StatCounter

Sunday, December 9, 2012

ਛੇਹਰਟਾ ਕਾਂਡ: ਲੋਕ ਮੋਰਚੇ ਵੱਲੋਂ ਗੁੰਡਾਗਰਦੀ ਦਾ ਵਿਰੋਧ ਕਰਨ ਦਾ ਸੱਦਾ


ਛੇਹਰਟਾ ਕਾਂਡ:
ਪੰਜਾਬ ਸਰਕਾਰ ਵੱਲੋਂ ਗੁੰਡਾਗਰਦੀ 'ਤੇ ਵਧਾਈ ਟੇਕ ਨੂੰ ਨੰਗਾ ਕਰਦਾ ਹੈ!
ਲੋਕ ਮੋਰਚੇ ਵੱਲੋਂ ਇਸਦਾ ਵਿਰੋਧ ਕਰਨ ਦਾ ਸੱਦਾ

ਛੇਹਰਟਾ (ਅੰਮ੍ਰਿਤਸਰ) ਵਿਖੇ, ਆਪਣੀ ਲੜਕੀ ਦੀ ਇੱਜਤ ਦੇ ਬਚਾਅ ਲਈ ਆਏ ਇਕ ਬਾਪ (ਥਾਣੇਦਾਰ) ਦੇ ਹਾਕਮ-ਅਕਾਲੀ-ਪਾਰਟੀ ਦੇ ਜਨਰਲ ਸਕੱਤਰ ਵੱਲੋਂ ਕੀਤੇ ਕਤਲ ਉਤੇ ਪ੍ਰੀਵਾਰ ਨੂੰ ਹੋਏ ਦੁੱਖ ਤੇ ਉੱਠੇ ਰੋਸ ਵਿਚ ਸ਼ਰੀਕ ਹੁੰਦਿਆਂ ਲੋਕ ਮੋਰਚਾ ਪੰਜਾਬ, ਪੰਜਾਬ ਦੇ ਸੰਘਰਸ਼ਸ਼ੀਲ ਲੋਕਾਂ ਨੂੰ, ਜਥੇਬੰਦੀਆਂ ਨੂੰ, ਇਸ ਪ੍ਰੀਵਾਰ ਦੀ ਬਾਂਹ ਬਣਨ ਅਤੇ ਦਿਨੋ ਦਿਨ ਸਾਹਮਣੇ ਆ ਰਹੀਆਂ ਅਜਿਹੀਆਂ ਵਾਰਦਾਤਾਂ ਅਤੇ ਵਧ ਰਹੀ ਸਿਆਸੀ ਗੁੰਡਾਗਰਦੀ ਖਿਲਾਫ਼ ਆਵਾਜ਼ ਬੁਲੰਦ ਕਰਨ ਦਾ ਸਨਿਮਰ ਸੱਦਾ ਦਿੰਦਾ ਹੈ। ਪੰਜਾਬ ਅੰਦਰ ਲੋਕ ਮੋਰਚੇ ਦੇ ਕਾਰਕੁੰਨ ਆਪੋ ਆਪਣੇ ਖੇਤਰਾਂ 'ਚ ਹੋਰਨਾਂ ਸੰਘਰਸ਼ਸ਼ੀਲ ਤੇ ਇਨਸਾਫਪਸੰਦ ਲੋਕਾਂ ਨਾਲ ਮਿਲਕੇ ਇਸ ਸਰਗਰਮੀ ਦਾ ਪੈੜਾ ਬਣਨ ਲਈ ਮੀਟਿੰਗਾਂ-ਰੈਲੀਆਂ-ਮਾਰਚ ਕਰਨਗੇ। ਪੰਜਾਬ ਅੰਦਰ ਜਿਥੇ ਵੀ ਰੋਸ ਮਾਰਚ ਹੋਵੇਗਾ, ਲੋਕ ਮੋਰਚੇ ਦੇ ਕਾਰਕੁੰਨ ਉਥੇ ਸ਼ਾਮਲ ਹੋਣਗੇ।ਸੂਬਾ ਪ੍ਰਧਾਨ ਗੁਰਦਿਆਲ ਸਿੰਘ ਭੰਗਲ ਦੀ ਪ੍ਰਧਾਨਗੀ ਹੇਠ ਹੋਈ ਸੂਬਾਈ ਮੀਟਿੰਗ 'ਚ ਲਏ ਫੈਸਲੇ ਦੀ ਜਾਣਕਾਰੀ ਪ੍ਰੈਸ ਨੂੰ ਰਲੀਜ਼ ਕਰਦਿਆਂ ਮੋਰਚੇ ਦੇ ਸੂਬਾਈ ਜਨਰਲ ਸਕੱਤਰ ਜਗਮੇਲ ਸਿੰਘ ਨੇ ਲਿਖਤੀ ਬਿਆਨ ਭੇਜਿਆ ਹੈ ਕਿ ਆਪਣਾ ਰਾਜ-ਭਾਗ ਚਲਾਉਣ ਤੇ ਸਦਾ ਲਈ ਚਲਦਾ ਰੱਖਣ ਲਈ ਹਕੂਮਤੀ ਗੱਦੀ 'ਤੇ ਬੈਠੀ ਅਕਾਲੀ-ਭਾਜਪਾ ਸਰਕਾਰ ਤੇ ਵਿਸ਼ੇਸ਼ ਕਰਕੇ ਅਕਾਲੀ ਪਾਰਟੀ ਨੇ ਪੰਜਾਬ 'ਚ ਗੁੰਡਾ-ਗਰਦੀ 'ਤੇ ਟੇਕ ਵਧਾਈ ਹੋਈ ਹੈ। ਫਰੀਦਕੋਟ ਵਿੱਚ ਇਕ ਬੱਚੀ ਦੇ ਅਗਵਾਕਾਰ-ਗੁੰਡਿਆਂ ਦੀ ਪੁਸ਼ਤਪਨਾਹੀ ਕਰਨ ਵਿਚ ਰਿਹਾ ਕੋਈ ਨਿੱਕਾ-ਮੋਟਾ ਲੁੱਕ-ਲੁਕੋਅ ਅਕਾਲੀ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਵੱਲੋਂ ਕੀਤੀ ਇਸ ਵਾਰਦਾਤ ਨੇ ਅਤੇ ਅਕਾਲੀ ਪਾਰਟੀ ਦੇ ਸੂਬਾ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਸਕਰੀਨਿੰਗ ਕਰਨ ਦੇ ਕੀਤੇ ਐਲਾਨ ਰਾਹੀਂ ਅਕਾਲੀ ਪਾਰਟੀ ਵਿਚ ਗੁੰਡੇ ਹੋਣ ਨੂੰ ਮੰਨ ਲੈਣ ਨੇ ਅਕਾਲੀ-ਪਾਰਟੀ ਵੱਲੋਂ ਜਥੇਬੰਦ ਕੀਤੀ ਗੁੰਡਾਗਰਦੀ ਨੂੰ ਨੰਗਾ ਕਰ ਦਿੱਤਾ ਹੈ। ਇਹ ਵਾਰਦਾਤ ਨਾ ਸਿਰਫ਼, ਸਿਆਸੀ ਸ਼ਹਿ-ਪ੍ਰਾਪਤ ਇਸ ਗੁੰਡਾ-ਗਰੋਹ ਨਾਲ ਕਿਸੇ ਇੱਕ-ਅੱਧੇ ਪੁਲਸ ਅਫ਼ਸਰ ਦੀ ਮਿਲੀਭੁਗਤ ਜਾਂ ਗਾਂਢ-ਸਾਂਢ ਦਾ ਨਤੀਜਾ ਨਹੀਂ ਹੈ, ਸਗੋਂ ਪੰਜਾਬ ਹਕੂਮਤ ਨੇ ਸਮੁੱਚਾ ਪੁਲਸ, ਸਿਵਲ ਤੇ ਨਿਆਂ ਪ੍ਰਬੰਧ ਹੀ ਇਸ ਪਾਸੇ ਝੋਕਿਆ ਹੋਇਆ ਹੈ। ਪੰਜਾਬ ਅੰਦਰ ਗੁੰਡਿਆਂ ਵੱਲੋਂ, ਫਰੀਦਕੋਟ ਕਾਂਡ ਦੇ ਗੁੰਡਿਆਂ ਵੱਲੋਂ ਤੇ ਇਸ ਗੁੰਡੇ ਵੱਲੋਂ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦਿਤੇ ਜਾਣ ਦੀ ਪੁਲਸ ਥਾਣਿਆਂ ਰਾਹੀਂ ਹੇਠਾਂ ਤੋਂ ਉਪਰ ਤੱਕ ਦੇ ਪੁਲਸ ਅਧਿਕਾਰੀਆਂ ਨੂੰ ਇਤਲਾਹ ਮਿਲੀ ਹੋਣ ਦੇ ਬਾਵਜੂਦ ਵੀ ਸਰਕਾਰੀ ਹੁਕਮਾਂ 'ਤੇ ਫੁੱਲ ਚੜਾਉਂਦੇ ਪੁਲਸ ਦੇ ਉੱਚ ਅਧਿਕਾਰੀ ਕਿਸੇ ਗੁੰਡੇ ਨੂੰ ਵੀ ਫੁੱਲ ਦੀ ਨਹੀਂ ਲੱਗਣ ਦਿੰਦੇ। ਇਹ ਕਨੂੰਨ ਦੇ ਰਾਖੇ ਕਾਨੂੰਨ ਦੇ ਮੁਜਰਮਾਂ ਨਾਲ ਸਰਕਾਰ ਦੀਆਂ ਪਬਲਿਕ-ਸਟੇਜਾਂ 'ਤੇ ਇਕ ਦੇਹ-ਇਕ ਜਾਨ ਤੇ ਇਕ ਤਾਕਤ ਬਣੇ ਖੜੇ ਹੁੰਦੇ ਹਨ।
ਲੋਕ ਮੋਰਚਾ ਪੰਜਾਬ, ਔਰਤਾਂ ਨਾਲ ਨਿੱਤ ਦਿਨ ਵਾਪਰਦੀਆਂ ਇਹਨਾਂ ਅਸ਼ਲੀਲ-ਵਾਰਦਾਤਾਂ ਲਈ, ਔਰਤਾਂ ਨੂੰ ਪੈਰ ਦੀ ਜੁੱਤੀ ਤੇ ਭੋਗ-ਵਿਲਾਸ ਦੀ ਵਸਤੂ ਸਮਝਣ ਤੇ ਮੰਨਣ ਵਾਲੇ ਇਥੋਂ ਦੇ ਗੈਰ-ਜਮਹੂਰੀ, ਪਿਛਾਖੜੀ ਤੇ ਔਰਤ ਵਿਰੋਧੀ ਰਾਜ ਪ੍ਰਬੰਧ ਤੇ ਇਸ ਦੀਆਂ ਚਾਲਕ ਤਾਕਤਾਂ¸ਜਗੀਰਦਾਰ-ਸਰਮਾਏਦਾਰ, ਹਾਕਮ-ਸਿਆਸੀ-ਪਾਰਟੀਆਂ, ਸਰਕਾਰਾਂ, ਸਿਵਲ, ਨਿਆਂ ਤੇ ਪੁਲਸ ਪ੍ਰਸ਼ਾਸਨਿਕ ਅਧਿਕਾਰੀਆਂ, ਪੈਸੇ ਤੇ ਸਿਆਸੀ ਜੋਰ ਵਾਲੇ ਚੌਧਰੀਆਂ ਤੇ ਗੁੰਡਾ-ਗਰੋਹਾਂ ਨੂੰ ਅਤੇ ਮੁਲਕ ਅੰਦਰ ਤੇਜੀ ਨਾਲ ਘੁਸਪੈਂਠ ਕਰ ਰਹੇ ਸਾਮਰਾਜੀ-ਅਸ਼ਲੀਲ-ਸਭਿਆਚਾਰ ਨੂੰ ਜੁੰਮੇਵਾਰ-ਦੋਸ਼ੀ ਟਿੱਕਦਾ ਹੋਇਆ ਅਪੀਲ ਕਰਦਾ ਹੈ ਕਿ ਔਰਤ-ਜਥੇਬੰਦੀਆਂ ਤੇ ਸਮੁੱਚੀਆਂ ਔਰਤਾਂ ਵੱਲੋਂ ਇਹਨਾਂ ਵਾਰਦਾਤਾਂ ਖਿਲਾਫ਼ ਉਹਨਾਂ ਦੇ ਖੁਦ ਅੱਗੇ ਆਇਆਂ ਹੀ ਅਤੇ ਹੋਰਨਾਂ ਸੰਘਰਸ਼ਸ਼ੀਲ ਹਿੱਸਿਆਂ ਨਾਲ ਸਰਗਰਮੀ 'ਚ ਹਿੱਸਾ ਪਾਇਆਂ ਹੀ ਇਹ ਹਾਲਤ ਬਦਲਣੀ ਹੈ। ਅਜਿਹਾ ਹੋਵੇ, ਲੋਕ ਮੋਰਚਾ ਪੰਜਾਬ, ਏਹਦੇ ਲਈ ਯਤਨ ਜੁਟਾ ਰਿਹਾ ਹੈ।
ਜਗਮੇਲ ਸਿੰਘ
ਸੂਬਾਈ ਜਨਰਲ ਸਕੱਤਰ, ਲੋਕ ਮੋਰਚਾ ਪੰਜਾਬ ਸੰਪਰਕ : 9417224822


No comments:

Post a Comment