StatCounter

Wednesday, March 5, 2014

ਦੇਸ਼ ਭਗਤ ਯਾਦਗਾਰ ਕਮੇਟੀ ਦੇ ਵਫ਼ਦ ਵਲੋਂ ਸ਼ਹੀਦੀ ਖੂਹ 'ਤੇ ਸ਼ਰਧਾਂਜ਼ਲੀਆਂ ਭੇਂਟ



ਦੇਸ਼ ਭਗਤ ਯਾਦਗਾਰ ਕਮੇਟੀ ਦੇ ਵਫ਼ਦ ਵਲੋਂ ਸ਼ਹੀਦੀ ਖੂਹ 'ਤੇ ਸ਼ਰਧਾਂਜ਼ਲੀਆਂ ਭੇਂਟ
ਸ਼ਹੀਦਾਂ ਦੀਆਂ ਅਸਥੀਆਂ ਮਿਊਜ਼ਿਅਮ ਵਿੱਚ ਸੰਭਾਲਣ ਦੀ ਕੀਤੀ ਮੰਗ

 
DBYC Members talking to Sh. Surinder Kochhar, who is supervising the excavation
    
Coins & other articles belonging to martyrs recovered from the well

 ਦੇਸ਼ ਭਗਤ ਯਾਦਗਾਰ ਕਮੇਟੀ ਦਾ ਵਫ਼ਦ ਅੱਜ ਅਜਨਾਲਾ ਵਿਖੇ ਬਹੁ ਚਰਚਿਤ ਸ਼ਹੀਦੀ ਖੂਹ 'ਤੇ ਪੁੱਜਾ ਅਤੇ ਉਨਾਂ 1857 ਦੇ ਸੰਗਰਾਮੀ ਫੌਜੀਆਂ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ।  ਵਫ਼ਦ ਵਿੱਚ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ, ਮੀਤ ਪ੍ਰਧਾਨ ਅਜਮੇਰ ਸਿੰਘ, ਖਜ਼ਾਨਚੀ ਸੀਤਲ ਸਿੰਘ ਸੰਘਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਦੇ ਮੈਂਬਰ ਡਾ. ਪ੍ਰਮਿੰਦਰ, ਚਰੰਜੀ ਲਾਲ ਕੰਗਣੀਵਾਲ, ਗੁਰਮੀਤ ਸਿੰਘ ਢੱਡਾ, ਪ੍ਰਗਟ ਸਿੰਘ ਜਾਮਾਰਾਏ ਅਤੇ ਮਨਜੀਤ ਸਿੰਘ ਸ਼ਾਮਲ ਸਨ।

     ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਥਾਨਕ ਕਮੇਟੀ ਵਲੋਂ ਕੀਤੇ ਖੋਜ਼ ਕਾਰਜ ਦੀ ਸ਼ਲਾਘਾ ਕੀਤੀ ਅਤੇ ਕਮੇਟੀ ਵਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਇਸੇ ਮੌਕੇ ਕਮੇਟੀ ਨੇ ਬਰਤਾਨਵੀ ਸਾਮਰਾਜ ਦੇ ਇਸ ਘਿਨੌਣੇ ਕਾਂਡ ਦੀ ਨਿਖੇਧੀ ਕੀਤੀ ਅਤੇ 157 ਵਰੇ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਭਾਰਤੀ ਹੁਕਮਰਾਨਾਂ ਵਲੋਂ ਇਨਾਂ 1857 ਦੇ ਗ਼ਦਰੀ ਸੰਗਰਾਮੀਆਂ ਬਾਰੇ ਅਪਣਾਈ ਬੇਰੁਖੀ ਦੀ ਤਿੱਖੀ ਅਲੋਚਨਾ ਵੀ ਕੀਤੀ।  ਪਿਛਲੇ ਦਿਨਾਂ ਤੋਂ ਚੱਲ ਖੋਜ਼ ਕਾਰਜਾਂ ਪ੍ਰਤੀ ਪੰਜਾਬ ਸਰਕਾਰ ਵਲੋਂ ਦਿਖਾਈ ਬੇਰੁੱਖੀ ਦਾ ਵੀ ਵਿਰੋਧ ਕੀਤਾ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਰਕਾਰ ਅਗੇ ਜ਼ੋਰਦਾਰ ਮੰਗ ਕੀਤੀ ਹੈ ਕਿ:

1. ਭਾਰਤ ਸਰਕਾਰ ਤੁਰੰਤ ਹੀ ਇਹਨਾਂ ਸੈਨਿਕਾਂ ਨੂੰ ਸ਼ਹੀਦ ਦਾ ਦਰਜਾ ਦੇਵੇ।
2. ਇਨਾਂ ਮਹਾਨ ਸ਼ਹੀਦਾਂ ਦੀ ਸੂਚੀ ਬਰਤਾਨਵੀ ਸਰਕਾਰ 'ਤੇ ਦਬਾਅ ਪਾ ਕੇ ਜਾਰੀ ਕਰਵਾਈ ਜਾਵੇ।
3. ਸ਼ਹੀਦੀ ਵਾਲੀ ਜਗਾ 'ਤੇ ਮਿਊਜੀਅਮ ਬਣਾ ਕੇ ਇਹਨਾਂ ਸ਼ਹੀਦਾਂ ਦੀਆਂ ਅਸਥੀਆਂ ਨੂੰ ਸਨਮਾਨਯੋਗ ਅੰਦਾਜ਼ ਵਿੱਚ ਸੰਭਾਲਿਆ ਜਾਵੇ।
4. ਸ਼ਹੀਦੀ ਖੂਹ ਦੇ ਲਾਗੇ ਮੁੱਖ ਮਾਰਗ 'ਤੇ ਆਉਂਦਾ ਤੰਗ ਰਸਤਾ ਨੂੰ ਨਾਲ ਲਗਦੀ ਛਾਉਣੀ ਤੋਂ ਜ਼ਮੀਨ ਲੈ ਕੇ ਖੁੱਲਾ ਕੀਤਾ ਜਾਵੇ।
5. ਇਨਾਂ ਅਸਥੀਆਂ ਦਾ ਡੀ.ਐਨ.ਏ. ਟੈਸਟ ਕਰਵਾਇਆ ਜਾਵੇ ਅਤੇ ਪੁਰਾਤਤਵ ਵਿਭਾਗ ਤੁਰੰਤ ਇਸ ਜਗਾ ਅਤੇ ਇਤਿਹਾਸਕ ਵਸਤਾਂ ਨੂੰ ਸੰਭਾਲਣ ਦਾ ਕੰਮ ਹੱਥ ਲਵੇ।

ਦੇਸ਼ ਭਗਤ ਯਾਦਗਾਰ ਕਮੇਟੀ ਨੇ ਇਹ ਵੀ ਐਲਾਨ ਕੀਤਾ ਹੈ ਕਿ 1857 ਦੇ ਇਨਾਂ ਸੰਗਰਾਮੀਆਂ ਪ੍ਰਤੀ ਜੁੜਵੀਂ ਉਪਰੋਕਤ ਮੰਗਾਂ ਲਈ ਜ਼ੋਰਦਾਰ ਆਵਾਜ਼ ਉਠਾਈ ਜਾਵੇਗੀ ਅਤੇ ਸਮੂਹ ਸ਼ਹੀਦਾਂ ਦੀਆਂ ਵਾਰਸ ਜਥੇਬੰਦੀਆਂ, ਇਤਿਹਾਸਕਾਰਾਂ ਅਤੇ ਬੁੱਧਜੀਵੀਆਂ ਨੂੰ ਸਹਿਯੋਗੀ ਮੋਢਾ ਲਈ ਜ਼ੋਰਦਾਰ ਅਪੀਲ ਕੀਤੀ ਗਈ ਹੈ।
                                        ਜਾਰੀ ਕਰਤਾ:
ਜਲੰਧਰ, 4 ਮਾਰਚ                            ਅਮੋਲਕ ਸਿੰਘ (Ph 94170 76735)
                                        ਕਨਵੀਨਰ, ਸਭਿਆਚਾਰਕ ਵਿੰਗ
                                        ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ

Tuesday, March 4, 2014

ਜੇ ਸਿਰੜ, ਨਿਹਚਾ ਅਤੇ ਵਡੇਰੇ ਅਕੀਦਿਆਂ ਨਾਲ ਮਿੱਟੀ ਫਰੋਲੀ ਜਾਏ ਤਾਂ ਲਾਲ ਲੱਭ ਹੀ ਪੈਂਦੇ ਹਨ। ਸਿਵਿਆਂ ਵਿੱਚ ਤਾਂ ਜਿਸਮ ਹੀ ਸੜਦੇ ਨੇ। ਮੱਥੇ ਦੀ ਲੋਅ ਕਦੇ ਨਹੀਂ ਬੁਝਦੀ।



ਇਤਿਹਾਸ ਪ੍ਰਤੀ ਬੇ-ਗੌਰੀ ਦੇ ਖੂਹ ਵਿੱਚੋਂ ਬਾਹਰ ਆਉਣ ਲਈ ਵੰਗਾਰਦੀ
ਕਾਲ਼ਿਆਂ ਵਾਲਾ ਖੂਹ ਦੀ ਖੂਨੀ ਦਾਸਤਾਨ
-ਅਮੋਲਕ ਸਿੰਘ (Mob 94170 76735)

Kalianwala Khu, Mortal remains recovered on digging

The Historic Jail of Ajnala

 ਜੇ ਸਿਰੜ, ਨਿਹਚਾ ਅਤੇ ਵਡੇਰੇ ਅਕੀਦਿਆਂ ਨਾਲ ਮਿੱਟੀ ਫਰੋਲੀ ਜਾਏ ਤਾਂ ਲਾਲ ਲੱਭ ਹੀ ਪੈਂਦੇ ਹਨ।  ਸਿਵਿਆਂ ਵਿੱਚ ਤਾਂ ਜਿਸਮ ਹੀ ਸੜਦੇ ਨੇ।  ਮੱਥੇ ਦੀ ਲੋਅ ਕਦੇ ਨਹੀਂ ਬੁਝਦੀ।  ਜਿਨਾਂ ਦੇਸ਼ ਭਗਤਾਂ ਨੂੰ ਸਿਵੇ, ਕਬਰਾਂ ਵੀ ਨਸੀਬ ਨਾ ਹੋਣ ਉਹਨਾਂ ਨੂੰ ਕੋਈ ਮਰ ਮੁੱਕ ਗਏ ਸਮਝ ਬੈਠੇ, ਇਹ ਉਸਦਾ ਭਰਮ ਹੀ ਹੋ ਸਕਦਾ ਹੈ।  ਜਿਨਾਂ ਪਹਾੜਾਂ ਨਾਲ ਸਮੇਂ ਦੇ ਹਾਣੀ ਮੱਥਾ ਲਾਉਂਦੇ ਹਨ, ਉਹਨਾਂ ਪਹਾੜਾਂ ਕੋਲੋਂ ਹੀ ਉਹਨਾਂ ਦੀ ਵਿਰਾਸਤ ਸੰਭਾਲਣ ਦੀ ਉਮੀਦ ਰੱਖਣਾ, ਇਤਿਹਾਸਕ ਗੁਸਤਾਖ਼ੀ ਵੀ ਹੈ ਅਤੇ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਨਾ ਹੋਣ ਤੋਂ ਅੱਖਾਂ ਮੀਟਣਾ ਵੀ।

ਡੇਢ ਸੌ ਸਾਲ ਤੋਂ ਵੀ ਵੱਧ ਅਰਸਾ ਬੀਤ ਗਿਆ ਕਾਲ਼ਿਆਂ ਵਾਲਾ ਖੂਹ ਦੀ ਹਿਰਦੇਵੇਦਕ ਖ਼ੂਨੀ ਦਾਸਤਾਨ ਨੂੰ।  ਅੱਜ ਜਦੋਂ ਕੁੱਝ ਸੰਸਥਾਵਾਂ ਅਤੇ ਇਤਿਹਾਸਕਾਰਾਂ ਨੇ ਹਿੰਮਤ ਕਰਕੇ ਮਿੱਟੀ ਫਰੋਲੀ ਤਾਂ ਮਾਂ ਭਾਰਤ ਦੀ ਆਜ਼ਾਦੀ ਲਈ ਆਪਾ ਨਿਛਾਵਰ ਕਰਨ ਵਾਲੇ ਲਾਲਾਂ ਦੀਆਂ ਅਸਥੀਆਂ ਅਤੇ ਨਿਸ਼ਾਨੀਆਂ ਲੱਭ ਹੀ ਲਈਆਂ।  ਅਜੇਹਾ ਕਾਰਜ ਸਾਡੇ ਸਭਨਾਂ ਦੇ ਸਿਰ ਚੜੇ ਕਰਜ਼ ਦਾ ਵੀ ਭਾਰ ਚੁਕਾਉਣ ਸਾਮਾਨ ਹੈ।  ਪੌਣੀ ਸਦੀ ਤਾਂ ਹੋਣ ਵਾਲੀ ਹੈ ਬਰਤਾਨਵੀ ਹੁਕਮਰਾਨਾਂ ਨੂੰ ਗਿਆ ਅਤੇ ਆਜ਼ਾਦੀ ਦੇ ਦਾਅਵੇ ਕਰਨ ਵਾਲਿਆਂ ਨੂੰ, ਕਦੀ ਜ਼ਿਕਰ ਤੱਕ ਨਹੀਂ ਕੀਤਾ ਕਿ ਕੌਣ ਸਨ ਇਹ ਸੰਗਰਾਮੀਏਂ ਜਿਨਾਂ ਨੇ ਅੰਗਰੇਜ਼ੀ ਹਾਕਮਾਂ ਦੀ ਫੌਜ ਵਿਚੋਂ ਨੌਕਰੀ ਨੂੰ ਲੱਤ ਮਾਰਕੇ ਆਜ਼ਾਦੀ ਦਾ ਮੱਥਾ ਚੁੰਮਣ ਲਈ ਆਪਣੇ ਪਿੰਜਰ ਉਸ ਆਜ਼ਾਦੀ ਦੀਆਂ ਨੀਹਾਂ ਵਿੱਚ ਚਿਣ ਦਿੱਤੇ।

2007 ਵਿੱਚ 1857 ਦੇ ਗ਼ਦਰ ਦੀ ਡੇਢ ਸੌ ਸਾਲਾਂ ਯਾਦ ਮਨਾਈ ਗਈ, ਉਸ ਵੇਲੇ ਵੀ ਕਾਲ਼ਿਆਂ ਵਾਲਾ ਖ਼ੂਹ ਦੇ ਕਾਲਜੇ ਰੁੱਗ ਭਰਨ ਵਾਲੇ ਖ਼ੂਨੀ ਸਾਕੇ ਵਿੱਚ 500 ਫੌਜੀਆਂ ਦੀ ਸ਼ਹਾਦਤ ਦਾ ਜ਼ਿਕਰ ਤੱਕ ਨਹੀਂ ਹੋਇਆ।  ਇਹ ਕੇਹੀ ਵਫ਼ਾਦਾਰੀ ਨਿਭਾਈ ਜਾ ਰਹੀ ਹੈ?  'ਆਜ਼ਾਦ' ਭਾਰਤ ਅੰਦਰ ਆਜ਼ਾਦੀ ਘੁਲਾਟੀਆਂ ਨੂੰ ਥੇਹ ਵਿੱਚ ਦਫ਼ਨ 'ਬਾਹਰਲਿਆਂ' ਕਰ ਦਿੱਤਾ ਅਤੇ ਫਾਈਲਾਂ ਵਿੱਚ 'ਆਪਣਿਆਂ' ਨੇ ਕਰ ਦਿੱਤਾ।  ਲੋਕ ਚੇਤਨਾ ਅੰਦਰ ਇਹ ਸੁਆਲ ਅਵੱਸ਼ ਉਠਣਗੇ ਕਿ ਬਦੇਸੀ ਅਤੇ ਦੇਸੀ ਹੁਕਮਰਾਨਾਂ ਦਾ ਅਸਲ ਵਿੱਚ ਸਾਡੇ ਦੇਸ਼ ਵਾਸੀਆਂ, ਆਜ਼ਾਦੀ ਦੀ ਸ਼ਮਾਂ ਤੇ ਮਰ ਮਿਟਣ ਵਾਲੇ ਪਰਵਾਨਿਆਂ ਨਾਲ ਕੀ ਰਿਸ਼ਤਾ ਹੈ?

ਇਹ ਵਹਿਮ ਪਾਲਿਆ ਹੋਵੇਗਾ ਕਿ ਰੋਹੀ ਬੀਆ ਬਾਨ ਵਿੱਚ ਮਾਰ ਮੁਕਾਏ ਮਾਵਾਂ ਦੇ ਜਾਇਆਂ ਦੀ ਕਿਸੇ ਨੂੰ ਕੀ ਖ਼ਬਰ ਹੋਵੇਗੀ।  ਦੁਨੀਆਂ ਭਰ ਦਾ ਇਤਿਹਾਸ ਗਵਾਹ ਹੈ ਕਿ ਜੇ ਡਾਢਿਆਂ ਦੇ ਜ਼ੋਰ ਮੁਤਾਬਕ ਹੀ ਇਤਿਹਾਸ ਅਤੇ ਵਕਤ ਚਲਦਾ ਹੁੰਦਾ ਤਾਂ ਮਨੁੱਖੀ ਇਤਿਹਾਸ ਹੋਰ ਦਾ ਹੋਰ ਹੀ ਹੁੰਦਾ।  ਹਕੀਕਤ ਇਹ ਹੈ ਕਿ ਹਕੀਤ ਕਦੇ ਛੁਪਿਆ ਨਹੀਂ ਕਰਦੀ। ਸ਼ਹੀਦ ਭਗਤ ਸਿੰਘ ਆਪਣੀ ਜੇਲ ਡਾਇਰੀ ਵਿੱਚ ਅਜੇਹਾ ਪ੍ਰਮਾਣ ਪੇਸ਼ ਕਰਦੇ ਹੋਏ ਵਾਲਟ ਹਿੱਟਮੈਨ ਦੀ ਕਵਿਤਾ ਦੀਆਂ ਕੁੱਝ ਸਤਰਾਂ ਇਉਂ ਦਰਜ਼ ਕਰਦੇ ਹਨ:
ਦਫ਼ਨ ਨਹੀਂ ਹੁੰਦੇ ਆਜ਼ਾਦੀ 'ਤੇ ਮਰਨ ਵਾਲੇ,
ਪੈਦਾ ਕਰਦੇ ਨੇ ਮੁਕਤੀ ਦੇ ਬੀਜ਼,
ਫਿਰ ਹੋਰ ਬੀਜ ਪੈਦਾ ਕਰਨ ਲਈ,
ਜਿਨਾਂ ਨੂੰ ਦੂਰ ਲੈ ਜਾਂਦੀ ਹੈ ਹਵਾ,
ਅਤੇ ਫਿਰ ਬੀਜਦੀ ਹੈ,
ਜਿਸਦਾ ਪਾਲਣ ਪੋਸਣ ਕਰਦੇ ਨੇ,
ਵਰਖਾ, ਜਲ ਅਤੇ ਠੰਢਕ,
ਦੇਹ ਮੁਕਤ ਜੋ ਹੋਈ ਆਤਮਾ,
ਉਸਨੂੰ ਨਾ ਕਰ ਸਕਦੇ ਭਿੰਨ-ਭਿੰਨ,
ਅਸਤਰ ਸ਼ਸਤਰ ਅਤੇ ਅੱਤਿਆਚਾਰ,
ਬਲਕਿ ਹੋ ਕੇ ਅਜਿਤ ਵਿਚਰਦੀ ਧਰਤੀ ਤੇ,
ਗੁਣ ਗੁਣਾਉਂਦੀ, ਬਾਤਾਂ ਪਾਉਂਦੀ, ਚੌਕਸ ਕਰਦੀ ਹੈ

ਅੱਜ ਜਦੋਂ ਕੁਝ ਉਦਮੀਆਂ ਨੇ ਆਪਣੇ ਸ਼ਲਾਘਾਯੋਗ ਯਤਨਾਂ ਨਾਲ ਇੱਕ ਵਾਰ ਫੇਰ ਇਸ ਭੁੱਲੇ ਵਿਸਰੇ ਇਤਿਹਾਸ ਤੋਂ ਮਲਬਾ ਹਟਾ ਕੇ ਦੁਨੀਆਂ ਨੂੰ ਡੇਢ ਸੌ ਸਾਲ ਦੀ ਕਹਾਣੀ ਨਾਲ ਜੋੜਿਆ ਅਤੇ ਝੰਜੋੜਿਆ ਹੈ। ਉਸ ਮੌਕੇ ਵੀ ਕੁੰਭਕਰਨੀ ਨੀਂਦ ਸੁੱਤੀ ਸਥਾਪਤੀ 'ਦੜ ਵੱਟ ਜ਼ਮਾਨਾ ਕੱਟ' 'ਤੇ ਹੀ ਅਮਲ ਕਰ ਰਹੀ ਹੈ।

ਇਸ ਤੋਂ ਉਲਟ ਅਜੇਹਾ ਵਹਿਸ਼ੀਆਨਾ ਕਾਂਡ ਰਚਣ ਵਾਲਿਆਂ ਨੂੰ ਸਾਡੇ ਮੁਲਕ ਦੇ ਰਹਿਬਰ ਕਹਾਉਂਦੇ ਹੁਕਮਰਾਨ 'ਸਭਿਆ ਸਮਾਜ' ਦੇਣ ਤੇ ਮੁਬਾਰਕਵਾਦ ਦਿੰਦੇ ਹਨ।  ਕਾਲ਼ਿਆਂ ਵਾਲਾ ਖੂਹ, ਜੱਲਿਆਵਾਲਾ ਬਾਗ਼, ਸਿੰਘਾਪੁਰ, ਬੰਬਈ, ਮੇਰਠ ਆਦਿ ਅਣਗਿਣਤ ਸਾਕੇ ਰਚਣ ਵਾਲੇ ਜੇ 'ਸਭਿਆ' ਹਨ ਫਿਰ ਅਸੱਭਿਆ, ਵਹਿਸ਼ੀਪੁਣਾ ਅਤੇ ਫਾਸ਼ੀਪੁਣਾ ਹੋਰ ਕੀ ਹੁੰਦਾ ਹੈ?

ਇਹਨਾਂ ਸੂਰਮਿਆਂ ਦੀ ਅਮਰ ਕਹਾਣੀ ਨੂੰ ਸਾਡੇ ਆਜ਼ਾਦੀ ਸੰਗਰਾਮ ਦਾ ਸ਼ਾਨਾਮੱਤਾ ਅਤੇ ਅਮੁੱਲਾ ਸਫ਼ਾ ਬਣਾਉਣ ਦੀ ਬਜਾਏ ਇਸ ਉਪਰ ਮਿੱਟੀ ਪਾਉਣ ਦਾ ਕੰਮ ਕਰਨ ਪਿਛੇ ਆਖਰ ਛੁਪੇ ਮੰਤਵ ਗੁੱਝੇ ਨਹੀਂ ਰਹਿ ਸਕਦੇ।  ਭਾਰਤੀ ਲੋਕਾਂ ਉਪਰ ਅਜੇ ਵੀ ਕਾਠੀ ਪਾਣੀ ਬੈਠੇ ਸਾਮਰਾਜੀ ਸਰਮਾਏ ਅਤੇ ਨੀਤੀਆਂ ਦੇ ਤੰਦੂਆਂ ਜਾਲ ਨੂੰ ਵਿਸ਼ਵੀਕਰਨ, ਉਦਾਰੀਕਰਣ ਅਤੇ ਨਿੱਜੀਕਰਣ ਦੇ ਘੁੰਡ ਉਹਲੇ ਛੁਪਾਕੇ ਰੱਖਣ ਦੀ ਇੱਕ ਕੜੀ ਹੀ ਹੈ 'ਕਾਲਿਆਂ ਵਾਲੇ ਖੂਹ' ਪ੍ਰਤੀ ਸੋਚਿਆ ਸਮਝਿਆ ਬੇਲਾਗਤਾ ਭਰਿਆ ਰਵੱਈਆ।

ਡੇਢ ਸੌ ਵਰੇ ਪਹਿਲਾਂ ਵਾਪਰੇ ਇਸ ਕਾਂਡ 'ਤੇ ਪੰਛੀ ਝਾਤ ਮਾਰਿਆਂ ਹੀ ਲੂੰ ਕੰਡੇ ਖੜੇ ਹੋ ਜਾਂਦੇ ਹਨ।  ਉਹਨਾਂ ਸਭਨਾਂ ਇਤਿਹਾਸਕਾਰਾਂ, ਕਲਮਕਾਰਾਂ ਨੂੰ ਸਮਾਂ ਹਮੇਸ਼ਾਂ ਸਲਾਮ ਕਰੇਗਾ ਜਿਨਾਂ ਨੇ ਇਸ ਇਤਿਹਾਸ ਨੂੰ ਕਲਮ ਬੱਧ ਕਰਨ ਅਤੇ ਸਾਹਮਣੇ ਲਿਆਉਣ ਲਈ ਜੀਅ ਜਾਨ ਨਾਲ ਕੰਮ ਕੀਤਾ।

ਇਤਿਹਾਸਕਾਰਾਂ ਦੀ ਖੋਜ਼ ਦੱਸਦੀ ਹੈ ਕਿ ਅੰਗਰੇਜ਼ੀ ਹਾਕਮ, ਭਾਰਤੀਆਂ ਨੂੰ 'ਕਾਲੇ' ਸਮਝਦੇ ਸਨ।  ਖਿਆਲ ਕੀਤਾ ਜਾਂਦਾ ਹੈ ਕਿ ਜਦੋਂ ਅਜਨਾਲੇ ਲਾਗੇ ਸੁੰਨ-ਮ-ਸਾਨ ਜਗਾ 'ਤੇ ਇਹ ਖੂਹ ਭਾਰਤੀ ਸੈਨਿਕਾਂ ਦੀਆਂ ਲਾਸ਼ਾਂ ਖੁਰਦ ਬੁਰਦ ਕਰਨ ਲਈ ਵਰਤਿਆ ਤਾਂ ਮਗਰੂਰੀ ਨਾਲ ਅੰਗਰੇਜ਼ਾਂ ਨੇ ਇਸਨੂੰ 'ਕਾਲ਼ਿਆਂ ਵਾਲਾ ਖੂਹ' ਕਿਹਾ ਹੋਏਗਾ।
ਜੇ ਸਮੇਂ ਸਮੇਂ ਦੇ ਹੁਕਮਰਾਨ ਚਾਹੁੰਦੇ ਤਾਂ ਸਰਕਾਰੀ ਪੱਧਰ 'ਤੇ ਕਦੋਂ ਦਾ ਮੀਆਂ ਮੀਰ ਛਾਉਣੀ ਦਾ ਰਿਕਾਰਡ ਘੋਖਿਆ ਜਾ ਸਕਦਾ ਸੀ।  ਅੰਮ੍ਰਿਤਸਰ ਦੇ ਉਸ ਵੇਲੇ ਦੇ ਡੀ.ਸੀ. ਫ਼ਰੈਡਰਿਕ ਕੂਪਰ, ਪੁਲਸ ਅਤੇ ਮਾਲ ਵਿਭਾਗ ਦੇ ਰਿਕਾਰਡ ਵਿਚੋਂ ਬਹੁਤ ਕੁਝ ਹਾਸਲ ਕੀਤਾ ਜਾ ਸਕਦਾ ਸੀ। ਅਜੇ ਤੱਕ ਵੀ ਅਜੇਹਾ ਵਤੀਰਾ ਧਾਰਨ ਕਰ ਰੱਖਿਆ ਹੈ ਕਿ ਜਿਵੇਂ ਕੁੱਝ ਵਾਪਰਿਆ ਹੀ ਨਾ ਹੋਵੇ।

ਇਤਿਹਾਸ ਬੋਲਦਾ ਹੈ ਕਿ ਮਈ ਮਹੀਨੇ ਲਾਹੌਰ ਛਾਉਣੀ ਵਿੱਚ ਚਾਰ ਦੇਸੀ ਫੌਜਾਂ ਉਪਰ ਬਗ਼ਾਵਤ ਦਾ ਸ਼ੱਕ ਹੋਣ ਕਰਕੇ ਬੇਹਥਿਆਰੇ ਕਰ ਦਿੱਤਾ।  ਇਥੋਂ 26 ਨੰ. ਪਲਟਨ ਦੇ ਸਿਪਾਹੀ ਬਗ਼ਾਵਤ ਕਰਕੇ ਨਿਕਲ ਤੁਰੇ।  ਇਨਾਂ ਕੋਲ ਨਾ ਹਥਿਆਰ ਸਨ ਨਾ ਖਾਣ-ਪੀਣ ਦਾ ਸਾਮਾਨ ਅਤੇ ਨਾ ਕੋਈ ਰਹਿਣ ਦਾ ਟਿਕਾਣਾ।  ਇਹ ਰਾਵੀ ਦੇ ਨਾਲ ਨਾਲ ਅੱਗੇ ਨਿਕਲ ਜਾਣ ਦੀ ਤਾਕ ਵਿੱਚ ਸਨ।  ਉਹ ਰਾਵੀ ਕੰਢੇ ਅੰਮ੍ਰਿਤਸਰ ਵੱਲ ਵਧਦੇ ਗਏ।  ਸਰ ਰਾਬਰਟ ਮਿੰਟਗੁਮਰੀ ਨੇ ਹੁਕਮ ਚਾੜਿਆ ਕਿ ਇਹਨਾਂ ਸਿਪਾਹੀਆਂ ਦਾ ਪਿੱਛਾ ਕੀਤਾ ਜਾਵੇ।

ਮਿ. ਕੂਪਰ ਨੇ 'ਦਿ ਕਰਾਈਸਿਜ਼ ਇਨ ਦਿ ਪੰਜਾਬ' ਨਾਮੀਂ ਪੁਸਤਕ ਵਿੱਚ ਖੁਦ ਲਿਖਿਆ ਹੈ ਕਿ:
''31 ਜੁਲਾਈ ਦੀ ਦੁਪਹਿਰ ਨੂੰ ਇਤਿਲਾਹ ਮਿਲੀ ਕਿ ਇਹ ਲੋਕ ਰਾਵੀ ਕੰਢੇ ਵਧਦੇ ਆ ਰਹੇ ਹਨ। ਅਜਨਾਲੇ ਦੇ ਤਹਿਸੀਲਦਾਰ ਨੂੰ ਹੁਕਮ ਭੇਜਿਆ ਗਿਆ ਕਿ ਇਨਾਂ ਨੂੰੂ ਘੇਰਾ ਪਾ ਲਵੋ।''

ਇਨਾਂ ਸਿਪਾਹੀਆਂ ਦੀ ਗਿਣਤੀ 500 ਦੇ ਕਰੀਬ ਸੀ।  150 ਦੇ ਕਰੀਬ ਗੋਲੀਆਂ ਨਾਲ ਫੱਟੜ ਹੋਏ। ਕੁੱਝ ਦਰਿਆ ਵਿੱਚ ਡੁੱਬ ਗਏ। ਅੱਧੀ ਰਾਤ ਕੋਈ 282 ਸਿਪਾਹੀ ਭੁੱਖਣ ਭਾਣੇ ਥੱਕ ਹਾਰ ਗਏ।  ਉਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ।  ਕੁੱਝ ਬੁਰਜ ਵਿੱਚ ਭੁੱਖੇ ਪਿਆਸੇ ਦਮ ਘੁੱਟਕੇ ਮਰ ਗਏ।

ਅਜੇਹੀ ਇਤਿਹਾਸਕ ਘਟਨਾ ਉਪਰੋਂ ਪਰਦਾ ਉਠਾ ਰਹੀਆਂ ਅਸਥੀਆਂ ਅਤੇ ਮਿਲ ਰਹੀਆਂ ਨਿਸ਼ਾਨੀਆਂ ਹਰ ਸੰਵੇਦਨਸ਼ੀਲ ਵਿਅਕਤੀ ਕੋਲੋਂ ਮੰਗ ਕਰ ਰਹੀਆਂ ਹਨ ਕਿ ਉਹ ਅਜੇਹੀ ਆਵਾਜ਼ ਉਠਾਵੇ ਕਿ:

v                 ਭਾਰਤ ਸਰਕਾਰ ਫੌਰੀ ਪੜਤਾਲ ਕਰਕੇ ਸਬੰਧਤ ਛਾਉਣੀ ਦੇ ਇਹਨਾਂ ਸੈਨਿਕਾਂ ਦੀ ਲਿਸਟ ਜਾਰੀ ਕਰੇ ਅਤੇ ਸ਼ਹੀਦ ਦਾ ਦਰਜਾ ਦੇਵੇ।
v                 ਪੁਰਾਤਤਵ ਵਿਭਾਗ ਤੁਰੰਤ ਇਸ ਜਗਾ ਅਤੇ ਇਤਿਹਾਸਕ ਵਸਤਾਂ ਨੂੰ ਸੰਭਾਲਣ ਦਾ ਕੰਮ ਹੱਥ ਲਵੇ।
v                 ਮਿਊਜੀਅਮ ਅਤੇ ਯਾਦਗਾਰ ਬਣਾ ਕੇ ਇਹਨਾਂ ਸ਼ਹੀਦਾਂ ਦੀ ਅਮਰ ਨਿਸ਼ਾਨੀ ਸੰਭਾਲੀ ਜਾਵੇ।
v                 ਬਰਤਾਨਵੀ ਹੁਕਮਰਾਨਾ ਨੂੰ ਇਸ ਘਿਨੌਣੇ ਕਾਂਡ ਲਈ ਮੁਆਫੀ ਮੰਗਣ ਲਈ ਕੌਮ ਵਿਆਪੀ ਆਵਾਜ਼ ਲਾਮਬੰਦ ਹੋਵੇ।
v                 ਭਾਰਤੀ ਹੁਕਮਰਾਨ ਅਜੇਹੇ ਗੌਰਵਮਈ ਇਤਿਹਾਸ ਪ੍ਰਤੀ ਅਪਣਾਈ ਬੇਰੁਖੀ ਲਈ ਮੁਆਫੀ ਮੰਗਣ।
v                 ਮੁਲਕ ਭਰ ਦੇ ਇਤਿਹਾਸਕਾਰ, ਲੋਕ ਹਿਤੈਸ਼ੀ ਜੱਥੇਬੰਦੀਆਂ ਅਤੇ ਜਮਹੂਰੀ ਸ਼ਕਤੀਆਂ ਆਪਣੀ ਜਿੰਮੇਵਾਰੀ ਓਟਦੇ ਹੋਏ ਇਹਨਾਂ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਰਚਾਉਣ ਅਤੇ ਇਤਿਹਾਸ ਲੋਕਾਂ ਵਿੱਚ ਲਿਜਾਣ ਲਈ ਅੱਗੇ ਆਉਣ।


Monday, March 3, 2014

ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕਾਲ਼ਿਆਂਵਾਲਾ ਖੂਹ ਦੇ ਇਤਿਹਾਸਕ ਸਰੋਕਾਰਾਂ ਬਾਰੇ ਆਵਾਜ਼ ਉਠਾਉਣ ਦਾ ਸੱਦਾ



ਕਾਲ਼ਿਆਂਵਾਲਾ ਖੂਹ ਦੇ ਇਤਿਹਾਸਕ ਸਰੋਕਾਰਾਂ ਬਾਰੇ
ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਆਵਾਜ਼ ਉਠਾਉਣ ਦਾ ਸੱਦਾ
Skulls & Bones recovered from Kalian Wala Khooh Ajnala


Excavation in progress at Kalian Wala Khooh Ajnala

 ਕਾਲ਼ਿਆਂ ਵਾਲਾ ਖੂਹ ਦੇ ਅਮਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ, ਸੈਨਿਕਾਂ ਦੀਆਂ ਅਸਥੀਆਂ ਅਤੇ ਹੋਰ ਵਸਤਾਂ ਹਾਸਲ ਕਰਨ ਜੁਟੇ ਉਦਮੀਆਂ ਦੀ ਸ਼ਲਾਘਾ ਕਰਦਿਆਂ, ਕਮੇਟੀ ਵੱਲੋਂ ਬਣਦੀਆਂ ਸੇਵਾਵਾਂ, ਯੋਗਦਾਨ ਦਾ ਅਹਿਦ ਕਰਦਿਆਂ, 1857 ਦੇ ਬਾਗ਼ੀ ਫੌਜੀ ਸੰਗਰਾਮੀਆਂ ਨਾਲ ਅਣਮਨੁੱਖੀ ਵਰਤਾਅ ਕਰਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਬਰਤਾਨਵੀ ਹੁਕਮਰਾਨ ਅਤੇ ਦੇਸ਼ ਦੇ ਵੰਨ ਸੁਵੰਨੇ ਹਾਕਮਾਂ ਦੀ ਸੋਚੀ ਸਮਝੀ ਬੇਗੌਰੀ ਨੂੰ ਮੁਜਰਮਾਨਾ ਕਰਾਰ ਦਿੰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਨੇ ਦੇਸ਼-ਬਦੇਸ਼ ਵਸਦੇ ਸਮੂਹ ਸ਼ਹੀਦਾਂ ਦੇ ਵਾਰਸਾਂ ਨੂੰ ਇਸ ਕਾਂਡ ਨਾਲ ਜੁੜਵੇਂ ਅਜੋਕੇ ਸਰੋਕਾਰਾਂ ਬਾਰੇ ਮਿਲਕੇ ਆਵਾਜ਼ ਉਠਾਉਣਾ ਦਾ ਸੱਦਾ ਦਿੱਤਾ ਹੈ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ, ਇਤਿਹਾਸ ਸਬ ਕਮੇਟੀ ਦੇ ਕਨਵੀਨਰ ਨੌਨਿਹਾਲ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਲਿਖਤੀ ਪ੍ਰੈਸ ਬਿਆਨ ਰਾਹੀਂ ਇਹ ਭਾਵਨਾਵਾਂ ਪ੍ਰਗਟ ਕਰਦਿਆਂ ਜ਼ੋਰਦਾਰ ਮੰਗ ਕੀਤੀ ਹੈ ਕਿ:

v          ਭਾਰਤ ਸਰਕਾਰ ਫੌਰੀ ਪੜਤਾਲ ਕਰਕੇ ਸਬੰਧਤ ਛਾਉਣੀ ਦੇ ਇਹਨਾਂ ਸੈਨਿਕਾਂ ਦੀ ਲਿਸਟ ਜਾਰੀ ਕਰੇ ਅਤੇ ਸ਼ਹੀਦ ਦਾ ਦਰਜਾ ਦੇਵੇ।
v          ਪੁਰਾਤਤਵ ਵਿਭਾਗ ਤੁਰੰਤ ਇਸ ਜਗਾ ਅਤੇ ਇਤਿਹਾਸਕ ਵਸਤਾਂ ਨੂੰ ਸੰਭਾਲਣ ਦਾ ਕੰਮ ਹੱਥ ਲਵੇ।
v          ਮਿਊਜੀਅਮ ਅਤੇ ਯਾਦਗਾਰ ਬਣਾ ਕੇ ਇਹਨਾਂ ਸ਼ਹੀਦਾਂ ਦੀ ਅਮਰ ਨਿਸ਼ਾਨੀ ਸੰਭਾਲੀ ਜਾਵੇ।
v          ਬਰਤਾਨਵੀ ਹੁਕਮਰਾਨਾ ਨੂੰ ਇਸ ਘਿਨੌਣੇ ਕਾਂਡ ਲਈ ਮੁਆਫੀ ਮੰਗਣ ਲਈ ਕੌਮ ਵਿਆਪੀ ਆਵਾਜ਼ ਲਾਮਬੰਦ ਹੋਵੇ।
v          ਭਾਰਤੀ ਹੁਕਮਰਾਨ ਅਜੇਹੇ ਗੌਰਵਮਈ ਇਤਿਹਾਸ ਪ੍ਰਤੀ ਅਪਣਾਈ ਬੇਰੁਖੀ ਲਈ ਮੁਆਫੀ ਮੰਗਣ।
v          ਮੁਲਕ ਭਰ ਦੇ ਇਤਿਹਾਸਕਾਰ, ਲੋਕ ਹਿਤੈਸ਼ੀ ਜੱਥੇਬੰਦੀਆਂ ਅਤੇ ਜਮਹੂਰੀ ਸ਼ਕਤੀਆਂ ਆਪਣੀ ਜਿੰਮੇਵਾਰੀ ਓਟਦੇ ਹੋਏ ਇਹਨਾਂ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਰਚਾਉਣ ਅਤੇ ਇਤਿਹਾਸ ਲੋਕਾਂ ਵਿੱਚ ਲਿਜਾਣ ਲਈ ਅੱਗੇ ਆਉਣ।

ਜਾਰੀ ਕਰਤਾ:
ਅਮੋਲਕ ਸਿੰਘ ਕਨਵੀਨਰ, ਸਭਿਆਚਾਰਕ ਵਿੰਗ, ਦੇਸ਼ ਭਗਤ ਯਾਦਗਾਰ ਕਮੇਟੀ 94170 76735
ਜਲੰਧਰ, 3 ਮਾਰਚ: