StatCounter

Sunday, April 9, 2017

ਸੇਵੇਵਾਲਾ: ਫਿਰਕੂ ਫਾਸ਼ੀਵਾਦ ਵਿਰੁੱਧ ਸੰਗਰਾਮ ਦਾ ਸੂਹਾ ਪਰਚਮ

ਸੇਵੇਵਾਲਾ; ਗੀਤ ਗਾਉਂਦਾ ਰਹੇਗਾ:
ਮਸ਼ਾਲਾਂ ਬਾਲਕੇ ਚੱਲਣਾ, ਜਦੋਂ ਤੱਕ ਰਾਤ ਬਾਕੀ ਹੈ..
.

ਅਮੋਲਕ ਸਿੰਘ 


ਜੈਤੋ ਲਾਗੇ ਪਿੰਡ ਸੇਵੇਵਾਲਾ; ਆਪਣੀ ਹਿੱਕ ਅੰਦਰ ਇੱਕ ਹੋਰ ਜਲਿਆਂਵਾਲਾ ਸਮੋਈ ਬੈਠਾ ਹੈ। ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ਼ ਅੰਦਰ ਲੋਕਾਂ ਉਪਰ ਗੋਲੀਆਂ ਦੀ ਵਰਖਾ ਹੋਈ ਸੀ 13 ਅਪ੍ਰੈਲ 1919 ਨੂੰ। ਸੇਵੇਵਾਲਾ ਵਿੱਚ ਬਾਰੂਦੀ ਮੀਂਹ ਵਰ੍ਹਿਆ ਸੀ 9 ਅਪ੍ਰੈਲ 1991 ਨੂੰ। ਜਲਿਆਂਵਾਲਾ ਬਾਗ਼ ਅੰਦਰ ਜੁੜੇ ਲੋਕਾਂ ਉਪਰ ਹੱਲਾ ਬੋਲਿਆ ਸੀ ਬਰਤਾਨਵੀ ਹਾਕਮਾਂ ਨੇ। ਸੇਵੇਵਾਲਾ 'ਚ ਪੁਰਅਮਨ ਲੋਕਾਂ ਦੇ ਖ਼ੂਨ ਦੀ ਹੋਲੀ ਖੇਡੀ ਸੀ; ਖ਼ਾਲਿਸਤਾਨੀ ਦਹਿਸ਼ਤਗਰਦਾਂ ਨੇ। ਜਲਿਆਂਵਾਲਾ ਬਾਗ਼ ਦੇ ਲੋਕਾਂ ਵਾਂਗ ਸੇਵੇਵਾਲਾ ਵਿਖੇ ਜੁੜੇ ਲੋਕ ਹੱਕ, ਸੱਚ, ਇਨਸਾਫ ਦੀ ਗੱਲ ਕਰਦੇ ਸਨ।
ਜਲਿਆਂਵਾਲਾ ਬਾਗ਼ ਅਤੇ ਸੇਵੇਵਾਲਾ ਦਾ ਇਤਿਹਾਸ ਗਵਾਹ ਹੈ ਕਿ ਇਥੇ ਜੁੜੇ ਲੋਕਾਂ ਨੇ ਨਾ ਕੋਈ ਦਫ਼ਤਰ ਘੇਰਿਆ ਸੀ, ਨਾ ਰੇਲਵੇ ਲਾਈਨ ਨਾ ਕੋਈ ਸੜਕ। ਨਾ ਕਿਸੇ ਦੇ ਸਮਾਗਮ 'ਚ ਜਾ ਕੇ ਕੋਈ ਵਿਘਨ ਪਾਇਆ ਸੀ। ਨਾ ਕੋਈ 'ਹਿੰਸਕ ਭੀੜ' ਸੀ। ਇਹ ਤਾਂ ਨਿਹੱਥੇ, ਬੇਦੋਸ਼ੇ ਆਮ ਲੋਕ ਸਨ ਜਿਹੜੇ ਆਪਣੇ ਆਗੂਆਂ ਦੀ ਗੱਲ ਸੁਣਨ ਅਤੇ ਨਾਟਕ ਵੇਖਣ ਆਏ ਸਨ। ਆਖਰ ਇਹਨਾਂ ਲੋਕਾਂ ਤੋਂ ਅਜੇਹਾ ਕਿਹੜਾ ਖ਼ਤਰਾ ਸੀ ਜਿਸ ਕਰਕੇ ਇਹਨਾਂ ਉਪਰ ਬਾਰੂਦੀ ਹੱਲਾ ਬੋਲਿਆ ਗਿਆ। ਜਲਿਆਂਵਾਲਾ ਬਾਗ਼ ਨੂੰ ਵੀ ਆਉਣ ਜਾਣ ਦਾ ਇਕੋ ਇੱਕ ਤੰਗ ਰਾਹ ਸੀ। ਸੇਵੇਵਾਲਾ ਮਜ਼ਦੂਰ ਧਰਮਸ਼ਾਲਾ ਵੀ ਇਕ ਰਾਤ ਤੋਂ ਬਿਨਾ ਚਾਰ ਦੀਵਾਰੀ ਸੀ ਜਿਥੇ ਪਲਾਂ ਛਿਣਾਂ ਵਿੱਚ 18 ਲੋਕ-ਸੰਗਰਾਮੀਆਂ ਨੂੰ ਗੋਲੀਆਂ ਨਾਲ ਭੁੰਨਿਆਂ ਗਿਆ। ਦਰਜ਼ਨਾਂ ਨੂੰ ਜਖ਼ਮੀ ਕੀਤਾ ਗਿਆ।
ਸ਼ਹੀਦੀ ਜਾਮ ਪਾਉਣ ਵਾਲਿਆਂ ਵਿੱਚ ਜਾਣੇ-ਪਹਿਚਾਣੇ ਲੋਕ-ਆਗੂ ਮੇਘ ਰਾਜ ਭਗਤੂਆਣਾ, ਜਗਪਾਲ ਸੇਲਬਰਾਹ, ਮਾਤਾ ਸਦਾ ਕੌਰ, ਗੁਰਜੰਟ ਸਿੰਘ ਢਿੱਲਵਾਂ, ਪੱਪੀ, ਤੇਜਿੰਦਰ ਅਤੇ ਕਰਮ ਸਿੰਘ ਰਾਮਪੁਰਾ ਆਦਿ ਸ਼ਾਮਲ ਸਨ।
ਵਕਤ ਦਾ ਵੀ ਆਪਣਾ ਚਰਿੱਤਰ ਹੁੰਦਾ ਹੈ ਜੋ ਰਾਜ ਭਾਗ ਦੇ ਚਿਹਰੇ, ਸਮਾਂ ਅਤੇ ਸਥਾਨ ਬਦਲਣ ਨਾਲ ਨਹੀਂ ਬਦਲਦਾ। ਇਹ ਕੌੜੀਆਂ ਹਕੀਕਤਾਂ ਦੇ ਦਰਸ਼ਨ ਦੀਦਾਰ ਕਰਾਉਂਦਾ ਰਹਿੰਦਾ ਹੈ। ਜਲਿਆਂਵਾਲਾ ਬਾਗ਼ ਖ਼ੂਨੀ ਕਾਂਡ ਮਗਰੋਂ ਜਿਵੇਂ ਜਨਰਲ ਡਾਇਰ ਨੇ ਪੂਰੀ ਬੇਹਯਾਈ ਨਾਲ ਇਸ ਕਾਰੇ 'ਤੇ ਮਾਣ ਮਹਿਸੂਸ ਕੀਤਾ ਸੀ ਇਉਂ ਹੀ ਸੇਵੇਵਾਲਾ ਕਤਲੇਆਮ ਮੌਕੇ ਕਾਤਲੀ ਗਰੋਹ ਕਾਰਾ ਕਰਕੇ ਜਾਂਦਾ ਹੋਇਆ ਜਿਹੜੀ ਚਿੱਠੀ ਸੁੱਟਕੇ ਗਿਆ ਉਸ ਉਪਰ ਖ਼ਾਲਿਸਤਾਨੀ ਜੱਥੇਬੰਦੀ ਨੇ ਹੁੱਬਕੇ ਜ਼ਿੰਮੇਵਾਰੀ ਲਈ ਸੀ।
ਖ਼ੂਨੀ ਕਾਂਡ ਦੇ ਜ਼ਿੰਮੇਵਾਰੀ ਚੁੱਕਣ ਦੇ ਨਾਲ ਨਾਲ ਚਿੱਠੀ ਵਿੱਚ ਵਿਸ਼ੇਸ਼ ਕਰਕੇ ਦਲਿਤ ਭਾਈਚਾਰੇ ਨੂੰ ਚਿਤਾਵਨੀ ਵੀ ਦਿੱਤੀ ਗਈ ਸੀ ਕਿ,''ਇਹ ਤਾਂ ਅਜੇ ਟ੍ਰੇਲਰ ਹੈ ਜੇ ਤੁਸੀਂ 'ਫਰੰਟ' ਦਾ ਸਾਥ ਦੇਣਾ ਨਾ ਛੱਡਿਆ ਤਾਂ ਇਸ ਤੋਂ ਵੀ ਭਿਆਨਕ ਨਤੀਜੇ ਭੁਗਤਣ ਲਈ ਤਿਆਰ ਰਹਿਣਾ।''
ਜ਼ਬਰ ਤੇ ਫ਼ਿਰਕਾਪ੍ਰਸਤੀ ਵਿਰੋਧੀ ਫਰੰਟ ਦੀ ਜੈਤੋ ਇਲਾਕਾ ਕਮੇਟੀ ਵੱਲੋਂ ਸੇਵੇਵਾਲਾ ਰੱਖੇ ਸਮਾਗਮ 'ਚ ਪ੍ਰੋ. ਅਜਮੇਰ ਸਿੰਘ ਔਲਖ ਦਾ ਲਿਖਿਆ ਨਾਟਕ 'ਅੰਨ੍ਹੇ ਨਿਸ਼ਾਨਚੀ', ਪੰਜਾਬ ਨਾਟਕ ਕਲਾ ਕੇਂਦਰ ਵੱਲੋਂ ਖੇਡਿਆ ਗਿਆ। ਇਸ ਉਪਰੰਤ ਜਦੋਂ ਜ਼ਬਰ ਤੇ ਫ਼ਿਰਕਾਪ੍ਰਸਤੀ ਵਿਰੋਧੀ ਫਰੰਟ ਪੰਜਾਬ ਦੇ ਕਨਵੀਨਰ ਹਥਲੇ ਲੇਖਕ ਸੰਬੋਧਨ ਕਰ ਰਹੇ ਸਨ ਤਾਂ ਉਸ ਮੌਕੇ ਫੌਜੀ ਵਰਦੀਆਂ ਦੇ ਭੁਲੇਖਾ ਪਾਊ ਲਿਬਾਸ ਵਿੱਚ ਆਏ ਗ੍ਰੋਹ ਨੇ ਬੰਬਾਂ-ਬੰਦੂਕਾਂ ਨਾਲ ਹੱਲਾ ਬੋਲ ਦਿੱਤਾ। ਇਸ ਹੱਲੇ ਦਾ ਮਕਸਦ, ਹੱਕ, ਸੱਚ ਇਨਸਾਫ਼ ਦੀ ਆਵਾਜ਼ ਦੇ ਗੱਲ ਗੂਠਾ ਦੇਣਾ ਸੀ। ਅਜੇਹਾ ਹੱਲਾ ਬੋਲਣ ਵਾਲਿਆਂ ਦਾ ਨਿਸ਼ਾਨਾ ਸਾਂਝਾ ਸੀ। ਸਿਰਫ਼ ਜਲਿਆਂਵਾਲਾ ਬਾਗ਼ ਸਾਕਾ-1919 ਤੋਂ ਹਿੰਦਸੇ ਦੀ ਬਦਲੀ ਸੇਵੇਵਾਲਾ 1991 ਓਨੀ ਕੁ ਹੀ ਹੋਈ ਸੀ ਜਿੰਨੀ ਕੁ ਸਥਾਪਤੀ ਦੇ 'ਸੁਭਾਅ' ਵਿੱਚ 1947 ਤੋਂ ਪਹਿਲਾਂ ਅਤੇ ਮਗਰੋਂ ਹੋਈ ਹੈ।
ਖ਼ਾਮੋਸ਼ ਹੋਣ ਜਾਂ ਸਹਿਮਜ਼ਦਾ ਹੋਣ ਦੀ ਬਜਾਏ ਲੋਕ ਆਵਾਜ਼ ਹੋਰ ਵੀ ਜ਼ਰਬਾਂ ਖਾਣ ਲੱਗੇ। ਸੇਵੇਵਾਲਾ, ਭਗਤੂਆਣਾ, ਸੇਲਬਰਾਹ, ਰਾਮਪੁਰਾ ਅਤੇ ਢਿੱਲਵਾਂ ਵਿੱਚ ਸੰਸਕਾਰਾਂ ਅਤੇ ਸ਼ਰਧਾਂਜ਼ਲੀ ਸਮਾਗਮ ਸਮੇਂ ਵਿਸ਼ਾਲ ਜਨਤਕ ਇਕੱਠ ਹੋਏ। ਥੋੜ੍ਹੇ ਵਕਫ਼ੇ ਮਗਰੋਂ ਹੀ ਜੈਤੋ ਦੀ ਧਰਤੀ 'ਤੇ ਰਵਾਇਤੀ ਹਥਿਆਰਾਂ ਨਾਲ ਲੈਸ ਹੋ ਕੇ ਹਜ਼ਾਰਾਂ ਮਰਦ-ਔਰਤਾਂ ਨੇ ਕਾਨਫਰੰਸ ਕੀਤੀ ਅਤੇ ਰੋਹ ਭਰਿਆ ਵਿਖਾਵਾ ਕੀਤਾ। ਦਲਿਤ ਵਿਹੜਿਆਂ ਅੰਦਰ ਹੋਰ ਵੀ ਬੁਲੰਦ ਆਵਾਜ਼ 'ਚ ਕਵੀ ਸੰਤ ਰਾਮ ਉਦਾਸੀ ਦੇ ਗੀਤ ਗੂੰਜਣ ਲੱਗੇ:
ਮਾਂ ਧਰਤੀਏ ਤੇਰੀ ਗੋਦ ਨੂੰ
ਚੰਨ ਹੋਰ ਬਥੇਰੇ
ਤੂੰ ਮਘਦਾ ਰਹੀਂ ਵੇ ਸੂਰਜਾ
ਕੰਮੀਆਂ ਦੇ ਵਿਹੜੇ।
ਇਹ ਆਵਾਜ਼ ਆਉਣੀ ਹੀ ਸੀ ਕਿਉਂਕਿ ਜ਼ਬਰ ਤੇ ਫ਼ਿਰਕਾਪ੍ਰਸਤੀ ਵਿਰੋਧੀ ਫਰੰਟ ਪੰਜਾਬ ਉਸ ਮਿੱਟੀ 'ਚ ਜੁਆਨ ਹੋਇਆ ਸੀ ਜਿਸ ਮਿੱਟੀ ਦੇ ਇਤਿਹਾਸ ਅਤੇ ਵਿਰਸੇ ਨੂੰ ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ ਅਤੇ ਅਜੋਕੀ ਇਨਕਲਾਬੀ ਲਹਿਰ ਨੇ ਆਪਣੇ ਲਹੂ ਸੰਗ ਸਿੰਜਿਆ ਸੀ।
ਸੇਵੇਵਾਲਾ ਦੀ ਧਰਤੀ 'ਤੇ ਡੁੱਲ੍ਹੀ ਰੱਤ ਸੰਗ ਸਿੰਜਿਆ ਲੋਕ-ਲਹਿਰ ਦਾ ਬੂਟਾ ਹੁਣ ਹੋਰ ਵੀ ਜ਼ੋਬਨ 'ਤੇ ਆਇਆ ਹੈ। ਇਸਦੇ ਨਿਸ਼ਾਨੇ ਹੋਰ ਵੀ ਵਿਆਪਕ, ਉਚੇਰੇ ਅਤੇ ਵਡੇਰੇ ਹੋਏ ਹਨ। ਇਹ ਬੂਟਾ, ਖਰੀ ਆਜ਼ਾਦੀ, ਜਮਹੂਰੀਅਤ, ਧਰਮ-ਨਿਰਪੱਖਤਾ, ਲੋਕ-ਮੁਕਤੀ ਅਤੇ ਹਰ ਵੰਨਗੀ ਦੀ ਸਮਾਜਕ ਬਰਾਬਰੀ ਸਿਰਜਣ ਦੀ ਮਹਿਕ ਵੰਡ ਰਿਹਾ ਹੈ। ਝੁਕਣ, ਝਿਪਣ ਜਾਂ 'ਦੜ ਵੱਟ ਜ਼ਮਾਨਾ ਕੱਟ' ਦੀ ਬਜਾਏ ਸੇਵੇਵਾਲਾ ਦੇ ਲਹੂ ਨੇ, 'ਸੱਚ ਸੁਣਾਇ ਸੱਚ ਕੀ ਬੇਲਾ' ਦੀ ਵਿਰਾਸਤ ਨੂੰ ਬੁਲੰਦ ਕਰਕੇ ਸਾਬਤ ਕੀਤਾ ਹੈ ਕਿ:
'ਹਰ ਮਿੱਟੀ ਦੀ ਆਪਣੀ ਖਸ਼ਲਤ
ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ'
ਜੇ ਸੇਵੇਵਾਲਾ ਚੁੱਪ ਹੋ ਜਾਂਦਾ। ਜੇ ਸੇਵੇਵਾਲਾ ਦੇ ਕਦਮ ਡਰਾ ਮਗਾ ਜਾਂਦੇ। ਜੇ ਸੇਵੇਵਾਲਾ ਵਕਤ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਤੱਕਣ ਦਾ ਜੇਰਾ ਨਾ ਕਰਦਾ ਤਾਂ ਸ਼ਾਇਦ ਪੰਜਾਬ ਦਾ ਇਤਿਹਾਸ ਅੱਜ ਨੂੰ ਕੁੱਝ ਹੋਰ ਹੁੰਦਾ। ਪਤਾ ਨਹੀਂ ਕਿੰਨੇ ਹੋਰ ਪਾਸ਼, ਪੱਡਾ, ਰਵੀ, ਗਿਆਨ ਸਿੰਘ ਸੰਘਾ, ਨਿਧਾਨ ਸਿੰਘ ਘੁਡਾਣੀ ਕਲਾਂ, ਲਾਲਇੰਦਰ ਲਾਲੀ, ਮਲਕੀਤ ਮੱਲ੍ਹਾ, ਦੀਪਕ ਅਤੇ ਦਰਸ਼ਨ ਸਿੰਘ ਕੈਨੇਡੀਅਨ ਵਿਦਾ ਕਰਨੇ ਪੈਂਦੇ।
ਸੇਵੇਵਾਲਾ ਅਤੇ ਹੋਰ ਕਿੰਨੇ ਹੀ ਖਿੱਡਿਆਂ ਅੰਦਰ ਫ਼ਿਰਕੂ ਅਤੇ ਹਕੂਮਤੀ ਜ਼ਬਰ ਖਿਲਾਫ਼ ਸਿੱਧੇ ਮੱਥੇ ਟੱਕਰਨ ਦਾ ਫਲ਼ ਹੀ ਹੈ ਜਿਹੜਾ ਅਜੋਕੀ ਇਨਕਲਾਬੀ ਲਹਿਰ ਦੀ ਝੋਲੀ ਪੈ ਰਿਹਾ ਹੈ। ਅੱਜ ਜੋ ਮਜ਼ਦੂਰਾਂ, ਕਿਸਾਨਾਂ, ਵਿਦਿਆਰਥੀਆਂ, ਨੌਜਵਾਨਾਂ, ਬੇਰੁਜ਼ਗਾਰਾਂ, ਠੇਕਾ ਕਾਮਿਆਂ, ਔਰਤਾਂ, ਜ਼ਮੀਨ ਪ੍ਰਾਪਤੀ ਦੇ ਸੰਗਰਾਮੀਆਂ, ਔਰਤਾਂ ਦੇ ਸੰਗਰਾਮ ਚੱਲ ਰਹੇ ਹਨ; ਜੋ ਫ਼ਿਰਕੂ ਫਾਸ਼ੀ ਤਾਕਤਾਂ ਦੇ ਖਿਲਾਫ਼ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਲਈ ਅੱਗੇ ਵਧ ਰਹੀ ਤਰਕਸ਼ੀਲ, ਵਿਗਿਆਨਕ, ਜਮਹੂਰੀ ਲਹਿਰ ਪੂਰੇ ਸਿਰੜ ਨਾਲ ਜੂੜ ਰਹੀ ਹੈ, ਇਸ ਲਹਿਰ ਦੀ ਰਵਾਨਗੀ ਵਿੱਚ ਸੇਵੇਵਾਲਾ ਦੇ ਅਮਰ ਜੁਝਾਰੂਆਂ ਦਾ ਲਹੂ ਦੌੜਦਾ ਹੈ। ਅੱਜ 9 ਅਪ੍ਰੈਲ ਨੂੰ ਸੇਵੇਵਾਲਾ ਦੀ ਧਰਤੀ 'ਤੇ ਯਾਦਗਾਰ ਕੁੱਝ ਇਉਂ ਬੋਲਦੀ ਹੈ:
ਬਲ਼ਦੇ ਹੱਥਾਂ ਨੇ ਜੋ ਹਵਾ 'ਚ ਲਿਖੇ
ਹਰਫ਼ ਓਹੀ ਹਮੇਸ਼ਾਂ ਲਿਖੇ ਰਹਿਣਗੇ।
ਸਾਡੇ ਸਮਿਆਂ ਅੰਦਰ ਚੱਲ ਰਹੇ ਅਤੇ ਭਵਿੱਖ ਦਾ ਨਵਾਂ ਸਿਰਨਾਵਾਂ ਲਿਖ ਰਹੇ ਘੋਲਾਂ ਦੇ ਬੋਲਾਂ ਅੰਦਰ ਸੇਵੇਵਾਲਾ ਗੀਤ ਗਾਉਂਦਾ ਰਹੇਗਾ:
ਮਸ਼ਾਲਾਂ ਬਾਲਕੇ ਚੱਲਣਾ
ਜਦੋਂ ਤੱਕ ਰਾਤ ਬਾਕੀ ਹੈ
ਅਮੋਲਕ ਸਿੰਘ
ਸੰਪਰਕ 94170 76735

No comments:

Post a Comment