StatCounter

Sunday, August 22, 2010

Kashmir


ਮੈਂ ਸ਼ਾਂਤੀਪਸੰਦ ਹਾਂ:

ਪਰ ਤੁਸੀਂ ਮੈਨੂੰ ਪੱਥਰ ਮਾਰਨ ਲਈ ਮਜ਼ਬੂਰ ਕਰ ਰਹੇ ਹੋ !

(ਹਥਲਾ ਲੇਖ 'ਮੁਖਧਾਰਾ' ਨਾਲ ਸਬੰਧਿਤ ਇੱਕ ਕਸ਼ਮੀਰੀ ਨੌਜਵਾਨ ਪੱਤਰਕਾਰ ਜਹੀਦ ਰਫ਼ੀਕ ਵਲੋਂ ਲਿਖਿਆ ਗਿਆ ਹੈ। ਇਸ ਲੇਖ਼ ਰਾਹੀਂ ਕਸ਼ਮੀਰ ਦੀਆਂ ਘਟਨਾਵਾਂ ਤੇ ਉਹਨਾਂ ਦੇ ਕਸ਼ਮੀਰੀ ਮਨਾਂ ਉੱਪਰ ਪੈ ਰਹੇ ਅਸਰਾਂ ਦਾ ਝਲਕਾਰਾ ਮਿਲਦਾ ਹੈ - ਸੰਪਾਦਕ)


ਮੈਂ ਹਮੇਸ਼ਾ ਸਰੀਰਕ ਲੜਾਈਆਂ ਤੋਂ ਟਲਦਾ ਰਿਹਾ ਹਾਂ। ਕਾਲਜ ਦੇ ਦਿਨਾਂ 'ਚ ਮੈਂ ਮੁੰਡਿਆਂ ਦੇ ਕਿਸੇ ਟੋਲੇ ਦਾ ਹਿੱਸਾ ਰਿਹਾ ਹਾਂ ਪਰ ਮੇਰੇ ਮਿੱਤਰ ਮੇਰੇ ਤੇ ਹਮੇਸ਼ਾ ਕਮਜ਼ੋਰ ਹੋਣ ਦਾ ਦੂਸ਼ਣ ਲਾਉਂਦੇ ਸੀ। ਉਹ ਆਖਦੇ ਕਿ ਮੈਂ ਕਿਸੇ ਅਜਿਹੇ ਵਿਅਕਤੀ ਤੇ ਵੀ ਹੱਥ ਨਹੀਂ ਚੁੱਕ ਸਕਦਾ ਜਿਸਨੂੰ ਉਹਨਾਂ ਨੇ ਪਹਿਲਾਂ ਹੀ ਕਾਬੂ ਕਰ ਲਿਆ ਹੋਵੇ। ਮੈਂ ਕਮਜ਼ੋਰ ਨਹੀਂ ਸੀ। ਮਾਮਲਾ ਇਹ ਸੀ ਕਿ ਝਗੜਾ ਸ਼ੁਰੂ ਹੋਣ ਵੇਲੇ ਹੀ ਮੈਨੂੰ ਇਸ ਦੇ ਵਿਅਰਥ ਹੋਣ ਦਾ ਅਹਿਸਾਸ ਹੋਣ ਲਗਦਾ। ਮੈਨੂੰ 'ਸ਼ਾਂਤੀਪਸੰਦ' ਸ਼ਬਦ ਤੋਂ ਚਿੜ ਹੈ ਪਰ ਮੈਂ ਹਾਂ। ਮੈਨੂੰ ਲਗਦਾ ਸੀ ਕਿ ਝਗੜਿਆਂ ਨੂੰ ਨਿਪਟਾਉਣ ਲਈ ਹਿੰਸਾ ਤੋਂ ਵਧੀਆ ਤਰੀਕੇ ਹੋ ਸਕਦੇ ਹਨ - ਸ਼ਾਇਦ ਗੱਲਬਾਤ ਜਾਂ ਬਹਿਸ - ਮੁਹਾਬਸਾ।

ਪਰ ਅੱਜ, ਜੇ ਮੈਂ ਪੱਤਰਕਾਰ ਨਾ ਹੁੰਦਾ ਅਤੇ ਜੇ, ਲਿਖਣਾ, ਨਾਬਰੀ ਦਾ ਇੱਕ ਤਰੀਕਾ ਨਾ ਹੁੰਦਾ, ਤਾਂ ਮੈਨੂੰ ਪਤਾ ਹੈ ਕਿ ਮੈਂ ਵੀ ਪੱਥਰਬਾਜੀ ਵਿੱਚ ਹਿੱਸਾ ਲੈ ਰਿਹਾ ਹੁੰਦਾ, ਬਿਲਕੁਲ ਆਪਣੇ ਮਿੱਤਰਾਂ ਦੀ ਤਰ੍ਹਾਂ।

ਜਦੋਂ ਤੋਂ ਮੈਨੂੰ ਸੁਰਤ ਹੈ, ਮੈਂ ਕਸ਼ਮੀਰ 'ਚ ਹੁੰਦੇ ਤਸ਼ੱਦਦ ਤੇ ਕਤਲੇਆਮਾਂ ਦਾ ਚਸ਼ਮਦੀਦ ਹਾਂ। ਸਭ ਕੁੱਝ ਧੁੰਦਲਾ ਪੈ ਗਿਆ ਜਾਪਦਾ ਸੀ ਪਰ ਪਿਛਲੇ ਦੋ ਮਹੀਨਿਆਂ 'ਚ ਹੀ, ਕਸ਼ਮੀਰ ਦੀ ਸਥਿਤੀ ਸਫੈਦ ਤੇ ਸਿਆਹ ਤਸਵੀਰ ਵਾਂਗ ਦੋ ਰੰਗੀ ਹੋ ਗਈ ਹੈ। ਸੰਸਾਰ, ਜਾਪਦਾ ਹੈ, ਖਾਮੋਸ਼ੀ ਦੀ ਸਾਜਿਸ਼ ਕਰ ਰਿਹਾ ਹੈ, ਬਿਲਕੁਲ ਜਿਵੇਂ ਬੁਲ੍ਹਾਂ 'ਤੇ ਉਂਗਲ ਰੱਖੀ ਹੋਵੇ। ਇਨ੍ਹਾਂ ਜੁੜੇ ਬੁਲ੍ਹਾਂ ਤੇ ਇਸ ਖਾਮੋਸ਼ੀ ਦੀ ਬਲੀ-ਵੇਦੀ 'ਤੇ ਹੀ, ਅਮਨਪਸੰਦੀ, ਨਿੱਤ ਦਿਹਾੜੇ, ਬਲੀ ਚੜ੍ਹ ਰਹੀ ਹੈ। ਇਹੀ ਉਹ ਚੁੱਪ ਹੈ ਜਿਥੋਂ ਸਾਰੀ ਹਿੰਸਾ ਦਾ ਆਗਾਜ਼ ਹੁੰਦਾ ਹੈ।

ਘਰੋਂ ਫੋਨ 'ਤੇ ਆਈ ਹਰ ਮਨਹੂਸ ਖ਼ਬਰ ਨਾਲ, ਮੈਂ ਆਪਣੇ ਅੰਦਰ ਵਜੂਦ ਧਾਰ ਰਹੀ ਹਿੰਸਾ ਨੂੰ ਮਹਿਸੂਸ ਕਰ ਰਿਹਾ ਹਾਂ - ਪੱਥਰ ਦਰ ਪੱਥਰ। ਮੈਂ ਦਿੱਲੀ 'ਚ ਸੀ, ਜਦੋਂ ਮੇਰੀ ਮਾਂ ਨੇ ਮੈਨੂੰ ਦੱਸਿਆ ਕਿ ਸਾਡੇ ਘਰ ਲਾਗਲੇ ਸਬਜੀ ਵਿਕਰੇਤਾ ਨੂੰ ਗੋਲੀ ਮਾਰ ਦਿੱਤੀ ਗਈ ਹੈ। ਜਦੋਂ ਮੈਂ ਦਿੱਲੀ ਨੂੰ ਤੁਰਿਆ, ਤਾਂ ਉਹ ਮੇਰੇ ਗੁਆਂਢ ਦਾ ਆਖਰੀ ਵਿਅਕਤੀ ਸੀ ਜਿਸ ਨਾਲ ਮੈਂ ਦੁਆ-ਸਲਾਮ ਕੀਤੀ ਤੇ ਮੁਸਕਰਾਹਟ ਨਾਲ ਵਿਦਾਇਗੀ ਲਈ। ਮੈਂ ਆਪਣੇ ਅੰਦਰ ਬਦਲਾ-ਲਊ ਰੋਹ ਦੇ ਭਾਂਬੜ ਬਲਦੇ ਮਹਿਸੂਸ ਕੀਤੇ।

ਮੇਰੇ ਛੋਟੇ ਭਰਾ ਨੇ ਮੈਨੂੰ ਫ਼ੋਨ 'ਤੇ ਦੱਸਿਆ ਕਿ ਸੀ.ਆਰ.ਪੀ.ਐਫ਼ ਪਾਗਲ ਹੋ ਗਈ ਹੈ, ਘਰਾਂ ਦੀਆਂ ਖਿੜਕੀਆਂ ਤੋੜ ਰਹੀ ਹੈ ਤੇ ਰਸਤੇ 'ਚ ਟਕਰਨ ਵਾਲੇ ਹਰ ਰਾਹਗੀਰ ਦੀ ਕੁੱਟਮਾਰ ਕਰ ਰਹੀ ਹੈ।

ਮੇਰੇ ਇੱਕ ਕਸ਼ਮੀਰੀ ਮਿੱਤਰ ਨੇ, ਜੋ ਕਸ਼ਮੀਰ ਬਾਰੇ ਘਾਗ-ਮੁਤਾਲਿਆ ਕਰਨ ਵਾਲੀ ਕਿਸੇ ਸੰਸਥਾ 'ਚ ਕੰਮ ਕਰਦਾ ਹੈ- ਜਿਸਨੂੰ ਉਹ 'ਦੂਸਰੇ ਰਸਤੇ' ਰਾਹੀਂ ਕੰਮ ਕਰਨ ਵਾਲੀ ਸੰਸਥਾ ਕਹਿਣਾ ਪਸੰਦ ਕਰਦੇ ਹਨ- ਮੇਰੇ ਨਾਲ ਸੰਪਰਕ ਕੀਤਾ। ਉਹ ਰੋ ਰਿਹਾ ਸੀ ਤੇ ਉਸਦੇ ਰੁਦਨਾਂ ਦੇ ਦਰਮਿਆਨ ਮੈਨੂੰ ਸਮਝ ਆਇਆ ਕਿ ਉਸਨੇ ਸਮੀਰ ਅਹਿਮਦ ਨਾਂ ਦੇ ਉਸ ਨੌਂ ਸਾਲਾ ਲੜਕੇ ਦੀ ਲਾਸ਼ ਦੀ ਤਸਵੀਰ ਦੇਖ ਲਈ ਹੈ ਜਿਸਨੂੰ ਸੀ.ਆਰ.ਪੀ.ਐਫ਼ ਨੇ ਬਟਮਾਲੂ ਵਿਖੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।

ਉਸਦੀ ਦੇਹ ਕੁੱਟਮਾਰ ਦੇ ਨਿਸ਼ਾਨਾਂ ਨਾਲ ਭਰੀ ਪਈ ਸੀ ਅਤੇ ਅੱਧੀ-ਚਿੱਥੀ ਟਾਫ਼ੀ ਹਾਲੇ ਵੀ ਉਸਦੇ ਮੂੰਹ 'ਚ ਸੀ। ਮੈਂ ਆਪਣੇ ਮਿੱਤਰ ਨੂੰ ਧਰਵਾਸ ਦੇਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਵਾਰੀ ਵਾਰੀ ਹੀ ਇੱਕ ਦੂਜੇ ਨੂੰ ਚੁੱਪ ਕਰਵਾ ਸਕੇ। ਉਸਨੇ ਕਿਹਾ ਕਿ ਉਹ ਅਗਲੀ ਸਵੇਰ ਕਸ਼ਮੀਰ ਪਰਤ ਰਿਹਾ ਹੈ, "ਇੱਥੇ, ਸਾਰੇ ਝੂਠ ਮਾਰ ਰਹੇ ਨੇ ਅਤੇ ਆਪਣੇ ਹੀ ਮਾਰੇ ਗੱਪ 'ਤੇ ਯਕੀਨ ਕਰ ਰਹੇ ਨੇ।"

ਭਾਰਤ 'ਚ ਇੱਕ ਮਿੱਥ, ਜਿਸਨੂੰ ਮੀਡੀਆ ਦੇ ਇੱਕ ਪਿਛਲੱਗੂ ਵਰਗ ਨੇ ਸਿਰਜਿਆ ਹੈ, ਪ੍ਰਚਲਿਤ ਹੈ ਕਿ ਫੌਜ ਅਤੇ ਸੀ.ਆਰ.ਪੀ.ਐਫ਼ ਕਸ਼ਮੀਰੀਆਂ ਦੀ ਸੁਰੱਖਿਆ ਕਰਦੇ ਹਨ। ਕੋਈ ਵੀ ਕਸ਼ਮੀਰੀ ਫੌਜ ਤੇ ਸੀ.ਆਰ.ਪੀ.ਐਫ਼ ਤੋਂ ਸੁਰੱਖਿਅਤ ਮਹਿਸੂਸ ਨਹੀਂ ਕਰਦਾ। ਭਾਰਤ 'ਚ ਲੋਕ ਉਨ੍ਹਾਂ ਨੂੰ 'ਸੁਰੱਖਿਆ ਦਸਤੇ' ਕਹਿੰਦੇ ਹਨ ਅਤੇ ਸਮਝਦੇ ਹਨ ਕਿ ਉਹ ਕਸ਼ਮੀਰੀਆਂ ਨੂੰ ਅੱਤਵਾਦੀਆਂ ਤੋਂ ਬਚਾਉਂਦੇ ਹਨ ਪਰ ਅਸਲ 'ਚ, ਕਸ਼ਮੀਰੀਆਂ ਨੂੰ ਇਨ੍ਹਾਂ ਦਸਤਿਆਂ ਤੋਂ ਹੀ ਬਚਾਏ ਜਾਣ ਦੀ ਜਰੂਰਤ ਹੈ। ਕਸ਼ਮੀਰੀ ਇਨ੍ਹਾਂ ਧਾੜਵੀ ਸੈਨਾਵਾਂ ਦੀ ਆਪਣੀ ਸਰਜਮੀਂ ਤੋਂ ਵਾਪਸੀ ਚਾਹੁੰਦੇ ਹਨ। ਉਨ੍ਹਾਂ ਪ੍ਰਤੀ ਜੇ ਕੋਈ ਭਾਵਨਾਵਾਂ ਕਸ਼ਮੀਰੀਆਂ ਦੇ ਮਨ 'ਚ ਹਨ ਤਾਂ ਉਹ ਕੇਵਲ ਗੁੱਸੇ, ਨਫ਼ਰਤ ਤੇ ਬਦਲੇ ਦੀਆਂ ਹਨ।

ਪਿਛਲੇ ਦੋ ਮਹੀਨਿਆਂ 'ਚ, ਕਸ਼ਮੀਰ ਅੰਦਰ ਪੁਲਸ ਤੇ ਸੀ.ਆਰ.ਪੀ.ਐਫ਼ ਦੀ ਗੋਲੀਬਾਰੀ 'ਚ 55 ਨਿਹੱਥੇ ਸ਼ਹਿਰੀ ਹਲਾਕ ਹੋਏ ਹਨ। ਉਨ੍ਹਾਂ 'ਚੋਂ ਜਿਆਦਾਤਰ ਉਹ ਲੜਕੇ ਸਨ ਜੋ ਜਾਂ ਤਾਂ ਪਥਰਾਓ ਕਰ ਰਹੇ ਸਨ ਜਾਂ ਆਂਢ-ਗੁਆਂਢ 'ਚ ਖੇਡ ਰਹੇ ਸਨ। ਮੈਂ ਉਦੋਂ ਕਸ਼ਮੀਰ ਵਿਚ ਸੀ ਜਦੋਂ ਬੇਚੈਨੀ ਦਾ ਉਮਨਾਦ ਬਨਣਾ ਸ਼ੁਰੂ ਹੋਇਆ ਅਤੇ ਜਿਸ ਵੀ ਜਨਾਜ਼ੇ 'ਚ ਮੈਂ ਸ਼ਾਮਲ ਹੋਇਆ, ਮੈਂ ਵੇਖਿਆ ਕਿ ਕਸ਼ਮੀਰੀ ਕਿੰਨੇ ਗੁੱਸੇ ਵਿਚ ਸਨ। ਗੰਗਾਬੱਘ 'ਚ, ਮੈਂ ਹਜ਼ਾਰਾਂ ਨੂੰ ਕਰਫਿਊ ਦੀ ਉਲੰਘਣਾ ਕਰਕੇ 17 ਸਾਲਾ ਲੜਕੇ ਦੇ ਜਨਾਜ਼ੇ 'ਚ ਸ਼ਾਮਲ ਹੁੰਦਿਆਂ ਵੇਖਿਆ। ਜਦੋਂ ਕਿ ਉਸਦੇ ਦੋ ਮਿੱਤਰਾਂ ਨੇ ਕੈਮਰੇ ਅੱਗੇ ਆ ਕੇ ਕਿਹਾ ਕਿ ਉਨ੍ਹਾਂ ਨੇ ਪੁਲਸ ਨੂੰ ਉਸਨੂੰ ਅਗਵਾ ਕਰਦਿਆਂ ਵੇਖਿਆ ਹੈ ਪਰ ਪੁਲਸ ਨੇ ਦਾਅਵਾ ਕੀਤਾ ਕਿ ਉਸਦੀ ਮੌਤ ਡੁੱਬਣ ਨਾਲ ਹੋਈ ਹੈ। ਪਰ ਮ੍ਰਿਤਕ ਲੜਕਾ ਨਾ ਸਿਰਫ਼ ਚੰਗਾ ਤੈਰਾਕ ਸੀ ਸਗੋਂ ਉਸਦੇ ਪੋਸਟ-ਮਾਰਟਮ ਨੇ ਵੀ ਉਸਦੇ ਸਿਰ ਉਪਰ ਚੋਟ ਦੇ ਦੋ ਨਿਸ਼ਾਨਾਂ ਦੀ ਪੁਸ਼ਟੀ ਕੀਤੀ ਹੈ।

ਅਗਲੇ ਦਿਨ ਇੱਕ ਇੰਟਰਵਿਊ ਦੌਰਾਨ ਮੁੱਖ-ਮੰਤਰੀ ਉਮਰ ਅਬਦੁੱਲਾ ਨੇ ਟਿੱਪਣੀ ਕੀਤੀ," ਜੇ ਉਸਦੀ ਜਾਨ ਦੀ ਏਨੀ ਚਿੰਤਾ ਸੀ ਤਾਂ ਦੂਜੇ ਦੋਹਾਂ ਨੇ ਉਸਨੂੰ ਬਾਹਰ ਕਿਉਂ ਨਾ ਕੱਢਿਆ?" ਇਹ ਇੱਕ ਖ਼ਰਵੀ ਟਿੱਪਣੀ ਹੀ ਨਹੀਂ ਸਗੋਂ, ਇਹ ਉਮਰ ਅਬਦੁੱਲਾ ਦਾ ਅਸਲ ਨਜ਼ਰੀਆ ਹੈਉਸ ਵਾਸਤੇ ਤਾਂ ਕਸ਼ਮੀਰੀਏ ਮਹਿਜ਼ ਅਜਿਹੇ ਨਾ-ਸ਼ੁਕਰੇ ਏਜੰਟ ਹਨ ਜੋ ਪੀ.ਡੀ.ਪੀ ਦੇ ਪੈਸਿਆਂ ਅਤੇ ਆਈ.ਐਸ.ਆਈ ਦੇ ਇਸ਼ਾਰਿਆਂ 'ਤੇ ਜਾਨ ਦੇਣ ਨੂੰ ਤਿਆਰ ਰੰਹਿਦੇ ਹਨ। ਉਮਰ ਨੇ ਇਹ ਨਜ਼ਰੀਆ, ਭਾਰਤ ਦੀ ਮੁੱਖ-ਭੂਮੀ 'ਤੇ ਬਿਤਾਈ ਆਪਣੀ ਜਿੰਦਗੀ, ਜੋ ਉਸਦੀ ਉਮਰ ਦੇ 40 ਸਾਲਾਂ 'ਚੋਂ ਬਹੁਤਾ ਹਿੱਸਾ ਬਣਦਾ ਹੈ, ਤੋਂ ਗ੍ਰਹਿਣ ਕੀਤਾ ਹੈ। ਜਿੱਥੋਂ ਤੱਕ ਮੁਫ਼ਤੀਆਂ ਦਾ ਤੱਅਲਕ ਹੈ, ਉਹ ਕਸ਼ਮੀਰੀ ਸਿਆਸਤ ਦੀ ਏਨੀ ਪਤਲੀ ਡੋਰੀ 'ਤੇ ਚੱਲ ਰਹੇ ਹਨ ਕਿ ਦੱਸਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਕਦੋਂ ਉਹ ਅਲਗਾਓ-ਵਾਦੀ ਤੇ ਕਦੋਂ ਭਾਰਤੀ ਕੌਮ-ਪ੍ਰਸਤ ਬਣ ਜਾਂਦੇ ਹਨ। ਅਸਲ 'ਚ ਜੋ ਉਹ ਚਾਹੁੰਦੇ ਹਨ ਉਹ ਹੈ ਸੱਤਾ। ਉਹ ਚਾਹੰਦੇ ਹਨ ਕਿ ਕੇਂਦਰ, ਉਮਰ ਨੂੰ ਗੱਦੀ ਤੋਂ ਲਾਹ ਕਿ ਮਹਿਬੂਬਾ ਨੂੰ ਬਿਠਾ ਦੇਵੇ।

ਇੱਕ ਲਗਭੱਗ ਅਪਾਰਦਰਸ਼ੀ ਦੀਵਾਰ ਅਬਦੁੱਲਿਆਂ ਤੇ ਕਸ਼ਮੀਰੀਆਂ ਨੂੰ ਵੰਡਦੀ ਹੈ। ਜਿਸ ਬੰਦੂਕ ਦੀ ਨਾਲ਼ ਹਰ ਵਕਤ ਕਸ਼ਮੀਰੀਆਂ 'ਤੇ ਤਣੀ ਰੰਹਿਦੀ ਹੈ ਉਸਨੂੰ, ਜਿਵੇਂ ਕਿ ਉਮਰ ਨੇ ਉਕਤ ਇੰਟਰਵਿਊ 'ਚ ਸਪੱਸ਼ਟ ਤਰੀਕੇ ਨਾਲ ਦਰਸਾਇਆ, ਅਬਦੁੱਲਿਆਂ ਦੇ ਮੋਢੇ ਦਾ ਆਸਰਾ ਮਿਲਦਾ ਹੈ। ਕਸ਼ਮੀਰ 'ਚ ਲੋਕ ਕੰਹਿਦੇ ਹਨ ਕਿ ਅਬਦੁੱਲੇ ਤੇ ਮੁਫ਼ਤੀ ਕਦੇ ਨਹੀਂ ਸਮਝ ਸਕਦੇ ਕਿ 'ਆਤਮਘਾਤੀ' ਕਸ਼ਮੀਰੀ ਕਿਉਂ ਕਰਫ਼ਿਊ ਦੀ ਉਲੰਘਣਾ ਕਰਦੇ ਹਨ ਤੇ ਪਥਰਾਓ ਕਰਦੇ ਹਨ ਕਿਉਂਕਿ ਉਨ੍ਹਾਂ ਦਾ ਕੋਈ ਵੀ ਆਪਣਾ ਉਨ੍ਹਾਂ 70 ਹਜ਼ਾਰ ਕਬਰਾਂ 'ਚ ਦਫ਼ਨ ਨਹੀਂ ਜਿਹੜੀਆਂ ਕਸ਼ਮੀਰ ਨੂੰ ਪਿਛਲੇ ਦੋ ਦਹਾਕਿਆਂ 'ਚ ਹਾਸਲ ਹੋਈਆਂ ਹਨ। ਹੁਣ ਮੈਂ ਸਮਝ ਸਕਦਾ ਹਾਂ ਕਿ ਸਾਡਾ ਇੱਕ ਬੁੱਢਾ ਰਿਸ਼ਤੇਦਾਰ, ਜਿਹੜਾ ਪਹਿਲਾਂ ਨੈਸ਼ਨਲ ਕਾਨਫਰੰਸ ਦਾ ਕੱਟੜ ਹਮਾਇਤੀ ਸੀ, ਕਿਉਂ, ਅਬਦੁੱਲਿਆਂ ਤੋਂ ਜਾਤੀ ਤੌਰ 'ਤੇ ਠੱਗਿਆ ਗਿਆ ਮਹਿਸੂਸ ਕਰਦਾ ਹੈ। ਉਹ ਲਗਭੱਗ ਹਰ ਰੋਜ਼ ਦੁਹਰਾਉਂਦਾ ਹੈ ਕਿ ਸ਼ੇਰ-ਏ-ਕਸ਼ਮੀਰ (ਸ਼ੇਖ਼ ਅਬਦੁੱਲਾ) ਕਸ਼ਮੀਰੀਆਂ ਨੂੰ ਡੋਗਰਿਆਂ ਦੇ ਜ਼ਾਲਮ ਰਾਜ ਤੋਂ ਨਿਜਾਤ ਦਵਾਉਣ ਲਈ ਲੜਿਆ ਪਰ ਉਸਨੇ, ਬਦਲੇ 'ਚ ਉਸਤੋਂ ਵੀ ਵਧੇਰੇ ਮਾੜੀ ਵਿਰਾਸਤ ਦੀ ਸਥਾਪਨਾ ਕੀਤੀ।

ਮੈਂ ਸ਼੍ਰੀਨਗਰ ਦੇ ਹਜ਼ੂਰੀ ਬਾਗ ਦੀ ਇੱਕ ਤਸਵੀਰ ਵੇਖੀ ਜਿਸ ਵਿੱਚ ਇੱਕ ਬੁੱਢਾ ਵਿਅਕਤੀ ਆਪਣੇ ਪੁੱਤ ਦੀ ਲਾਸ਼ ਨਾਲ ਚਿੰਬੜਿਆ ਹੋਇਆ ਸੀ। ਅੱਧੀ ਦਰਜਨ ਪੁਲਸ ਵਾਲੇ ਉਸਨੂੰ ਉਸਦੇ ਪੁੱਤ ਦੀ ਲਾਸ਼ ਨਾਲੋਂ ਧੂਹ ਕੇ ਹਟਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਹ ਲਾਸ਼ ਨੂੰ ਛੱਡ ਨਹੀਂ ਸੀ ਰਿਹਾ। ਉਸਦੀ ਕਮੀਜ਼ ਖ਼ੂਨ ਨਾਲ ਭਿੱਜੀ ਪਈ ਸੀ ਤੇ ਉਸਦੀ ਦਾੜ੍ਹੀ 'ਤੇ ਲਾਲ ਧੱਬੇ ਪਏ ਹੋਏ ਸੀ। ਮੈਂ ਉਸ ਤਸਵੀਰ ਨੂੰ ਕਾਫ਼ੀ ਚਿਰ ਵੇਖਦਾ ਰਿਹਾ, ਜਾਣੋ ਇਹ ਕੁੱਝ ਕਹਿ ਰਹੀ ਸੀ। ਮੈਂ ਕਲਪਨਾ ਨਹੀਂ ਕਰ ਸਕਿਆ ਕਿ ਉਸ ਬਾਪ 'ਤੇ ਕੀ ਗੁਜ਼ਰਦੀ ਹੋਊ ਜਿਸਨੂੰ ਧੱਕੇ ਨਾਲ ਆਪਣੇ ਪੁੱਤ ਦੀ ਲਾਸ਼ ਤੋਂ ਜੁਦਾ ਕੀਤਾ ਜਾ ਰਿਹਾ ਸੀ ਤੇ ਵਿਰਲਾਪ ਕਰਨ ਤੋਂ ਵੀ ਵਰਜਿਆ ਜਾ ਰਿਹਾ ਸੀ। ਕੀ ਉਮਰ ਦੀ ਅਪੀਲ ਉਸ ਬਾਪ ਨੂੰ ਕਰਫ਼ਿਊ ਦੀ ਉਲੰਘਣਾ ਕਰਨੋਂ ਤੇ ਹਜ਼ੂਮ 'ਚ ਹਿੱਸਾ ਲੈਣ ਤੋ ਰੋਕ ਸਕੇਗੀ? ਉਮਰ ਕੀ ਕਰਦਾ ਜੇ ਉਹ ਉਸ ਬੁੱਢੇ ਵਿਅਕਤੀ ਦੀ ਥਾਂ 'ਤੇ ਹੁੰਦਾ - ਇੱਕ ਬਾਪ ਤੇ ਤੌਰ 'ਤੇ, ਇੱਕ ਮੁੱਖ-ਮੰਤਰੀ ਹੁੰਦਿਆਂ? ਕੀ ਉਹ ਸ਼ਹਿਰ ਨੂੰ ਤਬਾਹ ਨਾ ਕਰ ਦਿੰਦਾ? ਮੈਂ ਸ਼੍ਰੀਨਗਰ ਦੇ ਸੜ-ਬਲਣ ਦੀ ਕਲਪਨਾ ਕੀਤੀ।

ਤੇ ਫਿਰ ਮੈਂ ਉਨ੍ਹਾਂ ਸਭਨਾਂ ਪਿਤਾਵਾਂ, ਭਰਾਵਾਂ, ਚਾਚਿਆਂ-ਤਾਇਆਂ, ਦੋਸਤਾਂ ਤੇ ਗੁਆਂਢੀਆਂ ਦਾ ਚੇਤਾ ਕੀਤਾ ਜਿਨ੍ਹਾਂ ਨੂੰ ਮੈਂ ਕਸ਼ਮੀਰ 'ਚ ਉਨ੍ਹਾਂ ਦੇ ਮ੍ਰਿਤਕ ਸਨੇਹੀਆਂ ਨੂੰ ਉਠਾਲਣ ਦੀ ਵਿਅਰਥ ਕੋਸ਼ਿਸ਼ ਕਰਦੇ ਵੇਖਿਆ ਸੀ ਤੇ ਮੈਨੂੰ ਮਹਿਸੂਸ ਹੋਇਆ ਕਿ ਪਥਰਾਓ ਕਰਕੇ, ਠਾਣਿਆਂ ਤੇ ਸਪੈਸ਼ਲ ਓਪ੍ਰੇਸ਼ਨ ਗਰੁੱਪ ਦੇ ਕੈਂਪਾਂ ਨੂੰ ਸਾੜ ਕੇ ਉਹ ਬਹੁਤ ਥੋੜਾ ਕਰ ਰਹੇ ਹਨ।

ਕਸ਼ਮੀਰ, ਦਰਦ ਤੇ ਲਹੂ 'ਚ ਲਥਪੱਥ ਇੱਕ ਬਹੁਤ ਲੰਬੀ ਗਾਥਾ ਹੈ ਤੇ ਇਸਨੂੰ 'ਅਮਨ-ਕਨੂੰਨ' ਦੀ ਸਮੱਸਿਆ ਗਰਦਾਨਣਾ ਸੰਭਵ ਨਹੀਂ। ਜੇ ਸਿਰਫ, ਕਸ਼ਮੀਰ 'ਚ ਸੁਰੱਖਿਆ ਦਸਤਿਆਂ ਦੁਆਰਾ ਅਨਾਥ ਕੀਤੇ ਬੱਚਿਆਂ ਨੇ ਹੀ ਪੱਥਰ ਮਾਰਨੇ ਹੋਣ ਤਾਂ ਤੁਹਾਡੇ ਸਾਹਮਣੇ 60,000 ਪਥਰਾਓਕਾਰੀਆਂ ਦੀ ਭੀੜ ਹੋਵੇਗੀ। ਜੇ ਉਨ੍ਹਾਂ ਵਿੱਚ, ਸੁਰੱਖਿਆ ਦਸਤਿਆਂ ਦੁਆਰਾ ਵਿਧਵਾ ਕੀਤੀਆਂ ਔਰਤਾਂ ਵੀ ਸ਼ਾਮਲ ਹੋ ਜਾਣ, ਤਾਂ ਅਜਿਹੀਆਂ 30,000 ਔਰਤਾਂ ਹੋਣਗੀਆਂ ਜੋ ਹਰ ਬੰਕਰ, ਹਰ ਕੈਂਪ ਤੇ ਹਰ ਫੌਜੀ 'ਤੇ ਪੱਥਰ ਬਰਸਾ ਰਹੀਆਂ ਹੋਣਗੀਆਂ।

ਜਦੋਂ ਕਸ਼ਮੀਰ ਅੰਦਰ ਇੱਕ ਲੜਕਾ, ਹੱਥ 'ਚ ਰੋੜਾ ਫੜੀਂ, ਇੱਕ ਹਥਿਆਰਬੰਦ ਸਿਪਾਹੀ ਵੱਲ ਵੱਧਦਾ ਹੈ ਤਾਂ ਉਹ ਉਨ੍ਹਾਂ ਵਿਚਕਾਰ ਤਾਕਤ ਦੇ ਪਾੜੇ ਬਾਰੇ ਸੁਚੇਤ ਹੁੰਦਾ ਹੈ। ਉਸਦਾ ਵਧੀਆ ਤੋਂ ਵਧੀਆ ਨਿਸ਼ਾਨਾ, ਵੱਧ ਤੋਂ ਵੱਧ ਸਿਪਾਹੀ ਤੇ ਗਮ੍ਹੋੜਾ (ਸੋਜਾ) ਪਾ ਸਕਦਾ ਹੈ ਜਾਂ ਫਿਰ ਉਸਨੂੰ ਕੁੱਝ ਟਾਂਕੇ ਲਵਾਉਣੇ ਪੈ ਸਕਦੇ ਹਨ, ਉਹ ਵੀ ਤਾਂ ਜੇ ਉਸਦਾ ਰੋੜਾ, ਸਿਪਾਹੀ ਦੀ ਬੁਲਟ-ਪਰੂਫ਼ ਜਾਕਟ, ਲੋਹ-ਟੋਪ ਜਾਂ ਢਾਲ ਨੂੰ ਟੱਪ ਸਕਿਆ। ਪਰ ਸਿਪਾਹੀ - ਤੇ ਲੜਕਾ, ਚੰਗੀ ਤਰ੍ਹਾਂ ਜਾਣਦੇ ਹਨ ਕਿ ਸਿਪਾਹੀ ਦੀ ਗੋਲੀ ਜਾਂ ਹੰਝੂ-ਗੈਸ ਦਾ ਗੋਲਾ, ਲੜਕੇ ਦੀ ਜਾਨ ਲੈ ਸਕਦੇ ਹਨ ਜਾਂ ਉਸਨੂੰ ਗੰਭੀਰ ਫੱਟੜ ਕਰ ਸਕਦੇ ਹਨ।

ਪੱਥਰ ਨੂੰ ਹਥਿਆਰ ਦੇ ਤੌਰ 'ਤੇ ਵਰਤਣ ਦੀ ਚੋਣ ਹੀ, ਲੜਕੇ ਦਾ ਯਕੀਨ ਹੈ, ਉਸਨੂੰ ਉਚੇਰੇ ਨੈਤਿਕ ਪੱਧਰ 'ਤੇ ਲਿਆ ਖੜਾਉਂਦੀ ਹੈ। ਉਸਦਾ ਮੰਤਵ ਸਿਪਾਹੀ ਦੀ ਜਾਨ ਲੈਣਾ ਨਹੀਂ ਹੈ ਬਲਕਿ ਇਹ ਦਰਸਾਉਣਾ ਹੈ ਕਿ ਸਥਿਤੀ ਅੰਦਰ ਕੋਈ ਗੱਲ ਗੰਭੀਰ ਰੂਪ 'ਚ ਗਲਤ ਵਾਪਰ ਰਹੀ ਹੈ। ਇਹੋ ਵਜ੍ਹਾ ਹੈ ਕਿ ਬੀਤੇ ਦੋ ਸਾਲਾਂ ਦੌਰਾਨ ਇੱਕ ਵੀ ਫੌਜੀ ਜਾਂ ਪੁਲਸਵਾਲੇ ਦੀ ਪੱਥਰਾਓ ਦੌਰਾਨ ਮੌਤ ਨਹੀਂ ਹੋਈ ਭਾਵੇਂ ਕਿ ਅਸੀਂ ਬਹੁਤ ਸਾਰੀਆਂ ਤਸਵੀਰਾਂ ਵੇਖੀਆਂ ਹਨ ਜਿਨ੍ਹਾਂ ਅੰਦਰ ਬਹੁਤ ਸਾਰੇ ਪੱਥਰਾਓ-ਕਾਰੀਆਂ ਨੇ ਇਕੱਲੇ-ਦੁਕੱਲੇ ਫੌਜੀਆਂ ਨੂੰ ਕਾਬੂ ਕੀਤਾ ਹੁੰਦਾ ਹੈ।

ਕਸ਼ਮੀਰੀਆਂ ਨੇ ਬਹੁਤ ਦੇਰ ਤੱਕ ਇੰਤਜ਼ਾਰ ਕੀਤਾ ਹੈ ਕਿ ਭਾਰਤ ਤੇ ਸੰਸਾਰ ਉਨ੍ਹਾਂ ਦੀ ਗੱਲ ਸੁਣੇ ਪਰ ਜਾਪਦਾ ਹੈ ਕਿ ਉਨ੍ਹਾਂ ਦਾ ਕਿਹਾ ਕਿਸੇ ਦੇ ਪੱਲੇ ਨਹੀਂ ਪੈਂਦਾ। ਫੇਰ ਜਿਵੇਂ ਕਸ਼ਮੀਰੀਆਂ ਨੇ ਉਸ ਭਾਸ਼ਾ ਦਾ ਸਹਾਰਾ ਲਿਆ ਹੈ ਜੋ ਹਰ ਇਨਸਾਨ ਦੇ ਸਮਝ ਪੈ ਸਕਦੀ ਹੈ। ਪਿਛਲੇ ਦੋ ਮਹੀਨਿਆਂ ਤੋਂ, ਉਹ ਪੱਥਰਾਓ ਦੀ ਬੋਲੀ ਬੋਲ ਰਹੇ ਹਨ।

ਮਾਵਾਂ, ਜਿਨ੍ਹਾਂ ਨੂੰ ਉਮਰ ਨੇ ਆਪਣੇ ਬੱਚਿਆਂ ਨੂੰ ਘਰਾਂ ਅੰਦਰ ਤਾੜਨ ਦੀ ਅਪੀਲ ਕੀਤੀ ਸੀ, ਖ਼ੁਦ ਸੜਕਾਂ 'ਤੇ ਪੱਥਰ ਬਰਸਾਉਣ ਲਈ ਆ ਨਿੱਤਰੀਆਂ ਹਨ। ਜਦੋਂ ਪਿਛਲੇ ਮਹੀਨੇ ਮੈਂ ਟੈਲੀਵਿਜ਼ਨ ਉੱਪਰ ਪਥਰਾਓ ਦੀਆਂ ਤਸਵੀਰਾਂ ਵੇਖੀਆਂ ਜਿਨ੍ਹਾਂ 'ਤੇ ਇਹ ਸਿਰਲੇਖ਼ ਦਿੱਤੇ ਜਾ ਰਹੇ ਸਨ ਕਿ ਲਕਸ਼ਰੇ-ਤੋਇਬਾ ਭਾੜੇ ਦੇ ਏਜੰਟਾਂ ਰਾਹੀਂ ਗੜਬੜ ਫੈਲਾ ਰਹੀ ਹੈ, ਤਾਂ ਮੈਂ ਇਸ 'ਭਾੜੇ ਦੀ ਭੀੜ' 'ਚੋਂ ਆਪਣੇ ਗੁਆਂਢ ਦੇ ਕਈ ਵਾਕਫ਼ ਚਿਹਰੇ ਸਿਆਣੇ। ਮੈਂ ਪੱਥਰ ਵਰਸਾ ਰਹੀਆਂ ਦੋ ਭੈਣਾਂ ਵੇਖੀਆਂ। ਮੈਂ ਉਨ੍ਹਾਂ ਨੂੰ ਜਾਣਦਾ ਹਾਂ; 2005 'ਚ ਬੀ.ਐਸ.ਐਫ ਨੇ ਉਨ੍ਹਾਂ ਦਾ ਭਰਾ ਚੁੱਕ ਲਿਆ ਸੀ ਤੇ ਦੋਹਾਂ ਭੈਂਣਾਂ 'ਚੋਂ ਇੱਕ ਨੇ ਨੰਗੇ ਪੈਰ੍ਹੀਂ ਬੀ.ਐਸ.ਐਫ ਦੀ ਜੀਪ ਦਾ ਮਗਰਾ ਵੀ ਕੀਤਾ ਸੀ। ਦਸ ਦਿਨਾਂ ਮਗਰੋਂ, ਉਨ੍ਹਾਂ ਦਾ ਭਰਾ, ਲਾਗਲੀ ਗਲੀ 'ਚੋਂ ਡਿੱਗਿਆ ਮਿਲਿਆ, ਉਸਦੀ ਚਮੜੀ ਸੜੀ ਹੋਈ ਸੀ, ਗੇਲੀਆਂ ਨਾਲ ਉਸਦਾ ਪਿੰਡਾ ਫੇਹਿਆ ਪਿਆ ਸੀ ਤੇ ਉਸਦੇ ਲਿੰਗ ਥਾਣੀਂ ਤਾਰਾਂ ਪਰੋਈਆਂ ਪਈਆਂ ਸੀ। ਉਹ ਦੁਬਾਰਾ ਫਿਰ ਕਦੇ ਪਹਿਲਾਂ ਵਰਗਾ ਨਹੀਂ ਹੋ ਸਕਿਆ। ਮੈਂ ਇੱਕ ਦਰਮਿਆਨੀ ਉਮਰ ਦੀ ਔਰਤ ਵੇਖੀ ਜਿਸਦਾ ਪਤੀ 1995 ਤੋਂ ਲਾਪਤਾ ਸੀ। ਮੈਂ ਇੱਕ ਮਾਂ ਸਿਆਣੀ ਜਿਸਦਾ ਪੁੱਤ ਸੁਰੱਖਿਆ ਦਸਤਿਆਂ ਨੇ ਮਾਰ ਦਿੱਤਾ ਸੀ। ਉਨ੍ਹਾਂ ਵਿੱਚੋਂ ਹਰੇਕ ਪਾਸ, ਪਿਛਲੇ 20 ਸਾਲਾਂ ਤੋਂ, ਦੱਸਣ ਨੂੰ ਇੱਕ ਕਹਾਣੀ ਸੀ ਤੇ ਆਖ਼ਰ ਉਹ ਪੱਥਰਾਂ ਰਾਹੀਂ ਆਪਣੀ ਗੱਲ ਕਹਿ ਰਹੇ ਸੀ। ਉਨ੍ਹਾਂ ਦੇ ਪੱਥਰ ਮੁਸ਼ਕਲ ਨਾਲ ਹੀ ਫੌਜੀਆਂ ਤੱਕ ਅੱਪੜਦੇ ਹਨ, ਪਰ, ਇਹ ਮੁੱਖ ਗੱਲ ਨਹੀਂ ਹੈ। ਪੱਥਰ ਮਾਰਨ ਦਾ ਕਾਰਜ, ਨਾ ਕਿ ਵੱਜਣ ਦਾ ਸਿੱਟਾ, ਇਹ ਹੈ ਜੋ ਉਨ੍ਹਾਂ ਨੂੰ ਘਰਾਂ ਤੋਂ ਬਾਹਰ ਲਿਆ ਰਿਹਾ ਹੈ।

ਔਰਤਾਂ ਇਸ ਟਕਰਾਓ ਦੀਆਂ ਮੂਕ ਪੀੜਤ ਰਹੀਆਂ ਹਨ। ਬਲਾਤਕਾਰ ਤੇ ਜਿਸਮਾਨੀ ਸ਼ੋਸ਼ਣ, ਜੋ ਕਿ ਫੌਜ ਦੀ ਸਾਈਕੌਲੋਜੀਕਲ ਲੜਾਈ ਦਾ ਹਿੱਸਾ ਹੈ, ਘੱਟ ਨਸ਼ਰ ਕੀਤਾ ਗਿਆ ਹੈ। ਪਰ ਔਰਤਾਂ ਇਸਤੋਂ ਭਲੀ-ਭਾਂਤ ਵਾਕਫ ਹਨ ਤੇ ਮਨੋਰੋਗਾਂ ਦੇ ਮਾਹਿਰ ਵੀ। ਉਨ੍ਹਾਂ ਮੁਤਾਬਕ, ਪੱਥਰ ਸੁੱਟਣ ਦੀ ਕ੍ਰਿਆ ਚਿੱਤ ਹੌਲਾ ਕਰਨ ਦਾ ਜਰੀਆ ਵੀ ਹੈ। ਹਰੇਕ ਪੱਥਰ ਜੋ ਉਹ ਸੁੱਟਦੇ ਹਨ, ਉਨ੍ਹਾਂ ਦੀ ਛਾਤੀ 'ਤੇ ਪਏ ਪਹਾੜ ਦਾ ਭਾਰ ਕੁੱਝ ਹੌਲਾ ਕਰਦਾ ਹੈ।

ਕੁੱਝ ਹਫ਼ਤੇ ਪਹਿਲਾਂ, ਮੇਰੇ ਪੰਜ ਸਾਲਾ ਚਚੇਰਾ ਭਰਾ, ਅਥਰ, ਬਟਮਾਲੂ ਵਿਖੇ ਆਪਦੇ ਗੇਟ ਤੋਂ ਬਾਹਰ ਨਿੱਕਲਿਆ ਹੀ ਸੀ ਕਿ ਫੌਜੀਆਂ ਨੇ ਉਸਦੇ ਵੱਲ ਅਹੁਲਦੇ ਹੋਏ ਲਲਕਾਰਾ ਮਾਰਿਆ," ਹਮ ਮਾਰ ਡਾਲੇਂਗੇ।" ਉਹ ਅੰਦਰ ਵੱਲ ਦੌੜਿਆ ਤੇ ਡੌਰ-ਭੌਰ ਹੋ ਗਿਆ। ਮੇਰੀ ਚਾਚੀ ਨੇ ਉਸਨੂੰ ਬੋਲਣ ਲਈ ਬਥੇਰਾ ਜ਼ੋਰ ਪਾਇਆ ਪਰ ਮੁੰਡੇ ਦਾ ਬੋਲ ਨਾ ਨਿੱਕਲੇ। 10 ਮਿੰਟਾਂ ਬਾਅਦ ਜਾ ਕੇ ਕਿਤੇ ਬੱਚਾ ਆਪਦੀ ਮਾਂ ਨੂੰ ਫੌਜੀਆਂ ਦਾ ਕਿਹਾ ਦੱਸਣ ਲਈ ਸੰਭਲ ਸਕਿਆ। ਮੇਰੀ ਚਾਚੀ ਨੇ, ਜੋ ਵਣਜ ਦੀ ਬੀ.ਏ ਹੈ, ਹਰਖ਼ 'ਚ ਹੰਝੂ ਪੂੰਝੇ, ਜਵਾਕ ਨੂੰ ਮੋਢਿਆਂ 'ਤੇ ਚੁੱਕਿਆ ਤੇ ਉਸਨੂੰ ਘਰ ਦੇ ਨੇੜੇ ਹੀ ਹੋ ਰਹੇ ਅਜ਼ਾਦੀ-ਪੱਖੀ ਮੁਜ਼ਾਹਰੇ 'ਚ ਲੈ ਗਈ। ਦਹਿਸ਼ਤ ਦੇ ਪ੍ਰਭਾਵ ਨੂੰ ਖਤਮ ਕਰਨ ਲਈ, ਉਨ੍ਹਾਂ ਦੋਹਾਂ ਨੇ ਹੀ ਅਜ਼ਾਦੀ ਪੱਖੀ ਨਾਹਰੇ ਗੁੰਜਾਏ ਤੇ ਇਹ ਤਰੀਕਾ ਕਾਮਯਾਬ ਰਿਹਾ। ਹੁਣ ਮੇਰੀ ਚਾਚੀ, ਆਪਣੀ ਨੌਕਰੀ ਦੌਰਾਨ ਜੋ ਵੀ ਨੋਟ ਉਹ ਸੰਭਾਲਦੀ ਹੈ, ਉਨ੍ਹਾਂ ਤੇ 'ਗੋ ਇੰਡੀਆ, ਗੋ ਬੈਕ' ਲਿਖਦੀ ਰੰਹਿਦੀ ਹੈ ਤੇ ਮੇਰਾ ਚਚੇਰਾ ਭਰਾ ਇਹੋ ਇਬਾਰਤ ਕੰਧਾਂ 'ਤੇ ਲਿਖ ਦਿੰਦਾ ਹੈ, ਅੰਗਰੇਜ਼ੀ ਦੀ ਇਹ ਇੱਕਲੌਤੀ ਇਬਾਰਤ ਹੈ ਜੋ ਉਸਨੂੰ ਆਉਂਦੀ ਹੈ।ਅਜਿਹੇ ਬੱਚਿਆਂ ਦੀ ਬਦੌਲਤ ਹੀ ਸ਼੍ਰੀਨਗਰ, ਜੋ ਕਿ ਬੰਦ ਸ਼ਟਰਾਂ, ਸੁੰਨੀਆਂ ਸੜਕਾਂ, ਧੂੜ ਲੱਦੀਆਂ ਕੰਧਾਂ ਤੇ ਭਿੜੇ ਦਰਵਾਜ਼ਿਆਂ ਦਾ ਸ਼ਹਿਰ ਹੈ, ਅਜ਼ਾਦੀ-ਪੱਖੀ ਨਾਹਰਿਆਂ ਨਾਲ ਭਰਿਆ ਪਿਆ ਹੈ।

ਕਸ਼ਮੀਰ ਦੀ ਲਹਿਰ ਪਾਕਿਸਤਾਨ ਤੇ ਅਫ਼ਗਾਨਿਸਤਾਨ ਦੇ ਪ੍ਰਛਾਵੇਂ ਤੋਂ ਅੱਗੇ ਨਿੱਕਲ ਗਈ ਹੈ। ਕਸ਼ਮੀਰ ਨੇ ਬੰਦੂਕਾਂ ਤੋਂ ਨਾਹਰਿਆਂ ਦੀ ਤਬਦੀਲੀ ਹੰਢਾਈ ਹੈ ਤੇ ਪੱਥਰ ਉਦੋਂ ਚੁੱਕੇ ਹਨ ਜਦੋਂ ਹਕੂਮਤ ਨੇ ਉਨ੍ਹਾਂ ਦੇ ਮੁਜ਼ਾਹਰੇ ਜਬਰੀ ਰੋਕ ਦਿੱਤੇ ਹਨ। 2008 'ਚ, ਕਸ਼ਮੀਰ ਵਿੱਚ ਲੱਖਾਂ ਨੇ ਮਾਰਚ ਕੀਤਾ, ਮਨੁੱਖੀ ਕਤਾਰਾਂ ਬਣਾਈਆਂ ਤਾਂ ਜੋ ਫੌਜੀਆਂ ਤੇ ਬੰਕਰਾਂ ਨੂੰ ਕੋਈ ਛੂਹ ਨਾ ਸਕੇ। ਇਸ ਵਰ੍ਹੇ, ਹਕੂਮਤ ਨੇ ਸਫ਼ਲਤਾ-ਪੂਰਵਕ ਕਸ਼ਮੀਰੀਆਂ ਨੂੰ ਅਹਿੰਸਕ ਮੁਜ਼ਾਹਰੇ ਕਰਨ ਤੋਂ ਰੋਕ ਦਿੱਤਾ ਤੇ ਹਥਿਆਰਬੰਦ ਦਸਤਿਆਂ ਨੂੰ ਪਹਿਲਾ ਹੁਕਮ ਹੀ ਗੋਲੀ ਚਲਾ ਕੇ ਖਿੰਡਾਉਣ ਦਾ ਦਿੱਤਾ ਗਿਆ। ਕਿਸੇ ਵੀ ਹਾਲਤ 'ਚ, ਇਸ ਵਰ੍ਹੇ, ਹਥਿਆਰਬੰਦ ਦਸਤਿਆਂ ਨੇ ਲੋਕਾਂ ਨੂੰ ਇਕੱਠੇ ਨਹੀਂ ਹੋਣ ਦਿੱਤਾ। ਇੱਤੋਂ ਤੱਕ ਕਿ ਉਨ੍ਹਾਂ ਨੇ ਦਰਜ਼ਨਾਂ ਵਾਰ ਵੈਣ ਪਾਉਂਦੇ ਲੋਕਾਂ 'ਤੇ ਗੋਲੀਆਂ ਚਲਾਈਆਂ 'ਤੇ ਉਨ੍ਹਾਂ ਨੂੰ ਪਥਰਾਓ ਕਰਨ ਲਈ ਮਜ਼ਬੂਰ ਕਰ ਦਿੱਤਾ।

ਅੱਜ ਦੀ ਘੜੀ ਕਸ਼ਮੀਰ ਵਿੱਚ, ਖਾੜਕੂਵਾਦ ਵਾਸਤੇ ਪ੍ਰਾਹੁਣਾਚਾਰੀ ਕਰਨ ਵਾਲੇ ਘਰ ਅਤੇ ਇੱਛੁਕ ਹੱਥ ਲੱਭਣੇ ਮੁਸ਼ਕਲ ਹੋਣਗੇ। ਕਸ਼ਮੀਰੀ, ਭਾਰਤ ਨਾਲ ਉਨ੍ਹਾਂ ਦੇ ਝਗੜੇ ਦਾ ਨਬੇੜਾ ਬਿਨਾਂ ਬੰਦੂਕਾਂ ਤੋਂ ਕਰਨਾ ਚਾਹੁੰਦੇ ਹਨ। ਮੈਨੂੰ ਸਭ ਤੋਂ ਵੱਧ ਨਿਰਾਸ਼ਾ ਉਦੋਂ ਹੁੰਦੀ ਹੈ ਜਦੋਂ ਕਸ਼ਮੀਰੀਆਂ ਨੂੰ ਪਾਕਿਸਤਾਨ ਦੇ ਭਾੜੇ ਦੇ ਏਜੰਟ ਤੇ ਪੀ.ਡੀ.ਪੀ ਦੇ ਕਾਰਕੁੰਨ ਕਿਹਾ ਜਾਂਦਾ ਹੈ। ਨੈਸ਼ਨਲ ਕਾਨਫਰੰਸ ਨੇ, ਨਾ ਕਿ ਪੀ.ਡੀ.ਪੀ ਨੇ, ਸ਼੍ਰੀਨਗਰ ਦੀਆਂ ਸਾਰੀਆਂ ਸੀਟਾਂ ਜਿੱਤੀਆਂ ਹਨ ਜਿਹਨੂੰ ਅੱਜ ਸਰਕਾਰ ਪਥਰਾਓ ਦਾ ਗੜ੍ਹ ਕਹਿ ਰਹੀ ਹੈ। ਇਸੇ ਵਰ੍ਹੇ ਕੁਝ ਸਮਾਂ ਪਹਿਲਾਂ, ਮੈਂ ਇੱਕ ਇੰਟਰਵਿਊ ਦੌਰਾਨ ਉਮਰ ਨੂੰ ਪੁੱਛਿਆ ਕਿ ਉਹ ਖੁਦ ਨੂੰ ਕਸ਼ਮੀਰ ਦੇ ਆਗੂ ਵਜੋਂ ਵੇਖਦਾ ਹੈ ਜਾਂ ਕਸ਼ਮੀਰ ਤੋਂ ਇੱਕ ਸਿਆਸਤਦਾਨ ਵਜੋਂ। ਉਸਨੇ ਕਾਫੀ ਉਤੇਜਨਾ 'ਚ ਜਵਾਬ ਦਿੱਤਾ ਕਿ ਉਹ 60 ਪ੍ਰਤੀਸ਼ਤ ਵੋਟਾਂ ਨਾਲ ਚੁਣਿਆ ਗਿਆ ਹੈ ਅਤੇ ਕਿ ਇਹੀ ਗੱਲ ਸਭ ਕੁੱਝ ਬਿਆਨ ਕਰਦੀ ਹੈ। ਹੁਣ ਉਹ ਕੀ ਸੋਚਦਾ ਹੈ ਕਿ ਇਹ ਵੋਟਾਂ ਕਿੱਥੇ ਹਨ?

ਜੇਕਰ ਪਥਰਾਓ-ਕਾਰੀ ਅਤੇ ਮੁਜ਼ਾਹਰਾਕਾਰੀਆਂ ਨੂੰ ਅਤਿਵਾਦੀ ਗਰਦਾਨ ਕੇ ਮਾਰਿਆ ਜਾਣਾ ਜਾਰੀ ਰਿਹਾ ਤਾਂ ਕਸ਼ਮੀਰੀਏ ਦੱਬੀਆਂ ਬੰਦੂਕਾਂ ਨੂੰ ਕੱਢਣ ਲਈ ਮਜ਼ਬੂਰ ਹੋ ਜਾਣਗੇ। ਅਤੇ ਜਾਪਦਾ ਹੈ ਕਿ ਭਾਰਤੀ ਰਾਜ, ਜੋ ਕਿ ਹਥਿਆਰਾਂ ਦਾ ਸਭ ਤੋਂ ਵੱਡਾ ਦਰਾਮਦਕਾਰੀ ਹੈ ਅਤੇ ਕਸ਼ਮੀਰ 'ਚ ਇਸਦੇ 7,00,000 ਫੌਜੀਆਂ ਦੇ ਚਲਦਿਆਂ, ਇੱਕ ਹੋਰ ਹਥਿਆਰਬੰਦ ਬਗਾਵਤ ਦੀ ਗੁੰਜਾਇਸ਼ ਤੋਂ ਖੁਸ਼ ਹੈ, ਜਿਸਤੇ ਇਹ ਅਤਿਵਾਦੀ ਹੋਣ ਦਾ ਠੱਪਾ ਲਾ ਸਕਦਾ ਹੈ। ਪਰ ਜੇ ਕਸ਼ਮੀਰੀਆਂ ਦੀ ਅਜੌਕੀ ਪੀੜ੍ਹੀ, ਜੋ ਹੱਥਾਂ 'ਚ ਪੱਥਰ ਚੱਕਕੇ ਏ.ਕੇ ਸੰਤਾਲੀਆਂ ਨਾਲ ਮੱਥਾ ਲਾ ਰਹੀ ਹੈ, ਨੇ ਖ਼ੁਦ ਸੰਤਾਲੀਆਂ ਸੰਭਾਲ ਲਈਆਂ ਤਾਂ ਹਾਲਤਾਂ 90ਵਿਆਂ ਨਾਲੋਂ ਕਿਤੇ ਬਦਤਰ ਹੋ ਜਾਣਗੀਆਂ। ਕਸ਼ਮੀਰ ਭਲੀਂ ਭਾਂਤ ਜਾਣਦਾ ਹੈ ਕਿ ਕਿਵੇਂ ਇੱਕ ਹਥਿਆਰਬੰਦ ਬਗਾਵਤ ਇਸਦੇ ਬੱਚਿਆਂ ਨੂੰ ਨਿਗਲ ਸਕਦੀ ਹੈ ਪਰ ਇਹ ਖਤਰਾ ਵੀ ਉਸਨੂੰ ਠੱਲਣ ਲਈ ਕਾਫੀ ਨਹੀਂ ਹੋਵੇਗਾ। ਕਸ਼ਮੀਰ ਦੁਬਾਰਾ ਫਿਰ ਪੱਥਰਾਂ ਵਾਂਗ ਖਿੰਡ ਜਾਵੇਗਾ ਪਰ ਲਾਗਲੇ ਸ਼ੀਸ਼-ਮਹਿਲ ਵੀ ਪਹਿਲਾਂ ਵਰਗੇ ਨਹੀਂ ਰਹਿ ਸਕਣਗੇ। ਇਹ ਇੱਕ ਜੰਗ ਹੈ, ਮੇਰੇ ਅੰਦਰਲਾ ਸ਼ਾਂਤੀਪਸੰਦ ਕਹਿੰਦਾ ਹੈ, ਜੋ ਟਾਲੀ ਜਾਣੀ ਚਾਹੀਦੀ ਹੈ।

ਕਸ਼ਮੀਰ ਵਿੱਚ, ਇਸਲਾਮ ਇੱਕ ਵਿਚਾਰ ਵਜੋਂ ਆਇਆ ਤੇ ਕਸ਼ਮੀਰੀਆਂ ਨੇ ਇਸਨੂੰ ਨਿਰਾਲੇ ਅੰਦਾਜ਼ 'ਚ ਪ੍ਰਵਾਨ ਕੀਤਾ। ਮੇਰੀ ਮਾਂ ਮਜ਼ਾਰਾਂ 'ਤੇ ਜਾਂਦੀ ਹੈ, ਮੇਰੀ ਮਿੱਤਰ ਕੁੜੀ ਵੀ ਤੇ ਲਗਭਗ ਸਾਰੀਆਂ ਔਰਤਾਂ ਜਿਨ੍ਹਾਂ ਨੂੰ ਮੈਂ ਜਾਣਦਾ ਹਾਂ, ਉਹ ਵੀ। ਮਜ਼ਾਰਾਂ ਹਮੇਸ਼ਾਂ ਲੋਕਾਂ ਨਾਲ ਭਰੀਆਂ ਰਹਿੰਦੀਆਂ ਹਨ, ਮਸੀਤਾਂ ਨਾਲੋਂ ਵੀ ਜਿਆਦਾ। ਸੂਫ਼ੀ ਇਸਲਾਮ ਇੱਥੇ ਹਜ਼ਾਰਾਂ ਵਰ੍ਹੇ ਤੋਂ ਹੈ ਅਤੇ ਜੇ ਕੱਟੜਵਾਦੀ ਤਬਦੀਲੀ-ਪਸੰਦਾਂ ਨੇ ਇਸਨੂੰ ਭਾਂਜ ਦੇ ਦਿੱਤੀ ਤਾਂ ਇਸਦੀ ਵਜ੍ਹਾ ਹੋਵੇਗੀ, ਰਾਜਕੀ ਜ਼ਬਰ ਤੇ ਭਾਰਤ ਦੀ ਯਥਾ-ਸਥਿਤੀ ਕਾਇਮ ਰੱਖਣ ਦੀ ਜ਼ਿਦ ਕਿਉਂਕਿ ਇਹ ਚੀਜ਼ ਕਸ਼ਮੀਰੀਆਂ ਨੂੰ ਨਿਤਾਣੇ ਤੇ ਸਹਿਣਸ਼ੀਲਤਾ ਨੂੰ ਕਮਜ਼ੋਰੀ ਵਜੋਂ ਉਭਾਰਦੀ ਹੈ।

ਜਿਥੋਂ ਤੱਕ, 1990ਵਿਆਂ ਵਿੱਚ ਕਸ਼ਮੀਰੀ ਪੰਡਤਾਂ ਨਾਲ ਵਾਪਰੇ ਦਾ ਤੱਅਲਕ ਹੈ, ਇਹ ਮੇਰੀ ਸੁਰਤ ਤੋਂ ਪਹਿਲਾਂ ਦੀ ਗੱਲ ਹੈ ਤੇ ਉਦੋਂ ਤੋਂ ਹੁੱਣ ਤੱਕ ਇਸ ਕਹਾਣੀ ਨੂੰ ਬਹੁਤ ਤੋੜ-ਮਰੋੜ ਦਿੱਤਾ ਗਿਆ ਹੈ। ਮੈਂ ਕਸ਼ਮੀਰੀ ਮੁਸਲਮਾਨਾਂ ਦੀ ਉਸ ਪੀੜ੍ਹੀ ਨਾਲ ਸਬੰਧ ਰੱਖਦਾ ਹਾਂ ਜਿਸਨੇ ਪੰਡਤ ਨਹੀਂ ਵੇਖੇ ਪਰ ਉਸ ਵਰ੍ਹੇ ਵਾਪਰੀਆਂ ਘਟਵਨਾਵਾਂ ਦੇ ਬਹੁਤ ਸਾਰੇ ਤਵਸਰੇ ਸੁਣੇ ਹਨ। ਜਦੋਂ ਵੀ ਮੈਂ ਇਸਦੇ ਅਰਥ ਤਲਾਸ਼ਣੇ ਚਾਹੇ ਤਾਂ ਤਸਵੀਰ ਹੋਰ ਵੀ ਧੁੰਦਲੀ ਹੋ ਗਈ ਜਾਪੀ। ਬਿਲਕੁਲ ਜਿਵੇਂ ਕਿਸੇ ਤੰਗ ਗਲੀ ਵਿਚ ਹੰਝੂ-ਗੈਸ ਦੇ ਧੂੰਏ ਵਿੱਚੋਂ ਆਪਣਾ ਰਾਹ ਤਲਾਸ਼ਣਾ ਹੋਵੇ।ਮੈਂ ਕਸ਼ਮੀਰੀ ਪੰਡਿਤਾਂ ਨੂੰ ਆਪਣੀ ਮਾਂ ਤੇ ਚਾਚਿਆਂ-ਤਾਇਆਂ ਦੇ ਵੈਰਾਗ 'ਚੋਂ ਤਲਾਸ਼ਿਆ ਹੈ ਤੇ ਪੁਰਾਣੀਆਂ ਐਲਬਮਾਂ 'ਚੋਂ ਲੱਭਿਆ ਹੈ। ਮੇਰੇ ਪਰਿਵਾਰ ਵਿੱਚ, ਪੰਡਿਤਾਂ ਖਿਲਾਫ਼ ਕੁਝ ਕਹਿਣ ਨੂੰ ਬੁਰਾ ਸਮਝਿਆ ਜਾਂਦਾ ਹੈ, ਇੱਥੋਂ ਤੱਕ ਕਿ ਉਨ੍ਹਾਂ ਸੱਜ-ਪੱਖੀ ਪੰਡਤ ਸਮੂਹਾਂ ਬਾਰੇ ਵੀ ਜੋ ਕਸ਼ਮੀਰ ਦੀ ਸਿਆਸੀ ਲਹਿਰ ਨੂੰ ਫ਼ਿਰਕੂ ਰੰਗਤ 'ਚ ਪੇਸ਼ ਕਰਦੇ ਹਨ। ਮੈਂ ਉਮੀਦ ਕਰਦਾ ਹਾਂ ਕਿ ਪਡੰਤ ਆਪਣੀ ਮਾਤ-ਭੂਮੀ ਨੂੰ ਪਰਤਣਗੇ ਅਤੇ ਅਗਲੀ ਪੀੜ੍ਹੀ ਮਿੱਤਰਾਂ ਵਾਂਗ ਵੱਡੀ ਹੋਵੇਗੀ, ਸਾਡੇ ਵਾਂਗ, ਅਜਨਬੀਆਂ ਵਾਂਗ ਨਹੀਂ।

ਮੇਰੇ ਵਾਸਤੇ ਕਸ਼ਮੀਰ ਦੀ ਵਿਆਖਿਆ, ਹੈਨਰੀ ਕੈਰਟੀਅਰ-ਬ੍ਰੈਸਨ ਦੀ ਤਸਵੀਰ ਵਰਗੀ ਹੈ ਜਿਸ 'ਚ ਦੋ ਕਸ਼ਮੀਰੀ ਔਰਤਾਂ, ਕੋਹਿ-ਮਰਾਨ ਦੀ ਚੋਟੀ 'ਤੇ ਖੜ੍ਹੋ ਕੇ, ਖੁਲ੍ਹੇ ਹੱਥਾਂ ਨਾਲ ਦੁਆ ਕਰ ਰਹੀਆਂ ਹਨ। ਉਨ੍ਹਾਂ ਵਿੱਚੋਂ ਇੱਕ ਨੇ ਪੁਰਾਣਾ ਕਸ਼ਮੀਰੀ ਬੁਰਕਾ, ਜਿਸ 'ਚ ਅੱਖਾਂ ਨੂੰ ਜਾਲੀ ਨਾਲ ਢਕਿਆ ਜਾਂਦਾ ਹੈ ਤੇ ਦੂਸਰੀ ਨੇ ਇੱਕ ਫ਼ੀਰਾਂ (ਢਿੱਲਾ-ਢਾਲਾ ਰਵਾਇਤੀ ਕਸ਼ਮੀਰੀ ਗਾਊਨ) ਪਹਿਨਿਆ ਹੋਇਆ ਹੈ।ਉਹ ਨਾਲੋ-ਨਾਲ ਖੜ੍ਹੀਆਂ ਹਨ, ਖੁਲ੍ਹੇ ਅਸਮਾਨ ਵੱਲ ਵੇਖਦੀਆਂ ਤੇ ਵਿਸ਼ਾਲ ਪਰਬੱਤ, ਉਨ੍ਹਾਂ ਵਿਚਲੇ ਕਿਸੇ ਫ਼ਰਕ ਤੋਂ ਅਣਜਾਣ ਤੇ ਬੇਧਿਆਨ, ਰੱਬ ਨੂੰ ਧਿਆ ਰਹੇ ਹਨ। ਇਸ ਟਕਰਾ 'ਚ ਪਹਿਲਾਂ ਹੀ ਉਹ ਔਰਤਾਂ ਗੁਆਚ ਗਈਆਂ ਹਨ। ਅਤੇ ਜੇ ਨਿੱਹਥੇ ਪ੍ਰਦਰਸ਼ਨਕਾਰੀਆਂ ਨੂੰ ਮਾਰਿਆ ਜਾਣਾ ਜਾਰੀ ਰਿਹਾ ਤਾਂ ਉਹ ਪਰਬਤ ਵੀ ਜਿੱਥੇ ਕਦੇ ਦੁਬਾਰਾ ਉਹ ਔਰਤਾਂ ਇੱਕਠੀਆਂ ਹੋ ਸਕਦੀਆਂ ਹਨ, ਗੁਆਚ ਜਾਵੇਗਾ। ਸਾਡੇ ਸੁਪਨਿਆਂ ਅਤੇ ਉਮੀਦਾਂ ਦਾ ਕਸ਼ਮੀਰ ਹਮੇਸ਼ਾ ਲਈ ਗੁਆਚ ਜਾਵੇਗਾ।

ਪੰਜ ਵਰ੍ਹੇ ਪਹਿਲਾਂ, ਮੈਨੂੰ ਲੱਗਿਆ ਜਿਵੇਂ ਅਜ਼ਾਦੀ ਦੀ ਤੜਪ ਮਰ ਚੁੱਕੀ ਹੈ ਪਰ ਇਹ ਤਾਂ ਬੰਦੂਕਾਂ ਤੋਂ ਪੱਥਰਾਂ ਵੱਲ ਤਬਦੀਲੀ ਦਾ ਖਾਮੋਸ਼ ਦੌਰ ਸੀ। 1953 ਦੇ ਜਨਮੱਤ ਫ਼ਰੰਟ ਤੋਂ 1990ਵਿਆਂ ਦੇ ਅਲ ਫਤਿਹ ਤੱਕ, 1989 ਦੇ ਜੇ.ਕੇ ਐਲ.ਐਫ਼ ਤੋਂ ਅਜੋਕੇ ਨੌਂ-ਸਾਲਾ-ਪੱਥਰਾਓ ਕਾਰੀ ਤੱਕ, ਕਸ਼ਮੀਰ ਅੰਦਰ ਅਜ਼ਾਦੀ ਦਾ ਜਜ਼ਬਾ ਕਿਵੇਂ ਨਾ ਕਿਵੇਂ ਹਮੇਸ਼ਾ ਜ਼ਿੰਦਾ ਰਿਹਾ ਹੈ।

ਭਾਰਤ - ਇੱਕ ਵਿਸ਼ਾਲ ਆਰਥਕਤਾ ਤੇ ਵਿਕਸਾਮਾਨ ਤਾਕਤ- ਨੇ ਕਸ਼ਮੀਰੀਆਂ ਦੇ ਦਿਲ ਤੇ ਮਨ ਜਿੱਤਣ ਲਈ ਹਜ਼ਾਰਾਂ ਕਰੋੜ ਖਰਚੇ ਹਨ। ਜਾਪਦਾ ਹੈ, ਉਨ੍ਹਾਂ 'ਚੋਂ ਜਿਆਦਾਤਰ ਇਸਦੇ ਗਾਹਕ ਨਹੀਂ ਹਨ ਅਤੇ ਜੇ ਉਨ੍ਹਾਂ ਨੇ ਧਨ ਨੂੰ ਖੁਸ਼ੀ ਨਾਲ ਸਵਿਕਾਰ ਵੀ ਕੀਤਾ ਹੋਵੇ, ਤਾਂ ਵੀ ਉਹ ਜ਼ਜਬੇ ਦਾ ਸੌਦਾ ਨਹੀਂ ਕਰ ਰਹੇ। 'ਪਹਿਲਾ' ਰਸਤਾ ਹਮੇਸ਼ਾ ਹੀ ਔਟਲਿਆ ਰਿਹਾ ਹੈ ਤੇ "ਦੂਸਰਾ ਰਸਤਾ" ਪੰਜ ਸਿਤਾਰਾ ਹੋਟਲਾਂ 'ਚ ਗਲਤ ਵਿਅਕਤੀਆਂ ਨਾਲ ਮਸਰੂਫ਼ ਰਿਹਾ ਹੈ ਤੇ ਇਹ, ਬੱਸ ਵਿਅਰਥ ਹੈ।

ਕਸ਼ਮੀਰ ਮਸਲੇ ਦੇ ਹੱਲ ਵਾਸਤੇ, ਭਾਰਤ ਨੂੰ ਚਾਹੀਦਾ ਹੈ ਕਿ ਉਹ ਆਪਣੀ ਬੰਦੂਕ ਤੇ ਧਨ ਪਾਸੇ ਰੱਖੇ ਤੇ ਕਸ਼ਮੀਰੀਆਂ ਨਾਲ ਗੱਲਬਾਤ ਕਰੇ। ਦੋ ਰਸਤੇ ਹਨ, ਜਿਨ੍ਹਾਂ ਰਾਹੀਂ ਨਵੀਂ ਦਿੱਲੀ ਕਸ਼ਮੀਰ ਤੱਕ ਪਹੁੰਚ ਕਰ ਸਕਦੀ ਹੈ। ਇਸਨੂੰ ਇੱਕ ਮੱਤਭੇਦ ਦੇ ਤੌਰ ਵੇਖਣਾ ਤੇ ਹੱਲ ਕਰਨ ਦੇ ਮਕਸਦ ਨਾਲ ਬਰਾਬਰ ਦੇ ਹਿੱਸੇਦਾਰਾਂ ਵਜੋਂ ਗੱਲਬਾਤ ਕਰਨੀ ਜਾਂ ਫਿਰ ਇਸਨੂੰ ਅਮਨ-ਕਨੂੰਨ ਦੀ ਸਮੱਸਿਆ ਗਰਦਾਨਣਾ ਤੇ ਰੋਗ ਦੀ ਬਜਾਇ, ਲੱਛਣਾਂ ਦਾ ਇਲਾਜ ਕਰਨਾ ਜਾਰੀ ਰੱਖਣਾ।

ਨੈਸ਼ਨਲ ਕਾਨਫ਼ਰੰਸ ਤੇ ਪੀ.ਡੀ.ਪੀ ਵਰਗੀਆਂ ਮੁੱਖਧਾਰਾ ਪਾਰਟੀਆਂ, ਜੋ ਕਿ ਭਾਰਤੀ ਸੰਵਿਧਾਨ ਦੇ ਘੇਰੇ 'ਚ ਗੱਲਬਾਤ ਕਰਦੀਆਂ ਹਨ, ਵਲੋਂ ਪੇਸ਼ ਕੀਤੇ ਸਵਰਾਜ ਤੇ ਖੁਦ-ਮੁਖ਼ਤਿਆਰੀ ਦੇ ਦਸਤਾਵੇਜ ਕੇਂਦਰ ਨੇ ਰੱਦੀ ਦੀ ਟੋਕਰੀ 'ਚ ਸੁੱਟ ਦਿੱਤੇ। ਪੀਪਲਜ਼ ਕਾਨਫ਼ਰੰਸ ਦੇ ਆਗੂ ਸਾਜਿਦ ਲੋਨ ਨੇ ਦੋ ਸਾਲ 'ਹਾਸਲਯੋਗ ਰਾਸ਼ਟਰ' ਦੀ ਧਾਰਨਾ ਉੱਪਰ ਮੱਥਾ ਮਾਰਿਆ ਪਰ ਕਿਸੇ ਨੇ ਇਸਦੀ ਬਾਤ ਵੀ ਨਹੀਂ ਪੁੱਛੀ। ਜਿਵੇਂ ਕਿ ਹੁਰੀਅਤ ਮੁਖੀ ਮੀਰਵਾਇਜ਼ ਉਮਰ ਨੇ ਕਿਹਾ ਕਿ ਨਵੀਂ ਦਿੱਲੀ ਨਾਲ ਗੱਲਬਾਤ ਕਰਕੇ, ਉਹ ਆਪਣੀਆਂ ਜਾਨਾਂ 'ਤੇ ਪੜ੍ਹਤ ਦਾਅ 'ਤੇ ਲਗਾ ਰਹੇ ਹਨ। ਇਸ ਦਫ਼ਾ ਭਾਰਤ ਨੂੰ ਗੱਲਬਾਤ ਵਿੱਚ ਰਤਾ ਵਧੇਰੇ ਇਮਾਨਦਾਰ ਹੋਣ ਤੇ ਉਨ੍ਹਾਂ ਬਾਰੇ, ਮਹਿਜ਼ ਤਸਵੀਰਾਂ ਖਿਚਾਉਣ ਦੇ ਇੱਕ ਮੌਕੇ ਤੋਂ ਵੱਧ ਸੋਚਣ ਦੀ ਜਰੂਰਤ ਹੈ।

ਜਿਥੋਂ ਤੱਕ ਭਾਰਤੀ ਫੌਜੀਆਂ ਦੀ ਗੱਲ ਹੈ, ਉਨ੍ਹਾਂ 'ਚੋਂ ਜਿਆਦਾਤਰ ਮੈਦਾਨਾਂ ਦੇ ਗਰੀਬ ਪਿੰਡਾਂ 'ਚੋਂ ਆਏ ਹਨ ਅਤੇ ਕਸ਼ਮੀਰ 'ਚ ਰੇਤੇ ਦੇ ਨਿਖੜੇ ਬੰਕਰਾਂ 'ਚ ਦਿਨ-ਕਟੀ ਕਰਨ ਲਈ ਮਜ਼ਬੂਰ ਹਨ।ਉਹ ਪੱਥਰਾਂ ਦਾ ਸਾਹਮਣਾ ਕਰਦੇ ਹਨ ਤੇ ਫਿਰ ਕਸ਼ਮੀਰੀ ਲੜਕਿਆਂ ਦੀਆਂ ਜਾਨਾਂ ਲੈਂਦੇ ਹਨ। ਕੰਡਿਆਲੀਆਂ ਤਾਰਾਂ ਨੇ ਉਨ੍ਹਾਂ ਦੀਆਂ ਜਿੰਦਗੀਆਂ ਵਲੀਆਂ ਹੋਈਆਂ ਹਨ ਤੇ ਇਸਦਾ ਪ੍ਰਗਟਾਵਾ ਕਸ਼ਮੀਰ ਅੰਦਰ ਉਨ੍ਹਾਂ ਦੀ ਖੁਦਕਸ਼ੀਆਂ ਦੀਆਂ ਉੱਚੀਆਂ ਦਰਾਂ ਤੇ ਭਰਾਮਾਰ ਹੱਤਿਆਵਾਂ ਤੋਂ ਹੁੰਦਾ ਹੈ।ਜੇ ਭਾਰਤੀ ਰਾਜ, ਉਨ੍ਹਾਂ ਨਾਲ ਕੌਮਪ੍ਰਸਤੀ ਦੇ ਮੁਹਰਿਆਂ ਦੀ ਬਜਾਇ ਸਨਮਾਨਿਤ ਸ਼ਹਿਰੀਆਂ ਦੇ ਤੌਰ 'ਤੇ ਵਰਤੇ ਤਾਂ ਫੌਜੀਆਂ ਨੂੰ ਵੀ ਇਸ ਹਾਲਤ ਤੋਂ ਨਿਜ਼ਾਤ ਮਿਲੇਗੀ।

ਨਾ ਤਾਂ ਭਾਰਤ ਗੋਲੀ ਦੀ ਵਰਤੋਂ ਨਾਲ ਕਸ਼ਮੀਰ 'ਚੋਂ ਆਪਣਾ ਰਾਹ ਕੱਢ ਸਕਦਾ ਹੈ ਅਤੇ ਨਾ ਹੀ ਜ਼ਜਬੇ ਨੂੰ ਖ਼ਰੀਦ ਸਕਦਾ ਹੈ। ਜਿੱਥੋਂ ਤੱਕ ਵਕਤ ਹਾਸਲ ਕਰਨ ਦੀ ਗੱਲ ਹੈ ਪਹਿਲਾਂ ਹੀ 63 ਸਾਲ ਗੁਜ਼ਰ ਚੁੱਕੇ ਹਨ।

('ਤਹਿਲਕਾ' 'ਚੋਂ ਧੰਨਵਾਦ ਸਹਿਤ)

No comments:

Post a Comment