StatCounter

Friday, November 15, 2013

ਯਹੀ ਪਾਓਗੇ ਮਹਿਸ਼ਰ ਮੇਂ ਜੁਬਾਂ ਮੇਰੀ, ਬਿਆਂ ਮੇਰਾ | ਮੈਂ ਬੰਦਾ ਹਿੰਦ ਵਾਲੋਂ ਕਾ ਹੂੰ, ਹੈ ਹਿੰਦੋਸਤਾਂ ਮੇਰਾ | ਮੈਂ ਇਸ ਉਜੜੇ ਹੂਏ ਭਾਰਤ ਕੇ ਖੰਡਰ ਕਾ ਏਕ ਜ਼ੱਰਾ ਹੂੰ, ਯਹੀ ਬੱਸ ਏਕ ਪਤਾ, ਯਹੀ ਨਾਮੋ-ਨਿਸ਼ਾਂ ਮੇਰਾ



16 ਨਵੰਬਰ 1913: 7 ਗ਼ਦਰੀਆਂ ਨੂੰ ਫਾਂਸੀ ਦਿਹਾੜਾ
ਜਿਨ੍ਹਾਂ ਦੇ ਸੁਪਨਿਆਂ ਨੂੰ ਫਾਹੇ ਨਹੀਂ ਲਾਇਆ ਜਾ ਸਕਦਾ
ਅਮੋਲਕ ਸਿੰਘ (ਸੰਪਰਕ: 94170-76735)


ਗ਼ਦਰ ਸ਼ਤਾਬਦੀ ਦਾ ਇਕ ਸਫ਼ਾ ਪੂਰਾ ਹੋਣ ਜਾ ਰਿਹਾ ਹੈ। ਦੂਜਾ ਸਫ਼ਾ ਸਾਡੇ ਸਨਮੁੱਖ ਹੈ। ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ (1913-2013) ਨੇ ਸੁੱਤੇ ਇਤਿਹਾਸ, ਸੁੱਤੇ ਕਲਮਕਾਰਾਂ ਅਤੇ ਸੁੱਤੀ ਲੋਕਾਈ ਨੂੰ ਹਲੂਣਿਆਂ ਹੈ। ਅਣਫ਼ੋਲੇ, ਅਣਲਿਖੇ ਅਤੇ ਅਣਗੌਲ਼ੇ ਇਤਿਹਾਸ ਦੀਆਂ ਪੈੜਾਂ ਲੱਭਣ ਦਾ ਯਤਨ ਕੀਤਾ ਹੈ। ਸੌ ਵਰ੍ਹਿਆਂ ਦੇ ਇਤਿਹਾਸ ਨੂੰ ਖੰਘਾਲਣ ਲਈ ਵੱਖ-ਵੱਖ ਮੁਹਾਜ ਤੇ ਕੰਮ ਹੋਏ ਹਨ। ਪਰੰਪਰਾਵਾਂ ਦੇ ਬੰਧਨਾਂ ਤੋਂ ਪਾਰ ਜਾ ਕੇ ਇਤਿਹਾਸ ਨਾਲ ਜੀਵੰਤ ਰਿਸ਼ਤਾ ਗੰਢਣ ਵਿੱਚ ਸਾਡਾ ਅੱਜ ਕਿੰਨਾ ਕੁ ਸਫਲ ਰਿਹਾ ਹੈ ਅਜੇ ਇਸਦੀ ਘੋਖ-ਪੜਤਾਲ ਅਤੇ ਮੁਲਅੰਕਣ ਚੱਲ ਹੀ ਰਿਹਾ ਹੈ ਉਸਦੀ ਅੰਤਰ ਸਬੰਧਤ ਕੜੀ ਵਜੋਂ ਹੀ ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ ਸੱਤ ਸ਼ਹਾਦਤਾਂ ਦੀ ਸ਼ਤਾਬਦੀ (1915-2015) ਸਾਡੀਆਂ ਬਰੂਹਾਂ 'ਤੇ ਹੈ।

ਲਾਹੌਰ ਕੇਂਦਰੀ ਜੇਲ੍ਹ ਅੰਦਰ 16 ਨਵੰਬਰ 1915 ਨੂੰ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ, ਜਗਤ ਸਿੰਘ, ਸੁਰ ਸਿੰਘ, ਬਖਸ਼ੀਸ਼ ਸਿੰਘ ਗਿੱਲਵਾਲੀ, ਸੁਰੈਣ ਸਿੰਘ ਵੱਡਾ ਗਿੱਲਾਵਾਲੀ ਅਤੇ ਸੁਰੈਣ ਸਿੰਘ ਛੋਟਾ ਗਿੱਲਵਾਲੀ, ਹਰਨਾਮ ਸਿੰਘ ਸਿਆਲਕੋਟ ਨੂੰ ਫਾਂਸੀ ਦੇ ਤਖ਼ਤੇ ਤੇ ਲਟਕਾ ਦਿੱਤਾ ਸੀ। ਕਾਮਾਗਾਟਾ ਮਾਰੂ ਅਤੇ ਬਜ ਬਜ ਘਾਟ ਦੇ ਸਾਕੇ ਦੀ ਸ਼ਤਾਬਦੀ (1914-2014) ਵਿਚੀਂ ਹੁੰਦੇ ਹੋਏ ਸਾਡੇ ਸਮਕਾਲੀ ਇਤਿਹਾਸ ਨੇ ਸਰਾਭਾ ਅਤੇ ਸਾਥੀਆਂ ਦੀ ਸ਼ਹਾਦਤ ਸ਼ਤਾਬਦੀ ਨਾਲ ਗਲਵੱਕੜੀ ਪਾਉਣੀ ਹੈ।

ਅੱਜ ਜਦੋਂ ਚੜ੍ਹਦੀ ਜੁਆਨੀ ਦੇ ਚੇਤਿਆਂ ਵਿਚੋਂ ਉਸਦਾ ਬੀਤਿਆ ਕੱਲ੍ਹ ਅਤੇ ਅੱਜ ਵੀ ਭੁਲਾਇਆ ਜਾ ਰਿਹਾ ਹੈ। ਜਦੋਂ ਆਉਣ ਵਾਲੇ ਕੱਲ੍ਹ ਦੀ ਫਿਕਰ ਕਰਨ ਦੀ ਤੰਦ ਕੱਟੀ ਜਾ ਰਹੀ ਹੈ ਤਾਂ ਬੀਤੇ ਸੌ ਵਰ੍ਹਿਆਂ ਦੇ ਇਤਿਹਾਸ ਦਾ ਪੱਲਾ ਫੜਨ ਲਈ ਉਡਦੀ ਉਮਰ ਵਾਲੇ ਹਿੱਸੇ ਨੂੰ ਫੜਨਾ, ਸੰਭਾਲਣਾ ਅਤੇ ਇਤਿਹਾਸ ਦਾ ਗੰਭੀਰ ਵਿਦਿਆਰਥੀ ਬਣਨ ਲਈ ਪ੍ਰੇਰਨਾ ਅਤੀ ਮਹੱਤਵਪੂਰਨ ਕਾਰਜ ਹੈ। ਇਤਿਹਾਸਕ ਅਤੇ ਸਮਾਜਕ ਸਰੋਕਾਰਾਂ ਨਾਲੋਂ ਬੁਰੀ ਤਰ੍ਹਾਂ ਕੱਟੀ ਨੌਜਵਾਨ ਪੀੜ੍ਹੀ ਨੂੰ ਆਪਣੇ ਮਹਿਬੂਬ ਨਾਇਕ, ਸ਼ਹੀਦ ਕਰਤਾਰ ਸਿੰਘ ਸਰਾਭੇ ਵਰਗਿਆਂ ਦੇ ਪਾਏ ਪੂਰਨਿਆਂ ਦੀ ਅਮੀਰ ਗਾਥਾ ਨਾਲ ਜੁੜ ਕੇ ਹੀ ਆਪਣੇ ਬੀਤੇ ਕੱਲ੍ਹ, ਅੱਜ ਅਤੇ ਭਲਕ ਨੂੰ ਸਮਝਣ ਦੀ ਜਾਚ ਆ ਸਕਦੀ ਹੈ।

ਕਰਤਾਰ ਸਿੰਘ ਸਰਾਭੇ ਦੇ ਯੁੱਧ-ਸਾਥੀ ਜਗਤ ਰਾਮ ਹਰਿਆਣਾ ਨੇ ਕਾਵਿਕ ਸ਼ਰਧਾਂਜਲੀ ਕੁਝ ਅਜੇਹੇ ਅੰਦਾਜ਼ ਵਿੱਚ ਦਿੱਤੀ ਸੀ:

ਫ਼ਖ਼ਰ ਹੈ ਭਾਰਤ ਕੋ ਐ 'ਕਰਤਾਰ' ਤੂੰ ਜਾਤਾ ਹੈ ਆਜ
ਜਗਤ ਔਰ ਪਿੰਗਲੇ ਕੋ ਭੀ ਤੂ ਸਾਥ ਲੇ ਜਾਤਾ ਹੈ ਆਜ
ਹਮ ਤੁਮਾਰੇ ਮਿਸ਼ਨ ਕੋ ਪੂਰਾ ਕਰੇਂਗੇ ਸੰਗੀਓ
ਕਸਮ ਹਰ ਹਿੰਦੀ ਤੁਮ੍ਹਾਰੇ ਖ਼ੂਨ ਸੇ ਖ਼ਾਤਾ ਹੈ ਆਜ

ਸੌ ਵਰ੍ਹੇ ਕੋਲੋਂ ਦੀ ਲੰਘ ਗਏ। ਉਨ੍ਹਾਂ ਦੇ ਮਿਸ਼ਨ ਦੀ ਪੂਰਤੀ ਲਈ ਬਿਨਾਂ ਸ਼ੱਕ ਸੰਗਰਾਮ ਜਾਰੀ ਹੈ ਪਰ ਬੌਧਿਕ ਤਬਕੇ, ਨੌਜਵਾਨ ਵਰਗ ਅਤੇ ਬੁਰੀ ਤਰ੍ਹਾਂ ਲਿਤਾੜੇ ਮਿਹਨਤਕਸ਼ ਲੋਕ ਕਿੰਨੇ ਕੁ ਜਾਗਰਤ ਹੋ ਕੇ, ਆਪਣੇ ਪੂਰਵਜਾਂ ਵਾਲੀ ਮਚਲਦੀ ਭਾਵਨਾ ਨਾਲ ਸਮਰਪਤ ਹੋਏ ਹਨ। 'ਖ਼ੂਨ ਦੀ ਕਸਮ' ਦੇ ਅਰਥਾਂ ਦਾ ਅਮਲੀ ਭੇਦ ਕਿੰਨਿਆਂ ਕੁ ਨੇ ਪਾਇਆ ਹੈ। ਵਾਹੋ ਦਾਹੀ ਔਝੜੇ ਰਾਹਾਂ ਵੱਲ ਭਜਾ ਦਿੱਤੀ ਜੁਆਨੀ ਦੇ ਮਨ ਮਸਤਕ ਅੰਦਰ ਆਪਣੇ ਅਮਰ ਸ਼ਹੀਦਾਂ ਦੀ ਲੋਅ ਕਿੰਨੀ ਕੁ ਜਗਦੀ ਹੈ। ਆਪਣੇ ਫ਼ਰਜਾਂ ਦੀ ਅੱਗ ਕਿੰਨੀ ਕੁ ਮਘਦੀ ਹੈ ਇਸਦਾ ਖੁੱਲ੍ਹੇ ਮਨ ਨਾਲ ਅੰਤਰ-ਝਾਤ ਮਾਰ ਕੇ ਹੀ ਭੇਦ ਪਾਇਆ ਜਾ ਸਕਦਾ ਹੈ। ਬਿਨ ਭੇਦ ਪਾਏ ਭਟਕਦੀ ਜੁਆਨੀ ਨੂੰ ਕੌਮ ਅਤੇ ਲੋਕਾਂ ਦੀ ਤਕਦੀਰ ਦਾ ਨਵਾਂ ਸਫ਼ਾ ਲਿਖਣ ਲਈ ਨਵੇਂ ਰਾਹਾਂ ਦੇ ਹਮਸਫ਼ਰ ਵੀ ਨਹੀਂ ਬਣਾਇਆ ਜਾ ਸਕਦਾ।
 
Bakhshish Singh Gillwali
ਨਸ਼ਿਆਂ ਵਿਚ ਡੁੱਬੀ, ਫੋਕੀ ਸ਼ੋਹਰਤ ਵਿੱਚ ਖੁੱਭੀ, ਬਿਮਾਰ, ਅਸ਼ਲੀਲ, ਭਟਕਾਊ ਅਤੇ ਚਕਾਚੌਂਧ ਭਰੇ ਗਰਦੋ ਗੁਬਾਰ ਵਿੱਚ ਫਸੀ ਜੁਆਨੀ ਦੇ ਮਨ ਦੀ ਸਲੇਟ ਉਪਰ ਇਤਿਹਾਸਕ ਪਿਛੋਕੜ ਦੇ ਸਫ਼ੇ ਉਘੇੜਨਾ ਅਤੇ ਨਵੇਂ ਰਾਹਾਂ ਦਾ ਨਵਾਂ ਅਧਿਆਇ ਰਚਣਾ, ਜਮੂਦ ਨੂੰ ਚਕਨਾਚੂਰ ਕਰਨ ਵਾਲਾ ਕਾਰਜ ਹੈ। ਗੈਂਗਵਾਰ ਵਿੱਚ ਉਲਝੀ, ਕਿਰਤ-ਸਭਿਆਚਾਰ, ਇਤਿਹਾਸ, ਸੁਹਜਤਾ, ਕਲਾਤਮਕਤਾ ਅਤੇ ਸਵੈ-ਮੰਥਨ ਦੇ ਅਮਲਾਂ ਤੋਂ ਕੋਰੀ ਹੋ ਰਹੀ ਜੁਆਨੀ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਵਾਲੀ ਸੋਚ, ਸਪਿਰਟ ਅਤੇ ਸਿਦਕਦਿਲੀ ਦਾ ਰੰਗ ਹਾਲਾਤ ਦੇ ਥਪੇੜਿਆਂ ਨੇ ਚਾੜ੍ਹਨਾ ਹੀ ਚਾੜ੍ਹਨਾ ਹੈ।

ਕਰਤਾਰ ਸਿੰਘ ਸਰਾਭਾ ਅਤੇ ਊਧਮ ਸਿੰਘ ਦਾ ਬਚਪਨ ਹੀ ਮਾਪਿਆਂ ਤੋਂ ਸੱਖਣਾ ਸੀ। ਸਰਾਭਾ ਦੀ ਪਰਿਵਾਰਕ ਆਰਥਕ ਹਾਲਤ ਤਕੜੀ ਅਤੇ ਊਧਮ ਸਿੰਘ ਦੀ ਕਾਫੀ ਮਾੜੀ ਸੀ। ਦੋਵੇਂ ਹੀਰੇ, ਦੋਵੇਂ ਤਰ੍ਹਾਂ ਦੀ ਆਰਥਕ, ਸਮਾਜਕ, ਪਰਿਵਾਰਕ ਤਸਵੀਰ ਪੇਸ਼ ਕਰਦੇ ਹਨ। ਗ਼ਰੀਬੀ ਦੀ ਦਲਦਲ ਅਤੇ ਅਮੀਰੀ ਦਾ ਤਾਪਮਾਨ ਕੋਈ ਵੀ ਸਥਿਤੀ, ਕਿਸੇ ਵੀ ਨੌਜਵਾਨ ਦਾ ਰਾਹ ਨਹੀਂ ਰੋਕ ਸਕਦੀ।

23 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਮੰਗਲ ਸਿੰਘ ਅਤੇ ਮਾਂ ਸਾਹਿਬ ਕੌਰ ਦੇ ਘਰ ਜਨਮੇ ਕਰਤਾਰ ਸਿੰਘ ਦੇ ਬਚਪਨ ਵਿੱਚ ਹੀ ਮਾਪਿਆਂ ਦੇ ਵਿਛੋੜੇ ਕਾਰਨ ਉਨ੍ਹਾਂ ਦੇ ਦਾਦਾ ਬਦਨ ਸਿੰਘ ਨੇ ਸਾਰੀ ਜ਼ਿੰਮੇਵਾਰੀ ਨਿਭਾਈ। ਪਿੰਡ ਦੇ ਪ੍ਰਾਇਮਰੀ ਸਕੂਲ, ਗੁੱਜਰਵਾਲ ਦੇ ਮਿਡਲ ਸਕੂਲ, ਲੁਧਿਆਣੇ ਦੇ ਮਾਲਵਾ ਖਾਲਸਾ ਹਾਈ ਸਕੂਲ ਅਤੇ ਉੜੀਸਾ ਆਪਣੇ ਚਾਚੇ ਕੋਲ ਪੜ੍ਹਨ ਦੇ ਦੌਰਾਂ ਵਿੱਚੋਂ ਗੁਜ਼ਰਦਾ ਕਰਤਾਰ ਸਿੰਘ ਸਰਾਭਾ, ਅਮਰੀਕਾ ਪੜ੍ਹਨ ਗਿਆ।

ਕਰਤਾਰ ਸਿੰਘ ਆਪਣੇ ਭਰੇ ਫਾਰਮ ਵਿਚ ਪਰਿਵਾਰ ਦੀ 300 ਏਕੜ ਜ਼ਮੀਨ ਦਾ ਦਾਅਵਾ ਕਰਦਾ ਹੈ। ਇਲੈਕਟਰੀਕਲ ਇੰਜਨੀਅਰਿੰਗ ਦੀ ਪੜ੍ਹਾਈ ਕਰਨ ਦਾ ਇਰਾਦਾ ਪ੍ਰਗਟ ਕਰਦਾ ਹੈ। ਪੜ੍ਹਦੇ ਸਮੇਂ ਉਸਦਾ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਵਿਦਿਆਰਥੀਆਂ ਨਾਲ ਵਾਹ ਪੈਂਦਾ ਹੈ। ਉਨ੍ਹਾਂ ਦੇ ਆਪਣੇ ਮੁਲਕਾਂ ਅੰਦਰ ਚੱਲ ਰਹੀਆਂ ਕੌਮੀ ਮੁਕਤੀ ਲਹਿਰਾਂ ਦਾ ਵੀ ਉਨ੍ਹਾਂ ਨੂੰ ਰੰਗ ਚੜ੍ਹਿਆ ਹੁੰਦਾ ਹੈ। ਇਸ ਨਾਲ ਸਰਾਭੇ ਦੀ ਸੋਚ ਅੰਦਰ ਵੀ ਨਵੀਂ ਚੇਤਨਾ ਦੇ ਜਵਾਰਭਾਟੇ ਉਠਦੇ ਹਨ। ਉਹ ਆਜ਼ਾਦ ਫ਼ਿਜਾ ਵਿਚ ਆਪਣੇ ਮੁਲਕ ਨੂੰ ਆਜ਼ਾਦ, ਖੁਸ਼ਹਾਲ ਅਤੇ ਬਰਾਬਰੀ ਭਰਿਆ ਵੇਖਣਾ ਚਾਹੁੰਦਾ ਹੈ। ਨਿੱਕੀ ਉਮਰੇ ਹੀ ਉਹ ਆਜ਼ਾਦੀ ਸੰਗਰਾਮ ਵਿੱਚ ਵਰਤੋਂ ਦੀ ਦ੍ਰਿਸ਼ਟੀ ਤੋਂ ਹਵਾਈ ਜਹਾਜ਼ ਚਲਾਉਣ ਦੀ ਸਿਖਲਾਈ ਲੈਣੀ ਆਰੰਭ ਕਰਦਾ ਹੈ। ਬੁੱਧੀਜੀਵੀਆਂ ਨਾਲ ਤਾਲਮੇਲ ਕਰਦਾ ਹੈ। ਉਹਨਾਂ ਨੂੰ ਸਿਰ ਜੋੜ ਕੇ ਬੈਠਣ ਲਈ ਆਗੂ ਭੂਮਿਕਾ ਅਦਾ ਕਰਦਾ ਹੈ।

21 ਅਪ੍ਰੈਲ, 1913 ਨੂੰ ਅਮਰੀਕਾ ਅੰਦਰ ਅਸਟੋਰੀਆ ਵਿਚ ਇਕੱਠੇ ਹੋ ਕੇ 'ਹਿੰਦੀ ਐਸੋਸੀਏਸ਼ਨ ਆਫ਼ ਪੈਸੇਫਿਕ ਕੋਸਟ' ਨਾਂਅ ਦੀ ਜੱਥੇਬੰਦੀ ਬਣਾਈ ਜਾਂਦੀ ਹੈ। ਜਦੋਂ 1 ਨਵੰਬਰ 1913 ਨੂੰ 'ਗ਼ਦਰ' ਅਖ਼ਬਾਰ ਜਾਰੀ ਕੀਤਾ ਜਾਂਦਾ ਹੈ ਤਾਂ ਇਸ ਕਾਰਜ ਵਿਚ ਕਰਤਾਰ ਸਿੰਘ ਸਰਾਭਾ ਦੀ ਅਹਿਮ ਭੂਮਿਕਾ ਹੈ। ਗ਼ਦਰ ਅਖ਼ਬਾਰ ਦੀ ਚਹੁੰ ਕੂਟਾਂ ਵਿੱਚ ਗੂੰਜ ਪੈਂਦੀ ਹੈ। ਜੱਥੇਬੰਦੀ ਦਾ ਨਾਂਅ ਹੀ 'ਗ਼ਦਰ' ਅਖ਼ਬਾਰ ਕਾਰਨ 'ਗ਼ਦਰ ਪਾਰਟੀ' ਮਕਬੂਲ ਹੋ ਜਾਂਦਾ ਹੈ।

ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੇ ਆਪਣੀ ਕਲਮ ਤੋਂ ਲਿਖਿਆ ਹੈ ਕਿ, ''ਗ਼ਦਰ ਅਖ਼ਬਾਰ ਦਾ ਪਹਿਲਾ ਪਰਚਾ ਛਪਿਆ ਤਾਂ ਹਰਦਿਆਲ ਦੇ ਲੇਖਾਂ ਦਾ ਪੰਜਾਬੀ ਤਰਜਮਾ ਕਰਤਾਰ ਸਿੰਘ ਸਰਾਭਾ ਨੇ ਹੀ ਕੀਤਾ ਸੀ। ਛਾਪਾ ਮਸ਼ੀਨ ਉਹ ਹੱਥੀਂ ਚਲਾਉਂਦਾ ਸੀ। ਯੁਗਾਂਤਰ ਆਸ਼ਰਮ ਦਾ ਸਾਰਾ ਕੰਮ ਸ਼ੁਰੂ ਵਿੱਚ ਉਹਦੇ ਸਿਰ 'ਤੇ ਸੀ। ਉਹ ਦਿਨ ਰਾਤ ਕੰਮ ਕਰਦਾ ਰਹਿੰਦਾ। ਆਰਾਮ ਉਹਦੇ ਚਿੱਤ ਚੇਤੇ ਵੀ ਨਹੀਂ ਸੀ।''

ਸ਼ਹੀਦ ਕਰਤਾਰ ਸਿੰਘ ਮਾਂ-ਬੋਲੀ ਦੀ ਅਸੀਮ ਤਾਕਤ ਤੋਂ ਵਾਕਫ਼ ਸੀ। ਇਸ ਕਰਕੇ ਹੀ ਉਸਨੇ ਲਿਖਿਆ ਸੀ ਕਿ, ''ਅੱਜ ਪਹਿਲੀ ਨਵੰਬਰ 1913 ਨੂੰ ਭਾਰਤ ਦੀ ਤਵਾਰੀਖ਼ ਵਿਚ ਇਕ ਨਵਾਂ ਸੰਮਤ ਚੱਲਦਾ ਹੈ ਕਿਉਂਕਿ ਅੰਗਰੇਜ਼ੀ ਰਾਜ ਦੇ ਵਿਰੁੱਧ ਪਰਦੇਸ ਵਿਚੋਂ ਦੇਸੀ ਜ਼ੁਬਾਨ ਵਿਚ ਜੰਗ ਛਿੜਦੀ ਹੈ'' ਸਰਾਭਾ ਅਤੇ ਉਸਦੇ ਗ਼ਦਰੀ ਸਾਥੀ ਸਪੱਸ਼ਟ ਸਨ ਕਿ ਮਾਂ-ਬੋਲੀ ਨੂੰ ਸਤਿਕਾਰਤ ਰੁਤਬਾ ਹਾਸਲ ਹੋਣ ਦੀ ਗਰੰਟੀ ਇਸ ਗੱਲ ਨਾਲ ਜੁੜੀ ਹੋਈ ਹੈ ਕਿ ਰਾਜ-ਭਾਗ ਕਿੰਨ੍ਹਾਂ ਸ਼ਕਤੀਆਂ ਦੇ ਹੱਥ ਹੈ।

ਉੱਘੇ ਇਤਿਹਾਸਕਾਰ ਪ੍ਰੋ. ਵੇਦ ਵਟੁਕ, ਪ੍ਰੋ. ਬਰਕਲੇ ਯੂਨੀਵਰਸਿਟੀ ਅਮਰੀਕਾ ਦਾ ਕਹਿਣਾ ਹੈ ਕਿ ਸ਼ਹੀਦ ਕਰਤਾਰ ਸਿੰਘ ਸਰਾਭੇ ਨੇ ਆਪਣੀ ਇਤਿਹਾਸਕ ਨਜ਼ਮ ਵਿਚ ਲਿਖਿਆ ਹੈ ਕਿ:

ਯਹੀ ਪਾਓਗੇ ਮਹਿਸ਼ਰ ਮੇਂ ਜੁਬਾਂ ਮੇਰੀ, ਬਿਆਂ ਮੇਰਾ
ਮੈਂ ਬੰਦਾ ਹਿੰਦ ਵਾਲੋਂ ਕਾ ਹੂੰ, ਹੈ ਹਿੰਦੋਸਤਾਂ ਮੇਰਾ
ਮੈਂ ਇਸ ਉਜੜੇ ਹੂਏ ਭਾਰਤ ਕੇ ਖੰਡਰ ਕਾ ਏਕ ਜ਼ੱਰਾ ਹੂੰ,
ਯਹੀ ਬੱਸ ਏਕ ਪਤਾ, ਯਹੀ ਨਾਮੋ-ਨਿਸ਼ਾਂ ਮੇਰਾ

ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਸਦੇ ਅਨੇਕਾਂ ਸਾਥੀ ਫਾਂਸੀ ਦੇ ਰੱਸੇ ਚੁੰਮ ਗਏ। ਸੌ ਵਰ੍ਹੇ ਬੀਤ ਜਾਣ ਮਗਰੋਂ ਅਜੇ ਵੀ ਉਹਨਾਂ ਦਾ ਸੁਪਨਾ ਅਧੂਰਾ ਹੈ। ਉਹਨਾਂ ਦੇ ਸੁਪਨੇ ਸੁਲਘਦੇ ਹਨ। ਉਹਨਾਂ ਦੇ ਬੋਲ, ਨਵੀਂ ਸਵੇਰ ਦਾ ਹੋਕਾ ਦੇ ਰਹੇ ਹਨ। ਹਨੇਰੇ ਨੂੰ ਐਵੇਂ ਭੁਲੇਖਾ ਹੈ ਕਿ ਚਾਨਣ ਸ਼ਾਇਦ ਮਰ ਗਿਆ ਹੈ। ਲੋਕ ਮੁਕਤੀ ਦੇ ਵਿਚਾਰ ਕਦੇ ਫਾਹੇ ਨਹੀਂ ਲੱਗਦੇ, ਸਿਰਫ ਜਿਸਮ ਫਾਹੇ ਚਾੜ੍ਹੇ ਜਾ ਸਕਦੇ ਹਨ। ਸਾਡੀ ਧਰਤੀ ਅੰਦਰ ਅੰਤਾਂ ਦਾ ਵਿਦਰੋਹ ਉਸਲਵੱਟੇ ਲੈ ਰਿਹਾ ਹੈ ਇਸਨੂੰ ਜਦੋਂ ਸਹੀ ਦਿਸ਼ਾ ਮਿਲ ਗਈ ਉਹ ਅਵੱਸ਼ ਹੀ ਅਨੇਕਾਂ ਕਰਤਾਰ ਸਰਾਭੇ ਨਵੀਂ ਕਤਾਰ ਵਿੱਚ ਖੜ੍ਹੇ ਕਰੇਗਾ ਅਤੇ ਸੁਪਨੇ ਸਾਕਾਰ ਕਰੇਗਾ।
 
Harnam Singh Sial



Jagat Singh Sursingh
Vishnu Ganesh Pingle
Surain Singh Younger Gillwali
Suren Singh Vudha Gillwali




Tuesday, November 5, 2013

ਜਿੱਥੇ ਰੇਤੇ ਦੀ ਮੁੱਠ ਖੰਡ ਨਾਲੋਂ ਮਹਿੰਗੀ ਹੋ ਜਾਵੇ। ਜਿੱਥੇ 65 ਵਰ੍ਹਿਆਂ ਦੀ 'ਆਜ਼ਾਦੀ' ਹੋ ਜਾਣ ਤੇ ਅਜੇ ਕਮਾਊ ਲੋਕਾਂ ਦੇ ਸੰਘ ਵਿੱਚ ਇਕ ਪਿਆਜ਼ ਹੀ ਫਸਕੇ ਰਹਿ ਜਾਏ। ਜਿੱਥੇ ਭੁੱਖ, ਨੰਗ, ਗ਼ਰੀਬੀ, ਕਰਜ਼ੇ, ਬੇਰੁਜ਼ਗਾਰੀ, ਜਾਤ-ਪਾਤ, ਫਿਰਕਾਪ੍ਰਸਤੀ ਲੋਕਾਂ ਦੇ ਅੱਧਮੋਏ ਜਿਸਮਾਂ 'ਤੇ ਨੱਚਦੀ ਹੋਵੇ ਉਥੇ ਇਕ ਨਹੀਂ ਅਨੇਕਾਂ ਕਲਮਾਂ ਦੀ ਲੋੜ ਹੈ ਜਿਹੜੀਆਂ ਉਦਾਸੀ ਦੀ ਕਲਮ ਦੀਆਂ ਹਾਨਣਾ ਹੋਣ।



6 ਨਵੰਬਰ
ਉਦਾਸੀ ਦੇ ਵਿਛੋੜੇ ਦਾ ਦਿਨ,


ਕਵਿਤਾ ਨਾਲ ਮਿਲਣੀ ਦਾ ਦਿਨ ਹੈ
ਅਮੋਲਕ ਸਿੰਘ


ਪੰਜਾਬੀ ਕਵਿਤਾ ਦੀ ਨਹੀਂ ਸਾਡੇ ਸਮਿਆਂ ਨੂੰ ਸੰਤ ਰਾਮ ਉਦਾਸੀ ਵਰਗੀ ਕਲਮ ਦੀ ਤੋਟ ਹੈ। ਲੋਕ-ਸਰੋਕਾਰਾਂ ਨਾਲ ਜੁੜੇ ਵਿਸ਼ੇ ਸਿਰ ਚੜ੍ਹ ਬੋਲ ਰਹੇ ਹਨ ਪਰ ਵੇਖਣ ਵਾਲੀ ਅੱਖ ਦੀ ਤੋਟ ਹੈ। ਗਾਇਕਾਂ ਦੀ ਭਰਮਾਰ ਹੈ ਪਰ ਮਾਂ ਧਰਤੀ ਨੂੰ ਉਦਾਸੀ ਲੋੜੀਂਦਾ ਹੈ। ਜਦੋਂ ਸ਼ੋਰ ਦੀ ਚੜ੍ਹ ਮੱਚੀ ਹੈ। ਜਦੋਂ ਸ਼ਬਦ, ਸੁਰ, ਸੰਗੀਤ, ਸੁਹਜ ਅਤੇ ਪ੍ਰਤੀਬੱਧਤਾ ਬਾਰੀਂ ਕੋਹੀਂ ਬਲ਼ਦੇ ਦੀਵੇ ਤੋਂ ਵੀ ਦੂਰ ਚਲੀ ਗਈ ਹੈ ਤਾਂ ਉਦਾਸੀ ਦੀ ਯਾਦ ਮੁੜ ਮੁੜ ਸਤਾਉਂਦੀ ਹੈ।

ਪੰਜਾਬੀ ਕਵਿਤਾ ਦਾ ਹੁਣ ਬਹੁਤਾ ਭੰਡਾਰ ਅਜੇਹਾ ਹੈ ਜਿਸਦੀ ਪਾਠਕਾਂ ਅੰਦਰ ਕੋਈ ਤੀਬਰਤਾ ਨਹੀਂ। ਰਵਾਇਤੀ ਮੁਹਾਵਰੇ ਵਿੱਚ, ਲੋਕ-ਪੀੜ ਅਤੇ ਲੋਕ-ਮਸਲੇ ਤੋਂ ਟੁੱਟ ਕੇ ਲਿਖੀ ਜਾ ਰਹੀ ਕਵਿਤਾ ਦੀ ਅਜੇਹੀ ਹਾਲਤ ਹੈ ਜਿਵੇਂ ਸਾਗਰ ਵਿਚ ਕਿਸ਼ਤੀ ਦੇ ਉਨ੍ਹਾਂ ਮੁਸਾਫ਼ਰਾਂ ਦੀ ਹੋਵੇ, ਜਿਨ੍ਹਾਂ ਦੁਆਲੇ ਪਾਣੀ ਹੀ ਪਾਣੀ ਹੁੰਦਾ ਹੈ ਪਰ ਉਨ੍ਹਾਂ ਦੀ ਪਿਆਸ ਬੁਝਾਉਣ ਲਈ ਉਸ ਪਾਣੀ ਵਿੱਚੋਂ ਇਕ ਬੂੰਦ ਵੀ ਯੋਗ ਨਹੀਂ ਹੁੰਦੀ।

ਉਦਾਸੀ ਦਾ 6 ਨਵੰਬਰ 1986 ਨੂੰ ਹੋਇਆ ਵਿਛੋੜਾ, ਸਰੀਰਕ ਵਿਛੋੜਾ ਹੀ ਨਹੀਂ ਇਨਕਲਾਬੀ ਪੰਜਾਬੀ ਕਾਵਿ-ਧਾਰਾ ਅੰਦਰ ਅਸਹਿ ਸਦਮਾ, ਖੱਪਾ ਅਤੇ ਅਭੁੱਲ ਯਾਦ ਹੈ ਜਿਸਦੀ ਭਰਪਾਈ ਲਈ ਕਵੀਆਂ ਅੱਗੇ ਆਪਣੀ ਕਲਮ, ਆਪਣੀ ਕਵਿਤਾ, ਆਪਣੇ ਪਾਠਕ ਵਰਗ ਅਤੇ ਆਪਣੇ ਦਰੜੇ ਲੋਕਾਂ ਨਾਲ ਗੰਭੀਰ ਸੰਵਾਦ ਰਚਾਉਣ ਦਾ ਵੇਲਾ ਹੈ। ਡੀਲਕਸ ਜਿਲਦਾਂ ਅੰਦਰ ਸੌ ਦੋ ਸੌ ਕਿਤਾਬ ਛਪਵਾਕੇ, ਪ੍ਰੇਮ-ਸਾਹਿਤ ਮੁਫ਼ਤ ਭੇਟਾ ਕਰਕੇ, ਆਪਣੀ ਹੀ ਪਰਿਕਰਮਾ ਕਰਦੀ ਕਵਿਤਾ ਦੀ ਉਦਾਸੀ ਦੀ ਕਵਿਤਾ ਅਤੇ ਵਿਸ਼ਾਲ ਪਾਠਕ-ਵਰਗ ਨਾਲ ਕੀ ਸਕੀਰੀ ਬਣਦੀ ਹੈ ਇਸਦਾ ਅਧਿਐਨ ਵੀ ਅੰਤਰ-ਝਾਤ ਅਤੇ ਸਵੈ-ਆਲੋਚਨਾਤਮਕ ਦ੍ਰਿਸ਼ਟੀ ਤੋਂ ਕਰਨਾ ਵਕਤ ਦੀ ਤਿਖੀ ਵੰਗਾਰ ਹੈ।

ਮੇਰੀ ਮੌਤ 'ਤੇ ਨਾ ਰੋਇਓ
ਮੇਰੀ ਸੋਚ ਨੂੰ ਬਚਾਇਓ

ਵਰਗੇ ਚਿੰਤਾ ਦੀ ਬਜਾਏ ਚਿੰਤਨ ਦੀ ਮਹਿਕ ਵੰਡਦੇ ਸ਼ਬਦਾਂ ਦੇ ਸਿਰਜਕ ਦੇ ਮੁੱਲਵਾਨ ਸੁਨੇਹੇ ਦੀ ਕਿੰਨੀਆਂ ਕੁ ਕਲਮਾਂ ਨੇ ਬਾਂਹ ਫੜੀ ਹੈ, ਸਾਡੇ ਗੰਭੀਰ ਚਿੰਤਨ ਦਾ ਇਹ ਮੁੱਦਾ ਹੈ।

ਜਿੱਥੇ ਰੇਤੇ ਦੀ ਮੁੱਠ ਖੰਡ ਨਾਲੋਂ ਮਹਿੰਗੀ ਹੋ ਜਾਵੇ। ਜਿੱਥੇ 65 ਵਰ੍ਹਿਆਂ ਦੀ 'ਆਜ਼ਾਦੀ' ਹੋ ਜਾਣ ਤੇ ਅਜੇ ਕਮਾਊ ਲੋਕਾਂ ਦੇ ਸੰਘ ਵਿੱਚ ਇਕ ਪਿਆਜ਼ ਹੀ ਫਸਕੇ ਰਹਿ ਜਾਏ। ਜਿੱਥੇ ਭੁੱਖ, ਨੰਗ, ਗ਼ਰੀਬੀ, ਕਰਜ਼ੇ, ਬੇਰੁਜ਼ਗਾਰੀ, ਜਾਤ-ਪਾਤ, ਫਿਰਕਾਪ੍ਰਸਤੀ ਲੋਕਾਂ ਦੇ ਅੱਧਮੋਏ ਜਿਸਮਾਂ 'ਤੇ ਨੱਚਦੀ ਹੋਵੇ ਉਥੇ ਇਕ ਨਹੀਂ ਅਨੇਕਾਂ ਕਲਮਾਂ ਦੀ ਲੋੜ ਹੈ ਜਿਹੜੀਆਂ ਉਦਾਸੀ ਦੀ ਕਲਮ ਦੀਆਂ ਹਾਨਣਾ ਹੋਣ।

ਉਦਾਸੀ ਆਪਣੇ ਚੌਗਿਰਦੇ ਦੇ ਸਾਹ ਨਾਲ ਸਾਹ ਲੈਂਦਾ ਸੀ। ਉਸਦੇ ਗੀਤਾਂ, ਉਸਦੀਆਂ ਹੇਕਾਂ ਅਤੇ ਉਸਦੇ ਲੋਕ-ਮੁਹਾਵਰੇ ਨੇ ਨੰਗੇ ਪੈਰਾਂ ਵਾਲੇ ਲੋਕਾਂ ਨੂੰ ਗੂਹੜੀ ਨੀਂਦ ਤੋਂ ਜਾਗਣ ਲਈ ਵੰਗਾਰਿਆ। ਬੁੱਧੀਜੀਵੀ ਵਰਗ ਨੂੰ ਹਲੂਣਿਆਂ। ਪਿੰਡ ਦੇ ਕੱਚੇ ਕੋਠੇ ਵਿੱਚੋਂ ਉੱਠੀ ਉਸਦੀ ਵਿਦਰੋਹੀ ਲਲਕਾਰ ਨੇ ਰਾਜ ਭਾਗ ਦੇ ਮਹਿਲਾਂ ਨੂੰ ਕਾਂਬਾ ਛੇੜਿਆ। ਭੁੱਖਾਂ ਦੇ ਲਿਤਾੜਿਆਂ ਨੂੰ ਆਪਣੀ ਤਕਦੀਰ ਆਪ ਲਿਖਣ ਲਈ ਉੱਠ ਖੜ੍ਹੇ ਹੋਣ ਦਾ ਹੋਕਾ ਦਿੱਤਾ। ਉਦਾਸੀ ਦੀ ਕਲਮ ਆਵਾਜ਼ ਦਿੰਦੀ ਰਹੀ :

''ਜਦ ਰੋਟੀ ਤੋਂ ਸੱਖਣੀ
ਸੌਂਦੀ ਮਮਤਾ ਪਿਆਰ ਦੀ
ਉਸ ਦੀ ਨੀਂਦਰ 'ਤੇ
ਸੂਰਜ ਦਾ ਪਹਿਰਾ ਲਾਉਂਦਾ ਹਾਂ।''

ਅੱਜ ਲੋਕ-ਸਰੋਕਾਰ ਆਪਣੀ ਜਗ੍ਹਾ ਤੜਫ਼ ਰਹੇ ਹਨ। ਜਿਹੜੀ ਕਵਿਤਾ ਅੱਜ ਇਹਨਾਂ ਦੀ ਤੰਦ ਫੜਦੀ ਹੈ ਭਵਿਖ ਉਸਦਾ ਹੈ। ਜੇ 'ਕਵਿਤਾ' ਨੇ ਲੋਕਾਂ ਨਾਲ ਗਹਿਰਾ ਨਾਤਾ ਨਹੀਂ ਜੋੜਨਾ ਤਾਂ ਫਿਰ ਲੋਕਾਂ ਦਾ ਕੀ ਦੋਸ਼ ਹੈ ਜੇ ਉਸ ਕਵਿਤਾ ਦੀ ਉਹ ਜੈ ਜੈ ਕਾਰ ਨਹੀਂ ਕਰਦੇ। ਉਦਾਸੀ ਦੀਆਂ ਕਾਇਦਾ-ਰੂਪੀ ਕਾਵਿ-ਪੁਸਤਕਾਂ ਹੱਥੋਂ ਹੱਥੀਂ ਲੋਕਾਂ ਤੱਕ ਜਾਂਦੀ ਰਹੀਆਂ ਹਨ। ਕਿਸੇ ਨੇ ਪਰਵਾਹ ਨਹੀਂ ਕੀਤੀ ਕਿ ਉਸਦੀ ਜਿਲਦਬੰਦੀ ਕਿਹੋ ਜਿਹੀ ਹੈ ਅਤੇ ਪ੍ਰਕਾਸ਼ਕ ਕੌਣ ਹੈ। ਉਦਾਸੀ ਦੀ ਕਵਿਤਾ ਦੀ ਇਹ ਆਪਣੀ ਤਾਕਤ ਸੀ ਜਿਹੜੀ ਪਾਠਕ ਨਾਲ ਸਿੱਧੀ ਕੁੰਡੀ ਪਾਉਂਦੀ ਸੀ। ਉਦਾਸੀ ਨੂੰ ਨਾਅਰੇਬਾਜੀ ਦਾ ਕਵੀ, ਤੱਤਾ ਕਵੀ, ਬਾਗੀ ਕਵੀ, ਦਹਿਸ਼ਤ ਫੈਲਾਉਣ ਵਾਲਾ ਕਵੀ ਪਤਾ ਨਹੀਂ ਕਿਹੜੇ ਕਿਹੜੇ ਨਾਵਾਂ ਨਾਲ ਸੰਬੋਧਨ ਕੀਤਾ ਗਿਆ। ਉਦਾਸੀ ਦੇ ਗੀਤਾਂ ਅੰਦਰ ਕੋਮਲਤਾ ਲਾਜਵਾਬ ਹੈ। ਇਕ ਕਾਵਿ-ਟੋਟਾ ਹੀ ਉਦਾਸੀ ਕਾਵਿ-ਸੰਗ੍ਰਹਿ ਦੀ ਰੂਹ ਦੇ ਦੀਦਾਰ ਕਰਾਉਂਦਾ ਹੈ :

ਜਦ ਸ਼ਾਹਾਂ ਦੀ ਨੀਤ ਦਾ ਕੋਰਾ
ਫਸਲਾਂ ਉੱਤੇ ਪੈਂਦਾ ਹੈ
ਬੱਲੀਆਂ ਨੂੰ ਘੁੱਟ ਕੇ ਮੈਂ
ਹਿੱਕ ਦੀ ਧੁੱਪ ਸੁਕਾਉਂਦਾ ਹਾਂ

ਉਦਾਸੀ ਅੰਬਰੋਂ ਉਤਰਿਆ ਕਵੀ ਨਹੀਂ। ਉਹ ਆਪਣੇ ਚੌਗਿਰਦੇ ਦੇ ਵਿਚਾਰਧਾਰਕ, ਰਾਜਨੀਤਕ, ਆਰਥਕ, ਸਮਾਜਕ ਅਤੇ ਸਭਿਆਚਾਰਕ ਵਾਤਾਵਰਨ ਨੂੰ ਸੂਖਮਤਾ ਨਾਲ ਮਹਿਸੂਸ ਕਰਦਾ ਹੈ। ਨਿੱਕੀ ਉਮਰੇ ਉਸਨੂੰ ਨਾਮਧਾਰੀ ਕੂਕਾ ਲਹਿਰ ਦਾ ਇਤਿਹਾਸ ਝੰਜੋੜਦਾ ਹੈ। ਜੁਆਨੀ ਦੀ ਦਹਿਲੀਜ਼ 'ਤੇ ਕਦਮ ਧਰਦੇ ਨੂੰ ਗੁਰੂ ਗੋਬਿੰਦ ਸਿੰਘ ਦਾ ਜੀਵਨ ਪ੍ਰਭਾਵਿਤ ਕਰਦਾ ਹੈ। ਕਦੇ ਉਹ ਪੰਡਤ ਜਵਾਹਰ ਲਾਲ ਨਹਿਰੂ ਤੋਂ ਵੀ ਪ੍ਰਭਾਵਿਤ ਹੁੰਦਾ ਹੈ। ਬੌਧਿਕ ਵਿਕਾਸ ਦੀ ਪੌੜੀਆਂ ਚੜ੍ਹਦਾ ਜਦੋਂ ਮਾਰਕਸੀ ਵਿਚਾਰਧਾਰਾ ਦੇ ਲੜ ਲੱਗਦਾ ਹੈ ਤਾਂ ਉਸਨੂੰ ਸੰਸਾਰਕ ਵਰਤਾਰੇ ਨੂੰ ਘੋਖਣ-ਸਮਝਣ ਦੀ ਵਿਗਿਆਨਕ ਜਾਚ ਆਉਂਦੀ ਹੈ। ਉਹ ਆਪਣੀ ਕਾਵਿ-ਸ਼ੈਲੀ ਵਿੱਚ ਜਮਾਤੀ ਦ੍ਰਿਸ਼ਟੀਕੋਣ ਦਾ ਰੰਗ ਗੂਹੜਾ ਕਰਦਾ ਕਾਵਿ-ਸੰਸਾਰ ਦੇ ਨਵੇਂ ਮੁਕਾਮ 'ਤੇ ਪਹੁੰਚਦਾ ਹੈ। ਉਹ ਪਿਛਲ-ਝਾਤ ਮਾਰਦਾ ਹੋਇਆ ਆਪਣੀ ਕਾਵਿ-ਸਿਰਜਣਾ ਪ੍ਰਤੀ ਸਵੈ-ਪੜਚੋਲਵੀ ਝਾਤ ਮਾਰਦਾ ਹੈ।

ਉਚੇਰੀ ਪਰਵਾਜ਼ ਭਰਦਾ ਹੈ। ਲੋਕ-ਦੁਸ਼ਮਣ ਪ੍ਰਬੰਧ ਦੇ ਬਖੀਏ ਉਧੇੜਦਾ ਹੈ। ਵੰਨ-ਸੁਵੰਨੇ ਹਾਕਮਾਂ ਦੀ ਅੱਖ ਦਾ ਰੋੜ ਬਣਦਾ ਹੈ। ਇੰਟੈਰੋਗੇਸ਼ਨ ਸੈਂਟਰਾਂ ਵਿੱਚ ਅਣਮਨੁੱਖੀ ਵਹਿਸ਼ੀਆਨਾ ਕਹਿਰ ਝੱਲਦਾ ਹੈ। ਕਵਿਤਾ ਨੂੰ ਜਬਰ ਦੀ ਭੱਠੀ ਵਿੱਚ ਢਾਲਕੇ ਹੋਰ ਫੌਲਾਦੀ ਬਣਾਉਂਦਾ ਹੈ। ਕੋਈ ਵੀ ਕਵੀ ਜਾਂ ਕਿਸੇ ਮੁਹਾਜ 'ਤੇ ਵੀ ਸਰਗਰਮ ਕੋਈ ਵੀ ਵਿਅਕਤੀ ਸੰਪੂਰਣ ਕਿਆਸ ਕਰਨਾ ਆਪਣੇ ਆਪ ਵਿੱਚ ਹੀ ਗੈਰ-ਵਿਗਿਆਨਕ ਸੋਚ ਦਾ ਮੁਜਾਹਰਾ ਕਰਨਾ ਹੈ। ਉਦਾਸੀ ਦੇ ਜੀਵਨ-ਸਫ਼ਰ ਦਾ ਮੁਲਅੰਕਣ ਵੀ ਸਾਵੀਂ ਦ੍ਰਿਸ਼ਟੀ ਤੋਂ ਵਿਗਿਆਨਕ ਪਹੁੰਚ ਦੀ ਕਸਵੱਟੀ ਤੇ ਕਰਨਾ ਹੀ ਵਾਜਬ ਹੈ ਨਾ ਕਿ ਉਲਾਰ ਭਰੀ, ਤੰਗ-ਨਜ਼ਰ ਅਤੇ ਇਕ ਪਾਸੜ ਸੋਚ। ਉਦਾਸੀ ਸਾਡੇ ਲੋਕਾਂ ਦਾ ਅਮੁੱਲਾ ਸਰਮਾਇਆ ਹੈ। ਉਦਾਸੀ ਸਾਡੀ ਇਨਕਲਾਬੀ ਕਵਿਤਾ ਦਾ ਸਿਰਨਾਵਾਂ ਹੈ। ਉਦਾਸੀ ਨੂੰ ਅਤੇ ਉਸਦੀ ਕਵਿਤਾ ਨੂੰ ਕੋਈ ਵੀ ਤਾਕਤ ਮਾਰ ਨਹੀਂ ਸਕਦੀ। ਉਸਨੂੰ ਦਲਿਤ ਕਵੀ ਤੱਕ ਸੀਮਤ ਕਰਨ ਵਾਲਿਆਂ ਦੀ ਸੋਚ ਨੂੰ ਲਕਵਾ ਹੋਇਆ ਹੈ। ਉਦਾਸੀ ਇਨਕਲਾਬੀ ਕਵੀ ਹੈ। ਉਹ ਸਭਨਾਂ ਲੁੱਟੇ-ਪੁੱਟੇ ਜਾਂਦੇ ਲੋਕਾਂ ਦੀ ਮੁਕਤੀ ਦੀ ਬੁਲੰਦ ਆਵਾਜ਼ ਹੈ। ਗੁਰਸ਼ਰਨ ਸਿੰਘ, ਡਾ. ਟੀ.ਆਰ. ਵਿਨੋਦ, ਸੁਰਿੰਦਰ ਧੰਜਲ ਅਤੇ ਪਾਸ਼ ਵਰਗਿਆਂ ਦੀ ਲਿਖਤੀ ਟਿੱਪਣੀਆਂ ਗਵਾਹ ਹਨ ਕਿ ਉਦਾਸੀ ਦਾ ਸਨਮਾਨਤ ਰੁਤਬਾ ਉਹਨਾਂ ਦੀ ਨਜ਼ਰ ਵਿੱਚ ਕਿਹੋ ਜਿਹਾ ਸਥਾਨ ਰੱਖਦਾ ਹੈ। ਪਾਸ਼ ਲਿਖਦਾ ਹੈ ਕਿ:

''ਉਦਾਸੀ ਮੈਨੂੰ ਏਡਾ ਕੱਦਾਵਰ ਤੇ ਅਪਹੁੰਚ ਲੱਗਦਾ ਹੈ ਕਿ ਆਪਣੇ ਆਪ ਨੂੰ ਉਹਦਾ ਸਮਕਾਲੀ ਆਖਦਿਆਂ ਵੀ ਸੰਗ ਆਉਂਦੀ ਹੈ। ਬੋਹਲਾਂ ਦੇ ਵਿਚਾਲੇ ਭੁੱਖੇ ਸੁੱਤੇ ਕਾਮਿਆਂ ਦੇ ਟੋਲੇ ਦੀ ਮਨੋਦਸ਼ਾ ਬਾਰੇ ਪੰਜਾਬੀ ਦੇ ਹੋਰ ਕਿਸੇ ਕਵੀ ਨੇ ਇਸ ਪੱਧਰ ਤੱਕ ਨਹੀਂ ਸੋਚਿਆ। ਸ਼ੁਕਰ ਏ ਅਰੰਭ ਤਾਂ ਹੋਇਆ।''

6 ਨਵੰਬਰ ਉਦਾਸੀ ਦੇ ਭਾਵੇਂ ਜਿਸਮਾਨੀ ਵਿਛੋੜੇ ਦਾ ਦਿਨ ਤਾਂ ਹੈ ਉਸਦੀ ਕਵਿਤਾ ਨੂੰ ਨੇੜਿਓਂ ਮਿਲਣ ਦਾ ਦਿਨ ਹੈ। ਉਸਨੂੰ ਧਾਅ ਗਲਵੱਕੜੀ ਪਾਉਣ ਦਾ ਦਿਨ ਹੈ। ਮਘਦੇ ਸੂਰਜ ਦੀ ਕਵਿਤਾ ਦੀ ਲੋਅ ਸੰਭਾਲਣ ਦਾ ਦਿਨ ਹੈ।

ਸੰਪਰਕ : 94170-76735