StatCounter

Tuesday, October 19, 2010

JALLANDHAR CONVENTION GETS WIDE PRESS COVERAGE

ਆਪ੍ਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਦੀ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ 'ਚ ਹੋਈ ਸੂਬਾਈ ਕਨਵੈਨਸ਼ਨ ਦੇ ਮੰਚ ਤੇ ਅਰੁੰਧਤੀ ਰਾਏ ਨਾਲ ਸ੍ਰੀ ਹਿਮਾਂਸ਼ੂ ਕੁਮਾਰ, ਉਨ੍ਹ੍ਹਾਂ ਦੀ ਪਤਨੀ ਵੀਨਾ, ਕਾਮਰੇਡ ਗੰਧਰਵ ਸੇਨ, ਕਾਮਰੇਡ ਨੌਨਿਹਾਲ ਸਿੰਘ, ਡਾ: ਅਜਮੇਰ ਔਲਖ, ਪ੍ਰੋ: ਏ. ਕੇ. ਮਲੇਰੀ, ਸ੍ਰੀ ਸੰਜੇ ਕਾਕ ਤੇ ਜਮਹੂਰੀ ਫਰੰਟ ਦੀ ਸੂਬਾ ਕਮੇਟੀ ਦੇ ਮੈਂਬਰ। ਤਸਵੀਰ: ਜੀ. ਪੀ. ਸਿੰਘ

ਆਪ੍ਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਦੀ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ 'ਚ ਹੋਈ ਸੂਬਾਈ ਕਨਵੈਂਨਸ਼ਨ ਨੂੰ ਸੰਬੋਧਨ ਕਰਦੀ ਹੋਈ ਵਿਸ਼ਵ ਪ੍ਰਸਿੱਧ ਲੇਖਿਕਾ ਤੇ ਸਮਾਜ ਸੇਵਿਕਾ ਅਰੁੰਧਤੀ ਰਾਏ। ਤਸਵੀਰ: ਜੀ. ਪੀ. ਸਿੰਘ

ਮਾਓਵਾਦੀਆਂ ਨੂੰ ਅਹਿੰਸਾ ਦਾ ਪਾਠ ਪੜ੍ਹਾਉਣਾ ਅਨੈਤਿਕਤਾ : ਅਰੁੰਧਤੀ ਰਾਏ
ਆਪ੍ਰੇਸ਼ਨ ਗਰੀਨ ਹੰਟ ਵਿਰੋਧੀ ਫਰੰਟ ਵੱਲੋਂ ਜਲੰਧਰ 'ਚ ਸੂਬਾਈ ਕਨਵੈਂਨਸ਼ਨ

ਐੱਚ.ਐੱਸ.ਬਾਵਾ

ਜਲੰਧਰ, 17 ਅਕਤੂਬਰ- ਬੁੱਕਰ ਪੁਰਸਕਾਰ ਜੇਤੂ ਲੇਖਕਾ, ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਬੁੱਧੀਜੀਵੀ ਅਤੇ ਸਮਾਜ ਸੇਵੀ ਅਰੁੰਧਤੀ ਰਾਏ ਨੇ ਕਿਹਾ ਹੈ ਕਿ ਮਾਓਵਾਦੀਆਂ ਨੂੰ ਅਹਿੰਸਾ ਦਾ ਪਾਠ ਪੜ੍ਹਾਉਣਾ ਅਨੈਤਿਕਤਾ ਹੈ। ਉਨ੍ਹਾਂ ਕਿਹਾ ਕਿ ਬੇਇਨਸਾਫ਼ੀ ਵਿਰੁੱਧ ਲੜਨ ਵਾਲਿਆਂ ਨੂੰ ਇਨਸਾਫ਼ ਦੀ ਪ੍ਰਾਪਤੀ ਲਈ ਸੰਘਰਸ਼ ਦੇ ਵੱਖ-ਵੱਖ ਤਰੀਕੇ ਅਪਣਾਉਣੇ ਚਾਹੀਦੇ ਹਨ।

ਆਪ੍ਰੇਸ਼ਨ ਗਰੀਨ ਹੰਟ ਵਿਰੋਧੀ ਫਰੰਟ, ਪੰਜਾਬ ਦੇ ਸੱਦੇ 'ਤੇ ਅੱਜ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਈ ਸੂਬਾਈ ਕਨਵੈਂਨਸ਼ਨ ਨੂੰ ਸੰਬੋਧਨ ਕਰਨ ਹਿਤ ਪਹਿਲੀ ਵਾਰ ਪੰਜਾਬ ਪੁੱਜੀ ਅਰੁੰਧਤੀ ਰਾਏ ਨੇ ਹਿੰਸਾ ਬਨਾਮ ਅਹਿੰਸਾ ਦੀ ਬਹਿਸ ਤੋਰਨ ਵਾਲਿਆਂ ਨੂੰ ਸਵਾਲ ਕੀਤਾ ਕਿ ਜਦ ਲੋਕ ਭੁੱਖ ਨਾਲ ਮਰਦੇ ਹਨ ਤਾਂ ਕੀ ਉਹ ਹਿੰਸਾ ਨਹੀਂ? ਜਦ ਲੋਕਾਂ ਦੀ ਜ਼ਮੀਨ ਖੋਹ ਕੇ ਉਨ੍ਹਾਂ ਨੂੰ ਭਜਾ ਦਿੱਤਾ ਜਾਵੇ ਤਾਂ ਕੀ ਇਹ ਹਿੰਸਾ ਨਹੀਂ? ਉਨ੍ਹਾਂ ਕਿਹਾ ਕਿ ਕੀ ਉਨ੍ਹਾਂ ਆਦਿਵਾਸੀਆਂ ਨੂੰ ਹੁਣ ਗਾਂਧੀਵਾਦੀ ਤਰੀਕੇ ਨਾਲ ਭੁੱਖ ਹੜਤਾਲ ਰੱਖਣ ਦਾ ਸੱਦਾ ਦਿੱਤਾ ਜਾਵੇ ਜਿਹੜੇ ਪਹਿਲਾਂ ਹੀ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ? ਜਿਹੜੇ ਲੋਕਾਂ ਕੋਲ ਖ਼ਰੀਦਣ ਨੂੰ ਕੁੱਝ ਵੀ ਨਹੀਂ ਉਨ੍ਹਾਂ ਨੂੰ ਇਹ ਸੱਦਾ ਦੇਣਾ ਤਰਕਸੰਗਤ ਨਹੀਂ ਕਿ ਉਹ ਵਿਦੇਸ਼ੀ ਚੀਜ਼ਾਂ ਦਾ ਬਾਈਕਾਟ ਕਰਨ। ਅਰੁੰਧਤੀ ਰਾਏ ਨੇ ਕਿਹਾ ਕਿ ਗਾਂਧੀਵਾਦੀ ਸੰਘਰਸ਼ ਤਾਂ ਇਕ ਰਾਜਸੀ ਥੀਏਟਰ ਹੈ ਜਿਹੜਾ ਦਰਸ਼ਕਾਂ ਦੀ ਤਲਾਸ਼ ਵਿਚ ਹੈ ਪਰ ਜੰਗਲ ਵਿਚ ਦਰਸ਼ਕ ਨਹੀਂ ਹਨ। ਉਨ੍ਹਾਂ ਕਿਹਾ ਕਿ ਬਾਹਰੋਂ ਜਾ ਕੇ ਮਾਓਵਾਦੀਆਂ ਨੂੰ ਇਹ 'ਲੈਕਚਰ' ਦੇਣਾ ਸਹੀ ਨਹੀਂ ਕਿ ਉਹ ਅਹਿੰਸਕ ਤਰੀਕੇ ਨਾਲ ਲੜਨ। ਉਨ੍ਹਾਂ ਕਿਹਾ ਕਿ ਸਾਨੂੰ ਸਭਨਾਂ ਨੂੰ ਇਹ ਹੱਕ ਹੈ ਕਿ ਅਸੀਂ ਕਿਵੇਂ ਲੜੀਏ ਪਰ ਦੂਜਿਆਂ ਨੂੰ ਨਸੀਹਤ ਦੇਣ ਦਾ ਸਾਨੂੰ ਕੋਈ ਹੱਕ ਨਹੀਂ। ਆਦਿਵਾਸੀਆਂ ਦੇ ਗੈਰ-ਸਰਮਾਏਦਾਰੀ ਜੀਵਨ ਵਿਹਾਰ ਨੂੰ ਵੀ ਜ਼ਰੂਰੀ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਉਸ ਨੂੰ ਖ਼ਤਮ ਨਹੀਂ ਕਰਨਾ ਚਾਹੀਦਾ।

'ਲਾਲ ਸਲਾਮ' ਨਾਲ ਆਪਣਾ ਭਾਸ਼ਣ ਸ਼ੁਰੂ ਅਤੇ ਖ਼ਤਮ ਕਰਨ ਵਾਲੀ ਲੇਖਕਾ ਨੇ ਖਚਾਖਚ ਭਰੇ ਹਾਲ ਵਿਚ ਆਪਣੇ ਸੰਬੋਧਨ ਵਿਚ ਬੇਇਨਸਾਫ਼ੀ ਦੇ ਖ਼ਿਲਾਫ਼ ਲੜਾਈ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ 'ਇਸ ਦੇਸ਼ ਦੇ ਲੋਕ ਚੁੱਪ ਹਨ। ਸਰਕਾਰਾਂ, ਟੀ.ਵੀ. ਤੇ ਹੋਰ ਮੀਡੀਆ ਰਾਸ਼ਟਰਮੰਡਲ ਖੇਡਾਂ 'ਚ ਲੱਗਾ ਹੋਇਆ ਹੈ ਅਤੇ ਛੱਤੀਸਗੜ੍ਹ ਦੇ ਜੰਗਲਾਂ ਦੀ ਅਸਲ ਖ਼ਬਰ ਬਾਹਰ ਨਹੀਂ ਆ ਰਹੀ।' ਉਨ੍ਹਾਂ ਆਖਿਆ ਕਿ ਅਪ੍ਰੇਸ਼ਨ ਗਰੀਨ ਹੰਟ ਦੇ ਖ਼ਿਲਾਫ਼ ਹੋਣ ਦਾ ਮਤਲਬ ਇਹ ਨਹੀਂ ਕਿ ਦੰਤੇਵਾੜਾ ਵਿਚ ਜਾ ਕੇ ਹੀ ਲੜਨਾ ਹੋਵੇਗਾ। ਸੋਚਣਾ ਤਾਂ ਇਹ ਹੈ ਕਿ ਇੱਥੇ ਬੈਠ ਕੇ ਕੀ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜਿੱਥੇ ਜਿੱਥੇ ਜੋ ਬੇਇਨਸਾਫ਼ੀ ਹੋ ਰਹੀ ਹੈ ਉੱਥੇ ਉੱਥੇ ਉਸ ਬੇਇਨਸਾਫ਼ੀ ਨਾਲ ਲੜਨਾ ਹੀ ਅਪ੍ਰੇਸ਼ਨ ਗਰੀਨ ਹੰਟ ਦੇ ਖ਼ਿਲਾਫ਼ ਲੜਾਈ ਹੈ। ਸੰਘਰਸ਼ ਦੇ ਵੱਖ-ਵੱਖ ਸਰੂਪਾਂ ਦੀ ਵਕਾਲਤ ਕਰਦਿਆਂ ਉਨ੍ਹਾਂ ਕਿਹਾ ਕਿ ਵਿਸ਼ੇਸ਼ ਆਰਥਿਕ ਜ਼ੋਨਾਂ ਦੇ ਸੰਕਲਪ ਦੇ ਖ਼ਿਲਾਫ਼ ਅਤੇ ਪੰਜਾਬ ਵਰਗੇ ਸੂਬਿਆਂ ਵਿਚ ਆੜ੍ਹਤੀਆਂ ਦੇ ਸ਼ੋਸ਼ਣ ਦੇ ਖ਼ਿਲਾਫ਼ ਲੜਨਾ ਵੀ ਅਪ੍ਰੇਸ਼ਨ ਗਰੀਨ ਹੰਟ ਦੀ ਲੜਾਈ ਦਾ ਹੀ ਹਿੱਸਾ ਹੈ।

ਛੱਤੀਸਗੜ੍ਹ ਵਿਚ ਇਸ ਵੇਲੇ ਵਰਤ ਰਹੇ ਵਰਤਾਰੇ 'ਤੇ ਟਿੱਪਣੀ ਕਰਦਿਆਂ ਅਰੁੰਧਤੀ ਰਾਏ ਨੇ ਕਿਹਾ ਕਿ ਇਤਿਹਾਸ ਵਿਚ ਵਿਕਾਸ ਅਤੇ ਨਸਲਕੁਸ਼ੀ ਦਾ ਡੂੰਘਾ ਰਿਸ਼ਤਾ ਰਿਹਾ ਹੈ ਅਤੇ ਜੇ ਅੱਜ ਇਹ ਕਿਹਾ ਜਾ ਰਿਹਾ ਹੈ ਕਿ ਭਾਰਤ ਵਿਕਾਸ ਕਰ ਰਿਹਾ ਹੈ ਤਾਂ ਇਸ ਦਾ ਮਤਲਬ ਵਿਕਾਸ ਦੀ ਕਿਸੇ ਤਹਿ ਵਿਚ ਨਸਲਕੁਸ਼ੀ ਵੀ ਛੁਪੀ ਹੋਵੇਗੀ। ਉਨ੍ਹਾਂ ਆਖਿਆ ਕਿ ਲੋਕਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ, ਉਨ੍ਹਾਂ ਦੇ ਸਰੋਤਾਂ ਅਤੇ ਉਨ੍ਹਾਂ ਦੇ ਸਭਿਆਚਾਰ ਤੋਂ ਵੱਖ ਕਰ ਦਿਓ ਉਹ ਆਪੇ ਹੀ ਮਰ ਜਾਣਗੇ। ਭਾਰਤ ਵਿਚ ਕੁਪੋਸ਼ਣ ਦੇ ਸ਼ਿਕਾਰ 40 ਪ੍ਰਤੀਸ਼ਤ ਲੋਕਾਂ ਦਾ ਹਵਾਲਾ ਦਿੰਦਿਆਂ ਅਤੇ ਕੁਪੋਸ਼ਣ ਨੂੰ 'ਕੁਪੋਸ਼ਣ ਦਾ ਏਡਜ਼' ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਵੱਖੋ-ਵੱਖ ਤਰੀਕਿਆਂ ਨਾਲ ਲੋਕਾਂ ਨੂੰ ਹੌਲੀ ਹੌਲੀ ਮਰਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕੁਪੋਸ਼ਣ ਨੂੰ ਪੀੜ੍ਹੀਆਂ ਲਈ ਘਾਤਕ ਦੱਸਦਿਆਂ ਆਖਿਆ ਕਿ ਨਾ ਕੇਵਲ ਵਿਅਕਤੀ ਆਪ ਬਿਮਾਰੀਆਂ ਨਾਲ ਲੜਨ ਜੋਗਾ ਨਹੀਂ ਰਹਿੰਦਾ ਸਗੋਂ ਇਸ ਦਾ ਅਸਰ ਉਸ ਦੀਆਂ ਅਗਲੀਆਂ ਪੀੜ੍ਹੀਆਂ 'ਤੇ ਵੀ ਨਜ਼ਰ ਆਉਂਦਾ ਹੈ।

ਅੰਗਰੇਜ਼ੀ ਲੇਖਕਾ ਨੇ ਹਿੰਦੀ ਵਿਚ ਦਿੱਤੇ ਆਪਣੇ ਭਾਸ਼ਣ ਵਿਚ ਕਿਹਾ ਕਿ 'ਗਰੀਨ ਹੰਟ' ਛੱਤੀਸਗੜ੍ਹ ਨਾਲੋਂ ਪਹਿਲਾਂ ਤਾਂ ਪੰਜਾਬ ਵਿਚ ਸ਼ੁਰੂ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਅਸਲ ਵਿਚ 'ਗਰੀਨ ਹੰਟ' ਬਾਜ਼ਾਰ ਦੀ ਜੰਗ ਹੈ ਅਤੇ ਇਹ ਪੰਜਾਬ ਵਿਚ 'ਹਰੇ ਇਨਕਲਾਬ' ਨਾਲ ਹੀ ਸ਼ੁਰੂ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਦਰਅਸਲ ਜ਼ਮੀਨ ਅਤੇ ਜ਼ਮੀਨ ਨਾਲ ਜੁੜੇ ਸਰੋਤਾਂ, ਪਾਣੀਆਂ ਅਤੇ ਹੋਰ ਚੀਜ਼ਾਂ ਨੂੰ ਖੋਹਣ ਦਾ ਵਰਤਾਰਾ ਹੀ 'ਗਰੀਨ ਹੰਟ' ਹੈ। ਉਨ੍ਹਾਂ ਕਿਹਾ ਕਿ 'ਹਰੇ ਇਨਕਲਾਬ' ਤੋਂ ਬਾਅਦ ਵੀ ਪੰਜਾਬ ਵਿਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਇਸੇ ਗੱਲ ਦਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ 1 ਲੱਖ 80 ਹਜ਼ਾਰ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ। ਪੰਜਾਬ ਵਿਚ ਵੀ 17 ਜਥੇਬੰਦੀਆਂ ਨੂੰ ਨਕਸਲੀ ਗਰਦਾਨੇ ਜਾਣ ਬਾਰੇ ਗੱਲ ਕਰਦਿਆਂ ਅਰੁੰਧਤੀ ਰਾਏ ਨੇ ਕਿਹਾ ਕਿ ਹੁਣ ਤਾਂ ਹਾਲ ਇਹ ਹੈ ਕਿ ਜੋ ਵੀ ਬੇਇਨਸਾਫ਼ੀ ਦੇ ਖ਼ਿਲਾਫ਼ ਆਵਾਜ਼ ਉਠਾਵੇ ਉਹ ਨਕਸਲੀ ਹੈ। ਉਨ੍ਹਾਂ ਨਿੱਜੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ 'ਤੇ ਟਿੱਪਣੀ ਕਰਦਿਆਂ ਆਖਿਆ ਕਿ ਜੇ ਇਹ ਨੀਤੀਆਂ ਲਾਗੂ ਕਰਨੀਆਂ ਹਨ ਤਾਂ ਫਿਰ ਤਾਂ ਸਾਰੇ ਦੇਸ਼ 'ਚ ਹੀ ਫ਼ੌਜ ਬੁਲਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਜਿਹੜਾ ਦੇਸ਼ 20 ਸਾਲ ਤੋਂ ਉਦਾਰੀਕਰਨ ਵੇਖ ਰਿਹਾ ਹੈ ਅਤੇ ਜਿਸ ਦੇਸ਼ ਦੇ 80 ਕਰੋੜ ਲੋਕ ਅੱਜ ਵੀ 20 ਰੁਪਏ ਦਿਹਾੜੀ 'ਚ ਗੁਜ਼ਾਰਾ ਕਰਦੇ ਹਨ ਉਸ ਦੇਸ਼ ਵਿਚ ਕੇਵਲ 100 ਲੋਕ ਦੇਸ਼ ਦੀ 25 ਪ੍ਰਤੀਸ਼ਤ ਸੰਪਤੀ ਦੇ ਮਾਲਕ ਹਨ। ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਵਿਕਾਸ ਅਤੇ ਵੱਡੀ ਸ਼ਕਤੀ ਬਣਨ ਦੇ ਦਾਅਵੇ ਕਰਨ ਵਾਲੇ ਪ੍ਰਧਾਨ ਮੰਤਰੀ ਸਾਡੇ 'ਤੇ ਰਾਜ ਕਰਨ ਵਾਲੇ ਦੇਸ਼ 'ਚ ਜਾ ਕੇ ਉਸ ਦੇਸ਼ ਦਾ ਧੰਨਵਾਦ ਕਰਦੇ ਹਨ। ਕਦੇ ਗੁੱਟ ਨਿਰਲੇਪ ਰਹੇ ਭਾਰਤ ਦੇ ਸਿੱਧੇ ਤੌਰ 'ਤੇ ਅਮਰੀਕਾ ਨਾਲ ਜੁੜ ਜਾਣ ਦੀ ਵੀ ਉਨ੍ਹਾਂ ਸਖ਼ਤ ਅਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਲੋਕਤੰਤਰ ਨੂੰ ਖ਼ਤਮ ਕੀਤਾ ਜਾ ਰਿਹਾ ਹੈ ਕਿਉਂਕਿ ਲੋਕਤੰਤਰ ਦਾ ਮਤਲਬ ਕੇਵਲ ਚੋਣਾਂ ਹੀ ਨਹੀਂ ਹੁੰਦੀਆਂ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਭਾਰਤੀ ਸੰਵਿਧਾਨ ਦਾ ਕੋਈ ਮਤਲਬ ਨਹੀਂ ਰਿਹਾ ਕਿਉਂਕਿ ਅਦਾਲਤਾਂ, ਮੀਡੀਆ ਅਤੇ ਸੰਸਦ ਸਭ ਖੋਖਲੇ ਹੋ ਗਏ ਹਨ। ਮੀਡੀਆ ਕਾਰਪੋਰੇਟਸ ਦੇ ਹੱਥ ਆ ਗਿਆ ਹੈ, ਅਦਾਲਤਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਅਤੇ ਨਿੱਜੀਕਰਨ ਦੀਆਂ ਯੋਜਨਾਵਾਂ ਨੂੰ ਪ੍ਰਵਾਨਗੀ ਦੇਣ ਵਾਲੀਆਂ ਹੋ ਗਈਆਂ ਹਨ।

ਸਮਾਗਮ ਦੌਰਾਨ ਮੰਚ 'ਤੇ ਪ੍ਰਸਿੱਧ ਨਾਟਕਕਾਰ ਤੇ ਜਮਹੂਰੀ ਫਰੰਟ ਦੇ ਮੈਂਬਰ ਪ੍ਰੋ: ਅਜਮੇਰ ਔਲਖ, ਫਰੰਟ ਦੇ ਕਨਵੀਨਰ ਪ੍ਰੋ: ਏ.ਕੇ. ਮਲੇਰੀ, ਡਾ: ਪਰਮਿੰਦਰ ਸਿੰਘ, ਯਸ਼ਪਾਲ ਤੋਂ ਇਲਾਵਾ ਕਾ: ਨੌਨਿਹਾਲ ਸਿੰਘ, ਕਾਮਰੇਡ ਗੰਧਰਵ ਸੇਨ ਕੋਛੜ, ਹਿਮਾਂਸ਼ੂ ਕੁਮਾਰ ਦੀ ਜੀਵਨ ਸਾਥਣ ਵੀਨਾ ਵੀ ਹਾਜ਼ਰ ਸਨ। ਇਸ ਮੌਕੇ ਅਰੁੰਧਤੀ ਰਾਏ, ਹਿਮਾਂਸ਼ੂ ਕੁਮਾਰ ਅਤੇ ਵੀਨਾ ਨੂੰ ਜਮਹੂਰੀ ਫਰੰਟ ਦੀ ਸੂਬਾ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਡਾ: ਪਰਮਿੰਦਰ ਨੇ ਕੀਤਾ।

ਸਾਰੇ ਦੇਸ਼ 'ਚ ਹੀ ਹਾਲਾਤ ਦਾਂਤੇਵਾੜਾ ਜਿਹੇ -ਹਿਮਾਂਸ਼ੂ ਕੁਮਾਰ


ਜਲੰਧਰ, 17 ਅਕਤੂਬਰ (ਐੱਚ.ਐੱਸ.ਬਾਵਾ)- ਅਪ੍ਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫ਼ਰੰਟ ਦੀ ਜਲੰਧਰ ਵਿਖੇ ਹੋਈ ਸੂਬਾਈ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਾਂਤੇਵਾੜਾ ਵਿਚ ਕਬਾਇਲੀਆਂ ਲਈ ਆਸ਼ਰਮ ਚਲਾ ਕੇ ਉਨ੍ਹਾਂ ਦੇ ਮਨੁੱਖੀ ਤੇ ਜਮਹੂਰੀ ਹੱਕਾਂ ਲਈ ਜੂਝਣ ਵਾਲੇ ਪ੍ਰਸਿੱਧ ਗਾਂਧੀਵਾਦੀ ਹਿਮਾਂਸ਼ੂ ਕੁਮਾਰ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਦੇਸ਼ ਦੇ ਕੁਝ ਹਿੱਸਿਆਂ ਦਾ ਦੌਰਾ ਕਰਨ ਤੋਂ ਬਾਅਦ ਉਹ ਕਹਿ ਸਕਦੇ ਹਨ ਕਿ ਹਰ ਜਗ੍ਹਾ ਹੀ ਹਾਲਾਤ ਖ਼ਤਰਨਾਕ ਹਨ ਅਤੇ ਹਿੰਸਾ ਦੀਆਂ ਸੰਭਾਵਨਾਵਾਂ ਮੌਜੂਦ ਹਨ। ਉਨ੍ਹਾਂ ਕਿਹਾ ਕਿ ਲੋਕ ਗੁੱਸੇ ਵਿਚ ਹਨ ਅਤੇ ਪੂਰਾ ਦੇਸ਼ ਹੀ ਦਾਂਤੇਵਾੜਾ ਬਨਣ ਦੇ ਲਾਗੇ ਹੈ। ਹਿਮਾਂਸ਼ੂ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੀ ਕਹਿੰਦੇ ਹਨ ਕਿ ਹਿੰਸਾ ਸਭ ਤੋਂ ਵੱਡੀ ਸਮੱਸਿਆ ਹੈ ਪਰ ਸਵਾਲ ਤਾਂ ਇਹ ਹੈ ਕਿ ਦੇਸ਼ ਦੀ ਅਜ਼ਾਦੀ ਦੇ 64 ਸਾਲ ਬਾਅਦ ਵੀ ਹਿੰਸਾ ਕਿਉਂ ਹੈ ਅਤੇ ਕੀ ਇਸ ਲਈ ਸਿਰਫ਼ ਨਕਸਲੀ ਹੀ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਕਾਸ ਦੇ ਦਮਗਜ਼ੇ ਮਾਰੇ ਜਾ ਰਹੇ ਹਨ ਜਦਕਿ ਵਿਕਾਸ ਦਾ ਜੋ ਮਾਡਲ ਸਾਹਮਣੇ ਆ ਰਿਹਾ ਹੈ ਉਸ ਅਨੁਸਾਰ ਅਮੀਰ ਹੋਰ ਅਮੀਰ ਹੋ ਰਿਹਾ ਹੈ ਅਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ। ਵਿਕਾਸ ਦਾ ਮਤਲਬ ਇਹ ਨਿਕਲ ਰਿਹਾ ਹੈ ਕਿ ਗਰੀਬ ਤੋਂ ਲੈ ਕੇ ਅਮੀਰ ਨੂੰ ਦਿਉ। ਉਨ੍ਹਾਂ ਕਿਹਾ ਕਿ ਜੇ ਦੇਸ਼ ਦੇ 100 ਲੋਕਾਂ ਕੋਲ ਦੇਸ਼ ਦੀ 25 ਪ੍ਰਤੀਸ਼ਤ ਸੰਪਤੀ ਹੋਵੇਗੀ ਤਾਂ ਇਸ ਵਿਚੋਂ ਕੀ ਹਿੰਸਾ ਨਹੀਂ ਨਿਕਲੇਗੀ? ਉਨ੍ਹਾਂ ਕਿਹਾ ਕਿ ਗੁਜਰਾਤ 'ਚ ਨਰਿੰਦਰ ਮੋਦੀ ਦੀ ਸਰਕਾਰ ਨੇ ਕਿਸੇ ਆਦਿਵਾਸੀ ਨੂੰ ਇਕ ਇੰਚ ਜ਼ਮੀਨ ਨਹੀਂ ਦਿੱਤੀ ਜਦਕਿ ਕਾਨੂੰਨ ਅਨੁਸਾਰ ਆਦਿਵਾਸੀਆਂ ਨੂੰ ਪੱਟੇ 'ਤੇ 10 ਏਕੜ ਜ਼ਮੀਨ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਉਲਟ 176 ਕੰਪਨੀਆਂ ਨੂੰ ਇਕ ਲੱਖ 2 ਹਜ਼ਾਰ ਏਕੜ ਜ਼ਮੀਨ ਸੌਂਪੀ ਗਈ ਹੈ ਅਤੇ ਇਕ ਚਲਦੀ ਯੂਨੀਵਰਸਿਟੀ ਨੂੰ ਬੰਦ ਕਰਕੇ ਸਾਰੀ ਜਗ੍ਹਾ ਨੈਨੋ ਦੇ ਪਲਾਂਟ ਲਈ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਮਾਜ ਬਰਾਬਰੀ ਅਤੇ ਨਿਆਂ ਦੇ ਸਿਧਾਂਤ 'ਤੇ ਖੜ੍ਹਾ ਹੈ ਪਰ ਸਮਾਜ ਨੂੰ ਜੰਗਲ ਬਣਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੋਲੋਂ ਕੁਝ ਖੋਹਿਆ ਜਾ ਰਿਹਾ ਹੈ ਉਨ੍ਹਾਂ ਕੋਲ ਲੜਨ ਤੋਂ ਇਲਾਵਾ ਕੋਈ ਚਾਰਾ ਨਹੀਂ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਗਰੀਬ ਨਹੀਂ ਬਚੇਗਾ ਤਾਂ ਉਹ ਵੀ ਨਹੀਂ ਬਚਣਗੇ ਜੋ ਗਰੀਬ ਨੂੰ ਖ਼ਤਮ ਕਰ ਰਹੇ ਹਨ।

(Courtesy Ajit Daily dated 18.10.2010)"ਅਜੀਤ" ਦਾ ਮਿਤੀ 19/10/10 ਦਾ ਸੰਪਾਦਕੀ ਵੀ ਜਲੰਧਰ ਕਨਵੈਨਸ਼ਨ ਬਾਰੇ ਹੈ, ਵੇਖਣ ਲਈ ਕਲਿਕ ਕਰੋ।

No comments:

Post a Comment