StatCounter

Tuesday, November 5, 2013

ਜਿੱਥੇ ਰੇਤੇ ਦੀ ਮੁੱਠ ਖੰਡ ਨਾਲੋਂ ਮਹਿੰਗੀ ਹੋ ਜਾਵੇ। ਜਿੱਥੇ 65 ਵਰ੍ਹਿਆਂ ਦੀ 'ਆਜ਼ਾਦੀ' ਹੋ ਜਾਣ ਤੇ ਅਜੇ ਕਮਾਊ ਲੋਕਾਂ ਦੇ ਸੰਘ ਵਿੱਚ ਇਕ ਪਿਆਜ਼ ਹੀ ਫਸਕੇ ਰਹਿ ਜਾਏ। ਜਿੱਥੇ ਭੁੱਖ, ਨੰਗ, ਗ਼ਰੀਬੀ, ਕਰਜ਼ੇ, ਬੇਰੁਜ਼ਗਾਰੀ, ਜਾਤ-ਪਾਤ, ਫਿਰਕਾਪ੍ਰਸਤੀ ਲੋਕਾਂ ਦੇ ਅੱਧਮੋਏ ਜਿਸਮਾਂ 'ਤੇ ਨੱਚਦੀ ਹੋਵੇ ਉਥੇ ਇਕ ਨਹੀਂ ਅਨੇਕਾਂ ਕਲਮਾਂ ਦੀ ਲੋੜ ਹੈ ਜਿਹੜੀਆਂ ਉਦਾਸੀ ਦੀ ਕਲਮ ਦੀਆਂ ਹਾਨਣਾ ਹੋਣ।6 ਨਵੰਬਰ
ਉਦਾਸੀ ਦੇ ਵਿਛੋੜੇ ਦਾ ਦਿਨ,


ਕਵਿਤਾ ਨਾਲ ਮਿਲਣੀ ਦਾ ਦਿਨ ਹੈ
ਅਮੋਲਕ ਸਿੰਘ


ਪੰਜਾਬੀ ਕਵਿਤਾ ਦੀ ਨਹੀਂ ਸਾਡੇ ਸਮਿਆਂ ਨੂੰ ਸੰਤ ਰਾਮ ਉਦਾਸੀ ਵਰਗੀ ਕਲਮ ਦੀ ਤੋਟ ਹੈ। ਲੋਕ-ਸਰੋਕਾਰਾਂ ਨਾਲ ਜੁੜੇ ਵਿਸ਼ੇ ਸਿਰ ਚੜ੍ਹ ਬੋਲ ਰਹੇ ਹਨ ਪਰ ਵੇਖਣ ਵਾਲੀ ਅੱਖ ਦੀ ਤੋਟ ਹੈ। ਗਾਇਕਾਂ ਦੀ ਭਰਮਾਰ ਹੈ ਪਰ ਮਾਂ ਧਰਤੀ ਨੂੰ ਉਦਾਸੀ ਲੋੜੀਂਦਾ ਹੈ। ਜਦੋਂ ਸ਼ੋਰ ਦੀ ਚੜ੍ਹ ਮੱਚੀ ਹੈ। ਜਦੋਂ ਸ਼ਬਦ, ਸੁਰ, ਸੰਗੀਤ, ਸੁਹਜ ਅਤੇ ਪ੍ਰਤੀਬੱਧਤਾ ਬਾਰੀਂ ਕੋਹੀਂ ਬਲ਼ਦੇ ਦੀਵੇ ਤੋਂ ਵੀ ਦੂਰ ਚਲੀ ਗਈ ਹੈ ਤਾਂ ਉਦਾਸੀ ਦੀ ਯਾਦ ਮੁੜ ਮੁੜ ਸਤਾਉਂਦੀ ਹੈ।

ਪੰਜਾਬੀ ਕਵਿਤਾ ਦਾ ਹੁਣ ਬਹੁਤਾ ਭੰਡਾਰ ਅਜੇਹਾ ਹੈ ਜਿਸਦੀ ਪਾਠਕਾਂ ਅੰਦਰ ਕੋਈ ਤੀਬਰਤਾ ਨਹੀਂ। ਰਵਾਇਤੀ ਮੁਹਾਵਰੇ ਵਿੱਚ, ਲੋਕ-ਪੀੜ ਅਤੇ ਲੋਕ-ਮਸਲੇ ਤੋਂ ਟੁੱਟ ਕੇ ਲਿਖੀ ਜਾ ਰਹੀ ਕਵਿਤਾ ਦੀ ਅਜੇਹੀ ਹਾਲਤ ਹੈ ਜਿਵੇਂ ਸਾਗਰ ਵਿਚ ਕਿਸ਼ਤੀ ਦੇ ਉਨ੍ਹਾਂ ਮੁਸਾਫ਼ਰਾਂ ਦੀ ਹੋਵੇ, ਜਿਨ੍ਹਾਂ ਦੁਆਲੇ ਪਾਣੀ ਹੀ ਪਾਣੀ ਹੁੰਦਾ ਹੈ ਪਰ ਉਨ੍ਹਾਂ ਦੀ ਪਿਆਸ ਬੁਝਾਉਣ ਲਈ ਉਸ ਪਾਣੀ ਵਿੱਚੋਂ ਇਕ ਬੂੰਦ ਵੀ ਯੋਗ ਨਹੀਂ ਹੁੰਦੀ।

ਉਦਾਸੀ ਦਾ 6 ਨਵੰਬਰ 1986 ਨੂੰ ਹੋਇਆ ਵਿਛੋੜਾ, ਸਰੀਰਕ ਵਿਛੋੜਾ ਹੀ ਨਹੀਂ ਇਨਕਲਾਬੀ ਪੰਜਾਬੀ ਕਾਵਿ-ਧਾਰਾ ਅੰਦਰ ਅਸਹਿ ਸਦਮਾ, ਖੱਪਾ ਅਤੇ ਅਭੁੱਲ ਯਾਦ ਹੈ ਜਿਸਦੀ ਭਰਪਾਈ ਲਈ ਕਵੀਆਂ ਅੱਗੇ ਆਪਣੀ ਕਲਮ, ਆਪਣੀ ਕਵਿਤਾ, ਆਪਣੇ ਪਾਠਕ ਵਰਗ ਅਤੇ ਆਪਣੇ ਦਰੜੇ ਲੋਕਾਂ ਨਾਲ ਗੰਭੀਰ ਸੰਵਾਦ ਰਚਾਉਣ ਦਾ ਵੇਲਾ ਹੈ। ਡੀਲਕਸ ਜਿਲਦਾਂ ਅੰਦਰ ਸੌ ਦੋ ਸੌ ਕਿਤਾਬ ਛਪਵਾਕੇ, ਪ੍ਰੇਮ-ਸਾਹਿਤ ਮੁਫ਼ਤ ਭੇਟਾ ਕਰਕੇ, ਆਪਣੀ ਹੀ ਪਰਿਕਰਮਾ ਕਰਦੀ ਕਵਿਤਾ ਦੀ ਉਦਾਸੀ ਦੀ ਕਵਿਤਾ ਅਤੇ ਵਿਸ਼ਾਲ ਪਾਠਕ-ਵਰਗ ਨਾਲ ਕੀ ਸਕੀਰੀ ਬਣਦੀ ਹੈ ਇਸਦਾ ਅਧਿਐਨ ਵੀ ਅੰਤਰ-ਝਾਤ ਅਤੇ ਸਵੈ-ਆਲੋਚਨਾਤਮਕ ਦ੍ਰਿਸ਼ਟੀ ਤੋਂ ਕਰਨਾ ਵਕਤ ਦੀ ਤਿਖੀ ਵੰਗਾਰ ਹੈ।

ਮੇਰੀ ਮੌਤ 'ਤੇ ਨਾ ਰੋਇਓ
ਮੇਰੀ ਸੋਚ ਨੂੰ ਬਚਾਇਓ

ਵਰਗੇ ਚਿੰਤਾ ਦੀ ਬਜਾਏ ਚਿੰਤਨ ਦੀ ਮਹਿਕ ਵੰਡਦੇ ਸ਼ਬਦਾਂ ਦੇ ਸਿਰਜਕ ਦੇ ਮੁੱਲਵਾਨ ਸੁਨੇਹੇ ਦੀ ਕਿੰਨੀਆਂ ਕੁ ਕਲਮਾਂ ਨੇ ਬਾਂਹ ਫੜੀ ਹੈ, ਸਾਡੇ ਗੰਭੀਰ ਚਿੰਤਨ ਦਾ ਇਹ ਮੁੱਦਾ ਹੈ।

ਜਿੱਥੇ ਰੇਤੇ ਦੀ ਮੁੱਠ ਖੰਡ ਨਾਲੋਂ ਮਹਿੰਗੀ ਹੋ ਜਾਵੇ। ਜਿੱਥੇ 65 ਵਰ੍ਹਿਆਂ ਦੀ 'ਆਜ਼ਾਦੀ' ਹੋ ਜਾਣ ਤੇ ਅਜੇ ਕਮਾਊ ਲੋਕਾਂ ਦੇ ਸੰਘ ਵਿੱਚ ਇਕ ਪਿਆਜ਼ ਹੀ ਫਸਕੇ ਰਹਿ ਜਾਏ। ਜਿੱਥੇ ਭੁੱਖ, ਨੰਗ, ਗ਼ਰੀਬੀ, ਕਰਜ਼ੇ, ਬੇਰੁਜ਼ਗਾਰੀ, ਜਾਤ-ਪਾਤ, ਫਿਰਕਾਪ੍ਰਸਤੀ ਲੋਕਾਂ ਦੇ ਅੱਧਮੋਏ ਜਿਸਮਾਂ 'ਤੇ ਨੱਚਦੀ ਹੋਵੇ ਉਥੇ ਇਕ ਨਹੀਂ ਅਨੇਕਾਂ ਕਲਮਾਂ ਦੀ ਲੋੜ ਹੈ ਜਿਹੜੀਆਂ ਉਦਾਸੀ ਦੀ ਕਲਮ ਦੀਆਂ ਹਾਨਣਾ ਹੋਣ।

ਉਦਾਸੀ ਆਪਣੇ ਚੌਗਿਰਦੇ ਦੇ ਸਾਹ ਨਾਲ ਸਾਹ ਲੈਂਦਾ ਸੀ। ਉਸਦੇ ਗੀਤਾਂ, ਉਸਦੀਆਂ ਹੇਕਾਂ ਅਤੇ ਉਸਦੇ ਲੋਕ-ਮੁਹਾਵਰੇ ਨੇ ਨੰਗੇ ਪੈਰਾਂ ਵਾਲੇ ਲੋਕਾਂ ਨੂੰ ਗੂਹੜੀ ਨੀਂਦ ਤੋਂ ਜਾਗਣ ਲਈ ਵੰਗਾਰਿਆ। ਬੁੱਧੀਜੀਵੀ ਵਰਗ ਨੂੰ ਹਲੂਣਿਆਂ। ਪਿੰਡ ਦੇ ਕੱਚੇ ਕੋਠੇ ਵਿੱਚੋਂ ਉੱਠੀ ਉਸਦੀ ਵਿਦਰੋਹੀ ਲਲਕਾਰ ਨੇ ਰਾਜ ਭਾਗ ਦੇ ਮਹਿਲਾਂ ਨੂੰ ਕਾਂਬਾ ਛੇੜਿਆ। ਭੁੱਖਾਂ ਦੇ ਲਿਤਾੜਿਆਂ ਨੂੰ ਆਪਣੀ ਤਕਦੀਰ ਆਪ ਲਿਖਣ ਲਈ ਉੱਠ ਖੜ੍ਹੇ ਹੋਣ ਦਾ ਹੋਕਾ ਦਿੱਤਾ। ਉਦਾਸੀ ਦੀ ਕਲਮ ਆਵਾਜ਼ ਦਿੰਦੀ ਰਹੀ :

''ਜਦ ਰੋਟੀ ਤੋਂ ਸੱਖਣੀ
ਸੌਂਦੀ ਮਮਤਾ ਪਿਆਰ ਦੀ
ਉਸ ਦੀ ਨੀਂਦਰ 'ਤੇ
ਸੂਰਜ ਦਾ ਪਹਿਰਾ ਲਾਉਂਦਾ ਹਾਂ।''

ਅੱਜ ਲੋਕ-ਸਰੋਕਾਰ ਆਪਣੀ ਜਗ੍ਹਾ ਤੜਫ਼ ਰਹੇ ਹਨ। ਜਿਹੜੀ ਕਵਿਤਾ ਅੱਜ ਇਹਨਾਂ ਦੀ ਤੰਦ ਫੜਦੀ ਹੈ ਭਵਿਖ ਉਸਦਾ ਹੈ। ਜੇ 'ਕਵਿਤਾ' ਨੇ ਲੋਕਾਂ ਨਾਲ ਗਹਿਰਾ ਨਾਤਾ ਨਹੀਂ ਜੋੜਨਾ ਤਾਂ ਫਿਰ ਲੋਕਾਂ ਦਾ ਕੀ ਦੋਸ਼ ਹੈ ਜੇ ਉਸ ਕਵਿਤਾ ਦੀ ਉਹ ਜੈ ਜੈ ਕਾਰ ਨਹੀਂ ਕਰਦੇ। ਉਦਾਸੀ ਦੀਆਂ ਕਾਇਦਾ-ਰੂਪੀ ਕਾਵਿ-ਪੁਸਤਕਾਂ ਹੱਥੋਂ ਹੱਥੀਂ ਲੋਕਾਂ ਤੱਕ ਜਾਂਦੀ ਰਹੀਆਂ ਹਨ। ਕਿਸੇ ਨੇ ਪਰਵਾਹ ਨਹੀਂ ਕੀਤੀ ਕਿ ਉਸਦੀ ਜਿਲਦਬੰਦੀ ਕਿਹੋ ਜਿਹੀ ਹੈ ਅਤੇ ਪ੍ਰਕਾਸ਼ਕ ਕੌਣ ਹੈ। ਉਦਾਸੀ ਦੀ ਕਵਿਤਾ ਦੀ ਇਹ ਆਪਣੀ ਤਾਕਤ ਸੀ ਜਿਹੜੀ ਪਾਠਕ ਨਾਲ ਸਿੱਧੀ ਕੁੰਡੀ ਪਾਉਂਦੀ ਸੀ। ਉਦਾਸੀ ਨੂੰ ਨਾਅਰੇਬਾਜੀ ਦਾ ਕਵੀ, ਤੱਤਾ ਕਵੀ, ਬਾਗੀ ਕਵੀ, ਦਹਿਸ਼ਤ ਫੈਲਾਉਣ ਵਾਲਾ ਕਵੀ ਪਤਾ ਨਹੀਂ ਕਿਹੜੇ ਕਿਹੜੇ ਨਾਵਾਂ ਨਾਲ ਸੰਬੋਧਨ ਕੀਤਾ ਗਿਆ। ਉਦਾਸੀ ਦੇ ਗੀਤਾਂ ਅੰਦਰ ਕੋਮਲਤਾ ਲਾਜਵਾਬ ਹੈ। ਇਕ ਕਾਵਿ-ਟੋਟਾ ਹੀ ਉਦਾਸੀ ਕਾਵਿ-ਸੰਗ੍ਰਹਿ ਦੀ ਰੂਹ ਦੇ ਦੀਦਾਰ ਕਰਾਉਂਦਾ ਹੈ :

ਜਦ ਸ਼ਾਹਾਂ ਦੀ ਨੀਤ ਦਾ ਕੋਰਾ
ਫਸਲਾਂ ਉੱਤੇ ਪੈਂਦਾ ਹੈ
ਬੱਲੀਆਂ ਨੂੰ ਘੁੱਟ ਕੇ ਮੈਂ
ਹਿੱਕ ਦੀ ਧੁੱਪ ਸੁਕਾਉਂਦਾ ਹਾਂ

ਉਦਾਸੀ ਅੰਬਰੋਂ ਉਤਰਿਆ ਕਵੀ ਨਹੀਂ। ਉਹ ਆਪਣੇ ਚੌਗਿਰਦੇ ਦੇ ਵਿਚਾਰਧਾਰਕ, ਰਾਜਨੀਤਕ, ਆਰਥਕ, ਸਮਾਜਕ ਅਤੇ ਸਭਿਆਚਾਰਕ ਵਾਤਾਵਰਨ ਨੂੰ ਸੂਖਮਤਾ ਨਾਲ ਮਹਿਸੂਸ ਕਰਦਾ ਹੈ। ਨਿੱਕੀ ਉਮਰੇ ਉਸਨੂੰ ਨਾਮਧਾਰੀ ਕੂਕਾ ਲਹਿਰ ਦਾ ਇਤਿਹਾਸ ਝੰਜੋੜਦਾ ਹੈ। ਜੁਆਨੀ ਦੀ ਦਹਿਲੀਜ਼ 'ਤੇ ਕਦਮ ਧਰਦੇ ਨੂੰ ਗੁਰੂ ਗੋਬਿੰਦ ਸਿੰਘ ਦਾ ਜੀਵਨ ਪ੍ਰਭਾਵਿਤ ਕਰਦਾ ਹੈ। ਕਦੇ ਉਹ ਪੰਡਤ ਜਵਾਹਰ ਲਾਲ ਨਹਿਰੂ ਤੋਂ ਵੀ ਪ੍ਰਭਾਵਿਤ ਹੁੰਦਾ ਹੈ। ਬੌਧਿਕ ਵਿਕਾਸ ਦੀ ਪੌੜੀਆਂ ਚੜ੍ਹਦਾ ਜਦੋਂ ਮਾਰਕਸੀ ਵਿਚਾਰਧਾਰਾ ਦੇ ਲੜ ਲੱਗਦਾ ਹੈ ਤਾਂ ਉਸਨੂੰ ਸੰਸਾਰਕ ਵਰਤਾਰੇ ਨੂੰ ਘੋਖਣ-ਸਮਝਣ ਦੀ ਵਿਗਿਆਨਕ ਜਾਚ ਆਉਂਦੀ ਹੈ। ਉਹ ਆਪਣੀ ਕਾਵਿ-ਸ਼ੈਲੀ ਵਿੱਚ ਜਮਾਤੀ ਦ੍ਰਿਸ਼ਟੀਕੋਣ ਦਾ ਰੰਗ ਗੂਹੜਾ ਕਰਦਾ ਕਾਵਿ-ਸੰਸਾਰ ਦੇ ਨਵੇਂ ਮੁਕਾਮ 'ਤੇ ਪਹੁੰਚਦਾ ਹੈ। ਉਹ ਪਿਛਲ-ਝਾਤ ਮਾਰਦਾ ਹੋਇਆ ਆਪਣੀ ਕਾਵਿ-ਸਿਰਜਣਾ ਪ੍ਰਤੀ ਸਵੈ-ਪੜਚੋਲਵੀ ਝਾਤ ਮਾਰਦਾ ਹੈ।

ਉਚੇਰੀ ਪਰਵਾਜ਼ ਭਰਦਾ ਹੈ। ਲੋਕ-ਦੁਸ਼ਮਣ ਪ੍ਰਬੰਧ ਦੇ ਬਖੀਏ ਉਧੇੜਦਾ ਹੈ। ਵੰਨ-ਸੁਵੰਨੇ ਹਾਕਮਾਂ ਦੀ ਅੱਖ ਦਾ ਰੋੜ ਬਣਦਾ ਹੈ। ਇੰਟੈਰੋਗੇਸ਼ਨ ਸੈਂਟਰਾਂ ਵਿੱਚ ਅਣਮਨੁੱਖੀ ਵਹਿਸ਼ੀਆਨਾ ਕਹਿਰ ਝੱਲਦਾ ਹੈ। ਕਵਿਤਾ ਨੂੰ ਜਬਰ ਦੀ ਭੱਠੀ ਵਿੱਚ ਢਾਲਕੇ ਹੋਰ ਫੌਲਾਦੀ ਬਣਾਉਂਦਾ ਹੈ। ਕੋਈ ਵੀ ਕਵੀ ਜਾਂ ਕਿਸੇ ਮੁਹਾਜ 'ਤੇ ਵੀ ਸਰਗਰਮ ਕੋਈ ਵੀ ਵਿਅਕਤੀ ਸੰਪੂਰਣ ਕਿਆਸ ਕਰਨਾ ਆਪਣੇ ਆਪ ਵਿੱਚ ਹੀ ਗੈਰ-ਵਿਗਿਆਨਕ ਸੋਚ ਦਾ ਮੁਜਾਹਰਾ ਕਰਨਾ ਹੈ। ਉਦਾਸੀ ਦੇ ਜੀਵਨ-ਸਫ਼ਰ ਦਾ ਮੁਲਅੰਕਣ ਵੀ ਸਾਵੀਂ ਦ੍ਰਿਸ਼ਟੀ ਤੋਂ ਵਿਗਿਆਨਕ ਪਹੁੰਚ ਦੀ ਕਸਵੱਟੀ ਤੇ ਕਰਨਾ ਹੀ ਵਾਜਬ ਹੈ ਨਾ ਕਿ ਉਲਾਰ ਭਰੀ, ਤੰਗ-ਨਜ਼ਰ ਅਤੇ ਇਕ ਪਾਸੜ ਸੋਚ। ਉਦਾਸੀ ਸਾਡੇ ਲੋਕਾਂ ਦਾ ਅਮੁੱਲਾ ਸਰਮਾਇਆ ਹੈ। ਉਦਾਸੀ ਸਾਡੀ ਇਨਕਲਾਬੀ ਕਵਿਤਾ ਦਾ ਸਿਰਨਾਵਾਂ ਹੈ। ਉਦਾਸੀ ਨੂੰ ਅਤੇ ਉਸਦੀ ਕਵਿਤਾ ਨੂੰ ਕੋਈ ਵੀ ਤਾਕਤ ਮਾਰ ਨਹੀਂ ਸਕਦੀ। ਉਸਨੂੰ ਦਲਿਤ ਕਵੀ ਤੱਕ ਸੀਮਤ ਕਰਨ ਵਾਲਿਆਂ ਦੀ ਸੋਚ ਨੂੰ ਲਕਵਾ ਹੋਇਆ ਹੈ। ਉਦਾਸੀ ਇਨਕਲਾਬੀ ਕਵੀ ਹੈ। ਉਹ ਸਭਨਾਂ ਲੁੱਟੇ-ਪੁੱਟੇ ਜਾਂਦੇ ਲੋਕਾਂ ਦੀ ਮੁਕਤੀ ਦੀ ਬੁਲੰਦ ਆਵਾਜ਼ ਹੈ। ਗੁਰਸ਼ਰਨ ਸਿੰਘ, ਡਾ. ਟੀ.ਆਰ. ਵਿਨੋਦ, ਸੁਰਿੰਦਰ ਧੰਜਲ ਅਤੇ ਪਾਸ਼ ਵਰਗਿਆਂ ਦੀ ਲਿਖਤੀ ਟਿੱਪਣੀਆਂ ਗਵਾਹ ਹਨ ਕਿ ਉਦਾਸੀ ਦਾ ਸਨਮਾਨਤ ਰੁਤਬਾ ਉਹਨਾਂ ਦੀ ਨਜ਼ਰ ਵਿੱਚ ਕਿਹੋ ਜਿਹਾ ਸਥਾਨ ਰੱਖਦਾ ਹੈ। ਪਾਸ਼ ਲਿਖਦਾ ਹੈ ਕਿ:

''ਉਦਾਸੀ ਮੈਨੂੰ ਏਡਾ ਕੱਦਾਵਰ ਤੇ ਅਪਹੁੰਚ ਲੱਗਦਾ ਹੈ ਕਿ ਆਪਣੇ ਆਪ ਨੂੰ ਉਹਦਾ ਸਮਕਾਲੀ ਆਖਦਿਆਂ ਵੀ ਸੰਗ ਆਉਂਦੀ ਹੈ। ਬੋਹਲਾਂ ਦੇ ਵਿਚਾਲੇ ਭੁੱਖੇ ਸੁੱਤੇ ਕਾਮਿਆਂ ਦੇ ਟੋਲੇ ਦੀ ਮਨੋਦਸ਼ਾ ਬਾਰੇ ਪੰਜਾਬੀ ਦੇ ਹੋਰ ਕਿਸੇ ਕਵੀ ਨੇ ਇਸ ਪੱਧਰ ਤੱਕ ਨਹੀਂ ਸੋਚਿਆ। ਸ਼ੁਕਰ ਏ ਅਰੰਭ ਤਾਂ ਹੋਇਆ।''

6 ਨਵੰਬਰ ਉਦਾਸੀ ਦੇ ਭਾਵੇਂ ਜਿਸਮਾਨੀ ਵਿਛੋੜੇ ਦਾ ਦਿਨ ਤਾਂ ਹੈ ਉਸਦੀ ਕਵਿਤਾ ਨੂੰ ਨੇੜਿਓਂ ਮਿਲਣ ਦਾ ਦਿਨ ਹੈ। ਉਸਨੂੰ ਧਾਅ ਗਲਵੱਕੜੀ ਪਾਉਣ ਦਾ ਦਿਨ ਹੈ। ਮਘਦੇ ਸੂਰਜ ਦੀ ਕਵਿਤਾ ਦੀ ਲੋਅ ਸੰਭਾਲਣ ਦਾ ਦਿਨ ਹੈ।

ਸੰਪਰਕ : 94170-76735

1 comment: