StatCounter

Wednesday, March 21, 2012

"ਭਾਰਤੀ-ਅਮਰੀਕੀ ਸਾਂਝੀਆਂ ਫੌਜੀ ਮਸ਼ਕਾਂ"

ਮਾਲਵੇ ਦੀ ਜੁਝਾਰੂ ਧਰਤੀ 'ਤੇ
ਵਹਿਸ਼ੀ ਅਮਰੀਕੀ ਫੌਜੀਆਂ ਦੇ ਬੂਟਾਂ ਦੀ ਧਮਕਾਰ
ਨਰਿੰਦਰਜੀਤ
 ਮਾਰਚੇ ਦੇ ਮਹੀਨੇ 'ਚ ਜਦੋਂ ਸਾਰੇ ਭਾਰਤ ਦੇ ਲੋਕ, ਬਰਤਾਨਵੀ ਹਾਕਮਾਂ ਦੇ ਜੂਲੇ ਤੋਂ ਭਾਰਤੀ ਲੋਕਾਂ ਨੂੰ ਮੁਕਤੀ ਦਵਾਉਣ ਲਈ, "ਇਨਕਲਾਬ ਜ਼ਿੰਦਾਬਾਦ" ਅਤੇ "ਸਾਮਰਾਜਵਾਦ ਮੁਰਦਾਬਾਦ" ਦੇ ਨਾਅਰੇ ਗੁੰਜਾਉਂਦਿਆਂ, ਹੱਸ-ਹੱਸ ਫਾਂਸੀਆਂ 'ਤੇ ਚੜ੍ਹਨ ਵਾਲੇ ਸਿਰੜੀ ਯੋਧਿਆਂ - ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਂਟ ਕਰਨ ਦੀਆਂ ਤਿਆਰੀਆਂ 'ਚ ਰੁੱਝੇ ਹੋਏ ਹਨ ਤਾਂ ਇਸ ਮੁਲਕ ਦੇ ਹਾਕਮ 'ਦਹਿਸ਼ਤਗਰਦੀ ਦਾ ਟਾਕਰਾ' ਕਰਨ ਦੇ ਬਹਾਨੇ ਹੇਠ, ਅਮਰੀਕੀ ਫੌਜ ਦਾ ਜਕੜ ਪੰਜਾ ਦੂਰ-ਦੂਰ ਤੱਕ ਫੈਲਾਉਣ 'ਚ ਲੱਗੇ ਹੋਏ ਹਨ।

ਅਮਰੀਕੀ ਜਨਰਲਾਂ ਦੀ ਨਿਗਰਾਨੀ ਹੇਠ "ਦਹਿਸ਼ਤਗਰਦਾਂ" ਦਾ ਸ਼ਿਕਾਰ ਕਰਨ ਦੀਆਂ ਮਸ਼ਕਾਂ
ਅੰਗ੍ਰੇਜ਼ੀ ਅਖਬਾਰ 'ਦ ਟ੍ਰਿਬਿਊਨ' 'ਚ 14 ਮਾਰਚ ਨੂੰ ਛਪੀਆਂ ਖਬਰਾਂ ਅਨੁਸਾਰ ਭਾਰਤੀ ਅਤੇ ਅਮਰੀਕੀ ਫੌਜ ਨੇ ਬਠਿੰਡਾ ਛਾਉਣੀ 'ਚ "ਯੁੱਧ ਅਭਿਆਸ" ਤਹਿਤ, ਟਿੱਬਿਆਂ 'ਚ ਵਸਾਏ ਇੱਕ ਸੁੰਨਸਾਨ ਪਿੰਡ 'ਚ ਦਹਿਸ਼ਤਗਰਦਾਂ ਨੂੰ ਘੇਰਾ ਪਾਕੇ ਮਾਰਨ ਲਈ ਸਾਂਝੀ ਮਸ਼ਕ ਕੀਤੀ। ਦੋਹਾਂ ਫੌਜਾਂ ਦੀਆਂ ਟੁਕੜੀਆਂ ਨੇ ਪਹਿਲਾਂ ਆਪਣੀਆਂ ਜੰਗੀ ਗੱਡੀਆਂ ਨਾਲ ਰਾਤ ਵੇਲੇ ਪਿੰਡ ਨੂੰ ਘੇਰਾ ਪਾਇਆ, ਫਿਰ ਦਿਨ ਚੜ੍ਹਨ 'ਤੇ ਘਰ-ਘਰ ਦੀ ਤਲਾਸ਼ੀ ਲਈ ਤਾਂ ਜੋ ਛੁਪੇ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਜਾ ਸਕੇ। ਇਹਨਾਂ ਟੁਕੜੀਆਂ ਨੇ ਗੜਬੜ ਵਾਲੇ ਇਲਾਕਿਆਂ 'ਚ ਬੁਨਿਆਦੀ ਢਾਂਚਾ (ਸੜਕਾਂ, ਪੁਲ ਆਦਿ) ਉਸਾਰਨ, ਦੇਸੀ ਧਮਾਕਾਖੇਜ ਸਮੱਗਰੀ (ਬੰਬਾਂ ਆਦਿ) ਤੋਂ ਪੈਦਾ ਹੋਣ ਵਾਲੇ ਖਤਰਿਆਂ ਨਾਲ ਨਜਿੱਠਣ, ਜਖਮੀ ਫੌਜੀਆਂ ਨੂੰ ਰਾਹਤ ਪੁਚਾਉਣੀ ਆਦਿ ਕੰਮਾਂ ਦੀਆਂ ਵੀ ਮਸ਼ਕਾਂ ਕੀਤੀਆਂ।
ਇਹਨਾਂ ਮਸ਼ਕਾਂ ਨੂੰ ਵੇਖਣ ਲਈ ਦੱਖਣੀ-ਪੱਛਮੀ ਕਮਾਂਡ ਦੇ ਕਮਾਂਡਿੰਗ ਅਫਸਰ ਲੈਫ. ਜਨਰਲ ਗਿਆਨ ਭੂਸ਼ਨ, ਅਮਰੀਕਾ ਦੀ ਸ਼ਾਂਤ ਮਹਾਂਸਾਗਰ ਵਿਚਲੀ ਫੌਜ ਦਾ ਕਮਾਂਡਰ ਲੈਫ. ਜਨਰਲ ਫਰਾਂਸਿਸ ਫਰੈਂਕ ਵਿਅਰਸਿਨਸਕੀ ਅਤੇ "ਭਾਰਤੀ ਅਮਰੀਕੀ ਫੌਜ ਟਰੇਨਿੰਗ ਪ੍ਰੋਗਰਾਮ" ਦੇ ਸਹਿ-ਮੁਖੀ ਉਚੇਚੇ ਤੌਰ 'ਤੇ ਹਾਜਰ ਸਨ। "ਭਾਰਤੀ ਅਮਰੀਕੀ ਸੁਰੱਖਿਆ ਸਬੰਧਾਂ ਦਾ ਨਵਾਂ ਚੌਖਟਾ" (New Framework of Indo-US Defense Relationship) ਨਾਂ ਦੇ ਸਮਝੌਤੇ ਤਹਿਤ ਇਹ ਮਸ਼ਕ 5 ਮਾਰਚ ਤੋਂ ਸ਼ੁਰੂ ਹੋਕੇ 15 ਦਿਨ ਤੱਕ ਚਲਣੀ ਸੀ।
ਫੌਜ ਵਲੋਂ ਅਧਿਕਾਰਤ ਰੂਪ 'ਚ ਜਾਰੀ ਪ੍ਰੈਸ ਨੋਟ ਅਨੁਸਾਰ ਇਹ ਜੰਗੀ ਮਸ਼ਕ ਨਹੀਂ ਸਗੋਂ "ਦਹਿਸ਼ਤਗਰਦੀ ਵਿਰੋਧੀ ਮਸ਼ਕ" ਸੀ। ਸਾਲ 2000 'ਚ ਵਾਜਪਾਈ ਦੀ ਅਗਵਾਈ ਹੇਠ ਕੇਂਦਰੀ ਸਰਕਾਰ ਨੇ ਅਮਰੀਕੀ ਖੁਫੀਆ ਏਜੰਸੀ ਐਫ.ਬੀ.ਆਈ ਨੇ ਭਾਰਤ 'ਚ ਆਪਣਾ ਪਹਿਲਾ ਠਾਣਾ (ਸਰਕਾਰੀ ਭਾਸ਼ਾ 'ਚ 'ਦਫਤਰ') ਦਿੱਲੀ 'ਚ ਸਥਾਪਤ ਕੀਤਾ ਸੀ। ਇਸ ਠਾਣੇ ਰਾਹੀਂ ਐਫ.ਬੀ.ਆਈ ਭਾਰਤ, ਬੰਗਲਾਦੇਸ਼, ਮਾਲਦੀਵ, ਨਿਪਾਲ, ਭੂਟਾਨ ਅਤੇ ਪਾਕਿਸਤਾਨ 'ਤੇ ਨਿਗਰਾਨੀ ਰੱਖਦੀ ਹੈ। ਉਦੋਂ ਤੋਂ ਹੀ ਅਮਰੀਕੀ ਫੌਜੀ ਅਤੇ ਖੁਫੀਆ ਏਜੰਸੀਆਂ ਭਾਰਤ 'ਚ ਲਗਾਤਾਰ ਆਵਦੇ ਪੈਰ ਪਸਾਰ ਰਹੀਆਂ ਹਨ। ਦਹਿਸ਼ਤਗਰਦੀ ਨਾਲ ਨਜਿੱਠਣ ਦੇ ਨਾਂ ਹੇਠ ਭਾਰਤੀ ਫੌਜ ਅਤੇ ਪੁਲਸ ਨੂੰ ਜੰਗਲਾਂ 'ਚ ਲੜਨ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਛੱਤੀਸਗੜ੍ਹ, ਝਾਰਖੰਡ, ਉੜੀਸਾ, ਜੰਗਲ ਮਹਿਲ, ਆਂਧਰਾ, ਮਹਾਰਾਸ਼ਟਰ ਆਦਿ 'ਚ ਜਲ, ਜੰਗਲ ਅਤੇ ਜਮੀਨ ਦੀ ਰਾਖੀ ਲਈ ਲੜ ਰਹੇ ਆਦਿਵਾਸੀਆਂ ਨੂੰ ਕੁਚਲਕੇ, ਇਹਨਾਂ ਇਲਾਕਿਆਂ 'ਚ ਧਰਤੀ-ਹੇਠਲੇ ਬੇਅੰਤ ਮਾਲ-ਖਜਾਨੇ (ਖਣਿਜ-ਪਦਾਰਥ) ਸਾਮਰਾਜੀ ਬਹੁ-ਕੌਮੀ ਕਾਰਪੋਰੇਸ਼ਨਾਂ ਦੇ ਹਵਾਲੇ ਕੀਤੇ ਜਾ ਸਕਣ; ਉੱਤਰ-ਪੂਰਬੀ ਖਿੱਤੇ ਅਤੇ ਜੰਮੂ-ਕਸ਼ਮੀਰ 'ਚ ਚਲ ਰਹੀਆਂ ਲੋਕ-ਲਹਿਰਾਂ ਦਾ ਬੀਅ ਨਾਸ ਕੀਤਾ ਜਾ ਸਕੇ।
ਅਪ੍ਰੇਸ਼ਨ ਗ੍ਰੀਨ ਹੰਟ ਲਈ ਧਾੜਵੀ ਤਿਆਰੀਆਂ
ਇਹਨਾਂ ਮਸ਼ਕਾਂ ਨੇ ਸਰਕਾਰ ਦੇ ਦੋ ਦਾਅਵਿਆਂ ਦਾ ਥੋਥ ਨੰਗਾ ਕੀਤਾ ਹੈ। ਪਹਿਲਾ ਦਾਅਵਾ ਅਪ੍ਰੇਸ਼ਨ ਗ੍ਰੀਨ ਹੰਟ 'ਚ ਫੌਜ ਦੀ ਸ਼ਮੂਲੀਅਤ ਤੋਂ ਇਨਕਾਰ ਦਾ ਹੈ। ਚਾਹੇ ਇੱਕ ਪਾਸੇ ਸਰਕਾਰ ਵਲੋਂ ਅਪ੍ਰੇਸ਼ਨ ਗ੍ਰੀਨ ਹੰਟ ਵਾਲੇ ਖਿੱਤਿਆਂ 'ਚ ਹਵਾਈ ਫੌਜ ਦੇ ਮਾਨਵ ਰਹਿਤ ਜਹਾਜਾਂ (ਡਰੋਨਾਂ), ਹੈਲੀਕਾਪਟਰਾਂ ਆਦਿ ਵਰਤਣ ਦੀਆਂ ਖਬਰਾਂ ਪ੍ਰੈਸ 'ਚ ਛਪਦੀਆਂ ਰੰਹਿਦੀਆਂ ਹਨ ਪਰ ਇਸਦੇ ਬਾਵਜੂਦ ਵੀ ਸਰਕਾਰ ਇਸ ਅਪ੍ਰੇਸ਼ਨ ਦੌਰਾਨ ਫੌਜ ਦੀ ਵਰਤੋਂ ਤੋਂ ਇਨਕਾਰ ਕਰਦੀ ਰਹੀ ਹੈ। ਭਾਰਤ ਤੇ ਅਮਰੀਕੀ ਫੌਜ ਵਲੋਂ ਇਹ ਸਾਂਝੀਆਂ ਦਹਿਸ਼ਤਗਰਦੀ ਵਿਰੋਧੀ ਮਸ਼ਕਾਂ ਇੱਕਲੇ ਭਾਰਤ ਨਹੀਂ ਸਗੋਂ ਅਮਰੀਕੀ ਫੌਜ ਦੇ ਵੀ ਅਪ੍ਰੇਸ਼ਨ ਗ੍ਰੀਨ ਹੰਟ 'ਚ ਸ਼ਾਮਲ ਹੋਣ ਦੀ ਪੁਸ਼ਟੀ ਕਰਦੀਆਂ ਹਨ।
ਸਾਮਰਾਜੀਆਂ ਕੋਲ ਗਹਿਣੇ ਧਰੀ ਵਿਦੇਸ਼ ਨੀਤੀ
ਦੂਜਾ ਦਾਅਵਾ ਸਾਡੇ ਮੁਲਕ ਦੀ ਵਿਦੇਸ਼ ਨੀਤੀ ਦੇ ਅਮਰੀਕੀ ਹਿੱਤਾਂ ਨਾਲ ਟੋਚਨ ਕਰਨ ਤੋਂ ਇਨਕਾਰ ਕਰਨ ਦਾ ਹੈ। ਆਰਥਕ ਨੀਤੀਆਂ ਦੇ ਮਾਮਲੇ 'ਚ ਤਾਂ ਇਹ ਗੱਲ ਸ਼ੀਸ਼ੇ ਵਾਂਗੂੰ ਸਾਫ ਹੈ ਕਿ ਭਾਰਤੀ ਹਾਕਮ ਅਮਰੀਕੀ ਸਾਮਰਾਜੀਆਂ ਦੇ ਹੁਕਮਾਂ 'ਤੇ ਮੁਕੰਮਲ ਰੂਪ 'ਚ ਫੁੱਲ ਚੜ੍ਹਾ ਰਹੇ ਹਨ। ਇਹ ਨੀਤੀਆਂ ਭਾਰਤੀ ਲੋਕਾਂ ਦੇ ਹਿੱਤਾਂ ਲਈ ਨਹੀਂ ਸਗੋਂ ਸਾਮਰਾਜੀ ਬਹੁ-ਕੌਮੀ ਕਾਰਪੋਰੇਸ਼ਨਾਂ ਦੇ ਅੰਨ੍ਹੇ ਮੁਨਾਫਿਆਂ ਦੀ ਗਰੰਟੀ ਲਈ ਘੜੀਆਂ ਜਾਂਦੀਆਂ ਹਨ। ਵਿਸ਼ੇਸ਼ ਆਰਥਕ ਖੇਤਰ (SEZ) ਅਤੇ ਕੌਮੀ ਸਨਅਤੀ ਉਤਪਾਦਨ ਖੇਤਰ (NIMZ) ਇਸਦੀਆਂ ਉੱਘੜਵੀਆਂ ਮਿਸਾਲਾਂ ਹਨ। ਭਾਰਤ-ਅਮਰੀਕੀ ਪ੍ਰਮਾਣੂ ਸਮਝੌਤੇ ਦੀ ਇੱਕ ਮਹੱਤਵਪੂਰਣ ਸ਼ਰਤ ਭਾਰਤ ਵਲੋਂ ਇਰਾਨ ਪ੍ਰਤੀ ਅਮਰੀਕਾ ਦੀ ਹਮਲਾਵਰ ਨੀਤੀ ਦਾ ਸਰਗਰਮ ਸਮਰਥਨ ਕਰਨਾ ਹੈ। ਇਜ਼ਰਾਈਲ ਦੇ ਸਫਾਰਤੀ ਕਰਮਚਾਰੀ ਦੇ ਪਰਿਵਾਰ 'ਤੇ ਦਿੱਲੀ 'ਚ ਹੋਏ ਬੰਬ ਹਮਲੇ 'ਚ ਇਰਾਨੀ ਨੀਤੀਆਂ ਨਾਲ ਜੁੜੇ ਇੱਕ ਭਾਰਤੀ ਪੱਤਰਕਾਰ ਦੀ ਗਿਰਫਤਾਰੀ ਅਤੇ ਇਜ਼ਰਾਈਲ ਦੀ ਖੁਫੀਆ ਪੁਲਸ ਮੋਸਾਦ ਵਲੋਂ ਉਸਦੀ ਪੁੱਛਗਿਛ ਦੀਆਂ ਖਬਰਾਂ ਇਸ ਸਮਰਥਨ ਦੇ ਹੀ ਸੰਕੇਤ ਹਨ। ਦਹਿਸ਼ਤਗਰਦੀ ਵਿਰੋਧੀ ਮਸ਼ਕਾਂ ਦੀ ਤਾਰ ਕਿਤੇ ਨਾ ਕਿਤੇ ਅਮਰੀਕਾ ਵਲੋਂ ਇਰਾਨ 'ਤੇ ਸੰਭਾਵਿਤ ਹਮਲੇ ਦੇ ਨਤੀਜੇ ਵਜੋਂ ਪੈਦਾ ਹੋਣ ਵਾਲੀ ਰੋਸ ਲਹਿਰ ਨਾਲ ਦਹਿਸ਼ਤਗਰਦੀ ਦੇ ਲੇਬਲ ਹੇਠ ਕਰੜੇ ਹੱਥੀਂ ਨਜਿੱਠਣ ਦੀ ਤਿਆਰੀ ਨਾਲ ਜੁੜਦੀ ਹੈ।
ਮਾਲਵੇ ਦੀ ਚੋਣ ਕਿਉਂ?
ਮਾਲਵੇ ਦੇ ਇਸ ਖਿੱਤੇ 'ਚ ਜਿੱਥੇ ਅਮਰੀਕੀ ਫੌਜੀਆਂ ਨਾਲ ਸਾਂਝੀ ਮਸ਼ਕ ਹੁਣ ਕੀਤੀ ਜਾ ਰਹੀ ਹੈ ਉੱਥੇ ਕਿਸੇ ਇਸਲਾਮੀ ਦਹਿਸ਼ਤਗਰਦੀ, ਨਕਸਲੀ ਜਾਂ ਖਾਲਸਤਾਨੀ ਗਰੁੱਪ ਦੀ ਕੋਈ ਉਭਰਵੀਂ ਜਾਂ ਨੋਟ ਕਰਨਯੋਗ ਸਰਗਰਮੀ ਨਹੀਂ ਹੈ। ਕੁੱਝ ਛੋਟੀਆਂ-ਮੋਟੀਆਂ ਇੱਕਾ-ਦੁੱਕਾ ਘਟਨਾਵਾਂ ਤੋਂ ਇਲਾਵਾ ਇਸ ਖੇਤਰ 'ਚ ਪਿਛਲੇ ਇੱਕ ਦਹਾਕੇ 'ਚ ਦਹਿਸ਼ਤਗਰਦੀ ਦੀ ਕਦੇ ਕੋਈ ਵੱਡੀ ਘਟਨਾ ਨਹੀਂ ਵਾਪਰੀ। ਜਦੋਂ ਕਿਸੇ ਖੇਤਰ 'ਚ ਕੋਈ ਜੰਗੀ ਮਸ਼ਕ ਕੀਤੀ ਜਾਂਦੀ ਹੈ ਤਾਂ ਉਸਦਾ ਇੱਕ ਮਕਸਦ ਉਸ ਇਲਾਕੇ ਦੀ ਧਰਤੀ ਅਤੇ ਵਸੋਂ ਤੋਂ ਫੌਜ ਨੂੰ ਜਾਣੂੰ ਕਰਨਾ ਵੀ ਹੁੰਦਾ ਹੈ ਜੋ ਕਿਸੇ ਵੀ ਫੌਜੀ ਅਤੇ ਪੁਲਸੀ ਕਾਰਵਾਈ ਲਈ ਅਤਿ ਮਹੱਤਵਪੂਰਨ ਹੁੰਦਾ ਹੈ। ਪੰਜਾਬ ਦਾ ਮਾਲਵਾ ਖੇਤਰ ਇਸ ਦਹਿਸ਼ਤਗਰਦੀ ਵਿਰੋਧੀ ਮਸ਼ਕ ਲਈ ਕਿਉਂ ਚੁਣਿਆ ਗਿਆ? ਸਰਕਾਰ ਜਾਂ ਰੱਖਿਆ ਮੰਤਰਾਲੇ ਨੇ ਇਸਦਾ ਕੋਈ ਸਪੱਸ਼ਟ ਕਾਰਣ ਨਹੀਂ ਦੱਸਿਆ। ਉਂਝ ਅਸੀਂ ਸਾਰੇ ਜਾਣਦੇ ਹਾਂ ਕਿ ਪਿਛਲੇ ਕਈ ਦਹਾਕਿਆਂ ਤੋਂ ਮਾਲਵਾ, ਕਿਸਾਨਾਂ, ਖੇਤ-ਮਜ਼ਦੂਰਾਂ, ਬਿਜਲੀ ਮੁਲਾਜ਼ਮਾਂ, ਨੌਜਵਾਨਾਂ, ਬੇਰੁਜ਼ਗਾਰਾਂ ਅਤੇ ਕਰਮਚਾਰੀਆਂ ਦੇ ਸਿਰੜੀ ਸੰਘਰਸ਼ਾਂ ਦਾ ਕੇਂਦਰ ਰਿਹਾ ਹੈ। ਇੱਥੋਂ ਦੇ ਲੋਕਾਂ ਨੇ ਭਾਰਤੀ ਹਾਕਮਾਂ ਵਲੋਂ ਅਮਰੀਕੀ ਸਾਮਰਾਜੀਆਂ ਦੇ ਇਸ਼ਾਰਿਆਂ 'ਤੇ ਘੜੀਆਂ ਲੋਕ-ਮਾਰੂ ਅਤੇ ਦੇਸ-ਧ੍ਰੋਹੀ ਆਰਥਕ ਨੀਤੀਆਂ ਦਾ ਡੱਟਵਾਂ ਵਿਰੋਧ ਕੀਤਾ ਹੈ। ਇਹਨਾਂ ਸਾਰੇ ਸੰਘਰਸ਼ਾਂ 'ਚ ਲੋਕਾਂ ਨੇ ਅੱਤ ਦੇ ਵਹਿਸ਼ੀ ਪੁਲਸ ਜਬਰ ਨੂੰ ਖਿੜੇ ਮੱਥੇ ਆਪਣੇ ਪਿੰਡਿਆਂ 'ਤੇ ਝੱਲਦਿਆਂ, ਜਾਨਾਂ ਦੀਆਂ ਕੁਰਬਾਨੀਆਂ ਦਿੰਦਿਆਂ, ਨਵੇਂ ਲਾਂਘੇ ਭੰਨੇ ਹਨ। ਇਸ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਕਿ ਇਸ ਮਸ਼ਕ ਦੇ ਕਈ ਕਾਰਨਾਂ 'ਚੋਂ ਇੱਕ, ਇਹਨਾਂ ਸੰਘਰਸ਼ੀਲ ਲੋਕਾਂ 'ਤੇ ਦਬਸ਼ ਅਤੇ ਦਹਿਸ਼ਤ ਪਾਉਣਾ ਵੀ ਹੋ ਸਕਦਾ ਹੈ।
ਪਾਕਿਸਤਾਨ ਅਤੇ ਅਫਗਾਨਿਸਤਾਨ ਦਾ ਹਸ਼ਰ ਕਿਉਂ ਭੁੱਲ ਰਹੇ ਹਾਂ?
ਅਮਰੀਕੀ ਸਾਮਰਾਜੀਆਂ ਦੀ ਡੱਫਲੀ 'ਤੇ ਨੱਚਦੇ ਭਾਰਤੀ ਹਾਕਮ, ਉਹਨਾਂ ਦੀ ਅਖੌਤੀ "ਦਹਿਸ਼ਤਗਰਦੀ ਵਿਰੋਧੀ ਜੰਗ", ਜਿਸਦਾ ਇੱਕੋ-ਇੱਕ ਮਕਸਦ ਦੁਨੀਆਂ ਭਰ ਦੇ ਬੇਸ਼ਕੀਮਤੀ ਕੁਦਰਤੀ ਸੋਮਿਆਂ ਨੂੰ ਹਥਿਆਉਣਾ ਹੈ, ਦਾ ਹਿੱਸਾ ਬਨਣ ਲਈ ਲਟੋ-ਪੀਂਘ ਹੋ ਰਹੇ ਹਨ। ਆਪਣੀ ਸਾਮਰਾਜੀ-ਭਗਤੀ ਦੇ ਨਸ਼ੇ 'ਚ ਅੰਨੇ ਹੋਏ ਉਹ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਅਤੇ ਇਤਿਹਾਸ ਤੋਂ ਕੋਈ ਸਬਕ ਨਹੀਂ ਲੈ ਰਹੇ।
ਪਾਕਿਸਤਾਨ ਅਮਰੀਕਾ ਦੀ ਇਸ "ਦਹਿਸ਼ਤਗਰਦੀ ਵਿਰੋਧੀ ਜੰਗ" ਦਾ ਇੱਕ ਅਹਿਮ ਸੰਗੀ ਹੈ। ਨਤੀਜੇ ਵਜੋਂ ਉਹ ਆਪਣੀ ਖੁਦ-ਮੁਖਤਿਆਰੀ, ਪ੍ਰਭੂਸੱਤਾ ਆਦਿ ਗੁਆ ਚੁੱਕਾ ਹੈ। ਅਮਰੀਕੀ ਫੌਜੀ ਮਨਆਈਆਂ ਕਰਦੇ ਹਨ। ਅਫਗਾਨਿਸਤਾਨ ਨਾਲ ਲਗਦੇ ਉੱਤਰੀ-ਪੱਛਮੀ ਇਲਾਕੇ 'ਚ ਅਮਰੀਕੀ ਖੁਫੀਆ ਏਜੰਸੀ ਸੀ.ਆਈ.ਏ ਦਾ ਵਿਸ਼ੇਸ਼ ਸਰਗਰਮੀ ਡਿਵੀਜ਼ਨ ਲੋਕਾਂ 'ਤੇ ਡਰੋਨ ਜਹਾਜਾਂ ਰਾਹੀਂ ਅੱਗ ਵਰ੍ਹਾ ਰਿਹਾ ਹੈ। ਪਾਕਿਸਤਾਨ ਦੀ ਸਰਕਾਰ ਦਿਖਾਵੇ ਲਈ ਚਾਹੇ ਇਹਨਾਂ ਹਮਲਿਆਂ ਦਾ ਵਿਰੋਧ ਕਰਦੀ ਹੈ ਪ੍ਰੰਤੂ ਗੁਪਤ ਰੂਪ 'ਚ ਅਮਰੀਕੀ ਫੌਜ ਨਾਲ ਗੁਪਤ ਜਾਣਕਾਰੀਆਂ ਸਾਂਝੀਆਂ ਕਰਦੀ ਹੈ, ਹਮਲਿਆਂ ਲਈ ਆਵਦੇ ਹਵਾਈ ਅੱਡੇ ਵਰਤਣ ਦੀ ਇਜਾਜ਼ਤ ਦਿੰਦੀ ਹੈ। ਵਿਕੀਲੀਕਸ ਦੇ ਖੁਲਾਸੇ ਅਨੁਸਾਰ ਪਾਕਿਸਤਾਨੀ ਫੌਜ ਦਾ ਮੁਖੀ ਜਨਰਲ ਅਸ਼ਫਾਕ ਪਰਵੇਜ਼ ਕਿਆਨੀ ਨਾ ਸਿਰਫ ਇਹਨਾਂ ਹਮਲਿਆਂ ਨਾਲ ਸਹਿਮਤ ਸੀ ਸਗੋਂ ਸਾਲ 2008 'ਚ ਉਹਨੇ ਇਹਨਾਂ ਨੂੰ ਹੋਰ ਤੇਜ਼ ਕਰਨ ਦੀ ਬੇਨਤੀ ਕੀਤੀ ਸੀ। ਸਾਲ 2004 ਤੋਂ ਸ਼ੁਰੂ ਹੋਏ ਇਹ ਡਰੋਨ ਹਮਲੇ ਅਮਰੀਕਾ ਦੀ ਦਹਿਸ਼ਤਗਰਦੀ ਵਿਰੋਧੀ ਜੰਗ ਦਾ ਹੀ ਹਿੱਸਾ ਹਨ। ਨਵੰਬਰ 2011 'ਚ ਜਦੋਂ ਨਾਟੋ ਫੌਜੀਆਂ ਵਲੋਂ ਕੀਤੇ ਇੱਕ ਡਰੋਨ ਹਮਲੇ ਵਿੱਚ 24 ਪਾਕਸਤਾਨੀ ਫੌਜੀ ਮਾਰੇ ਗਏ ਸਨ ਤਾਂ ਲੋਕ-ਰੋਹ ਨੂੰ ਭਾਂਪਦਿਆਂ ਇੱਕ ਵਾਰ ਅਮਰੀਕੀ ਫੌਜ ਤੋਂ ਸ਼ਮਸ਼ੀ ਹਵਾਈ ਅੱਡਾ ਖਾਲੀ ਕਰਵਾ ਲਿਆ ਗਿਆ ਸੀ ਪਰ ਜਨਵਰੀ 2012 'ਚ ਇਹ ਮੁੜ ਉਸਦੇ ਹਵਾਲੇ ਕਰ ਦਿੱਤਾ ਗਿਆ।
ਖੋਜੀ ਪੱਤਰਕਾਰਾਂ ਦੀ ਬਿਓਰੋ (Bureau of Investigative Journalists) ਅਨੁਸਾਰ ਹੁਣ ਤੱਕ 319 ਡਰੋਨ ਹਮਲੇ ਹੋਏ ਹਨ ਜਿਹਨਾਂ 'ਚ 2433 ਤੋਂ ਲੈਕੇ 3083 ਲੋਕਾਂ ਦੇ ਮਾਰੇ ਜਾਣ ਅਤੇ 1163 ਤੋਂ 1268 ਤੱਕ ਦੇ ਜਖਮੀ ਹੋਣ ਦੀ ਸੂਚਨਾ ਹੈ। ਮਰਨ ਵਾਲਿਆਂ 'ਚ ਸੈਂਕੜੇ ਔਰਤਾਂ ਅਤੇ ਬੱਚੇ ਸ਼ਾਮਲ ਹਨ।
ਕੁਝ ਦਿਨ ਪਹਿਲਾਂ 13 ਮਾਰਚ ਨੂੰ ਵਜ਼ੀਰਸਤਾਨ ਇਲਾਕੇ 'ਚ ਹੋਏ ਇੱਕ ਡਰੋਨ ਹਮਲੇ 'ਚ ਘੱਟੋ-ਘੱਟ 15 ਲੋਕ ਮਾਰੇ ਗਏ ਹਨ। 
ਅਫਗਾਨਿਸਤਾਨ 'ਚ ਵਹਿਸ਼ਤ ਦੀਆਂ ਸਭ ਹੱਦਾਂ ਪਾਰ
ਅਮਰੀਕਾ ਅਤੇ ਨਾਟੋ ਦੀਆਂ ਫੌਜਾਂ ਕਹਿਣ ਲਈ ਤਾਂ ਅਫਗਾਨਿਸਤਾਨ 'ਚ ਉੱਥੋਂ ਦੇ ਲੋਕਾਂ ਨੂੰ ਦਹਿਸ਼ਤਗਰਦਾਂ ਨੂੰ ਬਚਾਉਣ ਲਈ ਗਈਆਂ ਹਨ, ਪ੍ਰੰਤੂ ਹਕੀਕਤ 'ਚ ਇਹ ਉੱਥੋਂ ਦੇ ਲੋਕਾਂ 'ਤੇ ਅੱਤ ਵਹਿਸ਼ੀ ਤਸ਼ਦੱਦ ਕਰ ਰਹੀਆਂ ਹਨ, ਮੌਤ ਦਾ ਤਾਂਡਵ ਰਚਾ ਰਹੀਆਂ ਹਨ। ਉਹਨਾਂ ਵਲੋਂ ਸਧਾਰਣ ਨਿਰਦੋਸ਼ ਲੋਕਾਂ 'ਤੇ ਕੀਤੇ ਜਬਰ ਦੀਆਂ ਲੂੰ-ਕੰਡੇ ਖੜ੍ਹੇ ਕਰਨ ਵਾਲੀਆਂ ਘਟਨਾਵਾਂ 'ਚੋਂ ਕੁੱਝ:
  • ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਅਨੁਸਾਰ ਸਾਲ 2011 'ਚ 3000 ਤੋਂ ਵੱਧ ਅਫਗਾਨੀ ਮਾਰੇ ਜਾ ਚੁੱਕੇ ਹਨ।
  • ਗਾਰਡੀਅਨ ਅਖਬਾਰ 'ਚ 18 ਜਨਵਰੀ 2012 ਨੂੰ ਛਪੇ ਨਿਕ ਹਾਪਕਿਨਜ਼ ਦੇ ਇੱਕ ਲੇਖ ਅਨੁਸਾਰ, ਅਫਗਾਨਿਸਤਾਨ 'ਚ ਬਰਤਾਨਵੀ ਫੌਜ ਦੇ ਮਰਸ਼ੀਅਨ ਬੈਟਲ ਗਰੁੱਪ ਦੇ ਦੋ ਸਿਪਾਹੀਆਂ ਨੇ 10 ਕੁ ਸਾਲਾਂ ਦੇ ਇੱਕ ਅਫਗਾਨੀ ਲੜਕੇ ਅਤੇ ਲੜਕੀ ਨਾਲ ਬਦਫੈਲੀ ਕੀਤੀ, ਇਸ ਸਾਰੀ ਘਟਨਾ ਦੀ ਵੀਡਿਊ ਬਣਾਈ ਜੋ ਬਾਅਦ 'ਚ ਉਹਨਾਂ ਨੇ ਆਵਦੇ ਸਹਿ-ਫੌਜੀਆਂ ਨੂੰ ਮਾਣ ਨਾਲ ਦਿਖਾਈ।
  • 21 ਮਾਰਚ 2011 ਨੂੰ ਗਾਰਡੀਅਨ ਅਖਬਾਰ 'ਚ ਛਪੇ ਇੱਕ ਲੇਖ ਅਨੁਸਾਰ ਅਫਗਾਨਿਸਤਾਨ 'ਚ ਤਾਇਨਾਤ ਅਮਰੀਕੀ ਫੌਜੀਆਂ ਨੇ ਨਿਰਦੋਸ਼ ਅਫਗਾਨੀ ਲੋਕਾਂ ਨੂੰ ਮਾਰ ਕੇ ਉਹਨਾਂ ਦੀਆਂ ਲਾਸ਼ਾਂ ਕੋਲ ਫੋਟੋਆਂ ਖਿਚਵਾਈਆਂ ਅਤੇ ਉਹਨਾਂ ਦੀਆਂ ਮ੍ਰਿਤਕ ਦੇਹਾਂ ਤੋਂ ਉਂਗਲਾਂ, ਦੰਦ ਅਤੇ ਹੋਰ ਹਿੱਸੇ ਕੱਟ ਕੇ ਜਿੱਤ ਦੇ ਚਿੰਨ੍ਹ (ਟਰਾਫੀਆਂ) ਵਜੋਂ ਆਵਦੇ ਕੋਲ ਸਾਂਭ ਲਏ। ਜਰਮਨੀ ਦੇ ਅਖਬਾਰ "Der Spiegel" ਦੇ ਪੱਤਰਕਾਰਾਂ ਨੇ ਅਜਿਹੀਆਂ ਲੱਗਭਘ 4000 ਫੋਟੋਆਂ ਅਤੇ ਵੀਡੀਓ ਇਕੱਠੀਆਂ ਕੀਤੀਆਂ। ਇਹ ਦਰਿੰਦਗੀ ਭਰੇ ਕਾਰੇ ਕਰਨ ਵਾਲੀ ਅਮਰੀਕੀ ਫੌਜੀ ਟੁਕੜੀ ਕੰਧਾਰ ਦੇ ਦੱਖਣੀ ਇਲਾਕੇ 'ਚ ਤਾਇਨਾਤ ਸੀ।
  • ਉਕਤ ਟੁਕੜੀ ਦੇ 12 ਮੈਂਬਰਾਂ ਖਿਲਾਫ ਸੀਟਲ ਦੀ ਅਦਾਲਤ 'ਚ ਮੁਕੱਦਮਾ ਚਲ ਰਿਹਾ ਹੈ। Der Spiegel ਦੇ ਲੇਖ ਅਨੁਸਾਰ ਪਿਛਲੇ ਸਾਲ ਮਈ 'ਚ ਇਸ ਫੌਜ ਦਾ ਇੱਕ ਗਰੁੱਪ ਜਿਸਦੀ ਅਗਵਾਈ ਸਟਾਫ ਸਾਰਜੈਂਟ ਕੈਲਵਿਨ ਗਿਬਜ਼ ਕਰ ਰਿਹਾ ਸੀ, ਜਦੋਂ ਗਸ਼ਤ ਕਰਨ ਨਿੱਕਲਿਆ ਤਾਂ ਇਹਨਾਂ ਨੇ ਸੜਕ ਦੇ ਕਿਨਾਰੇ ਖੜ੍ਹੇ ਇੱਕ ਮੁਲਾਂ ਨੂੰ ਫੜ੍ਹ ਲਿਆ ਅਤੇ ਉਹਨੂੰ ਇੱਕ ਡੂੰਘੇ ਖੱਡੇ 'ਚ ਲਿਜਾ ਕੇ ਗੋਡਿਆਂ ਭਾਰ ਕੋਡੇ ਹੋਣ ਲਈ ਕਿਹਾ। ਕੈਲਵਿਨ ਗਿਬਜ਼ ਨੇ ਉਸਨੂੰ ਗੋਲੀ ਮਾਰਨ ਦਾ ਹੁਕਮ ਦਿੰਦਿਆਂ ਖੁਦ ਉਸ 'ਤੇ ਗਰਨੇਡ ਸੁੱਟ ਦਿੱਤਾ। ਬਾਅਦ ਵਿੱਚ ਗਿਬਜ਼ ਨੇ ਜਿੱਤ ਦੀ ਟਰਾਫੀ ਵਜੋਂ ਸਾਂਭਣ ਲਈ ਉਸਦੀ ਲਾਸ਼ ਦੀਆਂ ਦੋਹੇਂ ਚੀਚੀ ਉਂਗਲਾਂ ਵੱਢ ਲਈਆਂ ਅਤੇ ਇੱਕ ਦੰਦ ਭੰਨ ਲਿਆ। ਬਾਅਦ 'ਚ ਗਸ਼ਤੀ ਟੀਮ ਨੇ ਕਹਾਣੀ ਇਹ ਘੜੀ ਕਿ ਮੁੱਲਾਂ ਨੇ ਉਹਨਾਂ 'ਤੇ ਗਰਨੇਡ ਸੁੱਟਣ ਦੀ ਧਮਕੀ ਦਿੱਤੀ ਅਤੇ ਉਹਨਾਂ ਕੋਲੇ ਉਸਨੂੰ ਮਾਰਨ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਸੀ।
  • 10 ਫਰਵਰੀ 2012 ਨੂੰ ਨਾਟੋ ਫੌਜਾਂ ਨੇ ਅਫਗਾਨਿਸਤਾਨ ਦੇ ਪੂਰਬੀ ਇਲਾਕੇ ਕਪੀਸਾ ਦੇ ਜ਼ਿਆਬਾ ਪਿੰਡ 'ਚ ਹਵਾਈ ਹਮਲਾ ਕਰਕੇ 8 ਆਜੜੀਆਂ ਨੂੰ ਮਾਰ ਸੁੱਟਿਆ ਜਿਹਨਾਂ 'ਚ ਸੱਤ ਬੱਚੇ 14 ਤੋਂ 18 ਸਾਲ ਤੱਕ ਦੀ ਉਮਰ ਦੇ ਸਨ ਅਤੇ ਇੱਕ ਨੌਜੁਆਨ ਸੀ। ਬਾਅਦ ਵਿੱਚ ਇਸ ਘਟਨਾ ਦਾ ਸਪੱਸ਼ਟੀਕਰਨ ਇਹ ਦਿੱਤਾ ਗਿਆ ਕਿ ਮੁਖ਼ਬਰ ਵਲੋਂ ਝੂਠੀ ਇਤਲਾਹ ਦੇਣ ਕਾਰਣ ਇਹ ਘਟਨਾ ਵਾਪਰ ਗਈ।
  • ਪਿਛਲੇ ਮਹੀਨੇ (ਫਰਵਰੀ 2012) 'ਚ ਅਮਰੀਕੀ ਫੌਜੀਆਂ ਨੇ ਇੱਕ ਫੌਜੀ ਅੱਡੇ 'ਤੇ ਪਵਿੱਤਰ ਕੁਰਾਨ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ਦੇ ਰੋਸ ਵਜੋਂ ਸਾਰੇ ਮੁਲਕ 'ਚ ਲੋਕੀਂ ਸੜਕਾਂ 'ਤੇ ਉੱਤਰ ਆਏ ਅਤੇ ਭਾਰੀ ਰੋਸ ਮੁਜਾਹਰੇ ਕੀਤੇ। ਇਹਨਾਂ ਰੋਸ ਮੁਜਾਹਰਿਆਂ ਨੂੰ ਕੁਚਲਣ ਲਈ ਕੀਤੀ ਕਾਰਵਾਈ 'ਚ ਹੁਣ ਤੱਕ 41 ਲੋਕ ਮਾਰੇ ਜਾ ਚੁੱਕੇ ਹਨ।
  • ਥੋੜਾ ਸਮਾਂ ਪਹਿਲਾਂ ਅਮਰੀਕੀ ਫੌਜੀਆਂ ਵਲੋਂ ਕੁੱਝ ਅਫਗਾਨੀਆਂ ਨੂੰ ਮਾਰ ਕੇ ਉਹਨਾਂ ਦੀਆਂ ਲਾਸ਼ਾਂ 'ਤੇ ਪਿਸ਼ਾਬ ਦੀਆਂ ਧਾਰਾਂ ਮਾਰਨ ਦੀ ਵੀਡੀਓ ਸਾਰੀ ਦੁਨੀਆਂ ਦੇ ਲੋਕਾਂ ਨੇ ਵੇਖੀ। ਅਜਿਹਾ ਸ਼ਰਮਨਾਕ ਕਾਰਾ ਵਹਿਸ਼ੀ ਲੋਕ ਹੀ ਕਰ ਸਕਦੇ ਹਨ।
  • ਪਿਛਲੇ ਦਿਨੀਂ ਹੀ ਇੱਕ ਅਮਰੀਕੀ ਫੌਜੀ ਸਾਰੇ ਅਸ਼ਤਰਾਂ-ਸ਼ਸਤਰਾਂ ਨਾਲ ਲੈਸ ਹੋਕੇ ਆਵਦੇ ਅੱਡੇ ਦੇ ਨੇੜੇ ਰੰਹਿਦੇ ਲੋਕਾਂ ਦੇ ਘਰਾਂ 'ਚ ਜਾ ਵੜਿਆ ਅਤੇ ਅੰਨੇਵਾਹ ਗੋਲੀਆਂ ਚਲਾ ਕੇ ਸੁੱਤੇ ਪਏ 16 ਲੋਕਾਂ ਨੂੰ ਗੋਲੀਆਂ ਨਾਲ ਵਿੰਨ੍ਹ ਸੁੱਟਿਆ। ਬਾਅਦ 'ਚ ਉਸਨੇ ਉਹਨਾਂ ਦੀਆਂ ਲਾਸ਼ਾਂ ਨੂੰ ਇੱਕਠਿਆਂ ਕਰਕੇ ਅੱਗ ਲਗਾ ਦਿੱਤੀ।
ਅਜਿਹੇ ਵਹਿਸ਼ੀ ਦਰਿੰਦਿਆਂ ਨੂੰ ਭਾਰਤ 'ਚ ਵਾੜ ਕੇ ਸਾਡੇ ਹਾਕਮ ਅੱਤ ਦੀ ਗੰਦੀ ਘਿਨਾਉਣੀ ਖੇਡ ਸ਼ੁਰੂ ਕਰ ਰਹੇ ਹਨ ਜਿਸਦਾ ਡੱਟਵਾਂ ਵਿਰੋਧ ਕੀਤਾ ਜਾਣਾ ਚਾਹੀਦਾ ਹੈ।

No comments:

Post a Comment