StatCounter

Tuesday, January 31, 2012

ਲੋਕ-ਸੰਗਰਾਮ ਰਾਹ ਸੁਵੱਲੜਾ, ਯਾਰੋ! ਚੋਣਾਂ ਰਾਹੀਂ ਹੱਲ ਕੋਈ ਨਾ, ਉੱਠੋ! ਜਾਗੋ!! ਪੱਗ ਨੂੰ ਸੰਭਾਲੀਏ


ਉੱਠੋ! ਜਾਗੋ!! ਪੱਗ ਨੂੰ ਸੰਭਾਲੀਏ
This opera, written by Amolak Singh was staged at the end of the PAGRI SAMBHAL Conference held at Barnala on 27.1.2012, by the team of Sh. Harinder Diwana, a noted theater group of Punjab, and witnessed by thousands of people gathered there.

(
ਝਲਕੀ ਪਹਿਲੀ)ਸੁਪਨਾ ਲਿਆ ਆਜ਼ਾਦੀ ਦੇ, ਆਸ਼ਕਾਂ ਨੇ
ਸਾਡਾ ਵਤਨ ਅਜ਼ਾਦ ਖੁਸ਼ਹਾਲ ਹੋਏ
ਚੜ੍ਹਕੇ ਬਾਹਰੋਂ ਨਾ ਅੰਦਰੋਂ ਧਾੜ ਆਵੇ
ਭੁੱਖਾ ਨੰਗਾ ਨਾ ਕੋਈ ਕੰਗਾਲ ਹੋਏ
ਹੋਵੇ ਮਾਣ-ਸਤਿਕਾਰ ਮਨੁੱਖਤਾ ਦਾ
ਇਹ ਆਜ਼ਾਦੀ ਦਾ ਮੁਢਲਾ ਪਾਠ ਲੋਕੋ
ਸਾਡੇ ਗਲ ਗ਼ਲਾਮੀ ਦਾ ਜੂਲ ਓਹੀ
ਲੈ ਗਏ ਹੀਰ ਆਜ਼ਾਦੜੀ ਰਾਠ ਲੋਕੋ

(
ਝਲਕੀ ਦੂਜੀ)
ਸੇਲ, ਸੇਲ, ਸੇਲ...... ਭਾਰੀ ਛੋਟ ਭਾਰੀ ਸੇਲ
ਲੈ ਜਾਓ, ਲੈ ਜਾਓ, ਲੈ ਜਾਓ
ਪਹਿਲਾਂ ਆਓ
ਪਹਿਲਾਂ ਪਾਓ
ਭਾਰਤ ਵਿਕਾਊ ਹੈ, ਵਿਕਾਊ ਹੈ, ਵਿਕਾਊ ਹੈ
ਸ਼ਾਈਨਿੰਗ ਇੰਡੀਆ ਵਿਕਾਊ ਹੈ, ਵਿਕਾਊ ਹੈ
ਭਾਰਤ ਦੇ ਸੂਬਿਆਂ ਦਾ ਸਿਰਤਾਜ
ਸਾਡਾ ਸੋਹਣਾ, ਮਨਮੋਹਣਾ ਰੰਗਲਾ ਪੰਜਾਬ
 
ਵਿਕਾਊ ਹੈ, ਵਿਕਾਊ ਹੈ, ਵਿਕਾਊ ਹੈ
ਸਮੁੰਦਰੋਂ ਪਾਰ ਵਸਦੇ ਯਾਰੋ! ਦਿਲਦਾਰੋ!! ਆਓ
ਆਪਣੀ ਪੂੰਜੀ ਲਗਾਓ ਤੇ ਸ਼ੁੱਧ ਮੁਨਾਫ਼ੇ ਪਾਓ
ਜੰਗਲ, ਜਲ ਤੇ ਜ਼ਮੀਨਾਂ ਲਓ
ਕੁਦਰਤੀ  ਖਜ਼ਾਨੇ, ਹੀਰੇ ਤੇ ਨਗ਼ੀਨਾ ਲਓ
ਆਪਣਾ ਮਾਲ ਲਿਆਓ
ਟੈਕਸਾਂ 'ਤੇ ਛੋਟ ਪਾਓ
ਇੱਥੋਂ ਮਾਲ ਚੁੱਕੋ ਆਪਣੇ ਦੇਸ਼ ਸੁੱਟੋ
ਪਿਆਰਿਓ! ਬੁੱਲੇ ਵੱਢੋ ਤੇ ਮੌਜਾਂ ਲੁੱਟੋ

(
ਅੰਦਾਜ਼ ਬਦਲ ਕੇ)
ਅਸੀਂ ਪੰਜਾਬ ਨੂੰ ਚਾਰ ਚੰਨ ਲਾ ਦਿਆਂਗੇ
ਚਾਰ-ਚੁਫੇਰੇ ਕੌਡੀ ਕੌਡੀ ਕਰਾ ਦਿਆਂਗੇ
ਪੰਜਾਬ ਨੂੰ ਕੈਲੇਫੋਰਨੀਆਂ ਬਣਾ ਦਿਆਂਗੇ
ਸੁੰਦਰਤਾ ਮੁਕਾਬਲੇ ਕਰਾਓ, ਡਿਸਕੋ 'ਚ ਝੂਮੋ 'ਤੇ ਅੱਖ ਮਟਕਾਓ
ਇੱਕ ਕੁੜੀ ਪੰਜਾਬ ਦੀ ਗਾਓ, ਨਸ਼ੇ ਖਾਓ, ਟੈਟੂ ਖੁਦਵਾਓ
ਹੇ! ਸਾਡੇ ਸਤਿਕਾਰਤ ਆਕਾ ਜੀਓ
ਸੜਕਾਂ ਲਓ, ਬਿਜਲੀ ਲਓ, ਪੰਜ ਆਬ ਦਾ ਪਾਣੀ ਲਓ
ਭੰਗੜੇ ਦਾ ਰਾਜਾ ਲਓ ਤੇ ਗਿੱਧਿਆਂ ਦੀ ਰਾਣੀ ਲਓ
ਬਰਗਰ, ਪੀਜ਼ਾ ਤੇ ਚਾਕਲੇਟ ਦੇ ਬਦਲੇ
ਦੁੱਧ ਦੀਆਂ ਨਦੀਆਂ ਲਓ
 
ਤੇ ਸਾਡੀ ਮਧਾਣੀ ਵੀ ਲਓ

(
ਅੰਦਾਜ਼ ਬਦਲ ਕੇ)
ਕੀ ਕਰਨੀ ਹੈ ਅਸੀਂ ਸਰਕਾਰੀ ਸਕੂਲਾਂ 'ਚ ਵਿਦਿਆ ਵਿਚਾਰੀ
ਸਾਡੀ ਸਿੱਖਿਆ, ਸਿਹਤ ਰੁਜ਼ਗਾਰ ਦੇ ਖੇਤਰ ਨੂੰ ਪੈ ਗਈ ਬਿਮਾਰੀ
ਏਸੇ ਕਰਕੇ ਅਸੀਂ ਵਿਕਾਸ ਕਰਨ ਲਈ
 
ਸੇਲ 'ਤੇ ਲਾ 'ਤੇ ਸਕੂਲ ਸਰਕਾਰੀ
ਪਿਆਰੇ ਬੱਚਿਓ! ਪੰਜਾਬੀ ਕੈਦੇ ਛੱਡ ਦਿਓ
ਮਾਂ-ਬੋਲੀ ਨਾਲ ਤਰੱਕੀ ਨਹੀਂ ਹੋਣੀ, ਅੰਗਰੇਜ਼ੀ ਝੰਡੇ ਗੱਡ ਦਿਓ

(
ਅੰਦਾਜ਼ ਬਦਲ ਕੇ)
ਅਸੀਂ 15 ਅਗਸਤ ਤੇ 26 ਜਨਵਰੀ ਨੂੰ
ਪਰੇਡਾਂ ਦਾ ਢੰਗ ਬਦਲ ਦਿਆਂਗੇ
ਝਲਕੀਆਂ ਦਾ ਰੰਗ ਬਦਲ ਦਿਆਂਗੇ
ਅਸੀਂ ਸਲਾਮੀ ਦਿਆਂਗੇ ਵਿਦੇਸ਼ੀ ਕੰਪਨੀਆਂ ਦੇ ਮਾਲਕਾਂ ਨੂੰ
ਅਸੀਂ ਪ੍ਰਣਾਮ ਕਰਾਂਗੇ ਸੰਸਾਰ ਅਰਥਚਾਰੇ ਦੇ ਸੰਚਾਲਕਾਂ ਨੂੰ
ਅਸੀਂ ਝਲਕੀਆਂ 'ਚ ਦੋਵੇਂ ਹੱਥ ਜੋੜ ਕੇ ਖੜ੍ਹਾਂਗੇ
ਸਾਵਧਾਨ ਹੋ ਕੇ, ਮੋਨ ਧਾਰ ਕੇ, ਪਛਤਾਵਾ ਕਰਾਂਗੇ
ਹਾਂ ਅਸੀਂ ਆਪਣੇ ਇਤਿਹਾਸ ਤੇ ਪਛਤਾਵਾਂਗੇ
ਸਾਡੇ ਵਡਾਰੂਆਂ ਤੇ ਅੱਲ੍ਹੜ ਜਵਾਨੀ ਨੇ
ਐਵੇਂ ਜੋਸ਼ 'ਚ ਆ ਕੇ
ਜਿਹੜਾ ਤੁਹਾਨੂੰ ਦੇਸ਼ ਨਿਕਾਲਾ ਦਿੱਤਾ
ਅਸੀਂ ਉਸਦੀ ਭੁੱਲ ਬਖਸ਼ਾਵਾਂਗੇ
ਅਸੀਂ ਆਇੰਦਾ ਅਜਿਹੀ ਗੁਸਤਾਖ਼ੀ ਨਹੀਂ ਕਰਾਂਗੇ
ਆਪਣੀਆਂ ਪਲਕਾਂ ਤੁਹਾਡੇ ਕਦਮਾਂ 'ਚ ਧਰਾਂਗੇ।
ਮਾਈ ਲਾਰਡ! ਤੁਸੀਂ ਅੰਗਰੇਜ਼ਾਂ ਨੇ ਤਾਂ
ਸਾਨੂੰ ਸਭਿਅਤਾ ਦਿੱਤੀ।
ਅਸੀਂ ਸ਼ੁਕਰਗੁਜ਼ਾਰ ਹਾਂ
ਅਸੀਂ ਅੱਗੇ ਤੋਂ ਤੁਹਾਡੀ ਪੈੜ 'ਚ ਪੈਰ ਧਰਾਂਗੇ
ਕਾਇਦੇ ਕਾਨੂੰਨ ਤੁਹਾਡੇ ਨਾਂਅ ਕਰਾਂਗੇ।
ਏਸ ਕਰਕੇ ਨਿਝੱਕ ਹੋ ਕੇ ਸਾਡੇ ਦੇਸ਼ ਦੇ ਦੁਆਰ ਲੰਘ ਆਓ
ਪਹਿਲਾਂ ਆਓ, ਪਹਿਲਾਂ ਪਾਓ
ਸੇਲ ਲੱਗੀ ਹੈ ਸੇਲ
ਇੰਡੀਆ ਵਿਕਾਊ ਹੈ।
ਅੰਦਾਜ਼ ਬਦਲ ਕੇ
ਇੰਡੀਆ ਦੀ ਖੁਸ਼ਹਾਲੀ ਲਈ
ਚਾਰੇ ਪਾਸੇ ਹਰਿਆਲੀ ਲਈ
ਦੇਸ਼ ਨੂੰ ਤਰੱਕੀ ਦੀਆਂ ਬੁਲੰਦੀਆਂ 'ਤੇ ਪਹੁੰਚਾਣ ਲਈ
ਇੱਕ ਮੌਕਾ ਹੋਰ ਦਿਓ
-
ਆਪਣਾ ਕੀਮਤੀ ਵੋਟ ਅਸਾਨੂੰ ਦਿਓ
-
ਆਪਣਾ ਕੀਮਤੀ ਵੋਟ ਅਸਾਨੂੰ ਦਿਓ
-
ਇਹ ਨਿਰੇ ਚੋਰ ਨੇ,
-
ਇਹ ਚੋਰਾਂ ਦੇ ਚੋਰ ਨੇ
-
ਇਹ ਖੂੰਡੇ ਦੇ ਯਾਰ ਨੇ
-
ਇਹ ਜਾਗੀਰਦਾਰ ਸਰਦਾਰ ਨੇ

(
ਵੋਟ ਦੇ ਹੱਕਦਾਰਾਂ ਦਾਅਵੇਦਾਰਾਂ ਦਾ ਕਾਟੋ ਕਲੇਸ਼)

(
ਝਾਕੀ ਤੀਜੀ)
ਕਿਹੜੇ ਮੂੰਹ ਨਾਲ ਮੰਗਦੇ ਵੋਟ ਆ ਕੇ
ਜਿਹੜੇ ਦੇਸ਼ ਦੇ ਮਹਾਂ ਗ਼ਦਾਰ ਲੋਕੋ
ਮਾਲ ਲੁੱਟ ਦਾ ਵੰਡਣ ਤੇ ਝਗੜਦੇ ਨੇ
ਬਾਂਦਰ-ਵੰਡ ਵਿੱਚ ਲੱਗੇ ਮਕਾਰ ਲੋਕੋ
ਰੁੱਤ ਚੋਣਾਂ ਦੀ ਆਵੇ ਤੇ ਚਲੀ ਜਾਵੇ
ਸਾਡੇ ਵਿਹੜੇ ਨਾ ਕਦੇ ਬਹਾਰ ਆਏ
ਵੋਟ ਪਰਚੀ ਨਾ ਬਦਲਦੀ ਹਾਕਮਾਂ ਨੂੰ
ਇੱਕ ਜਾਏ ਤੇ ਦੂਜੀ ਸਰਕਾਰ ਆਏ
ਪੜ੍ਹੀਏ ਨਵੇਂ ਪਹਾੜੇ ਸੰਗਰਾਮ ਵਾਲੇ
ਫੇਰ ਹੇਠਲੀ ਉੱਤੇ ਲਿਆ ਦਿਆਂਗੇ
ਜਾਦੂਗਰ ਸ਼ੈਤਾਨ ਇਹ ਹਾਕਮਾਂ ਦੀ
ਰਲ਼ਕੇ ਬਾਜ਼ੀ ਤਾਂ ਪੁੱਠੀ ਪਾ ਦਿਆਂਗੇ


ਉੱਠੋ! ਜਾਗੋ!! ਪੱਗ ਨੂੰ ਸੰਭਾਲੀਏ
-
ਅਮੋਲਕ ਸਿੰਘ
ਸੌ ਦੀ ਸੁਣਾਈਏ ਇੱਕੋ ਗੱਲ ਜੀ, ਯਾਰੋ! ਏਕੇ ਜੇਹੀ ਗੱਲ ਕੋਈ ਨਾ
ਉੱਠੋ! ਜਾਗੋ!! ਪੱਗ ਨੂੰ ਸੰਭਾਲੀਏ, ਯਾਰੋ! ਜੂਝੇ ਬਿਨਾ ਹੱਲ ਕੋਈ ਨਾ
ਲੰਗ ਮਾਰਦੇ ਵਿਕਾਸ ਨੂੰ ਕੀ ਫੂਕਣਾ, ਕਾਮੇ ਜੀਹਨੇ ਕਰਤੇ ਕੰਗਾਲ ਨੇ
ਲਾਲੋਆਂ ਦੇ ਘਰ ਬਣੇ ਮੜ੍ਹੀਆਂ, ਭਾਗੋਆਂ ਦੇ ਮਹਿਲ ਖੁਸ਼ਹਾਲ ਨੇ
ਹਾਕਮ, ਕਾਨੂੰਨ ਤੇ ਅਦਾਲਤਾਂ, ਯਾਰੋ! ਖੜ੍ਹੇ ਸਾਡੇ ਵੱਲ ਕੋਈ ਨਾ
ਉੱਠੋ! ਜਾਗੋ!! ਪੱਗ ਨੂੰ ਸੰਭਾਲੀਏ..................
ਵੋਟਾਂ ਨਾਲ ਹਾਕਮ ਹੀ ਬਦਲੇ, ਬਦਲੇ ਇਉਂ ਸਾਡੀ ਤਕਦੀਰ ਨਾ
ਰਲ਼ ਕੇ ਇਹ ਲੁੱਟਦੇ ਤੇ ਕੁੱਟਦੇ, ਪੱਲੇ ਬੰਨ੍ਹ ਗੱਲ ਮੇਰੇ ਵੀਰਨਾ
ਡੀਕ ਲਾ ਕੇ ਖ਼ੂਨ ਪਏ ਸੜ੍ਹਾਕਦੇ, ਯਾਰਾ! ਛੱਡੂ ਤੇਰੀ ਖੱਲ਼ ਕੋਈ ਨਾ
ਉੱਠੋ! ਜਾਗੋ!! ਪੱਗ ਨੂੰ ਸੰਭਾਲੀਏ..................
ਅੱਖੀਂ ਦੇਖ ਮੱਖੀਆਂ ਲੰਘਾ ਰਹੇ, ਫਰਜ਼ਾਂ ਤੋਂ ਮੁੱਖ ਕਾਹਤੋਂ ਵੱਟਿਆ
ਮਾਰ ਗਈ ਦੋਚਿੱਤੀ ਸਾਨੂੰ ਮਾਰ ਗਈ, ਸੀਨਿਆਂ 'ਚ ਅੱਗ ਨੂੰ ਕਿਉਂ ਨੱਪਿਆ
ਹੌਕਿਆਂ ਦੀ ਲਾਟ ਵਿੱਚ ਬਲ਼ ਗਏ, ਯਾਰੋ! ਪਾਈ ਤਰਥੱਲ ਕੋਈ ਨਾ
ਉੱਠੋ! ਜਾਗੋ!! ਪੱਗ ਨੂੰ ਸੰਭਾਲੀਏ..................
ਪੱਗ ਅਤੇ ਪੱਤ ਸਾਡੀ ਰੋਲ਼ਦੇ, ਧੀਆਂ ਨੂੰ ਚਪੇੜਾਂ ਵੈਰੀ ਮਾਰਦੇ
ਵੱਡਿਓ ਪੰਜਾਬੀ ਅਣਖ਼ੀਲੇਓ! ਦੱਸੋ ਤੁਸੀਂ ਕਿਵੇਂ ਹੋ ਸਹਾਰਦੇ
ਮਘਦੀ ਜਵਾਲਾ ਵਾਲਾ ਵਿਰਸਾ, ਕਾਹਤੋਂ ਕਰੇ ਹਲਚਲ ਕੋਈ ਨਾ
ਉੱਠੋ! ਜਾਗੋ!! ਪੱਗ ਨੂੰ ਸੰਭਾਲੀਏ..................
ਕੀਹਨੂੰ ਪਏ ਉਡੀਕਦੇ ਓ ਸੱਜਣੋ! ਅੰਬਰੋਂ ਕੋਈ ਔਲੀਆ ਨਹੀਂ ਆਵਣਾਂ
ਫ਼ਤਿਹ ਬਈ ਨਸੀਬ ਹੁੰਦੀ ਫੇਰ ਹੈ, ਹਿੰਮਤ ਨੂੰ ਯਾਰ ਜੇ ਬਣਾਵਣਾਂ
ਬੰਨ੍ਹ ਬੰਨ੍ਹ ਕਾਫ਼ਲੇ ਜੇ ਚੱਲ ਪਏ, ਯਾਰੋ ਸਕੂ ਫੇਰ ਠੱਲ੍ਹ ਕੋਈ ਨਾ
ਉੱਠੋ! ਜਾਗੋ!! ਪੱਗ ਨੂੰ ਸੰਭਾਲੀਏ..................
ਪੱਗ ਨੂੰ ਸੰਭਾਲੋ ਦੇਸ਼-ਵਾਸੀਓ, ਚਾਚਾ ਸੀ ਅਜੀਤ ਸਿਓਂ ਵੰਗਾਰਦਾ
ਦੇਸੀ ਤੇ ਬਦੇਸੀ ਪੈ ਗਏ ਪੱਗ ਨੂੰ, ਅੱਜ ਫੇਰ ਸਮਾਂ 'ਵਾਜ਼ਾਂ ਮਾਰਦਾ
ਲੋਕ-ਸੰਗਰਾਮ ਰਾਹ ਸੁਵੱਲੜਾ, ਯਾਰੋ! ਚੋਣਾਂ ਰਾਹੀਂ ਹੱਲ ਕੋਈ ਨਾ
ਉੱਠੋ! ਜਾਗੋ!! ਪੱਗ ਨੂੰ ਸੰਭਾਲੀਏ..................

Sunday, January 29, 2012

ਚੋਣਾਂ .ਦੇ .ਵਿੱਚ .ਫਰਜ਼. ਨਿਭਾਵਣ. ਚੱਲਿਆ ਹਾਂ। ਅਪਣੇ ..ਗਲ. ਵਿੱਚ. ਫਾਹਾ. ਪਾਵਣ ਚੱਲਿਆ ਹਾਂ।

ਚੋਣਾਂ ਦੇ ਵਿੱਚ ਫਰਜ਼...........
ਅਮਰ 'ਸੂਫੀ'

ਚੋਣਾਂ .ਦੇ .ਵਿੱਚ .ਫਰਜ਼. ਨਿਭਾਵਣ. ਚੱਲਿਆ ਹਾਂ।
ਅਪਣੇ ..ਗਲ. ਵਿੱਚ. ਫਾਹਾ. ਪਾਵਣ ਚੱਲਿਆ ਹਾਂ।

ਦੁੱਧ ..ਦੀ.. ਰਾਖੀ.. ਬਿੱਲੇ..ਵਾਲੀ ..ਕਹਿਵਤ .ਹੈ,
ਡਾਕੂ ..ਪਹਿਰੇਦਾਰ ...ਬਨਾਵਣ ...ਚੱਲਿਆ ..ਹਾਂ।

ਇੱਕ ..ਕਾਤਲ.. .ਤੇ ..ਦੂਜਾ .ਡਾਕੂ, ..ਦੋਹਾਂ.. 'ਚੋਂ,
ਇਕ .ਜਣੇ.. ਨੂੰ .ਤਖਤ .ਬਿਠਾਵਣ..ਚੱਲਿਆ ਹਾਂ।

ਕਤਲ ..ਜਿੰਨ੍ਹਾਂ ..ਨੇ.. .ਸਾਨੂੰ ..ਕਰਨਾ..ਹੈ ..ਯਾਰੋ,
ਕਾਪਾ. .ਉਹਨਾਂ .ਹੱਥ ..ਫੜਾਵਣ.. ਚੱਲਿਆ. ਹਾਂ।

ਮੈਂ ..ਚੜ੍ਹਨਾ ..ਹੈ, ...ਕਾਟੋ ...ਛੇਤੀ ..ਉੱਤਰ.. ਤੂੰ,
ਅਜਬ. ਜਿਹੀ..ਇੱਕ ਖੇਡ ਖਿਡਾਵਣ ਚੱਲਿਆ ਹਾਂ।

ਪੰਜਾਂ ..ਸਾਲਾਂ.. ਦੇ ..ਲਈ ..ਅਪਣੀ ..ਦਾੜ੍ਹੀ.. ਨੂੰ,
ਹੋਰ .ਕਿਸੇ ..ਦੇ .ਹੱਥ. .ਫੜਾਵਣ. ਚੱਲਿਆ. ਹਾਂ।

'ਸੂਫੀ'...ਜਿੰਨ੍ਹਾਂ.... ਸਾਨੂੰ ..ਲੁੱਟਣਾ.. ਤੇ. .ਕੁੱਟਣੈ,
ਗੱਦੀ.. ਉੱਤੇ. .ਆਪ ..ਬਿਠਾਵਣ.. ਚੱਲਿਆ. ਹਾਂ।
ਅਪਣੀ...ਹੱਤਿਆ ..ਆਪੇ ..ਕਰ.. ਕੇ. ਹੀ. ਯਾਰੋ,
ਆਪੇ.. ਗੰਗਾ.. ਫੁੱਲ.. ਵਹਾਵਣ. .ਚੱਲਿਆ. ਹਾਂ।

Friday, January 27, 2012

AMIDST THE DIN OF ELECTIONEERING, STRUGGLING PEOPLE HOLD "PAGRI SAMBHAL" CONFERENCE IN PUNJAB

ਪਗੜੀ ਸੰਭਾਲ ਸੂਬਾਈ ਕਾਨਫਰੰਸ ਨੇ ਦਿੱਤਾ ਚੋਣਾਂ ਤੋਂ ਭਲੇ ਦੀ ਝਾਕ ਛੱਡ ਕੇ ਲੋਕ ਸੰਗਰਾਮਾਂ ਦਾ ਹੋਕਾ
Lachhaman Singh Sewewala, a member of the Committee adressing the conference

A view of the stage

A view of the stage


Paying Homage to the martyrs of peoples' struggles
 


ਬਰਨਾਲਾ, 27 ਜਨਵਰੀ:  ਪੰਜਾਬ ਭਰ ਦੇ ਸਨਅਤੀ ਕਾਮਿਆਂ, ਖੇਤ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਵਿਦਿਆਰਥੀਆਂ, ਨੌਜਵਾਨਾਂ, ਔਰਤਾਂ ਅਤੇ ਇਨਕਲਾਬੀ ਜਮਹੂਰੀ ਸੰਘਰਸ਼ ਅਖਾੜਿਆਂ ਦੀਆਂ ਜਾਣੀਆਂ-ਪਹਿਚਾਣੀਆਂ ਸਖਸ਼ੀਅਤਾਂ ਅਤੇ ਲੋਕ-ਪ੍ਰਤੀਨਿਧਾਂ 'ਤੇ ਅਧਾਰਤ ਪਗੜੀ ਸੰਭਾਲ ਮੁਹਿੰਮ ਕਮੇਟੀ ਪੰਜਾਬ ਵੱਲੋਂ ਅੱਜ ਸਥਾਨਕ ਦਾਣਾ ਮੰਡੀ 'ਚ ਵਿਸ਼ਾਲ ਪਗੜੀ ਸੰਭਾਲ ਸੂਬਾਈ ਕਾਨਫਰੰਸ ਕਰਕੇ ਵੋਟਾਂ ਰਾਹੀਂ ਕਿਸੇ ਵੀ ਅਦਲਾ-ਬਦਲੀ ਜਾਂ ਚੁਣੀ ਜਾਣ ਵਾਲੀ ਸਰਕਾਰ ਤੋਂ ਆਪਣੇ ਭਲੇ ਦੀ ਝਾਕ ਛੱਡਕੇ, ਚੋਣ-ਪਰਪੰਚ ਦੇ ਬਦਲ 'ਚ ਆਪਣੀਆਂ ਲੋਕ-ਜੱਥੇਬੰਦੀਆਂ ਅਤੇ ਲੋਕ ਸੰਗਰਾਮ ਦੇ ਰਾਹ ਉੱਪਰ ਹੀ ਟੇਕ ਰੱਖਣ, ਆਪਣੀ ਤਕਦੀਰ ਆਪ ਘੜਨ, ਆਪਣੇ ਸਵੈਮਾਣ ਅਤੇ ਲੋਕ-ਪੁੱਗਤ ਵਾਲੇ ਨਿਜ਼ਾਮ ਦਾ ਮੁੱਖੜਾ ਚੁੰਮਣ ਲਈ ਜੋਕ ਧੜਿਆਂ ਦੀ ਬਜਾਏ ਮਿਹਨਤਕਸ਼ਾਂ ਦਾ ਲੋਕ-ਧੜਾ ਮਜ਼ਬੂਤ ਕਰਨ ਦਾ ਜੋਰਦਾਰ ਸੱਦਾ ਦਿੱਤਾ।

           ਪੰਜਾਬ ਦੇ ਕੋਨੇ ਕੋਨੇ ਤੋਂ ਆਏ ਲੋਕਾਂ ਦਾ ਹੜ੍ਹ ਅਤੇ ਜੋਸ਼ ਦੇਖਿਆਂ ਹੀ ਬਣਦਾ ਸੀ ਜਿਹੜੇ ''ਚੋਣਾਂ ਤੋਂ ਭਲੇ ਦੀ ਝਾਕ ਛੱਡ ਦਿਓ-ਸੰਘਰਸ਼ਾਂ ਦੇ ਝੰਡੇ ਗੱਡ ਦਿਓ'', ''ਵਾਅਦੇ ਕਰਦੇ ਲੋਕਾਂ ਨਾਲ-ਵਫ਼ਾ ਨਿਭਾਉਂਦੇ ਜੋਕਾਂ ਨਾਲ'', ''ਮੁਕਤੀ ਹੋਣੀ ਏਕੇ ਨਾਲ-ਉੱਠ ਵੇ ਲੋਕਾ ਪੱਗ ਸੰਭਾਲ'', ''ਨਵੇਂ ਹਾਕਮ ਵੀ ਲੁੱਟਣਗੇ 'ਤੇ ਕੁੱਟਣਗੇ-ਘੋਲ ਲੋਕਾਂ ਦੇ ਨਾ ਰੁਕਣਗੇ'' ਆਦਿ ਆਕਾਸ਼ ਗੁੰਜਾਊ ਨਾਅਰੇ ਲਾਉਂਦੇ ਹੋਏ ਆਪਣੀ ਸੋਚ, ਸਮਝ, ਅਮਲ ਅਤੇ ਭਵਿੱਖ 'ਚ ਜਾਨ-ਹੂਲਵੇਂ ਸੰਘਰਸ਼ਾਂ ਦੀ ਤਿਆਰੀ 'ਚ ਲੱਕ ਬੰਨ੍ਹ ਕੇ ਜੁਟੇ ਰਹਿਣ ਦਾ ਡੁੱਲ੍ਹ ਡੁੱਲ੍ਹ ਪੈਂਦਾ ਪ੍ਰਭਾਵ ਦੇ ਰਹੇ ਸਨ।

 ਇਹ ਕਾਫ਼ਲੇ ਪਿਛਲੇ ਤਿੰਨ ਹਫ਼ਤਿਆਂ ਤੋਂ ਕੋਈ 500 ਪਿੰਡਾਂ ਤੋਂ ਇਲਾਵਾ ਮਜ਼ਦੂਰ ਬਸਤੀਆਂ, ਦਫ਼ਤਰਾਂ ਅਤੇ ਵਿੱਦਿਅਕ ਅਦਾਰਿਆਂ ਤੱਕ ਝੰਡਾ ਮਾਰਚ, ਰੈਲੀਆਂ, ਜਾਗੋਆਂ, ਪ੍ਰਭਾਤ ਫੇਰੀਆਂ ਕੱਢਦੇ, ਸੱਭਿਆਚਾਰਕ ਕਲਾ-ਵੰਨਗੀਆਂ ਅਤੇ ਤਕਰੀਰਾਂ ਰਾਹੀਂ ਅਜਿਹਾ ਸੁਨੇਹਾ ਵੰਡਦੇ ਹੋਏ ਅੱਜ ਸਥਾਨਕ ਦਾਣਾ ਮੰਡੀ 'ਚ ਸੂਬਾਈ ਕਾਨਫਰੰਸ 'ਚ ਜੁੜੇ ਸਨ।
         
 ਪਗੜੀ ਸੰਭਾਲ ਮੁਹਿੰਮ ਕਮੇਟੀ ਮੈਂਬਰਾਂ ਹਰਮੇਸ਼ ਮਾਲੜੀ, ਹਰਜਿੰਦਰ ਸਿੰਘ, ਦਰਸ਼ਨ ਸਿੰਘ ਕੂਹਲੀ, ਐਡਵੋਕੇਟ ਐਨ. ਕੇ. ਜੀਤ, ਪੁਸ਼ਪ ਲਤਾ, ਕਰੋੜਾ ਸਿੰਘ, ਯਸ਼ਪਾਲ. ਜੁਗਿੰਦਰ ਆਜ਼ਾਦ, ਮਲਾਗਰ ਸਿੰਘ ਖਮਾਣੋਂ ਅਤੇ ਅਮੋਲਕ ਸਿੰਘ ਦੀ ਪ੍ਰਧਾਨਗੀ ਅਤੇ ਪਾਵੇਲ ਕੁੱਸਾ ਦੀ ਮੰਚ ਸੰਚਾਲਨਾ 'ਚ ਹੋਈ ਪਗੜੀ ਸੰਭਾਲ ਸੂਬਾਈ ਕਾਨਫਰੰਸ ਨੂੰ ਮੁੱਖ ਬੁਲਾਰਿਆਂ ਵਜੋਂ ਕਮੇਟੀ ਦੇ ਸੂਬਾਈ ਆਗੂ ਗੁਰਦਿਆਲ ਸਿੰਘ ਭੰਗਲ, ਕਮੇਟੀ ਦੇ ਕਨਵੀਨਰ ਲਛਮਣ ਸਿੰਘ ਸੇਵੇਵਾਲਾ ਅਤੇ ਸੂਬਾਈ ਆਗੂ ਝੰਡਾ ਸਿੰਘ ਜੇਠੂਕੇ ਤੋਂ ਇਲਾਵਾ ਕੰਵਲਪ੍ਰੀਤ ਸਿੰਘ ਪੰਨੂੰ, ਜਗਸੀਰ ਸਿੰਘ ਸਹੋਤਾ, ਗੁਰਬਚਨ ਸਿੰਘ ਚੱਬਾ ਅਤੇ ਰਜਿੰਦਰ ਸਿੰਘ ਨੇ ਸੰਬੋਧਨ ਕੀਤਾ।
         
ਬੁਲਾਰਿਆਂ ਨੇ ਕਿਹਾ ਕਿ ਸਾਮਰਾਜੀ ਦਿਸ਼ਾ ਨਿਰਦੇਸ਼ਾਂ ਉੱਪਰ ਇੱਕ ਦੂਜੇ ਤੋਂ ਅੱਗੇ ਹੋ ਕੇ ਫੁੱਲ ਚੜ੍ਹਾਉਂਦੇ ਵੰਨ-ਸੁਵੰਨੇ ਹਾਕਮ ਧੜੇ ਵਿਸ਼ਵੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਦੀ ਲੋਕਾਂ ਉੱਪਰ ਆਰੀ ਚਲਾਉਣ ਲਈ ਇੱਕ ਸੁਰ ਹਨ। ਰਾਜ ਭਾਗ ਦੀ ਤਾਕਤ ਅਤੇ ਖਜ਼ਾਨੇ ਵੰਡਣ 'ਤੇ ਹੀ ਕੁੱਕੜ ਖੋਹੀ ਦੀ ਰਿਹਰਸਲ ਹੋ ਰਹੀ ਹੈ ਏਸੇ ਕਰਕੇ ਇਸ ਵਾਰ ਸੀਟਾਂ ਦੀਆਂ ਟਿਕਟਾਂ ਦੇ ਸੂਚਕ ਅੰਕ ਦਾ ਪਾਰਾ ਵੀ ਚੜ੍ਹਿਆ ਹੈ। ਇਹਨਾਂ ਦੀਆਂ ਨੀਤੀਆਂ ਦੇ ਨਤੀਜੇ ਵਜੋਂ ਜੋਕਾਂ ਦਾ ਵਿਕਾਸ ਅਤੇ ਲੋਕਾਂ ਦਾ ਵਿਨਾਸ਼ ਹੀ ਹੋਵੇਗਾ।
ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਅਸੰਬਲੀ ਲੋਕ ਹਿੱਤਾਂ ਦੀ ਰਾਖੀ ਦਾ ਮੰਚ ਹੈ ਹੀ ਨਹੀਂ। ਕਰਜ਼ਿਆਂ, ਖੁਦਕੁਸ਼ੀਆਂ, ਜ਼ਮੀਨਾਂ ਦੀ ਰਾਖੀ, ਰੁਜ਼ਗਾਰ ਲਈ ਜੱਦੋਜਹਿਦ, ਬਿਜਲੀ, ਪਾਣੀ, ਸਿੱਖਿਆ, ਸਿਹਤ, ਜੰਗਲ, ਜਲ, ਕੁਦਰਤੀ ਸਰੋਤਾਂ ਆਦਿ ਅਨੇਕਾਂ ਲੋਕ ਮੁੱਦਿਆਂ 'ਤੇ ਲੋਕਾਂ ਦੀ ਬਾਂਹ ਫੜਨ ਅਤੇ ਸਿਰ ਵਾਰਨ ਲਈ ਲੋਕਾਂ ਦੀਆਂ ਅਸਲ ਪ੍ਰਤੀਨਿਧ ਜੱਥੇਬੰਦੀਆਂ ਅਤੇ ਲੋਕਾਂ ਦੇ ਹਿਤੈਸ਼ੀ ਜੁਝਾਰ ਇਨਕਲਾਬੀ ਨੁਮਾਇੰਦੇ ਹੀ ਅੱਗੇ ਆਏ ਹਨ। ਭਵਿੱਖ ਵਿੱਚ, ਆਹਮੋ ਸਾਹਮਣੇ ਖੜੇ ਮਲਕ ਭਾਗੋਆਂ ਅਤੇ ਭਾਈ ਲਾਲੋਆਂ ਦੇ ਜੋਕ ਅਤੇ ਲੋਕ ਕੈਂਪ ਦੀ ਲਕੀਰ ਹੋਰ ਵੀ ਗੂਹੜੀ ਹੋਵੇਗੀ। ਇਸ ਲਕੀਰ ਨੂੰ ਮੇਟਣ ਲਈ ਹੀ ਇਹ ਲੋਕਾਂ ਨੂੰ ­ਆਟਾ ਦਾਲ਼, ਸਾਈਕਲ, ਲੈਪਟਾਪ ਆਦਿ ਦੀਆਂ ਬੁਰਕੀਆਂ ਅਤੇ ਭਰਮਾਊ ਜਾਲ ਵਿਛਾਉਣ ਦਾ ਨਾਕਾਮ ਯਤਨ ਕਰ ਰਹੇ ਹਨ।
         
 ਉਹਨਾਂ ਕਿਹਾ ਕਿ ਹੱਕ ਮੰਗਦੇ ਲੋਕਾਂ ਨੇ ਆਪਣੇ ਹੱਡੀਂ ਹੰਢਾਏ ਤਜ਼ਰਬੇ ਰਾਹੀਂ 'ਜਮਹੂਰੀਅਤ' ਦੇ ਖੂਬ ਦੀਦਾਰ ਕੀਤੇ ਹਨ। ਅਗਲੇ ਸਮਿਆਂ 'ਚ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਦੇ ਨਿਸ਼ੰਗ ਸਿਲਸਿਲੇ ਦੇ ਚੌਤਰਫ਼ੇ ਹੱਲੇ ਨਾਲ ਲੋਕਾਂ ਦਾ ਮੱਥਾ ਲੱਗੇਗਾ।
         
ਸੂਬਾਈ ਕਾਨਫਰੰਸ ਦਾ ਕੇਂਦਰੀ ਸੁਨੇਹਾ ਵੀ ਵੱਡੀ ਗਿਣਤੀ 'ਚ ਵੰਡਿਆ ਗਿਆ ਜਿਸ ਵਿੱਚ ਦੇਸੀ-ਵਿਦੇਸ਼ੀ ਬਹੁਕੌਮੀ ਕੰਪਨੀਆਂ ਨਾਲ ਸੰਧੀਆਂ ਕਰਕੇ ਮੁਲਕ ਅਤੇ ਲੋਕ-ਉਜਾੜੂ ਨੀਤੀਆਂ ਨੂੰ ਪਿਛਲ ਮੋੜਾ ਦੇਣ, ਜ਼ਮੀਨ ਦੀ ਬੇਜ਼ਮੀਨਿਆਂ ਅਤੇ ਥੁੜ-ਜ਼ਮੀਨਿਆਂ 'ਚ ਮੁੜ ਵੰਡ ਕਰਨ, ਕਰਜ਼ਿਆਂ ਉੱਪਰ ਲੀਕ ਮਾਰਨ, ਨਵੀਂ ਲੋਕ-ਮੁਖੀ ਕਰਜ਼ਾ ਨੀਤੀ ਲਾਗੂ ਕਰਨ, ਖਜ਼ਾਨਿਆਂ, ਰਿਐਤਾਂ ਦੇ ਮੂੰਹ ਜੋਕ-ਧੜਿਆਂ ਵੱਲ ਖੋਲ੍ਹਣ ਦੀ ਬਜਾਏ ਲੋਕਾਂ ਦੀਆਂ ਮੁੱਢਲੀਆਂ ਜੀਵਨ ਲੋੜਾਂ ਦੀ ਜਾਮਨੀ ਕਰਨ, ਪੱਕੇ ਰੁਜ਼ਗਾਰ ਦੀ ਗਾਰੰਟੀ ਕਰਨ, ਜਾਬਰ ਕਾਲ਼ੇ ਕਾਨੂੰਨਾਂ ਉੱਪਰ ਕਾਟਾ ਮਾਰਨ, ਰੋਜ਼ਮਰ੍ਹਾ ਦੀਆਂ ਸਮੱਸਿਆਵਾਂ, ਲੋੜਾਂ ਉੱਪਰ ਸੰਘਰਸ਼ ਕਰਦੇ ਹੋਏ ਅਸਲ 'ਚ ਬੁਨਿਆਦੀ ਮਸਲਿਆਂ ਵੱਲ ਵਡੇਰੀਆਂ ਅਤੇ ਲੰਮੇਰੀਆਂ ਪੁਲਾਂਘਾਂ ਪੁੱਟਣ ਲਈ ਵੱਖ ਵੱਖ ਮਿਹਨਤਕਸ਼ ਤਬਕਿਆਂ ਨੂੰ ਤਬਕਾਤੀ ਮੰਗਾਂ-ਮਸਲਿਆਂ ਤੋਂ ਅੱਗੇ ਵਧਣ ਲਈ ਜੋਟੀਆਂ ਪਾ ਕੇ, ਸਾਂਝੇ, ਲੰਮੇ, ਦ੍ਰਿੜ ਅਤੇ ਖਾੜਕੂ ਲੋਕ ਘੋਲਾਂ ਲਈ ਕਮਰਕੱਸੇ ਕਸਣ ਦਾ ਸੱਦਾ ਦਿੱਤਾ ਗਿਆ ਜਿਸਨੂੰ ਭਰੇ ਪੰਡਾਲ ਨੇ ਦੋਵੇਂ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ।
         
 ਜ਼ਿਕਰਯੋਗ ਹੈ ਕਿ ਕਾਨਫਰੰਸ 'ਚ ਚੇਤਨਾ ਕਲਾ ਕੇਂਦਰ ਬਰਨਾਲਾ ਦੇ ਕੋਈ ਦੋ ਦਰਜਨ ਕਲਾਕਾਰਾਂ ਵੱਲੋਂ ਹਰਵਿੰਦਰ ਦਿਵਾਨਾ ਦੀ ਨਿਰਦੇਸ਼ਨਾ 'ਚ ਅਮੋਲਕ ਸਿੰਘ ਦਾ ਲਿਖਿਆ ਕਾਵਿ-ਨਾਟ ਬਹੁਤ ਹੀ ਆਕਰਸ਼ਕ ਅੰਦਾਜ਼ 'ਚ ਪੇਸ਼ ਕੀਤਾ ਜਿਸਨੇ ਲੋਕਾਂ ਨੂੰ ਚੋਣਾਂ ਦੇ ਭਰਮ-ਜਾਲ ਤੋਂ ਖ਼ਬਰਦਾਰ ਕਰਦਿਆਂ ਸੰਗਰਾਮੀ ਰਾਹ ਦਾ ਹੋਕਾ ਦਿੱਤਾ। ਜਗਸੀਰ ਜੀਦਾ ਅਤੇ ਮਾਸਟਰ ਰਾਮ ਕੁਮਾਰ ਭਦੌੜ ਦੀਆਂ ਸੰਗੀਤ ਮੰਡਲੀਆਂ ਅਤੇ ਅਮ੍ਰਿਤਪਾਲ ਬਠਿੰਡਾ ਨੇ ਗੀਤਾਂ ਰਾਹੀਂ ਵੀ ਲੋਕਾਂ ਨੂੰ ਆਪਣੇ ਹੱਕਾਂ ਅਤੇ ਹਿਤਾਂ ਲਈ ਜਾਗਣ ਅਤੇ ਜੂਝਣ ਦਾ ਸੱਦਾ ਦਿੱਤਾ।

ਵੱਲੋਂ - ਪਗੜੀ ਸੰਭਾਲ ਮੁਹਿੰਮ ਕਮੇਟੀ, ਪੰਜਾਬ
ਲਛਮਣ ਸਿੰਘ ਸੇਵੇਵਾਲਾ, ਕਨਵੀਨਰ (94170-79170)
94173-58524, 94170-54015
ਮਿਤੀ – 27-01-2012

Saturday, January 21, 2012

ਪਲਸ ਮੰਚ ਵਲੋਂ ਜਲੰਧਰ ਵਿਖੇ 25 ਜਨਵਰੀ ਦੇ ਨਾਟਕ ਮੇਲੇ ਬਾਰੇ ਸੂਚਨਾ

25 ਜਨਵਰੀ ਪਲਸ ਮੰਚ ਸਲਾਨਾ ਮੇਲਾ ਹੁਣ 25 ਫਰਵਰੀ ਨੂੰ
ਮਹਾਨ ਲੋਕ-ਨਾਟਕਕਾਰ ਗੁਰਸ਼ਰਨ ਭਾਜੀ ਦੀ ਯਾਦ ਵਿੱਚ ਪਲਸ ਮੰਚ ਵਲੋਂ 25 ਜਨਵਰੀ 2012 ਦੀ ਰਾਤ ਨੂੰ ਦੇਸ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਹੋਣ ਵਾਲਾ ਨਾਟਕ ਮੇਲਾ ਨਾਟਕ ਮੰਡਲੀਆਂ ਵਲੋਂ ਪੰਜਾਬ ਦੇ ਚੋਣ ਦੰਗਲ 'ਚ ਲੋਕਾਂ ਨੂੰ ਰਾਹ ਦਰਸਾਉਣ ਦੀ ਸਰਗਰਮੀ 'ਚ ਰੁੱਝੇ ਹੋਣ ਕਾਰਣ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਇਹ ਨਾਟਕ ਮੇਲਾ 25 ਫਰਵਰੀ 2012 ਦੀ ਰਾਤ ਨੂੰ ਹੋਵੇਗਾ। ਸਾਰੇ ਲੋਕ-ਪੱਖੀ ਸਾਹਿਤ ਅਤੇ ਸਭਿਆਚਾਰ ਪ੍ਰੇਮੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 25 ਫਰਵਰੀ ਨੂੰ ਦੇਸ ਭਗਤ ਯਾਦਗਾਰ ਹਾਲ 'ਚ ਪਹੁੰਚ ਕੇ ਨਾਟਕ ਮੇਲੇ ਨੂੰ ਕਾਮਯਾਬ ਕਰੋ।
ਵਲੋਂ:
ਸੂਬਾ ਕਮੇਟੀ, ਪੰਜਾਬ ਲੋਕ ਸਭਿਆਚਾਰ ਮੰਚ,
ਅਮੋਲਕ ਸਿੰਘ, ਕੰਵਲਜੀਤ ਖੰਨਾਂ, ਅਤਰਜੀਤ ਕਹਾਣੀਕਾਰ, ਹੰਸਾ ਸਿੰਘ, ਮਾਸਟਰ ਰਾਮ ਕੁਮਾਰ, ਤੇ ਮਾਸਟਰ ਤਰਲੋਚਨ ਸਿੰਘ।

CAMPAIGN FOR PAGRI SAMBHAL CONFERENCE IN LAMBI AREA ''ਵੋਟਾਂ ਨੇ ਨਹੀਂ ਲਾਉਣਾ ਪਾਰ, ਲੜਨਾ ਪੈਣਾ ਬੰਨ੍ਹ ਕਤਾਰ''



ਲੋਕਾਂ ਦਾ ਵਿਕਾਸ ਵੋਟਾਂ ਰਾਹੀਂ ਨਹੀਂ, ਸੰਘਰਸ਼ਾਂ ਰਾਹੀਂ ਹੋਵੇਗਾ
27 ਨੂੰ 'ਪਗੜੀ ਸੰਭਾਲ ਕਾਨਫਰੰਸ' 'ਚ ਪਹੁੰਚਣ ਦਾ ਸੱਦਾ


''ਕਰਜ਼ੇ, ਬੇਰੁਜ਼ਗਾਰੀ ਤੇ ਖੁਦਕੁਸ਼ੀਆਂ ਦੇ ਕੁਲਿਹਣੇ ਚੱਕਰਵਿਊ 'ਚ ਫਸੇ ਪੰਜਾਬ ਅਤੇ ਪੰਜਾਬ ਦੇ ਕਮਾਊ ਲੋਕਾਂ ਦੀ ਬੰਦਖਲਾਸੀ ਜ਼ਮੀਨੀ ਸੁਧਾਰ ਕਾਨੂੰਨ ਤੋਂ ਵਾਧੂ ਜਗੀਰਦਾਰਾਂ ਵੱਲੋਂ ਨੱਪੀਆਂ ਹੋਈਆਂ ਜ਼ਮੀਨਾਂ ਹਥਿਆ ਕੇ ਬੇਜ਼ਮੀਨਿਆਂ ਅਤੇ ਘੱਟ ਜ਼ਮੀਨਿਆਂ 'ਚ ਵੰਡਣ, ਵੱਡੇ ਸਰਮਾਏਦਾਰਾਂ ਅਤੇ ਜਾਗੀਰਦਾਰਾਂ ਦੀ ਆਮਦਨ 'ਤੇ ਭਾਰੀ ਟੈਕਸ ਲਾਉਣ ਅਤੇ ਰੁਜ਼ਗਾਰ ਉਜਾੜ ਰਹੀ ਤਕਨੀਕ ਅਤੇ ਮਸ਼ੀਨਰੀ 'ਤੇ ਰੋਕ ਲਾ ਕੇ ਰੁਜ਼ਗਾਰ-ਮੁਖੀ ਸਨਅੱਤਾਂ ਲਾਉਣ ਰਾਹੀਂ ਸੰਭਵ ਹੈ। ਪਰ ਚੋਣਾਂ ਲੜ ਰਹੀਆਂ ਸਭੈ ਮੌਕਾਪ੍ਰਸਤ ਵੋਟ ਪਾਰਟੀਆਂ ਅਜਿਹੇ ਨੀਤੀ ਕਦਮ ਚੁੱਕਣ ਦੀ ਥਾਂ ਜ਼ਮੀਨਾਂ ਖੋਹਣ, ਵੱਡੇ ਅਮੀਰ ਲੋਕਾਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਖਜ਼ਾਨਾ ਲੁਟਾਉਣ ਵਾਲੀਆਂ ਨੀਤੀਆਂ 'ਤੇ ਇੱਕਮੱਤ ਹਨ।'' ਇਹਨਾਂ ਵਿਚਾਰਾਂ ਦਾ ਪ੍ਰਗਟਾਵਾ 'ਪਗੜੀ ਸੰਭਾਲ ਮੁਹਿੰਮ ਕਮੇਟੀ' ਦੇ ਕਨਵੀਨਰ ਲਛਮਣ ਸਿੰਘ ਸੇਵੇਵਾਲਾ ਵੱਲੋਂ ਲੰਬੀ ਹਲਕੇ ਦੇ ਪਿੰਡਾਂ ਵਿੱਚ ਕੱਢੇ ਗਏ ਚੇਤਨਾ ਮਾਰਚ ਦੌਰਾਨ ਵੱਖ ਵੱਖ ਥਾਈਂ ਜੁੜੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ। ਉਹਨਾਂ ਕਿਹਾ ਕਿ ਪੰਜਾਬ ਦੇ ਕਮਾਊ ਲੋਕਾਂ ਦੇ ਵਿਕਾਸ, ਖੁਸ਼ਹਾਲੀ ਅਤੇ ਪੁੱਗਤ ਦੀ ਸਥਾਪਤੀ ਵੋਟਾਂ ਰਾਹੀਂ ਨਹੀਂ ਬਲਕਿ ਸਾਂਝੇ, ਵਿਸ਼ਾਲ ਅਤੇ ਖਾੜਕੂ ਘੋਲਾਂ ਰਾਹੀਂ ਹੀ ਹੋ ਸਕਦੀ ਹੈ।

'ਪਗੜੀ ਸੰਭਾਲ ਮੁਹਿੰਮ ਕਮੇਟੀ' ਵੱਲੋਂ 27 ਜਨਵਰੀ ਨੂੰ ਬਰਨਾਲਾ ਵਿਖੇ ਕੀਤੀ ਜਾ ਰਹੀ ਵਿਸ਼ਾਲ ਕਾਨਫਰੰਸ ਦੀ ਤਿਆਰੀ ਸਬੰਧੀ ਅੱਜ ਸੈਂਕੜੇ ਲੋਕਾਂ ਵੱਲੋਂ ਪਿੰਡ ਗੱਗੜ, ਮਿਠੜੀ ਬੁੱਧਗਿਰ, ਮਹਿਣਾ, ਸਿੰਘੇਵਾਲਾ-ਫਤੂਹੀਵਾਲਾ, ਕਿੱਲਿਆਂਵਾਲੀ ਅਤੇ ਵੜਿੰਗ ਖੇੜਾ ਵਿੱਚ ''ਵੋਟਾਂ ਨੇ ਨਹੀਂ ਲਾਉਣਾ ਪਾਰ, ਲੜਨਾ ਪੈਣਾ ਬੰਨ੍ਹ ਕਤਾਰ'' ਦੇ ਨਾਹਰੇ ਮਾਰਦਿਆਂ ਚੇਤਨਾ ਮਾਰਚ ਕੱਢਿਆ ਗਿਆ। ਇਸ ਮਾਰਚ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ।
 
ਇਸ ਮੌਕੇ ਜੁੜੇ ਇਕੱਠਾਂ ਨੂੰ ਗੁਰਪਾਸ਼ ਸਿੰਘ ਸਿੰਘੇਵਾਲਾ, ਨਾਨਕ ਸਿੰਘ, ਗੁਰਦੀਪ ਸਿੰਘ, ਡਾ. ਮਨਜਿੰਦਰ ਸਿੰਘ ਸਰਾਂ, ਭੁਪਿੰਦਰ ਸਿੰਘ ਚੰਨੂੰ ਤੇ ਹੇਮਰਾਜ ਬਾਦਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਚੋਣਾਂ ਲੜ ਰਹੀਆਂ ਪਾਰਟੀਆਂ ਤੇ ਉਮੀਦਵਾਰਾਂ ਦਾ ਕੋਈ ਵਖਰੇਵਾਂ ਨਹੀਂ- ਬੱਸ ਸੱਤਾ 'ਤੇ ਕਾਬਜ਼ ਹੋ ਕੇ ਲੁੱਟ ਦੇ ਮਾਲ 'ਚੋਂ ਵਧੇਰੇ ਹਿੱਸਾ ਪੱਤੀ ਲੈਣ ਦਾ ਹੀ ਰੌਲਾ ਹੈ। ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਜੋਕ ਧੜੇ ਦੇ ਮੁਕਾਬਲੇ ਲੋਕ ਧੜੇ ਦੀ ਤਾਕਤ ਦਾ ਯੱਕ ਬੰਨ੍ਹਣ ਲਈ 27 ਜਨਵਰੀ ਨੂੰ ਬਰਨਾਲਾ ਵਿਖੇ ਹੋ ਰਹੀ 'ਪਗੜੀ ਸੰਭਾਲ ਕਾਨਫਰੰਸ' 'ਚ ਸ਼ਾਮਲ ਹੋਣ। ਇਸ ਮੌਕੇ ਲੋਕ ਸੰਗੀਤ ਮੰਡਲੀ ਜੀਦਾ ਦੇ ਕਲਾਕਾਰ ਜਗਸੀਰ ਜੀਦਾ ਵੱਲੋਂ ਸਿਆਸੀ ਪਾਰਟੀਆਂ 'ਤੇ ਤਿੱਖੇ ਵਿਅੰਗ ਕਰਦੇ ਗੀਤਾਂ, ਬੋਲੀਆਂ ਤੇ ਟੱਪਿਆਂ ਰਾਹੀਂ ਸਿਆਸਤਦਾਨਾਂ ਦੇ ਕੋਝ ਨੂੰ ਉਘਾੜਿਆ ਗਿਆ।

ਲਛਮਣ ਸਿੰਘ ਸੇਵੇਵਾਲਾ (94170 79170)

Friday, January 20, 2012

ਪਗੜੀ ਸੰਭਾਲ ਮੁਹਿੰਮ ਦਾ ਹੋਕਾ

ਵੋਟ ਵਟੋਰੂ ਸਿਆਸੀ ਟੋਲਿਆਂ ਦੀ ਧੋਖੇਬਾਜ਼ ਚੋਣ ਖੇਡ ਤੋਂ ਖਬਰਦਾਰ ਹੋਵੋ! ਜਾਗੋ! ਉੱਠੋ!!
ਇਹਨਾਂ ਹਾਕਮਾਂ ਹੱਥੋਂ ਰੁਲ਼ ਰਹੀ ਆਪਣੀ ਵੁੱਕਤ, ਪੁੱਗਤ ਅਤੇ ਸਵੈਮਾਣ ਦੀ ਬਹਾਲੀ ਅਤੇ ਸਥਾਪਤੀ ਲਈ
ਇਕੱਠੇ ਹੋ ਕੇ ਲੜਨ ਦਾ ਸੰਗਰਾਮੀ ਰਾਹ ਫੜੋ
ਪਿਛਲੀਆਂ ਸਾਰੀਆਂ ਚੋਣਾਂ ਦਾ ਤਜ਼ਰਬਾ ਗਵਾਹ ਹੈ ਕਿ ਇਹਨਾਂ ਚੋਣਾਂ ਨਾਲ ਸਰਕਾਰਾਂ ਤਾਂ ਬਦਲ ਸਕਦੀਆਂ ਹਨ, ਸਰਕਾਰ ਬਣਾਉਣ ਵਾਲੀਆਂ ਵੋਟ ਪਾਰਟੀਆਂ ਦੀਆਂ ਪੱਗਾਂ, ਟੋਪੀਆਂ ਅਤੇ ਝੰਡਿਆਂ ਦੇ ਰੰਗ ਬਦਲ ਸਕਦੇ ਹਨ, ਪਰ ਮਿਹਨਤਕਸ਼ ਲੋਕਾਂ ਦਾ ਘਾਣ ਕਰਨ ਵਾਲੀਆਂ ਆਰਥਿਕ ਅਤੇ ਸਿਆਸੀ ਨੀਤੀਆਂ ਨਹੀਂ ਬਦਲਦੀਆਂ। ਇਹਨਾਂ ਨੀਤੀਆਂ ਨੂੰ ਲਾਗੂ ਕਰਨ ਵਾਲੀ ਅਫ਼ਸਰਾਂ ਦੀ ਧਾੜ ਉਹੀ ਰਹਿੰਦੀ ਹੈ। ਲੋਕ ਸੰਘਰਸ਼ਾਂ 'ਤੇ ਝਪਟਣ ਲਈ ਤਿਆਰ ਬਰ ਤਿਆਰ ਪੁਲਿਸ, ਨੀਮ ਫੌਜੀ ਦਲ ਅਤੇ ਫੌਜ ਦੀਆਂ ਧਾੜਾਂ ਉਹੀ ਰਹਿੰਦੀਆਂ ਹਨ। ਥਾਣੇ, ਜੇਲ੍ਹਾਂ, ਕਾਨੂੰਨ ਅਤੇ ਕਚਿਹਰੀਆਂ ਉਹੀ ਰਹਿੰਦੀਆਂ ਹਨ।
ਇਸ ਲਈ ਐਤਕੀਂ ਵੀ ਸਰਕਾਰ ਚਾਹੇ ਅਕਾਲੀ ਭਾਜਪਾ ਗੱਠਜੋੜ ਦੀ ਬਣ ਜਾਵੇ, ਚਾਹੇ ਕਾਂਗਰਸ ਦੀ ਅਤੇ ਚਾਹੇ ਮਨਪ੍ਰੀਤ ਮਾਰਕਾ ਮੋਰਚੇ ਦਾ ਦਾਅ ਲੱਗ ਜਾਵੇ; ਇਸ ਨਾਲ ਮਿਹਨਤਕਸ਼ ਲੋਕਾਂ ਦੀ ਨਰਕੀ ਜੂਨ 'ਚ ਕੋਈ ਵੀ ਸੁਧਾਰ ਨਹੀਂ ਹੋਣ ਲੱਗਿਆ ਕਿਉਂਕਿ, ਇਹਨਾਂ ਸਭਨਾਂ ਮੌਕਾਪ੍ਰਸਤ ਸਿਆਸੀ ਟੋਲਿਆਂ ਦਾ ਕਮਾਊ ਲੋਕਾਂ ਨੂੰ ਮੰਦਹਾਲੀ ਅਤੇ ਦੁਰਗਤੀ ਦੇ ਜਬਾੜ੍ਹਿਆਂ 'ਚ ਧੱਕ ਰਹੀਆਂ ਆਰਥਿਕ ਅਤੇ ਸਿਆਸੀ ਨੀਤੀਆਂ 'ਤੇ ਕੋਈ ਰੱਟਾ ਨਹੀਂ ਹੈ। ਦੇਸੀ ਵਿਦੇਸ਼ੀ ਵੱਡੇ ਸ਼ਾਹੂਕਾਰਾਂ ਅਤੇ ਜਗੀਰਦਾਰਾਂ ਦੇ ਹਿੱਤਾਂ ਨਾਲ ਵਫ਼ਾ ਕਮਾਉਣਾ ਅਤੇ ਕਮਾਊ ਲੋਕਾਂ ਦੇ ਹਿੱਤਾਂ ਨਾਲ ਦਗ਼ਾ ਕਮਾਉਣਾ ਇਹਨਾਂ ਦਾ ਕਰਮ ਧਰਮ ਹੈ। ਇਹਨਾਂ ਸਭਨਾਂ ਦੀ ਨਸਲ ਅਤੇ ਖ਼ਸਲਤ ਇੱਕੋ ਹੈ। ਪ੍ਰਸ਼ਾਸਕੀ, ਅਦਾਲਤੀ, ਹਥਿਆਰਬੰਦ ਸ਼ਕਤੀਆਂ ਅਤੇ ਹੋਰਨਾਂ ਮਹਿਕਮਿਆਂ ਨੂੰ ਚਲਾਉਂਦੀਆਂ ਵੱਡੇ ਅਫ਼ਸਰਾਂ ਦੀਆਂ ਧਾੜਾਂ ਦਾ ਕੰਮ ਇਹਨਾਂ ਹਾਕਮਾਂ ਦਾ ਹੁਕਮ ਵਜਾਉਣਾ ਹੈ। ਇਹਨਾਂ ਅਫ਼ਸਰਾਂ ਦੀ ਸਿੱਖਿਆ-ਢਲਾਈ ਹੀ ਦੇਸੀ ਵਿਦੇਸ਼ੀ ਸ਼ਾਹੂਕਾਰਾਂ ਅਤੇ ਜਗੀਰਦਾਰਾਂ ਦਾ ਪਾਣੀ ਭਰਨਾ ਅਤੇ ਇਸ ਲੋਟੂ ਲਾਣੇ ਦੀ ਲੁੱਟ ਦਾਬੇ ਖਿਲਾਫ਼ ਚੂੰ-ਚਰਾਂ ਕਰਨ ਵਾਲੇ ਕਮਾਊ ਲੋਕਾਂ ਨੂੰ ਝੰਬਣ ਅਤੇ ਜੁੱਤੀ ਹੇਠ ਰੱਖਣ ਦੇ ਮਕਸਦ ਲਈ ਕੀਤੀ ਜਾਂਦੀ ਹੈ।
ਵੋਟਾਂ ਬਾਅਦ ਵੀ ਜਾਰੀ ਰਹੇਗਾ ਅਖੌਤੀ ਵਿਕਾਸ ਦਾ ਹੱਲਾ
ਸਰਕਾਰ ਕੋਈ ਵੀ ਬਣ ਜਾਵੇ, ਮਿਹਨਤਕਸ਼ ਲੋਕਾਂ 'ਤੇ ਲੋਕ ਦੁਸ਼ਮਣ ਨਵੀਆਂ ਆਰਥਿਕ ਨੀਤੀਆਂ ਦਾ ਹਮਲਾ ਜਾਰੀ ਰਹਿਣਾ ਹੈ। ਅੱਜ ਚੋਣਾਂ ਦੌਰਾਨ ਵੀ ਅਕਾਲੀ ਭਾਜਪਾ ਹਕੂਮਤ ਵੱਲੋਂ ਇਹਨਾਂ ਨੀਤੀਆਂ 'ਤੇ ਅਖੌਤੀ ਵਿਕਾਸ ਦਾ ਫੱਟਾ ਲਾ ਕੇ ਇਹਨਾਂ ਦਾ ਖੂਬ ਗੁੱਡਾ ਬੰਨ੍ਹਿਆ ਜਾ ਰਿਹਾ ਹੈ। ਇਹ ਅਖੌਤੀ ਵਿਕਾਸ ਵੱਡੀਆਂ ਚੌੜੀਆਂ ਸੜਕਾਂ, ਫਲਾਈ ਓਵਰਾਂ, ਹੋਟਲਾਂ-ਮੋਟਲਾਂ, ਸੰਚਾਰ-ਪ੍ਰਣਾਲੀ, ਮਾਲਾਂ, ਵਿਸ਼ੇਸ਼ ਆਰਥਿਕ ਜੋਨਾਂ, ਮਹਿੰਗੀਆਂ ਸਿੱਖਿਆ ਸੰਸਥਾਵਾਂ, ਹਵਾਈ ਅੱਡਿਆਂ ਅਤੇ ਮਹਿੰਗੀਆਂ ਖਪਤਕਾਰੀ ਵਸਤਾਂ (ਜਿਵੇਂ ਕਾਰਾਂ, ਟੀ.ਵੀ., ਫਰਿੱਜਾਂ, ਕੰਪਿਊਟਰਾਂ, ਹਾਰ-ਸ਼ਿੰਗਾਰ ਦਾ ਸਾਮਾਨ ਆਦਿ) ਦੇ ਖੇਤਰਾਂ 'ਚ ਹੋ ਰਿਹਾ ਹੈ। ਇਸਦਾ ਸਾਡੇ ਕਮਾਊ ਲੋਕਾਂ ਦੀ ਜ਼ਿੰਦਗੀ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਇਹ ਦੇਸੀ ਵਿਦੇਸ਼ੀ ਵੱਡੇ ਸ਼ਾਹੂਕਾਰਾਂ, ਜਗੀਰਦਾਰਾਂ, ਭ੍ਰਿਸ਼ਟ ਸਿਆਸਤਦਾਨਾਂ ਅਤੇ ਵੱਡੀ ਅਫ਼ਸਰਸ਼ਾਹੀ ਦੇ ਪਰਜੀਵੀ ਧਾੜਵੀ ਲਾਣੇ ਦਾ ਵਿਕਾਸ ਹੈ।
ਇਸਦੇ ਉਲਟ, ਇਹ ਧਾੜਵੀ ਲਾਣੇ ਦਾ ਵਿਕਾਸ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਕੇ ਹੋ ਰਿਹਾ ਹੈ। ਇਹ ਅਖੌਤੀ ਵਿਕਾਸ ਕਿਸਾਨਾਂ, ਖੇਤ ਮਜ਼ਦੂਰਾਂ, ਸਨਅਤੀ ਮਜ਼ਦੂਰਾਂ ਅਤੇ ਹੋਰਨਾਂ ਕਮਾਊ ਤਬਕਿਆਂ ਨੂੰ ਖੇਤੀ, ਬਿਜਲੀ, ਪਾਣੀ, ਸਿਹਤ, ਵਿੱਦਿਆ, ਰਾਸ਼ਨ, ਆਵਾਜਾਈ ਆਦਿ ਖੇਤਰਾਂ 'ਚ ਮਿਲਦੀਆਂ ਨਿਗੂਣੀਆਂ ਆਰਥਿਕ ਰਿਆਇਤਾਂ ਦਾ ਵੀ ਭੋਗ ਪਾ ਕੇ ਕੀਤਾ ਜਾ ਰਿਹਾ ਹੈ। ਇਹ ਪੱਕੇ ਰੁਜ਼ਗਾਰ, ਰੁਜ਼ਗਾਰ ਸੁਰੱਖਿਆ, ਪੱਕੀ ਉਜਰਤੀ ਪ੍ਰਣਾਲੀ, ਪੈਨਸ਼ਨਰੀ ਅਤੇ ਸੇਵਾ ਲਾਭਾਂ ਅਤੇ ਹਾਸਲ ਆਰਥਿਕ ਸਹੂਲਤਾਂ ਦਾ ਫਸਤਾ ਵੱਢ ਕੇ ਸਿਰੇ ਦਾ ਰੱਤ ਨਿਚੋੜ ਠੇਕਾ ਪ੍ਰਬੰਧ ਲਾਗੂ ਕਰਕੇ ਕੀਤਾ ਜਾ ਰਿਹਾ ਹੈ। ਇਹ ਅਖੌਤੀ ਵਿਕਾਸ ਕਿਸਾਨਾਂ ਅਤੇ ਕਮਾਊ ਜਨਤਾ ਦੀਆਂ ਜ਼ਮੀਨਾਂ-ਜਾਇਦਾਦਾਂ ਅਤੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ 'ਚੋਂ ਵਟੋਰੇ ਟੈਕਸਾਂ ਨਾਲ ਉੱਸਰੇ ਸਨਅਤੀ ਪ੍ਰੋਜੈਕਟਾਂ, ਸੜਕਾਂ, ਟਰਾਂਸਪੋਰਟ, ਬਿਜਲੀ, ਸਿੱਖਿਆ, ਸਿਹਤ, ਸੰਚਾਰ ਆਦਿ ਦੇ ਸਰਕਾਰੀ ਖੇਤਰਾਂ ਨੂੰ ਕੌਡੀਆਂ ਦੇ ਭਾਅ ਦੇਸੀ ਵਿਦੇਸ਼ੀ ਸ਼ਾਹੂਕਾਰਾਂ ਹਵਾਲੇ ਕਰਕੇ ਕੀਤਾ ਜਾ ਰਿਹਾ ਹੈ। ਇਹ ਅਖੌਤੀ ਵਿਕਾਸ ਦੇਸ਼ ਦੇ ਪ੍ਰਚੂਨ ਖੇਤਰ ਨੂੰ ਦੇਸੀ ਵਿਦੇਸ਼ੀ ਧੜਵੈਲ ਕੰਪਨੀਆਂ ਹਵਾਲੇ ਕਰਕੇ 4 ਕਰੋੜ ਤੋਂ ਵੱਧ ਛੋਟੇ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਉਜਾੜੇ ਦੇ ਮੂੰਹ ਧੱਕ ਕੇ ਕੀਤਾ ਜਾ ਰਿਹਾ ਹੈ। ਇਹ ਅਖੌਤੀ ਵਿਕਾਸ ਵੱਖ ਵੱਖ ਕਿਸਮ ਦੀਆਂ ਭਾਰੀ ਟੈਕਸ ਛੋਟਾਂ ਦੇਣ, ਕਰਜ਼ਾ-ਸਬਸਿਡੀਆਂ ਦੇਣ, ਮੁਨਾਫ਼ਾ ਗਾਰੰਟੀਆਂ ਕਰਨ ਅਤੇ ਕਰਜ਼ਿਆਂ ਨੂੰ ਵੱਟੇ ਖਾਤੇ ਪਾਉਣ ਰਾਹੀਂ ਸਰਕਾਰੀ ਖਜ਼ਾਨੇ ਦਾ ਮੂੰਹ ਦੇਸੀ ਵਿਦੇਸ਼ੀ ਸ਼ਾਹੂਕਾਰਾਂ ਦੀਆਂ ਤਿਜੋਰੀਆਂ ਵੱਲ ਖੋਲ ਕੇ ਕੀਤਾ ਜਾ ਰਿਹਾ ਹੈ। ਇਹ ਕੁਝ ਮੰਡੀ ਨੂੰ ਸਰਕਾਰੀ ਕੰਟਰੋਲ ਤੋਂ ਮੁਕਤ ਕਰਕੇ ਅਤੇ ਦੇਸੀ ਵਿਦੇਸ਼ੀ ਕੰਪਨੀਆਂ ਦੇ ਹਵਾਲੇ ਕਰਕੇ ਮਨਮਰਜ਼ੀ ਦੀਆਂ ਕੀਮਤਾਂ 'ਤੇ ਚੀਜ਼ਾਂ ਦੀ ਵੇਚ-ਖਰੀਦ ਰਾਹੀਂ ਜਨਤਾ ਦੀ ਅੰਨ੍ਹੀ ਲੁੱਟ ਕਰਨ ਦੀ ਖੁੱਲ ਦੇ ਕੇ ਕੀਤਾ ਜਾ ਰਿਹਾ ਹੈ।
ਅਕਾਲੀ ਭਾਜਪਾ ਹਕੂਮਤ ਵੱਲੋਂ ਜਿਸ ਅਖੌਤੀ ਵਿਕਾਸ ਦੀ ਗੁਰਜ ਧਾਰੀ ਹੋਣ ਦੇ ਜੈਕਾਰੇ ਛੱਡੇ ਜਾ ਰਹੇ ਹਨ, ਇਹ ਉਸੇ ਕਾਂਗਰਸ ਦੀ ਅਗਵਾਈ ਵਾਲੀ ਕੇਂਦਰੀ ਹਕੂਮਤ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਆਰਥਿਕ ਨੀਤੀਆਂ ਦੀ ਹੀ ਦੇਣ ਹੈ, ਜਿਸ ਕਾਂਗਰਸ ਨੂੰ ਬਾਦਲਾਂ ਵੱਲੋਂ ਪਾਣੀ ਪੀ ਪੀ ਕੇ ਕੋਸਣ ਦਾ ਪਾਖੰਡ ਕੀਤਾ ਜਾਂਦਾ ਹੈ। ਸਭਨਾਂ ਮੁਲਕੀ ਅਤੇ ਖੇਤਰੀ ਵੋਟ ਪਾਰਟੀਆਂ ਦੀ ਗਿੱਟਮਿਟ ਨਾਲ ਹੀ ਕੇਂਦਰੀ ਹਕੂਮਤਾਂ ਵੱਲੋਂ ਨਵੀਆਂ ਆਰਥਿਕ ਨੀਤੀਆਂ ਨੂੰ ਕਾਨੂੰਨੀ ਵਾਜਬੀਅਤ ਮੁਹੱਈਆ ਕਰਨ ਲਈ ਇੱਕ ਹੱਥ ਇਹਨਾਂ ਨੂੰ ਕਾਨੂੰਨੀ ਸ਼ਕਲ ਦੇਣ ਦਾ ਅਮਲ ਚਲਾਇਆ ਗਿਆ ਹੈ। ਜਿਵੇਂ ਜ਼ਮੀਨ ਪ੍ਰਾਪਤੀ, ਮੁੜ-ਬਹਾਲੀ ਅਤੇ ਮੁੜ ਵਸੇਵਾਂ ਬਿਲ-2011; ਬਿਜਲੀ ਕਾਨੂੰਨ 2003; ਵਿਸ਼ੇਸ਼ ਆਰਥਿਕ ਜੋਨਾਂ, ਸੜਕੀ ਪ੍ਰੋਜੈਕਟਾਂ ਆਦਿ ਨਾਲ ਸਬੰਧਿਤ ਕਾਨੂੰਨ; ਦੂਜੇ ਹੱਥ-ਇਹਨਾਂ ਨੀਤੀਆਂ ਖਿਲਾਫ਼ ਉੱਠਦੇ ਸੰਘਰਸ਼ਾਂ ਨੂੰ ਕੁਚਲਣ ਲਈ ਕਾਲ਼ੇ ਕਾਨੂੰਨ ਘੜ ਕੇ ਹਕੂਮਤੀ ਹਥਿਆਰਬੰਦ ਤਾਕਤਾਂ ਨੂੰ ਜਾਬਰ ਅਧਿਕਾਰਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਅਕਾਲੀ-ਭਾਜਪਾ ਹਕੂਮਤ ਵੱਲੋਂ ਵੀ ਦੋ ਕਦਮ ਅੱਗੇ ਜਾਂਦਿਆਂ, ਦੋ ਕਾਲ਼ੇ ਕਾਨੂੰਨਾਂ ਅਤੇ ਦੋ ਕਾਨੂੰਨਾਂ 'ਚ ਸੋਧਾਂ ਕਰਕੇ ਸੂਬੇ ਦੇ ਸੰਘਰਸ਼ਸ਼ੀਲ ਲੋਕਾਂ 'ਤੇ ਹਮਲਾ ਬੋਲਿਆ ਗਿਆ। ਇਹਨਾਂ ਖਿਲਾਫ਼ ਸਤਾਰਾਂ ਕਿਸਾਨ, ਖੇਤ-ਮਜ਼ਦੂਰ ਜੱਥੇਬੰਦੀਆਂ ਅਤੇ ਹੋਰਨਾਂ ਸੰਘਰਸ਼ਸ਼ੀਲ ਤਬਕਿਆਂ ਦੇ ਉੱਠੇ ਭਾਰੀ ਵਿਰੋਧ ਕਾਰਨ ਨਵੇਂ ਘੜੇ ਦੋ ਕਾਨੂੰਨਾਂ ਨੂੰ ਵਾਪਿਸ ਲੈਣ ਲਈ ਮਜ਼ਬੂਰ ਹੋਣਾ ਪਿਆ ਹੈ।
ਬੇ-ਰੁਜ਼ਗਾਰੀ, ਗਰੀਬੀ ਅਤੇ ਕੰਗਾਲੀ ਦਾ ਪਸਾਰਾ
ਇਹਨਾਂ ਨੀਤੀਆਂ ਦੇ ਹੱਲੇ ਕਰਕੇ ਵੱਖ-ਵੱਖ ਖੇਤਰਾਂ 'ਚ ਛਾਂਟੀਆਂ ਅਤੇ ਰੁਜ਼ਗਾਰ ਮੌਕਿਆਂ ਦੇ ਛਾਂਗੇ ਜਾਣ ਦੇ ਅਮਲ ਨੇ ਬੇ-ਰੁਜ਼ਗਾਰੀ 'ਚ ਵੱਡਾ ਵਾਧਾ ਕੀਤਾ ਹੈ। ਅੱਜ ਲਗਭਗ 48 ਲੱਖ ਨੌਜਵਾਨ ਬੇ-ਰੁਜ਼ਗਾਰੀ ਦੀ ਜਲਾਲਤ ਹੰਢਾ ਰਹੇ ਹਨ। ਉੱਪਰੋਂ ਮਹਿੰਗਾਈ ਸਾਹ ਸੂਤੀ ਜਾ ਰਹੀ ਹੈ। ਰੋਜ਼ੀ ਰੋਟੀ ਤੋਂ ਆਹਰੀ ਹੋ ਰਹੇ ਕਮਾਊ ਤਬਕੇ ਖਾਸ ਕਰਕੇ ਕਿਸਾਨ ਅਤੇ ਮਜ਼ਦੂਰ ਜੂਨ ਕਟੀ ਕਰਨ ਲਈ ਸੂਦਖੋਰ ਸ਼ਾਹੂਕਾਰਾਂ ਅਤੇ ਜਗੀਰੂ ਚੌਧਰੀਆਂ ਦੀ ਚੁੰਗਲ 'ਚ ਫਸਦੇ ਜਾ ਰਹੇ ਹਨ। ਅੱਜ ਕੰਗਾਲੀ ਅਤੇ ਕਰਜ਼ੇ ਦੇ ਪੁੜਾਂ ਵਿਚਾਲੇ ਪਿਸ ਰਹੇ ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦਾ ਚੱਲ ਰਿਹਾ ਸਿਲਸਿਲਾ ਦੇਸੀ ਵਿਦੇਸ਼ੀ ਸ਼ਾਹੂਕਾਰਾਂ ਦੇ ਕੌਲੀ ਚੱਟ ਹਾਕਮਾਂ ਦੁਆਰਾ ਹੋ ਰਹੀ ਦੁਰਗਤੀ ਦੀ ਇੱਕ ਉੱਭਰਵੀਂ ਅਤੇ ਦੁਖਦਾਈ ਤਸਵੀਰ ਹੈ। ਪੜ੍ਹੇ ਲਿਖੇ ਨੌਜਵਾਨ ਧੀਆਂ ਪੁੱਤਾਂ ਵੱਲੋਂ ਰੁਜ਼ਗਾਰ ਦੀ ਮੰਗ ਲਈ ਨਿੱਤ ਸੜਕਾਂ 'ਤੇ ਨਿਕਲਣਾ, ਟੈਂਕੀਆਂ 'ਤੇ ਚੜ੍ਹਨਾ, ਆਤਮਦਾਹ ਕਰਨ ਤੱਕ ਜਾਣਾ ਅਤੇ ਬਾਦਲ ਦੇ ਦੰਭੀ ਸੰਗਤ ਦਰਸ਼ਨ ਪ੍ਰੋਗਰਾਮਾਂ ਦੌਰਾਨ ਪੁਲਿਸ ਅਤੇ ਅਕਾਲੀ ਲੱਠਮਾਰਾਂ ਹੱਥੋਂ ਕੁਟਾਪੇ, ਖਿੱਚਧੂਹ ਅਤੇ ਬੇਪਤੀ ਦਾ ਸ਼ਿਕਾਰ ਹੋਣਾ-ਇੱਕ ਹੋਰ ਉੱਘੜਵੀਂ ਦੂਸਰੀ ਤਸਵੀਰ ਹੈ। ਜ਼ਮੀਨ ਦੀ ਰਾਖੀ ਲਈ ਚੱਲਿਆ ਗੋਬਿੰਦਪੁਰੇ ਦਾ ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਦਾ ਘੋਲ, ਛੰਨਾਂ ਧੌਲਾ ਦਾ ਕਿਸਾਨ ਘੋਲ, ਮਾਫ਼ੀਆ ਗਰੋਹਾਂ ਅਤੇ ਸੂਦਖੋਰਾਂ ਤੋਂ ਜ਼ਮੀਨ ਦੀ ਰਾਖੀ ਲਈ ਚੱਲੇ ਇਲਾਕਾ ਅਮ੍ਰਿਤਸਰ, ਬੀਰੋਕੇ (ਮਾਨਸਾ), ਖੰਨਾ-ਚਮਾਰਾਂ ਦੇ ਘੋਲ ਆਦਿ ਅਤੇ ਇਹਨਾਂ ਘੋਲਾਂ 'ਤੇ ਪੁਲਸੀ ਧਾੜਾਂ, ਸਰਕਾਰੀ ਦਰਬਾਰੀ ਮਾਫੀਆ ਅਤੇ ਲੱਠਮਾਰ ਗਰੋਹਾਂ ਵੱਲੋਂ ਕੀਤੇ ਹਮਲਿਆਂ ਦੌਰਾਨ ਕਿਸਾਨ ਆਗੂ ਸਾਧੂ ਸਿੰਘ ਤਖਤੂਪੁਰਾ, ਪਿਰਥੀਪਾਲ ਸਿੰਘ ਚੱਕ ਅਲੀਸ਼ੇਰ, ਸੁਰਜੀਤ ਸਿੰਘ ਹਮੀਦੀ, ਬਲਵਿੰਦਰ ਸਿੰਘ ਅਤੇ ਕਸ਼ਮੀਰ ਸਿੰਘ ਅਤੇ ਕੁਝ ਹੋਰ ਕਿਸਾਨ ਕਾਰਕੁਨਾਂ ਦਾ ਸ਼ਹੀਦੀ ਜਾਮ ਪੀਣਾ, ਸੈਂਕੜਿਆਂ ਦਾ ਜ਼ਖਮੀ ਹੋਣਾ, ਜ਼ੇਲ੍ਹਾਂ ਥਾਣਿਆਂ ਦੀ ਹਵਾ ਖਾਣੀ ਅਤੇ ਕਚਹਿਰੀਆਂ 'ਚ ਖੱਜਲ ਖੁਆਰ ਹੋਣਾ-ਇੱਕ ਹੋਰ ਤੀਸਰੀ ਉੱਭਰਵੀਂ ਤਸਵੀਰ ਹੈ। ਸਿਰੇ ਦੀਆਂ ਦਬਾਊ ਕੰਮ ਹਾਲਤਾਂ, ਲੇਬਰ ਅਤੇ ਫੈਕਟਰੀ ਕਾਨੂੰਨਾਂ ਨੂੰ ਲਾਗੂ ਕਰਵਾਉਣਾ ਅਤੇ ਵਾਜਬ ਉਜਰਤਾਂ ਆਦਿ ਲਈ ਵੱਖ ਵੱਖ ਸਨਅਤੀ ਕੇਂਦਰਾਂ, ਖਾਸ ਕਰਕੇ ਲੁਧਿਆਣਾ ਸ਼ਹਿਰ ਦੇ ਮਜ਼ਦੂਰਾਂ ਦੇ ਸੰਘਰਸ਼ ਖਿਲਾਫ਼ ਮਾਲਕਾਂ ਅਤੇ ਪੁਲਿਸ ਅਫ਼ਸਰਸ਼ਾਹੀ ਗੁੰਡਾ ਗੱਠਜੋੜ ਵੱਲੋਂ ਮਜ਼ਦੂਰਾਂ ਨੂੰ ਕੁਚਲਣ ਲਈ ਲਾਠੀਚਾਰਜ, ਗ੍ਰਿਫਤਾਰੀਆਂ, ਛਾਂਟੀਆਂ ਅਤੇ ਬਸਤੀ 'ਤੇ ਧਾਵਾ ਆਦਿ-ਇੱਕ ਹੋਰ ਚੌਥੀ ਉੱਭਰਵੀਂ ਤਸਵੀਰ ਹੈ। ਇਸਤੋਂ ਇਲਾਵਾ ਕਮਾਊ ਲੋਕਾਂ ਅਤੇ ਔਰਤਾਂ 'ਤੇ ਪੁਲਿਸ ਜਬਰ ਅਤੇ ਜੋਰਾਵਰਾਂ ਵੱਲੋਂ ਕੀਤੀਆਂ ਗਈਆਂ ਜਬਰ-ਜਿਨਾਹ, ਧੱਕੇ ਅਤੇ ਬੇਪਤੀ ਦੀਆਂ ਘਟਨਾਵਾਂ ਦੀ ਲੜੀ ਗਿਣਾਈ ਜਾ ਸਕਦੀ ਹੈ।
ਇਹ ਚਾਰ ਤਸਵੀਰਾਂ ਅਕਾਲੀ-ਭਾਜਪਾ ਹਾਕਮਾਂ ਅਤੇ ਵਿਧਾਨ ਸਭਾ ਅੰਦਰ ਸਜੇ ਰੰਗ-ਬਿਰੰਗੇ ਵਿਕਾਊ ਸਿਆਸੀ ਚੌਧਰੀਆਂ ਦੇ ਵੱਡੇ ਸ਼ਾਹੂਕਾਰ ਘਰਾਣਿਆਂ, ਮਾਫ਼ੀਆ ਗਰੋਹਾਂ, ਸੂਦਖੋਰਾਂ ਅਤੇ ਜਗੀਰੂ ਚੌਧਰੀਆਂ ਨਾਲ ਹੇਜ ਅਤੇ ਕਮਾਊ ਜਨਤਾ ਨਾਲ ਜੱਦੀ ਜਮਾਤੀ ਦੁਸ਼ਮਣੀ ਦੀਆਂ ਮਿਸਾਲੀ ਗਵਾਹ ਬਣਦੀਆਂ ਹਨ।
ਬੇ-ਰੁਜ਼ਗਾਰੀ, ਗਰੀਬੀ ਅਤੇ ਭੁੱਖਮਰੀ ਦਾ ਕਾਨੂੰਨੀਕਰਨ ਅਤੇ ਸਥਾਈਕਰਨ
ਹਕੂਮਤੀ ਗੱਦੀਆਂ 'ਤੇ ਝੂਟੇ ਲੈਣ ਵਾਲੇ ਸਭਨਾਂ ਹਾਕਮ ਸਿਆਸੀ ਟੋਲਿਆਂ ਨੂੰ ਪਤਾ ਹੈ ਕਿ ਪਸਰ ਰਹੀ ਬੇ-ਰੁਜ਼ਗਾਰੀ ਗਰੀਬੀ ਅਤੇ ਭੁੱਖਮਰੀ ਕਰਕੇ ਬੇਚੈਨੀ ਅਤੇ ਗੁੱਸੇ ਦੇ ਲਾਵੇ ਦਾ ਪਸਾਰਾ ਹੋ ਰਿਹਾ ਹੈ ਜਿਹੜਾ ਹਾਕਮਾਂ ਦੀਆਂ ਲੋਕ ਧਰੋਹੀ ਨੀਤੀਆਂ ਖਿਲਾਫ਼ ਤਿੱਖੇ ਸੰਘਰਸ਼ਾਂ ਨੂੰ ਜਨਮ ਦੇ ਰਿਹਾ ਹੈ। ਤੁਫਾਨੀ ਵੇਗ ਅਖਤਿਆਰ ਕਰ ਸਕਣ ਦੀਆਂ ਸੰਭਾਵਨਾਵਾਂ ਰੱਖਦੇ ਇਹ ਸੰਘਰਸ਼ ਹਾਕਮਾਂ ਲਈ ਵੱਡੀ ਸਿਰਦਰਦੀ ਬਣਦੇ ਹਨ। ਹਾਕਮਾਂ ਵੱਲੋਂ ਇਸ ਹਾਲਤ ਨਾਲ ਨਜਿੱਠਣ ਲਈ ਰੱਸੇ ਪੈੜੇ ਵੱਟਣ ਦਾ ਅਮਲ ਵਿੱਢ ਦਿੱਤਾ ਗਿਆ ਹੈ। ਉਹਨਾਂ ਵੱਲੋਂ ਜਿੱਥੇ ਆਪਣੀਆਂ ਹਥਿਆਰਬੰਦ ਤਾਕਤਾਂ ਨੂੰ ਤਿਆਰ ਬਰ ਤਿਆਰ ਕੀਤਾ ਜਾ ਰਿਹਾ ਹੈ, ਕੌਮੀ ਅਤੇ ਫਿਰਕੂ ਜਨੂੰਨੀ, ਪਾਟਕ ਪਾਊ ਅਤੇ ਭਟਕਾਊ ਚਾਲਾਂ ਵਰਤੀਆਂ ਜਾ ਰਹੀਆਂ ਹਨ, ਉੱਥੇ ਰੋਟੀ-ਰੋਜ਼ੀ ਤੋਂ ਵਾਂਝੇ ਕੀਤੇ ਲੋਕਾਂ ਲਈ ਗਰੀਬ ਨਿਵਾਜ਼ ਅਤੇ ਅੰਨਦਾਤੇ ਬਣਕੇ ਬਹੁੜਨ ਦਾ ਖੇਖਣ ਵੀ ਕੀਤਾ ਜਾ ਰਿਹਾ ਹੈ। ਕੇਂਦਰੀ ਹਕੂਮਤ ਵੱਲੋਂ ਰੁਜ਼ਗਾਰ ਸੁਰੱਖਿਆ ਕਾਨੂੰਨ, ਕੌਮੀ ਖੁਰਾਕ ਸੁਰੱਖਿਆ ਕਾਨੂੰਨ ਅਤੇ ਸਿੱਖਿਆ ਅਧਿਕਾਰ ਕਾਨੂੰਨ ਆਦਿ ਬਣਾਉਣ ਦਾ ਭੁਲੇਖਾ ਪਾਊ ਅਮਲ ਵਿੱਢਿਆ ਹੋਇਆ ਹੈ। ਇੱਕ ਹੱਥ ਰੁਜ਼ਗਾਰ 'ਤੇ ਕੁਹਾੜਾ ਅਤੇ ਦੂਜੇ ਹੱਥ ਰੁਜ਼ਗਾਰ ਸੁਰੱਖਿਆ ਦੀ ਜਾਮਨੀ, ਇੱਕ ਹੱਥ ਭੁੱਖ ਨੰਗ ਦੇ ਜੁਬਾੜਿਆਂ 'ਚ ਧੱਕਣਾ ਅਤੇ ਦੂਜੇ ਹੱਥ ਰੱਜਵੀਂ ਖੁਰਾਕ ਦੀ ਜਾਮਨੀ, ਇੱਕ ਹੱਥ ਕਮਾਊ ਜਨਤਾ ਦੇ ਬੱਚਿਆਂ ਦੇ ਸਿੱਖਿਆ ਅਧਿਕਾਰ 'ਤੇ ਝਪਟਣਾ ਅਤੇ ਦੂਜੇ ਹੱਥ ਇਹ ਅਧਿਕਾਰ ਬਖਸ਼ਣ ਦੀ ਜਾਮਨੀ ਕਰਦੇ ਕਾਨੂੰਨਾਂ ਦਾ ਪੱਤਾ ਖੇਡਦਿਆਂ, ਹਾਕਮਾਂ ਵੱਲੋਂ ਭੁੱਖੀ ਨੰਗੀ ਜਨਤਾ ਦੇ ਹਮਦਰਦ ਬਣ ਕੇ ਪੇਸ਼ ਹੋਣ ਦਾ ਨਾਟਕ ਰਚਿਆ ਜਾ ਰਿਹਾ ਹੈ, ਜਿਸ ਰਾਹੀਂ ਉਹ ਨਵੇਂ ਆਰਥਿਕ ਹੱਲੇ ਦੀ ਮਾਰ ਹੇਠ ਆ ਰਹੀ ਜਨਤਾ ਨੂੰ ਥੋਥਾ ਧਰਵਾਸ ਦੇ ਕੇ ਅਵੇਸਲਾ ਕਰਨ ਅਤੇ ਉੁਹਨਾਂ ਦੇ ਰੋਹ 'ਤੇ ਠੰਢਾ ਛਿੜਕਣ ਦਾ ਭਰਮ ਪਾਲਦੇ ਹਨ। ਅਸਲ 'ਚ ਅਜਿਹੇ ਕਾਨੂੰਨਾਂ ਦੀ ਓਟ 'ਚ ਉਹ ਜਨਤਾ ਨੂੰ ਕੁਝ ਆਰਜ਼ੀ ਅਤੇ ਨਿਗੂਣੇ ਓਹੜ-ਪੋਹੜਾਂ ਨਾਲ ਠੰਢਾ ਕਰਦਿਆਂ, ਉਹਨਾਂ ਬੇ-ਰੁਜ਼ਗਾਰੀ, ਕੰਗਾਲੀ ਅਤੇ ਸਿੱਖਿਆ ਅਧਿਕਾਰਹੀਣਤਾ ਵਾਲੀ ਹਾਲਤ ਨੂੰ ਪ੍ਰਵਾਨ ਕਰਵਾਉਣਾ ਚਾਹੁੰਦੇ ਹਨ। ਕਮਾਊ ਜਨਤਾ ਨੂੰ ਮੁਲਕ ਦੀ ਜ਼ਮੀਨ ਜਾਇਦਾਦ, ਦੌਲਤ- ਖਜ਼ਾਨਿਆਂ ਤੇ ਆਮਦਨ 'ਚੋਂ ਕੀਤੀ ਜਾ ਰਹੀ ਬੇਦਖਲੀ ਦੇ ਕਾਨੂੰਨੀਕਰਨ ਅਤੇ ਸਥਾਈਕਰਨ ਦੀ ਮੱਕਾਰ ਚਾਲ ਨੂੰ ਸਫ਼ਲ ਕਰਨਾ ਚਾਹੁੰਦੇ ਹਨ।
ਬਾਦਲ ਹਕੂਮਤ ਵੱਲੋਂ ਕੇਂਦਰੀ ਹਕੂਮਤ ਦੀਆਂ ਉਪਰੋਕਤ ਸਕੀਮਾਂ ਪਿੱਛੇ ਕੰਮ ਕਰਦੇ ਮੰਤਵਾਂ ਨੂੰ ਪੂਰਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਅਜਿਹਾ ਹੀ ਭਰਮ ਜਾਲ ਵਿਛਾਉਣ ਲਈ ਉਸ ਵੱਲੋਂ ਆਟਾ ਦਾਲ ਸਕੀਮ, ਸ਼ਗਨ ਸਕੀਮ, ਮਾਈ ਭਾਗੋ ਸਕੀਮ ਵਰਗੇ ਕਦਮਾਂ ਦਾ ਧੂਮ-ਧੜੱਕਾ ਸ਼ੁਰੂ ਕੀਤਾ ਗਿਆ ਹੈ।
ਕਮਾਊ ਜਨਤਾ ਦੇ ਹਿੱਤਾਂ ਅਤੇ ਰਜ਼ਾ  ਨੂੰ ਦਰੜ-ਮਾਂਜਾ
ਅੱਜ ਕਮਾਊ ਲੋਕਾਂ ਦੇ ਲਗਭਗ ਸਾਰੇ ਹੀ ਤਬਕੇ ਤਿੱਖੇ ਸੰਘਰਸ਼ਾਂ ਦੇ ਰਾਹ ਪਏ ਹੋਏ ਹਨ। ਜਾਬਰ ਕਾਨੂੰਨਾਂ ਅਤੇ ਪੁਲਸੀ ਜਬਰ ਦੇ ਬਾਵਜੂਦ ਇਹਨਾਂ ਸੰਘਰਸ਼ਾਂ ਦੀ ਗਰਜ਼ ਨਾਲ ਪੰਜਾਬ ਦਾ ਕੋਨਾ ਕੋਨਾ ਗੂੰਜ ਰਿਹਾ ਹੈ। ਜੋ ਕਿ ਇਹਨਾਂ ਹਾਕਮਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ-ਦੋਖੀ ਨੀਤੀਆਂ ਖਿਲਾਫ਼ ਜਨਤਾ ਦਾ ਜੋਰਦਾਰ ਫਤਵਾ ਹੈ। ਕਿਸੇ ਵੀ ਅਸਲੀ ਲੋਕ-ਜਮਹੂਰੀ ਰਾਜ ਅੰਦਰ ਹਕੂਮਤ, ਪਾਰਲੀਮੈਂਟ ਜਾਂ ਵਿਧਾਨ ਸਭਾਵਾਂ ਵੱਲੋਂ ਏਨੇ ਜੋਰ ਨਾਲ ਉੱਠ ਰਹੀ ਜਨਤਾ ਦੀ ਆਵਾਜ਼ ਨੂੰ ਟਿੱਚ ਜਾਨਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਪਰ ਪੰਜਾਬ ਦੀ ਹਕੂਮਤ ਅਤੇ ਵਿਧਾਨ ਸਭਾ 'ਚ ਬਿਰਾਜਮਾਨ ਸਿਆਸੀ ਚੌਧਰੀਆਂ ਦੇ ਕੰਨਾਂ 'ਤੇ ਜੂੰ ਤਾਂ ਕੀ ਸਰਕਣੀ ਸੀ, ਸਗੋਂ ਲੋਕਾਂ ਦੀ ਹੱਕੀ ਆਵਾਜ਼ ਨੂੰ ਕਾਲ਼ੇ ਕਾਨੂੰਨਾਂ ਅਤੇ ਲਾਠੀ ਗੋਲੀ ਨਾਲ ਨਜਿੱਠਣ ਦਾ ਰਾਹ ਫੜ੍ਹਿਆ ਹੈ।
ਇਸ ਹਕੂਮਤ ਅਤੇ ਪਿਛਲੀਆਂ ਸਾਰੀਆਂ ਹਕੂਮਤਾਂ ਸਮੇਂ ਦਾ ਤਜ਼ਰਬਾ ਗਵਾਹੀ ਦਿੰਦਾ ਹੈ ਕਿ ਇਹ ਹਾਕਮ ਅਤੇ ਇਹਨਾਂ ਦੀ ਪਾਰਲੀਮੈਂਟ-ਵਿਧਾਨ ਸਭਾਵਾਂ ਸਭ ਵੱਡੇ ਲੋਟੂ ਲਾਣੇ ਦੀਆਂ ਧੂਤੂ ਹਨ। ਇਹਨਾਂ ਦੇ ਰਾਜਭਾਗ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਕਹਿ ਕੇ ਵਡਿਆਉਣਾ ਹਾਕਮਾਂ ਦੇ ਇਸ ਧੱਕੜ ਅਤੇ ਜਾਬਰ ਦਸਤੂਰ ਦਾ ਸੇਕ ਹੰਢਾ ਰਹੇ ਕਮਾਊ ਲੋਕਾਂ ਨਾਲ ਇੱਕ ਭੱਦਾ ਮਜ਼ਾਕ ਹੈ।
ਮੌਜੂਦਾ ਵਿਧਾਨ ਸਭਾ ਚੋਣਾਂ ਵੀ ਇਸੇ ਦਸਤੂਰ ਦੇ ਪਰਛਾਵੇਂ ਹੇਠ ਹੋਣੀਆਂ ਹਨ। ਸਿਆਸੀ ਤੇ ਸਮਾਜਿਕ ਚੌਧਰ ਦਾ ਰੋਅਬ-ਦਾਬ, ਗੁੰਡਾ ਤੇ ਮਾਫ਼ੀਆ ਗਰੋਹਾਂ ਦਾ ਜੋਰ-ਜਰਬਾ, ਅਫ਼ਸਰਸ਼ਾਹੀ ਦੀ ਦਬਸ਼, ਜਾਤ-ਬਰਾਦਰੀ ਅਤੇ ਫਿਰਕੂ ਸੰਸਥਾਵਾਂ ਦਾ ਮੱਧਯੁਗੀ ਦਾਬਾ, ਨਿੱਕੀਆਂ ਮੋਟੀਆਂ ਗਉਂ-ਗਰਜ਼ਾਂ ਦੀ ਮੁਥਾਜਗੀ ਅਤੇ ਮਾਇਆ ਦੇ ਜੋਰ ਦੀ ਰੱਜ ਕੇ ਵਰਤੋਂ ਹੋਣੀ ਹੈ। ਅਜਿਹੇ ਚੋਣ ਅਮਲ ਨੇ ਕਿਹੋ ਜਿਹੀ ਵਿਧਾਨ ਸਭਾ ਅਤੇ ਸਰਕਾਰ ਨੂੰ ਜਨਮ ਦੇਣਾ ਹੈ ਇਹ ਕਹਿਣ ਦੀ ਲੋੜ ਨਹੀਂ ਹੈ।
ਆਪਣੀ ਵੁੱਕਤ ਅਤੇ ਪੁੱਗਤ ਸਥਾਪਤੀ ਦੇ ਰਾਹ ਪਓ
ਸੋ ਇਹਨਾਂ ਚੋਣਾਂ ਨੇ ਇਹ ਫੈਸਲਾ ਕਰਨਾ ਹੈ ਕਿ ਅਗਲੇ ਪੰਜ ਸਾਲਾਂ ਲਈ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਲਈ ਹਕੂਮਤੀ ਡੰਡਾ ਕਿਸ ਲੋਟੂ ਸਿਆਸੀ ਟੋਲੇ ਦੇ ਹੱਥ ਦਿੱਤਾ ਜਾਵੇ। ਇਸ ਕਰਕੇ ਇਹ ਚੋਣ ਡਰਾਮਾ ਸਾਡੇ ਹਿੱਤਾਂ ਹੱਕਾਂ ਦੇ ਉਲਟ ਹੈ। ਇਸ ਚੋਣ ਡਰਾਮੇ 'ਚ ਲੋਕਾਂ ਦੀ ਰਾਏ-ਰਜ਼ਾ ਦੀ ਕੋਈ ਵੁੱਕਤ ਪੁੱਗਤ ਨਹੀਂ ਹੈ। ਇਹ ਵੱਡੇ ਸਿਆਸੀ ਚੌਧਰੀਆਂ, ਮਾਫ਼ੀਆ ਅਤੇ ਗੁੰਡਾ ਗਰੋਹਾਂ, ਧਨਾਢਾਂ ਤੇ ਸਰਕਾਰੀ ਦਰਬਾਰੀ ਜੋਰਾਵਰ ਲਾਣੇ ਦੀ ਖੇਡ ਵੀ ਹੈ ਅਤੇ ਸਾਡੇ ਕਮਾਊ ਲੋਕਾਂ ਦੇ ਹਿੱਤਾਂ 'ਤੇ ਹਮਲਾ ਵੀ ਹੈ। ਇਹਨਾਂ ਚੋਣਾਂ ਰਾਹੀਂ ਹਾਕਮ ਧੜੇ ਲੋਕਾਂ 'ਚ ਵੰਡੀਆਂ ਪਾਉਂਦੇ ਹਨ, ਜੱਥੇਬੰਦ ਹੋ ਕੇ ਸੰਘਰਸ਼ਾਂ ਰਾਹੀਂ ਹੱਕ ਲੈਣ ਦੇ ਰਾਹ ਪਈ ਲੋਕ ਤਾਕਤ ਨੂੰ ਧੜਿਆਂ 'ਚ ਵੰਡ ਕੇ ਕਮਜ਼ੋਰ ਕਰਦੇ ਹਨ। ਲੋਕ ਮੁਸ਼ਕਲਾਂ ਦੇ ਹੱਲ ਲਈ ਸੰਘਰਸ਼ਾਂ ਦੇ ਰਾਹ ਦੀ ਥਾਂ ਪਾਰਲੀਮੈਂਟਾਂ ਅਤੇ ਅਸੈਂਬਲੀਆਂ 'ਚ ਭਰੋਸਾ ਬੰਨ੍ਹਾਉਣ ਦਾ ਯਤਨ ਕਰਦੇ ਹਨ ਅਤੇ ਸੰਘਰਸ਼ਾਂ ਤੋਂ ਟੇਕ ਛੱਡ ਕੇ ਪਾਰਟੀਆਂ ਤੋਂ ਝਾਕ ਰੱਖਣ ਦੇ ਰਾਹ ਪਾਉਣ ਲਈ ਜੋਰ ਲਾਉਂਦੇ ਹਨ। ਲੋਕਾਂ ਦੀਆਂ ਅਸਲ ਸਮੱਸਿਆਵਾਂ ਅਤੇ ਮੁੱਦੇ ਰੋਲ਼ ਕੇ ਭਟਕਾਊ ਮੁੱਦੇ ਮੂਹਰੇ ਲਿਆਂਦੇ ਜਾਂਦੇ ਹਨ। ਲੋਕਾਂ ਦੀ ਜੂਨ ਸੁਧਾਰਨ ਦਾ ਸਾਧਨ ਬਣਦੇ ਵੱਡੇ ਕਦਮਾਂ ਦੀ ਚਰਚਾ ਨੂੰ ਦਰਕਿਨਾਰ ਕਰਕੇ ਗੱਲ ਚੂਣ-ਭੂਣ ਰਿਆਇਤਾਂ ਤੱਕ ਸੀਮਤ ਕੀਤੀ ਜਾਂਦੀ ਹੈ। ਇਉਂ ਇਸ ਖੇਡ 'ਚੋਂ ਲੋਕ ਦੁਸ਼ਮਣ ਲਾਣਾ ਖੱਟਦਾ ਹੈ, ਕਮਾਊ ਲੋਕ ਗੁਆਉਂਦੇ ਹਨ।
ਇਸਦੇ ਉਲਟ, ਜਦੋਂ ਵੀ ਅਸੀਂ ਹਾਕਮਾਂ ਹੱਥੋਂ ਹੁੰਦੀ ਦੁਰਗਤੀ ਅਤੇ ਬੇਕਦਰੀ ਵਿਰੁੱਧ ਅੰਗੜਾਈ ਭੰਨੀ ਹੈ, ਇਕੱਠੇ ਹੋ ਕੇ ਸੰਘਰਸ਼ ਦਾ ਬਿਗਲ ਵਜਾਇਆ ਹੈ ਤਾਂ ਅਸੀਂ ਹਾਕਮਾਂ ਦੇ ਗ਼ਰੂਰ ਨੂੰ ਢੈਲਾ ਪਾਇਆ ਹੈ, ਸਾਡੀ ਆਵਾਜ਼ ਵੱਲ ਕੰਨ ਕਰਨ ਲਈ ਮਜ਼ਬੂਰ ਕੀਤਾ ਹੈ। ਸੰਘਰਸ਼ ਦੇ ਜ਼ੋਰ ਅਸੀਂ ਬਿਜਲੀ ਖੇਤਰ ਨੂੰ ਨਿੱਜੀ ਕੰਪਨੀਆਂ ਹਵਾਲੇ ਕਰਨ ਦੇ ਅਮਲ ਦੀ ਰਫ਼ਤਾਰ ਮੱਧਮ ਪਾਈ ਹੈ, ਛੰਨਾਂ ਧੌਲਾ ਵਿਖੇ ਜ਼ਮੀਨਾਂ ਦਾ ਮੁਆਵਜ਼ਾ ਵਧਾਉਣ 'ਚ ਸਫ਼ਲ ਹੋਏ ਹਾਂ, ਗੋਬਿੰਦਪੁਰਾ ਵਿਖੇ ਕਿਸਾਨਾਂ ਦੀ 186 ਏਕੜ ਜ਼ਮੀਨ ਹਥਿਆਉਣ ਤੋਂ ਹਾਕਮਾਂ ਨੂੰ ਪੈਰ ਪਿੱਛੇ ਖਿੱਚਣ ਅਤੇ ਕਿਰਤੀ ਪਰਿਵਾਰਾਂ ਲਈ ਮੁਆਵਜ਼ੇ ਤੇ ਨੌਕਰੀ ਦਾ ਹੱਕ ਪ੍ਰਵਾਨ ਕਰਨ ਲਈ ਮਜ਼ਬੂਰ ਕੀਤਾ ਹੈ। ਇਸ ਤਰ੍ਹਾਂ ਹੋਰ ਕਿੰਨੇ ਹੀ ਸੰਘਰਸ਼ਾਂ ਦੀਆਂ ਮਿਸਾਲਾਂ ਸਾਡੇ ਸਾਹਮਣੇ ਹਨ। ਇਹਨਾਂ ਫਸਵੇਂ ਅਤੇ ਲਮਕਵੇਂ ਸੰਘਰਸ਼ਾਂ ਰਾਹੀਂ ਅਸੀਂ ਹਾਕਮਾਂ ਕੋਲੋਂ ਸਾਡੀ ਗੱਲ ਪੁਗਾਉਣ ਅਤੇ ਆਪਣੀ ਵੁੱਕਤ ਜਤਲਾਉਣ 'ਚ ਸਫ਼ਲ ਹੋਏ ਹਾਂ। ਅਸੀਂ ਜੁਝਾਰੂ ਸਵੈਮਾਣ ਨਾਲ ਸਿਰ ਉੱਚਾ ਕਰਕੇ ਹਾਕਮਾਂ ਮੂਹਰੇ ਅੜਨ ਖੜਨ ਅਤੇ ਭਿੜਨ ਦੇ ਸਮਰੱਥ ਹੋਏ ਹਾਂ। ਸਾਡੀਆਂ ਇਹ ਪ੍ਰਾਪਤੀਆਂ ਚਾਹੇ ਅੰਸ਼ਕ ਹਨ, ਵਕਤੀ ਅਤੇ ਛੋਟੀਆਂ ਹਨ, ਪਰ ਇਹ ਸ਼ਾਨਦਾਰ ਹਨ। ਇਹ ਸਾਡੀ ਜੁੜ ਰਹੀ ਤੇ ਉੱਠ ਰਹੀ ਬੇਥਾਹ ਭੇੜੂ ਜਨਤਕ ਤਾਕਤ ਅਤੇ ਸੰਘਰਸ਼ ਦੀਆਂ ਮੁੱਢਲੀਆਂ ਬਰਕਤਾਂ ਦੇ ਝਲਕਾਰੇ ਹਨ।
ਇਸ ਲਈ ਚੋਣਾਂ ਦੀ ਇਸ ਧੋਖੇਬਾਜ਼ ਖੇਡ ਤੋਂ ਖਬਰਦਾਰ ਹੋਈਏ, ਆਪਣੇ ਹੱਕਾਂ-ਹਿੱਤਾਂ ਦੀ ਰਾਖੀ ਅਤੇ ਵਧਾਰੇ ਲਈ, ਆਪਣੀ ਰਾਏ-ਰਜ਼ਾ ਦੀ ਵੁੱਕਤ ਅਤੇ ਪੁੱਗਤ ਬਣਾਉਣ ਲਈ ਆਪਣੇ ਜਮਾਤੀ ਤਬਕਾਤੀ ਸੰਘਰਸ਼ਾਂ ਨੂੰ ਮਆਈਏ, ਸਭਨਾਂ ਸੰਘਰਸ਼ਸ਼ੀਲ ਜਮਾਤਾਂ-ਤਬਕਿਆਂ ਦੀ ਸੰਗਰਾਮੀ ਭਰਾਤਰੀ ਸਾਂਝ ਦੀ ਕਰੰਗੜੀ ਮਜ਼ਬੂਤ ਕਰੀਏ, ਸਾਂਝੇ ਸੰਘਰਸ਼ਾਂ ਦਾ ਪਿੜ ਬੰਨ੍ਹੀਏ। ਇਹਨਾਂ ਸੰਘਰਸ਼ਾਂ ਨੂੰ ਵਕਤੀ ਅੰਸ਼ਕ ਮੰਗਾਂ ਮਸਲਿਆਂ ਦੀਆਂ ਵਲਗਣਾਂ ਤੋਂ ਉੱਪਰ ਉਠਾਈਏ। ਖੁੱਸ ਰਹੀਆਂ ਜ਼ਮੀਨਾਂ ਬਚਾਉਣ ਤੇ ਪਲਾਟਾਂ ਮਕਾਨਾਂ ਦੀ ਪ੍ਰਾਪਤੀ ਲਈ ਚੱਲ ਰਹੇ ਸੰਘਰਸ਼ਾਂ ਨੂੰ ਜ਼ਮੀਨੀ ਸੁਧਾਰ ਕਾਨੂੰਨਾਂ ਤਹਿਤ ਵਾਧੂ ਨਿਕਲਦੀਆਂ ਜ਼ਮੀਨਾਂ ਤੇ ਬੇਆਬਾਦ ਜ਼ਮੀਨਾਂ ਨੂੰ ਆਬਾਦ ਕਰਕੇ ਖੇਤ-ਮਜ਼ਦੂਰਾਂ ਅਤੇ ਥੁੜ ਜ਼ਮੀਨੇ ਕਿਸਾਨਾਂ 'ਚ ਵੰਡਾਉਣ ਤੱਕ ਲੈ ਕੇ ਜਾਈਏ। ਰੁਜ਼ਗਾਰ ਪ੍ਰਾਪਤੀ ਲਈ ਚੱਲਦੇ ਸੰਘਰਸ਼ਾਂ ਨੂੰ ਰੁਜ਼ਗਾਰ ਉਜਾੜਨ ਵਾਲੀ ਨੀਤੀ ਖਿਲਾਫ਼ ਸੇਧਤ ਕਰੀਏ। ਰੁਜ਼ਗਾਰ ਉਜਾੜਦੀ ਮਸ਼ੀਨਰੀ ਅਤੇ ਤਕਨੀਕ 'ਤੇ ਰੋਕ ਲਾ ਕੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਾਲੀ ਨੀਤੀ ਘੜਨ ਦਾ ਮੁੱਦਾ ਉਠਾਈਏ। ਸਭਨਾਂ ਲਈ ਰੁਜ਼ਗਾਰ ਗਾਰੰਟੀ ਤੇ ਪੱਕੀ ਉਜਰਤੀ ਪ੍ਰਣਾਲੀ ਲਾਗੂ ਕਰਵਾਉਣ ਲਈ ਨਿੱਜੀਕਰਨ ਦੀ ਨੀਤੀ ਤਹਿਤ ਚੱਲਦੀ ਠੇਕਾ ਪ੍ਰਣਾਲੀ ਵੱਲ ਨਿਸ਼ਾਨਾ ਸੇਧੀਏ। ਸਭਨਾਂ ਲਈ ਸਸਤਾ ਰਾਸ਼ਨ, ਸਿੱਖਿਆ, ਸਿਹਤ, ਆਵਾਜਾਈ, ਬਿਜਲੀ ਆਦਿ ਯਕੀਨੀ ਕਰਨ ਵਾਸਤੇ ਨਿੱਜੀਕਰਨ ਦੀ ਨੀਤੀ ਰੱਦ ਕਰਕੇ ਸਰਕਾਰ ਵੱਲੋਂ ਜੁੰਮੇਵਾਰੀ ਓਟਣ ਦੀ ਮੰਗ ਕਰੀਏ। ਮਹਿੰਗਾਈ ਘਟਾਉਣ ਲਈ ਕੀਮਤਾਂ ਨੂੰ ਕੰਟਰੋਲ ਮੁਕਤ ਕਰਨ ਵਾਲੀ ਲੋਟੂ ਨੀਤੀ ਨੂੰ ਨਿਸ਼ਾਨਾ ਬਣਾਈਏ। ਇਹਨਾਂ ਸਭਨਾਂ ਕਦਮਾਂ ਲਈ ਸਰਕਾਰੀ ਖਜ਼ਾਨਾ ਜੁਟਾਉਣ ਵਾਸਤੇ ਵੱਡੇ ਧਨਾਢਾਂ ਜਗੀਰਦਾਰਾਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਭਾਰੀ ਟੈਕਸ ਲਾ ਕੇ ਉਗਰਾਹੀ ਯਕੀਨੀ ਕਰਨ ਦੀ ਮੰਗ ਕਰੀਏ। ਇਸ ਲੋਟੂ ਲਾਣੇ ਨੂੰ ਭਾਰੀ ਟੈਕਸ ਛੋਟਾਂ ਅਤੇ ਅਰਬਾਂ ਖਰਬਾਂ ਦੀਆਂ ਸਬਸਿਡੀਆਂ ਬੰਦ ਕਰਕੇ ਸਰਕਾਰੀ ਖਜ਼ਾਨੇ ਦਾ ਮੂੰਹ ਅਸਲ ਲੋੜਵੰਦ ਮਿਹਨਤਕਸ਼ ਲੋਕਾਂ ਵੱਲ ਖੋਲ੍ਹਣ ਲਈ ਹਾਕਮਾਂ ਨੂੰ ਮਜ਼ਬੂਰ ਕਰੀਏ। ਜਾਣੀ ਲੋਕਾਂ ਤੋਂ ਖੋਹ ਕੇ ਜੋਕਾਂ ਨੂੰ ਦੇਣ ਵਾਲੀਆਂ ਨੀਤੀਆਂ ਤੇ ਕਾਨੂੰਨਾਂ ਨੂੰ ਰੱਦ ਕਰਾਉਣ ਵੱਲ ਸੇਧਤ ਕਰੀਏ।
ਆਓ, ਦੇਸੀ ਵਿਦੇਸ਼ੀ ਸ਼ਾਹੂਕਾਰਾਂ ਕੋਲ ਵਿਕੇ ਇਹਨਾਂ ਬੇਜ਼ਮੀਰੇ ਵੋਟ ਸਿਆਸਤਦਾਨਾਂ ਦੇ ਪੈਰਾਂ 'ਚ ਰੁਲ਼ ਰਹੀ ਸਾਡੀ ਆਨ-ਸ਼ਾਨ, ਸਵੈਮਾਣ, ਵੁੱਕਤ ਅਤੇ ਹੋਣੀ ਨੂੰ ਆਵਦੇ ਹੱਥਾਂ 'ਚ ਸੰਭਾਲੀਏ। ਇਹਨਾਂ ਹੱਥਾਂ ਨੂੰ ਤਣੇ ਹੋਏ ਮੁੱਕਿਆਂ ਦਾ ਰੂਪ ਦੇਈਏ। ਆਓ ਆਪਣੀਆਂ ਜ਼ਮੀਨਾਂ, ਰੋਜ਼ੀ-ਰੋਟੀ ਦੇ ਵਸੀਲਿਆਂ ਅਤੇ ਸਾਡੀ ਆਨ-ਸ਼ਾਨ ਦੁਆਲੇ ਲੱਖਾਂ ਤਣੇ ਹੋਏ ਮੁੱਕਿਆਂ ਅਤੇ ਉੱਠੇ ਹੋਏ ਸਿਰਾਂ ਦੀ ਵਾੜ ਕਰੀਏ। ਇਹਨਾਂ ਸਿਰਲੱਥ ਸੰਗਰਾਮੀ ਕਾਫਲਿਆਂ ਦੀ ਸੰਘਰਸ਼ ਗਰਜ ਨਾਲ ਲੁੱਟ ਦਾ ਮਾਲ ਵੰਡਣ ਲਈ ਚੋਣਾਂ 'ਚ ਗੁੱਥਮ-ਗੁੱਥਾ ਹੋ ਰਹੇ ਸਿਆਸੀ ਟੋਲਿਆਂ ਅਤੇ ਇਹਨਾਂ ਦੇ ਰਾਜਭਾਗ ਦੇ ਕਰਤੇ ਧਰਤਿਆਂ ਨੂੰ ਕੰਬਣੀ ਛੇੜੀਏ।
ਪਗੜੀ ਸੰਭਾਲ ਮੁਹਿੰਮ ਦੇ ਇਸ ਹੋਕੇ ਨੂੰ ਬੁਲੰਦ ਕਰੋ, ਕਿਰਤੀ ਕਾਮਿਆਂ ਦੇ ਘਰ-ਘਰ ਤੱਕ ਪਹੁੰਚਾਓ
27 ਜਨਵਰੀ ਨੂੰ ਪਰਿਵਾਰਾਂ ਸਮੇਤ ਪਗੜੀ ਸੰਭਾਲ ਕਾਨਫਰੰਸ 'ਚ ਬਰਨਾਲੇ ਪਹੁੰਚੋ।
ਵੱਲੋਂ-ਪਗੜੀ ਸੰਭਾਲ ਮੁਹਿੰਮ ਕਮੇਟੀ ਪੰਜਾਬ:
ਕਮੇਟੀ ਮੈਂਬਰ-ਲਛਮਣ ਸਿੰਘ ਸੇਵੇਵਾਲਾ, ਝੰਡਾ ਸਿੰਘ ਜੇਠੂਕੇ, ਹਰਮੇਸ਼ ਮਾਲੜੀ, ਹਰਜਿੰਦਰ ਸਿੰਘ, ਦਰਸ਼ਨ ਸਿੰਘ ਕੂਹਲੀ, ਗੁਰਦਿਆਲ ਭੰਗਲ, ਐਡਵੋਕੇਟ ਐਨ.ਕੇ. ਜੀਤ, ਪੁਸ਼ਪ ਲਤਾ, ਕਰੋੜਾ ਸਿੰਘ, ਯਸ਼ਪਾਲ, ਜੁਗਿੰਦਰ ਆਜ਼ਾਦ, ਮਲਾਗਰ ਸਿੰਘ ਖਮਾਣੋਂ, ਪਾਵੇਲ ਕੁੱਸਾ, ਅਮੋਲਕ ਸਿੰਘ।
ਪ੍ਰਕਾਸ਼ਕ-ਲਛਮਣ ਸਿੰਘ ਸੇਵੇਵਾਲਾ, ਕਨਵੀਨਰ (94170-79170)

AN INVITATION BY "PAGRI SAMBHAL CAMPAIGN COMMITTEE PUNJAB" TO STRUGGLING ORGANISATIONS


ਪਗੜੀ ਸੰਭਾਲ ਮੁਹਿੰਮ ਕਮੇਟੀ, ਪੰਜਾਬ
ਕਮੇਟੀ ਮੈਂਬਰ-ਲਛਮਣ ਸਿੰਘ ਸੇਵੇਵਾਲਾ, ਝੰਡਾ ਸਿੰਘ ਜੇਠੂਕੇ, ਹਰਮੇਸ਼ ਮਾਲੜੀ, ਹਰਜਿੰਦਰ ਸਿੰਘ, ਦਰਸ਼ਨ ਸਿੰਘ ਕੂਹਲੀ, ਗੁਰਦਿਆਲ ਭੰਗਲ, ਐਡਵੋਕੇਟ ਐਨ.ਕੇ. ਜੀਤ, ਪੁਸ਼ਪ ਲਤਾ, ਕਰੋੜਾ ਸਿੰਘ, ਯਸ਼ਪਾਲ, ਜੁਗਿੰਦਰ ਆਜ਼ਾਦ, ਮਲਾਗਰ ਸਿੰਘ ਖਮਾਣੋਂ, ਪਾਵੇਲ ਕੁੱਸਾ, ਅਮੋਲਕ ਸਿੰਘ।
ਵੱਲ
ਪ੍ਰਧਾਨ / ਸਕੱਤਰ
-----------------
-----------------
ਵਿਸ਼ਾ – ਪਗੜੀ ਸੰਭਾਲ ਮੁਹਿੰਮ ਅਤੇ ਕਾਨਫਰੰਸ 'ਚ ਸ਼ਾਮਲ ਹੋਣ ਲਈ ਸੱਦਾ ਪੱਤਰ।
ਸਤਿਕਾਰਯੋਗ ਸਾਥੀ ਜੀ, 
ਵਿਧਾਨ ਸਭਾ ਚੋਣਾਂ ਦੇ ਇਹਨਾਂ ਦਿਨਾਂ ਦੌਰਾਨ ਪੰਜਾਬ ਦੇ ਲੋਕਾਂ ਨੂੰ ਮੌਕਾਪ੍ਰਸਤ ਵੋਟ ਪਾਰਟੀਆਂ ਦੀ ਧੋਖੇਬਾਜ਼ ਚੋਣ ਖੇਡ ਤੋਂ ਖਬਰਦਾਰ ਕਰਨ ਅਤੇ ਹੱਕਾਂ ਹਿਤਾਂ ਦੀ ਪ੍ਰਾਪਤੀ ਲਈ ਇਕੱਠੇ ਹੋ ਕੇ ਜੂਝਣ ਦੇ ਸੰਗਰਾਮੀ ਰਾਹ 'ਤੇ ਤੁਰਨ ਦਾ ਸੱਦਾ ਦੇਣ ਲਈ ਪਗੜੀ ਸੰਭਾਨ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੇ ਸਿਖਰ 'ਤੇ 27 ਜਨਵਰੀ ਨੂੰ ਸੂਬਾ ਪੱਧਰੀ ਪਗੜੀ ਸੰਭਾਲ ਕਾਨਫਰੰਸ ਬਰਨਾਲਾ 'ਚ ਹੋਵੇਗੀ। ਇਸਦਾ ਸੱਦਾ ਪੰਜਾਬ ਦੀਆਂ ਸਰਗਰਮ ਸੰਘਰਸ਼ਸ਼ੀਲ ਸ਼ਖਸ਼ੀਅਤਾਂ ਵੱਲੋਂ ਗਠਿਤ ਕੀਤੀ ਗਈ ਪਗੜੀ ਸੰਭਾਲ ਮੁਹਿੰਮ ਕਮੇਟੀ ਪੰਜਾਬ ਵੱਲੋਂ ਦਿੱਤਾ ਗਿਆ ਹੈ।
ਕਮੇਟੀ ਦਾ ਵਿਚਾਰ ਹੈ ਕਿ ਚੋਣਾਂ ਰਾਹੀਂ ਪੰਜਾਬ ਦੇ ਕਿਰਤੀ ਕਮਾਊ ਲੋਕਾਂ ਦਾ ਭਲਾ ਨਹੀਂ ਹੋ ਸਕਦਾ ਕਿਉਂਕਿ ਲੋਕਾਂ ਦੇ ਹਿਤਾਂ 'ਤੇ ਵਿੱਢੇ ਹੋਏ ਨਵੀਆਂ ਆਰਥਿਕ ਨੀਤੀਆਂ ਦੇ ਹੱਲੇ 'ਤੇ ਸਭਨਾਂ ਹਾਕਮ ਧੜਿਆਂ ਦੀ ਸਹਿਮਤੀ ਹੈ ਅਤੇ ਸਭਨਾਂ ਮੌਕਾਪ੍ਰਸਤ ਵੋਟ ਪਾਰਟੀਆਂ ਨੇ ਵਾਰੋ ਵਾਰੀ ਇਹਨਾਂ ਆਰਥਿਕ ਨੀਤੀਆਂ ਨੂੰ ਲਾਗੂ ਕਰਕੇ ਵੱਡੇ ਸਰਮਾਏਦਾਰਾਂ, ਜਗੀਰਦਾਰਾਂ ਅਤੇ ਬਹੁਕੌਮੀ ਕੰਪਨੀਆਂ ਦੀ ਸੇਵਾ ਕੀਤੀ ਹੈ। ਸਭਨਾਂ ਨੇ ਹੀ ਲੋਕਾਂ ਦੇ ਹਿੱਤਾਂ ਨੂੰ ਕੁਚਲਿਆ ਹੈ ਅਤੇ ਜਬਰ ਦੇ ਜ਼ੋਰ ਇਹਨਾਂ ਨੀਤੀਆਂ ਨੂੰ ਲੋਕਾਂ ਸਿਰ ਮੜ੍ਹਿਆ ਹੈ। ਹੁਣ ਵੀ ਚੋਣਾਂ ਦੌਰਾਨ ਇਹਨਾਂ ਨੀਤੀਆਂ ਨੂੰ ਜਾਰੀ ਰੱਖਣ ਦੇ ਐਲਾਨ ਹੋ ਰਹੇ ਹਨ। ਵੋਟਾਂ ਤਾਂ ਇਹਨਾਂ ਸਿਆਸੀ ਟੋਲਿਆਂ ਦਰਮਿਆਨ ਲੁੱਟ ਦਾ ਮਾਲ ਵੰਡਣ ਦੇ ਰੌਲੇ ਦਾ ਨਿਪਟਾਰਾ ਕਰਨ ਲਈ ਹਨ। ਲੋਕਾਂ ਨੇ ਆਪਣੇ ਹਿਤਾਂ ਤੇ ਹੱਕਾਂ ਦੀ ਰੱਖਿਆ ਹਮੇਸ਼ਾਂ ਆਪਸੀ ਏਕਤਾ, ਜੱਥੇਬੰਦੀ ਅਤੇ ਸੰਘਰਸ਼ਾਂ ਰਾਹੀਂ ਹੀ ਕੀਤੀ ਹੈ ਤੇ ਅਗਾਂਹ ਵੀ ਸਰਕਾਰ ਚਾਹੇ ਕਿਸੇ ਪਾਰਟੀ ਦੀ ਆ ਜਾਵੇ, ਕਮਾਊ ਲੋਕਾਂ ਦੇ ਹੱਕਾਂ-ਹਿੱਤਾਂ ਲਈ ਸੰਘਰਸ਼ ਹੀ ਆਸਰਾ ਬਣਨੇ ਹਨ।
ਇਸ ਮੁਹਿੰਮ ਤੇ ਕਾਨਫਰੰਸ ਰਾਹੀਂ ਅਸੀਂ ਪੰਜਾਬ ਦੇ ਕਮਾਊ ਲੋਕਾਂ ਨੂੰ ਸੁਨੇਹਾ ਦੇ ਰਹੇ ਹਾਂ ਕਿ ਵੋਟਾਂ ਤੋਂ ਭਲੇ ਦੀ ਆਸ ਨਾ ਕਰੋ। ਸਗੋਂ ਆਪਣੇ ਹੱਕਾਂ ਤੇ ਹਿੱਤਾਂ ਦੀ ਰਾਖੀ ਲਈ ਜੱਥੇਬੰਦ ਹੋ ਕੇ ਸੰਘਰਸ਼ਾਂ ਦੇ ਰਾਹ 'ਤੇ ਅੱਗੇ ਵਧੋ। ਅੰਸ਼ਕ ਤੇ ਛੋਟੀਆਂ ਮੰਗਾਂ 'ਤੇ ਚਲਦੇ ਸੰਘਰਸ਼ਾਂ ਨੂੰ ਵੱਡੇ ਨੀਤੀ ਮੁੱਦਿਆਂ ਵੱਲ ਸੇਧਤ ਕਰੋ। ਲੋਕਾਂ ਤੋਂ ਖੋਹ ਕੇ ਜੋਕਾਂ ਨੂੰ ਦੇਣ ਵਾਲੀਆਂ ਨੀਤੀਆਂ ਅਤੇ ਕਾਨੂੰਨਾਂ ਖਿਲਾਫ਼ ਨਿਸ਼ਾਨਾ ਸੇਧੋ। ਇਹਨਾਂ ਮੌਕਾਪ੍ਰਸਤ ਵੋਟ ਪਾਰਟੀਆਂ ਤੋਂ ਟੇਕ ਛੱਡ ਕੇ ਸਭਨਾਂ ਕਿਰਤੀ ਕਮਾਊ ਲੋਕਾਂ ਦੀ ਇੱਕਜੁਟ ਸਾਂਝੀ ਸੰਘਰਸ਼ਸ਼ੀਲ ਲਹਿਰ ਉਸਾਰੋ।
 ਅਸੀਂ ਤੁਹਾਡੀ ਜੱਥੇਬੰਦੀ ਨੂੰ ਇਸ ਮੁਹਿੰਮ ਅਤੇ ਕਾਨਫਰੰਸ 'ਚ ਸ਼ਾਮਲ ਹੋਣ ਦਾ ਸੱਦਾ ਦਿੱਦੇ ਹਾਂ ਤਾਂ ਕਿ ਪੰਜਾਬ ਦੇ ਸਭਨਾਂ ਸੰਘਰਸ਼ਸ਼ੀਲ ਲੋਕਾਂ ਦੀ ਆਪਸੀ ਸਾਂਝ ਮਜ਼ਬੂਤ ਹੋ ਸਕੇ।
ਵੱਲੋਂ - ਪਗੜੀ ਸੰਭਾਲ ਮੁਹਿੰਮ ਕਮੇਟੀ, ਪੰਜਾਬ।

Thursday, January 19, 2012

ਸ਼ੋਕ ਸੁਨੇਹਾ

 ਪ੍ਰਸਿੱਧ ਅਜ਼ਾਦੀ ਘੁਲਾਟੀਏ ਤੇ ਲੋਕ-ਹੱਕਾਂ ਦੇ ਅਲੰਬਰਦਾਰ ਚੈਂਚਲ ਸਿੰਘ ਬਾਬਕ ਦਾ ਦੇਹਾਂਤ
Freedom Fighter & leader of Kirti Party Com. Chainchal Singh Babak passed away
 
ਪ੍ਰਸਿੱਧ ਅਜ਼ਾਦੀ ਘੁਲਾਟੀਏ, ਲੋਕ-ਹੱਕਾਂ ਦੇ ਅਲੰਬਰਦਾਰ ਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਰਗਰਮ ਸਨੇਹੀ ਸ੍ਰੀ ਚੈਂਚਲ ਸਿੰਘ ਬਾਬਕ ਪਿਛਲੇ ਦਿਨ ਇੰਗਲੈਂਡ ਦੇ ਸ਼ਹਿਰ ਨੌਟਿੰਗਮ ਵਿੱਚ ਚਲਾਣਾ ਕਰ ਗਏ।  ਉਹ 88 ਵਰ੍ਹਿਆਂ ਦੇ ਸਨ।  ਕਾਮਰੇਡ ਚੈਂਚਲ ਸਿੰਘ ਬਾਬਕ ਭਾਰਤ ਰਹਿੰਦਿਆਂ ਸਦਾ ਕਿਸਾਨਾਂ ਮਜ਼ਦੂਰਾਂ ਵਲੋਂ ਲੜੇ ਜਾਣ ਵਾਲੇ ਲੋਕ ਸੰਘਰਸ਼ਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ।  ਉਨ੍ਹਾਂ ਦਾ ਸ਼ੁਮਾਰ ਪੰਜਾਬ ਦੀ ਕਿਰਤੀ ਪਾਰਟੀ ਦੇ ਸਰਗਰਮ ਆਗੂਆਂ ਵਿੱਚ ਕੀਤਾ ਜਾਂਦਾ ਹੈ।  ਪਿਛੋਂ ਉਹ ਇੰਗਲੈਂਡ ਚਲੇ ਗਏ, ਉਥੇ ਵੀ ਉਨ੍ਹਾਂ ਨੇ ਭਾਰਤੀ ਮਜ਼ਦੂਰਾਂ ਵਲੋਂ ਆਪਣੀ ਪਛਾਣ ਅਤੇ ਆਪਣੇ ਹੱਕਾਂ ਲਈ ਲੜੀ ਜਾਣ ਵਾਲੀ ਹਰੇਕ ਲੜਾਈ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।  ਉਹ ਬਹੁਤ ਹੀ ਸੰਵੇਦਨਸ਼ੀਲ ਇਨਸਾਨ ਸਨ।  ਉਨ੍ਹਾਂ ਨੇ ਪ੍ਰਗਤੀਸ਼ੀਲ ਸਾਹਿਤਕ ਦੌਰ ਤੋਂ ਪ੍ਰਭਾਵਿਤ ਹੋ ਕੇ ਉਰਦੂ ਵਿੱਚ ਅਗਾਂਹਵਧੂ ਸ਼ਾਇਰੀ ਦੀ ਰਚਨਾ ਵੀ ਕੀਤੀ।  ਉਹ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਗ਼ਦਰੀ ਬਾਬਿਆਂ ਦੇ ਮੇਲੇ ਉਤੇ ਹੁੰਦੇ ਕਵੀ ਦਰਬਾਰ ਵਿੱਚ ਹਮੇਸ਼ਾ ਆਪਣੀਆਂ ਕਵਿਤਾਵਾਂ ਦਾ ਉਚਾਰਨ ਕਰਦੇ ਤੇ ਸਰੋਤਿਆਂ ਦੀ ਪ੍ਰਸੰਸਾ ਹਾਸਿਲ ਕਰਦੇ।  ਉਹ ਦੇਸ਼ ਭਗਤ ਯਾਦਗਾਰ ਕਮੇਟੀ ਨਾਲ ਭਾਵੁਕ ਪੱਧਰ 'ਤੇ ਜੁੜੇ ਹੋਏ ਸਨ।  ਉਹ ਸਵੈ ਇੱਛਾ ਨਾਲ ਕਮੇਟੀ ਦੀ ਆਰਥਿਕ ਮਦਦ ਤਾਂ ਅਕਸਰ ਕਰਦੇ ਹੀ ਰਹਿੰਦੇ ਸਨ।  ਪਰ ਜੇ ਕਮੇਟੀ ਆਪਣੇ ਵਲੋਂ ਉਨ੍ਹਾਂ ਨੂੰ ਕੋਈ ਉਚੇਚੀ ਸੇਵਾ ਸੌਂਪਦੀ ਤਾਂ ਉਹ ਇਹ ਸੇਵਾ ਵੀ ਖੁਸ਼ੀ ਖੁਸ਼ੀ ਸਵੀਕਾਰ ਕਰਦੇ।  ਆਪਣਾ ਪੂਰਾ ਜੀਵਨ ਲੋਕ ਸੇਵਾ ਲਈ ਅਰਪਨ ਕਰਨ ਵਾਲੇ ਸ੍ਰੀ ਬਾਬਕ ਮੌਤ ਤੋਂ ਬਾਦ ਵੀ ਆਪਣਾ ਸ਼ਰੀਰ ਦਾਨ ਕਰ ਗਏ ਹਨ।  ਤਾਂਕਿ ਕੁਝ ਹੋਰ ਲੋੜਵੰਦਾਂ ਦੇ ਜੀਵਨ ਵਿਚ ਵੀ ਉਹ ਕੋਈ ਲਾਭਕਾਰੀ ਯੋਗਦਾਨ ਪਾ ਸਕਣ।  ਉਹ ਅਕਸਰ ਹਰ ਸਾਲ ਹੀ ਗ਼ਦਰੀ ਬਾਬਿਆਂ ਦੇ ਮੇਲੇ ਉਤੇ ਆਪਣੀ ਪਤਨੀ ਸਮੇਤ ਸ਼ਿਰਕਤ ਕਰਦੇ ਰਹਿੰਦੇ ਸਨ।  ਦੇਸ਼ ਭਗਤ ਯਾਦਗਾਰ ਕਮੇਟੀ ਆਪਣੇ ਇਸ ਸਨੇਹੀ ਦੇ ਤੁਰ ਜਾਣ ਉਤੇ ਜਿਥੇ ਉਨ੍ਹਾਂ ਦੇ ਪਰਿਵਾਰ ਅਤੇ ਅਗਾਂਹਵਧੂ ਹਲਕਿਆਂ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕਰਦੀ ਹੈ, ਉਥੇ ਆਪਣੇ ਇਸ ਸਨੇਹੀ ਦੇ ਸੰਘਰਸ਼ਸ਼ੀਲ ਤੇ ਬੇਦਾਗ ਜੀਵਨ ਉਤੇ ਮਾਣ ਵੀ ਮਹਿਸੂਸ ਕਰਦੀ ਹੈ।  ਅੱਜ ਇਸ ਮਕਸਦ ਲਈ ਕਮੇਟੀ ਦੇ ਮੈਂਬਰਾਂ ਵਲੋਂ ਕਾਮਰੇਡ ਨੌਨਿਹਾਲ ਸਿੰਘ ਦੀ ਪ੍ਰਧਾਨਗੀ ਹੇਠ ਇਕ ਸ਼ੋਕ ਸਭਾ ਕੀਤੀ ਗਈ, ਜਿਸ ਵਿੱਚ ਜਨਰਲ ਸਕੱਤਰ ਡਾ. ਰਘਬੀਰ ਕੌਰ, ਵਿੱਤ ਸਕੱਤਰ ਰਘਬੀਰ ਸਿੰਘ ਛੀਨਾ, ਡਾ. ਵਰਿਆਮ ਸਿੰਘ ਸੰਧੂ, ਕਾਮਰੇਡ ਗੁਰਮੀਤ ਤੇ ਸ੍ਰੀ ਚਰੰਜੀ ਲਾਲ ਆਦਿ ਮੈਂਬਰ ਹਾਜ਼ਰ ਸਨ।

Monday, January 16, 2012

ਲੋਕ ਮੋਰਚਾ ਪੰਜਾਬ ਦਾ ਇਨਕਲਾਬੀ ਬਦਲ ਦਾ ਪ੍ਰੋਗਰਾਮ (The Programme of Revolutionary Alternative by Lok Morcha Punjab)

(ਨੋਟ: 15 ਜਨਵਰੀ 2012 ਨੂੰ ਬਠਿੰਡਾ ਵਿਖੇ ਲੋਕ ਮੋਰਚਾ ਪੰਜਾਬ ਦੀ ਸੂਬਾਈ ਕਨਵੈਨਸ਼ਨ 'ਚ ਪਹੁੰਚੀ ਭਰਵੀਂ ਇੱਕਤਰਤਾ ਸਾਹਮਣੇ, ਮੋਰਚੇ ਦੇ ਪ੍ਰਧਾਨ ਸ਼੍ਰੀ ਗੁਰਦਿਆਲ ਭੰਗਲ ਅਤੇ ਅਮੋਲਕ ਸਿੰਘ ਜਨਰਲ ਸਕੱਤਰ ਵਲੋਂ ਪ੍ਰਕਾਸ਼ਿਤ, ਚੋਣ ਤਮਾਸ਼ੇ ਦੇ ਸਨਮੁੱਖ ਇਨਕਲਾਬੀ ਬਦਲ ਦੇ ਪ੍ਰੋਗਰਾਮ ਬਾਬਤ ਇੱਕ ਪੰਫਲਿਟ ਰਲੀਜ਼ ਕੀਤਾ ਗਿਆ। ਇਹ ਪੰਫਲਿਟ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਦੇ ਸਰਗਰਮ ਕਾਰਕੁੰਨਾ ਨੂੰ ਸੰਭੋਧਿਤ ਹੈ। ਪੰਫਲਿਟ ਨੂੰ ਪੜ੍ਹਨ ਲਈ ਹੇਠਾਂ ਨੀਲੇ ਅੱਖਰਾਂ 'ਚ ਦਿੱਤੀਆਂ ਲਾਈਨਾਂ 'ਤੇ ਕਲਿਕ ਕਰੋ। )

ਚੋਣ-ਤਮਾਸ਼ੇ ਤੋਂ ਖ਼ਬਰਦਾਰ ਕਰਦਾ 
ਇਨਕਲਾਬ-ਜ਼ਿੰਦਾਬਾਦ ਦਾ ਹੋਕਾ ਦਿੰਦਾ 
ਲੋਕ ਮੋਰਚਾ ਪੰਜਾਬ ਦਾ
 ਇਨਕਲਾਬੀ ਬਦਲ ਦਾ ਪ੍ਰੋਗਰਾਮ
ਸੂਬਾ ਕਮੇਟੀ, ਲੋਕ ਮੋਰਚਾ ਪੰਜਾਬ
ਪ੍ਰਕਾਸ਼ਕ :
ਐਨ.ਕੇ. ਜੀਤ ਐਡਵੋਕੇਟ ਸਰਪ੍ਰਸਤ ,ਅਮੋਲਕ ਸਿੰਘ ਜਨਰਲ ਸਕੱਤਰ (94170 76735),
ਗੁਰਦਿਆਲ ਸਿੰਘ ਭੰਗਲ ਪ੍ਰਧਾਨ (94170 07363)

Saturday, January 7, 2012

MANIFESTO OF LOK MORCHA PUNJAB -1997, A HISTORICAL DOCUMENT


 ਵੋਟ ਪ੍ਰਸਤ ਪਾਰਟੀਆਂ ਦੇ ਝੂਠੇ ਦਿਲ ਫਰੇਬ ਮੈਨੀਫੈਸਟੋਆਂ ਦੇ ਮੁਕਾਬਲੇ,
ਇਨਕਲਾਬੀ ਬਦਲ ਵਜੋਂ ਲੋਕ ਮੋਰਚਾ ਪੰਜਾਬ ਦੇ ਇਨਕਲਾਬ ਦੇ ਸੰਘਰਸ਼ ਦਾ ਮੈਨੀਫੈਸਟੋ

NOTE: During the 1997 elections, Lok Morcha Punjab, issued the following "Peoples Manifesto", which we are reproducing here to stimulate the debate, as to what should be the alternative to the manifestos being issued by various parliamentary parties:

ਅੱਜ ਸਾਡੇ ਦੇਸ਼ ਦੀ ਜੋ ਹਾਲਤ ਬਣੀ ਹੋਈ ਹੈ, ਇਸ ਤੋਂ ਹਰ ਇੱਕ ਸੂਝਵਾਨ ਅਤੇ ਦੇਸ਼ ਪਿਆਰ ਰੱਖਣ ਵਾਲਾ ਭਾਰਤੀ ਡਾਢਾ ਫਿਕਰਮੰਦ ਹੈ। ਮੁਲਕ ਦੀ ਆਰਥਿਕਤਾ ਪੂਰੀ ਤਰਾਂ ਲੜਖੜਾ ਚੁੱਕੀ ਹੈ। ਸਾਹ-ਸੱਤਹੀਣ ਹੋ ਚੁੱਕੀ ਹੈ। ਇਸ ਨੂੰ ਵਿਦੇਸ਼ੀ ਸਹਾਇਤਾ ਅਤੇ ਕਰਜ਼ੇ ਦੀਆਂ ਡੰਗੋਰੀਆਂ ਆਸਰੇ ਤੋਰਿਆ ਜਾ ਰਿਹਾ ਹੈ। ਭਾਰਤੀ ਹਾਕਮਾਂ ਨੇ ਦੇਸ਼ ਦੀ ਪ੍ਰਭੂਸੱਤਾ, ਆਜ਼ਾਦੀ ਅਤੇ ਸਵੈ ਨਿਰਭਰਤਾ ਦਾ ਵਿਖਾਵਾ ਕਰਨਾ ਵੀ ਛੱਡ ਦਿੱਤਾ ਹੈ। ਇਹਨਾਂ ਨੇ ਭਾਰਤੀ ਕੌਮ ਦੀ ਕਿਸਮਤ ਦੀਆਂ ਡੋਰੀਆਂ ਆਪਣੇ ਸਾਮਰਾਜੀ ਪ੍ਰਭੂਆਂ ਦੇ ਹੱਥ ਫੜਾ ਦਿੱਤੀਆਂ ਹਨ। ਹੁਣ ਸਾਡੇ ਮੁਲਕ ਲਈ ਆਰਥਿਕ ਨੀਤੀਆਂ, ਢਾਂਚਾ-ਸੁਧਾਈ, ਨਿੱਜੀਕਰਨ ਅਤੇ ਰੁਪਏ ਦੀ ਕਦਰ ਘਟਾਈ ਆਦਿ ਰਾਹੀਂ ਸਾਮਰਾਜੀ ਜੋਕਾਂ ਇਸ ਦੇ ਖੂਨ ਦਾ ਆਖਰੀ ਤੁਪਕਾ ਵੀ ਨਿਚੋੜਣ ਤੱਕ ਜਾ ਰਹੀਆਂ ਹਨ। ਅੱਜ ਮੁਲਕ ਦੀ ਪਾਰਲੀਮਾਨੀ ਸਿਆਸਤ ਵੀ ਪੂਰੀ ਤਰਾਂ ਨਿੱਘਰ ਚੁੱਕੀ ਹੈ। ਹੁਣ ਇਸ ਨੇ ਆਪਣਾ ਅਸੂਲ ਪ੍ਰਸਤੀ, ਇਖਲਾਕ ਅਤੇ ਕਦਰਾਂ ਕੀਮਤਾਂ ਦਾ ਭੁਲੇਖਾ ਪਾਊ ਘੁੰਡ ਵੀ ਵਗਾਹ ਮਾਰਿਆ ਹੈ। ਕੁਰਸੀ ਖਾਤਰ ਦੰਭ-ਫਰੇਬ, ਛਲ-ਕਪਟ, ਠੱਗੀ-ਝੂਠ, ਭ੍ਰਿਸ਼ਟਾਚਾਰ, ਦਲਬਦਲੀਆਂ, ਵੋਟਾਂ ਤੇ ਵਿਧਾਇਕਾਂ ਦੀ ਖਰੀਦੋ ਫਰੋਖਤ ਆਦਿ ਸਭ ਹਰਬਿਆਂ ਨੂੰ ਜਾਇਜ਼ ਕਰਾਰ ਦੇ ਦਿੱਤਾ ਹੈ। ਇਹ ਸਭ ਪਾਰਲੀਮਾਨੀ ਪਾਰਟੀਆਂ ਸਾਮਰਾਜੀ ਲੁਟੇਰਿਆਂ ਦੀ ਡੰਡੌਤ-ਵੰਦਨਾ ਕਰਨ ਲਈ ਇਕ ਦੂਜੇ ਦੇ ਖੁਰ ਵੱਢਦੀਆਂ ਹਨ, ਵੱਡੇ ਸਰਮਾਏਦਾਰਾਂ, ਅਫਸਰਸ਼ਾਹਾਂ ਅਤੇ ਜਗੀਰਦਾਰਾਂ, ਯਾਨੀ ਭਾਰਤੀ ਹਾਕਮਾਂ ਮੂਹਰੇ ਸਿਜਦੇ ਕਰਦੀਆਂ ਹਨ ਜਦਕਿ ਲੋਕਾਂ ਨੂੰ ਆਪਣੇ ਰਾਜ-ਸਿੰਘਾਸਨ ਦੇ ਪਾਵੇ ਹੀ ਸਮਝਦੀਆਂ ਹਨ। ਕਦੇ ਫੋਕੇ ਅਤੇ ਦਿਲ-ਫਰੇਬ ਲਾਰੇ ਲਾ ਕੇ, ਕਦੇ ਧਰਮ, ਫਿਰਕੇ, ਜਾਤ ਅਤੇ ਇਲਾਕੇ ਦੇ ਪੁਆੜੇ ਪਾ ਕੇ ਅਤੇ ਕਦੇ ਅਮਨ ਤੇ ਸਦਭਾਵਨਾ ਦੀ ਦੁਹਾਈ ਪਾ ਕੇ ਇਹ ਜਿੰਨਾਂ ਲੋਕਾਂ ਦੀਆਂ ਵੋਟਾਂ ਬਟੋਰ ਕੇ ਹਕੂਮਤ ਹਾਸਲ ਕਰਦੀਆਂ ਹਨ, ਮੁੜ ਉਹਨਾਂ ਲੋਕਾਂ 'ਤੇ ਹੀ ਹਕੂਮਤੀ ਛਟੀ ਵਰਾਉਂਦੀਆਂ ਹਨ। ਲੋਕ-ਦੋਖੀ ਨੀਤੀਆਂ-ਪਾਲਿਸੀਆਂ ਮੜ ਕੇ ਉਹਨਾਂ ਦੇ ਮੂੰਹੋਂ ਬੁਰਕੀ ਖੋਹਣ ਤੱਕ ਜਾਂਦੀਆਂ ਹਨ।

ਖੈਰ ਪਿਛਲੇ ਪੰਜਾਹ ਸਾਲਾਂ ਦੇ ਤਜਰਬੇ 'ਚੋਂ ਹੁਣ ਲੋਕਾਂ ਨੇ ਇਹਨਾਂ ਦਾ ਭੇਤ ਪਾ ਲਿਆ ਹੈ। ਲੋਕਾਂ ਜਾਣ ਲਿਆ ਹੈ ਕਿ ਵੋਟ-ਸਿਆਸਤ ਵਿੱਚ ਮਸ਼ਰੂਫ ਇਹ ਸਭ ਪਾਰਟੀਆਂ 'ਚੋਂ ਕੋਈ ਵੀ ਲੋਕਾਂ ਦੀ ਸਕੀ ਨਹੀਂ ਹੈ। ਇਹ ਸਭ ਉਸੇ ਆਰਥਿਕ-ਸਿਆਸੀ ਨਿਜ਼ਾਮ ਦੀਆਂ ਪਹਿਰੇਦਾਰ ਤੇ ਤਾਬੇਦਾਰ ਹਨ, ਜਿਹੜਾ ਸਾਮਰਾਜੀ ਜੋਕਾਂ, ਭਾਰਤੀ ਇਜਾਰੇਦਾਰ ਲੁਟੇਰਿਆਂ ਅਤੇ ਜਗੀਰਦਾਰੀ ਦੀ ਲੁੱਟ ਅਤੇ ਦਾਬੇ ਨੂੰ ਕਾਇਮ ਰੱਖ ਰਿਹਾ ਹੈ। ਇਹ ਸਭ ਉਹਨਾਂ ਪੁਰਾਣੀਆਂ ਜਾਂ ਨਵੀਆਂ ਆਰਥਿਕ ਨੀਤੀਆਂ ਦੀ ਵਕਾਲਤ ਕਰਦੀਆਂ ਹਨ,  ਜਿਹਨਾਂ ਰਾਹੀਂ ਅਮੀਰਾਂ-ਸ਼ਾਹੂਕਾਰਾਂ, ਇਹਨਾਂ ਸਿਆਸਤਦਾਨਾਂ ਅਤੇ ਅਫਸਰਸ਼ਾਹਾਂ ਨੇ, ਲੋਕਾਂ ਨੂੰ ਗਰੀਬੀ, ਮਹਿੰਗਾਈ, ਬੇਰੁਜ਼ਗਾਰੀ ਤੇ ਜ਼ਲਾਲਤ ਦੀ ਚੱਕੀ ਵਿੱਚ ਦਰੜਿਆ ਹੈ। ਰੱਤ-ਨਿਚੋੜ ਟੈਕਸਾਂ ਅਤੇ ਹਰ ਪਾਸੇ ਫੈਲੇ ਭ੍ਰਿਸ਼ਟਾਚਾਰ ਨਾਲ ਲੁੱਟ-ਚੂੰਡ ਕੇ ਖੁੰਗਲ ਕੀਤਾ ਹੈ। ਇਹੀ ਪਾਰਟੀਆਂ ਹਨ, ਜਿਹਨਾਂ ਨੇ ਫਿਰਕੂ ਪਾਟਕ, ਜਾਤਪਾਤੀ ਤੁਅੱਸਬ ਅਤੇ ਦਹਿਸ਼ਤਗਰਦੀ ਨੂੰ ਹਵਾ ਦੇ ਕੇ, ਲੋਕਾਂ ਦੀ ਭਾਈਚਾਰਕ ਏਕਤਾ ਅਤੇ ਸਾਂਝ ਨੂੰ ਬਲਦੀ ਦੇ ਬੂਥੇ ਦਿੱਤਾ ਹੈ। ਇਹ ਪਾਰਟੀਆਂ ਭਾਰਤੀ ਲੋਕਾਂ ਸਿਰ ਮੜੀ ਨਕਲੀ ਆਜ਼ਾਦੀ ਅਤੇ ਝੂਠੀ ਜਮਹੂਰੀਅਤ ਦੀਆਂ ਖੈਰ-ਖੁਆਹ ਹਨ। ਇਹਨਾਂ ਨੇ ਸਮੁੱਚੀ ਭਾਰਤੀ ਕੌਮ ਨੂੰ ਹਰ ਖੇਤਰ ਵਿੱਚ ਹੀਣਤਾ ਅਤੇ ਨਮੋਸ਼ੀ ਦੀ ਖੱਡ ਵਿੱਚ ਸੁੱਟਿਆ ਹੈ। ਭਾਰਤੀ ਕੌਮ ਦੀ ਅਣਖ, ਇੱਜ਼ਤ ਅਤੇ ਗੈਰਤ ਨੂੰ ਸਾਮਰਾਜੀਆਂ ਕੋਲ ਗਹਿਣੇ ਧਰ ਦਿੱਤਾ ਹੈ। ਹੁਣ ਭਾਰਤੀ ਲੋਕਾਂ ਦੀ ਜ਼ਮੀਰ ਅੰਦਰ ਅਜੇ ਜਾਗਦੇ ਕਣ-ਕੰਡੇ ਨੂੰ ਭੋਰਨ ਲਈ ਅਤੇ ਨਰੋਈਆਂ ਕਦਰਾਂ-ਕੀਮਤਾਂ ਦਾ ਸੱਤਿਆਨਾਸ਼ ਕਰਨ ਲਈ ਬਦਬੋ ਮਾਰਦੇ ਪੱਛਮੀ ਸੱਭਿਆਚਾਰ ਦੀ ਘੁਸਪੈਠ ਨੂੰ ਖੁੱਲ•ੀ ਛੁੱਟੀ ਦੇ ਦਿੱਤੀ ਗਈ ਹੈ।

ਭਾਰਤੀ ਲੋਕ ਅੱਜ ਇਹਨਾਂ ਪਾਰਟੀਆਂ ਤੋਂ ਬੁਰੀ ਤਰ•ਾਂ ਅੱਕੇ-ਸਤੇ ਪਏ ਹਨ। ਉਹ ਇਸ ਲੋਟੂ ਅਤੇ ਭ੍ਰਿਸ਼ਟ ਨਿਜ਼ਾਮ ਤੋਂ ਨਿਜਾਤ ਚਾਹੁੰਦੇ ਹਨ। ਉਹ ਇਹਨਾਂ ਮੌਕਾ ਪ੍ਰਸਤ ਪਾਰਟੀਆਂ ਦੇ ਚੁੰਗਲ 'ਚੋਂ ਨਿੱਕਲਣਾ ਚਾਹੁੰਦੇ ਹਨ। ਉਹ ਤਿੱਖੀ ਲੋਕ-ਪੱਖੀ ਤਬਦੀਲੀ ਚਾਹੁੰਦੇ ਹਨ। ਉਹ ਇਨਕਲਾਬੀ ਬਦਲ ਚਾਹੁੰਦੇ ਹਨ। ਇਸ ਸਥਿਤੀ ਨੂੰ ਹੀ ਸੰਬੋਧਿਤ ਹੋ ਕਿ ਲੋਕ ਮੋਰਚਾ ਪੰਜਾਬ, ਇਹ ਲੋਕ-ਹਿਤਾਂ ਦੀ ਸਿਆਸਤ, ਤਬਦੀਲੀ ਦੀ ਸਿਆਸਤ, ਇਸ ਲੋਕ-ਦੋਖੀ ਭ੍ਰਿਸ਼ਟ ਨਿਜ਼ਾਮ ਤੋਂ ਨਿਜਾਤ ਦੀ ਸਿਆਸਤ, ਲੁੱਟ ਅਤੇ ਦਾਬੇ ਤੋਂ ਮੁਕਤੀ ਦੀ ਸਿਆਸਤ, ਕੌਮੀ ਅਣਖ ਅਤੇ ਸਵੈਮਾਣ ਦੀ ਸਿਆਸਤ ਅਰਥਾਤ ਇਨਕਲਾਬ ਦੀ ਸਿਆਸਤ ਲੈ ਕੇ ਆ ਰਿਹਾ ਹੈ। ਇਹ ਉਹੀ ਸਿਆਸਤ ਹੈ, ਜਿਸਦਾ ਬੀੜਾ ਸ਼ਹੀਦ ਭਗਤ ਸਿੰਘ ਅਤੇ ਹੋਰ ਕੌਮੀ ਸ਼ਹੀਦਾਂ ਨੇ ਚੁੱਕਿਆ ਸੀ। ਲੋਕ ਮੋਰਚਾ ਉਸ ਸੁਪਨੇ ਨੂੰ ਸਾਕਾਰ ਕਰਨਾ ਚਾਹੁੰਦਾ ਹੈ, ਜੋ ਸੁਪਨਾ ਸਾਡੇ ਇਹਨਾਂ ਸ਼ਹੀਦਾਂ ਨੇ ਲਿਆ ਸੀ। ਇਹ ਆਰਥਿਕ-ਸਿਆਸੀ ਨਿਜ਼ਾਮ ਦੀ ਉਸ ਤਸਵੀਰ ਅੰਦਰ ਰੰਗ ਭਰਨਾ ਚਾਹੁੰਦਾ ਹੈ, ਜਿਸਦਾ ਖਾਕਾ ਸਾਡੇ ਇਹਨਾਂ ਸ਼ਹੀਦਾਂ ਨੇ ਖਿੱਚਿਆ ਸੀ। ਅੱਜ ਇਨਕਲਾਬ-ਜਿੰਦਾਬਾਦ ਰੈਲੀ ਦੇ ਇਸ ਜਸ਼ਨੀ ਮੌਕੇ ਲੋਕ ਮੋਰਚਾ ਪੰਜਾਬ ਆਪਣਾ ਮੈਨੀਫੈਸਟੋ ਜਾਰੀ ਕਰਦਾ ਹੋਇਆ ਐਲਾਨ ਕਰਦਾ ਹੈ ਕਿ :-

ਲੋਕ ਮੋਰਚਾ ਰਾਜ ਦੇ ਮੌਜੂਦਾ ਢਾਂਚੇ ਨੂੰ ਰੱਦ ਕਰਦਾ ਹੈ। ਇਹ ਇਕ ਜਨਤਕ ਇਨਕਲਾਬ ਨਾਲ ਇਸ ਦੀ ਥਾਂ ਇਕ ਅਜਿਹਾ ਰਾਜ ਪ੍ਰਬੰਧ ਉਸਾਰੇਗਾ ਜਿਸ ਵਿੱਚ ਸਰਵ-ਉੱਚ ਤਾਕਤ ਲੋਕਾਂ ਦੇ ਹੱਥ ਹੋਵੇਗੀ। ਅਸਲੀ ਆਜ਼ਾਦੀ ਅਤੇ ਸੱਚੀ ਜਮਹੂਰੀਅਤ ਦੀ ਸਥਾਪਤੀ ਲਈ ਲੋਕ-ਹਿਤੂ, ਜਮਹੂਰੀ ਸੰਵਿਧਾਨ ਘੜਨ ਲਈ ਇਕ ਵਿਧਾਨ-ਸਾਜ਼ ਅਸੈਂਬਲੀ ਚੁਣੀ ਜਾਵੇਗੀ। ਸਾਮਰਾਜ-ਪੱਖੀ ਅਤੇ ਜਮਹੂਰੀਅਤ ਵਿਰੋਧੀ ਸ਼ਕਤੀਆਂ ਨੂੰ ਇਸ ਤੋਂ ਬਾਹਰ ਰੱਖਿਆ ਜਾਵੇਗਾ। ਇਸ ਢਾਂਚੇ ਵਿੱਚ ਸਭ ਲੋਕ ਜਥੇਬੰਦ ਕੀਤੇ ਜਾਣਗੇ। ਉਹਨਾਂ ਦੀ ਚੇਤਨਾ ਦਾ ਪੱਧਰ ਲਗਾਤਾਰ ਉੱਪਰ ਚੁੱਕਿਆ ਜਾਂਦਾ ਰਹੇਗਾ। ਰਾਜ-ਪ੍ਰ੍ਰਬੰਧ 'ਚ ਉਹਨਾਂ ਦੀ ਸਰਗਰਮ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ। ਰਾਜ-ਪ੍ਰਬੰਧਕੀ ਢਾਂਚਾ ਸਿੱਧਾ ਅਤੇ ਸਰਲ ਹੋਵੇਗਾ। ਲੋਕ ਆਪਣੇ ਬਹੁਤੇ ਮਸਲੇ ਸਥਾਨਕ ਕਮੇਟੀਆਂ ਰਾਹੀਂ ਹੀ ਹੱਲ ਕਰਨਗੇ। ਲੋਕਾਂ ਨੂੰ ਆਜ਼ਾਦੀ ਅਤੇ ਪਹਿਲਕਦਮੀ ਦੇ ਮੌਕੇ ਦਿੱਤੇ ਜਾਣਗੇ। ਮੁਲਾਜ਼ਮਾਂ ਅਤੇ ਅਫਸਰਾਂ ਨੂੰ ਲੋਕ ਸੇਵਾ ਦੀ ਭਾਵਨਾ ਨਾਲ ਕੰਮ ਕਰਨ ਦੀ ਸਿੱਖਿਆ ਅਤੇ ਤਰਬੀਅਤ ਦਿੱਤੀ ਜਾਵੇਗੀ। ਮੁਲਾਜ਼ਮਾਂ ਦੀਆਂ ਗੁਪਤ ਰਿਪੋਰਟਾਂ ਦਾ ਪ੍ਰਬੰਧ ਖਤਮ ਕਰ ਦਿੱਤਾ ਜਾਵੇਗਾ, ਇਸ ਦੀ ਥਾਂ ਇਹ ਰਿਪੋਰਟਾਂ ਸਬੰਧਤ ਲੋਕਾਂ ਦੇ ਵਿਚਾਰ ਬਣਿਆ ਕਰਨਗੇ। ਮੌਜੂਦਾ ਜਾਬਰ ਪੁਲਿਸ ਦੀ ਥਾਂ ਲੋਕਾਂ ਦੀ ਸੇਵਾ ਕਰਨ ਵਾਲੀ ਵਲੰਟੀਅਰ ਸ਼ਕਤੀ ਲਵੇਗੀ। ਇਸ ਦੀ ਗਿਣਤੀ ਵੀ ਬਹੁਤ ਘੱਟ ਹੋਵੇਗੀ ਕਿਉਂਕਿ ਸਥਾਨਕ ਪੱਧਰ ਤੇ ਬਹੁਤ ਮਸਲੇ ਲੋਕ ਆਪ ਹੱਲ ਕਰਿਆ ਕਰਨਗੇ ਅਤੇ ਉਹ ਆਪਣੀਆਂ ਵਲੰਟੀਅਰ ਰਾਖਾ ਟੁਕੜੀਆਂ ਤਾਇਨਾਤ ਕਰਨਗੇ। ਸਭ ਕਾਲੇ ਕਾਨੂੰਨ ਰੱਦ ਹੋਣਗੇ। ਭ੍ਰਿਸ਼ਟਾਚਾਰ ਨੂੰ ਇਕ ਸੰਗੀਨ ਅਪਰਾਧ ਕਰਾਰ ਦਿੱਤਾ ਜਾਵੇਗਾ।

ਲੋਕਾਂ ਨੂੰ ਸਭ ਜਮਹੂਰੀ ਅਧਿਕਾਰ ਹਾਸਲ ਹੋਣਗੇ। ਰੁਜ਼ਗਾਰ ਦੇਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਰੁਜ਼ਗਾਰ ਨਾ ਮਿਲਣ ਦੀ ਸੂਰਤ ਵਿੱਚ ਗੁਜ਼ਾਰੇ ਲਾਇਕ ਭੱਤਾ ਦਿੱਤਾ ਜਾਇਆ ਕਰੇਗਾ। ਵਿੱਦਿਆ ਆਮ ਕਰਕੇ ਮੁਫਤ ਹੋਵੇਗੀ। ਮੁਲਕ ਦਾ ਹਰ ਕਾਨੂੰਨ-ਆਮ ਜਨਤਕ ਵਿਚਾਰ ਵਟਾਂਦਰੇ ਅਤੇ ਲੋਕਾਂ ਦੇ ਆਪਣੇ ਨੁਮਾਇੰਦਿਆਂ ਰਾਹੀਂ ਸੁਝਾਅ-ਮਸ਼ਵਰੇ ਹਾਸਲ ਕਰਨ ਉਪਰੰਤ ਹੀ ਬਣਾਇਆ ਜਾਇਆ ਕਰੇਗਾ।

ਧਰਮ ਇਕ ਨਿੱਜੀ ਮਾਮਲਾ ਕਰਾਰ ਦਿੱਤਾ ਜਾਵੇਗਾ। ਰਾਜ ਅਤੇ ਸਿਆਸਤ ਦੇ ਮਾਮਲਿਆਂ ਵਿੱਚ ਇਸ ਨੂੰ ਘੁਸੇੜਨ ਦੀ ਮਨਾਹੀ ਹੋਵੇਗੀ। ਸਾਰੀਆਂ ਕੌਮੀਅਤਾਂ ਆਪਣੀ ਬੋਲੀ ਅਤੇ ਸੱਭਿਆਚਾਰ ਨੂੰ ਵਿਕਸਤ ਕਰਨ ਲਈ ਖੁਦਮੁਖਤਿਆਰ ਹੋਣਗੀਆਂ। ਭਾਰਤੀ ਰਾਜ ਕੌਮੀਅਤਾਂ ਦੀ ਸਵੈ-ਇੱਛਿਤ ਯੂਨੀਅਨ ਹੋਵੇਗਾ। ਹਰੇਕ ਥਾਂ ਵਿੱਦਿਆ ਮਾਧਿਅਮ ਮਾਂ ਬੋਲੀ ਹੋਵੇਗਾ। ਅਜਿਹੇ ਰਾਜ ਪ੍ਰਬੰਧ ਦਾ ਆਧਾਰ ਆਰਥਿਕ ਢਾਂਚੇ ਦਾ ਜਮਹੂਰੀਕਰਨ ਬਣੇਗਾ। ਸਾਮਰਾਜ, ਵੱਡੇ ਸਰਮਾਏਦਾਰਾਂ, ਅਫਸਰਸ਼ਾਹਾਂ ਅਤੇ ਜਗੀਰਦਾਰਾਂ ਦੀ ਲੁੱਟ ਅਤੇ ਦਾਬੇ ਦਾ ਫਸਤਾ ਵੱਢ ਦਿੱਤਾ ਜਾਵੇਗਾ। ਮੁਲਕ ਅੰਦਰਲੀਆਂ ਸਭ ਇਜਾਰੇਦਾਰ ਅਤੇ ਵੱਡੀਆਂ ਕੰਪਨੀਆਂ ਦਾ ਕੌਮੀਕਰਨ ਕਰ ਦਿੱਤਾ ਜਾਵੇਗਾ। ਭਾਰਤੀ ਸ਼ਾਹਾਂ ਦੇ ਵਿਦੇਸ਼ੀ ਬੈਕਾਂ ਵਿਚਲੇ ਧਨ ਨੂੰ ਕੁਰਕ ਕਰਨ ਦੇ ਯਤਨ ਕੀਤੇ ਜਾਣਗੇ।

ਮੁਲਕ ਅੰਦਰ ਕੌਮੀ ਸੋਮਿਆਂ, ਸਾਧਨਾਂ ਅਤੇ ਮਨੁੱਖੀ ਸ਼ਕਤੀਆਂ ਦੀ ਭਰਪੂਰ ਵਰਤੋਂ ਕਰਦਿਆਂ ਇਕ ਸਵੈ-ਨਿਰਭਰ ਅਰਥਚਾਰਾ ਉਸਾਰਿਆ ਜਾਵੇਗਾ। ਅਫਸਰਰਾਜ ਦਾ ਖਾਤਮਾ ਕਰ ਦਿੱਤਾ ਜਾਵੇਗਾ। ਤਕਨੀਕੀ ਮਾਹਿਰਾਂ ਨੂੰ ਮਜ਼ਦੂਰਾਂ ਦੇ ਸਾਥੀ ਅਤੇ ਅਧਿਆਪਕ ਬਣਨ ਲਈ ਪ੍ਰੇਰਿਤ ਕੀਤਾ ਜਾਵੇਗਾ। ਮਹਿੰਗਾਈ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਦਾ ਮੁਕੰਮਲ ਖਾਤਮਾ ਕੀਤਾ ਜਾਵੇਗਾ। ਪੈਦਾਵਾਰ ਅੰਦਰ ਲੋਕਾਂ ਦੀਆਂ ਮੁੱਢਲੀਆਂ ਅਤੇ ਅਹਿਮ ਲੋੜਾਂ ਦੀ ਪੂਰਤੀ ਨੂੰ ਤਰਜੀਹ ਦਿੱਤੀ ਜਾਵੇਗੀ। ਸਹੂਲਤਾਂ ਅਤੇ ਐਸ਼ੋ ਇਸ਼ਰਤ ਦੀਆਂ ਵਸਤਾਂ ਦੀ ਪੈਦਾਵਾਰ ਨੂੰ ਸੀਮਤ ਕੀਤਾ ਜਾਵੇਗਾ। ਕੌਮੀ ਸਨਅਤ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਘਰੇਲੂ ਦਸਤਕਾਰੀਆਂ ਨੂੰ ਵਧਣ-ਫੁੱਲਣ ਦੇ ਪੂਰੇ ਮੌਕੇ ਮੁਹੱਈਆ ਕੀਤੇ ਜਾਣਗੇ। ਸਰਕਾਰ ਵੱਲੋਂ ਉਹਨਾਂ ਨੂੰ ਸਸਤਾ ਕੱਚਾ ਮਾਲ ਅਤੇ ਵਿਕਰੀ ਦੀ ਜਾਮਨੀ ਕੀਤੀ ਜਾਵੇਗੀ। ਮੁਨਾਫਾ ਦਰ ;ਨਿਸ਼ਚਿਤ ਕੀਤੀ ਜਾਵੇਗੀ। ਮਜ਼ਦੂਰਾਂ ਦੀ ਸਨਅਤੀ ਅਦਾਰਿਆਂ ਅੰਦਰ ਜਥੇਬੰਦਕ ਪੁੱਗਤ ਬਣਾਈ ਜਾਵੇਗੀ। ਸਮੂਹ ਮਜ਼ਦੂਰ ਅੱਠ ਘੰਟੇ ਦੀ ਦਿਹਾੜੀ, ਰੁਜ਼ਗਾਰ ਦੀ ਸੁਰੱਖਿਆ, ਬੋਨਸ, ਗਰੈਚੁਇਟੀ ਅਤੇ ਪੈਨਸ਼ਨ ਦੇ ਹੱਕਦਾਰ ਹੋਣਗੇ। ਛੁੱਟੀਆਂ ਦੀ ਵਿਵਸਥਾ ਹੋਵੇਗੀ। ਰਿਹਾਇਸ਼ ਦੀ ਵਿਵਸਥਾ ਸਨਅਤੀ ਅਦਾਰੇ ਕਰਨਗੇ। ਠੇਕੇਦਾਰੀ ਦਾ ਭੋਗ ਪਾਇਆ ਜਾਵੇਗਾ। ਸਨਅਤੀ ਅਦਾਰਿਆਂ ਅਤੇ ਵੱਡੇ ਪ੍ਰਾਜੈਕਟਾਂ ਅੰਦਰ ਦਿਹਾੜੀਦਾਰ ਕਾਮੇ ਰੱਖਣ ਦੀ ਮਨਾਹੀ ਹੋਵੇਗੀ।

ਜਗੀਰਦਾਰਾਂ ਦੀ ਅਤੇ ਸਰਕਾਰੀ ਜ਼ਮੀਨ, ਖੇਤ ਮਜ਼ਦੂਰਾਂ, ਬੇਜ਼ਮੀਨੇ ਅਤੇ ਗਰੀਬ ਕਿਸਾਨਾਂ ਵਿੱਚ ਵੰਡੀ ਜਾਵੇਗੀ। ਵਾਧੂ ਬੰਜਰ ਪਈ ਜ਼ਮੀਨ ਨੂੰ ਉਪਜਾਊ ਬਣਾ ਕੇ ਵੀ ਇਹਨਾਂ ਨੂੰ ਦਿੱਤੀ ਜਾਵੇਗੀ। ਸਿੰਜਾਈ ਸਹੂਲਤਾਂ ਮੁਫਤ ਹੋਣਗੀਆਂ। ਗਰੀਬ ਅਤੇ ਦਰਮਿਆਨੇ ਕਿਸਾਨਾਂ ਨੂੰ ਪੈਦਾਵਾਰ-ਮੁਖੀ ਸਹਿਕਾਰੀ ਸਭਾਵਾਂ ਲਈ ਉਤਸ਼ਾਹਿਤ ਕੀਤਾ ਜਾਵੇਗਾ। ਅਜਿਹੀਆਂ ਸਹਿਕਾਰੀ ਸਭਾਵਾਂ ਨੂੰ ਖਾਦ, ਬੀਜ, ਕੀੜੇਮਾਰ ਦਵਾਈਆਂ ਅਤੇ ਮਸ਼ੀਨਰੀ ਰਿਐਤੀ ਕੀਮਤਾਂ ਤੇ ਮੁਹੱਈਆ ਕੀਤੀ ਜਾਵੇਗੀ। ਸੂਦਖੋਰੀ ਦਾ ਮੁਕੰਮਲ ਖਾਤਮਾ ਕੀਤਾ ਜਾਵੇਗਾ। ਕਿਸਾਨਾਂ ਨੂੰ ਕਰਜੇ ਰਿਐਤੀ ਦਰਾਂ ਤੇ ਦਿੱਤੇ ਜਾਣਗੇ। ਕਿਸਾਨੀ ਜਿਣਸਾਂ ਦੀ ਥੋਕ ਖਰੀਦ-ਵੇਚ ਸਰਕਾਰੀ ਹੱਥਾਂ ਵਿੱਚ ਹੋਵੇਗੀ। ਕਿਸਾਨਾਂ ਨੂੰ ਜਿਣਸਾਂ ਦੇ ਵਾਜਬ ਭਾਅ ਦਿੱਤੇ ਜਾਣਗੇ।

ਲੋਕਾਂ ਨੂੰ ਸਿਹਤ ਸੇਵਾਵਾਂ, ਟਰਾਂਸਪੋਰਟ ਸੇਵਾਵਾਂ, ਡਾਕ-ਤਾਰ ਸੇਵਾਵਾਂ ਆਦਿ ਬਿਹਤਰ ਅਤੇ ਸਸਤੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਵਿੱਦਿਅਕ ਢਾਂਚੇ ਦਾ ਵਿਗਿਆਨਕ ਅਤੇ ਕਿੱਤਾਮੁਖੀ ਲੀਹਾਂ ਤੇ ਪੁਨਰਗਠਨ ਕੀਤਾ ਜਾਵੇਗਾ। ਟੈਕਸ ਪ੍ਰਣਾਲੀ ਸਰਲ ਹੋਵੇਗੀ। ਜ਼ਿਆਦਾਤਰ ਸਿੱਧੇ ਟੈਕਸ ਹੋਣਗੇ ਅਤੇ ਇਹ ਮੁਨਾਫੇ ਤੇ ਆਮਦਨ ਦੇ ਹਿਸਾਬ ਨਾਲ ਹੀ ਲਗਾਏ ਜਾਣਗੇ।

ਸੋ ਇਹ ਹੈ ਉਸ ਆਰਥਿਕ-ਸਿਆਸੀ ਢਾਂਚੇ ਦਾ ਰੰਗ-ਰੂਪ, ਜੋ ਮੋਰਚਾ ਇਸ ਮੌਜੂਦਾ ਲੋਟੂ ਅਤੇ ਭ੍ਰਿਸ਼ਟ ਨਿਜ਼ਾਮ ਦੀ ਥਾਂ ਉਸਾਰਨਾ ਚਾਹੁੰਦਾ ਹੈ। ਇਹ ਹੈ ਲੋਕ ਮੋਰਚੇ ਦਾ ਅਸਲੀ ਆਜ਼ਾਦੀ ਅਤੇ ਖਰੀ ਜਮਹੂਰੀਅਤ ਦੀਆਂ ਬੁਨਿਆਦਾਂ ਉਸਾਰਨ ਦਾ ਸੰਕਲਪ। ਇਹ ਹੈ ਮੋਰਚੇ ਵੱਲੋਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਨਕਸ਼ਾ। ਲੋਕ ਮੋਰਚਾ ਆਪਣੇ ਇਸ ਨਕਸ਼ੇ ਅਤੇ ਸੰਕਲਪ ਨੂੰ ਹੋਰ ਨਿੱਖਰਵਾਂ ਅਤੇ ਨਿੱਤਰਵਾਂ ਬਣਾਉਣ ਲਈ ਸੂਝਵਾਨ ਲੋਕਾਂ ਅਤੇ ਦਾਨਸ਼ਿਵਰਾਂ ਦੇ ਸੁਝਾਵਾਂ ਦਾ ਅਜੇ ਉਡੀਕਵਾਨ ਵੀ ਹੈ। ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ, ਸੱਚੀ ਆਜ਼ਾਦੀ ਅਤੇ ਖਰੀ ਜਮਹੂਰੀਅਤ ਵਾਲੇ ਨਿਜਾਮ ਦੀ ਸਿਰਜਣਾ ਕਰਨਾ ਇਕ ਸਹਿਜ ਅਤੇ ਤੁਰਤ-ਫੁਰਤ ਦਾ ਕੰਮ ਨਹੀਂ ਹੈ। ਇਹ ਕਾਰਜ ਦ੍ਰਿੜ ਅਤੇ ਧੀਰਜਵਾਨ ਹੋ ਕੇ ਸਮੂਹ ਲੋਕਾਈ ਵੱਲੋਂ ਲੋਕਾਂ ਦੀਆਂ ਵੱਖ-ਵੱਖ ਜਮਾਤਾਂ ਅਤੇ ਤਬਕਿਆਂ ਵੱਲੋਂ ਜਥੇਬੰਦ ਹੋ ਕੇ ਆਪਣੇ ਵਡੇਰੇ ਅਤੇ ਬੁਨਿਆਦੀ ਹਿੱਤਾਂ ਲਈ ਸੰਘਰਸ਼ ਤੇਜ਼ ਕਰਨ, ਸਾਂਝੇ ਮਕਸਦ ਲਈ ਇਕ ਦੂਜੇ ਨਾਲ ਗੱਲਵਕੜੀ ਪਾਉਣ ਅਤੇ ਲੋਕ ਮੋਰਚੇ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਲਾਂਬੱਧੀ ਲੰਮੇ ਸੰਘਰਸ਼ਾਂ ਰਾਹੀਂ ''ਹੇਠਲੀ ਉਤੇ ਕਰਨ'' ਨਾਲ ਹੀ ਸਿਰੇ ਚੜ•ਦਾ ਹੈ। ਇਹਨਾਂ ਸੰਘਰਸ਼ਾਂ ਅੰਦਰ ਲੋਕ ਮੋਰਚਾ ਹਰ ਥਾਂ ਏਕਤਾ ਅਤੇ ਸਹਿਯੋਗ ਲਈ ਹਾਜ਼ਰ-ਨਾਜ਼ਰ ਹੋਵੇਗਾ। ਇਹ ਸਮਝਦਿਆਂ ਹੋਇਆਂ ਵੀ, ਕਿ ਮੌਜੂਦਾ ਢਾਂਚੇ ਅੰਦਰ ਲੋਕਾਂ ਨੂੰ ਦੁੱਖਾਂ ਕਲੇਸ਼ਾਂ ਤੋਂ ਮੁਕਤੀ ਨਹੀਂ ਮਿਲਣੀ ਸੋ ਬੁਨਿਆਦੀ ਤਬਦੀਲੀ ਦੇ, ਇਨਕਲਾਬ ਦੇ, ਢਾਂਚਾ ਬਦਲੀ ਦੇ ਮਨੋਰਥ ਨੂੰ ਮੁੱਖ ਰੱਖ ਕੇ ਲੋਕ ਮੋਰਚਾ ਮੌਜੂਦਾ ਅਵਸਥਾ ਵਿੱਚ ਲੋਕਾਂ ਦੇ ਇਹਨਾਂ ਹੱਕਾਂ ਲਈ ਆਵਾਜ਼ ਬੁਲੰਦ ਕਰਦਾ ਰਹੇਗਾ ਅਤੇ ਸੰਘਰਸ਼ਸ਼ੀਲ ਧਿਰਾਂ ਨਾਲ ਜੋਟੀ ਪਾਉਣ ਦਾ ਯਤਨ ਕਰੇਗਾ।

ਇਹ ਸਨਅਤੀ ਮਜ਼ਦੂਰਾਂ ਅਤੇ ਮੁਲਾਜ਼ਮਾਂ ਲਈ ਮੰਗ ਕਰੇਗਾ ਕਿ:

* ਨਵੀਆਂ ਆਰਥਿਕ-ਸਨਅਤੀ ਨੀਤੀਆਂ, ਨਿੱਜੀਕਰਨ, ਢਾਂਚਾ ਸੁਧਾਈ ਅਤੇ ਸਾਮਰਾਜੀ ਸਰਮਾਏ ਅਤੇ ਤਕਨੀਕ ਦੀ ਦਰਾਮਦ ਲਈ ਦਿੱਤੀਆਂ ਜਾ ਰਹੀਆਂ ਛੋਟਾਂ-ਰਿਆਇਤਾ ਨੂੰ ਰੱਦ ਕੀਤਾ ਜਾਵੇ। ਛਾਂਟੀਆਂ ਅਤੇ ਤਾਲਾਬੰਦੀਆਂ ਤੇ ਪਾਬੰਦੀ ਲਾਈ ਜਾਵੇ।

* ਨਵੀਨੀਕਰਨ ਦੇ ਨਾਂ ਹੇਠ ਰੁਜ਼ਗਾਰ 'ਤੇ ਵਾਹਿਆ ਜਾ ਰਿਹਾ ਕੁਹਾੜਾ ਰੋਕਿਆ ਜਾਵੇ। ਸਿਰਫ ਰੁਜ਼ਗਾਰ ਮੁਖੀ ਅਤੇ ਸੰਘਣੀ ਕਿਰਤ ਵਾਲੀਆਂ ਸਨਅਤਾਂ ਲਾਉਣ ਦੀ ਹੀ ਪ੍ਰਵਾਨਗੀ ਦਿੱਤੀ ਜਾਵੇ।

* ਨਿੱਜੀ ਖੇਤਰ ਅਤੇ ਗੈਰ-ਜਥੇਬੰਦ ਖੇਤਰ ਵਿਚਲੇ ਮਜ਼ਦੂਰਾਂ ਨੂੰ ਪਬਲਿਕ ਸੈਕਟਰ ਵਾਲੇ ਮਜ਼ਦੂਰਾਂ ਦੇ ਬਰਾਬਰ ਉਜਰਤਾਂ ਅਤੇ ਸਹੂਲਤਾਂ ਦਿੱਤੀਆਂ ਜਾਣ। ਸਭ ਮਜ਼ਦੂਰਾਂ, ਮੁਲਾਜ਼ਮਾਂ ਨੂੰ ਰੁਜ਼ਗਾਰ ਦੀ ਸੁਰੱਖਿਆ, ਚੰਗੇਰੀਆਂ ਉਜਰਤਾਂ, ਬੋਨਸ, ਮਹਿੰਗਾਈ ਭੱਤਾ, ਬੀਮਾ, ਗਰੈਚੁਇਟੀ, ਪ੍ਰੋਵੀਡੈਂਟ ਫੰਡ ਅਤੇ ਪੈਨਸ਼ਨ ਦੇ ਹੱਕ ਤਸਲੀਮ ਕੀਤੇ ਜਾਣ। ਬੋਨਸ, ਮਹਿੰਗਾਈ ਭੱਤਾ ਅਤੇ ਪਨੈਸ਼ਨ ਆਦਿ ਦਾ ਇਕਸਾਰ ਫਾਰਮੂਲਾ ਤੈਅ ਕੀਤਾ ਜਾਵੇ।

* ਸਭ ਸਨਅਤੀ ਅਦਾਰਿਆਂ ਅੰਦਰ 8 ਘੰਟੇ ਦੀ ਦਿਹਾੜੀ, ਉਵਰ ਟਾਇਮ ਦਾ ਨਿਸ਼ਚਿਤ ਅਤੇ ਇਕਸਾਰ ਭੁਗਤਾਨ, ਛੁੱਟੀਆਂ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇ।

* ਸਥਾਈ ਸਨਅਤੀ ਕੰਮਾਂ ਅਤੇ ਪ੍ਰਾਜੈਕਟਾਂ ਅੰਦਰ ਲਗਾਤਾਰ ਦਿਹਾੜੀਦਾਰ ਕਾਮੇ ਰੱਖੇ ਜਾਣ ਅਤੇ ਠੇਕੇਦਾਰੀ ਆਦਿ ਦੀ ਪ੍ਰਥਾ ਬੰਦ ਕੀਤੀ ਜਾਵੇ।

* ਵੱਡੀਆਂ ਸਨਅਤਾਂ ਲਈ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੀ ਰਿਹਾਇਸ਼ ਲਈ ਕਲੌਨੀਆਂ, ਸਿਹਤ ਸਹੂਲਤਾਂ ਅਤੇ ਸਕੂਲ-ਪਾਰਕ ਆਦਿ ਦਾ ਪ੍ਰਬੰਧ ਕਰਨਾ ਲਾਜ਼ਮੀ ਕਰਾਰ ਦਿੱਤਾ ਜਾਵੇ।

* ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਟਰੇਡ ਯੂਨੀਅਨ ਹੱਕਾਂ ਦੀ ਰਾਖੀ ਅਤੇ ਬਹਾਲੀ ਕੀਤੀ ਜਾਵੇ।
* ਜਨਤਕ ਵੰਡ ਪ੍ਰਣਾਲੀ ਨੂੰ ਕਾਰਗਰ ਬਣਾਇਆ ਜਾਵੇ ਤੇ ਸਮੂਹ ਸਨਅਤੀ ਮਜ਼ਦੂਰਾਂ ਨੂੰ ਲੋੜੀਂਦੀਆਂ ਵਸਤਾਂ ਰਿਆਇਤੀ ਦਰਾਂ ਤੇ ਮੁਹੱਈਆ ਹੋਣ।

ਖੇਤ ਮਜ਼ਦੂਰਾਂ ਲਈ ਮੰਗ ਕਰੇਗਾ ਕਿ:

* ਜ਼ਮੀਨੀ ਸੁਧਾਰ ਲਾਗੂ ਕਰਕੇ, ਜਗੀਰਦਾਰਾਂ ਦੀ ਹੱਦਬੰਦੀ ਤੋਂ ਵਾਧੂ ਜ਼ਮੀਨ, ਸਾਰੀ ਸਰਕਾਰੀ, ਨਜ਼ੂਲ ਅਤੇ ਬੇਨਾਮੀ ਜ਼ਮੀਨ, ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਵਿੱਚ ਵੰਡੀ ਜਾਵੇ। ਬੰਜਰ ਜ਼ਮੀਨ ਨੂੰ ਉਪਜਾਊ ਬਣਾਕੇ ਵੀ ਇਹਨਾਂ ਨੂੰ ਦਿੱਤੀ ਜਾਵੇ। ਸਿੰਜਾਈ ਦਾ ਯਕੀਨੀ ਅਤੇ ਮੁਫਤ ਪ੍ਰਬੰਧ ਕੀਤਾ ਜਾਵੇ। ਬੀਜ, ਖਾਦ, ਕੀੜੇਮਾਰ ਦਵਾਈਆਂ ਅਤੇ ਮਸ਼ੀਨਰੀ ਆਦਿ ਤੇ ਸਬਸਿਡੀ ਦਿੱਤੀ ਜਾਵੇ।

* ਖੇਤ ਮਜ਼ਦੂਰੀ ਅਤੇ ਸੀਰ, ਠੇਕਾ ਕਰਨ ਵਾਲੇ ਮਜ਼ਦੂਰਾਂ ਲਈ ਅੱਠ ਘੰਟੇ ਕੰਮ ਦਿਹਾੜੀ, ਨਿਸ਼ਚਿਤ ਛੁੱਟੀਆਂ, ਚੰਗੇਰੀਆਂ ਉਜਰਤਾਂ, ਹਾਦਸਿਆਂ ਦਾ ਮੁਆਵਜ਼ਾ ਆਦਿ ਲਈ ਕਾਨੂੰਨ ਬਣਾਏ ਜਾਣ ਅਤੇ ਲਾਗੂ ਕਰਵਾਏ ਜਾਣ।

* ਪੇਂਡੂ ਖੇਤਰਾਂ ਅੰਦਰ ਰੁਜ਼ਗਾਰਮੁਖੀ ਵਿਕਾਸ ਯੋਜਨਾਵਾਂ ਉਲੀਕ ਕੇ ਖੇਤ ਮਜ਼ਦੂਰਾਂ ਦੇ ਰੁਜ਼ਗਾਰ ਵਿੱਚ ਵਾਧਾ ਕੀਤਾ ਜਾਵੇ।

* ਬੁਢਾਪੇ ਦਾ ਸ਼ਿਕਾਰ ਹੋਏ ਸਮੂਹ ਖੇਤ ਮਜ਼ਦੂਰਾਂ ਨੂੰ ਘੱਟੌ-ਘੱਟ 500 ਰੁਪਏ ਮਹੀਨਾ ਪੈਨਸ਼ਨ ਯਕੀਨੀ ਬਣਾਈ ਜਾਵੇ।

* ਖੇਤ ਮਜ਼ਦੂਰਾਂ ਦੇ ਹਰ ਕਿਸਮ ਦੇ ਬੈਂਕ ਕਰਜ਼ੇ ਅਤੇ ਸੂਦਖੋਰਾਂ ਤੋਂ ਲਏ ਕਰਜ਼ੇ ਮਨਸੂਖ ਕੀਤੇ ਜਾਣ। ਅੱਗੇ ਤੋਂ ਸੁਖਾਲੀ ਵਿਧੀ ਰਾਹੀਂ ਰਿਆਇਤੀ ਦਰਾਂ ਤੇ ਬੈਂਕ ਕਰਜ਼ੇ ਮੁਹੱਈਆ ਕਰਨ ਦਾ ਪ੍ਰਬੰਧ ਕੀਤਾ ਜਾਵੇ।

* ਜਨਤਕ ਵੰਡ ਪ੍ਰਣਾਲੀ ਨੂੰ ਹੋਰ ਅਸਰਦਾਰ ਬਣਾਇਆ ਜਾਵੇ।

* ਖੇਤ ਮਜ਼ਦੂਰਾਂ ਨੂੰ ਖੁੱਲ•ੇ ਮੋਕਲੇ ਰਿਹਾਇਸ਼ੀ ਪਲਾਟ ਅਤੇ ਮਕਾਨ ਉਸਾਰੀ ਲਈ ਗ੍ਰਾਂਟਾਂ ਦਿੱਤੀਆਂ ਜਾਣ।


ਕਿਸਾਨਾਂ ਲਈ ਮੰਗ ਕਰੇਗਾ ਕਿ :

* ਜ਼ਮੀਨੀ ਸੁਧਾਰ ਲਾਗੂ ਕੀਤੇ ਜਾਣ। ਗਰੀਬ ਅਤੇ ਦਰਮਿਆਨੇ ਕਿਸਾਨਾਂ ਨੂੰ ਮਾਲੀਏ ਤੋਂ ਛੋਟ ਅਤੇ ਮੁਫਤ ਸਿੰਜਾਈ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਬੀਜਾਂ-ਖਾਦਾਂ ਤੇ ਕੀੜੇਮਾਰ ਦਵਾਈਆਂ 'ਤੇ ਸਬਸਿਡੀ ਜਾਰੀ ਰੱਖੀ ਜਾਵੇ।

* ਕਿਸਾਨੀ ਜਿਣਸਾਂ ਦੀਆਂ ਕੀਮਤਾਂ ਦੇ ਵਾਜਬ ਭਾਅ ਮਿੱਥੇ ਜਾਣ। ਪੈਦਾਵਾਰ ਦੇ ਸਮੁੱਚੇ ਖਰਚਿਆਂ ਉਪਰ 10 ਫੀਸਦੀ ਮੁਨਾਫਾ ਯਕੀਨੀ ਬਣਾਇਆ ਜਾਵੇ।

* ਜਿਣਸਾਂ ਦੀ ਨਿੱਜੀ ਵਪਾਰੀਆਂ ਰਾਹੀਂ ਖਰੀਦ ਬੰਦ ਕੀਤੀ ਜਾਵੇ। ਨਿਸ਼ਚਿਤ ਭਾਅਵਾਂ ਉਪਰ ਸਮੇਂ ਸਿਰ ਸਰਕਾਰੀ ਏਜੰਸੀਆਂ ਰਾਹੀਂ ਖਰੀਦ ਯਕੀਨੀ ਬਣਾਈ ਜਾਵੇ। ਗਰੀਬ ਕਿਸਾਨਾਂ ਦੇ ਸਿਰ ਖੜੇ ਕਰਜ਼ੇ ਮਾਫ ਕੀਤੇ ਜਾਣ। ਸੂਦਖੋਰੀ, ਕਾਨੂੰਨ ਰਾਹੀਂ ਵਰਜਿਤ ਕਰਾਰ ਦਿੱਤੀ ਜਾਵੇ।

* 15 ਸਾਲ ਤੋਂ ਗਹਿਣੇ ਪਈਆਂ ਸਭ ਜ਼ਮੀਨਾਂ ਮੁਕਤ ਕਰਾਰ ਦਿੱਤੀਆਂ ਜਾਣ।

* ਕੁਦਰਤੀ ਆਫਤਾਂ ਸਮੇਂ ਨੁਕਸਾਨ ਦੇ ਤੁਰੰਤ ਅਤੇ ਪੂਰੇ ਮੁਆਵਜ਼ੇ ਦੀ ਗਾਰੰਟੀ ਕੀਤੀ ਜਾਵੇ। ਮਾਲ ਅਧਿਕਾਰੀਆਂ ਦੇ ਭ੍ਰਿਸ਼ਟਾਚਾਰ ਤੋਂ ਕਿਸਾਨੀ ਨੂੰ ਮੁਕਤ ਕਰਾਇਆ ਜਾਵੇ।

ਵਿਦਿਆਰਥੀਆਂ ਲਈ ਮੰਗ ਕਰੇਗਾ ਕਿ :

ਸਮੁੱਚੀ ਵਿੱਦਿਆ ਦਾ ਕੌਮੀਕਰਨ ਕੀਤਾ ਜਾਵੇ। ਵਿੱਦਿਅਕ ਢਾਂਚੇ ਨੂੰ ਵਿਗਿਆਨਕ ਅਤੇ ਜਮਹੂਰੀ ਲੀਹਾਂ ਤੇ ਉਸਾਰਿਆ ਜਾਵੇ। ਵਿੱਦਿਆ ਦੇ ਖੇਤਰ ਅੰਦਰ ਬਹੁਕੌਮੀ ਅਤੇ ਨਿੱਜੀ ਕੰਪਨੀਆਂ ਨੂੰ ਘੁਸਣ ਦੀ ਮਨਾਹੀ ਕੀਤੀ ਜਾਵੇ। ਵਿਦਿਆਰਥੀਆਂ ਦੇ ਫੀਸਾਂ ਫੰਡਾਂ ਵਿੱਚ ਕੀਤੇ ਵਾਧੇ ਨੂੰ ਵਾਪਸ ਲਿਆ ਜਾਵੇ। ਵਿੱਦਿਆ ਨੂੰ ਕਿੱਤਾਮੁਖੀ ਬਣਾਇਆ ਜਾਵੇ। ਹਰੇਕ ਵਿਦਿਆਰਥੀ ਨੂੰ ਪੜ•ਾਈ ਖਤਮ ਕਰਨ ਉਪਰੰਤ ਢੁਕਵਾਂ ਰੁਜ਼ਗਾਰ ਦੇਣ ਦੀ ਸਰਕਾਰ ਦੀ ਜੁੰਮੇਵਾਰੀ ਹੋਵੇ। ਰੁਜ਼ਗਾਰ ਨਾ ਮਿਲਣ ਦੀ ਹਾਲਤ ਵਿੱਚ ਗੁਜ਼ਾਰੇ ਲਾਇਕ ਭੱਤਾ ਦਿੱਤਾ ਜਾਵੇ।

ਇਸ ਤੋਂ ਇਲਾਵਾ ਲੋਕ ਮੋਰਚਾ ਪੰਜਾਬ ਸਮੂਹ ਲੋਕਾਂ ਦੇ ਇਹਨਾਂ ਮਸਲਿਆਂ ਤੇ ਆਪਣੀ ਆਵਾਜ਼ ਬੁਲੰਦ ਕਰਦਾ ਹੋਇਆ ਸੰਘਰਸ਼ ਕਰੇਗਾ :-

1 ਫਿਰਕਾਪ੍ਰਸਤੀ ਫੈਲਾਉਣ ਵਾਲੀਆਂ ਸਭ ਸ਼ਕਤੀਆਂ ਤੇ ਰੋਕ ਲਾਈ ਜਾਵੇ। ਧਰਮ ਨੂੰ ਨਿੱਜੀ ਮਾਮਲਾ ਕਰਾਰ ਦਿੱਤਾ ਜਾਵੇ। ਸਿਆਸਤ ਅੰਦਰ ਧਰਮ ਦੇ ਦਖਲ ਦੀ ਮਨਾਹੀ ਹੋਵੇ।

2 ਫਿਰਕੂ ਦਹਿਸ਼ਤਗਰਦਾਂ, ਜਗੀਰੂ ਨਿੱਜੀ ਸੈਨਾਵਾਂ ਅਤੇ ਡਾਕੂ ਗੁੰਡਾ ਗਰੋਹਾਂ ਖਿਲਾਫ ਲੋਕਾਂ ਨੂੰ ਸਵੈ-ਰਾਖੀ ਲਈ ਲਾਇਸੰਸੀ ਹਥਿਆਰ ਰੱਖਣ ਅਤੇ ਟਾਕਰਾ ਕਰਨ ਦਾ ਅਧਿਕਾਰ ਹੋਵੇ।

3  ਸਾਰੇ ਕਾਲੇ ਕਾਨੂੰਨ ਰੱਦ ਕੀਤੇ ਜਾਣ। ਪੁਲਿਸ ਨੂੰ ਲਗਾਮ ਪਾਈ ਜਾਵੇ। ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਵਾਲੇ ਪੁਲਿਸ ਦੇ ਅਫਸਰਾਂ ਅਤੇ ਮੁਲਾਜ਼ਮਾਂ ਨੂੰ ਸਖਤੀ ਨਾਲ ਨਜਿੱਠਣ ਲਈ ਅਸਰਦਾਰ ਕਾਨੂੰਨੀ ਵਿਵਸਥਾ ਬਣਾਈ ਜਾਵੇ।

4 ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨਾਂ ਨੂੰ ਪ੍ਰਭਾਵਸ਼ਾਲੀ ਬਣਾਇਆ ਜਾਵੇ। ਭ੍ਰਿਸ਼ਟਾਚਾਰੀਆਂ ਲਈ ਸਖਤ ਸ਼ਜਾਵਾਂ ਤੈਅ ਕੀਤੀਆਂ ਜਾਣ।

5 ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਵਾਧੇ ਤੇ ਰੋਕ ਲਾਈ ਜਾਵੇ।

6 ਔਰਤਾਂ ਦੇ ਹੱਕਾਂ ਦੀ ਰਾਖੀ ਕੀਤੀ ਜਾਵੇ। ਔਰਤਾਂ ਤੇ ਹੁੰਦੇ ਧੱਕੇ ਅਤੇ ਜਬਰ ਖਿਲਾਫ ਵਿਆਪਕ ਅਤੇ ਅਸਰਦਾਰ ਕਾਨੂੰਨ ਬਣਾਏ ਜਾਣ।

7 ਲੱਚਰ, ਪੱਛਮੀ ਸੱਭਿਆਚਾਰ ਦੇ ਹੱਲੇ ਨੂੰ ਨੱਥ ਪਾਈ ਜਾਵੇ। ਘਟੀਆ ਅਤੇ ਕਾਮ ਉਕਸਾਊ ਰੁਚੀਆਂ ਨੂੰ ਸ਼ੈਅ ਦੇਣ ਵਾਲੇ ਟੀ ਵੀ ਚੈਨਲਾਂ, ਪ੍ਰੋਗਰਾਮਾਂ, ਫਿਲਮਾਂ ਅਤੇ ਕਿਤਾਬਾਂ, ਰਸਾਲਿਆਂ ਤੇ ਪਾਬੰਦੀ ਲਾਈ ਜਾਵੇ। ਲੋਕਾਂ ਅੰਦਰ ਨਵੀਆਂ ਨਰੋਈਆਂ ਅਤੇ ਜਮਹੂਰੀ ਕਦਰਾਂ-ਕੀਮਤਾਂ ਦੀ ਉਸਾਰੀ ਨੂੰ ਉਤਸ਼ਾਹਿਤ ਕੀਤਾ ਜਾਵੇ।

8 ਇਸ ਤੋਂ ਇਲਾਵਾ ਲੋਕ ਮੋਰਚਾ ਪੰਜਾਬ, ਜਾਤ-ਪਾਤੀ ਰੱਟੇ ਕਲੇਸ਼ ਖੜ•ੇ ਕਰਨ ਅਤੇ ਆਪਣੇ ਤੰਗ ਸੁਆਰਥੀ ਮਨੋਰਥਾਂ ਲਈ ਵਰਤਣ ਵਾਲੀਆਂ ਸਿਆਸੀ ਸ਼ਕਤੀਆਂ ਅਤੇ ਜਾਤ-ਹੰਕਾਰ ਵਿੱਚ ਆਫਰੀਆਂ ਜਗੀਰੂ ਸ਼ਕਤੀਆਂ ਤੇ ਰੁਚੀਆਂ ਖਿਲਾਫ ਵੀ ਦ੍ਰਿੜ ਸੰਘਰਸ਼ ਕਰੇਗਾ।

9 ਕੌਮੀ ਸਵੈਮਾਣ, ਅਣਖ ਅਤੇ ਗੈਰਤ ਨੂੰ ਜਗਾਉਣ, ਦੇਸ਼ ਪ੍ਰੇਮ ਅਤੇ ਲੋਕ ਸੇਵਾ ਦੀ ਭਾਵਨਾ ਦਾ ਸੰਚਾਰ ਕਰਨ ਲਈ ਯਤਨਸ਼ੀਲ ਰਹੇਗਾ।

ਇਹ ਮੈਨੀਫੈਸਟੋ ਜਾਰੀ ਕਰਦਾ ਹੋਇਆ, ਲੋਕ ਮੋਰਚਾ ਪੰਜਾਬ, ਪੰਜਾਬ ਦੇ ਸਮੂਹ ਸ਼ਹੀਦਾਂ ਦੇ ਵਾਰਸਾਂ ਨੂੰ, ਦੇਸ਼ ਪ੍ਰੇਮੀ ਅਤੇ ਮਨੁੱਖਤਾਵਾਦੀ ਵਿਅਕਤੀਆਂ ਨੂੰ, ਹਾਕਮ ਜਮਾਤਾਂ ਦੀ ਇਸ ਭਰਮਾਊ ਅਤੇ ਭਟਕਾਊ ਚੋਣ ਖੇਡ ਵਿੱਚ ਨਾ ਉਲਝਣ, ਸਗੋਂ ''ਵੋਟਾਂ ਦਾ ਰਾਹ ਛੱਡ ਕੇ ਲੋਕੋ, ਪੈ ਜਾਓ ਰਾਹ ਸੰਘਰਸ਼ਾਂ ਦੇ'' ਦਾ ਹੋਕਾ ਦਿੰਦਾ ਹੈ। ਆਪੋ ਆਪਣੀਆਂ ਜਥੇਬੰਦੀਆਂ ਨੂੰ ਮਜ਼ਬੂਤ ਕਰਨ ਅਤੇ ਲੋਕ ਮੋਰਚੇ ਸੰਗ ਮੋਢਾ ਜੋੜਨ ਦਾ ਸੱਦਾ ਦਿੰਦਾ ਹੈ। ''ਇਨਕਲਾਬ-ਜਿੰਦਾਬਾਦ'' ਦੇ ਨਾਹਰੇ ਨੂੰ ਮਨੀਂ ਵਸਾਉਣ ਅਤੇ ਜ਼ਿੰਦਗੀ ਦੇ ਅਮਲ ਅੰਦਰ ਰਾਹ ਦਰਸਾਵਾ ਬਣਾਉਣ ਦਾ ਸੱਦਾ ਦਿੰਦਾ ਹੈ।

ਵੱਲੋਂ : ਸੂਬਾ ਕਮੇਟੀ ਲੋਕ ਮੋਰਚਾ ਪੰਜਾਬ       ਮਿਤੀ 1 ਫਰਵਰੀ 1997
   ਪ੍ਰਕਾਸ਼ਕ : ਅਮੋਲਕ ਸਿੰਘ, ਸਕੱਤਰ ਲੋਕ ਮੋਰਚਾ ਪੰਜਾਬ