StatCounter

Friday, January 10, 2014

ਲੋਕ-ਪੱਖੀ ਗਾਇਕੀ ਲਈ ਸੁਲੱਖਣਾ ਉੱਦਮਲੋਕ-ਪੱਖੀ ਗਾਇਕੀ ਲਈ ਸੁਲੱਖਣਾ ਉੱਦਮ

-ਅਮੋਲਕ ਸਿੰਘ

14 ਮਾਰਚ 1982 ਨੂੰ ਗੁਰਸ਼ਰਨ ਸਿੰਘ ਦੇ ਹੱਥੀਂ ਲਾਇਆ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦਾ ਬੂਟਾ ਦਹਿਸ਼ਤਗਰਦੀ ਅਤੇ ਅਨੇਕਾਂ ਝੱਖੜਾਂ ਦੇ ਉਲਟੇ ਰੁਖ਼ ਸ਼ਾਨਾਂਮੱਤੀ ਪ੍ਰਵਾਜ਼ ਭਰਦਾ ਆ ਰਿਹਾ ਹੈ।

ਪਲਸ ਮੰਚ ਅਤੇ ਇਸਦੇ ਸੰਗੀਆਂ ਦੇ ਵਡੇਰੇ ਪਰਿਵਾਰ ਨੇ ਸਾਹਿਤ ਅਤੇ ਸਭਿਆਚਾਰ ਦੇ ਖੇਤਰ ਅੰਦਰ ਨਿਵੇਕਲੀ ਪਹਿਚਾਣ ਬਣਾਈ ਹੈ। ਲੋਕ-ਪੱਖੀ, ਅਗਾਂਹ-ਵਧੁ, ਵਿਗਿਆਨਕ, ਸਿਹਤਮੰਦ, ਗੈਰਤਮੰਦ ਅਤੇ ਇਨਕਲਾਬੀ ਰੰਗਮੰਚ ਦੀਆਂ ਬਹੁਵੰਨਗੀ ਵਿਧਾਵਾਂ ਰਾਹੀਂ ਪਲਸ ਮੰਚ ਨੇ ਅਨਪੜ੍ਹ, ਘੱਟ ਪੜ੍ਹੇ ਲਿੱਖੇ ਹਿੱਸਿਆਂ ਤੋਂ ਲੈ ਕੇ ਉੱਚ ਵਿਦਿਆ ਹਾਸਲ ਅਤੇ ਬੌਧਿਕ ਹਲਕਿਆਂ ਤੱਕ ਆਪਣਾ ਸੁਨੇਹਾ ਬਾਖ਼ੂਬੀ ਪਹੁੰਚਾਉਣ ਵਿੱਚ ਵਿਲੱਖਣ ਮੁਕਾਮ ਹਾਸਲ ਕੀਤਾ ਹੈ।
ਪਲਸ ਮੰਚ ਦੀ ਸਾਹਿਤਕ ਪੱਤ੍ਰਿਕਾ 'ਸਰਦਲ' ਵਿਸ਼ੇਸ਼ ਸਾਹਿਤਕ ਪ੍ਰਕਾਸ਼ਨਾਵਾਂ, ਦਰਜ਼ਣਾਂ ਦੀ ਗਿਣਤੀ ਵਿੱਚ ਨਵੀਂ-ਨਰੋਈ, ਉੱਚੀ-ਸੁੱਚੀ ਅਤੇ ਸੁੱਤੀ ਕਲਾ ਜਗਾਉਣ ਵਾਲੀ ਸੁਰ ਵਿੱਚ ਗੀਤਾਂ, ਗਜ਼ਲਾਂ ਦੀਆਂ ਆਡੀਓ ਵੀਡੀਓ ਕੈਸਿਟਾਂ ਦਸਤਾਵੇਜੀ ਫਿਲਮਾਂ ਲੋਕਾਂ ਤੱਕ ਪਹੁੰਚਾਈਆਂ ਹਨ। ਥੜ੍ਹਾ ਥੀਏਟਰ ਨੂੰ ਪ੍ਰਫੁੱਲਤ ਕਰਨ ਅਤੇ ਹਰਮਨ ਪਿਆਰਾ ਬਣਾਉਣ ਲਈ ਦਰਜ਼ਣਾਂ ਹੀ ਨਾਟ ਅਤੇ ਗੀਤ-ਸੰਗੀਤ ਮੰਡਲੀਆਂ ਪੰਜਾਬ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਸਰਗਰਮੀ ਨਾਲ ਜੁਟੀਆਂ ਹਨ। ਕਈ ਕੇਂਦਰਾਂ ਉੱਪਰ ਹਰ ਮਹੀਨੇ ਅਤੇ ਸਮੇਂ ਸਮੇਂ ਨਿਰੰਤਰ ਰੰਗਮੰਚ ਹੋ ਰਿਹਾ ਹੈ।

ਪਿਛਲੇ 32 ਵਰ੍ਹਿਆਂ ਤੋਂ ਪਲਸ ਮੰਚ ਦੀ ਆਧਾਰਸ਼ਿਲਾ, ਸੇਧ, ਉਦੇਸ਼, ਮਾਰਗ ਅਤੇ ਜੋਖ਼ਮ ਭਰੇ ਸਫ਼ਰ ਉੱਪਰ ਅਡੋਲ ਤੁਰਦੇ ਰਹਿਣ ਕਾਰਨ ਲੋਕ-ਫਿਕਰਾਂ ਅਤੇ ਲੋਕ-ਸਰੋਕਾਰਾਂ ਦੀ ਬਾਂਹ ਫੜਨ ਵਾਲੀ ਹਰ ਸੰਸਥਾ ਅਤੇ ਵਿਅਕਤੀ ਨਾਜ਼ ਕਰਦਾ ਹੈ। ਪੂਰਾ ਵਰ੍ਹਾ ਨਿਰੰਤਰ ਸਰਗਰਮੀਆਂ ਤੋਂ ਇਲਾਵਾ ਹਰ ਵਰ੍ਹੇ 1 ਮਈ ਪੰਜਾਬੀ ਭਵਨ ਲੁਧਿਆਣਾ, 25 ਜਨਵਰੀ ਪਹਿਲਾਂ ਜਲੰਧਰ ਹੁਣ ਬਠਿੰਡਾ ਅਤੇ ਗੁਰਸ਼ਰਨ ਭਾਅ ਜੀ ਵਿਛੋੜੇ ਵਾਲੇ ਦਿਨ ਨੂੰ ਸਮਰਪਤ 27 ਸਤੰਬਰ ਨੂੰ ਇਨਕਲਾਬੀ ਰੰਗਮੰਚ ਦਿਹਾੜਾ ਮਨਾਉਣ ਦੀਆਂ ਨਾਟਕਾਂ ਅਤੇ ਗੀਤਾਂ ਭਰੀਆਂ ਰਾਤਾਂ ਨੇ ਹਜ਼ਾਰਾਂ ਲੋਕਾਂ ਦੇ ਮਨਾਂ ਦੀ ਡਾਇਰੀ ਉੱਪਰ ਅਮਿੱਟ ਛਾਪ ਛੱਡੀ ਹੈ।

ਪਲਸ ਮੰਚ ਆਪਣੇ ਤਿੰਨ ਦਹਾਕਿਆਂ ਦੇ ਸਫਰ ਵਿੱਚ ਆਪਣੇ ਸਾਹਿਤਕ ਸਭਿਆਚਾਰਕ ਪਿੜ ਦੇ ਹਮਸਫਰਾਂ ਨੂੰ ਸਨਮਾਨਤ ਰੁਤਬਾ ਪ੍ਰਦਾਨ ਕਰਕੇ ਆਪਣੇ ਅੰਗ ਸੰਗ ਲੈ ਕੇ ਚੱਲ ਰਿਹਾ ਹੈ। ਉਸਦੇ ਅਗਲੇ ਮਿੱਤਰ ਘੇਰੇ 'ਚ ਨੇ ਲੋਕ ਮੁਖੀ ਆਵਾਮੀ ਜਥੇਬੰਦੀਆਂ। ਉਹ ਹਮੇਸ਼ਾਂ ਪਲਸ ਮੰਚ ਦੇ ਸਮਾਗਮ ਵਿੱਚ ਸਹਿਯੋਗੀ ਕੰਨ੍ਹਾ ਲਾਉਂਦੀਆਂ ਹਨ। ਮੰਚ ਨੂੰ ਆਪਣੀਆਂ ਸਰਗਰਮੀਆਂ, ਮੁਹਿੰਮਾਂ ਅਤੇ ਘੋਲਾਂ ਵਿੱਚ ਆਪਣੀ ਨਿਸਚਤ ਵਿਧੀ ਰਾਹੀਂ ਗੱਲ ਕਹਿਣ ਦਾ ਮੌਕਾ ਵੀ ਦਿੰਦੀਆਂ ਹਨ।

ਪਲਸ ਮੰਚ ਨੇ ਲੱਚਰ, ਅਸ਼ਲੀਲ, ਬਾਜ਼ਾਰੂ, ਬਿਮਾਰ, ਅੰਧਵਿਸ਼ਵਾਸ਼ੀ ਭਰੇ, ਜਾਤ-ਪਾਤ, ਫਿਰਕੂ ਰੰਗ ਵਿੱਚ ਰੰਗੇ, ਅੰਨ੍ਹੇ ਕੌਮੀ ਸ਼ਾਵਨਵਾਦੀ ਧੰਦੂਕਾਰੇ ਦੀ ਗਰਦੋਗੁਬਾਰ ਵਾਲੇ ਦਿਸ਼ਾਹੀਣ ਅਤੇ ਕੁਰਾਹੇ ਪਾਊ ਸਾਹਿਤ/ਸਭਿਆਚਾਰ ਦੀ ਬਹੁਤ ਹੀ ਰੜਕਵੀਂ ਅਤੇ ਤਿੱਖਾ ਹੱਲਾ ਬੋਲ ਰਹੀ ਗਾਇਕੀ ਦੀ ਵਿਧਾ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਲਾ-ਮਿਸਾਲ ਉੱਦਮ ਜੁਟਾਏ ਹਨ।

ਜ਼ਿਕਰਯੋਗ ਹੈ ਕਿ ਲੋਕ-ਪੱਖੀ ਗਾਇਕੀ ਦੇ ਖੇਤਰ ਵਿੱਚ ਪਲਸ ਮੰਚ ਨੇ ਨਵੀਆਂ ਪੁਲਾਂਘਾਂ ਪੁੱਟਣ ਦੇ ਬਣਾਏ ਕੈਲੰਡਰ ਨਾਲ ਨਵੇਂ ਵਰ੍ਹੇ ਵਿੱਚ ਨਵੀਆਂ ਬੁਲੰਦੀਆਂ ਛੋਹਣ ਲਈ ਭਦੌੜ ਵਿਖੇ 'ਚਾਰ ਰੋਜ਼ਾ ਲੋਕ-ਪੱਖੀ ਗੀਤ-ਸੰਗੀਤ ਵਰਕਸ਼ਾਪ' ਲਗਾਈ। ਇਸ ਵਿੱਚ ਗੀਤਕਾਰਾਂ, ਸੰਗੀਤਕਾਰਾਂ, ਲੇਖਕਾਂ ਸਾਜਿੰਦਿਆਂ, ਸਾਹਿਤਕਾਰਾਂ, ਤਰਕਸ਼ੀਲਾਂ, ਪੱਤਰਕਾਰਾਂ, ਜਮਹੂਰੀਅਤ ਪਸੰਦ ਅਤੇ ਸਮਾਜ ਸੇਵੀ ਸਖਸ਼ੀਅਤਾਂ, ਸੰਗੀਤ ਪ੍ਰੇਮੀਆਂ ਨੇ ਭਰਵਾਂ ਯੋਗਦਾਨ ਪਾਇਆ। ਗੰਭੀਰ ਸੰਵਾਦ ਛੇੜੇ। ਸਮਾਜ ਅੰਦਰ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਮਾਰੂ ਸਭਿਆਚਾਰ ਦੇ ਨਾਗ-ਵਲ਼ ਵਿੱਚ ਲੈਣ ਪਿੱਛੇ ਕੰਮ ਕਰਦੇ ਕਾਰਨਾਂ ਦੀ ਡੂੰਘੀ ਜੜ੍ਹ ਦੀ ਸ਼ਨਾਖਤ ਕੀਤੀ। ਇੰਟਰਨੈੱਟ ਰਾਹੀਂ ਵੱਖ ਵੱਖ ਵਿਧਾਵਾਂ ਵਰਤ ਕੇ ਚੜ੍ਹਦੀ ਜੁਆਨੀ ਨੂੰ ਮਨੋਵਿਗਿਆਨਕ ਤੌਰ 'ਤੇ ਜਿਹਨੀ ਗੁਲਾਮੀ ਵਿੱਚ ਜਕੜਨ ਲਈ ਪ੍ਰਦੂਸ਼ਿਤ ਸਭਿਆਚਾਰ ਦੇ ਲਗਾਏ ਜਾ ਰਹੇ ਜ਼ਹਿਰੀ ਟੀਕਿਆਂ ਦੇ ਘਾਤਕ ਹੱਲੇ ਤੋਂ ਬਚਾਉਣ ਲਈ ਯਤਨ ਜੁਟਾਉਣ 'ਤੇ ਜ਼ੋਰ ਦਿੱਤਾ ਗਿਆ। ਵਿਸ਼ੇਸ਼ ਕਰਕੇ ਔਰਤ ਜਾਤੀ ਦੀ ਸ਼ਰੇਆਮ ਬੇ-ਅਦਬੀ ਕਰਦੇ ਅਤੇ ਔਰਤ ਨੂੰ ਆਪਣੇ ਬਾਜ਼ਾਰ ਦੀ ਚੜ੍ਹਤ ਲਈ ਵਿਗਿਆਪਨਾ ਆਦਿ ਵਿੱਚ ਬੇਸ਼ਰਮੀ ਨਾਲ ਵਰਤ ਰਹੇ ਕਾਰਪੋਰੇਟ ਘਰਾਣਿਆਂ ਦੇ ਕੋਝੇ ਮਨਸੂਬੇ ਬੇਪਰਦ ਕੀਤੇ ਗਏ। ਅਗੰਮੀ ਸ਼ਕਤੀਆਂ ਦੇ ਮੱਕੜ-ਜਾਲ ਵਿੱਚ ਫਸਾ ਰਹੇ ਗੀਤਾਂ ਦੇ ਬਦਲ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਅਪਣਾਉਣ 'ਤੇ ਵਿਦਵਾਨਾਂ ਨੇ ਜੋਰ ਦਿੱਤਾ।

ਪੰਜਾਬੀ ਸਭਿਆਚਾਰ ਦੀ ਸੇਵਾ ਦੇ ਨਾਂ ਹੇਠ ਪੰਜਾਬੀ ਸਭਿਆਚਾਰ ਦੀ ਜੱਖ਼ਣਾ ਪੁੱਟਣ ਲੱਗੇ ਗੀਤਕਾਰਾਂ ਗਾਇਕਾਂ ਦੀਆਂ ਸਭੇ ਵੰਨਗੀਆਂ ਬਾਰੇ ਚਰਚਾਵਾਂ ਹੋਈਆਂ। ਇਹਨਾਂ ਪਿੱਛੇ ਕੰਮ ਕਰਦੇ ਆਰਥਿਕ, ਰਾਜਨੀਤਕ, ਸਮਾਜਿਕ, ਸਭਿਆਚਾਰਕ ਅਤੇ ਮਨੋਵਿਗਿਆਨ ਕਾਰਨਾਂ ਉੱਪਰ ਉਂਗਲ ਧਰੀ ਗਈ। ਵੰਨ-ਸੁਵੰਨੇ ਹਾਕਮਾਂ ਦੇ ਮਨੋਰਥਾਂ ਉੱਪਰ ਖੁੱਲ੍ਹ ਕੇ ਵਿਚਾਰਾਂ ਹੋਈਆਂ। ਜਨਤਕ ਥਾਵਾਂ, ਹਸਪਤਾਲਾਂ ਅਤੇ ਬੱਸਾਂ, ਵੰਨ-ਸੁਵੰਨੇ ਚੈਨਲਾਂ, ਇੰਟਰਨੈੱਟ ਆਦਿ ਰਾਹੀਂ ਅੱਧ-ਖਿੜੀਆਂ ਅਤੇ ਖਿੜਦੀਆਂ ਕਲੀਆਂ ਨੂੰ ਬੁਰੀ ਤਰ੍ਹਾਂ ਤਬਾਹ ਕਰਨ ਲਈ ਜੁਟੀ ਅਜੋਕੀ ਵਿਵਸਥਾ ਖਿਲਾਫ ਚੇਤਨ ਜਨਤਕ ਲਹਿਰ ਖੜ੍ਹੀ ਕਰਨ ਲਈ ਲੱਕ-ਬੰਨ੍ਹਵੇਂ ਸਾਂਝੇ ਉੱਦਮ 'ਤੇ ਜ਼ੋਰ ਦਿੱਤਾ ਗਿਆ।

ਪਲਸ ਮੰਚ ਦੀ ਇਕਾਈ ਲੋਕ ਸੰਗੀਤ ਮੰਡਲੀ ਭਦੌੜ ਨੇ ਬਾਲ ਕਲਾਕਾਰਾਂ ਦੀ ਨਰਸਰੀ ਲਗਾਈ। ਵਰਕਸ਼ਾਪ ਵਿੱਚ ਇਸਦੇ ਫੁੱਲਾਂ ਦੀ ਮਹਿਕ ਸਰੋਤਿਆਂ ਨੂੰ ਮਹਿਕਾ ਰਹੀ ਸੀ। ਵਰਕਸ਼ਾਪ ਵਿੱਚ ਤਿੰਨ ਪੀੜ੍ਹੀਆਂ ਦੇ ਲੋਕ-ਕਲਾਕਾਰ ਸਿਰ ਜੋੜ ਕੇ ਬੈਠੇ। ਬਾਬਿਆਂ ਨੇ ਭਰ-ਜੁਆਨ ਹੇਕਾਂ ਲਾਈਆਂ। ਉਹਨਾਂ ਦੇ ਪੁੱਤ-ਪੋਤਿਆਂ ਨੇ ਉਹਨਾਂ ਨਾਲ ਸਾਜ ਅਤੇ ਆਵਾਜ਼ ਦੀ ਸੰਗਤ ਕੀਤੀ। ਕੜਾਕੇ ਦੀ ਠੰਢ, ਰਾਤ ਦਾ ਵੇਲਾ, ਨਵੇਂ ਵਰ੍ਹੇ ਦੇ ਸੂਰਜ ਤੋਂ ਪਹਿਲਾਂ ਸੂਰਜ ਦੇ ਹਮਸਫਰਾਂ ਨੇ ਮਿਹਨਤਕਸ਼ ਲੋਕਾਂ ਲਈ ਅਜੇ ਸੂਰਜ ਨਾ ਚੜ੍ਹਨ ਵਾਲੇ ਮੌਸਮ ਦੇ ਗੀਤ ਗਾਏ। ਪਰਿਵਾਰਾਂ ਦੇ ਪਰਿਵਾਰ ਗੀਤ-ਸੰਗੀਤ ਵਰਕਸ਼ਾਪ ਦੇ ਸਿਖਰਲੇ ਦਿਨ ਹੋਏ ਖੁੱਲ੍ਹੇ ਸਮਾਗਮ ਵਿੱਚ ਜੁੜੇ।

ਗੀਤ-ਸੰਗੀਤ, ਵਿਸ਼ਾ, ਧੁਨ, ਆਵਾਜ਼, ਲੈਅ ਨਾਲ ਅਤੇ ਮੁਹਾਵਰੇ ਆਦਿ ਦੇ ਪਾਰਖੂਆਂ, ਸੂਝਵਾਨ ਅਤੇ ਸੰਜੀਦਾ ਸਰੋਤਿਆਂ ਤੋਂ ਵਰਕਸ਼ਾਪ ਦੇ ਆਯੋਜਕਾਂ ਨੇ ਰਾਵਾਂ ਮੰਗੀਆਂ। ਵਿਸ਼ੇਸ਼ ਨੁਕਤਾ ਚਰਚਾ ਅਧੀਨ ਇਹ ਲਿਆਂਦਾ ਗਿਆ ਕਿ ਇੱਕ ਤਾਂ ਲੀਕ ਤੋਂ ਪਾਰਲੀ ਲੋਕ-ਵਿਰੋਧੀ ਗਾਇਕੀ ਹੈ, ਜਿਹੜੀ ਲੋਕਾਈ ਨੂੰ ਗਲੀ ਸੜੀ, ਬਿਮਾਰ, ਨਿੱਘਰੀ ਹੋਈ, ਮਾਰਧਾੜ ਫੈਲਾਉਂਦੀ, ਸਾਜਾਂ ਦੀ ਥਾਂ ਬੰਦੂਕਾਂ, ਟਕੂਏ, ਤਲਵਾਰਾਂ ਚਲਾਉਂਦੀ ਲੰਡੀਆਂ ਜੀਪਾਂ ਭਜਾਉਂਦੀ ਜਾਤੀਵਾਦ ਨੂੰ ਪੱਠੇ ਪਾਉਂਦੀ ਖਾਸ ਕਰਕੇ ਜੱਟਵਾਦ ਨੂੰ ਫੂਕ ਛਕਾ ਕੇ, ਬਿਮਾਰੀ ਹਾਦਸੇ, ਅਨਿਆਂ, ਵਿਤਕਰੇਬਾਜ਼ੀ, ਲੁੱਟ-ਕੁੱਟ, ਕਤਲੋਗਾਰਦ ਅਤੇ ਖੁਦਕੁਸ਼ੀਆਂ ਵਰਗੇ ਘਾਤਕ ਵਰਤਾਰੇ ਦੀ ਨਬਜ਼ ਫੜਨ ਤੋਂ ਰੋਕਦੀ ਹੈ। ਸੁਰਤ ਮਾਰਦੀ ਹੈ। ਚੇਤਨਾ ਦੇ ਗਲ 'ਗੂਠਾ ਦਿੰਦੀ ਹੈ। ਜਮਾਤੀ ਵੰਡ ਦਾ ਪਾਠ ਪੜ੍ਹਨ-ਸਮਝਣ ਉਸਦਾ ਅਧਿਐਨ ਕਰਕੇ ਵਕਤ ਦੇ ਹਾਣੀ ਨਤੀਜੇ ਹਾਸਲ ਕਰਨ ਤੋਂ ਵਰਜਦੀ ਹੈ।

ਦੂਜੀ ਇਨਕਲਾਬੀ ਗਾਇਕੀ ਹੈ, ਜਿਹੜੀ ਅਜੋਕੇ ਬਣੇ ਬਣਾਏ ਪ੍ਰਬੰਧ ਦੇ ਅੰਦਰ ਲੋਕਾਂ ਦੀ ਜ਼ਿੰਦਗੀ ਵਿੱਚ ਖੇੜਾ ਆਉਣ ਦੀ ਝਾਕ ਛੱਡ ਕੇ ਲੋਕਾਂ ਨੂੰ ਗ਼ਦਰੀ ਕਾਵਿ, ਬੱਬਰ-ਕਾਵਿ, ਕਿਰਤੀ ਕਾਵਿ, ਸ਼ਹੀਦ ਭਗਤ ਸਿੰਘ ਅਤੇ ਉਸਦੇ ਸੰਗੀ ਸਾਥੀਆਂ ਦੇ ਦੌਰ ਦੀ ਕਵਿਤਾ ਅਤੇ ਉਸ ਤੋਂ ਅਗਲੇ ਸਮੇਂ ਦੀ ਇਨਕਲਾਬੀ ਕਵਿਤਾ ਦਾ ਪਰਚਮ ਉਠਾ ਕੇ ਅੱਗੇ ਤੁਰਨ ਲਈ ਆਵਾਜ਼ ਦੇ ਰਹੀ ਹੈ।

ਤੀਜੀ ਗਾਇਕੀ ਉਹ ਹੈ ਜਿਸ ਵੱਲ ਵਿਸ਼ੇਸ਼ ਤਵੱਜੋ ਦੇਣਾ ਪਲਸ ਮੰਚ ਦੀ ਇਸ ਵਰਕਸ਼ਾਪ ਦਾ ਕੇਂਦਰੀ ਕਾਰਜ ਸੀ।
ਗਾਇਕੀ ਦੀ ਇਹ ਵੰਨਗੀ ਹੈ ਮਿਆਰੀ ਲੋਕ-ਗਾਇਕੀ। ਪਰਿਵਾਰਕ ਗਾਇਕੀ। ਵਿਆਹ-ਸ਼ਾਦੀ, ਖੁਸ਼ੀਆਂ ਦੇ ਹੋਰ ਮੌਕਿਆਂ, ਤੀਜ-ਤਿਓਹਾਰਾਂ ਆਦਿ ਮੌਕੇ ਵਿਸ਼ਾਲ ਲੋਕਾਈ ਨੂੰ ਪ੍ਰਵਾਨ ਚੜ੍ਹਨ ਵਾਲੀ ਗਾਇਕੀ। ਜ਼ਿੰਦਗੀ ਦੇ ਅਨੇਕਾਂ ਪੱਖਾਂ/ਪਸਾਰਾਂ ਨੂੰ ਆਪਣੀ ਬੁੱਕਲ ਵਿੱਚ ਲੈਂਦੀ ਗਾਇਕੀ। ਇਨਕਲਾਬੀ ਗਾਇਕੀ, ਲੋਕ ਗਾਇਕੀ ਦਾ ਉੱਚਤਮ ਪੜਾਅ ਹੈ। ਲੋਕ-ਪੱਖੀ ਗਾਇਕੀ ਦੀਆਂ ਅਨੇਕਾਂ ਪਰਤਾਂ ਹਨ। ਜਿਸਦਾ ਵਿਸ਼ਾ-ਵਸਤੂ ਲੋਕ ਸਰੋਕਾਰਾਂ, ਢੁਕਵੇਂ ਮੌਕਿਆਂ ਨਾਲ ਸਰਗਮ ਛੇੜਦਾ ਹੋਵੇ। ਉਸਦੀ ਬੀਟ ਵੀ ਮਨਭਾਉਂਦੀ ਹੋਵੇ। ਗਾਇਕੀ ਹੱਸਣ, ਨੱਚਣ ਦੇ ਨਾਲ ਅਰਥ-ਭਰਪੂਰ ਹੋਵੇ। ਸੋਚਣ ਲਾਉਂਦੀ ਹੋਵੇ। ਨਵੇਂ ਵਿਚਾਰਾਂ ਦੀ ਪੁੱਠ ਚਾੜ੍ਹਦੀ ਹੋਵੇ। ਲੋਕਾਂ ਦੇ ਬੁੱਲਾਂ 'ਤੇ ਚੜ੍ਹੇ। ਉਹਨਾਂ ਦੇ ਗਲ਼ ਲੱਗ ਕੇ ਉਹਨਾਂ ਦੀ ਹੋ ਜਾਵੇ। ਸਿਰਫ ਇਨਕਲਾਬੀ ਗਾਇਕੀ ਦਾ ਉੱਚਤਮ ਪੜਾਅ ਹੀ ਇਹਨਾਂ ਵੱਖ ਵੱਖ ਮੌਕਿਆਂ ਦੀ ਪੂਰਤੀ ਨਹੀਂ ਕਰ ਸਕਦਾ। ਲੋਕਾਂ ਦੀ ਚੇਤਨਾ ਨੂੰ ਉਤਾਂਹ ਚੁੱਕਣ ਵਿੱਚ ਹੁਲਾਰਾ ਨਹੀਂ ਦੇ ਸਕਦਾ।

ਵੱਖ ਵੱਖ ਮੌਕਿਆਂ ਸਮਾਂ, ਸਥਾਨ ਅਤੇ ਹਾਲਾਤ ਨੂੰ ਸਮਝ ਕੇ ਰਚੇ ਗੀਤ, ਕਵਿਤਾ; ਕਵਿਤਾ ਦੇ ਵੱਖ ਵੱਖ ਰੰਗ-ਰੂਪ ਅਤੇ ਸਾਜਾਂ ਦੀ ਸੁਚੱਜੀ ਵਰਤੋਂ ਲੋਕਾਂ ਨੂੰ ਆਪਣੇ ਵੱਲ ਖਿੱਚ ਕੇ ਲਿਆਏ। ਵਰਕਸ਼ਾਪ ਨੇ ਇਹ ਵਿਚਾਰ ਕਸ਼ੀਦ ਕੇ ਸਾਹਮਣੇ ਲਿਆਂਦਾ ਕਿ ਲੱਚਰ, ਬਿਮਾਰ, ਕੰਨ-ਪਾੜਵੇਂ ਸੰਗੀਤ ਦੀ ਮਹਿਜ ਆਲੋਚਨਾ ਨਾਲ ਅਨੇਕਾਂ ਕਾਰਨਾਂ ਕਰਕੇ ਇਸਦੀ ਗ੍ਰਿਫਤ ਵਿੱਚ ਜਕੜੇ ਲੋਕਾਂ, ਖਾਸ ਕਰਕੇ ਜੁਆਨੀ ਨੂੰ ਬਚਾਇਆ ਨਹੀਂ ਜਾ ਸਕਦਾ। ਇਸਦਾ ਸਹਿਜੇ ਹੀ ਲੋਕਾਂ ਵਿੱਚ ਪ੍ਰਵਾਨ ਚੜ੍ਹਨ ਯੋਗ ਬਦਲ ਲਾਜ਼ਮੀ ਹੈ। ਫੇਰ ਹੀ ਮਿਆਰੀ ਸਭਿਆਚਾਰ ਦੀ ਖੁਸ਼ਬੋ ਵੰਡੀ ਜਾ ਸਕਦੀ ਹੈ।

ਇੱਕ ਹੋਰ ਨੁਕਤਾ ਕਾਫੀ ਚਰਚਾ ਅਧੀਨ ਆਇਆ ਕਿ ਲੋਕ ਇਹ ਮੰਗ ਕਰਦੇ ਹਨ ਕਿ ਅਸੀਂ ਪ੍ਰਚੱਲਤ ਬਾਜ਼ਾਰੂ, ਅਸ਼ਲੀਲ, ਬੇਸੁਰਾ, ਸਹਿਜਤਾ-ਸੁਹਜਤਾ ਅਤੇ ਸੰਵੇਦਨਸ਼ੀਲਤਾ ਤੋਂ ਕੋਰਾ ਨਾ ਸੁਣੀਏ ਨਾ ਸੁਣਾਈਏ ਪਰ ਇਸਦੇ ਬਦਲ ਵਿੱਚ ਮੌਕੇ ਦੀ ਨਬਜ ਫੜਦਾ, ਉੱਚ-ਪਾਏ ਦਾ ਗੀਤ-ਸੰਗੀਤ ਸੰਗ੍ਰਹਿ ਅਸਾਡੀ ਹਥੇਲੀ 'ਤੇ ਧਰੋ ਤਾਂ ਸਹੀ। ਇਸਦੀ ਭਾਲ ਵਿੱਚ ਗਿਣਵੇਂ ਚੁਣਵੇਂ ਨੂੰ ਛੱਡ ਕੇ ਪ੍ਰੰਪਰਾਗਤ ਵਿਰਾਸਤ ਦੇ ਸੁਭਾਵਕ ਸਭਿਆਚਾਰ ਵਿੱਚੋਂ ਅਸੀਂ ਵਿਰਸੇ ਦੇ ਹੇਰਵੇ ਦੀ ਪੂਰਤੀ ਤਾਂ ਕਰ ਸਕਦੇ ਹਾਂ ਪਰ ਜੇ ਉਸਦੀ ਗਿਰੀ ਨੂੰ ਚਿੱਥ ਚਬਾ ਕੇ ਉਹਨਾਂ ਦਾ ਰਸ ਅਤੇ ਗੁਣ ਹਾਸਲ ਕਰਨੇ ਚਾਹਾਂਗੇ ਤਾਂ ਅਸੀਂ ਅਜੋਕੇ ਸਮੇਂ ਨਾਲ ਅੱਖ ਮਿਲਾਉਂਦੇ ਨਤੀਜੇ ਪ੍ਰਾਪਤ ਨਹੀਂ ਕਰ ਸਕਦੇ। ਇਸ ਲਈ ਨਵ-ਸਿਰਜਣਾ ਦੀ ਵਿਸ਼ੇਸ਼ ਲੋੜ ਹੈ। ਭਾਵੇਂ ਹਾਸਲ ਹੋ ਸਕਦਾ ਸੰਗ੍ਰਹਿ ਤਿਆਰ ਕਰਨਾ ਰੱਦ ਤਾਂ ਨਹੀਂ ਹੁੰਦਾ ਪਰ ਇਸ ਲਈ ਸਮੂਹਿਕ ਉੱਦਮ ਕਰਕੇ ਨਵ-ਰਚਨਾ, ਨਵੀਆਂ ਤਰਜਾਂ, ਢੁਕਵੇਂ ਸਾਜਾਂ ਅਤੇ ਨਵੀਂ ਬੀਟ ਵੱਲ ਵਿਸ਼ੇਸ਼ ਤਵੱਜੋ ਦੀ ਲੋੜ ਹੈ। ਜਿਹੜੀ ਵੰਨਗੀ ਸਾਡੀ ਮਿੱਟੀ ਸਾਡੇ ਸਭਿਆਚਾਰ ਦੀ ਅਮੀਰੀ ਨਾਲ ਗੁੰਨ੍ਹੀਂ ਹੋਵੇ। ਜਿਹੜੀ ਰੂਹ ਨੂੰ ਤਾਜ਼ਗੀ ਪ੍ਰਦਾਨ ਕਰੇ। ਜਿਹੜੀ ਸੁਭਾਵਿਕ ਹੀ ਬੁੱਲ੍ਹਾਂ 'ਤੇ ਚੜ੍ਹੇ। ਜਿਹੜੀ ਢੁਕਵੇਂ ਸਮਾਗਮ ਅਤੇ ਰੋਜ਼ਮਰ੍ਹਾ ਦੀ ਜ਼ਿੰਦਗੀ ਦੀ ਤਰਜਮਾਨੀ ਕਰੇ। 

ਇਸ ਦਿਸ਼ਾ ਵੱਲ ਗੀਤਾਂ ਦੀ ਮਾਲਾ ਜੋੜਨ ਦਾ ਯਤਨ ਵੀ ਹੋਇਆ। ਨਵੇਂ ਗੀਤ ਲਿਖੇ ਵੀ ਗਏ। ਗਾਏ ਵੀ ਗਏ। ਉਹਨਾਂ ਬਾਰੇ ਲੋਕ-ਰਾਵਾਂ ਵੀ ਇਕੱਠੀਆਂ ਕੀਤੀਆਂ ਗਈਆਂ। ਪਲਸ ਮੰਚ ਦੀ ਹੀ ਇਕਾਈ ਲੋਕ ਸੰਗੀਤ ਮੰਡਲੀ ਬਠਿੰਡਾ ਵੱਲੋਂ ਅਜਿਹੇ ਗੀਤਾਂ ਦੀ ਐਲਬਮ ਤਿਆਰ ਕਰਨ ਲਈ ਆਰੰਭੇ ਉੱਦਮ ਨੂੰ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਭਦੌੜ ਵਰਕਸ਼ਾਪ, ਸਮਾਗਮ ਅਤੇ ਵਿਆਹ ਦੇ ਮੌਕੇ ਟੁੱਟਵੇਂ ਤੌਰ 'ਤੇ ਅਜਿਹੇ ਨਵੇਂ ਗੀਤਾਂ ਦੀ ਅਜ਼ਮਾਇਸ਼ ਵੀ ਕੀਤੀ ਜਾਣ ਲੱਗੀ ਹੈ। ਨੌਜਵਾਨਾਂ, ਵੱਡੀ ਉਮਰ ਵਾਲਿਆਂ ਅਤੇ ਔਰਤਾਂ ਤੱਕ ਦੀਆਂ ਰਾਵਾਂ ਇਸ ਉੱਦਮ ਤੋਂ ਕਾਫੀ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਹੀਆਂ ਹਨ।

ਪਲਸ ਮੰਚ ਭਵਿੱਖ ਵਿੱਚ ਇਹਨਾਂ ਗੀਤਾਂ ਦੇ ਸੰਗ੍ਰਹਿ ਪ੍ਰਕਾਸ਼ਤ ਕਰਨ, ਰਿਕਾਰਡ ਕਰਨ, ਵੀਡੀਓਗ੍ਰਾਫੀ ਕਰਨ, ਨਵੀਂ ਤਰਜ਼ ਦੇ, ਨਵੇਂ ਸਭਿਆਚਾਰ, ਨਵੀਆਂ ਲੀਹਾਂ ਨੂੰ ਪਰਨਾਏ ਵਿਆਹਾਂ ਆਦਿ ਵਿੱਚ ਪ੍ਰੋਗਰਾਮ ਕਰਨ, ਨੈੱਟ 'ਤੇ ਗੀਤ ਪਾਉਣ, ਲੋਕਾਂ ਦੇ ਘਰਾਂ ਤੱਕ ਢੁਕਵੀਆਂ ਵਿਧੀਆਂ ਰਾਹੀਂ ਅਜਿਹੇ ਗੀਤ ਪਹੁੰਚਾਉਣ ਲਈ ਵਿਸ਼ੇਸ਼ ਉਪਰਾਲੇ ਕਰੇਗਾ। ਆਪਣੇ ਸੰਗੀ ਸਾਥੀਆਂ ਅਤੇ ਸਹਿਯੋਗੀਆਂ ਤੋਂ ਇਸ ਕਾਰਜ ਵਿੱਚ ਹੱਥ ਵਟਾਉਣ ਦੀ ਮੁਹਿੰਮ ਤੇਜ਼ ਕਰੇਗਾ। ਇਹ ਸੁਲੱਖਣਾ ਵਰਤਾਰਾ ਕਾਫੀ ਮਕਬੂਲੀਅਤ ਹਾਸਲ ਕਰ ਸਕਦਾ ਹੈ। ਗਲੇ ਸੜੇ ਸਭਿਆਚਾਰ ਦੀ ਹਨੇਰੀ ਨੂੰ ਠੱਲ੍ਹ ਪਾ ਸਕਦਾ ਹੈ। ਯਕੀਨਨ ਕਿਹਾ ਜਾ ਸਕਦਾ ਹੈ ਕਿ ਇਸ ਦਿਸ਼ਾ ਵੱਲ ਸਾਂਝਾ, ਨਿਰੰਤਰ ਅਤੇ ਲੰਮਾ ਦਮ ਰੱਖਵਾਂ ਉੱਦਮ ਬਦਲਵੇਂ ਸਭਿਆਚਾਰ ਦੀਆਂ ਨਵੀਆਂ ਪਿਰਤਾਂ ਪਾ ਸਕਦਾ ਹੈ।
ਸੰਪਰਕ: 94170 76735

No comments:

Post a Comment