StatCounter

Saturday, September 1, 2012

ਸੰਗਰਾਮੀ ਸ਼ਰਧਾਂਜਲੀ ਭੇਟ ਕਰੋ

ਕਮਿਊਨਿਸਟ ਇਨਕਲਾਬੀ ਲਹਿਰ ਦੀ ਸਰਬ-ਸਾਂਝੀ ਸਖਸ਼ੀਅਤ, 
ਇਨਕਲਾਬੀ ਰੰਗ-ਮੰਚ ਦੇ ਸਿਰਤਾਜ ਅਤੇ ਲੋਕਾਂ ਦੇ ਨਾਇਕ ਕਾਮਰੇਡ ਗੁਰਸ਼ਰਨ ਸਿੰਘ ਨੂੰ
 

ਸੰਗਰਾਮੀ ਸ਼ਰਧਾਂਜਲੀ ਭੇਟ ਕਰੋ


ਅੱਜ ਜਦੋਂ ਅਸੀਂ ਸਾਥੀ ਗੁਰਸ਼ਰਨ ਸਿੰਘ ਦੀ ਪਹਿਲੀ ਬਰਸੀ ਮਨਾਉਣ ਜਾ ਰਹੇ ਹਾਂ ਤਾਂ ਇੱਕ ਅਜੀਬ ਤਰ੍ਹਾਂ ਦਾ ਸੱਖਣਾਪਣ ਵੱਡੀ ਪੱਧਰ 'ਤੇ ਮਹਿਸੂਸ ਕੀਤਾ ਜਾ ਰਿਹਾ ਹੈ। ਹਰ ਖੇਤਰ ਭਾਵੇਂ ਉਹ ਇਨਕਲਾਬੀ ਰੰਗਮੰਚ ਹੋਵੇ ਜਾਂ ਹੋਰ ਸਾਹਿਤਕ-ਸਭਿਆਚਾਰਕ ਸਰਗਰਮੀਆਂ ਦਾ ਹੋਵੇ, ਇਹ ਭਾਵੇਂ ਇਨਕਲਾਬੀ ਜਮਹੂਰੀ ਜਥੇਬੰਦੀਆਂ ਅਤੇ ਲੋਕ ਸੰਘਰਸ਼ਾਂ ਦਾ ਹੋਵੇ ਜਾਂ ਕਮਿਊਨਿਸਟ ਇਨਕਲਾਬੀ ਲਹਿਰ ਨਾਲ ਸਬੰਧਤ ਮਸਲਿਆਂ ਦਾ, ਉਹਨਾਂ ਦੇ ਵਿੱਛੜ ਜਾਣ ਦੀ ਡੂੰਘੀ ਚੀਸ ਇਹਨਾਂ ਖੇਤਰਾਂ ਨਾਲ ਜੁੜੇ ਹਰ ਕਾਰਕੁੰਨ ਦੇ ਚਿਹਰਿਆਂ ਤੋਂ ਪ੍ਰਤੱਖ ਪੜ੍ਹੀ ਜਾ ਸਕਦੀ ਹੈ। ਖਾਸ ਤੌਰ 'ਤੇ ਇਸਦਾ ਅਨੁਭਵ ਉਦੋਂ ਹੁੰਦਾ ਹੈ, ਜਦੋਂ ਸਾਥੀ ਗੁਰਸ਼ਰਨ ਸਿੰਘ ਵੱਲੋਂ ਇਹਨਾਂ ਖੇਤਰਾਂ ਵਿੱਚ ਨਿਭਾਏ ਰੋਲ ਅਤੇ ਉਹਨਾਂ ਦੀ ਵੱਡਮੁੱਲੀ ਦੇਣ ਬਾਰੇ ਕੋਈ ਚਰਚਾ ਛਿੜਦੀ ਹੈ, ਭਾਵੇਂ ਇਨਕਲਾਬੀ ਲਹਿਰ ਦਾ ਕਾਫਲਾ ਅਤੇ ਉਹਨਾਂ ਵੱਲੋਂ ਸਿਰਜੇ ਰੰਗ-ਮੰਚ ਅਤੇ ਇਨਕਲਾਬੀ ਸਭਿਆਚਾਰਕ-ਸਾਹਿਤਕ ਪਿੜ ਅੰਦਰ ਉਹਨਾਂ ਵੱਲੋਂ ਪੈਦਾ ਕੀਤੇ ਪੂਰਾਂ ਦੇ ਪੂਰ ਉਹਨਾਂ ਦੇ ਅਧੂਰੇ ਕਾਰਜ ਨੂੰ ਸਿਰੇ ਚੜ੍ਹਾਉਣ ਲਈ ਪੂਰੀ ਤਾਕਤ ਨਾਲ ਜੁਟੇ ਹੋਏ ਹਨ ਪਰ ਇਸਦੇ ਬਾਵਜੂਦ ਗੁਰਸ਼ਰਨ ਭਾਅ ਜੀ ਦੀ ਵਿਲੱਖਣ ਸਖਸ਼ੀਅਤ, ਲੋਕ-ਮੁਕਤੀ ਦੇ ਸੁੱਚੇ ਕਾਜ ਪ੍ਰਤੀ ਉਹਨਾਂ ਦੀ ਪ੍ਰਤੀਬੱਧਤਾ, ਨਿੱਡਰਤਾ ਅਤੇ ਲਗਾਤਾਰਤਾ ਅਤੇ ਸਭ ਤੋਂ ਵੱਧ ਸਮਾਜਿਕ ਅਮਲ ਦੀ ਕਸਵੱਟੀ 'ਤੇ ਉਹਨਾਂ ਦੀ ਕਹਿਣੀ ਅਤੇ ਕਰਨੀ ਵਿੱਚ ਇੱਕਸੁਰਤਾ ਅਤੇ ਅੰਤਾਂ ਦੀ ਇਮਾਨਦਾਰੀ ਕਰਕੇ ਉਹਨਾਂ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ।

ਗੁਰਸ਼ਰਨ ਭਾਅ ਜੀ ਨੇ ਅਜੇ ਜਵਾਨੀ ਵਿੱਚ ਪੈਰ ਧਰਿਆ ਹੀ ਸੀ ਜਦੋਂ ਉਹਨਾਂ ਨੇ ਆਪਣਾ ਨਾਤਾ ਮਾਰਕਸਵਾਦੀ ਫਲਸਫੇ ਨਾਲ ਜੋੜਿਆ। ਮਜ਼ਦੂਰ ਜਮਾਤ ਦੀ ਵਿਗਿਆਨਕ ਵਿਚਾਰਧਾਰਾ ਮਾਰਕਸਵਾਦ-ਲੈਨਿਨਵਾਦ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਲੋਕਾਂ ਦੇ ਦੁੱਖਾਂ-ਮੁਸੀਬਤਾਂ ਦੀ ਜੜ੍ਹ ਭਾਰਤ ਦੇ ਗਲੇ-ਸੜੇ ਸਮਾਜਿਕ ਪ੍ਰਬੰਧ ਨੂੰ ਜੜ੍ਹੋਂ ਪੁੱਟ ਕੇ ਲੋਕ ਇਨਕਲਾਬ ਕਰਨ ਅਤੇ ਹਰ ਕਿਸਮ ਦੀ ਲੁੱਟ ਅਤੇ ਦਾਬੇ ਤੋਂ ਮੁਕਤ ਸਮਾਜ ਦੀ ਸਿਰਜਣਾ ਕਰਨ ਨੂੰ ਆਪਣੀ ਜ਼ਿੰਦਗੀ ਦਾ ਲਕਸ਼ ਬਣਾਇਆ ਅਤੇ ਇਸ ਨੂੰ ਪੂਰਾ ਕਰਨ ਲਈ ਆਪਣੀ ਜ਼ਿੰਦਗੀ ਦਾ ਇੱਕ ਇੱਕ ਪਲ ਇਸਨੂੰ ਅਰਪਣ ਕੀਤਾ। ਆਪਣੇ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਸ਼ੁਰੂ ਵਿੱਚ ਭਾਵੇਂ ਉਹਨਾਂ ਕੁੱਝ ਟਰੇਡ ਯੂਨੀਅਨ ਕੰਮ ਵੀ ਕੀਤਾ ਪਰ ਉਹਨਾਂ ਦੀ ਸਰਗਰਮੀ ਦਾ ਮੁੱਖ ਖੇਤਰ ਇਨਕਲਾਬੀ ਰੰਗ-ਮੰਚ ਬਣਿਆ। ਪੰਜਾਬ ਅੰਦਰ ਇਨਕਲਾਬੀ ਨਾਟਕ ਦੇ ਸ਼੍ਰੋਮਣੀ ਉਸਰੱਈਏ ਹੋਣ ਦਾ ਸਿਹਰਾ ਉਹਨਾਂ ਸਿਰ ਹੀ ਬੱਝਦਾ ਹੈ। ਇਸ ਖੇਤਰ ਅੰਦਰ ਕੰਮ ਕਰਦਿਆਂ ਉਹਨਾਂ 'ਕਲਾ ਕਲਾ ਲਈ' ਦੀ ਸੁਰ ਅਲਾਪਣ ਵਾਲੇ ਬੁਰਜੂਆ ਬੁੱਧੀਜੀਵੀਆਂ ਅਤੇ ਸਾਹਿਤਕਾਰਾਂ ਦੇ ਖਿਲਾਫ ਇਨਕਲਾਬੀ ਲੀਹ ਦਾ ਝੰਡਾ ਬੁਲੰਦ ਕੀਤਾ ਅਤੇ ਕਲਾ-ਕਿਰਤਾਂ ਅੰਦਰ 'ਕਲਾ ਲੋਕਾਂ ਲਈ' ਦੇ ਅਸੂਲ ਦੀ ਪੈਰਵਾਈ ਕਰਦਿਆਂ ਭਾਰੀ-ਭਰਕਮ, ਖਰਚੀਲੀਆਂ ਅਤੇ ਰੂਪਕ ਪੱਖ ਨੂੰ ਹੀ ਸਭ ਕੁੱਝ ਸਮਝਣ ਵਾਲੀਆਂ ਕਲਾ ਸਰਗਰਮੀਆਂ ਦੀ ਬਜਾਏ ਲੋਕਾਂ ਨਾਲ ਜੁੜੇ ਮਸਲਿਆਂ ਉੱਪਰ ਲੋਕਾਂ ਨੂੰ ਸਿੱਧਾ ਅਤੇ ਸਪਸ਼ਟ ਸੁਨੇਹਾ ਦੇਣ ਦੀਆਂ ਸਾਦ-ਮੁਰਾਦੀਆਂ ਪਰ ਰੂਪ ਅਤੇ ਤੱਤ ਦਾ ਦਰੁਸਤ ਸੁਮੇਲ ਕਰਨ ਵਾਲੀਆਂ ਕਲਾ-ਸਰਗਰਮੀਆਂ ਕਰਨ ਉੱਪਰ ਜ਼ੋਰ ਦਿੱਤਾ।

ਗੁਰਸ਼ਰਨ ਭਾਅ ਜੀ ਨੇ ਨਾਟਕ ਵਿਧਾ ਰਾਹੀਂ ਸਾਡੇ ਇਤਿਹਾਸ ਦੇ ਇਨਕਲਾਬੀ ਵਿਰਸੇ ਨੂੰ ਉਚਿਆਇਆ। ਉਹਨਾਂ ਨੇ ਸਾਮਰਾਜਵਾਦ ਦੇ ਖਿਲਾਫ ਸੱਚੀ ਆਜ਼ਾਦੀ ਦੀ ਲੜਾਈ ਲੜਨ ਵਾਲੇ ਸ਼ਹੀਦ ਭਗਤ ਸਿੰਘ ਅਤੇ ਹੋਰ ਸ਼ਹੀਦਾਂ ਦੇ ਨਿਸ਼ਾਨੇ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਉਪਰਾਲੇ ਵਜੋਂ ਜਿਥੇ ਸਾਮਰਾਜੀ ਪ੍ਰਬੰਧ ਦਾ ਡਟਵਾਂ ਵਿਰੋਧ ਕੀਤਾ, ਉਥੇ ਭਾਰਤੀ ਲੋਕਾਂ ਦੀ ਲੁੱਟ ਅਤੇ ਦਮਨ ਕਰਨ ਵਾਲੇ ਅੱਜ ਦੇ 'ਮਲਕ ਭਾਗੋਆਂ' ਦੇ ਖਿਲਾਫ ਵੀ ਲੋਕਾਂ ਨੂੰ ਉੱਠ ਖੜ੍ਹੇ ਹੋਣ ਦਾ ਹੋਕਾ ਦਿੱਤਾ। ਸਾਮਰਾਜੀ-ਜਾਗੀਰੂ ਸਭਿਆਚਾਰ ਦਾ ਪਰਦਾਫਾਸ਼ ਕਰਦਿਆਂ ਉਹਨਾਂ ਨੇ ਬਾਜ਼ਾਰੂ ਅਤੇ ਗਲੀਆਂ-ਸੜੀਆਂ ਕਦਰਾਂ-ਕੀਮਤਾਂ ਦੇ ਮੁਕਾਬਲੇ ਅਗਾਂਹਵਧੂ, ਜਮਹੂਰੀ ਅਤੇ ਇਨਕਲਾਬੀ ਕਦਰਾਂ-ਕੀਮਤਾਂ ਦਾ ਪਰਚਾਰ ਕੀਤਾ। ਉਹਨਾਂ ਨੇ ਭਾਰਤੀ ਸਮਾਜ ਅੰਦਰ ਪਿਤਾ-ਪੁਰਖੀ ਰੀਤੀ-ਰਿਵਾਜਾਂ ਰਾਹੀਂ ਔਰਤਾਂ ਨੂੰ ਨੂੜਨ, ਜਾਤ-ਪਾਤੀ ਦਾਬੇ ਅਤੇ ਵਿਤਕਰੇ ਰਾਹੀਂ ਦਲਿਤ ਅਤੇ ਪਛੜੀਆਂ ਜਾਤਾਂ ਨੂੰ ਦਬਾਉਣ ਅਤੇ ਧਰਮ ਦੇ ਆਧਾਰ 'ਤੇ ਫਿਰਕਾਪ੍ਰਸਤੀ ਭੜਕਾ ਕੇ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਤੋੜਨ ਵਾਲੀਆਂ ਤਾਕਤਾਂ 'ਤੇ ਕਰਾਰੀ ਚੋਟ ਕੀਤੀ। ਕਿਰਤੀ ਜਮਾਤ ਦੀ ਦੁਰਦਸ਼ਾ ਕਰਨ ਵਾਲੇ ਹਿੰਦੋਸਤਾਨ ਦੇ ਜੋਕ-ਰਾਜ ਦੀ ਰਾਖੀ ਕਰਨ, ਲੋਕਾਂ ਨੂੰ ਲਾਰੇ-ਲੱਪੇ ਅਤੇ ਧੋਖੇ ਦਾ ਸ਼ਿਕਾਰ ਬਣਾਉਣ ਵਾਲੇ ਇੱਥੋਂ ਦੇ ਪਾਰਲੀਮਾਨੀ ਪ੍ਰਬੰਧ ਅਤੇ ਇਸਦੇ ਹਾਕਮ ਜਮਾਤੀ ਆਗੂਆਂ ਦੇ ਲੋਕ-ਦੁਸ਼ਮਣ ਕਿਰਦਾਰ ਉੱਤੇ ਤਿੱਖੇ ਵਿਅੰਗ ਕੀਤੇ। ਇਹ ਰੋਲ ਉਹਨਾਂ ਨਾ ਸਿਰਫ ਇਨਕਲਾਬੀ ਨਾਟਕਾਂ ਰਾਹੀਂ ਨਿਭਾਇਆ ਬਲਕਿ ਸਮੇਂ ਸਮੇਂ 'ਤੇ ਆਪਣੇ ਵੱਲੋਂ ਕੱਢੇ ਪਰਚਿਆਂ, ਤਕਰੀਰਾਂ, ਕੈਸਿਟਾਂ ਅਤੇ ਬਲਰਾਜ ਸਾਹਨੀ ਪ੍ਰਕਾਸ਼ਨ ਵੱਲੋਂ ਛਾਪੀਆਂ ਬਹੁਤ ਸਾਰੀਆਂ ਕਿਤਾਬਾਂ ਅਤੇ ਲਿਖਤਾਂ ਰਾਹੀਂ ਵੀ ਨਿਭਾਇਆ।

ਸਾਥੀ ਗੁਰਸ਼ਰਨ ਸਿੰਘ ਦਾ ਇਹ ਪੱਕਾ ਯਕੀਨ ਸੀ ਕਿ ਭਾਰਤ ਦੇ ਦੱਬੇ-ਕੁਚਲੇ ਲੋਕਾਂ ਦੀ ਮੁਕਤੀ ਕਮਿਊਨਿਸਟ ਵਿਚਾਰਧਾਰਾ ਅਤੇ ਸਿਆਸਤ ਨੂੰ ਅਪਣਾਏ ਬਿਨਾ ਨਹੀਂ ਹੋ ਸਕਦੀ। ਇਸ ਕਰਕੇ ਕਮਿਊਨਿਸਟ ਇਨਕਲਾਬੀ ਲਹਿਰ ਨੂੰ ਦਰਪੇਸ਼ ਸਮੱਸਿਆਵਾਂ ਹਮੇਸ਼ਾ ਉਹਨਾਂ ਦੇ ਸਰੋਕਾਰ ਦਾ ਮਸਲਾ ਬਣੀਆਂ ਰਹੀਆਂ। ਹਰ ਔਖੀ ਅਤੇ ਪਰਖ ਦੀ ਘੜੀ ਸਮੇਂ ਉਹ ਹਮੇਸ਼ਾ ਇਸਦੇ ਅੰਗ ਸੰਗ ਰਹੇ। 1970ਵਿਆਂ ਦਾ ਸ਼ੁਰੂਆਤੀ ਸਮਾਂ ਭਾਰਤੀ ਹਾਕਮਾਂ ਵੱਲੋਂ ਕਮਿਊਨਿਸਟ ਇਨਕਲਾਬੀ ਲਹਿਰ ਉੱਤੇ ਖੂਨੀ ਝਪਟਾਂ ਮਾਰਨ ਅਤੇ ਕਮਿਊਨਿਸਟ ਇਨਕਲਾਬੀਆਂ ਦਾ ਝੂਠੇ ਪੁਲਸ ਮੁਕਾਬਲਿਆਂ ਰਾਹੀਂ ਕਤਲੇਆਮ ਕਰਨ ਦਾ ਕਾਲਾ ਸਮਾਂ ਸੀ। ਉਸ ਵੇਲੇ ਇਹ ਸਾਥੀ ਗੁਰਸ਼ਰਨ ਸਿੰਘ ਹੀ ਸਨ, ਜਿਹਨਾਂ ਨੇ ਬੇਖੌਫ਼ ਹੋ ਕੇ ਨਕਸਲਬਾੜੀ ਲਹਿਰ ਦੇ ਕਾਰਕੁੰਨਾਂ ਨੂੰ ਝੂਠੇ ਪੁਲਸ ਮੁਕਾਬਲਿਆਂ ਰਾਹੀਂ ਮਾਰਨ ਦੇ ਖਿਲਾਫ ਆਪਣੀ ਆਵਾਜ਼ ਉਠਾਈ।  ਇਸਤੋਂ ਵੀ ਅੱਗੇ ਉਹਨਾਂ ਇਸ ਲਹਿਰ ਦੇ ਜਨਤਕ ਬੁਲਾਰੇ ਵਾਂਗ ਕੰਮ ਕਰਦਿਆਂ ਇਸਦੇ ਉਦੇਸ਼ਾਂ ਦਾ ਡਟਕੇ ਪਰਚਾਰ ਕੀਤਾ ਅਤੇ ਇਸ ਲਹਿਰ ਤੋਂ ਪ੍ਰਭਾਵਿਤ ਹੋ ਕੇ ਰਚੇ ਜਾ ਰਹੇ ਸਾਹਿਤ ਅਤੇ ਜੁਝਾਰੂ ਕਵਿਤਾ ਉੱਤੇ ਹੋ ਰਹੇ ਤਰ੍ਹਾਂ ਤਰ੍ਹਾਂ ਦੇ ਹਮਲਿਆਂ ਤੋਂ ਇਸਦੀ ਰਾਖੀ ਕਰਨ ਲਈ ਮੋਰਚਾ ਮੱਲੀ ਰੱਖਿਆ।

ਇਸ ਤੋਂ ਬਾਅਦ ਐਮਰਜੈਂਸੀ ਦਾ ਕਾਲਾ ਦੌਰ ਆਇਆ। ਉਸ ਸਮੇਂ ਇੰਦਰਾ ਗਾਂਧੀ ਦੀ ਕਾਂਗਰਸੀ ਹਕੂਮਤ ਵੱਲੋਂ ਦੇਸ਼ ਅੰਦਰ ਸੰਕਟ ਕਾਲੀਨ ਹਾਲਤ ਦਾ ਐਲਾਨ ਕਰਕੇ ਦੇਸ਼ ਵਿਆਪੀ ਫਾਸ਼ੀ ਹੱਲਾ ਬੋਲ ਦਿੱਤਾ ਗਿਆ। ਵੱਡੀ ਪੱਧਰ 'ਤੇ ਕਮਿਊਨਿਸਟ ਇਨਕਲਾਬੀ ਤਾਕਤਾਂ, ਜਮਹੂਰੀ ਸ਼ਕਤੀਆਂ, ਟਰੇਡ ਯੂਨੀਅਨਾਂ ਅਤੇ ਜਨਤਕ ਕਰਿੰਦਿਆਂ ਇੱਥੋਂ ਤੱਕ ਕਿ ਵਿਰੋਧੀ ਸਿਆਸੀ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਨੂੰ ਵੀ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ। ਡੀ.ਆਈ.ਆਰ. ਅਤੇ ਮੀਸਾ ਵਰਗੇ ਕਾਲੇ ਕਾਨੂੰਨ ਬਣਾਏ ਗਏ ਅਤੇ ਲਿਖਣ-ਬੋਲਣ 'ਤੇ ਤਰ੍ਹਾਂ ਤਰ੍ਹਾਂ ਦੀ ਪਾਬੰਦੀ ਲਾਈ ਗਈ। ਜਬਰ ਦੇ ਇਸ ਝੱਖੜ ਵਿੱਚ ਬਹੁਤ ਸਾਰੇ ਰੁਮਾਂਸਵਾਦੀਆਂ ਦੇ ਸ਼ਾਮਿਆਨੇ ਡੋਲ ਗਏ ਪਰ ਸਾਥੀ ਗੁਰਸ਼ਰਨ ਸਿੰਘ ਆਪਣੇ ਅਕੀਦੇ ਦੇ ਪੱਕੇ ਰਹੇ। ਉਸ ਸਮੇਂ ਵੀ ਗੁਰਸ਼ਰਨ ਭਾਅ ਜੀ ਨੇ ਐਮਰਜੈਂਸੀ ਉੱਤੇ ਗੁੱਝੀਆਂ ਚੋਟਾਂ ਲਾਉਣ ਵਾਲੇ ਨਾਟਕਾਂ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਆਪਣੇ ਕਾਜ ਪ੍ਰਤੀ ਆਪਣੀ ਨਿਹਚਾ ਅਤੇ ਦ੍ਰਿੜ੍ਹਤਾ ਦਾ ਪ੍ਰਗਟਾਵਾ ਕੀਤਾ। ਇਸਦੀ ਕੀਮਤ ਉਹਨਾਂ ਨੂੰ ਸਰਕਾਰੀ ਨੌਕਰੀ ਤੋਂ ਹਟਾਏ ਜਾਣ ਦੇ ਰੂਪ ਵਿੱਚ 'ਤਾਰਨੀ ਪਈ।

1980ਵਿਆਂ ਤੋਂ ਲੈ ਕੇ 1990ਵਿਆਂ ਦੇ ਸ਼ੁਰੂ ਦੇ ਇੱਕ ਦਹਾਕੇ ਤੋਂ ਵੀ ਵੱਧ ਸਾਲਾਂ ਤੱਕ ਪੰਜਾਬ ਅੰਦਰ ਹਕੂਮਤੀ ਅਤੇ ਖਾਲਿਸਤਾਨੀ ਦਹਿਸ਼ਤਗਰਦੀ ਨੇ ਲੋਕਾਂ ਦਾ ਜੀਣਾ ਦੁੱਭਰ ਕਰੀ ਰੱਖਿਆ। ਵੱਡੀ ਪੱਧਰ 'ਤੇ ਝੂਠੇ ਪੁਲੀਸ ਮੁਕਾਬਲੇ ਬਣਾਏ ਗਏ ਅਤੇ ਨਿਰਦੋਸ਼ ਲੋਕਾਂ ਦਾ ਕਤਲੇਆਮ ਕੀਤਾ ਗਿਆ। ਲੋਕਾਂ ਦੇ ਜਾਨ-ਮਾਲ ਦੇ ਕੀਤੇ ਜਾ ਰਹੇ ਘਾਣ ਖਿਲਾਫ ਉੱਠਣ ਵਾਲੀ ਹਰ ਆਵਾਜ਼ ਨੂੰ ਖੂਨ ਵਿੱਚ ਡੁਬੋਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਬਹੁਤ ਸਾਰੇ ਕਮਿਊਨਿਸਟ ਇਨਕਲਾਬੀਆਂ, ਜਨਤਕ ਕਰਿੰਦਿਆਂ, ਪੱਤਰਕਾਰਾਂ, ਲੇਖਕਾਂ ਅਤੇ ਸਭਿਆਚਾਰਕ ਕਾਮਿਆਂ ਨੂੰ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕਰਨੀਆਂ ਪਈਆਂ। ਇਹੋ ਜਿਹੀਆਂ ਕਸੂਤੀਆਂ ਹਾਲਤਾਂ ਵਿੱਚ ਸਾਥੀ ਗੁਰਸ਼ਰਨ ਸਿੰਘ ਦਾ ਸੰਵੇਦਨਸ਼ੀਲ ਮਨ ਟਿਕ ਕੇ ਬੈਠਣ ਵਾਲਾ ਨਹੀਂ ਸੀ। ਆਪਣੇ ਘਰ ਦਾ ਉਖੇੜਾ ਝੱਲਣ ਦੇ ਬਾਵਜੂਦ ਉਹਨਾਂ ਨੇ ਲੋਕਾਂ ਦੇ ਖੂਨ ਨਾਲ ਹੋਲੀ ਖੇਡਣ ਵਾਲੀਆਂ ਤਾਕਤਾਂ ਦਾ ਬੇਕਿਰਕ ਵਿਰੋਧ ਜਾਰੀ ਰੱਖਿਆ। ਉਸ ਸਮੇਂ ਉਹਨਾਂ ਦੀ ਅਗਵਾਈ ਵਿੱਚ ਗੁਰਦਾਸਪੁਰ ਤੋਂ ਸ਼ੁਰੂ ਹੋ ਕੇ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਤੱਕ ਕਈ ਦਿਨ ਚੱਲਿਆ ਲੋਕ-ਮਾਰਚ ਅੱਜ ਵੀ ਲੋਕਾਂ ਦੇ ਮਨਾਂ ਵਿੱਚ ਤਰੋ-ਤਾਜ਼ਾ ਹੈ।

ਆਪਣੀ ਉਮਰ ਦੇ ਆਖਰੀ ਪੜਾਅ ਵਿੱਚ ਆਪਣੀ ਕਮਜ਼ੋਰ ਸਿਹਤ ਦੇ ਬਾਵਜੂਦ ਉਹ ਟਿਕ ਕੇ ਨਹੀਂ ਬੈਠੇ। ਹਰ ਥਾਂ, ਹਰ ਸਮੇਂ ਉਹ ਲੋਕਾਂ ਨੂੰ ਇਨਕਲਾਬ ਦਾ ਸੁਨੇਹਾ ਦਿੰਦੇ ਰਹੇ। ਦੇਸ਼ ਦੇ ਹਾਕਮਾਂ ਵੱਲੋਂ ਜਦੋਂ ਕਬਾਇਲੀ ਲੋਕਾਂ ਅਤੇ ਮਾਓਵਾਦੀ ਤਾਕਤਾਂ ਉੱਤੇ ਜਬਰ ਕਰਨ ਲਈ ਅਪਰੇਸ਼ਨ ਗਰੀਨ ਹੰਟ ਸ਼ੁਰੂ ਕੀਤਾ ਗਿਆ ਤਾਂ ਸਾਥੀ ਗੁਰਸ਼ਰਨ ਸਿੰਘ ਨੇ ਇਸਦੇ ਖਿਲਾਫ ਜ਼ੋਰਦਾਰ ਆਵਾਜ਼ ਉਠਾਈ। ਅਪਰੇਸ਼ਨ ਗਰੀਨ ਹੰਟ ਦਾ ਵਿਰੋਧ ਕਰਨ ਲਈ ਪੰਜਾਬ ਅੰਦਰ ਬਣੇ ਅਪਰੇਸ਼ਨ ਗਰੀਨ ਹੰਟ ਵਿਰੋਧੀ ਫਰੰਟ ਦੇ ਉਹ ਕਨਵੀਨਰ ਬਣੇ। ਇਸ ਤਰ੍ਹਾਂ ਜਿੱਥੇ ਸਾਥੀ ਗੁਰਸ਼ਰਨ ਸਿੰਘ ਆਪਣੀ ਸਮੁੱਚੀ ਜ਼ਿੰਦਗੀ ਦੌਰਾਨ ਕਮਿਊਨਿਸਟ ਇਨਕਲਾਬੀ ਲਹਿਰ ਦੇ ਹਰ ਮੋੜ, ਹਰ ਔਖੀ ਘੜੀ ਮੌਕੇ ਆਪਣੇ ਇਨਕਲਾਬੀ ਨਿਸ਼ਚੇ 'ਤੇ ਸਾਬਤਕਦਮੀ ਨਾਲ ਨਿਭੇ ਉਥੇ ਇਨਕਲਾਬੀ ਜਨਤਕ ਲਹਿਰ ਨੂੰ ਅੱਤ ਦੇ ਮੁਸ਼ਕਲਾਂ ਭਰੇ ਸਮਿਆਂ ਵਿੱਚ ਹੁੰਗਾਰੇ ਦੀ ਲੋੜ ਦੇ ਸਨਮੁੱਖ ਵੀ ਉਹ ਪੂਰੀ ਦ੍ਰਿੜ੍ਹਤਾ ਅਤੇ ਦਲੇਰੀ ਨਾਲ ਖਰੇ ਉੱਤਰੇ। ਇਉਂ ਉਹਨਾਂ ਦੀ ਜੀਵਨ-ਘਾਲਣਾ ਇਨਕਲਾਬੀ ਜਜ਼ਬੇ ਨਾਲ ਸ਼ਰਸ਼ਾਰ ਪ੍ਰਤੀਬੱਧਤਾ, ਲਗਨ, ਤਿਆਗ ਅਤੇ ਇਮਾਨਦਾਰੀ ਦੀ ਬਲਦੀ ਮਿਸਾਲ ਹੈ ਜੋ ਇਨਕਲਾਬੀ ਲਹਿਰ ਅਤੇ ਸਮੂਹ ਲੋਕਾਂ ਲਈ ਚਾਨਣ-ਮੁਨਾਰਾ ਹੈ।

ਵਰਤਮਾਨ ਹਾਲਤਾਂ ਦੀ ਚੁਣੌਤੀ ਕਬੂਲ ਕਰੋ
1990ਵਿਆਂ ਦੇ ਸ਼ੁਰੂ ਵਿੱਚ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਸਾਮਰਾਜੀ ਪ੍ਰਬੰਧ ਦੇ ਰਾਖੇ ਬੁੱਧੀਜੀਵੀਆਂ ਨੇ ਇਹ ਢੰਡੋਰਾ ਪਿੱਟਿਆ ਸੀ ਕਿ ਸਮਾਜਵਾਦ ਫੇਲ੍ਹ ਹੋ ਗਿਆ ਹੈ ਅਤੇ ਹੁਣ ਸਾਮਰਾਜੀ ਪ੍ਰਬੰਧ ਦਾ ਕੋਈ ਬਦਲ ਨਹੀਂ। ਲੇਕਿਨ ਅੱਜ ਇਸ ਪ੍ਰਬੰਧ ਨੂੰ ਦੂਸਰੀ ਸੰਸਾਰ ਜੰਗ ਤੋਂ ਬਾਅਦ ਦੇ ਸਭ ਤੋਂ ਵੱਡੇ ਮੰਦਵਾੜੇ ਦੀ ਮਾਰ ਝੱਲਣੀ ਪੈ ਰਹੀ ਹੈ, ਜਿਸ ਕਰਕੇ ਹੁਣ ਇਹਨਾਂ ਸਾਮਰਾਜਵਾਦ ਦੇ ਝੋਲੀ ਚੁੱਕਾਂ ਦੀਆਂ ਜੀਭਾਂ ਠਾਕੀਆਂ ਗਈਆਂ ਹਨ। ਆਰਥਿਕ-ਸਿਆਸੀ ਸੰਕਟਾਂ ਦਾ ਝੰਬਿਆ ਸਾਮਰਾਜੀ ਪ੍ਰਬੰਧ ਆਪਣੇ ਸੰਕਟਾਂ ਦਾ ਭਾਰ ਦੁਨੀਆਂ ਦੇ ਕਿਰਤੀ ਵਰਗ ਅਤੇ ਦੱਬੇ ਕੁਚਲੇ ਦੇਸ਼ਾਂ ਉੱਪਰ ਸੁੱਟ ਰਿਹਾ ਹੈ। ਇਹਨਾਂ ਸੰਕਟਾਂ 'ਚੋਂ ਨਿਕਲਣ ਲਈ ਸਾਮਰਾਜਵਾਦ ਖਾਸ ਕਰ ਅਮਰੀਕੀ ਸਾਮਰਾਜਵਾਦ ਹਮਲੇ ਅਤੇ ਜੰਗ ਦੀਆਂ ਨੀਤੀਆਂ ਨੂੰ ਦਹਿਸ਼ਤਵਾਦ ਵਿਰੋਧੀ ਜੰਗ ਦੀ ਆੜ ਹੇਠ ਜ਼ੋਰ ਸ਼ੋਰ ਨਾਲ ਅੱਗੇ ਵਧਾ ਰਿਹਾ ਹੈ। ਕਿਤੇ ਰਸਾਇਣਕ ਅਤੇ ਐਟਮੀ ਹਥਿਆਰਾਂ ਨੂੰ ਕਾਬੂ ਕਰਨ ਲਈ ਇਰਾਕ ਉੱਤੇ ਅਤੇ ਕਿਤੇ ਅੱਤਵਾਦ ਨੂੰ ਕੁਚਲਣ ਦੇ ਨਾਂ 'ਤੇ ਅਫਗਾਨਿਸਤਾਨ ਉੱਤੇ ਨੰਗਾ-ਚਿੱਟਾ ਧਾੜਵੀ ਹਮਲਾ ਕਰਕੇ ਲੱਖਾਂ ਨਿਰਦੋਸ਼ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ ਅਤੇ ਉਹਨਾਂ ਦੀ ਇਹ ਕਾਰਵਾਈ ਅੱਜ ਵੀ ਜਾਰੀ ਹੈ। ਪਾਕਿਸਤਾਨ ਵਿੱਚ ਵੀ ਦਹਿਸ਼ਤਗਰਦਾਂ ਨੂੰ ਖਤਮ ਕਰਨ ਦੀ ਆੜ ਹੇਠ ਨਿਰਦੋਸ਼ ਲੋਕਾਂ ਨੂੰ ਡਰੋਨ ਹਮਲਿਆਂ ਰਾਹੀਂ ਮਾਰਿਆ ਜਾ ਰਿਹਾ ਹੈ। ਇਰਾਨ ਨੂੰ ਪ੍ਰਮਾਣੂ ਸ਼ਕਤੀ ਬਣਨ ਤੋਂ ਰੋਕਣ ਅਤੇ ਸੀਰੀਆ ਅੰਦਰ ਜਮਹੂਰੀਅਤ ਅਤੇ ਅਮਨ ਕਾਇਮ ਕਰਨ ਦੇ ਬਹਾਨੇ ਉਹਨਾਂ ਉੱਤੇ ਹਮਲੇ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ। ਸਾਮਰਾਜੀ ਲੁੱਟ ਅਤੇ ਹਮਲੇ ਦੀਆਂ ਇਹਨਾਂ ਨੀਤੀਆਂ ਅਤੇ ਕਾਰਵਾਈਆਂ ਦਾ ਦੁਨੀਆਂ ਭਰ ਅੰਦਰ ਤਿੱਖਾ ਵਿਰੋਧ ਹੋ ਰਿਹਾ ਹੈ। ਪਰ ਭਾਰਤੀ ਹਾਕਮ ਆਪਣੀ ਵਿਦੇਸ਼ ਨੀਤੀ ਨੂੰ ਅਮਰੀਕੀ ਸਾਮਰਾਜ ਦੇ ਹਿੱਤਾਂ ਮੁਤਾਬਿਕ ਢਾਲ ਰਹੇ ਹਨ। ਉਹ ਅਮਰੀਕੀ ਸਾਮਰਾਜਵਾਦ ਅਤੇ ਉਸਦੇ ਲੱਠਮਾਰ ਇਜ਼ਰਾਈਲੀ ਹਾਕਮਾਂ ਨਾਲ ਗੰਢ-ਤੁਪ ਕਰਕੇ ਸਾਂਝੀਆਂ ਜੰਗੀ ਮਸ਼ਕਾਂ ਕਰ ਰਹੇ ਹਨ। ਇਸ ਤਰ੍ਹਾਂ ਉਹ ਅਫਗਾਨਿਸਤਾਨ, ਇਰਾਨ ਆਦਿ ਦੇਸ਼ਾਂ ਵਿੱਚ ਅਮਰੀਕੀ ਸਾਮਰਾਜਵਾਦ ਦੇ ਮਨਸੂਬਿਆਂ ਵਿੱਚ ਸਹਾਈ ਹੋ ਕੇ ਭਾਰਤੀ ਲੋਕਾਂ ਨੂੰ ਉਹਨਾਂ ਦਾ ਖਮਿਆਜਾ ਭੁਗਤਣ ਲਈ ਧੱਕ ਰਹੇ ਹਨ।  ਸਾਥੀ ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ ਦੇਣ ਦਾ ਅਰਥ ਸਾਮਰਾਜੀ ਲੁੱਟ ਅਤੇ ਹਮਲੇ ਦੇ ਖਿਲਾਫ ਤਿੱਖੇ ਹੋ ਰਹੇ ਸੰਸਾਰ ਵਿਆਪੀ ਵਿਰੋਧ ਨੂੰ ਹੋਰ ਪ੍ਰਚੰਡ ਕਰਨਾ ਹੈ ਅਤੇ ਸਾਮਰਾਜ ਅਤੇ ਭਾਰਤੀ ਹਾਕਮਾਂ ਦੇ ਗੱਠਜੋੜ ਦਾ ਬੀਜ-ਨਾਸ਼ ਕਰਨ ਵੱਲ ਵਧਣਾ ਹੈ।

ਦੇਸ਼ ਨੂੰ ਸਾਮਰਾਜੀ ਪ੍ਰਬੰਧ ਨਾਲ ਨੱਥੀ ਕਰਨ ਵਾਲੇ ਭਾਰਤੀ ਹਾਕਮ ਹੁਣ ਤੱਕ ਦਾਅਵਾ ਕਰਦੇ ਰਹੇ ਹਨ ਕਿ ਦੇਸ਼ ਤੇਜ਼ੀ ਨਾਲ ਆਰਥਿਕ ਵਿਕਾਸ ਕਰ ਰਿਹਾ ਹੈ ਅਤੇ ਕੌਮਾਂਤਰੀ ਸੰਕਟ ਦਾ ਇਸ ਉੱਪਰ ਕੋਈ ਅਸਰ ਨਹੀਂ। ਪਰ ਹੁਣ ਉਹਨਾਂ ਦੇ ਇਸ ਦਾਅਵੇ ਦੀ ਫੂਕ ਨਿਕਲ ਚੁੱਕੀ ਹੈ, ਕਿਉਂਕਿ ਇਸਦੀ ਆਰਥਿਕਤਾ ਤੇਜ਼ੀ ਨਾਲ ਗਿਰਾਵਟ ਵੱਲ ਜਾ ਰਹੀ ਹੈ। ਇਸਦੇ ਖੇਤੀਬਾੜੀ ਅਤੇ ਸਨਅੱਤੀ ਖੇਤਰ ਖਾਸ ਤੌਰ 'ਤੇ ਭੈੜੀ ਹਾਲਤ ਵਿੱਚ ਹਨ। ਮਹਿੰਗਾਈ ਸਿਖਰਾਂ ਛੋਹ ਰਹੀ ਹੈ। ਬੇਰੁਜ਼ਗਾਰੀ, ਪੜ੍ਹੇ-ਲਿਖੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਰੋਲ ਰਹੀ ਹੈ ਅਤੇ ਕਿਰਤੀਆਂ ਨੂੰ ਭੁੱਖੇ ਮਰਨ ਲਈ ਮਜਬੂਰ ਕਰ ਰਹੀ ਹੈ। ਸਾਮਰਾਜੀ ਨਿਰਦੇਸ਼ਤ ਵਿਸ਼ਵੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕਰਕੇ ਭਾਰਤੀ ਹਾਕਮਾਂ ਵੱਲੋਂ ਵਿਸ਼ੇਸ਼ ਆਰਥਿਕ ਜ਼ੋਨ ਬਣਾਉਣ ਅਤੇ ਵੱਡੇ ਵੱਡੇ ਪ੍ਰੋਜੈਕਟ ਅਤੇ ਕਾਰਖਾਨੇ ਲਾਉਣ ਲਈ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਮਾਲੋ ਮਾਲ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਦੀਆਂ ਜ਼ਮੀਨਾਂ ਸਸਤੇ ਭਾਅ ਹਥਿਆਈਆਂ ਜਾ ਰਹੀਆਂ ਹਨ। ਸਰਕਾਰੀ ਖੇਤਰ ਦਾ ਨਿੱਜੀਕਰਨ, ਨਵੇਂ ਕਿਰਤ ਕਾਨੂੰਨਾਂ ਨੂੰ ਲਾਗੂ ਕਰਨ, ਲੋਕ ਭਲਾਈ ਸਕੀਮਾਂ ਅਤੇ ਸਬਸਿਡੀਆਂ ਨੂੰ ਛਾਂਗਣ ਦਾ ਰਸਤਾ ਅਪਣਾ ਕੇ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਮਿਹਨਤਕਸ਼ ਲੋਕਾਂ ਦੀ ਹਾਲਤ ਬਦਤਰ ਕੀਤੀ ਜਾ ਰਹੀ ਹੈ। ਕਰਜ਼ੇ ਮਾਰੇ ਗਰੀਬ ਕਿਸਾਨ ਅਤੇ ਪੇਂਡੂ ਮਜ਼ਦੂਰ ਆਤਮ ਹੱਤਿਆਵਾਂ ਕਰਨ ਵੱਲ ਧੱਕੇ ਜਾ ਰਹੇ ਹਨ। ਦੇਸ਼ ਦੇ ਆਦਿਵਾਸੀ ਇਲਾਕਿਆਂ ਅੰਦਰ ਜਲ, ਜੰਗਲ ਅਤੇ ਜ਼ਮੀਨ ਵਰਗੇ ਕੁਦਰਤੀ ਸਾਧਨਾਂ ਨੂੰ ਪੂੰਜੀ ਦੇ ਵੱਡੇ ਵੱਡੇ ਮਗਰਮੱਛ ਹੜੱਪ ਰਹੇ ਹਨ। ਕਸ਼ਮੀਰੀ ਲੋਕਾਂ ਅਤੇ ਉੱਤਰ-ਪੂਰਬੀ ਖਿੱਤੇ ਦੀਆਂ ਕੌਮੀਅਤਾਂ ਨੂੰ ਧੱਕੇ ਅਤੇ ਵਿਤਕਰੇ ਦਾ ਸ਼ਿਕਾਰ ਬਣਾ ਕੇ ਅਤੇ ਧਾਰਮਿਕ ਘੱਟ ਗਿਣਤੀਆਂ ਅੰਦਰ ਅਸੁਰੱਖਿਆ ਦਾ ਵਾਤਾਵਰਣ ਸਿਰਜ ਕੇ ਉਹਨਾਂ ਅੰਦਰ ਬੇਗਾਨੇਪਣ ਦੇ ਅਹਿਸਾਸਾਂ ਨੂੰ ਤਿੱਖਾ ਕੀਤਾ ਜਾ ਰਿਹਾ ਹੈ। ਲੋਕਾਂ ਦੀ ਭਾਈਚਾਰਕ ਸਾਂਝ ਨੂੰ ਤੋੜਨ ਲਈ ਫਿਰਕੂ ਜ਼ਹਿਰ ਫੈਲਾਇਆ ਜਾ ਰਿਹਾ ਹੈ ਅਤੇ ਫਿਰਕੂ ਦੰਗੇ ਭੜਕਾਏ ਜਾ ਰਹੇ ਹਨ। ਦਲਿਤ ਜਾਤਾਂ ਉੱਚ ਜਾਤੀ ਹੰਕਾਰ ਅਤੇ ਔਰਤਾਂ ਪਿਤਾਪੁਰਖੀ ਕਦਰਾਂ-ਕੀਮਤਾਂ ਦੇ ਦਮਘੋਟੂ ਮਾਹੌਲ ਦਾ ਸ਼ਿਕਾਰ ਹਨ, ਜਿਹਨਾਂ ਨੂੰ ਰਾਜਸੱਤਾ ਵੱਲੋਂ ਜਾਣ ਬੁੱਝ ਕੇ ਜਾਂ ਤਾਂ ਕਾਇਮ ਰੱਖਿਆ ਜਾ ਰਿਹਾ ਹੈ ਅਤੇ ਜਾਂ ਨਵੇਂ ਨਵੇਂ ਢੰਗਾਂ ਦੀ ਵਰਤੋਂ ਕਰਕੇ ਉਹਨਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ। ਹਾਕਮ ਜਮਾਤਾਂ ਦੇ ਸਿਆਸੀ ਆਗੂ ਇਹਨਾਂ ਸਮੱਸਿਆਵਾਂ ਦਾ ਹੱਲ ਕਰਨ ਤੋਂ ਅਸਮਰੱਥ ਹਨ। ਉਹਨਾਂ ਦੇ ਭ੍ਰਿਸ਼ਟਾਚਾਰ ਦੇ ਘੁਟਾਲੇ ਲੋਕਾਂ ਨੂੰ ਹੋਰ ਬੇਚੈਨ ਕਰ ਰਹੇ ਹਨ।

ਲੋਕ ਇਸ ਹਾਲਤ ਨੂੰ ਚੁੱਪਚਾਪ ਬਰਦਾਸ਼ਤ ਕਰਨ ਲਈ ਤਿਆਰ ਨਹੀਂ। ਉਹ ਆਪਣੇ ਹੱਕਾਂ ਲਈ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰ ਪਏ ਹਨ। ਉਹ ਸਮਝ ਗਏ ਹਨ ਕਿ ਦੇਸ਼ ਦਾ ਅਖੌਤੀ ਵਿਕਾਸ ਸਾਮਰਾਜੀਆਂ ਅਤੇ ਉਹਨਾਂ ਦੇ ਪਿੱਠੂ ਵੱਡੇ ਸਰਮਾਏਦਾਰਾਂ, ਵਪਾਰੀਆਂ, ਵੱਡੇ ਜ਼ਮੀਨ ਮਾਲਕਾਂ ਅਤੇ ਅਫਸਰਸ਼ਾਹਾਂ ਦੀ ਧਨ-ਦੌਲਤ ਵਧਾਉਣ ਦਾ ਸਾਧਨ ਮਾਤਰ ਹੈ ਜਦੋਂ ਕਿ ਲੋਕਾਂ ਦੇ ਵੱਡੇ ਹਿੱਸੇ ਦੂਸ਼ਤ ਵਾਤਾਵਰਣ ਵਿੱਚ ਰਹਿਣ, ਉਜਾੜੇ ਦਾ ਸੰਤਾਪ ਝੱਲਣ ਅਤੇ ਸੜਕਾਂ 'ਤੇ ਰੁਲਣ ਲਈ ਮਜਬੂਰ ਹਨ। ਕਸ਼ਮੀਰੀ, ਨਾਗਾ ਮੀਜ਼ੋ ਆਦਿ ਕੌਮੀਅਤਾਂ ਆਪਣੀ ਕਿਸਮਤ ਦਾ ਫੈਸਲਾ ਆਪ ਕਰਨ ਦੇ ਹੱਕ ਲਈ, ਧਾਰਮਿਕ ਘੱਟ-ਗਿਣਤੀਆਂ, ਦਲਿਤ ਜਾਤਾਂ ਅਤੇ ਔਰਤਾਂ ਆਪਣੇ ਨਾਲ ਹੁੰਦੇ ਧੱਕੇ ਅਤੇ ਵਿਤਕਰੇ ਖਿਲਾਫ ਆਵਾਜ਼ ਬੁਲੰਦ ਕਰ ਰਹੀਆਂ ਹਨ।  ਦੇਸ਼ ਦੇ ਵੱਖ ਵੱਖ ਕੋਨਿਆਂ 'ਚ ਜ਼ਮੀਨ ਤੋਂ ਉਜਾੜੇ ਵਿਰੁੱਧ ਘੋਲ ਤਿੱਖੇ ਹੋ ਰਹੇ ਹਨ, ਖਾਸ ਕਰ ਆਦਿਵਾਸੀ ਲੋਕ ਆਪਣੀ ਉਪਜੀਵਕਾ ਦੇ ਸਾਧਨਾਂ ਨੂੰ ਬਚਾਉਣ ਲਈ ਉੱਠ ਖੜ੍ਹੇ ਹੋਏ ਹਨ।

ਦੇਸ਼ ਦੇ ਹਾਕਮ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਲਾਠੀ ਗੋਲੀ ਨਾਲ ਦਬਾਉਣ 'ਤੇ ਉਤਾਰੂ ਹਨ। ਲੋਕਾਂ ਨੂੰ ਦਬਾਉਣ ਲਈ ਉਹਨਾਂ ਵੱਲੋਂ ਆਰਮਡ ਫੋਰਸਜ਼ ਸਪੈਸ਼ਲ ਪਾਵਰਜ਼ ਐਕਟ (ਅਫਸਪਾ) ਗੈਰ ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ (ਯੂ.ਏ.ਪੀ.ਏ.) ਕੌਮੀ ਅੱਤਵਾਦੀ ਵਿਰੋਧੀ ਕੇਂਦਰ ਆਦਿ ਕਾਲੇ ਕਾਨੂੰਨ ਬਣਾਏ ਜਾ ਰਹੇ ਹਨ ਅਤੇ ਮਾਓਵਾਦ ਤੋਂ ਦੇਸ਼ ਨੂੰ ਖਤਰੇ ਦਾ ਹਊਆ ਖੜ੍ਹਾ ਕੀਤਾ ਜਾ ਰਿਹਾ ਹੈ। ਅਜਿਹਾ ਕਰਕੇ ਜਿਥੇ ਉਹ ਫੌਜੀ, ਅਰਧ-ਫੌਜੀ ਅਤੇ ਹੋਰ ਤਰ੍ਹਾਂ ਤਰ੍ਹਾਂ ਦੇ ਸੁਰੱਖਿਆ ਦਸਤਿਆਂ ਨੂੰ ਤਾਇਨਾਤ ਕਰਕੇ ਲੋਕਾਂ ਦੀ ਹੱਕੀ ਲਹਿਰ ਨੂੰ ਕੁਚਲਣ ਦੇ ਰਾਹ ਪਏ ਹੋਏ ਹਨ, ਉਥੇ ਉਹ ਲੋਕਾਂ ਦੀ ਸਹੀ ਅਗਵਾਈ ਕਰਨ ਵਾਲੀਆਂ ਕਮਿਊਨਿਸਟ ਇਨਕਲਾਬੀ ਤਾਕਤਾਂ ਉਪਰ ਆਪਣਾ ਜਾਬਰ ਪੰਜਾ ਕਸ ਰਹੇ ਹਨ। ਇਹ ਹਾਲਤ ਵੱਡੀ ਚੁਣੌਤੀ ਸੁੱਟ ਰਹੇ ਹਨ। ਸਾਥੀ ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਅਰਥ ਇਸ ਚੁਣੌਤੀ ਨਾਲ ਮੱਥਾ ਲਾਉਣਾ ਹੈ ਅਤੇ ਹਿੰਦੋਸਤਾਨ ਦੇ ਲੋਕ ਦੁਸ਼ਮਣ ਢਾਂਚੇ ਨੂੰ ਵਗਾਹ ਮਾਰਨ ਲਈ ਆਪਣੀ ਤਾਕਤ ਨੂੰ ਹੋਰ ਜਰਬਾਂ ਦੇਣਾ ਹੈ।

ਆਓ ਕਮਿਊਨਿਸਟ ਇਨਕਲਾਬੀ ਲਹਿਰ ਅਤੇ ਇਨਕਲਾਬੀ ਰੰਗ-ਮੰਚ ਲਹਿਰ ਦਾ ਸੁਮੇਲ ਅਤੇ ਅਟੁੱਟ ਰਿਸ਼ਤਾ ਕਾਇਮ ਕਰਨ ਲਈ, ਸਾਥੀ ਗੁਰਸ਼ਰਨ ਸਿੰਘ ਦੇ ਵਿੱਛੜ ਜਾਣ ਸਦਕਾ ਪੈਦਾ ਹੋਏ ਖਿਲਾਅ ਨੂੰ  ਪੂਰਨ ਲਈ ਆਪਣਾ ਪੂਰਾ ਤਾਣ ਲਾ ਦੇਈਏ।

ਕਾਮਰੇਡ ਗੁਰਸ਼ਰਨ ਸਿੰਘ ਨੂੰ ਉਸਦੀ ਪਹਿਲੀ ਬਰਸੀ 'ਤੇ ਸ਼ਰਧਾਂਜਲੀ ਭੇਟ ਕਰਨ ਲਈ 23 ਸਤੰਬਰ 2012, ਦਿਨ ਐਤਵਾਰ ਸਵੇਰੇ 11 ਵਜੇ
ਨਵੀਂ ਦਾਣਾ ਮੰਡੀ ਜਗਰਾਓਂ ਵਿਖੇ ਹੁੰਮ-ਹੁੰਮਾ ਕੇ ਪੁੱਜੋ।


ਸ਼ਰਧਾਂਜਲੀ ਸਮਾਗਮ ਕਮੇਟੀ
ਕਮੇਟੀ ਮੈਂਬਰ: ਜਸਪਾਲ ਜੱਸੀ, ਮੁਖਤਿਆਰ ਪੂਹਲਾ, ਦਰਸ਼ਨ ਖਟਕੜ, ਬਲਵੰਤ ਮਖੂ।
ਪ੍ਰਕਾਸ਼ਕ: ਮੁਖਤਿਆਰ ਪੂਹਲਾ      ਮਿਤੀ 24-8-2012

No comments:

Post a Comment