StatCounter

Friday, June 29, 2012

ਸੀਮਾ ਅਜ਼ਾਦ ਤੇ ਵਿਸ਼ਵ ਵਿਜੇ ਨੂੰ ਉਮਰ ਕੈਦ
ਦੇਸ ਭਗਤਾਂ ਨੂੰ 'ਦੇਸ ਧ੍ਰੋਹੀ' ਦੱਸ ਕੇ ਜੇਲ੍ਹੀਂ ਡੱਕਿਆ

ਭਾਰਤੀ ਜਮਹੂਰੀਅਤ ਦਾ ਖੂੰਖਾਰ ਚਿਹਰਾ ਇੱਕ ਵਾਰ ਫੇਰ ਬੇਪਰਦ ਹੋ ਗਿਆ ਹੈ। ਜਮਹੂਰੀ ਹੱਕਾਂ ਦੀ ਸਰਗਰਮ ਕਾਰਕੁੰਨ ਅਤੇ ਲੋਕ ਪੱਖੀ ਪੱਤਰਕਾਰ ਸੀਮਾ ਅਜ਼ਾਦ ਅਤੇ ਸਾਬਕਾ ਵਿਦਿਆਰਥੀ ਆਗੂ ਵਿਸ਼ਵ ਵਿਜੇ ਨੂੰ ਅਲਾਹਾਬਾਦ ਦੇ ਵਧੀਕ ਸੈਸ਼ਨ ਜੱਜ ਸੁਨੀਲ ਕੁਮਾਰ ਸਿੰਘ ਨੇ ਦੇਸ-ਧ੍ਰੋਹ ਦੇ ਦੋਸ਼ ਤਹਿਤ ਬਾਮੁਸ਼ੱਕਤ ਉਮਰ ਕੈਦ ਅਤੇ 20-20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਗੈਰ-ਕਨੂੰਨੀ ਸਰਗਰਮੀਆਂ ਰੋਕੂ ਕਨੂੰਨ ਦੀ ਧਾਰਾ 13 ਤਹਿਤ 5-5 ਸਾਲ, ਧਾਰਾ 18, 20, 38 ਅਤੇ 39 ਤਹਿਤ 10,10 ਸਾਲ ਦੀ ਬਾਮੁਸ਼ਕੱਤ ਕੈਦ ਤੇ ਜੁਰਮਾਨਾ ਕੀਤਾ ਗਿਆ ਹੈ।

ਸੀਮਾ ਅਜ਼ਾਦ ਸ਼ਹਿਰੀ ਅਜ਼ਾਦੀਆਂ ਦੀ ਰਾਖੀ ਲਈ ਬਣੀ ਜੱਥੇਬੰਦੀ ਪੀ.ਯੂ.ਸੀ.ਐਲ (PUCL) ਦੀ ਉੱਤਰ ਪ੍ਰਦੇਸ਼ ਇਕਾਈ ਦੀ ਸਕੱਤਰ ਹੈ। ਡਾ. ਬਿਨਾਇਕ ਸੇਨ - ਜਿਸਨੂੰ ਛੱਤੀਸਗੜ੍ਹ ਦੀ ਅਦਾਲਤ ਨੇ 'ਦੇਸ ਧ੍ਰੋਹ' ਦੇ ਦੋਸ਼ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਵੀ ਪੀ.ਯੂ.ਸੀ.ਐਲ ਦਾ ਆਗੂ ਹੈ। 6 ਫਰਵਰੀ 2010 ਨੂੰ ਸੀਮਾ ਅਜ਼ਾਦ ਅਤੇ ਉਸਦੇ ਪਤੀ ਵਿਸ਼ਵ ਵਿਜੇ ਨੂੰ ਪੁਲਸ ਨੇ ਅਲਾਹਾਬਾਦ ਦੇ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ ਸੀ। ਉਹਨਾਂ 'ਤੇ ਮਾਓਵਾਦੀ ਸਾਹਿਤ ਰੱਖਣ ਅਤੇ ਇਸ ਤਰ੍ਹਾਂ ਦੇਸ ਧ੍ਰੋਹ, ਮੁਲਕ ਖਿਲਾਫ ਸਾਜਿਸ਼ ਰਚਣ ਅਤੇ ਗੈਰ ਕਨੂੰਨੀ ਸਰਗਰਮੀਆਂ 'ਚ ਰੁੱਝੇ ਹੋਣ ਦੇ ਸੰਗੀਨ ਦੋਸ਼ ਲਗਾਏ ਗਏ ਸਨ।

ਸੀਮਾ ਅਜ਼ਾਦ ਦਾ ਲੋਕਾਂ ਸੰਗ ਖੜ੍ਹਨਾ - 'ਦੇਸ ਧ੍ਰੋਹ'

   
Seema Azad and Vishwajeet Azad
ਮਨੁੱਖੀ ਅਧਿਕਾਰਾਂ ਦੀ ਸਰਗਰਮ ਕਾਰਕੁੰਨ ਅਤੇ ਲੋਕ ਪੱਖੀ ਪੱਤਰਕਾਰ ਹੋਣ ਦੇ ਨਾਤੇ ਸੀਮਾ ਅਜ਼ਾਦ ਨੇ ਸਰਕਾਰ ਦੀਆਂ ਸਾਮਰਾਜ ਪੱਖੀ ਅਤੇ ਲੋਕ ਧ੍ਰੋਹੀ ਆਰਥਕ ਨੀਤੀਆਂ ਦੀ ਪੋਲ ਖੋਲ੍ਹੀ। ਉਹਨੇ ਭਾਰਤੀ ਹਾਕਮਾਂ ਦੀਆਂ ਨਵ-ਉਦਾਰਵਾਦੀ ਆਰਥਕ ਨੀਤੀਆਂ - ਉਦਾਰੀਕਰਨ, ਸੰਸਾਰੀਕਰਨ ਅਤੇ ਨਿੱਜੀਕਰਨ; ਅਤੇ ਜਬਰ ਦੇ ਨਿੱਤ ਤਿੱਖੇ ਕੀਤੇ ਜਾ ਰਹੇ ਸੰਦਾਂ - ਫੌਜ, ਪੁਲਸ, ਨੀਮ ਫੌਜੀ ਬਲ, ਜੇਲ੍ਹਾਂ, ਠਾਣੇ ਅਤੇ ਜਾਬਰ ਕਾਲੇ ਕਨੂੰਨਾਂ ਦੇ ਜਬਾੜਿਆਂ 'ਚ ਦਰੜੇ ਜਾ ਰਹੇ ਲੋਕਾਂ ਦੀ ਵਿਥਿਆ ਬਿਆਨ ਕਰਨ ਅਤੇ ਉਹਨਾਂ ਦੇ ਲੁੱਟ ਜਬਰ ਤੋਂ ਮੁਕਤੀ ਦੇ ਸੰਘਰਸ਼ਾਂ 'ਚ ਮੋਢੇ ਨਾਲ ਮੋਢਾ ਜੋੜਨ ਦਾ ਰਾਹ ਚੁਣਿਆ।


Binayak Sen
 
ਉਹਨੇ ਵਿਸ਼ੇਸ਼ ਆਰਥਕ ਖੇਤਰਾਂ, ਬਹੁ-ਮਾਰਗੀ ਸੜਕਾਂ - ਖਾਸ ਤੌਰ 'ਤੇ ਗੰਗਾ ਐਕਸਪ੍ਰੈਸ ਵੇਅ ਯੋਜਨਾ ਨਾਲ ਕਿਸਾਨਾਂ ਦੇ ਹੋਣ ਵਾਲੇ ਉਜਾੜੇ ਨੂੰ ਤੱਥਾਂ ਸਹਿਤ ਉਜਾਗਰ ਕੀਤਾ। ਪੁਲਸ ਅਤੇ ਬਾਹੂ-ਬਲੀਆਂ ਦੇ ਗੱਠਜੋੜ ਵਲੋਂ ਅਲਾਹਾਬਾਦ ਅਤੇ ਕੌਸ਼ੰਭੀ ਜਿਲਿਆਂ 'ਚ ਰੇਤ ਦੀ ਖੁਦਾਈ 'ਚ ਲੱਗੇ ਮਜ਼ਦੂਰਾਂ ਦੀ ਅੰਨੀ ਲੁੱਟ, ਪੁਲਸ ਜਬਰ ਅਤੇ ਉਹਨਾਂ ਦੇ ਜਮਹੂਰੀ ਹੱਕਾਂ ਦੇ ਘਾਣ ਦੇ ਦਰਦਨਾਕ ਵੇਰਵੇ ਲੋਕਾਂ ਦੀ ਕਚਹਿਰੀ 'ਚ ਉਜਾਗਰ ਕੀਤੇ। (ਉੱਥੋਂ ਦੇ ਇੱਕ ਡੀ.ਆਈ.ਜੀ ਨੇ ਮਜ਼ਦੂਰਾਂ ਦੇ ਆਪਸੀ ਬੋਲ-ਚਾਲ 'ਚ 'ਲਾਲ ਸਲਾਮ' ਸੰਬੋਧਨ 'ਤੇ ਪਾਬੰਦੀ ਲਗਾ ਦਿੱਤੀ ਸੀ।) ਸੀਮਾ ਅਜ਼ਾਦ ਪੁਲਸ ਅਤੇ ਐਸ.ਟੀ.ਐਫ ਵਲੋਂ ਆਜ਼ਮਗੜ੍ਹ ਜਿਲੇ 'ਚ ਲੋਕਾਂ 'ਚ ਦਹਿਸ਼ਤ ਪਾਉਣ ਲਈ ਮੁਸਲਿਮ ਨੌਜਵਾਨਾਂ ਦੀਆਂ ਅੰਨ੍ਹੇਵਾਹ ਗ੍ਰਿਫਤਾਰੀਆਂ ਦੇ ਖਿਲਾਫ ਜੁਟੀ, ਪੁਲਸ ਦੀ ਧੱਕੇਸ਼ਾਹੀ ਖਿਲਾਫ ਲੋਕਾਂ ਨੂੰ ਲਾਮਬੰਦ ਕੀਤਾ। ਉਸਨੇ ਮੁਸਾਹਿਰ ਲੋਕਾਂ ਦੀ ਦੁਖਦਾਈ ਜਿੰਦਗੀ ਅਤੇ ਸਰਕਾਰ ਵਲੋਂ ਉਹਨਾਂ ਦੀ ਮੁਕੰਮਲ ਅਣਦੇਖੀ ਵੱਲ ਲੋਕਾਂ ਦਾ ਧਿਆਨ ਖਿੱਚਿਆ। ਮਹਾਂਮਾਰੀ ਵਾਂਗ ਫੈਲੇ ਦਿਮਾਗੀ ਬੁਖਾਰ ਅਤੇ ਹੋਰ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਮਰ ਰਹੇ ਹਜ਼ਾਰਾਂ ਗਰੀਬ ਲੋਕਾਂ ਖਾਸ ਤੌਰ ਤੇ ਬੱਚਿਆਂ ਦੀਆਂ ਮੌਤਾਂ ਲਈ ਸਰਕਾਰ ਅਤੇ ਸਿਹਤ ਅਧਿਕਾਰੀਆਂ ਦੇ ਕੁਕਰਮਾਂ 'ਤੇ ਉਂਗਲ ਧਰੀ। ਉਸਨੇ ਆਪਣੀਆਂ ਸਰਗਰਮੀਆਂ ਰਾਹੀਂ ਲੋਕਾਂ 'ਚ ਜਮਹੂਰੀ ਚੇਤਨਾ ਪੈਦਾ ਕੀਤੀ। ਸਰਕਾਰ ਦੀਆਂ ਨਜ਼ਰਾਂ 'ਚ ਇਹ ਸਾਰੀਆਂ ਸਰਗਰਮੀਆਂ ਦੇਸ-ਧ੍ਰੋਹ ਹਨ। ਇਸ ਲਈ ਉਸਨੂੰ ਜੇਲ੍ਹ 'ਚ ਸੁੱਟ ਦਿੱਤਾ ਗਿਆ।
Jiten Marandi

ਭਾਰਤੀ ਬੁੱਧੀਜੀਵੀਆਂ ਦਾ ਇੱਕ ਵੱਡਾ ਹਿੱਸਾ, ਸਰਕਾਰ ਦੀਆਂ ਨਵ-ਉਦਾਰਵਾਦੀ ਆਰਥਕ ਨੀਤੀਆਂ ਤਹਿਤ ਝਾੜਖੰਡ, ਉੜੀਸਾ, ਆਂਧਰਾ, ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਦੇ ਕਬਾਇਲੀ ਇਲਾਕਿਆਂ 'ਚ ਅਤੇ ਮੁਲਕ ਦੇ ਹੋਰ ਹਿੱਸਿਆਂ 'ਚ ਜਲ, ਜੰਗਲ, ਜਮੀਨਾਂ, ਲਿਕਾਂ ਤੋਂ ਖੋਹ ਕੇ ਬਹੁ-ਕੌਮੀ ਕਾਰਪੋਰੇਸ਼ਨਾਂ ਦੇ ਹਵਾਲੇ ਕਰਨ - ਤਾਂ ਜੋ ਉਹ ਧਰਤੀ ਹੇਠਲੇ ਕੁਦਰਤੀ ਮਾਲ-ਖਜ਼ਾਨਿਆਂ, ਖਣਿਜ-ਪਦਾਰਥਾਂ ਆਦਿ ਦੀ ਅੰਨੀ ਲੁੱਟ ਕਰ ਸਕਣ ਦਾ ਲਗਾਤਾਰ ਵਿਰੋਧ ਕਰਦਾ ਆ ਰਿਹਾ ਹੈ। ਇਹ ਬੁੱਧੀਜੀਵੀ, ਭਾਰਤੀ ਹਾਕਮਾਂ ਵਲੋਂ ਇਹਨਾਂ ਨੀਤੀਆਂ ਵਿਰੁੱਧ ਉੱਠੇ ਲੋਕ ਰੋਹ ਨੂੰ ਸਲਵਾ-ਜੁਦਮ, ਅਪ੍ਰੇਸ਼ਨ ਗ੍ਰੀਨ ਹੰਟ ਅਤੇ ਅਜਿਹੇ ਹੋਰ ਅਨੇਕਾਂ ਜਾਬਰ ਕਦਮਾਂ ਰਾਹੀਂ ਕੁਚਲਣ ਦਾ ਵਿਰੋਧ ਕਰਦੇ ਰਹੇ ਹਨ। ਭਾਰਤੀ ਹਾਕਮ ਇਹਨਾਂ ਬੁੱਧੀਜੀਵੀਆਂ ਤੋਂ ਬੇਹੱਦ ਖਫ਼ਾ ਹਨ, ਉਹਨਾਂ ਦੀ ਜੁਬਾਨ-ਬੰਦੀ ਕਰਨ ਲਈ ਨਿੱਤ ਨਵਾਂ ਹੀਲਾ ਵਰਤਦੇ ਹਨ। ਇਹੋ ਕਾਰਣ ਹੈ ਕਿ ਸੰਸਾਰ ਬੈਂਕ ਦੇ ਸਾਬਕਾ ਅਧਿਕਾਰੀ ਅਤੇ ਮੌਜੂਦਾ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਆਪਣਾ ਅਹੁਦਾ ਸੰਭਾਲਣ ਸਾਰ - ਸਰਕਾਰ ਦੀਆਂ ਸੰਸਾਰੀਕਰਨ, ਉਦਾਰੀਕਰਨ, ਨਿੱਜੀਕਰਨ ਦੀਆਂ ਨੀਤੀਆਂ ਅਤੇ ਸਲਵਾ-ਜੁਦਮ, ਅਪ੍ਰੇਸ਼ਨ ਗ੍ਰੀਨ ਹੰਟ ਆਦਿ ਵਿਰੁੱਧ ਲੋਕ-ਸੰਘਰਸ਼ਾਂ 'ਚ ਲੋਕਾਂ ਦਾ ਸਾਥ ਦੇਣ ਵਾਲੇ ਬੁੱਧੀਜੀਵੀਆਂ ਨੂੰ ਗੈਰ-ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ (UAPA) ਤਹਿਤ ਜੇਲ੍ਹੀਂ ਡੱਕਣ ਦਾ ਐਲਾਨ ਕੀਤਾ ਸੀ।

Abhijan Sarkar
ਡਾ. ਬਿਨਾਇਕ ਸੇਨ, ਜਤਿਨ ਮਰਾਂਡੀ, ਉਤਪਲ (ਝਾੜਖੰਡ ਅਭਿਯਾਨ ਨਾਂ ਦੇ ਕਰਾਂਤੀਕਾਰੀ ਸਭਿਆਚਾਰਕ ਗਰੁੱਪ 'ਚ ਕੰਮ ਕਰਦੇ ਗਾਇਕ ਅਤੇ ਗੀਤਕਾਰ), ਅਭੈ ਸਾਹੂ (ਪਾਸਕੋ ਪ੍ਰਤੀਰੋਧ ਸੰਗਰਾਮ ਸਮਿਤੀ) ਅਰੁਨ ਫਰੇਰਾ, ਡੈਬੋਲੀਨਾ ਚੱਕਰਵਰਤੀ, ਮਾਨਸ ਚੈਟਰਜੀ, ਪਾਰਥੋਸਾਰਥੀ ਰੇਅ, ਅਭਿਜਾਨ ਸਰਕਾਰ ਅਤੇ ਉਹਨਾਂ ਦੇ ਹੋਰ ਸਾਥੀ, ਇਹਨਾਂ ਸਾਰੇ ਬੁੱਧੀਜੀਵੀਆਂ ਨੂੰ ਢੱਤੀਸਗੜ੍ਹ, ਝਾੜਖੰਡ, ਉੜੀਸਾ, ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਦੀਆਂ ਸਰਕਾਰਾਂ ਨੇ ਵੱਖ ਵੱਖ ਸਮਿਆਂ 'ਤੇ ਗੈਰ ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ (UAPA) ਅਤੇ ਹੋਰ ਜਾਬਰ ਕਨੂੰਨਾਂ ਤਹਿਤ ਮੁਕੱਦਮੇ ਦਰਜ ਕਰਕੇ ਸਾਲਾਂ ਬੱਧੀ ਜੇਲ੍ਹੀਂ ਡੱਕਿਆ ਹੈ। ਸੀਮਾ ਅਜ਼ਾਦ ਅਤੇ ਵਿਸ਼ਵ ਵਿਜੇ ਨੂੰ ਦਿੱਤੀ ਉਮਰ ਕੈਦ ਦੀ ਸਜ਼ਾ ਇਸੇ ਲੜੀ ਦੀ ਹੀ ਇੱਕ ਕੜੀ ਹੈ।

Debolina Chakraborty
ਭਾਰਤੀ ਹਾਕਮ ਇਹਨਾਂ ਕਦਮਾਂ ਰਾਹੀਂ ਬੁੱਧੀਜੀਵੀਆਂ ਨੂੰ ਲੋਕ ਸੰਘਰਸ਼ਾਂ ਤੋਂ ਦੂਰ ਭਜਾਉਣਾ ਚਾਹੁੰਦੇ ਹਨ। ਪਰ, ਇਹ ਉਹਨਾਂ ਦਾ ਭਰਮ ਹੈ। ਵਿਸ਼ਵ ਵਿਜੇ ਦੇ ਇੱਕ ਦੋਸਤ ਪੱਤਰਕਾਰ ਅੰਜਨੀ ਕੁਮਾਰ ਦੇ ਸ਼ਬਦ ਇਸ ਭਰਮ ਨੂੰ ਤੋੜਦੇ ਹਨ:
"ਅੱਜ ਦੇ ਦੌਰ ਵਿੱਚ ਲੋਕ-ਸਰੋਕਾਰ ਅਤੇ ਇਤਿਹਾਸਕ ਜੁੰਮੇਵਾਰੀਆਂ 'ਚ ਭਾਗੀਦਾਰ ਹੋਣ ਦਾ ਇੱਕ ਹੀ ਅਰਥ ਹੈ: ਲੋਕ-ਸੰਘਰਸ਼ਾਂ ਨਾਲ ਜੁੜਨਾ, ਲੋਕਾਂ ਨਾਲ ਮਿਲਕੇ ਸੰਘਰਸ਼ ਕਰਨਾ। ਜਿਸ ਦੇਸ ਦੇ ਅਰਥਚਾਰੇ 'ਤੇ ਸੂਦਖੋਰਾਂ ਅਤੇ ਸੱਟੇਬਾਜਾਂ ਦੀ ਪਕੜ ਇਸ ਕਦਰ ਮਜ਼ਬੂਤ ਹੋ ਚੁੱਕੀ ਹੈ ਕਿ ਪ੍ਰਧਾਨ ਮੰਤਰੀ ਤੋਂ ਲੈਕੇ ਖਜਾਨਾ ਮੰਤਰੀ ਤੱਕ ਦੇਸ ਦੇ ਭਵਿੱਖ ਬਾਰੇ ਸੱਟੇਬਾਜ਼ਾਂ ਵਾਂਗ ਅੰਦਾਜ਼ਾ ਹੀ ਲਾਉਂਦੇ ਹਨ, ਉੱਥੇ ਲੋਕਾਂ ਸਾਹਮਣੇ ਦੋ ਤਰ੍ਹਾਂ ਦਾ ਭਵਿੱਖ ਬਚਿਆ ਹੈ - ਇੱਕ : ਜਿਸ ਹੱਦ ਤੱਕ ਵੀ ਹੋ ਸਕੇ ਦੇਸ ਨੂੰ ਲੁੱਟਿਆ ਜਾਵੇ (ਜੋ ਖੁਲ੍ਹੇਆਮ ਹੋ ਰਿਹਾ ਹੈ) ਦੂਜਾ : ਲੋਕਾਂ ਨਾਲ ਮਿਲ ਕੇ ਲੁੱਟ ਅਤੇ ਕਤਲੇਆਮ ਤੋਂ ਖੁਦ ਨੂੰ ਅਤੇ ਦੇਸ ਨੂੰ ਬਚਾ ਲਿਆ ਜਾਵੇ (ਜਿਸ ਰਾਹ ਤੇ ਚਲਦਿਆਂ ਦੇਸ ਧ੍ਰੋਹ, ਨਕਸਲਵਾਦ, ਮਾਓਵਾਦ, ਦਹਿਸ਼ਤਗਰਦੀ ਤੇ ਠੱਪੇ ਲਗਦੇ ਹਨ)"


Arun Ferreira
 ਡਾ. ਬਿਨਾਇਕ ਸੇਨ, ਜਤਿਨ ਮਰਾਂਡੀ, ਅਰੁਨ ਫਰੇਰਾ, ਅਭੈ ਸਾਹੂ, ਸੀਮਾ ਅਜ਼ਾਦ ਅਤੇ ਵਿਸ਼ਵ ਵਿਜੇ ਦੇਸ-ਧ੍ਰੋਹੀ ਨਹੀਂ ਸਗੋਂ ਸੱਚੇ ਦੇਸ-ਭਗਤ ਹਨ। ਦੇਸ-ਧ੍ਰੋਹੀ ਤਾਂ ਇਸ ਦੇਸ ਦੇ ਹਾਕਮ ਹਨ ਜੋ ਝੂਠੀਆਂ ਸ਼ਹਾਦਤਾਂ ਅਤੇ ਦੰਭੀ ਨਿਆਇਕ ਪ੍ਰਕ੍ਰਿਆ ਦੇ ਸਿਰ 'ਤੇ ਇਹਨਾਂ ਲੋਕਾਂ ਨੂੰ ਉਮਰ ਭਰ ਲਈ ਜੇਲ੍ਹਾਂ 'ਚ ਸੁੱਟ ਰਹੇ ਹਨ, ਜੋ ਭਾਰਤ ਦੇ ਕੁਦਰਤੀ ਮਾਲ ਖਜਾਨੇ, ਖਣਿਜ ਪਦਾਰਥ, ਤੇਲ ਅਤੇ ਗੈਸ ਦੇ ਭੰਡਾਰ, ਨਦੀਆਂ ਜੰਗਲ ਅਤੇ ਜਮੀਨਾਂ ਸਾਮਰਾਜੀ ਬਹੁਕੌਮੀ ਕੰਪਨੀਆਂ ਅਤੇ ਉਹਨਾਂ ਦੇ ਭਾਰਤੀ ਏਜੰਟਾਂ ਕੋਲ ਗਿਰਵੀ ਰੱਖ ਰਹੇ ਹਨ, ਜੋ ਬਦੇਸੀ ਸਾਮਰਾਜੀਆਂ ਲਈ ਭਾਰਤੀ ਲੋਕਾਂ ਦੀ ਲੁੱਟ ਦੇ ਸਾਰੇ ਦਰਵਾਜੇ ਖੋਲ੍ਹ ਰਹੇ ਹਨ।


ਇਸ ਵਰਤਾਰੇ ਦਾ ਵਿਰੋਧ ਸਮੇਂ ਦੀ ਪ੍ਰਮੁੱਖ ਲੋੜ ਹੈ। ਬੁੱਧੀਜੀਵੀਆਂ ਦੀ ਜ਼ੁਬਾਨ 'ਤੇ ਜਿੰਦੇ ਲਾਉਣ ਦੀਆਂ ਕੋਸ਼ਿਸ਼ਾਂ ਬੰਦ ਹੋਣੀਆਂ ਚਾਹੀਦੀਆਂ ਹਨ। ਸੀਮਾ ਅਜ਼ਾਦ ਅਤੇ ਵਿਸ਼ਵ ਵਿਜੇ ਦੀ ਉਮਰ ਕੈਦ ਰੱਦ ਕਰਕੇ ਤੁਰੰਤ ਰਿਹਾਈ ਹੋਣੀ ਚਾਹੀਦੀ ਹੈ। ਲੋਕ ਦੋਖੀ ਅਤੇ ਜਾਬਰ ਨੀਤੀਆਂ ਦੀ ਸਫ਼ ਵਲ੍ਹੇਟੀ ਜਾਣੀ ਚਾਹੀਦੀ ਹੈ। ਇਹ ਲੋਕਾਂ ਦੀ ਸਾਂਝੀ ਅਤੇ ਗਰਜਵੀਂ ਅਵਾਜ਼ ਨਾਲ ਹੀ ਸੰਭਵ ਹੈ।



ਸੀਮਾ ਅਜ਼ਾਦ - ਲੋਕ ਹੱਕਾਂ ਦੀ ਬੁਲੰਦ ਅਵਾਜ਼
(ਪੱਤਰਕਾਰ ਅੰਜਨੀ ਕੁਮਾਰ ਦੇ ਲੇਖ 'ਚੋਂ ਕੁੱਝ ਅੰਸ਼)

6 ਫਰਵਰੀ 2010 ਸਵੇਰ ਵੇਲੇ ਸੀਮਾ ਅਤੇ ਉਸਦੇ ਪਤੀ ਵਿਸ਼ਵ ਵਿਜੇ ਨੂੰ, ਅਲਾਹਾਬਾਦ ਰੇਲਵੇ ਸਟੇਸ਼ਨ 'ਤੇ ਰੀਵਾਂਚਲ ਐਕਸਪ੍ਰੈਸ ਤੋਂ ਉੱਤਰਦਿਆਂ ਹੀ ਮਾਓਵਾਦੀ ਹੋਣ ਅਤੇ ਸਰਕਾਰ ਦੇ ਖਿਲਾਫ ਸਾਜਿਸ਼ ਰਚਣ ਦੇ ਦੋਸ਼ 'ਚ ਪੁਲਸ ਨੇ ਗ੍ਰਿਫਤਾਰ ਕਰ ਲਿਆ। ਦੋਹਾਂ 'ਤੇ ਗੈਰ ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ (UAPA) ਤਹਿਤ ਮੁਕੱਦਮਾ ਠੋਕ ਦਿੱਤਾ। ਇਸ ਤੋਂ ਬਾਅਦ ਅਦਾਲਤ 'ਚ ਜਮਾਨਤ ਦੀਆਂ ਕਈ ਅਰਜੀਆਂ ਲਾਈਆਂ ਗਈਆਂ ਪਰ ਹਰ ਵਾਰ ਰੱਦ ਹੁੰਦੀਆਂ ਰਹੀਆਂ। ਜਾਹਰਾ ਤੌਰ 'ਤੇ ਜਮਾਨਤ ਨਾ ਦੇਣ ਪਿੱਛੇ ਸੀਮਾ ਅਜ਼ਾਦ ਦੇ ਖਤਰਨਾਕ ਹੋਣ ਦਾ ਤਗਮਾ ਹੀ ਵੱਧ ਚਮਕ ਰਿਹਾ ਹੋਵੇਗਾ। ਅੱਜ ਜਦੋਂ ਲੋਕਤੰਤਰ - ਪੂੰਜੀ, ਕਬਜੇ ਅਤੇ ਲੁੱਟ ਦਾ ਦਾਸ ਬਨਣ ਲਈ ਤਰਲੋ-ਮੱਛੀ ਹੋ ਰਿਹਾ ਹੈ ਤਾਂ ਖਤਰਨਾਕ ਹੋਣ ਦੇ ਅਰਥ ਵੀ ਬਦਲ ਗਏ ਹਨ। ਮਸਲਨ ਸਾਡੇ ਪ੍ਰਧਾਨ ਮੰਤਰੀ ਨੂੰ ਨੌਜਵਾਨਾਂ ਦੇ ਤਬਦੀਲੀ-ਪਸੰਦ ਹੋਣ (Radicalisation) ਤੋਂ ਬਹੁਤ ਡਰ ਆਉਂਦਾ ਹੈ। ਇਸ ਲਈ ਉਹ ਰਾਜ ਮਸ਼ੀਨਰੀ ਨੂੰ ਸਾਵਧਾਨ ਰਹਿਣ ਦੀ ਹਾਦਇਤ ਦਿੰਦੇ ਹਨ। ਸੀਮਾ ਅਜ਼ਾਦ ਉਸ ਦੌਰ 'ਚ ਤਬਦੀਲੀ ਪਸੰਦ (Radical) ਬਣੀ ਜਦੋਂ ਮਨਮੋਹਨ ਸਿੰਘ, ਪ੍ਰਧਾਨ ਮੰਤਰੀ ਨਹੀਂ ਸੀ। ਉਦੋਂ ਉਸਨੇ ਸੰਸਾਰ ਬੈਂਕ ਦੇ ਤਹਿਖਾਨਿਆਂ 'ਚੋਂ ਨਿਕਲ ਕੇ ਭਾਰਤ ਦੇ ਖਜਾਨਾ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਸਾਮਰਜੀਆਂ ਦੇ ਇਸ਼ਾਰਿਆਂ 'ਤੇ ਉਸਨੇ ਲੋਕਾਂ ਨੂੰ ਆਪਣੇ ਢਿੱਡਾਂ ਨੂੰ ਗੰਢਾਂ ਦੇਣ ਦੀ ਗੱਲ ਕਹੀ ਸੀ। ਅਤੇ ਇਸ ਤੋਂ ਬਾਅਦ ਤਾਂ ਜਿਵੇਂ ਪੂਰੇ ਦੇਸ ਨੂੰ ਹੀ ਗੰਢਾਂ ਦੇ ਕੇ ਮਰੋੜਨ ਦਾ ਸਿਲਸਿਲਾ ਚੱਲ ਪਿਆ।

ਉਦੋਂ ਸੀਮਾ ਅਜ਼ਾਦ ਦਾ ਨਾਂ ਸੀਮਾ ਸ਼੍ਰੀਵਾਸਤਵ ਸੀ। ਉਹਨੇ ਅਲਾਹਾਬਾਦ ਤੋਂ ਬੀ.ਏ ਕੀਤੀ ਅਤੇ ਫਿਰ ਯੂਨੀਵਰਸਿਟੀ ਤੋਂ ਮਨੋ-ਵਿਗਿਆਨ 'ਚ ਐਮ.ਏ ਕੀਤੀ। 1995 ਤੱਕ ਬ੍ਰਹਿਮੰਡ ਦੀਆਂ ਗਤੀਵਿਧੀਆਂ 'ਚ ਹੀ ਉਸਦੀ ਵੱਧ ਰੁਚੀ ਰਹੀ। ਬ੍ਰਹਿਸਤਪਤੀ ਦੇ ਚੰਦ, ਜੋ ਲੜੀ ਦੀ ਤਰ੍ਹਾਂ ਦਿਸਦੇ ਹਨ, ਉਹਨਾਂ ਨੂੰ ਉਹ ਟੈਲੀਸਕੋਪ 'ਤੇ ਘੰਟਿਆਂਬੱਧੀ ਦੇਖਦੀ ਰੰਹਿਦੀ। ਦੇਰ ਰਾਤ ਤੱਕ ਗ੍ਰਹਿਆਂ ਤੇ ਤਾਰਿਆਂ ਦੀ ਭਾਲ 'ਚ ਰੁੱਝੀ ਉਹ ਪਿਤਾ ਕਿੰਨੀ ਵਾਰ ਝਿੜਕਾਂ ਖਾ ਚੁੱਕੀ ਸੀ। ਉਸ ਵੇਲੇ ਤੱਕ ਮੁਲਕ 'ਚ ਉਦਾਰੀਕਰਨ ਦੀ ਅਰਥ ਨੀਤੀ ਦਾ, ਰਾਜਨੀਤੀ ਅਤੇ ਆਮ ਜੀਵਨ 'ਤੇ ਅਸਰ ਖੁਲ੍ਹਾ ਦਿਸਣ ਲੱਗ ਪਿਆ ਸੀ। ਸੀਮਾ ਨੇ ਬ੍ਰਹਿਮੰਡ ਦੀ ਚਾਲ ਨੂੰ ਜੇ. ਡੀ. ਬਰਨਾਲ ਦੀ ਕਿਤਾਬ "ਸਾਇੰਸ ਦਾ ਇਤਿਹਾਸ (History of Science)" ਰਾਹੀਂ, ਸਮਾਜ ਦੀ ਚਾਲ ਨਾਲ ਜੋੜਕੇ ਦੇਖਣਾ ਸ਼ੁਰੂ ਕੀਤਾ। ਅਜੋਕੇ ਵਿਗਿਆਨ ਅਤੇ ਫਲਸਫੇ 'ਚ ਆਈ ਹੋਈ ਖੜੋਤ ਵਿੱਚ ਉਸਨੇ ਸਮਾਜ ਦੀ ਗਤੀ ਦੇ ਸਾਹਮਣੇ ਲਾਏ ਗਏ ਬੰਨ੍ਹਾਂ ਨੂੰ ਸਮਝਣਾ ਸ਼ੁਰੂ ਕੀਤਾ।

1995 ਤੋਂ '96 'ਚ ਵਿਦਿਆਰਥੀਆਂ ਅਤੇ ਔਰਤਾਂ ਦੇ ਮੋਰਚੇ 'ਤੇ ਉਹਦੀਆਂ ਸਰਗਰਮੀਆਂ ਵਧਣ ਲੱਗੀਆਂ। ਜੂਲੀਅਸ ਫਿਊਚਕ ਦੀ ਕਿਤਾਬ "ਫਾਂਸੀ ਦੇ ਤਖਤੇ ਤੋਂ" ਪੜ੍ਹਕੇ ਉਹ ਸੁੰਨ ਰਹਿ ਗਈ। ਉਹਨੂੰ ਪਹਿਲੀ ਵਾਰ ਲੱਗਾ ਕਿ ਸਮਾਜ ਦੀ ਗਤੀ 'ਤੇ ਲਾਈਆਂ ਗਈਆਂ ਭਿਆਨਕ ਰੁਕਾਵਟਾਂ ਉੱਥੋਂ ਤੱਕ ਹੀ ਸੀਮਤ ਨਹੀਂ ਹਨ। ਇਹ ਰੁਕਾਵਟਾਂ ਮਨੁੱਖੀ ਜੀਵਨ ਦੀ ਗਤੀ 'ਤੇ ਵੀ ਲੱਗੀਆਂ ਹੋਈਆਂ ਹਨ। ਸੀਮਾ ਸ਼੍ਰੀਵਾਸਤਵ ਨਾਰੀ ਮੁਕਤੀ ਸੰਗਠਨ ਦੇ ਮੋਰਚੇ 'ਤੇ ਸੰਨ 2001 ਤੱਕ ਸਰਗਰਮ ਰਹੀ ਜਦੋਂ ਕਿ ਇਨਕਲਾਬੀ ਵਿਦਿਆਰਥੀ ਮੋਰਚੇ ਨਾਲ ਉਹ ਸਾਲ 2004 ਤੱਕ ਜੁੜੀ ਰਹੀ।

ਸੀਮਾ ਨੇ ਪ੍ਰੇਮ ਵਿਆਹ ਕੀਤਾ ਅਤੇ ਘਰ ਛੱਡ ਦਿੱਤਾ। ਨਾਂ ਦੇ ਪਿੱਛੇ ਲੱਗੀ ਜਾਤੀ ਨੂੰ ਹਟਾ ਕੇ "ਅਜ਼ਾਦ" ਲਿਖਣਾ ਸ਼ੁਰੂ ਕੀਤਾ। ਇਹ ਇੱਕ ਨਵੀਂ ਸੀਮਾ ਦਾ ਜਨਮ ਸੀ - ਸੀਮਾ ਅਜ਼ਾਦ। ਉਹਨੇ ਪੈਸੇ ਜੋੜ ਕੇ ਬਾਈਕ ਖਰੀਦੀ। ਖਬਰਾਂ ਦੀ ਭਾਲ 'ਚ ਲੋਕਾਂ ਵਿਚਕਾਰ ਗਈ। ਲੋਕਾਂ ਦੀ ਜ਼ਿੰਦਗੀ ਨੂੰ ਖਬਰ ਦਾ ਹਿੱਸਾ ਬਣਾਉਣ ਦੀ ਜੱਦੋ-ਜਹਿਦ 'ਚ ਜੁਟ ਗਈ। ਉਹਦੀਆਂ ਖਬਰਾਂ ਇਲਾਹਾਬਾਦ ਤੋਂ ਨਿਕਲਦੇ ਅਖਬਾਰਾਂ 'ਚ ਪ੍ਰਮੁੱਖਤਾ ਨਾਲ ਛਪਦੀਆਂ। ਉਹ ਇਲਾਹਾਬਾਦ ਸ਼ਹਿਰ ਦੇ ਸਭ ਤੋਂ ਚਰਚਿਤ ਵਿਅਕਤੀਆਂ 'ਚ ਗਿਣੀ ਜਾਣ ਲੱਗੀ। ਉਹ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ, ਲੁੱਟ ਜਬਰ ਦੇ ਵਿਰੁੱਧ, ਰਾਜਨੀਤਕ ਸਮਾਜਿਕ ਸੰਘਰਸ਼ਾਂ, ਕਿਸਾਨਾਂ ਮਜ਼ਦੂਰਾਂ ਦੇ ਰੋਸ ਵਿਖਾਵਿਆਂ ਦਾ ਅਨਿੱਖੜਵਾਂ ਹਿੱਸਾ ਹੁੰਦੀ। ਉਹਨੇ ਲੋਕ ਮਸਲਿਆਂ 'ਤੇ ਜੋਰ ਦੇਣ ਲਈ, ਸਮਾਜਕ ਸਰੋਕਾਰਾਂ ਨੂੰ ਪ੍ਰਣਾਈ ਪੱਤਰਕਾਰੀ ਦੀ ਲੋੜ ਨੂੰ ਧਿਆਨ 'ਚ ਰੱਖਦਿਆਂ, "ਦਸਤਕ - ਨਵੇਂ ਜਮਾਨੇ ਦੀ ਪੱਤ੍ਰਿਕਾ" ਕੱਢਣੀ ਸ਼ੁਰੂ ਕੀਤੀ। ਇਸ ਪੱਤ੍ਰਿਕਾ ਨੂੰ ਲੋਕ-ਸੰਘਰਸ਼ਾਂ ਦਾ ਹਿੱਸਾ ਬਣਾਇਆ। ਉਹਨੇ ਹਜ਼ਾਰਾਂ ਕਿਸਾਨਾਂ ਦਾ ਉਜਾੜਾ ਕਰਨ ਵਾਲੀ "ਗੰਗਾ ਐਕਸਪ੍ਰੈਸ ਵੇਅ ਯੋਜਨਾ" ਦਾ ਡੂੰਘਾਈ ਨਾਲ ਅਧਿਅਨ ਕੀਤਾ। ਇਸ ਯੋਜਨਾ ਨਾਲ ਹੋਣ ਵਾਲੇ ਨੁਕਸਾਨ ਤੋਂ ਲੋਕਾਂ ਨੂੰ ਜਾਣੂੰ ਕਰਵਾਉਣ ਲਈ ਇਸ ਅਧਿਅਨ ਨੂੰ ਕਿਤਾਬ ਦੇ ਰੂਪ 'ਚ ਛਪਵਾਕੇ ਲੋਕਾਂ 'ਚ ਵੰਡਿਆ। ਆਜ਼ਮਗੜ੍ਹ ਦੇ ਮੁਸਲਿਮ ਨੌਜਵਾਨਾਂ ਦੀਆਂ ਮਨਮਰਜੀ ਨਾਲ ਅਤੇ ਅੰਨ੍ਹੇਵਾਹ ਗ੍ਰਿਫਤਾਰੀਆਂ ਰਾਹੀਂ ਪੁਲਸ ਅਤੇ ਐਸ.ਟੀ.ਐਫ (STF) ਵਲੋਂ ਦਹਿਸ਼ਤ ਫਲਾਉਣ ਅਤੇ ਧੱਕੇਸ਼ਾਹੀ ਕਰਨ ਖਿਲਾਫ "ਦਸਤਕ" 'ਚ ਇੱਕ ਲੰਬੀ ਰਿਪੋਰਟ ਛਾਪੀ।

ਮਨੁੱਖੀ ਅਧਿਕਾਰਾਂ ਦੇ ਮੁੱਦੇ 'ਤੇ ਸੀਮਾ ਦੀ ਸਰਗਰਮੀ ਵੱਧਦੀ ਗਈ। ਉਹ ਪੀ.ਯੂ.ਸੀ.ਐਲ (PUCL) ਦੀ ਉੱਤਰ ਪ੍ਰਦੇਸ਼ ਦੀ ਇਕਾਈ 'ਚ ਸ਼ਾਮਲ ਹੋ ਗਈ ਜਿੱਥੇ ਉਸਨੂੰ ਸਕੱਤਰ ਦੀ ਜੁੰਮੇਵਾਰੀ ਦਿੱਤੀ ਗਈ। ਸੀਮਾ ਅਜ਼ਾਦ ਦੀ ਗ੍ਰਿਫਤਾਰੀ ਦੇ ਸਮੇਂ ਤੱਕ ਉੱਤਰ ਪ੍ਰਦੇਸ਼ 'ਚ ਨੌਜਵਾਨਾਂ ਦੀ ਇੱਕ ਅਜਿਹੀ ਪੀੜ੍ਹੀ ਪੈਦਾ ਹੋ ਗਈ ਸੀ ਜੋ ਖੁੱਲ੍ਹ ਕੇ ਮਨੁੱਖੀ ਅਧਿਕਾਰਾਂ ਦਾ ਮੁੱਦਾ ਉਠਾ ਰਹੀ ਸੀ। ਭ੍ਰਿਸ਼ਟ ਰਾਜਨੀਤੀ, ਲੁੱਟ ਕਰਨ ਵਾਲੀ ਅਰਥ ਵਿਵਸਥਾ, ਵਧਦੀ ਸਮਾਜਕ ਅਸੁਰੱਖਿਆ, ਦੰਗੇ ਭੜਕਾਉਣ ਦੀ ਰਾਜਨੀਤੀ ਅਤੇ ਘੱਟ ਗਿਣਤੀਆਂ ਤੇ ਦਲਿਤਾਂ ਦੇ ਵੋਟ ਅਤੇ ਉਹਨਾਂ 'ਤੇ ਹੀ ਸੱਟ ਮਾਰਨ ਸਰਕਾਰੀ ਨੀਤੀ ਦੇ ਖਿਲਾਫ ਵਧ ਰਿਹਾ ਰੋਹ, ਰਾਜ ਸਰਕਾਰ ਅਤੇ ਕੇਂਦਰ, ਦੋਹਾਂ ਲਈ ਹੀ ਖਤਰਾ ਬਣ ਰਿਹਾ ਸੀ। ਇਸ ਰੋਹ 'ਚ ਇੱਕਾ ਨਾਂ ਸੀਮਾ ਅਜ਼ਾਦ ਦਾ ਸੀ। ਦਿੱਲੀ ਦੇ ਵਿਸ਼ਵ ਪੁਸਤਕ ਮੇਲੇ 'ਚ ਕਿਤਾਬਾਂ ਖਰੀਦ ਕੇ ਮੁੜ ਰਹੀ ਸੀਮਾ ਨੂੰ ਦੇਸ ਦੀ ਸੁਰੱਖਿਆ ਲਈ ਖਤਰਾ ਐਲਾਨ ਕੇ, ਉਹਦੇ ਪਤੀ ਦੇ ਨਾਲ ਗ੍ਰਿਫਤਾਰ ਕਰ ਲਿਆ ਗਿਆ।

ਜਦੋਂ ਦੇਸ-ਪ੍ਰੇਮ ਅਤੇ ਦੇਸ-ਧ੍ਰੋਹ ਦਾ ਹਰਥ ਹੀ ਬਦਲ ਦਿੱਤਾ ਗਿਆ ਹੋਵੇ ਤਾਂ ਗ੍ਰਿਫਤਾਰੀ ਇੱਕ ਕੋਝੇ ਮਜ਼ਾਕ ਤੋਂ ਇਲਾਵਾ ਹੋਰ ਕੀ ਹੋ ਸਕਦੀ ਹੈ।

No comments:

Post a Comment