StatCounter

Friday, October 21, 2011

ਗੁਰਸ਼ਰਨ ਸਿੰਘ ਦੀ ਇਨਕਲਾਬੀ ਜੀਵਨ-ਘਾਲਣਾ ਦਾ ਮਹੱਤਵ

ਗੁਰਸ਼ਰਨ ਸਿੰਘ ਦੀ ਇਨਕਲਾਬੀ ਜੀਵਨ-ਘਾਲਣਾ ਦਾ ਮਹੱਤਵ

—ਜਸਪਾਲ ਜੱਸੀ


(ਇਹ ਲਿਖਤ ਜਨਵਰੀ 2006 'ਚ ਹੋਏ ਗੁਰਸ਼ਰਨ ਸਿੰਘ ਇਨਕਲਾਬੀ ਨਿਹਚਾ ਸਨਮਾਨ ਸਮਾਰੋਹ ਦੇ ਪ੍ਰਸੰਗ 'ਚ ਸਨਮਾਨ ਸਮਾਰੋਹ ਕਮੇਟੀ ਵੱਲੋਂ ਜਾਰੀ ਕੀਤੀ ਗਈ ਸੀ।)

ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਵੱਲੋਂ ਉੱਘੀ ਅਤੇ ਹਰਮਨਪਿਆਰੀ ਬਜ਼ੁਰਗ ਇਨਕਲਾਬੀ ਸਖਸ਼ੀਅਤ, ਸ਼੍ਰੀ ਗੁਰਸ਼ਰਨ ਸਿੰਘ ਦੀ ਇਨਕਲਾਬੀ ਜੀਵਨ ਘਾਲਣਾ ਨੂੰ ਸਲਾਮ ਕਰਨ ਲਈ ਇੱਕ ਵਿਸ਼ੇਸ਼ ਜਨਤਕ ਹੰਭਲਾ ਜੁਟਾਇਆ ਜਾ ਰਿਹਾ ਹੈ 11 ਜਨਵਰੀ ਨੂੰ, ਸਵੇਰੇ 11 ਵਜੇ ਪੰਜਬ ਦੇ ਵੱਖ ਵੱਖ ਕੋਨਿਆਂ 'ਚੋਂ ਹਜ਼ਾਰਾਂ ਮਜ਼ਦੂਰ, ਕਿਸਾਨ, ਮੁਲਾਜ਼ਮ, ਵਿਦਿਆਰਥੀ, ਨੌਜੁਆਨ, ਔਰਤਾਂ, ਕਲਾਕਾਰ, ਜਮਹੂਰੀ ਹੱਕਾਂ ਦੇ ਕਾਰਕੁੰਨ ਅਤੇ ਬੁੱਧੀਜੀਵੀ ਮੋਗਾ ਨੇੜੇ ਪਿੰਡ ਕੁੱਸਾ ਵਿੱਚ ਇਕੱਤਰ ਹੋਣਗੇ ਅਤੇ ਸ੍ਰੀ ਗੁਰਸ਼ਰਨ ਸਿੰਘ ਨੂੰ ''ਇਨਕਲਾਬੀ ਨਿਹਚਾ ਸਨਮਾਨ'' ਨਾਲ ਸਤਿਕਾਰਨਗੇ ਇਸ ਮਕਸਦ ਲਈ ਇਨਕਲਾਬੀ ਜਮਹੂਰੀ ਲਹਿਰ ਦੇ ਵੱਖ ਵੱਖ ਖੇਤਰਾਂ ਨਾਲ ਸਬੰਧਤ ਉੱਭਰਵੀਆਂ ਸਖਸ਼ੀਅਤਾਂ 'ਤੇ ਅਧਾਰਤ ''ਸ਼੍ਰੀ ਗੁਰਸ਼ਰਨ ਸਿੰਘ ਇਨਕਲਾਬੀ ਸਨਮਾਨ ਸਮਾਰੋਹ ਕਮੇਟੀ'' ਬਣਾਈ ਗਈ ਹੈ ਇਸ ਕਮੇਟੀ ਵਿੱਚ ਜਸਪਾਲ ਜੱਸੀ (ਕਨਵੀਨਰ), ਅਮੋਲਕ ਸਿੰਘ, ਝੰਡਾ ਸਿੰਘ ਜੇਠੂਕੇ, ਗੁਰਦਿਆਲ ਸਿੰਘ ਭੰਗਲ, ਜ਼ੋਰਾ ਸਿੰਘ ਨਸਰਾਲੀ, ਯਸ਼ਪਾਲ, ਡਾ. ਪਰਮਿੰਦਰ ਸਿੰਘ, ਅਤਰਜੀਤ, ਦਰਸ਼ਨ ਸਿੰਘ ਕੂਹਲੀ, ਹਰਜਿੰਦਰ ਸਿੰਘ, ਪੁਸ਼ਪ ਲਤਾ ਅਤੇ ਪਵੇਲ ਕੁੱਸਾ ਸ਼ਾਮਲ ਹਨ 11 ਜਨਵਰੀ ਨੂੰ ਹੋ ਰਿਹਾ ਇਨਕਲਾਬੀ ਸਨਮਾਨ ਸਮਾਰੋਹ ਇੱਕ ਲੰਮੀ ''ਸਲਾਮ ਅਤੇ ਸਨਮਾਨ ਜਨਤਕ ਮੁਹਿੰਮ'' ਦਾ ਸਿਖਰ ਹੋਵੇਗਾ ਇਹ ਮੁਹਿੰਮ ਪੰਜਾਬ ਦੇ ਵੱਖ ਵੱਖ ਭਾਗਾਂ ਵਿੱਚ ਮੀਟਿੰਗਾਂ, ਰੈਲੀਆਂ, ਜਨ-ਇਕਤੱਰਤਾਵਾਂ ਅਤੇ ਜਨ-ਸੰਪਰਕ ਮੁਹਿੰਮਾਂ ਦੀ ਸ਼ਕਲ ਵਿੱਚ ਚਲਾਈ ਜਾ ਰਹੀ ਹੈ ਭਾਰੀ ਗਿਣਤੀ ਵਿੱਚ ਇਸ਼ਤਿਹਾਰ, ਹੱਥ-ਪਰਚੇ ਅਤੇ ਪੈਂਫਲਟ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਸ੍ਰੀ ਗੁਰਸ਼ਰਨ ਸਿੰਘ ਦੀ ਇਨਕਲਾਬੀ ਜੀਵਨ ਘਾਲਣਾ ਅਤੇ ਰੋਲ ਦਾ ਮਹੱਤਵ ਲੋਕਾਂ ਵਿੱਚ ਡੂੰਘੀ ਤਰ੍ਹਾਂ ਉਜਾਗਰ ਕੀਤਾ ਜਾਵੇ 11 ਜਨਵਰੀ ਨੂੰ ਹੋਣ ਵਾਲੀ ਹਜ਼ਾਰਾਂ ਲੋਕਾਂ ਦੀ ਇਕੱਤਰਤਾ ਲੋਕ ਲਹਿਰ ਦੇ ਉਹਨਾਂ ਵਿਸ਼ਾਲ ਹਿੱਸਿਆਂ ਦੀਆਂ ਭਾਵਨਾਵਾਂ ਅਤੇ ਸਰੋਕਾਰਾਂ ਦੀ ਪ੍ਰਤੀਕ ਅਤੇ ਤਰਜਮਾਨ ਹੋਵੇਗੀ, ਜਿਹੜੇ ਸ਼੍ਰੀ ਗੁਰਸ਼ਰਨ ਸਿੰਘ ਦੇ ਰੋਲ ਨੂੰ ਇਨਕਲਾਬੀ ਪ੍ਰੇਰਨਾ ਅਤੇ ਉਤਸ਼ਾਹ ਦੇ ਸਰੋਤ ਵਜੋਂ ਉਚਿਆਉਂਦੇ ਅਤੇ ਬੁਲੰਦ ਕਰਦੇ ਹਨ

ਸ਼੍ਰੀ ਗੁਰਸ਼ਰਨ ਸਿੰਘ ਦੇ ਇਸ ਇਨਕਲਾਬੀ ਸਨਮਾਨ ਸਮਾਰੋਹ ਦਾ ਕਈ ਪੱਖਾਂ ਤੋਂ ਵਿਸ਼ੇਸ਼ ਮਹੱਤਵ ਹੈ। ਸ਼੍ਰੀ ਗੁਰਸ਼ਰਨ ਸਿੰਘ ਨੂੰ ਨਾ ਸਿਰਫ ਪੰਜਾਬ ਅੰਦਰ ''ਇਨਕਲਾਬੀ ਨਾਟਕ ਲਹਿਰ ਦੇ ਸ਼੍ਰੋਮਣੀ ਉਸਰੱਈਏ ਅਤੇ ਇਸਦੀ ਮਾਣ-ਮੱਤੀ ਕਲਗੀ'' ਵਜੋਂ ਸਤਿਕਾਰਿਆ ਜਾ ਰਿਹਾ ਹੈ, ਸਗੋਂ ਇਸ ਨਾਲੋਂ ਵੀ ਵੱਧ ਇੱਕ ਨਿਹਚਾਵਾਨ ਇਨਕਲਾਬੀ ਸਮਾਜਿਕ ਸੰਗਰਾਮੀਏ— ਵਜੋਂ ਸਨਮਾਨ ਦਿੱਤਾ ਜਾ ਰਿਹਾ ਹੈ। ਸਨਮਾਨ ਸਮਾਰੋਹ ਕਮੇਟੀ ਵੱਲੋਂ ਜਾਰੀ ਕੀਤੇ ਗਏ ਇਸ਼ਤਿਹਾਰ ਦੀ ਸਿਖਰਲੀ ਪੱਟੀ ਵਿੱਚ ਇਸ ਸਨਮਾਨ ਸਮਾਰੋਹ ਦੇ ਇਨਕਲਾਬੀ ਜਮਾਤੀ ਤੱਤ ਵੱਲ ਸਪਸ਼ਟ ਸੰਕੇਤ ਕੀਤਾ ਗਿਆ ਹੈ, ''ਜੋਕਾਂ ਆਪਣੇ ਝੋਲੀ ਚੁੱਕਾਂ ਨੂੰ ਵਡਿਆਉਂਦੀਆਂ ਹਨ, ਲੋਕ ਆਪਣੇ ਸੰਗਰਾਮੀਆਂ ਨੂੰ ਸਤਿਕਾਰਦੇ ਹਨ।'' ਇਉਂ ਇਹ ਸਨਮਾਨ ਸਮਾਰੋਹ ਇਨਕਲਾਬੀ ਲੋਕਾਂ ਦੇ ਕੈਂਪ ਦੀ ਤਰਫੋਂ ਕੀਤਾ ਜਾ ਰਿਹਾ ਹੈ ਅਤੇ ਲੋਕ ਦੁਸ਼ਮਣ ਜਮਾਤੀ ਸਿਆਸੀ ਸ਼ਕਤੀਆਂ ਨਾਲੋਂ ਨਿਖੇੜੇ ਦੀ ਲਕੀਰ ਖਿੱਚ ਕੇ ਕੀਤਾ ਜਾ ਰਿਹਾ ਹੈ। ਸਨਮਾਨ ਸਮਾਰੋਹ ਕਮੇਟੀ ਸੁਚੇਤ ਹੈ ਕਿ ਜਿੱਥੋਂ ਤੱਕ ਮਿਹਨਤਕਸ਼ ਅਤੇ ਦੱਬੇ ਕੁਚਲੇ ਲੋਕਾਂ ਦੀ ਸਮੁੱਚੀ ਇਨਕਲਾਬੀ ਧਿਰ ਦਾ ਸਵਾਲ ਹੈ, ਸ਼੍ਰੀ ਗੁਰਸ਼ਰਨ ਸਿੰਘ ਇੱਕ ਸਰਬ-ਸਾਂਝੀ ਇਨਕਲਾਬੀ ਸਖਸ਼ੀਅਤ ਹਨ। ਪਰ ਜਿੱਥੋਂ ਤੱਕ ਲੋਕ ਦੁਸ਼ਮਣ ਸ਼ਕਤੀਆਂ ਅਤੇ ਲੋਕਾਂ ਦੀ ਧਿਰ ਦੇ ਆਪਸੀ ਰਿਸ਼ਤੇ ਦਾ ਸਵਾਲ ਹੈ, ਸ੍ਰੀ ਗੁਰਸ਼ਰਨ ਸਿੰਘ ਇੱਕ ਸਰਬ ਸਾਂਝੀ ਸਖਸ਼ੀਅਤ ਨਹੀਂ ਹਨ, ਕਿਉਂਕਿ ਉਹਨਾਂ ਨੇ ਆਪਣੇ ਹੱਥਾਂ ਵਿੱਚ ਲੋਕ-ਇਨਕਲਾਬ ਅਤੇ ਸਮਾਜਵਾਦੀ ਆਦਰਸ਼ਾਂ ਦਾ ਝੰਡਾ ਚੁੱਕਿਆ ਹੋਇਆ ਹੈ। ਇਹਨਾਂ ਆਦਰਸ਼ਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਲੁਟੇਰੀਆਂ ਅਤੇ ਪਿਛਾਂਹਖਿੱਚੂ ਹਾਕਮ ਜਮਾਤਾਂ ਖਿਲਾਫ ਇਨਕਲਾਬੀ ਜਮਾਤੀ ਘੋਲ ਦਾ ਝੰਡਾ ਚੁੱਕਿਆ ਹੋਇਆ ਹੈ। ਇਹ ਆਦਰਸ਼ ਅਤੇ ਇਹਨਾਂ ਲਈ ਸੰਗਰਾਮ ਹੀ ਸ਼੍ਰੀ ਗੁਰਸ਼ਰਨ ਸਿੰਘ ਦੀ ਸਮਾਜਿਕ ਜੀਵਨ ਸਰਗਰਮੀ ਦੀ ਪ੍ਰੇਰਨਾ ਹੈ।


ਸ਼੍ਰੀ ਗੁਰਸ਼ਰਨ ਸਿੰਘ ਦੇ ਨਾਟਕ ''ਧਮਕ ਨਗਾਰੇ ਦੀ'' ਦੇ ਨਾਇਕ ਦੀ ਇੱਕ ਟਿੱਪਣੀ ਇਸ ਪੱਖੋਂ ਮਹੱਤਵਪੂਰਨ ਹੈ। ਇਹ ਨਾਇਕ ਜਗੀਰੂ ਸੱਤਾ ਦੇ ਚਿੰਨ੍ਹ ਬਾਦਸ਼ਾਹ ਨੂੰ ਸੰਬੋਧਤ ਹੋ ਕੇ ਕਹਿੰਦਾ ਹੈ ਕਿ ''ਤੇਰਾ ਵਸੇਬਾ ਹੀ ਸਾਡਾ ਉਜਾੜਾ ਹੈ।'' ਜ਼ਾਲਮ ਅਤੇ ਮਜ਼ਲੂਮ ਜਮਾਤਾਂ ਦੇ ਅਜਿਹੇ ਸਮਝੌਤਾ ਰਹਿਤ ਟਕਰਾ ਦੀ ਅਸਲੀਅਤ-ਮੁਖੀ ਧਾਰਨਾ ਸ਼੍ਰੀ ਗੁਰਸ਼ਰਨ ਸਿੰਘ ਦੀ ਜੀਵਨ ਸਰਗਰਮੀ ਵਿੱਚ ਵਸੀ ਹੋਈ ਹੈ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਆਪਣੇ ਅਜਿਹੇ ਇਨਕਲਾਬੀ ਜਮਾਤੀ ਤੱਤ ਕਰਕੇ ਸ਼੍ਰੀ ਗੁਰਸ਼ਰਨ ਸਿੰਘ ਦੀ ਸਰਗਰਮੀ ਜਿਥੇ ਲੋਕ ਸ਼ਕਤੀਆਂ ਦੀ ਅਥਾਹ ਪ੍ਰਸ਼ੰਸਾ ਅਤੇ ਸਤਿਕਾਰ ਹਾਸਲ ਕਰਦੀ ਰਹੀ ਹੈ, ਉਥੇ ਲੋਕ ਦੁਸ਼ਮਣ ਤਾਕਤਾਂ ਨੂੰ ਇਸਦੀ ਤਿੱਖੀ ਰੜਕ ਮਹਿਸੂਸ ਹੁੰਦੀ ਰਹੀ ਹੈ। ਇਹ ਸਰਗਰਮੀ ਰਾਜ ਸੱਤਾ ਅਤੇ ਫਿਰਕੂ ਫਾਸ਼ੀ ਤਾਕਤਾਂ ਦੇ ਗੁੱਸੇ ਅਤੇ ਬੰਦਸ਼ਾਂ ਦਾ ਨਿਸ਼ਾਨਾ ਬਣਦੀ ਰਹੀ ਹੈ। ਐਮਰਜੈਂਸੀ ਦੌਰਾਨ ਸ੍ਰੀ ਗੁਰਸ਼ਰਨ ਸਿੰਘ ਨੂੰ ਜੇਲ• ਦੀਆਂ ਸ਼ੀਖਾਂ ਪਿੱਛੇ ਡੱਕਿਆ ਗਿਆ ਅਤੇ ਫਿਰਕੂ ਫਾਸ਼ੀ ਦਹਿਸ਼ਤਗਰਦੀ ਦੀ ਚੜ੍ਹਤ ਦੇ ਦੌਰ ਵਿੱਚ ਉਹਨਾਂ ਨੂੰ ਪਰਿਵਾਰਕ ਜੀਵਨ ਵਿੱਚ ਗੰਭੀਰ ਉਖੇੜੇ ਦਾ ਸਾਹਮਣਾ ਕਰਨਾ ਪਿਆ। ਸ਼੍ਰੀ ਗੁਰਸ਼ਰਨ ਸਿੰਘ ਨੇ ਖਤਰਿਆਂ, ਮੁਸ਼ਕਲਾਂ ਅਤੇ ਖੱਜਲਖੁਆਰੀ ਦੇ ਇਹ ਦੌਰ ਉੱਚੇ ਇਨਕਲਾਬੀ ਮਨੋਬਲ ਨਾਲ ਪਾਰ ਕੀਤੇ ਹਨ।

ਕੁਦਰਤੀ ਹੀ, ਲੋਕਾਂ ਦੇ ਇਨਕਲਾਬੀ ਜਮਾਤੀ ਹਿੱਤਾਂ ਦੀ ਝੰਡਾਬਰਦਾਰ ਅਜਿਹੀ ਸਖਸ਼ੀਅਤ ਨੂੰ ਸਲਾਮ ਕਰਨ ਲਈ ਹੋ ਰਿਹਾ ਇਹ ਸਮਾਰੋਹ ਹਾਕਮ ਜਮਾਤੀ ਅਤੇ ਰਵਾਇਤੀ ਸਨਮਾਨ ਸਮਾਰੋਹਾਂ ਨਾਲ ਟਕਰਾਵੇਂ ਲੱਛਣਾਂ ਵਾਲੀ ਮੁਕਾਬਲੇ ਦੀ ਸਰਗਰਮੀ ਹੀ ਹੋ ਸਕਦਾ ਹੈ। ਇਹ ਹਾਕਮ ਜਮਾਤਾਂ ਦੀ ਖਿੜਕੀ ਵਿੱਚ ਸਾਹ ਵਰੋਲਦੇ ਕਿਸੇ ਡਾਲੋਂ ਟੁੱਟੇ ਮੁਰਝਾਉਂਦੇ ਫੁੱਲ ਦਾ ਕਸੀਦਾ ਨਹੀਂ ਹੈ। ਲੋਕ ਲਹਿਰ ਦੀ ਬਗੀਚੀ ਵਿੱਚ ਜਾਹੋ-ਜਲਾਲ ਨਾਲ ਟਹਿਕਦੇ ਸੂਹੇ ਫੁੱਲ ਦਾ ਸਤਿਕਾਰ ਹੈ।

ਕਲਾ ਅਤੇ ਸਭਿਆਚਾਰ ਦੇ ਖੇਤਰ ਵਿੱਚ ਵਿਚਰਦਿਆਂ ਸ਼੍ਰੀ ਗੁਰਸ਼ਰਨ ਸਿੰਘ ਹਮੇਸ਼ਾ ਕਲਾ ਨੂੰ ਮਿਹਨਤਕਸ਼ ਅਤੇ ਦੱਬੇ ਕੁਚਲੇ ਲੋਕਾਂ ਦੀ ਮੁਕਤੀ ਦੇ ਇਨਕਲਾਬੀ ਹਥਿਆਰ ਵਜੋਂ ਲੈ ਕੇ ਚੱਲੇ ਹਨ। ਉਹ ਲੋਕਾਂ ਦੇ ਹਿੱਤਾਂ ਪ੍ਰਤੀ ਵਫਾਦਾਰ ਪ੍ਰਤੀਬੱਧ ਇਨਕਲਾਬੀ ਨਾਟਕ ਲਹਿਰ ਦੇ ਉਸਰੱਈਏ ਹਨ। ਲੋਕਾਂ ਦੀ ਚੇਤਨਾ ਨੂੰ ਇਨਕਲਾਬੀ ਜਾਗ ਲਾਉਣ ਅਤੇ ਹਲੂਣਾ ਦੇਣ ਵਿੱਚ ਆਪਣੇ ਰੋਲ ਸਦਕਾ, ਇਹ ਨਾਟਕ ਲਹਿਰ ਇਨਕਲਾਬੀ ਜਮਾਤੀ ਸਿਆਸੀ ਲਹਿਰ ਦੀ ਪੂਰਕ ਬਣੀ ਆ ਰਹੀ ਹੈ। ਜਮਾਤੀ ਸੰਘਰਸ਼ਾਂ ਰਾਹੀਂ ਹਾਸਲ ਹੋ ਰਹੀ ਸੋਝੀ ਦੇ ਅਸਰਾਂ ਨੂੰ ਗੂੜ੍ਹੇ ਅਤੇ ਪੱਕੇ ਕਰਨ ਵਿੱਚ ਇਸਦਾ ਅਹਿਮ ਰੋਲ ਹੈ। ਕਈ ਨਾਜ਼ੁਕ ਅਤੇ ਅਹਿਮ ਮੋੜਾਂ 'ਤੇ ਇਹ ਨਾਟਕ ਲਹਿਰ ਵਿਸ਼ੇਸ਼ ਅਤੇ ਮਹੱਤਵਪੂਰਨ ਰੋਲ ਅਖਤਿਆਰ ਕਰ ਲੈਂਦੀ ਰਹੀ ਹੈ। ਐਮਰਜੈਂਸੀ ਦੇ ਕਾਲੇ ਦੌਰ ਵਿੱਚ, ਇਸ ਨਾਟਕ ਲਹਿਰ ਨੇ ਔਖੀਆਂ ਹਾਲਤਾਂ ਵਿੱਚ ਇਨਕਲਾਬੀ ਜਨਤਕ ਸਰਗਰਮੀ ਜਾਰੀ ਰੱਖਣ ਅਤੇ ਭੇਸ ਬਦਲਵੀਆਂ ਸੰਕੇਤਕ ਸ਼ਕਲਾਂ ਵਿੱਚ ਜਮਹੂਰੀ ਹੱਕਾਂ ਦੀ ਰਾਖੀ ਦਾ ਅਤੇ ਇਨਕਲਾਬੀ ਸੰਦੇਸ਼ ਉਭਾਰਨ ਵਿੱਚ ਸਹਾਇਤਾ ਕੀਤੀ। ਫਿਰਕੂ ਫਾਸ਼ੀ ਦਹਿਸ਼ਤਗਰਦੀ ਅਤੇ ਹਕੂਮਤੀ ਦਹਿਸ਼ਤਗਰਦੀ ਦੇ ਜੁੜਵੇਂ ਹੱਲੇ ਦੇ ਕਾਲੇ ਦੌਰ ਵਿੱਚ, ਸ਼੍ਰੀ ਗੁਰਸ਼ਰਨ ਸਿੰਘ ਦੀ ਸਰਪ੍ਰਸਤੀ ਹੇਠ ਇਨਕਲਾਬੀ ਨਾਟਕ ਲਹਿਰ ਦੀ ਪ੍ਰਭਾਵਸ਼ਾਲੀ ਹੋਂਦ ਸਦਕਾ, ਸਭਿਆਚਾਰਕ ਮੋਰਚਾ ਪਿਛਾਖੜੀ ਦਹਿਸ਼ਤਗਰਦੀ ਖਿਲਾਫ ਨਾਬਰੀ ਅਤੇ ਇਸਨੂੰ ਐਲਾਨੀਆ ਸਿਆਸੀ ਚੁਣੌਤੀ ਦੇ ਵਿਸ਼ੇਸ਼ ਖੇਤਰ ਵਜੋਂ ਉੱਭਰਿਆ। ਇਨਕਲਾਬੀ ਅਤੇ ਲੋਕ ਪੱਖੀ ਕਲਾ ਸਿਰਜਣਾ ਬਦਲੇ, ਫਿਰਕੂ ਫਾਸ਼ੀ ਦਹਿਸ਼ਤਗਰਦਾਂÎ ਦੀਆਂ ਗੋਲੀਆਂ ਦਾ ਨਿਸ਼ਾਨਾ ਬਣਨ ਵਾਲੀਆਂ ਸਖਸ਼ੀਅਤਾਂ ਨੂੰ ਇਸ ਮੋਰਚੇ ਤੋਂ ਸਿਰਫ ਸ਼ੋਕ ਸ਼ਰਧਾਂਜਲੀਆਂ ਹੀ ਭੇਟ ਨਹੀਂ ਕੀਤੀਆਂ ਜਾਂਦੀਆਂ ਰਹੀਆਂ, ਸਗੋਂ ਲੋਕਾਂ ਦੀ ਇਨਕਲਾਬੀ ਅਤੇ ਹੱਕੀ ਵਿਰੋਧ ਲਹਿਰ ਦੇ ਜੁਝਾਰ ਸੰਗਰਾਮੀ ਸ਼ਹੀਦਾਂ ਵਜੋਂ ਉਚਿਆਇਆ ਜਾਂਦਾ ਰਿਹਾ ਹੈ।

ਸ਼੍ਰੀ ਗੁਰਸ਼ਰਨ ਸਿੰਘ ਦੀ ਸਰਪਰਸਤੀ ਹੇਠਲੀ ਲੋਕ-ਮੁਖੀ ਨਾਟਕ ਲਹਿਰ ਦੀ ਸਭਿਆਚਾਰਕ ਦੇਣ ਵੱਡਮੁੱਲੀ ਹੈ। ਇਸ ਨੇ ਜਨ-ਸਾਧਾਰਨ ਦੀ ਮਾਨਸਿਕ ਤ੍ਰਿਪਤੀ ਦੀ ਰਵਾਇਤੀ ਲਛਮਣ ਰੇਖਾ ਨੂੰ ਤੋੜਦਿਆਂ, ਅਧੁਨਿਕ ਮਿਆਰੀ ਅਤੇ ਗੰਭੀਰ ਨਾਟਕ ਨੂੰ (ਵਿਸ਼ੇਸ਼ ਕਰਕੇ ਪੇਂਡੂ ਜਨਤਾ 'ਚ) ਮਕਬੂਲ ਬਣਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਸ਼੍ਰੀ ਗੁਰਸ਼ਰਨ ਸਿੰਘ ਦੀ ਪ੍ਰਤਿਭਾ ਦੀ ਛੋਹ ਨਾਲ ਹੀ ਕਮਿਊਨਿਸਟ ਲਹਿਰ ਨਾਲ ਜੁੜੀ ਓਪੇਰਾ ਮੁਖੀ ਸਾਧਾਰਨ ਅਤੇ ਰਵਾਇਤੀ ਨਾਟਕ ਸਰਗਰਮੀ ਨੂੰ ਨਵੀਂ ਕਰਵਟ ਮਿਲੀ ਸੀ। ਇਸਨੇ ਕਲਾ ਮਿਆਰਾਂ ਪੱਖੋਂ ਵੀ ਅਤੇ ਤੱਤ ਪੱਖੋਂ ਵੀ ਸਿਫਤੀ ਛੜੱਪਾ ਮਾਰਿਆ ਸੀ ਅਤੇ ਇਹ ਪੰਜਾਬ ਅੰਦਰ ਬੇਹਤਰੀਨ ਅਤੇ ਮਕਬੂਲ ਨਾਟਕ ਕਲਾ ਨਮੂਨਿਆਂ ਨੂੰ ਪ੍ਰਗਟਾਉਣ ਦਾ ਸਾਧਨ ਬਣਨ ਲੱਗੀ ਸੀ। ਉਹਨਾਂ ਦੇ ਯਤਨਾਂ ਸਦਕਾ ਹੀ ਇਨਕਲਾਬੀ ਜਮਾਤਾਂ ਦੀ ਕਲਾ ਦੇ ਸੰਸਾਰ ਪ੍ਰਸਿੱਧ ਨਮੂਨੇ ਪੰਜਾਬ ਦੇ ਇਨਕਲਾਬੀ ਰੰਗ ਮੰਚ ਦਾ ਸ਼ਿੰਗਾਰ ਬਣਨਾ ਸ਼ੁਰੂ ਹੋਏ। ਇਹ ਕ੍ਰਿਸ਼ਮਾ ਸੀਮਤ ਸਾਧਨਾਂ ਆਸਰੇ ਕੀਤਾ ਗਿਆ ਸੀ। ਲਗਨ, ਘਾਲਣਾ, ਲੋਕ-ਹਿੱਤਾਂ ਨਾਲ ਵਫਾਦਾਰੀ ਅਤੇ ਸਮਰਪਣ ਦੀ ਭਾਵਨਾ ਆਸਰੇ ਕੀਤਾ ਗਿਆ। ਇਸ ਵਿਸ਼ਵਾਸ਼ ਆਸਰੇ ਕੀਤਾ ਗਿਆ ਕਿ ਇਨਕਲਾਬੀ ਜਾਗਰਿਤੀ ਦੇ ਨਾਲ ਨਾਲ ਨਰੋਏ ਸੁਹਜ-ਸੁਆਦ ਦੀਆਂ ਚਿਣਗਾਂ ਵੀ ਜਨ-ਸਾਧਾਰਨ ਦੀ ਅਣਸਰਦੀ ਲੋੜ ਹਨ। ਅਸਰਦਾਰ, ਇਨਕਲਾਬੀ ਸੰਦੇਸ਼ ਇਸ ਨਾਟਕ ਸਰਗਰਮੀ ਦਾ ਧੁਰਾ ਅਤੇ ਇਸਦੀ ਸਾਰਥਿਕਤਾ ਦਾ ਬੁਨਿਆਦੀ ਪੈਮਾਨਾ ਰਿਹਾ ਹੈ। ਇਸ ਦੀ ਸ਼ੈਲੀ ਅਤੇ ਸ਼ਕਲਾਂ ਮੁੱਖ ਤੌਰ 'ਤੇ ਜਨ-ਸਾਧਾਰਨ ਨਾਲ ਅਸਰਦਾਰ ਇਨਕਲਾਬੀ ਸੰਵਾਦ ਰਚਾਉਣ ਦੀਆਂ ਲੋੜਾਂ ਅਤੇ ਲੋਕਾਂ ਦੀ ਲਹਿਰ ਦੇ ਵਿੱਤ ਅਤੇ ਵਸੀਲਿਆਂ ਦੇ ਪੈਮਾਨੇ ਅਨੁਸਾਰ ਨਿਰਧਾਰਤ ਹੁੰਦੀਆਂ ਰਹੀਆਂ ਹਨ। ਇਨਕਲਾਬੀ ਕਲਾ ਦੇ ਖੇਤਰ ਵਿੱਚ ਇਉਂ ਪੈਰ ਗੱਡ ਕੇ ਖੜ੍ਹਨਾ ਹਰ ਕਿਸੇ ਦੇ ਵਸ ਦਾ ਰੋਗ ਨਹੀਂ ਸੀ। ਅਜਿਹਾ ਲੋਕਾਂ ਦੇ ਹਿੱਤਾਂ ਨਾਲ ਪ੍ਰਤੀਬੱਧਤਾ ਦੇ ਸਿਰ 'ਤੇ ਹੀ ਸੰਭਵ ਹੈ। ਇਸ ਸਪਸ਼ਟ ਸੋਝੀ ਆਸਰੇ ਹੀ ਸੰਭਵ ਹੈ ਕਿ ਆਪਣੇ ਪ੍ਰਗਟਾਵੇ ਲਈ ਦੁਸ਼ਮਣ ਜਮਾਤੀ ਵਸੀਲਿਆਂ ਦੀ ਮੁਥਾਜ ਅਤੇ ਕੈਦੀ ਹੋਈ ਇਨਕਲਾਬੀ ਕਲਾ ਪ੍ਰਤਿਭਾ ਅਖੀਰ ਨੂੰ ਆਪਣੀ ਪ੍ਰੇਰਨਾ ਦੇ ਅਸਲ ਸਰੋਤ ਅਤੇ ਪ੍ਰਗਟਾਵੇ ਦੇ ਅਸਲ ਖੇਤਰ ਨਾਲੋਂ ਵਿਜੋਗੇ ਜਾਣ, ਆਪਣੀ ਆਭਾ ਗੁਆ ਲੈਣ ਅਤੇ ਨਿਰਜਿੰਦ ਹੋ ਜਾਣ ਲਈ ਸਰਾਪੀ ਜਾਂਦੀ ਹੈ।

ਇਨਕਲਾਬੀ, ਅਗਾਂਹਵਧੂ ਅਤੇ ਵਿਗਿਆਨਕ ਸੱਭਿਆਚਾਰਕ ਕਦਰਾਂ-ਕੀਮਤਾਂ ਦੇ ਸੰਚਾਰ ਅਤੇ ਸਥਾਪਤੀ ਲਈ ਜੱਦੋਜਹਿਦ ਸ਼੍ਰੀ ਗੁਰਸ਼ਰਨ ਸਿੰਘ ਦੀ ਜੁਝਾਰ ਕਲਾ ਸਰਗਰਮੀ ਦਾ ਅਨਿੱਖੜਵਾਂ ਅੰਗ ਰਹੀ ਹੈ। ਵੇਲਾ ਵਿਹਾਅ ਚੁੱਕੀਆਂ ਅਤੇ ਇਨਕਲਾਬੀ ਜਮਾਤੀ ਸੰਗਰਾਮਾਂ ਦੇ ਰਾਹ ਦਾ ਅੜਿੱਕਾ ਬਣਨ ਵਾਲੀਆਂ ਪਿਛਾਂਹਖਿੱਚੂ ਕਦਰਾਂ-ਕੀਮਤਾਂ ਅਤੇ ਸਮਾਜਿਕ ਸੰਸਥਾਵਾਂ ਸ਼੍ਰੀ ਗੁਰਸ਼ਰਨ ਸਿੰਘ ਦੀ ਕਲਾ ਸਰਗਰਮੀ ਦੇ ਬੇਕਿਰਕ ਹਮਲੇ ਦਾ ਨਿਸ਼ਾਨਾ ਹਨ। ਪਿਤਾ-ਪੁਰਖੀ ਜਗੀਰੂ ਅਤੇ ਔਰਤ ਵਿਰੋਧੀ ਪਰਿਵਾਰ ਪ੍ਰਬੰਧ, ਧਰਮ, ਸਿਆਸਤ ਅਤੇ ਰਾਜਸੱਤਾ ਦਾ ਗੱਠਜੋੜ, ਜਾਤਪਾਤੀ ਸਮਾਜਿਕ ਸੰਸਥਾ ਅਤੇ ਅੰਨ੍ਹਾ ਕੌਮ ਹੰਕਾਰ ਉਹਨਾਂ ਦੀ ਕਲਾ ਦੇ ਵਿਅੰਗ ਦੀ ਤਿੱਖੀ ਵਾਛੜ ਹੇਠ ਰਹਿੰਦੇ ਹਨ। ਉਹਨਾਂ ਨੇ ਹਮੇਸ਼ਾਂ ਕਿਰਤ ਅਤੇ ਕਿਰਤੀ ਲੋਕਾਂ ਦੇ ਸਮੂਹਿਕ ਸਵੈ-ਮਾਨ ਦੀ ਭਾਵਨਾ ਅਤੇ ਕਿਰਤ ਦੀ ਸਰਦਾਰੀ ਦੀ ਤਾਂਘ ਨੂੰ ਸਮਾਜਿਕ ਮਨੁੱਖੀ ਤਰੱਕੀ ਦੀ ਸੁਭਾਵਿਕ ਲੋੜ ਵਜੋਂ ਉਚਿਆਇਆ ਹੈ।

ਇਸ ਤੋਂ ਇਲਾਵਾ ਉਹਨਾਂ ਨੇ ਇਨਕਲਾਬੀ ਚੇਤਨਾ ਉੱਦਮ ਜੁਟਾਈ ਦੀਆਂ ਕਿੰਨੀਆਂ ਹੀ ਵੰਨਗੀਆਂ ਦੇ ਸਰਪਰਸਤ, ਸੰਸਥਾਪਕ ਜਾਂ ਸੰਚਾਲਕ ਦਾ ਰੋਲ ਨਿਭਾਇਆ ਹੈ। ਇਨਕਲਾਬੀ ਸਾਹਿਤ ਪੱਤਰਕਾਰੀ, ਇਨਕਲਾਬੀ ਪੁਸਤਕ ਪ੍ਰਕਾਸ਼ਨ, ਇਨਕਲਾਬੀ ਗੀਤ ਸੰਗੀਤ ਕੈਸਟ ਲੜੀਆਂ, ਇਨਕਲਾਬੀ ਨਾਟਕ ਵਰਕਸ਼ਾਪਾਂ ਅਤੇ ਮੇਲਿਆਂ ਦੀ ਲਹਿਰ ਉਸਾਰਨ ਵਿੱਚ ਉਹਨਾਂ ਦੀ ਭੂਮਿਕਾ ਕਿਸੇ ਟਿੱਪਣੀ ਦੀ ਮੁਥਾਜ ਨਹੀਂ ਹੈ। ਇਨਕਲਾਬੀ ਸਾਹਿਤਕ ਸਿਆਸੀ ਚਰਚਾ ਅਤੇ ਬਹਿਸ-ਵਿਚਾਰ ਲਈ ਉਹਨਾਂ ਵੱਲੋਂ ਪਰਚਿਆਂ ਰਾਹੀਂ ਮੁਹੱਈਆ ਕੀਤੇ ਜਾਂਦੇ ਪਲੇਟਫਾਰਮਾਂ ਦਾ ਇਨਕਲਾਬੀ ਲਹਿਰ ਦੇ ਸਰੋਕਾਰਾਂ ਨੂੰ ਉਭਾਰਨ ਵਿੱਚ ਅਹਿਮ ਰੋਲ ਰਹਿੰਦਾ ਰਿਹਾ ਹੈ।

ਸ਼੍ਰੀ ਗੁਰਸ਼ਰਨ ਸਿੰਘ ਦਾ ਇਨਕਲਾਬੀ ਯੋਗਦਾਨ ਸਿਰਫ ਸਮਾਜਿਕ ਸਰਗਰਮੀ ਦੇ ਸਭਿਆਚਾਰਕ ਖੇਤਰ ਤੱਕ ਹੀ ਸੀਮਤ ਨਹੀਂ ਹੈ। ਸਿਆਸੀ ਖੇਤਰ ਦੇ ਸੰਗਰਾਮੀਏ ਵਜੋਂ ਪੰਜਾਬ ਦੀ ਇਨਕਲਾਬੀ ਲਹਿਰ ਅੰਦਰ ਉਹਨਾਂ ਦੀ ਅਹਿਮ ਭੂਮਿਕਾ ਹੈ। ਹਾਕਮ ਜਮਾਤਾਂ ਖਿਲਾਫ ਸਿਆਸੀ ਭੇੜ ਦੇ ਚੁਣੌਤੀ ਭਰੇ ਦੌਰਾਂ ਵਿੱਚ ਉਹ ਸਰਗਰਮ ਅਤੇ ਅਹਿਮ ਭੂਮਿਕਾ ਨਿਭਾਉਣ ਲਈ ਦ੍ਰਿੜ੍ਹਤਾ ਨਾਲ ਮੈਦਾਨ ਵਿੱਚ ਨਿੱਤਰਦੇ ਰਹੇ ਹਨ। ਸੱਤਰਵਿਆਂ ਦੇ ਸ਼ੁਰੂ ਵਿੱਚ ਕਮਿਊਨਿਸਟ ਇਨਕਲਾਬੀ ਲਹਿਰ ਅਤੇ ਇਨਕਲਾਬੀ ਸਭਿਆਚਾਰਕ ਸਰਗਰਮੀਆਂ ਖਿਲਾਫ ਰਾਜਸੱਤਾ ਦੇ ਕਸਾਈ ਜਾਬਰ ਹੱਲੇ ਸਮੇਂ ਵੀ, ਐਮਰਜੈਂਸੀ ਦੇ ਕਾਲੇ ਦੌਰ ਵਿੱਚ ਵੀ, ਫਿਰਕੂ ਫਾਸ਼ੀ ਦਹਿਸ਼ਤਗਰਦੀ ਵੱਲੋਂ ਸੇਵੇਵਾਲਾ ਕਾਂਡ ਵਰਗੀਆਂ ਖੂਨੀ ਚੁਣੌਤੀਆਂ ਸਮੇਂ ਵੀ ਅਤੇ ਕਮਿਊਨਿਸਟ ਇਨਕਲਾਬੀ ਲਹਿਰ ਦੇ ਸ਼ਹੀਦਾਂ ਦੀ ਵਿਰਾਸਤ ਅਤੇ ਸਿਆਸਤ ਨੂੰ ਬੁਲੰਦ ਕਰਨ ਦੇ ਹੰਭਲਿਆਂ ਸਮੇਂ ਵੀ ਉਹਨਾਂ ਨੇ ਇਨਕਲਾਬੀ ਲਹਿਰ ਦੀਆਂ ਠੋਸ ਮੰਗਾਂ ਦਾ ਦਲੇਰਾਨਾ ਅਤੇ ਸਰਗਰਮ ਹੁੰਗਾਰਾ ਭਰਿਆ ਹੈ।

ਸ਼੍ਰੀ ਗੁਰਸ਼ਰਨ ਸਿੰਘ ਬਹੁਤ ਲੰਮੇ ਅਰਸੇ ਤੋਂ ਲੋਕਾਂ ਦੀ ਇਨਕਲਾਬੀ ਲਹਿਰ ਦੇ ਵਿਹੜੇ 'ਚ ਵਿਚਰਦੇ ਆ ਰਹੇ ਹਨ। 1944 ਵਿੱਚ ਜਦੋਂ ਉਹਨਾਂ ਨੇ ਭਾਰਤੀ ਕਮਿਊਨਿਸਟ ਪਾਰਟੀ ਦੇ ਮੈਂਬਰ ਬਣ ਕੇ ਇਸ ਲਹਿਰ ਦੇ ਵਿਹੜੇ ਪੈਰ ਧਰਿਆ ਉਹ ਉਸ ਸਮੇਂ 15 ਵਰ੍ਹਿਆਂ ਦੇ ਸਨ। ਇਨਕਲਾਬੀ ਜਜ਼ਬਿਆਂ ਭਰੀ ਇਹ ਅੱਲੜ੍ਹ-ਵਰੇਸ, ਲੋਹੇ ਵਰਗੀ ਜੁਆਨੀ ਹੰਢਾ ਕੇ, ਹੁਣ ਸਫੈਦ ਚਾਂਦੀ ਵਿੱਚ ਵਟ ਚੁੱਕੀ ਹੈ। ਇਹਨਾਂ ਫੈਲੇ ਹੋਏ ਦਹਾਕਿਆਂ ਵਿੱਚ ਮਿਹਨਤਕਸ਼ ਅਤੇ ਦੱਬੇ ਕੁਚਲੇ ਲੋਕਾਂ ਦੀ ਇਨਕਲਾਬੀ ਲਹਿਰ, ਅਨੇਕਾਂ ਸੰਕਟਾਂ, ਉਤਰਾਵਾਂ-ਚੜ੍ਹਾਵਾਂ, ਖਤਰਿਆਂ ਅਤੇ ਪਛਾੜਾਂ ਦੇ ਦੌਰਾਂ 'ਚੋਂ ਗੁਜ਼ਰੀ ਹੈ। ਇਸ ਨੂੰ ਭਾਰੀ ਕੁਰਬਾਨੀਆਂ ਨਾਲ ਹਾਸਲ ਹੋਈਆਂ ਵੱਡੀਆਂ ਇਨਕਲਾਬੀ ਪ੍ਰਾਪਤੀਆਂ ਦੇ ਖੁੱਸ ਜਾਣ ਦੇ ਸਦਮੇ ਹੰਢਾਉਣੇ ਪਏ ਹਨ। ਇਸ ਹਾਲਤ ਨੇ ਹਰ ਕਿਸੇ ਦੇ ਇਨਕਲਾਬੀ ਇਰਾਦੇ ਅਤੇ ਨਿਹਚਾ ਦੀ ਪਰਖ ਕੀਤੀ ਹੈ। ਇਨਕਲਾਬੀ ਅਤੇ ਸਮਾਜਵਾਦੀ ਆਦਰਸ਼ਾਂ ਵਿੱਚ ਬਹੁਤ ਸਾਰਿਆਂ ਦਾ ਵਿਸ਼ਵਾਸ਼ ਤਿੜਕਿਆ ਅਤੇ ਮਧੋਲਿਆ ਗਿਆ ਹੈ। ਕਈਆਂ ਲਈ ਇਹ ਹਾਲਤ ਇਨਕਲਾਬੀ ਆਦਰਸ਼ਾਂ ਤੋਂ ਮੁਖ ਮੋੜ ਲੈਣ, ਇਨਕਲਾਬੀ ਸਰਗਰਮੀ ਤੋਂ ਕਿਨਾਰਾਕਸ਼ੀ ਕਰ ਜਾਣ ਅਤੇ ਇਥੋਂ ਤੱਕ ਕਿ ਇਨਕਲਾਬੀ ਵਿਚਾਰਧਾਰਾ ਅਤੇ ਸਿਆਸਤ ਦਾ ਚੋਲਾ ਲਾਹ ਕੇ ਹਾਕਮ ਜਮਾਤੀ ਵਿਚਾਰਧਾਰਾ ਅਤੇ ਸਿਆਸਤ ਦਾ ਚੋਲਾ ਪਹਿਨ ਲੈਣ ਦੀ ਵਜਾਹ ਜਾਂ ਬਹਾਨਾ ਬਣੀ ਹੈ। ਪਰ ਸ਼੍ਰੀ ਗੁਰਸ਼ਰਨ ਸਿੰਘ ਦੀ ਇਨਕਲਾਬੀ ਨਿਹਚਾ ਇਹਨਾਂ ਸਮਿਆਂ ਵਿੱਚ ਸਦਾ ਜਗਮਗਾਉਂਦੀ ਅਤੇ ਲਟ ਲਟ ਬਲਦੀ ਰਹੀ ਹੈ। ਹੁਣ ਵੀ ਢਲਦੀ ਜਾ ਰਹੀ ਉਮਰ ਦੇ ਬਾਵਜੂਦ ਉਹ ਇਨਕਲਾਬੀ ਚੜ੍ਹਦੀ ਕਲਾ ਦਾ ਨਮੂਨਾ ਬਣ ਕੇ ਵਿਚਰ ਰਹੇ ਹਨ ਅਤੇ ਇਨਕਲਾਬੀ ਜਾਗਰਿਤੀ, ਪ੍ਰੇਰਨਾ ਅਤੇ ਉਤਸ਼ਾਹ ਦਾ ਭਖਦਾ ਸਰੋਤ ਬਣੇ ਹੋਏ ਹਨ।

ਰੂਸੀ ਕਮਿਊਨਿਸਟ ਸੰਗਰਾਮੀਏ ਅਤੇ ''ਸੂਰਮੇ ਦੀ ਸਿਰਜਣਾ'' (``8ow “he Steel Was “empered”) ਦੇ ਲੇਖਕ ਨਿਕੋਲਾਈ ਆਸਤਰੋਵਸਕੀ ਨੇ ਆਪਣੇ ਮੁੱਖ ਪਾਤਰ ਰਾਹੀਂ ਮਨੁੱਖੀ ਜੀਵਨ ਦੇ ਮਨੋਰਥ ਬਾਰੇ ਟਿੱਪਣੀ ਕੀਤੀ ਹੈ ''ਮਨੁੱਖ ਦੀ ਸਭ ਤੋਂ ਪਿਆਰੀ ਜਾਇਦਾਦ ਉਹਦਾ ਜੀਵਨ ਹੈ, ਜਿਹੜਾ ਉਸ ਨੂੰ ਕੇਵਲ ਇੱਕ ਵਾਰ ਮਿਲਦਾ ਹੈ। ਅਤੇ ਬੰਦਾ ਜੀਵੇ! ਜ਼ਰੂਰ ਜੀਵੇ! ਇਸ ਅੰਦਾਜ਼ ਨਾਲ ਜੀਵੇ ਕਿ ਦਿਲ ਜਿੰਦਗੀ ਦੇ ਫਜੂਲ ਗੁਆਏ ਸਾਲਾਂ ਕਾਰਨ ਵਿੰਨ੍ਹਵੇਂ ਪਛਤਾਵੇ ਵਿੱਚ ਨਾ ਤੜਫੇ, ਕਿ ਨਿੱਕੇ ਨਿਗੂਣੇ ਬੀਤੇ ਦੀ ਲੂੰਹਦੀ ਸ਼ਰਮਿੰਦਗੀ ਕਦੇ ਵੀ ਬੰਦੇ ਦੇ ਨੇੜੇ ਨਾ ਫਟਕੇ। ਮਨੁੱਖ ਇਉਂ ਜੀਵੇ ਕਿ ਅੰਤ ਸਮੇਂ ਕਹਿ ਸਕੇ, ''ਮੈਂ ਆਪਣਾ ਸਾਰਾ ਜੀਵਨ, ਆਪਣੀ ਸਾਰੀ ਤਾਕਤ, ਦੁਨੀਆਂ ਦੇ ਸਭ ਤੋਂ ਉੱਤਮ ਕਾਜ ਦੇ ਲੇਖੇ ਲਾਈ ਹੈ, ਮਨੁੱਖਤਾ ਦੀ ਆਜ਼ਾਦੀ ਲਈ ਸੰਗਰਾਮ ਦੇ ਲੇਖੇ ਲਾਈ ਹੈ।''

ਬਿਨਾ ਸ਼ੱਕ ਸ਼੍ਰੀ ਗੁਰਸ਼ਰਨ ਸਿੰਘ ਨੇ ਆਪਣਾ ਸਾਰਾ ਜੀਵਨ ਅਤੇ ਸਾਰੀ ਸ਼ਕਤੀ ਮਨੁੱਖਤਾ ਦੀ ਆਜ਼ਾਦੀ ਲਈ ਸੰਗਰਾਮ ਦੇ ਇਸ ਸਰਬ-ਉੱਤਮ ਕਾਜ ਦੇ ਲੇਖੇ ਲਾਏ ਹਨ। ਇਸ ਅਮਲ ਦੌਰਾਨ ਉਹ ਇੱਕ ਸੰਸਥਾ-ਨੁਮਾ ਬਹੁ-ਪੱਖੀ ਇਨਕਲਾਬੀ ਸਖਸ਼ੀਅਤ ਬਣ ਕੇ ਉੱਭਰੇ ਅਤੇ ਸਥਾਪਤ ਹੋਏ ਹਨ। ਇਨਕਲਾਬੀ ਸਭਿਆਚਾਰਕ ਲਹਿਰ ਸਮੇਤ, ਪੰਜਾਬ ਦੀ ਇਨਕਲਾਬੀ ਲਹਿਰ ਦੀਆਂ ਕਈ ਨਰੋਈਆਂ ਹਾਂ-ਪੱਖੀ ਸਿਫਤਾਂ ਸ਼੍ਰੀ ਗੁਰਸ਼ਰਨ ਸਿੰਘ ਦੀ ਸਖਸ਼ੀਅਤ ਰਾਹੀਂ ਝਲਕਦੀਆਂ ਅਤੇ ਰੂਪਮਾਨ ਹੁੰਦੀਆਂ ਹਨ। ਇਨਕਲਾਬੀ ਕਾਜ਼ ਅਤੇ ਇਸ ਖਾਤਰ ਅਵਾਮੀ ਜੰਗ ਦੀ ਅਟੱਲ ਜਿੱਤ ਵਿੱਚ ਅਥਾਹ ਯਕੀਨ 'ਚੋਂ ਉਪਜੀ ''ਇਨਕਲਾਬੀ ਨਿਹਚਾ'' ਇਹਨਾਂ ਸਿਫਤਾਂ ਵਿੱਚ ਸਭ ਤੋਂ ਉਪਰ ਹੈ। ਸ਼੍ਰੀ ਗੁਰਸ਼ਰਨ ਸਿੰਘ ਨੂੰ ''ਇਨਕਲਾਬੀ ਨਿਹਚਾ ਸਨਮਾਨ'' ਨਾਲ ਸਤਿਕਾਰ ਕੇ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਆਪਣੇ ਹੀ ਨਰੋਏ ਇਨਕਲਾਬੀ ਤੰਤ ਅਤੇ ਸ਼ਕਤੀ ਨੂੰ ਸਨਮਾਨਤ ਕਰ ਰਹੀ ਹੈ।

No comments:

Post a Comment