StatCounter

Thursday, August 24, 2017

ਕਪਟੀ ਅਤੇ ਫੁੱਟ ਪਾਊ ਚਾਲਾਂ ਨੂੰ ਭਾਂਜ ਦੇਈਏ - ਲੋਕ ਏਕਤਾ ਦੇ ਪਰਚਮ ਲਹਿਰਾਈਏ |

 'ਸਾਧ ਦੀ ਭੂਰੀ ਤੇ ਇਕੱਠ' ਜਾਂ ਲੋਕ ਏਕਾ ਤੋੜਨ ਦੀ ਸ਼ੈਤਾਨੀ ਚਾਲ ?

(N.K.JEET)

ਬਾਬਾ ਗੁਰਮੀਤ ਰਾਮ ਰਹੀਮ  ਸਿੰਘ ਵੱਲੋਂ ਡੇਰੇ ਦੀਆਂ ਸਾਧਵੀਆਂ ਨਾਲ ਬਲਾਤਕਾਰ ਦੇ ਮੁਕੱਦਮੇ ਚ ਫੈਸਲੇ ਨੂੰ ਲੈ ਕੇ, ਹਾਕਮਾਂ ਦੀਆਂ ਸਾਰੀਆਂ ਧਿਰਾਂ ਜਿਥੇ ਲੋਕਾਂ ਨੂੰ ਬੁੱਧੂ ਬਣਾ ਰਹੀਆਂ ਹਨ ਓਥੇ ਨਾਲ ਹੀ ਸੰਘਰਸ਼ੀ ਲੋਕਾਂ ਦੀ ਏਕਤਾ ਤੋੜਨ ਲਈ ਇਸ ਦੀ ਰੱਜ ਕੇ ਵਰਤੋਂ ਕਰ ਰਹੀਆਂ ਹਨ | ਇਹਨਾਂ ਸਾਰੀਆਂ ਧਿਰਾਂ ਦੇ ਜਨਤਕ ਐਲਾਨਾਂ ਅਤੇ ਅਮਲਾਂ ਚ ਗੰਭੀਰ ਪਾੜਾ ਹੈ , ਜੋ ਇਹਨਾਂ ਦੇ ਦੰਭ ਅਤੇ ਪਖੰਡ ਨੂੰ ਨੰਗਾ ਕਰਦਾ ਹੈ | ਮਿਸਾਲ ਵਜੋਂ :

# ਪੰਜਾਬ ਦੀ ਸਰਕਾਰ ਅਤੇ ਪੁਲਸ ਮੁਖੀ ਐਲਾਨ ਤਾਂ ਇਹ ਕਰ ਰਹੇ ਹਨ ਕਿ "ਪੱਤਾ ਵੀ ਨਹੀਂ ਹਿੱਲਣ ਦਿਆਂਗੇ" ਪਰ ਹਕੀਕਤ ਇਹ ਹੈ ਕਿ ਪੁਲਸ ਨਾਕਿਆਂ ਦੇ ਬਾਵਜੂਦ ਲੱਖਾਂ ਲੋਕ ਪੰਚਕੂਲਾ ਦੇ ਪਾਰਕਾਂ ਅਤੇ ਸਿਰਸਾ ਦੇ ਡੇਰੇ ਚ ਕਈ ਦਿਨਾਂ ਤੋਂ ਲਗਾਤਾਰ ਪਹੁੰਚ ਰਹੇ ਹਨ | ਨਾਕਿਆਂ ਤੇ ਖੜੀ ਪੁਲਸ ਸਿਰਫ ਇਹਨਾਂ ਦੀ ਗਿਣਤੀ ਕਰ ਰਹੀ ਹੈ ਹੋਰ ਕੁਝ ਨਹੀਂ | ਕਈ ਸਰਕਾਰ ਦੀ ਇਹ ਅੱਗ ਅਤੇ ਬਾਰੂਦ ਨੂੰ ਇਕੱਠਾ ਕਰ ਕੇ ਵਿਸਫੋਟਕ ਸਥਿਤੀ ਬਣਾਉਣ ਦੀ ਚਾਲ ਨਹੀਂ ਤਾਂ ਜੋ ਲੋਕਾਂ ਨੂੰ ਭਰਾ ਮਾਰ ਲੜਾਈ ਚ ਉਲਝਾਇਆ ਜਾ ਸਕੇ ?

# ਬਾਬਾ ਅਤੇ ਓਹਦੇ ਪ੍ਰਮੁੱਖ ਆਗੂ ਲਗਾਤਾਰ ਪ੍ਰੈਸ ਅਤੇ ਬਿਜਲਈ ਮੀਡੀਆ ਚ ਬਿਆਨ ਦੇ ਰਹੇ ਹ ਕਿ ਅਸੀਂ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਾਂਗੇ, ਓਧਰ ਪੰਚਕੂਲਾ ਦੇ ਪਾਰਕਾਂ ਅਤੇ ਸਿਰਸਾ ਦੇ ਡੇਰੇ ਚ ਇਕੱਠੇ ਹੋਏ ਉਹਨਾਂ ਦੇ ਸ਼ਰਧਾਲੂ ਲਗਾਤਾਰ ਭੜਕਾਊ ਬਿਆਨ ਦੇ ਰਹੇ ਹਨ | ਬਾਬਾ ਜੀ ਨੂੰ ਪੁੱਛਦੇ ਹਾਂ ਕੇ ਜਨਾਬ ਜੇ ਅਦਾਲਤ ਦੇ ਫੈਸਲੇ ਦਾ  ਸਨਮਾਨ ਹੀ ਕਰਨਾ ਹੈ ਫਿਰ ਸ਼ਰਧਾਲੂਆਂ ਦੀਆਂ ਭੀੜਾਂ ਨੂੰ ਓਥੇ ਕਾਹਦੇ ਲਈ ਤਾਇਨਾਤ ਕੀਤਾ ਹੈ ? ਕਿਓਂ ਨਹੀਂ ਉਹਨਾਂ ਨੂੰ ਕਹਿੰਦੇ ਕਿ ਭਾਈ ਸਾਹਿਬ ਆਵਦੇ ਆਵਦੇ ਘਰੀਂ ਜਾਓ ਅਤੇ ਕਬੀਲਦਾਰੀ ਦੇ ਕੰਮ ਕਰੋ |

# ਹਰਿਆਣੇ ਦਾ ਮੁਖ ਮੰਤਰੀ ਲਗਾਤਾਰ ਆਪਣੇ ਇੱਕ ਅਫਸਰ ਉਮਾ ਸ਼ੰਕਰ ਨੂੰ ਬਾਬਾ ਜੀ ਦੀ ਹਜ਼ੂਰੀ ਵਿਚ ਹਾਜ਼ਰ ਕਰਨ ਲਈ ਤਰਲੋ ਮੱਛੀ ਹੋ ਰਿਹਾ ਹੈ | ਬਾਬੇ ਵੱਲੋਂ ਵੇਚੀਆਂ ਸੰਗਤਾਂ ਦੀਆਂ ਵੋਟਾਂ ਨਾਲ ਮੁਖ ਮੰਤਰੀ ਪਦ ਮਿਲਣ ਦਾ ਸ਼ਾਇਦ ਕਰਜ਼ ਚੁਕਾ ਰਿਹਾ ਹੈ, 25 ਅਗਸਤ ਨੂੰ ਅਦਾਲਤ ਚ ਪੇਸ਼ ਹੋ ਜਾਣ ਲਈ ਲੇਹਲੜੀਆਂ ਪਾ ਰਿਹਾ ਹੈ | ਕੀ ਮੁਲਜ਼ਮਾਂ ਨੂੰ ਅਦਾਲਤ ਚ ਪੇਸ਼ ਕਰਵਾਉਣ ਲਈ ਪੁਲਸ ਜਾਂ ਸਰਕਾਰ ਕੋਲ ਲੇਹਲੜੀਆਂ ਕੱਢਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ?   "ਸੰਤ" ਭਿੰਡਰਾਂ ਵਾਲੇ ਅਤੇ "ਬਾਬੇ" ਸੱਤ ਪਾਲ ਦਾ ਇਤਿਹਾਸ ਸ਼ਾਇਦ ਮੁੜ ਦੁਹਰਾਇਆ ਜਾ ਰਿਹਾ ਹੈ | ਸਾਡੇ ਨੇਤਾ ਕਦੀ ਇਤਿਹਾਸ ਤੋਂ ਸਬਕ ਨਹੀਂ ਸਿੱਖਦੇ |

# ਸ਼ਿਰੋਮਣੀ ਕਮੇਟੀ ਵੀ, ਪਹਿਲਾਂ ਚਾਹੇ "ਇਸ ਮਸਲੇ ਨਾਲ ਕੋਈ ਲੱਗਾ ਦੇਗਾ ਨਹੀਂ" ਕਹਿੰਦੀ ਸੀ ਪਰ ਹੁਣ ਹਰਕਤ ਚ ਆ ਗਈ ਹੈ, ਕਿਓੰਕੇ ਇਥੇ ਵੀ ਦਾਲ ਚ ਕਈ ਕੁਝ ਕਾਲਾ ਕਾਲਾ ਹੈ | ਪਿਛਲੇ ਕੁਝ ਮਹੀਨਿਆਂ ਵਿਚ  ਹੀ ਪਹਿਲਾਂ ਤਖਤ ਸ੍ਰੀ ਦਮਦਮਾ ਸਾਹਿਬ, ਫਿਰ ਗੁਰਦਵਾਰਾ ਸਾਹਿਬ ਭਗਤ ਭਾਈ ਕਾ ਅਤੇ ਹੁਣ ਗੁਰਦਵਾਰਾ ਛੋਟਾ ਘੱਲੂਘਾਰਾ ਚ ਜੋ ਵਾਪਰਿਆ ਹੈ, ਉਹਨੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰਿਆਂ ਤੋਂ ਅੱਗੇ ਵੱਧ ਕੇ ਇਸ ਦੀ ਰੂਹ ਤੇ ਡੂੰਘੇ ਜ਼ਖਮ ਕੀਤੇ ਹਨ | ਪਰ ਸ਼ਿਰੋਮਣੀ ਕਮੇਟੀ ਚੋਣ ਕਿਸੇ ਦਾ ਹਿਰਦਾ ਵਲੂੰਧਰਿਆ ਨਹੀਂ ਗਿਆ, ਸਿਆਸੀ ਖੇਡਾਂ ਖੇਡ ਰਹੇ ਹਨ | ਹੁਣ ਬਡੂੰਗਰ ਸਾਹਿਬ ਨੂੰ ਲੱਗਿਆ ਕਿ ਜਿਸ ਮੁਕਾਮ ਤੇ ਅੱਜ ਸਿਰਸੇ ਵਾਲੇ ਬਾਬਾ ਜੀ ਪਹੁੰਚ ਗਏ ਹਨ ਓਥੇ ਕਿਸੇ ਵੇਲੇ ਕੋਈ ਸ਼ਿਰੋਮਣੀ ਕਮੇਟੀ ਦਾ ਕਰਤਾ ਧਰਤਾ ਵੀ ਪਹੁੰਚ ਸਕਦਾ ਹੈ | ਇਸ ਲਈ ਬਡੂੰਗਰ ਸਾਹਿਬ ਨੂੰ ਵੀ ਇਸ ਮਸਲੇ ਨਾਲ ਲੱਗਾ ਲੱਗਣ ਲੱਗ ਪਿਆ ਹੈ | ਓਹਨੂੰ ਵੀ ਲਗਦਾ ਹੈ ਕਿ ਇਸ ਤੋਂ ਪਹਿਲਾਂ ਕਿ ਲੋਕ ਸਾਡੇ ਪ੍ਰਬੰਧ ਅਧੀਨ ਵਿਆਪਕ ਵਿਭਚਾਰ ਵੱਲ ਉਂਗਲ ਉਠਾਉਣ ਉਹਨਾਂ ਨੂੰ ਭਰਾ ਮਾਰ ਲੜਾਈ ਚ ਉਲਝਾ ਦਿਓ | ਇਸ ਲਈ ਉਸਨੂੰ ਗੁਰਦਵਾਰਿਆਂ ਤੇ ਹਮਲੇ ਦਾ ਖਦਸ਼ਾ ਖੜਾ ਹੋ ਗਿਆ ਹੈ |

# 2017 ਦੀਆਂ ਚੋਣਾਂ ਸਮੇਂ ਬਾਬੇ ਦੇ ਦਰਬਾਰ ਚ ਵੋਟਾਂ ਲਈ ਨਤਮਸਤਕ ਹੋਏ ਵੱਖ ਵੱਖ ਪਾਰਟੀਆਂ ਦੇ ਸਿਆਸਤਦਾਨ ਚੁੱਪ ਹਨ, ਸ਼ਾਇਦ 2019 ਦੀਆਂ ਚੋਣਾਂ ਚ ਬਾਬੇਕਿਆਂ ਵੱਲੋਂ ਕੁਝ ਹੱਥ ਝਾੜਨ ਦੀ ਆਸ ਹੈ

ਲੋਕੋ 22 ਅਗਸਤ ਨੂੰ ਬਰਨਾਲੇ ਚ ਖੇਤਾਂ ਦੇ ਪੁੱਤਾਂ ਦੇ ਇਕੱਠ ਦੀਆਂ ਫੋਟੋਆਂ ਜ਼ਰਾ ਧਿਆਨ ਨਾਲ ਦੇਖਿਓ | ਤੁਹਾਨੂੰ ਇਹਨਾਂ ਚ ਸਾਧਾਰਨ ਲੋਕ ਵੀ ਦਿਸਣਗੇ, ਅਮ੍ਰਿਤਧਾਰੀ ਸਿੱਖ ਵੀ ਦਿਸਣਗੇ, ਮੁਸਲਮਾਨ ਵੀ ਦਿਸਣਗੇ ਅਤੇ ਸਚੇ ਸੌਦੇ ਵਾਲੇ ਵੀ| ਕਰਜ਼ਾ ਮਾਫ਼ੀ, ਖ਼ੁਦਕੁਸ਼ੀ ਪੀੜਿਤ ਪਰਿਵਾਰਾਂ ਲਈ ਮੁਆਵਜ਼ਾ, ਬੇ ਰੁਜ਼ਗਾਰ ਪੁੱਤਾਂ ਧੀਆਂ ਲਈ ਰੁਜ਼ਗਾਰ, ਨਿਸ਼ਚਿਤ ਦਿਹਾੜੀਆਂ, ਮਕਾਨ, ਰਾਸ਼ਨ, ਬੁਢਾਪਾ ਪੈਨਸ਼ਨ ਆਦਿ ਮੰਗਾਂ ਮਸਲੇ ਉਹਨਾਂ ਦੇ ਸਾਂਝੇ ਹਨ | ਉਹਨਾਂ ਨੂੰ ਇਹ ਵੀ ਗਿਆਨ ਹੈ ਕਿ ਇਹ ਮਸਲੇ ਨਾਂ ਤਾਂ ਸ਼ਿਰੋਮਣੀ ਕਮੇਟੀ ਨੇਂ ਹੱਲ ਕਰਵਾਉਣੇ ਹਨ, ਨਾਂ ਡੇਰੇ ਨੇਂ ਅਤੇ ਨਾਂ ਹੀ ਮੌਕਾਪ੍ਰਸਤ ਸਿਆਸਤਦਾਨਾਂ ਨੇਂ ਅਤੇ ਉਹਨਾਂ ਦੀਆਂ ਸਰਕਾਰਾਂ ਨੇਂ | ਇਹ ਮਸਲੇ ਤਾਂ ਉਹਨਾਂ ਦੀ ਜਥੇਬੰਦਕ ਤਾਕਤ ਨਾਲ ਹੀ ਹੱਲ ਹੋਣੇ ਹਨ | ਪਰ ਜੇ ਲੋਕ ਇਕੱਠੇ ਹੋ ਗਏ ਤਾਂ ਲੁਟੇਰਿਆਂ ਦਾ ਕਈ ਬਣੂੰ, ਉਹਨਾਂ ਦੀਆਂ ਕੂੜ ਦੀਆਂ ਦੁਕਾਨਾਂ ਦਾ ਤਾਂ ਦੀਵਾਲਾ ਨਿੱਕਲ ਜਾਊ |ਬੱਸ ਇਹੋ ਚਿੰਤਾ ਹੈ ਜਿਸ ਨੂੰ ਦੂਰ ਕਰਨ ਲਈ ਸਾਰੇ ਲੁਟੇਰੇ ਇਕੱਠੇ ਹੋ ਗਏ ਹਨ ਲੋਕਾਂ ਨਾਲ ਛਲ, ਕਪਟ ਅਤੇ ਪਖੰਡ ਕਰਨ ਲਈ |
ਆਓ ਇਹਨਾਂ ਦੀਆਂ ਕਪਟੀ ਅਤੇ ਫੁੱਟ ਪਾਊ ਚਾਲਾਂ ਨੂੰ ਇਕੱਠੇ ਹੋ ਕੇ ਭਾਂਜ ਦੇਈਏ
ਲੋਕ ਏਕਤਾ ਦੇ ਪਰਚਮ ਲਹਿਰਾਈਏ |          

Friday, June 30, 2017

ਕਾਂਗਰਸ ਸਰਕਾਰ ਵੀ ਨਿੱਜੀ ਬਿਜਲੀ ਕੰਪਨੀਆਂ ਦੇ ਹੱਥ ਚੜੀ

ਕਾਂਗਰਸ ਸਰਕਾਰ ਵੀ ਨਿੱਜੀ ਬਿਜਲੀ ਕੰਪਨੀਆਂ ਦੇ ਹੱਥ ਚੜੀ 
ਬਠਿੰਡਾ ਅਤੇ ਰੋਪੜ ਦੇ ਤਾਪ ਬਿਜਲੀ ਘਰਾਂ ਨੂੰ ਬੰਦ ਕਰਕੇ ਨਿੱਜੀ ਕੰਪਨੀਆਂ ਨੂੰ ਲੁੱਟ ਦੀ ਖੁੱਲ੍ਹ 
 (ਨਰਿੰਦਰ ਜੀਤ )   


ਬਾਦਲ ਸਰਕਾਰ ਵੱਲੋਂ ਨਿੱਜੀ ਖੇਤਰ ਦੇ ਤਾਪ ਬਿਜਲੀ ਘਰਾਂ ਤੋਂ ਬਿਜਲੀ ਖਰੀਦਣ ਸਬੰਧੀ ਕੀਤੇ ਲੋਕ ਵਿਰੋਧੀ ਸਮਝੌਤਿਆਂ, ਜਿਨ੍ਹਾਂ ਦੇ ਤਹਿਤ ਬਿਜਲੀ ਦੀ ਖਰੀਦ ਚ ਨਿੱਜੀ ਖੇਤਰ ਨੂੰ ਪਹਿਲ, ਬਿਜਲੀ ਵਾਧੂ ਹੋਣ ਦੀ ਸੂਰਤ ਚ ਸਰਕਾਰੀ ਖੇਤਰ ਦੇ ਤਾਪ ਬਿਜਲੀ ਘਰ ਬੰਦ ਕਰਕੇ ਨਿੱਜੀ ਖੇਤਰ ਤੋਂ ਬਿਜਲੀ ਦੀ ਖਰੀਦ ਜਾਰੀ ਰੱਖਣਾ, ਨਿੱਜੀ ਖੇਤਰ ਤੋਂ ਮਹਿੰਗੇ ਭਾਅ ਬਿਜਲੀ ਖਰੀਦਣਾ ਆਦਿ ਸ਼ਰਤਾਂ ਤਹਿ ਕੀਤੀਆਂ ਗਈਆਂ ਸਨ, ਤੇ ਮੁੜ ਨਜ਼ਰਸਾਨੀ ਕਰ ਕੇ ਸਾਰੀਆਂ ਘਪਲੇਬਾਜ਼ੀਆਂ ਨੰਗੀਆਂ ਕਰਨ ਅਤੇ ਲੋਕ ਪੱਖੀ ਬਿਜਲੀ ਖਰੀਦ ਸਮਝੌਤੇ ਕਰਨ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਅਮਰਿੰਦਰ ਦੀ ਕਾਂਗਰਸ ਸਰਕਾਰ, ਪੁੱਠੇ ਰਾਹ ਪੈ ਗਈ ਹੈ | ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਅੱਜ ਹੋ ਰਹੀ ਮੀਟਿੰਗ ਚ ਬਠਿੰਡਾ ਅਤੇ ਰੋਪੜ ਦੇ ਤਾਪ ਬਿਜਲੀ ਘਰਾਂ ਦੇ ਦੋ - ਦੋ ਯੂਨਿਟਾਂ ਨੂੰ ਬੰਦ ਕਰਨ ਦਾ ਪ੍ਰਸਤਾਵ ਵਿਚਾਰਿਆ ਜਾ ਰਿਹਾ ਹੈ | 
ਨਿੱਜੀ ਖੇਤਰ ਦੀਆਂ ਬਿਜਲੀ ਕੰਪਨੀਆਂ ਵੱਲੋਂ ਖਪਤਕਾਰਾਂ ਦੀ ਲੁੱਟ ਖਸੁੱਟ ਜਾਰੀ ਰੱਖਣ ਦੇ ਮਨਸ਼ੇ ਨਾਲ ਚੁੱਕੇ ਜਾ ਰਹੇ ਇਹਨਾਂ ਕਦਮਾਂ ਬਾਰੇ ਲੋਕਾਂ ਦੀਆਂ ਅੱਖਾਂ ਚ ਘੱਟਾ ਪਾਉਣ ਲਈ ਦਲੀਲ ਇਹ ਦਿੱਤੀ ਜਾ ਰਹੀ ਹੈ ਇਹ ਯੂਨਿਟ 25 ਸਾਲ ਪੁਰਾਣੇ ਹੋ ਚੁੱਕੇ ਹਨ ਅਤੇ ਇਹਨਾਂ ਤੋਂ ਪੈਦਾ ਹੋਣ ਵਾਲੀ ਬਿਜਲੀ ਦੀ ਲਾਗਤ 3.60 ਰੁਪੈ ਪੈਂਦੀ ਹੈ ਜਦੋਂ ਕਿ ਨਵੇਂ ਯੂਨਿਟਾਂ ਤੋਂ ਪੈਦਾ ਹੋਣ ਵਾਲੀ ਬਿਜਲੀ 2 ਰੁਪੈ 25 ਪੈਸੇ ਤੋਂ 2 ਰੁਪੈ 60 ਪੈਸੇ ਤੱਕ ਪੈਂਦੀ ਹੈ | 
ਇਹ ਦਲੀਲ ਨਿਰਾ ਝੂਠ ਦਾ ਪੁਲਿੰਦਾ ਹੈ ਕਿਓੰਕੇ ਨਿੱਜੀ ਖੇਤਰ ਦੇ ਤਾਪ ਬਿਜਲੀ ਘਰਾਂ ਨਾਲ ਕੀਤੇ ਖਰੀਦ ਸਮਝੌਤੇ (P.P.A), ਜਿਨੇਂ ਕੁ ਨਸ਼ਰ ਹੋਏ ਹਨ, ਇਸ ਤੋਂ ਉਲਟ ਕਹਾਣੀ ਬਿਆਨ ਕਰਦੇ ਹਨ | ਜੇ ਕਾਂਗਰਸੀ ਹਾਕਮਾਂ ਦੀ ਇਹ ਦਲੀਲ ਮੰਨ ਵੀ ਲਈਏ ਤਾਂ ਚਾਹੀਦਾ ਇਹ ਹੈ ਕਿ ਜਿਹੜੇ ਯੂਨਿਟ ਪੁਰਾਣੇ ਹੋ ਗਏ ਹਨ ਉਹਨਾਂ ਦੀ ਥਾਂ ਸਰਕਾਰੀ ਖੇਤਰ ਚ ਹੀ ਨਵੇਂ ਲਾ ਲਏ ਜਾਣ, ਪਰ ਸਰਕਾਰ ਨੇਂ ਅਜਿਹਾ ਕੋਈ ਸੰਕੇਤ ਨਹੀਂ ਦਿੱਤਾ |
ਸੰਖੇਪ ਚ ਗੱਲ ਕਰਨੀ ਹੋਵੇ ਤਾਂ ਹਕੀਕਤ ਇਹ ਹੈ ਕਿ ਬਾਦਲਾਂ ਨੇਂ ਜਦੋਂ ਬਠਿੰਡੇ ਦੇ ਥਰਮਲ ਪਲਾਂਟ ਨੂੰ ਬੰਦ ਕਰਨ ਦਾ ਫੈਸਲਾ ਲਿਆ ਸੀ ਤਾਂ ਉਹਨਾਂ ਦੀ ਅੱਖ, ਇਸ ਹੇਠਲੀ ਜ਼ਮੀਨ ਤੇ ਸੀ | ਉਸ ਸਮੇਂ ਅਕਾਲੀ - ਭਾਜਪਾ ਸਰਕਾਰ ਨਾਲ ਜੁੜੇ ਭੋਏਂ ਮਾਫੀਏ ਦੇ ਲੋਕ ਇਹ ਜ਼ਮੀਨ ਹਥਿਆਉਣਾ ਚਾਹੁੰਦੇ ਸਨ | ਹੁਣ ਕਾਂਗਰਸੀਆਂ ਦੀ ਇਸ ਜ਼ਮੀਨ ਤੇ ਅੱਖ ਹੈ | ਬਾਦਲਾਂ ਨੇਂ ਬਿਜਲੀ ਬੋਰਡ ਨੂੰ ਆਵਦੀ ਨਿੱਜੀ ਜਗੀਰ ਬਣਾ ਕੇ ਰਖਿਆ ਸੀ | ਇਹੋ ਕਾਰਨ ਸੀ ਕਿ ਬਠਿੰਡੇ ਥਰਮਲ ਦੇ ਲੇਕ ਵਿਉ  ਰੈਸਟ ਹਾਊਸ ਨੂੰ ਸਿਰਫ ਬਾਦਲਾਂ ਦੀ ਆਰਾਮ ਗਾਹ ਬਣਾਉਣ ਲਈ ਸਾਢੇ ਸੱਤ ਕਰੋੜ ਰੁਪੈ ਖਰਚ ਕੀਤੇ ਗਏ | 
ਬਿਜਲੀ ਬੋਰਡ ਦੇ ਕੰਮਾਂ ਅਤੇ ਸਾਮਾਨ ਦੀ ਖਰੀਦ ਦਾਰੀ ਦੇ ਠੇਕਿਆਂ ਅਤੇ ਬਿਜਲੀ ਖਰੀਦ ਸਮਝੌਤਿਆਂ ਦੀ ਜੇ ਸਹੀ ਢੰਗ ਨਾਲ ਜਾਂਚ ਪੜਤਾਲ ਕੀਤੀ ਜਾਵੇ ਤਾਂ ਬਾਦਲਾਂ ਦੇ ਕਈ "ਪਹਿਲਵਾਨ" ਨਿੱਕਲ ਆਉਣਗੇ | ਪਰ ਅਮਰਿੰਦਰ ਸਰਕਾਰ ਨੇਂ ਏਧਰ ਧਿਆਨ ਨਹੀਂ ਦੇਣਾ ਕਿਓੰਕੇ "ਪਹਿਲਵਾਨਾਂ" ਨੇਂ ਹਵਾ ਦਾ ਰੁੱਖ ਦੇਖ ਕੇ ਵਫਾਦਾਰੀਆਂ ਬਦਲ ਲਈਆਂ ਹਨ | 
ਲੋਕ ਮੋਰਚਾ ਪੰਜਾਬ, ਕਾਂਗਰਸ ਸਰਕਾਰ ਦੇ ਇਸ ਫੈਸਲੇ ਦੀ ਸਖਤ ਨਿਖੇਧੀ ਕਰਦਾ ਹੈ ਅਤੇ ਮੰਗ ਕਰਦਾ ਹੈ ਕਿ - ਬੰਦ ਕੀਤੇ ਜਾ ਰਹੇ 4 ਯੂਨਿਟਾਂ ਦੀ ਥਾਂ PSPCL ਦੇ ਤਹਿਤ ਹੀ 4 ਨਵੇਂ ਯੂਨਿਟ ਲਾਏ ਜਾਣ, ਬਾਦਲਾਂ ਦੇ ਰਾਜ ਸਮੇਂ ਨਿੱਜੀ ਬਿਜਲੀ ਕੰਪਨੀਆਂ ਨਾਲ ਕੀਤੇ ਖਰੀਦ ਸਮਝੌਤੇ ਮੁਕੰਮਲ ਰੂਪ ਚ ਜਨਤਕ ਕੀਤੇ ਜਾਣ ਅਤੇ ਇਹਨਾਂ ਦੇ ਲੋਕ-ਦੋਖੀ ਪ੍ਰਾਵਧਾਨਾਂ ਨੂੰ ਰੱਦ ਕੀਤਾ ਜਾਵੇ, ਨਿੱਜੀ ਬਿਜਲੀ ਕੰਪਨੀਆਂ ਨੂੰ ਕਿਸੇ ਤਰਾਂ ਦਾ ਵੀ ਕੋਈ ਤਰਜੀਹੀ ਲਾਭ ਨਾਂ ਦਿੱਤਾ ਜਾਵੇ | ਇਹ ਯਕੀਨੀ ਬਣਾਇਆ ਜਾਵੇ ਕਿ ਤਾਪ ਬਿਜਲੀ ਘਰਾਂ ਚ ਕੰਮ ਕਰਦੇ ਕਿਰਤੀਆਂ ਦੇ ਹਿਤਾਂ ਤੇ ਕੋਈ ਸੱਤ ਨਾਂ ਲੱਗੇ ਅਤੇ ਖਪਤਕਾਰਾਂ ਨੂੰ ਸਸਤੀ ਬਿਜਲੀ ਮਿਲੇ.|     

Saturday, June 24, 2017

ਲੋਕ ਹੀ ਮਿਲ ਕੇ ਫਿਰਕੂ ਫ਼ਾਸ਼ੀਆਂ ਦੀ ਕਬਰ ਪੁੱਟਣਗੇ

ਮਾਸੂਮ ਜੁਨੈਦ ਅਤੇ ਅਜਿਹੇ ਹੋਰਾਂ ਦੇ ਕਾਤਲਾਂ ਦਾ ਬੁਥਾੜ ਭੰਨਣ ਲਈ, 
ਆਓ ਮੈਦਾਨ ਚ ਨਿਤਰੀਏ
ਨਰਿੰਦਰ ਜੀਤ 
Junaid's Family
Junaid

ਆਰ ਐਸ ਐਸ ਅਤੇ ਭਾਜਪਾ ਨੇਂ ਮੋਦੀ, ਖੱਟਰ ਅਤੇ ਯੋਗੀ ਆਦਿਤਿਆ ਨਾਥ ਵਰਗਿਆਂ ਦੀ ਅਗਵਾਈ ਚ ਹਿੰਦੂ ਫਿਰਕਾਪ੍ਰਸਤਾਂ ਦੇ ਪਟੇ ਖੋਹਲ ਦਿੱਤੇ ਹਨ | ਇਹਨਾਂ ਗੁੰਡਾ ਅਨਸਰਾਂ ਨੂੰ ਮਾਣ-ਤਾਣ ਦਿਵਾਉਣ ਲਈ, ਹਿੰਦੂ ਫਿਰਕਾਪ੍ਰਸਤੀ ਨੂੰ ਕੌਮ ਪ੍ਰਸਤੀ ਦੀ ਪੁੱਠ ਚਾਹੜ ਦਿਤੀ ਹੈ | ਪੁਲਸ ਅਤੇ ਪ੍ਰਬੰਧਕੀ ਅਧਿਕਾਰੀਆਂ ਨੂੰ ਇਹਨਾਂ ਦੀਆਂ ਕਾਤਲੀ ਕਾਰਵਾਈਆਂ ਵੱਲੋਂ ਅੱਖਾਂ ਮੀਚ ਲੈਣ ਦੇ ਹੁਕਮ ਚਾਹੜ ਦਿੱਤੇ ਹਨ | ਆਰ ਐਸ ਐਸ ਅਤੇ ਭਾਜਪਾ ਦੇ ਆਗੂਆਂ ਦੇ ਇਸ਼ਾਰਿਆਂ ਤੇ ਗੁੰਡਿਆਂ ਦੀਆਂ  ਭੀੜਾਂ ਇੱਕਠੀਆਂ ਹੋ ਕੇ ਕਿਸੇ ਵੀ ਵਿਅਕਤੀ ਨੂੰ "ਗਊ-ਹਤਿਆਰਾ" ਜਾਂ "ਦੇਸ਼-ਧ੍ਰੋਹੀ" ਕਹਿ ਕੇ ਕੁੱਟ ਕੁੱਟ ਕੇ ਮਾਰ ਸੁੱਟਦੀਆਂ ਹਨ| ਪੁਲਸ ਮੂਕ ਦਰਸ਼ਕ ਬਣ ਕੇ ਖੜੀ ਰਹਿੰਦੀ ਹੈ |
22 ਜੂਨ ਨੂੰ ਮਥੁਰਾ ਨੂੰ ਜਾ ਰਹੀ ਇੱਕ ਗੱਡੀ ਵਿਚ 16 ਸਾਲਾ ਮੁਸਲਿਮ ਬਚੇ -ਜੁਨੈਦ ਦਾ ਕਤਲ ਅਤੇ ਉਸਦੇ ਤਿੰਨ ਸਾਥੀਆਂ ਨੂੰ ਗੰਭੀਰ ਰੂਪ ਚ ਜ਼ਖਮੀ ਕੀਤੇ ਜਾਣਾ ਇਸੇ ਵਰਤਾਰੇ ਦੀ ਇੱਕ ਦਿਲ ਕੰਬਾਊ ਕੜੀ ਹੈ |
    ਹਰਿਆਣਾ ਦੇ ਖੜਵਾਲੀ ਪਿੰਡ ਚ ਰਹਿੰਦੇ  ਦੋ ਮੁਸਲਿਮ ਬਚੇ -ਜੁਨੈਦ ਅਤੇ ਹਾਸ਼ਿਮ ਕੁਝ ਦਿਨ ਪਹਿਲਾਂ ਬਹੁਤ ਖੁਸ਼ ਸਨ| ਰਮਜ਼ਾਨ ਦੇ ਮਹੀਨੇ ਚ ਰੋਜ਼ਿਆਂ ਦੌਰਾਨ ਕੁਰਾਨ ਸ਼ਰੀਫ ਮੂੰਹ ਜ਼ੁਬਾਨੀ ਯਾਦ ਕਰਨ ਕਰਕੇ ਉਹਨਾਂ ਨੂੰ "ਹਾਫਿਜ਼" ਦੀ ਉਪਾਧੀ ਮਿਲੀ ਸੀ | ਇਸ ਖੁਸ਼ੀ ਚ ਉਹਨਾਂ ਦੀ ਮਾਂ ਨੇਂ ਉਹਨਾਂ ਨੂੰ 1500 ਰੁਪੈ ਇਨਾਮ ਵਿਚ ਦਿੱਤੇ ਸਨ| ਹਾਫਿਜ਼ ਬਣਨ ਤੋਂ ਬਾਅਦ ਇਹ ਉਹਨਾਂ ਦੀ ਪਹਿਲੀ ਈਦ ਸੀ ਅਤੇ ਉਹ ਇਸ ਖੁਸ਼ੀ ਚ ਸ਼ਾਨਦਾਰ ਕਪੜਿਆਂ ਚ ਸਜਣਾਂ ਚਾਹੁੰਦੇ ਸਨ|  ਖੁਸ਼ੀ ਮਨਾਉਣ ਅਤੇ ਖਰੀਦ ਦਾਰੀ ਕਰਨ ਲਈ ਉਹਨਾਂ ਨੇਂ ਦਿੱਲੀ ਦੀ ਜਾਮਾ ਮਸਜਿਦ ਜਾਣ ਦਾ ਪ੍ਰੋਗਰਾਮ ਬਣਾਇਆ (ਕਿਓੰਕੇ ਜਾਮਾ ਮਸਜਿਦ ਕੋਲ ਸਸਤੇ ਕਪੜਿਆਂ ਦਾ ਵੱਡਾ ਬਜ਼ਾਰ ਲਗਦਾ ਹੈ) ਅਤੇ ਘਰੇ ਸ਼ਾਮ ਨੂੰ ਜਲਦੀ ਮੁੜ ਕੇ ਆਉਣ ਲਈ ਕਹਿ ਕੇ ਗਏ | ਪਰ ਉਹਨਾਂ  ਚੋਂ ਸਿਰਫ ਇੱਕ ਹੀ ਮੁੜ ਸਕਿਆ | ਦੂਜੇ ਦੀ ਭਾਜਪਾ-ਆਰ ਐਸ ਐਸ ਵੱਲੋਂ ਭੜਕਾਏ ਗੁੰਡਿਆਂ ਹੱਥੋਂ ਛੁਰੀਆਂ ਨਾਲ ਵਿੰਨੀ, ਲਹੂ ਨਾਲ ਲਥਪਥ ਲਾਸ਼ ਹੀ ਵਾਪਿਸ ਆਈ |
ਉਹਨਾਂ ਦੀ ਮਾਂ ਨੇਂ ਉਹਨਾਂ ਨੂੰ ਸਭ ਤੋਂ ਵਧੀਆ ਸੇਵੀਆਂ ਅਤੇ ਮਠਿਆਈਆਂ ਖਰੀਦ ਕੇ ਲਿਆਉਣ ਲਈ ਕਿਹਾ ਸੀ ਤਾਂਕਿ ਸਵਾਦੀ ਅਤੇ ਮਿੱਠੀਆਂ ਵਸਤਾਂ ਨਾਲ ਰੋਜ਼ੇ ਖੋਹਲੇ ਜਾਣ | ਪਰ ਬਦਨਸੀਬ ਮਾਂ ਦੀ ਝੋਲੀ ਚ ਓਹਦੇ ਪੁੱਤਾਂ ਵੱਲੋਂ ਲਿਆਂਦੀਆਂ ਮਠਿਆਈਆਂ ਅਤੇ ਸੇਵੀਆਂ ਦੀ ਥਾਂ 16 ਸਾਲਾਂ ਦੇ ਮਾਸੂਮ ਪੁੱਤ ਜੁਨੈਦ ਦੀ ਲਾਸ਼ ਸੀ|

ਜੁਨੈਦ ਅਤੇ ਉਸਦੇ 3 ਸਾਥੀਆਂ ਨਾਲ ਕੀ ਬੀਤੀ ?

ਜੁਨੈਦ ਅਤੇ ਉਸਦੇ ਤਿੰਨ ਸਾਥੀ - ਜੋ 16 ਤੋਂ 20 ਸਾਲ ਦੀ ਉਮਰ ਦੇ ਸਨ, ਸ਼ਾਮ ਨੂੰ 05.30 ਵਜੇ ਦਿੱਲੀ ਸਦਰ ਰੇਲਵੇ ਸਟੇਸ਼ਨ ਤੋਂ ਬੱਲਭਗੜ ਜਾਣ ਵਾਲੀ ਗੱਡੀ ਤੇ ਚੜੇ| ਉਹਨਾਂ ਨੂੰ ਚਿੱਤ ਚੇਤੇ ਵੀ ਨਹੀਂ ਸੀ ਕਿ ਇਹ ਸਫ਼ਰ ਉਹਨਾਂ ਲਈ ਕਿੰਨਾਂ ਭਿਆਨਕ ਹੋਣ ਵਾਲਾ ਹੈ | ਜਿਓਂ ਹੀ ਗੱਡੀ ਓਖਲਾ ਸਟੇਸ਼ਨ ਤੇ ਪਹੁੰਚੀ ਤਾਂ 15-20 ਲੋਕਾਂ ਦਾ ਇੱਕ ਗਰੋਹ ਗੱਡੀ ਚ ਵੜ ਆਇਆ ਅਤੇ ਉਹਨਾਂ ਨੂੰ ਸੀਟਾਂ ਛੱਡਣ ਲਈ ਕਹਿਣ ਲੱਗਾ| ਜਦੋਂ ਜੁਨੈਦ ਹੁਰਾਂ ਨੇਂ ਇਤਰਾਜ਼ ਕੀਤਾ ਤਾਂ ਗੁੰਡਿਆਂ ਨੇਂ ਉਹਨਾਂ ਤੇ ਫਿਰਕੂ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ - ਜਿਵੇਂ "ਸਾਲੇ ਗਊ ਖਾਣੇ ਮੁਸਲੇ", "ਦੇਸ਼ ਦੇ ਗੱਦਾਰ", "ਮੁੱਲੇ" ਆਦਿ | ਗੁੰਡਿਆਂ ਨੇਂ ਉਹਨਾਂ ਦੀਆਂ ਦਾਹੜੀਆਂ ਫੜ ਕੇ ਖਿਚਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਸਿਰਾਂ ਤੇ ਪਹਿਨੀਆਂ ਟੋਪੀਆਂ ਜਬਰੀ  ਸਿਰਾਂ ਤੋਂ ਲਾਹ ਕੇ ਥੱਲੇ ਸੁੱਟ ਦਿੱਤੀਆਂ ਅਤੇ ਉਹਨਾਂ ਦੀ ਮਾਰ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ | 
ਜੁਨੈਦ ਅਤੇ ਉਸਦੇ ਸਾਥੀਆਂ ਨੇਂ ਆਪਣੇ ਆਪ ਨੂੰ ਬਚਾਉਣ ਲਈ ਤੁਗਲਕਾਬਾਦ ਸਟੇਸ਼ਨ ਤੋਂ ਡੱਬਾ ਬਦਲ ਲਿਆ | ਪਰ ਫਿਰਕੂ ਜਨੂੰਨੀ ਗੁੰਡਿਆਂ ਨੇਂ ਉਹਨਾਂ ਦਾ ਪਿੱਛਾ ਨਹੀਂ ਛੱਡਿਆ | ਉਹ ਵੀ ਓਸੇ ਡੱਬੇ ਵਿਚ ਆ ਗਏ, ਅਤੇ ਘੇਰ ਕੇ ਉਹਨਾਂ ਨੂੰ ਕੁੱਟਣਾਂ ਸ਼ੁਰੂ ਕਰ ਦਿੱਤਾ | ਗੱਡੀ ਜਦੋਂ ਹਰਿਆਣਾ ਦੇ ਅਸੌਟੀ ਰੇਲਵੇ ਸਟੇਸ਼ਨ ਤੇ ਪਹੁੰਚੀ ਤਾਂ ਗੁੰਡਿਆਂ ਨੇਂ  16 ਸਾਲਾਂ ਦੇ ਜੁਨੈਦ ਨੂੰ ਛੁਰਿਆਂ ਨਾਲ  ਵਿੰਨ ਕੇ ਮਾਰ ਦਿੱਤਾ | ਓਹਦੇ ਤਿੰਨ ਸਾਥੀਆਂ ਮੋਇਨ, ਮੌਸਿਮ ਅਤੇ ਹਾਸ਼ਿਮ ਨੂੰ ਛੁਰੇ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ |
       ਕੁਝ ਦਿਨ ਪਹਿਲਾਂ ਪੰਜਾਬ ਦੇ ਸਾਬਕਾ ਪੁਲਸ ਮੁਖੀ ਕੇ ਪੀ ਐਸ ਗਿੱਲ ਦੀ ਮੌਤ ਸਮੇਂ ਚੱਲੀ ਚਰਚਾ ਦੌਰਾਨ ਮੈਂ ਇੱਕ ਪੋਸਟ ਚ ਜ਼ਿਕਰ ਕੀਤਾ ਸੀ ਕਿ "ਲੋਕਾਂ ਦਾ ਦੁਖਾਂਤ ਇਹ ਹੈ ਕਿ ਜਿਸ ਫਿਰਕੂ ਦਹਿਸ਼ਤਗਰਦੀ ਨੂੰ ਖਤਮ ਕਰਨ ਦਾ ਸਿਹਰਾ ਗਿੱਲ ਦੇ ਸਿਰ ਤੇ ਬੰਨ੍ਹ ਕੇ ਹਾਕਮ ਉਸ ਨੂੰ ਸ਼ਿੰਗਾਰ ਕੇ ਹੀਰੋ ਵਜੋਂ ਪੇਸ਼ ਕਰ ਰਹੇ ਹਨ ਉਹ ਜਿਓਂ ਦੀ ਤਿਓਂ ਕਾਇਮ ਹੈ | ਜੇ ਭਿੰਡਰਾਂ ਵਾਲਾ ਇਸ ਦੁਨੀਆਂ ਤੋਂ ਚਲਾ ਗਿਆ ਤਾਂ ਉਸ ਤੋਂ ਵੀ ਵੱਧ ਜ਼ਹਿਰੀਲੇ ਫਿਰਕੂ ਆਗੂ ਅਸੀਮਾਨੰਦ, ਆਦਿਤਿਆ ਯੋਗੀ, ਸਾਧਵੀ ਪ੍ਰੱਗਿਆ ਆਦਿ ਜਿਓੰਦੇ ਹਨ | ਭਿੰਡਰਾਂ ਵਾਲੇ ਕੋਲ ਤਾਂ  ਲੋਕਾਂ ਤੇ ਝਪਟਣ ਲਈ ਗਿਣੇ ਚੁਣੇ ਹਥਿਆਰਬੰਦ ਟੋਲੇ ਸਨ ਪਰ ਇਹਨਾਂ ਕੋਲ ਆਵਦੇ ਲੋਕ ਵਿਰੋਧੀ ਮਨਸੂਬੇ ਹਾਸਲ ਕਰਨ ਲਈ ਭੜਕਾਈਆਂ ਹੋਈਆਂ ਭੀੜਾਂ ਹਨ, ਜਿਨ੍ਹਾਂ ਰਾਹੀ ਉਹ ਵੱਡੀ ਪੱਧਰ ਤੇ ਦੰਗੇ ਕਰਵਾਉਂਦੇ ਹਨ, ਕਤਲੋ ਗਾਰਦ ਅਤੇ ਲੁੱਟ ਮਾਰ ਕਰਦੇ ਹਨ |"

ਅਸੌਟੀ ਦੀ ਇਹ ਘਟਨਾ ਹਿੰਦੂ ਫਿਰਕੂ ਫਾਂਸੀ ਟੋਲਿਆਂ ਦੇ ਵਕਰਾਲ ਅਤੇ ਖੂੰ-ਖ਼ੈਰ ਰੂਪ ਨੂੰ ਹੀ ਉਜਾਗਰ ਕਰਦੀ ਹੈ | ਲੋੜ ਹੈ ਇਸ ਜ਼ਹਿਰੀਲੇ ਨਾਗ ਦਾ ਟਾਕਰਾ ਕਰਨ ਲਈ ਮਜ਼ਬੂਤੀ ਨਾਲ ਅੱਗੇ ਆਈਏ !

Saturday, April 22, 2017

ਸਾਡੇ ਲਈ ਸਦਾ ਚਾਨਣ ਮੁਨਾਰਾ ਰਹੇਗਾ - ਸਾਥੀ ਬਲਵੀਰ ਸਿੰਘ

ਸਾਥੀ ਬਲਵੀਰ ਸਿੰਘ ਵੱਲੋਂ ਲੋਕ ਮੁਕਤੀ ਲਈ ਨਿਭਾਇਆ ਰੋਲ
ਸਾਡੇ ਲਈ ਸਦਾ ਚਾਨਣ ਮੁਨਾਰਾ ਰਹੇਗਾ !
ਪਿਆਰੇ ਲੋਕੋ,

      ਸਾਥੀ ਬਲਵੀਰ ਸਿੰਘ, ਹੁਣ ਨਹੀਂ ਰਹੇ ! ਅਜੇ ਉਮਰ ਈ ਕੀ ਸੀ ! ਮਨੁੱਖ ਮਾਰੂ ਬੀਮਾਰੀ, ਕੈਂਸਰ ਨੇ ਖੋਹ ਲਿਐ, ਉਹਨਾਂ ਨੂੰ ਸਾਡੇ ਕੋਲੋਂ। ਕਾਲਜਿਓਂ ਰੁੱਗ ਭਰਿਆ ਜਾਂਦੈ, ਜਦੋਂ ਯਾਦ ਆਉਂਦੈ ! ਉਹਨਾਂ ਦੇ ਵਿਛੋੜੇ 'ਤੇ ਸਾਨੂੰ ਦੁੱਖ ਵੀ ਬਹੁਤ ਐ। ਤੇ ਗੁੱਸਾ ਵੀ ਅੰਤਾਂ ਦਾ। ਦੁੱਖ ਆ, ਮੇਹਨਤ, ਸਿਰੜ, ਇਮਾਨਦਾਰੀ ਦੀ ਮੂਰਤ ਤੇ ਮਿਲਾਪੜੇ ਸੁਭਾਅ ਦੇ ਮਾਲਕ ਅਤੇ ਜਮਹੂਰੀ, ਇਨਕਲਾਬੀ ਵਿਚਾਰਾਂ ਦੇ ਧਾਰਨੀ ਤੇ ਪ੍ਰਚਾਰਕ ਦੇ ਖੁੱਸ ਜਾਣ ਦਾ।

ਗੁੱਸਾ ਆਉਂਦੈ, ਕੈਂਸਰ ਦੇ ਦੈਂਤ 'ਤੇ ਅਤੇ ਇਸ ਦੈਂਤ ਦੇ ਜੰਮਣਹਾਰ, ਇਥੋਂ ਦੇ ਲੋਟੂ ਨਿਜ਼ਾਮ 'ਤੇ। ਜਿਹੜਾ ਪੂਰੇ ਮੁਲਕ ਨੂੰ, ਵਿਸ਼ੇਸ਼ ਕਰਕੇ ਮੇਹਨਤੀ, ਕਮਾਊ ਤੇ ਗਰੀਬ ਲੋਕਾਂ ਦੀ ਵੱਡੀ ਗਿਣਤੀ ਨੂੰ ਹਰ ਰੋਜ਼ ਸੈਂਕੜਿਆਂ ਦੇ ਹਿਸਾਬ ਨਿਗਲ ਰਿਹਾ। ਇਹ ਨਿਜ਼ਾਮ ਬਦਲਣਾ ਪੈਣਾ। ਇਹ ਨਿਜ਼ਾਮ ਆ ਧਨ-ਕੁਬੇਰਾਂ ਦਾ, ਲੁਟੇਰਿਆਂ ਦਾ, ਜਾਬਰਾਂ ਦਾ, ਸਾਮਰਾਜੀਆਂ, ਸਰਮਾਏਦਾਰਾਂ ਤੇ ਜਾਗੀਰਦਾਰਾਂ ਦਾ। ਇਹ ਰਾਹ, ਬੀਮਾਰੀਆਂ ਲਈ ਵਾਤਾਵਰਣ ਸਿਰਜਦਾ, ਮਾਹੌਲ ਬਣਾਉਂਦਾ, ਬੀਮਾਰੀਆਂ ਲਾਉਂਦਾ, ਇਲਾਜ ਦੇ ਨਾਂ ਥੱਲੇ ਲੁੱਟਦਾ, ਲੁੱਟ ਆਸਰੇ ਤਕੜਾ ਹੁੰਦੈ, ਹੋਰ ਲੁੱਟ ਕਰਦੈ, ਖੁੰਗਲ ਕਰਦੈ, ਮਾਰ ਦਿੰਦੈ।

ਬਲਵੀਰ ਸਿੰਘ ਸਦਾ ਸਾਡੇ ਚੇਤਿਆਂ ਵਿੱਚ ਵਸਦੇ ਰਹਿਣਗੇ। ਪ੍ਰੇਰਨਾ ਦਿੰਦੇ ਰਹਿਣਗੇ। ਸੰਨ 74 ਵਿਚ ਥਰਮਲ ਵਿੱਚ ਭਰਤੀ ਹੁੰਦਿਆਂ ਹੀ, ਥਰਮਲ ਮੁਲਾਜ਼ਮ ਯੂਨੀਅਨ ਵਿਚ ਭਰਤੀ ਹੋ ਗਏ ਤੇ ਸਰਵਿਸ ਦੇ ਆਖਰੀ ਦਿਨ ਤੱਕ ਸਰਗਰਮ ਆਗੂ ਰੋਲ ਨਿਭਾਉਂਦੇ ਰਹੇ। ਯੂਨੀਅਨ ਅੰਦਰਲੇ, ਮੁਲਾਜ਼ਮਾਂ ਦਾ ਅਧਿਕਾਰੀਆਂ ਤੇ ਹਕੂਮਤਾਂ ਨਾਲ ਦੁਸ਼ਮਣਾਨਾ ਰਿਸ਼ਤੇ ਦੀ ਸਮਝ 'ਤੇ ਖੜਣ ਅਤੇ ਸੰਘਰਸ਼ 'ਤੇ ਟੇਕ ਰੱਖ ਕੇ ਚੱਲਣ ਵਾਲੇ ਲੰਬੀ ਗਰੁੱਪ ਨਾਲ ਜੁੜੇ ਰਹੇ। ਇਸੇ ਸਮਝ ਅਤੇ ਅਭਿਆਸ ਸਦਕਾ, 1982 ਵਿਚ ਥਰਮਲ ਫੈਡਰੇਸ਼ਨ ਦੀ ਮੋਹਰੀ ਆਗੂ ਟੀਮ ਵਿਚ ਨਾ ਹੋਣ ਦੇ ਬਾਵਜੂਦ ਵੀ, ਥਰਮਲ ਪ੍ਰਸ਼ਾਸ਼ਨ ਵੱਲੋਂ ਪੁਲਸ ਕੋਲ ਲਿਖਾਏ ਪਰਚੇ ਵਿਚ ਬਲਵੀਰ ਸਿੰਘ ਦਾ ਨਾਂ ਦਰਜ ਸੀ। ਉਹ ਉਨ੍ਹਾਂ ਦੀ ਅੱਖ ਦਾ ਰੋੜ ਸੀ।

ਆਵਦੇ ਵਿਚਾਰਾਂ ਦੀ ਗੁੜ੍ਹਤੀ ਦੇ ਕੇ ਪਾਲੇ ਬੱਚਿਆਂ (ਧੀ ਤੇ ਪੁੱਤ) ਨੂੰ ਪੜਾਈ ਤੇ ਜਿੰਦਗੀ ਦੇ ਮਾਮਲੇ ਵਿਚ ਖੁੱਲੇ ਮਨ ਨਾਲ ਪੂਰੀ ਖੁੱਲ ਦੇ ਕੇ ਖ਼ੁਦ ਫੈਸਲੇ ਕਰਨ ਦੇ ਯੋਗ ਬਣਾਉਣ ਵਿਚੋਂ ਉਹਨਾਂ ਦੇ ਖਰੇ ਜਮਹੂਰੀ ਵਿਹਾਰ ਦੀ ਝਲਕ ਸਾਫ਼ ਦਿਖਾਈ ਦਿੰਦੀ ਹੈ। ਤੇ ਅਗੋਂ ਬੱਚਿਆਂ ਨੇ ਵੀ ਰੱਖ ਵਿਖਾਈ ਹੈ।

ਲੋਕ ਤੇ ਸਿਰਫ਼ ਲੋਕ ਹੀ ਸਮਾਜ ਦੇ ਸਿਰਜਣਹਾਰ ਹੁੰਦੇ ਹਨ। ਹਰ ਮਸਲਾ ਤੇ ਮੁਸ਼ਕਲ  ਲੋਕਾਂ ਦੀ ਜੁੜੀ ਤਾਕਤ ਮੂਹਰੇ ਟਿਕ ਨਹੀਂ ਸਕਦਾ। ਇਸੇ ਸਮਝ 'ਤੇ ਚਲਦਿਆਂ ਉਹਨਾਂ ਨੇ ਸਕੂਲੇ ਪੜਦੀਆਂ ਕਾਲੋਨੀ ਦੀਆਂ ਕੁੜੀਆਂ ਨਾਲ ਬਦਤਮੀਜ਼ੀ ਕਰਦੀ ਮੁੰਡੀਰ ਨੂੰ ਕਾਲੋਨੀ ਦੀ ਲਾਮਬੰਦੀ ਦੇ ਜ਼ੋਰ ਰੋਕਿਆ। ਕਾਲੋਨੀ ਦੀਆਂ ਗਲੀਆਂ ਵਿੱਚ ਖੜਦਾ ਪਾਣੀ ਕਾਲੋਨੀ ਦੀ ਤਾਕਤ ਆਸਰੇ ਮਿਉਂਸਪਲ ਕਮੇਟੀ ਤੋਂ ਕਢਵਾਇਆ। ਘਰ ਅੰਦਰ ਡਿਸਪਲੇਅ ਯੂਨਿਟ ਲਾਏ ਬਗੈਰ ਘਰਾਂ ਵਿੱਚੋਂ ਬਿਜਲੀ ਮੀਟਰ ਬਾਹਰ ਕੱਢਣ ਤੋਂ ਰੋਕਣ ਵਿਚ ਉਹਨਾਂ ਦਾ ਆਗੂ ਰੋਲ ਰਿਹਾ।ਕਾਲੋਨੀ ਵਿੱਚ ਪ੍ਰਦੂਸ਼ਨ ਫੈਲਾਉਣ ਵਾਲਾ ਟਾਵਰ ਲਾਉਣ ਆਏ ਠੇਕੇਦਾਰ ਨੂੰ ਪੁਲਸ ਦੀ ਹਾਜ਼ਰੀ ਵਿਚ ਹੀ ਉਹਨਾਂ ਦੀ ਅਗਵਾਈ ਵਿਚ ਕਾਲੋਨੀ ਵਾਸੀਆਂ ਨੇ  ਭਜਾਇਆ। ਕਾਲੋਨੀ ਵਾਸੀਆਂ ਨੂੰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨਾਲ ਜ਼ੋੜਣ ਲਈ ਸ਼ਹੀਦੀ ਦਿਹਾੜੇ 'ਤੇ ਰੈਲੀਆਂ ਤੇ ਨਾਟਕ ਕਰਵਾਇਆ ਕਰਦੇ ਸਨ।

ਸ਼ਹੀਦ ਭਗਤ ਸਿੰਘ ਦੇ ਵਿਚਾਰ ਮੁਲਕ ਦੀ ਸਮਾਜਿਕ ਕਾਇਆ-ਕਲਪੀ ਲਈ ਹੁਣ ਕਿਸਾਨ-ਮਜ਼ਦੂਰ ਮੋਹਰੀ ਸ਼ਕਤੀ ਹਨ, ਨੂੰ ਆਵਦੇ ਅਮਲ ਵਿਚ ਲਾਗੂ ਕਰਦਿਆਂ ਉਹ ਕਿਸਾਨ ਰੈਲੀਆਂ ਵਿਚ ਛੁੱਟੀ ਲੈ ਕੇ ਹਾਜ਼ਰੀ ਭਰਦੇ ਰਹੇ। ਕਿਸਾਨਾਂ ਉੱਤੇ ਹਕੂਮਤਾਂ ਵੱਲੋਂ ਢਾਹੇ ਜਬਰ ਖਿਲਾਫ਼ ਉਹ ਥਰਮਲ ਗੇਟ 'ਤੇ ਰੱਖੀ ਰੈਲੀ ਵਿੱਚ ਬੋਲਦੇ ਅਤੇ ਆਵਦੀ ਕਾਲੋਨੀ ਵਿਚ ਰੈਲੀ ਕਰਦੇ ਤੇ ਕਿਸਾਨਾਂ ਦੀ ਰੈਲੀ ਵਿਚ ਕਾਲੋਨੀ ਤੋਂ ਕੈਂਟਰ ਭਰ ਕੇ ਲਿਜਾਂਦੇ ਰਹੇ। ਕਿਸਾਨੀ ਪਿਛੋਕੜ ਹੁੰਦਿਆਂ ਵੀ ਖੇਤ ਮਜ਼ਦੂਰਾਂ ਦੀਆਂ ਮੰਗਾਂ ਦੀ ਤੇ ਸੰਘਰਸ਼ ਦੀ ਹਮਾਇਤ ਕਰਦੇ ਰਹੇ ਹਨ। ਇਹਨਾਂ ਦੀਆਂ ਰੈਲੀਆਂ ਵਿਚ ਵੀ ਬਰਾਬਰ ਹਾਜ਼ਰੀ ਭਰਦੇ ਰਹੇ ਹਨ।

ਸਨਅਤੀ ਮਜ਼ਦੂਰਾਂ ਦੀ ਸਮਾਜਿਕ ਤਬਦੀਲੀ ਵਿਚ ਅਹਿਮ ਭੂਮਿਕਾ ਨੂੰ ਵੇਖਦਿਆਂ ਬਲਵੀਰ ਸਿੰਘ, ਬਠਿੰਡਾ-ਡਬਵਾਲੀ ਰੋਡ 'ਤੇ ਪੰਜਾਬ ਸਪਿੰਨਿੰਗ ਮਿਲ (ਜਿਥੇ ਹੁਣ ਗਣਪਤੀ ਇਨਕਲੇਵ ਹੈ) ਦੇ ਮਜ਼ਦੂਰਾਂ (ਵੱਡੀ ਗਿਣਤੀ ਪ੍ਰਵਾਸੀ ਮਜ਼ਦੂਰਾਂ) ਨੂੰ ਮਾਲਕਾਂ ਵੱਲੋਂ ਕੰਮ ਤੋਂ ਕੱਢੇ ਜਾਣ ਖਿਲਾਫ਼ ਸੰਘਰਸ਼ ਕਰ ਰਹੇ ਮਜ਼ਦੂਰਾਂ ਲਈ ਬਠਿੰਡਾ ਦੇ ਵਰਗ ਚੇਤਨਾ ਮੰਚ ਦੀ ਅਗਵਾਈ ਵਿੱਚ ਚੱਲ ਰਹੇ ਲੰਗਰ ਤੇ ਟੈਂਟ ਵਿਚ ਕਦੇ ਦਿਨ ਕਦੇ ਰਾਤ ਡਿਊਟੀ ਦਿੰਦੇ। ਥਰਮਲ ਮੁਲਾਜ਼ਮਾਂ ਤੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਪ੍ਰੇਰ ਕੇ ਉਥੇ ਲਿਜਾਂਦੇ ਤੇ ਆਰਥਿਕ ਮਦਦ ਕਰਵਾਉਂਦੇ।

ਹਕੂਮਤੀ ਤੇ ਫਿਰਕੂ ਦਹਿਸ਼ਤਗਰਦੀ ਦੇ ਕਾਲੇ ਦੌਰ ਸਮੇਂ ਬਲਵੀਰ ਸਿੰਘ ਦੋਵਾਂ ਦਹਿਸ਼ਤਗਰਦੀਆਂ ਵਿਰੋਧੀ ਲਹਿਰ ਦਾ ਸਹਿਯੋਗ ਦਿੰਦੇ ਰਹੇ ਅਤੇ ਫਿਰਕੂ ਦਹਿਸ਼ਤਗਰਦਾਂ ਹੱਥੋਂ ਮਾਰੇ ਗਏ ਬੇਕਸੂਰੇ ਲੋਕਾਂ ਦੇ ਸਮਾਗਮਾਂ ਵਿਚ ਸ਼ਾਮਲ ਹੁੰਦੇ ਰਹੇ। ਇਹ ਦਹਿਸ਼ਤਗਰਦੀਆਂ ਹਾਕਮਾਂ ਦੀ ਚਾਲ ਹਨ, ਲੋਕ-ਏਕਤਾ ਨੂੰ ਪਾੜਨ, ਗਲਵੱਢ ਭਰਾਮਾਰ ਲੜਾਈ ਵਿੱਚ ਧੱਕਣ ਤੇ ਜਿੰਦਗੀ ਦੇ ਬੁਨਿਆਦੀ ਮਸਲਿਆਂ ਤੋਂ ਧਿਆਨ ਤਿਲਕਾਉਣ ਲਈ ।ਇਥੇ ਹੀ ਉਹਨਾਂ ਨੇ ਸਮਾਜ ਦੇ ਮੇਹਨਤੀ, ਕਮਾਊ ਤੇ ਗਰੀਬ ਲੋਕਾਂ ਦੀ ਇਸ ਨਿਜ਼ਾਮ ਤੋਂ ਬੰਦ ਖਲਾਸੀ ਦਾ ਰਾਹ ਫੜ ਲਿਆ।

ਸੇਵਾ, ਸੰਘਰਸ਼, ਮੁਕਤੀ” ਦਾ ਝੰਡਾ ਚੁੱਕ ਤੁਰੇ ਲੋਕ ਮੋਰਚਾ ਪੰਜਾਬ ਦੇ ਮੈਂਬਰ ਬਣ ਕੇ ਉਹਨਾਂ ਨੇ, ਸਾਡੀ ਧਰਤ ਦੇ ਮਾਲ ਖਜ਼ਾਨੇ, ਚੂੰਡੀ ਜਾਂਦੇ ਦੇਸ਼ ਬਿਗਾਨੇ।ਹਾਕਮ ਸਾਮਰਾਜ ਦੇ ਗੋਲੇ, ਨਸਲ ਬਦੇਸ਼ੀ ਦੇਸੀ ਚੋਲੇ।” “ਕੱਲੇ ਕੱਲੇ ਮਾਰ ਨਾ ਖਾਓ, ਕੱਠੇ ਹੋ ਕੇ ਅੱਗੇ ਆਓ।” “ਸਾਮਰਾਜੀਏ ਸ਼ਾਹੂਕਾਰ, ਕੁੱਟ ਦਬੱਲਣੇ ਜੂਹੋਂ ਪਾਰ।” “ਜਰੱਈ ਲਹਿਰ ਦੀ ਕਰੋ ਉਸਾਰੀ, ਜੜ੍ਹ ਤੋਂ ਪੁੱਟਦੀ ਭੌਂ-ਸਰਦਾਰੀ।” “ਜੜ੍ਹ ਤੋਂ ਪੁੱਟ ਕੇ ਲੋਟੂ ਰਾਜ, ਲੋਕਪੁਗਤ ਦਾ ਬਣੇ ਸਮਾਜ।” “ਚੋਣਾਂ ਜੋਕਾਂ ਦਾ ਢਕਵੰਜ, ਮੁਕਤੀ ਕਰੂ ਹੱਕਾਂ ਦੀ ਜੰਗ।” “ਲੋਕ ਘੋਲ ਦੀ ਕਰੋ ਤਿਆਰੀ, ਕੱਠੀ ਕਰ ਲਓ ਜਨਤਾ ਸਾਰੀ।” ਵਰਗੇ ਨਾਹਰਿਆਂ ਨੂੰ ਪ੍ਰਚਾਰ ਦਾ ਧੁਰਾ ਬਣਾਇਆ। ਇਹ ਪ੍ਰਚਾਰ ਥਰਮਲ ਮੁਲਾਜ਼ਮਾਂ ਅੰਦਰ ਤੇ ਕਾਲੋਨੀ ਵਾਸੀਆਂ ਅੰਦਰ ਲੈ ਕੇ ਜਾਣ ਦੇ ਪੂਰੇ ਭੇਤੀ ਸਨ ਉਹ। ਸਾਰਾ ਪ੍ਰੀਵਾਰ ਮੋਰਚੇ ਨਾਲ ਜੋੜਿਆ।

ਅੱਜ ਜਦੋਂ ਅਸੀਂ ਆਪਣੇ ਬਲਵੀਰ ਸਿੰਘ ਦੇ ਸ਼ਰਧਾਂਜ਼ਲੀ ਸਮਾਗਮ ਵਿਚ ਜੁੜ ਰਹੇ ਹਾਂ, ਤਾਂ ਸਾਡੇ ਸਾਹਮਣੇ ਮੁਲਕ ਦੀ ਹਾਲਤ ਵੀ ਆ ਖੜਦੀ ਹੈ। ਮੁਲਕ ਦੇ ਹਾਕਮ, ਮੁਲਕ ਦੇ ਸਾਰੇ ਦੇ ਸਾਰੇ ਮਾਲ-ਖਜ਼ਾਨੇ, ਧਰਤੀ, ਪਾਣੀ, ਮਹਿਕਮੇ, ਦੁਕਾਨਦਾਰੀਆਂ ਸਾਮਰਾਜ ਦੀ ਝੋਲੀ ਪਾਈ ਜਾ ਰਹੇ ਹਨ। ਰੁਜ਼ਗਾਰ ਦੇਣਾ ਤਾਂ ਕੀ, ਪਹਿਲਾਂ ਵਾਲਾ ਵੀ ਖੋਹਿਆ ਜਾ ਰਿਹਾ ਹੈ। ਹਾਕਮਾਂ ਦੇ, ਇਹਨਾਂ ਲੋਕ ਤੇ ਮੁਲਕ ਦੋਖੀ ਕਦਮਾਂ ਖਿਲਾਫ਼ ਰੋਸ ਤੇ ਰੋਹ ਫੁਟਦਾ ਹੈ ਤਾਂ ਹਾਕਮ ਜਬਰ ਦੇ ਸਭ ਸੰਦ (ਪੁਲਸ,ਫੌਜ, ਡਰੋਨ ਬੰਬ, ਬੰਦੂਕਾਂ, ਤੋਪਾਂ, ਸੂਹੀਆ ਤੰਤਰ, ਅਦਾਲਤਾਂ, ਮੀਡੀਆ ਤੇ ਨਸ਼ੇ ਆਦਿ) ਢੋਹ ਧਰਦਾ ਹੈ। ਜਬਰ ਦੇ ਨਾਲੋ ਨਾਲ ਜਾਤਾਂ ਧਰਮਾਂ, ਇਲਾਕਿਆਂ, ਫਿਰਕਿਆਂ ਦੀ ਤਲਵਾਰ ਫੜ ਲੋਕ-ਏਕਤਾ ਵਿੱਚ ਲੀਕਾਂ ਖਿੱਚ ਰਿਹਾ ਹੈ।

ਸਾਥੀ ਬਲਵੀਰ ਸਿੰਘ ਵੱਲੋਂ ਅਖਤਿਆਰ ਕੀਤੀ ਜੀਵਨ-ਜਾਚ, ਨਿਭਾਇਆ ਰੋਲ ਅਤੇ ਰੋਲ ਪਿੱਛੇ ਕੰਮ ਕਰਦੇ ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਵਿਚਾਰ ਸਾਡਾ ਮਾਰਗ ਦਰਸ਼ਨ ਕਰਦੇ ਰਹਿਣਗੇ। ਮੌਜੂਦਾ ਲੋਟੂ ਨਿਜ਼ਾਮ ਤੋਂ ਲੋਕਾਂ ਦੀ ਮੁਕਤੀ ਚਾਹੁੰਦੇ ਲੋਕੋ ਆਓ, ਉਹਨਾਂ ਦੇ ਵਿਛੋੜੇ ਦੇ ਅਫਸੋਸ ਤੇ ਗਮ ਨੂੰ ਗੁੱਸੇ ਵਿਚ ਬਦਲੀਏ ! ਇਸ ਨਿਜ਼ਾਮ ਨੂੰ ਬਦਲਣ ਲਈ ਸਾਥੀ ਬਲਵੀਰ ਸਿੰਘ ਤੋਂ ਪ੍ਰੇਰਨਾ ਲਈਏ ਅਤੇ ਲੋਕਲਹਿਰ ਨੂੰ ਅੱਗੇ ਵਧਾਈਏ। (20.4.2017)

ਵੱਲੋਂ: ਲੋਕ ਮੋਰਚਾ ਪੰਜਾਬ, ਇਕਾਈ ਬਠਿੰਡਾ।

ਪ੍ਰਕਾਸ਼ਕ: ਸੁਖਵਿੰਦਰ ਸਿੰਘ (ਸੰਪਰਕ ਲਈ: 9417289536)

Sunday, April 16, 2017

ਲੋਕਾਂ ਦੇ ਹੱਕੀ ਸੰਗਰਾਮਾਂ ਦੇ ਸਾਥੀ ਬਲਵੀਰ ਸਿੰਘ ਵਿਛੋੜਾ ਦੇ ਗਏ !

ਲੋਕਾਂ ਦੇ ਹੱਕੀ ਸੰਗਰਾਮਾਂ ਦੇ ਸਾਥੀ ਬਲਵੀਰ ਸਿੰਘ        ਵਿਛੋੜਾ ਦੇ ਗਏ !



ਸਾਥੀ ਬਲਵੀਰ ਸਿੰਘ ਜੋ ਬਠਿੰਡੇ ਚ ਪਿਛਲੇ ਲਗਭਗ 30 ਸਾਲਾਂ ਤੋਂ ਲੋਕ ਲਹਿਰ ਦੇ ਵੱਖ ਵੱਖ ਹਿੱਸਿਆਂ ਚ ਮਹੱਤਵ ਪੂਰਨ ਭੂਮਿਕਾ ਨਿਭਾ ਰਹੇ ਸਨ ਅੱਜ ਸਾਨੂੰ ਅਚਾਨਕ ਵਿਛੋੜਾ ਦੇ ਗਏ | ਹੱਦ ਦਰਜੇ ਦੇ ਮੇਹਨਤੀ, ਸਿਰੜੀ ਅਤੇ ਇਮਾਨਦਾਰ ਬਲਵੀਰ ਸਿੰਘ ਆਪਣੇ ਮਿਠਬੋਲੜੇ ਅਤੇ ਮਿਲਾਪੜੇ ਸੁਭਾਅ ਸਦਕਾ ਹਮੇਸ਼ਾ ਜ਼ਮੀਨੀ ਪੱਧਰ ਤੇ ਲੋਕਾਂ ਨਾਲ ਜੁੜੇ ਰਹੇ| ਵੱਖਰੇ ਵਿਚਾਰਾਂ ਵਾਲੇ ਸਾਥੀਆਂ ਨਾਲ ਬਹਿਸ ਭੇੜਾਂ ਦੌਰਾਨ ਉਹਨਾਂ ਦੇ ਮੱਥੇ ਤੇ ਕਦੇ ਕੋਈ ਗੁੱਸੇ ਦੇ ਸ਼ਿਕਨ ਨਹੀਂ ਸੀ ਆਈ | ਔਖੀਆਂ ਹਾਲਤਾਂ ਵਿਚ ਵੀ ਮੁਸਕਰਾਉਣਾ ਅਤੇ ਆਪਣੇ ਅਸੂਲਾਂ ਤੇ ਡਟੇ ਰਹਿਣਾ ਉਹਨਾਂ ਦਾ ਵਿਸ਼ੇਸ਼ ਗੁਣ ਸੀ|   
ਉਹ ਬਿਜਲੀ ਬੋਰਡ ਚ ਭਰਤੀ ਹੋਣ ਸਮੇਂ ਤੋਂ ਬਿਜਲੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਚ ਮੋਹਰੀ ਰੋਲ ਅਦਾ ਕਰਦੇ ਰਹੇ | ਥਰਮਲ ਮੁਲਾਜ਼ਮਾਂ ਦੀ ਹੜਤਾਲ ਅਤੇ ਉਸ ਤੋਂ ਬਾਅਦ ਹੋਈ ਵਿਕਟੇਮਾਈਜ਼ੇਸ਼ਨ ਨੂੰ ਰੱਦ ਕਰਵਾਉਣ ਲਈ ਬਣੀ ਸਹਾਇਤਾ ਕਮੇਟੀ ਚ ਉਹਨਾਂ ਮਹੱਤਵ ਪੂਰਨ ਯੋਗਦਾਨ ਪਾਇਆ | ਬਿਜਲੀ ਮੁਲਾਜ਼ਮਾਂ ਅੰਦਰ ਕੰਮ ਕਰਦੇ ਸਮੇਂ ਉਹਨਾਂ ਨੇਂ ਲੰਬੀ ਗਰੁੱਪ ਦੇ ਨਾਂ ਨਾਲ ਜਾਣੀ ਜਾਂਦੀ ਇਨਕਲਾਬੀ ਜਮਹੂਰੀ ਸੋਚ ਨੂੰ ਅੱਗੇ ਵਧਾਇਆ | ਉਹਨਾਂ ਦੀਆਂ ਸਰਗਰਮੀਆਂ ਸਿਰਫ ਟਰੇਡ ਯੂਨੀਅਨ ਦੇ ਖੇਤਰ ਚ ਹੀ ਸੀਮਤ ਨਹੀਂ ਸਨ ਸਗੋਂ ਤਰਕਸ਼ੀਲ ਲਹਿਰ, ਜਮਹੂਰੀ ਹੱਕਾਂ ਅਤੇ ਸਭਿਆਚਾਰ ਦੇ ਖੇਤਰ ਚ ਵੀ ਫੈਲੀਆਂ ਹੋਈਆਂ ਸਨ |
ਪੰਜਾਬ ਸਪਿੰਨਿੰਗ ਮਿੱਲ ਦੇ ਮਜ਼ਦੂਰਾਂ ਦੀ ਹੜਤਾਲ ਸਮੇਂ ਉਹਨਾਂ ਨੇ ਵਰਗ ਚੇਤਨਾ ਮੰਚ ਦੇ ਝੰਡੇ ਥੱਲੇ, ਸੰਘਰਸ਼ ਸ਼ੀਲ ਮਜ਼ਦੂਰਾਂ ਨੂੰ ਹਰ ਤਰਾਂ ਦੀ ਸਹਾਇਤਾ ਪੁਚਾਉਣ ਦੇ ਕੰਮ ਵਿਚ ਜੀ ਜਾਣ ਨਾਲ ਕੰਮ ਕੀਤਾ | ਜਦੋਂ ਪੰਜਾਬ, ਸਰਕਾਰੀ ਅਤੇ ਫਿਰਕੂ ਦਹਿਸ਼ਤਗਰਦੀ ਦੇ ਦੌਰ ਵਿਚੋਂ ਲੰਘ ਰਿਹਾ ਸੀ ਤਾਂ ਉਹਨਾਂ "ਜਬਰ ਅਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ" ਚ ਸ਼ਾਮਿਲ ਹੋਕੇ ਲੋਕਾਂ ਦੀ ਜਾਣ ਮਾਲ ਦਾ  ਖੌਅ  ਬਣੀਆਂ ਸਾਰੀਆਂ ਕਾਲੀਆਂ ਤਾਕਤਾਂ ਖਿਲਾਫ  ਆਵਾਜ਼ ਉਠਾਈ ਅਤੇ ਲੋਕਾਂ ਨੂੰ ਲਾਮਬੰਦ ਕੀਤਾ | ਇਹਨਾਂ ਤੋਂ ਇਲਾਵਾ ਉਹ ਲੋਕ ਮੋਰਚਾ ਪੰਜਾਬ ਦੀ ਬਠਿੰਡਾ ਇਕਾਈ ਵੱਲੋਂ ਵੱਖ ਵੱਖ ਸਮਿਆਂ ਚ ਕੀਤੇ ਗਏ ਪ੍ਰੋਗਰਾਮਾਂ ਚ ਸ਼ਾਨਦਾਰ ਭੂਮਿਕਾ ਅਦਾ ਕਰਦੇ ਰਹੇ|
ਉਹਨਾਂ ਦੀ ਬੇਵਕਤ ਮੌਤ ਨਾਲ ਲੋਕਾਂ ਦੀ ਇਨਕਲਾਬੀ ਜਮਹੂਰੀ ਲਹਿਰ ਨੂੰ ਵੱਡਾ ਘਾਟਾ ਪਿਆ ਹੈ | ਲੋਕ ਮੋਰਚਾ ਪੰਜਾਬ ਉਹਨਾਂ ਨੂੰ ਸੁਰਖ ਸ਼ਰਧਾਂਜਲੀ ਭੇਂਟ ਕਰਦਾ ਹੈ |

ਵੱਲੋਂ: ਜਗਮੇਲ ਸਿੰਘ - ਜਨਰਲ ਸਕੱਤਰ            ਗੁਰਦਿਆਲ ਸਿੰਘ ਭੰਗਲ - ਪ੍ਰਧਾਨ
ਲੋਕ ਮੋਰਚਾ ਪੰਜਾਬ       

Wednesday, April 12, 2017

ਸਿਖਿਆ ਖੇਤਰ ਚ ਨਿੱਜੀਕਰਨ ਦੀਆਂ ਨੀਤੀਆਂ ਦਾ ਵਿਰੋਧ ਕਰੋ

ਨਿੱਜੀ ਸਕੂਲਾਂ ਦੀ ਚੈਕਿੰਗ:
ਇੱਕ ਦਿਨ ਬਾਅਦ ਹੀ ਸਰਕਾਰ ਨੇਂ ਉਲਟਬਾਜ਼ੀ ਮਾਰੀ 

 ਨਰਿੰਦਰ ਜੀਤ 
ਪ੍ਰਾਈਵੇਟ ਸਕੂਲਾਂ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਅਤੇ ਸਕੂਲਾਂ ਵਿਚ ਕੰਮ ਕਰਦੇ ਅਧਿਆਪਕਾਂ ਅਤੇ ਕਰਮਚਾਰੀਆਂ ਦੀ ਅੰਨ੍ਹੀ ਲੁੱਟ ਕਰਨ ਵਿਰੁੱਧ ਉਥੇ ਲੋਕ ਰੋਹ ਦੇ ਸਨਮੁਖ ਸਿਖਿਆ ਵਿਭਾਗ ਵੱਲੋਂ ਉਹਨਾਂ ਦੇ ਹਿਸਾਬ ਕਿਤਾਬ ਦੀ ਚੈਕਿੰਗ ਕਰਨ ਦਾ ਕੰਮ ਪਿਛਲੇ ਕੁਝ ਦਿਨਾਂ ਤੋਂ ਵੱਡੀ ਪੱਧਰ ਤੇ ਸ਼ੁਰੂ ਕੀਤਾ ਗਿਆ ਸੀ| ਇਸ ਫੈਸਲੇ ਤਹਿਤ ਸਿੱਖਿਆ ਅਧਿਕਾਰੀਆਂ ਨੂੰ ਰਾਜ ਦੇ ਪ੍ਰਾਈਵੇਟ ਸਕੂਲਾਂ ਦੀ ਚੈਕਿੰਗ ਕਰਨ ਲਈ ਕਿਹਾ ਸੀ। ਇਸ ਚੈਕਿੰਗ ਦੌਰਾਨ ਅਧਿਕਾਰੀਆਂ ਨੇਂ ਵਿਦਿਆਰਥੀਆਂ ਕੋਲੋਂ ਪਿਛਲੇ ਵਰ੍ਹੇ ਲਈ ਫੀਸ ਦੇ ਵੇਰਵੇ ਅਤੇ ਚਾਲੂ ਸਾਲ ਵਿਚ ਵਿਦਿਆਰਥੀਆਂ ਕੋਲੋਂ ਵਸੂਲੀਆਂ ਫੀਸਾਂ ਦੇ ਖਾਤੇ ਵੀ ਚੈੱਕ ਕਰਨੇਂ ਸਨ ਅਤੇ ਪ੍ਰਾਈਵੇਟ ਸਕੂਲਾਂ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਕਿਤਾਬਾਂ, ਸਟੇਸ਼ਨਰੀ ਅਤੇ ਵਰਦੀਆਂ ਵੇਚਣ ਦੇ ਵੇਰਵੇ ਵੀ ਇਕੱਠੇ ਕਰਨੇਂ ਸਨ। 
ਚਾਹੇ ਇਸ ਚੈਕਿੰਗ ਚ ਮਾਪਿਆਂ ਦੇ ਪ੍ਰਤੀਨਿਧਾਂ ਨੂੰ ਸ਼ਾਮਿਲ ਨਾਂ ਕੀਤੇ ਜਾਣ ਕਾਰਨ ਲੋਕਾਂ ਚ ਰੋਸ ਸੀ ਅਤੇ ਸਰਕਾਰ ਦੇ ਮਨਸ਼ੀਆਂ ਬਾਰੇ ਵੀ ਸ਼ੰਕੇ ਸਨ, ਪਰ ਫਿਰ ਵੀ ਉਮੀਦ ਕੀਤੀ ਜਾਂਦੀ ਸੀ ਕਿ ਇਸ ਨਾਲ ਨਿੱਜੀ ਸਕੂਲਾਂ ਦੀ ਲੁੱਟ ਦਾ ਕਰੂਰ ਚੇਹਰਾ ਨੰਗਾ ਹੋਵੇਗਾ ਅਤੇ ਮਾਪਿਆਂ ਸਿਰੋਂ  ਬੱਚਿਆਂ  ਦੀਂ ਪੜਾਈ ਦੇ ਖਰਚਿਆਂ ਦਾ ਕੁਝ ਬੋਝ ਹਲਕਾ ਹੋਵੇਗਾ| ਕੁਝ ਲੋਕਾਂ ਨੂੰ ਇਹ ਵੀ ਭਰਮ ਸੀ ਕਿ ਸ਼ਾਇਦ ਮੌਜੂਦਾ ਕਾਂਗਰਸ ਸਰਕਾਰ, ਪ੍ਰਾਈਵੇਟ ਤੇ ਅਨਏਡਿਡ ਸਕੂਲਾਂ ਦੀਆਂ ਮਨ ਮਾਨੀਆਂ ਨੂੰ ਸਖ਼ਤੀ ਨਾਲ ਨਜਿੱਠੇਗੀ ਅਤੇ ਸਾਬਕਾ ਅਕਾਲੀ-ਭਾਜਪਾ ਸਰਕਾਰ ਵਾਂਗ ਉਹਨਾਂ ਦੀਂ ਪਿੱਠ  ਨਹੀਂ  ਥਾਪੜੇਗੀ|
ਪਰ ਇਹ ਸਾਰੀ ਕਾਰਵਾਈ ਮਹਿਜ਼ ਇੱਕ ਡਰਾਮਾ ਹੀ ਸਿੱਧ ਹੋਈ | ਸਿੱਖਿਆ ਮੰਤਰੀ ਅਰੁਣਾ ਚੌਧਰੀ ਦੇ ਮਨ ਚ ਕੁਝ ਘੰਟੇ ਬਾਅਦ ਹੀ ਨਿੱਜੀ ਸਕੂਲ ਮਾਲਿਕਾਂ ਪ੍ਰਤੀ ਮੋਹ ਜਾਗ ਪਿਆ ਅਤੇ ਉਸਨੇਂ ਉਹਨਾਂ ਦੇ ਸਕੂਲਾਂ ਨੂੰ ਸਖ਼ਤੀ ਨਾਲ ਚੈਕ ਕਰਨ ਦਾ ਫੈਸਲਾ ਰਾਤੋ ਰਾਤ ਨਾਟਕੀ ਢੰਗ ਨਾਲ ਵਾਪਸ ਲੈ ਲਿਆ ।ਸਿੱਖਿਆ ਮੰਤਰੀ ਨੇ ਅਧਿਕਾਰੀਆਂ ਅਤੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪ੍ਰਾਈਵੇਟ ਸਕੂਲਾਂ ਦੀ ਚੈਕਿੰਗ ਕਰਨ ਦੀ ਥਾਂ ਫੀਸਾਂ ਨਿਸ਼ਚਿਤ ਕਰਨ ਬਾਰੇ ਨਵੇਂ ਐਕਟ ਸਬੰਧੀ "ਆਮ ਲੋਕਾਂ ਵਿਚ ਚੇਤਨਾ ਪੈਦਾ ਕਰਨ ਅਤੇ ਅਣ-ਏਡਿਡ ਪ੍ਰਾਈਵੇਟ ਸਕੂਲਾਂ ਦੀਆਂ ਪ੍ਰਬੰਧਕੀ ਕਮੇਟੀਆਂ ਦੀਆਂ ਮੀਟਿੰਗਾਂ ਬੁਲਾ ਕੇ ਉਨ੍ਹਾਂ ਨੂੰ ਵੀ ਇਸ ਐਕਟ ਬਾਰੇ ਜਾਣੂ ਕਰਵਾਉਣ" ਦੇ ਹਾਸੋ ਹੀਣੇ ਅਤੇ ਬੇਤੁਕੇ ਆਦੇਸ਼ ਦੇ ਦਿੱਤੇ ਹਨ। ਮੰਤਰੀ ਜੀ ਏਨੇਂ ਭੋਲੇ ਨਹੀਂ ਕਿ ਉਹਨਾਂ ਨੂੰ ਇਸ ਗੱਲ ਦਾ ਨਾਂ ਪਤਾ ਹੋਵੇ ਕਿ ਲੋਕ ਇਸ ਬਾਰੇ ਚੇਤਨ ਹੋਣ ਕਾਰਨ ਹੀ ਫੀਸਾਂ ਚ ਵਾਧੇ ਦਾ ਵਿਰੋਧ ਕਰ ਰਹੇ ਹਨ| ਓਧਰ ਨਿੱਜੀ ਸਕੂਲਾਂ ਦੀਆਂ ਪ੍ਰਬੰਧਕੀ ਕਮੇਟੀਆਂ ਵੀ ਇਸ ਤੋਂ ਅਣਜਾਣ ਨਹੀਂ ਸਗੋਂ ਸਰਕਾਰੇ  ਦਰਬਾਰੇ ਆਪਣੀ ਪਹੁੰਚ ਦੇ ਸਿਰ ਤੇ ਆਵਦੀ ਲੁੱਟ ਜਾਰੀ ਰੱਖ ਰਹੇ ਹਨ | ਮਾਪਿਆਂ ਦੀਆਂ ਜੇਬਾਂ ਤੇ ਪੈ ਰਹੇ ਇਸ ਡਾਕੇ ਚ ਨਿੱਜੀ ਸਕੂਲਾਂ ਦੇ ਮਾਲਿਕਾਂ ਤੋਂ ਇਲਾਵਾ ਸਿਖਿਆ ਅਧਿਕਾਰੀ, ਸਿਆਸੀ ਆਗੂ, ਪੁਲਸ ਅਤੇ ਪ੍ਰਸ਼ਾਸ਼ਨ ਬਰਾਬਰ ਦੇ ਭਾਈਵਾਲ ਹਨ | ਕਾਂਗਰਸ ਸਰਕਾਰ ਅਸਲ ਵਿਚ  ਅਕਾਲੀ - ਭਾਜਪਾ ਸਰਕਾਰ ਵੱਲੋਂ ਘੜੇ ਲੋਕ ਵਿਰੋਧੀ ‘ਪੰਜਾਬ ਰੈਗੂਲੇਸ਼ਨ ਆਫ ਫੀਸ ਆਫ ਅਨਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਐਕਟ–2016’ ਤਹਿਤ ਨਿੱਜੀ ਸਕੂਲਾਂ ਵੱਲੋਂ ਕੀਤੀ ਜਾ ਰਹੀ ਲੁੱਟ ਨੂੰ ਕਾਨੂੰਨੀ ਜਾਮਾ ਪਹਿਨਾਉਣਾ ਚਾਹੁੰਦੀ ਹੈ ਅਤੇ "ਰੈਗੂਲੇਟਰੀ ਬਾਡੀਜ਼" ਨੂੰ ਇਹ ਕੰਮ ਸੰਭਾ ਕੇ ਆਪ ਲੋਕ ਰੋਹ ਤੋਂ ਬਚਣਾ ਚਾਹੁੰਦੀ ਹੈ| ਪੰਜਾਬ ਦੇ ਬਿਜਲੀ ਖੇਤਰ ਚ ਬਣੇ "ਰੈਗੂਲੇਟਰੀ ਕਮਿਸ਼ਨ " ਦਾ ਤਜ਼ਰਬਾ ਇਸ ਗੱਲ ਦਾ ਗਵਾਹ ਹੈ ਕਿ ਅਜਿਹੇ ਅਦਾਰੇ ਲੋਕ ਹਿਤਾਂ ਦਾ ਨਹੀਂ ਸਗੋਂ ਮਾਲਿਕਾਂ ਦੇ ਭਾਰੀ ਮੁਨਾਫਿਆਂ ਦੀਂ ਗਰੰਟੀ ਕਰਨ ਦਾ ਵੱਧ ਧਿਆਨ ਰੱਖਦੇ ਹਨ|
ਅਸਲ ਵਿਚ ਇਸ ਸਾਰੇ ਪੁਆੜੇ ਦੀਂ ਜੜ ਸੰਸਾਰ ਵਪਾਰ ਸੰਸਥਾ (WTO) ਦੇ ਹੁਕਮਾਂ ਤੇ ਭਾਰਤ ਸਰਕਾਰ ਵੱਲੋਂ ਸਿਖਿਆ ਦਾ ਖੇਤਰ ਨਿੱਜੀ ਪੂੰਜੀ ਲਈ ਖੋਹਲਣ ਦਾ ਫੈਸਲਾ ਹੈ, ਜਿਸ ਦੇ ਤਹਿਤ ਸਿਖਿਆ ਦਾ ਖੇਤਰ ਸਮਾਜਿਕ ਭਲਾਈ ਦੀਂ ਥਾਂ ਵਪਾਰਿਕ ਸਰਗਰਮੀ ਬਣਾ ਦਿੱਤਾ ਗਿਆ| ਇਸ ਤੋਂ ਪਹਿਲਾਂ ਸਰਕਾਰੀ ਸਿਖਿਆ ਤੰਤਰ - ਪ੍ਰਾਈਮਰੀ ਸਕੂਲਾਂ ਤੋਂ ਲੈ ਕੇ ਯੂਨੀਵਰਸਿਟੀਆਂ ਤੱਕ, ਲੋਕਾਂ ਲਈ ਸਿਖਿਆ ਦਾ ਮਹੱਤਵਪੂਰਨ ਸਾਧਨ ਸੀ| ਇਸ ਸਰਕਾਰੀ ਸਿਖਿਆ ਤੰਤਰ ਨੂੰ ਢਾਹ ਲਾਕੇ, ਨਿੱਜੀ ਵਿਦਿਅਕ ਅਦਾਰਿਆਂ ਦੀ ਸਥਾਪਤੀ ਨੂੰ ਉਗਾਸ ਦੇਣ ਲਈ ਹਾਕਮਾਂ ਨੇਂ 'ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ' ਦੇ ਦੌਰ ਚ, ਲੋਕ ਵਿਰੋਧੀ ਨੀਤੀਆਂ ਦਾ ਵੱਡਾ ਪੂਰ ਲਿਆਂਦਾ| ਸਾਰੇ ਨਿਯਮਾਂ, ਕਾਨੂੰਨਾਂ ਨੂੰ ਛਿੱਕੇ ਤੇ ਟੰਗ ਕੇ ਨਿੱਜੀ ਸਿਖਿਆ ਅਦਾਰਿਆਂ ਨੂੰ, ਜਿਨ੍ਹਾਂ ਚੋਂ ਵੱਡੀ ਗਿਣਤੀ ਸਿਆਸੀ ਆਗੂਆਂ ਜਾਂ ਉਹਨਾਂ ਦੇ ਚਹੇਤਿਆਂ ਵੱਲੋਂ ਖੋਹਲੇ ਗਏ ਸਨ, ਨੂੰ ਲੋਕਾਂ ਦੀ ਖੁਲੀ ਲੁੱਟ ਕਰਨ ਦੀ ਇਜ਼ਾਜ਼ਤ ਦਿੱਤੀ ਗਈ | ਫੀਸਾਂ, ਫ਼ੰਡ, ਕੈਪੀਟੇਸ਼ਨ  ਫੀਸ, ਕਿਤਾਬਾਂ ਅਤੇ ਵਰਦੀਆਂ ਦੇ ਖਰਚੇ ਆਦਿ ਇਹਨਾਂ ਅਦਾਰਿਆਂ ਦੇ ਮਲਿਕ ਆਵਦੀ ਮਰਜ਼ੀ ਨਾਲ ਤਹਿ ਕਰਦੇ ਸਨ | ਇਹਨਾਂ ਅਦਾਰਿਆਂ ਲਈ ਇਮਾਰਤਾਂ ਅਤੇ ਹੋਰ ਬੁਨਿਆਦੀ ਢਾਂਚਾ ਉਸਾਰਨ ਲਈ, ਬਿਲਡਿੰਗ ਫ਼ੰਡ, ਇੰਫਰਾਸਟਰਕਚਰ ਫ਼ੰਡ ਆਦਿ ਦੇ ਨਾਂ ਤੇ ਸਾਰਾ ਖਰਚਾ ਵਿਦਿਆਰਥੀਆਂ ਦੇ ਸਿਰ ਪਾ ਕੇ ਮਲਿਕ ਆਵਦੀਆਂ ਵੱਡਿਆਂ ਜਾਇਦਾਦਾਂ ਖੜੀਆਂ ਕਰ ਲੈਂਦੇ ਹਨ | ਇਸ ਸਾਰੀ ਲੁੱਟ ਨੂੰ "ਗੁਣਾਂ ਪੱਖੋਂ ਚੰਗੀ ਸਿਖਿਆ" ਦੇ ਨਾਂ ਤੇ ਜਾਇਜ਼ ਠਹਿਰਾਇਆ ਜਾਂਦਾ ਹੈ, ਜੋ ਅਸਲ ਚ ਇਹ ਹੈ ਨਹੀਂ |
ਇਸ ਲਈ ਸਾਨੂੰ ਨਿੱਜੀ ਵਿਦਿਅਕ ਅਦਾਰਿਆਂ ਵੱਲੋਂ ਕੀਤੀ ਜਾ ਰਹੀ ਲੁੱਟ ਨੂੰ ਲਗਾਮਾਂ ਪਾਉਣ ਦੇ ਨਾਲ ਨਾਲ ਸਿਖਿਆ ਖੇਤਰ ਚ ਨਿੱਜੀਕਰਨ  ਦੀਆਂ ਨੀਤੀਆਂ  ਦਾ ਜ਼ੋਰਦਾਰ ਵਿਰੋਧ ਕਰਨ ਅਤੇ ਸਰਕਾਰੀ ਸਿਖਿਆ ਤੰਤਰ ਨੂੰ ਮਜ਼ਬੂਤ, ਸਸਤਾ ਅਤੇ ਲੋਕ ਪੱਖੀ ਬਨਾਉਣ ਲਈ ਮੰਗ ਵੀ ਜ਼ੋਰਦਾਰ ਢੰਗ ਨਾਲ ਉਭਾਰਨੀ ਚਾਹੀਦੀ ਹੈ |   
                       

Sunday, April 9, 2017

ਸੇਵੇਵਾਲਾ: ਫਿਰਕੂ ਫਾਸ਼ੀਵਾਦ ਵਿਰੁੱਧ ਸੰਗਰਾਮ ਦਾ ਸੂਹਾ ਪਰਚਮ

ਸੇਵੇਵਾਲਾ; ਗੀਤ ਗਾਉਂਦਾ ਰਹੇਗਾ:
ਮਸ਼ਾਲਾਂ ਬਾਲਕੇ ਚੱਲਣਾ, ਜਦੋਂ ਤੱਕ ਰਾਤ ਬਾਕੀ ਹੈ..
.

ਅਮੋਲਕ ਸਿੰਘ 


ਜੈਤੋ ਲਾਗੇ ਪਿੰਡ ਸੇਵੇਵਾਲਾ; ਆਪਣੀ ਹਿੱਕ ਅੰਦਰ ਇੱਕ ਹੋਰ ਜਲਿਆਂਵਾਲਾ ਸਮੋਈ ਬੈਠਾ ਹੈ। ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ਼ ਅੰਦਰ ਲੋਕਾਂ ਉਪਰ ਗੋਲੀਆਂ ਦੀ ਵਰਖਾ ਹੋਈ ਸੀ 13 ਅਪ੍ਰੈਲ 1919 ਨੂੰ। ਸੇਵੇਵਾਲਾ ਵਿੱਚ ਬਾਰੂਦੀ ਮੀਂਹ ਵਰ੍ਹਿਆ ਸੀ 9 ਅਪ੍ਰੈਲ 1991 ਨੂੰ। ਜਲਿਆਂਵਾਲਾ ਬਾਗ਼ ਅੰਦਰ ਜੁੜੇ ਲੋਕਾਂ ਉਪਰ ਹੱਲਾ ਬੋਲਿਆ ਸੀ ਬਰਤਾਨਵੀ ਹਾਕਮਾਂ ਨੇ। ਸੇਵੇਵਾਲਾ 'ਚ ਪੁਰਅਮਨ ਲੋਕਾਂ ਦੇ ਖ਼ੂਨ ਦੀ ਹੋਲੀ ਖੇਡੀ ਸੀ; ਖ਼ਾਲਿਸਤਾਨੀ ਦਹਿਸ਼ਤਗਰਦਾਂ ਨੇ। ਜਲਿਆਂਵਾਲਾ ਬਾਗ਼ ਦੇ ਲੋਕਾਂ ਵਾਂਗ ਸੇਵੇਵਾਲਾ ਵਿਖੇ ਜੁੜੇ ਲੋਕ ਹੱਕ, ਸੱਚ, ਇਨਸਾਫ ਦੀ ਗੱਲ ਕਰਦੇ ਸਨ।
ਜਲਿਆਂਵਾਲਾ ਬਾਗ਼ ਅਤੇ ਸੇਵੇਵਾਲਾ ਦਾ ਇਤਿਹਾਸ ਗਵਾਹ ਹੈ ਕਿ ਇਥੇ ਜੁੜੇ ਲੋਕਾਂ ਨੇ ਨਾ ਕੋਈ ਦਫ਼ਤਰ ਘੇਰਿਆ ਸੀ, ਨਾ ਰੇਲਵੇ ਲਾਈਨ ਨਾ ਕੋਈ ਸੜਕ। ਨਾ ਕਿਸੇ ਦੇ ਸਮਾਗਮ 'ਚ ਜਾ ਕੇ ਕੋਈ ਵਿਘਨ ਪਾਇਆ ਸੀ। ਨਾ ਕੋਈ 'ਹਿੰਸਕ ਭੀੜ' ਸੀ। ਇਹ ਤਾਂ ਨਿਹੱਥੇ, ਬੇਦੋਸ਼ੇ ਆਮ ਲੋਕ ਸਨ ਜਿਹੜੇ ਆਪਣੇ ਆਗੂਆਂ ਦੀ ਗੱਲ ਸੁਣਨ ਅਤੇ ਨਾਟਕ ਵੇਖਣ ਆਏ ਸਨ। ਆਖਰ ਇਹਨਾਂ ਲੋਕਾਂ ਤੋਂ ਅਜੇਹਾ ਕਿਹੜਾ ਖ਼ਤਰਾ ਸੀ ਜਿਸ ਕਰਕੇ ਇਹਨਾਂ ਉਪਰ ਬਾਰੂਦੀ ਹੱਲਾ ਬੋਲਿਆ ਗਿਆ। ਜਲਿਆਂਵਾਲਾ ਬਾਗ਼ ਨੂੰ ਵੀ ਆਉਣ ਜਾਣ ਦਾ ਇਕੋ ਇੱਕ ਤੰਗ ਰਾਹ ਸੀ। ਸੇਵੇਵਾਲਾ ਮਜ਼ਦੂਰ ਧਰਮਸ਼ਾਲਾ ਵੀ ਇਕ ਰਾਤ ਤੋਂ ਬਿਨਾ ਚਾਰ ਦੀਵਾਰੀ ਸੀ ਜਿਥੇ ਪਲਾਂ ਛਿਣਾਂ ਵਿੱਚ 18 ਲੋਕ-ਸੰਗਰਾਮੀਆਂ ਨੂੰ ਗੋਲੀਆਂ ਨਾਲ ਭੁੰਨਿਆਂ ਗਿਆ। ਦਰਜ਼ਨਾਂ ਨੂੰ ਜਖ਼ਮੀ ਕੀਤਾ ਗਿਆ।
ਸ਼ਹੀਦੀ ਜਾਮ ਪਾਉਣ ਵਾਲਿਆਂ ਵਿੱਚ ਜਾਣੇ-ਪਹਿਚਾਣੇ ਲੋਕ-ਆਗੂ ਮੇਘ ਰਾਜ ਭਗਤੂਆਣਾ, ਜਗਪਾਲ ਸੇਲਬਰਾਹ, ਮਾਤਾ ਸਦਾ ਕੌਰ, ਗੁਰਜੰਟ ਸਿੰਘ ਢਿੱਲਵਾਂ, ਪੱਪੀ, ਤੇਜਿੰਦਰ ਅਤੇ ਕਰਮ ਸਿੰਘ ਰਾਮਪੁਰਾ ਆਦਿ ਸ਼ਾਮਲ ਸਨ।
ਵਕਤ ਦਾ ਵੀ ਆਪਣਾ ਚਰਿੱਤਰ ਹੁੰਦਾ ਹੈ ਜੋ ਰਾਜ ਭਾਗ ਦੇ ਚਿਹਰੇ, ਸਮਾਂ ਅਤੇ ਸਥਾਨ ਬਦਲਣ ਨਾਲ ਨਹੀਂ ਬਦਲਦਾ। ਇਹ ਕੌੜੀਆਂ ਹਕੀਕਤਾਂ ਦੇ ਦਰਸ਼ਨ ਦੀਦਾਰ ਕਰਾਉਂਦਾ ਰਹਿੰਦਾ ਹੈ। ਜਲਿਆਂਵਾਲਾ ਬਾਗ਼ ਖ਼ੂਨੀ ਕਾਂਡ ਮਗਰੋਂ ਜਿਵੇਂ ਜਨਰਲ ਡਾਇਰ ਨੇ ਪੂਰੀ ਬੇਹਯਾਈ ਨਾਲ ਇਸ ਕਾਰੇ 'ਤੇ ਮਾਣ ਮਹਿਸੂਸ ਕੀਤਾ ਸੀ ਇਉਂ ਹੀ ਸੇਵੇਵਾਲਾ ਕਤਲੇਆਮ ਮੌਕੇ ਕਾਤਲੀ ਗਰੋਹ ਕਾਰਾ ਕਰਕੇ ਜਾਂਦਾ ਹੋਇਆ ਜਿਹੜੀ ਚਿੱਠੀ ਸੁੱਟਕੇ ਗਿਆ ਉਸ ਉਪਰ ਖ਼ਾਲਿਸਤਾਨੀ ਜੱਥੇਬੰਦੀ ਨੇ ਹੁੱਬਕੇ ਜ਼ਿੰਮੇਵਾਰੀ ਲਈ ਸੀ।
ਖ਼ੂਨੀ ਕਾਂਡ ਦੇ ਜ਼ਿੰਮੇਵਾਰੀ ਚੁੱਕਣ ਦੇ ਨਾਲ ਨਾਲ ਚਿੱਠੀ ਵਿੱਚ ਵਿਸ਼ੇਸ਼ ਕਰਕੇ ਦਲਿਤ ਭਾਈਚਾਰੇ ਨੂੰ ਚਿਤਾਵਨੀ ਵੀ ਦਿੱਤੀ ਗਈ ਸੀ ਕਿ,''ਇਹ ਤਾਂ ਅਜੇ ਟ੍ਰੇਲਰ ਹੈ ਜੇ ਤੁਸੀਂ 'ਫਰੰਟ' ਦਾ ਸਾਥ ਦੇਣਾ ਨਾ ਛੱਡਿਆ ਤਾਂ ਇਸ ਤੋਂ ਵੀ ਭਿਆਨਕ ਨਤੀਜੇ ਭੁਗਤਣ ਲਈ ਤਿਆਰ ਰਹਿਣਾ।''
ਜ਼ਬਰ ਤੇ ਫ਼ਿਰਕਾਪ੍ਰਸਤੀ ਵਿਰੋਧੀ ਫਰੰਟ ਦੀ ਜੈਤੋ ਇਲਾਕਾ ਕਮੇਟੀ ਵੱਲੋਂ ਸੇਵੇਵਾਲਾ ਰੱਖੇ ਸਮਾਗਮ 'ਚ ਪ੍ਰੋ. ਅਜਮੇਰ ਸਿੰਘ ਔਲਖ ਦਾ ਲਿਖਿਆ ਨਾਟਕ 'ਅੰਨ੍ਹੇ ਨਿਸ਼ਾਨਚੀ', ਪੰਜਾਬ ਨਾਟਕ ਕਲਾ ਕੇਂਦਰ ਵੱਲੋਂ ਖੇਡਿਆ ਗਿਆ। ਇਸ ਉਪਰੰਤ ਜਦੋਂ ਜ਼ਬਰ ਤੇ ਫ਼ਿਰਕਾਪ੍ਰਸਤੀ ਵਿਰੋਧੀ ਫਰੰਟ ਪੰਜਾਬ ਦੇ ਕਨਵੀਨਰ ਹਥਲੇ ਲੇਖਕ ਸੰਬੋਧਨ ਕਰ ਰਹੇ ਸਨ ਤਾਂ ਉਸ ਮੌਕੇ ਫੌਜੀ ਵਰਦੀਆਂ ਦੇ ਭੁਲੇਖਾ ਪਾਊ ਲਿਬਾਸ ਵਿੱਚ ਆਏ ਗ੍ਰੋਹ ਨੇ ਬੰਬਾਂ-ਬੰਦੂਕਾਂ ਨਾਲ ਹੱਲਾ ਬੋਲ ਦਿੱਤਾ। ਇਸ ਹੱਲੇ ਦਾ ਮਕਸਦ, ਹੱਕ, ਸੱਚ ਇਨਸਾਫ਼ ਦੀ ਆਵਾਜ਼ ਦੇ ਗੱਲ ਗੂਠਾ ਦੇਣਾ ਸੀ। ਅਜੇਹਾ ਹੱਲਾ ਬੋਲਣ ਵਾਲਿਆਂ ਦਾ ਨਿਸ਼ਾਨਾ ਸਾਂਝਾ ਸੀ। ਸਿਰਫ਼ ਜਲਿਆਂਵਾਲਾ ਬਾਗ਼ ਸਾਕਾ-1919 ਤੋਂ ਹਿੰਦਸੇ ਦੀ ਬਦਲੀ ਸੇਵੇਵਾਲਾ 1991 ਓਨੀ ਕੁ ਹੀ ਹੋਈ ਸੀ ਜਿੰਨੀ ਕੁ ਸਥਾਪਤੀ ਦੇ 'ਸੁਭਾਅ' ਵਿੱਚ 1947 ਤੋਂ ਪਹਿਲਾਂ ਅਤੇ ਮਗਰੋਂ ਹੋਈ ਹੈ।
ਖ਼ਾਮੋਸ਼ ਹੋਣ ਜਾਂ ਸਹਿਮਜ਼ਦਾ ਹੋਣ ਦੀ ਬਜਾਏ ਲੋਕ ਆਵਾਜ਼ ਹੋਰ ਵੀ ਜ਼ਰਬਾਂ ਖਾਣ ਲੱਗੇ। ਸੇਵੇਵਾਲਾ, ਭਗਤੂਆਣਾ, ਸੇਲਬਰਾਹ, ਰਾਮਪੁਰਾ ਅਤੇ ਢਿੱਲਵਾਂ ਵਿੱਚ ਸੰਸਕਾਰਾਂ ਅਤੇ ਸ਼ਰਧਾਂਜ਼ਲੀ ਸਮਾਗਮ ਸਮੇਂ ਵਿਸ਼ਾਲ ਜਨਤਕ ਇਕੱਠ ਹੋਏ। ਥੋੜ੍ਹੇ ਵਕਫ਼ੇ ਮਗਰੋਂ ਹੀ ਜੈਤੋ ਦੀ ਧਰਤੀ 'ਤੇ ਰਵਾਇਤੀ ਹਥਿਆਰਾਂ ਨਾਲ ਲੈਸ ਹੋ ਕੇ ਹਜ਼ਾਰਾਂ ਮਰਦ-ਔਰਤਾਂ ਨੇ ਕਾਨਫਰੰਸ ਕੀਤੀ ਅਤੇ ਰੋਹ ਭਰਿਆ ਵਿਖਾਵਾ ਕੀਤਾ। ਦਲਿਤ ਵਿਹੜਿਆਂ ਅੰਦਰ ਹੋਰ ਵੀ ਬੁਲੰਦ ਆਵਾਜ਼ 'ਚ ਕਵੀ ਸੰਤ ਰਾਮ ਉਦਾਸੀ ਦੇ ਗੀਤ ਗੂੰਜਣ ਲੱਗੇ:
ਮਾਂ ਧਰਤੀਏ ਤੇਰੀ ਗੋਦ ਨੂੰ
ਚੰਨ ਹੋਰ ਬਥੇਰੇ
ਤੂੰ ਮਘਦਾ ਰਹੀਂ ਵੇ ਸੂਰਜਾ
ਕੰਮੀਆਂ ਦੇ ਵਿਹੜੇ।
ਇਹ ਆਵਾਜ਼ ਆਉਣੀ ਹੀ ਸੀ ਕਿਉਂਕਿ ਜ਼ਬਰ ਤੇ ਫ਼ਿਰਕਾਪ੍ਰਸਤੀ ਵਿਰੋਧੀ ਫਰੰਟ ਪੰਜਾਬ ਉਸ ਮਿੱਟੀ 'ਚ ਜੁਆਨ ਹੋਇਆ ਸੀ ਜਿਸ ਮਿੱਟੀ ਦੇ ਇਤਿਹਾਸ ਅਤੇ ਵਿਰਸੇ ਨੂੰ ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ ਅਤੇ ਅਜੋਕੀ ਇਨਕਲਾਬੀ ਲਹਿਰ ਨੇ ਆਪਣੇ ਲਹੂ ਸੰਗ ਸਿੰਜਿਆ ਸੀ।
ਸੇਵੇਵਾਲਾ ਦੀ ਧਰਤੀ 'ਤੇ ਡੁੱਲ੍ਹੀ ਰੱਤ ਸੰਗ ਸਿੰਜਿਆ ਲੋਕ-ਲਹਿਰ ਦਾ ਬੂਟਾ ਹੁਣ ਹੋਰ ਵੀ ਜ਼ੋਬਨ 'ਤੇ ਆਇਆ ਹੈ। ਇਸਦੇ ਨਿਸ਼ਾਨੇ ਹੋਰ ਵੀ ਵਿਆਪਕ, ਉਚੇਰੇ ਅਤੇ ਵਡੇਰੇ ਹੋਏ ਹਨ। ਇਹ ਬੂਟਾ, ਖਰੀ ਆਜ਼ਾਦੀ, ਜਮਹੂਰੀਅਤ, ਧਰਮ-ਨਿਰਪੱਖਤਾ, ਲੋਕ-ਮੁਕਤੀ ਅਤੇ ਹਰ ਵੰਨਗੀ ਦੀ ਸਮਾਜਕ ਬਰਾਬਰੀ ਸਿਰਜਣ ਦੀ ਮਹਿਕ ਵੰਡ ਰਿਹਾ ਹੈ। ਝੁਕਣ, ਝਿਪਣ ਜਾਂ 'ਦੜ ਵੱਟ ਜ਼ਮਾਨਾ ਕੱਟ' ਦੀ ਬਜਾਏ ਸੇਵੇਵਾਲਾ ਦੇ ਲਹੂ ਨੇ, 'ਸੱਚ ਸੁਣਾਇ ਸੱਚ ਕੀ ਬੇਲਾ' ਦੀ ਵਿਰਾਸਤ ਨੂੰ ਬੁਲੰਦ ਕਰਕੇ ਸਾਬਤ ਕੀਤਾ ਹੈ ਕਿ:
'ਹਰ ਮਿੱਟੀ ਦੀ ਆਪਣੀ ਖਸ਼ਲਤ
ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ'
ਜੇ ਸੇਵੇਵਾਲਾ ਚੁੱਪ ਹੋ ਜਾਂਦਾ। ਜੇ ਸੇਵੇਵਾਲਾ ਦੇ ਕਦਮ ਡਰਾ ਮਗਾ ਜਾਂਦੇ। ਜੇ ਸੇਵੇਵਾਲਾ ਵਕਤ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਤੱਕਣ ਦਾ ਜੇਰਾ ਨਾ ਕਰਦਾ ਤਾਂ ਸ਼ਾਇਦ ਪੰਜਾਬ ਦਾ ਇਤਿਹਾਸ ਅੱਜ ਨੂੰ ਕੁੱਝ ਹੋਰ ਹੁੰਦਾ। ਪਤਾ ਨਹੀਂ ਕਿੰਨੇ ਹੋਰ ਪਾਸ਼, ਪੱਡਾ, ਰਵੀ, ਗਿਆਨ ਸਿੰਘ ਸੰਘਾ, ਨਿਧਾਨ ਸਿੰਘ ਘੁਡਾਣੀ ਕਲਾਂ, ਲਾਲਇੰਦਰ ਲਾਲੀ, ਮਲਕੀਤ ਮੱਲ੍ਹਾ, ਦੀਪਕ ਅਤੇ ਦਰਸ਼ਨ ਸਿੰਘ ਕੈਨੇਡੀਅਨ ਵਿਦਾ ਕਰਨੇ ਪੈਂਦੇ।
ਸੇਵੇਵਾਲਾ ਅਤੇ ਹੋਰ ਕਿੰਨੇ ਹੀ ਖਿੱਡਿਆਂ ਅੰਦਰ ਫ਼ਿਰਕੂ ਅਤੇ ਹਕੂਮਤੀ ਜ਼ਬਰ ਖਿਲਾਫ਼ ਸਿੱਧੇ ਮੱਥੇ ਟੱਕਰਨ ਦਾ ਫਲ਼ ਹੀ ਹੈ ਜਿਹੜਾ ਅਜੋਕੀ ਇਨਕਲਾਬੀ ਲਹਿਰ ਦੀ ਝੋਲੀ ਪੈ ਰਿਹਾ ਹੈ। ਅੱਜ ਜੋ ਮਜ਼ਦੂਰਾਂ, ਕਿਸਾਨਾਂ, ਵਿਦਿਆਰਥੀਆਂ, ਨੌਜਵਾਨਾਂ, ਬੇਰੁਜ਼ਗਾਰਾਂ, ਠੇਕਾ ਕਾਮਿਆਂ, ਔਰਤਾਂ, ਜ਼ਮੀਨ ਪ੍ਰਾਪਤੀ ਦੇ ਸੰਗਰਾਮੀਆਂ, ਔਰਤਾਂ ਦੇ ਸੰਗਰਾਮ ਚੱਲ ਰਹੇ ਹਨ; ਜੋ ਫ਼ਿਰਕੂ ਫਾਸ਼ੀ ਤਾਕਤਾਂ ਦੇ ਖਿਲਾਫ਼ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਲਈ ਅੱਗੇ ਵਧ ਰਹੀ ਤਰਕਸ਼ੀਲ, ਵਿਗਿਆਨਕ, ਜਮਹੂਰੀ ਲਹਿਰ ਪੂਰੇ ਸਿਰੜ ਨਾਲ ਜੂੜ ਰਹੀ ਹੈ, ਇਸ ਲਹਿਰ ਦੀ ਰਵਾਨਗੀ ਵਿੱਚ ਸੇਵੇਵਾਲਾ ਦੇ ਅਮਰ ਜੁਝਾਰੂਆਂ ਦਾ ਲਹੂ ਦੌੜਦਾ ਹੈ। ਅੱਜ 9 ਅਪ੍ਰੈਲ ਨੂੰ ਸੇਵੇਵਾਲਾ ਦੀ ਧਰਤੀ 'ਤੇ ਯਾਦਗਾਰ ਕੁੱਝ ਇਉਂ ਬੋਲਦੀ ਹੈ:
ਬਲ਼ਦੇ ਹੱਥਾਂ ਨੇ ਜੋ ਹਵਾ 'ਚ ਲਿਖੇ
ਹਰਫ਼ ਓਹੀ ਹਮੇਸ਼ਾਂ ਲਿਖੇ ਰਹਿਣਗੇ।
ਸਾਡੇ ਸਮਿਆਂ ਅੰਦਰ ਚੱਲ ਰਹੇ ਅਤੇ ਭਵਿੱਖ ਦਾ ਨਵਾਂ ਸਿਰਨਾਵਾਂ ਲਿਖ ਰਹੇ ਘੋਲਾਂ ਦੇ ਬੋਲਾਂ ਅੰਦਰ ਸੇਵੇਵਾਲਾ ਗੀਤ ਗਾਉਂਦਾ ਰਹੇਗਾ:
ਮਸ਼ਾਲਾਂ ਬਾਲਕੇ ਚੱਲਣਾ
ਜਦੋਂ ਤੱਕ ਰਾਤ ਬਾਕੀ ਹੈ
ਅਮੋਲਕ ਸਿੰਘ
ਸੰਪਰਕ 94170 76735