StatCounter

Friday, December 19, 2014

ਲੋਕ ਮੋਰਚਾ ਪੰਜਾਬ ਵਲੋਂ ਪੇਸ਼ਾਵਰ ਚ ਸੈਂਕੜੇ ਮਾਸੂਮ ਬਾਲਾਂ ਦੇ ਕਤਲ ਦੀ ਨਿਖੇਧੀ, ਨਫਰਤ ਉਕਸਾਉਂਦੀ ਅਤੇ ਭਾਈਚਾਰੇ ਨੂੰ ਠੇਸ ਪਹੁੰਚਾਉਂਦੀ ਹਰ ਸਿਆਸਤ ਨੂੰ ਨਕਾਰਨਾ ਦਾ ਸੱਦਾ

ਲੋਕ ਮੋਰਚਾ ਪੰਜਾਬ ਵਲੋਂ ਪੇਸ਼ਾਵਰ ਚ ਫਿਰਕੂ ਹਿੰਸਕ ਟੋਲਿਆਂ ਵਲੋਂ ਸੈਂਕੜੇ ਮਾਸੂਮ ਬਾਲਾਂ ਦੇ ਕਤਲ ਦੀ ਨਿਖੇਧੀ

ਲੋਕਾਂ ਨੂੰ ਨਫਰਤ ਉਕਸਾਉਂਦੀ ਅਤੇ ਭਾਈਚਾਰੇ ਨੂੰ ਠੇਸ ਪਹੁੰਚਾਉਂਦੀ ਹਰ ਸਿਆਸਤ ਨੂੰ ਨਕਾਰਨਾ ਦਾ ਸੱਦਾ

          ਪੇਸ਼ਾਵਰ ਅੰਦਰ ਫਿਰਕੂ ਹਿੰਸਕ ਟੋਲਿਆਂ ਹੱਥੋਂ ਸੈਂਕੜੇ ਮਾਸੂਮ ਬਾਲਾਂ ਨੂੰ ਮਾਰਨ ਦਾ ਕਾਰਾ ਕੌਮਾਂਤਰੀ ਸਰੋਕਾਰ ਦਾ ਮਾਮਲਾ ਹੈ। ਹਾਲਾਂਕਿ ਇਸ ਘਟਨਾ ਦੀ ਪੀੜ ਵੰਡਾਉਣ ਲਈ ਲਫਜ ਬੇਬਸ ਹਨ ਪਰ ਇਹ ਵੀ ਹਕੀਕਤ ਹੈ ਕਿ ਦੁੱਖ ਵੰਡਾਇਆਂ ਹੀ ਘਟਦਾ ਹੈ ਤੇ ਇਸ ਦੁੱਖ ਤੇ ਸਦਮੇ ਦੀ ਘੜੀ ਭਾਰਤ ਦੇ ਇਨਸਾਫ ਪਸੰਦ ਲੋਕ ਇਸ ਦਹਿਸ਼ਤੀ ਕਾਰੇ ਕਾਰਣ ਸਕਤੇ 'ਚ ਆਏ ਪਾਕਿਸਤਾਨੀ ਸਮਾਜ ਨਾਲ ਖੜੇ ਹਨ।

ਲੋਕ ਮੋਰਚਾ ਪੰਜਾਬ ਨੇ ਪੇਸ਼ਾਵਰ ਅੰਦਰ ਵਾਪਰੀ ਕਤਲੋਗਾਰਦ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਬੇਲਗਾਮ ਹਿੰਸਾ ਦੇ ਇਸ ਕੁਚੱਕਰ ਲਈ ਪਾਕਿਸਤਾਨ ਦੇ ਹਾਕਮ ਵੀ ਬਰਾਬਰ ਦੇ ਜੁੰਮੇਵਾਰ ਹਨ ਜੋ ਫਿਰਕੂ ਸਿਆਸਤ ਨੂੰ ਆਪਣੇ ਸੌੜੇ ਮੰਤਵਾਂ ਵਾਸਤੇ ਸ਼ਹਿ ਦਿੰਦੇ ਅਤੇ ਪਾਲਦੇ ਆ ਰਹੇ ਹਨ। ਪਾਕਿਸਤਾਨ ਦੇ ਬਲੋਚਿਸਤਾਨ ਤੇ ਉਤਰੀ ਪਛਮੀ ਸੂਬੇ ਦੇ ਕੁਦਰਤੀ ਸਰੋਤਾਂ ਅਤੇ ਵਿਕਾਸ, ਬਰਾਬਰਤਾ ਤੋਂ ਉਥੋਂ ਦੇ ਲੋਕਾਂ ਨੂੰ ਵਾਂਝਾ ਰਖਦੇ ਆ ਰਹੇ ਹਨ ਤੇ ਸਿਆਸੀ ਵਿਰੋਧ ਨੂੰ ਜਬਰ ਨਾਲ ਕੁਚਲਦੇ ਆ ਰਹੇ ਹਨ। ਪਾਕਿਸਤਾਨ ਦੀ ਸਰਕਾਰ ਵੀ ਆਪਣੇ ਵਿਰੋਧੀਆਂ ਨੂੰ ਨਜਿਠਣ ਲਈ ਲੋਕਾਂ 'ਤੇ ਸਮੂਹਕ ਸਜਾਵਾਂ ਮੜਨ ਤੇ ਅਣ-ਮਨੁਖੀ ਜੁਲਮ ਨਾਲ ਦਹਿਸ਼ਤਜਦਾ ਕਰਨ ਦੀ ਨੀਤੀ ਲਾਗੂ ਕਰਦੀ ਆ ਰਹੀ ਹੈ। ਫਿਰਕੂ ਟੋਲੇ ਵੀ ਸਰਕਾਰ ਨਾਲ ਲੜਾਈ ਦੇ ਨਾਂ ਹੇਠ ਆਮ ਲੋਕਾਈ ਨੂੰ ਸਮਹੂਕ ਸਜਾਵਾਂ ਦੇਣ ਤੇ ਦਹਿਸ਼ਤਜਦਾ ਕਰਨ ਦੀ ਇਹੀ ਨੀਤੀ ਵਰਤਦੇ ਆ ਰਹੇ ਹਨ - ਮੌਜੂਦਾ ਕਤਲੇਆਮ ਹਿੰਸਾ ਦੇ ਇਸੇ ਕੁਚਕਰ ਦਾ ਸਿੱਟਾ ਹੈ। ਪਾਕਿਸਤਾਨ ਦੇ ਆਮ ਲੋਕ ਫਿਰਕੂ ਟੋਲਿਆਂ ਤੇ ਸਰਕਾਰ ਵਲੋਂ ਮੜੀ ਇਸ ਨਿਹਕੀ ਜੰਗ ਵਿਚ ਪਿਸ ਰਹੇ ਹਨ।

ਪਾਕਿਸਤਾਨ ਅੰਦਰ ਹਿੰਸਾ ਦਾ ਇਹ ਘਟਨਾਕ੍ਰਮ ਭਾਰਤ ਦੇ ਲੋਕਾਂ ਖਾਸਕਰ ਪੰਜਾਬ ਲਈ ਗੰਭੀਰ ਸਰੋਕਾਰ ਦਾ ਮਾਮਲਾ ਹੈ ਕਿਉਂਕਿ ਸਾਡੇ ਲੋਕਾਂ ਨੇ ਵੀ ਹਿੰਸਾ ਦੇ ਇਸ ਕੁਚਕਰ ਨੂੰ ਬਹੁਤ ਹੰਢਾਇਆ ਹੈ। ਅੱਜ ਵੀ ਲੋਕਾਂ ਦੇ ਅਸਲ ਮਸਲਿਆਂ ਤੋਂ ਧਿਆਨ ਤਿਲਕਾਉਣ ਲਈ ਬਹੁਤ ਸਾਰੀਆਂ ਅਜਿਹੀਆਂ ਤਾਕਤਾਂ ਮੌਜੂਦ ਹਨ ਜੋ ਆਪਣੇ ਲੋਕ ਵਿਰੋਧੀ ਮੰਤਵ ਹਾਸਲ ਕਰਨ ਲਈ ਦੇਸ਼ ਨੂੰ ਨਫਰਤ ਦੇ ਮਹੌਲ ਵੱਲ ਧਕਣ ਦੀ ਵਾਹ ਲਗਾ ਰਹੀਆਂ ਹਨ। ਇਸ ਲਈ ਜਿੱਥੇ ਭਾਰਤ ਦੇ ਲੋਕਾਂ ਨੂੰ ਇਸ ਦੁੱਖ ਦੀ ਘੜੀ ਪਾਕਿਸਤਾਨ ਦੇ ਲੋਕਾਂ ਨਾਲ ਖੜੇ ਹੋਣਾ ਚਾਹੀਦਾ ਹੈ ਉਥੇ ਇਸ ਘਟਨਾ ਤੋਂ ਸਬਕ ਲੈਂਦਿਆ ਅਜਿਹੀ ਹਰ ਸਿਆਸਤ ਨੂੰ ਨਕਾਰਨਾ ਚਾਹੀਦਾ ਹੈ ਜੋ ਆਮ ਲੋਕਾਂ ਦਰਮਿਆਨ ਨਫਰਤ ਨੂੰ ਉਕਸਾਉਂਦੀ ਹੋਵੇ ਤੇ ਲੋਕਾਂ ਦੇ ਭਾਈਚਾਰੇ ਨੂੰ ਠੇਸ ਪਹੁੰਚਾਉਂਦੀ ਹੋਵੇ।
                                        

                                            ਜਗਮੇਲ ਸਿੰਘ ਜਨਰਲ ਸਕੱਤਰ ਲੋਕ ਮੋਰਚਾ ਪੰਜਾਬ

No comments:

Post a Comment