਾਰਣ ਸਕਤੇ 'ਚ ਆਏ ਪਾਕਿਸਤਾਨੀ ਸਮਾਜ ਨਾਲ ਖੜੇ ਹਨ।

ਲੋਕ ਮੋਰਚਾ ਪੰਜਾਬ ਨੇ ਪੇਸ਼ਾਵਰ ਅੰਦਰ ਵਾਪਰੀ ਕਤਲੋਗਾਰਦ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਬੇਲਗਾਮ ਹਿੰਸਾ ਦੇ ਇਸ ਕੁਚੱਕਰ ਲਈ ਪਾਕਿਸਤਾਨ ਦੇ ਹਾਕਮ ਵੀ ਬਰਾਬਰ ਦੇ ਜੁੰਮੇਵਾਰ ਹਨ ਜੋ ਫਿਰਕੂ ਸਿਆਸਤ ਨੂੰ ਆਪਣੇ ਸੌੜੇ ਮੰਤਵਾਂ ਵਾਸਤੇ ਸ਼ਹਿ ਦਿੰਦੇ ਅਤੇ ਪਾਲਦੇ ਆ ਰਹੇ ਹਨ। ਪਾਕਿਸਤਾਨ ਦੇ ਬਲੋਚਿਸਤਾਨ ਤੇ ਉਤਰੀ ਪਛਮੀ ਸੂਬੇ ਦੇ ਕੁਦਰਤੀ ਸਰੋਤਾਂ ਅਤੇ ਵਿਕਾਸ, ਬਰਾਬਰਤਾ ਤੋਂ ਉਥੋਂ ਦੇ ਲੋਕਾਂ ਨੂੰ ਵਾਂਝਾ ਰਖਦੇ ਆ ਰਹੇ ਹਨ ਤੇ ਸਿਆਸੀ ਵਿਰੋਧ ਨੂੰ ਜਬਰ ਨਾਲ ਕੁਚਲਦੇ ਆ ਰਹੇ ਹਨ। ਪਾਕਿਸਤਾਨ ਦੀ ਸਰਕਾਰ ਵੀ ਆਪਣੇ ਵਿਰੋਧੀਆਂ ਨੂੰ ਨਜਿਠਣ ਲਈ ਲੋਕਾਂ 'ਤੇ ਸਮੂਹਕ ਸਜਾਵਾਂ ਮੜਨ ਤੇ ਅਣ-ਮਨੁਖੀ ਜੁਲਮ ਨਾਲ ਦਹਿਸ਼ਤਜਦਾ ਕਰਨ ਦੀ ਨੀਤੀ ਲਾਗੂ ਕਰਦੀ ਆ ਰਹੀ ਹੈ। ਫਿਰਕੂ ਟੋਲੇ ਵੀ ਸਰਕਾਰ ਨਾਲ ਲੜਾਈ ਦੇ ਨਾਂ ਹੇਠ ਆਮ ਲੋਕਾਈ ਨੂੰ ਸਮਹੂਕ ਸਜਾਵਾਂ ਦੇਣ ਤੇ ਦਹਿਸ਼ਤਜਦਾ ਕਰਨ ਦੀ ਇਹੀ ਨੀਤੀ ਵਰਤਦੇ ਆ ਰਹੇ ਹਨ - ਮੌਜੂਦਾ ਕਤਲੇਆਮ ਹਿੰਸਾ ਦੇ ਇਸੇ ਕੁਚਕਰ ਦਾ ਸਿੱਟਾ ਹੈ। ਪਾਕਿਸਤਾਨ ਦੇ ਆਮ ਲੋਕ ਫਿਰਕੂ ਟੋਲਿਆਂ ਤੇ ਸਰਕਾਰ ਵਲੋਂ ਮੜੀ ਇਸ ਨਿਹਕੀ ਜੰਗ ਵਿਚ ਪਿਸ ਰਹੇ ਹਨ।

ਪਾਕਿਸਤਾਨ ਅੰਦਰ ਹਿੰਸਾ ਦਾ ਇਹ ਘਟਨਾਕ੍ਰਮ ਭਾਰਤ ਦੇ ਲੋਕਾਂ ਖਾਸਕਰ ਪੰਜਾਬ ਲਈ ਗੰਭੀਰ ਸਰੋਕਾਰ ਦਾ ਮਾਮਲਾ ਹੈ ਕਿਉਂਕਿ ਸਾਡੇ ਲੋਕਾਂ ਨੇ ਵੀ ਹਿੰਸਾ ਦੇ ਇਸ ਕੁਚਕਰ ਨੂੰ ਬਹੁਤ ਹੰਢਾਇਆ ਹੈ। ਅੱਜ ਵੀ ਲੋਕਾਂ ਦੇ ਅਸਲ ਮਸਲਿਆਂ ਤੋਂ ਧਿਆਨ ਤਿਲਕਾਉਣ ਲਈ ਬਹੁਤ ਸਾਰੀਆਂ ਅਜਿਹੀਆਂ ਤਾਕਤਾਂ ਮੌਜੂਦ ਹਨ ਜੋ ਆਪਣੇ ਲੋਕ ਵਿਰੋਧੀ ਮੰਤਵ ਹਾਸਲ ਕਰਨ ਲਈ ਦੇਸ਼ ਨੂੰ ਨਫਰਤ ਦੇ ਮਹੌਲ ਵੱਲ ਧਕਣ ਦੀ ਵਾਹ ਲਗਾ ਰਹੀਆਂ ਹਨ। ਇਸ ਲਈ ਜਿੱਥੇ ਭਾਰਤ ਦੇ ਲੋਕਾਂ ਨੂੰ ਇਸ ਦੁੱਖ ਦੀ ਘੜੀ ਪਾਕਿਸਤਾਨ ਦੇ ਲੋਕਾਂ ਨਾਲ ਖੜੇ ਹੋਣਾ ਚਾਹੀਦਾ ਹੈ ਉਥੇ ਇਸ ਘਟਨਾ ਤੋਂ ਸਬਕ ਲੈਂਦਿਆ ਅਜਿਹੀ ਹਰ ਸਿਆਸਤ ਨੂੰ ਨਕਾਰਨਾ ਚਾਹੀਦਾ ਹੈ ਜੋ ਆਮ ਲੋਕਾਂ ਦਰਮਿਆਨ ਨਫਰਤ ਨੂੰ ਉਕਸਾਉਂਦੀ ਹੋਵੇ ਤੇ ਲੋਕਾਂ ਦੇ ਭਾਈਚਾਰੇ ਨੂੰ ਠੇਸ ਪਹੁੰਚਾਉਂਦੀ ਹੋਵੇ।
                                        

                                            ਜਗਮੇਲ ਸਿੰਘ ਜਨਰਲ ਸਕੱਤਰ ਲੋਕ ਮੋਰਚਾ ਪੰਜਾਬ

Sunday, November 16, 2014

ਜੋ ਕੋਈ ਪੂਛੇ ਕਿ ਕੌਨ ਹੋ ਤੁਮ ਤੋ ਕਹਿ ਦੋ ਬਾਗ਼ੀ ਹੈ ਨਾਮ ਮੇਰਾ, ਜ਼ੁਲਮ ਮਿਟਾਨਾ ਹਮਾਰਾ ਪੇਸ਼ਾ ਗ਼ਦਰ ਕਰਨਾ ਹੈ ਕਾਮ ਅਪਨਾ

ਸਦਾ ਜਾਗਦੀ ਅਤੇ ਜਗਦੀ ਇਤਿਹਾਸ ਦੀ ਅੱਖ

ਅਮੋਲਕ ਸਿੰਘ

16 ਨਵੰਬਰ 1915 ਦਾ ਦਿਹਾੜਾ, ਆਮ ਦਿਹਾੜਾ ਨਹੀਂ। ਕਰਤਾਰ ਸਿੰਘ ਸਰਾਭਾ ਸਮੇਤ ਸੱਤ ਦੇਸ਼ ਭਗਤਾਂ ਨੂੰ ਇੱਕੋ ਵੇਲੇ ਇੱਕੋ ਰੱਸੇ ਨਾਲ ਫਾਂਸੀ ਲਾਏ ਜਾਣ ਦਾ ਦਿਹਾੜਾ ਹੈ। ਪੂਰੇ 100 ਵਰ੍ਹੇ ਬੀਤਣ ’ਤੇ ਵੀ ਇਹ ਦਿਹਾੜਾ, ਕਾਲੇ ਸਮਿਆਂ ਅੰਦਰ ਰੌਸ਼ਨ ਮਿਨਾਰ ਹੈ। ਖ਼ਾਸਕਰ ਖ਼ੁਦਕੁਸ਼ੀਆਂ ਦੇ ਕੁਲਹਿਣੇ ਹੱਲੇ ਦੀ ਮਾਰ ਹੇਠ ਆਏ ਅਤੇ ਨਸ਼ਿਆਂ ਦੇ ਸਾਗਰ ਵਿੱਚ ਗੋਤੇ ਖਾ ਰਹੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਦੀਆਂ ਪਲਕਾਂ ਅੱਗੇ ਨਵੇਂ ਇਤਿਹਾਸ, ਨਵੇਂ ਜੀਵਨ ਦੇ ਸਿਲੇਬਸ ਦਾ ਨਵਾਂ-ਨਕੋਰ ਵਰਕਾ ਖੋਲ੍ਹਣ, ਪੜ੍ਹਨ ਅਤੇ ਅਧਿਐਨ ਕਰਨ ਦਾ ਦਿਹਾੜਾ ਹੈ।  ਉਦਾਸੀ, ਦਿਸ਼ਾਹੀਣਤਾ, ਬੇਗਾਨਗੀ, ਬੇਕਾਰੀ, ਨਿਰਾਸਤਾ ਦੇ ਘੁੱਪ ਹਨੇਰੇ ’ਚੋਂ ਪਾਰ ਜਾ ਕੇ ਸੂਰਜਾਂ ਦੇ ਹਮਸਫ਼ਰ ਬਣਨ ਦੀ ਲਟ-ਲਟ ਬਲਦੀ ਪ੍ਰੇਰਨਾ ਦਾ ਦਿਹਾੜਾ ਹੈ। ਵਿੱਦਿਆ ਦੇ ਨਿੱਜੀਕਰਨ, ਵਪਾਰੀਕਰਨ ਅਤੇ ਨੌਜਵਾਨਾਂ ਨੂੰ ਮਸ਼ੀਨਾਂ ਬਣਾ ਕੇ ਮੁਨਾਫ਼ੇ ਦੀ ਮੰਡੀ ਵਿੱਚ ਵਿਕਣ ਵਾਲੀ ਸ਼ੈਅ ਬਣਾਏ ਜਾਣ ਦੇ ਦੌਰ ਨੂੰ ਪਿਛਾੜਨ ਲਈ ਵੰਗਾਰਮਈ ਦਿਹਾੜਾ ਹੈ।
ਇਹ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ (ਮਹਾਂਰਾਸ਼ਟਰ), ਜਗਤ ਸਿੰਘ ਸੁਰ ਸਿੰਘ (ਅੰਮ੍ਰਿਤਸਰ), ਹਰਨਾਮ ਸਿੰਘ (ਸਿਆਲਕੋਟੀ), ਬਖਸ਼ੀਸ਼ ਸਿੰਘ ਗਿੱਲਵਾਲੀ (ਅੰਮ੍ਰਿਤਸਰ), ਸੁਰੈਣ ਸਿੰਘ ਪੁੱਤਰ ਬੂੜ ਸਿੰਘ ਤੇ ਸੁਰੈਣ ਸਿੰਘ ਪੁੱਤਰ ਈਸ਼ਰ ਸਿੰਘ ਦੋਵੇਂ ਪਿੰਡ ਗਿੱਲਵਾਲੀ (ਅੰਮ੍ਰਿਤਸਰ) ਨੂੰ ਲਾਹੌਰ ਕੇਂਦਰੀ ਜੇਲ੍ਹ ਵਿੱਚ ਫਾਂਸੀ ਲਾ ਕੇ ਸ਼ਹੀਦ ਕਰਨ ਦਾ ਅਭੁੱਲ ਦਿਹਾੜਾ ਹੈ।
ਇਨ੍ਹਾਂ ਸ਼ਹੀਦਾਂ ਦੀ ਸ਼ਤਾਬਦੀ (1915-2015) ਸਾਡੇ ਬੂਹੇ ਦਸਤਕ ਦੇ ਰਹੀ ਹੈ। ਰਵਾਇਤੀ ਲੀਹਾਂ ਤੋਂ ਹਟ ਕੇ ਸ਼ਤਾਬਦੀ ਨੂੰ ਅਰਥ ਭਰਪੂਰ ਮਹੱਤਵ ਦੇਣ, ਅਜੋਕੇ ਸਰੋਕਾਰਾਂ ਅਤੇ ਭਵਿੱਖ ਦੀਆਂ ਚੁਣੌਤੀਆਂ ਨੂੰ ਸੰਬੋਧਤ ਹੋਣ ਵਾਲੀ ਮੁਹਿੰਮ ਹੀ ਇਤਿਹਾਸਕ ਮੁੱਲ ਰੱਖਦੀ ਹੈ, ਨਹੀਂ ਤਾਂ ਰਸਮ ਬਣ ਕੇ ਲੰਘ ਜਾਏਗੀ।
  ਗ਼ਦਰ ਸ਼ਤਾਬਦੀ (1913-2013), ਕਾਮਾਗਾਟਾ ਮਾਰੂ ਸ਼ਤਾਬਦੀ (1914-2014) ਪ੍ਰਤੀ ਸਥਾਪਤੀ ਦੀ ਬੇਰੁਖ਼ੀ ਜਾਂ ਆਪਣੇ ਰਾਜਨੀਤਕ ਮੁਫ਼ਾਦ ਅਨੁਸਾਰੀ ਪਹੁੰਚ ਤਾਂ ਸਮਝ ਆਉਂਦੀ ਹੈ। ਇਉਂ ਹੀ 2015 ਦੀ ਸ਼ਤਾਬਦੀ ਲਈ ਉਨ੍ਹਾਂ ਤੋਂ ਆਸ ਕਰਨ ਦੀ ਬਜਾਏ ਇਤਿਹਾਸ ਸਾਡੇ ਕਰਨ ਗੋਚਰੇ ਫ਼ਰਜ਼ਾਂ ਪ੍ਰਤੀ ਜਾਗਰੂਕ ਹੋਣ ਦੀ ਆਸ ਕਰਦਾ ਹੈ।
ਇਤਿਹਾਸ ਬੋਲਦਾ ਹੈ ਕਿ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ ਨੂੰ ਬਾਲ ਜਰਨੈਲ ਕਿਹਾ ਕਰਦੇ ਸਨ।
  ਬਾਬਾ ਗੁਰਮੁਖ ਸਿੰਘ ਲਲਤੋਂ, ਹਰਨਾਮ ਸਿੰਘ ਟੁੰਡੀਲਾਟ, ਕੇਸਰ ਸਿੰਘ ਠੱਠਗੜ੍ਹ, ਲਾਲਾ ਹਰਦਿਆਲ ਵਰਗੇ ਸਰਾਭਾ ਦੀ ਨਿੱਕੀ ਉਮਰੇ ਉਚੇਰੀ ਅਤੇ ਲੰਮੇਰੀ ਇਨਕਲਾਬੀ ਪਰਵਾਜ਼ ਤੋਂ ਬੇਹੱਦ ਪ੍ਰਭਾਵਿਤ ਸਨ।
ਸ਼ਹੀਦ ਭਗਤ ਸਿੰਘ ਤਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਗੁਰੂ, ਭਰਾ ਅਤੇ ਸਾਥੀ ਦੱਸਿਆ ਕਰਦਾ ਸੀ। ਸ਼ਹੀਦ ਭਗਤ ਸਿੰਘ ਨੇ ਅਲਾਹਾਬਾਦ ਤੋਂ ਛਪੇ ‘ਚਾਂਦ’ ਦੇ ਵਿਸ਼ੇਸ਼ ਫਾਂਸੀ ਅੰਕ ਵਿੱਚ 1928 ਵਿੱਚ ਬਹੁਤ ਹੀ ਜਜ਼ਬਾਤੀ, ਸਾਹਿਤਕ ਅਤੇ ਕਲਾਤਮਕ ਅੰਦਾਜ਼ ’ਚ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਜੋ ਲਿਖਿਆ, ਉਹ ਅੱਜ ਹੋਰ ਵੀ ਪ੍ਰਸੰਗਕ ਹੈ। ਆਪਣੇ ਗਿਰਿਵਾਨ ’ਚ ਝਾਤੀ ਮਾਰਨ ਲਈ ਉਹ ਅੱਜ ਦਾ ਵੀ ਸੁਆਲ ਹੈ। ਭਗਤ ਸਿੰਘ ਨੇ ਲਿਖਿਆ ਹੈ:
‘‘ਅੱਜ ਦੁਨੀਆਂ ਵਿੱਚ ਫੇਰ ਸਵਾਲ ਖੜ੍ਹਾ ਹੁੰਦਾ ਹੈ, ਉਨ੍ਹਾਂ ਦੇ ਮਰਨ ਦਾ ਕੀ ਫ਼ਾਇਦਾ ਹੋਇਆ? ਉਹ ਕਿਨ੍ਹਾਂ ਵਾਸਤੇ ਮਰੇ? ਉਨ੍ਹਾਂ ਦਾ ਆਦਰਸ਼ ਕੀ ਸੀ?’’
ਸੰਨ 1929 ਵਿੱਚ ਭਗਤ ਸਿੰਘ ਦੀ ਕਲਮ ਵੱਲੋਂ ਖੜ੍ਹੇ ਕੀਤੇ ਸੁਆਲ ਸਰਾਭੇ ਦੀ ਸ਼ਹਾਦਤ ਤੋਂ ਸੌ ਵਰ੍ਹੇ ਮਗਰੋਂ ਹੋਰ ਵੀ ਵਿਰਾਟ ਅਤੇ ਤਿੱਖਾ ਰੂਪ ਧਾਰਨ ਕਰ ਗਏ ਹਨ। ਜੁਆਨੀ ਚੌਤਰਫ਼ੇ ਸੰਕਟਾਂ ਦੀ ਲਪੇਟ ’ਚ ਆਈ ਹੋਈ ਹੈ। ਭਗਤ ਸਿੰਘ ਨੇ ਲਿਖਿਆ ਸੀ:
ਚਮਨ ਜ਼ਾਰੇ ਮੁਹੱਬਤ ਮੇਂ ਉਸੀ ਨੇ ਬਾਗਵਾਨੀ ਕੀ,
ਕਿ ਜਿਸਨੇ ਆਪਣੀ ਮਿਹਨਤ ਕੋ ਹੀ
ਮਿਹਨਤ ਕਾ ਸਮਰ ਜਾਨਾ।
ਨਹੀਂ ਹੋਤਾ ਹੈ ਮੋਹਤਾਜੇ ਨੁਮਾਇਸ਼ ਫ਼ੈਜ਼ ਸ਼ਬਨਮ ਕਾ,
ਅੰਧੇਰੀ ਰਾਤ ਮੇਂ ਮੋਤੀ ਲੁਟਾ ਜਾਤੀ ਹੈ ਗੁਲਸ਼ਨ ਮੇਂ।
ਭਾਵ ਉਸ ਮਾਲੀ ਦਾ ਵੀ ਕੋਈ ਜਵਾਬ ਨਹੀਂ ਜਿਹੜਾ ਮਿਹਨਤ ਨੂੰ ਹੀ ਮਿਹਨਤ ਦਾ ਫ਼ਲ ਸਮਝਦਾ ਹੈ। ਉਹ ਕਿੰਨੇ ਮਹਾਨ ਹੁੰਦੇ ਹਨ, ਜਿਹੜੇ ਇਤਿਹਾਸ ਵਿੱਚ ਅਜਿਹੀ ਭੂਮਿਕਾ ਅਦਾ ਕਰਦੇ ਹਨ ਜਿਵੇਂ ਹਨੇਰੀ ਰਾਤ ’ਚ ਚੁਪਕੇ ਜਿਹੇ ਆ ਕੇ ਤ੍ਰੇਲ ਆਪਣੇ ਮੋਤੀ ਬਿਖੇਰ ਕੇ ਚਲੀ ਜਾਂਦੀ ਹੈ ਤੇ ਉਸ ਦਾ ਕੋਈ ਸਾਨੀ ਨਹੀਂ ਹੈ। ਅੱਜ ਇਨ੍ਹਾਂ ਸੰਗਰਾਮੀਆਂ ਦੀ ਸ਼ਹਾਦਤ ਦੀ 100ਵੀਂ ਵਰ੍ਹੇਗੰਢ ਨੌਜਵਾਨਾਂ ਤੋਂ ਉਸ ਸ਼ਬਨਮ ਵਰਗੀ ਇਤਿਹਾਸਕ ਭੂਮਿਕਾ ਦੀ ਆਸ ਕਰਦੀ ਹੈ। ਪਿਛਲੇ ਦਹਾਕਿਆਂ ਤਕ ਜਿਉਂਦੇ ਰਹੇ ਗ਼ਦਰੀ ਬਾਬੇ ਉੱਨੀ-ਇੱਕੀ ਦੇ ਸ਼ਬਦੀ ਫ਼ਰਕਾਂ ਨਾਲ ਰਿਕਾਰਡ ਕਰਵਾਈਆਂ ਟੇਪਾਂ, ਤਕਰੀਰਾਂ, ਹੱਥ ਲਿਖਤ ਡਾਇਰੀਆਂ, ਲੇਖਾਂ ਵਿੱਚ ਜੁਆਨੀ ਨੂੰ ਵੰਗਾਰਦੇ ਰਹੇ ਹਨ। ਇਨ੍ਹਾਂ ਦਾ ਇਤਿਹਾਸਕ ਪ੍ਰਮਾਣ ਦੇਸ਼ ਭਗਤ ਯਾਦਗਾਰ ਹਾਲ ਦੀ ਲਾਇਬਰੇਰੀ ਦੇ ਰਿਕਾਰਡ ’ਚ ਮੂੰਹੋਂ ਬੋਲਦਾ ਹੈ:
‘‘ਗ਼ਦਰ ਪਾਰਟੀ ਨੇ ਗ਼ੁਲਾਮੀ ਖਿਲਾਫ਼ ਆਜ਼ਾਦੀ ਦਾ ਪਰਚਮ ਚੁੱਕਿਆ ਸੀ।
  ਅਨੇਕਾਂ ਸੂਰਬੀਰਾਂ ਨੇ ਸ਼ਹੀਦੀ ਜਾਮ ਪੀਤੇ। ਇਸ ਪਾਰਟੀ ਨੇ ਗ਼ੁਲਾਮੀ ਨਾਲ ਨਿਢਾਲ ਹੋਈ ਹਿੰਦੀ ਜਨਤਾ ਦੇ ਖ਼ੂਨ ਵਿੱਚ ਆਜ਼ਾਦੀ ਦੀ ਨਵੀਂ ਰੂਹ ਫੂਕ ਦਿੱਤੀ। ਇਸ ਦਾ ਸਿੱਟਾ ਅੱਜ ਸਾਡੇ ਸਾਹਮਣੇ ਹੈ। ਲਾਸਾਨੀ ਕੁਰਬਾਨੀਆਂ ਦੀ ਲੜੀ ਨੇ ਆਜ਼ਾਦੀ ਪ੍ਰਾਪਤੀ ਲਈ ਇੱਕ ਹੋਰ ਨਵਾਂ ਸਫ਼ਾ ਇਤਿਹਾਸ ਵਿੱਚ ਜੋੜ ਦਿੱਤਾ।
ਸਾਡੇ ਇਹ ਨਾਅਰੇ ਪਾਰਟੀ ਦੇ ਨਿਯਮਾਂ ਅਤੇ ਅਮਲਾਂ ਵਿੱਚੋਂ ਹਨ:
1. ਏਕਤਾ ਦਾ ਫ਼ਲ: ਸ਼ਕਤੀ ਅਤੇ ਆਜ਼ਾਦੀ
2. ਅਨੇਕਤਾ ਦਾ ਸਿੱਟਾ: ਦੁਰਬਲਤਾ ਤੇ ਗ਼ੁਲਾਮੀ
3. ਏਕਤਾ ਦਾ ਮੂਲ: ਸਮਾਜਵਾਦ
4. ਅਨੇਕਤਾ ਦਾ ਮੂਲ: ਸਾਮਰਾਜਵਾਦ
ਯੁੱਗ ਪਲਟ ਰਿਹਾ ਹੈ! ਆਪਣੇ ਕਰਤੱਵ ਪੂਰੇ ਕਰੋ!
ਨੌਜਵਾਨੋ! ਜਾਗੋ! ਉਠੋ!!
ਸੁੱਤਿਆਂ ਨੂੰ ਯੁੱਗ ਬੀਤ ਗਏ!
ਹਰ ਪ੍ਰਕਾਰ ਦੀ ਗ਼ੁਲਾਮੀ ਕੀ ਆਰਥਿਕ, ਕੀ ਰਾਜਨੀਤਕ ਅਤੇ ਕੀ ਸਮਾਜਕ ਜੜ੍ਹ ਤੋਂ ਉਖੇੜ ਸੁੱਟੋ! ਮਨੁੱਖਤਾ ਹੀ ਸੱਚਾ ਧਰਮ ਹੈ।
ਜੈ ਜਨਤਾ’’
ਸੋਹਣ ਸਿੰਘ ਭਕਨਾ
ਅਜਿਹੇ ਉੱਚੇ-ਸੁੱਚੇ ਟੀਚੇ ਸਨ ਗ਼ਦਰੀ ਬਾਬਿਆਂ ਦੀ ਤੋਰ ਦੀ ਰਵਾਨੀ ’ਚ। ਅੱਜ ਲੋਕਾਂ ਦੀ ਏਕਤਾ, ਸਾਂਝ, ਭਾਈਚਾਰੇ ਨੂੰ ਤੀਲ੍ਹਾ-ਤੀਲ੍ਹਾ ਕਰਨ ਲਈ ਵਿਆਪਕ ਖ਼ਤਰੇ ਅੰਬਰਾਂ ’ਤੇ ਮੰਡਰਾ ਰਹੇ ਹਨ। ਲੋਕਾਂ ਉਪਰ ਅਨੇਕ ਪ੍ਰਕਾਰ ਦੇ ਬੋਝ ਦੀਆਂ ਪੰਡਾਂ ਲੱਦੀਆਂ ਜਾ ਰਹੀਆਂ ਹਨ। ਫ਼ਿਰਕੂ ਜ਼ਹਿਰ ਧੂੜੀ ਜਾ ਰਹੀ ਹੈ। ਲੋਕਾਂ ਦੇ ਜਨਮ ਸਿੱਧ ਮੌਲਿਕ ਮਾਨਵੀ ਅਧਿਕਾਰਾਂ ਉਪਰ ਨੰਗੀ ਤਲਵਾਰ ਲਟਕ ਰਹੀ ਹੈ। ਇਸ ਦੌਰ ਵਿੱਚ ਬਾਬਾ ਭਕਨਾ ਦੇ ਇਹ ਬੋਲ ਅਤੇ 1915 ਦੇ ਸ਼ਹੀਦਾਂ ਦੀ ਸ਼ਤਾਬਦੀ ਵਿਸ਼ੇਸ਼ ਧਿਆਨ ਖਿੱਚਦੀ ਹੈ। ਗ਼ਦਰੀ ਬਾਬੇ, ਇਤਿਹਾਸ ਪ੍ਰਤੀ ਕਦੇ ਵੀ ਲਕੀਰ ਦੇ ਫ਼ਕੀਰ ਨਹੀਂ ਬਣੇ। ਉਹ ਅਤੀਤ, ਇਤਿਹਾਸ ਜਾਂ ਬੁੱਤਾਂ ਦੇ ਪੂਜਕ ਨਹੀਂ ਬਣੇ। ਉਹ 1947 ਤੋਂ ਬਾਅਦ ਵੀ ਆਖ਼ਰੀ ਸਾਹ ਤਕ ਬੁਲੰਦ ਆਵਾਜ਼ ’ਚ ਹੋਕਾ ਦਿੰਦੇ ਰਹੇ ਕਿ ਅਜੇ ਸਾਡੇ ਅਤੇ ਸਾਡੇ ਅਮਰ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਨਹੀਂ ਬਣਿਆ। ਉਹ ਜ਼ਿੰਦਗੀ ਭਰ ਇਨਕਲਾਬੀ ਸਫ਼ਰ ’ਤੇ ਰਹੇ।
  ਸਰਾਭੇ ਹੋਰਾਂ ਦੀ ਸ਼ਹਾਦਤ ਪ੍ਰਤੀ ਮਹਿਜ਼ ਸ਼ਰਧਾਵਾਨ ਹੋਣ ਦੀ ਬਜਾਏ, ਉਨ੍ਹਾਂ ਦੇ ਅਧੂਰੇ ਕਾਜ਼ ਲਈ ਉਹ ਨੌਜਵਾਨਾਂ, ਕਿਰਤੀ, ਕਿਸਾਨਾਂ, ਔਰਤਾਂ ਅਤੇ ਬੁੱਧੀਜੀਵੀਆਂ ਨੂੰ ਆਪਣੇ ਸਮੇਂ ਦੀਆਂ ਚੁਣੌਤੀਆਂ ਨੂੰ ਮੁਖ਼ਾਤਬ ਹੋਣ ਲਈ ਅੱਗੇ ਆਉਣ ਦਾ ਸੱਦਾ ਦਿੰਦੇ ਰਹੇ।
ਜਨਮ ਦਿਨ, ਸ਼ਹੀਦੀ ਦਿਨ, ਸਥਾਪਨਾ ਦਿਨ ਅਤੇ ਸ਼ਤਾਬਦੀ ਆਉਂਦੇ ਜਾਂਦੇ ਰਹਿੰਦੇ ਹਨ। ਇਤਿਹਾਸ ਦੇ ਸੰਵੇਦਨਸ਼ੀਲ ਵਾਰਸਾਂ ਨੇ ਸਥਾਪਤੀ ਅਤੇ ਰਵਾਇਤੀ ਤੌਰ ਤਰੀਕਿਆਂ ਨਾਲੋਂ ਇਨ੍ਹਾਂ ਇਤਿਹਾਸਕ ਮੌਕਿਆਂ ’ਤੇ ਆਪਣਾ ਸੰਤੁਲਿਤ, ਭਵਿੱਖ-ਮੁਖੀ ਅਤੇ ਲੋਕ-ਮੁਖੀ ਦ੍ਰਿਸ਼ਟੀਕੋਣ ਧਾਰਨ ਕਰ ਕੇ ਆਪਣੇ ਪੂਰਵਜਾਂ ਦੇ ਅਧੂਰੇ ਰਹਿ ਗਏ ਚਿੱਤਰ ’ਚ ਆਪਣੇ ਬੁਰਸ਼ ਨਾਲ ਆਪਣੇ ਅੰਦਾਜ਼ ’ਚ ਖ਼ੂਬਸੂਰਤ ਰੰਗ ਭਰਨੇ ਹੁੰਦੇ ਹਨ।
ਅੱਜ ਅਨੇਕਾਂ ਕਾਰਨਾਂ ਕਰਕੇ ਪੰਜਾਬ ਦੀ ਜੁਆਨੀ ਪਰਦੇਸਾਂ ਵੱਲ ਉਡਾਰੀ ਮਾਰ ਰਹੀ ਹੈ। ਕਦੇ ਨਿੱਕੜੀ ਉਮਰੇ ਹੀ ਕਰਤਾਰ ਸਿੰਘ ਸਰਾਭਾ ਨੇ ਵੀ ਅਮਰੀਕਾ ਜਾ ਕੇ ਰਸਾਇਣ ਵਿਗਿਆਨ ਦੀ ਉੱਚ ਵਿੱਦਿਆ ਹਾਸਲ ਕਰਨ ਦਾ ਸੁਪਨਾ ਲਿਆ ਸੀ। ਉਸ ਨੇ ਬਰਕਲੇ ਯੂਨੀਵਰਸਿਟੀ ਦਾਖ਼ਲਾ ਲਿਆ। ਇੱਕ ਦਿਨ ਉਸ ਨੇ ਅਮਰੀਕਣ ਔਰਤ ਨੂੰ ਦੇਸ਼ ਭਗਤਾਂ ਨੂੰ ਪ੍ਰਣਾਮ ਕਰਦੇ ਦੇਖ ਕੇ ਇਸ ਬਾਰੇ ਜਾਨਣਾ ਚਾਹਿਆ। ਉਸ ਔਰਤ ਨੇ ਦੱਸਿਆ, ‘‘ਇਸ ਦਿਨ ਸਾਡਾ ਅਮਰੀਕਾ ਗ਼ੁਲਾਮੀ ਤੋਂ ਆਜ਼ਾਦ ਹੋਇਆ ਸੀ। ਅਸੀਂ ਆਜ਼ਾਦੀ ਪਰਵਾਨਿਆਂ ਨੂੰ ਕਦੇ ਵੀ ਭੁਲਾ ਨਹੀਂ ਸਕਦੇ।’’ ਉਸ ਪਲ ਸਰਾਭਾ ਸਿਰ ਤੋਂ ਪੈਰਾਂ ਤਕ ਝੰਜੋੜਿਆ ਗਿਆ। ਉਸ ਨੂੰ ਖ਼ਿਆਲਾਂ ਦੀਆਂ ਤਰੰਗਾਂ ਨੇ ਹਲੂਣ ਕੇ ਰੱਖ ਦਿੱਤਾ ਕਿ ਅਸੀਂ ਤਾਂ ਇੱਥੇ ਆ ਗਏ ਪੜ੍ਹਨ ਲਈ।
  ਡਾਲਰ ਕਮਾਉਣ ਲਈ।  ਸਾਡੀ ਮਾਂ ਧਰਤੀ ਗ਼ੁਲਾਮ ਹੈ। ਸਾਨੂੰ ਇੱਥੇ ਕੁਲੀ, ਡੈਮ, ਕਾਲੇ, ਡਰਟੀ ਕਿਹਾ ਜਾਂਦਾ ਹੈ। ਪਿੱਛੇ ਮੁਲਕ ’ਚ ਸਾਡੇ ਲੋਕ ਭੁੱਖ-ਨੰਗ, ਕਰਜ਼ੇ, ਬੀਮਾਰੀ, ਬੇਕਾਰੀ, ਸੂਦਖੋਰੀ ਅਤੇ ਜ਼ਬਰ ਦੇ ਭੰਨੇ ਹੋਏ ਹਨ। ਅਸੀਂ ਫਿਰ ਕੀ ਜਾਗਦੇ ਇਨਸਾਨ ਹਾਂ ਜਾਂ ਖ਼ੁਦਪ੍ਰਸਤ? ਉਹਦੇ ਅੰਦਰ ਵਿਚਾਰਾਂ ਦਾ ਤੂਫ਼ਾਨ ਉੱਠ ਖੜ੍ਹਿਆ। ਉਹ ਸਰਾਭੇ ਪਿੰਡ ਦੇ ਹੀ ਦੇਸ਼ ਭਗਤ ਰੁਲੀਆ ਸਿੰਘ ਪਾਸ ਆਇਆ ਕਰਦਾ ਸੀ। ਉਹਦੀ ਸੰਗਤ ਪਰਮਾਨੰਦ, ਲਾਲਾ ਹਰਦਿਆਲ ਵਰਗਿਆਂ ਨਾਲ ਹੋਣ ਲੱਗੀ। ਨਿੱਕੜਾ ਵਿਦਿਆਰਥੀ ਬੇਹੱਦ ਜ਼ਹੀਨ ਅਤੇ ਤਿੱਖੜਾ ਸੀ।
ਉਹ 21 ਅਪਰੈਲ 1913 ਨੂੰ ਆਸਟਰੀਆ ’ਚ ਬਣਾਈ ਗਈ ‘ਹਿੰਦੀ ਐਸੋਸੀਏਸ਼ਨ ਆਫ਼ ਪੈਸੇਫ਼ਿਕ ਕੋਸਟ’ ਜਥੇਬੰਦੀ ਦੇ ਸੰਪਰਕ ਵਿੱਚ ਆ ਗਿਆ।
  ਉਹਦੇ ਵਿਸ਼ੇਸ਼ ਅਤੇ ਮੁੱਢਲੇ ਉੱਦਮ ਨਾਲ ‘ਗ਼ਦਰ’ ਅਖ਼ਬਾਰ ਸ਼ੁਰੂ ਹੋਇਆ।  ਉਹ ਹੱਥੀਂ ਮਸ਼ੀਨ ਚਲਾ ਕੇ ਦਿਨ ਰਾਤ ‘ਗ਼ਦਰ’ ਪਰਚੇ ਦੀ ਛਪਾਈ, ਲਿਖਾਈ, ਤਰਜ਼ਮੇ, ਵੰਡ-ਵੰਡਾਈ ਅਤੇ ਵਿੱਤੀ ਲੋੜਾਂ ਦੀ ਪੂਰਤੀ ਲਈ ਸਮਰਪਿਤ ਹੋ ਗਿਆ। ਗ਼ਦਰ ਪਾਰਟੀ ਦਾ ਤਿੰਨ ਰੰਗਾਂ ਝੰਡਾ ਹਿੰਦੂ, ਮੁਸਲਿਮ ਤੇ ਸਿੱਖਾਂ ਦੀ ਏਕਤਾ ਦਾ ਪ੍ਰਤੀਕ ਅਤੇ ਵਿਚਕਾਰ ਕਰਾਸ ਤਲਵਾਰਾਂ ਸੰਘਰਸ਼ ਦਾ ਚਿੰਨ੍ਹ, ਦਾ ਡਿਜ਼ਾਈਨ ਕਰਨ ’ਚ ਵੀ ਉਸ ਦੀ ਪ੍ਰਮੁੱਖ ਭੂਮਿਕਾ ਸੀ।
ਗ਼ਦਰ ਅਤੇ ਆਜ਼ਾਦੀ ਦੀ ਜੱਦੋ-ਜਹਿਦ ਵਿੱਚ ਉਹ ਨੌਜਵਾਨਾਂ ਦੇ ਨਾਲ-ਨਾਲ ਔਰਤਾਂ ਦੇ ਵਿਸ਼ੇਸ਼ ਯੋਗਦਾਨ ਦੇ ਮਹੱਤਵ ਨੂੰ ਬਾਖ਼ੂਬੀ ਸਮਝਦਾ ਸੀ।
  ਸਰਾਭੇ ਨੇ ਲਿਖਿਆ ਹੈ:
ਹਿੰਦੋਸਤਾਨੀ ਲੋਕ ਆਮ ਰਵਾਜ਼ਨ ਆਪਣੀਆਂ ਔਰਤਾਂ ਨੂੰ ਮਰਦਾਂ ਤੋਂ ਹੀਣ ਸਮਝਦੇ ਹਨ। ਅਫ਼ਰੀਕਾ ਵਿੱਚ ਹਿੰਦੋਸਤਾਨ ਦੀਆਂ ਦੇਵੀਆਂ ਜਿਹੜੇ ਕੰਮ ਕਰ ਰਹੀਆਂ ਹਨ ਇਸ ਤੋਂ ਹਿੰਦੋਸਤਾਨੀਆਂ ਦੇ ਗ਼ਲਤ ਖ਼ਿਆਲਾਂ ਦਾ ਖੰਡਨ ਹੁੰਦਾ ਹੈ। ਅਫ਼ਰੀਕਾ ਦੇ ਲੋਕ-ਵਿਰੋਧੀ ਕਾਨੂੰਨਾਂ ਨੂੰ ਚਕਨਾਚੂਰ ਕਰਨ ਲਈ ਉੱਥੇ ਗੁਜਰਾਤੀ ਔਰਤਾਂ ਨੇ ਮਰਦਾਂ ਨਾਲੋਂ ਚਾਰ ਕਦਮ ਅੱਗੇ ਜਾ ਕੇ ਟਾਕਰਾ ਕੀਤਾ ਹੈ। ਉਨ੍ਹਾਂ ਅੱਗੇ ਹੋ ਕੇ ਗੰਨੇ ਦੇ ਖੇਤ ਫੂਕ ਸੁੱਟੇ। ਜਾਬਰਾਂ ਨਾਲ ਭਿੜੀਆਂ।
  ਜੇਲ੍ਹ ਜਾਣ ਤੋਂ ਨਹੀਂ ਡਰੀਆਂ।
ਅੱਜ ਪੰਜਾਬ ਵਿੱਚ ਆਪਣੇ ਹੱਕਾਂ ਲਈ ਹਰ ਮੋਰਚੇ ’ਤੇ ਅੱਗੇ ਹੋ ਕੇ ਜੂਝਦੀਆਂ ਨੌਜਵਾਨ ਲੜਕੀਆਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਦੂਰ-ਅੰਦੇਸ਼ੀ ਅਤੇ ਔਰਤਾਂ ਦੀ ਇਤਿਹਾਸਕ ਭੂਮਿਕਾ ਬਾਰੇ ਸੋਚਣੀ ਦੀ ਹੀ ਪੁਸ਼ਟੀ ਕਰਦੀਆਂ ਪ੍ਰਤੀਤ ਹੁੰਦੀਆਂ ਹਨ।
ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਬੇਬਾਕੀ ਨਾਲ ਉਸ ਸਮੇਂ, ਉਹ ਵੀ ਚੜ੍ਹਦੀ ਉਮਰੇ ਕੌੜਾ ਸੱਚ ਲਿਖਣਾ ਇਉਂ ਜਾਪਦਾ ਹੈ ਜਿਵੇਂ 100 ਵਰ੍ਹੇ ਬਾਅਦ ਉਹ ਹੋਰ ਵੀ ਲਿਸ਼ਕਿਆ ਅਤੇ ਨਿਖ਼ਰਿਆ ਹੈ। ਸਰਾਭੇ ਨੇ ਲਿਖਿਆ ਹੈ:
‘‘ਮੈਂ ਸਿੰਘਾਂ ਤੋਂ ਪੁੱਛਦਾ ਹਾਂ ਕਿ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾ ਕੇ ਸ਼ੇਰ ਬਣਨਾ ਸਿਖਾਇਆ ਸੀ। ਇੱਕ-ਇੱਕ ਨੂੰ ਸਵਾ-ਸਵਾ ਲੱਖ ਨਾਲ ਲੜਨਾ ਸਿਖਾਇਆ ਸੀ ਪਰ ਕੀ ਹੁਣ ਪੰਜਾਬ ਵਿੱਚ ਇਸ ਤਰ੍ਹਾਂ ਅੰਮ੍ਰਿਤ ਛਕਾਇਆ ਜਾਂਦਾ ਹੈ? ਪਹਿਲਾਂ ਵਰਗੀ ਬਹਾਦਰੀ ਸਿੰਘਾਂ ਵਿੱਚ ਕਿਉਂ ਨਹੀਂ ਰਹੀ? ਇਸ ਦੇ ਦੋ ਸਬੱਬ ਹਨ। ਪਹਿਲਾ, ਉਹ ਆਦਮੀ ਜਿਹੜੇ ਅੰਮ੍ਰਿਤ ਬਣਾਉਂਦੇ ਹਨ, ਉਹ ਖ਼ੁਦ ਗ਼ੁਲਾਮ ਹਨ।
  ਗੁਰਦੁਆਰਿਆਂ ਦੇ ਗ੍ਰੰਥੀ ਅੰਗਰੇਜ਼ ਬਾਂਦਰਾਂ ਨੂੰ ਝੁਕ-ਝੁਕ ਕੇ ਸਲਾਮ ਕਰਦੇ ਦੇਖੇ ਜਾ ਸਕਦੇ ਹਨ। ਭਲਾ ਜੇ ਅਜਿਹੇ ਨੀਚ ਪੁਰਸ਼ ਜਿਹੜੇ ਲੀਡਰ ਬਣੇ ਹੋਏ ਹਨ ਤਾਂ ਉਨ੍ਹਾਂ ਵਿੱਚ ਕੀ ਤਾਕਤ ਅਤੇ ਦਲੇਰੀ ਹੋ ਸਕਦੀ ਹੈ। ਜਦ ਤਕ ਗੁਰੂ ਗੋਬਿੰਦ ਸਿੰਘ ਜੀ ਵਰਗੇ ਸ਼ੇਰਦਿਲ ਤੇ ਬਹਾਦਰ ਆਦਮੀ ਲੀਡਰ ਨਹੀਂ ਹੁੰਦੇ ਤਦ ਤਕ ਕੋਈ ਅਸਰ ਨਹੀਂ ਹੋਵੇਗਾ।  ਅੱਜ-ਕੱਲ੍ਹ ਦੇ ਹਾਲਾਤ ’ਤੇ ਅੱਛੀ ਤਰ੍ਹਾਂ ਨਿਗਾਹ ਮਾਰ ਕੇ ਸਿੰਘਾਂ ਨੂੰ ਚਾਹੀਦੈ ਕਿ ਉਹ ਗ਼ੁਲਾਮ ਅਤੇ ਡਰਾਕਲ ਗ੍ਰੰਥੀਆਂ ਨੂੰ ਕੱਢ ਕੇ ਬਾਹਰ ਮਾਰਨ।’’
‘ਗ਼ਦਰ’ ਅਖ਼ਬਾਰ ਦੀ ਮਕਬੂਲੀਅਤ ਨੇ ਸਾਹਿਤ ਅੰਦਰ ਛੁਪੀ ਅਥਾਹ ਸ਼ਕਤੀ ਦਾ ਪ੍ਰਮਾਣ ਦਿੱਤਾ।
  ਕਰਤਾਰ ਸਿੰਘ ਸਰਾਭਾ ਦੇਸ਼ ਭਗਤ ਆਜ਼ਾਦੀ ਘੁਲਾਟੀਆ ਹੀ ਨਹੀਂ ਸਗੋਂ ਸਿਰੜੀ, ਨਿਹਚਾਵਾਨ ਅਤੇ ਪ੍ਰਤੀਬੱਧ ਕ੍ਰਾਂਤੀਕਾਰੀ ਪੱਤਰਕਾਰ ਅਤੇ ਆਜ਼ਾਦੀ ਸੰਗਰਾਮ ਦਾ ਸ਼ਹੀਦ ਪੱਤਰਕਾਰ ਵੀ ਹੈ।
ਚੋਟੀ ਦਾ ਕਲਮਕਾਰ, ਉਲੱਥਾਕਾਰ, ਕਾਮਾ ਅਤੇ ਹਰ ਖ਼ਤਰੇ ਨਾਲ ਧਾਅ ਗਲਵੱਕੜੀ ਪਾਉਣ ਵਾਲਾ ਸਰਾਭਾ ਹੀ ਸੀ ਜਿਸ ਨੇ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨਾਲ ਵਿਚਾਰ-ਵਟਾਂਦਰਾ ਕਰ ਕੇ ਕਾਮਾਗਾਟਾ ਮਾਰੂ ਜਹਾਜ਼ ਨੂੰ ਜਬਰੀ ਮੋੜੇ ਜਾਣ ਮੌਕੇ ਯੋਕੋਹਾਮਾ ਵਿਖੇ 200 ਪਿਸਤੌਲ ਤੇ 2000 ਗੋਲੀਆਂ ਦੋ ਪੇਟੀਆਂ ’ਚ ਬੰਦ ਕਰ ਕੇ ਜਹਾਜ਼ ’ਚ ਪਹੁੰਚਦੀਆਂ ਕੀਤੀਆਂ।
ਇਹ ਸਰਾਭਾ ਹੀ ਸੀ ਜਿਹੜਾ ਅਜੇ ਜੁਆਨੀ ਦੀ ਸਰਦਲ ’ਤੇ ਕਦਮ ਟਿਕਾ ਰਿਹਾ ਸੀ ਪਰ ਅਮਰੀਕਾ ਛੱਡ ਕੇ ਆਪਣੇ ਦੇਸ਼ ਆਇਆ। ਫ਼ੌਜੀ ਛਾਉਣੀਆਂ ’ਚ ਸੰਪਰਕ ਬਣਾਏ। ਗ਼ਦਰ ਦੀ ਤਾਰੀਖ ਮਿਥੀ ਪਰ ਕਿਰਪਾਲੇ ਦੀ ਗ਼ੱਦਾਰੀ ਨਾਲ ਗ਼ਦਰ ਦੀ ਸੂਹ ਮਿਲਣ ’ਤੇ ਫ਼ੌਜੀਆਂ ਨੂੰ ਨਿਹੱਥੇ ਕਰ ਦਿੱਤਾ ਗਿਆ। ਗ੍ਰਿਫ਼ਤਾਰੀਆਂ, ਕੇਸਾਂ ਅਤੇ ਜੇਲ੍ਹਾਂ, ਫਾਂਸੀਆਂ ਦਾ ਚੱਕਰ ਤੇਜ਼ ਹੋਇਆ।
  ਸਰਾਭਾ ਖ਼ੁਦ ਭਾਵੇਂ ਬਚ ਨਿਕਲਿਆ ਸੀ। ਅਫ਼ਗਾਨਿਸਤਾਨ ਦੀ ਸਰਹੱਦ ਪਾਰ ਕਰ ਕੇ ਸੁਰੱਖਿਅਤ ਬਾਹਰ ਜਾ ਸਕਦਾ ਸੀ ਪਰ ਉਹ ਗ਼ਦਰੀ ਗੂੰਜਾਂ ਯਾਦ ਕਰਦਿਆਂ ਵਾਪਸ ਮੁੜ ਆਇਆ।
ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ…
ਗ਼ਦਰੀ ਗੀਤ ਗਾਉਂਦਾ ਉਹ ਲੋਕਾਂ ’ਚ ਕੰਮ ਕਰਨ ਲੱਗਾ। ਉਹਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਵਿਸ਼ੇਸ਼ ਅਦਾਲਤ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ।
 
ਇਹ ਫਾਂਸੀ ਟਲ ਸਕਦੀ ਸੀ ਪਰ ਸਰਾਭਾ ਆਪਣੇ ਮਿਸ਼ਨ ਦੀ ਮਸ਼ਾਲ ਜਗਦੀ ਅਤੇ ਮਘਦੀ ਰੱਖਣ ਲਈ ਫਾਂਸੀ ਦੀ ਪੀਂਘ ਝੂਟ ਜਾਣਾ ਹੀ ਬਿਹਤਰ ਸਮਝਦਾ ਸੀ। ਉਸ ਨੂੰ ਅਹਿਸਾਸ ਹੋ ਗਿਆ ਸੀ ਕਿ ਇੱਕ ਵਾਰ ਤਾਂ ‘ਗ਼ਦਰ’ ਨੂੰ ਗੰਭੀਰ ਪਛਾੜ ਵੱਜ ਗਈ, ਹੁਣ ਮਤਾਬੀ ਬਣ ਕੇ ਖ਼ੁਦ ਮੱਚਣਾ ਹੀ ਵਿਚਾਰਾਂ ਦੀ ਰੋਸ਼ਨੀ ਫੈਲਾਉਣਾ ਹੋਵੇਗਾ।
ਆਖ਼ਰ ਸਰਾਭੇ ਨੂੰ ਸਾਥੀਆਂ ਸਮੇਤ ਫਾਂਸੀ ’ਤੇ ਲਟਕਾ ਦਿੱਤਾ ਗਿਆ। ਕੋਈ ਸਾਢੇ ਅਠਾਰਾਂ ਵਰ੍ਹਿਆਂ ਦਾ ਕਰਤਾਰ ਸਿੰਘ ਸਰਾਭਾ ਜਿੰਨਾ ਗੱਭਰੂ 1915 ’ਚ ਸੀ, 2015 ਸ਼ਤਾਬਦੀ ਮੌਕੇ ਅਤੇ ਭਵਿੱਖ ਵਿੱਚ ਵੀ ਓਨਾ ਹੀ ਭਰ ਜੁਆਨ ਪ੍ਰਤੀਤ ਹੁੰਦਾ ਰਹੇਗਾ। ਨਵੀਂ ਜੁਆਨੀ ਦੇ ਗਲ਼ ਲੱਗ ਕੇ ਮਿਲਦਾ ਰਹੇਗਾ। ਨਵੀਂ ਪਨੀਰੀ ਨਾਲ ਜੋਟੀ ਪਾ ਕੇ ਗੀਤ ਗਾਉਂਦਾ ਰਹੇਗਾ ਜੋ ਉਸ ਦੀ ਕਲਮ ਨੇ ਲਿਖਿਆ ਅਤੇ ਉਸ ਨੇ ਖ਼ੁਦ ਗਾਇਆ ਸੀ:
ਜੋ ਕੋਈ ਪੂਛੇ ਕਿ ਕੌਨ ਹੋ ਤੁਮ
ਤੋ ਕਹਿ ਦੋ ਬਾਗ਼ੀ ਹੈ ਨਾਮ ਮੇਰਾ
ਜ਼ੁਲਮ ਮਿਟਾਨਾ ਹਮਾਰਾ ਪੇਸ਼ਾ
ਗ਼ਦਰ ਕਰਨਾ ਹੈ ਕਾਮ ਅਪਨਾ
ਨਮਾਜ਼ ਸੰਧਿਆ ਯਹੀ ਹਮਾਰੀ
ਔਰ ਪਾਠ ਪੂਜਾ ਸਭ ਯਹੀ ਹੈ
ਧਰਮ ਕਰਮ ਸਭ ਯਹੀ ਹੈ ਹਮਾਰਾ,
ਯਹੀ ਖ਼ੁਦਾ ਔਰ ਰਾਮ ਅਪਨਾ।
ਅਜੋਕੇ ਨਾਜ਼ੁਕ ਦੌਰ ਵਿੱਚ ਮੁਲਕ ਦੀ ਬੇੜੀ ਕਿਨਾਰੇ ਲਾਉਣ ਲਈ ਸਾਮਰਾਜੀ ਗਲਬੇ ਨੂੰ ਵਗਾਹ ਮਾਰਨਾ, ਜਗੀਰੂ-ਪੂੰਜੀਪਤੀ ਮੱਕੜਜਾਲ ਤੋਂ ਮੁਕਤ ਹੋਣਾ, ਫ਼ਿਰਕਾਪ੍ਰਸਤੀ, ਜ਼ਾਤ-ਪ੍ਰਸਤੀ, ਗ਼ਰੀਬੀ, ਬੇਕਾਰੀ, ਵਿਤਕਰੇਬਾਜ਼ੀ ਅਤੇ ਜ਼ਬਰ ਜ਼ੁਲਮ ਤੋਂ ਮੁਕਤ, ਆਜ਼ਾਦ, ਖ਼ੁਸ਼ਹਾਲ, ਅਤੇ ਸਾਂਝੀਵਾਲਤਾ ਭਰਿਆ ਨਿਜ਼ਾਮ ਸਿਰਜਣ ਲਈ ਚੇਤਨਾ ਦੇ ਚਾਨਣ ਦਾ ਛੱਟਾ ਦੇਣਾ 2015 ਸ਼ਤਾਬਦੀ ਦਾ ਮਨੋਰਥ ਹੋਵੇ। ਇਹੋ ਵਕਤ ਦੀ ਆਵਾਜ਼ ਹੈ। ਇਤਿਹਾਸ ਦੀ ਅੱਖ ਸਦਾ ਜਾਗਦੀ ਅਤੇ ਜਗਦੀ ਰਹਿੰਦੀ ਹੈ। ਡਾਹਢਿਆਂ ਨੂੰ ਐਵੇਂ ਭੁਲੇਖਾ ਹੁੰਦਾ ਹੈ ਕਿ ਇਤਿਹਾਸ ਉਨ੍ਹਾਂ ਦੀ ਮਨਮਰਜ਼ੀ ਦੀ ਤੋਰ ਤੁਰੇਗਾ ਅਤੇ ਉਨ੍ਹਾਂ ਮੁਤਾਬਕ ਦੇਖੇਗਾ।

Friday, November 14, 2014

“ਜ਼ਮੀਨ ਪ੍ਰਾਪਤੀ ਕਾਨੂੰਨ - ਵਿੱਤ ਮੰਤਰੀ ਨੇ ਲੋਕ-ਰਜ਼ਾ ਦੀ ਕਦਰ ਕਰਨ ਦਾ ਹੀਜ਼-ਪਿਆਜ ਨੰਗਾ ਕਰ ਲਿਆ

ਜ਼ਮੀਨ ਅਕਵਾਇਰ ਕਰਨ ਵੇਲੇ ਕਿਸਾਨ ਰਜ਼ਾ ਦੀ ਕਦਰ
ਨਾ ਸਰਕਾਰ ਕਰਦੀ ਹੈ ਤੇ ਨਾ ਇਹ ਬਿਲ ਕਰੇਗਾ।
     
       ਜ਼ਮੀਨ ਪ੍ਰਾਪਤੀ, ਮੁੜਬਹਾਲੀ ਤੇ ਮੁੜ-ਵਸੇਵਾਂ ਬਿਲ-2011ਦੇ ਕਾਨੂੰਨ ਬਣਨ ਤੋਂ ਪਹਿਲਾਂ ਇਸ ਵਿਚ ਸੋਧਾਂ ਸਬੰਧੀ ਦਿੱਲੀ ਵਿਖੇ ਇਕ ਮੀਟਿੰਗ ਵਿੱਚ ਬੋਲਦਿਆਂ ਵਿੱਤ ਮੰਤਰੀ ਅਰੁਨ ਜੇਤਲੀ ਨੇ, ਜ਼ਮੀਨ ਅਕਵਾਇਰ ਕਰਨ ਵੇਲੇ, ਆਮ ਸਹਿਮਤੀ ਦੀ ਉਡੀਕ ਨਹੀਂ ਕਰਾਂਗੇ ਕਹਿਕੇ ਆਵਦੀ, ਆਵਦੀ ਭਾਜਪਾਈ ਸਰਕਾਰ ਦੀ ਅਤੇ ਇਸ ਬਿਲ ਦੀ ਕਿਸਾਨ ਤੇ ਲੋਕ ਦੋਖੀ ਖਸਲਤ ਜੱਗ ਜ਼ਾਹਰ ਕਰ ਲਈ ਹੈ। ਇਹ, ਕਾਨੂੰਨ ਦਾ ਵੱਡਾ ਵਕੀਲ ਕਹਾਉਣ ਵਾਲੇ ਇਸ ਮੰਤਰੀ ਦੇ ਮੂੰਹੋਂ ਅਚਾਨਕ ਨਿਕਲੀ ਗੱਲ ਨਹੀਂ ਹੈ, ਰਾਜ-ਗੱਦੀ ਮੱਲਦਿਆਂ ਹੀ ਮੁਲਕ ਅੰਦਰ ਪਹਿਲਾਂ ਤੋਂ ਹੀ ਚਲੇ ਆ ਰਹੇ ਸਾਮਰਾਜੀ-ਜਾਗੀਰੂ ਲੁੱਟ ਤੇ ਦਾਬੇ ਵਾਲੇ ਆਰਥਿਕ-ਰਾਜਨੀਤਿਕ ਨਿਜ਼ਾਮ ਨੂੰ ਹੋਰ ਤਕੜਾ ਕਰਨ ਦੀ 'ਵਿੱਢੀ ਮੁਹਿੰਮ ਦਾ ਜ਼ੋਸ਼' ਹੈ। ਜੇਤਲੀ ਦਾ ਇਉਂ,“ ਵਿਰੋਧੀ ਧਿਰ ਸਹਿਯੋਗ ਨਹੀਂ ਦਿੰਦੀ ਤੇ ਅਸੀਂ ਅੱਗੇ ਵਧਾਂਗੇ, ਫੈਸਲੇ ਲਵਾਂਗੇ” ਕਹਿਣਾ, ਦੇਸ਼ ਵਿਚ ਆਇਆਂ ਨੂੰ ਅਤੇ ਦੇਸ਼ ਤੋਂ ਬਾਹਰ ਜਾਕੇ ਉਥੋਂ ਦੇ ਹਾਕਮਾਂ ਤੇ ਕਾਰਪੋਰੇਟ ਲੁਟੇਰਿਆਂ ਨੂੰ ਮਿਲਣ ਉਪਰੰਤ ਦੇਸ਼ ਅੰਦਰ ਲੁੱਟ ਮਚਾਉਣ ਲਈ ਨਿਵੇਸ਼ ਕਰਨ ਦੇ ਦਿੱਤੇ ਖੁੱਲੇ ਸੱਦਿਆਂ ਨੂੰ ਅਤੇ 100 ਸਮਾਰਟ ਸਿਟੀ ਉਸਾਰਨ ਦੀ ਉਲੀਕੀ ਤੇ ਐਲਾਨੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੀ ਜਾ ਰਹੀ ਕਾਰਪੋਰੇਟੀ-ਸੇਵਾ ਦਾ ਸਿੱਟਾ ਹੈ। ਮੋਦੀ ਟੀਮ ਦਾ ਇਹ ਮੋਹਰੀ ਮੰਤਰੀ, ਜੇਤਲੀ ਪਿੱਛੇ ਕਿਵੇਂ ਰਹਿ ਸਕਦਾ ਹੈ?
       ਮਨਮੋਹਨ ਸਿੰਘ ਵਾਲੀ ਯੂ.ਪੀ.ਏ. ਸਰਕਾਰ ਵੱਲੋਂ ਪਹਿਲਾਂ ਹੀ, ਇਸ ਬਿਲ ਨੂੰ ਦੇਸੀ-ਬਦੇਸ਼ੀ ਕਾਰਪੋਰੇਟਾਂ ਤੇ ਵੱਡੇ ਭੌਂਇ ਸਰਦਾਰਾਂ ਦੇ ਲੁਟੇਰੇ ਤੇ ਧਾੜਵੀ ਮਕਸਦ ਪੂਰਨ ਲਈ ਇਸ ਉੱਤੇ ਜਨਤਕ ਹਿੱਤਾਂ ਤੇ ਜਨਤਕ ਉਦੇਸਾਂ ਦਾ ਮੁਲੰਮਾ ਚਾੜ ਕੇ ਮੁਲਕ ਦੇ ਸਾਮਰਾਜੀ ਜਾਗੀਰੂ ਜਕੜ-ਪੰਜ਼ੇ ਦੇ ਫਿੱਟ ਬਹਿੰਦਾ ਘੜਿਆ ਹੋਇਆ ਹੈ। ਉਸੇ ਵੇਲੇ ਤੋਂ ਹੀ ਇਸ ਬਿਲ ਵਿਚ ਸੋਧਾਂ ਸਬੰਧੀ ਸੁਝਾਅ ਮੰਗੇ ਜਾਣ ਦਾ ਪਰਪੰਚ ਵੀ ਰਚਿਆ ਹੋਇਆ ਹੈ। ਜਿਸ 'ਤੇ ਹੁਣ ਗੱਲ ਕਰਦਿਆਂ ਵਿੱਤ ਮੰਤਰੀ ਨੇ ਲੋਕ-ਰਜ਼ਾ ਦੀ ਕਦਰ ਕਰਨ ਦਾ ਹੀਜ਼-ਪਿਆਜ ਨੰਗਾ ਕਰ ਲਿਆ ਹੈ।
       ਜਿਹੋ ਜਿਹੀ ਕੋਕੋ, ਉਹੋ ਜਿਹੇ ਉਸਦੇ ਬੱਚੇ। ਲੁਟੇਰੇ ਤੇ ਜਾਬਰ ਆਰਥਿਕ ਰਾਜਨੀਤਿਕ ਨਿਜ਼ਾਮ ਦੇ ਕਾਨੂੰਨ ਵੀ ਲੁੱਟ ਤੇ ਦਾਬੇ ਨੂੰ ਕਾਇਮ ਰੱਖਣ ਯਾਨੀ ਇਸ ਨਿਜ਼ਾਮ ਨੂੰ ਕਾਇਮ ਰੱਖਣ ਵਾਲੇ ਤੇ ਅੱਗੇ ਵਧਾਉਣ ਵਾਲੇ ਹੀ ਹੁੰਦੇ ਹਨ। ਕੋਈ ਵੱਖਰੇਵਾਂ ਨਹੀਂ। ਕੋਈ ਟਕਰਾਅ ਨਹੀਂ। ਜਿਥੇ, ਪਲੇ-ਪਲੇ ਲੋਕਾਂ ਨੂੰ ਬੇਵੁੱਕਤੀ ਹੰਢਾਉਣੀ ਪੈ ਰਹੀ ਹੋਵੇ। ਜਿਥੇ, ਭੋਰਾ ਭਰ ਆਨੇ ਮੁੱਲ ਦੀ ਵੀ ਲੋਕਾਂ ਦੀ ਪੁੱਗਤ ਨਾ ਹੋਵੇ। ਜਿਥੇ,ਲੋਕਾਂ ਨੂੰ ਕੋਈ ਬੇਰਾਂ ਵੱਟੇ ਨਾ ਪਛਾਣਦਾ ਹੋਵੇ, ਬੱਸ ਇੱਕ ਵੋਟ-ਪਰਚੀ ਮੰਨ ਕੇ ਹਥਿਆਉਣ ਲਈ ਲੋਕਰਾਜ,ਆਜ਼ਾਦੀ ਤੇਜਮਹੂਰੀਅਤਵਰਗੇ ਛਲਾਵਿਆਂ ਨੂੰ ਸਿੰਗਾਰ-ਸਿੰਗਾਰ ਵਿਖਾਇਆ ਤੇ ਉਚਿਆਇਆ ਜਾਂਦਾ ਹੋਵੇ। ਜਿਥੇ, ਸੰਗਤ ਦਰਸ਼ਨਾਂ ਵਿਚ ਸੱਦ ਕੇ ਬੁਲਾਇਆਂ ਨੂੰ ਵੀ ਸਾਰਾ ਸਾਰਾ ਦਿਨ ਪੁਲਸ ਡੱਕ ਕੇ ਰੋਕੀ ਰੱਖਦੀ ਹੋਵੇ। ਜਿਥੇ, ਮੰਗ-ਪੱਤਰ ਦੇਣ ਆਇਆਂ 'ਤੇ ਵੀ ਕੇਸ ਪਾ ਦਿਤੇ ਜਾਂਦੇ ਹੋਣ। ਜਿਥੇ, ਇੱਕਤਰ ਹੋਣ ਤੇ ਰੋਸ ਪ੍ਰਗਟਾਉਣ ਦੇ ਬੁਨਿਆਦੀ ਹੱਕ, ਪੁਲਸ-ਫੌਜ਼, ਗੁੰਡਾ-ਗਰੋਹਾਂ ਤੇ ਨਿੱਜੀ ਸੈਨਾਵਾਂ ਦੇ ਜ਼ੋਰ ਖੋਹੇ ਜਾ ਰਹੇ ਹੋਣ। ਜਿਥੇ,ਖੁਦ-ਮੁਖਤਿਆਰੀ ਲਈ ਜੂਝ ਰਹੇ ਖਿੱਤਿਆ ਦੇ ਲੋਕਾਂ ਉੱਪਰ ਚੱਤੋ ਪਹਿਰ ਫੌਜ਼ ਬੰਬ ਵਰਾ ਰਹੀ ਹੋਵੇ। ਜਿਥੇ,ਉਦਾਰੀਕਰਨ, ਵਿਸ਼ਵੀਕਰਨ, ਨਿੱਜੀਕਰਨ ਦੀਆਂ ਸਾਮਰਾਜੀ ਨੀਤੀਆਂ ਦੇ ਵੱਜ ਰਹੇ ਡਾਕਿਆਂ ਤੋਂ ਜਲ, ਜੰਗਲ, ਜ਼ਮੀਨ ਤੇ ਰੁਜ਼ਗਾਰ ਬਚਾ ਰਹੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ ਉਤੇ ਡਾਂਗਾਂ, ਗੋਲੀਆਂ ਵਰ੍ਹਾਈਆਂ ਜਾ ਰਹੀਆਂ ਹੋਣ ਤੇ ਆਦਿਵਾਸੀਆਂ ਉਪਰ ਡਰੋਨ ਹਮਲੇ ਕੀਤੇ ਜਾ ਰਹੇ ਹੋਣ। ਜਿਥੇ, ਰੁਜ਼ਗਾਰ ਮੰਗ ਰਹੇ ਬੇਰੁਜ਼ਗਾਰਾਂ ਨੂੰ ਟੈਂਕੀਆਂ 'ਤੇ ਚੜਨ ਅਤੇ ਮਰਨ ਵਰਤ ਲਈ ਮਜਬੂਰ ਕਰਕੇ ਬੇਰੁਜ਼ਗਾਰੀ ਦੇ ਦੈਂਤ ਮੂੰਹ ਧੱਕਿਆ ਜਾ ਰਿਹਾ ਹੋਵੇ। ਉਥੇ, ਲੋਕਰਜ਼ਾ ਦੀ ਕਦਰ ਕਿੱਥੇ? ਲੋਕ ਰਜ਼ਾ ਦੀ ਕਦਰ ਇਹ ਬਿਲ ਕਿੰਨੀ ਕੁ ਕਰਦਾ ਹੈ,ਇਹ ਬਿਲ ਖੁਦ ਖੁਲਕੇ ਬੋਲਦਾ ਹੈ।ਆਓ ਸੁਣੀਏ:
       ਇਸ ਬਿਲ ਦੇ ਭਾਗ(ਤਿੰਨ) ਦੀ ਧਾਰਾ ਇੱਕ (ਏ) ਦੀ ਉਪ ਧਾਰਾ(ਇੱਕ) ਵਿਚ,ਜ਼ਮੀਨ ਤਾਂ ਹੀ ਹਾਸਲ ਕੀਤੀ ਜਾਵੇਗੀ ਜੇ ਪ੍ਰਭਾਵਿਤ ਹੋ ਰਹੇ ਕਿਸਾਨਾਂ ਵਿੱਚੋਂ 80 ਪ੍ਰਤੀਸ਼ਤ ਕਿਸਾਨ ਆਪਣੀ ਰਜ਼ਾਮੰਦੀ ਦਿੰਦੇ ਹਨ ਲਿਖਕੇ ਇਹ ਭਰਮ ਸਿਰਜਿਆ ਗਿਆ ਹੈ ਕਿ ਕਿਸਾਨਾਂ ਦੀ ਮਰਜ਼ੀ ਤੋਂ ਵਗੈਰ ਉਹਨਾਂ ਦੀ ਜ਼ਮੀਨ ਨਹੀyਂ ਲਈ ਜਾਵੇਗੀ। ਉਹਨਾਂ ਨੂੰ ਆਪਦੀ ਜ਼ਮੀਨ ਵੇਚਣ ਜਾਂ ਨਾ ਵੇਚਣ ਦੇ ਅਧਿਕਾਰ ਦੀ ਉਲੰਘਣਾ ਨਹੀਂ ਕੀਤੀ ਜਾਵੇਗੀ। ਜਮਹੂਰੀ ਪਹੁੰਚ ਅਖਤਿਆਰ ਕਰਨ ਦਾ ਦਾਅਵਾ ਕੀਤਾ ਗਿਆ ਹੈ।
      ਪਰ ਇਸ ਬਿਲ ਦੇ ਮਕਸਦ ਤੇ ਧੁੱਸ ਉਕਤ ਦਾਅਵੇ ਦੀ ਫੂਕ ਕੱਢ ਧਰਦੇ ਹਨ। ਇਸ ਬਿਲ ਦੇ ਭਾਗ (ਦੋ) ਵਿਚ ਇਸ ਦੇ ਕਾਰਜ ਖੇਤਰ ਬਾਰੇ ਲਿਖਿਆ ਹੋਇਆ ਹੈ ਕਿ ਜਦੋਂ ਖੁਦ ਸਰਕਾਰ ਆਪਣੀ ਵਰਤੋਂ, ਕਬਜ਼ੇ ਤੇ ਮਾਲਕੀ ਖਾਤਰ ਜ਼ਮੀਨ ਖਰੀਦਦੀ ਹੈ ਤਾਂ ਉਸ ਵੇਲੇ ਕਿਸਾਨਾਂ ਦੀ ਸਹਿਮਤੀ ਲੈਣ ਦੀ ਕੋਈ ਜਰੂਰਤ ਨਹੀਂ ਹੈ। ਅਤੇ ਜਦੋਂ ਨਿੱਜੀ ਕੰਪਨੀਆਂ 100 ਏਕੜ ਤੋਂ ਵੱਧ ਜ਼ਮੀਨ ਖਰੀਦਦੀਆਂ ਹਨ ਜਾਂ ਜਦੋਂ ਨਿੱਜੀ ਕੰਪਨੀਆਂ ਜ਼ਮੀਨ ਲੈਣ ਲਈ ਸਰਕਾਰ ਕੋਲ ਪਹੁੰਚ ਕਰਦੀਆਂ ਹਨ ਕਿ ਸਰਕਾਰ ਉਹਨਾਂ ਨੂੰ ਜ਼ਮੀਨ ਲੈਕੇ ਦੇਵੇ ਤੇ ਸਰਕਾਰ ਲੈਕੇ ਦਿੰਦੀ ਹੈ। ਤਾਂ ਵੀ ਪ੍ਰਭਾਵਿਤ ਕਿਸਾਨਾਂ ਦੀ ਰਜ਼ਾਮੰਦੀ ਵਾਲੀ ਧਾਰਾ ਲਾਗੂ ਨਹੀਂ ਹੁੰਦੀ।
      ਨਿੱਜੀ ਕੰਪਨੀਆਂ 100 ਏਕੜ ਤੋਂ ਘੱਟ ਕਿਤੇ ਖਰੀਦਦੀਆਂ ਹੀ ਨਹੀਂ ਹਨ, ਪੌਸਕੋ ਨੇ ਉੜੀਸਾ ਵਿੱਚ 4125 ਏਕੜ ਤੇ ਕਰਨਾਟਕਾ ਵਿੱਚ 3382 ਏਕੜ, ਟਾਟਾ ਨੇ ਗੁਜਰਾਤ ਵਿੱਚ 11000 ਏਕੜ, ਆਡਾਨੀ ਨੇ ਗੁਜਰਾਤ ਵਿੱਚ 33000 ਏਕੜ ਸਰਕਾਰਾਂ ਤੇ ਅਫਸਰਸ਼ਾਹੀ ਨਾਲ ਸਾਜਬਾਜ ਕਰਕੇ ਕੌਡੀਆਂ ਦੇ ਭਾਅ ਹਥਿਆਈ ਹੈ।
      ਹਾਂ, ਜਿਥੇ ਕਿਤੇ ਨਿੱਜੀ ਕੰਪਨੀ ਨੇ 100 ਏਕੜ ਤੋਂ ਘੱਟ ਜ਼ਮੀਨ ਹਾਸਲ ਕੀਤੀ ਹੈ,ਉਥੇ ਵੀ ਇਹ 80% ਕਿਸਾਨਾਂ ਦੀ ਸਹਿਮਤੀ ਲੈਣ ਵਾਲੀ ਧਾਰਾ ਦੀ ਲੋੜ  ਨਹੀਂ ਪੈਂਦੀ। ਕਿਉਂਕਿ, ਸਰਕਾਰ ਨੇ ਜਨਤਕ ਉਦੇਸ਼ਾਂ ਵਾਸਤੇ ਨਿੱਜੀ ਕੰਪਨੀਆਂ ਦੀ ਵਰਤੋਂ ਲਈ ਅੰਤਮ ਤੌਰ'ਤੇ ਉਹਨਾਂ ਨੂੰ ਸੌਂਪਣ ਖਾਤਰ ਜ਼ਮੀਨ ਹਾਸਲ ਕੀਤੀ ਹੈ। ਜਾਂ ਸਰਕਾਰ ਨੇ ਜਨਤਕ ਉਦੇਸ਼ਾਂ ਵਾਸਤੇ ਨਿੱਜੀ ਕੰਪਨੀਆਂ ਦੀ ਤੁਰਤ-ਪੈਰੀ ਅਤੇ ਐਲਾਨੀਆਂ ਵਰਤੋਂ ਲਈ ਜ਼ਮੀਨ ਹਾਸਲ ਕੀਤੀ ਹੈ।
        ਜੇ ਕਿਸੇ ਥਾਂ ਹਾਕਮਾਂ ਨੂੰ ਕਿਸਾਨਾਂ ਦੀ ਸਹਿਮਤੀ ਲੈਣ ਦਾ ਡਰਾਮਾ ਕਰਨ ਦੀ ਮਜਬੂਰੀ ਬਣ ਜਾਵੇ ਤਾਂ ਵੀ ਇਹ ਬਿਲ,ਕਿਸਾਨਾਂ ਦੀ ਰਜ਼ਾ ਰੋਲਣ ਵਾਲਾ ਰੋਲ-ਘਚੋਲੇ ਵਾਲਾ ਹੀ ਹੈ। ਇਹ ਬਿਲ,ਪ੍ਰਭਾਵਿਤ ਕਿਸਾਨਾਂ ਨੂੰ ਇੱਕਤਰਤਾ ਵਿਚ ਸੱਦਣ ਦਾ ਵਿਖਾਵਾ ਕਰਦਾ ਹੈ ਪਰ ਨਾਲ ਹੀ ਪਿੰਡ ਦੀ ਪੰਚਾਇਤ ਨੂੰ ਵੀ ਸੱਦ ਲੈਂਦਾ ਹੈ ਕਿਉਂਕਿ ਪੰਚਾਇਤਾਂ ਹਕੂਮਤੀ ਗਲਬੇ ਤੋਂ ਉਲਟ ਨਹੀਂ ਜਾਂਦੀਆਂ। ਇਹ ਬਿਲ, ਇੱਕਠ ਦਾ ਕੋਈ ਕੋਰਮ ਨਹੀਂ ਮਿੱਥਦਾ। ਇੱਕਠ ਦੀ ਰਾਇ ਦਰਜ਼ ਕਰਨ ਦਾ ਕੋਈ ਪ੍ਰਬੰਧ ਨਹੀਂ ਕਰਦਾ। ਪ੍ਰਭਾਵਿਤਾਂ ਦੀ ਰਾਇ ਜਨਤਕ ਸੁਣਵਾਈ ਦੌਰਾਨ ਇੱਕਤਰ ਕੀਤੀ ਜਾਵੇਗੀ ਕਿ ਬਾਅਦ ਵਿੱਚ, ਕੁਝ ਵੀ ਸਪੱਸ਼ਟ ਨਹੀਂ ਦੱਸਦਾ। ਇੱਕਠ ਦੀ ਰਾਇ ਦਾ ਅੰਤਮ ਨਤੀਜਾ ਕੱਢਣ ਤੇ ਦੱਸਣ ਦਾ ਕੋਈ ਨਿਸ਼ਚਿਤ ਅਧਿਕਾਰੀ ਨਹੀਂ ਹੈ। ਸੋ ਇਹ ਬਿਲ, ਸਿਰਫ ਅਸਪੱਸ਼ਟਤਾ ਵਾਲਾ ਹੀ ਨਹੀਂ, ਸਗੋਂ ਲੋਕਰਜ਼ਾ ਨੂੰ ਸਰਕਾਰ ਤੇ ਉਸਦੀ ਰਖੇਲ ਵੱਡੀ ਅਫਸਰਸ਼ਾਹੀ ਦੀ ਮਰਜ਼ੀ ਦਾ ਮੁਥਾਜ਼ ਬਣਾਕੇ ਉਸਦੀ ਮੁੱਠੀ ਵਿੱਚ ਦੇ ਦਿੰਦਾ ਹੈ।
       ਇਸ ਬਿਲ ਨੇ ਹਾਕਮਾਂ ਨੂੰ ਦੋ ਹੋਰ ਕਿਸਾਨ ਰਜ਼ਾ ਮਾਰੂ ਤੀਰ ਦਿੱਤੇ ਹੋਏ ਹਨ। ਇੱਕ, ਕਿਸੇ ਹਾਸਲ ਕੀਤੀ ਜਾਣ ਵਾਲੀ ਜ਼ਮੀਨ ਨੂੰ ਭਾਰਤ ਦੀ ਰਾਖੀ ਜਾਂ ਕੌਮੀ ਸੁਰੱਖਿਆ ਜਾਂ ਕੁਦਰਤੀ ਆਫਤਾਂ ਕਰਕੇ ਖੜ੍ਹੀਆਂ ਹੋਈਆਂ ਸੰਕਟਕਾਲੀ ਲੋੜਾਂ ਲਈ ਅਤਿ ਜਰੂਰੀ ਦਾ ਤੀਰ ਚਲਾਕੇ ਪ੍ਰਭਾਵਿਤ ਕਿਸਾਨਾਂ ਦੀ ਰਜ਼ਾਮੰਦੀ ਵਾਲੀ ਧਾਰਾ ਖਾਰਜ ਕਰ ਦਿੰਦਾ ਹੈ। ਤੇ ਦੂਜਾ,ਇਸ ਬਿਲ ਦੇ ਭਾਗ (ਤਿੰਨ ) ਦੀ ਧਾਰਾ 54 ਦੀ ਉਪ ਧਾਰਾ (1) ਤਿੰਨ ਸਾਲਾਂ ਲਈ ਅਸਥਾਈ ਤੌਰ 'ਤੇ ਕਬਜ਼ਾ ਕਰੀ ਰੱਖਣ ਦੀ ਖੁੱਲ ਦਿੰਦੀ ਹੈ। ਤਿੰਨ ਸਾਲਾਂ ਬਾਅਦ ਹੋ ਸਕਦਾ ਜ਼ਮੀਨ ਵਾਹੁਣ ਯੋਗ ਹੀ ਨਾ ਰਹੇ ਜਾਂ ਤਿੰਨ ਸਾਲਾਂ ਬਾਅਦ ਉਸਦੇ ਵਾਹੁਣ ਵਾਲੇ ਹੀ ਉਥੇ ਨਾ ਰਹਿ ਸਕੇ ਹੋਣ।
      ਜਿਹੜੀਆਂ ਸਰਕਾਰਾਂ ਤੇ ਅਫਸਰ-ਸ਼ਾਹੀ ਡੰਡੇ ਦੇ ਜ਼ੋਰ ਕਿਸਾਨਾਂ ਦੀਆਂ ਜ਼ਮੀਨਾਂ ਖੋਹਕੇ ਥੈਲੀ-ਸ਼ਾਹ ਕਾਰਪੋਰੇਟ ਲਾਣੇ ਨੂੰ ਸੌਂਪਣ 'ਤੇ ਤੁਲੀਆਂ ਹੋਈਆਂ ਹੋਣ ਅਤੇ ਆਪਦੀ ਜ਼ਮੀਨ ਤੇ ਰੋਟੀ-ਰੋਜ਼ੀ ਦੀ ਰਾਖੀ ਲਈ ਸੰਘਰਸ਼ ਕਰਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ 'ਤੇ ਗੋਲੀਆਂ ਦੀ ਵਾਛੜ ਕਰਨ ਤੋਂ ਜ਼ਰਾ ਜਿੰਨੀ ਵੀ ਚੀਸ ਨਾ ਵੱਟਦੀਆਂ ਹੋਣ, ਭਲਾਂ ਉਹਨਾਂ ਤੋਂ ਉਜਾੜੇ ਦਾ ਸ਼ਿਕਾਰ ਹੋ ਰਹੀ ਲੋਕਾਈ ਦੇ ਦੁੱਖੜੇ ਸੁਣਨ ਅਤੇ ਉਹਨਾਂ ਦੀਆਂ ਰਾਵਾਂ ਲੈਣ ਦੇ ਅਮਲ ਵਿੱਚ ਪਾਰਦਰਸ਼ਤਾ ਕਾਇਮ ਰੱਖਣ ਅਤੇ ਲੋਕਾਂ ਦੀ ਦੁਖੀ ਆਵਾਜ਼ (ਰਾਇ) ਨੂੰ ਵਜ਼ਨ ਦੇਣ ਦੀ ਦਿਆਨਤਦਾਰੀ ਦਿਖਾਉਣ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ? ਜ਼ਮੀਨ ਖੁੱਸਣ ਨਾਲ ਪ੍ਰਭਾਵਿਤ ਹੋਣ ਵਾਲੀ ਜਨਤਾ ਦੇ ਹੱਕੀ ਸੰਘਰਸ਼ ਉਹਨਾ ਦੀ ਸਮੂਹਿਕ ਰਾਇ ਦੇ ਸਭ ਤੋਂ ਵੱਧ ਤਿੱਖੇ ਅਤੇ ਸਪਸ਼ਟ ਇਜ਼ਹਾਰ ਤੇ ਤਰਜ਼ਮਾਨ ਬਣਦੇ ਹਨ। ਇੱਕ ਹੱਥ, ਸਮੂਹਕ ਰਜ਼ਾ ਦੇ ਤਰਜ਼ਮਾਨ ਜਨਤਕ ਸੰਘਰਸ਼ਾਂ ਨੂੰ ਜਬਰ ਦੇ ਜ਼ੋਰ ਕੁਚਲਣ ਦੇ ਰਾਹ ਚੱਲਣਾ ਅਤੇ ਦੂਜੇ ਹੱਥ, ਜਨਤਕ ਸੁਣਵਾਈ ਅਤੇ ਰਜ਼ਾ ਦੀ ਕਦਰ ਕਰਨ ਦਾ ਢੌਂਗ ਰਚਣਾ, ਇਹ ਭਾਰਤੀ ਹਾਕਮਾਂ ਦੇ ਜ਼ਾਬਰ ਆਪਾ-ਸ਼ਾਹ ਰਾਜ ਅਤੇ ਨਕਲੀ ਜਮਹੂਰੀਅਤ ਦੇ ਸਿਰ-ਨਰੜ ਦਾ ਮੂੰਹ-ਜੋਰ ਲੱਛਣ ਹੈ।
              ਇਸ ਡਰਾਫਟ ਬਿਲ ਦੀ ਨੀਂਹ ਹੀ ਕਿਸਾਨ ਹਿੱਤਾਂ ਅਤੇ ਰਜ਼ਾ ਦੀਆਂ ਲਾਸ਼ਾਂ ਉੱਤੇ ਟਿਕੀ ਹੋਈ ਹੈ।ਇਸ ਅੰਦਰ ਜ਼ਮੀਨ ਹਾਸਲ ਕਰਨ ਵੇਲੇ ਕਿਸਾਨਾਂ ਦੀ ਸੁਣਵਾਈ ਅਤੇ ਰਜ਼ਾ ਨੂੰ ਵਜ਼ਨ ਦੇਣ ਲਈ ਦਰਜ ਕੀਤੀਆਂ ਗਈਆਂ ਧਾਰਾਵਾਂ ਦਾ ਕਿਸਾਨਾਂ ਅਤੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਮਕਾਰ ਖੇਡ ਤੋਂ ਸਿਵਾ ਹੋਰ ਕੋਈ ਮਤਲਬ ਨਹੀਂ ਹੈ। ਪਰ ਜੇਕਰ ਫਿਰ ਵੀ ਪ੍ਰਭਾਵਿਤ ਕਿਸਾਨਾਂ ਵੱਲੋਂ ਜ਼ਮੀਨਾਂ ਤੋਂ ਆਪਦੇ ਉਜਾੜੇ ਦਾ ਵਿਰੋਧ ਕਰਦਿਆਂ ਸੰਘਰਸ਼ ਦਾ ਰਾਹ ਫੜਿਆ ਜਾਂਦਾ ਹੈ ਅਤੇ ਆਪਦੀ ਰਜ਼ਾ ਜਤਲਾਉਣ ਦਾ ਯਤਨ ਕੀਤਾ ਜਾਂਦਾ ਹੈ ਤਾਂ ਜਿਥੇ ਪਹਿਲਾਂ ਕਾਲੇ ਕਾਨੂੰਨਾਂ ਦੀ ਕੋਈ ਤੋਟ ਨਹੀਂ, ਉਥੇ ਇਹ ਬਿਲ ਦੇ ਭਾਗ ( ਦਸ ) ਦੀ ਧਾਰਾ 59 ਤੇ60 ਇੱਕ ਮਹੀਨੇ ਦੀ ਕੈਦ ਤੇ 500 ਰੁਪਏ ਜੁਰਮਾਨੇ ਵਿਚ ਬੰਨ ਧਰਦੀ ਹੈ।ਇਸ ਤੋਂ ਅੱਗੇ ਨਾਬਰੀ ਭੰਨਣ ਲਈ ਪੁਲਸ-ਫੌਜ਼ ਹੈ।
              ਇਹ ਡਰਾਫਟ ਬਿਲ,ਅਸਲ ਵਿਚ ਕਾਰਪੋਰੇਟ ਟੋਲੇ ਦੀ ਜ਼ਮੀਨ ਹਥਿਆਊ ਧਾੜਵੀ ਮੁਹਿੰਮ ਦਾ ਹੀ ਇਕ ਕਾਨੂੰਨੀ ਰੂਪ ਹੈ।ਇਸ ਬਿਲ ਖਿਲਾਫ ਸੰਘਰਸ਼ ਜ਼ਮੀਨ ਹਥਿਆਊ ਮੁਹਿੰਮ ਖਿਲਾਫ ਸੰਘਰਸ਼ ਦਾ ਜੁੜਵਾਂ ਤੇ ਅਨਿੱਖੜਵਾਂ ਅੰਗ ਬਣ ਜਾਣ ਕਰਕੇ ਜਲ,ਜੰਗਲ,ਜ਼ਮੀਨ ਤੇ ਹੋਰ ਕੁਦਰਤੀ ਸੋਮਿਆਂ ਦੀ ਰਾਖੀ ਲਈ ਚਲਦੇ ਹਰ ਸੰਘਰਸ਼ ਦੌਰਾਨ ਇਸ ਬਿਲ ਦੀ ਕਿਸਾਨ ਤੇ ਲੋਕ ਦੋਖੀ ਖਸਲਤ ਉਭਾਰਦਿਆਂ ਇਸ ਨੂੰ ਰੱਦ ਕਰਨ ਦੀ ਮੰਗ ਕਰਨੀ ਚਾਹੀਦੀ ਹੈ। ਸਿਰਫ ਇਹੀ ਨਹੀਂ, ਜ਼ਮੀਨ ਪ੍ਰਾਪਤੀ ਕਾਨੂੰਨ-1894ਅਤੇ ਉਸ ਤੋਂ ਬਾਅਦ ਦੇ 18 ਹੋਰ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਵੀ ਕਰਨੀ ਚਾਹੀਦੀ ਹੈ। ਇਸਦੇ ਨਾਲ ਹੀ, ਮੁਲਕ ਵਿੱਚ ਜ਼ਮੀਨੀ ਸੁਧਾਰ ਕਰਨ ਅਤੇ ਜ਼ਮੀਨ ਦੀ ਕਾਣੀ ਵੰਡ ਖਤਮ ਕਰਕੇ ਜ਼ਮੀਨ ਨੂੰ ਬੇਜ਼ਮੀਨੇ ਤੇ ਥੁੜ ਜ਼ਮੀਨੇ ਕਿਸਾਨਾਂ ਵਿਚ ਵੰਡਣ ਦੀ ਮੰਗ ਦੁਆਲੇ ਸੰਘਰਸ਼  ਅੱਗੇ ਵਧਾਉਣਾ ਚਾਹੀਦਾ ਹੈ। (13.11.2014)
             (ਇਸ ਬਿਲ ਵਿਸਥਾਰੀ ਟਿੱਪਣੀ ਪੜਣ ਲਈ ਮੁਕਤੀ ਮਾਰਗ ਪ੍ਰਕਾਸ਼ਨਾ ਦਾ ਪਰਚਾ ਪੜ੍ਹੋ।)
ਜਗਮੇਲ ਸਿੰਘ, ਜਨਰਲ ਸਕੱਤਰ, ਲੋਕ ਮੋਰਚਾ   ਪੰਜਾਬ

ਸੰਪਰਕ: 9417224822

Tuesday, November 11, 2014

ਘੁੱਦਾ ਪਿੰਡ ਦੀ ਸੱਥ ਵਿਚ, ਰੋਸ ਪ੍ਰਦਰਸ਼ਨ ਲਈ ਇੱਕਤਰ ਹੋਏ ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਉੱਪਰ ਪੁਲਸ ਨੇ ਢਾਹਿਆ ਬੇਕਿਰਕ ਕਹਿਰ

  ਇਹ ਤਾਂ ਨੰਗੀ ਚਿੱਟੀ ਤਾਨਾਸ਼ਾਹੀ ਹੈ।

Police Attacking the protesters at Ghudda village

Protesters burning effigy of Punjab Govt after lathi-charge by police

People protesting against police lathi-charge

              ਘੁੱਦਾ ਪਿੰਡ ਦੀ ਸੱਥ ਵਿਚ, ਰੋਸ ਪ੍ਰਦਰਸ਼ਨ ਲਈ ਇੱਕਤਰ ਹੋਏ ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਉੱਪਰ ਢਾਹੇ ਅੰਨੇ ਕਹਿਰ ਨੇ, ਮੁਲਕ ਦੇ ਜਾਬਰ ਚੇਹਰੇ 'ਤੇ ਚਾੜ੍ਹੇ ਅਖੌਤੀ ਜਮਹੂਰੀਅਤ ਦੇ ਮੁਖੌਟੇ ਨੂੰ ਪਰ੍ਹੇ ਵਗਾਹ ਮਾਰਦਿਆਂ ਨੰਗੀ ਚਿੱਟੀ ਤਾਨਾਸ਼ਾਹੀ ਨੂੰ ਜੱਗ ਜ਼ਾਹਰ ਕਰ ਦਿਤਾ ਹੈ। ਆਉਂਦਿਆਂ ਹੀ ਬਿਨਾਂ ਕੋਈ ਗੱਲ ਸੁਣਿਆ ਤੇ ਬਿਨਾਂ ਕੋਈ ਅਗਾਂਊ ਚਿਤਾਵਨੀ ਦਿੱਤਿਆ, ਡਾਂਗ ਵਰ੍ਹਾ ਦਿੱਤੀ। ਪੀੜਤ ਪ੍ਰੀਵਾਰ (ਕਿਸਾਨ ਆਪ,ਪਤਨੀ ਤੇ ਦੋਂਵੇ ਮੁੰਡੇ) ਸਮੇਤ ਦੋ ਦਰਜਨ ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਨੂੰ ਬੰਧਕ ਬਣਾ ਕੇ ਲੈ ਗਏ ਤੇ ਪੁਲਸ 'ਤੇ ਹਮਲਾ ਕਰਨ ਦੇ ਝੂਠੇ ਪਰਚੇ ਤਹਿਤ ਜੇਲੀਂ ਡੱਕ ਦਿਤਾ ਗਿਆ। ਮੁਲਾਕਾਤ ਉਂਪਰ ਵੀ ਰੋਕ ਲਾ ਦਿਤੀ ਗਈ।

            ਇਥੇ ਮਸਲਾ, ਮਾੜੀ ਸਪਰੇਅ ਨਾਲ ਸੜੇ ਨਰਮੇ ਦਾ ਮੁਆਵਜ਼ਾ ਲੈਣ ਦਾ ਹੈ। ਘੁੱਦਾ ਪਿੰਡ ਦੇ ਕਿਸਾਨ ਜਸਵਿੰਦਰ ਸਿੰਘ ਦਾ, ਬਠਿੰਡੇ ਦੇ ਇਕ ਡੀਲਰ ਤੋਂ ਖਰੀਦੀ ਸਪਰੇਅ ਨਾਲ ਪੰਜ ਏਕੜ ਨਰਮਾ ਸੜ ਕੇ ਸੁਆਹ ਹੋ ਗਿਆ। ਉਸ ਦੇ ਕਹਿਣ ਅਨੁਸਾਰ ਉਸ ਦਾ ਦੋ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਹ ਕਈ ਵਾਰ ਡੀਲਰ ਨੂੰ ਮਿਲਿਆ, ਉਸ ਨੇ ਕੋਈ ਲੜ ਨਾ ਫੜਾਇਆ। ਜਿਲਾ ਖੇਤੀਬਾੜੀ ਅਫਸਰ ਨੇ ਇਹ ਦੱਸ ਦਿਤਾ ਕਿ ਡੀਲਰ ਕੋਲ ਲਸੰਸ ਨਹੀਂ ਹੈ ਤੇ ਉਸ ਨੂੰ ਮੁਆਵਜ਼ਾ ਦੇਣਾ ਹੀ ਪਵੇਗਾ। ਪਰ ਡੀਲਰ ਖਿਲਾਫ ਕਾਰਵਾਈ ਇਸ ਨੇ ਵੀ ਨਾ ਕੀਤੀ। ਭਾਰਤੀ ਕਿਸਾਨ ਯੂਨੀਅਨ (ਉਗਰਾਂਹਾਂ) ਤੇ ਨੌਜਵਾਨ ਭਾਰਤ ਸਭਾ ਦੇ ਸਾਂਝੇ ਵਫਦ ਵੀ ਮਿਲੇ, ਮਸਲਾ ਹੱਲ ਨਾ ਹੋਇਆ। ਪੁਲਸ ਨੂੰ ਪਰਚਾ ਵੀ ਦਿਤਾ, ਉਲਟਾ ਪੁਲਸ ਕਿਸਾਨਾਂ ਨੂੰ ਹੀ ਘੂਰਨ ਤੇ ਘੇਰਨ ਲੱਗ ਪਈ। ਹੁਣ ਯੂਨੀਅਨ ਤੇ ਸਭਾ ਨੇ ਰੋਸ ਪ੍ਰਦਰਸ਼ਨ ਲਈ ਪਿੰਡ ਵਿੱਚ ਇੱਕਠ ਰੱਖਿਆ ਸੀ, ਜਿਥੇ ਪੁਲਸ ਨੇ ਆਕੇ ਆਹ ਕਹਿਰ ਢਾਹਿਆ ਹੈ।

           ਵੇਖਣ ਨੂੰ ਛੋਟਾ ਲੱਗਦਾ ਇਹ ਮਾਮਲਾ, (ਡੀਲਰ ਨੇ ਮੁਆਵਜ਼ਾ ਦੇਣਾ ਹੈ, ਡੀਲਰ ਦੇ ਕਹਿਣ ਮੁਤਾਬਕ ਕਿ ਉਸ ਕੋਲ ਹੋਰ ਕੋਈ ਸ਼ਿਕਾਇਤ ਨਹੀਂ ਸਿਰਫ ਇਹੀ ਹੈ,ਯਾਨਿ ਇਕ ਕਿਸਾਨ ਨੂੰ ਹੀ ਮੁਆਵਜ਼ਾ ਦੇਣਾ ਹੈ) ਧਾੜਵੀਆਂ ਵਾਂਗੂੰ ਹਮਲਾਵਰ ਬਣਕੇ ਆਈ ਪੁਲਸ ਵੱਲੋਂ ਢਾਹੇ ਕਹਿਰ ਨੇ, ਵੱਡਾ ਬਣਾ ਦਿਤਾ ਹੈ। ਇੱਕਤਰ ਹੋਣ ਅਤੇ ਰੋਸ ਪ੍ਰਗਟਾਉਣ ਦੇ ਬੁਨਿਆਦੀ ਹੱਕ ਨੂੰ ਬੁਲੰਦ ਕਰਨ ਦਾ ਮਾਮਲਾ ਬਣ ਗਿਆ ਹੈ। ਇਸ ਹੱਕ ਦੀ ਬੁਲੰਦੀ ਤੇ ਬਹਾਲੀ ਨਾਲ ਹੀ ਮੁਆਵਜ਼ੇ ਦਾ ਕੁਝ ਬਣਨਾ ਹੈ।

          ਪੁਲਸ ਵੱਲੋਂ ਪਿੰਡਾਂ ਵਿਚ ਜਾਕੇ ਲੋਕਾਂ 'ਤੇ ਲਾਠੀਚਾਰਜ ਕਰਨਾ ਤੇ ਗ੍ਰਿਫਤਾਰ ਕਰਨਾ ਨਵੀਂ ਗੱਲ ਨਹੀਂ ਹੈ ਪਰ ਇਥੇ ਇਸ ਘੋਲ ਦੇ ਸ਼ੁਰੂ ਵਿਚ ਹੀ ਪੁਲਸ ਦਾ ਇਉਂ ਚੜਾਈ ਕਰਕੇ ਆਉਣਾ ਤੇ ਅੰਨਾ ਕਹਿਰ ਢਾਹੁਣਾ, ਉਸ ਦੀ ਇੱਕਲੀ ਦੀ ਖੇਡ ਨਹੀਂ, ਅਕਾਲੀ-ਭਾਜਪਾ ਹਕੂਮਤ ਤੇ ਪ੍ਰਸ਼ਾਸ਼ਨ ਪੂਰੇ ਦਾ ਪੂਰਾ ਸ਼ਾਮਲ ਹੈ। ਇਹ, ਸਰਕਾਰ ਤੇ ਪ੍ਰਸ਼ਾਸ਼ਨ ਦੀ ਉਹ ਜਾਬਰ ਨੀਤੀ ਦਾ ਹਿੱਸਾ ਹੀ ਹੈ, ਜਿਹੜੀ, ਜਗੀਰਦਾਰਾਂ ਸਰਮਾਏਦਾਰਾਂ ਤੇ ਦੇਸੀ-ਬਦੇਸ਼ੀ ਕਾਰਪੋਰੇਟਾਂ ਦੇ ਹਿੱਤ ਪਾਲੂ ਸਾਮਰਾਜੀ ਨੀਤੀਆਂ ਮੜ੍ਹਣ ਵੇਲੇ ਉੱਠਦੇ ਲੋਕ ਸੰਘਰਸ਼ਾਂ ਨੂੰ ਕੁਚਲਣ ਲਈ ਪੁਲਸੀ ਬਲਾਂ ਨੂੰ ਖੁੱਲਾਂ ਦਿੰਦੀ ਹੈ; ਜਿਹੜੀ, ਰਾਜਧਾਨੀ ਤੋਂ ਲੈਕੇ ਜਿਲਾ ਸਦਰ ਮੁਕਾਮਾਂ, ਤਹਿਸੀਲਾਂ ਤੇ ਬਲਾਕਾਂ ਤੱਕ ਲੋਕਾਂ ਨੂੰ ਧਰਨੇ ਮਾਰਨ ਤੇ ਮੁਜ਼ਾਹਰੇ ਕਰਨ ਨੂੰ ਮੂਹਰੇ ਹੋ ਡੱਕਣ ਲਈ ਸਦਾ ਹੀ ਅੰਗਰੇਜਾਂ ਵਾਲੀ ਦਫਾ ਚੁਤਾਲੀ ਮੜੀ ਰੱਖਦੀ ਹੈ; ਜਿਹੜੀ, ਸੈਂਕੜੇ ਜਾਬਰ ਕਾਲੇ ਕਾਨੂੰਨਾਂ ਦੇ ਭੱਥੇ ਵਿਚੋਂ ਸਿਰਫ ਇੱਕ ਨਿੱਕੜੇ ਜਿਹੇ ਸੱਤ ਕਵੰਜਾ (107/151 Cr.P.C.) ਕਾਨੂੰਨ ਨੂੰ ਸਰਕਾਰੀ ਸਿਆਸਤ ਦੀ ਪੁੱਠ ਦੇ ਕੇ ਸੰਘਰਸ਼ਸ਼ੀਲ ਆਗੂਆਂ ਨੂੰ ਮਹੀਨਿਆਂ ਬੱਧੀ ਜੇਲਾਂ ਵਿੱਚ ਬੰਦ ਕਰੀ ਰੱਖਦੀ ਹੈ; ਜਿਹੜੀ, ਤੇਜ਼ ਹੋਏ ਲੋਕ ਸੰਘਰਸ਼ਾਂ ਦੀ ਪੂਰੀ ਤਰ੍ਹਾਂ ਸੰਘੀ ਨੱਪਣ ਲਈ ਹੁਣ ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਕਾਨੂੰਨ-2014 ਬਣਾਉਣ ਲਈ ਤਹੂ ਹੈ।

         ਪਾਰਲੀਮਾਨੀ ਚੋਣਾਂ ਵਿੱਚ ਹੋਈ ਨਮੋਸ਼ੀ ਤੋਂ ਬਾਅਦ ਬਾਦਲ ਹਕੂਮਤ ਨੇ ਬਠਿੰਡੇ ਨੂੰ ਪੂਰੀ ਤਰ੍ਹਾਂ ਪੁਲਸ ਦੇ ਹਵਾਲੇ ਕਰ ਦਿਤਾ ਹੈ। ਸਰਕਾਰੀ ਹਲਾ-ਸ਼ੇਰੀ ਨਾਲ ਭੂਸਰੀ ਪੁਲਸ ਸਾਂਵੀ ਹਿਟਲਰ ਬਣ ਕੇ ਚੱਲ ਰਹੀ ਹੈ। ਮੰਗ-ਪੱਤਰ ਦੇਣ ਆਇਆਂ 'ਤੇ ਵੀ ਕੇਸ ਮੜ੍ਹੇ ਜਾ ਰਹੇ ਹਨ। ਸੰਘਰਸ਼ਾਂ 'ਤੇ ਡਾਂਗ ਵਰ੍ਹਾਉਣ ਲਈ ਅਤੇ ਆਗੂਆਂ ਨੂੰ ਗ੍ਰਿਫਤਾਰ ਕਰਨ ਲਈ, ਸੰਘਰਸ਼ਾਂ 'ਤੇ ਤਸੱਦਦ ਢਾਹੁਣ ਵਿਚ ਬਦਨਾਮ ਏਸੇ ਡੀ.ਐੱਸ. ਪੀ.ਨੂੰ ਤਾਇਨਾਤ ਕੀਤਾ ਜਾਂਦਾ ਹੈ।

        ਡੀਲਰ ਨੂੰ ਸਰਕਾਰ ਜਾਂ ਪੁਲਸ ਨੇ ਕੀ ਬਚਾਉਣਾ ਹੈ, ਆਮੋਂ-ਆਮ ਹੋਈ ਰਿਸ਼ਵਤਖੋਰੀ ਦੇ ਦੈਂਤ ਦਾ ਕੀ ਇਤਵਾਰ, ਕਿ ਦੋ ਲੱਖ ਤੋਂ ਵੱਡਾ ਬੁਰਕ ਭਰ ਲਵੇ? ਪਰ ਇਥੇ ਇਹ ਗੱਲ ਸਾਫ ਹੈ ਕਿ ਸਰਕਾਰ ਤੇ ਅਫਸਰਸ਼ਾਹੀ ਕਿਸਾਨਾਂ, ਮਜ਼ਦੂਰਾਂ,ਨੌਜਵਾਨਾਂ ਤੇ ਔਰਤਾਂ ਦੀ ਰਾਖੀ ਦਾ ਜੁੰਮਾ ਛੱਡ ਚੁੱਕੀ ਹੈ। ਕੁੱਲ ਛੇ ਏਕੜ ਜ਼ਮੀਨ ਵਾਲੇ ਦੀ ਪੰਜ ਏਕੜ ਫਸਲ ਤਬਾਹ ਹੋ ਜਾਵੇ, ਸਰਕਾਰ, ਪ੍ਰਸ਼ਾਸ਼ਨ ਤੇ ਅਫਸਰ ਉਸ ਦੀ ਬਾਂਹ ਨਾ ਫੜਣ, ਉਸਨੂੰ ਇਨਸਾਫ ਨਾ ਦਿਵਾਉਣ ਅਤੇ ਉੱਪਰੋਂ ਸਰਕਾਰੀ ਨੀਤੀਆਂ ਦੀ ਪੈਦਾਇਸ਼ ਮਹਿੰਗਾਈ, ਬੇਰੁਜ਼ਗਾਰੀ, ਗਰੀਬੀ, ਕਰਜ਼ੇ ਆਦਿ ਦਾ ਦੈਂਤ ਮੂੰਹ ਅੱਡੀ ਖੜਾ ਹੋਵੇ, ਤਾਂ ਉਸ ਕੋਲ ਜਥੇਬੰਦੀ ਤੇ ਸੰਘਰਸ਼ ਦਾ ਆਸਰਾ ਤੇ ਸਹਾਰਾ ਹੀ ਹੈ। ਜਿਹੜਾ ਇਹ ਕਿਸਾਨ ਕਰ ਰਿਹਾ ਹੈ। ਸਹੀ ਕਰ ਰਿਹਾ ਹੈ। ਲੋਕ ਮੋਰਚਾ ਪੰਜਾਬ ਉਸਦੇ ਨਾਲ ਹੈ। ਸਰਕਾਰ ਤੇ ਅਫਸਰਸ਼ਾਹੀ ਤਾਂ ਆਮ ਸਾਧਾਰਨ ਲੋਕਾਂ ਨੂੰ ਵੋਟਾਂ ਤੋਂ ਵੱਧ ਕੁਝ ਸਮਝਦੀ ਹੀ ਨਹੀਂ। ਆਮ ਰੂਪ ਵਿੱਚ ਲੋਕਾਂ ਨੂੰ ਲੁੱਟ ਤੇ ਕੁੱਟ ਰਾਹੀਂ ਅਤੇ ਝੂਠੇ ਲੋਕ-ਰਾਜ ਦੇ ਢਕਵੰਜ ਰਾਹੀਂ ਹਮੇਸ਼ਾ ਜਕੜ ਕੇ ਰੱਖਦੀ ਹੈ। ਲੋਕਾਂ ਨੂੰ ਤਾਂ, ਲੋਕਾਂ ਦੇ ਸੰਘਰਸ਼ ਵਿੱਚ ਘਿਰੇ ਹੀ, ਦਿੰਦੇ ਹਨ।   
      
       ਅੱਜ ਮੰਗ ਚਾਹੇ ਆਰਥਿਕ ਹੈ ਤੇ ਭਾਵੇਂ ਜਮਹੂਰੀ ਹੈ, ਇਹਨਾਂ ਲਈ ਚਲਦੇ ਸੰਘਰਸ਼, ਸਰਕਾਰ ਵੱਲੋਂ ਅਖਤਿਆਰ ਕੀਤੀ ਸੰਘਰਸ਼ਾਂ ਨੂੰ ਕੁਚਲ ਦੇਣ ਅਤੇ ਮੁਕੰਮਲ ਜ਼ੁਬਾਨ-ਬੰਦੀ ਕਰਨ ਦੀ ਜਾਬਰ ਨੀਤੀ ਦੇ ਪ੍ਰਸੰਗ ਵਿੱਚ, ਖਰੀ ਜਮਹੂਰੀਅਤ ਉਸਾਰਨ ਵਿੱਚ ਹਿੱਸਾ-ਪਾਊ ਸੰਘਰਸ਼ ਹਨ। ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਵਾਲੀ ਖਰੀ ਜਮਹੂਰੀਅਤ ਉਸਾਰਨ ਦਾ ਕਾਰਜ ਭਾਵੇਂ ਵੱਡਾ ਹੈ ਪਰ ਇਸ ਦਾ ਰਾਹ ਇਹੀ ਹੈ। ਤੇ ਇਹਨਾਂ ਸੰਘਰਸ਼ਾਂ ਨੂੰ ਸਹੀ ਤੇ ਸੱਚੇ ਮਾਰਗ 'ਤੇ ਜਾਰੀ ਰੱਖਣਾ ਹੀ, ਮੰਗਾਂ ਮੰਨਵਾਉਣ ਦਾ ਤੇ ਜਮਹੂਰੀਅਤ ਉਸਾਰਨ ਵਿੱਚ ਹਿੱਸਾ ਪਾਉਣ ਦਾ ਸਵੱਲੜਾ ਰਾਹ ਹੈ। ਇਹਨਾਂ ਸੰਘਰਸ਼ਾਂ ਲਈ, ਵਿਸ਼ਾਲ ਲੋਕਾਈ ਦੀ ਇੱਕ-ਜੁੱਟਤਾ, ਦ੍ਰਿੜਤਾ, ਸਾਹਸ, ਤਹੱਮਲ ਤੇ ਇਨਕਲਾਬੀ ਸੋਝੀ ਦੀ ਜਰੂਰਤ ਹੈ। ਲੋਕ ਮੋਰਚਾ ਪੰਜਾਬ ਖਰੀ ਜਮਹੂਰੀਅਤ ਉਸਾਰਨ ਵਾਸਤੇ ਲੋਕਾਂ ਨੂੰ ਜਾਗਰਿਤ ਤੇ ਜਥੇਬੰਦ ਕਰਨ ਦੇ ਕਾਰਜ ਵਿਚ ਕਾਰਜਸ਼ੀਲ ਹੈ ਤੇ ਸਦਾ ਸੰਘਰਸ਼ਸ਼ੀਲ ਲੋਕਾਂ ਦੇ ਨਾਲ ਹੈ 
(07.11.2014)                                                      
       ਜਾਰੀ ਕਰਤਾ:
       ਜਗਮੇਲ ਸਿੰਘ, ਜਨਰਲ ਸਕੱਤਰ

       ਲੋਕ ਮੋਰਚਾ ਪੰਜਾਬ (ਸੰਪਰਕ:9417224822)

Saturday, October 4, 2014

ਹਨੇਰਾ ਨਿਗਲ ਰਿਹੈ ਰੌਸ਼ਨ-ਦਿਮਾਗ ਧੀਆਂ ਨੂੰ

ਹਨੇਰਾ ਨਿਗਲ ਰਿਹੈ ਰੌਸ਼ਨ-ਦਿਮਾਗ ਧੀਆਂ ਨੂੰ

-ਅਮੋਲਕ ਸਿੰਘ


ਪੀ.ਐਮ.ਟੀ. ਦੇ ਇਮਤਿਹਾਨ ਸਮੇਂ ਪੰਜਾਬ ਵਿੱਚੋਂ ਪੰਜਵਾਂ ਸਥਾਨ ਹਾਸਲ ਕਰਨ ਵਾਲੀ, ਪੰਜ ਮਹੀਨੇ ਤੱਕ ਮੈਡੀਕਲ ਖੇਤਰ ‘ਚ ਐਮ.ਡੀ. ਦੀ ਡਿਗਰੀ ਹਾਸਲ ਕਰਨ ਵਾਲੀ 27 ਵਰ੍ਹਿਆਂ ਦੀ ਸੁਪ੍ਰੀਆ, ਦਇਆ ਨੰਦ ਮੈਡੀਕਲ ਹਸਪਤਾਲ ਅਤੇ ਕਾਲਜ ਵਿੱਚ ਆਪਣੀ ਵਿਦਵਤਾ ਪੱਖੋਂ ਕਿਸੇ ਜਾਣਕਾਰੀ ਦੀ ਮੁਥਾਜ ਨਹੀਂ। ਅਜੇਹੀ ਲੜਕੀ ਕਾਲਜ ਦੇ ਹੀ ਹੋਸਟਲ ਦੇ ਕਮਰੇ ਵਿੱਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਗਈ। ਉਹ ਆਪ ਇਸ ਸੰਸਾਰ ਨੂੰ ਅਲਵਿਦਾ ਆਖ ਗਈ; ਪਿੱਛੇ ਛੱਡ ਗਈ ਹੱਥ ਲਿਖਤ। ਪੰਜਾਬੀ ਅਤੇ ਅੰਗਰੇਜ਼ੀ ਦੋਵੇਂ ਭਾਸ਼ਾਵਾਂ ਵਿੱਚ ਲਿਖੀ ਉਸ ਦੀ ਲਿਖਤ ਬੋਲਦੀ ਹੈ:
‘‘ਮੰਮੀ, ਪਾਪਾ, ਆਈ ਐਮ ਟਾਇਰਡ ਨਓ। ਮੈਂ ਕੱਲੇ ਲੜ ਲੜ ਕੇ ਥੱਕ ਗਈ ਹਾਂ। ਹੁਣ ਮੈਥੋਂ ਹੋਰ ਨਹੀਂ ਸਹ ਹੁੰਦਾ। ਮੇਰੀ ਬੱਸ ਹੋ ਗਈ ਹੈ। ਪਾਪਾ ਤੁਸੀਂ ਟੈਨਸ਼ਨ ਨਹੀਂ ਲੈਣੀ। ਤੁਹਾਡੇ ਕੋਲ ਨਨੂੰ ਹੈ। ਉਹਦੇ ਬਾਰੇ ਸੋਚਿਓ। ਮੇਰੇ ਬਾਰੇ ਸੋਚਕੇ ਆਪਣੀ ਸਿਹਤ ਰਾਬ ਨਾ ਕਰਨਾ। ਮੈਂ ਨਹੀਂ ਚਾਹੁੰਦੀ ਮੇਰੀ ਵਜ੍ਹਾ ਨਾਲ ਨਨੂੰ ਦੀ ਲਾਈਫ਼ ਰਾਬ ਹੋਵੇ।‘‘

ਇਹ ਕੁੱਝ ਸਾਡੇ ਸਮਿਆਂ ਵਿੱਚ ਹੀ ਹੋਣਾ ਸੀ ਕਿ ਮੈਡੀਕਲ ਸਿੱਖਿਆ ਦੇ ਖੇਤਰ ‘ਚ ਉਭਰਦੀ ਇੱਕ ਧੀ ਨੇ ਮੌਤ ਨੂੰ ਗਲੇ ਲਗਾਉਂਦੇ ਹੋਏ, ਜ਼ਿੰਦਗੀ ਦਾ ਅੰਤ ਕਰਦੇ ਹੋਏ ਅਜੇਹਾ ਨੋਟ ਲਿਖਣਾ ਸੀ। ਜ਼ਿੰਦਗੀ ਅਤੇ ਮੌਤ ਬਾਰੇ ਪ੍ਰੀਭਾਸ਼ਾ ਹੀ ਬਦਲ ਜਾਣ ਵਾਲੀ ਚਿੰਤਾਜਨਕ ਮਨੋਦਸ਼ਾ ਤੱਕ ਪਹੁੰਚ ਰਹੀ ਜੁਆਨੀ ਨੂੰ ਇਸ ਮੁਕਾਮ ‘ਤੇ ਪਹੁੰਚਾਉਣ ਵਾਲੀ ਹਵਾ ਜੇ ਏਦਾਂ ਹੀ ਰਹੀ ਤਾਂ ਹੋਰ ਅਨੇਕਾਂ ਘਰਾਂ ਦੇ ਚਿਰਾਗ਼ ਵੀ ਇਉਂ ਹੀ ਬੁਝਦੇ ਰਹਿਣਗੇ।

ਸੁਪ੍ਰੀਆ ਦੇ ਪਿਤਾ, ਜਲੰਧਰ ਜ਼ਿਲੇ ਦੇ ਸਿਹਤ ਅਫ਼ਸਰ ਹਨ। ਉਹਨਾਂ ਦੇ ਨੈਣਾ ਦਾ ਨੀਰ ਸੁੱਕ ਅਤੇ ਮੁੱਕ ਚੁੱਕਾ ਹੈ। ਮਾਂ ਪ੍ਰੋ. ਰਜਿੰਦਰ ਕੌਰ, ਧਰਤੀ ਨਾਲ ਲੱਗ ਗਈ। ਐਮ.ਬੀ.ਬੀ.ਐਸ. ਕਰਦਾ ਭਰਾ ਨਨੂੰ ਗਹਿਰੀਆਂ ਸੋਚਾਂ ‘ਚ ਡੁੱਬ ਗਿਆ ਹੈ। ਉਸਦਾ ਕਹਿਣਾ ਹੈ ਕਿ,‘‘ਸਾਨੂੰ ਸਰੀਰਕ ਬਿਮਾਰੀਆਂ ਦੇ ਕਾਰਨਾਂ ਅਤੇ ਇਲਾਜ ਬਾਰੇ ਤਾਂ ਗਿਆਨ ਹਾਸਲ ਕਰਨ ਦਾ ਮੌਕਾ ਮਿਲ ਰਿਹੈ ਪਰ ਸਮਾਜ ਨੂੰ ਚਿੰਬੜੀਆਂ ਇਹਨਾਂ ਮਰਜ਼ਾਂ ਦਾ ਇਲਾਜ ਕਿਵੇਂ ਹੋਏਗਾ ਇਸਦੀ ਡੂੰਘੀ ਖੋਜ਼ ਕੌਣ ਕਰੇਗਾ?
ਸੁਪ੍ਰੀਆ ਦੇ ਮਾਪਿਆਂ ਦੀ ਦਰਦ-ਪਰੁੰਨੀ ਕਹਾਣੀ ਸੁਣਕੇ ਕਾਲਜੇ ਦਾ ਰੁੱਗ ਭਰਿਆ ਜਾਂਦਾ ਹੈ। ਉਹਨਾਂ ਨੂੰ ਸੁਪ੍ਰੀਆ ਲਗਾਤਾਰ ਦੱਸਦੀ ਰਹੀ ਕਿ ਡਾ. ਦੀਪਕ ਭੱਟ ਅਤੇ ਡਾ. ਪੁਨੀਤ ਲਗਾਤਾਰ ਤੰਗ-ਪ੍ਰੇਸ਼ਾਨ ਕਰਦੇ ਹਨ। ਉਸਦੇ ਪਿਤਾ ਡਾ. ਬਲਵਿੰਦਰ ਸਿੰਘ ਉਹਨਾਂ ਕੋਲ ਜਾ ਕੇ ਰੋਸ ਵੀ ਪ੍ਰਗਟ ਕਰਕੇ ਆਏ।


ਹਸਪਤਾਲ ‘ਚ ਇਹ ਵੀ ਚਰਚਾ ਹੈ ਕਿ ਘਟਨਾ ਵਾਲੇ ਦਿਨ ਵਾਰਡ ਵਿੱਚ ਉਸਨੂੰ ਜ਼ਲੀਲ ਕੀਤਾ ਗਿਆ। ਉਹ ਰੋਂਦੀ ਗਈ। ਜਿਉਂ ਹੀ ਮਾਪਿਆਂ ਨੂੰ ਪਤਾ ਲੱਗਾ ਕਿ ਉਹ ਮਿਲ ਨਹੀਂ ਰਹੀ, ਤਾਂ ਉਹ ਉਸੇ ਵਕਤ ਜਲੰਧਰ ਤੋਂ ਲੁਧਿਆਣੇ ਲਈ ਰਵਾਨਾ ਹੋ ਗਏ। ਉਹਨਾਂ ਦੇ ਜਾਣ ਤੋਂ ਪਹਿਲਾਂ ਹੀ ਸੁਪ੍ਰੀਆ ਦੇ ਕਮਰੇ ਦਾ ਦਰਵਾਜਾ ਤੋੜ ਦਿੱਤਾ ਗਿਆ। ਉਸ ਵੱਲੋਂ ਲਿਖਿਆ ਜਿਹੜਾ ਖੁਦਕੁਸ਼ੀ ਨੋਟ ਦਿਖਾਇਆ ਗਿਆ ਉਸਦੀ ਫੋਟੋਸਟੇਟ ਕਾਪੀ ਹੀ ਮਾਪਿਆਂ ਨੂੰ ਦਿੱਤੀ ਗਈ। ਉਹ ਸਫ਼ਾ ਗਹੁ ਨਾਲ ਪੜਤਾਲਿਆਂ ਪਤਾ ਲੱਗਦਾ ਹੈ ਕਿ ਉਹ ਡਾਇਰੀ ਦਾ ਸਫ਼ਾ ਹੈ। ਉਹ ਡਾਇਰੀ ਕਿੱਥੇ ਹੈ? ਫੋਟੋਸਟੇਟ ਦਾ ਸਫ਼ਾ ਹੀ ਕਿਉਂ ਦਿੱਤਾ ਗਿਆ। ਉਸ ਡਾਇਰੀ ਨੂੰ ਗੁੰਮ ਕਿਉਂ ਕੀਤਾ ਗਿਆ? ਕੀ ਪਤੈ ਉਸਨੇ ਕਿਸੇ ਹੋਰ ਸਫ਼ੇ ‘ਤੇ ਕੁੱਝ ਹੋਰ ਵੀ ਲਿਖਿਆ ਹੋਵੇ। ਇੱਕ ਤਿੱਖਾ ਸੁਆਲ ਇਹ ਉਠਦਾ ਹੈ ਕਿ ਜਦੋਂ ਸੁਪ੍ਰੀਆ ਦੇ ਮਾਪੇ ਲਿਖਤੀ ਤੌਰ ‘ਤੇ ਪੁਲਸ ਕੋਲ ਐਫ.ਆਈ.ਆਰ. ਦਰਜ ਕਰਾਉਣ ਸਮੇਂ ਲਿਖਕੇ ਦੇ ਕੇ ਆਏ ਹਨ ਕਿ ਡਾ. ਦੀਪਕ ਭੱਟ ਅਤੇ ਡਾ. ਪੁਨੀਤ ਉਸਦੀ ਮੌਤ ਦੇ ਜ਼ਿੰਮੇਵਾਰ ਹਨ ਫ਼ਿਰ ਉਹਨਾਂ ‘ਤੇ ਯੋਗ ਧਾਰਾਵਾਂ ਲਗਾਕੇ ਗ੍ਰਿਫ਼ਤਾਰੀ ਕਿਉਂ ਨਹੀਂ? ਪੁਲਸ ਕਮਿਸ਼ਨਰ ਦਾ ਪ੍ਰੈਸ ਅੱਗੇ ਇਹ ਕਹਿਣਾ ਕਿ ਪੜਤਾਲ ‘ਚ ਜੇ ਉਹ ਦੋਸ਼ੀ ਪਾਏ ਗਏ ਤਾਂ ਕਾਰਵਾਈ ਕੀਤੀ ਜਾਏਗੀ। ਜਦੋਂ ਸੁਪ੍ਰੀਆ, ਮਾਪਿਆਂ ਨੂੰ ਉਹਨਾਂ ਵੱਲੋਂ ਤੰਗ ਪ੍ਰੇਸ਼ਾਨ ਕਰਨ ਬਾਰੇ ਅਗਾਉਂ ਸੂਚਿਤ ਕਰਦੀ ਰਹੀ ਅਤੇ ਮਾਪੇ ਲਿਖਤੀ ਤੌਰ ‘ਤੇ ਦੋਸ਼ੀਆਂ ‘ਤੇ ਉਗਲ ਧਰ ਰਹੇ ਹਨ। ਕੀ ਮਾਪਿਆਂ ਦੇ ਹਲਫ਼ੀਆ ਬਿਆਨ ਦੀ ਕਾਨੂੰਨ ਦੀਆਂ ਨਜ਼ਰਾਂ ‘ਚ ਕੋਈ ਕੀਮਤ ਨਹੀਂ? 

ਪੜਤਾਲੀਆਂ ਕਮੇਟੀਆਂ ਚੋਰ ਮੋਰੀਆਂ ਰਾਹੀਂ ਦੋਸ਼ੀਆਂ ਨੂੰ ਬਰੀ ਕਰਨ ਦਾ ਹੀ ਸਾਧਨ ਬਣਦੀਆਂ ਹਨ। ਪੰਜਾਬ ਅੰਦਰ ਲੋਕ-ਹੱਕਾਂ ਲਈ ਜੂਝਣ ਵਾਲਿਆਂ ਉਪਰ ਪਿਛਲੇ 4-5 ਸਾਲ ਪੁਰਾਣੇ ਕੇਸ ਵੀ ਮੜ੍ਹੇ ਜਾ ਰਹੇ ਹਨ। ਉਹਨਾਂ ਨੂੰ ਝੂਠੇ ਕੇਸਾਂ ‘ਚ ਫਸਾਇਆ ਜਾ ਰਿਹਾ ਹੈ। ਪਰ ਜਦੋਂ ਸੁਪ੍ਰੀਆ ਵਰਗੀਆਂ ਕੁੜੀਆਂ ਦਾ ਮਾਮਲਾ ਹੋਵੇ ਉਸ ਵੇਲੇ ਕਾਨੂੰਨ ਹੋਰ ਦਾ ਹੋਰ ਹੋ ਜਾਂਦਾ ਹੈ।
ਸੁਪ੍ਰੀਆ ਇੱਕਲੀ ਨਹੀਂ। ਪੰਜਾਬ ਅੰਦਰ ਏਸੇ ਮਹੀਨੇ ਹੀ ਰਾਜਵਿੰਦਰ ਕੌਰ ਸੁਨਾਮ ਅਤੇ ਕਰਮਜੀਤ ਕੌਰ ਪਿੰਡ ਟਾਹਲੀਆਂ (ਮਾਨਸਾ) ਨੇ ਖੁਦਕੁਸ਼ੀ ਕੀਤੀ ਹੈ। ਤਿੰਨੇ ਕੁੜੀਆਂ ਮਜ਼ਦੂਰ ਪਰਿਵਾਰਾਂ ‘ਚੋਂ ਹਨ। ਸੁਪ੍ਰੀਆ ਪੜਾਈ ‘ਚ ਅਵੱਲ ਦਰਜੇ ਹਾਸਲ ਕਰਦੀ ਆ ਰਹੀ ਸੀ। ਰਾਜਵਿੰਦਰ ਹਾਕੀ ਦੀ ਮੰਨੀ-ਪ੍ਰਮੰਨੀ ਖਿਡਾਰਨ ਸੀ। ਉਹ ਚਾਰ ਵਾਰ ਸਟੇਟ ਇਕ ਵਾਰ ਨੈਸ਼ਨਲ ਖੇਡਕੇ ਆਈ। ਘਰ ਆਰਥਕ ਤੰਗੀਆਂ ਨੇ ਭੰਨਿਆ ਹੈ। ਸਰਕਾਰ ਨੇ ਸਪੋਰਟਸ ਵਿੰਗ ਰਾਹੀਂ ਮਿਲਦੀ ਸਹਾਇਤਾ ਉਪਰ ਕਾਂਟਾ ਮਾਰ ਦਿੱਤਾ। ਨਿਰਾਸ਼ਤਾ ਦੇ ਆਲਮ ‘ਚ ਘਿਰੀ ਰਾਜਵਿੰਦਰ ਨੇ ਰੇਲ ਗੱਡੀ ਅੱਗੇ ਛਾਲ ਮਾਰ ਦਿੱਤੀ। ਇਉਂ ਹੀ ਕਰਮਜੀਤ ਈ.ਟੀ.ਟੀ. ਕਰਨ ਉਪਰੰਤ ਆਪਣੇ ਮਾਪਿਆਂ ਦੇ ਨਾਲ ਸੰਘਰਸ਼ ਦੇ ਮੈਦਾਨ ‘ਚ ਕੁੱਦਦੀ ਰਹੀ। ਬੇਰੁਜ਼ਗਾਰੀ ਦੇ ਤੰਦੂਰ ‘ਚ ਸੜਦੀ ਉਹ ਆਫ਼ਤਾਂ ਅੱਗੇ ਹਾਰ ਗਈ।
ਇਹ ਵਰਤਾਰਾ ਸਮਾਜ ਦੇ ਸਭਨਾਂ ਸੰਵੇਦਨਸ਼ੀਲ ਹਿੱਸਿਆਂ ਦਾ ਧਿਆਨ ਖਿੱਚਦਾ ਹੈ। ਇਸ ਕਰਕੇ ਹੀ ਸੁਪ੍ਰੀਆ ਦੇ ਸ਼ਰਧਾਂਜ਼ਲੀ ਸਮਾਗਮ ‘ਤੇ 5 ਅਕਤੂਬਰ ਨੂੰ ਭੋਗਪੁਰ (ਜਲੰਧਰ) ਵਿਖੇ ਰੋਹ-ਭਰਿਆ ਮਾਰਚ, ਹੱਥਾਂ ‘ਚ ਮੋਮਬੱਤੀਆਂ ਲੈ ਕੇ ਕੀਤਾ ਜਾ ਰਿਹਾ ਹੈ। ਇਹ ਮਾਰਚ ਇਕ ਸੁਨੇਹਾ ਹੈ ਕਿ ਸਮਾਜ ਆਪਣੇ ਫ਼ਰਜ਼ਾਂ ਦੀ ਪਹਿਚਾਣ ਕਰਦੇ ਹੋਏ ਅੱਗੇ ਆਏ ਨਹੀਂ ਤਾਂ ਹਨੇਰਾ, ਰੌਸ਼ਨ ਦਿਮਾਗ ਧੀਆਂ ਨੂੰ ਨਿਗਲਦਾ ਰਹੇਗਾ।

ਸੰਪਰਕ: 94170 76735
  

Friday, September 12, 2014

ਮਜ਼ਦੂਰ ਘੋਲਾਂ ਦਾ ਸਿਰੜੀ ਜਰਨੈਲ ਸੀ ਨਾਨਕ ਸਿੰਘ ਸਿੰਘੇਵਾਲਾ: ਨਸਰਾਲੀ

ਨਾਨਕ ਸਿੰਘ ਸਿੰਘੇਵਾਲਾ ਨੂੰ ਮਜ਼ਦੂਰਾਂ-ਕਿਸਾਨਾਂ ਵੱਲੋਂ ਸ਼ਰਧਾਂਜਲੀਆਂ ਭੇਟ

ਮਜ਼ਦੂਰ ਘੋਲਾਂ ਦਾ ਸਿਰੜੀ ਜਰਨੈਲ ਸੀ ਨਾਨਕ ਸਿੰਘ ਸਿੰਘੇਵਾਲਾ: ਨਸਰਾਲੀ
ਲੰਬੀ, 12 ਸਤੰਬਰ -ਪੰਜਾਬ ਖੇਤ ਮਜ਼ਦੂਰ ਯੂਨੀਅਨ ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਨਾਨਕ ਸਿੰਘ ਦੇ ਸ਼ਰਧਾਂਜਲੀ ਮੌਕੇ ਅੱਜ ਇਕ ਵਿਸ਼ਾਲ ਇਕੱਠ ਵੱਲੋਂਂ ਉਨਾਂ ਸਲਾਮੀ ਭੇਂਟ ਕੀਤੀ ਗਈ। ਨਾਨਕ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਅੱਜ ਖੇਤ ਮਜ਼ਦੂਰ, ਕਿਸਾਨ, ਔਰਤਾਂ, ਬਿਜਲੀ ਕਾਮੇ, ਨੌਜਵਾਨ, ਆਰ.ਐਮ.ਪੀ. ਡਾਕਟਰ ਤਰਕਸ਼ੀਲ ਕਾਮੇ ਤੇ ਅਧਿਆਪਕ ਬੇਹੱਦ ਵੱਡੀ ਤਦਾਦ ਵਿੱਚ ਪਹੁੰਚੇ ਹੋਏ ਸਨ। ਇਸ ਮੌਕੇ ਸ੍ਰੀ ਨਾਨਕ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੇ ਸੂਬਾ ਵਿਤ  ਸਕੱਤਰ ਹਰਮੇਸ਼ ਮਾਲੜੀ ਨੇ ਆਖਿਆ ਕਿ ਸ੍ਰੀ ਨਾਨਕ ਸਿੰਘ ਖੇਤ ਮਜ਼ਦੂਰ ਲਹਿਰ ਦਾ ਨਿਧੱੜਕ ਯੋਧਾ ਸੀ। ਉਹ ਜਿਲੇ ਵਿੱਚ ਸਿਰੜੀ, ਲੰਬੇ ਤੇ ਖਾੜਕੂ ਘੋਲਾਂ ਦਾ ਮੋੜੀ ਗੱਡ ਸੀ। ਉਸਨੇ ਘਰ ਦੀ ਘੋਰ ਗਰੀਬੀ ਤੇ ਅਨਪੜ ਹੋਣ ਦੇ ਬਾਵਜੂਦ 18 ਸਾਲ ਪੇਸ਼ਾਵਰ ਖੇਤ ਮਜਦੂਰ ਆਗੂ ਦੀਆਂ ਜਿੰਮੇਵਾਰੀਆਂ ਨਿਭਾਈਆਂ। ਉਸਨੇ ਖੇਤ ਮਜ਼ਦੂਰਾਂ ਨੂੰ ਜਗੀਰੂ ਲੁੱਟ ਦਾਬੇ, ਜਾਤਪਾਤੀ ਵਿਤਕਰੇ ਤੋਂ ਮੁਕਤੀ ਦੁਆਉਣ ਅਤੇ ਮਜ਼ਦੂਰਾਂ ਦੀ ਆਰਥਿਕ ਸਮਾਜਿਕ ਤੇ ਰਾਜਨੀਤਕ ਬਰਾਬਰੀ ਲਈ ਬੇਹੱਦ ਕਠਿਨ ਘਾਲਣਾ ਘਾਲੀ। ਉਸਦੀ ਅਗਵਾਈ ਵਿੱਚ ਖੇਤ ਮਜ਼ਦੂਰ ਜਥੇਬੰਦੀ ਵੱਲੋਂ ਅਨੇਕਾਂ ਘੋਲ ਲੜਕੇ ਜਿੱਤਾਂ ਪ੍ਰਾਪਤ ਕੀਤੀਆਂ ਗਈਆਂ ਅਤੇ ਖੇਤ ਮਜ਼ਦੂਰਾਂ ਅੰਦਰ ਆਪਣੀ ਹਸਤੀ ਤੇ ਤਾਕਤ ਦਾ ਨਵਾਂ ਅਹਿਸਾਸ ਭਰਿਆ ਗਿਆ। ਨਾਨਕ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਨਾਨਕ ਸਿੰਘ ਨੇ ਜਿਲੇ ਵਿੱਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਜੋਟੀ ਪਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ। ਉਨਾਂ ਆਖਿਆ ਕਿ ਅੱਜ ਜਦੋਂ ਸਰਕਾਰਾਂ ਵਲੋਂ ਸਾਮਰਾਜੀਆਂ , ਜਗੀਰਦਾਰ ਤੇ ਕਾਰਪੋਰੇਟ ਘਰਾਣਿਆਂ ਪੱਖੀ ਤੇ ਲੋਕਾਂ ਦਾ ਕੰਘਾ ਕਰਨ ਵਾਲੀਆਂ ਆਰਥਿਕ ਨੀਤੀਆਂ ਲਾਗੂ ਕਰਨ ਲਈ ਕਾਲੇ ਕਾਨੂੰਨ ਘੜਨ ਵਗੈਰਾ ਕਦਮਾਂ ਰਾਹੀਂ ਲੋਕਾਂ ਦੀ ਜੁਬਾਨਬੰਦੀ ਕੀਤੀ ਜਾ ਰਹੀ ਹੈ ਤਾਂ ਨਾਨਕ ਸਿੰਘ ਵਰਗੇ ਨਿਧੜੱਕ ਤੇ ਸੂਝਵਾਨ ਆਗੂਆਂ ਦੀ ਬੇਹੱਦ ਲੋੜ ਹੈ। ਉਨਾ ਐਲਾਨ ਕੀਤਾ ਕਿ ਸਾਡੀ ਜਥੇਬੰਦੀ ਖੇਤ ਮਜਦੂਰਾਂ ਨਾਲ ਸਾਂਝ ਨੂੰ ਹੋਰ ਵੀ ਗੂੜੀ ਤੇ ਪੱਕੀ ਕਰਕੇ ਹਕੂਮਤ ਦੇ ਆਰਥਿਕ ਤੇ ਜਾਬਰ ਧਾਂਵੇ ਦਾ ਮੂੰਹ ਮੋੜਨ ਲਈ ਕੋਈ ਕਸਰ ਨਹੀਂ ਛੱਡੇਗੀ। ਉਨਾਂ ਕਿਹਾ ਕਿ ਖੇਤ ਮਜ਼ਦੂਰ , ਕਿਸਾਨਾਂ ਤੇ ਆਮ ਲੋਕਾਂ ਦੀ ਮੁਕਤੀ ਲਈ ਘੋਲਾਂ ਨੂੰ ਹੋਰ ਤੇਜ ਕਰਨਾ ਹੀ ਨਾਨਕ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੈ। ਇਸ ਮੌਕੇ ਲੋਕ ਮੋਰਚਾ ਪੰਜਾਬ ਦੇ ਜਨਰਲ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਨਾਨਕ ਸਿੰਘ ਸ਼ਹੀਦ ਭਗਤ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਜੂਝ ਰਹੇ ਕਾਫਲੇ ਦਾ ਸੰਗੀ ਸੀ। ਉਨਾਂ ਕਿਹਾ ਕਿ ਮੌਜੂਦਾ ਪ੍ਰਬੰਧਾਂ ਵਿੱਚ ਸਿਹਤ ਸਹੂਲਤਾਂ ਦੀ ਘਾਟ ਹੀ ਨਾਨਕ ਸਿੰਘ ਵਰਗੇ ਅਣਮੋਲ ਆਗੂਆ ਦੀ ਮੌਤ ਲਈ ਜਿੰਮੇਵਾਰ ਹੈ। ਉਨਾਂ ਕਿਹਾਕਿ ਮੌਜੂਦਾ ਲੋਕ ਦੋਖੀ, ਆਰਥਿਕ, ਸਮਾਜਿਕ ਤੇ ਰਾਜਨੀਤਕ ਨਿਜਾਮ ਨੂੰ ਬਦਲ ਕੇ ਲੋਕ ਪੱਖੀ ਸਮਾਜ ਦੀ ਸਿਰਜਣਾ ਲਈ ਅੱਗੇ ਵਧਣਾ ਹੀ ਨਾਨਕ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੈ। ਇਸ ਮੌਕੇ ਸ਼ਰਧਾਂਜਲੀ ਸਮਾਗਮ ਤਿਆਰੀ ਕਮੇਟੀ ਸਿੰਘਵੇਾਲਾ, ਫਤੂਹੀਵਾਲਾ ਵੱਲੋਂ ਗੁਰਪਾਸ਼ ਸਿੰਘ, ਟੀ.ਐਸ.ਯੂ., ਮੈਡੀਕਲ  ਪਰੈਕਟੀਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਮਰਿੰਦਰ ਸਰਾਂ, ਨੌਜਵਾਨ ਭਾਰਤ ਸਭਾ ਦੇ ਪਾਵੇਲ ਕੁੱਸਾ, ਤਰਕਸ਼ੀਲ ਆਗੂ ਰਾਮ ਸਵਰਨ ਲੱਖੇਵਾਲੀ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਿਲਾ ਕਾਰਜਕਾਰੀ ਪ੍ਰਧਾਨ ਗੁਰਜੰਟ ਸਿੰਘ ਸਾਉਕੇ, ਸੁੱਖਾ ਸਿੰਘ, ਗੁਰਮੇਲ ਕੌਰ, ਤਰਸੇਮ ਸਿੰਘ ਖੁੰਡੇ ਹਲਾਲ ਤੋਂ ਇਲਾਵਾ ਨਾਨਕ ਸਿੰਘ ਦੀ ਬੇਟੀ ਮਮਤਾ ਰਾਣੀ ਤੇ ਸ਼ਮਿੰਦਰ ਕੌਰ ਨੇ ਵੀ ਨਾਨਕ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ।

Thursday, September 11, 2014

ਕੰਮੀਆਂ ਦੇ ਵਿਹੜੇ ਦਾ ਮਘਦਾ ਸੂਰਜ -ਨਾਨਕ ਸਿੰਘ

12 ਸਤੰਬਰ ਨੂੰ ਸ਼ਰਧਾਂਜਲੀ ਸਮਾਗਮ 'ਤੇ ਵਿਸ਼ੇਸ਼

 ਕੰਮੀਆਂ ਦੇ ਵਿਹੜੇ ਦਾ ਮਘਦਾ ਸੂਰਜ ਸੀ-ਨਾਨਕ ਸਿੰਘਪਿੰਡ ਸਿੰਘੇਵਾਲਾ (ਇਲਾਕਾ ਲੰਬੀ) ਵਿਖੇ ਮਾਤਾ ਵੀਰੋ ਕੌਰ ਤੇ ਪਿਤਾ ਸੀਤਲ ਸਿੰਘ ਦੇ ਘਰ ਜਨਮੇ ਸ਼੍ਰੀ ਨਾਨਕ ਸਿੰਘ ਖੇਤ ਮਜਦੂਰਾਂ ਦੇ ਹਰਮਨ ਪਿਆਰੇ ਤੇ ਨਿਧੜੱਕ ਆਗੂ ਸਨ। ਉਹਨਾਂ ਆਪਣੀ ਜਿੰਦਗੀ ਦੇ ਪੂਰੇ 18 ਸਾਲ ਦੱਬੇ ਕੁਚਲੇ ਖੇਤ ਮਜਦੂਰਾਂ ਦੀ ਆਰਥਿਕ ਬੇਹਤਰੀ, ਖੁਸ਼ਹਾਲੀ ਤੇ ਮਾਨ-ਸਨਮਾਨ ਦੀ ਬਹਾਲੀ ਲਈ ਸੰਘਰਸ. ਦੇ ਲੇਖੇ ਲਾਏ।

           ਉਹ ਕਰੀਬ ਡੇਢ ਦਹਾਕਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਰਹੇ। ਉਹਨਾਂ ਦੀ ਅਗਵਾਈ ਵਿੱਚ ਪਿੰਡ , ਇਲਾਕੇ ਤੇ ਜਿਲੇ ਦੇ ਖੇਤ ਮਜਦੂਰਾਂ  ਵੱਲੋਂ ਜਗੀਰੂ ਲੁਟ ਤੇ ਦਾਬੇ ਅਤੇ ਜਾਤਪਾਤੀ ਵਿਤਕਰੇ ਖਿਲਾਫ. ਅਨੇਕਾਂ ਸਫ਼ਲ ਘੋਲ ਲੜੇ ਤੇ ਜਿੱਤੇ ਗਏ। ਉਹਨਾਂ ਦੀ ਕਰਮ ਭੂਮੀ ਵੱਡੀ ਜਗੀਰਦਾਰੀ ਤੇ ਹਕੂਮਤੀ ਹਲਕੇ ਦਾ ਗੜ ਹੋਣ ਕਾਰਨ ਇੱਥੇ ਖੇਤ ਮਜ਼ਦੂਰਾਂ ਨੂੰ ਜਥੇਬੰਦ ਕਰਨਾ ਬੇਹੱਦ ਕਠਿਨ ਤੇ ਗੁੰਝਲਦਾਰ ਕਾਰਜ ਸੀ।  ਸ੍ਰੀ ਨਾਨਕ ਸਿੰਘ ਨੇ ਜਦੋਂ 1996 ਵਿੱਚ ਆਪਣੇ ਪਿੰਡ ਤੇ ਇਲਾਕੇ ਦੇ ਖੇਤ ਮਜ਼ਦੂਰਾਂ ਨੂੰ ਜਥੇਬੰਦ ਕਰਨਾ ਸ਼ੁਰੂ ਕੀਤਾ ਤਾਂ ਜਗੀਰਦਾਰਾਂ ਵੱਲੋਂ ਜਿੱਥੇ ਡਾਂਗ ਸੋਟੀ ਦੀ ਵਰਤੋਂ ਵੀ ਕੀਤੀ ਗਈ, ਉੱਥੇ ਖੇਤ ਮਜ਼ਦੂਰਾਂ ਦਾ ਆਰਥਿਕ ਤੇ ਸਮਾਜਿਕ ਬਾਈਕਾਟ ਕਰਨ ਵਰਗੇ ਹੱਥ ਕੰਡੇ ਵੀ ਅਪਣਾਏ ਗਏ।  ਹਕੂਮਤੀ ਹੱਲਾਸ਼ੇਰੀ ਕਾਰਨ ਪੁਲਿਸ ਵੱਲੋਂ ਮਜ਼ਦੂਰਾਂ ਦੀ ਕੁੱਟਮਾਰ, ਝੂਠੇ ਕੇਸਾਂ, ਗ੍ਰਿਫਤਾਰੀਆਂ ਤੇ ਇਕੱਠਾਂ ਉੱਪਰ ਪਾਬੰਦੀਆਂ ਮੜਨ ਵਰਗੇ ਕਦਮਾਂ ਦੀ ਹਨੇਰੀ ਲਿਆਂਦੀ ਗਈ।  ਪਰ ਨਾਨਕ ਸਿੰਘ ਦੀ ਧੜੱਲੇਦਾਰ ਤੇ ਸੂਝਵਾਨ ਅਗਵਾਈ ਸਦਕਾ ਖੇਤ ਮਜਦੂਰਾਂ ਵੱਲੋਂ ਦੋ ਸਾਲ ਲੰਮੀ ਤੇ ਕਠਿਨ ਲੜਾਈ ਲੜਕੇ ਆਖਰ ਜਥੇਬੰਦ ਹੋਣ ਦਾ ਹੱਕ ਹਾਸਲ ਕਰ ਲਿਆ।

ਨਾਨਕ ਸਿੰਘ ਦੀ ਅਗਵਾਈ ਚ ਖੇਤ ਮਜਦੂਰਾਂ ਦੀ ਜਥੇਬੰਦੀ ਵੱਲੋਂ ਮਜਦੂਰਾਂ ਨੂੰ ਨਜਾਇਜ ਹਿਰਾਸਤ ਵਿੱਚ ਰੱਖਣ, ਕੁੱਟਮਾਰ ਕਰਨ ਤੇ ਜਾਤ-ਪਾਤ ਪਰਖਣ ਵਾਲੇ ਕਈ ਪੁਲਿਸ ਅਫ਼ਸਰਾਂ ਤੋਂ ਕਈ ਵਾਰ ਜਨਤਕ ਮਾਫੀਆਂ ਮੰਗਵਾਈਆਂ ਤੇ ਜੁਰਮਾਨੇ ਵਸੂਲੇ ਗਏ। ਇਉ ਉਸ ਵੱਲੋ ਖੇਤ ਮਜ਼ਦੂਰਾਂ ਅੰਦਰ ਨਵੇ ਵਿਚਾਰਾਂ ਦਾ ਅਗਾਜ. ਕਰਨ ਚ ਮੋਹਰੀ  ਭੂਮਿਕਾ ਨਿਭਾਈ ਗਈ । ਰਿਹਾਇਸ਼ੀ ਪਲਾਟਾਂ, ਰੁਜ਼ਗਾਰ ਤੇ ਸਰਕਾਰੀ ਰਿਆਇਤਾਂ ਸਹੂਲਤਾਂ ਲਾਗੂ ਕਰਾਉਣ ਲਈ ਤੇ ਮਜ਼ਦੂਰ ਘਰਾਂ ਦੇ ਉੱਜਾੜੇ ਵਿਰੁੱਧ ਉਸਦੀ ਅਗਵਾਈ ਤੇ ਜਿਲੇ ਅੰਦਰ ਅਨੇਕਾਂ ਵਾਰ ਮੋਰਚੇ ਲਾਏ ਤੇ ਜਿੱਤੇ ਗਂਏ। ਉਸ ਵੱਲੋ ਖੇਤ ਮਜ਼ਦੂਰਾਂ ਦੇ ਸਥਾਨਕ ਤੇ ਰੋਜ਼ਮਰਾਂ ਦੇ ਮਸਲਿਆਂ ਉੱਤੇ ਜਿੱਥੇ ਘੋਲਾਂ ਦੀ ਅਗਵਾਈ ਕੀਤੀ ਗਈ ਉੱਥੇ ਮਜ਼ਦੂਰਾਂ ਦੀ ਆਰਥਿਕ, ਸਮਾਜਿਕ ਤੇ ਰਾਜਨੀਤਿਕ ਬਰਾਬਰੀ ਲਈ  ਜ਼ਮੀਨ ਦੀ ਵੰਡ ਦੇ ਮੁੱਦੇ ਨੂੰ ਜ਼ੋਰ ਨਾਲ ਉਭਾਰਿਆ ਗਿਆ। ਕਈ ਪਿੰਡਾਂ ਵਿੱਚ ਪੰਚਾਇਤੀ ਜ਼ਮੀਨ ਵਿੱਚੋਂ ਦਲਿਤਾਂ ਦੇ ਬਣਦੇ ਤੀਜੇ ਹਿੱਸੇ ਦੇ ਹੱਕ ਨੂੰ ਮਨਾਇਆ ਤੇ ਲਾਗੂ ਕਰਾਇਆ ਗਿਆ। ਉਸਦੇ ਕਦਮਾਂ ਦੀ ਤਾਲ ਤੇ ਗਰਜ਼ਵੀਂ ਲਲਕਾਰ ਸੰਘਰਸ਼ ਦੇ ਮੈਦਾਨ ਵਿੱਚ ਜੂਝ ਰਹੇ ਖੇਤ ਮਜ਼ਦੂਰਾਂ ਦੇ ਕਦਮਾਂ ਵਿੱਚ ਬਿਜਲੀਆਂ ਭਰਦੀ ਸੀ । ਸਿਰ ਤਲੀ ਤੇ ਧਰ ਕੇ ਜੂਝ ਮਰਨ ਦਾ ਹੌਸਲਾ ਬਖ਼ਸ਼ਦੀ ਸੀ।

ਅਗਸਤ 2008 ਵਿੱਚ ਮੁੱਖ ਮੰਤਰੀ ਵੱਲੋਂ ਕੀਤਾ ਸਮਝੌਤਾ ਲਾਗੂ ਕਰਾਉਣ ਲਈ ਉਸਦੀ ਅਗਵਈ ਹੇਠ ਬਾਦਲ ਵਿਖੇ ਧਰਨਾ ਦੇਣ ਜਾ ਰਹੇ ਸੈਂਕੜੇ ਮਜ਼ਦੂਰ ਮਰਦ ਔਰਤਾਂ ਦੇ ਕਾਫਲੇ ਉੱਤੇ ਖਿਓਵਾਲੀ ਵਿਖੇ ਭਾਰੀ ਪੁਲਿਸ ਲਾਠੀਚਾਰਜ ਦਾ ਖੇਤ ਮਜ਼ਦੂਰਾਂ ਵੱਲੋ ਜਿਸ ਦ੍ਰਿੜਤਾ ਤੇ ਦਲੇਰੀ ਨਾਲ ਟਾਕਰਾ ਕੀਤਾ ਗਿਆ ਉਹ ਆਪਣੇ ਆਪ ਵਿੱਚ ਵਿਲੱਖਣ ਮਿਸਾਲ ਸੀ। ਇਹ ਨਾਨਕ ਸਿੰਘ ਦੀ ਅਗਵਾਈ ਵਾਲੀ ਖੇਤ ਮਜ਼ਦੂਰ ਜਥੇਬੰਦੀ ਹੀ ਹੇੈ ਜਿਸਦੀ ਵਿਸ਼ਾਲ ਤਾਕਤ ਤੇ ਤਪਤੇਜ ਸਦਕਾ ਮੁੱਖ ਮੰਤਰੀ ਦੇ ਕਾਫ਼ਲਿਆਂ ਨੂੰ ਵੀ ਰਾਹ ਬਦਲਣਾ ਪੈੇਂਦਾ ਰਿਹਾ ਹੈ।

ਉਸਨੇ ਖੇਤ ਮਜ਼ਦੂਰਾਂ, ਕਿਸਾਨਾਂ, ਬਿਜਲੀ ਕਾਮਿਆਂ, ਬੇਰੁਜ਼ਗਾਰਾਂ ਤੇ ਪੇਂਡੂ ਡਾਕਟਰਾਂ ਨਾਲ ਸਾਂਝ ਉਸਾਰਨ ਲਈ ਵੀ ਨਿੱਗਰ ਯੋਗਦਾਨ ਪਾਇਆ। ਉਸਨੇ ਖੇਤ ਮਜ਼ਦੂਰਾਂ ਨੂੰ ਗਦਰੀ ਬਾਬਿਆਂ ਤੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨਾਲ ਜੋੜਨ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ। ਘਰ ਵਿੱਚਂ ਘੋਰ ਗਰੀਬੀ ਦੇ ਬਾਵਜ਼ੂਦ ਉਸਨੇ 18 ਵਰੇ ਪੇਸ਼ਾਵਰ ਖੇਤ ਮਜ਼ਦੂਰ ਆਗੂ ਵਜੋਂ ਜਿੰਮੇਵਾਰੀਆਂ ਨਿਭਾਈਆਂ। ਅੱਤ ਦੀ ਆਰਥਿਕ ਮੰਦਹਾਲੀ ਦੇ ਚਲਦਿਆਂ ਉਸਦੀ ਪਤਨੀ ਬਿਮਲਾ ਦੇਵੀ ਨੇ ਚਾਰ ਬੱਚਿਆਂ ਨੂੰ ਪਾਲਣ ਪੋਸ਼ਣ ਦੀ ਜਿੰਮੇਵਾਰੀ ਆਪਣੇ ਮੋਢਿਆਂ ਤੇ ਚੱਕ ਕੇ ਨਾਨਕ ਸਿੰਘ ਦਾ ਅੰਤ ਤੱਕ ਸਾਥ ਨਿਭਾਇਆ।
ਇਹ ਉਸਦੀ ਖੇਤ ਮਜ਼ਦੂਰ ਲਹਿਰ ਪ੍ਰਤੀ ਬੇਗਰਜ਼ ਭਾਵਨਾ ਨਾਲ ਸੇਵਾ ਕਰਨ ਦਾ ਨਮੂਨਾ ਸੀ ਕਿ ਜਦ ਪਿੰਡ ਵਿੱਚ ਪਲਾਟਾਂ ਲਈ ਅਨੇਕਾਂ ਲੋੜਵੰਦ ਪਰਿਵਾਰਾਂ ਨੂੰ ਛੱਡ ਕੇ ਮੁੱਖ ਮੰਤਰੀ ਸ: ਬਾਦਲ  ਦੇ ਭਰਾਤਾ ਸ਼੍ਰੀ ਗੁਰਦਾਸ ਸਿੰਘ ਬਾਦਲ ਵੱਲੋਂ 1997 ਵਿੱਚ ਉਸਨੂੰ ਇਕੱਠ ਦੌਰਾਨ ਪਲਾਟ ਵਾਲਾ ਸਰਟੀਫਿਕੇਟ ਦਿੱਤਾ ਗਿਆ ਤਾਂ ਉਸਨੇ  ਇੰਕੱਠ ਵਿੱਚ ਹੀ ਸਰਟੀਫਿਕੇਟ ਦੇ ਟੁਕੜੇ ਕਰਕੇ ਸ਼੍ਰੀ ਬਾਦਲ ਦੇ ਹੱਥ ਫੜਾ ਦਿੱਤੇ। ਆਖਿਰ 3 ਸਤੰਬਰ 2014 ਨੂੰ ਉਹ 52 ਵਰਿਆਂ ਦੀ ਉਮਰ ਵਿੱਚ ਫੇਫੜਿਆਂ, ਕਾਲੇ ਪੀਲੀਏ ਤੇ ਸ਼ੂਗਰ ਦੀ ਗੰਭੀਰ ਬਿਮਾਰੀ ਕਾਰਨ ਪਰਿਵਾਰ ਦੇ ਖੇਤ ਮਜ਼ਦੂਰ ਲਹਿਰ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਵਿਛੋੜਾ ਦੇ ਗਏ। ਉਸਦੀ ਅੰਤਿਮ ਯਾਤਰਾ ਮੌਕੇ ਬੇਹੱਦ ਭਾਰੀ ਇਕੱਠ ਵੱਲੋਂ ਉਸਨੂੰ ਜਥੇਬੰਦੀ ਦੇ ਸੂਹੇ ਝੰਡੇ ਵਿੱਚ ਲਪੇਟ ਕੇ ਨਾਹਰਿਆਂ ਦੀ ਗੂੰਜ ਵਿੱਚ ਵਿਦਾਇਗੀ ਦਿੱਤੀ ਗਈ ।

ਅੱਜ 12 ਸਤੰਬਰ ਨੂੰ ਉਸਦੇ ਸ਼ਰਧਾਂਜਲੀ ਸਮਾਗਮ ਮੌਕੇ ਉਸਨੂੰ ਸੂਹੀ ਸਲਾਮ ਦੇਣ ਲਈ ਹਜ਼ਾਰਾਂ ਖੇਤ ਮਜ਼ਦੂਰ, ਕਿਸਾਨ, ਬਿਜਲੀ ਕਾਮੇ, ਤਰਕਸ਼ੀਲ ਤੇ ਹੋਰ ਸੰਘਰਸ਼ਸ਼ੀਲ ਕਾਮੇ ਉਸਦੇ ਜੱਦੀ ਪਿੰਡ ਸਿੰਘੇਵਾਲਾ ਵਿਖੇ ਪੁੱਜਣਗੇ।

ਲਛਮਣ ਸਿੰਘ ਸੇਵੇਵਾਲਾ
94170-79170
ਸੂਬਾ ਜਨਰਲ ਸਕੱਤਰ ਪੰਜਾਬ ਖੇਤ ਮਜ਼ਦੂਰ ਯੂਨੀਅਨ ਪੰਜਾਬ

Wednesday, August 20, 2014

ਤਲਵੰਡੀ ਸਾਬੋ ਚੋਣ-ਅਖਾੜਾ : ਜਮਹੂਰੀਅਤ ਦੇ ਨਾਂ 'ਤੇ ਤਾਨਾਸ਼ਾਹੀ

ਤਲਵੰਡੀ ਸਾਬੋ ਚੋਣ-ਅਖਾੜਾ :
ਜਮਹੂਰੀਅਤ ਦੇ ਨਾਂ 'ਤੇ ਤਾਨਾਸ਼ਾਹੀ

ਆਓ, ਦੁਨੀਆਂ ਦੀ ਸਭ ਤੋਂ ਵੱਡੀ ਕਹੀ ਜਾਂਦੀ ''ਜਮਹੂਰੀਅਤ'' ਦੇ ਦਰਸ਼ਨ ਦੀਦਾਰ ਕਰੀਏ। ਤਲਵੰਡੀ ਸਾਬੋ ਜਿਮਨੀ ਚੋਣ ਦਾ ਅਖਾੜਾ ਭਖਿਆ ਹੋਇਆ ਹੈ। ਪਰ ਲੋਕਾਂ ਦਾ ਕੱਠੇ ਹੋ ਕੇ ਉਥੇ ਜਾਣਾ ਸਰਕਾਰ ਨੂੰ ਗਵਾਰਾ ਨਹੀਂ ਹੈ। ਜਾਣ ਵਾਲਿਆਂ ਨੂੰ ਸਰਕਾਰੀ ਗੁੱਸੇ ਦੀ ਮਾਰ ਝੱਲਣੀ ਪੈਂਦੀ ਹੈ। ਪੁਲਸੀ ਡਾਂਗ, ਗਾਲ੍ਹ ਤੇ ਠਾਣੇ ਵਿਚਦੀ ਲੰਘ ਕੇ ਹੀ ਵਾਪਸੀ ਹੁੰਦੀ ਹੈ। ਏਸ ਲਈ ਦੂਰੋਂ ਹੀ ਇਸ ਲਿਖਤ ਰਾਹੀਂ ਦਰਸ਼ਨ ਕਰੋ। 

ਹਰ ਵੋਟਰ ਉਤੇ ਮੰਤਰੀਆਂ, ਉਹਨਾਂ ਦੇ ਲਾਡਲਿਆਂ ਅਤੇ ਲਾਡਲੀਆਂ ਫੌਜਾਂ (ਗੁੰਡਾ ਗਰੋਹ) ਦੀ ਪੈਨੀ ਨਜ਼ਰ ਹੈ। ਹਰ ਮੋੜ, ਹਰ ਰੋਡ 'ਤੇ ਪੁਲਸੀ ਬਲਾਂ ਦਾ ਪਹਿਰਾ ਹੈ। ਤਲਵੰਡੀ ਸਾਬੋ ਦੇ ਅੰਦਰ ਹੀ ਨਹੀਂ, ਬਾਹਰ ਵੀ ਹਰ ਜਥੇਬੰਦੀ 'ਤੇ ਸਰਕਾਰੀ ਚੌਕਸ ਨਿਗਾਹੀ ਤਾਇਨਾਤ ਹੈ। 

          ਚੋਣ-ਖਿਡਾਰੀ (ਉਮੀਦਵਾਰ) ਚੁਣਨ ਦਾ ਪੈਮਾਨਾ ਹਰ ਪਾਰਟੀ ਦਾ ਉੱਨੀ-ਇੱਕੀ ਦੇ ਫਰਕ ਨਾਲ ਇਕੋ ਹੈ। ਉਪਰੋਂ ਹਾਈ ਕਮਾਂਡ ਨੇ ਥੋਪਿਆ ਹੈ। ਅਖਬਾਰਾਂ ਨੇ ਦੱਸਿਆ ਹੈ, ਸਭਨਾਂ ਪਾਰਟੀਆਂ ਦੀਆਂ ਸਥਾਨਕ ਕਮੇਟੀਆਂ ਨੇ ਵਿਰੋਧ ਜਤਾਇਆ ਹੈ। ਰੋਸ ਵਿਖਾਇਆ ਹੈ। ਕਈ ਨਾਲ ਨਹੀਂ ਤੁਰੇ। ਇਕ ਪਾਰਟੀ ਨੂੰ ਤਾਂ ਐਲਾਨਿਆ ਉਮੀਦਵਾਰ ਬਦਲਣਾ ਪਿਆ ਹੈ। 

          ਵੋਟਾਂ ਹਥਿਆਉਣ ਦਾ ਤਰੀਕਾ ਵੀ ਸਭਨਾਂ ਪਾਰਟੀਆਂ ਦਾ ਇਕੋ ਹੈ। ਸਭਨਾਂ ਨੇ ਆਵਦੇ 'ਅਸਰਦਾਰ' ਪ੍ਰਚਾਰਕਾਂ ਦੇ ਡੇਰੇ ਇਥੇ ਲਵਾ ਦਿੱਤੇ ਹਨ। 'ਸਟਾਰ' ਤੇ 'ਸੈਲੀਬ੍ਰਿਟੀ' ਪ੍ਰਚਾਰਕਾਂ ਦੇ ਪ੍ਰੋਗਰਾਮ ਬਣਾਏ ਹਨ। ਸਰਕਾਰ ਚਲਾ ਰਹੀ ਅਕਾਲੀ ਪਾਰਟੀ ਇਸ ਕੰਮ ਵਿਚ ਵਾਧੂ ਹੈ। ਉਸਨੇ ਆਵਦੇ ਸਾਰੇ ਦੇ ਸਾਰੇ ਵਜ਼ੀਰਾਂ ਸ਼ਮੀਰਾਂ ਦੀ ਪੂਰੇ ਦਿਨ ਇਥੇ ਡਿਊਟੀ ਲਾ ਦਿੱਤੀ ਹੈ। ਉਹਨਾਂ ਦੇ ਪੜਾਓ ਨੂੰ ਚੌਵੀ ਘੰਟੇ ਵਾਲੀ ਬਿਜਲੀ ਲਾਈਨ ਨਾਲ ਜੋੜ ਦਿੱਤਾ ਹੈ। ਵਾਤਾਅਨੁਕੂਲ ਵੀ ਕਰ ਦਿੱਤਾ ਹੈ।ਸਰਬ ਕਲਾ ਸਮਰੱਥਾ ਨਾਲ ਲੈਸ ਕਰ ਦਿੱਤਾ ਹੈ। ਪੂਰੀ ਸਰਕਾਰੀ ਮਸ਼ੀਨਰੀ ਝੋਕ ਦਿੱਤੀ ਹੈ। 
          ਇਹ ਵਜ਼ੀਰ ਸ਼ਮੀਰ ਆਪਣੀ ਸਰਕਾਰੀ ਤਾਕਤ ਨਾਲ ਆਵਦੇ ਜੁੰਮੇ ਲੱਗੇ ਚੌਂਹ ਚੌਂਹ ਪਿੰਡਾਂ ਦੇ ਵੋਟਰਾਂ ਨੂੰ ਆਪਣੇ ਤੰਦੂਏ-ਜਾਲ ਵਿਚ ਫਸਾਉਣ ਦੇ ਆਹਰੇ ਲੱਗ ਗਏ ਹਨ। ਇੱਕ ਇੱਕ ਵੋਟ ਨੂੰ ਨਿਗਾਹ ਹੇਠ ਲਿਆਂਦਾ ਜਾ ਰਿਹਾ ਹੈ। ਹਰ ਵੋਟਰ ਦੀ ਲੋੜ 'ਪੂਰੀ' ਕੀਤੀ ਜਾ ਰਹੀ ਹੈ। ਹਰ ਵੋਟਰ ਦਾ ਦੁੱਖ 'ਹਰਿਆ' ਜਾ ਰਿਹਾ ਹੈ। ਕੱਲੀ ਕੱਲੀ ਵੋਟ ਮੁੱਛਣ ਦਾ 'ਮਾਹੌਲ' ਬਣਾਇਆ ਜਾ ਰਿਹਾ ਹੈ। 

          ਤਲਵੰਡੀ ਸਾਬੋ ਹਲਕੇ ਦੇ ਅੰਦਰ-ਵਾਰ ਵਜ਼ੀਰਾਂ-ਸ਼ਮੀਰਾਂ ਤੇ ਉਹਨਾਂ ਦੇ ਅੰਗ-ਰੱਖਿਅਕਾਂ ਅਤੇ ਪੂਰੇ ਬਠਿੰਡੇ ਜਿਲੇ ਦੀ ਪੁਲਸ ਨੇ ਲੋਕਾਂ ਦੀ ਨਾਕਾਬੰਦੀ ਕਰ ਰੱਖੀ ਹੈ। ਚਿੜੀ ਨੀ ਫੜਕਣ ਦੇਣੀ, ਏਹਦੇ ਲਈ ਪੂਰਾ ਵਜ਼ਾਰਤੀ ਤੇ ਪੁਲਸੀ ਛੱਪਾ ਪਾ ਰੱਖਿਆ ਹੈ। ਬਾਹਰੋਂ ਕੋਈ ਸਰਕਾਰ ਵਿਰੋਧੀ ਨਾਹਰੇ ਮਾਰਦਾ ਜਥੇਬੰਦ ਕਾਫਲਾ ਤਲਵੰਡੀ ਦਾਖਲ ਨਾ ਹੋ ਜਾਵੇ, ਏਹਦੇ ਲਈ ਮੰਗਵਾਈ ਸੱਤ ਜਿਲ੍ਹਿਆਂ ਦੀ ਪੁਲਸ ਫੋਰਸ ਨੇ ਤਲਵੰਡੀ ਸਾਬੋ ਹਲਕੇ ਦੇ ਬਾਹਰਵਾਰ ਘੇਰਾਬੰਦੀ ਕੀਤੀ ਹੋਈ ਹੈ। 

ਜੇ ਐਨਾ ਸਰਕਾਰੀ ਬਾਹੂਬਲ ਹੋਣ 'ਤੇ ਵੀ ਕੋਈ ਮੰਗ ਮਸਲਾ ਸਿਰ ਚੱਕ ਲਵੇ ਜਾਂ ਲੋਕਾਂ ਦਾ ਕੋਈ ਹਿੱਸਾ ਹੱਕ-ਸੱਚ ਦੀ ਆਵਾਜ ਉਠਾ ਤੁਰੇ ਜਾਂ ਸਰਕਾਰੀ ਨੁਮਾਇੰਦਿਆਂ ਦੇ ਮਗਰ ਆਵਦੀਆਂ ਤਬਕਾਤੀ ਮੰਗਾਂ ਲੈ ਕੇ ਕੋਈ ਜਥੇਬੰਦੀ ਇਥੇ ਜਾਵੇ ਤਾਂ ਸਰਕਾਰੀ ਨੁਮਾਇੰਦਿਆਂ ਵੱਲੋਂ ਸਾਜੀ-ਨਿਵਾਜੀ ਨਿੱਜੀ ਸੈਨਾ ਵੀ ਤਿਆਰ ਬਰ ਤਿਆਰ ਹੁੰਦੀ ਹੈ। ਇਕ ਜਥੇਬੰਦੀ ਦੇ ਸਰਕਾਰ ਵਿਰੁੱਧ ਲਾਏ ਪੋਸਟਰ ਪਾੜਨ ਤੋਂ ਬਾਅਦ ਇਸ ਲੱਠ-ਮਾਰ ਸੈਨਾ ਨੇ ਉਸ ਜਥੇਬੰਦੀ ਦੇ ਆਗੂ ਨੂੰ ਮੁੜ ਪੋਸਟਰ ਨਾ ਲਾਉਣ ਦੀ ਧਮਕੀ ਭਰੀ ਨਸੀਹਤ ਕੀਤੀ ਹੈ। ਇਉ ਦੇਣਾ ਹੈ ਤਲਵੰਡੀ ਸਾਬੋ ਹਲਕੇ ਦੇ ਲੋਕਾਂ ਨੂੰ ਵੋਟ ਦਾ ਹੱਕ ਤੇ ਇਉ ਦੇਣੀ ਹੈ ਵੋਟ ਪਾਉਣ ਦੀ ਜਮਹੂਰੀਅਤ, ਉਮੀਦਵਾਰ ਚੁਣਨ ਦੀ ਆਜ਼ਾਦੀ !

ਇਸ ਵੋਟ ਹਲਕੇ ਵਿਚ ਅੱਠ ਜਿਲ੍ਹਿਆਂ ਦੀ ਪੁਲਸ, ਚੋਣ-ਭੇੜ ਦੇ ਤਿੱਖੇ ਹੋ ਜਾਣ ਦੇ ਡਰ ਕਰਕੇ ਨਹੀਂ ਲਾਈ। ਇਸ ਚੋਣ-ਭੇੜ ਦੀ, ਇਥੇ ਚਲਦੀ ਲੋਕ ਚਰਚਾ ਖੁੱਲੇ-ਆਮ ਚੁਗਲੀ ਕਰਦੀ ਹੈ ਕਿ ਵੱਡੀਆਂ ਪਾਰਟੀਆਂ ਦੀ ਗਿੱਟ-ਮਿੱਟ ਹੋ ਚੁੱਕੀ ਹੈ। ਕਾਂਗਰਸ ਤੇ ਅਕਾਲੀਆਂ ਨੇ ਪਟਿਆਲਾ ਤੇ ਤਲਵੰਡੀ ਸੀਟਾਂ ਵੰਡ ਲਈਆਂ ਹਨ। ਜਿੱਤ-ਹਾਰ ਤਹਿ ਹੋ ਚੁੱਕੀ ਹੈ। ਫੇਰ ਭੇੜ ਕਾਹਦਾ? ਤੇ ਡਰ ਕਾਹਦਾ?
ਇਥੇ ਵੋਟ-ਪਾਰਟੀਆਂ ਦਾ ਆਪਸੀ ਭੇੜ-ਭੜੰਤ ਤਾਂ ਕੋਈ ਨਹੀਂ ਹੈ। ਪਰ ਸਰਕਾਰ ਦਾ, ਲੋਕਾਂ ਖਾਸ ਕਰਕੇ ਜਥੇਬੰਦ ਲੋਕਾਂ ਨਾਲ ਭੇੜ ਹੈ। ਇਹ ਭੇੜ ਤਿੱਖਾ ਹੈ। ਐਂਵੇ ਮਿੱਚੀ ਦਾ ਸਿਆਸੀ ਸ਼ਰੀਕਾਂ ਵਰਗਾ ਨਹੀਂ ਹੈ। ਦੁਸ਼ਮਣਾਨਾ ਹੈ। ਲੁਟੇਰਿਆਂ ਤੇ ਲੁੱਟੇ ਜਾਣ ਵਾਲਿਆਂ ਵਿਚ ਟਕਰਾ ਕਦੇ ਟਲ ਹੀ ਨਹੀਂ ਸਕਦਾ। ਸਰਕਾਰ - ਸੂਬਾਈ ਤੇ ਕੇਂਦਰੀ, ਦੋਵਾਂ ਵੱਲੋਂ ਲੋਕਾਂ 'ਤੇ ਵਿੱਢੇ ਦੋ ਧਾਰੀ ਆਰਥਿਕ ਤੇ ਜਾਬਰ ਧਾਵੇ ਖਿਲਾਫ ਲੋਕਾਂ ਦੇ ਹਰ ਹਿੱਸੇ ਅੰਦਰ ਵਧ ਰਹੀ ਬੇਚੈਨੀ ਤੇ ਉੱਠ ਰਹੇ ਸੰਘਰਸ਼ਾਂ ਕਾਰਨ ਇਹ ਭੇੜ ਨਿਸ਼ਚਿਤ ਹੈ। ਇਸ ਭੇੜ ਵਿਚ ਤੇਜ਼ ਤੇ ਤਿੱਖੇ ਹੋ ਰਹੇ ਸਰਕਾਰੀ ਜਬਰ ਨੂੰ ਕਨੂੰਨੀ ਢੋਈ ਦੇਣ ਖਾਤਰ ਸਰਕਾਰਾਂ ਕੋਲ ਪਹਿਲਾਂ ਵੀ ਸੈਂਕੜੇ ਕਨੂੰਨ ਹਨ ਪਰ ਪੰਜਾਬ ਸਰਕਾਰ ਹੁਣ ਇਕ ਹੋਰ ਕਨੂੰਨ "ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਐਕਟ - 2014" ਲਿਆ ਰਹੀ ਹੈ। 

ਸਰਕਾਰ ਇਥੇ ਡੇਰੇ ਲਾਈ ਬੈਠੀ ਹੈ ਤਾਂ ਲੋਕਾਂ ਨੇ ਆਵਦੇ ਮੰਗਾਂ-ਮਸਲਿਆਂ ਦੇ ਹੱਲ ਲਈ ਵੀ ਇਥੇ ਹੀ ਆਉਣਾ ਹੈ। ਪਰ ਮੰਗਾਂ-ਮਸਲਿਆਂ ਦੇ ਹੱਲ ਲਈ ਜੂਝਦੇ ਹਿੱਸਿਆਂ ਨੂੰ ਤਲਵੰਡੀ ਸਾਬੋ ਹੀ ਨਹੀਂ, ਹਲਕੇ ਦੇ ਕਿਸੇ ਵੀ ਪਿੰਡ ਵਿਚ ਪੈਰ ਪਾਉਣ ਦੀ ਇਜਾਜਤ ਨਹੀਂ ਹੈ। ਇਹਨਾਂ ਹਿੱਸਿਆਂ ਲਈ ਤਲਵੰਡੀ ਵਿੱਚ ਵੜਨਾ ਗੁਨਾਹ ਕਰਾਰ ਦਿਤਾ ਹੋਇਆ ਹੈ। ਗੁਨਾਹ ਦੀ ਸਜ਼ਾ ਅਦਾਲਤ ਨਹੀਂ, ਪੁਲਸ ਪ੍ਰਸ਼ਾਸ਼ਨ ਮੌਕੇ 'ਤੇ ਹੀ ਦਿੰਦਾ ਹੈ। ਪੁਲਸ ਦੇ ਉੱਚ ਅਧਿਕਾਰੀਆਂ ਦਾ ਜਥੇਬੰਦੀਆਂ ਦੇ ਆਗੂਆਂ ਲਈ ਐਲਾਨ ਹੈ ਕਿ ਤਲਵੰਡੀ ਵਿੱਚ ਸੋਚ-ਸਮਝ ਕੇ ਵੜਿਓ। ਚਮੜੀ ਉਧੇੜ ਦਿਆਂਗੇ। 

ਤਲਵੰਡੀ ਜਾਣ ਵਾਲੀਆਂ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨਾਲ ਇਓਂ   ਹੀ ਵਾਪਰਿਆ ਹੈ। ਜਿਹੜੀ ਜਥੇਬੰਦੀ ਤਲਵੰਡੀ ਗਈ ਹੈ, ਪੁਲਸ ਅਧਿਕਾਰੀਆਂ ਨੇ ਬਿਨਾਂ ਵਾਰਨਿੰਗ ਦਿਤਿਆਂ ਅੰਨੇ ਵਾਹ ਡਾਂਗ ਵਰਾਈ ਹੈ। ਪੀ.ਆਰ.ਟੀ.ਸੀ. ਦੇ ਕਾਮੇ ਹੋਣ ਜਾਂ .ਟੀ.ਟੀ. ਟੀਚਰ, ਨਰਸਾਂ ਹੋਣ ਜਾਂ ਮਿਡ-ਡੇ-ਮੀਲ ਵਾਲੀਆਂ ਕੁੱਕ ਬੀਬੀਆਂ, ਬੇਕਿਰਕੀ ਨਾਲ ਛੱਲੀਆਂ ਵਾਂਗ ਕੁਟਾਪਾ ਚਾੜਿਆ ਹੈ। ਕੁੱਟਣ ਉਪਰੰਤ ਠਾਣੇ ਡੱਕਿਆ ਹੈ। ਡਰਾਇਆ ਧਮਕਾਇਆ ਹੈ। ਮੁਆਫੀਨਾਮਾ ਲਿਖਵਾਉਣ ਦਾ ਦਬਾਅ ਪਾਇਆ ਹੈ। ਕਿਸੇ ਨੂੰ ਛੱਡ ਦਿੱਤਾ ਹੈ। ਕਿਸੇ 'ਤੇ ਪਰਚੇ ਪਾ ਕੇ ਜੇਲ ਬੰਦ ਕੀਤਾ ਹੈ। 

ਜਿਸ ਜਥੇਬੰਦੀ ਦੇ ਪ੍ਰਦਰਸ਼ਨ ਨੇ 'ਵੱਡੀ ਸਰਕਾਰ' ਦੇ ਮੱਥੇ ਵੱਜ ਜਾਣ ਕਾਰਨ ਪੁਲਸ ਅਧਿਕਾਰੀ ਨੂੰ 'ਉਲਾਂਭਾ' ਦਿਵਾ ਦਿੱਤਾ, ਉਸ ਜਥੇਬੰਦੀ ਦਾ 'ਗੁਨਾਹ' ਵੀ ਵੱਡਾ ਬਣ ਜਾਂਦਾ ਹੈ ਤੇ ਉਸਨੂੰ ਸਜ਼ਾ ਵੀ ਵੱਡੀ ਮਿਲਦੀ ਹੈ। 
ਚੋਣਾਂ ਸਮੇਂ ਉਮੀਦਵਾਰਾਂ ਤੇ ਉਹਨਾਂ ਦੀਆਂ ਸਿਆਸੀ ਪਾਰਟੀਆਂ ਦੀ ਲੋਕ-ਹਿਤਾਂ ਬਾਰੇ ਸਭ ਵੋਟਰਾਂ ਨੂੰ ਪੂਰੀ ਤੇ ਸਹੀ ਜਾਣਕਾਰੀ ਮੁਹੱਈਆ ਹੋ ਸਕਣ ਦੇ ਸਾਧਨ ਜੁਟਾਉਣੇ, ਵੋਟਰਾਂ ਨੂੰ ਇਸ ਜਾਣਕਾਰੀ ਨੂੰ ਸਮਝਣ ਦੇ ਸਮਰੱਥ ਬਣਾਉਣ ਲਈ ਅਤੇ ਨਿਸ਼ਚਿਤ ਵਿਚਾਰ ਬਣਾਉਣ ਦੇ ਕਾਬਲ ਕਰਨ ਲਈ ਆਰਥਿਕ ਤੇ ਸਮਾਜਕ ਲੁੱਟ-ਦਾਬੇ ਤੋਂ ਮੁਕਤ ਹਾਲਤਾਂ ਦੇਣੀਆਂ, ਹਰ ਵੋਟਰ ਨੂੰ ਆਵਦੇ ਸੁਤੰਤਰ ਵਿਚਾਰ ਰੱਖਣ ਅਤੇ ਵਿਚਾਰ ਪ੍ਰਗਟਾਉਣ (ਜਬਾਨੀ ਜਾਂ ਲਿਖਤੀ ਜਾਂ ਦੋਵੇਂ ਰੂਪਾਂ ਵਿੱਚ) ਦੀ ਖੁੱਲ ਤੇ ਮਾਹੌਲ ਦੇਣਾ, ਸੰਘਰਸ਼ ਕਰਨ ਦੀ ਆਜ਼ਾਦੀ ਦੇਣਾ, ਜਮਹੂਰੀਅਤ ਹੈ। ਪਰ ਇਥੋਂ ਦੇ ਦ੍ਰਿਸ਼ ਤਾਂ ਇਸ ਨਾਲ ਭੋਰਾ ਵੀ ਮੇਲ ਨਹੀਂ ਖਾਂਦੇ। ਸਭ ਥਾਂ ਤਾਨਾਸ਼ਾਹੀ ਹੀ ਝਲਕਾਂ ਮਾਰਦੀ ਹੈ। 

ਸੰਵਿਧਾਨ ਘੜਨ ਸਮੇਂ ਭਾਰਤੀ ਹਾਕਮਾਂ ਨੇ ਮੁਲਕ ਦੇ ਜਮਹੂਰੀ ਵਿਰੋਧੀ ਸਮਾਜਿਕ ਪ੍ਰਬੰਧ ਅਤੇ ਬਸਤੀਵਾਦੀ ਤਰਜ਼ ਦੇ   ਅਫਸਰ-ਸ਼ਾਹੀ ਢਾਂਚੇ ਦੀ ਹਕੀਕਤ ਤੇ ਪਰਦਾ ਪਾਉਣ ਲਈ ਬਰਤਾਨਵੀ ਤਰਜ਼ ਦੇ ਪਾਰਲੀਮਾਨੀ ਸਿਆਸੀ ਸਿਸਟਮ ਦਾ ਮਖੌਟਾ ਮੜ੍ਹ ਦਿਤਾ। ਇਹੋ ਤਜਰਬਾ ਸੀ ਜਿਸਨੂੰ ਸਵਿਧਾਨ ਘੜਨ ਵਿਚ ਮੋਹਰੀ ਰੋਲ ਅਦਾ ਕਰਨ ਵਾਲੇ ਡਾ: ਅੰਬੇਦਕਰ ਨੇ ਕਿਹਾ ਸੀ ਕਿ ਅਸੀ ਜਗੀਰਦਾਰੀ ਸਮਾਜਿਕ ਨਿਜ਼ਾਮ ਵਿਚ ਪਾਰਲੀਮਾਨੀ ਜਮਹੂਰੀਅਤ ਦਾ ਤਜਰਬਾ ਕਰ ਰਹੇ ਹਾਂ। ਇਹ ਜਗੀਰਦਾਰੀ ਸਮਾਜਕ ਨਿਜ਼ਾਮ ਹੀ ਹੈ ਜੀਹਦਾ ਹਰ ਸਮੇਂ ਡਾਂਗ 'ਤੇ ਡੇਰਾ ਹੁੰਦਾ ਹੈ। ਜਿਹੜਾ ਲੋਕਾਂ ਨੂੰ ਆਰਥਿਕ ਤੇ ਸਮਾਜਿਕ ਮੁਥਾਜਗੀ ਤੇ ਦਾਬੇ ਦੇ ਸੰਗਲਾਂ ਵਿਚ ਨਰੜ ਕੇ ਰੱਖਦਾ ਹੈ। ਜਿਹੜਾ, ਸਿਰ ਉੱਠੇ ਨਹੀਂ, ਝੁਕੇ ਵੇਖਣ ਦਾ ਹੀ ਸ਼ੌਕੀਨ ਹੁੰਦਾ ਹੈ। ਤਲਵੰਡੀ ਸਾਬੋ ਵਿਚ ਇਹੀ ਹੋ ਰਿਹਾ ਹੈ। 

ਸੰਘਰਸ਼-ਸ਼ੀਲ ਲੋਕੋ, ਕਦਮ ਅੱਗੇ ਵਧਾਓ। ਜਗੀਰਦਾਰੀ ਤੇ ਉਸਦੀ ਪਿੱਠ ਥਾਪੜ ਰਹੇ ਸਾਮਰਾਜ ਵਿਰੁੱਧ ਇਕ-ਜੁੱਟ ਮਜਬੂਤ ਲੋਕ ਲਹਿਰ ਉਸਾਰਨ ਰਾਹੀਂ, ਜਮਹੂਰੀ ਸਮਾਜਿਕ ਜਾਗਰਿਤੀ ਦੀ ਲਹਿਰ ਚਲਾਉਣ ਰਾਹੀਂ, ਪੁਰਾਣੀਆਂ ਰੂੜੀ-ਵਾਦੀ ਤੇ ਜਗੀਰੂ ਸੋਚਾਂ ਤੇ ਕਦਰਾਂ-ਕੀਮਤਾਂ ਖਿਲਾਫ ਚੇਤਨਾ ਮੁਹਿੰਮਾਂ ਰਾਹੀਂ ਸਮਾਜ ਵਿਚੋਂ ਜਮਹੂਰੀਅਤ ਦੁਸ਼ਮਣ ਰਜਵਾੜਾ-ਸ਼ਾਹੀ ਤੇ ਜਗੀਰੂ ਤਾਕਤਾਂ ਦੀ ਆਰਥਿਕ ਤੇ ਸਮਾਜਿਕ ਤਾਕਤ ਨੂੰ ਖਤਮ ਕਰਕੇ ਅਸਲੀ ਜਮਹੂਰੀਅਤ ਸਥਾਪਤ ਕਰਨ ਵਿਚ ਸਫਲਤਾ ਹਾਸਲ ਹੋਣੀ ਹੈ। 

ਜਗਮੇਲ ਸਿੰਘ, ਜਨਰਲ ਸਕੱਤਰ
ਲੋਕ ਮੋਰਚਾ ਪੰਜਾਬ, ਫੋਨ: 9417224822