StatCounter

Tuesday, June 5, 2012

ਲੋਕ ਮੋਰਚਾ ਪੰਜਾਬ ਵੱਲੋਂ NCTC ਅਤੇ ਨਵੀਂ ਜਲ ਨੀਤੀ ਖਿਲਾਫ਼, ਇਨਕਲਾਬੀ ਜਨਤਕ ਲਹਿਰ ਉਸਾਰਨ ਦਾ ਸੱਦਾ


ਐਨ. ਸੀ. ਟੀ. ਸੀ ਅਤੇ ਨਵੀਂ ਜਲ ਨੀਤੀ ਖਿਲਾਫ਼
ਲੋਕ ਮੋਰਚਾ ਪੰਜਾਬ ਵੱਲੋਂ ਸੂਬਾਈ ਇਕੱਤਰਤਾ
*
ਇਨਕਲਾਬੀ ਜਨਤਕ ਲਹਿਰ ਉਸਾਰਨ ਦਾ ਸੱਦਾ * ਭਖ਼ਦੇ ਮੁੱਦਿਆਂ'ਤੇ ਕਈ ਮਤੇ ਕੀਤੇ ਪਾਸ
Sh. Gurdial Singh Bhangal, President Lok Morcha Punjab speaking on New Water Policy-2012 (Draft)


Delegates assembled at the Extended State Committee Meeting of Lok Morcha Punjab

Delegates supporting various resolutions.
N.K.Jeet Ex-President of Lok Morcha Punjab, addressing the delegates.
Master Jagmel Singh, new General Secretary of Lok Morcha Punjab, speaking on NCTC
Sh. Amolak Singh, outgoing General Secretary of Lok Morcha Punjab, addressing the delegates.
ਮੋਗਾ; 3 ਜੂਨ - ਲੋਕ ਮੋਰਚਾ ਪੰਜਾਬ ਦੀ ਅੱਜ ਸਥਾਨਕ ਸੁਤੰਤਰਤਾ ਸੈਨਾਨੀ ਭਵਨ (ਨੇੜੇ ਜੋਗਿੰਦਰ ਸਿੰਘ ਚੌਕ) ਵਿਖੇ ਹੋਈ ਸੂਬਾਈ ਵਿਸ਼ੇਸ਼ ਇਕੱਤਰਤਾ 'ਚ ਨਵੀਂ ਘੜੀ ਜਲ ਨੀਤੀ -2012 ਅਤੇ ਐਨ. ਸੀ. ਟੀ. ਸੀ. ਵਿਰੁੱਧ ਗੰਭੀਰ ਵਿਚਾਰਾਂ ਉਪਰੰਤ ਇਹ ਨਤੀਜਾ ਕੱਢਿਆ ਗਿਆ ਕਿ ਬਦੇਸੀ ਸਾਮਰਾਜੀ ਅਤੇ ਉਨ੍ਹਾਂ ਦੀ ਸੇਵਾ 'ਚ ਲੱਗੀਆਂ ਦੇਸੀ ਅਜਾਰੇਦਾਰ ਕੰਪਨੀਆਂ ਵੱਲੋਂ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਦੀਆਂ ਨੀਤੀਆਂ ਹਨ।
ਲੋਕ ਮੋਰਚੇ ਦੀ ਵਿਸ਼ੇਸ਼ ਇਕੱਤਰਤਾ ਦਾ ਆਗਾਜ਼ ਸ਼ਰੋਮਣੀ ਨਾਟਕਕਾਰ ਸ਼੍ਰੀ ਗੁਰਸ਼ਰਨ ਸਿੰਘ, ਪੱਛਮੀ ਬੰਗਾਲ ਦੇ ਉੱਘੇ ਰੰਗ ਕਰਮੀ ਬਾਦਲ ਸਰਕਾਰ ਦੇ ਅਸਿਹ ਵਿਛੋੜੇ 'ਤੇ ਸੰਗਰਾਮੀ ਸ਼ਰਧਾਂਜਲੀ ਭੇਟ ਕਰਨ ਨਾਲ ਹੋਇਆ। ਸਮੂਹ ਹਾਜ਼ਰੀਨ ਨੇ ਖੜ੍ਹੇ ਹੋਕੇ ਇਨ੍ਹਾਂ ਰੰਗ ਕਰਮੀਆਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਲੋਕ-ਸੰਗਰਾਮ ਮਜ਼ਬੂਤ ਕਰਨ ਦਾ ਅਹਿਦ ਲਿਆ।

ਇਕੱਤਰਤਾ 'ਚ ਮੰਚ ਸੰਚਾਲਨ ਕਰਦੇ ਹੋਏ ਲੋਕ ਮੋਰਚੇ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਸਮੇਂ ਸਲਾਹਕਾਰ ਸ੍ਰੀ ਐਨ. ਕੇ. ਜੀਤ ਐਡਵੋਕੇਟ ਨੇ ਉਪਰੋਕਤ ਦੋਵੇਂ ਮੁੱਦਿਆਂ 'ਤੇ ਵਿਚਾਰ- ਚਰਚਾ ਲਈ ਸੱਦਾ ਦੇਣ ਤੋਂ ਪਹਿਲਾਂ ਜਾਣਕਾਰੀ ਦਿੱਤੀ ਕਿ ਪੰਜਾਬ ਲੋਕ ਸਭਿਆਚਾਕ ਮੰਚ ਦੇ ਸੂਬਾਈ ਅਜਲਾਸ 'ਚ ਸਰਵਸੰਮਤੀ ਨਾਲ ਅਮੋਲਕ ਸਿੰਘ ਨੂੰ ਪ੍ਰਧਾਨ ਚੁਣੇ ਜਾਣ ਉਪਰੰਤ ਉਨ੍ਹਾਂ ਵੱਲੋਂ ਲੋਕ ਮੋਰਚਾ ਪੰਜਾਬ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਸੇਵਾ ਮੁਕਤੀ ਦੀ ਕੀਤੀ ਅਪੀਲ ਪ੍ਰਵਾਨ ਕਰਦਿਆਂ ਸੂਬਾ ਕਮੇਟੀ ਨੇ ਜਗਮੇਲ ਸਿੰਘ ਨੂੰ ਸਰਵਸੰਮਤੀ ਨਾਲ ਜਨਰਲ ਸਕੱਤਰ ਚੁਣ ਲਿਆ ਜਦੋਂ ਕਿ ਹਾਲ ਦੀ ਘੜੀ ਅਮੋਲਕ ਸਿੰਘ ਸੂਬਾ ਕਮੇਟੀ ਮੈਂਬਰ ਬਣੇ ਰਹਿਣਗੇ।

ਅਮੋਲਕ ਸਿੰਘ ਨੇ ਪਲਸ ਮੰਚ ਅਤੇ ਬਦਲਵੀਂ ਲੋਕ-ਪੱਖੀ ਇਨਕਲਾਬੀ ਸਭਿਆਚਾਰਕ ਲਹਿਰ ਦੀ ਜਨ ਆਧਾਰ ਵਾਲੀ ਤਾਕਤ ਉਸਾਰਨ ਲਈ ਪੰਜਾਬ ਦੀਆਂ ਲੋਕ-ਹਿਤੈਸ਼ੀ ਸ਼ਕਤੀਆਂ ਤੋਂ ਸਾਥ ਮੰਗਿਆ ਉੱਥੇ ਇਹ ਭਰੋਸਾ ਵੀ ਦਿੱਤਾ ਕਿ ਪਲਸ ਮੰਚ ਲੋਕਾਂ ਨਾਲ ਮੱਛੀ ਅਤੇ ਪਾਣੀ ਦਾ ਰਿਸ਼ਤਾ ਬਣਾਕੇ ਚੱਲੇਗਾ।

ਨਵੇਂ ਚੁਣੇ ਜਨਰਲ ਸਕੱਤਰ ਜਗਮੇਲ ਨੇ ਕਿਹਾ ਕਿ ਲੋਕ ਮੋਰਚਾ ਆਪਣੀ ਬੁਨਿਆਦ ਤੇ ਡਟਕੇ ਅੱਗੇ ਵਧਦਿਆਂ, ਰਾਜ ਅਤੇ ਸਮਾਜ ਬਦਲਕੇ, ਗ਼ਦਰੀਆਂ ਅਤੇ ਭਗਤ ਸਿੰਘ ਵਰਗੇ ਸੰਗਰਾਮੀਆਂ ਦੀ ਸੋਚ ਵਾਲਾ ਸਮਾਜ ਸਿਰਜਣ ਲਈ ਅੱਗੇ ਵਧਦਿਆਂ, ਝੰਡਾ ਬੁਲੰਦ ਰੱਖੇਗਾ।

ਇਕੱਤਰਤਾ 'ਚ ਚਰਚਾ ਅਧੀਨ ਆਏ ਪਹਿਲੇ ਮੁੱਦੇ ਐਨ. ਸੀ. ਟੀ. ਸੀ. ਕਾਨੂੰਨ, ਇਸਦੇ ਪ੍ਰਭਾਵ ਅਤੇ ਲੋਕ ਹਿੱਤਾਂ ਲਈ ਇਸਨੂੰ ਰੱਦ ਕਰਉਣ ਲਈ ਕੀ ਕਰਨਾ ਲੋੜੀਏ? ਵਿਸ਼ੇ ਉਪਰ ਬੋਲਦੇ ਹੋਏ ਮੌਜੂਦਾ ਜਨਰਲ ਸਕੱਤਰ ਜਗਮੇਲ ਨੇ ਕਿਹਾ ਕਿ 'ਐਨ. ਸੀ. ਟੀ. ਸੀ.' ਇਸ ਕਰਕੇ ਘੜਿਆ ਅਤੇ ਤਿੱਖਾ ਕੀਤਾ ਜਾ ਰਿ‏ਹਾ ਹੈ ਕਿਉਂਕਿ ਵਿਸ਼ੇਸ਼ ਕਰਕੇ ਅਮਰੀਕੀ ਸਾਮਰਾਜ ਇਹ ਸਮਝਦਾ ‏ਹੈ ਕਿ ਜਿਹੜਾ ਉਸਦੇ ਆਰਥਕ ਹਿੱਤਾਂ ਦੀ ਪੂਰਤੀ ਕਰਦੇ ਦਿਸ਼ਾ ਨਿਰਦੇਸ਼ ਲਾਗੂ ਨਹੀਂ ਕਰਦਾ ਜਾਂ ਉਨ੍ਹਾਂ ਵਿਰੁੱਧ ਜਨਤਕ ਆਵਾਜ਼ ਖੜ੍ਹੀ ਕਰਦਾ ‏ਹੈ ਉਹ 'ਦਹਿਸ਼ਤਗਰਦ' ਹੈ। ਅਜੇਹੇ ਲੋਕਾਂ ਉਪਰ ਚੌਤਰਫ਼ਾ ਸਿਕੰਜਾ ਕਸਣ ਲਈ ਐਨ. ਸੀ. ਟੀ. ਸੀ. ਵਰਗੇ ਕਾਲੇ ਕਾਨੂੰਨਾ ਦਾ ਸਿਕੰਜਾ ਕਸਿਆ ਜਾ ਰਿਹਾ ਹੈ ਤਾਂ ਜੋ ਲੋਕ-ਵਿਦਰੋਹ ਦੀ ਸੰਘੀ ਨੱਪੀ ਜਾ ਸਕੇ। ਉਨ੍ਹਾਂ ਕਿਹਾ ਭਾਰਤ ਅੰਦਰ ਸਾਮਰਾਜੀ ਹੁਕਮਾਂ ਉਪਰ ਭਾਰਤੀ ਹਾਕਮਾਂ ਵੱਲੋਂ ਫੁੱਲ ਚੜ੍ਹਾਏ ਜਾਣ ਦੀਆਂ ਨੀਤੀਆਂ ਸਾਡੇ ਜੰਗਲ, ਜਲ, ਜ਼ਮੀਨ, ਕੁਦਰਤੀ ਸਰੋਤ ਤਾਂ ਝਪਟ ਹੀ ਰਹੀਆਂ ਹਨ, ਤੇਲ ਕੀਮਤਾਂ, ਗਰੀਬੀ, ਬੇਰੁਜ਼ਗਾਰੀ ਅਤੇ ਜ਼ਬਰ-ਜੁਲਮ 'ਚ ਵੀ ਵਾਧਾ ਕਰ ਰਹੇ ਹਨ। ਉਨ੍ਹਾਂ ਪੰਜਾਬ ਦੀਆਂ ਇਨਕਲਾਬੀ ਸ਼ਕਤੀਆਂ ਅਤੇ ਲੋਕਾਂ ਨੂੰ ਐਨ. ਸੀ. ਟੀ. ਸੀ. ਦੇ ਭਵਿੱਖ 'ਚ ਫਾਸ਼ੀ ਹੱਲੇ ਦੇ ਮਾਰੂ ਨਤੀਜਿਆਂ ਨੂੰ ਅਗਾਊਂ ਭਾਪਦਿਆਂ ਹੁਣ ਤੋਂ ਹੀ ਵਿਸ਼ਾਲ ਜਨਤਕ ਵਿਰੋਧ ਲਹਿਰ ਉਸਾਰਨ ਲਈ ਢੁਕਵੀਆਂ ਸ਼ਕਲਾਂ ਅਪਨਾਉਣ ਦਾ ਸੱਦਾ ਦਿੱਤਾ।

ਨਵੀਂ ਜਲ-ਨੀਤੀ ਉਪਰ ਵਿਸਥਾਰੀ ਭਾਸ਼ਣ 'ਚ ਲੋਕ ਮੋਰਚਾ ਪੰਜਾਬ ਦੇ ਪ੍ਰਧਾਨ ਗੁਰਦਿਆਲ ਭੰਗਲ ਨੇ ਸਰਕਾਰ ਵੱਲੋਂ ਜਾਰੀ ਕੀਤੇ ਨਵੇਂ ਪਾਣੀ ਨੀਤੀ ਦੇ ਖਰੜੇ ਦੀ ਤਿੱਖੀ ਅਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇਸ ਨੀਤੀ ਰਾਹੀਂ ਸਰਕਾਰ ਪਾਣੀ ਨੂੰ ਵਪਾਰਕ ਵਸਤੂ ਬਣਾ ਰਹੀ ਹੈ। ਸਰਕਾਰ ਪਾਣੀ ਨੂੰ ਵੀ ਨਿਜੀ ਕੰਪਨੀਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ ਤਾਂ ਜੋ ਉਹ ਇਨ੍ਹਾਂ ਤੋਂ ਅੰਨ੍ਹੇ ਮੁਨਾਫ਼ੇ ਕਮਾਏ ਜਾ ਸਕਣ। ਉਨ੍ਹਾਂ ਕਿਹਾ ਨਵੀਂ ਜਲ ਨੀਤੀ, ਇਸ ਗੱਲ ਨੂੰ ਮੁੱਢੋਂ ਨਜ਼ਰ-ਅੰਦਾਜ਼ ਕਰਦੀ ‏ਹੈ ਕਿ ਪਾਣੀਲੋਕਾਂ ਦੀ ਬੁਨਿਆਦੀ ਲੋੜ ਹੈ, ਇਸਤੋਂ ਬਿਨਾਂ ਜ਼ਿੰਦਗੀ ਸੰਭਵ ਨਹੀਂ। ਇਸ ਲਈ ਇਸਨੂੰ ਵਪਾਰਕ ਵਸਤੂ ਬਣਾਉਣ ਦਾ ਮਤਲਬ ‏ਹੈ, ਕਰੋੜਾਂ ਲੋਕਾਂ ਤੋਂ ਜਿਉਣ ਦਾ ਹੱਕ, ਉਪਜੀਵਕਾ ਕਮਾਉਣ ਦਾ ਹੱਕ ਖੋਹਣਾ। ਕਿਸਾਨਾ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਹੋਰ ਦੁੱਭਰ ਬਣਾਉਂਣਾ। ਉਨ੍ਹਾਂ ਨੇ ਲੋਕ ਮੋਰਚੇ ਦੇ ਕਾਰਕੁਨਾ ਨੂੰ ਨਵੀਂ ਜਲ ਨੀਤੀ ਦੇ ਪੈਣ ਵਾਲੇ ਮਾਰੂ ਪ੍ਰਭਾਵਾਂ ਬਾਰੇ ਚੇਤਨ ਹੋ ਕੇ ਸੰਗਰਾਮੀ ਲੋਕ ਘੋਲ ਉਸਾਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ।
ਸਮਾਗਮ ਦੇ ਸਿਖਰ ਤੇ ਵਿਸ਼ੇਸ਼ ਐਲਾਨ ਕੀਤਾ ਗਿਆ ਕਿ ਐਨ. ਸੀ. ਟੀ. ਸੀ. ਅਤੇ ਨਵੀਂ ਜਲ ਨੀਤੀ ਖਿਲਾਫ਼ ਜਨ-ਜਾਗਰਤੀ ਪੈਦਾ ਕਰਨ ਦੀ ਮੁਹਿੰਮ ਚਲਾਉਂਦੇ ਹੋਏ ਜੁਲਾਈ ਦੇ ਤੀਜੇ ਹਫ਼ਤੇ ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਸੂਬਾਈ ਕਨਵੈਨਸ਼ਨ ਕਰਨਗੇ।
  • ਪੈਟਰੋਲ ਦੀਆਂ ਕੀਮਤਾਂ ਖਿਲਾਫ਼ ਜਨਤਕ ਮੁਹਿੰਮ ਜਾਰੀ ਰੱਖਣ ਦਾ ਮਤਾ ਪਾਸ ਕੀਤਾ ਗਿਆ।
     
  • ਅਮਰੀਕੀ ਸਾਮਰਾਜੀਆਂ ਵੱਲੋਂ ਇਰਾਨ ਤੇ ਮੜ੍ਹੀਆਂ ਆਰਥਕ ਪਾਬੰਦੀਆਂ ਅਤੇ ਉਸ ਉਪਰ ਫੌਜੀ ਹੱਲਾ ਬੋਲਣ ਦੀਆਂ ਖਿੱਚੀਆਂ ਜਾ ਰਹੀਆਂ ਤਿਆਰੀਆਂ ਵਿਰੁੱਧ ਆਵਾਜ਼ ਉਠਾਉਣ ਦਾ ਸੱਦਾ ਦਿੱਤਾ ਗਿਆ।
  • ਲੋਕ-ਹੱਕਾਂ ਲਈ ਆਵਾਜ਼ ਉਠਾਉਂਦੇ ਜਤਿਨ ਮਰਾਂਡੀ, ਵਕੀਲਾਂ, ਲੋਕ-ਆਗੂਆਂ ਖਿਲਾਫ਼ ਹੱਲੇ ਬੋਲਣ ਦਾ ਵਿਰੋਧ ਕਰਨਾ।
  • ਆਦਿਵਾਸੀ ਅਧਿਆਪਕਾ ਮਹਿਲਾ ਸੋਨੀ ਸੋਰੀ ਉਪਰ ਜਬਰ ਢਾਹੁਣ ਵਾਲਿਆਂ 'ਤੇ ਕਾਰਵਾਈ ਕਰਨ, ਉਸਨੂੰ ਬਿਨਾਂ ਸ਼ਰਤ ਰਿਹਾ ਕਰਾਉਣ ਲਈ ਆਵਾਜ਼ ਉਠਾਉਂਣਾ।
  • ਸਕੂਲਾਂ ਦੇ ਨਾਂਅ ਮੋਟਾ ਧਨ ਸਰਕਾਰ ਦੀ ਝੋਲੀ ਪਾ ਕੇ ਆਪਣੇ 'ਪੁਰਖਿਆਂ' ਦੀ ਯਾਦ 'ਚ ਨਾਂਅ ਰਖਾਉਣ ਦੀ ਨੀਤੀ ਦੀ ਆਲੋਚਨਾ ਕਰਦਾ ਵੀ ਮਤਾ ਪਾਸ ਕੀਤਾ ਗਿਆ।
  • ਪੰਜਾਬ ਲੋਕ ਸਭਿਆਚਾਰਕ ਮੰਚ ਵੱਲੋਂ ਲੋਕ ਵਿਰੋਧੀ ਗਾਇਕੀ ਖਿਲਾਫ਼ ਵਿੱਢੀ ਮੁਹਿੰਮ ਅਤੇ ਬਦਲਵਾਂ ਸਭਿਆਚਾਰ ਉਸਾਰਨ ਦੇ ਯਤਨਾ ਦੀ ਹਮਾਇਤ ਦਾ ਵੀ ਮਤਾ ਪਾਸ ਕੀਤਾ ਗਿਆ।

    ਜਾਰੀ ਕਰਤਾ
    ਜਗਮੇਲ ਸਿੰਘ, ਜਨਰਲ ਸਕੱਤਰ
    ਸੰਪਰਕ 94172-24822

No comments:

Post a Comment