StatCounter

Tuesday, July 30, 2013

ਪਾਸ਼ ਦੇ ਪਿਤਾ ਨੂੰ ਯਾਦ ਕਰਦਿਆਂ

ਪਾਸ਼ ਦੇ ਪਿਤਾ ਨੂੰ ਯਾਦ ਕਰਦਿਆਂ
‘‘ਸਮਾਜ ਅੰਦਰ ਆਮ ਕਰ ਕੇ ਕਿਸੇ ਵਿਅਕਤੀ ਦੀ ਪਛਾਣ ਉਸ ਦੇ ਮਾਪਿਆਂ, ਪੁਰਖ਼ਿਆਂ ਦੇ ਹਵਾਲੇ ਨਾਲ ਹੁੰਦੀ ਹੈ। ਮੇਰੇ ਲਈ ਇਸ ਤੋਂ ਵਧ ਕੇ ਮਾਣ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਮੇਰੀ ਪਛਾਣ ਮੇਰੇ ਪੁੱਤ ‘ਪਾਸ਼ ਦੇ ਪਿਤਾ’ ਦੇ ਹਵਾਲੇ ਨਾਲ ਬਣੀ ਹੈ। ਪਾਸ਼ ਦੀ ਕਲਮ ਨੇ ਪਰੰਪਰਾਗਤ ਪਛਾਣ ਦੇ ਹਵਾਲਿਆਂ ਦੇ ਬਦਲ ’ਚ ਨਵੀਂ ਸ਼ਨਾਖ਼ਤ ਸਥਾਪਤ ਕੀਤੀ।’’

ਇਹ ਮਾਣਮੱਤੇ ਸ਼ਬਦ ਸਨ ਮੇਜਰ ਸੋਹਣ ਸਿੰਘ ਸੰਧੂ ਹੋਰਾਂ ਦੇ ਜਦੋਂ ਮੈਂ ਉਨ੍ਹਾਂ ਦੇ ਪਿੰਡ ਤਲਵੰਡੀ ਸਲੇਮ ਵਿਖੇ ਉਨ੍ਹਾਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ।

ਮੇਜਰ ਸੋਹਣ ਸਿੰਘ ਸੰਧੂ 25 ਜੁਲਾਈ 2013 ਨੂੰ ਅਮਰੀਕਾ ਵਿਖੇ ਅੰਤਲੇ ਸਾਹ ਲੈ ਕੇ ਜਿਸਮਾਨੀ ਤੌਰ ’ਤੇ ਸਾਡੇ ਕੋਲੋਂ ਵਿਦਾ ਹੋ ਗਏ। ਪਾਸ਼ ਦੀ 23 ਮਾਰਚ 1988 ਨੂੰ ਹੋਈ ਸ਼ਹਾਦਤ ਉਪਰੰਤ ਉਨ੍ਹਾਂ ਵੱਲੋਂ ਨਿਭਾਈ ਵਿਸ਼ੇਸ਼ ਭੂਮਿਕਾ ਸਦਾ ਅਮਰ ਰਹੇਗੀ। ਇਹ ਭੂਮਿਕਾ ਮੂੰਹੋਂ ਬੋਲਦੀ ਹੈ ਕਿ ਉਨ੍ਹਾਂ ਦਾ ਰੁਤਬਾ ਸਿਰਫ਼ ਪਾਸ਼ ਦੇ ਪਿਤਾ ਤਕ ਹੀ ਸੀਮਿਤ ਨਹੀਂ ਸਗੋਂ ਉਹ ਖ਼ੁਦ ਸਾਹਿਤਕ ਰੁਚੀਆਂ ਰੱਖਦੇ ਸਨ। ਪਾਸ਼ ਨੇ ਬਾਲ-ਉਮਰੇ ਹੀ ਆਪਣੇ ਪਿਤਾ ਦੇ ਸਾਹਿਤਕ ਰਸਾਲੇ ਗਹੁ ਨਾਲ ਪੜ੍ਹਨੇ ਸ਼ੁਰੂ ਕੀਤੇ। ਸੰਧੂ ਹੋਰੀਂ ਖ਼ੁਦ ਵੀ ਕਵਿਤਾ ਲਿਖਦੇ ਸਨ। ਭਰ ਜਵਾਨ ਉਮਰੇ ਮਾਪਿਆਂ, ਆਪਣੀ ਜੀਵਨ ਸਾਥਣ ਰਾਜਵਿੰਦਰ ਰਾਣੀ ਅਤੇ ਬਾਲੜੀ ਵਿੰਕਲ ਨੂੰ ਛੱਡ ਕੇ ਪਾਸ਼ ਦਾ ਤੁਰ ਜਾਣਾ, ਸੋਹਣ ਸਿੰਘ ਸੰਧੂ ਹੋਰਾਂ ਦੀ ਮਾਨਸਿਕਤਾ ਉਪਰ ਡੂੰਘਾ ਸੱਲ੍ਹ ਕਰਨ ਵਾਲਾ ਸੀ। ਉਹ ਨਿਰਾਸ਼, ਉਦਾਸ ਨਹੀਂ ਹੋਏ। ਢੇਰੀ ਢਾਹ ਕੇ ਨਹੀਂ ਬੈਠੇ ਸਗੋਂ ਉਨ੍ਹਾਂ ਨੇ ਪਹਿਲਾਂ ਨਾਲੋਂ ਵੀ ਵੱਧ ਧੜੱਲੇ ਅਤੇ ਸਿਦਕਦਿਲੀ ਨਾਲ ਪਾਸ਼ ਦੀ ਸੋਚ ਦਾ ਪਰਚਮ ਬੁਲੰਦ ਕੀਤਾ।

ਖਾਲਿਸਤਾਨੀ ਅਤੇ ਹਕੂਮਤੀ ਦਹਿਸ਼ਤਗਰਦੀ ਦੇ ਝੱੁਲਦੇ ਝੱਖੜਾਂ ’ਚ ਸੰਧੂ ਹੋਰਾਂ ਨੇ ਪਾਸ਼ ਦੀ ਸੋਚ ਦਾ ਪਰਚਮ ਹੋਰ ਵੀ ਬੁਲੰਦ ਕੀਤਾ। ਏ.ਕੇ.47 ਦੀ ਵਰ੍ਹਦੀ ਅੱਗ ਉਨ੍ਹਾਂ ਦੇ ਬੋਲਾਂ ਨੂੰ ਠਾਰ ਨਾ ਸਕੀ। ਉਨ੍ਹਾਂ ਦੀਆਂ ਧੀਆਂ, ਪੁੱਤਰਾਂ, ਪੁੱਤਰਾਂ ਤੋਂ ਵਧ ਕੇ ਜੁਆਈਆਂ, ਧੀਆਂ ਤੋਂ ਵਧ ਕੇ ਪਿਆਰੀ ਰਾਜਵਿੰਦਰ ਅਤੇ ਵਿੰਕਲ, ਪਾਸ਼ ਦੀ ਕਵਿਤਾ ਦੀ ਲੋਅ ਹੱਥ ਲੈ ਕੇ ਹਨੇਰੇ ਖਿਲਾਫ਼ ਡਟਕੇ ਜੂਝਦੇ ਰਹੇ ਹਨ।

ਕਰਾਂਤੀਕਾਰੀ ਕਵੀ ਸੁਰਿੰਦਰ ਧੰਜਲ ਦੀ ਅਗਵਾਈ ’ਚ ਸੋਹਣ ਸਿੰਘ ਸੰਧੂ ਹੋਰਾਂ ਦੀ ਸਰਪ੍ਰਸਤੀ ’ਚ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਬਣਾਇਆ ਗਿਆ। ਟਰੱਸਟ ਵੱਲੋਂ ਪਾਸ਼ ਦੇ ਜਨਮ ਅਤੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਵਿੱਚ ਡਟ ਕੇ ਯੋਗਦਾਨ ਪਾਇਆ ਜਾਣ ਲੱਗਾ। ਪੰਜਾਬ ਤੋਂ ਇਲਾਵਾ ਅਮਰੀਕਾ, ਕੈਨੇਡਾ, ਇੰਗਲੈਂਡ ਆਦਿ ਮੁਲਕਾਂ ’ਚ ਪਾਸ਼ ਦੀ ਸ਼ਹਾਦਤ ਤੋਂ ਲੈ ਕੇ ਅੱਜ ਤਕ ਨਿਰੰਤਰ ਸਮਾਗਮ ਹੋ ਰਹੇ ਹਨ।

ਸੰਧੂ ਹੋਰਾਂ ਦੇ ਭਰਵੇਂ ਆਰਥਿਕ ਯੋਗਦਾਨ ਨਾਲ ਪਾਸ਼ ਅਤੇ ਹੰਸ ਰਾਜ ਯਾਦਗਾਰੀ ਸਟੇਡੀਅਮ ਤਲਵੰਡੀ ਸਲੇਮ ਬਣਾਇਆ ਗਿਆ। ਨਗਰ ਪੰਚਾਇਤ ਅਤੇ ਸਮੂਹ ਨਗਰ ਵੱਲੋਂ ਦਿੱਤੀ ਜ਼ਮੀਨ ਉਪਰ ਸਟੇਡੀਅਮ ਦੀ ਉਸਾਰੀ ਉਨ੍ਹਾਂ ਵੱਲੋਂ ਕੀਤੀ ਆਰਥਿਕ ਮੱਦਦ ਤੋਂ ਬਿਨਾਂ ਸ਼ਾਇਦ ਸੰਭਵ ਨਾ ਹੁੰਦੀ। ਪਾਸ਼ ਲਾਇਬਰੇਰੀ ਬਣਾਈ ਗਈ।
ਉਹ ਸਿਰਫ਼ ਪਾਸ਼ ਦੇ ਹੀ ਨਹੀਂ ਸਗੋਂ ਪਾਸ਼ ਦੇ ਹਮਸਫ਼ਰਾਂ ਦੇ ਪਿਤਾ ਦਾ ਰੁਤਬਾ ਹਾਸਲ ਕਰ ਗਏ। ਗਹਿਰੇ ਸਦਮੇ ਅਤੇ ਭਿਆਨਕ ਬੀਮਾਰੀਆਂ ਦੇ ਬਾਵਜੂਦ ਉਨ੍ਹਾਂ ਨੇ ਪਾਸ਼ ਬਾਰੇ ਹੋਰਨਾਂ ਕਵੀਆਂ ਦੇ ਕਲਾਮ ਦਾ ਸੰਗ੍ਰਹਿ ‘ਪਾਸ਼ ਤਾਂ ਸੂਰਜ ਸੀ’ ਛਪਵਾਇਆ। ਨਾਮਵਰ ਚਿੰਤਕਾਂ, ਲੇਖਕਾਂ ਅਤੇ ਆਲੋਚਕਾਂ ਦੀ ਕਲਮ ਤੋਂ ਲਿਖੇ ਮਹੱਤਵਪੂਰਨ ਲੇਖਾਂ ਦੀ ਵੱਡ-ਆਕਾਰੀ ਪੁਸਤਕ ‘ਸਾਹਿਤ ਦਾ ਸਾਗਰ: ਪਾਸ਼’ ਵੀ ਉਨ੍ਹਾਂ ਦੀ ਸੰਪਾਦਨਾ, ਸੁਰਿੰਦਰ ਧੰਜਲ ਅਤੇ ਮੇਰੀ ਸਹਿ-ਸੰਪਾਦਨਾ ਵਿੱਚ ਤਿਆਰ ਕੀਤੀ ਗਈ। ਪਾਸ਼ ਸਬੰਧੀ ਸਮੁੱਚੀ ਵਾਰਤਕ ਇੱਕ ਜਿਲਦ ’ਚ ਕਰਨ ਲਈ ਉਹ ਯਤਨਸ਼ੀਲ ਸਨ।

ਉਨ੍ਹਾਂ ਨਾਲ ਵਿਚਾਰ-ਚਰਚਾ ਕਰ ਕੇ ਕਿੰਨੇ ਹੀ ਦਸਤਾਵੇਜ਼ੀ ਫ਼ਿਲਮਸਾਜ਼, ਨਾਟਕਕਾਰ, ਲੇਖਕ, ਕਵੀ ਆਪਣੀਆਂ ਕਲਾ ਕਿਰਤਾਂ ਨੂੰ ਨਿਖਾਰਨ ਦੇ ਕਾਰਜ ਵਿੱਚ ਜੁਟੇ ਰਹਿੰਦੇ ਸਨ।

ਉਨ੍ਹਾਂ ਨਾਲ ਕੀਤੀ ਮੁਲਾਕਾਤ ਦੇ ਕੁਝ ਕੁ ਪੱਖਾਂ ਉਪਰ ਵੀ ਨਜ਼ਰ ਮਾਰੀਏ ਤਾਂ ਸਾਫ਼ ਪਤਾ ਲੱਗਦਾ ਹੈ ਕਿ ਉਹ ਪਾਸ਼ ਨੂੰ ਨਿੱਕੀ ਉਮਰੇ ਹੀ ਰਾਤ ਭਰ ਪੜ੍ਹਦੇ ਨੂੰ ਨੀਝ ਨਾਲ ਦੇਖਦੇ ਰਹਿੰਦੇ। ਉਨ੍ਹਾਂ ਦੱਸਿਆ ਕਿ ਘੱਟ ਪੜ੍ਹਿਆ-ਲਿਖਿਆ ਪਾਸ਼ ਭਾਸ਼ਾ ਵਿਗਿਆਨ ਅਤੇ ਜੋਤਿਸ਼ ਬਾਰੇ ਅਹਿਮ ਅਧਿਐਨ ਕਰਦਾ ਰਹਿੰਦਾ।

ਸੰਧੂ ਹੋਰਾਂ ਦੱਸਿਆ, ‘‘ਪਾਸ਼ ਨੇ ਆਪਣੀ ਪਹਿਲੀ ਕਵਿਤਾ 15 ਸਾਲ ਦੀ ਉਮਰ ਵਿੱਚ ਲਿਖੀ ਜਿਹੜੀ ਉਸ ਨੇ ਉਨ੍ਹਾਂ ਨੂੰ ਚਿੱਠੀ ਰਾਹੀਂ ਭੇਜੀ ਸੀ। ਉਹ ਨਿਵੇਕਲੀ ਪ੍ਰਤਿਭਾ ਦਾ ਮਾਲਕ ਸੀ। ਉਸ ਨੂੰ 1970 ਵਿੱਚ ਇੱਕ ਝੂਠਾ ਕੇਸ ਮੜ੍ਹ ਕੇ ਜੇਲ੍ਹ ’ਚ ਡੱਕ ਦਿੱਤਾ ਗਿਆ। ਉਸ ਮੌਕੇ ਉਸ ਦੀ ਪਹਿਲੀ ਕਾਵਿ-ਪੁਸਤਕ ‘ਲੋਹ-ਕਥਾ’ ਛਪੀ। ਉਸ ਉਪਰੰਤ ‘ਉਡਦੇ ਬਾਜ਼ਾਂ ਮਗਰ’ (1974), ‘ਸਾਡੇ ਸਮਿਆਂ ਵਿੱਚ’ (1978) ਛਪੀਆਂ। ਸਾਹਿਤਕ ਖੇਤਰ ਵਿੱਚ ਉਸ ਕੋਲੋਂ ਨਵੀਆਂ ਪੈੜਾਂ ਪਾਉਣ ਦੀ ਆਸ ਤਾਂ ਉਸ ਦੀਆਂ ਮੁੱਢਲੀਆਂ ਲਿਖਤਾਂ ਖ਼ਾਸ ਕਰਕੇ ਕਵਿਤਾਵਾਂ ਵਿੱਚੋਂ ਹੀ ਝਲਕਦੀ ਸੀ। ਭੌਤਿਕ ਵਿਗਿਆਨ ਪ੍ਰਤੀ ਉਸ ਅੰਦਰ ਅਥਾਹ ਤੜਫ਼ ਸੀ।’’

ਅਜਿਹੀਆਂ ਗੱਲਾਂ ਆਪਣੇ ਪੁੱਤਰ ਬਾਰੇ ਉਹੀ ਬਾਪ ਕਰ ਸਕਦਾ ਹੈ ਜਿਹੜਾ ਉਸ ਦੀ ਕਰਨੀ ਨੂੰ ਸਮਝਦਾ ਹੋਵੇ ਅਤੇ ਖ਼ੁਦ ਉਸ ਅੰਦਰ ਵੀ ਉਸ ਵਰਗਾ ਕੁਝ ਕਰਨ ਦੀ ਚਾਹਤ ਹੋਵੇ। ਉਹ ਮਾਣ ਨਾਲ ਦੱਸਦੇ ਸਨ, ‘‘ਉਸਨੇ ‘ਸਿਆੜ’, ‘ਹਾਕ’ ਅਤੇ ‘ਐਂਟੀ 47 ਫਰੰਟ’ ਵਰਗੇ ਪਰਚਿਆਂ ਦੀਆਂ ਲੜੀਆਂ ਰਾਹੀਂ ਅਮੀਰ ਸਾਹਿਤ, ਪੰਜਾਬੀ ਸਾਹਿਤ ਦੀ ਝੋਲੀ ਪਾਇਆ।’’

ਸੰਧੂ ਹੋਰੀਂ ਭਾਵੇਂ ਸਾਡੇ ਦਰਮਿਆਨ ਨਹੀਂ ਰਹੇ ਪਰ ਕਿਸੇ ਇਨਕਲਾਬੀ ਕਵੀ, ਸੰਘਰਸ਼ਸ਼ੀਲ ਕਾਮੇ ਦੀ ਇਨਕਲਾਬੀ ਵਿਰਾਸਤ ਨੂੰ ਮਾਪਿਆਂ ਵੱਲੋਂ ਸੰਭਾਲਣ ਤੇ ਅੱਗੇ ਤੋਰਨ ਦੀ ਜੋ ਮਸ਼ਾਲ ਬਾਲ ਗਏ ਉਹ ਸਦਾ ਜਗਦੀ ਰਹੇਗੀ।

-ਅਮੋਲਕ ਸਿੰਘ
* ਮੋਬਾਈਲ : 94170-76735

Friday, July 19, 2013

ਸ਼ਹੀਦ ਪਿਰਥੀ ਪਾਲ ਰੰਧਾਵਾ ਦੀ ਯਾਦ ਵਿਚਸ਼ਹੀਦ ਪਿਰਥੀ ਪਾਲ ਰੰਧਾਵਾ ਦੀ ਯਾਦ ਵਿਚ

ਸਜਨਾ ਵੇ ਤੇਰੇ ਬੋਲ ….
ਜਸਪਾਲ ਜੱਸੀ


ਸਜਨਾ ਵੇ ਤੇਰੇ ਬੋਲ ਹਵਾਵਾਂ ਸੀਨੇ ਅੰਦਰ ਸਾਂਭ ਲਾਏ
ਵੈਹਸ਼ਤ ਦੇ ਪੈਰਾਂ ਵਿਚ ਰੁਲਦੀ ਗੈਰਤ ਉਠੀ ਲੈ ਅੰਗੜਾਈ,
ਉਸ ਗੈਰਤ ਚੋਂ ਪਿਰਥੀ ਜੰਮਿਆ ਧਰਤ ਨੇ ਜੰਮਣ ਪੀੜ ਹੰਢਾਈ
ਤੂਫਾਨਾਂ ਦੀ ਗੋਦ ਚ ਪਲਿਆ ਪਿਰਥੀ ਗਰਜੇ ਧਮਕ ਪਵੇ
ਸਜਨਾ ਵੇ ਤੇਰੇ ਬੋਲ ਹਵਾਵਾਂ ਸੀਨੇ ਅੰਦਰ ਸਾਂਭ ਲਾਏ

ਜਬਰਾਂ ਲੂਸੇ ਚੇਹਰਿਆਂ ਉਤੇ ਪਿਰਥੀ ਰੌਣਕ ਬਣ ਕੇ ਆਇਆ
ਦੁਸ਼ਮਨ ਸੰਗ ਬਰਛੀ ਬਣ ਭਿੜਿਆ, ਕਿਰਤ ਦੀਆਂ ਸਧਰਾਂ ਦਾ ਜਾਇਆ
ਕੰਬਦੇ ਵੈਰੀ ਜ਼ਹਿਰ ਘੋਲਦੇ, ਝਪਟ ਕਹਿਰ ਦੀ ਮਾਰ ਗਏ
ਸਜਨਾ ਵੇ ਤੇਰੇ ਬੋਲ ਹਵਾਵਾਂ ਸੀਨੇ ਅੰਦਰ ਸਾਂਭ ਲਾਏ

ਰੰਗ ਕੈਨਵਸ ਤੇ ਨਕਸ਼ ਬਣ ਰਹੇ, ਛੋਹ ਤੇਰੀ ਲਈ ਤਰਸ ਰਹੇ ਨੇ
ਤੇਰੇਆਂ ਬੋਲਾਂ ਦੀ ਸਿਕ ਅੰਦਰ ਜਿੰਦਗੀ ਦੇ ਚਾਅ ਤੜਪ ਰਹੇ ਨੇ
ਅੱਜ ਕਿਰਨਾਂ ਦੇ ਸੂਹੇ ਰਥ ਦੀ ਕੇਹੜਾ ਪਿਰਥੀ ਵਾਗ ਫੜੇ
ਸਜਨਾ ਵੇ ਤੇਰੇ ਬੋਲ ਹਵਾਵਾਂ ਸੀਨੇ ਅੰਦਰ ਸਾਂਭ ਲਾਏ

ਬਾਲ ਕਾਫਲਾ ਲੰਮੀਆਂ ਵਾਟਾਂ ਕੇਹੜੀ ਰੁਤ ਵਿਛੋੜਾ ਤੇਰਾ
ਬਿਨਾ ਸੀਸ ਤੋਂ ਲੜੇ ਕਾਫਲਾ ਵੇਖ ਤੇਰੇ ਸੰਗੀਆਂ ਦਾ ਜੇਰਾ
ਸੀਨੇ ਦੇ ਫੱਟ ਅਖਾਂ ਅੰਦਰ ਸੁਰਖ ਲਹੂ ਦੀ ਧਾਰ ਬਣੇ
ਸਜਨਾ ਵੇ ਤੇਰੇ ਬੋਲ ਹਵਾਵਾਂ ਸੀਨੇ ਅੰਦਰ ਸਾਂਭ ਲਾਏ

ਲੈਹਰਣ ਹੋਰ ਉਚੇਰੇ ਪਰਚਮ ਅਮਰ ਰੈਹਨ ਪਿਰਥੀ ਦੀਆਂ ਸ਼ਾਨਾਂ
ਜਿੰਦਗੀ ਲਾਇਆਂ ਹੀ ਖਿੜਨਾ ਹੈ ਜਿੰਦਗੀ ਦੇ ਸੂਹੇ ਅਰਮਾਨਾਂ
ਵਾਰ ਜਵਾਨੀ ਤੂੰ ਦੁਸ਼ਮਨ ਦੇ ਕਦਮਾਂ ਹੇਠ ਅੰਗਾਰ ਧਰੇ.
ਸਜਨਾ ਵੇ ਤੇਰੇ ਬੋਲ ਹਵਾਵਾਂ ਸੀਨੇ ਅੰਦਰ ਸਾਂਭ ਲਾਏ

Saturday, July 13, 2013

ਬਹਿਣੀਵਾਲ 'ਚ ਹੋਇਆ ਕਥਿਤ ਪੁਲਸ ਮੁਕਾਬਲਾ : ਫਰਜ਼ੀ ਮੁਕਾਬਲਿਆਂ ਦੇ ਨਾਂ ਹੇਠ ਕਤਲਾਂ ਦੀ ਲੜੀ ਦਾ ਹਿੱਸਾ

ਜਮਹੂਰੀ ਅਧਿਕਾਰ ਸਭਾ, ਪੰਜਾਬ ਦੀ ਰਿਪੋਰਟ


ਬਹਿਣੀਵਾਲ ਦੀ ਜੂਹ 'ਚ ਹੋਇਆ ਕਥਿਤ ਪੁਲਸ ਮੁਕਾਬਲਾ :

ਫਰਜ਼ੀ ਮੁਕਾਬਲਿਆਂ ਦੇ ਨਾਂ ਹੇਠ ਕਤਲਾਂ ਦੀ ਲੜੀ ਦਾ ਹਿੱਸਾ


           ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰਧਾਨ, ਪ੍ਰਸਿੱਧ ਨਾਟਕਕਾਰ ਪ੍ਰੋਫੈਸਰ ਅਜਮੇਰ ਔਲਖ ਅਤੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਨ ਨੇ ਬਹਿਣੀਵਾਲ ਦੀ ਜੂਹ 'ਚ ਹੋਏ ਕਥਿਤ ਪੁਲਸ ਮੁਕਾਬਲੇ ਨੂੰ ਫਰਜ਼ੀ ਮੁਕਾਬਲਿਆਂ ਦੇ ਨਾਂ ਹੇਠ ਕਤਲਾਂ ਦੀ ਲੜੀ ਕਰਾਰ ਦਿੱਤਾ ਹੈ।ਉਹਨਾਂ ਨੇ ਇਹ ਗੱਲ 26-27 ਅਪ੍ਰੈਲ 2013 ਦੀ ਵਿਚਕਾਰਲੀ ਰਾਤ ਨੂੰ ਰਚਾਏ ਗਏ ਇਸ ਕਥਿਤ ਪੁਲਸ ਮੁਕਾਬਲੇ ਦੀ ਪੜਤਾਲ ਸਬੰਧੀ ਉਹਨਾਂ ਦੀ ਅਗਵਾਈ ਵਿੱਚ ਨਰਭਿੰਦਰ (ਸੂਬਾ ਜਥੇਬੰਧਕ ਸਕੱਤਰ), ਸੇਵਾ-ਮੁਕਤ ਬੈਂਕ ਮੈਨੇਜਰ ਪ੍ਰਿਤਪਾਲ ਸਿੰਘ (ਸੂਬਾ ਪ੍ਰਕਾਸ਼ਨ ਸਕੱਤਰ), ਐਡਵੋਕੇਟ ਐਨ ਕੇ ਜੀਤ (ਸੂਬਾ ਕਮੇਟੀ ਮੈਂਬਰ), ਐਡਵੋਕੇਟ ਬਲਕਰਨ ਬੱਲੀ ਅਤੇ ਕਾਮਰੇਡ ਜਸਪਾਲ ਖੋਖਰ (ਕਮੇਟੀ ਮੈਂਬਰ) ਆਦਿ ਮੈਂਬਰਾਂ ਦੀ ਇਕ ਤੱਥ ਖੋਜ ਕਮੇਟੀ ਵੱਲੋਂ ਤਿਆਰ ਕੀਤੀ ਪੜਤਾਲੀਆ ਰਿਪੋਰਟ ਜਾਰੀ ਕਰਦਿਆਂ ਕਹੀ ।ਟੀਮ ਨੇ 25 ਅਪ੍ਰੈਲ ਨੂੰ ਤਿੰਨਾਂ ਦੋਸ਼ੀਆਂ - ਨਾਹਰ ਸਿੰਘ, ਕੁਲਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਵੱਲੋਂ - ਦੋ ਕਾਰਬਾਈਨਾਂ ਅਤੇ ਇਕ ਐੱਸ.ਐੱਲ.ਆਰ. ਨਾਲ ਲੈਸ 6 ਵਿਅਕਤੀਆਂ ਦੀ ਪੁਲਸ ਪਾਰਟੀ ਦੀ ਹਿਰਾਸਤ ਵਿਚੋਂ ਇਕ ਪੁਲਸ ਕਰਮਚਾਰੀ ਨੂੰ ਮਾਰ ਕੇ ਅਤੇ ਦੂਜੇ ਨੂੰ ਜ਼ਖ਼ਮੀ ਕਰਕੇ, ਇਕ ਐੱਸ.ਐੱਲ.ਆਰ. ਸਮੇਤ ਭੱਜ ਜਾਣ ਅਤੇ 26-27 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਇਨ੍ਹਾਂ ਵਿਚੋਂ ਦੋ ਮੁਲਜ਼ਮਾਂ - ਨਾਹਰ ਸਿੰਘ ਅਤੇ ਕੁਲਵਿੰਦਰ ਸਿੰਘ - ਦੇ ਪਿੰਡ ਬਹਿਣੀਵਾਲ ਨੇੜੇ ਕਥਿਤ ਪੁਲਸ ਮੁਕਾਬਲੇ ਵਿਚ ਮਾਰੇ ਜਾਣ ਅਤੇ ਤੀਜੇ ਮੁਲਜ਼ਮ ਜਸਵਿੰਦਰ ਸਿੰਘ ਦੇ ਬਚ ਕੇ ਭੱਜ ਜਾਣ ਸਬੰਧੀ ਪੁਲਸ ਕਹਾਣੀ ਜੋ ਇਨ੍ਹਾਂ ਘਟਨਾਵਾਂ ਨਾਲ ਸਬੰਧਤ ਐਫ.ਆਈ.ਆਰਾਂ ਵਿਚ ਦਰਜ਼ ਹੈ, ਨੂੰ ਘਟਨਾਵਾਂ ਨਾਲ ਸਬੰਧਤ ਥਾਵਾਂ ਤੇ ਹਾਜ਼ਰ ਲੋਕਾਂ ਵੱਲੋਂ ਦਿੱਤੀ ਜਾਣਕਾਰੀ, ਮ੍ਰਿਤਕਾਂ ਦੀਆਂ ਪੋਸਟ ਮਾਰਟਮ ਰਿਪੋਰਟਾਂ, ਇਨ੍ਹਾਂ ਰਿਪੋਰਟਾਂ ਤੇ ਮਾਹਰ ਡਾਕਟਰਾਂ, ਫਰੈਂਸਿਕ ਮਾਹਰਾਂ ਅਤੇ ਫ਼ੌਜਦਾਰੀ ਦੇ ਮਾਹਰ ਵਕੀਲਾਂ ਵੱਲੋਂ ਦਿੱਤੀਆਂ ਗਈਆਂ ਰਾਇਆਂ (ਉਪੀਨੀਅਨ), ਕਿਸੇ ਭਗੌੜੇ ਮੁਲਜ਼ਮ ਨੂੰ ਫੜ੍ਹਨ ਲਈ ਤਾਕਤ ਦੀ ਵਰਤੋਂ ਸਬੰਧੀ ਕਾਨੂੰਨੀ ਵਿਵਸਥਾਵਾਂ (ਪਰੋਵਿਜ਼ਨ) ਅਤੇ ਝੂਠੇ ਮੁਕਾਬਲਿਆਂ ਸਬੰਧੀ ਸ਼ਿਕਾਇਤਾਂ ਮਿਲਣ ਤੇ ਯੋਗ ਕਾਰਵਾਈ ਸਬੰਧੀ ਸੁਪਰੀਮ ਕੋਰਟ ਦੇ ਫ਼ੈਸਲਿਆਂ ਦੀ ਰੋਸ਼ਨੀ 'ਚ ਵਿਚਾਰਿਆ ਗਿਆ ਹੈ। ਇਸ ਸਾਰੀ ਵਿਚਾਰ-ਚਰਚਾ ਉਪਰੰਤ ਸਭਾ ਹੇਠ ਲਿਖੇ ਸਿੱਟਿਆਂ ਉੱਪਰ ਪੁੱਜੀ ਹੈ :-

v                ਮ੍ਰਿਤਕਾਂ ਦੇ ਪਹਿਨੇ ਹੋਏ ਕੱਪੜਿਆਂ ਤੋਂ ਉਹਨਾਂ ਵੱਲੋਂ ਮੋਟਰ ਸਾਈਕਲ ਤੋਂ ਉਤਰਕੇ ਭੱਜਣ ਅਤੇ ਪੁਲਸ ਨਾਲ ਮੁਕਾਬਲਾ ਕਰਨ ਦੀ ਕਹਾਣੀ ਦੀ ਪੁਸ਼ਟੀ ਨਹੀਂ ਹੁੰਦੀ। ਦੋਹਾਂ ਦੇ ਪੈਰਾਂ ਵਿਚ ਚਿੱਟੀਆਂ ਨੀਲੀਆਂ ਚਪਲਾਂ ਪਾਈਆਂ ਹੋਈਆਂ ਸਨ ਜਿਨ੍ਹਾਂ ਨਾਲ ਖੇਤਾਂ ਵਿਚ ਭੱਜਣਾ ਬੇਹੱਦ ਔਖਾ ਹੈ। ਪੇਸ਼ਾਵਰ ਭਗੌੜਿਆਂ ਤੋਂ ਇਸ ਤਰ੍ਹਾਂ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ।

v                ਮੁਕਾਬਲਾ ਕਰਨ ਵਾਲਾ ਹਮੇਸ਼ਾਂ ਕਿਸੇ ਓਟ ਦਾ ਸਹਾਰਾ ਲਵੇਗਾ, ਖੁੱਲ੍ਹਾ ਖੇਤ ਮੁਕਾਬਲੇ ਦੀ ਜਗਾ ਨਹੀਂ ਹੋ ਸਕਦੀ।

v                ਮੁਕਾਬਲੇ ਵਿਚ ਦੋਨੋ ਮੁਕਾਬਲਾ ਕਰ ਰਹੀਆਂ ਧਿਰਾਂ ਦੇ ਜ਼ਖ਼ਮੀ ਹੋਣ ਦੀ ਸੰਭਾਵਨਾ ਹੈ, ਪਰ ਕਿਸੇ ਪੁਲਸ ਵਾਲੇ ਦੇ ਕੋਈ ਝਰੀਟ ਵੀ ਨਹੀਂ ਆਈ।
v                ਦੋਸ਼ੀਆਂ ਦੇ ਸਾਰੀਆਂ ਗੋਲੀਆਂ ਲੱਕ ਤੋਂ ਉਪਰ ਹੀ ਲੱਗੀਆਂ ਹਨ। ਕੋਈ ਵੀ ਗੋਲੀ ਸਰੀਰ ਦੇ ਹੇਠਲੇ ਹਿੱਸੇ ਵਿਚ ਨਹੀਂ ਲੱਗੀ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਪੁਲਸ ਦੀ ਮਨਸ਼ਾ ਦੋਸ਼ੀਆਂ ਨੂੰ ਮਾਰਨ ਦੀ ਸੀ ਨਾ ਕਿ ਫੜ੍ਹਨ ਦੀ। ਜੇ ਪੁਲਸ ਵੱਲੋਂ ਪ੍ਰਚਾਰੀ ਜਾ ਰਹੀ ਮੁਕਾਬਲੇ ਦੀ ਕਹਾਣੀ ਸੱਚੀ ਵੀ ਮੰਨ ਲਈਏ ਤਾਂ ਵੀ ਦੋਸ਼ੀ ਕੁਲਵਿੰਦਰ ਸਿੰਘ ਜੋ ਕਿ ਇਕ ਲੱਤ ਤੋਂ ਆਹਰੀ ਸੀ ਅਤੇ ਬਹੁਤਾ ਭੱਜ ਨਹੀਂ ਸਕਦਾ ਸੀ, ਨੂੰ ਜਿਉਂਦਿਆਂ ਫੜ੍ਹਿਆ ਜਾ ਸਕਦਾ ਸੀ।

v                ਦੋਨੋ ਮ੍ਰਿਤਕਾਂ ਦੇ ਸਰੀਰ ਉਪਰ ਲੱਗੀਆਂ ਗੋਲੀਆਂ ਦੀ ਇਕੋ ਦਿਸ਼ਾ ਵੀ ਮੁਕਾਬਲੇ ਨੂੰ ਸ਼ੱਕ ਦੇ ਘੇਰੇ ਵਿਚ ਲਿਆਉਂਦੀ ਹੈ। ਭਾਵੇਂ ਉਹਨਾਂ ਦੀਆਂ ਲਾਸ਼ਾਂ ਖੇਤ ਵਿਚ ਤੀਹ ਪੈਂਤੀ ਕਰਮਾਂ ਦੀ ਵਿੱਥ ਉਤੇ ਪਈਆਂ ਸਨ।

v                ਮ੍ਰਿਤਕ ਨਾਹਰ ਸਿੰਘ ਦੇ ਬਾਂਹ ਉਪਰ ਗੋਲੀਆਂ ਦੇ ਜ਼ਖ਼ਮ ਕਿਸੇ ਤਰ੍ਹਾਂ ਵੀ ਮੁਕਾਬਲੇ ਵਿਚ ਲੱਗੀਆਂ ਗੋਲੀਆਂ ਦੇ ਜ਼ਖ਼ਮ ਸਿੱਧ ਨਹੀਂ ਹੁੰਦੇ, ਸਗੋਂ ਸੰਭਾਵਨਾ ਇਹ ਹੈ ਕਿ ਮ੍ਰਿਤਕ ਦੀਆਂ ਬਾਹਾਂ ਕਿਸੇ ਕੱਪੜੇ ਨਾਲ ਸਰੀਰ ਦੇ ਬਰਾਬਰ ਬੰਨ੍ਹੀਆਂ ਗਈਆਂ ਅਤੇ ਨੇੜਿਉਂ ਕੀਤੇ ਫਾਇਰ ਦੀ ਗੋਲੀ ਹੀ ਉਸਦੇ ਸਰੀਰ ਨੂੰ ਪਾਰ ਕਰਕੇ ਫਿਰ ਬਾਂਹ ਦੇ ਵੀ ਪਾਰ ਹੋ ਸਕਦੀ ਹੈ। ਫਾਰੈਂਸਕ ਮਾਹਰਾਂ ਅਨੁਸਾਰ ਦੂਰ ਤੋਂ ਕੀਤੇ ਫਾਇਰ ਦੀ ਗੋਲੀ ਜੇ ਸਰੀਰ ਵਿਚ ਦੀ ਨਿਕਲ ਵੀ ਜਾਂਦੀ ਹੈ, ਤਾਂ ਉਹ ਫਿਰ ਸਰੀਰ ਦੇ ਹੋਰ ਅੰਗ ਨੂੰ ਪਾਰ ਨਹੀਂ ਕਰਦੀ।

v                ਪਿੰਡ ਬਹਿਣੀਵਾਲ ਦੇ ਲੋਕਾਂ ਅਨੁਸਾਰ ਪੁਲਸ ਨੇ ਦੋਸ਼ੀਆਂ ਨੂੰ ਸ਼ਾਮ ਨੂੰ 8.30 ਵਜੇ ਫੜ੍ਹ ਲਿਆ ਸੀ ਅਤੇ ਫਿਰ ਪੁਲਸ ਕੁਝ ਦੇਰ ਬਾਅਦ ਬਾਲਣ ਦੇ ਢੇਰ ਵਿਚੋਂ ਕੁਝ ਕੱਢ ਕੇ ਲੈ ਗਈ ਸੀ। ਕੀ ਫਿਰ ਪੁਲਸ ਹਿਰਾਸਤ ਵਿਚ ਹੀ ਦੋਸ਼ੀਆਂ ਨੇ ਪੁਲਸ ਨਾਲ ਮੁਕਾਬਲਾ ਕੀਤਾ।

v                25 ਅਪ੍ਰੈਲ ਨੂੰ ਦੋਸ਼ੀਆਂ ਦੇ ਪੁਲਸ ਹਿਰਾਸਤ ਵਿਚੋਂ ਭੱਜਣ ਸਮੇਂ ਪੁਲਸ ਕਰਮਚਾਰੀਆਂ ਦਾ ਵਿਹਾਰ ਸ਼ੱਕ ਦੇ ਘੇਰੇ ਵਿਚ ਹੈ, ਕਿਉਂਕਿ ਪੁਲਸ ਪਾਰਟੀ ਦੇ ਛੇ ਮੈਂਬਰ ਸਨ ਅਤੇ ਉਹ ਆਧੁਨਿਕ ਹਥਿਆਰਾਂ ਨਾਲ ਲੈਸ ਸਨ।

ਮੰਗਾਂ ਅਤੇ ਸੁਝਾਅ:-
v                ਪੁਲਸ ਨੇ ਉਕਤ ਦੋਵਾਂ ਵਿਅਕਤੀਆਂ ਨੂੰ ਕਥਿਤ ਮੁਕਾਬਲੇ ਵਿਚ ਮਾਰ ਕੇ ਅਸਲ ਵਿਚ ਇਨ੍ਹਾਂ ਵਿਅਕਤੀਆਂ ਵੱਲੋਂ ਪੁਲਸ ਹਿਰਾਸਤ ਚੋਂ ਭੱਜਣ ਸਮੇਂ ਐੱਚ.ਸੀ. ਅਵਤਾਰ ਸਿੰਘ ਨੂੰ ਮਾਰ ਦੇਣ ਅਤੇ ਐੱਚ.ਸੀ. ਮਨਦੀਪ ਸਿੰਘ ਨੂੰ ਜ਼ਖ਼ਮੀ ਕਰਨ ਦਾ ਬਦਲਾ ਲਿਆ ਹੈ। ਇਉਂ ਕਰਦਿਆਂ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ ਹਨ। ਅਤੇ ਅਦਾਲਤੀ ਹੁਕਮਾਂ ਦੀ ਘੋਰ ਉਲੰਘਣਾ ਕੀਤੀ ਗਈ ਸੀ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਇਹ ਕਾਲਾ ਕਾਰਨਾਮਾ ਹੇਠਲੇ ਪੱਧਰ ਦੇ ਪੁਲਸ ਅਧਿਕਾਰੀਆਂ ਨੇ ਨਹੀਂ ਸਗੋਂ ਉਚ ਪੁਲਸ ਅਧਿਕਾਰੀਆਂ ਨੇ ਸਾਜਿਸ਼ ਰਚਕੇ ਵਿਉਂਤਬੱਧ ਢੰਗ ਨਾਲ ਕੀਤਾ ਹੈ। ਇਸ ਦਾ ਮਕਸਦ ਲੋਕਾਂ ਤੇ ਪੁਲਸ (ਸਰਕਾਰੀ ਡੰਡੇ) ਦੀ ਦਬਸ਼ ਕਾਇਮ ਰੱਖਣਾ ਹੈ। ਇਸ ਮਾਮਲੇ 'ਚ ਪੁਲਸ ਦੇ ਸਿਆਸੀ ਪ੍ਰਭੂ ਉਸ ਨਾਲ ਘਿਉ ਖਿਚੜੀ ਹਨ। ਇਸ ਦਾ ਪ੍ਰਗਟਾਵਾ ਲੱਗਭੱਗ ਸਾਰੀਆਂ ਮੁੱਖ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਅਖੌਤੀ ਲੋਕ ਨੁਮਾਇੰਦਿਆਂ ਵੱਲੋਂ ਇਸ ਮਸਲੇ ਤੇ ਧਾਰੀ ਚੁੱਪ ਤੋਂ ਹੁੰਦਾ ਹੈ।

v                ਝੂਠੇ ਪੁਲਸ ਮੁਕਾਬਲੇ ਰਚਾਉਣ ਵੇਲੇ, ਲੋਕਾਂ ਨੂੰ ਭੰਬਲ ਭੂਸੇ ਵਿਚ ਪਾਕੇ ਬੇਹਰਕਤੇ ਕਰਨ ਅਤੇ ਆਪਣੇ ਗ਼ੈਰ ਕਾਨੂੰਨੀ ਤੇ ਅਣਮਨੁੱਖੀ ਵਹਿਸ਼ੀ ਕਾਰੇ ਨੂੰ ਵਾਜਬ ਠਹਿਰਉਣ ਲਈ, ਪੁਲਸ ਅਧਿਕਾਰੀ ਅਕਸਰ ਮ੍ਰਿਤਕ ਤੇ ਖ਼ਤਰਨਾਕ ਮੁਜਰਮ, ਦਹਿਸ਼ਤਗਰਦ ਜਾਂ ਦੇਸ਼ ਧ੍ਰੋਹੀ ਹੋਣ ਦਾ ਠੱਪਾ ਲਾ ਦਿੰਦੀ ਹੈ। (ਇਸ਼ਰਤ ਜਹਾਂ ਫਰਜ਼ੀ ਪੁਲਸ ਮੁਕਾਬਲੇ ਦੀ ਅੱਜਕੱਲ੍ਹ ਉਧੜ ਰਹੀ ਕਹਾਣੀ ਇਸ ਦੀ ਸੱਜਰੀ ਮਿਸਾਲ ਹਨ। ਇਹ ਵੀ ਦਲੀਲ ਦਿੱਤੀ ਜਾਂਦੀ ਹੈ ਕਿ ਖ਼ਤਰਨਾਕ ਮੁਜਰਮ ਆਪਣਾ ਅਸਰ-ਰਸੂਖ਼ ਵਰਤਕੇ ਅਦਾਲਤਾਂ ਵਿਚੋਂ ਬਰੀ ਹੋ ਜਾਂਦੇ ਹਨ, ਇਸ ਲਈ ਉਹਨਾਂ ਨੂੰ ਪੁਲਸ ਮੁਕਾਬਲੇ ਵਿਚ 'ਗੱਡੀ ਚਾੜਿਆ' ਜਾਣਾ ਚਾਹੀਦਾ ਹੈ। ਪਰ ਇਹ ਸਾਰੀਆਂ ਗੱਲਾਂ ਸਿਰੇ ਦੀਆਂ ਗ਼ੈਰ ਜਮਹੂਰੀ, ਗੈਰ ਸੰਵਿਧਾਨਕ ਅਤੇ ਅੰਤਰ ਰਾਸ਼ਟਰੀ ਤੌਰ 'ਤੇ ਪ੍ਰਵਾਨਤ ਮਨੁੱਖੀ ਹੱਕਾਂ ਦੀ ਉਲੰਘਣਾ ਹਨ। ਕਿਸੇ ਵੀ ਅਜਿਹੇ ਮੁਲਕ ਵਿਚ - ਜੋ ਸੰਵਿਧਾਨ ਅਤੇ ਕਾਨੂੰਨ ਉਪਰ ਅਧਾਰਤ ਰਾਜ ਹੋਣ ਦਾ ਦਾਅਵਾ ਕਰਦਾ ਹੈ, ਕਿਸੇ ਪੁਲਸ ਜਾਂ ਰਾਜ ਦੀ ਸ਼ਹਿ ਪ੍ਰਾਪਤ ਸਿਆਸੀ ਟੋਲੇ ਨੂੰ ਉਹਨਾਂ ਦੀਆਂ ਅੱਖਾਂ ਵਿੱਚ ਰੜਕਦੇ ਬੰਦਿਆਂ ਨੂੰ ਝੂਠੇ ਪੁਲਸ ਮੁਕਾਬਲਿਆਂ 'ਚ ਮਾਰ ਮੁਕਾਉਣ ਦਾ ਹੱਕ ਨਹੀਂ ਦਿੱਤਾ ਜਾ ਸਕਦਾ। ਲੋਕਾਂ ਨੂੰ ਇਹਨਾਂ ਬੇਥਵੀਆਂ ਦਲੀਲਾਂ ਨੂੰ ਮੁੱਢੋਂ ਸੁੱਢੋਂ ਰੱਦ ਕਰਕੇ ਕਾਨੂੰਨ ਦੇ ਰਾਜ ਉਤੇ ਆਧਾਰਤ ਜਮਹੂਰੀਅਤ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

v                ਇਸ ਸਬੰਧ 'ਚ ਕੁੱਝ ਮਹੀਨੇ ਪਹਿਲਾਂ ਸੁਪਰੀਮ ਕੋਰਟ ਦੇ ਦੋ ਜੱਜਾਂ ਉਤੇ ਆਧਾਰਤ ਬੈਂਚ ਵੱਲੋਂ ''ਰੋਹਤਾਸ ਕੁਮਾਰ ਬਨਾਮ ਹਰਿਆਣਾ ਸਰਕਾਰ ਵਗੈਰਾ ਕੇਸ ਵਿਚ ਕੀਤਾ ਫ਼ੈਸਲਾ ਵਰਨਣ ਯੋਗ ਹੈ। ਇਸ ਕੇਸ ਵਿਚ ਪੁਲਸ ਅਨੁਸਾਰ ਮਹਿੰਦਰਗੜ੍ਹ ਅਤੇ ਰਿਵਾੜੀ ਜ਼ਿਲ੍ਹਿਆਂ ਵਿਚ ਸਭ ਤੋਂ ਵੱਧ ਲੋੜੀਂਦੇ ਮੁਜਰਮ ਸੁਨੀਲ ਨਾਂ ਦੇ ਇਕ ਵਿਅਕਤੀ ਨੂੰ ਨਾਰਨੌਲ ਪੁਲਸ ਨੇ ਇਕ ਮੁਕਾਬਲੇ 'ਚ ਮਾਰ ਦੇਣ ਦਾ ਦਾਅਵਾ ਕੀਤਾ ਸੀ। ਮ੍ਰਿਤਕ ਦੇ ਵਾਰਸਾਂ ਦਾ ਕਹਿਣਾ ਸੀ ਕਿ ਸੁਨੀਲ ਨੂੰ ਝੂਠੇ ਪੁਲਸ ਮੁਕਾਬਲੇ ਵਿਚ ਮਾਰਿਆ ਗਿਆ ਹੈ। ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ ਵਿਚ ਇਸ ਕਥਿਤ ਮੁਕਾਬਲੇ ਨੂੰ ਝੂਠਾ ਕਰਾਰ ਦਿੰਦਿਆਂ ਹਰਿਆਣਾ ਸਰਕਾਰ ਨੂੰ ਮ੍ਰਿਤਕਾਂ ਦੇ ਵਾਰਸਾਂ ਨੂੰ 20 ਲੱਖ ਰੁਪਏ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ। ਇਸ ਦੇ ਨਾਲ ਹੀ ਅਦਾਲਤ ਨੇ ਇਹ ਵੀ ਨਿਰਦੇਸ਼ ਦਿੱਤੇ ਕਿ:-
Ø     ਝੂਠੇ ਪੁਲਸ ਮੁਕਾਬਲੇ ਦੀ ਪੜਤਾਲ ਕਰ ਰਹੇ ਅਧਿਕਾਰੀ ਨੂੰ ਮ੍ਰਿਤਕਾਂ ਦੇ ਚਾਲ ਚੱਲਣ ਨੂੰ ਧਿਆਨ ਵਿਚ ਨਹੀਂ ਰੱਖਣਾ ਚਾਹੀਦਾ ਸਗੋਂ ਆਪਣੀ ਪੜਤਾਲ ਕਥਿਤ ਮੁਕਾਬਲੇ ਦੇ ਹਾਲਾਤਾਂ ਉਤੇ ਕੇਂਦਰਤ ਕਰਨੀ ਚਾਹੀਦੀ ਹੈ। ਤਾਂ ਕਿ ਜ਼ਰੂਰੀ ਸਬਕ ਕੱਢੇ ਜਾ ਸਕਣ ਅਤੇ ਘਟਨਾਵਾਂ ਨੂੰ ਮੁੜ ਵਾਪਣ ਤੋਂ ਰੋਕਿਆ ਜਾ ਸਕੇ।
Ø     ਜਿਉਂ ਹੀ ਪੁਲਸ ਖ਼ਿਲਾਫ਼ ਕਤਲ ਦੀ ਸ਼ਿਕਾਇਤ ਮ੍ਰਿਤਕ ਦੇ ਵਾਰਸਾਂ ਵੱਲੋਂ ਕੀਤੀ ਜਾਂਦੀ ਹੈ, ਐੱਫ.ਆਈ.ਆਰ. ਤੁਰੰਤ ਦਰਜ਼ ਕੀਤੀ ਜਾਣੀ ਚਾਹੀਂਦੀ ਹੈ।
Ø     ਪੁਲਸ ਮੁਕਾਬਲੇ ਵਿਚ ਹੋਈ ਮੌਤ ਦੀ ਤਫ਼ਤੀਸ਼ ਕਿਸੇ ਨਿਰਪੱਖ ਏਜੰਸੀ ਤੋਂ ਕਰਵਾਈ ਜਾਣੀ ਚਾਹੀਦੀ ਹੈ।

v                ਪੁਲਸ ਵੱਲੋਂ ਨਾਹਰ ਸਿੰਘ ਅਤੇ ਕੁਲਵਿੰਦਰ ਸਿੰਘ ਨੂੰ ਕਥਿਤ ਮਕਾਬਲੇ 'ਚ ਮਾਰ ਮਕਾਉਣ ਅਤੇ ਜਸਵਿੰਦਰ ਸਿੰਘ ਦੇ ਬਚ ਕੇ ਨਿਕਲ ਜਾਣ ਦੀ ਕਹਾਣੀ ਨਾਲ ਇਨ੍ਹਾਂ ਘਟਨਾਵਾਂ ਸਬੰਧੀ ਥਾਣਾ ਮੌੜ ਅਤੇ ਥਾਣਾ ਜੌੜਕੀਆਂ 'ਚ ਦਰਜ਼ ਐਫ ਆਈ ਆਰ ਤਫਤੀਸ਼ ਬੰਦ ਹੋ ਗਈ ਹੈ। ਇਸ ਨਾਲ ਇਨ੍ਹਾਂ ਦੋਹਾਂ ਵਾਰਦਾਤਾਂ ਦਾ ਸੱਚ ਲੋਕਾਂ ਜਾਂ ਅਦਾਲਤਾਂ ਸਾਹਮਣੇ ਆਉਣ ਦੇ ਦਰਵਾਜ਼ੇ ਬੰਦ ਹੋ ਗਏ ਹਨ। ਇਸ ਲਈ ਇਨ੍ਹਾਂ ਦੋਹਾਂ ਘਟਨਾਵਾਂ ਦੀ ਸ਼ੈਸਨ ਜੱਜ ਪੱਧਰ ਦੇ ਨਿਆਂਇਕ ਅਧਿਕਾਰੀ ਤੋਂ ਪੜਤਾਲ ਕਰਵਾਕੇ ਅਗਲੇਰੀ ਕਾਰਵਾਈ ਕੀਤੀ ਜਾਣੀ ਚਾਹੀਂਦੀ ਹੈ।

v                ਮ੍ਰਿਤਕ ਨਾਹਰ ਸਿੰਘ ਅਤੇ ਕੁਲਵਿੰਦਰ ਸਿੰਘ ਦੇ ਮਾਪਿਆਂ ਵੱਲੋਂ ਅਖੌਤੀ ਪੁਲਸ ਮੁਕਾਬਲੇ ਨੂੰ ਝੂਠਾ ਕਰਾਰ ਦੇਣ ਅਤੇ ਦੋਹਾਂ ਨੂੰ ਫੜ੍ਹ ਕੇ ਮਾਰਨ ਦਾ ਦੋਸ਼ ਲਗਾਇਆ ਗਿਆ ਹੈ। ਉਹਨਾਂ ਨੇ ਜਸਵਿੰਦਰ ਸਿੰਘ ਨੂੰ ਵੀ ਪੁਲਸ ਵੱਲੋਂ ਕਿਧਰੇ ਛੁਪਾਉਣ ਜਾਂ ਮਾਰ ਖਪਾਉਣ ਦਾ ਦੋਸ਼ ਲਗਾਇਆ ਹੈ। ਇਸ ਆਧਾਰ ਉਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਮੁਕੱਦਮਾ ਦਰਜ਼ ਕਰਕੇ, ਇਸ ਦੀ ਪੜਤਾਲ ਕਿਸੇ ਨਿਰਪੱਖ ਏਜੰਸੀ ਤੋਂ ਅਦਾਲਤੀ ਦੇਖ-ਰੇਖ ਹੇਠ ਕਰਵਾਈ ਜਾਣੀ ਚਾਹੀਦੀ ਹੈ।

v                ਜਸਵਿੰਦਰ ਸਿੰਘ, ਜਿਸਨੂੰ ਪੁਲਸ ਨੇ ਭਗੌੜਾ ਦੱਸਿਆ ਹੈ ਨੂੰ ਲੱਭਿਆ ਜਾਵੇ ਅਤੇ ਸਰਕਾਰ ਇਹ ਯਕੀਨੀ ਬਣਾਵੇ ਕਿ ਪੁਲਸ ਗ਼ੈਰ ਕਾਨੂੰਨੀ ਕਾਰੇ (ਝੂਠੇ ਪੁਲਸ ਮੁਕਾਬਲੇ) ਉੱਤੇ ਪੜਦਾ ਪਾਉਣ ਲਈ ਉਸ ਨੂੰ ਖ਼ਤਮ ਨਾ ਕਰ ਸਕੇ। 

ਜਾਰੀ ਕਰਤਾ: ਪ੍ਰੌਫੈਸਰ ਅਜਮੇਰ ਔਲਖ (ਸੂਬਾ ਪ੍ਰਧਾਨ)   ਪ੍ਰੋਫੈਸਰ ਜਗਮੋਹਨ ਸਿੰਘ (ਜਨਰਲ ਸਕਤਰ)
ਮੋਬਾਈਲ 9815575495                   ਮੋਬਾਈਲ 9814001836

ਜਮਹੂਰੀ ਅਧਿਕਾਰ ਸਭਾ, ਪੰਜਾਬ

Wednesday, July 10, 2013

ਰਾਕੇਸ਼ ਕੁਮਾਰ ਦੀ ਖੋਜ-ਭਰਪੂਰ ਨਵ-ਪ੍ਰਕਾਸ਼ਿਤ ਪੁਸਤਕ, 'ਮਹਾਨ ਗ਼ਦਰੀ ਇਨਕਲਾਬੀ : ਸ਼ਹੀਦ ਊਧਮ ਸਿੰਘ'।ਸ਼ਹੀਦ ਊਧਮ ਸਿੰਘ ਬਾਰੇ ਪ੍ਰਮਾਣਿਕ ਦਸਤਾਵੇਜ਼ੀ ਪੁਸਤਕ ਨੇ ਕੀਤੇ ਨਵੇਂ ਖੁਲਾਸੇ
ਬਦਲੇ ਤੋਂ ਪਾਰ, ਸਮਾਜਕ ਬਦਲਾਅ ਨੂੰ ਪਰਨਾਇਆ ਸੀ : ਊਧਮ ਸਿੰਘ

ਬੌਧਿਕ ਹਲਕਿਆਂ, ਇਤਿਹਾਸਕਾਰਾਂ, ਆਲੋਚਕਾਂ, ਖੋਜਕਾਰ ਵਿਦਿਆਰਥੀਆਂ ਅਤੇ ਪਾਠਕ-ਵਰਗ ਅੰਦਰ ਨਵੀਆਂ ਵਿਚਾਰ-ਚਰਚਾਵਾਂ ਛੇੜੇਗੀ ਰਾਕੇਸ਼ ਕੁਮਾਰ ਦੀ ਖੋਜ-ਭਰਪੂਰ ਨਵ-ਪ੍ਰਕਾਸ਼ਿਤ ਪੁਸਤਕ, 'ਮਹਾਨ ਗ਼ਦਰੀ ਇਨਕਲਾਬੀ : ਸ਼ਹੀਦ ਊਧਮ ਸਿੰਘ'।

ਸ਼ਹੀਦ ਊਧਮ ਸਿੰਘ ਬਾਰੇ ਸਤਹੀ ਪੱਧਰ ਦੀ ਜਾਣਕਾਰੀ ਕਾਰਨ ਬਣੀਆਂ ਧਾਰਨਾਵਾਂ ਨੂੰ ਬਦਲ ਕੇ ਉਸਨੂੰ ਵਿਅਕਤੀਗਤ ਬਦਲੇ ਤੱਕ ਸੀਮਤ ਸਨਾਖ਼ਤ ਤੋਂ ਬਹੁਤ ਵਿਸ਼ਾਲ ਅਤੇ ਮਹਾਨ ਆਦਰਸ਼ ਵਾਲੇ ਇਨਕਲਾਬੀ ਸੰਗਰਾਮੀਏਂ ਵਜੋਂ ਸਾਹਮਣੇ ਲਿਆਉਂਦੀ ਹੈ ਇਹ ਪੁਸਤਕ।

ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ (1913-2013) ਸਬੰਧੀ ਦੇਸ਼-ਵਿਦੇਸ਼ ਅੰਦਰ ਚੱਲ ਰਹੀਆਂ ਨਿਰੰਤਰ ਵਿਚਾਰ-ਚਰਚਾਵਾਂ ਅਤੇ ਸਰਗਰਮੀਆਂ ਦੇ ਦੌਰ ਅੰਦਰ ਇਸ ਪੁਸਤਕ ਦਾ ਇਤਿਹਾਸਕ ਮੁੱਲ ਹੋਰ ਵੀ ਮਹੱਤਤਾ ਰੱਖਦਾ ਹੈ। ਪੁਸਤਕ ਊਧਮ ਸਿੰਘ ਦਾ ਗ਼ਦਰ ਪਾਰਟੀ ਅਤੇ ਨੌਜਵਾਨ ਭਾਰਤ ਸਭਾ ਨਾਲ ਗੂੜ੍ਹਾ ਸਬੰਧ ਹੋਣ ਦਾ ਪ੍ਰਮਾਣ ਪੇਸ਼ ਕਰਦੀ ਇਹ ਦਰਸਾਉਂਦੀ ਹੈ ਕਿ ਊਧਮ ਸਿੰਘ ਦੇ ਉਦੇਸ਼ਾਂ, ਨਿਸ਼ਾਨਿਆਂ ਅਤੇ ਆਦਰਸ਼ਾਂ ਦਾ ਕੈਨਵਸ ਵਸੀਹ ਅਤੇ ਉਚੇਰਾ ਹੈ। ਉਹ ਕਿਸੇ ਇਕੱਲੀ ਇਕਹਿਰੀ ਘਟਨਾ ਤੋਂ ਨਾ ਸ਼ੁਰੂ ਹੁੰਦਾ ਹੈ ਅਤੇ ਨਾ ਸਮਾਪਤ।

ਰੰਗਦਾਰ ਤਸਵੀਰਾਂ ਵਾਲੇ ਸਫ਼ਿਆਂ ਸਮੇਤ ਕੋਈ 400 ਸਫ਼ਿਆਂ 'ਚ ਸਮੋਈ ਰਾਕੇਸ਼ ਕੁਮਾਰ ਦੀ ਪੁਸਤਕ 'ਚ ਸ਼ਾਮਲ ਢੇਰ ਸਾਰੇ ਇਤਿਹਾਸਕ ਦਸਤਾਵੇਜ਼ੀ ਪ੍ਰਮਾਣ, ਊਧਮ ਸਿੰਘ ਦੇ ਹਲਫ਼ੀਆ ਬਿਆਨ ਅਤੇ ਨਾ ਝੁਠਲਾਏ ਜਾ ਸਕਣ ਵਾਲੇ ਪੱਖ ਊਧਮ ਸਿੰਘ ਨੂੰ ਇਕ ਬੌਧਿਕ, ਚਿੰਤਨਸ਼ੀਲ, ਇਨਕਲਾਬੀ ਸੋਚ ਨੂੰ ਪਰਨਾਏ ਕਰਾਂਤੀਕਾਰੀ ਵਜੋਂ ਉਭਾਰ ਕੇ ਸਾਹਮਣੇ ਲਿਆਉਂਦੇ ਹਨ।

ਪਰੰਪਰਾਗਤ ਇਤਿਹਾਸਕਾਰੀ ਦੇ ਘੇਰੇ 'ਚ ਊਧਮ ਸਿੰਘ ਨੂੰ ਓਪਰੀ ਨਜ਼ਰੇ ਵਡਿਆਕੇ ਪੇਸ਼ ਕਰਦਿਆਂ ਉਸਦਾ ਕੱਦ ਉਚਾ ਨਹੀਂ ਸਗੋਂ ਛੋਟਾ ਹੀ ਕੀਤਾ ਜਾਂਦਾ ਹੈ। ਉਹਨਾਂ ਦੀ ਐਨਕ 'ਚ ਊਧਮ ਸਿੰਘ ਦਾ ਸੰਗਰਾਮੀ ਚੇਤਨਾ ਅਤੇ ਅਮਲ ਦਾ ਸਫ਼ਰ ਜਲ੍ਹਿਆਂਵਾਲਾ ਬਾਗ ਦੀ ਖ਼ੂਨੀ ਵਿਸਾਖੀ ਤੋਂ ਸ਼ੁਰੂ ਹੁੰਦਾ ਹੈ ਜਿਹੜਾ ਕੈਕਸਟਨ ਹਾਲ ਲੰਡਨ 'ਚ ਮਾਈਕਲ ਓਡਵਾਇਰ ਤੇ ਗੋਲੀਆਂ ਚਲਾਉਣ ਦੀ ਇਕ ਘਟਨਾ ਕਰਕੇ 31 ਜੁਲਾਈ 1940 ਨੂੰ ਲੰਡਨ 'ਚ ਹੀ ਫਾਂਸੀ ਦਾ ਰੱਸਾ ਚੁੰਮਣ ਨਾਲ ਸਮਾਪਤ ਹੋ ਜਾਂਦਾ ਹੈ।

ਪੁਸਤਕ ਇਤਿਹਾਸ ਦੇ ਨਵੇਂ ਸਫ਼ੇ ਸਿਰਜਦੀ ਹੈ। ਪੁਸਤਕ ਦਾ ਇਹ ਇਤਿਹਾਸਕ ਹਾਸਲ ਹੈ ਕਿ ਉਸ ਵਿਚ ਰਾਕੇਸ਼ ਦੀ ਕਲਮ ਖ਼ੁਦ ਬਹੁਤ ਘੱਟ ਲਿਖ ਕੇ ਸਗੋਂ ਇਤਿਹਾਸਕ ਤੱਥਾਂ ਦੀ ਰੌਸ਼ਨੀ 'ਚ ਇਹ ਸਥਾਪਤ ਕਰਦੀ ਹੈ ਕਿ ਸਾਨੂੰ ਉਸ ਊਧਮ ਸਿੰਘ ਦੀਆਂ ਪੈੜਾਂ ਸੰਭਾਲਣ ਦੀ ਲੋੜ ਹੈ ਜਿਹੜਾ ਵਿਅਕਤੀਗਤ ਬਦਲੇ ਤੱਕ ਸੀਮਤ ਨਹੀਂ। ਜਿਹੜਾ ਸਾਮਰਾਜੀ ਗਲਬੇ, ਜਾਗੀਰੂ ਦਾਬੇ, ਪੂੰਜੀਪਤੀ ਮਾਸਖੋਰਿਆਂ ਅਤੇ ਲੋਕਾਂ ਦੀ ਰੱਤ ਨਚੋੜਵੇਂ ਪ੍ਰਬੰਧ ਤੋਂ ਮੁਕੰਮਲ ਮੁਕਤੀ ਹਾਸਲ ਕਰਕੇ ਨਵੇਂ, ਆਜ਼ਾਦ, ਜਮਹੂਰੀ ਅਤੇ ਬਰਾਬਰੀ ਤੇ ਟਿਕੇ, ਨਿਆਂ ਭਰੇ ਭਾਰਤ ਦੀ ਸਿਰਜਣਾ ਕਰਨ ਦੇ ਮਹਾਨ ਆਦਰਸ਼ ਨੂੰ ਪਰਨਾਇਆ ਹੋਇਆ ਹੈ।

ਪੁਸਤਕ ਉਨ੍ਹਾਂ 'ਵਿਚਾਰਵਾਨਾਂ', ਰਾਜਨੀਤਕ ਮੌਕਾਪ੍ਰਸਤਾਂ ਅਤੇ ਬਰਤਾਨਵੀ ਸਾਮਰਾਜ ਦੇ ਸੇਵਾਦਾਰਾਂ ਦੇ ਬਾਖ਼ੂਬ ਬਖ਼ੀਏ ਉਧੇੜਦੀ ਹੈ ਜਿਹੜੇ ਊਧਮ ਸਿੰਘ ਨੂੰ 'ਦਹਿਸ਼ਤਗਰਦ', 'ਕਾਤਲ' ਅਤੇ 'ਸਿਰ ਫਿਰਿਆ ਨੌਜਵਾਨ' ਦੱਸਦੇ ਰਹੇ ਹਨ। ਜਿਹੜੇ ਲੰਡਨ 'ਚ ਊਧਮ ਸਿੰਘ ਵੱਲੋਂ ਚਲਾਈ ਗੋਲੀ ਮੌਕੇ ਮ੍ਰਿਤਕਾਂ ਅਤੇ ਜ਼ਖ਼ਮੀਆਂ ਨਾਲ ਦੁੱਖ ਸਾਂਝਾ ਕਰਨ ਅਤੇ ਊਧਮ ਸਿੰਘ ਦੀ ਘੋਰ ਨਿੰਦਾ ਕਰਨ ਦੇ ਘ੍ਰਿਣਤ ਕੰਮ ਕਰਦੇ ਰਹੇ ਹਨ। ਜਿਹੜੇ ਹੁਣ ਭਰਮ ਪਾਲਦੇ ਹਨ ਕਿ ਲੋਕ ਇਤਿਹਾਸ ਤੋਂ ਅਣਭਿੱਜ ਨੇ, ਉਹਨਾਂ ਦੇ ਲਿਖੇ ਕਾਲੇ ਸਫ਼ਿਆਂ ਤੋਂ ਵਾਕਫ਼ ਨਹੀਂ ਇਸ ਕਰਕੇ ਉਹ ਊਧਮ ਸਿੰਘ ਨੂੰ ਸ਼ਹੀਦੀ ਰੁਤਬਾ ਦੇਣ ਅਤੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਉਸਨੂੰ 'ਯਾਦ ਕਰਨ' ਦਾ ਖੇਖਣ ਵੀ ਕਰਦੇ ਹਨ।

ਪੁਸਤਕ 'ਚ ਪ੍ਰਕਾਸ਼ਿਤ 5 ਮਈ, 1940 ਨੂੰ ਅਦਾਲਤ ਵਿਚ ਦਿੱਤਾ ਊਧਮ ਸਿੰਘ ਦਾ ਹੱਥ ਲਿਖਤ ਬਿਆਨ ਮੌਖਿਕ ਰੂਪ 'ਚ ਸ਼ਾਮਲ ਹੈ। ਇਹ ਬਿਆਨ ਊਧਮ ਸਿੰਘ ਦੇ ਅਸਲ 'ਸ਼ਿਕਾਰ' ਅਤੇ 'ਅਸਲ ਨਿਸ਼ਾਨੇ' ਬਾਰੇ ਪ੍ਰਮਾਣਿਕ ਦਸਤਾਵੇਜ਼ ਹੈ :

''ਕਿਸੇ ਵਿਅਕਤੀ ਦੀ ਜਾਨ ਲੈਣਾ ਮੇਰਾ ਮਕਸਦ ਨਹੀਂ। ਜ਼ਾਲਮਾਨਾ ਬ੍ਰਿਟਿਸ਼ ਰਾਜ ਭਾਰਤੀ ਲੋਕਾਂ ਲਈ ਘਾਤਕ ਹੈ। ਵੱਡੇ ਜ਼ਿੰਮੀਦਾਰ ਅਤੇ ਭਾਰਤ ਦੇ ਮਾਲਕ ਬਣ ਬੈਠੇ ਜਿਹੜੇ ਮੇਰੇ ਦੇਸ਼ ਦੇ ਮਹੱਤਵਪੂਰਨ ਉਦਯੋਗਾਂ ਦੇ ਮਾਲਕ ਬਣ ਬੈਠੇ ਹਨ ਉਹ ਆਪਣੀ ਲਾਲਸਾ ਲਈ, ਸਾਡੇ ਦੇਸ਼ ਦੇ ਲੋਕਾਂ ਦੀ ਰੱਤ ਨਿਚੋੜਕੇ ਲਿਜਾ ਰਹੇ ਹਨ। ਕਾਮਿਆਂ ਨੂੰ ਜਿਉਣ ਦੇ ਹੱਕ ਤੋਂ ਵਾਂਝਿਆਂ ਕੀਤਾ ਜਾ ਰਿਹਾ ਹੈ। ਇਹ ਆਪ ਸ਼ਾਹੀ ਠਾਠ ਦੀ ਜ਼ਿੰਦਗੀ ਜੀਅ ਰਹੇ ਹਨ।''

ਇਹੋ ਬਿਆਨ ਅੱਗੇ ਚੱਲ ਕੇ ਇਹ ਦਰਸਾਉਂਦਾ ਹੈ :

''ਮੈਂ ਮੌਤ ਦੀ ਸਜ਼ਾ ਤੋਂ ਨਹੀਂ ਡਰਦਾ। ਇਹ ਮੇਰੇ ਵਾਸਤੇ ਕੁਝ ਵੀ ਨਹੀਂ। ਮੈਨੂੰ ਮਰਨ ਤੇ ਮਾਣ ਹੈ। ਅਸੀਂ ਬ੍ਰਿਟਿਸ਼ ਸਾਮਰਾਜ ਦੇ ਸਤਾਏ ਹੋਏ ਹਾਂ। ਆਪਣੀ ਜਨਮ-ਭੂਮੀ ਨੂੰ ਆਜ਼ਾਦ ਕਰਾਉਣ ਲਈ ਆਪਣੇ ਮਰਨ ਤੇ ਵੀ ਮਾਣ ਹੋਵੇਗਾ। ਮੈਨੂੰ ਮਾਣ ਹੈ ਮੇਰੇ ਜਾਣ ਮਗਰੋਂ ਵੀ ਮੇਰੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਹਜ਼ਾਰਾਂ ਦੇਸ਼ ਵਾਸੀ ਅੱਗੇ ਆਉਣਗੇ।''

ਸ਼ਹੀਦ ਊਧਮ ਸਿੰਘ ਦੇ ਸਮੇਂ ਨਾਲੋਂ ਵੀ ਵਿਰਾਟ ਅਤੇ ਤਿੱਖਾ ਰੂਪ ਧਾਰਨ ਕਰਕੇ ਖੜ੍ਹੀਆਂ ਗੰਭੀਰ ਚੁਣੌਤੀਆਂ ਨੂੰ ਅਜੋਕੇ ਸਮੇਂ ਅੰਦਰ ਮੁਖ਼ਾਤਬ ਹੋਣ ਲਈ, ਆਪਣੇ ਰਾਹ ਅਤੇ ਨਿਸ਼ਾਨੇ ਬਾਰੇ ਚੇਤੰਨ ਹੋਣ ਲਈ ਰੌਸ਼ਨ ਮਿਨਾਰ ਦਾ ਕੰਮ ਕਰੇਗੀ ਰਾਕੇਸ਼ ਕੁਮਾਰ ਦੀ ਅਮੁੱਲੀ ਪੁਸਤਕ। ਪੂਰਨ ਵਿਸ਼ਵਾਸ ਨਾਲ ਕਿਹਾ ਜਾ ਸਕਦਾ ਹੈ ਕਿ ਇਹ ਪੁਸਤਕ ਨਵੇਂ ਸੰਵਾਦ ਅੱਗੇ ਤੋਰੇਗੀ ਜਿਹੜੇ ਸਾਡੇ ਅਤੀਤ, ਵਰਤਮਾਨ ਅਤੇ ਭਵਿੱਖ ਨੂੰ ਸਮਝਣ ਵਿਚ ਸਹਾਈ ਹੋਣਗੇ।

ਜਾਰੀ ਕਰਤਾ : ਅਮੋਲਕ ਸਿੰਘ
ਪ੍ਰਧਾਨ, ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ)
ਸੰਪਰਕ : 94170-76735