StatCounter

Thursday, January 19, 2017

ਜਲੂਰ ਕਾਂਡ : ਏਕਤਾ, ਚੌਕਸ ਨਿਗਾਹੀ ਅਤੇ ਦ੍ਰਿੜ ਸੰਘਰਸ਼ ਦੀ ਲੋੜ

ਜਲੂਰ ਕਾਂਡ ਦੇ ਦੋਸ਼ੀਆਂ   ਨੂੰ ਬਚਾਉਣ ਲਈ ਪੁਲਸ ਮੁੜ   ਸਰਗਰਮ  
ਜਿੱਤ ਤੱਕ ਪੁੱਜਣ ਲਈ ਏਕਤਾ, ਚੌਕਸ ਨਿਗਾਹੀ ਅਤੇ ਦ੍ਰਿੜ ਸੰਘਰਸ਼ ਦੀ ਲੋੜ            ਨਰਿੰਦਰ ਜੀਤ 
ਜਲੂਰ ਕਾਂਡ ਦਾ ਜ਼ਖਮੀ ਦਲਿਤ 
ਸੰਗਰੂਰ ਵਿਚ ਬੁਧੀਜੀਵੀਆਂ ਵੱਲੋਂ ਪ੍ਰਦਰਸ਼ਨ 
ਸ਼ਹੀਦ ਮਾਤਾ ਗੁਰਦੇਵ ਕੌਰ ਦੇ ਸੰਸਕਾਰ ਸਮੇਂ 

ਜਲੂਰ ਕਾਂਡ ਚ ਬਜ਼ੁਰਗ ਮਾਤਾ ਗੁਰਦੇਵ ਕੌਰ ਨੂੰ ਵਹਿਸ਼ੀ ਢੰਗ ਨਾਲ ਸ਼ਹੀਦ ਕਰਨ, ਦਲਿਤ ਲੜਕੀਆਂ ਅਤੇ ਔਰਤਾਂ ਦੀਆਂ ਇਜ਼ਤਾਂ ਨੂੰ ਹੱਥ ਪਾਉਣ, ਦਲਿਤਾਂ ਦੇ ਘਰ  ਅਤੇ ਸਾਮਾਨ ਭੰਨਣ, ਉਹਨਾਂ ਦੀ ਕੁੱਟ ਮਾਰ ਕਰਨ ਅਤੇ ਜਾਤੀ ਹਿੰਸਾ ਦਾ ਤਾਂਡਵ ਰਚਾਉਣ ਵਾਲੇ ਮੁਖ ਦੋਸ਼ੀਆਂ ਨੂੰ ਸਜ਼ਾ ਤੋਂ ਬਚਾਉਣ ਲਈ ਪੁਲਸ ਨੇਂ ਆਵਦੀਆਂ ਸਰਗਰਮੀਆਂ ਹੋਰ ਤੇਜ ਕਰ ਦਿੱਤੀਆਂ ਹਨ| ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨੇਂ ਅਦਾਲਤ ਵਿਚ ਅਰਜ਼ੀ ਦਾਇਰ ਕਰ ਕੇ ਇਸ ਕੇਸ ਦੀ ਮੁੜ ਪੜਤਾਲ ਕਰਨ ਦੀ ਇਜ਼ਾਜ਼ਤ ਮੰਗੀ ਹੈ | ਅਜਿਹਾ ਪੁਲਸ ਨੇਂ ਮੁਖ ਦੋਸ਼ੀ ਮੰਗੂ, ਗੁਰਲਾਲ ਵਗੈਰਾ ਦੀ ਅਰਜ਼ੀ ਤੇ ਕੀਤਾ ਹੈ, ਜਿਸ ਚ ਉਹਨਾਂ ਨੇ ਆਪਣੇ ਆਪ ਨੂੰ ਬੇਗੁਨਾਹ ਦੱਸਿਆ ਹੈ ਅਤੇ ਦਾਅਵਾ ਕੀਤਾ ਹੈ ਕਿ ਉਹ ਤਾਂ ਹਮਲੇ ਦੀ ਮਾਰ ਹੇਠ ਆਏ ਦਲਿਤਾਂ ਨੂੰ ਬਚਾਉਣ ਲਈ ਗਏ ਸਨ| ਅਸਲ ਚ ਪੁਲਸ ਇਹ ਸਾਰਾ ਕੁਝ ਅਕਾਲੀ ਮੰਤਰੀ ਪਰਮਿੰਦਰ ਢੀਂਡਸਾ, ਅਖੌਤੀ ਕਿਸਾਨ ਆਗੂ ਅਜਮੇਰ ਸਿੰਘ ਲੱਖੋਵਾਲ ਅਤੇ ਪਿਸ਼ੋਰਾ ਸਿੰਘ ਸਿੱਧੂਪੁਰ ਅਤੇ ਕਾਂਗਰਸੀ ਆਗੂ ਰਾਜਿੰਦਰ ਕੌਰ ਭਠੱਲ, ਦੇ ਹੁਕਮਾਂ ਅਧੀਨ ਕਰ ਰਹੀ ਹੈ | ਪਹਿਲਾਂ ਪੁਲਸ ਨੇਂ ਦੋਸ਼ੀਆਂ ਦਾ ਚਲਾਣ ਮਿਥੀ ਮਿਆਦ ਵਿਚ ਨਾਂ ਪੇਸ਼ ਕਰਕੇ ਉਹਨਾਂ ਨੂੰ ਜ਼ਮਾਨਤ ਕਰਵਾਉਣ ਦਾ ਮੌਕਾ ਦੇਣ ਦੀ ਵਿਉਂਤ ਘੜੀ ਸੀ| ਪਰ ਸੰਘਰਸ਼ ਸ਼ੀਲ ਲੋਕਾਂ ਦੇ ਦਬਾਅ ਥੱਲੇ ਉਹਨਾਂ ਨੂੰ ਇਹ ਸਕੀਮ ਰੱਦ ਕਰਨੀ ਪਈ| ਇਸ ਲਈ ਹੁਣ ਕੇਸ ਦੀ ਮੁੜ ਪੜਤਾਲ ਦਾ ਹਰਬਾ ਵਰਤਿਆ ਜਾ ਰਿਹਾ ਹੈ | ਪੁਲਸ ਅਦਾਲਤ ਦੀ ਥਾਂ ਖੁਦ ਹੀ ਜੱਜ ਬਣ ਕੇ ਮੁਜਰਮਾਂ ਨੂੰ ਬਰੀ ਕਰਨ ਦੀ ਚਾਲ ਚੱਲ ਰਹੀ ਹੈ

ਪੁਲਸ ਆਪਣਾ ਕਾਲਾ ਇਤਿਹਾਸ ਦੁਹਰਾ ਰਹੀ ਹੈ          

ਬਾਦਲਾਂ ਦੇ ਰਾਜ ਚ ਪੁਲਸ ਅਜਿਹਾ ਵਹਿਸ਼ੀ ਵਿਹਾਰ ਅਕਸਰ ਕਰਦੀ ਰਹੀ ਹੈ | ਫਰੀਦਕੋਟ ਵਿਚ ਨਿਸ਼ਾਨ ਸਿੰਘ ਦੇ ਗੁੰਡਾ ਗਰੋਹ ਵੱਲੋਂ ਇੱਕ ਨਾਬਾਲਗ ਲੜਕੀ ਨੂੰ ਸ਼ਰੇ-ਆਮ, ਲੋਕਾਂ ਨੂੰ ਲਲਕਾਰਦੇ ਹੋਏ ਉਸਦੇ ਮਾਪਿਆਂ ਦੇ ਸੱਟਾਂ ਮਾਰ ਕੇ ਘਰੋਂ ਅਗਵਾ ਕਰਨ ਦੇ ਮਾਮਲੇ ਚ, ਓਦੋਂ ਦੇ ਪੁਲਸ ਅਧਿਕਾਰੀਆਂ ਨੇਂ ਨਿਸ਼ਾਨ ਜੁੰਡਲੀ ਨੂੰ ਬਚਾਉਣ ਲਈ ਇਸ ਨੂੰ ਪਿਆਰ ਵਿਆਹ ਦਾ ਮਾਮਲਾ ਦੱਸ ਕੇ ਗੁੰਡਿਆਂ ਨੂੰ ਬੜੀ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿਓਂਕਿ ਉਹ ਸੁਖਬੀਰ ਬਾਦਲ, ਮਜੀਠੀਏ ਅਤੇ ਗੁਰਦੇਵ ਬਾਦਲ ਦੀ ਛਤਰ ਛਾਇਆ ਚ ਪਲ ਰਹੇ ਸਨ |
ਮੁਕਤਸਰ ਜ਼ਿਲੇ ਦੇ ਗੰਧੜ ਪਿੰਡ ਚ, ਇੱਕ ਨਾਬਾਲਗ ਦਲਿਤ ਲੜਕੀ ਨਾਲ ਤਿੰਨ ਗੁੰਡਿਆਂ ਵੱਲੋਂ  ਸਮੂਹਿਕ ਬਲਾਤਕਾਰ ਕਰਨ ਦੇ ਮਾਮਲੇ ਚ ਇੱਕ ਅਕਾਲੀ ਵਿਧਾਇਕ ਅਤੇ ਮੁਖ ਮੰਤਰੀ ਬਾਦਲ ਦੇ ਕਹਿਣ ਤੇ ਪੁਲਸ ਦੇ ਇੱਕ ਉੱਚ ਅਧਿਕਾਰੀ ਨੇਂ ਇਹਨਾਂ ਬਲਾਤਕਾਰੀਆਂ ਨੂੰ ਨਿਰਦੋਸ਼ ਦੱਸਿਆ ਸੀ |
ਬਠਿੰਡਾ ਜ਼ਿਲੇ ਦੇ ਪਿੰਡ ਹਮੀਰਗੜ੍ਹ ਚ ਪਾਖਾਨਿਆਂ ਅਤੇ ਰੂੜੀਆਂ ਲਈ ਜਗਾਹ ਦੀ ਮੰਗ ਕਰ ਰਹੇ ਦਲਿਤਾਂ ਤੇ ਸਮੂਹਿਕ ਰੂਪ ਚ ਹਮਲਾ ਕਰਨ ਵਾਲੇ ਅਕਾਲੀ ਮੰਤਰੀ ਸਿਕੰਦਰ ਮਲੂਕੇ ਦੇ ਪਾਲਤੂ ਗੁੰਡਿਆਂ ਨੂੰ ਬਚਾਉਣ ਲਈ ਅਤੇ ਗੈਰ ਕਾਨੂੰਨੀ ਢੰਗ ਨਾਲ ਦੱਬੀ ਪੰਚਾਇਤੀ ਜ਼ਮੀਨ ਤੇ ਆਪਣਾ ਕਬਜ਼ਾ ਬਰਕਰਾਰ ਰੱਖਣ ਲਈ ਅਕਾਲੀ ਹਾਕਮਾਂ ਦੇ ਹੁਕਮਾਂ ਤੇ ਪੁਲਸ ਨੇਂ ਦਲਿਤਾਂ ਤੇ ਵਹਿਸ਼ੀ ਜਬਰ ਢਾਉਣ ਤੋਂ ਬਾਅਦ ਉਲਟਾ ਉਹਨਾਂ ਤੇ ਹੀ ਇਰਾਦਾ ਕਤਲ ਵਰਗੇ ਸੰਗੀਨ ਦੋਸ਼ ਲਾਕੇ ਕੇਸ ਮੜ ਦਿੱਤੇ ਸਨ | ਕਿਰਨਜੀਤ ਦੇ ਕਾਤਲਾਂ ਨੂੰ ਵੀ ਸੰਗਰੂਰ ਪੁਲਸ ਨੇਂ ਬਚਾਉਣ ਲਈ  ਪੂਰਾ ਟਿੱਲ ਲਾਇਆ ਸੀ| ਲੁਧਿਆਣੇ ਚ ਸ਼ਹਿਨਾਜ਼ ਨਾਂ ਦੀ ਲੜਕੀ ਨੂੰ ਅਗਵਾ ਕਰਕੇ ਉਸ ਨਾਲ ਬਲਾਤਕਾਰ ਕਰਨ ਅਤੇ ਫਿਰ ਉਸ ਨੂੰ ਉਸਦੇ ਘਰ ਵਿਚ ਜਬਰੀ ਦਾਖਿਲ ਹੋ ਕੇ ਜਿੰਦਾ ਸਾੜ ਦੇਣ ਦੇ ਦੋਸ਼ੀਆਂ ਨੂੰ ਵੀ ਪੁਲਸ ਨੇ ਪੂਰੀ ਸੁਰਖਿਆ ਪ੍ਰਦਾਨ ਕੀਤੀ ਸੀ| ਵਿੰਝੂ ਬਲਾਹੜ. ਖੰਨਾਂ  ਚਮਿਆਰਾ, ਭਗਤਾ ਭਾਈ ਕਾ ਅਤੇ  ਅਜਿਹੇ ਹੋਰ ਕਿੰਨੇਂ ਹੀ ਜ਼ਮੀਨੀ ਸੰਘਰਸ਼ਾਂ ਦੇ ਮਾਮਲੇ ਗਿਣਾਏ ਜਾ ਸਕਦੇ ਹਨ, ਜਿਨ੍ਹਾਂ ਚ ਪੁਲਸ ਨੇ ਦਲਿਤ ਅਤੇ ਕਿਸਾਨ ਵਿਰੋਧੀ ਰੋਲ ਅਦਾ ਕੀਤਾ ਹੈ | ਇਹਨਾਂ ਸਾਰੇ ਮਾਮਲਿਆਂ ਚ ਮੁਜਰਮ ਸਿਆਸੀ ਪਹੁੰਚ ਵਾਲੇ ਸਨ, ਹੁਕਮਰਾਨ ਪਾਰਟੀ ਦਾ ਉਹਨਾਂ ਦੇ ਸਿਰ ਤੇ ਪੂਰਾ ਹੱਥ ਸੀ | ਪਰ ਲੋਕਾਂ ਦੀ ਏਕਤਾ ਮੂਹਰੇ ਪੁਲਸ ਨੂੰ ਆਖਿਰ ਗੋਡਿਆਂ ਪਰਨੇ ਹੋਣਾ ਪਿਆ ਹੈ, ਅਤੇ ਪੁਲਸ ਵੱਲੋਂ "ਨਿਰਦੋਸ਼" ਦੱਸੇ ਗੁੰਡੇ ਹੁਣ ਜੇਹਲਾਂ ਚ ਸਜ਼ਾਵਾਂ ਭੁਗਤ ਰਹੇ ਹਨ |

ਜਿੱਤ ਤੱਕ ਪੁੱਜਣ ਲਈ ਏਕਤਾ, ਚੌਕਸ ਨਿਗਾਹੀ ਅਤੇ ਦ੍ਰਿੜ ਸੰਘਰਸ਼ ਦੀ ਲੋੜ  

ਜਲੂਰ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸੰਘਰਸ਼ ਸ਼ੀਲ ਲੋਕਾਂ ਦੀ ਏਕਤਾ ਅਤੇ ਲਗਾਤਾਰ ਚੌਕਸੀ ਅਤਿਅੰਤ ਜ਼ਰੂਰੀ ਹੈ| ਜ਼ਮੀਨ ਪ੍ਰਾਪਤੀ ਦੀ ਮੰਗ ਤੇ ਲਾਮਬੰਦ ਹੋਏ ਦਲਿਤ ਅਤੇ ਬੇਜ਼ਮੀਨੇ ਲੋਕ ਹਾਕਮਾਂ ਲਈ ਖਤਰੇ ਦੀ ਘੰਟੀ ਹਨ | ਉਹ ਚੰਗੀ ਤਰਾਂ ਜਾਣਦੇ ਹਨ ਕਿ ਅੱਜ ਸ਼ਾਮਲਾਟ ਅਤੇ ਪੰਚਾਇਤੀ ਜ਼ਮੀਨਾਂ ਚੋਂ ਆਪਣਾ ਬਣਦਾ ਕਾਨੂੰਨੀ ਹਿੱਸਾ ਮੰਗ ਰਹੇ ਇਹ ਖੇਤ ਮਜ਼ਦੂਰ ਅਤੇ ਉਹਨਾਂ ਦੀ ਹਿਮਾਇਤ ਤੇ ਆਏ ਬੇਜ਼ਮੀਨੇ, ਥੁੜ -ਜ਼ਮੀਨੇ  ਅਤੇ ਕਰਜ਼ਿਆਂ ਮਾਰੇ ਗਰੀਬ ਕਿਸਾਨ ਜੇ ਸੰਘਰਸ਼ ਦੇ ਜ਼ੋਰ ਆਪਣੀ ਮੰਗ ਮਨਵਾ ਲੈਂਦੇ ਹਨ ਅਤੇ ਉਹਨਾਂ ਦੇ ਇਸ ਸੰਘਰਸ਼ ਨੂੰ ਜਾਤ ਪਾਤੀ ਤੁਅਸੱਬ ਭੜਕਾ ਕੇ ਹਿੰਸਾ ਨਾਲ ਕੁਚਲਣ ਦੀ ਕੋਸ਼ਿਸ਼ ਕਰ ਰਹੇ, ਜਾਤ ਅਹੰਕਾਰ ਗ੍ਰਸਤ ਗੁੰਡਾ ਗਰੋਹਾਂ ਨੂੰ ਹਕੂਮਤੀ ਸ਼ਹਿ ਦੇ ਬਾਵਜੂਦ ਮਾਤ ਪਾ ਦਿੰਦੇ ਹਨ ਤਾਂ ਕੱਲ੍ਹ ਨੂੰ ਲਾਜ਼ਮੀ ਹੀ ਇਹ ਸੰਘਰਸ਼ਸ਼ੀਲ ਲੋਕ ਇਨਕਲਾਬੀ ਜ਼ਮੀਨੀ ਸੁਧਾਰਾਂ, ਰੁਜ਼ਗਾਰ, ਘਰ, ਵਿਦਿਆ, ਸਿਹਤ ਸਹੂਲਤਾਂ ਆਦਿ ਦੀ ਮੰਗ ਕਰਨਗੇ | ਹੁਣ ਤੱਕ ਬੁਰੀ ਤਰਾਂ ਦਬਾਅ ਕੇ ਰੱਖੇ "ਕੰਮੀ ਕਮੀਨ " ਸੱਤਾ ਤੇ ਕਾਬਜ਼ ਹੋਣ ਵੱਲ ਵਧਣਾ ਸ਼ੁਰੂ ਕਰ ਦੇਣਗੇ | ਇਸ ਘੋਲ ਚ ਮੰਗੂ ਅਤੇ ਗੁਰਲਾਲ ਵਰਗੇ ਮਹਿਜ਼ ਵਿਅਕਤੀ ਨਹੀਂ ਸਗੋਂ ਹਾਕਮਾਂ ਦੀ ਲੋਕ ਵਿਰੋਧੀ ਅਤੇ ਜਾਬਰ ਰਾਜ ਮਸ਼ੀਨਰੀ ਦੇ ਅਹਿਮ ਅੰਗ ਹਨ | ਜੋ ਜਾਬਰ ਕੰਮ ਪੁਲਸ, ਕਾਨੂੰਨੀ ਉਲਝਣਾਂ ਚ ਫਸਣ ਅਤੇ ਲੋਕਾਂ ਚ ਬਦਨਾਮ ਹੋਣ ਦੇ ਡਰੋਂ ਖੁਦ ਨਹੀਂ ਕਰ ਸਕਦੀ, ਉਹ ਇਹਨਾਂ ਤੋਂ ਕਰਵਾਉਂਦੀ ਹੈ| ਅਜਿਹੇ ਗੁੰਡੇ ਹੀ ਅੱਗੇ ਵੱਧ ਕੇ ਰਬਵੀਰ ਸੈਨਾ, ਸਲਵਾ ਜੁਦਮ, ਦੰਤੇਸ਼ਵਰੀ ਸੈਨਾ ਆਦਿ ਦਾ ਰੂਪ ਧਾਰਦੇ ਹਨ, ਜਿਨ੍ਹਾਂ ਦਾ ਕੰਮ ਸੰਘਰਸ਼ਸ਼ੀਲ  ਦਲਿਤਾਂ ਅਤੇ ਗਰੀਬ  ਲੋਕਾਂ ਤੇ ਖੂਨੀ  ਹਮਲੇ  ਕਰਨਾ, ਉਹਨਾਂ ਦੇ ਘਰ ਘਾਟ ਸਾੜਨਾ, ਔਰਤਾਂ ਦੀਆਂ ਇਜ਼ਤਾਂ ਲੁੱਟਣਾ ਅਤੇ ਸਮੂਹਿਕ  ਕਤਲ ਕਾਂਡ ਰਚਾਉਣਾ ਹੈ | ਇਸ ਲਈ ਉਹਨਾਂ ਦਾ ਬਚਾਅ ਕਰਨਾ ਹਾਕਮਾਂ ਦੀ ਜਮਾਤੀ ਲੋੜ ਹੈ ਅਤੇ ਇਹਨਾਂ ਤੇ ਪੂਰੇ ਜ਼ੋਰ ਨਾਲ ਸੱਟ  ਮਾਰਨੀ ਦਲਿਤਾਂ ਅਤੇ ਉਹਨਾਂ ਦੇ ਸੰਗੀਆਂ ਲਈ ਬੇਹੱਦ ਜ਼ਰੂਰੀ ਹੈ|
ਇਸ ਦੇ ਨਾਲ ਹੀ ਜ਼ਮੀਨ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਦਲਿਤਾਂ ਦੀ ਕਿਸਾਨਾਂ ਨਾਲ ਏਕਤਾ ਨੂੰ ਤੋੜਨ ਲਈ ਹਾਕਮਾਂ ਨੇਂ ਸਿਰ ਤੋੜ ਕੋਸ਼ਿਸ਼ਾਂ ਕੀਤੀਆਂ ਹਨ | ਪਹਿਲਾਂ ਉਹਨਾਂ ਨੇਂ ਮੰਗੂ ਅਤੇ ਗੁਰਲਾਲ ਵਰਗਿਆਂ ਰਾਹੀਂ ਇਸ ਮਾਮਲੇ ਨੂੰ ਦਲਿਤਾਂ ਦੇ ਦੋ ਧੜਿਆਂ ਵਿਚਕਾਰ ਆਪਸੀ ਟਕਰਾਅ ਵਜੋਂ ਪੇਸ਼ ਕੀਤਾ| ਫਿਰ ਇਸ ਨੂੰ ਲੱਖੋਵਾਲ ਅਤੇ ਸਿੱਧੂਪੁਰ ਰਾਹੀ 'ਜੱਟ ਬਨਾਮ ਦਲਿਤ' ਮਸਲੇ ਦੀ ਰੰਗਤ ਦਿੱਤੀ, ਪਰ ਸੂਝਵਾਨ ਲੋਕਾਂ ਨੇਂ ਧੜੱਲੇ ਨਾਲ ਇਹਨਾਂ ਸਾਰੀਆਂ ਕੁਚਾਲਾਂ ਦੀ ਫੂਕ ਕੱਢ ਦਿੱਤੀ |
ਇਹਨਾਂ ਸਾਰੇ ਪੱਖਾਂ ਤੋਂ ਸਾਵਧਾਨ ਰਹਿੰਦਿਆਂ ਸੰਘਰਸ਼ਸ਼ੀਲ ਖੇਤ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਇਸ ਸੰਘਰਸ਼ ਨੂੰ ਜਿੱਤ ਤੱਕ ਅੱਗੇ ਲੈ ਕੇ ਜਾਣ ਦੀ ਲੋੜ ਹੈ |                    

No comments:

Post a Comment