StatCounter

Sunday, May 4, 2014

ਬੀਬੇ-ਬਾਬੇ ਨੂੰ ਆਵਦੀ ਔਰਤ ਵਿਰੋਧੀ ਹਵਸੀ-ਲੁਤਰੋ ਨੂੰ ਵੱਸ ਵਿੱਚ ਕਰਨ ਲਈ ਜੀਭ-ਆਸਣ ਸਿੱਖਣ ਦੀ ਲੋੜ

ਬੀਬੇ-ਬਾਬੇ ਨੂੰ ਆਵਦੀ ਔਰਤ ਵਿਰੋਧੀ ਹਵਸੀ-ਲੁਤਰੋ ਨੂੰ ਵੱਸ ਵਿੱਚ ਕਰਨ ਲਈ
ਜੀਭ-ਆਸਣ ਸਿੱਖਣ ਦੀ ਲੋੜ
ਸਰਗਰਮ ਤੇ ਮਜਬੂਤ ਲੋਕ-ਵਿਰੋਧ ਹੀ ਇਹ ਆਸਣ ਸਿਖਾਵੇਗਾ

               ... ਓਮ, . . . ਓਮ ਤੋਂ ਨਮੋ ਨਮੋ ਤੱਕ ਪਹੁੰਚਿਆ ਰਾਮਦੇਵ ਲੱਖ ਦਾਅਵਾ ਕਰੇ ਕਿ ਉਸਦਾ ਆਵਦੇ ਸਰੀਰ ਦੇ ਸਾਰੇ ਅੰਗਾਂ 'ਤੇ ਪੂਰਾ ਪੂਰਾ ਕੰਟਰੋਲ ਹੈ, ਉਹ ਜਿਵੇਂ ਚਾਹੇ ਉਵੇਂ ਮੋੜ ਲੈਂਦਾ ਹੈ, ਘੁੰਮਾ ਲੈਂਦਾ ਹੈ ਅਤੇ ਉਹ ਲੋਕਾਂ ਨੂੰ ਵੀ ਇਉਂ ਕਰਨਾ ਸਿਖਾ ਸਕਦਾ ਹੈ ਏਹਦੇ ਲਈ ਉਹ ਮੁੱਲ ਦੇ ਕੈਂਪ ਲਾਉਂਦਾ ਹੈ|
 ਓਮ ਤੋਂ ਨਮੋ ਨਮੋ ਤੱਕ ਪਹੁੰਚਿਆ ਰਾਮਦੇਵ
ਪਰ ਉਸਦੀ ਬੋਲਬਾਣੀ ਵਿਚੋਂ ਉਭਰ ਕੇ ਸਾਹਮਣੇ ਆਈ ਸੱਚਾਈ ਇਹ ਚੁਗਲੀ ਕਰਦੀ ਹੈ ਕਿ ਉਸਦੀ ਲੁਤਰੋ ਉਸਦੇ ਵੱਸ ਵਿਚ ਨਹੀਂ ਹੈ ਉਹ, ਜਦੋਂ ਵੀ 'ਉਚਾਰਣ' ਕਰਦੀ ਹੈ ਤਾਂ ਰਾਮਦੇਵ ਨੂੰ ਯੋਗਾ ਵਿੱਚੋਂ ਬਾਹਰ ਕੱਢ ਕੇ ਹਿੰਦੂਤਵ ਦਾ ਪ੍ਰਚਾਰਕ ਬਣਾ ਧਰਦੀ ਹੈ ਥਾਂ ਥਾਂ ਹੱਟਾਂ ਖੋਹਲਣ ਵਾਲੀ ਮੋਟੇ ਮੁਨਾਫੇ ਬਟੋਰੂ ਵੱਡੀ ਵਪਾਰਕ ਕੰਪਨੀ ਵਜੋਂ ਸਾਹਮਣੇ ਲਿਆ ਖੜਾਉਂਦੀ ਹੈ ਯੋਗਾ ਲਈ ਆਉਂਦੇ ਅਫਸਰਸ਼ਾਹਾਂ ਤੇ ਵਜ਼ੀਰਾਂ-ਸ਼ਮੀਰਾਂ ਦੇ ਹੁੰਦੇ ਵੱਡੇ ਇਕੱਠਾਂ ਤੋਂ ਮੁਲਕ ਦਾ ਸੁਪਰੀਮੋ ਬਣਨ ਦੇ ਹੋਏ ਫੋਬੀਏ ਦੀ ਮਾਰ ਹੇਠ ਆਈ ਰਾਮਦੇਵ ਦੀ ਜੀਭਾ ਭਸਤਿਰਕਾ ਤੇ ਕਪਾਲਭਾਤੀ ਤੋਂ ਤਿਤਲੀ-ਆਸਣ ਕਰਦੀ ਕਰਦੀ ਸਿਆਸੀ ਰਾਮਲੀਲਾ ਗਰਾਊਂਡ ਜਾ ਸਿਆਸੀ ਜਲ-ਨੇਤਰੀ ਕਰਨ ਲੱਗ ਪੈਂਦੀ ਹੈ| ਪਰ ਹਕੂਮਤ ਦੇ ਪਹਿਲੇ ਦਬਕੇ ਹੀ ਸਟੇਜ ਤੋਂ ਜੰਪ-ਆਸਣ ਕਰਦਿਆਂ ਜਨਾਨਾ ਵਸਤਰ ਧਾਰਨ ਕਰਕੇ ਅਤੇ ਸੇਵਕਾਂ-ਸ਼ਰਧਾਲੂਆਂ ਨੂੰ ਪੁਲਸ ਦੇ ਡਾਂਗ-ਆਸਣ ਮੂਹਰੇ ਛੱਡਕੇ ਭੱਜਿਆ ਰਾਮਦੇਵ ਲੁਤਰੋ ਤਾਂ ਕੀ, ਮੂੰਹ ਦਿਖਾਉਣੋ ਵੀ ਗਿਆ, ਅਲੋਪ ਹੀ ਹੋ ਗਿਆ 
ਸਟੇਜ ਤੋਂ ਜੰਪ-ਆਸਣ ਕਰਦਿਆਂ ਜਨਾਨਾ ਵਸਤਰ ਧਾਰਨ ਕਰਕੇ ਭੱਜਿਆ ਰਾਮਦੇਵ
ਪਰ ਇਹ ਫਿਰ ਵੀ ਕਾਬੂ ਨਾ ਕੀਤੀ ਪਸਲੀਆਂ ਘੁੰਮਾ ਕੇ ਵਿਖਾਉਣ ਵਾਲੇ ਢਿੱਡ ਅੰਦਰ ਕੁਰਬਲ ਕੁਰਬਲ ਕਰਦੇ ਔਰਤ ਵਿਰੋਧੀ ਗੰਦੇ-ਹਵਸੀ ਕੀੜੇ ਬਾਹਰ ਦਿਖਣ ਲੱਗ ਪਏ

16 ਦਸੰਬਰ 2012 ਨੂੰ ਦਿੱਲੀ ਵਿਚ ਵਾਪਰੀ ਗੈਂਗ ਰੇਪ ਦੀ ਘਟਨਾ 'ਤੇ ਘਟੀਆ ਵਿਆਖਿਆਨ ਕਰਦਿਆਂ ਇਸ  ਅਤੇ ਅਜਿਹੇ ਹੋਰ ਬੂਬਨਿਆਂ ਦੀ ਲੁਤਰੋ ਔਰਤ ਨੂੰ ਹੀ ਦੋਸ਼ੀ ਕਹਿਣ ਤੱਕ ਗਈ ਸੀ ਇਕ ਸਿਨੇ-ਸੁੰਦਰੀ ਨੂੰ ਮੂਹਰੇ ਬਿਠਾ ਕੇ ਉਸਦੇ ਸਰੀਰਕ ਅੰਗਾਂ ਨੂੰ ਨਿਹਾਰਦਾ ਲਾਲਾਂ ਸਿੱਟਦਾ ਰਾਮਦੇਵ ਸਭ ਨੇ ਵੇਖਿਆ ਹੈ ਹੁਣ ਪਤਨੀ ਨੂੰ ਘਰੋਂ ਕੱਢਣ ਵਾਲੇ, ਹੋਰ ਔਰਤਾਂ ਦੇ ਫੋਨ ਟੇਪ ਕਰਨ ਵਾਲੇ ਅਤੇ ਪ੍ਰਧਾਨ ਮੰਤਰੀ ਦੀ ਕੁਰਸੀ ਲਈ ਹਾਬੜੇ ਫਿਰਦੇ ਮੋਦੀ ਦਾ ਸਟਾਰ-ਪ੍ਰਚਾਰਕ ਬਣਨ ਲਈ ਤਹੂ ਰਾਮਦੇਵ ਦੀ ਜਬਾਨ ਰਾਹੁਲ 'ਤੇ ਟਿੱਪਣੀ ਕਰਨ ਵੇਲੇ ਦਲਿਤ-ਔਰਤਾਂ ਦੀ ਇੱਜਤ ਖਿਲਾਫ ਬੋਲਣ ਤੋਂ ਬਾਜ਼ ਨਹੀਂ ਆਈ ਮੰਨੂ ਸਿਮਰਤੀ ਵਾਲੀ, '' ਸ਼ੂਦਰ ਤੇ ਨਾਰੀ, ਤਾੜਨ ਦੇ ਅਧਿਕਾਰੀ'' ਦੀ ਭੜਾਸ ਕੱਢ ਮਾਰੀ ਹੈ ਸਮਾਜ ਅੰਦਰ ਦਲਿਤ ਔਰਤਾਂ ਪ੍ਰਤੀ ਚਲਦੀ ਜਗੀਰੂ ਧਾਰਨਾ, ''ਗਰੀਬ ਦੀ ਜੋਰੂ, ਸਭ ਦੀ ਭਾਬੀ'' ਅਤੇ ਗਰੀਬ ਔਰਤਾਂ ਨਾਲ ਰਈਸਜ਼ਾਦਿਆਂ ਤੇ ਸਿਆਸੀ ਜੋਰਾਵਰਾਂ ਵੱਲੋਂ ਕੀਤੇ ਧੱਕੇ ਤੇ ਬਲਾਤਕਾਰ ਬਾਰੇ ਸੁਣਾਏ ਫੈਸਲਿਆਂ ਸਮੇਂ ਅਨੇਕਾਂ ਜੱਜਾਂ ਦੀ ਤਰਫੋਂ ਕੀਤੀਆਂ ਅਜੇਹੀਆਂ ਟਿੱਪਣੀਆਂ  ਕਿ  ''ਇਹ ਔਰਤਾਂ 100-100 ਰੁਪਏ ਵਿਚ ਵਿਕ ਜਾਂਦੀਆਂ ਹਨ''   ਨੇ ਰਾਮਦੇਵ ਦੀ ਲੁਤਰੋ ਦੀ ਹਿੰਮਤ ਵਧਾਈ ਹੈ

ਰਾਮਦੇਵ, ਸਰੀਰ ਦੇ ਸਾਰੇ ਅੰਗਾਂ ਦੀ ਹਰਕਤਸ਼ੀਲਤਾ ਬਾਰੇ ਜਾਣਨ ਦਾ ਦਾਅਵਾ ਕਰਦਾ ਹੈ ਪਰ ਉਸਦੀ ਚਲਦੀ ਲੁਤਰੋ ਇਸ ਦਾਅਵੇ ਨੂੰ ਕੱਟਦੀ ਰਹਿੰਦੀ ਹੈ ਇਹ ਤੱਥ ਹਕੀਕਤ ਸਾਹਮਣੇ ਹੈ ਕਿ ਮਨੁੱਖੀ ਸਰੀਰ ਦੀ ਬਣਤਰ ਤੋਂ ਹੀ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ, ਜੋ ਰਾਮਦੇਵ ਨੇ ਅਜੇ ਨਹੀਂ ਸਿੱਖਿਆ ਮਨੁੱਖੀ ਸਰੀਰ ਦੀ ਬਣਤਰ ਵਿਚ ਹੀ ਹੈ ਕਿ ਦੋ ਅੱਖਾਂ ਹਨ ਤੇ ਦੋ ਕੰਨ ਹਨ ਪਰ ਜੀਭ ਇੱਕੋ ਹੈ ਇਹ ਬਣਤਰ ਹੀ ਇਹ ਸਿੱਖਿਆ ਦਿੰਦੀ ਹੈ ਕਿ ਬਹੁਤਾ ਸੁਣੋ, ਬਹੁਤਾ ਵੇਖੋ ਪਰ ਬੋਲੋ ਥੋੜਾ ਭਾਵ ਜਾਣੋ, ਸੋਚੋ, ਵਿਚਾਰੋ, ਤੋਲੋ, ਫੇਰ ਬੋਲੋ ਆਵਦੇ ਨਾਂ ਨਾਲ ਆਪ ਹੀ ਬਾਬਾ ਲਾ ਕੇ ਬਾਬਾ ਬਣਨ ਦੇ ਖੇਖਣ, ਕਾਟੋ ਦੀ ਪੂਛ ਵਾਂਗ ਹਿਲਦੀ ਰਹਿੰਦੀ ਜੀਭਾ ਰਾਮਦੇਵ ਨੂੰ ਬਾਬਾ ਘੱਟ ਹਵਸੀ ਕਾਮੀ ਕੀੜਾ ਵਧ ਬਣਾ ਦਿੰਦੀ ਹੈ ਸੋ ਰਾਮਦੇਵ ਨੂੰ ਆਵਦੀ ਜੀਭਾ ਨੂੰ ਵੱਸ ਵਿੱਚ ਕਰਨ ਲਈ ਜੀਭ-ਆਸਣ ਸਿੱਖਣ ਦੀ ਲੋੜ ਹੈ

ਜਿਹੜਾ ਬੰਦਾ ਕਾਮ ਦੇ ਗੰਦੇ-ਛੱਪੜ ਵਿਚ ਗਲ ਗਲ ਤੱਕ ਡੁੱਬਿਆ ਪਿਆ ਹੋਵੇ, ਨੈਤਿਕਤਾ ਜਿਸਦੇ ਨੇੜੇ ਦੀ ਵੀ ਨਾ ਲੰਘਦੀ  ਹੋਵੇ ਅਤੇ ਹਾਕਮ ਸਿਆਸਤਦਾਨ ਜਿਸਨੂੰ ਬਚਾ ਰਹੇ ਹੋਣ, ਉਹ ਇਸ ਜੀਭਾਸਣ ਨੂੰ ਖੁਦ ਖੁਦ ਨਹੀਂ ਸਿੱਖਦਾ ਉਸਨੂੰ ਸਰਗਰਮ ਲੋਕ-ਵਿਰੋਧ ਹੀ ਸਿਖਾ ਸਕਦਾ ਹੈ ਸੋ ਏਹਦੇ ਲਈ ਲੋਕ-ਵਿਰੋਧ ਉਸਾਰਨ ਵਾਸਤੇ ਨਾ ਸਿਰਫ਼ ਔਰਤ ਸੰਗਠਨ ਜਾਂ ਦਲਿਤ ਸੰਗਠਨ ਹੀ ਸਰਗਰਮੀ ਕਰਨ ਸਗੋਂ ਔਰਤਾਂ ਦੇ ਬਰਾਬਰ ਦੇ ਹੱਕਾਂ ਦੇ ਦਾਅਵੇਦਾਰ ਅਤੇ ਔਰਤਾਂ ਨਾਲ ਧੱਕੇ ਵਿਤਕਰੇ ਖਿਲਾਫ਼ ਲੜਨ-ਖੜਨ ਦਾ ਦਮ ਭਰਨ ਵਾਲੇ ਸਭਨਾਂ ਜਮਹੂਰੀ ਤੇ ਇਨਸਾਫਪਸੰਦ ਸੰਗਠਨਾਂ ਅਤੇ ਸ਼ਕਤੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ
ਤਾਂ ਹੀ ਰਾਮਦੇਵ ਜੀਭ-ਆਸਣ ਸਿੱਖੇਗਾ
ਲੋਕ ਮੋਰਚਾ ਪੰਜਾਬ ਇਸ ਲੋਕ-ਵਿਰੋਧ ਦੇ ਸਦਾ ਅੰਗ-ਸੰਗ ਹੈ

ਵੱਲੋਂ : ਸੂਬਾ ਕਮੇਟੀ, ਲੋਕ ਮੋਰਚਾ ਪੰਜਾਬ

ਜਗਮੇਲ ਸਿੰਘ, ਜਨਰਲ ਸਕੱਤਰ (9417224822)

Saturday, May 3, 2014

ਪੰਜਾਬੀ ਟ੍ਰਿਬਿਊਨ ਦੇ ਸਟਾਫ ਰਿਪੋਰਟਰ ਦਵਿੰਦਰ ਪਾਲ ਦੇ ਘਰ ਤੇ ਹਮਲਾ

ਕਾਲੀ ਕਮਾਈ ਤੋਂ ਚੱਕੇ ਪਰਦੇ ਨੇਕਾਲੀ ਕਮਾਈ ਕਰਨ ਵਾਲਿਆਂ ਦੇ ਕਾਲੇ ਮੂੰਹ ਨੰਗੇ ਕੀਤੇ


ਪੰਜਾਬੀ ਟ੍ਰਿਬਿਊਨ ਦੇ ਸਟਾਫ ਰਿਪੋਰਟਰ ਦਵਿੰਦਰ ਪਾਲ ਦੇ ਘਰ ਤੇ ਸੁੱਟੇ ਪੈਟਰੋਲ ਬੰਬ ਦੇ ਫਟਣ ਨਾਲ ਪ੍ਰੈਸ ਦੀ ਕਹੀ ਜਾਂਦੀ ਆਜਾਦੀ ਦੇ ਰਹਿੰਦੇ ਲੰਗਾਰ ਵੀ ਫਟ ਗਏ ਹਨ ਦਵਿੰਦਰ ਪਾਲ ਤੇ ਇਹ ਹਮਲਾ ਦਵਿੰਦਰ ਪਾਲ ਤੇ ਉਸਦੇ ਸਾਥੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਹਕੂਮਤੀ ਤਾਕਤ ਦੇ ਜੋਰ ਕੀਤੀਆਂ ਕਾਲੀਆਂ ਕਮਾਈਆਂ ਤੋਂ ਪਰਦਾ ਚੱਕਦਿਆਂ ਖੋਜੀ ਲਿਖਤਾਂ ਲਿਖਣ ਕਰਕੇ ਹੋਇਆ ਹੈ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਅਖਬਾਰ ਵਿਚ ਔਖ ਜ਼ਾਹਰ ਕਰਨ ਤੋਂ ਅਗਲੇ ਪਲ ਹੋਇਆ ਹੈ 

ਮੁਲਕ ਅੰਦਰ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਦੇ ਛਲਾਵੇ ਵਾਂਗ ਹੀ ਪ੍ਰੈਸ ਦੀ ਆਜਾਦੀ ਦਾ ਭਰਮ ਵੀ ਇਥੇ ਸਿਰਜਿਆ ਹੋਇਆ ਹੈ ਆਜਾਦੀ ਤੇ ਜਮਹੂਰੀਅਤ ਹਮੇਸ਼ਾ ਉਸੇ ਦੇ ਹੱਥ ਹੁੰਦੀ ਹੈ ਜਿਸਦੇ ਹੱਥ ਉਥੋਂ ਦਾ ਰਾਜ-ਭਾਗ ਹੁੰਦਾ ਹੈ ਰਾਜ-ਭਾਗ ਤੋਂ ਵਿਰਵੇ ਲੋਕਾਂ ਨੂੰ ਆਜਾਦੀ ਕਿੱਥੇ? ਭਾਰਤ ਅੰਦਰ ਰਾਜ-ਭਾਗ ਅਤੇ ਉਸ ਦੀਆਂ ਸਾਰੀਆਂ ਕਲਾਵਾਂ ਉਤੇ ਲੋਕ-ਦੋਖੀ ਜਗੀਰਦਾਰਾਂ, ਸਰਮਾਏਦਾਰਾਂ ਤੇ ਸਾਮਰਾਜੀ ਜਮਾਤਾਂ ਦਾ ਗਲਬਾ ਹੈ ਮੀਡੀਆ ਵੀ ਇਨਾਂ ਦੇ ਕਬਜੇ ਵਿਚ ਹੀ ਹੈ ਹਾਕਮਾਂ ਦੀ ਮਰਜੀ ਤੇ ਚੋਣ ਦਾ ਮਾਮਲਾ ਹੈ ਕਿ ਉਨਾਂ ਨੇ ਕਿੰਨੀ, ਕਿਸ ਨੂੰ, ਕਦੋਂ ਤੇ ਕਿਵੇਂ ਆਜਾਦੀ-ਜਮਹੂਰੀਅਤ ਦੇਣੀ ਹੈ ਜਾਂ ਨਹੀਂ ਦੇਣੀ ਹੈ ਲੋਕਾਂ ਲਈ ਤਾਂ ਆਜਾਦੀ ਤੇ ਜਮਹੂਰੀਅਤ ਛਲਾਵਾ ਤੇ ਵਿਖਾਵਾ ਹੈ ਇਸ ਹਮਲੇ ਅਤੇ ਇਸਤੋਂ ਪਹਿਲਾਂ ਹਾਕਮਾਂ ਦੀਆਂ ਕਾਲੀਆਂ ਕਰਤੂਤਾਂ ਅਤੇ ਕਾਲੀਆਂ ਕਮਾਈਆਂ ਤੋਂ ਪਰਦੇ ਉਠਾਉਂਦੀਆਂ ਲਿਖਤਾਂ ਲਿਖਣ ਵਾਲੇ ਅਨੇਕਾਂ ਪੱਤਰਕਾਰਾਂ, ਕਲਮਕਾਰਾਂ ਦੇ ਹੋਏ ਕਤਲ ਤੇ ਕੁੱਟਮਾਰ ਪ੍ਰੈਸ ਦੀ ਆਜਾਦੀ ਦੇ ਨਕਲੀ ਹੋਣ ਨੂੰ ਬੇਨਕਾਬ ਕਰਦੇ ਹਨ 

ਮੁਲਕ ਅੰਦਰ ਸਾਮਰਾਜੀ ਖਪਤਕਾਰੀ ਸੱਭਿਆਚਾਰ ਅਤੇ ਹਰ ਖੇਤਰ ਲੋਕ ਭਲਾਈ ਦੀ ਥਾਂ ਮੜੇ ਤਜਾਰਤੀਕਰਨ ਦੇ ਪੈਰ ਪਾਉਣ ਦੇ ਨਾਲ ਹੀ ਦੁਨੀਆਂ ਭਰ ਦੇ ਧਨ ਲੁਟੇਰਿਆਂ ਨੇ ਮੰਡੀ ਤੇ ਕਾਬਜ ਹੋਣ ਵਾਸਤੇ ਲੋਕਾਂ ਦੀ ਮਾਨਸਿਕਤਾ ਨੂੰ ਆਵਦੇ ਅਨੁਸਾਰ ਢਾਲਣ ਦੀ ਸਾਜਿਸ਼ ਤਹਿਤ ਮੀਡੀਏ ਨੂੰ ਆਵਦੀ ਮੁੱਠੀ ਕਰ ਲਿਆ ਹੈ ਅੱਜ ਲੋਕਾਂ ਲਈ ਜਾਣਕਾਰੀ ਦਾ ਸੋਮਾ ਇਹ ਮੀਡੀਆ ਹੀ ਬਣਿਆ ਹੋਇਆ ਹੈ ਹਾਕਮ ਇਸ ਸਾਧਨ ਦੀ ਬਾਖੂਬੀ ਵਰਤੋਂ ਕਰਦੇ ਹਨ ਆਵਦੇ ਹਿੱਤ ਪੂਰਦੀਆਂ ਘਟਨਾਵਾਂ, ਸਰਗਰਮੀਆਂ ਨੂੰ  ਉਭਾਰਦੇ ਹਨ ਅਤੇ ਲੋਕ-ਪੱਖੀ ਸਰਗਰਮੀਆਂ ਨੂੰ ਨਕਾਰਦੇ ਹਨ ਸਭ ਤੋਂ ਵੱਧ ਕੇ ਹਾਕਮ ਲੋਕਾਂ ਨੂੰ ਲੋਕਰਾਜ, ਆਜਾਦੀ ਤੇ ਜਮਹੂਰੀਅਤ ਦੇ ਛਲਾਵੇ ਦੇ ਪ੍ਰਚਾਰ ਸਹਾਰੇ ਆਵਦੇ ਲੁਟੇਰੇ ਤੇ ਜਾਲਮ ਰਾਜ ਦੇ ਤੰਦੂਏ ਜਾਲ ਵਿਚ ਫਸਾਈ ਰੱਖਦੇ ਹਨ ਇਸੇ ਮੀਡੀਏ-ਮਾਲਕਾਂ ਵੱਲੋਂ ਮੀਡੀਏ ਰਾਹੀਂ ਬਣਾਈ ਹਵਾ ਦੀ ਹਨੇਰੀ ਵਿਚ, ਆਵਦੀ ਮਨ-ਮਰਜੀ ਨਾਲ ਵੋਟਾਂ ਪਾਉਣ ਦੀ ਕਹੀ ਜਾਂਦੀ ਗੱਲ ਨੂੰ ਉਡਾ ਕੇ ਲਿਜਾਇਆ ਜਾਂਦਾ ਹੈ ਤੇ ਵੋਟਰ ਕੋਲੋਂ ਵੋਟ ਮੁੱਛ ਕੇ ਆਵਦੇ ਹਿੱਤ ਦੇ ਨੁਮਾਇੰਦਿਆਂ ਨੂੰ ਪਵਾਈ ਜਾਂਦੀ ਹੈ ਮੀਡੀਏ-ਮਾਲਕਾਂ ਅਤੇ ਹਾਕਮਾਂ ਦੇ ਫਿੱਟ ਬਹਿੰਦੇ ਪ੍ਰਚਾਰ ਦੀ ਪੂਰੀ ਖੁੱਲਹੈ ਇਹ ਪ੍ਰਚਾਰ ਕਹਾਣੀ, ਨਾਵਲ, ਨਾਟਕ, ਫਿਲਮ ਅਤੇ ਗੀਤ ਕਿਸੇ ਵੀ ਰੂਪ ਵਿਚ ਹੋਵੇ ਸਭ ਨੂੰ ਆਜਾਦੀ ਹੈ 

ਪਰ ਜਦੋਂ ਕੋਈ ਪੱਤਰਕਾਰ ਇਸਤੋਂ ਹਟਵਾਂ ਹਾਕਮਾਂ ਨੂੰ ਬੇਨਕਾਬ ਕਰਦਾ ਲੋਕ-ਪੱਖੀ ਕੁਝ ਵੀ ਲਿਖੇ ਜਾਂ ਪੇਸ਼ ਕਰੇ ਤਾਂ ਝੱਟ ਆਜਾਦੀ, ਪਾਬੰਦੀ ਵਿਚ ਵਟ ਜਾਂਦੀ ਹੈ ਹਾਕਮਾਂ ਦੀਆਂ ਕਾਲੀਆਂ ਕਰਤੂਤਾਂ ਤੇ ਕਾਲੀਆਂ ਕਮਾਈਆਂ ਬਾਰੇ ਜਦ ਕੋਈ ਕਲਮ ਲਿਖਦੀ ਹੈ ਜਾਂ ਜਬਾਨ ਬੋਲਦੀ ਹੈ ਤਾਂ ਹਾਕਮ ਢੂਹੀ ਕੁੱਟੇ ਸੱਪ ਵਾਂਗ ਵਿਹੁ ਘੋਲਦੇ ਹਨ ਤੇ ਡੰਗ ਮਾਰਦੇ ਹਨ ਕਲਮ ਤੋੜਨ ਤੇ ਜਬਾਨਬੰਦੀ ਕਰਨ ਲਈ ਸਭ ਹਕੂਮਤੀ ਤਾਕਤਾਂ ਨਿਸੰਗ ਝੋਕ ਦਿੰਦੇ ਹਨ 

ਦਵਿੰਦਰਪਾਲ ਤੇ ਹੋਇਆ ਇਹ ਹਮਲਾ ਉਨਾਂ ਸਭਨਾ ਪੱਤਰਕਾਰਾਂ, ਕਲਮਕਾਰਾਂ ਤੇ ਪ੍ਰਚਾਰਕਾਂ ਲਈ ਇਕ ਚੁਣੌਤੀ ਬਣਕੇ ਆਇਆ ਹੈ ਜਿਹੜੇ ਹਕੂਮਤੀ ਜੋਰ, ਜਮੀਨਾਂ ਤੇ ਪੈਸੇ ਦੇ ਜੋਰ, ਗੁੰਡਾ ਗਰੋਹਾਂ ਦੇ ਜੋਰ ਕਾਲੀਆਂ ਕਰਤੂਤਾਂ ਤੇ ਕਾਲੀਆਂ ਕਮਾਈਆਂ ਕਰਨ ਵਾਲਿਆਂ ਦੇ ਬਖੀਏ ਉਧੇੜਦੇ ਹੋਏ ਲਿਖਦੇ ਤੇ ਬੋਲਦੇ ਹਨ ਹਾਕਮ ਨਹੀਂ ਚਾਹੁੰਦੇ, ਕੋਈ ਉਨਾਂ ਦੀਆਂ ਕਾਲੀਆਂ ਕਮਾਈਆਂ ਨੂੰ ਫਰੋਲੇ ਤੇ ਲੋਕਾਂ ਨੂੰ ਦੱਸੇ ਇਹ ਹਾਕਮ ਗੁੱਟਾਂ ਦਾ ਸਾਂਝਾ ਮੱਤ ਹੈ 

ਲੋਕ ਮੋਰਚਾ ਪੰਜਾਬ, ਅਜਿਹੇ ਪੱਤਰਕਾਰਾਂ, ਕਲਮਕਾਰਾਂ, ਨਾਟਕਕਾਰਾਂ ਤੇ ਪ੍ਰਚਾਰਕਾਂ ਦੇ ਸਦਾ ਅੰਗ-ਸੰਗ ਹੈ ਅਤੇ ਉਨਾਂ ਦੀਆਂ ਕਲਮਾਂ, ਕਲਾਕਾਰੀਆਂ ਤੇ ਵਿਚਾਰਾਂ ਨੂੰ ਉਚਿਆਉਂਦਾ ਹੈ 


ਵੱਲੋਂ : ਸੂਬਾ ਕਮੇਟੀ, ਲੋਕ ਮੋਰਚਾ ਪੰਜਾਬ
ਪ੍ਰਕਾਸ਼ਕ : ਜਗਮੇਲ ਸਿੰਘ, ਜਨਰਲ ਸਕੱਤਰ (9417224822)