StatCounter

Friday, February 17, 2012

ਸਾਧੂ ਸਿੰਘ ਤਖ਼ਤੂਪੁਰਾ ਦੀ 20 ਫਰਵਰੀ ਨੂੰ ਬਰਸੀ 'ਤੇ ਵਿਸ਼ੇਸ਼

ਉਹ ਤਾਰਾ ਬਣਿਆਂ ਅੰਬਰਾਂ ਦਾ
—ਅਮੋਲਕ ਸਿੰਘ
94170-76735
ਸੰਵੇਦਨਸ਼ੀਲ, ਬੁੱਧੀਮਾਨ, ਕਵੀ, ਹੁਨਰਮੰਦ, ਜੱਥੇਬੰਦਕਾਰ, ਇਨਕਲਾਬੀ ਜਮਹੂਰੀ ਲਹਿਰ ਦੇ ਸਿਰਕੱਢ ਆਗੂ, ਲੋਕ-ਮਨਾਂ ਦੀ ਡਾਇਰੀ 'ਤੇ ਸੰਗਰਾਮੀ ਕਥਾ ਉਘਾੜਨ ਵਾਲੇ ਸਾਧੂ ਸਿੰਘ ਤਖ਼ਤੂਪੁਰਾ ਦੀ 70 ਵਰ੍ਹਿਆਂ ਦੀ ਜੀਵਨ-ਗਾਥਾ, ਜ਼ਿੰਦਗੀ ਨੂੰ ਨਵੇਂ ਅਰਥ ਦੇਣ ਵੱਲ ਜਾਂਦੇ ਨਵੇਂ ਰਾਹਾਂ ਦਾ ਮਾਣ-ਮੱਤਾ ਸਿਰਨਾਵਾਂ ਹੈ।
ਉਹ ਜੀਵਿਆ ਸ਼ਾਨ ਨਾਲ। ਉਹ ਐਸੀ ਮਰਨੀ ਮਰਿਆ ਕਿ ਹਨੇਰਾ ਢੋਂਦੀ ਲੋਕਾਈ ਨੂੰ ਆਪਣੀ ਤਕਦੀਰ ਬਦਲਣ ਲਈ ਸੰਘਰਸ਼ਾਂ ਦੇ ਅਖਾੜਿਆਂ 'ਚੋਂ ਕਸ਼ੀਦੇ ਵਿਚਾਰਾਂ ਨਾਲ ਚਾਨਣ ਚਾਨਣ ਕਰ ਗਿਆ।
10 ਮਾਰਚ 1942 ਨੂੰ ਪਿੰਡ ਤਖ਼ਤੂਪੁਰਾ ਦੇ ਵਿਸਾਖਾ ਸਿੰਘ ਦੇ ਘਰ ਮਾਤਾ ਜੰਗੀਰ ਕੌਰ ਦੀ ਕੁੱਖੋਂ ਜਨਮ ਲੈਣ ਵਾਲਾ ਸਾਧੂ ਸਿੰਘ ਤਖ਼ਤੂਪੁਰਾ ਸਾਡੇ ਸਮਿਆਂ ਦੇ ਮਲਕ ਭਾਗੋਆਂ ਦੇ ਲਿਤਾੜੇ ਭਾਈ ਲਾਲੋਆਂ ਦੇ ਸਰੋਕਾਰਾਂ ਦੀ ਬਾਂਹ ਫੜਦਾ ਅਤੇ ਉਨ੍ਹਾਂ ਲਈ ਮਾਣ-ਸਨਮਾਨ ਵਾਲੇ ਸਮਾਜ ਦੀ ਸਿਰਜਣਾ ਦੇ ਸੁਪਨੇ ਬੀਜਦਾ, ਅਜੇਹੇ ਵਿਚਾਰਾਂ ਦੀ ਫਸਲ ਨੂੰ, ਆਪਣੇ ਲਹੂ ਨਾਲ ਸਿੰਜ ਗਿਆ।
ਉਹ ਭਾਵੇਂ ਆਰਟ ਐਂਡ ਕਰਾਫਟ ਦਾ ਕੋਰਸ ਕਰਕੇ 1964 ਵਿਚ ਡਰਾਇੰਗ ਮਾਸਟਰ ਲੱਗ ਗਿਆ। ਉਸਨੇ ਜੀਵਨ ਜਾਚ ਦੀ ਹਕੀਕੀ ਵਿਦਿਆ ਦੱਬੇ ਕੁਚਲੇ ਲੋਕਾਂ ਨਾਲ ਮੱਛੀ ਅਤੇ ਪਾਣੀ ਵਾਲਾ ਰਿਸ਼ਤਾ ਜੋੜ ਕੇ ਕੀਤੀ। ਉਹਦੀ ਤੀਜੀ ਅੱਖ ਅੰਦਰ ਗਹਿਰਾ ਅਹਿਸਾਸ ਧੜਕਣ ਲੱਗਾ ਕਿ ਕਾਗਜਾਂ 'ਤੇ ਚਿਤਰ ਬਣਾਉਣ ਤੋਂ ਮਹੱਤਵਪੂਰਨ ਕਾਰਜ਼, ਸਮਾਜ-ਸਿਰਜਕਾਂ ਦੇ ਚਿਤਰ ਸਮਝਣ ਅਤੇ ਉਹਨਾਂ 'ਚ ਖ਼ੂਬਸੂਰਤ ਰੰਗ ਭਰਨ ਦਾ ਹੈ।
ਸਾਧੂ ਨੇ ਆਪਣੇ ਹਮਜੋਲੀ ਕਵੀ ਓਮ ਪ੍ਰਕਾਸ਼ ਕੁੱਸਾ ਨਾਲ ਮਿਲ ਕੇ ਸਾਹਿਤਕ ਪੱਤ੍ਰਿਕਾ 'ਜਾਗੋ' ਕੱਢੀ। ਮੋਗਾ ਗੋਲੀ ਕਾਂਡ-1972, ਹੰਗਾਮੀ ਹਾਲਤ, ਵੰਨ-ਸੁਵੰਨੇ ਹਾਕਮ ਧੜਿਆਂ ਦੇ ਬਦਲ 'ਚ ਲੋਕ ਧੜੇ ਦੀ ਉਸਾਰੀ, ਬੇਰੁਜ਼ਗਾਰ ਅਧਿਆਪਕਾਂ ਦਾ ਘੋਲ, ਕਰਜ਼ਾ ਮੁਕਤੀ ਘੋਲ, ਜ਼ਮੀਨੀ ਘੋਲ, ਕੁਰਕੀਆਂ ਵਿਰੋਧੀ ਲਹਿਰ, ਸਨਅਤੀ ਕਾਮਿਆਂ ਦੀ ਹਮਾਇਤ ਆਦਿ ਘੋਲਾਂ ਦਾ ਇਤਿਹਾਸ ਦਰਸਾਉਂਦਾ ਹੈ ਕਿ ਉਹ ਤਬਕਾਤੀ ਵਲਾਗਣਾ ਤੋਂ ਪਾਰ ਜਾ ਕੇ ਮਿਹਨਤਕਸ਼ ਤਬਕਿਆਂ ਦੀ ਸਾਂਝੀ, ਮਜ਼ਬੂਤ ਅਤੇ ਜੁਝਾਰੂ ਇਨਕਲਾਬੀ ਜਨਤਕ ਲਹਿਰ ਦਾ ਕਿਲ੍ਹਾ ਉਸਾਰਨ ਲਈ ਸਰਗਰਮਸ਼ੀਲ ਰਿਹਾ।
ਉਹ ਬਦੇਸ਼ੀ ਧੜਵੈਲ ਬਹੁ-ਕੌਮੀ ਕੰਪਨੀਆਂ ਅਤੇ ਉਨ੍ਹਾਂ ਦੇ ਦੇਸੀ ਯਾਰਾਂ ਤੋਂ ਕੌਮੀ ਮਾਲ-ਖਜ਼ਾਨਿਆਂ, ਕੁਦਰਤੀ ਸਰੋਤਾਂ, ਮਨੁੱਖੀ ਜੀਵਨ ਦੀਆਂ ਮੁਢਲੀਆਂ ਲੋੜਾਂ, ਸਿੱਖਿਆ, ਸਿਹਤ, ਰੁਜ਼ਗਾਰ, ਬਿਜਲੀ, ਪਾਣੀ ਅਤੇ ਆਵਾਜਾਈ ਮਾਰਗਾਂ ਆਦਿ ਖੇਤਰਾਂ ਉਪਰ ਵੀ ਮਾਰੇ ਜਾ ਰਹੇ ਨਿਸੰਗ ਝਪਟਿਆਂ ਖਿਲਾਫ ਨਵੇਂ ਮੁਹਾਵਰੇ 'ਚ ਕੌਮੀ ਜਾਗਰਤੀ, ਲੋਕ-ਮੁਕਤੀ ਦੀ ਚੇਤਨਾ ਅਤੇ ਸੰਗਰਾਮ ਦੀ ਧਾਰਾ ਉਭਾਰਨ ਦਾ ਮਹੱਤਵਪੂਰਨ ਕਾਰਜ਼ ਸਾਹਮਣੇ ਖੜ੍ਹਾ ਕਰ ਗਿਆ ਹੈ।
ਸਾਧੂ ਸਿੰਘ ਤਖ਼ਤੂਪੁਰਾ ਨੇ ਆਪਣੀ ਜੱਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬੂਟੇ ਨੂੰ ਮੌਲਰਨ ਲਈ ਹੀ ਇਸ ਧਰਤੀ ਨੂੰ ਆਪਣੇ ਲਹੂ ਨਾਲ ਨਹੀਂ ਸਿੰਜਿਆ ਸਗੋਂ ਸਮੁੱਚੀ ਕਿਸਾਨ ਅਤੇ ਇਨਕਲਾਬੀ ਜਮਹੂਰੀ ਲਹਿਰ ਅੱਗੇ ਬੁਨਿਆਦੀ ਏਜੰਡਾ ਉਭਾਰਿਆ ਹੈ ਕਿ ਹਕੂਮਤੀ ਦਹਿਸ਼ਤਗਰਦੀ ਅਤੇ ਸਥਾਪਤੀ ਵੱਲੋਂ ਥਾਪੜਾ ਦੇ ਕੇ ਸਿਸ਼ਕਾਰੇ ਹਥਿਆਰਬੰਦ ਨਿਜੀ ਗਰੋਹਾਂ ਦੇ ਵਾਰਾਂ ਤੋਂ ਸਵੈ-ਰਾਖੀ, ਇਨਕਲਾਬੀ ਲੋਕ ਲਹਿਰ ਦੇ ਪਸਾਰੇ ਅਤੇ ਮਜ਼ਬੂਤੀ ਲਈ ਇਨਕਲਾਬੀ ਜਨਤਕ ਟਾਕਰਾ ਲਹਿਰ ਦੀ ਸਿਰਜਣਾ ਲਾਜ਼ਮੀ ਹੈ।
ਕਿਰਤੀ ਕਮਾਊ, ਕਿਰਤਾਂ ਦੇ ਪਹਿਰੇਦਾਰ, ਅਮਨ-ਪਸੰਦ ਅਤੇ ਸਾਊ ਲੋਕ, ਚੜ੍ਹਦੇ ਸੂਰਜ ਵਾਪਰ ਰਹੇ ਵਰਤਾਰਿਆਂ ਦੇ ਪ੍ਰਤੱਖ ਅਮਲਾਂ 'ਚੋਂ ਇਹ ਨਤੀਜੇ ਕੱਢਣਗੇ ਕਿ ਜੇ ਹੱਕ, ਸੱਚ, ਇਨਸਾਫ ਲਈ ਇਥੇ ਕੋਈ ਜਗ੍ਹਾ ਹੀ ਨਹੀਂ ਫਿਰ ਅਜੋਕੇ ਪ੍ਰਬੰਧ ਤੋਂ ਝਾਕ ਕਰਨ ਦੀ ਬਜਾਏ, ਲੋਕ ਆਪਣੀ ਜਾਗਰੂਕ ਸ਼ਕਤੀ ਜੋੜਨ ਅਤੇ ਆਪਣੀ ਪੁੱਗਤ ਅਤੇ ਨਿਜ਼ਾਮ ਦੀ ਸਿਰਜਣਾ ਵੱਲ ਜਾਂਦੇ ਨਵੇਂ ਸਵੱਲੜੇ ਰਾਹਾਂ ਦੀ ਤਲਾਸ਼ ਕਰਨਗੇ।
ਸਾਧੂ ਸਿੰਘ ਤਖ਼ਤੂਪੁਰਾ ਦੀ ਸ਼ਹਾਦਤ ਕੋਈ ਅਚਨਚੇਤ ਵਾਪਰੀ ਘਟਨਾ ਨਹੀਂ। ਸੰਘਰਸ਼ਾਂ ਦੇ ਤਪਦੇ ਮਾਰੂਥਲ 'ਚ ਉਹ ਜ਼ਿੰਦਗੀ ਭਰ ਮੌਤ ਨੂੰ ਮਖੌਲਾਂ ਕਰਦਾ ਰਿਹਾ। ਜੇਠੂਕੇ, ਮਾਈਸਰਖਾਨਾ, ਭਾਈ ਬਖਤੌਰ, ਚੱਠੇਵਾਲਾ, ਜੋਗਾ, ਮਾਨਾਵਾਲਾ, ਛੰਨਾ, ਧੌਲਾ, ਸੰਘੇੜਾ ਅਤੇ ਚੰਡੀਗੜ੍ਹ ਦੀਆਂ ਸੜਕਾਂ 'ਤੇ ਵਗਿਆ ਲੋਕ-ਦਰਿਆ ਆਦਿ ਅਨੇਕਾਂ ਅਜੇਹੇ ਵੇਲੇ ਹਨ ਜਦੋਂ ਵੰਨ-ਸੁਵੰਨੇ ਹਾਕਮਾਂ ਦੇ ਰਾਜ ਅੰਦਰ ਉਨ੍ਹਾਂ ਵੱਲੋਂ ਚੰਮ ਦੀਆਂ ਚਲਾਉਣ ਦੇ ਅਮਲਾਂ ਨੂੰ ਠੱਲ੍ਹ ਪਾਉਣ ਲਈ ਲੋਕ-ਸ਼ਕਤੀ ਨੇ ਕਰਾਰੇ ਝਟਕੇ ਦਿੱਤੇ ਹਨ। ਸਾਧੂ ਸਿੰਘ ਤਖ਼ਤੂਪੁਰਾ ਦੀ ਜੱਥੇਬੰਦੀ ਬੀ.ਕੇ.ਯੂ. (ਏਕਤਾ) ਲੋਕਾਂ ਦਾ ਭਰੋਸਾ ਜਿੱਤਣ 'ਚ ਸਫਲ ਹੋਈ। ਮਜ਼ਦੂਰ ਕਿਸਾਨ ਜੱਥੇਬੰਦੀਆਂ ਦਾ ਸਾਂਝਾ ਥੜ੍ਹਾ ਹਾਕਮਾਂ ਦੀ ਅੱਖ ਦਾ ਰੋੜ ਬਣਨ ਲੱਗਾ। ਅਜੇਹੇ ਮੌਕੇ ਸਾਧੂ ਸਿੰਘ ਤਖ਼ਤੂਪੁਰਾ ਉਪਰ ਕਾਤਲੀ ਹੱਲਾ ਅਸਲ 'ਚ ਉਸਦੀ ਜੱਥੇਬੰਦੀ, ਸਾਂਝੇ ਥੜ੍ਹੇ ਅਤੇ ਸਮੁੱਚੀ ਇਨਕਲਾਬੀ ਜਮਹੂਰੀ ਲਹਿਰ ਨੂੰ ਚੁਣੌਤੀ ਅਤੇ ਕੰਨ ਕਰਨਾ ਹੈ ਕਿ ਹੱਕ, ਸੱਚ, ਇਨਸਾਫ ਅਤੇ ਲੋਕ ਰਜ਼ਾ ਦੀ ਗੱਲ ਕਰਨ ਵਾਲਿਆਂ ਨੂੰ ਇਸਦੇ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ। ਲੋਕ-ਮਸਲਿਆਂ ਨਾਲ ਗੁੰਦਵੀਂ ਜਮਹੂਰੀ ਹੱਕਾਂ ਦੀ ਲੜਾਈ ਦਾ ਸਥਾਨ ਕਿੰਨਾ ਮਹੱਤਵਪੂਰਨ ਹੈ ਇਸਦਾ ਪ੍ਰਮਾਣ ਸਾਧੂ ਸਿੰਘ ਤਖ਼ਤੂਪੁਰਾ ਦੀ ਸ਼ਹਾਦਤ ਮਗਰੋਂ ਕਾਲੇ ਕਾਨੂੰਨਾਂ ਖਿਲਾਫ ਚੱਲ ਰਹੀ ਜੱਦੋਜਹਿਦ ਦਰਸਾਉਂਦੀ ਹੈ। ਆਪਣੇ ਹੱਕਾਂ ਲਈ ਜੂਝਦੀਆਂ ਮੁਟਿਆਰਾਂ, ਗੱਭਰੂਆਂ, ਕਿਰਤੀ, ਕਿਸਾਨਾਂ, ਮੁਲਾਜ਼ਮਾਂ, ਕਲਮਕਾਰਾਂ ਅਤੇ ਪੱਤਰਕਾਰਾਂ ਉਪਰ ਚੜ੍ਹਦੇ ਸੂਰਜ ਹੁੰਦੇ ਹੱਲੇ ਵੀ ਵਿਸ਼ੇਸ਼ ਧਿਆਨ ਖਿੱਚਦੇ ਹਨ।
ਜ਼ਮੀਨ ਵਾਲੇ ਪਰਿਵਾਰ 'ਚੋਂ ਹੋ ਕੇ ਸਾਧੂ ਸਿੰਘ ਤਖ਼ਤੂਪੁਰਾ ਜਿਵੇਂ ਬੇਜ਼ਮੀਨੇ ਪਰਿਵਾਰ ਦੀ ਧੀ ਦੀ ਦਰਦ-ਪਰੁੰਨੀ ਦਾਸਤਾਂ ਗੀਤ ਰਾਹੀਂ ਬਿਆਨਦਾ ਹੈ ਉਸਤੋਂ ਸਾਧੂ ਦੀ ਕਲਮ ਦੀ ਤੀਖਣ ਅੱਖ 'ਚ ਸੁਲਘਦੇ ਸੁਪਨੇ ਪੜ੍ਹੇ ਜਾ ਸਕਦੇ ਹਨ :

''ਸਾਰਾ ਦਿਨ ਬਾਪੂ ਮੇਰਾ ਕਰਦਾ ਏ ਵਾਢੀਆਂ
ਸਾਰਾ ਦਿਨ ਰਹਾਂ ਨੀ ਮੈਂ ਸਿਲ਼ਾ ਚੁਗਦੀ
ਸਾਥੋਂ ਭੁੱਖਿਆਂ ਤੋਂ ਹੋਰ ਨਾ ਵਗਾਰ ਪੁਗਦੀ''
ਮਿਹਨਤਕਸ਼ਾਂ ਦੀ ਖ਼ੂਨ-ਪਸੀਨੇ ਦੀ ਕਮਾਈ ਨੂੰ ਸੜ੍ਹਾਕਦੇ ਅਤੇ ਸਾਡੇ ਪਿਆਰੇ ਵਤਨ ਦੇ ਕੌਮੀ ਮਾਲ-ਖਜ਼ਾਨਿਆਂ ਨੂੰ ਆਪਣੇ ਹੀ ਕੁਨਬੇ ਦੀ ਮਲਕੀਅਤ ਸਮਝ ਕੇ ਜੋ ਦੋਹੀਂ ਹੱਥੀਂ ਲੁੱਟਦੇ ਹਨ ਉਨ੍ਹਾਂ ਨੂੰ ਭੈਅ ਵੱਢ ਵੱਢ ਖਾ ਰਿਹਾ ਹੈ ਕਿ ਜੇ ਸਾਧੂ ਸਿੰਘ ਤਖ਼ਤੂਪੁਰਾ ਵਰਗਿਆਂ ਨੇ ਲੋਕਾਂ ਦੇ ਮੱਥੇ 'ਚ ਜਮਾਤੀ ਚੇਤਨਾ, ਜਮਾਤੀ ਸੰਗਰਾਮ ਅਤੇ ਜਮਾਤ-ਰਹਿਤ ਨਵੇਂ-ਨਰੋਏ, ਬਰਾਬਰੀ, ਨਿਆਂ ਅਤੇ ਖੁਸ਼ਹਾਲੀ ਭਰੇ ਸਮਾਜ ਦਾ ਦੀਵਾ ਬਾਲ ਦਿੱਤਾ ਤਾਂ ਸਾਰਾ ਕੂੜ-ਅੰਧੇਰ ਭਰਿਆ ਰਾਜ ਭਾਗ ਚਾਨਣ ਅੱਗੇ ਕਿਵੇਂ ਖੜ੍ਹੇਗਾ? ਇਸ ਕੂੜ ਦਾ ਅੰਧਕਾਰ ਫੈਲਾਉਣ, ਜਾਗਦੇ ਅਤੇ ਜਗਦੇ ਸਿਰਾਂ ਨੂੰ ਬੁਝਾਉਣ ਲਈ ਹਿੰਸਾ ਦਾ ਸਹਾਰਾ ਲਿਆ ਜਾਂਦਾ ਹੈ। ਪਰ ਹਰ ਯੁੱਗ ਅਤੇ ਹਰ ਸਮੇਂ ਦੀ ਇਹ ਵੀ ਅਟੱਲ ਸਚਾਈ ਹੈ :
ਜਦੋਂ ਜ਼ਾਲਮ ਕਲੇਜੇ ਰੁੱਗ ਭਰਦਾ ਹੈ
ਇਹ ਧਰਤੀ ਮਾਂ ਹੈ, ਸਦਮੇ 'ਚ ਗਸ਼ ਨਹੀਂ ਖਾਂਦੀ
ਸਦਾ ਸੁਹਾਗਣ ਹੈ, ਇਹਦੀ ਅੱਖ ਦਾ ਨੂਰ ਨਹੀਂ ਮਰਦਾ
ਇਹਦੀ ਗੋਦ ਨੂੰ ਸਿਰਲੱਥਾਂ ਦੀ ਤੋਟ ਨਹੀਂ ਆਉਂਦੀ।
ਅਜੇਹਾ ਹੀ ਪੈਗ਼ਾਮ ਦੇਵੇਗੀ ਅਤੇ ਅਹਿਦ ਲਏਗੀ 20 ਫਰਵਰੀ ਨੂੰ ਪਿੰਡ ਤਖ਼ਤੂਪੁਰਾ (ਮੋਗਾ) ਵਿਖੇ ਮਨਾਈ ਜਾ ਰਹੀ ਸਾਧੂ ਸਿੰਘ ਤਖ਼ਤੂਪੁਰਾ ਦੀ ਦੂਜੀ ਬਰਸੀ। ਬਰਸੀ ਦੀ ਤਿਆਰੀ ਲਈ ਪੰਜਾਬ ਭਰ ਚੱਲੀ ਮੁਹਿੰਮ 'ਚ ਅਜੇਹੇ ਬੋਲ ਕਾਫ਼ਲਿਆਂ ਦੀ ਰੂਹ ਦਾ ਹਿੱਸਾ ਬਣੇ ਹਨ :
ਉਹ ਤਾਰਾ ਬਣਿਆ ਅੰਬਰਾਂ ਦਾ
ਉਹਨੂੰ ਕੌਣ ਕਹੇ ਉਹ ਮੋਇਆ ਏ।

No comments:

Post a Comment