StatCounter

Tuesday, October 23, 2012

ਪੁਲਸ ਮੁਖੀ ਦਾ ਬਿਆਨ ਗੁੰਡਾਗਰਦੀ ਨੂੰ ਸ਼ਹਿ ਦੇਣ ਵਾਲਾ

ਸ਼ਰੂਤੀ ਕਾਂਡ ਬਾਰੇ ਪੁਲਸ ਮੁਖੀ ਦਾ ਬਿਆਨ 
                    ਤੱਥਾਂ ਦੇ ਉਲਟ ਤੇ ਗੁੰਡਾਗਰਦੀ ਨੂੰ ਸ਼ਹਿ ਦੇਣ ਵਾਲਾ

ਕਿਸਾਨ ਮਜ਼ਦੂਰ ਜਥੇਬੰਦੀਆਂ ਸਰਕਾਰ, ਪੁਲਸ ਤੇ ਗੁੰਡਾ ਗੱਠਜੋੜ ਦੇ ਪੁਤਲੇ ਫੂਕਣ 'ਤੇ ਦ੍ਰਿੜ•

 ਸ਼ਰੂਤੀ ਅਗਵਾ ਕਾਂਡ ਦੇ ਵਿਰੋਧ ਵਿੱਚ ਚੱਲ ਰਹੇ ਘੋਲ ਦੀ ਡਟਵੀਂ ਹਮਾਇਤ 'ਚ ਨਿੱਤਰੀਆਂ ਜਥੇਬੰਦੀਆਂ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਸ੍ਰੀ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਲਛਮਣ ਸਿੰਘ ਸੇਵੇਵਾਲਾ ਦੇ ਦਸਖਤਾਂ ਹੇਠ ਜਾਰੀ ਕੀਤੇ ਸਾਂਝੇ ਪ੍ਰੈਸ ਬਿਆਨ ਵਿੱਚ ਪੰਜਾਬ ਪੁਲਸ ਦੇ ਮੁਖੀ ਵੱਲੋਂ ਫਰੀਦਕੋਟ ਦੀ 15 ਸਾਲਾ ਅਗਵਾ ਨਾਬਾਲਗ ਲੜਕੀ ਸ਼ਰੂਤੀ ਨੂੰ ਉਸ ਦੇ ਮਾਪਿਆਂ ਜਾਂ ਸੰਘਰਸ਼ਸ਼ੀਲ ਲੋਕਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਗੁੰਡੇ ਗਰੋਹ ਦੇ ਸਰਗਣੇ ਨਿਸ਼ਾਨ ਸਿੰਘ ਨਾਲ ਉਸਦੀ ਸਹਿਮਤੀ/ਸ਼ਾਦੀ ਦਾ ਪ੍ਰਚਾਰ ਕਰਕੇ ਗੁੰਡਾਗਰਦੀ ਨੂੰ ਸ਼ਹਿ ਦੇਣ ਅਤੇ ਉਹਨਾਂ ਦਾ ਬਚਾਅ ਕਰਨ ਵਾਲੀ ਕਾਰਵਾਈ ਕਰਾਰ ਦਿੰਦਿਆਂ ਇਸ ਦੀ ਸਖਤ ਨਿਖੇਧੀ ਕੀਤੀ ਹੈ ਅਤੇ ਐਲਾਨ ਕੀਤਾ ਹੈ ਕਿ 24 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਪੰਜਾਬ ਸਰਕਾਰ, ਪੁਲਸ ਅਤੇ ਗੁੰਡਾ ਗੱਠਜੋੜ ਰੂਪੀ ਅੱਜ ਦੇ ਰਾਵਣ, ਕੁੰਭਕਰਨ ਅਤੇ ਮੇਘ ਨਾਥ ਦੇ ਪੁਤਲੇ ਪੰਜਾਬ ਭਰ ਵਿੱਚ ਹਰ ਹਾਲ ਵਿੱਚ ਫੂਕੇ ਜਾਣਗੇ।

ਉਹਨਾਂ ਕਿਹਾ ਕਿ ਅੱਜ ਅਦਾਲਤ ਵਿੱਚ ਮਾਪਿਆਂ, ਵਕੀਲਾਂ ਅਤੇ ਆਮ ਲੋਕਾਂ ਦੀ ਹਾਜ਼ਰੀ ਵਿੱਚ ਸ਼ਰੂਤੀ ਵੱਲੋਂ ਮੈਡੀਕਲ ਕਰਵਾਉਣ ਅਤੇ ਮਾਪਿਆਂ ਕੋਲ ਜਾਣ ਲਈ ਦਿੱਤੀ ਸਹਿਮਤੀ ਪੁਲਸ ਮੁਖੀ ਦੇ ਬਿਆਨਾਂ ਦਾ ਅਮਲੀ ਤੌਰ 'ਤੇ ਖੰਡਨ ਸਾਬਤ ਹੋ ਚੁੱਕੀ ਹੈ ਅਤੇ ਇਸਦੇ ਨਾਲ ਹੀ ਸਹਿਮੀ ਹੋਈ ਲੜਕੀ ਵੱਲੋਂ ਸਭਨਾਂ ਦੇ ਸਾਹਮਣੇ ਇਹ ਕਹਿਣਾ ਕਿ ਜੇਕਰ ਤੁਸੀਂ ਮੈਨੂੰ ਘਰ ਲੈ ਗਏ ਤਾਂ ਨਿਸ਼ਾਨ ਆਪਾਂ ਸਭ ਨੂੰ ਗੋਲੀਆਂ ਮਾਰ ਦੇਵੇਗਾ ਇਹ ਗੁੰਡਾ ਗਰੋਹ ਦੀ ਚੁੰਗਲ 'ਚੋਂ ਨਿਕਲ ਕੇ ਆਈ ਲੜਕੀ ਦੀ ਮਾਨਸਿਕ ਹਾਲਤ ਨੂੰ ਬਿਆਨ ਕਰਦਾ ਹੈ।

ਜਦੋਂ ਪੰਜਾਬ ਪੁਲਸ ਦਾ ਮੁਖੀ ਇਹਨਾਂ ਸਭਨਾਂ ਗੱਲਾਂ ਤੋਂ ਵਾਕਫ਼ ਹੋਣ ਦੇ ਬਾਵਜੂਦ ਗੁੰਡਾ ਗਰੋਹ ਦੇ ਪੱਖ ਵਿੱਚ ਬਿਆਨ ਦਾਗ ਰਿਹਾ ਹੈ। ਉਹਨਾਂ ਕਿਹਾ ਕਿ ਪੁਲਸ ਮੁਖੀ ਦੇ ਬਿਆਨ ਤੋਂ ਸਪਸ਼ਟ ਹੋ ਗਿਆ ਹੈ ਕਿ ਹੁਕਮਰਾਨ ਧਿਰ ਦੀ ਉੱਚ ਪੱਧਰੀ ਨੰਗੀ-ਚਿੱਟੀ ਸ਼ਹਿ 'ਤੇ ਪੁਲਸ ਇਸ ਗੁੰਡਾ ਗਰੋਹ ਅਤੇ ਇਸਦੇ ਸਰਗਣੇ ਨਿਸ਼ਾਨ ਸਿੰਘ ਨੂੰ ਪੂਰੀ ਤਰ•ਾਂ ਬਚਾਉਣ ਲਈ ਸਰਗਰਮ ਭੂਮਿਕਾ ਨਿਭਾ ਰਹੀ ਹੈ। ਪਹਿਲਾਂ ਲੰਮਾਂ ਸਮਾਂ ਉਸ ਨੂੰ ਗ੍ਰਿਫਤਾਰ ਨਾ ਕਰਕੇ ਅਤੇ ਹੁਣ ਲੋਕ ਦਬਾਅ ਕਾਰਨ ਉਸਨੂੰ ਫੜਨ ਦੀ ਮਜਬੂਰੀ ਬਣੀ ਤਾਂ ਅਦਾਲਤੀ ਸਜ਼ਾ ਤੋਂ ਬਚਾਉਣ ਲਈ ਪੁਲਸ ਮੁਖੀ ਨੇ ਉਸਦੇ ਹੱਕ ਵਿੱਚ ਬਿਆਨ ਦੇ ਕੇ ਇਸ ਦਾ ਮਜਬੂਤ ਮੁੱਢ ਬੰਨ• ਦਿੱਤਾ ਹੈ।

ਉਹਨਾਂ ਕਿਹਾ ਕਿ ਇੱਕ ਪਾਸੇ ਪੁਲਸ ਮੁਖੀ ਅਫਸਰਾਂ ਵੱਲੋਂ ਸ਼ਰੂਤੀ ਦੇ ਵਿਆਹ ਦੀਆਂ ਤਸਵੀਰਾਂ ਅਤੇ ਚਿੱਠੀ ਜਾਰੀ ਕਰਨ ਨੂੰ ਗਲਤ ਕਹਿ ਰਿਹਾ ਹੈ, ਪਰ ਖੁਦ ਆਪ ਵੀ ਅਜਿਹੇ ਹੀ ਬਿਆਨ ਦੇ ਰਿਹਾ ਹੈ।

ਕਿਸਾਨ ਮਜ਼ਦੂਰ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਦੀ ਰਾਜ ਸੱਤਾ 'ਤੇ ਕਾਬਜ਼ ਬਾਦਲ ਪਰਿਵਾਰ ਸਮੇਤ ਨੰਨ•ੀਂ ਛਾਂ ਦੀ ਅਲੰਬਰਦਾਰ ਵੱਲੋਂ ਹਥਿਆਰਾਂ ਦੇ ਜ਼ੋਰ ਫਰੀਦਕੋਟ ਵਿੱਚ ਵਾਪਰੇ ਇਸ ਘਿਨਾਉਣੇ ਕਾਂਡ ਬਾਰੇ ਧਾਰੀ ਲੰਮੀ ਚੁੱਪ ਅਤੇ ਪੁਸ਼ਤ-ਪਨਾਹੀ ਨੇ ਗੁੰਡਾ ਗਰੋਹਾਂ ਦੇ ਹੌਸਲੇ ਐਨੇ ਬੁਲੰਦ ਕਰ ਦਿੱਤੇ ਹਨ ਕਿ ਹਰ ਰੋਜ਼ ਨਾਬਾਲਗ ਲੜਕੀਆਂ ਨਾਲ ਜਬਰ ਜਨਾਹ ਦੀਆਂ ਘਟਨਾਵਾਂ ਆਮ ਬਣ ਗਈਆਂ ਹਨ। ਇਸ ਦੇ ਸਿੱਟੇ ਵਜੋਂ ਬੀਤੇ ਦਿਨੀਂ ਮੁੱਲਾਂਪੁਰ ਦੀ 10 ਸਾਲਾ ਬੱਚੀ ਤੋਂ ਇਲਾਵਾ, ਭਗਤਾ 'ਚ 14 ਸਾਲਾ ਲੜਕੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਤੋਂ ਇਲਾਵਾ ਇਸੇ ਫਰੀਦਕੋਟ ਸ਼ਹਿਰ ਅਤੇ ਪਿੰਡ ਕੁੱਸਾ  (ਮੋਗਾ) ਵਿਖੇ ਨਾਬਾਲਗ ਕੁੜੀਆਂ ਨੂੰ ਸਭ ਦੇ ਸਾਹਮਣੇ ਦਿਨ ਦਿਹਾੜੇ ਹੱਥ ਪਾਉਣ ਦੀ ਗੁੰਡਾ ਗਰੋਹਾਂ ਵੱਲੋਂ ਜੁਰਅਤ ਕੀਤੀ ਗਈ ਹੈ।

 ਉਹਨਾਂ ਪੁਲਸ ਮੁਖੀ ਦੇ ਬਿਆਨ ਨੂੰ ਮਾਪਿਆਂ ਅਤੇ ਸੰਘਰਸ਼ਸ਼ੀਲ ਲੋਕਾਂ ਦੇ ਜਖ਼ਮਾਂ 'ਤੇ ਲੂਣ ਭੁੱਕਣ ਵਾਲਾ ਤੇ ਗੁੰਡਾਗਰਦੀ ਨੂੰ ਸ਼ਹਿ ਦੇਣ ਵਾਲਾ ਕਰਾਰ ਦਿੱਤਾ। ਦੋਹਾਂ ਆਗੂਆਂ ਨੇ  ਕਿਹਾ ਕਿ ਰਾਜਸੀ ਅਤੇ ਪੁਲਸ ਛਤਰਛਾਇਆ ਹੇਠ ਟੀ.ਵੀ. ਚੈਨਲਾਂ ਤੋਂ ਇਲਾਵਾ ਬੱਸਾਂ ਵਿੱਚ ਅਸ਼ਲੀਲ ਫਿਲਮਾਂ/ਗਾਣਿਆਂ ਦੀ ਭਰਮਾਰ ਅੱਲ•ੜ ਉਮਰ ਦੇ ਮੁੰਡੇ ਕੁੜੀਆਂ ਨੂੰ ਕੁਰਾਹੇ ਪਾ ਰਹੀ ਹੈ।

 ਉਹਨਾਂ ਸ਼ਰੂਤੀ ਦੀ ਬਰਾਮਦੀ ਅਤੇ ਨਿਸ਼ਾਨ ਸਿੰਘ ਦੀ ਗ੍ਰਿਫਤਾਰੀ ਨੂੰ ਲੋਕ-ਸੰਘਰਸ਼ ਦੀ ਮੁਢਲੀ ਜਿੱਤ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਇਸ ਸੰਘਰਸ਼ ਦੇ ਦਬਾਅ ਥੱਲੇ ਹੀ ਪੁਲਸ ਅਤੇ ਰਾਜਸੀ ਲੀਡਰਾਂ ਦੇ ਗੱਠਜੋੜ ਦੀ ਬੁੱਕਲ ਵਿੱਚ ਛੁਪੇ ਗੁੰਡਾ ਗਰੋਹ ਨੂੰ ਨਸ਼ਰ ਅਤੇ ਗ੍ਰਿਫਤਾਰ ਕਰਨਾ ਪਿਆ। ਉਹਨਾਂ ਕਿਹਾ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।
         
ਸੁਖਦੇਵ ਸਿੰਘ ਕੋਕਰੀ ਕਲਾਂ (94174 66038)
ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ)
ਲਛਮਣ ਸਿੰਘ ਸੇਵੇਵਾਲਾ
ਜਨਰਲ ਸਕੱਤਰ, ਪੰਜਾਬ ਖੇਤ ਮਜ਼ਦੂਰ ਯੂਨੀਅਨ
(94170 79170)

No comments:

Post a Comment