StatCounter

Monday, October 4, 2010

Commemorating birthday celebrations of Shaheed Bhagat Singh

Shaheed Bhagat Singh birthday celebration's march, Moga
Shaheed Bhagat Singh birthday celebration's march, Moga Shaheed Bhagat Singh birthday celebration's march, Moga

Shaheed Bhagat Singh birthday celebration's march, MogaOn Sep. 28, more than 800 youth led a march in villages of Moga district to commemorate the birthday celebrations of Shaheed Bhagat Singh.


ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਨੌਜਵਾਨਾਂ ਦਾ ਲਾ-ਮਿਸਾਲ ਕਾਫ਼ਲਾ ਮਾਰਚ

28 ਸਤੰਬਰ, ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਪੂਰੇ ਪੰਜਾਬ ਦੇ ਕਿਰਤੀ ਲੋਕਾਂ ਵਲੋਂ ਇਨਕਲਾਬੀ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ। ਲੋਕ ਮੋਰਚਾ ਅਤੇ ਇਨਕਲਾਬੀ ਕੇਂਦਰ ਪੰਜਾਬ ਵਲੋਂ ਇਸ ਜਨਮ ਦਿਹਾੜੇ ਨੂੰ ਇੱਕ ਮੁਹਿੰਮ ਵਜੋਂ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ। ਇਸ ਮੁਹਿੰਮ ਦੀ ਕੜੀ ਵਜੋਂ ਹੀ ਮੋਗਾ ਜਿਲ੍ਹੇ ਦੇ ਨਿਹਾਲ ਸਿੰਘ ਵਾਲਾ ਖੇਤਰ 'ਚ ਨੌਜਵਾਨਾਂ ਦਾ ਕਾਫਲਾ ਮਾਰਚ ਜਥੇਬੰਦ ਕੀਤਾ ਗਿਆ ਜਿਸ ਨੂੰ ਨੌਜਵਾਨਾਂ ਨੇ ਬੇਹੱਦ ਉਤਸ਼ਾਹਜਨਕ ਹੁੰਘਾਰਾ ਭਰਿਆ। ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ 'ਚ ਨੌਜਵਾਨ ਲਹਿਰ ਦਾ ਖੱਪਾ ਜਦੋਂ ਫ਼ਿਕਰਮੰਦੀ ਦਾ ਮਸਲਾ ਹੈ ਤਾਂ ਅਜਿਹੇ ਸਮੇਂ ਜਥੇਬੰਦ ਹੋਇਆ ਕਾਫ਼ਲਾ ਮਾਰਚ ਤੇ ਇਹਦੀ ਲਾ-ਮਿਸਾਲ ਸਫ਼ਲਤਾ, ਜਵਾਨੀ ਅੰਦਰ ਅੰਗੜਾਈ ਭਰ ਰਹੇ ਸ਼ਹੀਦ ਭਗਤ ਸਿੰਘ ਦੇ ਵਿਚਾਰ ਸ਼ੁਭ ਸੰਕੇਤ ਹਨ।

ਨਿਹਾਲ ਸਿੰਘ ਵਾਲਾ ਖੇਤਰ ਦੇ 7 ਕੁ ਪਿੰਡਾਂ ਦੇ ਨੌਜਵਾਨ 15 ਕੁ ਸਤੰਬਰ ਤੋਂ ਇਸ ਮਾਰਚ ਨੂੰ ਜਥੇਬੰਦ ਕਰਨ ਜੁਟੇ ਹੋਏ ਹਨ। ਕਿਸੇ ਪਿੰਡ 'ਚ ਨੌਜਵਾਨਾਂ ਦੀਆਂ ਮੀਟਿੰਗਾ ਹੋ ਰਹੀਆਂ ਹਨ ਤੇ ਕਿਸੇ ਪਿੰਡ 'ਚ ਰਾਤ ਵੇਲੇ ਪ੍ਰੋਜੈਕਟਰ ਲਗਾ ਕੇ ਲੋਕਾਂ ਦੇ ਇਕੱਠ 'ਚ ਸ਼ਹੀਦ ਭਗਤ ਸਿੰਘ ਬਾਰੇ ਦਸਤਾਵੇਜੀ ਫ਼ਿਲਮਾਂ ਦਿਖਾਈਆਂ ਜਾ ਰਹੀਆਂ ਹਨ। ਕਿਧਰੇ ਨੌਜਵਾਨਾਂ ਦੇ ਗਰੁੱਪ ਫੰਡ ਇਕੱਠਾ ਕਰਨ 'ਚ ਜੁਟੇ ਹੋਏ ਹਨ। ਬਸੰਤੀ ਪੱਗਾਂ ਲਈ ਕੱਪੜਾ ਖਰੀਦਿਆ ਜਾ ਰਿਹਾ ਹੈ। ਆਏ ਦਿਨ ਮਾਰਚ 'ਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਦੀ ਲਿਸਟ ਲੰਮੀ ਹੋ ਰਹੀ ਹੈ। ਪੱਗਾਂ ਲਈ ਕੱਪੜਾ ਘਟ ਰਿਹਾ ਹੈ, ਹੋਰ ਮੰਗਵਾਇਆ ਜਾ ਰਿਹਾ ਹੈ। 28 ਸਤੰਬਰ ਦੀ ਸਵੇਰ ਸੈਦੋਕੇ ਪਿੰਡ 'ਚ ਨੌਜਵਾਨਾਂ ਦੇ ਗਰੁੱਪ ਬਸੰਤੀ ਪੱਗਾਂ ਬੰਨ੍ਹੀ ਪੁੱਜਣੇ ਸ਼ੁਰੂ ਹੋ ਜਾਂਦੇ ਹਨ। ਦਸ ਕੁ ਵੱਜਦੇ ਤੱਕ ਪਿੰਡ ਦੀ ਸੱਥ ਬਸੰਤੀ ਪੱਗਾਂ ਨਾਲ ਸਜੀ ਜਵਾਨੀ ਨਾਲ ਭਰ ਜਾਂਦੀ ਹੈ। ਸਪੀਕਰ 'ਚੋਂ "ਰੰਗ ਦੇ ਬਸੰਤੀ ਚੋਲਾ" ਦਾ ਗੀਤ ਗੂੰਜ ਰਿਹਾ ਹੈ। ਪਿੰਡ 'ਚੋਂ ਵੀ ਸੈਂਕੜੇ ਲੋਕ ਜਵਾਨੀ ਦੇ ਇਸ ਰੰਗ ਨੂੰ ਦੇਖਣ ਲਈ ਪੁੱਜ ਜਾਂਦੇ ਹਨ।

ਪਿੰਡ ਦੀ ਸੱਥ 'ਚ ਲੋਕਾਂ ਦੇ ਇਸ ਭਰਵੇਂ ਇੱਕਠ ਨੂੰ ਮੋਰਚੇ ਦੇ ਸੂਬਾ ਕਮੇਟੀ ਮੈਂਬਰ ਕ੍ਰਿਸ਼ਨ ਦਿਆਲ ਸੰਬੋਧਿਤ ਹੁੰਦੇ ਹਨ। ਅੱਜ ਦੇ ਸਮੇਂ ਦੇ ਪ੍ਰਸੰਗ 'ਚ "ਇਨਕਲਾਬ ਜ਼ਿੰਦਾਬਾਦ" ਤੇ "ਸਾਮਰਾਜ ਮੁਰਦਾਬਾਦ" ਦੇ ਨਾਹਰੇ ਦੀ ਵਿਆਖਿਆ ਕਰਦਿਆਂ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦੇ ਸਮਾਜ ਲਈ ਚਲ ਰਹੀ ਜੱਦੋਜਹਿਦ ਦੀ ਗੱਲ ਕਰਦੇ ਹਨ। ਸਾਮਰਾਜਵਾਦ ਤੇ ਜਗੀਰਦਾਰੀ ਤੋਂ ਮੁਕਤੀ ਲਈ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ, ਛੋਟੇ ਕਾਰੋਬਾਰੀਆਂ, ਨੌਜਵਾਨਾਂ ਵਿਦਿਆਰਥੀਆਂ ਦੀ ਸਾਂਝੀ ਲੋਕ ਲਹਿਰ ਉਸਾਰਨ ਦੀ ਲੋੜ ਉਭਾਰਦੇ ਹਨ ਤੇ ਇਹਦੇ 'ਚ ਜਵਾਨੀ ਨੂੰ ਆਪਣਾ ਹਿੱਸਾ ਪਾਉਣ ਦਾ ਸੱਦਾ ਦਿੰਦੇ ਹਨ। ਵਿਸ਼ੇਸ਼ ਤੌਰ 'ਤੇ ਪਹੁੰਚੇ ਲੋਕ ਮੋਰਚਾ ਪੰਜਾਬ ਦੇ ਜਨਰਲ ਸਕੱਤਰ ਅਮੋਲਕ ਸਿੰਘ ਸਾਮਰਾਜਵਾਦ ਖਿਲਾਫ਼ ਕੌਮੀ ਮੁਕਤੀ ਲਹਿਰ 'ਚ ਮੁਲਕ ਦੀ ਜਵਾਨੀ ਦੀ ਸ਼ਾਨਾਮੱਤੀ ਭੂਮਿਕਾ ਦਾ ਜਿਕਰ ਕਰਦਿਆਂ ਕਹਿੰਦੇ ਹਨ ਕਿ ਅੱਜ ਦੇ ਸਮੇਂ 'ਚ ਹੋ ਰਹੇ ਅਜਿਹੇ ਸਲਾਹੁਣਯੋਗ ਯਤਨ ਇਤਿਹਾਸ ਦੇ ਪੰਨਿਆਂ 'ਤੇ ਗੂੜ੍ਹੇ ਉਕਰੇ ਜਾਣਗੇ। ਜਦੋਂ ਹਾਕਮ ਜਮਾਤਾਂ ਵਲੋਂ ਜਵਾਨੀ ਨੂੰ ਗੰਦੇ ਸਭਿਆਚਾਰ ਤੇ ਨਸ਼ਿਆਂ ਦੇ ਸਮੁੰਦਰਾਂ 'ਚ ਡੋਬ ਦੇਣ ਦੇ ਯਤਨ ਹੋ ਰਹੇ ਹਨ, ਜਦੋਂ ਨਿਰਾਸ਼ਾ ਦੇ ਆਲਮ 'ਚ ਡੁੱਬੀ ਜਵਾਨੀ ਖੁਦਕੁਸ਼ੀਆਂ ਵਰਗੇ ਵਰਤਾਰਿਆਂ 'ਚ ਘਿਰਦੀ ਜਾਪਦੀ ਹੈ ਤਾਂ ਅਜਿਹੇ ਸਮੇਂ ਚੇਤਨ ਜਵਾਨੀ ਵਲੋਂ ਸ਼ਹੀਦ ਭਗਤ ਸਿੰਘ ਦੇ ਰਾਹ ਨੂੰ ਬੁਲੰਦ ਕਰਨ ਦਾ ਹੋਕਾ ਦੇਣਾ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਲਈ ਸੁਲੱਖਣੀਆਂ ਘੜੀਆਂ ਹਨ। ਉਹ ਬਸੰਤੀ ਪੰਗਾਂ ਬਨਣ ਨੂੰ ਰਸਮ ਤੱਕ ਸੀਮਤ ਨਾ ਰਹਿ ਜਾਣ ਤੋਂ ਸੁਚੇਤ ਕਰਦਿਆਂ ਸਮੇਂ ਦੀਆਂ ਹਕੀਕਤਾਂ ਨੂੰ ਬੁੱਝਣ ਤੇ ਅਮਲਾਂ 'ਚ ਸ਼ਹੀਦ ਭਗਤ ਸਿੰਘ ਦੇ ਦਰਸਾਏ ਰਾਹ 'ਤੇ ਅੱਗੇ ਵੱਧਣ ਦਾ ਸੱਦਾ ਦਿੰਦੇ ਹਨ।

ਪਿੰਡ ਦੀ ਸੱਥ 'ਚ ਬਸੰਤੀ ਪੱਗਾਂ ਵਾਲੇ ਸਿਰਾਂ ਦਾ ਹੜ ਆਇਆ ਹੋਇਆ ਹੈ। ਇਸ ਇੱਕਠ 'ਚ ਸਕੂਲਾਂ ਕਾਲਜਾਂ 'ਚ ਪੜ੍ਹਦੀ ਜਵਾਨੀ ਵੀ ਹੈ ਤੇ ਖੇਤਾਂ 'ਚ ਕੰਮ ਕਰਦੀ ਜਵਾਨੀ ਵੀ ਹੈ। ਦਿਹਾੜੀਆਂ ਕਰਦੇ, ਦੁਕਾਨਾਂ 'ਤੇ ਕੰਮ ਕਰਨ ਵਾਲੇ ਵੀ ਤੇ ਟਰੇਨਿੰਗ ਕਰਕੇ ਰੁਜ਼ਗਾਰ ਦੀ ਮੰਗ ਲਈ ਜੂਝ ਰਹੇ ਨੌਜਵਾਨ ਵੀ ਇਹਦਾ ਹਿੱਸਾ ਹਨ। ਸਾਰੇ ਹੀ ਲੱਗਭਗ ਭਗਤ ਸਿੰਘ ਦੇ "ਹਾਣੀ" ਹਨ। ਕਾਫ਼ਲਾ ਮਾਰਚ ਲਈ ਤੁਰ ਪੈਂਦਾ ਹੈ। ਮੂਹਰੇ ਗੱਡੀ 'ਤੇ ਸ਼ਹੀਦ ਭਗਤ ਸਿੰਘ ਦੀਆਂ ਆਦਮ-ਕੱਦ ਤਸਵੀਰਾਂ ਸਜੀਆਂ ਹੋਈਆਂ ਹਨ। ਇਸ ਗੱਡੀ ਦੇ ਪਿੱਛੇ ਲੱਗਭੱਗ 800 ਨੌਜਵਾਨ 400 ਵਹੀਕਲਾਂ 'ਤੇ ਸਵਾਰ ਹਨ ਤੇ ਲੋਕ ਮੋਰਚਾ ਪੰਜਾਬ ਦੇ ਝੰਡੇ ਹਵਾ 'ਚ ਲਹਿਰਾ ਰਹੇ ਹਨ। ਕਿਸੇ ਵੀ ਵਹੀਕਲ ਨੂੰ ਗੱਡੀ ਤੋਂ ਅੱਗੇ ਲੰਘਣ ਦੀ ਇਜਾਜ਼ਤ ਨਹੀਂ ਹੈ ਅਤੇ ਨਾਂ ਹੀ ਕੋਈ ਅਜਿਹਾ ਯਤਨ ਕਰਦਾ ਹੈ। ਕਿਉਂਕਿ ਇਹ ਕਾਫ਼ਲਾ ਇਮਾਨਦਾਰੀ ਤੇ ਸੰਜੀਦਗੀ ਨਾਲ ਸ਼ਹੀਦ ਭਗਤ ਸਿੰਘ ਨੂੰ ਸਲਾਮ ਕਹਿਣ ਆਇਆ ਹੈ। ਤੇ ਉਹਦੀ ਵਿਚਾਰਧਾਰਾ ਦਾ ਪਿੰਡਾ 'ਚ ਛਿੱਟਾ ਦੇਣ ਲਈ ਤੁਰਿਆ ਹੈ। ਦੋ-ਦੋ ਦੀਆਂ ਲਾਈਨਾਂ 'ਚ ਕਾਫ਼ਲੇ ਦੀ ਲੰਬਾਈ ਤਿੰਨ ਕਿਲੋਮੀਟਰ ਤੱਕ ਚਲੀ ਜਾਂਦੀ ਹੈ। ਹਿਮੰਤਪੁਰੇ ਪਿੰਡ 'ਚ ਕਾਫ਼ਲੇ ਲਈ ਚਾਹ ਦਾ ਇੰਤਜ਼ਾਮ ਹੈ। ਚਾਹ ਪੀ ਕੇ ਕਾਫ਼ਲਾ ਅੱਗੇ ਚਲ ਪੈਂਦਾ ਹੈ। ਮਾਛੀਕੇ, ਦੀਵਾਨਾ, ਬੁਰਜ ਕਲਾਲਾ, ਰਾਮਾਂ, ਚਕਰ, ਮੀਨੀਆਂ ਹੁੰਦਾ ਹੋਇਆ ਕੁੱਸੇ ਵੱਲ ਰਵਾਨਾ ਹੁੰਦਾ ਹੈ। ਇਹਨਾਂ 'ਚ ਵੰਖ-ਵੱਖ ਥਾਵਾਂ 'ਤੇ ਲੋਕ ਮੋਰਚੇ ਦੇ ਆਗੂ ਕਰਮ ਰਾਮਾਂ, ਜੁਗਰਾਜ ਕੁੱਸਾ ਤੇ ਅਮਨਦੀਪ ਮਾਛੀਕੇ, ਮਾਸਟਰ ਸੁਰਿੰਦਰ ਸਿੰਘ ਤੇ ਗੁਰਮੁਖ ਸਿੰਘ ਹਿੰਮਤਪੁਰਾ ਸੰਪੇਖ 'ਚ ਲੋਕਾਂ ਨੂੰ ਸੰਬੋਧਤ ਹੁੰਦੇ ਹਨ। ਲੋਕ ਗਲ਼ੀਆਂ 'ਚ, ਦਰਵਾਜਿਆਂ 'ਚ ਇੱਕਠੇ ਹੋਕੇ ਜਵਾਨੀ ਦੇ ਇਸ ਰੰਗ ਨੂੰ ਹੈਰਾਨੀ ਤੇ ਖ਼ੁਸ਼ੀ ਨਾਲ ਤੱਕਦੇ ਹਨ ਤੇ ਨਾਹਰਿਆਂ ਦਾ ਹੁੰਘਾਰਾ ਭਰਦੇ ਹਨ। ਕਿਸਾਨ ਘੋਲਾਂ 'ਚ ਮੋਹਰੀ ਰਹਿਣ ਵਾਲੇ ਪਿੰਡਾ 'ਚ ਨਾਹਰਿਆਂ ਦੇ ਜਵਾਬ 'ਚ ਅਜਿਹੀ ਤੱਸਲੀ ਝਲਕਦੀ ਹੈ ਜਿਹੜੀ ਕਿਸਾਨ-ਮਜ਼ਦੂਰ ਲਹਿਰ 'ਚ ਨੌਜਵਾਨਾਂ ਦੀ ਊਣੀ ਰਹਿ ਰਹੀ ਗਿਣਤੀ ਦੇ ਫ਼ਿਕਰ ਤੋਂ ਬਾਅਦ ਦੀ ਤੱਸਲੀ ਹੈ।

ਪਿੰਡ ਕੁੱਸੇ 'ਚ ਪਹਿਲਾਂ ਹੀ 80-90 ਆਦਮੀ ਔਰਤਾਂ ਲੰਗਰ ਦੀ ਤਿਆਰੀ ਕਰਦੇ ਹੋਏ ਕਾਫ਼ਲੇ ਨੂੰ ਉਡੀਕ ਰਹੇ ਹਨ। ਪਿੰਡ ਦੇ ਲੋਕ ਸੱਥ 'ਚ ਜੁੜੇ ਉਡੀਕ ਰਹੇ ਹਨ। ਲੰਗਰ ਛਕਣ ਤੋਂ ਬਾਅਦ ਸਾਰਾ ਇਕੱਠ ਜੁੜ ਜਾਂਦਾ ਹੈ। ਇਸੇ ਦੌਰਾਨ ਹੀ ਢੁੱਡੀਕੇ ਖ਼ੇਤਰ ਦੇ ਪਿੰਡਾਂ 'ਚ 30-35 ਨੌਜਵਾਨਾਂ ਦਾ ਕਾਫ਼ਲਾ ਵੱਖ-ਵੱਖ ਪਿੰਡਾਂ 'ਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਬਨੇਰਿਆਂ 'ਤੇ ਦੀਵੇ ਬਾਲਣ ਦੇ ਹੋਕੇ ਲਾਉਂਦਾ ਆ ਸ਼ਾਮਲ ਹੁੰਦਾ ਹੈ। ਦੋ ਬੱਚੀਆਂ ਭਗਤ ਸਿੰਘ ਦੀ ਘੋੜੀ ਗਾਉਂਦੀਆਂ ਹਨ। ਮੰਚ ਤੋਂ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਸੂਬਾ ਪ੍ਰਧਾਨ ਪਾਵੇਲ ਕੁੱਸਾ ਲੋਕਾਂ ਨੂੰ ਮੁਖਾਤਬ ਹੁੰਦੇ ਹਨ। ਔਝੜੇ ਰਾਹੀਂ ਪਈ ਜਵਾਨੀ ਦੇ, ਵੋਟ ਪਾਰਟੀਆਂ ਹੱਥ ਚੜ੍ਹ ਕੇ, ਆਪਸੀ ਲੜਾਈਆਂ-ਝਗੜਿਆਂ 'ਚ ਉਲਝਣ ਦੀ, ਇਲਾਕੇ ਦੇ ਸਭਨਾਂ ਲੋਕਾਂ ਦੀ ਫਿਕਰਮੰਦੀ ਸਾਂਝੀ ਕਰਦੇ ਹਨ। ਜਵਾਨੀ ਦਾ ਸੁਨਹਿਰੀ ਭਵਿੱਖ ਸ਼ਹੀਦ ਭਗਤ ਸਿੰਘ ਦੇ ਮਾਰਗ ਨਾਲ ਹੀ ਜੁੜਿਆ ਹੋਣ ਕਰਕੇ, ਸ਼ਹੀਦ ਦੇ ਵਿਚਾਰਾਂ ਨੂੰ ਗ੍ਰਿਹਣ ਕਰਨ ਲਈ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਲੋਕ ਹੱਕਾਂ ਦੀ ਲਹਿਰ 'ਚ ਆਕੇ ਹੀ ਜਵਾਨੀ ਦੀ ਅਥਾਹ ਸਿਰਜਣਾਤਮਕ ਸਮਰੱਥਾ ਭਰ ਜੋਬਨ 'ਤੇ ਆ ਸਕਦੀ ਹੈ ਤੇ ਨਵੇਂ ਨਰੋਏ ਸਮਾਜ ਦੀ ਸਿਰਜਣਾ 'ਚ ਮਹੱਤਵਪੂਰਨ ਭੂਮਕਾ ਅਦਾ ਕਰ ਸਕਦੀ ਹੈ।

ਆਗੂ ਟੀਮ ਵਲੋਂ ਨੌਜਵਾਨਾਂ ਦੇ ਇਨੇਂ ਇਕੱਠ 'ਚ ਅਨੁਸਾਸ਼ਨ ਬਣਾਈ ਰੱਖਣ ਦੀ ਫ਼ਿਕਰਮੰਦੀ ਪਹਿਲਾਂ ਵਿਸ਼ੇਸ਼ ਤੌਰ 'ਤੇ ਸਭਨਾਂ ਸ਼ਾਮਲ ਹੋਣ ਵਾਲੇ ਨੌਜਵਾਨਾਂ ਨਾਲ ਸਾਂਝੀ ਕੀਤੀ ਗਈ ਸੀ। ਲੋਹੜੇ ਦੇ ਜਬਤ ਤੇ ਸੰਜੀਦਗੀ ਨਾਲ ਵਿਚਰ ਰਹੇ ਨੌਜਵਾਨਾਂ ਨੇ ਅਜਿਹੇ ਸਾਰੇ ਫ਼ਿਕਰ ਦੂਰ ਕਰ ਦਿੱਤੇ। ਸਾਰੇ ਮਾਰਚ 'ਚ "ਇਨਕਲਾਬ ਜ਼ਿੰਦਾਬਾਦ" ਦੇ ਨਾਹਰੇ ਗੂੰਜਦੇ ਰਹੇ।

ਕੁੱਸੇ ਤੋਂ ਰਵਾਨਾ ਹੋਕੇ ਕਾਫ਼ਲਾ, ਬੌਡੇ, ਲੁਹਾਰਾ, ਬਿਲਾਸਪੁਰ ਹੁੰਦਾ ਹੋਇਆ ਕਿਸਾਨ ਲਹਿਰ ਦੇ ਸ਼ਹੀਦ ਸਾਧੂ ਸਿੰਘ ਦੇ ਨਗਰ ਤਖ਼ਤੂਪੁਰਾ 'ਚ ਪੁਜਦਾ ਹੈ। ਨਾਅਰੇ ਹੋਰ ਉੱਚੇ ਹੋ ਜਾਂਦੇ ਹਨ। ਤਖ਼ਤੂਪੁਰੇ ਦੀ ਧਰਤੀ ਨੂੰ ਸਲਾਮਾਂ ਦੀ ਗੂੰਜ ਹੋਰ ਉੱਚੀ ਸੁਣਾਈ ਦੇਣ ਲਗਦੀ ਹੈ। ਸਾਧੂ ਸਿੰਘ ਨੂੰ ਖੋਹ ਲੈਣ ਵਾਲੇ ਜਾਬਰ ਹਾਕਮਾਂ ਖਿਲਾਫ਼ ਭਰਿਆ ਗੁੱਸਾ ਗਰਜਦੇ ਬੋਲਾਂ 'ਚ ਪ੍ਰਗਟ ਹੋ ਰਿਹਾ ਹੈ ਤੇ ਉਹਦੇ ਕਾਤਲਾਂ ਤੋਂ ਬਦਲਾ ਲੈਣ ਦੀਆਂ ਭਾਵਨਾਵਾਂ ਜਾਹਰ ਕਰ ਰਿਹਾ ਹੈ। ਪੂਰੇ ਪਿੰਡ 'ਚ ਮਾਰਚ ਕਰਕੇ ਕਾਫ਼ਲਾ ਸੱਥ 'ਚ ਪੁਜਦਾ ਹੈ ਜਿੱਥੇ ਲੋਕਾਂ ਵਲੋਂ ਜੋਸ਼ੀਲਾ ਸਵਾਗਤ ਹੁੰਦਾ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਦੀਆਂ ਮੁਬਾਰਕਾਂ ਸਾਂਝੀਆਂ ਕਰਦੇ ਹਨ। ਪੰਜਾਬ ਦੀ ਕਿਸਾਨ ਲਹਿਰ ਨੂੰ ਨੌਜਵਾਨਾਂ ਦੇ ਜ਼ੋਸ਼ ਤੇ ਉਤਸ਼ਾਹ ਦੀ ਲੋੜ ਪੇਸ਼ ਕਰਦੇ ਹਨ। ਉਹ ਕੰਹਿਦੇ ਹਨ ਕਿ ਜਾਬਰ ਹਾਕਮਾਂ ਨਾਲ ਮੱਥਾ ਲਾਉਣ ਲਈ ਸ਼ਹੀਦ ਸਾਧੂ ਸਿੰਘ ਦੇ ਵਾਰਸਾਂ ਨੂੰ ਇਹ ਧਰਤੀ ਪੈਦਾ ਕਰਦੀ ਰਹੇਗੀ ਤੇ ਅੱਜ ਬਸੰਤੀ ਪੱਗਾਂ ਦਸਦੀਆਂ ਨੇ ਕਿ ਸਾਧੂ ਸਿੰਘ ਦੇ ਵਾਰਸ ਜਿਉਂਦੇ ਨੇ, ਉਹਦੇ ਝੰਡੇ ਨੂੰ ਸਾਂਭਣ ਲਈ ਘਗਲੀ ਪੀੜ੍ਹੀ ਮੈਦਾਨ 'ਚ ਆ ਰਹੀ ਹੈ।

ਹਨੇਰਾ ਹੋਣਾ ਸ਼ੁਰੂ ਹੋ ਜਾਂਦਾ ਹੈ। ਨਾਅਰਿਆਂ ਦੀ ਗੂੰਜ 'ਚ ਸਮਾਪਤੀ ਹੁੰਦੀ ਹੈ। ਕਾਫ਼ਲਾ ਜਿੰਨੀ ਗਿਣਤੀ 'ਚ ਸਵੇਰੇ ਤੁਰਿਆ ਸੀ, ਓਨੀ ਹੀ ਗਿਣਤੀ 'ਚ ਵਿਛੜਦਾ ਹੈ। ਵਾਪਸ ਘਰਾਂ ਨੂੰ ਚਾਲੇ ਪਾ ਰਹੇ ਨੌਜਵਾਨਾਂ ਦੇ ਚਿਹਰੇ ਪੜ੍ਹ ਕੇ ਲਗਦਾ ਹੈ ਕਿ ਮਨ ਮਸਤਕ ਦੀਆਂ ਤਾਰਾਂ 'ਚ ਕੋਈ ਨਵਾਂ ਤੇ ਸੋਹਣਾ ਰਾਗ਼ ਛਿੜ ਪਿਆ ਹੈ। ਆਪਣੇ ਮਹਿਬੂਬ ਸ਼ਹੀਦ ਦਾ ਸੁਨੇਹਾ ਲਗਭੱਗ 9 ਪਿੰਡਾਂ 'ਚ ਵੰਡ ਕੇ ਤਸੱਲੀ ਭਰਪੂਰ ਮਘਦੇ ਚਿਹਰੇ ਘਰਾਂ ਨੂੰ ਪਰਤਦੇ ਹਨ।

No comments:

Post a Comment