StatCounter

Tuesday, January 31, 2012

ਲੋਕ-ਸੰਗਰਾਮ ਰਾਹ ਸੁਵੱਲੜਾ, ਯਾਰੋ! ਚੋਣਾਂ ਰਾਹੀਂ ਹੱਲ ਕੋਈ ਨਾ, ਉੱਠੋ! ਜਾਗੋ!! ਪੱਗ ਨੂੰ ਸੰਭਾਲੀਏ


ਉੱਠੋ! ਜਾਗੋ!! ਪੱਗ ਨੂੰ ਸੰਭਾਲੀਏ
This opera, written by Amolak Singh was staged at the end of the PAGRI SAMBHAL Conference held at Barnala on 27.1.2012, by the team of Sh. Harinder Diwana, a noted theater group of Punjab, and witnessed by thousands of people gathered there.

(
ਝਲਕੀ ਪਹਿਲੀ)ਸੁਪਨਾ ਲਿਆ ਆਜ਼ਾਦੀ ਦੇ, ਆਸ਼ਕਾਂ ਨੇ
ਸਾਡਾ ਵਤਨ ਅਜ਼ਾਦ ਖੁਸ਼ਹਾਲ ਹੋਏ
ਚੜ੍ਹਕੇ ਬਾਹਰੋਂ ਨਾ ਅੰਦਰੋਂ ਧਾੜ ਆਵੇ
ਭੁੱਖਾ ਨੰਗਾ ਨਾ ਕੋਈ ਕੰਗਾਲ ਹੋਏ
ਹੋਵੇ ਮਾਣ-ਸਤਿਕਾਰ ਮਨੁੱਖਤਾ ਦਾ
ਇਹ ਆਜ਼ਾਦੀ ਦਾ ਮੁਢਲਾ ਪਾਠ ਲੋਕੋ
ਸਾਡੇ ਗਲ ਗ਼ਲਾਮੀ ਦਾ ਜੂਲ ਓਹੀ
ਲੈ ਗਏ ਹੀਰ ਆਜ਼ਾਦੜੀ ਰਾਠ ਲੋਕੋ

(
ਝਲਕੀ ਦੂਜੀ)
ਸੇਲ, ਸੇਲ, ਸੇਲ...... ਭਾਰੀ ਛੋਟ ਭਾਰੀ ਸੇਲ
ਲੈ ਜਾਓ, ਲੈ ਜਾਓ, ਲੈ ਜਾਓ
ਪਹਿਲਾਂ ਆਓ
ਪਹਿਲਾਂ ਪਾਓ
ਭਾਰਤ ਵਿਕਾਊ ਹੈ, ਵਿਕਾਊ ਹੈ, ਵਿਕਾਊ ਹੈ
ਸ਼ਾਈਨਿੰਗ ਇੰਡੀਆ ਵਿਕਾਊ ਹੈ, ਵਿਕਾਊ ਹੈ
ਭਾਰਤ ਦੇ ਸੂਬਿਆਂ ਦਾ ਸਿਰਤਾਜ
ਸਾਡਾ ਸੋਹਣਾ, ਮਨਮੋਹਣਾ ਰੰਗਲਾ ਪੰਜਾਬ
 
ਵਿਕਾਊ ਹੈ, ਵਿਕਾਊ ਹੈ, ਵਿਕਾਊ ਹੈ
ਸਮੁੰਦਰੋਂ ਪਾਰ ਵਸਦੇ ਯਾਰੋ! ਦਿਲਦਾਰੋ!! ਆਓ
ਆਪਣੀ ਪੂੰਜੀ ਲਗਾਓ ਤੇ ਸ਼ੁੱਧ ਮੁਨਾਫ਼ੇ ਪਾਓ
ਜੰਗਲ, ਜਲ ਤੇ ਜ਼ਮੀਨਾਂ ਲਓ
ਕੁਦਰਤੀ  ਖਜ਼ਾਨੇ, ਹੀਰੇ ਤੇ ਨਗ਼ੀਨਾ ਲਓ
ਆਪਣਾ ਮਾਲ ਲਿਆਓ
ਟੈਕਸਾਂ 'ਤੇ ਛੋਟ ਪਾਓ
ਇੱਥੋਂ ਮਾਲ ਚੁੱਕੋ ਆਪਣੇ ਦੇਸ਼ ਸੁੱਟੋ
ਪਿਆਰਿਓ! ਬੁੱਲੇ ਵੱਢੋ ਤੇ ਮੌਜਾਂ ਲੁੱਟੋ

(
ਅੰਦਾਜ਼ ਬਦਲ ਕੇ)
ਅਸੀਂ ਪੰਜਾਬ ਨੂੰ ਚਾਰ ਚੰਨ ਲਾ ਦਿਆਂਗੇ
ਚਾਰ-ਚੁਫੇਰੇ ਕੌਡੀ ਕੌਡੀ ਕਰਾ ਦਿਆਂਗੇ
ਪੰਜਾਬ ਨੂੰ ਕੈਲੇਫੋਰਨੀਆਂ ਬਣਾ ਦਿਆਂਗੇ
ਸੁੰਦਰਤਾ ਮੁਕਾਬਲੇ ਕਰਾਓ, ਡਿਸਕੋ 'ਚ ਝੂਮੋ 'ਤੇ ਅੱਖ ਮਟਕਾਓ
ਇੱਕ ਕੁੜੀ ਪੰਜਾਬ ਦੀ ਗਾਓ, ਨਸ਼ੇ ਖਾਓ, ਟੈਟੂ ਖੁਦਵਾਓ
ਹੇ! ਸਾਡੇ ਸਤਿਕਾਰਤ ਆਕਾ ਜੀਓ
ਸੜਕਾਂ ਲਓ, ਬਿਜਲੀ ਲਓ, ਪੰਜ ਆਬ ਦਾ ਪਾਣੀ ਲਓ
ਭੰਗੜੇ ਦਾ ਰਾਜਾ ਲਓ ਤੇ ਗਿੱਧਿਆਂ ਦੀ ਰਾਣੀ ਲਓ
ਬਰਗਰ, ਪੀਜ਼ਾ ਤੇ ਚਾਕਲੇਟ ਦੇ ਬਦਲੇ
ਦੁੱਧ ਦੀਆਂ ਨਦੀਆਂ ਲਓ
 
ਤੇ ਸਾਡੀ ਮਧਾਣੀ ਵੀ ਲਓ

(
ਅੰਦਾਜ਼ ਬਦਲ ਕੇ)
ਕੀ ਕਰਨੀ ਹੈ ਅਸੀਂ ਸਰਕਾਰੀ ਸਕੂਲਾਂ 'ਚ ਵਿਦਿਆ ਵਿਚਾਰੀ
ਸਾਡੀ ਸਿੱਖਿਆ, ਸਿਹਤ ਰੁਜ਼ਗਾਰ ਦੇ ਖੇਤਰ ਨੂੰ ਪੈ ਗਈ ਬਿਮਾਰੀ
ਏਸੇ ਕਰਕੇ ਅਸੀਂ ਵਿਕਾਸ ਕਰਨ ਲਈ
 
ਸੇਲ 'ਤੇ ਲਾ 'ਤੇ ਸਕੂਲ ਸਰਕਾਰੀ
ਪਿਆਰੇ ਬੱਚਿਓ! ਪੰਜਾਬੀ ਕੈਦੇ ਛੱਡ ਦਿਓ
ਮਾਂ-ਬੋਲੀ ਨਾਲ ਤਰੱਕੀ ਨਹੀਂ ਹੋਣੀ, ਅੰਗਰੇਜ਼ੀ ਝੰਡੇ ਗੱਡ ਦਿਓ

(
ਅੰਦਾਜ਼ ਬਦਲ ਕੇ)
ਅਸੀਂ 15 ਅਗਸਤ ਤੇ 26 ਜਨਵਰੀ ਨੂੰ
ਪਰੇਡਾਂ ਦਾ ਢੰਗ ਬਦਲ ਦਿਆਂਗੇ
ਝਲਕੀਆਂ ਦਾ ਰੰਗ ਬਦਲ ਦਿਆਂਗੇ
ਅਸੀਂ ਸਲਾਮੀ ਦਿਆਂਗੇ ਵਿਦੇਸ਼ੀ ਕੰਪਨੀਆਂ ਦੇ ਮਾਲਕਾਂ ਨੂੰ
ਅਸੀਂ ਪ੍ਰਣਾਮ ਕਰਾਂਗੇ ਸੰਸਾਰ ਅਰਥਚਾਰੇ ਦੇ ਸੰਚਾਲਕਾਂ ਨੂੰ
ਅਸੀਂ ਝਲਕੀਆਂ 'ਚ ਦੋਵੇਂ ਹੱਥ ਜੋੜ ਕੇ ਖੜ੍ਹਾਂਗੇ
ਸਾਵਧਾਨ ਹੋ ਕੇ, ਮੋਨ ਧਾਰ ਕੇ, ਪਛਤਾਵਾ ਕਰਾਂਗੇ
ਹਾਂ ਅਸੀਂ ਆਪਣੇ ਇਤਿਹਾਸ ਤੇ ਪਛਤਾਵਾਂਗੇ
ਸਾਡੇ ਵਡਾਰੂਆਂ ਤੇ ਅੱਲ੍ਹੜ ਜਵਾਨੀ ਨੇ
ਐਵੇਂ ਜੋਸ਼ 'ਚ ਆ ਕੇ
ਜਿਹੜਾ ਤੁਹਾਨੂੰ ਦੇਸ਼ ਨਿਕਾਲਾ ਦਿੱਤਾ
ਅਸੀਂ ਉਸਦੀ ਭੁੱਲ ਬਖਸ਼ਾਵਾਂਗੇ
ਅਸੀਂ ਆਇੰਦਾ ਅਜਿਹੀ ਗੁਸਤਾਖ਼ੀ ਨਹੀਂ ਕਰਾਂਗੇ
ਆਪਣੀਆਂ ਪਲਕਾਂ ਤੁਹਾਡੇ ਕਦਮਾਂ 'ਚ ਧਰਾਂਗੇ।
ਮਾਈ ਲਾਰਡ! ਤੁਸੀਂ ਅੰਗਰੇਜ਼ਾਂ ਨੇ ਤਾਂ
ਸਾਨੂੰ ਸਭਿਅਤਾ ਦਿੱਤੀ।
ਅਸੀਂ ਸ਼ੁਕਰਗੁਜ਼ਾਰ ਹਾਂ
ਅਸੀਂ ਅੱਗੇ ਤੋਂ ਤੁਹਾਡੀ ਪੈੜ 'ਚ ਪੈਰ ਧਰਾਂਗੇ
ਕਾਇਦੇ ਕਾਨੂੰਨ ਤੁਹਾਡੇ ਨਾਂਅ ਕਰਾਂਗੇ।
ਏਸ ਕਰਕੇ ਨਿਝੱਕ ਹੋ ਕੇ ਸਾਡੇ ਦੇਸ਼ ਦੇ ਦੁਆਰ ਲੰਘ ਆਓ
ਪਹਿਲਾਂ ਆਓ, ਪਹਿਲਾਂ ਪਾਓ
ਸੇਲ ਲੱਗੀ ਹੈ ਸੇਲ
ਇੰਡੀਆ ਵਿਕਾਊ ਹੈ।
ਅੰਦਾਜ਼ ਬਦਲ ਕੇ
ਇੰਡੀਆ ਦੀ ਖੁਸ਼ਹਾਲੀ ਲਈ
ਚਾਰੇ ਪਾਸੇ ਹਰਿਆਲੀ ਲਈ
ਦੇਸ਼ ਨੂੰ ਤਰੱਕੀ ਦੀਆਂ ਬੁਲੰਦੀਆਂ 'ਤੇ ਪਹੁੰਚਾਣ ਲਈ
ਇੱਕ ਮੌਕਾ ਹੋਰ ਦਿਓ
-
ਆਪਣਾ ਕੀਮਤੀ ਵੋਟ ਅਸਾਨੂੰ ਦਿਓ
-
ਆਪਣਾ ਕੀਮਤੀ ਵੋਟ ਅਸਾਨੂੰ ਦਿਓ
-
ਇਹ ਨਿਰੇ ਚੋਰ ਨੇ,
-
ਇਹ ਚੋਰਾਂ ਦੇ ਚੋਰ ਨੇ
-
ਇਹ ਖੂੰਡੇ ਦੇ ਯਾਰ ਨੇ
-
ਇਹ ਜਾਗੀਰਦਾਰ ਸਰਦਾਰ ਨੇ

(
ਵੋਟ ਦੇ ਹੱਕਦਾਰਾਂ ਦਾਅਵੇਦਾਰਾਂ ਦਾ ਕਾਟੋ ਕਲੇਸ਼)

(
ਝਾਕੀ ਤੀਜੀ)
ਕਿਹੜੇ ਮੂੰਹ ਨਾਲ ਮੰਗਦੇ ਵੋਟ ਆ ਕੇ
ਜਿਹੜੇ ਦੇਸ਼ ਦੇ ਮਹਾਂ ਗ਼ਦਾਰ ਲੋਕੋ
ਮਾਲ ਲੁੱਟ ਦਾ ਵੰਡਣ ਤੇ ਝਗੜਦੇ ਨੇ
ਬਾਂਦਰ-ਵੰਡ ਵਿੱਚ ਲੱਗੇ ਮਕਾਰ ਲੋਕੋ
ਰੁੱਤ ਚੋਣਾਂ ਦੀ ਆਵੇ ਤੇ ਚਲੀ ਜਾਵੇ
ਸਾਡੇ ਵਿਹੜੇ ਨਾ ਕਦੇ ਬਹਾਰ ਆਏ
ਵੋਟ ਪਰਚੀ ਨਾ ਬਦਲਦੀ ਹਾਕਮਾਂ ਨੂੰ
ਇੱਕ ਜਾਏ ਤੇ ਦੂਜੀ ਸਰਕਾਰ ਆਏ
ਪੜ੍ਹੀਏ ਨਵੇਂ ਪਹਾੜੇ ਸੰਗਰਾਮ ਵਾਲੇ
ਫੇਰ ਹੇਠਲੀ ਉੱਤੇ ਲਿਆ ਦਿਆਂਗੇ
ਜਾਦੂਗਰ ਸ਼ੈਤਾਨ ਇਹ ਹਾਕਮਾਂ ਦੀ
ਰਲ਼ਕੇ ਬਾਜ਼ੀ ਤਾਂ ਪੁੱਠੀ ਪਾ ਦਿਆਂਗੇ


ਉੱਠੋ! ਜਾਗੋ!! ਪੱਗ ਨੂੰ ਸੰਭਾਲੀਏ
-
ਅਮੋਲਕ ਸਿੰਘ
ਸੌ ਦੀ ਸੁਣਾਈਏ ਇੱਕੋ ਗੱਲ ਜੀ, ਯਾਰੋ! ਏਕੇ ਜੇਹੀ ਗੱਲ ਕੋਈ ਨਾ
ਉੱਠੋ! ਜਾਗੋ!! ਪੱਗ ਨੂੰ ਸੰਭਾਲੀਏ, ਯਾਰੋ! ਜੂਝੇ ਬਿਨਾ ਹੱਲ ਕੋਈ ਨਾ
ਲੰਗ ਮਾਰਦੇ ਵਿਕਾਸ ਨੂੰ ਕੀ ਫੂਕਣਾ, ਕਾਮੇ ਜੀਹਨੇ ਕਰਤੇ ਕੰਗਾਲ ਨੇ
ਲਾਲੋਆਂ ਦੇ ਘਰ ਬਣੇ ਮੜ੍ਹੀਆਂ, ਭਾਗੋਆਂ ਦੇ ਮਹਿਲ ਖੁਸ਼ਹਾਲ ਨੇ
ਹਾਕਮ, ਕਾਨੂੰਨ ਤੇ ਅਦਾਲਤਾਂ, ਯਾਰੋ! ਖੜ੍ਹੇ ਸਾਡੇ ਵੱਲ ਕੋਈ ਨਾ
ਉੱਠੋ! ਜਾਗੋ!! ਪੱਗ ਨੂੰ ਸੰਭਾਲੀਏ..................
ਵੋਟਾਂ ਨਾਲ ਹਾਕਮ ਹੀ ਬਦਲੇ, ਬਦਲੇ ਇਉਂ ਸਾਡੀ ਤਕਦੀਰ ਨਾ
ਰਲ਼ ਕੇ ਇਹ ਲੁੱਟਦੇ ਤੇ ਕੁੱਟਦੇ, ਪੱਲੇ ਬੰਨ੍ਹ ਗੱਲ ਮੇਰੇ ਵੀਰਨਾ
ਡੀਕ ਲਾ ਕੇ ਖ਼ੂਨ ਪਏ ਸੜ੍ਹਾਕਦੇ, ਯਾਰਾ! ਛੱਡੂ ਤੇਰੀ ਖੱਲ਼ ਕੋਈ ਨਾ
ਉੱਠੋ! ਜਾਗੋ!! ਪੱਗ ਨੂੰ ਸੰਭਾਲੀਏ..................
ਅੱਖੀਂ ਦੇਖ ਮੱਖੀਆਂ ਲੰਘਾ ਰਹੇ, ਫਰਜ਼ਾਂ ਤੋਂ ਮੁੱਖ ਕਾਹਤੋਂ ਵੱਟਿਆ
ਮਾਰ ਗਈ ਦੋਚਿੱਤੀ ਸਾਨੂੰ ਮਾਰ ਗਈ, ਸੀਨਿਆਂ 'ਚ ਅੱਗ ਨੂੰ ਕਿਉਂ ਨੱਪਿਆ
ਹੌਕਿਆਂ ਦੀ ਲਾਟ ਵਿੱਚ ਬਲ਼ ਗਏ, ਯਾਰੋ! ਪਾਈ ਤਰਥੱਲ ਕੋਈ ਨਾ
ਉੱਠੋ! ਜਾਗੋ!! ਪੱਗ ਨੂੰ ਸੰਭਾਲੀਏ..................
ਪੱਗ ਅਤੇ ਪੱਤ ਸਾਡੀ ਰੋਲ਼ਦੇ, ਧੀਆਂ ਨੂੰ ਚਪੇੜਾਂ ਵੈਰੀ ਮਾਰਦੇ
ਵੱਡਿਓ ਪੰਜਾਬੀ ਅਣਖ਼ੀਲੇਓ! ਦੱਸੋ ਤੁਸੀਂ ਕਿਵੇਂ ਹੋ ਸਹਾਰਦੇ
ਮਘਦੀ ਜਵਾਲਾ ਵਾਲਾ ਵਿਰਸਾ, ਕਾਹਤੋਂ ਕਰੇ ਹਲਚਲ ਕੋਈ ਨਾ
ਉੱਠੋ! ਜਾਗੋ!! ਪੱਗ ਨੂੰ ਸੰਭਾਲੀਏ..................
ਕੀਹਨੂੰ ਪਏ ਉਡੀਕਦੇ ਓ ਸੱਜਣੋ! ਅੰਬਰੋਂ ਕੋਈ ਔਲੀਆ ਨਹੀਂ ਆਵਣਾਂ
ਫ਼ਤਿਹ ਬਈ ਨਸੀਬ ਹੁੰਦੀ ਫੇਰ ਹੈ, ਹਿੰਮਤ ਨੂੰ ਯਾਰ ਜੇ ਬਣਾਵਣਾਂ
ਬੰਨ੍ਹ ਬੰਨ੍ਹ ਕਾਫ਼ਲੇ ਜੇ ਚੱਲ ਪਏ, ਯਾਰੋ ਸਕੂ ਫੇਰ ਠੱਲ੍ਹ ਕੋਈ ਨਾ
ਉੱਠੋ! ਜਾਗੋ!! ਪੱਗ ਨੂੰ ਸੰਭਾਲੀਏ..................
ਪੱਗ ਨੂੰ ਸੰਭਾਲੋ ਦੇਸ਼-ਵਾਸੀਓ, ਚਾਚਾ ਸੀ ਅਜੀਤ ਸਿਓਂ ਵੰਗਾਰਦਾ
ਦੇਸੀ ਤੇ ਬਦੇਸੀ ਪੈ ਗਏ ਪੱਗ ਨੂੰ, ਅੱਜ ਫੇਰ ਸਮਾਂ 'ਵਾਜ਼ਾਂ ਮਾਰਦਾ
ਲੋਕ-ਸੰਗਰਾਮ ਰਾਹ ਸੁਵੱਲੜਾ, ਯਾਰੋ! ਚੋਣਾਂ ਰਾਹੀਂ ਹੱਲ ਕੋਈ ਨਾ
ਉੱਠੋ! ਜਾਗੋ!! ਪੱਗ ਨੂੰ ਸੰਭਾਲੀਏ..................

No comments:

Post a Comment