StatCounter

Friday, June 29, 2012

ਸੀਮਾ ਅਜ਼ਾਦ ਤੇ ਵਿਸ਼ਵ ਵਿਜੇ ਨੂੰ ਉਮਰ ਕੈਦ
ਦੇਸ ਭਗਤਾਂ ਨੂੰ 'ਦੇਸ ਧ੍ਰੋਹੀ' ਦੱਸ ਕੇ ਜੇਲ੍ਹੀਂ ਡੱਕਿਆ

ਭਾਰਤੀ ਜਮਹੂਰੀਅਤ ਦਾ ਖੂੰਖਾਰ ਚਿਹਰਾ ਇੱਕ ਵਾਰ ਫੇਰ ਬੇਪਰਦ ਹੋ ਗਿਆ ਹੈ। ਜਮਹੂਰੀ ਹੱਕਾਂ ਦੀ ਸਰਗਰਮ ਕਾਰਕੁੰਨ ਅਤੇ ਲੋਕ ਪੱਖੀ ਪੱਤਰਕਾਰ ਸੀਮਾ ਅਜ਼ਾਦ ਅਤੇ ਸਾਬਕਾ ਵਿਦਿਆਰਥੀ ਆਗੂ ਵਿਸ਼ਵ ਵਿਜੇ ਨੂੰ ਅਲਾਹਾਬਾਦ ਦੇ ਵਧੀਕ ਸੈਸ਼ਨ ਜੱਜ ਸੁਨੀਲ ਕੁਮਾਰ ਸਿੰਘ ਨੇ ਦੇਸ-ਧ੍ਰੋਹ ਦੇ ਦੋਸ਼ ਤਹਿਤ ਬਾਮੁਸ਼ੱਕਤ ਉਮਰ ਕੈਦ ਅਤੇ 20-20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਗੈਰ-ਕਨੂੰਨੀ ਸਰਗਰਮੀਆਂ ਰੋਕੂ ਕਨੂੰਨ ਦੀ ਧਾਰਾ 13 ਤਹਿਤ 5-5 ਸਾਲ, ਧਾਰਾ 18, 20, 38 ਅਤੇ 39 ਤਹਿਤ 10,10 ਸਾਲ ਦੀ ਬਾਮੁਸ਼ਕੱਤ ਕੈਦ ਤੇ ਜੁਰਮਾਨਾ ਕੀਤਾ ਗਿਆ ਹੈ।

ਸੀਮਾ ਅਜ਼ਾਦ ਸ਼ਹਿਰੀ ਅਜ਼ਾਦੀਆਂ ਦੀ ਰਾਖੀ ਲਈ ਬਣੀ ਜੱਥੇਬੰਦੀ ਪੀ.ਯੂ.ਸੀ.ਐਲ (PUCL) ਦੀ ਉੱਤਰ ਪ੍ਰਦੇਸ਼ ਇਕਾਈ ਦੀ ਸਕੱਤਰ ਹੈ। ਡਾ. ਬਿਨਾਇਕ ਸੇਨ - ਜਿਸਨੂੰ ਛੱਤੀਸਗੜ੍ਹ ਦੀ ਅਦਾਲਤ ਨੇ 'ਦੇਸ ਧ੍ਰੋਹ' ਦੇ ਦੋਸ਼ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਵੀ ਪੀ.ਯੂ.ਸੀ.ਐਲ ਦਾ ਆਗੂ ਹੈ। 6 ਫਰਵਰੀ 2010 ਨੂੰ ਸੀਮਾ ਅਜ਼ਾਦ ਅਤੇ ਉਸਦੇ ਪਤੀ ਵਿਸ਼ਵ ਵਿਜੇ ਨੂੰ ਪੁਲਸ ਨੇ ਅਲਾਹਾਬਾਦ ਦੇ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ ਸੀ। ਉਹਨਾਂ 'ਤੇ ਮਾਓਵਾਦੀ ਸਾਹਿਤ ਰੱਖਣ ਅਤੇ ਇਸ ਤਰ੍ਹਾਂ ਦੇਸ ਧ੍ਰੋਹ, ਮੁਲਕ ਖਿਲਾਫ ਸਾਜਿਸ਼ ਰਚਣ ਅਤੇ ਗੈਰ ਕਨੂੰਨੀ ਸਰਗਰਮੀਆਂ 'ਚ ਰੁੱਝੇ ਹੋਣ ਦੇ ਸੰਗੀਨ ਦੋਸ਼ ਲਗਾਏ ਗਏ ਸਨ।

ਸੀਮਾ ਅਜ਼ਾਦ ਦਾ ਲੋਕਾਂ ਸੰਗ ਖੜ੍ਹਨਾ - 'ਦੇਸ ਧ੍ਰੋਹ'

   
Seema Azad and Vishwajeet Azad
ਮਨੁੱਖੀ ਅਧਿਕਾਰਾਂ ਦੀ ਸਰਗਰਮ ਕਾਰਕੁੰਨ ਅਤੇ ਲੋਕ ਪੱਖੀ ਪੱਤਰਕਾਰ ਹੋਣ ਦੇ ਨਾਤੇ ਸੀਮਾ ਅਜ਼ਾਦ ਨੇ ਸਰਕਾਰ ਦੀਆਂ ਸਾਮਰਾਜ ਪੱਖੀ ਅਤੇ ਲੋਕ ਧ੍ਰੋਹੀ ਆਰਥਕ ਨੀਤੀਆਂ ਦੀ ਪੋਲ ਖੋਲ੍ਹੀ। ਉਹਨੇ ਭਾਰਤੀ ਹਾਕਮਾਂ ਦੀਆਂ ਨਵ-ਉਦਾਰਵਾਦੀ ਆਰਥਕ ਨੀਤੀਆਂ - ਉਦਾਰੀਕਰਨ, ਸੰਸਾਰੀਕਰਨ ਅਤੇ ਨਿੱਜੀਕਰਨ; ਅਤੇ ਜਬਰ ਦੇ ਨਿੱਤ ਤਿੱਖੇ ਕੀਤੇ ਜਾ ਰਹੇ ਸੰਦਾਂ - ਫੌਜ, ਪੁਲਸ, ਨੀਮ ਫੌਜੀ ਬਲ, ਜੇਲ੍ਹਾਂ, ਠਾਣੇ ਅਤੇ ਜਾਬਰ ਕਾਲੇ ਕਨੂੰਨਾਂ ਦੇ ਜਬਾੜਿਆਂ 'ਚ ਦਰੜੇ ਜਾ ਰਹੇ ਲੋਕਾਂ ਦੀ ਵਿਥਿਆ ਬਿਆਨ ਕਰਨ ਅਤੇ ਉਹਨਾਂ ਦੇ ਲੁੱਟ ਜਬਰ ਤੋਂ ਮੁਕਤੀ ਦੇ ਸੰਘਰਸ਼ਾਂ 'ਚ ਮੋਢੇ ਨਾਲ ਮੋਢਾ ਜੋੜਨ ਦਾ ਰਾਹ ਚੁਣਿਆ।


Binayak Sen
 
ਉਹਨੇ ਵਿਸ਼ੇਸ਼ ਆਰਥਕ ਖੇਤਰਾਂ, ਬਹੁ-ਮਾਰਗੀ ਸੜਕਾਂ - ਖਾਸ ਤੌਰ 'ਤੇ ਗੰਗਾ ਐਕਸਪ੍ਰੈਸ ਵੇਅ ਯੋਜਨਾ ਨਾਲ ਕਿਸਾਨਾਂ ਦੇ ਹੋਣ ਵਾਲੇ ਉਜਾੜੇ ਨੂੰ ਤੱਥਾਂ ਸਹਿਤ ਉਜਾਗਰ ਕੀਤਾ। ਪੁਲਸ ਅਤੇ ਬਾਹੂ-ਬਲੀਆਂ ਦੇ ਗੱਠਜੋੜ ਵਲੋਂ ਅਲਾਹਾਬਾਦ ਅਤੇ ਕੌਸ਼ੰਭੀ ਜਿਲਿਆਂ 'ਚ ਰੇਤ ਦੀ ਖੁਦਾਈ 'ਚ ਲੱਗੇ ਮਜ਼ਦੂਰਾਂ ਦੀ ਅੰਨੀ ਲੁੱਟ, ਪੁਲਸ ਜਬਰ ਅਤੇ ਉਹਨਾਂ ਦੇ ਜਮਹੂਰੀ ਹੱਕਾਂ ਦੇ ਘਾਣ ਦੇ ਦਰਦਨਾਕ ਵੇਰਵੇ ਲੋਕਾਂ ਦੀ ਕਚਹਿਰੀ 'ਚ ਉਜਾਗਰ ਕੀਤੇ। (ਉੱਥੋਂ ਦੇ ਇੱਕ ਡੀ.ਆਈ.ਜੀ ਨੇ ਮਜ਼ਦੂਰਾਂ ਦੇ ਆਪਸੀ ਬੋਲ-ਚਾਲ 'ਚ 'ਲਾਲ ਸਲਾਮ' ਸੰਬੋਧਨ 'ਤੇ ਪਾਬੰਦੀ ਲਗਾ ਦਿੱਤੀ ਸੀ।) ਸੀਮਾ ਅਜ਼ਾਦ ਪੁਲਸ ਅਤੇ ਐਸ.ਟੀ.ਐਫ ਵਲੋਂ ਆਜ਼ਮਗੜ੍ਹ ਜਿਲੇ 'ਚ ਲੋਕਾਂ 'ਚ ਦਹਿਸ਼ਤ ਪਾਉਣ ਲਈ ਮੁਸਲਿਮ ਨੌਜਵਾਨਾਂ ਦੀਆਂ ਅੰਨ੍ਹੇਵਾਹ ਗ੍ਰਿਫਤਾਰੀਆਂ ਦੇ ਖਿਲਾਫ ਜੁਟੀ, ਪੁਲਸ ਦੀ ਧੱਕੇਸ਼ਾਹੀ ਖਿਲਾਫ ਲੋਕਾਂ ਨੂੰ ਲਾਮਬੰਦ ਕੀਤਾ। ਉਸਨੇ ਮੁਸਾਹਿਰ ਲੋਕਾਂ ਦੀ ਦੁਖਦਾਈ ਜਿੰਦਗੀ ਅਤੇ ਸਰਕਾਰ ਵਲੋਂ ਉਹਨਾਂ ਦੀ ਮੁਕੰਮਲ ਅਣਦੇਖੀ ਵੱਲ ਲੋਕਾਂ ਦਾ ਧਿਆਨ ਖਿੱਚਿਆ। ਮਹਾਂਮਾਰੀ ਵਾਂਗ ਫੈਲੇ ਦਿਮਾਗੀ ਬੁਖਾਰ ਅਤੇ ਹੋਰ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਮਰ ਰਹੇ ਹਜ਼ਾਰਾਂ ਗਰੀਬ ਲੋਕਾਂ ਖਾਸ ਤੌਰ ਤੇ ਬੱਚਿਆਂ ਦੀਆਂ ਮੌਤਾਂ ਲਈ ਸਰਕਾਰ ਅਤੇ ਸਿਹਤ ਅਧਿਕਾਰੀਆਂ ਦੇ ਕੁਕਰਮਾਂ 'ਤੇ ਉਂਗਲ ਧਰੀ। ਉਸਨੇ ਆਪਣੀਆਂ ਸਰਗਰਮੀਆਂ ਰਾਹੀਂ ਲੋਕਾਂ 'ਚ ਜਮਹੂਰੀ ਚੇਤਨਾ ਪੈਦਾ ਕੀਤੀ। ਸਰਕਾਰ ਦੀਆਂ ਨਜ਼ਰਾਂ 'ਚ ਇਹ ਸਾਰੀਆਂ ਸਰਗਰਮੀਆਂ ਦੇਸ-ਧ੍ਰੋਹ ਹਨ। ਇਸ ਲਈ ਉਸਨੂੰ ਜੇਲ੍ਹ 'ਚ ਸੁੱਟ ਦਿੱਤਾ ਗਿਆ।
Jiten Marandi

ਭਾਰਤੀ ਬੁੱਧੀਜੀਵੀਆਂ ਦਾ ਇੱਕ ਵੱਡਾ ਹਿੱਸਾ, ਸਰਕਾਰ ਦੀਆਂ ਨਵ-ਉਦਾਰਵਾਦੀ ਆਰਥਕ ਨੀਤੀਆਂ ਤਹਿਤ ਝਾੜਖੰਡ, ਉੜੀਸਾ, ਆਂਧਰਾ, ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਦੇ ਕਬਾਇਲੀ ਇਲਾਕਿਆਂ 'ਚ ਅਤੇ ਮੁਲਕ ਦੇ ਹੋਰ ਹਿੱਸਿਆਂ 'ਚ ਜਲ, ਜੰਗਲ, ਜਮੀਨਾਂ, ਲਿਕਾਂ ਤੋਂ ਖੋਹ ਕੇ ਬਹੁ-ਕੌਮੀ ਕਾਰਪੋਰੇਸ਼ਨਾਂ ਦੇ ਹਵਾਲੇ ਕਰਨ - ਤਾਂ ਜੋ ਉਹ ਧਰਤੀ ਹੇਠਲੇ ਕੁਦਰਤੀ ਮਾਲ-ਖਜ਼ਾਨਿਆਂ, ਖਣਿਜ-ਪਦਾਰਥਾਂ ਆਦਿ ਦੀ ਅੰਨੀ ਲੁੱਟ ਕਰ ਸਕਣ ਦਾ ਲਗਾਤਾਰ ਵਿਰੋਧ ਕਰਦਾ ਆ ਰਿਹਾ ਹੈ। ਇਹ ਬੁੱਧੀਜੀਵੀ, ਭਾਰਤੀ ਹਾਕਮਾਂ ਵਲੋਂ ਇਹਨਾਂ ਨੀਤੀਆਂ ਵਿਰੁੱਧ ਉੱਠੇ ਲੋਕ ਰੋਹ ਨੂੰ ਸਲਵਾ-ਜੁਦਮ, ਅਪ੍ਰੇਸ਼ਨ ਗ੍ਰੀਨ ਹੰਟ ਅਤੇ ਅਜਿਹੇ ਹੋਰ ਅਨੇਕਾਂ ਜਾਬਰ ਕਦਮਾਂ ਰਾਹੀਂ ਕੁਚਲਣ ਦਾ ਵਿਰੋਧ ਕਰਦੇ ਰਹੇ ਹਨ। ਭਾਰਤੀ ਹਾਕਮ ਇਹਨਾਂ ਬੁੱਧੀਜੀਵੀਆਂ ਤੋਂ ਬੇਹੱਦ ਖਫ਼ਾ ਹਨ, ਉਹਨਾਂ ਦੀ ਜੁਬਾਨ-ਬੰਦੀ ਕਰਨ ਲਈ ਨਿੱਤ ਨਵਾਂ ਹੀਲਾ ਵਰਤਦੇ ਹਨ। ਇਹੋ ਕਾਰਣ ਹੈ ਕਿ ਸੰਸਾਰ ਬੈਂਕ ਦੇ ਸਾਬਕਾ ਅਧਿਕਾਰੀ ਅਤੇ ਮੌਜੂਦਾ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਆਪਣਾ ਅਹੁਦਾ ਸੰਭਾਲਣ ਸਾਰ - ਸਰਕਾਰ ਦੀਆਂ ਸੰਸਾਰੀਕਰਨ, ਉਦਾਰੀਕਰਨ, ਨਿੱਜੀਕਰਨ ਦੀਆਂ ਨੀਤੀਆਂ ਅਤੇ ਸਲਵਾ-ਜੁਦਮ, ਅਪ੍ਰੇਸ਼ਨ ਗ੍ਰੀਨ ਹੰਟ ਆਦਿ ਵਿਰੁੱਧ ਲੋਕ-ਸੰਘਰਸ਼ਾਂ 'ਚ ਲੋਕਾਂ ਦਾ ਸਾਥ ਦੇਣ ਵਾਲੇ ਬੁੱਧੀਜੀਵੀਆਂ ਨੂੰ ਗੈਰ-ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ (UAPA) ਤਹਿਤ ਜੇਲ੍ਹੀਂ ਡੱਕਣ ਦਾ ਐਲਾਨ ਕੀਤਾ ਸੀ।

Abhijan Sarkar
ਡਾ. ਬਿਨਾਇਕ ਸੇਨ, ਜਤਿਨ ਮਰਾਂਡੀ, ਉਤਪਲ (ਝਾੜਖੰਡ ਅਭਿਯਾਨ ਨਾਂ ਦੇ ਕਰਾਂਤੀਕਾਰੀ ਸਭਿਆਚਾਰਕ ਗਰੁੱਪ 'ਚ ਕੰਮ ਕਰਦੇ ਗਾਇਕ ਅਤੇ ਗੀਤਕਾਰ), ਅਭੈ ਸਾਹੂ (ਪਾਸਕੋ ਪ੍ਰਤੀਰੋਧ ਸੰਗਰਾਮ ਸਮਿਤੀ) ਅਰੁਨ ਫਰੇਰਾ, ਡੈਬੋਲੀਨਾ ਚੱਕਰਵਰਤੀ, ਮਾਨਸ ਚੈਟਰਜੀ, ਪਾਰਥੋਸਾਰਥੀ ਰੇਅ, ਅਭਿਜਾਨ ਸਰਕਾਰ ਅਤੇ ਉਹਨਾਂ ਦੇ ਹੋਰ ਸਾਥੀ, ਇਹਨਾਂ ਸਾਰੇ ਬੁੱਧੀਜੀਵੀਆਂ ਨੂੰ ਢੱਤੀਸਗੜ੍ਹ, ਝਾੜਖੰਡ, ਉੜੀਸਾ, ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਦੀਆਂ ਸਰਕਾਰਾਂ ਨੇ ਵੱਖ ਵੱਖ ਸਮਿਆਂ 'ਤੇ ਗੈਰ ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ (UAPA) ਅਤੇ ਹੋਰ ਜਾਬਰ ਕਨੂੰਨਾਂ ਤਹਿਤ ਮੁਕੱਦਮੇ ਦਰਜ ਕਰਕੇ ਸਾਲਾਂ ਬੱਧੀ ਜੇਲ੍ਹੀਂ ਡੱਕਿਆ ਹੈ। ਸੀਮਾ ਅਜ਼ਾਦ ਅਤੇ ਵਿਸ਼ਵ ਵਿਜੇ ਨੂੰ ਦਿੱਤੀ ਉਮਰ ਕੈਦ ਦੀ ਸਜ਼ਾ ਇਸੇ ਲੜੀ ਦੀ ਹੀ ਇੱਕ ਕੜੀ ਹੈ।

Debolina Chakraborty
ਭਾਰਤੀ ਹਾਕਮ ਇਹਨਾਂ ਕਦਮਾਂ ਰਾਹੀਂ ਬੁੱਧੀਜੀਵੀਆਂ ਨੂੰ ਲੋਕ ਸੰਘਰਸ਼ਾਂ ਤੋਂ ਦੂਰ ਭਜਾਉਣਾ ਚਾਹੁੰਦੇ ਹਨ। ਪਰ, ਇਹ ਉਹਨਾਂ ਦਾ ਭਰਮ ਹੈ। ਵਿਸ਼ਵ ਵਿਜੇ ਦੇ ਇੱਕ ਦੋਸਤ ਪੱਤਰਕਾਰ ਅੰਜਨੀ ਕੁਮਾਰ ਦੇ ਸ਼ਬਦ ਇਸ ਭਰਮ ਨੂੰ ਤੋੜਦੇ ਹਨ:
"ਅੱਜ ਦੇ ਦੌਰ ਵਿੱਚ ਲੋਕ-ਸਰੋਕਾਰ ਅਤੇ ਇਤਿਹਾਸਕ ਜੁੰਮੇਵਾਰੀਆਂ 'ਚ ਭਾਗੀਦਾਰ ਹੋਣ ਦਾ ਇੱਕ ਹੀ ਅਰਥ ਹੈ: ਲੋਕ-ਸੰਘਰਸ਼ਾਂ ਨਾਲ ਜੁੜਨਾ, ਲੋਕਾਂ ਨਾਲ ਮਿਲਕੇ ਸੰਘਰਸ਼ ਕਰਨਾ। ਜਿਸ ਦੇਸ ਦੇ ਅਰਥਚਾਰੇ 'ਤੇ ਸੂਦਖੋਰਾਂ ਅਤੇ ਸੱਟੇਬਾਜਾਂ ਦੀ ਪਕੜ ਇਸ ਕਦਰ ਮਜ਼ਬੂਤ ਹੋ ਚੁੱਕੀ ਹੈ ਕਿ ਪ੍ਰਧਾਨ ਮੰਤਰੀ ਤੋਂ ਲੈਕੇ ਖਜਾਨਾ ਮੰਤਰੀ ਤੱਕ ਦੇਸ ਦੇ ਭਵਿੱਖ ਬਾਰੇ ਸੱਟੇਬਾਜ਼ਾਂ ਵਾਂਗ ਅੰਦਾਜ਼ਾ ਹੀ ਲਾਉਂਦੇ ਹਨ, ਉੱਥੇ ਲੋਕਾਂ ਸਾਹਮਣੇ ਦੋ ਤਰ੍ਹਾਂ ਦਾ ਭਵਿੱਖ ਬਚਿਆ ਹੈ - ਇੱਕ : ਜਿਸ ਹੱਦ ਤੱਕ ਵੀ ਹੋ ਸਕੇ ਦੇਸ ਨੂੰ ਲੁੱਟਿਆ ਜਾਵੇ (ਜੋ ਖੁਲ੍ਹੇਆਮ ਹੋ ਰਿਹਾ ਹੈ) ਦੂਜਾ : ਲੋਕਾਂ ਨਾਲ ਮਿਲ ਕੇ ਲੁੱਟ ਅਤੇ ਕਤਲੇਆਮ ਤੋਂ ਖੁਦ ਨੂੰ ਅਤੇ ਦੇਸ ਨੂੰ ਬਚਾ ਲਿਆ ਜਾਵੇ (ਜਿਸ ਰਾਹ ਤੇ ਚਲਦਿਆਂ ਦੇਸ ਧ੍ਰੋਹ, ਨਕਸਲਵਾਦ, ਮਾਓਵਾਦ, ਦਹਿਸ਼ਤਗਰਦੀ ਤੇ ਠੱਪੇ ਲਗਦੇ ਹਨ)"


Arun Ferreira
 ਡਾ. ਬਿਨਾਇਕ ਸੇਨ, ਜਤਿਨ ਮਰਾਂਡੀ, ਅਰੁਨ ਫਰੇਰਾ, ਅਭੈ ਸਾਹੂ, ਸੀਮਾ ਅਜ਼ਾਦ ਅਤੇ ਵਿਸ਼ਵ ਵਿਜੇ ਦੇਸ-ਧ੍ਰੋਹੀ ਨਹੀਂ ਸਗੋਂ ਸੱਚੇ ਦੇਸ-ਭਗਤ ਹਨ। ਦੇਸ-ਧ੍ਰੋਹੀ ਤਾਂ ਇਸ ਦੇਸ ਦੇ ਹਾਕਮ ਹਨ ਜੋ ਝੂਠੀਆਂ ਸ਼ਹਾਦਤਾਂ ਅਤੇ ਦੰਭੀ ਨਿਆਇਕ ਪ੍ਰਕ੍ਰਿਆ ਦੇ ਸਿਰ 'ਤੇ ਇਹਨਾਂ ਲੋਕਾਂ ਨੂੰ ਉਮਰ ਭਰ ਲਈ ਜੇਲ੍ਹਾਂ 'ਚ ਸੁੱਟ ਰਹੇ ਹਨ, ਜੋ ਭਾਰਤ ਦੇ ਕੁਦਰਤੀ ਮਾਲ ਖਜਾਨੇ, ਖਣਿਜ ਪਦਾਰਥ, ਤੇਲ ਅਤੇ ਗੈਸ ਦੇ ਭੰਡਾਰ, ਨਦੀਆਂ ਜੰਗਲ ਅਤੇ ਜਮੀਨਾਂ ਸਾਮਰਾਜੀ ਬਹੁਕੌਮੀ ਕੰਪਨੀਆਂ ਅਤੇ ਉਹਨਾਂ ਦੇ ਭਾਰਤੀ ਏਜੰਟਾਂ ਕੋਲ ਗਿਰਵੀ ਰੱਖ ਰਹੇ ਹਨ, ਜੋ ਬਦੇਸੀ ਸਾਮਰਾਜੀਆਂ ਲਈ ਭਾਰਤੀ ਲੋਕਾਂ ਦੀ ਲੁੱਟ ਦੇ ਸਾਰੇ ਦਰਵਾਜੇ ਖੋਲ੍ਹ ਰਹੇ ਹਨ।


ਇਸ ਵਰਤਾਰੇ ਦਾ ਵਿਰੋਧ ਸਮੇਂ ਦੀ ਪ੍ਰਮੁੱਖ ਲੋੜ ਹੈ। ਬੁੱਧੀਜੀਵੀਆਂ ਦੀ ਜ਼ੁਬਾਨ 'ਤੇ ਜਿੰਦੇ ਲਾਉਣ ਦੀਆਂ ਕੋਸ਼ਿਸ਼ਾਂ ਬੰਦ ਹੋਣੀਆਂ ਚਾਹੀਦੀਆਂ ਹਨ। ਸੀਮਾ ਅਜ਼ਾਦ ਅਤੇ ਵਿਸ਼ਵ ਵਿਜੇ ਦੀ ਉਮਰ ਕੈਦ ਰੱਦ ਕਰਕੇ ਤੁਰੰਤ ਰਿਹਾਈ ਹੋਣੀ ਚਾਹੀਦੀ ਹੈ। ਲੋਕ ਦੋਖੀ ਅਤੇ ਜਾਬਰ ਨੀਤੀਆਂ ਦੀ ਸਫ਼ ਵਲ੍ਹੇਟੀ ਜਾਣੀ ਚਾਹੀਦੀ ਹੈ। ਇਹ ਲੋਕਾਂ ਦੀ ਸਾਂਝੀ ਅਤੇ ਗਰਜਵੀਂ ਅਵਾਜ਼ ਨਾਲ ਹੀ ਸੰਭਵ ਹੈ।



ਸੀਮਾ ਅਜ਼ਾਦ - ਲੋਕ ਹੱਕਾਂ ਦੀ ਬੁਲੰਦ ਅਵਾਜ਼
(ਪੱਤਰਕਾਰ ਅੰਜਨੀ ਕੁਮਾਰ ਦੇ ਲੇਖ 'ਚੋਂ ਕੁੱਝ ਅੰਸ਼)

6 ਫਰਵਰੀ 2010 ਸਵੇਰ ਵੇਲੇ ਸੀਮਾ ਅਤੇ ਉਸਦੇ ਪਤੀ ਵਿਸ਼ਵ ਵਿਜੇ ਨੂੰ, ਅਲਾਹਾਬਾਦ ਰੇਲਵੇ ਸਟੇਸ਼ਨ 'ਤੇ ਰੀਵਾਂਚਲ ਐਕਸਪ੍ਰੈਸ ਤੋਂ ਉੱਤਰਦਿਆਂ ਹੀ ਮਾਓਵਾਦੀ ਹੋਣ ਅਤੇ ਸਰਕਾਰ ਦੇ ਖਿਲਾਫ ਸਾਜਿਸ਼ ਰਚਣ ਦੇ ਦੋਸ਼ 'ਚ ਪੁਲਸ ਨੇ ਗ੍ਰਿਫਤਾਰ ਕਰ ਲਿਆ। ਦੋਹਾਂ 'ਤੇ ਗੈਰ ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ (UAPA) ਤਹਿਤ ਮੁਕੱਦਮਾ ਠੋਕ ਦਿੱਤਾ। ਇਸ ਤੋਂ ਬਾਅਦ ਅਦਾਲਤ 'ਚ ਜਮਾਨਤ ਦੀਆਂ ਕਈ ਅਰਜੀਆਂ ਲਾਈਆਂ ਗਈਆਂ ਪਰ ਹਰ ਵਾਰ ਰੱਦ ਹੁੰਦੀਆਂ ਰਹੀਆਂ। ਜਾਹਰਾ ਤੌਰ 'ਤੇ ਜਮਾਨਤ ਨਾ ਦੇਣ ਪਿੱਛੇ ਸੀਮਾ ਅਜ਼ਾਦ ਦੇ ਖਤਰਨਾਕ ਹੋਣ ਦਾ ਤਗਮਾ ਹੀ ਵੱਧ ਚਮਕ ਰਿਹਾ ਹੋਵੇਗਾ। ਅੱਜ ਜਦੋਂ ਲੋਕਤੰਤਰ - ਪੂੰਜੀ, ਕਬਜੇ ਅਤੇ ਲੁੱਟ ਦਾ ਦਾਸ ਬਨਣ ਲਈ ਤਰਲੋ-ਮੱਛੀ ਹੋ ਰਿਹਾ ਹੈ ਤਾਂ ਖਤਰਨਾਕ ਹੋਣ ਦੇ ਅਰਥ ਵੀ ਬਦਲ ਗਏ ਹਨ। ਮਸਲਨ ਸਾਡੇ ਪ੍ਰਧਾਨ ਮੰਤਰੀ ਨੂੰ ਨੌਜਵਾਨਾਂ ਦੇ ਤਬਦੀਲੀ-ਪਸੰਦ ਹੋਣ (Radicalisation) ਤੋਂ ਬਹੁਤ ਡਰ ਆਉਂਦਾ ਹੈ। ਇਸ ਲਈ ਉਹ ਰਾਜ ਮਸ਼ੀਨਰੀ ਨੂੰ ਸਾਵਧਾਨ ਰਹਿਣ ਦੀ ਹਾਦਇਤ ਦਿੰਦੇ ਹਨ। ਸੀਮਾ ਅਜ਼ਾਦ ਉਸ ਦੌਰ 'ਚ ਤਬਦੀਲੀ ਪਸੰਦ (Radical) ਬਣੀ ਜਦੋਂ ਮਨਮੋਹਨ ਸਿੰਘ, ਪ੍ਰਧਾਨ ਮੰਤਰੀ ਨਹੀਂ ਸੀ। ਉਦੋਂ ਉਸਨੇ ਸੰਸਾਰ ਬੈਂਕ ਦੇ ਤਹਿਖਾਨਿਆਂ 'ਚੋਂ ਨਿਕਲ ਕੇ ਭਾਰਤ ਦੇ ਖਜਾਨਾ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਸਾਮਰਜੀਆਂ ਦੇ ਇਸ਼ਾਰਿਆਂ 'ਤੇ ਉਸਨੇ ਲੋਕਾਂ ਨੂੰ ਆਪਣੇ ਢਿੱਡਾਂ ਨੂੰ ਗੰਢਾਂ ਦੇਣ ਦੀ ਗੱਲ ਕਹੀ ਸੀ। ਅਤੇ ਇਸ ਤੋਂ ਬਾਅਦ ਤਾਂ ਜਿਵੇਂ ਪੂਰੇ ਦੇਸ ਨੂੰ ਹੀ ਗੰਢਾਂ ਦੇ ਕੇ ਮਰੋੜਨ ਦਾ ਸਿਲਸਿਲਾ ਚੱਲ ਪਿਆ।

ਉਦੋਂ ਸੀਮਾ ਅਜ਼ਾਦ ਦਾ ਨਾਂ ਸੀਮਾ ਸ਼੍ਰੀਵਾਸਤਵ ਸੀ। ਉਹਨੇ ਅਲਾਹਾਬਾਦ ਤੋਂ ਬੀ.ਏ ਕੀਤੀ ਅਤੇ ਫਿਰ ਯੂਨੀਵਰਸਿਟੀ ਤੋਂ ਮਨੋ-ਵਿਗਿਆਨ 'ਚ ਐਮ.ਏ ਕੀਤੀ। 1995 ਤੱਕ ਬ੍ਰਹਿਮੰਡ ਦੀਆਂ ਗਤੀਵਿਧੀਆਂ 'ਚ ਹੀ ਉਸਦੀ ਵੱਧ ਰੁਚੀ ਰਹੀ। ਬ੍ਰਹਿਸਤਪਤੀ ਦੇ ਚੰਦ, ਜੋ ਲੜੀ ਦੀ ਤਰ੍ਹਾਂ ਦਿਸਦੇ ਹਨ, ਉਹਨਾਂ ਨੂੰ ਉਹ ਟੈਲੀਸਕੋਪ 'ਤੇ ਘੰਟਿਆਂਬੱਧੀ ਦੇਖਦੀ ਰੰਹਿਦੀ। ਦੇਰ ਰਾਤ ਤੱਕ ਗ੍ਰਹਿਆਂ ਤੇ ਤਾਰਿਆਂ ਦੀ ਭਾਲ 'ਚ ਰੁੱਝੀ ਉਹ ਪਿਤਾ ਕਿੰਨੀ ਵਾਰ ਝਿੜਕਾਂ ਖਾ ਚੁੱਕੀ ਸੀ। ਉਸ ਵੇਲੇ ਤੱਕ ਮੁਲਕ 'ਚ ਉਦਾਰੀਕਰਨ ਦੀ ਅਰਥ ਨੀਤੀ ਦਾ, ਰਾਜਨੀਤੀ ਅਤੇ ਆਮ ਜੀਵਨ 'ਤੇ ਅਸਰ ਖੁਲ੍ਹਾ ਦਿਸਣ ਲੱਗ ਪਿਆ ਸੀ। ਸੀਮਾ ਨੇ ਬ੍ਰਹਿਮੰਡ ਦੀ ਚਾਲ ਨੂੰ ਜੇ. ਡੀ. ਬਰਨਾਲ ਦੀ ਕਿਤਾਬ "ਸਾਇੰਸ ਦਾ ਇਤਿਹਾਸ (History of Science)" ਰਾਹੀਂ, ਸਮਾਜ ਦੀ ਚਾਲ ਨਾਲ ਜੋੜਕੇ ਦੇਖਣਾ ਸ਼ੁਰੂ ਕੀਤਾ। ਅਜੋਕੇ ਵਿਗਿਆਨ ਅਤੇ ਫਲਸਫੇ 'ਚ ਆਈ ਹੋਈ ਖੜੋਤ ਵਿੱਚ ਉਸਨੇ ਸਮਾਜ ਦੀ ਗਤੀ ਦੇ ਸਾਹਮਣੇ ਲਾਏ ਗਏ ਬੰਨ੍ਹਾਂ ਨੂੰ ਸਮਝਣਾ ਸ਼ੁਰੂ ਕੀਤਾ।

1995 ਤੋਂ '96 'ਚ ਵਿਦਿਆਰਥੀਆਂ ਅਤੇ ਔਰਤਾਂ ਦੇ ਮੋਰਚੇ 'ਤੇ ਉਹਦੀਆਂ ਸਰਗਰਮੀਆਂ ਵਧਣ ਲੱਗੀਆਂ। ਜੂਲੀਅਸ ਫਿਊਚਕ ਦੀ ਕਿਤਾਬ "ਫਾਂਸੀ ਦੇ ਤਖਤੇ ਤੋਂ" ਪੜ੍ਹਕੇ ਉਹ ਸੁੰਨ ਰਹਿ ਗਈ। ਉਹਨੂੰ ਪਹਿਲੀ ਵਾਰ ਲੱਗਾ ਕਿ ਸਮਾਜ ਦੀ ਗਤੀ 'ਤੇ ਲਾਈਆਂ ਗਈਆਂ ਭਿਆਨਕ ਰੁਕਾਵਟਾਂ ਉੱਥੋਂ ਤੱਕ ਹੀ ਸੀਮਤ ਨਹੀਂ ਹਨ। ਇਹ ਰੁਕਾਵਟਾਂ ਮਨੁੱਖੀ ਜੀਵਨ ਦੀ ਗਤੀ 'ਤੇ ਵੀ ਲੱਗੀਆਂ ਹੋਈਆਂ ਹਨ। ਸੀਮਾ ਸ਼੍ਰੀਵਾਸਤਵ ਨਾਰੀ ਮੁਕਤੀ ਸੰਗਠਨ ਦੇ ਮੋਰਚੇ 'ਤੇ ਸੰਨ 2001 ਤੱਕ ਸਰਗਰਮ ਰਹੀ ਜਦੋਂ ਕਿ ਇਨਕਲਾਬੀ ਵਿਦਿਆਰਥੀ ਮੋਰਚੇ ਨਾਲ ਉਹ ਸਾਲ 2004 ਤੱਕ ਜੁੜੀ ਰਹੀ।

ਸੀਮਾ ਨੇ ਪ੍ਰੇਮ ਵਿਆਹ ਕੀਤਾ ਅਤੇ ਘਰ ਛੱਡ ਦਿੱਤਾ। ਨਾਂ ਦੇ ਪਿੱਛੇ ਲੱਗੀ ਜਾਤੀ ਨੂੰ ਹਟਾ ਕੇ "ਅਜ਼ਾਦ" ਲਿਖਣਾ ਸ਼ੁਰੂ ਕੀਤਾ। ਇਹ ਇੱਕ ਨਵੀਂ ਸੀਮਾ ਦਾ ਜਨਮ ਸੀ - ਸੀਮਾ ਅਜ਼ਾਦ। ਉਹਨੇ ਪੈਸੇ ਜੋੜ ਕੇ ਬਾਈਕ ਖਰੀਦੀ। ਖਬਰਾਂ ਦੀ ਭਾਲ 'ਚ ਲੋਕਾਂ ਵਿਚਕਾਰ ਗਈ। ਲੋਕਾਂ ਦੀ ਜ਼ਿੰਦਗੀ ਨੂੰ ਖਬਰ ਦਾ ਹਿੱਸਾ ਬਣਾਉਣ ਦੀ ਜੱਦੋ-ਜਹਿਦ 'ਚ ਜੁਟ ਗਈ। ਉਹਦੀਆਂ ਖਬਰਾਂ ਇਲਾਹਾਬਾਦ ਤੋਂ ਨਿਕਲਦੇ ਅਖਬਾਰਾਂ 'ਚ ਪ੍ਰਮੁੱਖਤਾ ਨਾਲ ਛਪਦੀਆਂ। ਉਹ ਇਲਾਹਾਬਾਦ ਸ਼ਹਿਰ ਦੇ ਸਭ ਤੋਂ ਚਰਚਿਤ ਵਿਅਕਤੀਆਂ 'ਚ ਗਿਣੀ ਜਾਣ ਲੱਗੀ। ਉਹ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ, ਲੁੱਟ ਜਬਰ ਦੇ ਵਿਰੁੱਧ, ਰਾਜਨੀਤਕ ਸਮਾਜਿਕ ਸੰਘਰਸ਼ਾਂ, ਕਿਸਾਨਾਂ ਮਜ਼ਦੂਰਾਂ ਦੇ ਰੋਸ ਵਿਖਾਵਿਆਂ ਦਾ ਅਨਿੱਖੜਵਾਂ ਹਿੱਸਾ ਹੁੰਦੀ। ਉਹਨੇ ਲੋਕ ਮਸਲਿਆਂ 'ਤੇ ਜੋਰ ਦੇਣ ਲਈ, ਸਮਾਜਕ ਸਰੋਕਾਰਾਂ ਨੂੰ ਪ੍ਰਣਾਈ ਪੱਤਰਕਾਰੀ ਦੀ ਲੋੜ ਨੂੰ ਧਿਆਨ 'ਚ ਰੱਖਦਿਆਂ, "ਦਸਤਕ - ਨਵੇਂ ਜਮਾਨੇ ਦੀ ਪੱਤ੍ਰਿਕਾ" ਕੱਢਣੀ ਸ਼ੁਰੂ ਕੀਤੀ। ਇਸ ਪੱਤ੍ਰਿਕਾ ਨੂੰ ਲੋਕ-ਸੰਘਰਸ਼ਾਂ ਦਾ ਹਿੱਸਾ ਬਣਾਇਆ। ਉਹਨੇ ਹਜ਼ਾਰਾਂ ਕਿਸਾਨਾਂ ਦਾ ਉਜਾੜਾ ਕਰਨ ਵਾਲੀ "ਗੰਗਾ ਐਕਸਪ੍ਰੈਸ ਵੇਅ ਯੋਜਨਾ" ਦਾ ਡੂੰਘਾਈ ਨਾਲ ਅਧਿਅਨ ਕੀਤਾ। ਇਸ ਯੋਜਨਾ ਨਾਲ ਹੋਣ ਵਾਲੇ ਨੁਕਸਾਨ ਤੋਂ ਲੋਕਾਂ ਨੂੰ ਜਾਣੂੰ ਕਰਵਾਉਣ ਲਈ ਇਸ ਅਧਿਅਨ ਨੂੰ ਕਿਤਾਬ ਦੇ ਰੂਪ 'ਚ ਛਪਵਾਕੇ ਲੋਕਾਂ 'ਚ ਵੰਡਿਆ। ਆਜ਼ਮਗੜ੍ਹ ਦੇ ਮੁਸਲਿਮ ਨੌਜਵਾਨਾਂ ਦੀਆਂ ਮਨਮਰਜੀ ਨਾਲ ਅਤੇ ਅੰਨ੍ਹੇਵਾਹ ਗ੍ਰਿਫਤਾਰੀਆਂ ਰਾਹੀਂ ਪੁਲਸ ਅਤੇ ਐਸ.ਟੀ.ਐਫ (STF) ਵਲੋਂ ਦਹਿਸ਼ਤ ਫਲਾਉਣ ਅਤੇ ਧੱਕੇਸ਼ਾਹੀ ਕਰਨ ਖਿਲਾਫ "ਦਸਤਕ" 'ਚ ਇੱਕ ਲੰਬੀ ਰਿਪੋਰਟ ਛਾਪੀ।

ਮਨੁੱਖੀ ਅਧਿਕਾਰਾਂ ਦੇ ਮੁੱਦੇ 'ਤੇ ਸੀਮਾ ਦੀ ਸਰਗਰਮੀ ਵੱਧਦੀ ਗਈ। ਉਹ ਪੀ.ਯੂ.ਸੀ.ਐਲ (PUCL) ਦੀ ਉੱਤਰ ਪ੍ਰਦੇਸ਼ ਦੀ ਇਕਾਈ 'ਚ ਸ਼ਾਮਲ ਹੋ ਗਈ ਜਿੱਥੇ ਉਸਨੂੰ ਸਕੱਤਰ ਦੀ ਜੁੰਮੇਵਾਰੀ ਦਿੱਤੀ ਗਈ। ਸੀਮਾ ਅਜ਼ਾਦ ਦੀ ਗ੍ਰਿਫਤਾਰੀ ਦੇ ਸਮੇਂ ਤੱਕ ਉੱਤਰ ਪ੍ਰਦੇਸ਼ 'ਚ ਨੌਜਵਾਨਾਂ ਦੀ ਇੱਕ ਅਜਿਹੀ ਪੀੜ੍ਹੀ ਪੈਦਾ ਹੋ ਗਈ ਸੀ ਜੋ ਖੁੱਲ੍ਹ ਕੇ ਮਨੁੱਖੀ ਅਧਿਕਾਰਾਂ ਦਾ ਮੁੱਦਾ ਉਠਾ ਰਹੀ ਸੀ। ਭ੍ਰਿਸ਼ਟ ਰਾਜਨੀਤੀ, ਲੁੱਟ ਕਰਨ ਵਾਲੀ ਅਰਥ ਵਿਵਸਥਾ, ਵਧਦੀ ਸਮਾਜਕ ਅਸੁਰੱਖਿਆ, ਦੰਗੇ ਭੜਕਾਉਣ ਦੀ ਰਾਜਨੀਤੀ ਅਤੇ ਘੱਟ ਗਿਣਤੀਆਂ ਤੇ ਦਲਿਤਾਂ ਦੇ ਵੋਟ ਅਤੇ ਉਹਨਾਂ 'ਤੇ ਹੀ ਸੱਟ ਮਾਰਨ ਸਰਕਾਰੀ ਨੀਤੀ ਦੇ ਖਿਲਾਫ ਵਧ ਰਿਹਾ ਰੋਹ, ਰਾਜ ਸਰਕਾਰ ਅਤੇ ਕੇਂਦਰ, ਦੋਹਾਂ ਲਈ ਹੀ ਖਤਰਾ ਬਣ ਰਿਹਾ ਸੀ। ਇਸ ਰੋਹ 'ਚ ਇੱਕਾ ਨਾਂ ਸੀਮਾ ਅਜ਼ਾਦ ਦਾ ਸੀ। ਦਿੱਲੀ ਦੇ ਵਿਸ਼ਵ ਪੁਸਤਕ ਮੇਲੇ 'ਚ ਕਿਤਾਬਾਂ ਖਰੀਦ ਕੇ ਮੁੜ ਰਹੀ ਸੀਮਾ ਨੂੰ ਦੇਸ ਦੀ ਸੁਰੱਖਿਆ ਲਈ ਖਤਰਾ ਐਲਾਨ ਕੇ, ਉਹਦੇ ਪਤੀ ਦੇ ਨਾਲ ਗ੍ਰਿਫਤਾਰ ਕਰ ਲਿਆ ਗਿਆ।

ਜਦੋਂ ਦੇਸ-ਪ੍ਰੇਮ ਅਤੇ ਦੇਸ-ਧ੍ਰੋਹ ਦਾ ਹਰਥ ਹੀ ਬਦਲ ਦਿੱਤਾ ਗਿਆ ਹੋਵੇ ਤਾਂ ਗ੍ਰਿਫਤਾਰੀ ਇੱਕ ਕੋਝੇ ਮਜ਼ਾਕ ਤੋਂ ਇਲਾਵਾ ਹੋਰ ਕੀ ਹੋ ਸਕਦੀ ਹੈ।

Saturday, June 23, 2012

ਲੱਚਰ ਗਾਇਕੀ ਖ਼ਿਲਾਫ਼ ਇੱਕਜੁਟ ਹੋਣ ਦਾ ਵੇਲਾ


ਲੱਚਰ ਗਾਇਕੀ ਖ਼ਿਲਾਫ਼ ਇੱਕਜੁਟ ਹੋਣ ਦਾ ਵੇਲਾ

ਅਮੋਲਕ ਸਿੰਘ

ਸੂਫ਼ੀ ਕਾਵਿ, ਕਿੱਸਾ ਕਾਵਿ, ਲੋਕ ਗਾਇਕੀ, ਗਿੱਧੇ, ਭੰਗੜੇ, ਮੇਲਿਆਂ ਅਤੇ ਤਿਉਹਾਰਾਂ ਵਾਲੇ ਰੰਗਲੇ ਪੰਜਾਬ ਦੇ ਅਮੀਰ, ਸਾਂਝੇ, ਸੰਗਰਾਮੀ ਵਿਰਸੇ ਨੂੰ ਲੱਚਰ ਗਾਇਕੀ ਨਾਲ ਗੰਧਲਾ ਕੀਤਾ ਜਾ ਰਿਹਾ ਹੈ। ਲੱਚਰ, ਵਿਸ਼ੇਸ਼ ਕਰਕੇ ਔਰਤ-ਵਿਰੋਧੀ, ਬਜ਼ਾਰੂ, ਮਾਰ-ਧਾੜ, ਹਿੰਸਾ, ਦਿਸ਼ਾਹੀਣ, ਲੋਕ ਵਿਰੋਧੀ ਸੱਭਿਆਚਾਰ ਨਾਲ, ਸਾਡੀਆਂ ਨਰੋਈਆਂ ਕਦਰਾਂ-ਕੀਮਤਾਂ, ਰਿਸ਼ਤਿਆਂ ਅਤੇ ਅਮੀਰ ਵਿਰਸੇ ਨੂੰ ਢਾਹ ਲਾਉਣ ਵਾਲਿਆਂ ਦਾ ਮਨੋਰਥ ਕਿਸੇ ਤੋਂ ਲੁਕਿਆ ਨਹੀਂ ਹੈ। ਅਜਿਹੀ ਗਾਇਕੀ ਨਾਲ ਭਰੀਆਂ ਕੈਸਟਾਂ ਦੇ ਬਾਜ਼ਾਰ ‘ਚ ਢੇਰ ਲਾਉਣ, ਇਸ਼ਤਿਹਾਰਬਾਜ਼ੀ ਕਰਨ, ਫ਼ਿਲਮਾਂਕਣ ਕਰਨ ‘ਤੇ ਪੂੰਜੀ ਖਰਚ ਕਰ ਕੇ ਮੋਟੇ ਮੁਨਾਫ਼ੇ ਬਟੋਰਨ ਲਈ ਫਿਰਦੇ ਪੂੰਜੀਦਾਰਾਂ ਦਾ ਅਸਲ ਮਨੋਰਥ ਕੱਚੀ ਉਮਰ ਅਤੇ ਚੜ੍ਹਦੀ ਜੁਆਨੀ ਨੂੰ ਨਸ਼ਿਆਂ, ਮਾਰ-ਧਾੜ ਦੀ ਲਪੇਟ ‘ਚ ਲੈ ਕੇ ਉਨ੍ਹਾਂ ਨੂੰ ਮਹਿੰਗੀ ਵਿੱਦਿਆ, ਬੇਰੁਜ਼ਗਾਰੀ, ਗ਼ਰੀਬੀ ਅਤੇ ਚੌਤਰਫ਼ੇ ਸਮਾਜਿਕ-ਮਾਨਸਿਕ ਤਣਾਵਾਂ ਦੇ ਕਾਰਨਾਂ ਵੱਲ ਖੋਜਬੀਨ ਬਣਨ ਵੱਲ ਰੁਚਿਤ ਹੋਣ ਤੋਂ ਰੋਕ ਕੇ ਖਿਆਲੀ ਸੁਪਨ-ਸੰਸਾਰ ਦੀ ਮੰਝਦਾਰ ‘ਚ ਡੋਬ ਮਾਰਨਾ ਹੈ।

ਲੋਕ ਮਨਾਂ, ਸੱਥਾਂ, ਚਰਚਾਵਾਂ ਅਤੇ ਪੜਤਾਲ ਦਾ ਵੇਰਵਾ ਮੂੰਹੋਂ ਬੋਲਦਾ ਹੈ ਕਿ ਬੱਸਾਂ, ਮੈਰਿਜ ਪੈਲਸਾਂ, ਬਜ਼ਾਰਾਂ ‘ਚ ਚਾਰੇ ਪਾਸੇ ਉੱਚੇ ਸ਼ੋਰ-ਸ਼ਰਾਬੇ ਨਾਲ ਭਰੀ ਗਾਇਕੀ ਤੋਂ ਲੋਕ ਅੱਕ ਗਏ ਹਨ।  ਓਪਰੀ ਨਜ਼ਰੇ ਭਾਵੇਂ ਇਸ ਗਾਇਕੀ ਨੂੰ ਕੋਈ ਚੁਣੌਤੀ ਨਹੀਂ ਲੱਗਦੀ ਪਰ ਲੋਕ ਮਨਾਂ ਦੇ ਧੁਰ ਅੰਦਰ ਇਸ ਬਾਰੇ ਨਫ਼ਰਤ ਅਤੇ ਰੋਹ ਸੁਲਘ ਰਿਹਾ ਹੈ। ਜਦੋਂ ਇਸ ਨੂੰ ਢੁਕਵਾਂ ਮੌਕਾ ਮਿਲ ਗਿਆ ਤਾਂ ਇਹ ਵਿਸਫੋਟਕ ਰੂਪ ਧਾਰਨ ਕਰ ਸਕਦਾ ਹੈ। ਲੋਕੀਂ ਬੱਸਾਂ ‘ਚ ਵੱਜਦੇ ਗੀਤਾਂ ਅਤੇ ਘੱਟ ਕੱਪੜਿਆਂ ਵਾਲੀਆਂ ਕੁੜੀਆਂ ‘ਤੇ ਕੀਤੇ ਫ਼ਿਲਮਾਂਕਣ ਤੋਂ ਤੰਗ ਹਨ। ਖ਼ਾਸ ਕਰਕੇ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਆਮ ਹੀ 4-5 ਨੌਜਵਾਨ ਬਾਰੀਆਂ ਨਾਲ ਲਟਕਾਏ ਹੁੰਦੇ ਹਨ ਜੋ ਆਪਣੇ ਆਪ ਨੂੰ ਬੱਸ ਮਾਲਕ ਅਤੇ ਸਵਾਰੀਆਂ ਨੂੰ ਅਵਾ ਤਵਾ ਬੋਲਣਾ ਆਪਣਾ ਅਧਿਕਾਰ ਸਮਝਦੇ ਹਨ। ਅਜਿਹੀ ਮੁੰਡੀਰ ਦੀਆਂ ਖਰਮਸਤੀਆਂ ਤਕ ਕੇ, ਗੰਦੀ ਗਾਇਕੀ ਦੀਆਂ ਕੈਸਟਾਂ ਤੋਂ ਔਖੇ ਭਾਰੇ ਅਤੇ ਆਪਣੇ-ਆਪ ਨੂੰ ਸਫ਼ਰ ‘ਚ ਇਕੱਲੇ  ਸਮਝਦੇ ਲੋਕ ‘ਦੜ ਵਟ ਜ਼ਮਾਨਾ ਕੱਟ’, ‘ਤੈਨੂੰ ਕੀ ਤੇ ਮੈਨੂੰ ਕੀ’ ਵਰਗੇ ਧੰਦੂਕਾਰੇ ‘ਚ ਉਲਝ ਕੇ ਰਹਿ ਜਾਂਦੇ ਹਨ ਅਤੇ ਐਨੇ ਨੂੰ ਸਵਾਰੀ ਦਾ ਸਫ਼ਰ ਮੁੱਕ ਜਾਂਦਾ ਹੈ।

ਅਜਿਹੀ ਹਾਲਤ ਹੀ ਮੈਰਿਜ ਪੈਲਸਾਂ ਵਿੱਚ ਹੈ। ਅਕਸਰ ਲੋਕ ਕਹਿਣਗੇ ‘ਗਾਇਕਾਂ ਦਾ ਬੇੜਾ ਬਹਿ ਗਿਐ’। ਨਾ ਗੀਤ, ਨਾ ਸੰਗੀਤ, ਸਿਰਫ਼ ਬੀਟ ਤੇ ਉਹ ਵੀ ਤੀਜੇ ਦਰਜੇ ਦੀ। ਫੇਰ ਵੀ ਨੋਟਾਂ ਦਾ ਮੀਂਹ ਵਰ੍ਹਦਾ ਹੈ। ਗੋਲ ਮੇਜ਼ਾਂ ‘ਤੇ ਚੁੰਝ-ਚਰਚਾ ਛਿੜਦੀ ਹੈ ਕਿ ਕੁੜੀ-ਮੁੰਡੇ ਨੂੰ ਸ਼ਗਨ ਪਾਉਣ ਜਿੰਨਾ ਚਿਰ ਵੀ ਪੈਲਸ ਅੰਦਰ ਰੁਕਣਾ ਦੁੱਭਰ ਹੋ ਗਿਆ। ਸਿਤਮਜਰੀਫ਼ੀ ਦੀ ਗੱਲ ਉਦੋਂ ਹੁੰਦੀ ਹੈ ਜਦੋਂ ਅਜਿਹੀ ਗੱਲ ਕਰਨ ਵਾਲਾ ਸੱਜਣ ਹੀ ਕੁਝ ਦਿਨਾਂ ਮਗਰੋਂ ਆਪਣੇ ਧੀ-ਪੁੱਤ ਦੇ ਵਿਆਹ ‘ਚ ਅਜਿਹਾ ਮਜ਼ਮਾ ਖ਼ੁਦ ਲਾ ਬਹਿੰਦਾ ਹੈ। ਇਸ ਤੋਂ ਵੀ ਅਗਲੀ ਗੱਲ ਕਈ ਵਿਗਿਆਨਕ, ਅਗਾਂਹਵਧੂ ਸੁਚੱਜੀ, ਤਰਕਸ਼ੀਲ, ਜਮਹੂਰੀ ਅਤੇ ਮਿਆਰੀ ਸੱਭਿਆਚਾਰਕ ਲਹਿਰ ਨਾਲ ਜੁੜੇ ਹੋਏ ਲੋਕ ਵੀ ਜਦੋਂ ਆਪਣੇ ਸਿਰ ਪੈਂਦੀ ਹੈ ਤਾਂ ਉਸ ਇਮਤਿਹਾਨ ‘ਚ ਬੁਰੀ ਤਰ੍ਹਾਂ ਫੇਲ੍ਹ ਹੋਏ ਦਿਖਾਈ ਦਿੰਦੇ ਹਨ। ਲੋਕਾਂ ‘ਚ ਚਰਚਾ ਛਿੜਦੀ ਹੈ ਕਿ ਜੇ ਮਾਰੂ ਸੱਭਿਆਚਾਰ ਦੀ ਹਨੇਰੀ ‘ਚ ਇਨ੍ਹਾਂ ਦੇ ਆਪਣੇ ਹੀ ਪੈਰ ਉਖੜ ਜਾਂਦੇ ਹਨ ਤਾਂ ਫਿਰ ਇਹ ਲੋਕਾਂ ਨੂੰ ਘਟੀਆ ਸੱਭਿਆਚਾਰ ਤੋਂ ਕਿਵੇਂ ਬਚਾਉਣਗੇ ਅਤੇ ਚੰਗੇ ਸੱਭਿਆਚਾਰ ਦੇ ਲੜ ਕਿਵੇਂ ਲਾਉਣਗੇ?

ਵੈਸੇ ਤਾਂ ‘ਹਰੇ ਇਨਕਲਾਬ’ ਦੀ ਆਮਦ ਉਪਰੰਤ ਪੰਜਾਬ ਅਤੇ ਖ਼ਾਸ ਕਰਕੇ ਜੱਟ ਕਿਸਾਨੀ ਦੇ ਪੱਲੇ ਸਿਰਫ਼ ਫੂਕ ਛਕਾਉਂਦੀ ਗਾਇਕੀ ਹੀ ਪਾਈ ਗਈ ਜਦਕਿ ਖਾਦ, ਬੀਜ, ਕੀਟ-ਨਾਸ਼ਕ ਦਵਾਈਆਂ ਦੇ ਉਤਪਾਦਕ ਅਤੇ ਏਜੰਟ ਸੋਨੇ ‘ਚ ਮੜ੍ਹੇ ਗਏ। ਜੱਟਾਂ ਅਤੇ ਸੀਰੀਆਂ ਦੇ ਪੱਲੇ ਪਈ ਤਾਂ ਸਿਰਫ਼ ਖ਼ੁਦਕੁਸ਼ੀਆਂ, ਕਰਜ਼ੇ, ਕੰਗਾਲੀ, ਜ਼ਮੀਨਾਂ ਦੀ ਵਿਕਰੀ, ਨੀਲਾਮੀ ਅਤੇ ਬੇਪਤੀ। ਹਕੀਕੀ ਆਰਥਿਕ, ਸਮਾਜਿਕ, ਮਨੋਵਿਗਿਆਨਕ ਸਥਿਤੀ ‘ਚੋਂ ਗੰਭੀਰ ਚਿੰਤਨ, ਚੇਤਨਾ ਅਤੇ ਸੰਗਰਾਮ ਦੀਆਂ ਲਗਰਾਂ ਫੁੱਟਣ ਤੋਂ ਰੋਕਣ ਦਾ ਬੰਦੋਬਸਤ ਕਰਨ ਲਈ ਖੜਕੇ ਦੜਕੇ ਭਰੀ ਗਾਇਕੀ ਨੂੰ ਦੱਬ ਕੇ ਥਾਪੜਾ ਦਿੱਤਾ ਜਾਂਦਾ ਹੈ। ਇਹ ਗਾਇਕੀ ਲੰਡੀਆਂ ਜੀਪਾਂ, ਰਫ਼ਲਾਂ, ਪਿਸਤੌਲਾਂ, ਬੁਲਟ, ਗੇੜੀਆਂ, ਕਚਹਿਰੀਆਂ ‘ਚ ਮੇਲੇ, ਜੱਟ ਦੀ ਮੌਜ਼, ਮਾਰ-ਧਾੜ ਵਾਲੇ ਬੋਲਾਂ ਨੂੰ ਉਤਸ਼ਾਹਤ ਕਰਦੀ ਸਭ ਹੱਦਾਂ ਟੱਪ ਗਈ ਹੈ। ਟਰੈਕਟਰਾਂ, ਮੋਟਰਾਂ, ਬੱਸਾਂ, ਪੈਲੇਸਾਂ ਆਦਿ ਵਿੱਚ ਚਾਰੇ ਪਾਸੇ ਖ਼ਾਸ ਕਰਕੇ ਜੱਟ ਕਿਸਾਨੀ ਦੀ ਹੀ ਬੱਲੇ-ਬੱਲੇ ਦੇ ਗੀਤਾਂ ‘ਚ ਬੱਕਰੇ ਬੁਲਾਏ ਜਾਣ ਲੱਗੇ, ਜਦਕਿ ‘ਹਰੇ ਇਨਕਲਾਬ’ ਨੇ ਕਿਸਾਨੀ ਨੂੰ ਆਰਥਿਕ ਪੱਖੋਂ ਪੀਲੇ ਭੂਕ ਕਰਕੇ ਸੁੱਟ ਦਿੱਤਾ ਹੈ।

ਅਜਿਹੀ ਗਾਇਕੀ ਉੱਪਰ ਕੋਈ ਰੋਕ-ਟੋਕ ਨਹੀਂ, ਕੋਈ ਸੈਂਸਰਸ਼ਿਪ ਨਹੀਂ, ਜਦੋਂਕਿ ਭਾਰਤੀ ਕਾਨੂੰਨ ਅਜਿਹੇ ਅਸ਼ਲੀਲ ਪ੍ਰਦੂਸ਼ਣ ਦੀ ਇਜਾਜ਼ਤ ਨਹੀਂ ਦਿੰਦਾ। ‘ਇੰਨਡੀਸੈਂਟ ਰਿਪਰਜੈਨਟੇਸ਼ਨ ਆਫ ਵਿਮੈਨ ਪਰੋਹਿਬਸ਼ਨ 1986 ਐਕਟ’ ਮੁਤਾਬਕ ਜੇਕਰ ਕੋਈ ਔਰਤ ਸਬੰਧੀ ਭੱਦੀ ਪੇਸ਼ਕਾਰੀ ਕਰਦਾ ਹੈ ਤਾਂ ਉਸ ਨੂੰ ਘੱਟੋ-ਘੱਟ 2 ਸਾਲ ਦੀ ਸਜ਼ਾ ਹੋ ਸਕਦੀ ਹੈ। ਜੇਕਰ ਉਹ ਦੁਬਾਰਾ ਅਜਿਹੀ ਹਰਕਤ ਕਰਦਾ ਹੈ ਤਾਂ ਉਸ ਨੂੰ 5 ਸਾਲ ਦੀ ਸਜ਼ਾ ਅਤੇ 10,000 ਰੁਪਏ ਤਕ ਜੁਰਮਾਨਾ ਹੋ ਸਕਦਾ ਹੈ ਪਰ ਗਾਇਕ, ਗੀਤਕਾਰ, ਰਿਕਾਰਡਿੰਗ ਕੰਪਨੀਆਂ ਥੋਕ ਪੱਧਰੀ ਡੀਲਰ ਅਜਿਹਾ ਅਪਰਾਧ ਨਿਰਵਿਘਨ ਕਰ ਰਹੇ ਹਨ। ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਦਾ ਕੋਈ ਭੈਅ ਨਹੀਂ। ਉਨ੍ਹਾਂ ਦੀ ਅਸ਼ਲੀਲ ਸੱਭਿਆਚਾਰ ਪਰੋਸਣ ਵਾਲਿਆਂ ਨਾਲ ਸੁਰ-ਤਾਲ ਮਿਲਦੀ ਹੈ।

ਲੱਚਰ ਗਾਇਕੀ, ਹਵਾ ‘ਚ ਲਟਕਦਾ ਕੋਈ ਆਜ਼ਾਦ ਵਰਤਾਰਾ ਨਹੀਂ। ਇਸ ਦਾ ਸਬੰਧ ਇੱਥੋਂ ਦੀ ਆਰਥਿਕ, ਰਾਜਨੀਤਕ ਅਤੇ ਸਮਾਜਿਕ ਵਿਵਸਥਾ ਨਾਲ ਜੁੜਿਆ ਹੋਇਆ ਹੈ। ਇਸ ਸਮੁੱਚੇ ਪ੍ਰਬੰਧ ਦੀਆਂ ਜੜ੍ਹਾਂ ਅਤੇ ਸ਼ਾਖਾਵਾਂ ਨੂੰ ਸਮਝਦੇ ਹੋਏ ਹੀ ਲੋਕ-ਪੱਖੀ ਸਾਹਿਤਕ/ਸੱਭਿਆਚਾਰਕ ਕਾਮਿਆਂ ਦੀ ਧਿਰ ਆਪਣੀਆਂ ਕਲਾ ਕਿਰਤਾਂ ਦੇ ਵਿਸ਼ੇ ਚੁਣ ਸਕਦੀ ਹੈ, ਵਿਗਿਆਨਕ ਦ੍ਰਿਸ਼ਟੀ ਤੋਂ ਪੇਸ਼ ਕਰ ਸਕਦੀ ਹੈ, ਅਸ਼ਲੀਲ ਸਾਹਿਤ/ਸੱਭਿਆਚਾਰ ਦੀ ਮਾਰੂ ਹਨੇਰੀ ਨੂੰ ਪਛਾੜ ਸਕਦੀ ਹੈ ਅਤੇ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਪ੍ਰਗਤੀਸ਼ੀਲ, ਸਾਫ਼-ਸੁਥਰੇ ਅਤੇ ਜ਼ਿੰਦਗੀ ਲਈ ਰਾਹ-ਦਸੇਰਾ ਬਣਦੇ ਸੱਭਿਆਚਾਰ ਦਾ ਰੌਸ਼ਨ-ਮਿਨਾਰ ਸਿਰਜ ਸਕਦੀ ਹੈ।

ਪੰਜਾਬ ਦੀਆਂ ਸਮੂਹ ਸਾਹਿਤਕ/ਸੱਭਿਆਚਾਰਕ ਖੇਤਰ ‘ਚ ਸਰਗਰਮ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਹਾਲ ਦੀ ਘੜੀ ਜੇ ਉਨ੍ਹਾਂ ਦੀ ਹੋਂਦ ਅਲੱਗ ਵੀ ਹੈ ਤਾਂ ਵੀ ਸਮਾਜ-ਵਿਰੋਧੀ ਗਾਇਕੀ ਦਾ ਚੋਣਵਾਂ ਮੁੱਦਾ ਅਧਾਰਤ ਸਰਗਰਮੀ ਲਈ ਵਿਸ਼ਾਲ ਸਾਂਝੇ ਸੱਭਿਆਚਾਰਕ ਮੁਹਾਜ ‘ਤੇ ਜੋਟੀ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਪੰਜਾਬ ਅੰਦਰ ਅਜਿਹੀ ਅਗਾਂਹਵਧੂ ਗਿਣਨਯੋਗ ਸ਼ਕਤੀ ਹੈ, ਜੋ ਇੱਕ ਦੂਜੇ ਨਾਲ ਹੱਥ ‘ਚ ਹੱਥ ਪਾ ਕੇ ਤੁਰ ਪਵੇ ਤਾਂ ਅਸ਼ਲੀਲਤਾ ਦੇ ਹੱਦਾਂ ਬੰਨਾਂ ਪਾਰ ਕਰ ਗਈ- ਸੂਫ਼ੀਆਂ, ਕੂਕਿਆਂ, ਗ਼ਦਰੀਆਂ,  ਕਿਰਤੀਆਂ ਅਤੇ ਭਗਤ-ਸਰਾਭਿਆਂ ਆਪਣੇ ਇਤਿਹਾਸ/ਵਿਰਸੇ ਤੋਂ ਬੇਮੁਖ ਹੋ ਕੇ ਕੁਰਾਹੇ ਵੱਲ ਧੱਕ ਰਹੀ ਗਾਇਕੀ ਦੇ ਪੈਰ ਉਖੇੜੇ ਜਾ ਸਕਦੇ ਹਨ। ਗੀਤ-ਮਹਿਫ਼ਲਾਂ, ਕਾਵਿ-ਮਹਿਫ਼ਲਾਂ, ਸੰਗੀਤ ਦਰਬਾਰਾਂ, ਰੰਗਮੰਚ, ਦਸਤਾਵੇਜ਼ੀ ਫ਼ਿਲਮਾਂ, ਨੁੱਕੜ ਨਾਟਕਾਂ, ਆਡੀਓ-ਵੀਡੀਓ ਕੈਸਟਾਂ ਰਾਹੀਂ ਪੰਜਾਬ  ‘ਚ ਨਵੀਂ ਅਤੇ ਨਰੋਈ ਸੱਭਿਆਚਾਰਕ ਲਹਿਰ ਉਸਾਰੀ ਜਾ ਸਕਦੀ ਹੈ। ਸਾਡੇ ਮਹਿਬੂਬ ਲੋਕ-ਪੱਖੀ ਲੇਖਕਾਂ, ਗੀਤਕਾਰਾਂ, ਗਾਇਕਾਂ ਦੀ ਅਮੀਰ ਧਰੋਹਰ ਦੇ ਅਣਫੋਲੇ ਪੰਨੇ, ਲੋਕਾਂ ਦੀ ਨਜ਼ਰ ਕੀਤੇ ਜਾ ਸਕਦੇ ਹਨ। ਕਲਾਸੀਕਲ ਗੀਤ-ਸੰਗੀਤ ਅਤੇ ਮਾਖ਼ਿਓਂ ਮਿੱਠੀਆਂ ਆਵਾਜ਼ਾਂ ਦੀ ਮਿਠਾਸ ਅਤੇ ਖ਼ੁਸ਼ਬੋ ਨਾਲ ਪੰਜਾਬ ਦੀ ਧਰਤੀ ਨੂੰ ਮਹਿਕਾਇਆ ਜਾ ਸਕਦਾ ਹੈ।  ਇਸ ਦਿਸ਼ਾ ਵੱਲ ਜਿਵੇਂ ਲੋਕ-ਸਰੋਕਾਰਾਂ ਅਤੇ ਸਿਹਤਮੰਦ ਸੱਭਿਆਚਾਰ ਨੂੰ ਚਿਰਾਂ ਤੋਂ ਪ੍ਰਫੁੱਲਤ ਕਰਨ ਦੇ ਖੇਤਰ ‘ਚ ਸਰਗਰਮ ਸ਼ਕਤੀਆਂ ਦਾ ਪੰਜਾਬ ਅੰਦਰ ਸੁਲੱਖਣਾ ਵਰਤਾਰਾ ਸਾਹਮਣੇ ਆਉਣ ਦੀਆਂ ਸੰਭਾਵਨਾਵਾਂ ਦੀ ਤਰਜਮਾਨੀ ਕਰਦੀ ਚਾਨਣ ਦੀ ਇੱਕ ਲੀਕ ਆਪਣੀ ਰੌਸ਼ਨੀ ਵੰਡ ਰਹੀ ਹੈ। ਇਹ ਲੀਕ ਇੱਕ ਕਾਫ਼ਲਾ ਬਣਨ ਲਈ ਯਤਨਸ਼ੀਲ ਹੈ। ਇਸ ਨੂੰ ਪੰਜਾਬ ਦੇ ਲੋਕਾਂ ਵੱਲੋਂ ਭਰਵੇਂ ਹੁੰਗਾਰੇ ਦੀ ਆਸ ਹੈ। ਇਸ ਕਾਫ਼ਲੇ ਦੇ ਸੰਗੀ-ਸਾਥੀ ਅੱਜ-ਕੱਲ੍ਹ ਪੰਜਾਬ ਦੇ ਲੋਕਾਂ ਤਕ ਅਸ਼ਲੀਲ ਗਾਇਕੀ ਖ਼ਿਲਾਫ਼ ਅਤੇ ਬਦਲਵੀਂ ਲੋਕ-ਪੱਖੀ ਗਾਇਕੀ ਲਿਜਾਣ ਲਈ ਸਰਗਰਮੀ ਨਾਲ ਜੁਟੇ ਹੋਏ ਹਨ।

* ਸੰਪਰਕ : 94170-76735
(Courtesy Punjabi Tribune, June 23,2012) 

Tuesday, June 5, 2012

ਲੋਕ ਮੋਰਚਾ ਪੰਜਾਬ ਵੱਲੋਂ NCTC ਅਤੇ ਨਵੀਂ ਜਲ ਨੀਤੀ ਖਿਲਾਫ਼, ਇਨਕਲਾਬੀ ਜਨਤਕ ਲਹਿਰ ਉਸਾਰਨ ਦਾ ਸੱਦਾ


ਐਨ. ਸੀ. ਟੀ. ਸੀ ਅਤੇ ਨਵੀਂ ਜਲ ਨੀਤੀ ਖਿਲਾਫ਼
ਲੋਕ ਮੋਰਚਾ ਪੰਜਾਬ ਵੱਲੋਂ ਸੂਬਾਈ ਇਕੱਤਰਤਾ
*
ਇਨਕਲਾਬੀ ਜਨਤਕ ਲਹਿਰ ਉਸਾਰਨ ਦਾ ਸੱਦਾ * ਭਖ਼ਦੇ ਮੁੱਦਿਆਂ'ਤੇ ਕਈ ਮਤੇ ਕੀਤੇ ਪਾਸ
Sh. Gurdial Singh Bhangal, President Lok Morcha Punjab speaking on New Water Policy-2012 (Draft)


Delegates assembled at the Extended State Committee Meeting of Lok Morcha Punjab

Delegates supporting various resolutions.
N.K.Jeet Ex-President of Lok Morcha Punjab, addressing the delegates.
Master Jagmel Singh, new General Secretary of Lok Morcha Punjab, speaking on NCTC
Sh. Amolak Singh, outgoing General Secretary of Lok Morcha Punjab, addressing the delegates.
ਮੋਗਾ; 3 ਜੂਨ - ਲੋਕ ਮੋਰਚਾ ਪੰਜਾਬ ਦੀ ਅੱਜ ਸਥਾਨਕ ਸੁਤੰਤਰਤਾ ਸੈਨਾਨੀ ਭਵਨ (ਨੇੜੇ ਜੋਗਿੰਦਰ ਸਿੰਘ ਚੌਕ) ਵਿਖੇ ਹੋਈ ਸੂਬਾਈ ਵਿਸ਼ੇਸ਼ ਇਕੱਤਰਤਾ 'ਚ ਨਵੀਂ ਘੜੀ ਜਲ ਨੀਤੀ -2012 ਅਤੇ ਐਨ. ਸੀ. ਟੀ. ਸੀ. ਵਿਰੁੱਧ ਗੰਭੀਰ ਵਿਚਾਰਾਂ ਉਪਰੰਤ ਇਹ ਨਤੀਜਾ ਕੱਢਿਆ ਗਿਆ ਕਿ ਬਦੇਸੀ ਸਾਮਰਾਜੀ ਅਤੇ ਉਨ੍ਹਾਂ ਦੀ ਸੇਵਾ 'ਚ ਲੱਗੀਆਂ ਦੇਸੀ ਅਜਾਰੇਦਾਰ ਕੰਪਨੀਆਂ ਵੱਲੋਂ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਦੀਆਂ ਨੀਤੀਆਂ ਹਨ।
ਲੋਕ ਮੋਰਚੇ ਦੀ ਵਿਸ਼ੇਸ਼ ਇਕੱਤਰਤਾ ਦਾ ਆਗਾਜ਼ ਸ਼ਰੋਮਣੀ ਨਾਟਕਕਾਰ ਸ਼੍ਰੀ ਗੁਰਸ਼ਰਨ ਸਿੰਘ, ਪੱਛਮੀ ਬੰਗਾਲ ਦੇ ਉੱਘੇ ਰੰਗ ਕਰਮੀ ਬਾਦਲ ਸਰਕਾਰ ਦੇ ਅਸਿਹ ਵਿਛੋੜੇ 'ਤੇ ਸੰਗਰਾਮੀ ਸ਼ਰਧਾਂਜਲੀ ਭੇਟ ਕਰਨ ਨਾਲ ਹੋਇਆ। ਸਮੂਹ ਹਾਜ਼ਰੀਨ ਨੇ ਖੜ੍ਹੇ ਹੋਕੇ ਇਨ੍ਹਾਂ ਰੰਗ ਕਰਮੀਆਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਲੋਕ-ਸੰਗਰਾਮ ਮਜ਼ਬੂਤ ਕਰਨ ਦਾ ਅਹਿਦ ਲਿਆ।

ਇਕੱਤਰਤਾ 'ਚ ਮੰਚ ਸੰਚਾਲਨ ਕਰਦੇ ਹੋਏ ਲੋਕ ਮੋਰਚੇ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਸਮੇਂ ਸਲਾਹਕਾਰ ਸ੍ਰੀ ਐਨ. ਕੇ. ਜੀਤ ਐਡਵੋਕੇਟ ਨੇ ਉਪਰੋਕਤ ਦੋਵੇਂ ਮੁੱਦਿਆਂ 'ਤੇ ਵਿਚਾਰ- ਚਰਚਾ ਲਈ ਸੱਦਾ ਦੇਣ ਤੋਂ ਪਹਿਲਾਂ ਜਾਣਕਾਰੀ ਦਿੱਤੀ ਕਿ ਪੰਜਾਬ ਲੋਕ ਸਭਿਆਚਾਕ ਮੰਚ ਦੇ ਸੂਬਾਈ ਅਜਲਾਸ 'ਚ ਸਰਵਸੰਮਤੀ ਨਾਲ ਅਮੋਲਕ ਸਿੰਘ ਨੂੰ ਪ੍ਰਧਾਨ ਚੁਣੇ ਜਾਣ ਉਪਰੰਤ ਉਨ੍ਹਾਂ ਵੱਲੋਂ ਲੋਕ ਮੋਰਚਾ ਪੰਜਾਬ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਸੇਵਾ ਮੁਕਤੀ ਦੀ ਕੀਤੀ ਅਪੀਲ ਪ੍ਰਵਾਨ ਕਰਦਿਆਂ ਸੂਬਾ ਕਮੇਟੀ ਨੇ ਜਗਮੇਲ ਸਿੰਘ ਨੂੰ ਸਰਵਸੰਮਤੀ ਨਾਲ ਜਨਰਲ ਸਕੱਤਰ ਚੁਣ ਲਿਆ ਜਦੋਂ ਕਿ ਹਾਲ ਦੀ ਘੜੀ ਅਮੋਲਕ ਸਿੰਘ ਸੂਬਾ ਕਮੇਟੀ ਮੈਂਬਰ ਬਣੇ ਰਹਿਣਗੇ।

ਅਮੋਲਕ ਸਿੰਘ ਨੇ ਪਲਸ ਮੰਚ ਅਤੇ ਬਦਲਵੀਂ ਲੋਕ-ਪੱਖੀ ਇਨਕਲਾਬੀ ਸਭਿਆਚਾਰਕ ਲਹਿਰ ਦੀ ਜਨ ਆਧਾਰ ਵਾਲੀ ਤਾਕਤ ਉਸਾਰਨ ਲਈ ਪੰਜਾਬ ਦੀਆਂ ਲੋਕ-ਹਿਤੈਸ਼ੀ ਸ਼ਕਤੀਆਂ ਤੋਂ ਸਾਥ ਮੰਗਿਆ ਉੱਥੇ ਇਹ ਭਰੋਸਾ ਵੀ ਦਿੱਤਾ ਕਿ ਪਲਸ ਮੰਚ ਲੋਕਾਂ ਨਾਲ ਮੱਛੀ ਅਤੇ ਪਾਣੀ ਦਾ ਰਿਸ਼ਤਾ ਬਣਾਕੇ ਚੱਲੇਗਾ।

ਨਵੇਂ ਚੁਣੇ ਜਨਰਲ ਸਕੱਤਰ ਜਗਮੇਲ ਨੇ ਕਿਹਾ ਕਿ ਲੋਕ ਮੋਰਚਾ ਆਪਣੀ ਬੁਨਿਆਦ ਤੇ ਡਟਕੇ ਅੱਗੇ ਵਧਦਿਆਂ, ਰਾਜ ਅਤੇ ਸਮਾਜ ਬਦਲਕੇ, ਗ਼ਦਰੀਆਂ ਅਤੇ ਭਗਤ ਸਿੰਘ ਵਰਗੇ ਸੰਗਰਾਮੀਆਂ ਦੀ ਸੋਚ ਵਾਲਾ ਸਮਾਜ ਸਿਰਜਣ ਲਈ ਅੱਗੇ ਵਧਦਿਆਂ, ਝੰਡਾ ਬੁਲੰਦ ਰੱਖੇਗਾ।

ਇਕੱਤਰਤਾ 'ਚ ਚਰਚਾ ਅਧੀਨ ਆਏ ਪਹਿਲੇ ਮੁੱਦੇ ਐਨ. ਸੀ. ਟੀ. ਸੀ. ਕਾਨੂੰਨ, ਇਸਦੇ ਪ੍ਰਭਾਵ ਅਤੇ ਲੋਕ ਹਿੱਤਾਂ ਲਈ ਇਸਨੂੰ ਰੱਦ ਕਰਉਣ ਲਈ ਕੀ ਕਰਨਾ ਲੋੜੀਏ? ਵਿਸ਼ੇ ਉਪਰ ਬੋਲਦੇ ਹੋਏ ਮੌਜੂਦਾ ਜਨਰਲ ਸਕੱਤਰ ਜਗਮੇਲ ਨੇ ਕਿਹਾ ਕਿ 'ਐਨ. ਸੀ. ਟੀ. ਸੀ.' ਇਸ ਕਰਕੇ ਘੜਿਆ ਅਤੇ ਤਿੱਖਾ ਕੀਤਾ ਜਾ ਰਿ‏ਹਾ ਹੈ ਕਿਉਂਕਿ ਵਿਸ਼ੇਸ਼ ਕਰਕੇ ਅਮਰੀਕੀ ਸਾਮਰਾਜ ਇਹ ਸਮਝਦਾ ‏ਹੈ ਕਿ ਜਿਹੜਾ ਉਸਦੇ ਆਰਥਕ ਹਿੱਤਾਂ ਦੀ ਪੂਰਤੀ ਕਰਦੇ ਦਿਸ਼ਾ ਨਿਰਦੇਸ਼ ਲਾਗੂ ਨਹੀਂ ਕਰਦਾ ਜਾਂ ਉਨ੍ਹਾਂ ਵਿਰੁੱਧ ਜਨਤਕ ਆਵਾਜ਼ ਖੜ੍ਹੀ ਕਰਦਾ ‏ਹੈ ਉਹ 'ਦਹਿਸ਼ਤਗਰਦ' ਹੈ। ਅਜੇਹੇ ਲੋਕਾਂ ਉਪਰ ਚੌਤਰਫ਼ਾ ਸਿਕੰਜਾ ਕਸਣ ਲਈ ਐਨ. ਸੀ. ਟੀ. ਸੀ. ਵਰਗੇ ਕਾਲੇ ਕਾਨੂੰਨਾ ਦਾ ਸਿਕੰਜਾ ਕਸਿਆ ਜਾ ਰਿਹਾ ਹੈ ਤਾਂ ਜੋ ਲੋਕ-ਵਿਦਰੋਹ ਦੀ ਸੰਘੀ ਨੱਪੀ ਜਾ ਸਕੇ। ਉਨ੍ਹਾਂ ਕਿਹਾ ਭਾਰਤ ਅੰਦਰ ਸਾਮਰਾਜੀ ਹੁਕਮਾਂ ਉਪਰ ਭਾਰਤੀ ਹਾਕਮਾਂ ਵੱਲੋਂ ਫੁੱਲ ਚੜ੍ਹਾਏ ਜਾਣ ਦੀਆਂ ਨੀਤੀਆਂ ਸਾਡੇ ਜੰਗਲ, ਜਲ, ਜ਼ਮੀਨ, ਕੁਦਰਤੀ ਸਰੋਤ ਤਾਂ ਝਪਟ ਹੀ ਰਹੀਆਂ ਹਨ, ਤੇਲ ਕੀਮਤਾਂ, ਗਰੀਬੀ, ਬੇਰੁਜ਼ਗਾਰੀ ਅਤੇ ਜ਼ਬਰ-ਜੁਲਮ 'ਚ ਵੀ ਵਾਧਾ ਕਰ ਰਹੇ ਹਨ। ਉਨ੍ਹਾਂ ਪੰਜਾਬ ਦੀਆਂ ਇਨਕਲਾਬੀ ਸ਼ਕਤੀਆਂ ਅਤੇ ਲੋਕਾਂ ਨੂੰ ਐਨ. ਸੀ. ਟੀ. ਸੀ. ਦੇ ਭਵਿੱਖ 'ਚ ਫਾਸ਼ੀ ਹੱਲੇ ਦੇ ਮਾਰੂ ਨਤੀਜਿਆਂ ਨੂੰ ਅਗਾਊਂ ਭਾਪਦਿਆਂ ਹੁਣ ਤੋਂ ਹੀ ਵਿਸ਼ਾਲ ਜਨਤਕ ਵਿਰੋਧ ਲਹਿਰ ਉਸਾਰਨ ਲਈ ਢੁਕਵੀਆਂ ਸ਼ਕਲਾਂ ਅਪਨਾਉਣ ਦਾ ਸੱਦਾ ਦਿੱਤਾ।

ਨਵੀਂ ਜਲ-ਨੀਤੀ ਉਪਰ ਵਿਸਥਾਰੀ ਭਾਸ਼ਣ 'ਚ ਲੋਕ ਮੋਰਚਾ ਪੰਜਾਬ ਦੇ ਪ੍ਰਧਾਨ ਗੁਰਦਿਆਲ ਭੰਗਲ ਨੇ ਸਰਕਾਰ ਵੱਲੋਂ ਜਾਰੀ ਕੀਤੇ ਨਵੇਂ ਪਾਣੀ ਨੀਤੀ ਦੇ ਖਰੜੇ ਦੀ ਤਿੱਖੀ ਅਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇਸ ਨੀਤੀ ਰਾਹੀਂ ਸਰਕਾਰ ਪਾਣੀ ਨੂੰ ਵਪਾਰਕ ਵਸਤੂ ਬਣਾ ਰਹੀ ਹੈ। ਸਰਕਾਰ ਪਾਣੀ ਨੂੰ ਵੀ ਨਿਜੀ ਕੰਪਨੀਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ ਤਾਂ ਜੋ ਉਹ ਇਨ੍ਹਾਂ ਤੋਂ ਅੰਨ੍ਹੇ ਮੁਨਾਫ਼ੇ ਕਮਾਏ ਜਾ ਸਕਣ। ਉਨ੍ਹਾਂ ਕਿਹਾ ਨਵੀਂ ਜਲ ਨੀਤੀ, ਇਸ ਗੱਲ ਨੂੰ ਮੁੱਢੋਂ ਨਜ਼ਰ-ਅੰਦਾਜ਼ ਕਰਦੀ ‏ਹੈ ਕਿ ਪਾਣੀਲੋਕਾਂ ਦੀ ਬੁਨਿਆਦੀ ਲੋੜ ਹੈ, ਇਸਤੋਂ ਬਿਨਾਂ ਜ਼ਿੰਦਗੀ ਸੰਭਵ ਨਹੀਂ। ਇਸ ਲਈ ਇਸਨੂੰ ਵਪਾਰਕ ਵਸਤੂ ਬਣਾਉਣ ਦਾ ਮਤਲਬ ‏ਹੈ, ਕਰੋੜਾਂ ਲੋਕਾਂ ਤੋਂ ਜਿਉਣ ਦਾ ਹੱਕ, ਉਪਜੀਵਕਾ ਕਮਾਉਣ ਦਾ ਹੱਕ ਖੋਹਣਾ। ਕਿਸਾਨਾ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਹੋਰ ਦੁੱਭਰ ਬਣਾਉਂਣਾ। ਉਨ੍ਹਾਂ ਨੇ ਲੋਕ ਮੋਰਚੇ ਦੇ ਕਾਰਕੁਨਾ ਨੂੰ ਨਵੀਂ ਜਲ ਨੀਤੀ ਦੇ ਪੈਣ ਵਾਲੇ ਮਾਰੂ ਪ੍ਰਭਾਵਾਂ ਬਾਰੇ ਚੇਤਨ ਹੋ ਕੇ ਸੰਗਰਾਮੀ ਲੋਕ ਘੋਲ ਉਸਾਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ।
ਸਮਾਗਮ ਦੇ ਸਿਖਰ ਤੇ ਵਿਸ਼ੇਸ਼ ਐਲਾਨ ਕੀਤਾ ਗਿਆ ਕਿ ਐਨ. ਸੀ. ਟੀ. ਸੀ. ਅਤੇ ਨਵੀਂ ਜਲ ਨੀਤੀ ਖਿਲਾਫ਼ ਜਨ-ਜਾਗਰਤੀ ਪੈਦਾ ਕਰਨ ਦੀ ਮੁਹਿੰਮ ਚਲਾਉਂਦੇ ਹੋਏ ਜੁਲਾਈ ਦੇ ਤੀਜੇ ਹਫ਼ਤੇ ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਸੂਬਾਈ ਕਨਵੈਨਸ਼ਨ ਕਰਨਗੇ।
  • ਪੈਟਰੋਲ ਦੀਆਂ ਕੀਮਤਾਂ ਖਿਲਾਫ਼ ਜਨਤਕ ਮੁਹਿੰਮ ਜਾਰੀ ਰੱਖਣ ਦਾ ਮਤਾ ਪਾਸ ਕੀਤਾ ਗਿਆ।
     
  • ਅਮਰੀਕੀ ਸਾਮਰਾਜੀਆਂ ਵੱਲੋਂ ਇਰਾਨ ਤੇ ਮੜ੍ਹੀਆਂ ਆਰਥਕ ਪਾਬੰਦੀਆਂ ਅਤੇ ਉਸ ਉਪਰ ਫੌਜੀ ਹੱਲਾ ਬੋਲਣ ਦੀਆਂ ਖਿੱਚੀਆਂ ਜਾ ਰਹੀਆਂ ਤਿਆਰੀਆਂ ਵਿਰੁੱਧ ਆਵਾਜ਼ ਉਠਾਉਣ ਦਾ ਸੱਦਾ ਦਿੱਤਾ ਗਿਆ।
  • ਲੋਕ-ਹੱਕਾਂ ਲਈ ਆਵਾਜ਼ ਉਠਾਉਂਦੇ ਜਤਿਨ ਮਰਾਂਡੀ, ਵਕੀਲਾਂ, ਲੋਕ-ਆਗੂਆਂ ਖਿਲਾਫ਼ ਹੱਲੇ ਬੋਲਣ ਦਾ ਵਿਰੋਧ ਕਰਨਾ।
  • ਆਦਿਵਾਸੀ ਅਧਿਆਪਕਾ ਮਹਿਲਾ ਸੋਨੀ ਸੋਰੀ ਉਪਰ ਜਬਰ ਢਾਹੁਣ ਵਾਲਿਆਂ 'ਤੇ ਕਾਰਵਾਈ ਕਰਨ, ਉਸਨੂੰ ਬਿਨਾਂ ਸ਼ਰਤ ਰਿਹਾ ਕਰਾਉਣ ਲਈ ਆਵਾਜ਼ ਉਠਾਉਂਣਾ।
  • ਸਕੂਲਾਂ ਦੇ ਨਾਂਅ ਮੋਟਾ ਧਨ ਸਰਕਾਰ ਦੀ ਝੋਲੀ ਪਾ ਕੇ ਆਪਣੇ 'ਪੁਰਖਿਆਂ' ਦੀ ਯਾਦ 'ਚ ਨਾਂਅ ਰਖਾਉਣ ਦੀ ਨੀਤੀ ਦੀ ਆਲੋਚਨਾ ਕਰਦਾ ਵੀ ਮਤਾ ਪਾਸ ਕੀਤਾ ਗਿਆ।
  • ਪੰਜਾਬ ਲੋਕ ਸਭਿਆਚਾਰਕ ਮੰਚ ਵੱਲੋਂ ਲੋਕ ਵਿਰੋਧੀ ਗਾਇਕੀ ਖਿਲਾਫ਼ ਵਿੱਢੀ ਮੁਹਿੰਮ ਅਤੇ ਬਦਲਵਾਂ ਸਭਿਆਚਾਰ ਉਸਾਰਨ ਦੇ ਯਤਨਾ ਦੀ ਹਮਾਇਤ ਦਾ ਵੀ ਮਤਾ ਪਾਸ ਕੀਤਾ ਗਿਆ।

    ਜਾਰੀ ਕਰਤਾ
    ਜਗਮੇਲ ਸਿੰਘ, ਜਨਰਲ ਸਕੱਤਰ
    ਸੰਪਰਕ 94172-24822

Saturday, June 2, 2012

ਰਾਮਪੁਰਾ ਵਿਖੇ ਮਲਟੀਮੈਲਟ ਸਟੀਲ ਇੰਡਸਟਰੀ 'ਚ ਹਾਦਸੇ ਸਬੰਧੀ AFDR ਦੀ ਜਾਂਚ ਰਿਪੋਰਟ


ਰਾਮਪੁਰਾ ਵਿਖੇ ਮਲਟੀਮੈਲਟ ਸਟੀਲ ਇੰਡਸਟਰੀ ਲਿਮਿਟਡ  'ਚ ਹਾਦਸੇ ਸਬੰਧੀ ਜਮਹੂਰੀ ਅਧਿਕਾਰ ਸਭਾ ਦੀ ਜਾਂਚ ਰਿਪੋਰਟ

             24 ਮਈ ਸ਼ਾਮ ਸਾਢੇ ਚਾਰ ਵਜ਼ੇ
  ਦੇ  ਕਰੀਬ ਰਾਮਪੁਰਾ ਵਿਖੇ ਮਲਟੀਮੈਲਟ ਸਟੀਲ ਇੰਡਸਟਰੀ ਲਿਮਿਟਡ ਵਿਚ ਧਮਾਕੇ  ਨਾਲ ਪੰਜ  ਮਜ਼ਦੂਰਾਂ  ਦੇ  ਝੁਲਸੇ  ਜਾਣ  ਅਤੇ  ਉਹਨਾਂ  ਨੂੰ  ਰਾਮਪੁਰਾ  ਦੇ  ਇੱਕ  ਪ੍ਰਾਈਵੇਟ  ਹਸਪਤਾਲ ਵਿੱਚ  ਦਾਖਲ  ਕਰਾਉਣ  ਦਾ ਪਤਾ  ਲੱਗਿਆ। ਮਾਲਕਾਂ  ਮੁਤਾਬਿਕ  ਕੋਈ  ਧਮਾਕਾ  ਨਹੀਂ  ਹੋਇਆ  ਅਤੇ  ਕਾਮਿਆਂ ਦੇ  ਮਾਮੂਲੀ  ਝਰੀਟਾਂ  ਆਈਆਂ  ਹਨ।  ਥਾਣਾ ਸਦਰ ਗਿੱਲ  ਕਲਾਂ ਦੇ  ਮੁੱਖੀ ਨਰਿੰਦਰ ਕੁਮਾਰ ਨੇ ਵੀ ਕਿਹਾ ਕਿ ਕੋਈ ਧਮਾਕਾ ਨਹੀਂ ਹੋਇਆ। ਕਾਮਿਆਂ ਦਾ ਕਹਿਣਾ ਸੀ ਕਿ ਢਲਾਈ ਦੀ ਭੱਠੀ ਚੱਲ ਰਹੀ ਸੀ ਕਿ ਇੱਕ ਵੱਡਾ ਧਮਾਕਾ ਹੋ ਗਿਆ ਅਤੇ ਅੱਗ ਲੱਗ ਗਈ। ਅੱਗ ਤਿੰਨ ਘੰਟੇ ਲੱਗੀ ਰਹੀ ਅਤੇ ਫਾਇਰ ਬ੍ਰੀਗੇਡ ਦੀਆਂ 3 ਗੱਡੀਆਂ ਨੇ  ਡੇਢ ਘੰਟੇ ਦੀ ਜਦੋ ਜਹਿਦ ਬਾਅਦ  ਅੱਗ ਉਪਰ ਕਾਬੂ ਪਾਇਆ। ਇਸ ਤੋਂ ਪਹਿਲਾਂ ਅਪ੍ਰੈਲ ਵਿੱਚ ਜਲੰਧਰ ਦੀ ਇੱਕ ਫੈਕਟਰੀ ਵਿੱਚ ਵੀ ਧਮਾਕਾ ਹੋਇਆ ਸੀ ਅਤੇ ਉਥੇ ਮਜ਼ਦੂਰਾਂ ਦਾ ਭਾਰੀ ਜਾਨੀ ਨੁਕਸਾਨ ਹੋਇਆ ਸੀ। ਉੱਥੇ ਸਭਾ ਨੇ  ਪਾਇਆ ਸੀ ਕਿ ਉਹ ਫੈਕਟਰੀ ਬਿਨ੍ਹਾਂ ਕਿਸੇ ਮਨਜੂਰੀ ਦੇ  ਚੱਲ ਰਹੀ ਸੀ ਅਤੇ ਉੱਥੇ ਕੋਈ ਵੀ  ਲੇਬਰ ਲਾਅ  ਲਾਗੂ ਨਹੀਂ  ਸੀ। ਇੱਥੇ  ਵੀ  ਮਾਲਕ  ਅਤੇ ਮਜ਼ਦੂਰਾਂ  ਦੇ  ਘਟਨਾ  ਸਬੰਧੀ ਵਿਰੋਧੀ  ਬਿਆਨ ਆਏ  ਅਤੇ ਮਜ਼ਦੂਰਾਂ  ਦੇ ਧਰਨੇ   ਉਤੇ  ਬੈਠਣ,ਮਜ਼ਦੂਰਾਂ  ਦੇ  ਹੱਕ  ਵਿੱਚ  ਮਜ਼ਦੂਰ,  ਮੁਲਾਜ਼ਮ  ਅਤੇ  ਕਿਸਾਨ  ਜਥੇਬੰਦੀਆਂ  ਦੇ  ਆਉਣ  ਪਿਛੋਂ  ਦੋ  ਜ਼ਖਮੀ ਮਜ਼ਦੂਰਾਂ ਨੂੰ ਦਾਇਆਨੰਦ ਹਸਪਤਾਲ ਰੈਫਰ ਕਰਨ ਦਾ ਮਾਮਲਾ ਸਾਹਮਣੇ ਆਇਆ । ਸਭਾ ਨੇ  ਇਸ ਘਟਨਾ ਦੀ ਪੜ੍ਹਤਾਲ   ਕਰਨ ਅਤੇ ਤੱਥ ਲੋਕਾਂ  ਦੇ   ਸਾਹਮਣੇ  ਲਿਆਉਣ  ਲਈ  ਜਗਦੇਵ  ਸਿੰਘ, ਮੇਜਰ  ਸਿੰਘ, ਅਮਰਜੀਤ  ਸਿੰਘ,  ਡਾæਜਗਤਾਰ  ਸਿੰਘ, ਭੋਲਾ  ਸਿੰਘ  ਸਿਧਾਣਾ, ਕੇਸੋ ਰਾਮ,ਬਾਰੂ ਸਤਬਰਗ, ਬੰਤ ਸਿੰਘ ਮਹਿਰਾਜ, ਸਖਦੇਵ ਸਿੰਘ ਪਾਂਧੀ ਅਤੇ ਪ੍ਰਿਤਪਾਲ ਸਿੰਘ ਮੈਂਬਰਾਂ ਦੀ ਤੱਥ ਖੋਜ ਕਮੇਟੀ ਕਾਇਮ ਕੀਤੀ। ਇਹ ਟੀਮ, ਕਾਰਖਾਨੇ  ਦੇ  ਮਜ਼ਦੂਰਾਂ,  ਕਾਰਖਾਨੇ  ਦੇ ਸਮਾਂ  ਅਧਿਕਾਰੀ  ਕਰਿਸ਼ਨ  ਕੁਮਾਰ,  ਪੰਜਾਬ  ਰਾਜ  ਪਾਵਰ  ਕਾਰਪੋਰੇਸ਼ਨ  ਲਿਮਿਟਡ  ਰਾਮਪੁਰਾ ਸ਼ਹਿਰੀ ਸਬ ਡਵੀਜ਼ਨ ਨੰਬਰ 1 ਦੇ  ਇੰਚਾਰਜ ਸੀ੍ਰ  ਆਰ ਸੀ ਸਰਮਾਂ ਜੇ ਈ (1),ਥਾਣਾ ਸਦਰ ਗਿੱਲ ਕਲਾਂ, ਡਾæ ਜਤਿੰਦਰ ਬਾਂਸਲ, ਡਿਪਟੀ ਡਾਇਰੇਕਟਰ ਇੰਡਸਟਰੀ ਦੇ  ਦਫਤਰੀ ਅਮਲੇ ਨੂੰ ਮਿਲੀ। ਕਾਰਖਾਨੇ ਦੇ ਮਾਲਕਾਂ ਨੇ  ਜਿਆਦਾ ਕੰਮ 'ਚ ਰੁੱਝੇ ਹੋਣ ਦਾ ਬਹਾਨਾ ਬਣਾਕੇ ਟੀਮ ਦਾ ਫੋਨ ਨੰਬਰ   ਲੈ ਲਿਆ ਅਤੇ ਬਾਅਦ ਵਿੱਚ ਆਪਣੇ ਆਪ ਬਲਾਉਣ ਦਾ ਵਾਇਦਾ ਕੀਤਾ। ਟੀਮ ਨੂੰ ਘਟਨਾ ਵਾਲੀ ਥਾਂ ਦੀ ਜਾਂਚ   ਕਰਨ ਦੀ ਆਗਿਆ ਨਹੀਂ ਦਿੱਤੀ।

        ਕਾਮਿਆਂ ਨੇ ਦੱਸਿਆ ਕਿ ਭੱਠੀਆਂ 'ਚ ਲੋਹੇ ਦੀ ਪਿਘਲਾਈ ਤੇਜ ਕਰਨ ਭਾਵ ਪਿਘਲਾਈ ਦਾ ਸਮਾਂ ਘਟਾਉਣ (ਇਹ ਪਹਿਲਾਂ ਡੇਢ- ਦੋ
 ਘੰਟੇ ਸੀ ਜਿਸ ਨੂੰ   ਪਿਛਲੇ ਚਾਰ ਪੰਜ ਮਹੀਨਿਆਂ ਤੋਂ ਘਟਾਕੇ ਪੰਤਾਲੀ ਮਿੰਟ ਕਰ ਦਿੱਤਾ ਸੀ) ਕਾਰਨ  ਲੋਡ ਵੱਧਣ ਕਾਰਨ   ਟਰਾਂਸਫਾਰਮਰ ਗਰਮ ਹੋਇਆ ਅਤੇ ਸੱਭ ਪਾਸਿਆਂ ਤੋਂ ਲੋਹੇ ਦੀਆਂ ਸੀਟਾਂ  ਅਤੇ ਇੱਕ   ਸੀਸੇ ਦੀ ਟਾਕੀ ਨਾਲ ਬੰਦ ਹੋਣ ਕਰਨ ਹਵਾਦਾਰ  ਨਾ ਹੋਣ   ਕਾਰਨ ਉਥੇ  ਗਰਮੀ ਦਾ ਵੱਧ  ਗਈ  ਅਤੇ  ਦੋਨਾਂ  ਕਾਰਨਾਂ ਕਰਕੇ  ਟਰਾਂਸਫਾਰਮਰ  ਫੱਟ  ਗਿਆ।  ਕਾਰਖਾਨੇ  ਦੇ  ਅਧਿਕਾਰੀ  ਮੁਤਾਬਕ  ਟਰਾਂਸਫਾਰਮਰ ਬਿਜਲੀ ਦੇ  ਸਰਕਟ 'ਚ ਖਰਾਬੀ ਆਉਣ ਕਾਰਨ  ਨਾਲ ਫੱਟਿਆ ਹੈ।  ਬਿਜਲੀ ਅਧਿਕਾਰੀ ਅਨੁਸਾਰ ਇਸ ਦੇ ਫੱਟਣ ਦਾ ਕਾਰਨ  ਵੱਧ ਲੋਡ ਅਤੇ ਅੰਦਰ  ਗਰਮੀ ਵੱਧਣਾ  ਹੋ  ਸਕਦਾ  ਹੈ।  ਉਸ  ਅਨੁਸਾਰ  ਇਸ  ਕਾਰਖਾਨੇ  ਦਾ  ਮਨਜੂæਰ  ਸੁਦਾ  ਲੋਡ  1500 ਕਿਲੋਵਾਟ  ਹੈ  ਅਤੇ  ਇਹੋ  ਜਿਹੇ ਕੁਨੈਕਸ਼ਨ ਦੀ ਸਵਿਚ ਵੀ ਹਵਾਦਾਰ ਜਗਾ ਉਪਰ ਹੁੰਦੀ ਹੈ, ਨਹੀਂ ਤਾਂ ਗਰਮੀ ਨਾਲ ਸਵਿੱਚ ਵੀ ਫੱਟ/ਸੜ੍ਹ ਜਾਵੇਗੀ।

      ਕਰਿਸ਼ਨ  ਕੁਮਾਰ  ਅਨੁਸਾਰ  ਇਸ  ਟਰਾਂਸਫਾਰਮਰ  ਦੀ ਅਲੈਕਟਰੀਸਿਟੀ (
Electricity) ਇੰਸਪੈਕਟਰ  ਤੋਂ  ਬਕਾਇਦਾ ਚੈਕਿੰਗ  ਕਰਾਈ  ਜਾਂਦੀ  ਹੈ ਅਤੇ ਹਾਦਸੇ ਤੋਂ ਨੋਂ ਦਿਨ ਪਹਿਲਾਂ ਹੀ ਇਹ ਚੈਕਿੰਗ ਕਰਵਾਈ ਗਈ ਸੀ ਅਤੇ ਉਸ ਦੀ ਕਾਪੀ ਸਾਡੇ ਕੋਲ ਹੈ।ਪਰ ਇਹ ਕਾਪੀ,ਅਤੇ ਪੁਲਸ ਦੀ ਡੀæਡੀæਆਰ ਅਤੇ ਫੈਕਟਰੀ ਇੰਸਪੈਕਟਰ ਦੀ ਇੰਸਪੈਕਸ਼ਨ ਦੀ ਕਾਪੀ ਟੀਮ ਨੂੰ ਵਿਖਾਉਣ ਤੋਂ ਇਨਕਾਰ ਕਰ ਦਿੱਤਾ। ਬਿਜਲੀ ਅਧਿਕਾਰੀ ਮੁਤਾਬਕ ਅਲੈਕਟਰੀਸਿਟੀ ਇੰਸਪੈਕਟਰ ਕੇਵਲ ਟਰਾਂਸਫਾਰਮਰ ਧਰਨ ਵੇਲੇ ਹੀ ਇੰਸਪੈਕਸ਼ਨ ਕਰਦਾ ਹੈ ਅਤੇ ਬਾਅਦ  ਵਿੱਚ ਉਸਨੇ ਕਦੇ ਵੀ ਚੈਕਿੰਗ ਨਹੀਂ ਕੀਤੀ ਅਤੇ   ਉਹ ਇੱਕ ਅਲੱਗ ਵਿਭਾਗ ਹੈ। ਬਿਜਲੀ ਵਿਭਾਗ ਪ੍ਰਾਈਵੇਟ ਜਗਾ ਦੇ  ਅੰਦਰ ਲੱਗੇ ਕਿਸੇ ਟਰਾਂਸਫਾਰਮਰ ਦਾ ਜਿੰਮੇਂਵਾਰ  ਨਹੀਂ  ਹੈ।  ਇੱਥੇ  ਲੋਡ  ਵਧਣ ਜਾਂ  ਸਰਕਟ ਵਿੱਚ  ਖਰਾਬੀ  ਆਉਣ  ਤੇ  ਆਟੋ  ਕੱਟ   ਸਵਿੱਚ ਨਹੀਂ  ਲੱਗੀ  ਹੋਈ  ਸੀ। ਮਾਲਕ  ਇਹ ਸਵਿੱਚ ਹੁਣ ਲਗਵਾ ਰਹੇ ਹਨ। ਸਾਨੂੰ ਧਮਾਕੇ ਦੀ ਸੂਚਨਾ ਮਿਲਣ ਤੇ ਅਸੀ ਫੀਡਰ ਬੰਦ ਕਰ ਦਿੱਤਾ। ਠੀਕ ਹੋਣ ਤੇ ਬਿਜਲੀ ਸਪਲਾਈ ਦੁਵਾਰਾ ਚਾਲੂ ਕਰ ਦੇਵਾਂਗੇ। ਇਸ ਤੋਂ ਇਲਾਵਾ ਸਾਡੀ ਕੋਈ ਹੋਰ ਜਿੰਮੇਂਵਾਰੀ ਨਹੀ ਹੈ। ਪਰ ਅਸੀ ਜਾਣਦੇ ਹਾਂ ਕਿ ਬਿਜਲੀ ਅਧਿਕਾਰੀ ਘਰਾਂ ਦਾ ਲੋਡ ਚੈਕ ਕਰਦੇ  ਰਹਿੰਦੇ ਹਨ ,ਫਿਰ ਪ੍ਰਾਈਵੇਟ ਟਰਾਂਸਫਰ ਦਾ ਲੋਡ ਚੈਕ ਕਿਉਂ ਨਹੀਂ  ਕਰਦੇ?

        ਮਜ਼ਦੂਰਾਂ ਅਨੁਸਾਰ ਭੱਠੀਆਂ ਉਪਰ ਤਾਪ ਮੀਟਰ  ਨਹੀਂ ਹਨ।  ਅੰਦਰ ਸੇਕ ਅਤੇ ਪ੍ਰਦੂਸ਼ਣ ਬਹੁਤ ਹੈ। ਸੇਕ ਕਾਰਨ   ਅੱਖਾ ਉਪਰ ਅਸਰ  ਪੈਂਦਾ  ਹੈ  ਅਤੇ  ਪ੍ਰਦੂਸ਼ਨ  ਨਾਲ  ਸਾਹ ਦੀਆਂ  ਬਿਮਾਰੀਆਂ  ਹੁੰਦੀਆ  ਹਨ।  ਪਿਛਲੇ  ਸਾਲ  ਅੰਦਰ  ਰਾਮ ਅਵਧ  ਨਾਮੀ ਮਜਦੂਰ  ਸਾਹ ਦੀ ਬਿਮਾਰੀ ਨਾਲ ਮਰ ਗਿਆ ਹੈ। ਉਹ 25-30 ਸਾਲ ਤੋਂ ਇੱਥੇ ਕੰਮ ਕਰ ਰਿਹਾ ਸੀ।  ਦੋ  ਤਿੰਨ ਸਾਲ ਪਹਿਲਾਂ ਇੰਦਰ ਵੀ ਝੁਲਸ ਗਿਆ ਸੀ। ਉਸ ਸਮੇਂ  ਚਲਦੀਆਂ ਭੱਠੀਆਂ ਦੌਰਾਨ ਸਵਿੱਚ ਕੱਟਣ ਦਾ ਹੁਕਮ ਹਇਆ ਅਤੇ ਸਵਿੱਚ ਫੱਟ ਗਈ ਸੀ। ਇਸੇ ਤਰਾਂ ਕੁੱਝ ਸਮਾਂ ਪਹਿਲਾਂ ਉਦੇ ਵੀਰ  ਅਤੇ ਮਲਕੀਤ ਉਪਰ ਗਰਮ ਤਰਲ ਪੈ  ਗਿਆ ਸੀ। ਉਨ੍ਹਾਂ ਦੀਆਂ ਲੱਤਾਂ ਝੁਲਸ ਗਈਆਂ ਸਨ । ਕਾਮਿਆਂ ਨੂੰ ਇਸ ਖਤਰਨਾਕ  , ਪਿਘਲੇ ਲੋਹੇ  ਨਾਲ  ਕੰਮ  ਕਰਦੇ  ਸਮੇਂ   ਸੁਰੱਖਿਆ  ਬਸਤਰ  ਖਾਨਾ ਪੁਰਤੀ  ਵਜੋæ  ਦਿੱਤੇ   ਜਾਂਦੇ  ਹਨ।ਪਿਘਲੇ ਲੋਹੇ  ਦੀਆਂ  ਬਾਲਟੀਆਂ  ਅਕਸਰ  ਉਲਟ ਜਾਂਦੀਆਂ ਹਨ,ਜਾਂ ਲੀਕ ਹੋ ਜਾਂਦੀਆਂ ਹਨ ਜਿਸ ਨਾਲ ਮਜ਼ਦੂਰ ਜਖਮੀ ਹੁੰਦੇ ਰਹਿੰਦੇ ਹਨ। ਘਟਨਾ ਸਮਂੇ ਮਜ਼ਦੂਰ ਕੋਈ 8-10 ਫੁੱਟ ਦੀ ਦੂਰੀ ਤੇ ਕੰਮ ਕਰ ਰਹੇ ਸਨ।  ਧਮਾਕਾ ਇੰਨ੍ਹਾਂ ਜਬਰਦਸਤ ਸੀ ਕਿ   ਕੁੱਝ ਮਜ਼ਦੂਰਾਂ ਨੂੰ 3-4 ਫੁੱਟ ਦੀ ਦੂਰੀ ਤੱਕ ਸੁੱਟ ਦਿੱਤਾ ਸੀ ਭਾਂਵੇ ਪਹਿਲਾਂ
ਜਖਮੀ ਮਜ਼ਦੂਰਾਂ ਦਾ ਇਲਾਜ ਮਾਲਕਾਂ ਨੇ  ਕਰਵਾਇਆ ਸੀ ਅਤੇ ਇਲਾਜ ਸਮੇਂ ਦੀ ਤਨਖਾਹ ਵੀ ਦਿੱਤੀ ਸੀ ਪਰ ਹਾਦਸੇ ਕਾਰਨ  ਸਰੀਰਕ  ਤੇ ਮਾਨਸਿਕ ਨੁਕਸਾਨ ਦੀ ਪੂਰਤੀ ਲਈ ਕੋਈ ਮੁਆਵਜਾ ਨਹੀਂ ਦਿੱਤਾ ਸੀ।
ਟੀਮ 28 ਮਈ ਨੂੰ ਜਖਮੀ ਮਜ਼ਦੂਰਾਂ ਨੂੰ ਮਿਲਣ  ਲਈ ਡਾæ ਜਤਿੰਦਰ ਬਾਂਸਲ ਦੇ  ਹਸਪਤਾਲ ਗਈ ਤਾਂ ਪਤਾ ਲੱਗਿਆ ਕਿ ਦੋ ਗੰਭੀਰ  ਮਜ਼ਦੂਰਾਂ  ਨੂੰ  ਇੱਕ  ਦਿਨ ਪਹਿਲਾਂ  ਭਾਵ  27 ਮਈ  ਨੂੰ  ਡੀæਐਮæਸੀæ  ਲੁਧਿਆਣਾ  ਭੇਜ  ਦਿੱਤਾ  ਸੀ ਅਤੇ   ਬਾਕੀ ਤਿੰਨਾਂ  ਨੂੰ  ਟੀਮ ਦੇ ਪਹੁੰਚਣ ਤੋਂ ਪਹਿਲਾਂ,28 ਮਈ ਨੂੰ ਹੀ ਲਧਿਆਣੇ ਰੈਫਰ ਕੀਤਾ ਸੀ। ਕਸ਼ਮੀਰਾ ਸਿੰਘ ਅਤੇ ਤਰਸੇਮ (70-80 ਫੀਸਦੀ), ਸਾਮ ਬਹਾਦਰ,ਅਤੇ ਗੁਰਪ੍ਰੀਤ ਸਿੰਘ (50 ਫੀਸਦੀ ਤੋਂ ਵੱਧ)   ਗੰਭੀਰ ਰੂਪ 'ਚ ਝੁਲਸੇ ਹਨ ਅਤੇ ਗੁੱਲੂ ਰਾਮ 35 ਫਸਦੀ  ਜਲਿਆ ਹੈ ਅਤੇ ਅਮਨ ਖਾਨ ਜਿਸਦੇ ਪੈਰ ਜਲੇ ਸਨ ਨੂੰ ਇਸੇ ਹਸਪਤਾਲ ਵਿੱਚੋਂ ਛੁੱਟੀ ਦੇ  ਦਿੱਤੀ  ਸੀ।   ਕਾਰਖਾਨੇ ਦੇ  ਅਧਿਕਾਰੀ ਕ੍ਰਿਸ਼ਨ ਕੁਮਾਰ ਮੁਤਾਬਕ ਸਾਰੇ ਜਖਮੀ ਮਜ਼ਦੂਰ ਪੱਕੇ  ਕਾਮੇ  ਹਨ ਪਰ ਮਜ਼ਦੂਰਾ ਨੇ ਕਿਹਾ ਕਿ ਕਸ਼ਮੀਰਾ  ਅਤੇ  ਗੁਰਪ੍ਰੀਤ  ਕੱਚੇ  ਸਨ, ਉਨ੍ਹਾਂ ਨੂੰ ਜਖਮੀ  ਹੋਣ ਤੋਂ  ਬਾਅਦ  ਪਿਛਲੀ  ਤਰੀਕ  'ਚ ਪੱਕਾ ਕੀਤਾ ਗਿਆ ਹੈ। ਇੱਥੇ ਇਹ ਵੀ ਨੋਟ ਕੀਤਾ ਗਿਆ ਕਿ ਕਸ਼ਮੀਰਾ ਸਿੰਘ ਜੋ ਫੂਲ ਦਾ ਵਾਸੀ ਹੈ ,ਆਪਣੇ ਦਾਦੀ , ਸਾਹ ਦੀ ਬਿਮਾਰੀ ਤੋ ਪੀੜਤ ਪਿਤਾ, ਬਲੱਡ ਪ੍ਰੈਸਰ ਦੀ ਬਿਮਾਰ ਮਾਤਾ ਅਤੇ ਸਵਰਗਵਾਸੀ ਤਾਏ ਦੀਆਂ ਚਾਰ ਧੀਆਂ   ਦੇ  ਵੱਡੇ ਪ੍ਰਵਾਰ ਲਈ ਰੋਟੀ ਦਾ ਇੱਕੋ ਇੱਕ ਆਸਰਾ ਹੈ।

       ਚਾਰ ਘੰਟੇ ਪੀਕ ਲੋਡ ਸਮੇਂ ਬੰਦ ਰਹਿਣ ਕਾਰਨ,  ਕਾਰਖਾਨਾ 20 ਘੰਟੇ ਚਲਦਾ ਹੈ   ਅਤੇ ਕੇਵਲ ਦੋ ਹੀ ਸਿਫਟਾਂ ਹਨ। ਅਧਿਕਾਰੀ ਮੁਤਾਬਕ 80 ਪੱਕੇ ਕਾਮੇ ਹਨ ਅਤੇ ਕੱਚੇ ਕਾਮੇ ਕਦੇ ਕਦੇ ਵੱਡਾ ਆਡਰ ਮਿਲਣ ਤੇ ਰੱਖੇ ਜਾਂਦੇ ਹਨ । ਪੱਕੇ ਕਾਮਿਆ ਦੀ ਈ ਐਸ ਆਈ ਅਤੇ ਗਰੁੱਪ  ਬੀਮਾ  ਕਰਵਾਇਆ  ਜਾਂਦਾ  ਹੈ।  ਪਰ ਕਾਮਿਆਂ  ਅਨੁਸਾਰ  70 ਕੱਚੇ  ਕਾਮੇ  ਲੰਬੇ  ਸਮੇਂ  ਤੋਂ  ਕੰਮ  ਕਰ ਰਹੇ  ਹਨ।  ਕਾਮਿਆਂ  ਅਨੁਸਾਰ ਮੈਲਟਰ (ਭੱਠੀਆਂ ਚਲਾਉਣ ਤੇ ਨਿਗਾਅ ਰੱਖਣ ਵਾਲੇ) ਵੀ ਪੂਰੇ ਨਿਪੁੰਨ ਨਹੀਂ ਹਨ। ਕ੍ਰਿਸ਼ਨ ਕੁਮਾਰ ਅਨੁਸਾਰ ਭੱਠੀਆਂ ਦੇ ਦੋ ਸੈਟ ਹਨ ਅਤੇ ਹਰੇਕ  ਸੈਟ  ਵਿਚ  ਦੋ  ਭੱਠੀਆਂ  (ਅੱਧੇ  ਅਤੇ  ਇੱਕ  ਟਨ )  ਹਨ  ਅਤੇ  ਇੱਕੋ  ਸਮੇਂ  ਕੇਵਲ  ਇੱਕ  ਹੀ  ਭੱਠੀ   ਚਲਦੀ  ਹੈ।  ਦੂਸਰਾ  ਸੈਟ  ਤਾਂ ਐਮਰਜੈਂਸੀ ਲਈ ਹੈ। ਪਰ ਕਾਮਿਆਂ ਨੇ  ਦੱਸਿਆ ਕਿ ਇੱਕੋ ਸਮੇ ਹਰੇਕ ਸੈਟ ਚੋਂ  ਇੱਕ ਇੱਕ ਭੱਠੀ ਚਾਲੂ ਰਹਿੰਦੀ ਹੈ।

          ਕਾਰਖਾਨੇ ਅੰਦਰ ਮੈਡੀਕਲ ਸਹੂਲਤਾਂ   ਪ੍ਰਬੰਧ ਨਹੀਂ ਹੈ। ਲੇਬਰ ਇੰਸਪੈਕਟਰ ਕਦੇ ਮਜ਼ਦੂਰਾਂ ਨੂੰ ਨਹੀਂ ਮਿਲਿਆ। ਚੈਕਿੰਗ ਵਾਲਾ ਅਧਿਕਾਰੀ ਕਦੇ ਕੋਈ ਆਇਆ ਹੀ ਨਹੀ। ਕਾਮਿਆਂ ਨੇ  ਦੱਸਿਆ ਕਿ ਧਰਨੇ ਨੂੰ ਮਾਲਕਾਂ ਨੇ  ਗੈਰ ਕਾਨੂੰਨੀ ਹੋਣ ਦਾ ਨੋਟਿਸ ਵੀ ਲਾਇਆ ਸੀ। ਲੇਬਰ ਇੰਸਪੈਕਟਰ ਨੇ  ਕਿਹਾ ਕਿ ਉਹਨਾ ਦਾ ਘਟਨਾ ਨਾਲ ਕੋਈ ਸਬੰਧ ਨਹੀਂ ਹੈ। ਅਤੇ ਡਿਪਟੀ ਡਾਇਰੈਕਟਰ  ਇੰਡਸਟਰੀ ਦੇ  ਦਫਤਰ ਚੋਂ ਪਤਾ ਲੱਗਿਆ ਕਿ ਉਨਾਂ੍ਹ ਨੂੰ ਸੋਮਵਾਰ 26 ਮਈ ਇਤਲਾਹ ਮਿਲੀ ਅਤੇ ਡਿਪਟੀ ਡਾਇਰੈਕਟਰ ਸਾਹਿਬ ਅੱਜ (30 ਮਈ)  ਨੂੰ ਸੰਗਰੂਰ ਗਏ ਹਨ ਸਾਇਦ ਆਉਂਦੇ ਹੋਏ ਕਾਰਖਾਨੇ ਹੋਕੇ ਆਉਣ।

     ਥਾਣੇ  ਦੇ  ਤਫਤੀਸੀ ਅਧਿਕਾਰੀ ਏ ਐਸ ਆਈ ਨੇ  ਟੀਮ ਨੂੰ ਇਸ ਦੀ ਜਾਂਚ ਰਿਪੋਰਟ ਦੀ ਕਾਪੀ ਦੇਣ ਦਾ ਵਾਅਦਾ ਕੀਤਾ ਸੀ ਜੋ ਬਾਅਦ 'ਚ ਟਾਲਮਟੋਲ 'ਚ ਬਦਲ ਗਿਆ।

ਸਿੱਟੇ:-

  1. ਇਸ ਹਾਦਸੇ ਦਾ ਮੁੱਖ ਕਾਰਨ  ਭੱਠੀ  ਦੀ ਪਿਘਲਾਈ ਦਾ ਸਮਾਂ ਘਟਾਉਣ ਦੇ ਕਾਰਨ  ਟਰਾਂਸਫਾਰਮਰ ਉਵਰ ਲੋਡ ਹੋਣ ਕਾਰਨ ਜਿਆਦਾ ਗਰਮ ਹੋ ਗਿਆ ਅਤੇ ਉਸ ਦੇ ਆਲਾ ਦੁਆਲਾ ਹਵਾਦਾਰ ਨਾ ਹੋਣ ਕਾਰਨ, ਅਤੇ ਟਰਿਪ ਸਵਿੱਚ ਦੇ ਨਾ ਹੋਣ ਕਾਰਨ ਟਰਾਂਸਫਾਰਮਰ ਫੱਟ ਗਿਆ।
  2.  ਟਰਾਂਸਫਾਰਮਰ ਫੱਟਣ  ਕਾਰਨ  ਉਸ  ਵਿਚਲਾ  ਤੇਲ  ਭਮੂਕੇ  ਦੇ   ਰੂਪ'ਚ  ਕਾਮਿਆਂ  ਨੂੰ  ਲੂਹ  ਗਿਆ  ਅਤੇ ਫੈਕਟਰੀ ਵਿੱਚ ਅੱਗ ਲੱਗਣ ਦਾ ਕਾਰਨ ਬਣਿਆ।
  3. ਫੈਕਟਰੀ ਮਾਲਕ ਅਤੇ ਪ੍ਰਸ਼ਾਸ਼ਣ ਨੇ  ਇਸ ਨੂੰ ਮਾਮੂਲੀ ਘਟਣਾ  ਬਣਾਉਣ ਦੀ ਕੋਸ਼ਿਸ ਕੀਤੀ ਅਤੇ ਪਰ ਸਭਾ ਸਮਝਦੀ ਹੈ ਕਿ ਇਹ ਇੱਕ ਗੰਭੀਰ ਮਸਲਾ ਹੈ  ਜੋ ਕਾਮਿਆਂ ਦੀ ਜਾਨ ਮਾਲ ਨਾਲ ਜੁੜਿਆ ਹੋਇਆ ਹੈ ਜਿਸ ਕਰਕੇ ਸੇਫਟੀ ਦੇ ਢੰਗਾਂ ਵਿੱਚ ਕੋਈ ਢਿੱਲ ਬਰਦਾਸਤ ਨਹੀ ਕੀਤੀ ਜਾਣੀ ਚਾਹੀਂਦੀ।
  4. ਦੁਰਘਟਨਾ  ਦੇ   ਸਿਕਾਰ  ਹੋਏ  ਕਾਮਿਆਂ ਨੂੰ  ਚੰਗੇ  ਡਾਕਟਰੀ  ਇਲਾਜ  ਦੀ  ਜਰੂਰਤ  ਸੀ  ਜਿਸ  ਵਿੱਚ  ਦੇਰੀ ਹੋਈ ਹੈ। ਉਹ ਕਾਮਿਆਂ   ਅਤੇ ਭਰਾਤਰੀ  ਜਥੇਬੰਦੀਆਂ ਦੇ  ਦਬਾ ਸਦਕਾ  ਹੀ   ਹਾਸਲ ਹੋਣ ਦੀ ਆਸ ਬੱਝੀ ਹੈ।
  5. ਦੁਰਘਟਨਾਵਾਂ ਦੇ ਸ਼ਿਕਾਰ ਕਾਮੇ ਮਾਨਸਿਕ ਅਤੇ ਸਰੀਰਕ ਨੁਕਸਾਨ ਊਠਾਉਂਦੇ ਹਨ, ਪਰ ਮਾਲਕ ਇੰਨ੍ਹਾਂ ਦੀ ਪੂਰਤੀ ਕਦੇ ਵੀ ਨਹੀਂ ਕਰਦੇ।
  6. ਡਿਪਟੀ ਡਾਇਰੇਕਟਰ ਇੰਡਸਟਰੀਜ ਦੀ ਕਾਰਗੁਜ਼ਾਰੀ ਬਹੁਤ ਢਿੱਲੀ ਹੈ ਜੋ ਬਿਨ੍ਹਾਂ ਕਿਸੇ ਦੇਰੀ ਦੇ ਹਰਕਤ ਵਿੱਚ ਆਉਣਾ   ਚਾਹੀਦਾ ਹੈ। ਪਰ ਜਮਹੂਰੀ ਸਭਾ ਨੇ  ਪੜਤਾਲ ਦੌਰਾਨ ਪਾਇਆ ਕਿ ਵਿਭਾਗ ਦੇ  ਕੰਨ ਤੇ ਜੂੰ ਵੀ ਨਹੀਂ ਸਰਕੀ ਸੀ।
  7. ਕਾਮਿਆਂ  ਦੀਆਂ  ਕੰਮ  ਦੀਆ  ਹਾਲਤਾਂ  ਨਾਲ  ਸਬੰਧਤ  ਲੇਬਰ  ਇੰਸਪੈਕਟਰ  ਦਾ ਕੰਮ  ਕਾਮਿਆਂ  ਦੀਆ ਮੁਸਕਲਾਂ ਦਾ ਹੱਲ ਕਰਵਾਉਣਾ ਹੈ। ਪਰ ਉਸਦਾ ਕੰਮ ਗੈਰ ਤਸੱਲੀ ਬਖ਼ਸ ਹੈ।
ਮੰਗਾਂ:-
  1. ਸਭਾ ਮੰਗ ਕਰਦੀ ਹੈ ਕਿ ਇਹ ਦੁਰਘਟਨਾ ਕੁਦਰਤੀ ਨਹੀ,  ਸਗੋ ਮਾਲਕਾਂ ਦੇ  ਲਾਲਚ ਕਰਕੇ ਹੋਈ ਹੈ ਜਿਸ ਨੇ  ਕ੍ਰਿਤ ਕਾਨੂੰਨ ਅਤੇ ਕ੍ਰਿਤੀਆਂ ਦੀ ਸੁਰੱਖਿਆ ਨੂੰ ਆਪਣੇ ਲਾਲਚ ਕਰਕੇ ਨਜ਼ਰ ਅੰਦਾਜ ਕੀਤਾ ਹੈ । ਇਸ ਕਰਕੇ ਮਾਲਕ  ਇਸ ਹਾਦਸੇ ਦਾ ਮੁੱਖ  ਜਿੰਮੇਵਾਰ  ਹਨ ਅਤੇ  ਸਭਾ ਮੰਗ  ਕਰਦੀ  ਹੈ  ਕਿ ਪੀੜਤ ਵਰਕਰਾਂ  ਨੂੰ  ਪੰਜ  ਪੰਜ  ਲੱਖ  ਦਾ ਮੁਆਵਜਾਂ ਦਿੱਤਾ ਜਾਵੇ।
  2. ਸਨੱਅਤਾਂ ਨੂੰ ਨਿਯਮਤ ਢੰਗ ਨਾਲ ਚਲਾਉਣ ਲਈ ਜਿੰਮੇਵਾਰ ਅਦਾਰੇ,ਬਿਜਲੀ ਅਧਿਕਾਰੀ, ਲੇਬਰ ਇੰਸਪੈਕਟਰ ਅਤੇ ਡਿਪਟੀ ਡਾਇਰੈਕਟਰ ਇੰਡਸਟਰੀਜ ਨੇ ਆਪਣੀ ਜਿਮੇਵਾਰੀ ਅਤੇ ਫਰਜ਼ਾਂ ਤੋਂ ਸਭਾ ਕੋਲ ਸਾਫ ਤੌਰ ਤੇ ਟਾਲਾ ਵੱਟਿਆ ਹੈ। ਇਸ ਕਰਕੇ ਸਭਾ ਮੰਗ ਕਰਦੀ ਹੈ ਕਿ ਸਬੰਧਤ ਅਧਿਕਾਰੀਆ ਤੇ ਮਹਿਕਮਾਨਾ ਕਾਰਵਾਈ ਕੀਤੀ ਜਾਵੇ।
  3. ਕਿਉਂਕਿ  ਸਨਅਤੀ  ਦੁਰਘਟਨਾਵਾਂ  ਥਾਂ  ਥਾਂ  (ਜਲੰਧਰ, ਚੰਡੀਗੜ, ਲਧਿਆਣੇ) ਵਾਰ  ਵਾਰ  ਵਾਪਰ ਰਹੀਆਂ  ਹਨ। ਇਸ ਕਰਕੇ ਕਾਮਿਆਂ ਦੀ ਜਾਨ ਮਾਲ ਦੀ ਰਾਖੀ ਲਈ ਸਨੱਅਤੀ ਸੁਰੱਖਿਆਂ ਨਿਯਮ ਸਾਰੇ ਸਨੱਅਤੀ ਅਦਾਰਿਆਂ ਵਿੱਚ ਸਖਤੀ ਨਾਲ ਲਾਗੂ ਕੀਤੇ ਜਾਣੇ ਚਾਹੀਂਦੇ ਹਨ।

ਜਾਰੀ ਕਰਤਾ:
ਬੱਗਾ ਸਿੰਘ, ਸੂਬਾ ਪ੍ਰਧਾਨ ਜਮਹੂਰੀ ਅਧਿਕਾਰ ਸਭਾ,ਪੰਜਾਬ