StatCounter

Sunday, March 11, 2012

ਦਹਿਸ਼ਤਵਾਦ ਰੋਕਣ ਦੇ ਨਾਂ 'ਤੇ ਲੋਕ ਸੰਘਰਸ਼ਾਂ ਨੂੰ ਕੁਲਣ ਦੇ ਵਿਰੋਧ ਦਾ ਸੱਦਾ

ਜਮਹੂਰੀ ਕਨਵੈਨਸ਼ਨ
ਦਹਿਸ਼ਤਵਾਦ ਰੋਕਣ ਦੇ ਨਾਂ 'ਤੇ ਲੋਕ ਸੰਘਰਸ਼ਾਂ ਨੂੰ ਕੁਲਣ ਦੇ ਵਿਰੋਧ ਦਾ ਸੱਦਾ

ਬਠਿੰਡਾ- 'ਕੇਂਦਰ ਸਰਕਾਰ ਵਲੋਂ ਕੌਮੀ ਦਹਿਸ਼ਤਗਰਦੀ ਨੂੰ ਰੋਕਣ ਦੇ ਨਾਂ ਹੇਠ ਬਣਾਏ ਜਾਣ ਵਾਲੇ ਦਹਿਸ਼ਤਗਰਦੀ ਵਿਰੋਧੀ ਕੇਂਦਰ ਤੇ ਕਨੂੰਨ ਦਾ ਅਸਲ ਮਕਸਦ ਦੇਸ ਭਰ ਵਿੱਚ ਜਲ - ਜਮੀਨ, ਕੁਦਰਤੀ ਸੋਮੇ, ਰੁਜ਼ਗਾਰ ਤੇ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਕੁਚਲ ਕੇ ਸਾਮਰਾਜੀ ਲੁੱਟ ਦਾ ਰਾਹ ਪੱਧਰਾ ਕਰਨਾ ਹੈ।' ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅਪ੍ਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਵਲੋਂ ਸਥਾਨਕ ਟੀਚਰਜ਼ ਹੋਮ ਵਿਖੇ ਕਰਵਾਈ ਗਈ ਕਨਵੈਨਸ਼ਨ 'ਚ ਬੋਲਦਿਆਂ ਐਡਵੋਕੇਟ ਐਨ.ਕੇ ਜੀਤ ਨੇ ਕੀਤਾ।

ਉਹਨਾਂ ਸਪੱਸ਼ਟ ਕੀਤਾ ਕਿ ਅਮਰੀਕਾ ਨਾਲ ਹੋਈਆਂ ਸੰਧੀਆਂ ਦੀ ਰੌਸ਼ਨੀ 'ਚ ਐਨ.ਸੀ.ਟੀ.ਸੀ ਕਾਨੂੰਨ ਸਾਮਰਾਜੀ ਮੁਲਕਾਂ ਲਈ ਭਾਰਤੀ ਲੋਕਾਂ ਦੀ ਲੁੱਟ ਦੇ ਬੂਹੇ ਚੌੜ-ਚੁਪੱਟ ਖੋਲ੍ਹਣ ਤੇ ਸੰਘਰਸ਼ੀਲ ਲੋਕਾਂ ਨੂੰ ਚੁਣਵੇਂ ਜਬਰ ਦਾ ਨਿਸ਼ਾਨਾ ਬਣਾਉਣ ਦੀ ਪੂਰਤੀ ਹਿਤ ਹੈ। ਉਹਨਾਂ ਦਿਲਚਸਪ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਭਾਰਤ 'ਚ ਕਿਸਾਨਾਂ - ਮਜ਼ਦੂਰਾਂ ਦੀਆਂ ਸਬਸਿਡੀਆਂ 'ਤੇ ਕੱਟ ਲਗਾਉਣ ਤੇ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ ਘਟਾਉਣ ਵਾਲੀਆਂ ਵਿਸ਼ਵ ਬੈਂਕ ਅਤੇ ਅੰਤਰ ਰਾਸ਼ਟਰੀ ਮੁਦਰਾ ਕੋਸ਼ ਵਰਗੀਆਂ ਸੰਸਥਾਵਾਂ ਭਾਰਤ  'ਚ ਸੁਰੱਖਿਆ ਦਸਤਿਆਂ ਤੇ ਫੌਜ ਦੀ ਨਫ਼ਰੀ ਵਧਾਉਣ ਦਾ ਸੁਝਾਅ ਦੇ ਰਹੀਆਂ ਹਨ।

ਲੋਕ ਨਾਟਕਾਰ ਪ੍ਰ. ਅਜਮੇਰ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਈ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਡਾ. ਪਰਮਿੰਦਰ ਸਿੰਘ ਨੇ ਆਖਿਆ ਕਿ ਭਾਰਤੀ ਨੇਤਾਵਾਂ ਦੇ ਅਮਰੀਕੀ ਦੌਰੇ ਉਪਰੰਤ ਹੀ ਉੱਥੋਂ ਦੀ ਤਰਜ 'ਤੇ ਦਹਿਸ਼ਤਗਰਦੀ ਵਿਰੋਧੀ ਕੌਮੀ ਕੇਂਦਰ (ਐਨ.ਸੀ.ਟੀ.ਸੀ) ਉਸਾਰਨ ਦਾ ਫੈਸਲਾ ਲਿਆ ਗਿਆ ਹੈ। ਅਸਲ 'ਚ ਇਹ ਕੇਂਦਰ ਲੋਕ ਹਿਤਾਂ ਤੇ ਸੰਘਰਸ਼ਾਂ ਨੂੰ ਕੁਚਲਣ ਲਈ ਹੈ ਕਿਉਂਕਿ ਸਰਕਾਰ ਨੂੰ ਸਾਮਰਾਜੀ ਹਿਤਾਂ ਦੀ ਪੂਰਤੀ ਲਈ ਵਧੇਰੇ ਚਿੰਤਾ ਹੈ।

ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਿਤਪਾਲ ਸਿੰਘ ਬਠਿੰਡਾ ਅਤੇ ਪ੍ਰੋ. ਅਜਮੇਰ ਸਿੰਘ ਔਲਖ ਨੇ ਕੁਦਰਤੀ ਸੋਮਿਆਂ ਤੇ ਜਲ ਜਮੀਨ ਨੂੰ ਬਚਾਉਣ ਲਈ ਦੇਸ ਦੇ ਹੋਰਨਾਂ ਹਿੱਸਿਆਂ 'ਚ ਸੰਘਰਸ਼ ਕਰ ਰਹੇ ਆਦਿਵਾਸੀਆਂ 'ਤੇ ਕੀਤੇ ਜਾ ਰਹੇ ਸਰਕਾਰੀ ਜਬਰ ਦਾ ਜਿਕਰ ਕਰਦਿਆਂ ਆਖਿਆ ਕਿ ਦੇਸ ਦੀ ਪਾਰਲੀਮੈਂਟ ਕੋਲ ਅਜਿਹੇ ਲੋਕ ਮੁੱਦਿਆਂ 'ਤੇ ਚਰਚਾ ਕਰਨ ਦਾ ਤਾਂ ਵਕਤ ਹੀ ਨਹੀਂ ਪਰ ਗੈਰ-ਕਨੂੰਨੀ ਸਰਗਰਮੀਆਂ ਰੋਕੂ ਕਨੂੰਨ ਵਰਗੇ ਲੋਕ-ਵਿਰੋਧੀ ਕਾਨੂੰਨ ਇੱਕੋ ਦਿਨ 'ਚ ਹੀ ਪੇਸ਼ ਕਰਕੇ ਪਾਸ ਕਰ ਦਿੱਤੇ ਜਾਂਦੇ ਹਨ। ਬੁਲਾਰਿਆਂ ਨੇ ਸਰਕਾਰ ਦੇ ਅਜਿਹੇ ਜਾਬਰ ਕਦਮਾਂ ਨੂੰ ਠੱਲ ਪਾਉਣ ਲਈ ਡਟਵਾਂ ਵਿਰੋਧ ਕਰਨ ਦਾ ਸੱਦਾ ਦਿੱਤਾ। ਕਨਵੈਨਸ਼ਨ 'ਚ ਮਜ਼ਦੂਰ ਕਿਸਾਨ, ਮੁਲਾਜ਼ਮ ਨੌਜਵਾਨ ਅਤੇ ਨੇਪਾਲੀ ਏਕਤਾ ਸਮਾਜ ਦੇ ਕਾਰਕੁੰਨ ਵੱਡੀ ਗਿਣਤੀ 'ਚ ਹਾਜਰ ਸਨ। ਮੰਚ ਸੰਚਾਲਨ ਦੀ ਜੁੰਮੇਵਾਰੀ ਫਰੰਟ ਦੇ ਸੂਬਾ ਕਮੇਟੀ ਮੈਂਬਰ ਅਤੇ ਕਹਾਣੀਕਾਰ ਅਤਰਜੀਤ ਨੇ ਬਾਖੂਬੀ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਮਹੂਰੀ ਫਰੰਟ ਦੇ ਸੂਬਾ ਕਮੇਟੀ ਮੈਂਬਰ ਬਾਰੂ ਸਤਵਰਗ, ਜਗਸੀਰ ਜੀਦਾ, ਅਮੋਲਕ ਸਿੰਘ ਅਤੇ ਰਾਮ ਸਵਰਨ ਲੱਖੇਵਾਲੀ ਵੀ ਹਾਜਰ ਸਨ।

No comments:

Post a Comment