StatCounter

Friday, June 3, 2011

ਸੰਘਰਸ਼ਾਂ ਦੇ ਪਿੜ੍ਹ 'ਚੋਂ

17 ਮਜਦੂਰ ਕਿਸਾਨ ਜਥੇਬੰਦੀਆਂ ਵੱਲੋਂ ਤੀਸਰੇ ਦਿਨ ਵੀ ਰਾਜ ਭਰ ਵਿਚ ਰੋਸ ਧਰਨੇ
*ਹੱਕੀ ਘੋਲ ਨੂੰ ਵਿਸ਼ਾਲ ਤੇ ਪ੍ਰਚੰਡ ਕਰਨ ਦਾ ਐਲਾਨ*
ਚੰਡੀਗੜ੍ਰ 3 ਜੂਨ -ਪੰਜਾਬ ਦੀਆਂ 17 ਮਜਦੂਰ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਅਕਾਲੀ-ਭਾਜਪਾ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਖਿਲਾਫ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪੂਰਤੀ ਲਈ ਅੱਜ ਰਾਜ ਭਰ ਵਿੱਚ ਤੀਸਰੇ ਦਿਨ ਵੀ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਸਾਹਮਣੇ ਰੋਹ ਤੇ ਰੋਸ ਭਰਪੂਰ ਧਰਨੇ ਦੇ ਕੇ ਸਰਕਾਰ ਖਿਲਾਫ਼ ਫੈਸਲਾਕੁੰਨ ਸੰਘਰਸ਼ ਕਰਨ ਦਾ ਅਹਿਦ ਲਿਆ ਗਿਆ। ਰਾਜ ਭਰ ਦੇ ਜਿਲ੍ਹਾ ਹੈੱਡ ਕੁਆਰਟਰਾਂ ਤੋਂ ਇਕੱਤਰ ਰਿਪੋਰਟਾਂ ਤੇ ਸਰਗਰਮੀ ਦੇ ਆਧਾਰ ਤੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਦੇ ਝੂਠ ਤੇ ਮਜਦੂਰ-ਕਿਸਾਨ ਵਿਰੋਧੀ ਨੀਤੀਆਂ ਖਿਲਾਫ਼ ਹਜ਼ਾਰਾਂ ਕਿਸਾਨਾਂ, ਮਜਦੂਰਾਂ, ਔਰਤਾਂ ਤੇ ਬੱਚਿਆਂ ਨੇ ਰੋਸ ਧਰਨਿਆਂ ਵਿੱਚ ਭਰਵੀਂ ਸ਼ਮੂਲੀਅਤ ਕੀਤੀ। ਰੋਸ ਧਰਨਿਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਮਜਦੂਰ ਆਗੂਆਂ ਜੋਗਿੰਦਰ ਸਿੰਘ ਉਗਰਾਹਾਂ, ਤਰਸੇਮ ਪੀਟਰ, ਬੂਟਾ ਸਿੰਘ ਬੁਰਜ ਗਿੱਲ ਤੇ ਡਾ. ਸਤਨਾਮ ਸਿੰਘ ਨੇ ਆਖਿਆ ਕਿ ਅਕਾਲੀ-ਭਾਜਪਾ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਅੱਖਾਂ ਫੇਰ ਕੇ ਸਾਮਰਾਜੀ ਮੁਲਕਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਜਦੂਰਾਂ ਕਿਸਾਨਾਂ ਨੂੰ ਮਿਲਣ ਵਾਲੀਆਂ ਨਿਰਮੂਲ ਸਰਕਾਰੀ ਸੁਵਿਧਾਵਾਂ ਖੋਹ ਕੇ ਕਿਰਤੀਆਂ ਤੋਂ ਬਿਜਲੀ, ਜਮੀਨਾਂ, ਸਿੱਖਿਆ, ਸਿਹਤ ਤੇ ਰੁਜ਼ਗਾਰ ਦੇ ਮੁਢਲੇ ਹੱਕ ਖੋਹ ਕੇ ਉਨ੍ਹਾਂ ਦਾ ਗਲਾ ਘੁੱਟਣ ਤੇ ਉਤਰ ਆਈ ਹੈ ਜਿਸ ਦੇ ਚਲਦਿਆਂ ਮਜਦੂਰਾਂ ਕਿਸਾਨਾਂ ਤੋਂ ਬਿਜਲੀ ਤੇ ਮਾਲੀਆ ਮੁਆਫ਼ੀ, ਸਬਸਿਡੀਆਂ, ਰਾਸ਼ਨ ਦੀਆਂ ਘਰੇਲੂ ਵਸਤਾਂ ਖੋਹੀਆਂ ਜਾ ਚੁੱਕੀਆਂ ਹਨ। ਗੁਰਨਾਮ ਸਿੰਘ ਦਾਊਦ, ਸੁਰਜੀਤ ਸਿੰਘ ਫੂਲ, ਕੰਵਲਪ੍ਰੀਤ ਸਿੰਘ ਪਨੂੰ, ਹਰਦੇਵ ਸਿੰਘ ਸੰਧੂ ਤੇ ਜੋਰਾ ਸਿੰਘ ਨਸਰਾਲੀ ਨੇ ਰੋਸ ਧਰਨਿਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕਿਸਾਨ ਮਜਦੂਰ ਵਿਰੋਧੀ ਤੇ ਨਿੱਜੀਕਰਨ ਦੀਆਂ ਨੀਤੀ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਰਕਾਰ ਵੱਲੋਂ ਕਿਰਤੀਆਂ ਨੂੰ ਆਪਣੇ ਹੱਕੀ ਸੰਘਰਸ਼ਾਂ ਤੋਂ ਰੋਕਣ ਲਈ ਆਗੂਆਂ ਨੂੰ ਸ਼ਹੀਦ ਕਰਨ, ਜਬਰ ਤਸ਼ਦੱਦ ਕਰਨ ਦੇ ਨਾਲ-ਨਾਲ ਨਿੱਜੀ ਤੇ ਜਨਤਕ ਜਾਇਦਾਦ ਭੰਨ-ਤੋੜ ਰੋਕੂ ਐਕਟ ਅਤੇ ਵਿਸ਼ੇਸ਼ ਸੁਰੱਖਿਆ ਗਰੁੱਪ ਐਕਟ 2010 ਵਰਗੇ ਕਾਲੇ ਕਾਨੂੰਨ ਪਾਸ ਕੀਤੇ ਜਾ ਚੁੱਕੇ ਹਨ। ਭਗਵੰਤ ਸਿੰਘ ਸਮਾਓਂ, ਬਲਦੇਵ ਸਿੰਘ ਰਸੂਲਪੁਰ, ਸੰਜੀਵ ਮਿੰਟੂ, ਰੁਲਦੂ ਸਿੰਘ ਮਾਨਸਾ, ਪ੍ਰੇਮ ਸਿੰਘ ਭੰਗੂ, ਸਤਨਾਮ ਸਿੰਘ ਪੰਨੂੰ, ਮੱਘਰ ਸਿੰਘ ਕੁਲਰੀਆਂ ਤੇ ਹਰਦੇਵ ਸਿੰਘ ਖੇੜ੍ਹਾ ਆਦਿ ਆਗੂਆਂ ਨੇ ਖੇਤ ਮਜਦੂਰਾਂ ਦੇ ਪੂਰੇ ਬਿਜਲੀ ਬਿੱਲ ਜਾਤ-ਧਰਮ ਤੇ ਲੋਡ ਦੀ ਸ਼ਰਤ ਹਟਾ ਕੇ ਮੁਆਫ਼ ਕੀਤੇ ਜਾਣ, ਖੇਤੀ ਮੋਟਰਾਂ ਦੇ ਬਿੱਲਾਂ ਦੀ ਮੁਆਫ਼ੀ ਦਾ ਨੋਟੀਫਿਕੇਸ਼ਨ ਜਾਰੀ ਕਰਨ ਤੇ ਪੁਰਾਣੇ ਬਕਾਏ ਤੇ ਨਹਿਰੀ ਮਾਲੀਏ ਦੀ ਮੁਆਫ਼ੀ ਦੀ ਮੰਗ ਕੀਤੀ। ਬੁਲਾਰਿਆਂ ਵੱਲੋਂ ਕਰਜ਼ਿਆਂ ਤੇ ਆਰਥਿਕ ਤੰਗੀਆਂ ਦੇ ਸਤਾਏ ਖੁਦਕੁਸ਼ੀ ਪੀੜ੍ਹਤ ਪਰਿਵਾਰਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਤੇ ਇੱਕ ਮੈਂਬਰ ਨੂੰ ਨੌਕਰੀ ਦੇਣ, ਕਿਸਾਨ ਮਜਦੂਰ ਪੱਖੀ ਕਰਜ਼ਾ ਕਾਨੂੰਨ ਬਣਾਉਣ, ਕਾਲੇ ਕਾਨੂੰਨ ਵਾਪਸ ਲੈਣ, ਬੇਘਰੇ ਮਜਦੂਰਾਂ ਨੂੰ ਦਸ ਮਰਲੇ ਦੇ ਪਲਾਟ ਮੁਫ਼ਤ ਦੇਣ, ਖੇਤੀ ਸਬਸਿਡੀਆਂ ਜਾਰੀ ਰੱਖਣ ਤੇ ਵਧਾਉਣ, ਆਬਾਦ ਕਾਰ ਤੇ ਪੱਕੇ ਮੁਜ਼ਾਰੇ ਕਿਸਾਨਾਂ ਨੂੰ ਜਮੀਨਾਂ ਦੇ ਮਾਲਕੀ ਹੱਕ ਦੇਣ, ਜਬਰੀ ਜ਼ਮੀਨਾਂ ਅਕਵਾਇਰ ਕਰਨ ਦੀ ਨੀਤੀ ਰੱਦ ਕਰਨ, ਆਟਾ-ਦਾਲ ਸਕੀਮ 'ਚ ਕੀਤੀ ਕਟੌਤੀ ਖਤਮ ਕਰਨ, ਜਨਤਕ ਵੰਡ ਪ੍ਰਣਾਲੀ ਰਾਹੀਂ ਸਰਕਾਰੀ ਡਿਪੂਆਂ ਤੋਂ ਰਾਸ਼ਨ ਤੇ ਹੋਰ ਵਸਤਾਂ ਦੀ ਸਪਲਾਈ ਯਕੀਨੀ ਬਣਾਉਣ, ਮਨਰੇਗਾ ਸਕੀਮ ਤਹਿਤ ਸਾਰੇ ਬਾਲਗ ਮਜਦੂਰਾਂ ਨੂੰ 200 ਰੁਪਏ ਦਿਹਾੜੀ 'ਤੇ ਪੂਰਾ ਸਾਲ ਰੁਜ਼ਗਾਰ ਤੇ ਕੀਤੇ ਗਏ ਕੰਮ ਦਾ ਬਕਾਇਆ ਦੇਣ, ਸਾਰੇ ਮਜਦੂਰਾਂ ਦੇ ਜਾਬ ਕਾਰਡ ਬਣਾਉਣ ਦੀ ਮੰਗ ਕੀਤੀ ਗਈ। ਆਗੂਆਂ ਨੇ ਪੁਰਜ਼ੋਰ ਸ਼ਬਦਾਂ ਵਿਚ ਅੰਦੋਲਨਕਾਰੀ ਕਿਸਾਨਾਂ ਮਜਦੂਰਾਂ 'ਤੇ ਪੰਜਾਬ ਤੇ ਚੰਡੀਗੜ੍ਹ 'ਚ ਦਰਜ ਸਾਰੇ ਪਰਚੇ ਰੱਦ ਕਰਨ ਅਤੇ ਕਿਸਾਨ ਆਗੂ ਸਾਧੂ ਸਿੰਘ ਤਖ਼ਤੂਪੁਰਾ, ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਤੇ ਖੰਨਾ-ਚਮਾਰਾ ਦੇ ਮੁਜ਼ਾਰੇ ਕਿਸਾਨਾਂ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰਦਿਆਂ ਐਲਾਨ ਕੀਤਾ ਕਿ ਇਨ੍ਹਾਂ ਸਭਨਾਂ ਮੰਗਾਂ ਦੀ ਪੂਰਤੀ ਲਈ ਸਾਂਝੇ ਸੰਘਰਸ਼ ਨੂੰ ਅੱਗੇ ਤੋਰਦਿਆਂ ਇਸ ਹੱਕੀ ਘੋਲ ਨੂੰ ਹੋਰ ਵਿਸ਼ਾਲ ਤੇ ਪ੍ਰਚੰਡ ਕੀਤਾ ਜਾਵੇਗਾ।

ਮਜਦੂਰਾਂ ਕਿਸਾਨਾਂ ਦਾ ਧਰਨਾ ਦੂਸਰੇ ਦਿਨ ਵੀ ਜਾਰੀ
ਬੱਚੇ ਤੇ ਮਜਦੂਰ ਔਰਤਾਂ ਵੀ ਧਰਨੇ 'ਚ ਸ਼ਾਮਿਲ
ਫੋਟੋ - ਮਜਦੂਰਾਂ ਕਿਸਾਨਾਂ ਦੇ ਧਰਨੇ ਵਿਚ ਵੱਡੀ ਗਿਣਤੀ 'ਚ ਸ਼ਾਮਿਲ ਔਰਤਾਂ ਦਾ ਇਕੱਠ।


ਸ੍ਰੀ ਮੁਕਤਸਰ ਸਾਹਿਬ 2 ਜੂਨ ਪੰਜਾਬ ਦੀਆਂ 17 ਮਜਦੂਰ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਰਾਜ ਭਰ ਵਿਚ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਮਜਦੂਰਾਂ ਦੇ ਪੂਰੇ ਘਰੇਲੂ ਬਿਜਲੀ ਬਿੱਲ, ਕਿਸਾਨਾਂ ਦਾ ਨਹਿਰੀ ਮਾਲੀਆ, ਮਜਦੂਰਾਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਵਾਉਣ, ਜਨਤਕ ਤੇ ਨਿੱਜੀ ਜਾਇਦਾਦ ਦਾ ਨੁਕਸਾਨ ਰੋਕੂ ਕਾਨੂੰਨ ਤੇ ਸਪੈਸ਼ਲ ਸੁਰੱਖਿਆ ਗਰੁੱਪ ਕਾਨੂੰਨ 2010 ਰੱਦ ਕਰਵਾਉਣ ਤੇ ਹੋਰ ਆਰਥਿਕ ਮੰਗਾਂ ਮਨਵਾਉਣ ਲਈ ਦਿੱਤੇ ਜਾ ਰਹੇ ਰੋਸ ਧਰਨਿਆਂ ਦੀ ਮੁਹਿੰਮ 'ਚ ਅੱਜ ਜਿਲ੍ਹੇ ਭਰ ਦੇ ਸੈਕੜੇ ਮਜਦੂਰ ਕਿਸਾਨਾਂ ਵੱਲੋਂ ਦੂਸਰੇ ਦਿਨ ਵੀ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਧਰਨਾ ਜਾਰੀ ਰੱਖਿਆ ਗਿਆ ਜਿਸ ਵਿਚ ਖੇਤ ਮਜਦੂਰਾਂ ਦੇ ਬੱਚਿਆਂ ਤੇ ਔਰਤਾਂ ਦੀ ਸ਼ਮੂਲੀਅਤ ਗਿਣਨਯੋਗ ਰਹੀ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਪੂਰਨ ਸਿੰਘ ਦੋਦਾ ਤੇ ਦਿਹਾਤੀ ਮਜਦੂਰ ਸਭਾ ਦੇ ਸੂਬਾਈ ਆਗੂ ਜਗਜੀਤ ਸਿੰਘ ਜੱਸੇਆਣਾ ਨੇ ਆਖਿਆ ਕਿ ਸਰਕਾਰਾਂ ਵੱਲੋਂ ਸਾਮਰਾਜੀ ਮੁਲਕਾਂ ਦੇ ਦਿਸ਼ਾ ਨਿਰਦੇਸ਼ਾ ਤਹਿਤ ਹਰੇ ਇਨਕਲਾਬ ਦੇ ਨਾਂ ਤੇ ਲਾਗੂ ਕੀਤੀਆਂ ਜਾ ਰਹੀਆਂ ਗਲਤ ਆਰਥਿਕ ਨੀਤੀਆਂ ਤਹਿਤ ਕਿਸਾਨਾਂ ਤੇ ਖੇਤ ਮਜਦੂਰਾਂ ਸਿਰ ਦਿਨੋ-ਦਿਨ ਕਰਜੇ ਦੀ ਪੰਡ ਭਾਰੀ ਹੋਣ ਕਾਰਨ ਉਹ ਮਜਬੂਰਨ ਖ਼ੁਦਕਸ਼ੀਆਂ ਦੇ ਰਾਹ ਤੁਰ ਰਹੇ ਹਨ। ਇਨ੍ਹਾਂ ਨੀਤੀਆਂ ਸਦਕਾ ਹੀ ਮਜਦੂਰਾਂ ਤੋਂ ਬਿਜਲੀ ਬਿੱਲਾਂ ਦੀ ਮੁਆਫੀ, ਕਿਸਾਨਾਂ ਤੋਂ ਨਹਿਰੀ ਮਾਲੀਏ ਦੀ ਮੁਆਫੀ ਤੇ ਰਾਸ਼ਨ ਡਿਪੂਆਂ ਤੇ ਆਮ ਵਰਤੋਂ ਦੀਆਂ ਵਸਤਾਂ ਦੀ ਸਪਲਾਈ ਲਗਭਗ ਖਤਮ ਕੀਤੀ ਜਾ ਚੁੱਕੀ ਹੈ। ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਮਜਦੂਰਾਂ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਤਸ਼ਦੱਦ ਦੀ ਨੀਤੀ ਦੇ ਹੱਥ ਕੰਡਿਆਂ 'ਤੇ ਉਤਰ ਆਈ ਹੈ। ਰੋਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਪੇਂਡੂ ਮਜਦੂਰ ਯੂਨੀਅਨ ਦੇ ਗੁਰਸੰਗਤ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਬਲਵਿੰਦਰ ਸਿੰਘ ਥਾਂਦੇਵਾਲਾ , ਕਿਸਾਨ ਆਗੂ ਗੁਰਾਂਦਿੱਤਾ ਸਿੰਘ ਭਾਗਸਰ, ਬੇਰੁਜ਼ਗਾਰ ਈ. ਟੀ. ਟੀ. ਯੂਨੀਅਨ ਦੇ ਆਗੂ ਬਲਜੀਤ ਸਿੰਘ ਕੰਦੂਖੇੜਾ ਤੇ ਹੋਰ ਮਜਦੂਰ ਕਿਸਾਨ ਆਗੂਆਂ ਰਾਜਾ ਸਿੰਘ ਖੂਨਣ ਖੁਰਦ, ਗੁਰਜੰਟ ਸਿੰਘ ਸੌਕੇ, ਨਾਨਕ ਸਿੰਘ ਸਿੰਘੇਵਾਲਾ, ਹਰਜੀਤ ਸਿੰਘ ਮਦਰੱਸਾ, ਸੁਖਾ ਸਿੰਘ, ਲਖਵੀਰ ਸਿੰਘ, ਜਗਦੇਵ ਸਿੰਘ ਭਾਗਸਰ ਤੇ ਹਰਬੰਸ ਸਿੰਘ ਕੋਟਲੀ ਨੇ ਵੀ ਸੰਬੋਧਨ ਕੀਤਾ। ਆਗੂਆਂ ਨੇ ਸਪਸ਼ਟ ਕੀਤਾ ਕਿ ਅਕਾਲੀ ਭਾਜਪਾ ਸਰਕਾਰ ਦੀਆਂ ਮਜਦੂਰ ਕਿਸਾਨ ਵਿਰੋਧੀ ਨੀਤੀਆਂ ਤੇ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਫੈਸਲਾਕੁੰਨ ਸੰਘਰਸ਼ ਲੜਿਆ ਜਾਵੇਗਾ।

No comments:

Post a Comment