StatCounter

Saturday, September 1, 2012

ਦੱਖਣੀ ਅਫਰੀਕਾ ਦੇ ਖਾਣ ਮਜ਼ਦੂਰਾਂ 'ਤੇ ਅੰਨ੍ਹਾ ਜਬਰ


ਦੱਖਣੀ ਅਫਰੀਕਾ ਦੇ ਖਾਣ ਮਜ਼ਦੂਰਾਂ 'ਤੇ ਅੰਨ੍ਹਾ ਜਬਰ
45 ਮਜ਼ਦੂਰ ਗੋਲੀਆਂ ਨਾਲ ਸ਼ਹੀਦ

ਨਰਿੰਦਰ ਕੁਮਾਰ ਜੀਤ Mob 94175-07363






16 ਅਗਸਤ ਨੂੰ ਦੱਖਣੀ ਅਫਰੀਕਾ 'ਚ ਲੋਨਮਿਨ ਕੰਪਨੀ ਦੀ ਮਾਰੀਕਾਨਾ ਪਲਾਟੀਨਮ ਖਾਣ 'ਚ ਆਪਣੀਆਂ ਤਨਖਾਹਾਂ 'ਚ ਵਾਧੇ ਦੀ ਮੰਗ ਨੂੰ ਲੈਕੇ ਹਫਤੇ ਭਰ ਤੋਂ ਸੰਘਰਸ਼ ਕਰ ਰਹੇ ਮਜ਼ਦੂਰ ਅਤੇ ਉਹਨਾਂ ਦੇ ਪਰਿਵਾਰ, ਰਸਟਨਬਰਗ (Rustenberg) ਸ਼ਹਿਰ ਤੋਂ ਬਾਹਰ ਇੱਕ ਪਹਾੜੀ ਚੋਟੀ 'ਤੇ 'ਕੱਠੇ ਹੋਏ। ਪੁਲਸ ਨੇ ਇਹਨਾਂ ਨੂੰ ਖਿੰਡਾਉਣ ਲਈ ਆਟੋਮੈਟਿਕ ਹਥਿਆਰਾਂ ਨਾਲ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਤਿੰਨ ਮਿੰਟ ਦੀ ਗੋਲੀਬਾਰੀ 'ਚ 34 ਮਜ਼ਦੂਰ ਮਾਰ ਦਿੱਤੇ ਗਏ ਅਤੇ 78 ਜਖਮੀ ਹੋ ਗਏ। 249 ਮਜ਼ਦੂਰਾਂ ਨੂੰ ਪੁਲਸ ਨੇ ਘੇਰ ਕੇ ਗਿਰਫਤਾਰ ਕਰ ਲਿਆ।

18 ਅਗਸਤ ਨੂੰ ਪੁਲਸ ਦੀ ਇਸ ਦਰਿੰਦਗੀ ਦਾ ਸ਼ਿਕਾਰ ਹੋਏ ਮਜ਼ਦੂਰਾਂ ਦੇ ਪਰਿਵਾਰਾਂ ਨੇ ਲੋਨਮਿਨ (LONMIN) ਕੰਪਨੀ ਦੀ ਖਾਣ ਦੇ ਨੇੜੇ ਰੈਲੀ ਕਰ ਕੇ ਲਾਪਤਾ ਮਜ਼ਦੂਰਾਂ ਬਾਰੇ ਜਾਣਕਾਰੀ ਮੰਗੀ। ਪੁਲਸ ਨੇ ਜਿਹਨਾਂ 249 ਖਾਣ ਮਜ਼ਦੂਰਾਂ ਨੂੰ ਗਿਰਫਤਾਰ ਕੀਤਾ ਸੀ, ਉਹਨਾਂ 'ਚੋਂ ਕੁੱਝ ਨੂੰ 20 ਅਗਸਤ ਨੂੰ ਅਦਾਲਤ 'ਚ ਪੇਸ਼ ਕਰ ਦਿੱਤਾ, ਜਿੱਥੋਂ ਉਹਨਾਂ ਨੂੰ 27 ਅਗਸਤ ਤੱਕ ਪੁਲਸ ਹਿਰਾਸਤ ਵਿੱਚ ਭੇਜ ਦਿੱਤਾ। ਅਨੇਕਾਂ ਮਜ਼ਦੂਰ ਅਜੇ ਲਾਪਤਾ ਹਨ। ਪੁਲਸ ਅਤੇ ਖਾਣ ਮਾਲਕ ਉਹਨਾਂ ਬਾਰੇ ਕੁਝ ਵੀ ਨਹੀਂ ਦੱਸ ਰਹੇ।

ਦੱਖਣੀ ਅਫਰੀਕਾ 'ਚ ਨਸਲ-ਭੇਦੀ ਗੋਰੀ ਸਰਕਾਰ ਦੇ 1994 'ਚ ਹੋਏ ਖਾਤਮੇ ਤੋਂ ਬਾਅਦ ਇਹ ਸਭ ਤੋਂ ਵੱਡਾ ਖੂਨੀ ਸਾਕਾ ਹੈ। ਇਸ ਖੂਨੀ ਸਾਕੇ ਨੇ ਇੱਕ ਵਾਰੀ ਫਿਰ ਨਸਲ ਭੇਦੀ ਗੋਰੀ ਸਰਕਾਰ ਦੇ ਖੂੰਖਾਰ ਜੁਲਮਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਜਿਸ ਨੇ 1960 'ਚ ਸਾਰਪਵਿਲੇ (Sharpeville)'ਚ 69 ਲੋਕਾਂ ਅਤੇ ਸਾਲ 1992 'ਚ ਬੋਏਪੋਟੌਗ 'ਚ 45 ਲੋਕਾਂ ਨੂੰ ਗੋਲੀਆਂ ਨਾਲ ਭੁੰਨ ਸੁੱਟਿਆ।

ਖਾਣ ਮਜ਼ਦੂਰਾਂ ਦੇ ਇਸ ਵਹਿਸ਼ੀ ਕਤਲਿਆਮ ਲਈ, ਨਾ ਸਿਰਫ ਦੱਖਣੀ ਅਫਰੀਕਾ ਦੇ ਲੋਕਾਂ, ਸਗੋਂ ਦੁਨੀਆਂ ਭਰ ਦੀਆਂ ਮਜ਼ਦੂਰ ਜੱਥੇਬੰਦੀਆਂ ਅਤੇ ਇਨਸਾਫ ਪਸੰਦ ਲੋਕਾਂ ਨੇ ਦੱਖਣੀ ਅਫਰੀਕਾ ਦੇ ਹਾਕਮਾਂ ਨੂੰ ਫਿੱਟ ਲਾਹਣਤਾਂ ਪਾਈਆਂ, ਰੋਸ ਮੁਜਹਾਰੇ ਕੀਤੇ। ਦੇਸ ਦਾ ਰਾਸ਼ਟਰਪਤੀ ਜੈਕਬ ਜੂਮਾ, ਆਪਣਾ ਮੁਜ਼ੰਬਿਕ ਦਾ ਦੋਰਾ ਵਿੱਚੇ ਛੱਡ ਕੇ ਮੁਲਕ ਪਰਤ ਆਇਆ ਅਤੇ ਹਫਤੇ ਭਰ ਦੇ ਕੌਮੀ ਸ਼ੋਕ ਦਾ ਐਲਾਨ ਕੀਤਾ। ਉਸਨੇ ਇਸ ਘਟਨਾ ਦੀ ਜਾਂਚ ਕਰਵਾਉਣ ਲਈ ਇੱਕ ਪੜਤਾਲੀਆ ਕਮਿਸ਼ਨ ਬਨਾਉਣ ਦਾ ਵੀ ਐਲਾਨ ਕੀਤਾ ਪਰੰਤੂ ਲੋਨਮਿਨ ਕੰਪਨੀ 'ਤੇ ਇਸ ਦਾ ਕੋਈ ਅਸਰ ਨਹੀਂ ਪਿਆ। ਉਸਨੇ ਮਜ਼ਦੂਰਾਂ ਵਿਰੱਧ ਆਪਣਾ ਜਾਲਮਾਨਾ ਰਵੱਈਆ ਉਵੇਂ ਹੀ ਜਾਰੀ ਰੱਖਦਿਆ ਉਹਨਾਂ ਨੂੰ ਤਿੰਨ ਦਿਨਾਂ ਦੇ ਅੰਦਰ ਅੰਦਰ ਹੜਤਾਲ ਛੱਡ ਕੇ ਕੰਮ 'ਤੇ ਪਰਤ ਆਉਣ ਜਾਂ ਨੌਕਰੀ ਤੋਂ ਕੱਢੇ ਜਾਣ ਲਈ ਤਿਆਰ ਰਹਿਣ ਦੀ ਧਮਕੀ ਦਿੱਤੀ। ਪਰ ਖਾਣ ਮਜ਼ਦੂਰਾਂ ਨੇ ਇਸ ਧਮਕੀ ਨੂੰ ਠੁਕਰਾਉਂਦਿਆਂ ਮੋੜਵੀਂ ਸੁਣਾਉਣੀ ਕਰ ਦਿੱਤੀ ਕਿ ਜਦੋਂ ਤੱਕ ਉਹਨਾਂ ਦੀਆਂ ਤਨਖਾਹਾਂ 'ਚ ਵਾਧਾ ਪ੍ਰਵਾਨ ਨਹੀਂ ਕੀਤਾ ਜਾਂਦਾ ਉਹ ਕੰਮ 'ਤੇ ਨਹੀਂ ਪਰਤਣਗੇ। ਲੋਨਮਿਨ ਕੰਪਨੀ ਦੀ ਧਮਕੀ ਦੇ ਜਵਾਬ ਵਿੱਚ 23 ਅਗਸਤ ਨੂੰ ਹਜਾਰਾਂ ਖਾਣ ਮਜ਼ਦੂਰ ਅਤੇ ਉਹਨਾਂ ਦੇ ਪਰਿਵਾਰ ਉਸੇ ਪਹਾੜੀ ਚੋਟੀ 'ਤੇ ਫਿਰ ਇੱਕਠੇ ਹੋਏ ਜਿੱਥੇ 16 ਅਗਸਤ ਨੂੰ ਪੁਲਸ ਨੇ ਉਹਨਾਂ ਦੇ 34 ਸਾਥੀਆਂ ਨੂੰ ਸ਼ਹੀਦ ਕੀਤਾ ਸੀ। ਉਹਨਾਂ ਦੇ ਇੱਕ ਆਗੂ ਅਲਫਰਡ ਬੇਲੇ ਨੇ ਇੱਕਠ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਐਲਾਨ ਕੀਤਾ, ਅਸੀਂ ਆਪਣੇ ਸ਼ਹੀਦ ਨਾਇਕਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਆਏ ਹਾਂ।" ਹੋਰਾਂ ਪਲਾਟੀਨਮ ਖਾਣਾਂ ਦੇ ਮਜ਼ਦੂਰਾਂ ਨੇ ਵੀ ਇਸ ਸਮਾਗਮ 'ਚ ਸ਼ਮੂਲੀਅਤ ਕੀਤੀ। ਸਾਰਿਆਂ ਨੇ ਸ਼ਹੀਦਾਂ ਦੇ ਲਹੂ ਨਾਲ ਭਿੱਜੀ ਮਿੱਟੀ ਮਥੇ ਨਾਲ ਲਾਉਂਦਿਆਂ, ਸਿਜ਼ਦਾ ਕਰਦਿਆਂ, ਆਪਣੇ ਸੰਘਰਸ਼ ਨੂੰ ਅੱਗੇ ਵਧਾਉਣ ਦਾ ਪ੍ਰਣ ਲਿਆ।

ਨਸਲਭੇਦੀ ਸਰਕਾਰ ਦਾ ਖਾਤਮਾ - ਕਾਲੇ ਆਗੂ ਗੋਰਿਆਂ ਦੀਆਂ ਕੰਪਨੀਆਂ ਦੇ ਦਲਾਲ ਬਣੇ

ਦੱਖਣੀ ਅਫਰੀਕਾ 'ਚ ਪਲਾਟੀਨਮ ਧਾਤ ਦੇ ਅਥਾਹ ਭੰਡਾਰ ਹਨ। ਕੁੱਲ ਦੁਨੀਆਂ ਦਾ 80 % ਪਲਾਟੀਨਮ ਇੱਥੇ ਮਿਲਦਾ ਹੈ। ਪਲਾਟੀਨਮ ਇੱਕ ਬਹੁ-ਮੁੱਲੀ ਧਾਤ ਹੈ ਜੋ ਆਟੋ-ਮੋਬਾਈਲ ਦੇ ਪੁਰਜਿਆਂ ਅਤੇ ਹੀਰੇ ਸੋਨੇ ਦੇ ਜੜਾਊ ਗਹਿਣਿਆ 'ਚ ਵਰਤੀ ਜਾਂਦੀ ਹੈ। ਕੁੱਝ ਮਹੀਨੇ ਪਹਿਲਾਂ ਇਸਦੀ ਕੀਮਤ ਸੋਨੇ ਤੋਂ ਵੀ ਵੱਧ ਸੀ। ਲੋਨਮਿਨ ਕੰਪਨੀ, ਪਲਾਟੀਨਮ ਖੇਤਰ ਦੀ ਤੀਜੀ ਸਭ ਤੋਂ ਵਡੀ ਕੰਪਨੀ ਹੈ। ਇਸ ਕੰਪਨੀ ਦਾ ਵਿਵਾਦਾਂ ਭਰਪੂਰ ਇਤਿਹਾਸ ਹੈ। ਸਾਲ 1973 'ਚ ਉਦੋਂ ਦੇ ਬਰਤਾਨਵੀ ਪ੍ਰਧਾਨ ਮੰਤਰੀ ਐਡਵਰਡ ਹੀਥ ਨੇ ਇਸ ਕੰਪਨੀ ਦੇ ਰੋਡੇਸ਼ੀਆ ਦੀ ਨਸਲ ਭੇਦੀ ਗੋਰੀ ਸਰਕਾਰ ਨਾਲ ਰਿਸ਼ਤਿਆਂ ਦੀ ਨੁਕਤਾਚੀਨੀ ਕਰਦਿਆਂ ਇਸ ਨੂੰ ਪੂੰਜੀਵਾਦ ਦਾ ਘਿਨਾਉਣਾ ਅਤੇ ਅਪ੍ਰਵਾਨ ਚਿਹਰਾ ਦੱਸਿਆ।

ਲੋਨਮਿਨ ਕੰਪਨੀ ਦੀ ਮਾਰੀਕਾਨਾ ਪਲਾਟੀਨਮ ਖਾਣ ਦੇ ਮਜ਼ਦੂਰ ਪਹਿਲਾਂ ਖਾਣ ਮਜ਼ਦੂਰਾਂ ਦੀ ਕੌਮੀ ਯੂਨੀਅਨ (ਐਨ.ਯੂ.ਐਮ- National Union of Mineworkers) ਦੇ ਮੈਂਬਰ ਸਨ। ਸਾਇਰਸ ਰਾਮਪੋਸਾ ਦੀ ਅਗਵਾਈ 'ਚ ਇਹ ਯੂਨੀਅਨ ਕਾਲੇ ਮਜ਼ਦੂਰਾਂ ਨੂੰ ਰੰਗ ਭੇਦ ਦੀ ਨੀਤੀ ਦੇ ਖਿਲਾਫ ਲਾਮਬੰਦ ਕਰਨ ਲਈ ਬਣਾਈ ਗਈ ਸੀ। ਇਹ ਯੂਨੀਅਨ ਅੱਗੋਂ ਦੱਖਨੀ ਅਫਰੀਕਾ ਟਰੇਡ ਯੂਨੀਅਨ ਕਾਂਗਰਸ (COSATU) ਨਾਲ ਸਬੰਧਤ ਸੀ ਜੋ ਹੁਣ ਰਾਜ ਕਰ ਰਹੀ ਅਫਰੀਕਾ ਕੌਮੀ ਕਾਂਗਰਸ (ANC) ਦੀ ਤਾਕਤਵਰ ਸੰਗੀ ਹੈ। 1994 'ਚ ਨਸਲਭੇਦੀ ਗੋਰੀ ਸਰਕਾਰ ਦੇ ਖਾਤਮੇ ਤੋਂ ਬਾਅਦ, ਖਾਣ ਮਜ਼ਦੂਰਾਂ ਦੀ ਕੌਮੀ ਯੂਨੀਅਨ (NUM) ਨੇ, ਰਾਜ ਕਰ ਰਹੀ ਪਾਰਟੀ ਨਾਲ ਸਬੰਧਤ ਹੋਣ ਕਰਕੇ ਮਜ਼ਦੂਰਾਂ ਦੇ ਮੰਗਾਂ ਮਸਲਿਆਂ 'ਤੇ ਸੰਘਰਸ਼ ਕਰਨਾ ਛੱਡ ਕੇ, ਖਾਣ ਮਾਲਕਾਂ ਨਾਲ ਯਾਰੀਆਂ ਪਾ ਲਈਆਂ। ਇਹ ਹਾਲਤ ਦੀ ਅਜੀਬ ਵਿਡੰਬਨਾਂ ਹੈ ਕਿ ਖਾਣ ਮਜ਼ਦੂਰਾਂ  ਨੂੰ ਜੱਥੇਬੰਦ ਕਰਨ ਵਾਲਾ ਸਾਇਰਸ ਰਾਮਪੋਸਾ ਹੁਣ ਇੱਕ ਤਾਕਤਵਰ ਧਨੀ ਵਪਾਰੀ ਹੈ। ਉਹ ਲੋਨਮਿਨ ਕੰਪਨੀ ਦਾ ਡਾਇਰੈਕਟਰ ਹੈ। ਪਿਛਲੇ ਸਾਲ ਉਹ ਮੈਕਡੋਨਾਲਡ ਕੰਪਨੀ ਦੇ ਸਾਰੇ ਦੱਖਨੀ ਅਫਰੀਕਾ ਕਾਰੋਬਾਰ ਦਾ ਮਾਲਕ ਬਣ ਗਿਆ ਹੈ। ਉਸਦਾ ਇੱਕ ਹੋਰ ਸਾਥੀ ਰਾਵੇਡੇ ਮੈਨਤਾਸ਼ੇ ਜੋ ਉਦੋਂ ਯੂਨੀਅਨ ਦਾ ਜਨਰਲ ਸਕੱਤਰ ਸੀ, ਹੁਣ ਰਾਸ਼ਟਰਪਤੀ ਜੈਕਬ ਜੁਮਾ ਦੀ ਸੱਜੀ ਬਾਂਹ ਹੈ। 

ਪਲਾਟੀਨਮ ਖਾਣਾਂ ਦੇ ਮਜ਼ਦੂਰ ਸੰਘਰਸ਼ ਦੇ ਰਾਹ

ਮਾਰੀਕਾਨਾ ਪਲਾਟੀਨਮ ਖਾਣ 'ਚ ਕੰਮ ਕਰਦੇ ਹਜ਼ਾਰਾਂ ਕਾਮੇ ਅੱਤ ਦੀਆਂ ਭੈੜੀਆਂ ਅਤੇ ਖਤਰਿਆਂ ਭਰਪੂਰ ਕੰਮ ਹਾਲਤਾ ਨਿਗੂਨੀਆਂ ਤਨਖਾਹਾਂ ਅਤੇ ਮਾੜੀਆਂ ਰਹਿਣ-ਸਹਿਣ ਹਾਲਤਾਂ 'ਚ ਘਿਰੇ ਦੁੱਖਾਂ-ਭੁੱਖਾਂ ਭਰਪੂਰ ਜ਼ਿੰਦਗੀ ਬਸਰ ਕਰ ਰਹੇ ਸਨ। ਡਰਿਲਾਂ ਨਾਲ ਚੱਟਾਨਾਂ ਦੀ ਕਟਾਈ ਕਰਨ ਵਾਲੇ ਮਜ਼ਦੂਰਾਂ ਦੀ ਹਲਾਤ ਸਭ ਤੋਂ ਮਾੜੀ ਹੈ। ਲੱਗਭੱਗ 3 ਹਜ਼ਾਰ ਕਟਾਈ ਮਜ਼ਦੂਰ 25 ਕਿੱਲੋ ਭਾਰੀ ਡਰਿੱਲ ਮੋਢੇ 'ਤੇ ਟੰਗ ਕੇ ਹਰ ਰੋਜ਼ 8 ਘੰਟੇ, ਲਗਾਤਾਰ ਚਟਾਨਾਂ ਨਾਲ ਮੱਥਾ ਮਾਰਦੇ ਹਨ। ਉਹਨਾਂ ਦਾ ਕੰਮ ਸਭ ਤੋਂ ਐਖਾ ਅਤੇ ਅਤਿ ਜੋਖਮ ਭਰਿਆ ਹੈ, ਮਾਰੂ ਹਾਦਸੇ ਅਕਸਰ ਵਾਪਰਦੇ ਰੰਹਿਦੇ ਹਨ ਜਿਹਨਾਂ 'ਚ ਇਹ ਮਜ਼ਦੂਰ ਜਾਂ ਤਾਂ ਮਾਰੇ ਜਾਂਦੇ ਹਨ ਜਾਂ ਉਹਨਾਂ ਦੇ ਹੱਥ ਪੈਰ ਕੱਟੇ ਜਾਂਦੇ ਹਨ। ਆਪਣੀ ਜਾਨ ਜੋਖਮ 'ਚ ਪਾਕੇ ਅਮੀਰਾਂ ਦੀਆਂ ਕਾਰਾਂ ਅਤੇ ਹੀਰਿਆਂ ਦੇ ਜੁੜਾਊ ਗਹਿਣਿਆਂ 'ਚ ਵਰਤੀ ਜਾਣ ਵਾਲੀ ਪਲਾਟੀਨਮ ਧਾਤ, ਧਰਤੀ ਦੀ ਕੁੱਖ 'ਚੋਂ ਪਲਾਟੀਨਮ ਕੱਢਣ ਵਾਲੇ ਇਹਨਾਂ ਮਜ਼ਦੂਰਾਂ ਦੀ ਤਨਖਾਹ ਸਿਰਫ 4 ਹਜ਼ਾਰ ਰੈਂਡ ਪ੍ਰਤੀ ਮਹੀਨਾ ਹੈ। ਲੇਸੋਥੋ ਇਲਾਕੇ 'ਚੋਂ ਆਏ ਬਾਸੋਥੋ ਕਬੀਲੇ ਦੇ ਲੋਕ ਇਸ ਕੰਮ 'ਚ ਮਾਹਰ ਸਮਝੇ ਜਾਂਦੇ ਹਨ।

ਮਾਲਕਾਂ, ਪ੍ਰਸ਼ਾਸਕਾਂ ਅਤੇ ਪੁਲਸ ਅਧੀਕਾਰੀਆਂ ਨਾਲ, ਸਿੱਧਾ ਗਠਜੋੜ ਹੋਣ ਕਾਰਣ, ਖਾਣ ਮਜ਼ਦੂਰਾਂ ਦੀ ਕੌਮੀ ਯੂਨੀਅਨ (NUM) ਇਹਨਾਂ ਮਜ਼ਦੂਰਾਂ ਦੀਆਂ ਉਜਰਤਾਂ 'ਚ ਵਾਧੇ ਦੀ ਮੰਗ ਕਰਨ ਲਈ ਤਿਆਰ ਨਹੀਂ ਸੀ। ਮਜ਼ਦੂਰਾਂ ਨੂੰ ਜੋ ਗੱਲ ਸਭ ਤੋਂ ਵੱਧ ਚੁੱਭਦੀ ਸੀ, ਉਹ ਇਹ ਕਿ ਜਿਸ ਜੱਥੇਬੰਦੀ ਦਾ ਜਨਰਲ ਸਕੱਤਰ ਫਰਾਂਸ ਬਾਲੇਨੀ, ਮਜ਼ਦੂਰਾਂ ਦੀ ਕਮਾਈ 1 ਲੱਖ 5 ਹਜ਼ਾਰ ਰੈਂਡ (12600 ਡਾਲਰ) ਪ੍ਰਤੀ ਮਹੀਨਾ ਤਨਖਾਹ ਲੈਂਦੇ ਸੀ, ਉਸ ਨੂੰ ਚਟਾਨਾਂ ਕੱਟਣ ਵਾਲੇ ਮਜ਼ਦੂਰਾਂ ਦੀ 12500 ਰੈਂਡ ਪ੍ਰਤੀ ਮਹੀਨਾ ਤਨਖਾਹ ਦੀ ਮੰਗ ਗੈਰ ਵਾਜਬ ਲਗਦੀ ਸੀ। ਆਖਰ ਨੂੰ ਇਹਨਾਂ ਮਜ਼ਦੂਰਾਂ ਨੇ ਵੱਖਰੀ ਜੱਥੇਬੰਦੀ - ਖਾਣ ਅਤੇ ਉਸਾਰੀ ਮਜ਼ਦੂਰਾਂ ਦੀ ਐਸੋਸੀਏਸ਼ਨ - ਐਮਕੂ (AMCU) ਕਾਇਮ ਕਰ ਲਈ ਅਤੇ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ। ਇਸ ਜੱਥੇਬੰਦੀ ਨੇ ਖਾਣ ਮਜ਼ਦੂਰਾਂ ਦੇ ਨਾਲ ਨਾਲ ਗਰੀਬ ਮਜ਼ਦੂਰਾਂ, ਬੇਜਮੀਨਿਆਂ ਅਤੇ ਟੱਪਰੀਵਾਸਾਂ ਨੂੰ ਸੰਗਠਿਤ ਕੀਤਾ।

ਸਥਾਪਤ ਯੂਨੀਅਨਾਂ ਦੀ ਗੱਦਾਰੀ ਅਤੇ ਅੰਨ੍ਹੇ ਜਬਰ ਦੇ ਬਾਵਜੂਦ - ਮਜ਼ਦੂਰ ਨਵੇਂ ਲਾਂਘੇ ਭੰਨ ਰਹੇ ਹਨ

ਐਮਕੂ ਨੇ ਪਹਿਲਾਂ ਦੁਨੀਆ ਦੀ ਸਭ ਤੋਂ ਵੱਡੀ ਪਲਾਟੀਨਮ ਕੰਪਨੀ ਇਮਪਲਾਸਟ ਦੀਆਂ ਖਾਣਾਂ 'ਚ ਸਤਾਰਾਂ ਹਫਤੇ ਲੰਬੀ ਸ਼ਾਨਦਾਰ ਹੜਤਾਲ ਕੀਤੀ। ਇਸ ਹੜਤਾਲ ਦੇ ਨਤੀਜੇ ਵਜੋਂ ਉੱਥੋਂ ਦੇ ਚੱਟਾਨਾਂ ਕੱਟਣ ਵਾਲੇ ਮਜ਼ਦੂਰਾਂ (Rock Drill Operators) ਦੀਆਂ ਤਨਖਾਹਾਂ 4 ਹਜ਼ਾਰ ਰੈਂਡ ਤੋਂ ਵਧਾ ਕੇ 9500 ਰੈਂਡ ਪ੍ਰਤੀ ਮਹੀਨਾ ਕਰ ਦਿੱਤੀਆਂ ਗਈਆਂ। ਇਸ ਸੰਘਰਸ਼ ਦੀ ਜਿੱਤ ਨੇ ਜਿੱਥੇ ਲੋਨਮਿਨ ਕੰਪਨੀ ਦੇ ਮਜ਼ਦੂਰਾਂ ਦੇ ਹੌਂਸਲੇ ਬੁਲੰਦ ਕੀਤੇ ਉੱਥੇ ਨੁਮ (NUM)ਦੇ ਆਗੂਆਂ ਨੂੰ ਬੇਚੈਨ ਕਰ ਦਿੱਤਾ। ਉਹਨਾਂ ਨੂੰ ਆਪਣੀ ਡਿੱਗਦੀ ਸਾਖ ਦੀ ਚਿੰਤਾ ਖੜੀ ਹੋ ਗਈ। ਪਰ ਸਰਕਾਰ ਭੱਗਤੀ 'ਚ ਅੰਨ੍ਹੇ ਹੋਏ ਇਹ ਆਗੂ ਸੰਘਰਸ਼ ਕਰ ਰਹੇ ਮਜ਼ਦੂਰਾਂ ਨਾਲ ਖੜਨ ਦੀ ਥਾਂ ਮਾਲਕਾਂ ਅਤੇ ਪੁਲਸ ਦੇ ਹੱਕ 'ਚ ਖੁੱਲ੍ਹ ਕੇ ਨਿੱਤਰ ਆਏ ਅਤੇ ਮਜ਼ਦੂਰਾਂ 'ਚ ਪੂਰੀ ਤਰ੍ਹਾਂ ਨਿੱਖੜ ਗਏ, ਇੱਥੋਂ ਤੱਕ ਕਿ ਉਹ ਮਜ਼ਦੂਰਾਂ 'ਚ ਭਾਸ਼ਣ ਵੀ ਪੁਲਸ ਦੀਆਂ ਬਖਤਰਬੰਦ ਗੱਡੀਆਂ 'ਚੋਂ ਹੀ ਕਰਦੇ ਸਨ। ਉਹਨਾਂ ਦੇ ਸਾਹਮਣੇ ਖੜੇ ਹੋਣ ਦੀ ਹਿੰਮਤ ਨਹੀਂ ਸਨ ਕਰਦੇ।

ਦੱਖਣੀ ਅਫਰੀਕਾ ਦੀ ਪੁਲਸ ਵਲੋਂ ਮਜ਼ਦੂਰਾਂ ਦੇ ਇਸ ਵਹਿਸ਼ੀ ਕਤਲੇਆਮ ਦੇ ਬਾਵਜੂਦ ਵੀ ਮਜ਼ਦੂਰਾਂ ਦਾ ਸੰਘਰਸ਼ ਦਿਨੋਂ ਦਿਨ ਹੋਰ ਫੈਲ ਰਿਹਾ ਹੈ। ਰਾਇਲ ਬੈਫੋਨਕੈਗ ਪਲਾਟੀਨਮ (Royal Bafonkeng Platinum) ਅਤੇ ਐਗਲੋ ਅਮੈਰੀਕਨ ਪਲਾਟੀਨਮ (Anglo American Platinum) ਕੰਪਨੀਆਂ ਦੇ ਮਜ਼ਦੂਰਾਂ ਨੇ ਵੀ ਸੰਘਰਸ਼ ਦਾ ਝੰਡਾ ਚੁੱਕ ਲਿਆ ਹੈ।

ਅਸਲ 'ਚ ਮਜ਼ਦੂਰਾਂ ਦੀਆਂ ਕੰਮ ਅਤੇ ਜਿਉਣ ਹਾਲਤਾਂ ਉਹਨਾਂ ਨੂੰ ਸੰਘਰਸ਼ ਦੇ ਰਾਹ 'ਤੇ ਪੈਣ ਲਈ ਮਜਬੂਰ ਕਰ ਰਹੀਆਂ ਹਨ। ਹਰ ਸਾਲ ਮਾਰੀਕਾਨਾ 'ਚ ਪੁਲਸ ਵਲੋਂ ਮਾਰੇ ਮਜ਼ਦੂਰਾਂ ਤੋਂ ਕਈ ਗੁਣਾ ਵੱਧ ਮਜ਼ਦੂਰ ਖਾਣਾਂ 'ਚ ਵਾਪਰਦੇ ਹਾਦਸਿਆਂ 'ਚ ਮਾਰੇ ਜਾਂਦੇ ਹਨ। ਸਾਲ 2010 'ਚ 128 ਮਜ਼ਦੂਰ ਇਹਨਾਂ ਹਾਦਸਿਆਂ 'ਚ ਮਾਰੇ ਗਏ ਸਨ। ਪ੍ਰਬੰਧਕਾਂ ਅਤੇ ਮਜ਼ਦੂਰਾਂ ਦੀਆਂ ਤਨਖਾਹਾਂ 'ਚ ਵੱਡਾ ਪਾੜਾ ਕਿਰਤ ਦੀ ਅੰਨ੍ਹੀਂ ਲੁੱਟ ਦਰਸਾਉਂਦਾ ਹੈ। ਲੌਨਮਿਨ ਕੰਪਨੀ ਆਪਣੇ ਮੁੱਖ ਪ੍ਰਸ਼ਾਸਕ ਨੂੰ ਜਿੰਨੀ ਤਨਖਾਹ ਅਤੇ ਭੱਤੇ ਹਰ ਸਾਲ ਦਿੰਦੀ ਹੈ, ਉਨੀਂ ਤਨਖਾਹ ਚੱਟਾਨਾਂ ਕੱਟਣ ਵਾਲਾ ਮਜ਼ਦੂਰ 4੦੦ ਸਾਲਾਂ 'ਚ ਕੰਮ ਕਰਕੇ ਵੀ ਨਹੀਂ ਕਮਾ ਸਕਦਾ।

ਚਾਹੇ ਦੱਖਨੀ ਅਫਰੀਕਾ ਦੇ ਰਾਸ਼ਟਰਪਤੀ ਜੈਕਬ ਜੂਮਾ ਨੇ ਮਾਰੀਕਾਨਾ ਕਤਲੇਆਮ ਦੀ ਪੜਤਾਲ ਦੇ ਕੁਮ ਦਿੱਤੇ ਹਨ, ਪਰ ਇਹ ਪੜਤਾਲ ਮਹਿਜ਼ ਇੱਕ ਡਰਾਮਾ ਹੈ। ਇਸਦਾ ਮਕਸਦ ਪੁਲਸ, ਖਾਣ ਮਾਲਕਾਂ ਅਤੇ ਉਹਨਾਂ ਦੀ ਭਾਈਵਾਲ ਨੁਮ (NUM) ਨੂੰ ਦੁੱਧ ਧੋਤੇ ਸਿੱਧ ਕਰਕੇ ਸਾਰਾ ਦੋਸ਼ ਮਜ਼ਦੂਰਾਂ ਅਤੇ ਉਹਨਾਂ ਦੀ ਸੰਘਰਸ਼ੀਲ ਜੱਥੇਬੰਦੀ ਐਮਕੂ (AMCU) ਸਿਰ ਮੜ੍ਹਨਾ ਹੈ।

No comments:

Post a Comment