StatCounter

Sunday, December 30, 2012

ਪਲਸ ਮੰਚ ਵੱਲੋਂ ਲੋਕ-ਪੱਖੀ ਸਭਿਆਚਾਰਕ ਸਮਾਗਮ 25 ਜਨਵਰੀ ਨੂੰ ਟੀਚਰਜ਼ ਹੋਮ ਬਠਿੰਡਾ ਵਿਖੇ

 ਪਲਸ ਮੰਚ ਵੱਲੋਂ ਲੋਕ-ਪੱਖੀ ਸਭਿਆਚਾਰਕ ਸਮਾਗਮ 25 ਜਨਵਰੀ ਨੂੰ
  ਗੁਜਰਾਤ ਤੋਂ ਪਹੁੰਚੇਗੀ ਵਿਨੈ ਅਤੇ ਚਾਰੁਲ ਦੀ ਸੰਗੀਤਕ ਜੋੜੀ

ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਵੱਲੋਂ 1984 ਤੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਨਿਰੰਤਰ 25 ਜਨਵਰੀ ਨੂੰ ਮਨਾਈ ਜਾਂਦੀ ਨਾਟਕਾਂ ਅਤੇ ਗੀਤਾਂ ਭਰੀ ਰਾਤ ਇਸ ਵਾਰ ਮਘਦੇ ਸਮਾਜੀ ਸਰੋਕਾਰਾਂ ਨੂੰ ਮੁਖਾਤਬ ਹੁੰਦੀ ਹੋਈ ਟੀਚਰਜ਼ ਹੋਮ ਬਠਿੰਡਾ- ਵਿਖੇ ਵਿਲੱਖਣ ਸੰਗੀਤਕ ਰੰਗ ਵਿੱਚ ਰੰਗੀ ਯਾਦਗਾਰੀ ਸ਼ਾਮ ਵਜੋਂ ਮਨਾਈ ਜਾਏਗੀ।

ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਦੀ ਪ੍ਰਧਾਨਗੀ ਹੇਠ ਟੀਚਰਜ਼ ਹੋਮ ਵਿਖੇ ਸਾਹਿਤਕ/ਸਭਿਆਚਾਰਕ ਸੰਸਥਾਵਾਂ ਦੇ ਪ੍ਰਤੀਨਿਧਾਂ ਦੀ ਹੋਈ ਮੀਟਿੰਗ ਵਿੱਚ ਵਿਚਾਰ ਚਰਚਾ ਉਪਰੰਤ ਲਏ ਫੈਸਲਿਆਂ ਬਾਰੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਪਲਸ ਮੰਚ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਸੂਬਾ ਕਮੇਟੀ ਮੈਂਬਰ ਅਤਰਜੀਤ ਨੇ ਦੱਸਿਆ ਕਿ ਸਰਵ-ਸੰਮਤੀ ਨਾਲ ਇਹ ਨਿਰਣਾ ਲਿਆ ਗਿਆ ਕਿ ਪੰਜਾਬ ਅੰਦਰ ਲੋਕ-ਪੱਖੀ, ਅਗਾਂਹਵਧੂ, ਵਿਗਿਆਨਕ, ਇਨਕਲਾਬੀ ਅਤੇ ਜ਼ਿੰਦਗੀ ਦੇ ਮਹੀਣ ਬਹੁ-ਪੱਖਾਂ ਨਾਲ ਜੁੜੇ ਸਰੋਕਾਰਾਂ, ਵੇਦਨਾ, ਉਲਝਣਾਂ, ਤਣਾਵਾਂ, ਭਰਮ-ਭੁਲੇਖਿਆ, ਪੀੜਾ, ਸੰਵਾਦ, ਵਿਦਰੋਹ, ਲੁੱਟ-ਖੋਹ ਬਲਾਤਕਾਰ, ਅਗਵਾਜ਼ਨੀ ਅਤੇ
ਜਬਰ-ਜ਼ੁਲਮ, ਨਵੇਂ ਨਰੋਏ ਰਾਹਾਂ ਨੂੰ ਪ੍ਰਣਾਈ ਚੇਤਨਾ ਅਤੇ ਇਨਕਲਾਬੀ ਸਮਾਜਿਕ ਤਬਦੀਲੀ ਵੱਲ ਪ੍ਰੇਰਦੀ ਗਾਇਕੀ ਅਤੇ ਸੰਗੀਤ ਦਾ ਕੱਦਾਵਰ ਅਤੇ ਨਿਵੇਕਲਾ ਸਥਾਨ ਸਥਾਪਤ ਕਰਨ ਲਈ ਇਹ ਸ਼ਾਮ ਇੱਕ ਨਵੇਂ ਅਧਿਆਇ ਦਾ ਮੁਖੜਾ ਬਣੇਗੀ।

ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਵੱਲੋਂ ਆਪਣੇ ਵਿਚਾਰ ਸਾਂਝ ਕਰਦਿਆਂ ਜਸਪਾਲ ਸਿੰਘ ਮਾਨਖੇੜਾ, ਗੁਰਦੇਵ ਸਿੰਘ ਖੋਖਰ, ਲੋਕ-ਬੰਧੂ, ਕੀਰਤੀ ਕਿਰਪਾਲ, ਹਰਵਿੰਦਰ ਦੀਵਾਨਾ, ਜਗਸੀਰ ਜੀਦਾ, ਅੰਮ੍ਰਿਤਪਾਲ ਬੰਗੇ, ਰਣਬੀਰ ਰਾਣਾ, ਸੁਖਦਰਸ਼ਨ ਗਰਗ, ਸੁਖਵਿੰਦਰ ਸਿੰਘ, ਜਗਨ ਨਾਥ ਹੋਰਾਂ ਨੇ ਕਿਹਾ ਪੰਜਾਬ ਅੰਦਰ ਲੋਕ-ਸਰੋਕਾਰਾਂ ਦੀ ਬਾਤ ਪਾਉਂਦੀ ਗਾਇਕੀ ਦਾ ਸਿਰਮੌਰ ਕਲਾਕਾਰਾਂ ਨੂੰ ਨਾਲ ਜੋੜਦੇ ਹੋਏ, ਰੌਸ਼ਨ ਸੰਗੀਤਕ ਮਿਨਾਰ ਸਥਾਪਤ ਕਰਨ ਦਾ ਟੀਚਾ ਨੇਪਰੇ ਚਾੜਿ•ਆ ਜਾਏਗਾ। ਉੱਘੇ ਰੰਗਕਰਮੀ ਟੋਨੀ ਬਾਤਿਸ਼ ਨੇ ਇਸ ਸਮਾਗਮ ਦੀ ਸਫਲਤਾ ਲਈ ਭਰਵੇਂ ਯੋਗਦਾਨ ਦਾ ਜਿੰਮਾ ਲਿਆ।

ਜ਼ਿਕਰਯੋਗ ਹੈ ਕਿ ਇਸ ਸਮਾਗਮ ਵਿੱਚ ਲੋਕ ਸੰਗੀਤ ਮੰਡਲੀ ਜੀਦਾ, ਲੋਕ ਸੰਗੀਤ ਮੰਡਲੀ ਭਦੌੜ, ਚੇਤਨਾ ਕਲਾ ਕੇਂਦਰ ਬਰਨਾਲਾ, ਨਵਦੀਪ ਧੌਲਾ, ਅੰਮ੍ਰਿਤਪਾਲ ਬੰਗੇ, ਲੋਕ-ਬੰਧੂ ਬਠਿੰਡਾ, ਬੇਅੰਤ ਜੇਠੂਕੇ ਆਦਿ ਤੋਂ ਇਲਾਵਾ ਉਚੇਚੇ ਤੌਰ 'ਤੇ ਅਹਿਮਦਾਬਾਦ (ਗੁਜਰਾਤ) ਤੋਂ ਲੋਕ-ਨਾਦ ਸੰਗੀਤ ਮੰਡਲੀ ਦੀ ਹਰਮਨ ਪਿਆਰੀ ਜੋੜੀ ਵਿਨੈ-ਚਾਰੁਲ ਵੀ ਪਹੁੰਚ ਰਹੇ ਹਨ।

ਵਿਨੈ ਅਤੇ ਚਾਰੁਲ ਮੁਲਕ ਦੇ ਵੱਖ ਵੱਖ ਸੂਬਿਆਂ ਅੰਦਰ ਖੇਤਰੀ ਭਾਸ਼ਾਵਾਂ ਵਿੱਚ ਸੰਗੀਤਕ ਸਮਾਗਮ ਰਾਹੀਂ ਨਵੇਂ ਨਰੋਏ ਅਤੇ ਸਿਹਤਮੰਦ ਸਭਿਆਚਾਰ ਦੇ ਦੀਵੇ ਬਾਲ ਰਹੇ ਹਨ। ਇਸਦੀ ਲੜੀ ਵਜੋਂ 25 ਜਨਵਰੀ ਦੇ ਸਮਾਗਮ ਵਿੱਚ ਲੋਕ-ਪੱਖੀ ਸਭਿਆਚਾਰਕ ਲਹਿਰ ਉਸਾਰਨ ਲਈ ਰੌਸ਼ਨੀਆਂ ਦੀ ਜਗਮਗ ਜਗਮਗ ਕੀਤੀ ਜਾਏਗੀ।

ਜਾਰੀ ਕਰਤਾ-
—ਅਤਰਜੀਤ, ਸੂਬਾ ਕਮੇਟੀ ਮੈਂਬਰ, (ਪਲਸ ਮੰਚ)
—ਅਮੋਲਕ ਸਿੰਘ ਪ੍ਰਧਾਨ (ਪਲਸ ਮੰਚ)
(94170 76735)

No comments:

Post a Comment