StatCounter

Showing posts with label Gadar Movement. Show all posts
Showing posts with label Gadar Movement. Show all posts

Wednesday, July 10, 2013

ਰਾਕੇਸ਼ ਕੁਮਾਰ ਦੀ ਖੋਜ-ਭਰਪੂਰ ਨਵ-ਪ੍ਰਕਾਸ਼ਿਤ ਪੁਸਤਕ, 'ਮਹਾਨ ਗ਼ਦਰੀ ਇਨਕਲਾਬੀ : ਸ਼ਹੀਦ ਊਧਮ ਸਿੰਘ'।



ਸ਼ਹੀਦ ਊਧਮ ਸਿੰਘ ਬਾਰੇ ਪ੍ਰਮਾਣਿਕ ਦਸਤਾਵੇਜ਼ੀ ਪੁਸਤਕ ਨੇ ਕੀਤੇ ਨਵੇਂ ਖੁਲਾਸੇ
ਬਦਲੇ ਤੋਂ ਪਾਰ, ਸਮਾਜਕ ਬਦਲਾਅ ਨੂੰ ਪਰਨਾਇਆ ਸੀ : ਊਧਮ ਸਿੰਘ

ਬੌਧਿਕ ਹਲਕਿਆਂ, ਇਤਿਹਾਸਕਾਰਾਂ, ਆਲੋਚਕਾਂ, ਖੋਜਕਾਰ ਵਿਦਿਆਰਥੀਆਂ ਅਤੇ ਪਾਠਕ-ਵਰਗ ਅੰਦਰ ਨਵੀਆਂ ਵਿਚਾਰ-ਚਰਚਾਵਾਂ ਛੇੜੇਗੀ ਰਾਕੇਸ਼ ਕੁਮਾਰ ਦੀ ਖੋਜ-ਭਰਪੂਰ ਨਵ-ਪ੍ਰਕਾਸ਼ਿਤ ਪੁਸਤਕ, 'ਮਹਾਨ ਗ਼ਦਰੀ ਇਨਕਲਾਬੀ : ਸ਼ਹੀਦ ਊਧਮ ਸਿੰਘ'।

ਸ਼ਹੀਦ ਊਧਮ ਸਿੰਘ ਬਾਰੇ ਸਤਹੀ ਪੱਧਰ ਦੀ ਜਾਣਕਾਰੀ ਕਾਰਨ ਬਣੀਆਂ ਧਾਰਨਾਵਾਂ ਨੂੰ ਬਦਲ ਕੇ ਉਸਨੂੰ ਵਿਅਕਤੀਗਤ ਬਦਲੇ ਤੱਕ ਸੀਮਤ ਸਨਾਖ਼ਤ ਤੋਂ ਬਹੁਤ ਵਿਸ਼ਾਲ ਅਤੇ ਮਹਾਨ ਆਦਰਸ਼ ਵਾਲੇ ਇਨਕਲਾਬੀ ਸੰਗਰਾਮੀਏਂ ਵਜੋਂ ਸਾਹਮਣੇ ਲਿਆਉਂਦੀ ਹੈ ਇਹ ਪੁਸਤਕ।

ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ (1913-2013) ਸਬੰਧੀ ਦੇਸ਼-ਵਿਦੇਸ਼ ਅੰਦਰ ਚੱਲ ਰਹੀਆਂ ਨਿਰੰਤਰ ਵਿਚਾਰ-ਚਰਚਾਵਾਂ ਅਤੇ ਸਰਗਰਮੀਆਂ ਦੇ ਦੌਰ ਅੰਦਰ ਇਸ ਪੁਸਤਕ ਦਾ ਇਤਿਹਾਸਕ ਮੁੱਲ ਹੋਰ ਵੀ ਮਹੱਤਤਾ ਰੱਖਦਾ ਹੈ। ਪੁਸਤਕ ਊਧਮ ਸਿੰਘ ਦਾ ਗ਼ਦਰ ਪਾਰਟੀ ਅਤੇ ਨੌਜਵਾਨ ਭਾਰਤ ਸਭਾ ਨਾਲ ਗੂੜ੍ਹਾ ਸਬੰਧ ਹੋਣ ਦਾ ਪ੍ਰਮਾਣ ਪੇਸ਼ ਕਰਦੀ ਇਹ ਦਰਸਾਉਂਦੀ ਹੈ ਕਿ ਊਧਮ ਸਿੰਘ ਦੇ ਉਦੇਸ਼ਾਂ, ਨਿਸ਼ਾਨਿਆਂ ਅਤੇ ਆਦਰਸ਼ਾਂ ਦਾ ਕੈਨਵਸ ਵਸੀਹ ਅਤੇ ਉਚੇਰਾ ਹੈ। ਉਹ ਕਿਸੇ ਇਕੱਲੀ ਇਕਹਿਰੀ ਘਟਨਾ ਤੋਂ ਨਾ ਸ਼ੁਰੂ ਹੁੰਦਾ ਹੈ ਅਤੇ ਨਾ ਸਮਾਪਤ।

ਰੰਗਦਾਰ ਤਸਵੀਰਾਂ ਵਾਲੇ ਸਫ਼ਿਆਂ ਸਮੇਤ ਕੋਈ 400 ਸਫ਼ਿਆਂ 'ਚ ਸਮੋਈ ਰਾਕੇਸ਼ ਕੁਮਾਰ ਦੀ ਪੁਸਤਕ 'ਚ ਸ਼ਾਮਲ ਢੇਰ ਸਾਰੇ ਇਤਿਹਾਸਕ ਦਸਤਾਵੇਜ਼ੀ ਪ੍ਰਮਾਣ, ਊਧਮ ਸਿੰਘ ਦੇ ਹਲਫ਼ੀਆ ਬਿਆਨ ਅਤੇ ਨਾ ਝੁਠਲਾਏ ਜਾ ਸਕਣ ਵਾਲੇ ਪੱਖ ਊਧਮ ਸਿੰਘ ਨੂੰ ਇਕ ਬੌਧਿਕ, ਚਿੰਤਨਸ਼ੀਲ, ਇਨਕਲਾਬੀ ਸੋਚ ਨੂੰ ਪਰਨਾਏ ਕਰਾਂਤੀਕਾਰੀ ਵਜੋਂ ਉਭਾਰ ਕੇ ਸਾਹਮਣੇ ਲਿਆਉਂਦੇ ਹਨ।

ਪਰੰਪਰਾਗਤ ਇਤਿਹਾਸਕਾਰੀ ਦੇ ਘੇਰੇ 'ਚ ਊਧਮ ਸਿੰਘ ਨੂੰ ਓਪਰੀ ਨਜ਼ਰੇ ਵਡਿਆਕੇ ਪੇਸ਼ ਕਰਦਿਆਂ ਉਸਦਾ ਕੱਦ ਉਚਾ ਨਹੀਂ ਸਗੋਂ ਛੋਟਾ ਹੀ ਕੀਤਾ ਜਾਂਦਾ ਹੈ। ਉਹਨਾਂ ਦੀ ਐਨਕ 'ਚ ਊਧਮ ਸਿੰਘ ਦਾ ਸੰਗਰਾਮੀ ਚੇਤਨਾ ਅਤੇ ਅਮਲ ਦਾ ਸਫ਼ਰ ਜਲ੍ਹਿਆਂਵਾਲਾ ਬਾਗ ਦੀ ਖ਼ੂਨੀ ਵਿਸਾਖੀ ਤੋਂ ਸ਼ੁਰੂ ਹੁੰਦਾ ਹੈ ਜਿਹੜਾ ਕੈਕਸਟਨ ਹਾਲ ਲੰਡਨ 'ਚ ਮਾਈਕਲ ਓਡਵਾਇਰ ਤੇ ਗੋਲੀਆਂ ਚਲਾਉਣ ਦੀ ਇਕ ਘਟਨਾ ਕਰਕੇ 31 ਜੁਲਾਈ 1940 ਨੂੰ ਲੰਡਨ 'ਚ ਹੀ ਫਾਂਸੀ ਦਾ ਰੱਸਾ ਚੁੰਮਣ ਨਾਲ ਸਮਾਪਤ ਹੋ ਜਾਂਦਾ ਹੈ।

ਪੁਸਤਕ ਇਤਿਹਾਸ ਦੇ ਨਵੇਂ ਸਫ਼ੇ ਸਿਰਜਦੀ ਹੈ। ਪੁਸਤਕ ਦਾ ਇਹ ਇਤਿਹਾਸਕ ਹਾਸਲ ਹੈ ਕਿ ਉਸ ਵਿਚ ਰਾਕੇਸ਼ ਦੀ ਕਲਮ ਖ਼ੁਦ ਬਹੁਤ ਘੱਟ ਲਿਖ ਕੇ ਸਗੋਂ ਇਤਿਹਾਸਕ ਤੱਥਾਂ ਦੀ ਰੌਸ਼ਨੀ 'ਚ ਇਹ ਸਥਾਪਤ ਕਰਦੀ ਹੈ ਕਿ ਸਾਨੂੰ ਉਸ ਊਧਮ ਸਿੰਘ ਦੀਆਂ ਪੈੜਾਂ ਸੰਭਾਲਣ ਦੀ ਲੋੜ ਹੈ ਜਿਹੜਾ ਵਿਅਕਤੀਗਤ ਬਦਲੇ ਤੱਕ ਸੀਮਤ ਨਹੀਂ। ਜਿਹੜਾ ਸਾਮਰਾਜੀ ਗਲਬੇ, ਜਾਗੀਰੂ ਦਾਬੇ, ਪੂੰਜੀਪਤੀ ਮਾਸਖੋਰਿਆਂ ਅਤੇ ਲੋਕਾਂ ਦੀ ਰੱਤ ਨਚੋੜਵੇਂ ਪ੍ਰਬੰਧ ਤੋਂ ਮੁਕੰਮਲ ਮੁਕਤੀ ਹਾਸਲ ਕਰਕੇ ਨਵੇਂ, ਆਜ਼ਾਦ, ਜਮਹੂਰੀ ਅਤੇ ਬਰਾਬਰੀ ਤੇ ਟਿਕੇ, ਨਿਆਂ ਭਰੇ ਭਾਰਤ ਦੀ ਸਿਰਜਣਾ ਕਰਨ ਦੇ ਮਹਾਨ ਆਦਰਸ਼ ਨੂੰ ਪਰਨਾਇਆ ਹੋਇਆ ਹੈ।

ਪੁਸਤਕ ਉਨ੍ਹਾਂ 'ਵਿਚਾਰਵਾਨਾਂ', ਰਾਜਨੀਤਕ ਮੌਕਾਪ੍ਰਸਤਾਂ ਅਤੇ ਬਰਤਾਨਵੀ ਸਾਮਰਾਜ ਦੇ ਸੇਵਾਦਾਰਾਂ ਦੇ ਬਾਖ਼ੂਬ ਬਖ਼ੀਏ ਉਧੇੜਦੀ ਹੈ ਜਿਹੜੇ ਊਧਮ ਸਿੰਘ ਨੂੰ 'ਦਹਿਸ਼ਤਗਰਦ', 'ਕਾਤਲ' ਅਤੇ 'ਸਿਰ ਫਿਰਿਆ ਨੌਜਵਾਨ' ਦੱਸਦੇ ਰਹੇ ਹਨ। ਜਿਹੜੇ ਲੰਡਨ 'ਚ ਊਧਮ ਸਿੰਘ ਵੱਲੋਂ ਚਲਾਈ ਗੋਲੀ ਮੌਕੇ ਮ੍ਰਿਤਕਾਂ ਅਤੇ ਜ਼ਖ਼ਮੀਆਂ ਨਾਲ ਦੁੱਖ ਸਾਂਝਾ ਕਰਨ ਅਤੇ ਊਧਮ ਸਿੰਘ ਦੀ ਘੋਰ ਨਿੰਦਾ ਕਰਨ ਦੇ ਘ੍ਰਿਣਤ ਕੰਮ ਕਰਦੇ ਰਹੇ ਹਨ। ਜਿਹੜੇ ਹੁਣ ਭਰਮ ਪਾਲਦੇ ਹਨ ਕਿ ਲੋਕ ਇਤਿਹਾਸ ਤੋਂ ਅਣਭਿੱਜ ਨੇ, ਉਹਨਾਂ ਦੇ ਲਿਖੇ ਕਾਲੇ ਸਫ਼ਿਆਂ ਤੋਂ ਵਾਕਫ਼ ਨਹੀਂ ਇਸ ਕਰਕੇ ਉਹ ਊਧਮ ਸਿੰਘ ਨੂੰ ਸ਼ਹੀਦੀ ਰੁਤਬਾ ਦੇਣ ਅਤੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਉਸਨੂੰ 'ਯਾਦ ਕਰਨ' ਦਾ ਖੇਖਣ ਵੀ ਕਰਦੇ ਹਨ।

ਪੁਸਤਕ 'ਚ ਪ੍ਰਕਾਸ਼ਿਤ 5 ਮਈ, 1940 ਨੂੰ ਅਦਾਲਤ ਵਿਚ ਦਿੱਤਾ ਊਧਮ ਸਿੰਘ ਦਾ ਹੱਥ ਲਿਖਤ ਬਿਆਨ ਮੌਖਿਕ ਰੂਪ 'ਚ ਸ਼ਾਮਲ ਹੈ। ਇਹ ਬਿਆਨ ਊਧਮ ਸਿੰਘ ਦੇ ਅਸਲ 'ਸ਼ਿਕਾਰ' ਅਤੇ 'ਅਸਲ ਨਿਸ਼ਾਨੇ' ਬਾਰੇ ਪ੍ਰਮਾਣਿਕ ਦਸਤਾਵੇਜ਼ ਹੈ :

''ਕਿਸੇ ਵਿਅਕਤੀ ਦੀ ਜਾਨ ਲੈਣਾ ਮੇਰਾ ਮਕਸਦ ਨਹੀਂ। ਜ਼ਾਲਮਾਨਾ ਬ੍ਰਿਟਿਸ਼ ਰਾਜ ਭਾਰਤੀ ਲੋਕਾਂ ਲਈ ਘਾਤਕ ਹੈ। ਵੱਡੇ ਜ਼ਿੰਮੀਦਾਰ ਅਤੇ ਭਾਰਤ ਦੇ ਮਾਲਕ ਬਣ ਬੈਠੇ ਜਿਹੜੇ ਮੇਰੇ ਦੇਸ਼ ਦੇ ਮਹੱਤਵਪੂਰਨ ਉਦਯੋਗਾਂ ਦੇ ਮਾਲਕ ਬਣ ਬੈਠੇ ਹਨ ਉਹ ਆਪਣੀ ਲਾਲਸਾ ਲਈ, ਸਾਡੇ ਦੇਸ਼ ਦੇ ਲੋਕਾਂ ਦੀ ਰੱਤ ਨਿਚੋੜਕੇ ਲਿਜਾ ਰਹੇ ਹਨ। ਕਾਮਿਆਂ ਨੂੰ ਜਿਉਣ ਦੇ ਹੱਕ ਤੋਂ ਵਾਂਝਿਆਂ ਕੀਤਾ ਜਾ ਰਿਹਾ ਹੈ। ਇਹ ਆਪ ਸ਼ਾਹੀ ਠਾਠ ਦੀ ਜ਼ਿੰਦਗੀ ਜੀਅ ਰਹੇ ਹਨ।''

ਇਹੋ ਬਿਆਨ ਅੱਗੇ ਚੱਲ ਕੇ ਇਹ ਦਰਸਾਉਂਦਾ ਹੈ :

''ਮੈਂ ਮੌਤ ਦੀ ਸਜ਼ਾ ਤੋਂ ਨਹੀਂ ਡਰਦਾ। ਇਹ ਮੇਰੇ ਵਾਸਤੇ ਕੁਝ ਵੀ ਨਹੀਂ। ਮੈਨੂੰ ਮਰਨ ਤੇ ਮਾਣ ਹੈ। ਅਸੀਂ ਬ੍ਰਿਟਿਸ਼ ਸਾਮਰਾਜ ਦੇ ਸਤਾਏ ਹੋਏ ਹਾਂ। ਆਪਣੀ ਜਨਮ-ਭੂਮੀ ਨੂੰ ਆਜ਼ਾਦ ਕਰਾਉਣ ਲਈ ਆਪਣੇ ਮਰਨ ਤੇ ਵੀ ਮਾਣ ਹੋਵੇਗਾ। ਮੈਨੂੰ ਮਾਣ ਹੈ ਮੇਰੇ ਜਾਣ ਮਗਰੋਂ ਵੀ ਮੇਰੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਹਜ਼ਾਰਾਂ ਦੇਸ਼ ਵਾਸੀ ਅੱਗੇ ਆਉਣਗੇ।''

ਸ਼ਹੀਦ ਊਧਮ ਸਿੰਘ ਦੇ ਸਮੇਂ ਨਾਲੋਂ ਵੀ ਵਿਰਾਟ ਅਤੇ ਤਿੱਖਾ ਰੂਪ ਧਾਰਨ ਕਰਕੇ ਖੜ੍ਹੀਆਂ ਗੰਭੀਰ ਚੁਣੌਤੀਆਂ ਨੂੰ ਅਜੋਕੇ ਸਮੇਂ ਅੰਦਰ ਮੁਖ਼ਾਤਬ ਹੋਣ ਲਈ, ਆਪਣੇ ਰਾਹ ਅਤੇ ਨਿਸ਼ਾਨੇ ਬਾਰੇ ਚੇਤੰਨ ਹੋਣ ਲਈ ਰੌਸ਼ਨ ਮਿਨਾਰ ਦਾ ਕੰਮ ਕਰੇਗੀ ਰਾਕੇਸ਼ ਕੁਮਾਰ ਦੀ ਅਮੁੱਲੀ ਪੁਸਤਕ। ਪੂਰਨ ਵਿਸ਼ਵਾਸ ਨਾਲ ਕਿਹਾ ਜਾ ਸਕਦਾ ਹੈ ਕਿ ਇਹ ਪੁਸਤਕ ਨਵੇਂ ਸੰਵਾਦ ਅੱਗੇ ਤੋਰੇਗੀ ਜਿਹੜੇ ਸਾਡੇ ਅਤੀਤ, ਵਰਤਮਾਨ ਅਤੇ ਭਵਿੱਖ ਨੂੰ ਸਮਝਣ ਵਿਚ ਸਹਾਈ ਹੋਣਗੇ।

ਜਾਰੀ ਕਰਤਾ : ਅਮੋਲਕ ਸਿੰਘ
ਪ੍ਰਧਾਨ, ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ)
ਸੰਪਰਕ : 94170-76735

Saturday, April 20, 2013

ਨਵੇਂ ਯੁੱਗ ਦਾ ਸਿਰਨਾਵਾਂ : ਗ਼ਦਰ ਲਹਿਰ



21 ਅਪ੍ਰੈਲ ਗ਼ਦਰ ਪਾਰਟੀ ਦੀ 100ਵੀਂ ਵਰ੍ਹੇਗੰਢ 'ਤੇ ਵਿਸ਼ੇਸ਼
ਨਵੇਂ ਯੁੱਗ ਦਾ ਸਿਰਨਾਵਾਂ : ਗ਼ਦਰ ਲਹਿਰ
—ਅਮੋਲਕ ਸਿੰਘ

ਇਤਿਹਾਸ ਦੇ ਸਫ਼ੇ 'ਤੇ ਉੱਕਰੀ ਇਨਕਲਾਬੀ ਤਵਾਰੀਖ਼ 'ਚ ਅਮਿੱਟ ਸਥਾਨ ਹੈ 21 ਅਪ੍ਰੈਲ 1913 ਦੇ ਇਤਿਹਾਸਕ ਦਿਹਾੜੇ ਦਾ। ਇਸ ਦਿਨ ਮੁਲਕ ਦੀ ਆਜ਼ਾਦੀ ਲਈ ਅਮਰੀਕਾ ਦੀ ਧਰਤੀ 'ਤੇ 'ਹਿੰਦੀ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ' ਨਾਂਅ ਦੀ ਜੱਥੇਬੰਦੀ ਦੀ ਆਧਾਰਸ਼ਿਲਾ ਰੱਖੀ ਗਈ। ਇਸ ਜੱਥੇਬੰਦੀ ਨੇ 1 ਨਵੰਬਰ 1913 ਨੂੰ 'ਗ਼ਦਰ' ਅਖ਼ਬਾਰ ਜਾਰੀ ਕੀਤਾ। ਵੱਖ-ਵੱਖ ਭਾਸ਼ਾਵਾਂ 'ਚ ਛਪਦਾ, ਵੱਖ-ਵੱਖ ਮੁਲਕਾਂ ਤੱਕ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਤੱਕ ਪਹੁੰਚਦਾ ਅਤੇ ਗ਼ਦਰ ਦਾ ਹੋਕਾ ਦਿੰਦਾ ਇਹ ਅਖ਼ਬਾਰ ਲੋਕਾਂ ਵਿਚ ਐਨਾ ਮਕਬੂਲ ਹੋਇਆ ਕਿ ਜੱਥੇਬੰਦੀ 'ਗ਼ਦਰ ਪਾਰਟੀ' ਦੇ ਨਾਂਅ ਨਾਲ ਜਾਣੀ ਜਾਣ ਲੱਗੀ। ਸਨਫਰਾਂਸਿਸਕੋ (ਅਮਰੀਕਾ) ਵਿਚ ਇਸ ਐਸੋਸੀਏਸ਼ਨ ਵੱਲੋਂ 'ਯੁਗਾਂਤਰ ਆਸ਼ਰਮ' ਨਾਂਅ ਦਾ ਮੁੱਖ ਦਫ਼ਤਰ ਸਥਾਪਤ ਕੀਤਾ ਗਿਆ। 'ਗ਼ਦਰ' ਅਖ਼ਬਾਰ ਨੇ ਲੋਕ ਮਨਾਂ ਉਪਰ ਅਜੇਹਾ ਜਾਦੂ ਕੀਤਾ ਕਿ 'ਯੁਗਾਂਤਰ ਆਸ਼ਰਮ' ਦੀ ਵੀ 'ਗ਼ਦਰ ਆਸ਼ਰਮ' ਵਜੋਂ ਪਹਿਚਾਣ ਬਣ ਗਈ।


                          'ਯੁਗਾਂਤਰ ਆਸ਼ਰਮ' 

ਗ਼ਦਰ ਪਾਰਟੀ ਦੇ ਬਾਨੀ ਅਹੁਦੇਦਾਰਾਂ 'ਚ ਬਾਬਾ ਸੋਹਣ ਸਿੰਘ ਭਕਨਾ ਪ੍ਰਧਾਨ, ਭਾਈ ਕੇਸਰ ਸਿੰਘ ਠੱਠਗੜ੍ਹ ਮੀਤ ਪ੍ਰਧਾਨ, ਲਾਲਾ ਹਰਦਿਆਲ ਜਨਰਲ ਸਕੱਤਰ, ਪੰਡਿਤ ਕਾਸ਼ੀ ਰਾਮ ਮੜੌਲੀ ਖਜਾਨਚੀ ਅਤੇ ਠਾਕੁਰ ਦਾਸ ਧੂਰਾ ਨੂੰ ਸਹਾਇਕ ਸਕੱਤਰ ਚੁਣਿਆ ਗਿਆ।

ਸਾਮਰਾਜੀ ਗੁਲਾਮੀ ਦੇ ਜੂਲੇ ਹੇਠ ਦੱਬੀ ਭਾਰਤੀ ਕੌਮ ਨੂੰ ਇਕ ਲੜੀ 'ਚ ਪਰੋ ਕੇ, ਆਜ਼ਾਦੀ ਦੀ ਪ੍ਰਾਪਤੀ ਲਈ ਸਫਲਤਾ ਪੂਰਵਕ ਅੰਦਾਜ਼ 'ਚ ਗ਼ਦਰ ਕਰਨ ਲਈ ਗ਼ਦਰੀ ਦੇਸ਼ ਭਗਤਾਂ ਦਾ ਆਦਰਸ਼, ਉਨ੍ਹਾਂ ਵੱਲੋਂ ਗ਼ਦਰੀ ਝੰਡੇ ਲਈ ਕੀਤੀ ਰੰਗਾਂ ਦੀ ਚੋਣ ਵਿਚੋਂ ਹੀ ਪੜ੍ਹਿਆ ਜਾ ਸਕਦਾ ਹੈ। ਉਨ੍ਹਾਂ ਨੇ ਧਰਮਾਂ, ਫਿਰਕਿਆਂ, ਬੋਲੀਆਂ, ਰੰਗ, ਨਸਲ, ਖਿੱਤੇ ਆਦਿ ਤੋਂ ਕਿਤੇ ਉਪਰ ਉਠ ਕੇ, ਵਤਨ ਦੀ ਆਜ਼ਾਦੀ ਲਈ ਸਾਂਝੀ ਤੰਦ ਮਜ਼ਬੂਤ ਕਰਨ ਦਾ ਸਾਬਤ ਕਦਮੀਂ ਰਾਹ ਚੁਣਿਆ। 'ਗ਼ਦਰ' ਅਖ਼ਬਾਰ ਉਪਰ 'ਜੇ ਚਿਤ ਪ੍ਰੇਮ ਖੇਲਨ ਕਾ ਚਾਉ, ਸਿਰ ਧਰ ਤਲੀ ਗਲੀ ਮੋਰੀ ਆਉ' ਨਾਮੀਂ ਪੰਕਤੀ ਉੱਕਰੀ ਹੁੰਦੀ ਸੀ। ਜਿਵੇਂ ਝੰਡੇ ਉਪਰ ਦੋ ਤਲਵਾਰਾਂ ਦਾ ਨਿਸ਼ਾਨ ਬਣਾਇਆ ਇਉਂ ਹੀ ਤਲਵਾਰਾਂ 'ਗ਼ਦਰ' ਅਖ਼ਬਾਰ ਉਪਰ ਛਾਪੀਆਂ ਜਾਂਦੀਆਂ। ਆਜ਼ਾਦੀ ਲਈ ਤਨ, ਮਨ, ਧਨ ਸਭ ਕੁਝ ਕੁਰਬਾਨ ਕਰਨ ਦਾ ਸੂਚਕ ਬੋਲਾਂ ਅਤੇ ਤਲਵਾਰਾਂ ਦੇ ਚਿੰਨਾਂ ਨੇ ਸੁੱਤੀ ਕੌਮ ਨੂੰ ਜਗਾਉਣ ਲਈ ਸਿਦਕਦਿਲੀ ਭਰਿਆ ਹਲੂਣਾ ਦਿੱਤਾ। ਗ਼ਦਰੀਆਂ ਦਾ ਨਿਸ਼ਾਨਾ ਸਿਰਫ ਮੌਤ ਨੂੰ ਮਖ਼ੌਲਾਂ ਕਰਨ ਤੱਕ ਹੀ ਸੀਮਤ ਨਹੀਂ ਸੀ। ਉਹ ਜ਼ਿੰਦਗੀ ਨੂੰ ਜੀਅ ਭਰ ਕੇ ਮੁਹੱਬਤ ਕਰਦੇ ਸਨ। ਪਰ ਉਹ ਜ਼ਿੰਦਗੀ ਨੂੰ ਕਦੇ ਵੀ ਅਸੂਲਾਂ ਤੋਂ ਵੱਧ ਪਿਆਰੀ ਨਹੀਂ ਸੀ ਸਮਝਦੇ। ਗ਼ਦਰ ਅਖ਼ਬਾਰ ਦੇ ਮੁੱਖ ਪੰਨੇ 'ਤੇ ਤਲਵਾਰਾਂ, ਜ਼ੰਜ਼ੀਰਾਂ 'ਚ ਜਕੜੀ ਭਾਰਤ ਮਾਂ, ਗ਼ਦਰ ਦੀ ਗੂੰਜ ਦਾ ਵੱਜਦਾ ਬਿਗਲ ਹੀ ਨਹੀਂ ਸੀ ਛਪਦਾ, ਮੁੱਖ ਪੰਨੇ 'ਤੇ ਖ਼ੂਬਸੂਰਤ ਫੁੱਲਾਂ ਦੀ ਵੇਲ ਵੀ ਛਾਪੀ ਹੁੰਦੀ ਸੀ। ਫੁੱਲਾਂ ਦੀ ਝਾਂਜਰ ਦਾ ਸੰਗੀਤ ਦਰਸਾਉਂਦਾ ਸੀ ਕਿ 'ਗ਼ਦਰ', ਯੁੱਧ, ਫਾਂਸੀਆਂ, ਜੇਲ੍ਹਾਂ ਅਤੇ ਕੁਰਬਾਨੀਆਂ ਭਰੀ ਜੱਦੋ ਜਹਿਦ ਗ਼ਦਰੀਆਂ ਦਾ ਸ਼ੌਕ ਨਹੀਂ ਸੀ ਸਗੋਂ ਵਕਤ ਵੱਲੋਂ ਉਨ੍ਹਾਂ ਜਿੰਮੇ ਲੱਗੀ ਇਤਿਹਾਸਕ ਜ਼ਿੰਮੇਵਾਰੀ ਸੀ। ਦੇਸ਼ ਦੀ ਆਜ਼ਾਦੀ, ਖੁਸ਼ਹਾਲੀ, ਬਰਾਬਰੀ ਅਤੇ ਜਮਹੂਰੀਅਤ ਲਈ 'ਗ਼ਦਰ' ਉਹਨਾਂ ਦੀ ਲਾਜ਼ਮੀ ਲੋੜ ਸੀ।

ਸਾਮਰਾਜੀ ਗ਼ੁਲਾਮੀ ਕਾਰਨ ਕਰਜ਼ਿਆਂ, ਬਿਮਾਰੀਆਂ, ਆਰਥਕ ਸਮਾਜਕ ਤੰਗੀਆਂ, ਬੇਰੁਜ਼ਗਾਰੀ ਅਤੇ ਭੁੱਖਮਰੀ ਦੇ ਝੰਬੇ ਗ਼ਰੀਬ ਘਰਾਂ ਦੇ ਮਿਹਨਤੀ, ਸਿਰੜੀ ਅਤੇ ਗੈਰਤਮੰਦ ਸਪੂਤ ਜਦੋਂ ਫ਼ੌਜਾਂ 'ਚ ਭਰਤੀ ਹੋਣ ਅਤੇ ਪਰਦੇਸਾਂ 'ਚ ਧੱਕੇ ਖਾਣ ਲਈ ਮਜਬੂਰ ਹੋਏ। ਜਦੋਂ ਪੈਰ ਪੈਰ ਤੇ ਅਪਮਾਨਤ ਹੋਣ ਲੱਗੇ। ਉਨ੍ਹਾਂ ਹਾਲਾਤਾਂ ਨੇ ਨਵੀਂ ਚੇਤਨਾ ਪੈਦਾ ਕੀਤੀ ਕਿ ਸਾਡੇ ਨਾਲ ਜਾਨਵਰਾਂ ਤੋਂ ਵੀ ਭੈੜਾ ਸਲੂਕ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਅਸੀਂ ਆਜ਼ਾਦ ਦੇਸ਼ ਦੇ ਵਾਸੀ ਨਹੀਂ। ਉਨ੍ਹਾਂ ਦੇ ਬੁੱਲ੍ਹਾਂ 'ਤੇ ਅਜੇਹੇ ਬੋਲ ਥਿਰਕਣ ਲੱਗੇ:

''ਦੇਸ਼ ਪੈਣ ਧੱਕੇ ਬਾਹਰ ਮਿਲੇ ਢੋਈ ਨਾ

ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ''


ਉਹ ਸਿਰ ਜੋੜ ਕੇ ਬੈਠਣ ਲੱਗੇ। ਗੰਭੀਰ ਵਿਚਾਰਾਂ ਕਰਨ ਲੱਗੇ। ਅਜੇਹੇ ਮੰਥਨ ਸਦਕਾ ਹਿੰਦੀ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ ਨਾਂਅ ਦੀ ਜੱਥੇਬੰਦੀ ਦਾ ਮੁੱਢ ਬੱਝਾ ਸੀ। ਇਨ੍ਹਾਂ ਵਿਚ ਕਿਰਤੀ, ਕਿਸਾਨਾਂ, ਕਾਰੀਗਰਾਂ, ਚੜ੍ਹਦੀ ਉਮਰ ਦੇ ਗੱਭਰੂਆਂ ਸਮੇਤ ਬੁੱਧੀਜੀਵੀ ਵਰਗ ਨੇ ਜੋਟੀਆਂ ਪਾਈਆਂ। ਗ਼ਦਰ ਲਹਿਰ ਤੇ ਨਵੀਓਂ ਨਵੀਂ ਬਹਾਰ ਆਈ। ਇਤਿਹਾਸਕ ਪ੍ਰਮਾਣ ਉਨ੍ਹਾਂ ਝੂਠੜਾਂ ਅਤੇ ਸੋਸ਼ੇਬਾਜ਼ਾਂ ਦੀ ਖਿੱਲੀ ਉਡਾਉਂਦੇ ਹਨ ਜਿਹੜੇ ਗ਼ਦਰ ਲਹਿਰ ਦੇ ਸੰਗਰਾਮੀਆਂ ਨੂੰ 'ਹੋਸ਼ ਤੋਂ ਕੋਰੇ', 'ਸਿਰਫ ਜੋਸ਼ੀਲੇ' ਅਤੇ 'ਸਿਰਫ ਸਿੱਖ' ਬਣਾ ਕੇ ਪੇਸ਼ ਕਰਦਿਆਂ ਦਿਮਾਗੀ ਕਸਰਤਾਂ ਦੇ ਭਰਮ ਨਾਲ ਹੀ ਮਨੋਇੱਛਤ ਸਿੱਟੇ ਕੱਢ ਕੇ ਇਤਿਹਾਸ ਦਾ ਹੁਲੀਆ ਵਿਗਾੜਨ ਲਈ ਕਾਲਪਨਿਕ ਦੁਨੀਆ 'ਚ ਗੁਆਚੇ ਫਿਰ ਰਹੇ ਹਨ।

ਇਤਿਹਾਸ ਮੂੰਹੋਂ ਬੋਲਦਾ ਹੈ ਕਿ 436 ਹਿਲ ਸਟਰੀਟ, ਸਾਨਫ੍ਰਾਂਸਿਸਕੋ ਸਥਿਤ ਯੁਗਾਂਤਰ ਆਸ਼ਰਮ ਦਾ ਇੰਚਾਰਜ ਲਾਲਾ ਹਰਦਿਆਲ ਨੂੰ ਬਣਾਇਆ ਗਿਆ। ਪੱਲਿਓਂ ਗ਼ਦਰੀ ਕਾਮੇ ਖਰਚੇ ਕਰਦੇ। ਰਾਸ਼ਨ ਪਾਣੀ ਤੱਕ ਵੀ ਗ਼ਦਰੀ ਬਾਬਾ ਜਵਾਲਾ ਸਿੰਘ ਦੇ ਫ਼ਾਰਮ ਤੋਂ ਆਇਆ ਕਰਦਾ। 'ਗ਼ਦਰ' ਅਖ਼ਬਾਰ ਛਾਪਣ ਲਈ ਪਹਿਲਾਂ ਇਕ ਗੋਰਾ ਕਾਮਾ ਕੰਮ ਕਰਦਾ ਸੀ। ਉਸ ਮਗਰੋਂ ਇਹ ਜ਼ਿੰਮੇਵਾਰੀ ਕਰਤਾਰ ਸਿੰਘ ਸਰਾਭਾ ਨੇ ਹੱਸ ਕੇ ਓਟ ਲਈ। ਅਖ਼ਬਾਰ ਦਾ ਨਾਂਅ 'ਗ਼ਦਰ' ਰੱਖਣ ਪਿੱਛੇ 1857 ਦੇ ਗ਼ਦਰ ਦੀ ਇਤਿਹਾਸਕਤਾ ਧੜਕ ਰਹੀ ਸੀ। 'ਗ਼ਦਰ' ਅਖ਼ਬਾਰ, ਉਰਦੂ, ਗੁਰਮੁਖੀ, ਬੰਗਾਲੀ, ਹਿੰਦੀ ਅਤੇ ਗੁਜਰਾਤੀ ਵਿਚ ਛਾਪਣਾ ਸ਼ੁਰੂ ਕੀਤਾ। ਗ਼ਦਰੀਆਂ ਦੀ ਹੋਸ਼, ਸੂਝ-ਬੂਝ ਅਤੇ ਵਿਗਿਆਨਕ ਦੂਰ-ਦ੍ਰਿਸ਼ਟੀ ਦਾ ਹੀ ਪ੍ਰਮਾਣ ਹੈ ਉਨ੍ਹਾਂ ਵੱਲੋਂ 'ਗ਼ਦਰ' ਦੇ ਪਲੇਠੇ ਅੰਕ ਉਪਰ ਲਿਖਣਾ :

''ਵਿਦੇਸੀ ਧਰਤੀ ਤੋਂ ਦੇਸੀ ਜ਼ਬਾਨਾਂ ਵਿਚ ਸਾਮਰਾਜ ਵਿਰੁੱਧ ਜੰਗ ਦਾ ਐਲਾਨ''


ਅਖ਼ਬਾਰ ਦੇ ਮਜ਼ਬੂਨ ਲਾਲਾ ਹਰਦਿਆਲ ਲਿਖਦੇ, ਉਰਦੂ ਦਾ ਕੰਮ ਰਘਬੀਰ ਦਿਆਲ ਕਰਦੇ ਅਤੇ ਗੁਰਮੁਖੀ ਵਿਚ ਉਲੱਥਾ ਕਰਤਾਰ ਸਿੰਘ ਸਰਾਭਾ ਆਮ ਤੌਰ ਤੇ ਕਰਿਆ ਕਰਦਾ। ਗ਼ਦਰ ਆਸ਼ਰਮ ਵਿਚ ਲਾਲਾ ਹਰਦਿਆਲ ਉਪਰੰਤ ਜਦੋਂ ਭਾਈ ਸੰਤੋਖ ਸਿੰਘ ਨੂੰ ਜਨਰਲ ਸਕੱਤਰ ਬਣਾਇਆ ਤਾਂ ਪ੍ਰੋ. ਬਰਕਤ ਉੱਲਾ ਜਪਾਨ ਤੋਂ ਅਤੇ ਭਾਈ ਭਗਵਾਨ ਸਿੰਘ ਫ਼ਿਲਪਾਈਨ ਤੋਂ ਆ ਕੇ ਆਸ਼ਰਮ ਵਿਚ ਯੋਗਦਾਨ ਪਾਉਣ ਲੱਗੇ। ਹਰਨਾਮ ਸਿੰਘ ਟੁੰਡੀਲਾਟ, ਹਰਨਾਮ ਸਿੰਘ ਸਾਹਰੀ ਅਤੇ ਰਾਮ ਚੰਦ, ਗ਼ਦਰ ਅਖ਼ਬਾਰ ਲਈ ਅਤੇ ਆਪਣੀ ਮਾਂ ਧਰਤੀ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਨਿਛਾਵਰ ਕਰਨ ਲਈ ਸਮਰਪਤ ਹੋ ਗਏ। ਗ਼ਦਰ ਆਸ਼ਰਮ 1949 'ਚ ਭਾਰਤ ਸਰਕਾਰ ਨੂੰ ਸੌਂਪ ਦਿੱਤਾ ਗਿਆ। ਪਰ ਅਜੇ ਤੱਕ ਇਹ ਮਹਾਨ ਇਤਿਹਾਸਕ ਯਾਦਗਾਰ ਆਮ ਤੌਰ ਤੇ ਬੰਦ ਹੀ ਰੱਖੀ ਜਾਂਦੀ ਹੈ। ਮਨਜੂਰੀਆਂ ਦੇ ਗਧੀ ਗੇੜ 'ਚ ਪੈ ਕੇ ਇਤਿਹਾਸਕਾਰਾਂ ਨੂੰ ਇਸਦੇ ਦੀਦਾਰ ਕਰਨ ਦਾ ਮੁਸ਼ਕਲ ਨਾਲ ਮੌਕਾ ਮਿਲਦਾ ਹੈ। ਇਸਦੇ ਮਾਣਮੱਤੇ ਇਤਿਹਾਸ ਦੇ ਜਦੋਂ ਸੌ ਵਰ੍ਹੇ ਪੂਰੇ ਹੋਣ ਜਾ ਰਹੇ ਹਨ ਅਜੇ ਵੀ ਇਸਨੂੰ ਸਿਰਫ 2 ਦਿਨ ਖੋਲ੍ਹਣ ਦੇ ਮਜ਼ਾਕ ਹੋ ਰਹੇ ਹਨ। ਭਲਾ ਕਿਉਂ? ਇਹ ਸਾਡੇ ਸਭ ਦੇ ਸੋਚਣ ਲਈ ਵੀ ਸੁਆਲ ਹੈ?

ਗ਼ਦਰ ਲਹਿਰ ਦੀਆਂ ਇਤਿਹਾਸਕ ਪੈੜਾਂ ਦੇ ਅਮਿਟ ਨਿਸ਼ਾਨ ਕਾਮਾਗਾਟਾ ਮਾਰੂ, ਗੁਰਦੁਆਰਾ ਸਿੱਖ ਟੈਂਪਲ, ਗ਼ਦਰ ਅਖ਼ਬਾਰ, ਗ਼ਦਰ ਦੀ ਗੂੰਜ ਕਵਿਤਾਵਾਂ, ਬਜ ਬਜ ਘਾਟ, ਕਾਲੇ ਪਾਣੀ, ਜੇਲ੍ਹਾਂ, ਫਾਂਸੀਆਂ, ਸਾਜਸ਼ ਕੇਸਾਂ, ਫ਼ੌਜਾਂ ਅੰਦਰ ਬਗਾਵਤਾਂ ਦੇ ਨਿਰੰਤਰ ਇਤਿਹਾਸ ਵਿਚ ਦੇਖੀਆਂ ਜਾ ਸਕਦੀਆਂ ਹਨ। ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ ਲਹਿਰ, ਫ਼ੌਜਾਂ ਅੰਦਰ ਵਿਦਰੋਹ, ਆਜ਼ਾਦ ਹਿੰਦ ਫ਼ੌਜ ਦੇ ਇਤਿਹਾਸ ਨੂੰ ਗ਼ਦਰ ਪਾਰਟੀ ਦੀ ਬਦਲਵੇਂ ਰੂਪਾਂ 'ਚ ਨਿਰੰਤਰਤਾ ਵਜੋਂ ਹੀ ਘੋਖਿਆ ਪੜਤਾਲਿਆ ਜਾਣਾ ਚਾਹੀਦਾ ਹੈ। ਇਸ ਕਰਕੇ ਗ਼ਦਰ ਪਾਰਟੀ ਬਾਰੇ 'ਫੇਲ' ਜਾਂ 'ਪਾਸ' ਵਰਗੇ ਗਣਿਤ ਰੂਪੀ ਫਾਰਮੂਲਿਆਂ ਤੋਂ ਸੰਕੋਚ ਕਰਦਿਆਂ ਇਸ ਮਹਾਨ ਲਹਿਰ ਨੂੰ ਸਿਰਫ ਉਸੇ ਕਾਲ ਦੇ ਜੁਮਰੇ ਵਿਚ ਹੀ ਕੈਦ ਨਹੀਂ ਕਰਨਾ ਚਾਹੀਦਾ। ਇਸ ਤੋਂ ਵੀ ਅਗਲੇਰੀ ਅੰਤਰ-ਕੜੀ ਵਜੋਂ ਅੱਜ ਸਾਮਰਾਜੀ ਜਾਗੀਰੂ ਦਾਬੇ, ਮਹਾਂ ਕਾਰਪੋਰੇਟ ਘਰਾਣਿਆਂ ਅਤੇ ਰੱਤ ਪੀਣੇ ਪੂੰਜੀਪਤੀਆਂ, ਸ਼ਾਹੂਕਾਰਾਂ ਖਿਲਾਫ ਚੱਲ ਰਹੀ ਲੋਕ-ਮੁਕਤੀ ਦੀ ਜੱਦੋਜਹਿਦ ਨੂੰ ਵੇਖਣ ਅਤੇ ਸਮਝਣ ਦੀ ਤੀਬਰ ਲੋੜ ਹੈ।

21 ਅਪ੍ਰੈਲ ਗ਼ਦਰ ਪਾਰਟੀ ਦਾ ਸਥਾਪਨਾ ਦਿਹਾੜਾ, ਸ਼ਤਾਬਦੀ ਮੁਹਿੰਮ ਅਤੇ 1 ਨਵੰਬਰ 2013 ਨੂੰ ਦੁਨੀਆ ਭਰ 'ਚ ਗ਼ਦਰ ਸ਼ਤਾਬਦੀ ਸਿਖਰ ਸਮਾਗਮ ਮਨਾਉਣ ਦੇ ਸਮਾਗਮਾਂ ਨੂੰ ਰਸਮ ਪੂਰਤੀ ਦੀਆਂ ਹੱਦ ਬੰਦੀਆਂ 'ਚੋਂ ਬਾਹਰ ਕੱਢਣ ਦਾ ਠੋਸ ਪ੍ਰਮਾਣ ਅਤੇ ਹਾਸਲ ਇਹੋ ਹੋਏਗਾ ਕਿ ਅਸੀਂ ਗ਼ਦਰ ਲਹਿਰ ਦੇ ਦਰਸ਼ਨ, ਇਤਿਹਾਸ, ਰਾਜਨੀਤੀ, ਉਦੇਸ਼, ਸੁਪਨਿਆਂ ਅਤੇ ਕੁਰਬਾਨੀਆਂ ਭਰੀਆਂ ਸਥਾਪਤ ਕੀਤੀਆਂ ਲੀਹਾਂ ਤੋਂ ਵੀ ਅੱਗੇ ਵਧ ਕੇ ਅਜੋਕੇ ਪ੍ਰਸੰਗ ਵਿਚ ਸਮਝਣ ਅਤੇ ਅਮਲੀ ਤੌਰ ਤੇ ਲਾਗੂ ਕਰਨ ਲਈ ਠੋਸ ਉੱਦਮ ਕਰੀਏ।

ਗ਼ਦਰ ਲਹਿਰ ਸਾਡੇ ਅਤੀਤ ਦੀ ਹੀ ਅਮੁੱਲੀ ਧਰੋਹਰ ਨਹੀਂ, ਇਹ ਸਾਡਾ ਵਰਤਮਾਨ ਅਤੇ ਭਵਿੱਖ ਵੀ ਹੈ। ਇਹ ਵਿਦੇਸ਼ੀ ਅਤੇ ਦੇਸੀ ਹਰ ਵੰਨਗੀ ਦੀ ਲੁੱਟ, ਦਾਬੇ, ਵਿਤਕਰੇ, ਅਨਿਆ, ਸਮਾਜਕ ਨਾਬਰਾਬਰੀ, ਜਾਤ-ਪਾਤ, ਫਿਰਕਾਪ੍ਰਸਤੀ, ਜਬਰ-ਜ਼ੁਲਮ ਦੀ ਮੂਲੋਂ ਜੜ੍ਹ ਪੁੱਟ ਕੇ, ਨਵੀਂ ਆਜ਼ਾਦੀ, ਬਰਾਬਰੀ, ਸੈਕੂਲਰ ਸੋਚ ਅਤੇ ਜਮਹੂਰੀ ਰਾਜ ਅਤੇ ਸਮਾਜ ਦੀ ਸਿਰਜਣਾ ਕਰਨ ਲਈ ਲੋਕ ਸੰਗਰਾਮ ਜਾਰੀ ਰੱਖਣ ਦਾ ਇਤਿਹਾਸ ਅਤੇ ਹੋਕਾ ਹੈ। ਕਿਰਤ ਦੀ ਸਰਦਾਰੀ ਵਾਲੇ, ਸਵੈਮਾਣ ਭਰੀ ਨਵੀਂ ਜ਼ਿੰਦਗੀ ਦੀ ਨਵੀਂ ਇਬਾਰਤ ਲਿਖਣਾ ਨਵਾਂ ਯੁੱਗ ਸਿਰਜਣ ਦਾ ਸਿਰਨਾਵਾਂ ਹੈ ਗ਼ਦਰ ਲਹਿਰ।

ਮੋਬਾਇਲ : 94170-76735

Friday, March 1, 2013

ਗ਼ਦਰ ਪਾਰਟੀ ਦੀ ਸਥਾਪਨਾ ਸ਼ਤਾਬਦੀ ਦੇ ਸੰਦਰਭ ਵਿੱਚ ਵਿਸ਼ਾਲ ਕਾਨਫਰੰਸ - ਸਾਮਰਾਜ ਵਿਰੁੱਧ ਨਵੀਂ ਜੰਗਿ-ਆਜ਼ਾਦੀ ਦਾ ਐਲਾਨ;



ਗ਼ਦਰ ਪਾਰਟੀ ਦੀ ਸਥਾਪਨਾ ਸ਼ਤਾਬਦੀ ਦੇ ਸੰਦਰਭ ਵਿੱਚ ਵਿਸ਼ਾਲ ਕਾਨਫਰੰਸ 

ਸਾਮਰਾਜ ਵਿਰੁੱਧ ਨਵੀਂ ਜੰਗਿ-ਆਜ਼ਾਦੀ ਦਾ ਐਲਾਨ;



  •  ਪੰਜਾਬ ਦੀ ਇੱਕ ਯੂਨੀਵਰਸਿਟੀ ਦਾ ਨਾਂ ਕਰਤਾਰ ਸਿੰਘ ਸਰਾਭਾ ਅਤੇ ਇੱਕ ਯੂਨੀਵਰਸਿਟੀ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਿਆ ਜਾਵੇ, 
  • ਗ਼ਦਰੀ ਸ਼ਹੀਦਾਂ ਨੂੰ ਕੌਮੀ ਸ਼ਹੀਦਾਂ ਦਾ ਦਰਜਾ ਦਿੱਤਾ ਜਾਵੇ। 
  • ਗ਼ਦਰ ਪਾਰਟੀ ਦੇ ਇਤਿਹਾਸ ਨੂੰ ਹਰ ਪੱਧਰ ਤੇ ਇਤਿਹਾਸ ਦੇ ਵਿਸ਼ੇ ਦੇ ਪਾਠਕ੍ਰਮ ਦਾ ਹਿੱਸਾ ਬਣਾਇਆ ਜਾਵੇ। 
  • ਗ਼ਦਰ ਪਾਰਟੀ ਦੇ ਇਤਿਹਾਸ ਅਤੇ ਸਾਹਿਤ ਤੇ ਖੋਜ ਕਰਨ ਲਈ ਯੂਨੀਵਰਸਿਟੀਆਂ ਵਿੱਚ ਚੇਅਰਾਂ ਸਥਾਪਿਤ ਕੀਤੀਆਂ ਜਾਣ।



ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਵੱਲੋਂ ਗ਼ਦਰ ਪਾਰਟੀ ਦੀ ਸਥਾਪਨਾ ਸ਼ਤਾਬਦੀ ਦੇ ਸੰਦਰਭ ਵਿੱਚ ਇੱਕ ਵਿਸ਼ਾਲ ਕਾਨਫਰੰਸ, ਸਰਾਭਾ (ਲੁਧਿਆਣਾ) ਵਿੱਚ 21 ਫਰਵਰੀ ਨੂੰ ਕੀਤੀ ਗਈ, ਇਸ ਕਾਨਫਰੰਸ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚੋਂ ਲੋਕਾਂ ਦਾ ਇੱਕ ਵਿਸ਼ਾਲ ਹਜ਼ੂਮ ਉਮੜ ਆਇਆ, ਜਿਸ ਵਿੱਚ ਵਧੇਰੇ ਕਰਕੇ ਮਜ਼ਦੂਰ, ਕਿਸਾਨ, ਔਰਤਾਂ, ਨੌਜੁਆਨ ਅਤੇ ਵਿਦਿਆਰਥੀ ਸ਼ਾਮਿਲ ਸਨ। ਉਤਸ਼ਾਹ ਨਾਲ ਲਬਰੇਜ਼ ਲੋਕੀਂ ਨਾਅਰੇ ਮਾਰਦੇ ਕਾਨਫਰੰਸ ਵਿੱਚ ਸ਼ਾਮਿਲ ਹੋਏ। ਲੋਕਾਂ ਨੇ ਹੱਥਾਂ ਵਿੱਚ ਝੰਡੇ ਅਤੇ ਬੈਨਰ ਚੁੱਕੇ ਹੋਏ ਸਨ।

ਕਾਨਫਰੰਸ ਦੀ ਕਾਰਵਾਈ, ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਦਰਸ਼ਨ ਸਿੰਘ ਖਟਕੜ ਵੱਲੋਂ ਗ਼ਦਰ ਪਾਰਟੀ ਦਾ ਝੰਡਾ ਝੁਲਾਉਣ ਨਾਲ ਹੋਈ। ਕਾਨਫਰੰਸ ਦਾ ਉਦਘਾਟਨ ਕਰਦਿਆਂ ਬਜ਼ੁਰਗ ਕਮਿਊਨਿਸਟ ਆਗੂ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਕਾਮਰੇਡ ਗੰਧਰਵ ਸੈਨ ਕੋਛੜ ਨੇ ਗ਼ਦਰ ਪਾਰਟੀ ਦੇ ਅਧੂਰੇ ਕਾਜ ਨੂੰ ਪੂਰਾ ਕਰਨ ਦਾ ਹੋਕਾ ਦਿੱਤਾ। ਪਾਰਟੀ ਦੇ ਸੀਨੀਅਰ ਆਗੂ ਸਾਥੀ ਅਜਮੇਰ ਸਿੰਘ ਨੇ ਕਿਹਾ ਕਿ ਗ਼ਦਰੀ ਪੰਜਾਬ ਦੀ ਥੁੜੋਂ ਮਾਰੀ ਕਿਸਾਨੀ ਵਿੱਚੋਂ ਸਨ, ਜੋ ਆਪਣੀਆਂ ਗਹਿਣੇ ਪਈਆਂ ਜ਼ਮੀਨਾਂ ਛੁਡਾਉਣ ਲਈ ਵਿਦੇਸ਼ਾਂ ਵਿੱਚ ਕਮਾਈ ਕਰਨ ਗਏ ਸਨ, ਪਰ ਉਥੋਂ ਵਤਨ ਨੂੰ ਆਜ਼ਾਦ ਕਰਾਉਣ ਦਾ ਅਹਿਦ ਕਰਕੇ ਵਤਨਾਂ ਨੂੰ ਚਾਲੇ ਪਾ ਦਿੱਤੇ। ਉਹਨਾਂ ਕਿਹਾ ਕਿ ਗ਼ਦਰੀ ਯੋਧਿਆਂ ਦੀਆਂ ਕੁਰਬਾਨੀਆਂ ਇਤਿਹਾਸ ਦਾ ਸੁਰਖ ਅਧਿਆਏ ਹਨ, ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਅਤੇ ਜਗਤ ਸਿੰਘ ਬਚ ਕੇ ਨਿਕਲ ਗਏ ਸਨ, ਪਰ ਅਣਖ ਅਤੇ ਜ਼ਮੀਰ ਦੀ ਆਵਾਜ਼ ਸੁਣਕੇ ਵਾਪਿਸ ਆ ਗਏ, ਫੜੇ ਗਏ ਅਤੇ ਫਾਂਸੀ ਲਾ ਦਿੱਤੇ ਗਏ। ਗ਼ਦਰੀਆਂ ਦੀਆਂ ਕੁਰਬਾਨੀਆਂ ਸਾਡੇ ਲਈ ਜੂਝਣ ਦਾ ਪ੍ਰੇਰਨਾ ਸਰੋਤ ਹਨ। ਪਾਰਟੀ ਦੇ ਸੀਨੀਅਰ ਆਗੂ ਸਾਥੀ ਖਟਕੜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਗ਼ਦਰ ਪਾਰਟੀ ਦੇਸ਼ ਦੀ ਪਹਿਲੀ ਰਾਜਨੀਤਕ ਪਾਰਟੀ ਸੀ ਜਿਸਨੇ ਕਾਂਗਰਸ ਤੋਂ ਪਹਿਲਾਂ, ਸੰਪੂਰਨ ਆਜ਼ਾਦੀ ਦਾ ਨਾਅਰਾ ਚੁੱਕਿਆ। ਅਹਿੰਸਾ ਦੇ ਨਾਂ ਥੱਲੇ ਸਾਮਰਾਜ ਨਾਲ ਸਮਝੌਤੇ ਦੇ ਰਾਹ ਪਈ ਕਾਂਗਰਸ ਦੇ ਮੁਕਾਬਲੇ ਗ਼ਦਰ ਪਾਰਟੀ ਹਥਿਆਰਬੰਦ ਸੰਘਰਸ਼ ਰਾਹੀਂ ਸਾਮਰਾਜ ਦਾ ਤਲਾਮੂਲ ਪੁੱਟਣ ਲਈ ਸੰਘਰਸ਼ਸ਼ੀਲ ਸੀ। ਜਦੋਂ ਗਾਂਧੀ 'ਰਾਮ-ਰਾਜ' ਦੇ ਜਗੀਰੂ ਪ੍ਰਬੰਧ ਦੇ ਹੋਕਰੇ ਮਾਰ ਰਿਹਾ ਸੀ ਤਾਂ ਗ਼ਦਰ ਪਾਰਟੀ ਨੇ ਆਪਣਾ ਨਿਸ਼ਾਨਾ ਦੇਸ਼ ਨੂੰ ਜਮਹੂਰੀ ਗਣਰਾਜ ਬਣਾਉਣਾ ਮਿੱਥਿਆ। ਜਿੱਥੇ ਮੁਸਲਿਮ ਲੀਗ ਮੁਲਸਮਾਨਾਂ, ਅਕਾਲੀ ਦਲ ਸਿੱਖਾਂ ਅਤੇ ਕਾਂਗਰਸ ਤੱਤ ਵਿੱਚ ਹਿੰਦੂਆਂ ਦੇ ਦਾਅਵੇਦਾਰ ਬਣੇ ਹੋਏ ਸਨ ਤਾਂ ਗ਼ਦਰ ਪਾਰਟੀ ਨੇ ਧਰਮ-ਨਿਰਪੱਖਤਾ ਦਾ ਝੰਡਾ ਚੁੱਕਿਆ। ਪਾਰਟੀ ਦੇ ਸੂਬਾਈ ਆਗੂ ਕਾਮਰੇਡ ਸਰਦਾਰਾ ਸਿੰਘ ਮਾਹਿਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਗ਼ਦਰੀ ਯੋਧਿਆਂ ਅਤੇ ਸ਼ਹੀਦ ਭਗਤ ਸਿੰਘ ਹੁਰਾਂ ਦੇ ਸੁਪਨਿਆਂ ਦੀ ਆਜ਼ਾਦੀ ਨਹੀਂ ਆਈ। 15 ਅਗਸਤ 1947 ਨੂੰ ਆਜ਼ਾਦੀ ਨਹੀਂ ਮਿਲੀ ਬਲਕਿ ਸਾਮਰਾਜ ਅਤੇ ਸਥਾਨਕ ਲੁਟੇਰੀਆਂ ਜਮਾਤਾਂ ਵਿੱਚ ਇੱਕ ਸਮਝੌਤਾ ਹੋਇਆ ਜਿਸ ਤਹਿਤ ਇਹਨਾਂ ਦੋਹਾਂ ਦੇ ਗੱਠਜੋੜ ਨੂੰ ਸੱਤਾ ਸੌਂਪ ਦਿੱਤੀ ਗਈ ਅਤੇ ਦੇਸ਼ ਬਸਤੀ ਤੋਂ ਅੱਧ ਬਸਤੀ ਬਣ ਗਿਆ। ਦੇਸ਼ ਦੀ ਆਰਥਿਕਤਾ ਦੀਆਂ ਚੋਟੀਆਂ ਅਤੇ ਕੁੰਜੀਵਤ ਥਾਵਾਂ ਤੇ ਵਿਦੇਸ਼ੀ ਸਰਮਾਇਆ ਕਾਬਜ਼ ਹੈ। ਸੂਈ ਤੋਂ ਹਵਾਈ ਜਹਾਜ਼ ਤੱਕ ਹਰ ਵਸਤ ਦੇ ਉਤਪਾਦਨ ਵਿੱਚ ਵਿਦੇਸ਼ੀ ਸਰਮਾਇਆ ਲੱਗਿਆ ਹੈ। 1991 ਵਿੱਚ ਕੌਮਾਂਤਰੀ ਮੁਦਰਾ ਕੋਸ਼ ਦੀਆਂ ਸ਼ਰਤਾਂ ਦੇ ਸਿੱਟੇ ਵਜੋਂ ਮਨਮੋਹਨ ਸਿੰਘ ਨੂੰ ਵਿੱਤ ਮੰਤਰੀ ਬਣਾਇਆ ਗਿਆ ਅਤੇ ਦੇਸ਼ ਵੇਚੂ ਗਾਟ ਸਮਝੌਤੇ ਤੇ ਦਸਖਤ ਕੀਤੇ ਗਏ। ਵਿੱਤ-ਮੰਤਰੀ ਬਣਦਿਆਂ ਮਨਮੋਹਨ ਸਿੰਘ ਨੇ ਸਾਮਰਾਜੀ ਦਿਸ਼ਾ-ਨਿਰਦੇਸ਼ਾਂ ਤਹਿਤ ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਅਧਾਰਿਤ ਨਵੀਂ ਆਰਥਿਕ ਨੀਤੀ ਲਾਗੂ ਕੀਤੀ। 'ਸੁਰੱਖਿਆ ਚੌਖਟਾ' ਅਤੇ 'ਪ੍ਰਮਾਣੂ ਸਮਝੌਤਾ' ਸਹੀਬੰਦ ਕਰਕੇ ਰੱਖਿਆ ਖੇਤਰ ਨੂੰ ਸਾਮਰਾਜੀ ਅੰਗੂਠੇ ਤਹਿਤ ਕਰ ਦਿੱਤਾ। ਪ੍ਰਚੂਨ, ਮੀਡੀਆ, ਬੈਂਕਾਂ, ਬੀਮਾ ਜਿਹੇ ਸੰਵੇਦਨਸ਼ੀਲ ਖੇਤਰਾਂ ਸਮੇਤ ਸਾਰੀ ਆਰਥਿਕਤਾ ਦੇ ਗੇਟ ਵਿਦੇਸ਼ੀ ਸਰਮਾਏ ਲਈ ਚੁਪੱਟ ਖੋਹਲ ਦਿੱਤੇ ਹਨ। ਉਹਨਾਂ ਸਾਮਰਾਜ ਵਿਰੁੱਧ ਨਵੀਂ ਜੰਗਿ-ਆਜ਼ਾਦੀ ਦਾ ਐਲਾਨ ਕਰਿਦਆਂ ਕਿਹਾ ਕਿ ਜਨਤਾ ਦੀ ਲਾਮਬੰਦੀ ਕਰਕੇ, ਸਾਮਰਾਜੀ ਸਰਮਾਏ ਵਾਲੇ ਸਭ ਅਦਾਰਿਆਂ ਨੂੰ ਜਾਮ ਕਰ ਦਿੱਤਾ ਜਾਵੇਗਾ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗਰੇਟ ਬ੍ਰਿਟੇਨ) ਦੇ ਬੁਲਾਰੇ ਅਤੇ ਦੇਸ਼ ਭਗਤ ਮਰਹੂਮ ਭਗਤ ਸਿੰਘ ਬਿਲਗਾ ਦੇ ਸਪੁੱਤਰ ਸਾਥੀ ਕੁਲਬੀਰ ਸਿੰਘ ਸੰਘੇੜਾ ਨੇ ਭਰਾਤਰੀ ਹਮਾਇਤ ਦਾ ਇਜ਼ਹਾਰ ਕੀਤਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੁਲਾਰੇ ਸ਼੍ਰੀ ਗੁਰਮੀਤ ਸਿੰਘ ਨੇ ਕਿਹਾ ਕਿ ਮਾਰਕਸੀ-ਲੈਨਿਨੀ ਪਾਰਟੀ ਨੇ ਗ਼ਦਰ ਪਾਰਟੀ ਸਥਾਪਨਾ-ਸ਼ਤਾਬਦੀ ਤੇ ਇੰਨੀ ਵਿਸ਼ਾਲ ਲਾਮਬੰਦੀ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ। ਸਟੇਜ ਸਕੱਤਰ ਦੇ ਫਰਜ਼ ਸਾਥੀ ਕੁਲਵਿੰਦਰ ਸਿੰਘ ਵੜੈਚ ਨੇ ਨਿਭਾਏ। ਜੁਗਰਾਜ ਧੌਲਾ ਤੇ ਸਾਥੀ, ਰਸੂਲਪੁਰ ਦਾ ਕਵੀਸ਼ਰੀ ਜੱਥਾ ਅਤੇ ਵਿਕਟਰ ਨੇ ਇਨਕਲਾਬੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।

ਕਾਨਫਰੰਸ ਦੀ ਕਾਰਵਾਈ ਦੌਰਾਨ, ਗ਼ਦਰ ਪਾਰਟੀ ਦੇ ਇਤਿਹਾਸ ਬਾਰੇ ਖੋਜ ਕਰਨ ਵਾਲੇ ਖੋਜਾਰਥੀ, ਚਿਰੰਜੀ ਲਾਲ ਕੰਗਣੀਵਾਲ ਨੂੰ ਸਨਮਾਨਿਤ ਕੀਤਾ ਗਿਆ। ਕਾਨਫਰੰਸ ਵੱਲੋਂ ਮਤੇ ਪਾਸ ਕਰਕੇ ਮੰਗ ਕੀਤੀ ਗਈ ਕਿ ਪੰਜਾਬ ਦੀ ਇੱਕ ਯੂਨੀਵਰਸਿਟੀ ਦਾ ਨਾਂ ਕਰਤਾਰ ਸਿੰਘ ਸਰਾਭਾ ਅਤੇ ਇੱਕ ਯੂਨੀਵਰਸਿਟੀ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਿਆ ਜਾਵੇ, ਅਤੇ ਗ਼ਦਰੀ ਸ਼ਹੀਦਾਂ ਨੂੰ ਕੌਮੀ ਸ਼ਹੀਦਾਂ ਦਾ ਦਰਜਾ ਦਿੱਤਾ ਜਾਵੇ। ਗ਼ਦਰ ਪਾਰਟੀ ਦੇ ਇਤਿਹਾਸ ਨੂੰ ਹਰ ਪੱਧਰ ਤੇ ਇਤਿਹਾਸ ਦੇ ਵਿਸ਼ੇ ਦੇ ਪਾਠਕ੍ਰਮ ਦਾ ਹਿੱਸਾ ਬਣਾਇਆ ਜਾਵੇ। ਗ਼ਦਰ ਪਾਰਟੀ ਦੇ ਇਤਿਹਾਸ ਅਤੇ ਸਾਹਿਤ ਤੇ ਖੋਜ ਕਰਨ ਲਈ ਯੂਨੀਵਰਸਿਟੀਆਂ ਵਿੱਚ ਚੇਅਰਾਂ ਸਥਾਪਿਤ ਕੀਤੀਆਂ ਜਾਣ।

ਮੰਚ ਤੇ ਬਜ਼ੁਰਗ ਪਾਰਟੀ ਆਗੂ ਤਾਰਾ ਸਿੰਘ ਚਲਾਕੀ ਅਤੇ ਮਜ਼ਦੂਰ ਜਮਾਤ ਦੇ ਆਗੂ ਤਰਸੇਮ ਪੀਟਰ ਅਤੇ ਰਾਜ ਸਿੰਘ ਮਲੋਟ ਆਦਿ ਹਾਜ਼ਰ ਸਨ। ਆਕਾਸ਼ ਗੁੰਜਾਊ ਨਾਅਰਿਆਂ ਨਾਲ ਕਾਨਫਰੰਸ ਦੀ ਸਮਾਪਤੀ ਹੋਈ।

ਜਾਰੀ ਕਰਤਾ,
ਅਜਮੇਰ ਸਿੰਘ
ਸੂਬਾ ਆਗੂ, ਭਾਰਤੀ ਕਮਿਊਨਿਸਟ ਪਾਰਟੀ, (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ

Friday, February 15, 2013

ਗੋਲੀਆਂ ਨਾਲ ਉਡਾਏ ਗਏ ਆਜ਼ਾਦੀ ਪ੍ਰਵਾਨੇ - ਕੀ ਉਹ ਸਾਨੂੰ ਯਾਦ ਰਹਿਣਗੇ?



15-16 ਫਰਵਰੀ ਤੇ ਵਿਸ਼ੇਸ਼
ਗੋਲੀਆਂ ਨਾਲ ਉਡਾਏ ਗਏ ਆਜ਼ਾਦੀ ਪ੍ਰਵਾਨੇ
ਕੀ ਉਹ ਸਾਨੂੰ ਯਾਦ ਰਹਿਣਗੇ


15 ਫਰਵਰੀ 1915 ਦਾ ਦਿਹਾੜਾ ਸਾਡੇ ਮੁਲਕ ਦੇ ਆਜ਼ਾਦੀ ਸੰਗਰਾਮ ਦੇ ਸ਼ਾਨਾਮੱਤੇ ਇਤਿਹਾਸ ਦਾ ਗੌਰਵਮਈ ਦਿਹਾੜਾ ਹੈ। ਇਸ ਦਿਨ ਮੁਸਲਮਾਨ ਭਾਈਚਾਰੇ ਨਾਲ ਸਬੰਧਤ 'ਪੰਜਵੀਂ ਲਾਈਟ ਪਲਟਨ' ਅਤੇ 'ਮਲਾਇਆ ਰਿਆਸਤੀ ਗਾਈਡ' ਵੱਲੋਂ ਸਿੰਘਾਪੁਰ ਅਤੇ ਰੰਗੂਨ ਵਿਚ ਫ਼ੌਜਾਂ ਅੰਦਰ ਲਾ-ਮਿਸਾਲ ਬਗ਼ਾਵਤ ਕਰਕੇ ਆਜ਼ਾਦੀ ਦਾ ਪਰਚਮ ਬੁਲੰਦ ਕੀਤਾ ਗਿਆ। ਸਾਮਰਾਜਵਾਦ ਦੀ ਗ਼ੁਲਾਮੀ ਤੋਂ ਆਪਣੇ ਪਿਆਰੇ ਵਤਨ ਨੂੰ ਆਜ਼ਾਦ ਕਰਾਉਣ ਦਾ ਬੀੜਾ ਚੁੱਕਣ ਵਾਲੇ ਪਠਾਣ ਰਜਮੈਂਟ ਦੇ ਇਹਨਾਂ ਸੂਰਮੇ ਬਾਗ਼ੀ ਫ਼ੌਜੀਆਂ ਨੂੰ ਪਲਾਂ ਛਿਣਾਂ 'ਚ ਜੁੜੀ ਹੋਰ ਫ਼ੌਜ ਨੇ ਕਾਬੂ ਕਰ ਲਿਆ। ਉਸੇ ਵੇਲੇ ਅਣਮਨੁੱਖੀ ਅਤੇ ਵਹਿਸ਼ੀਆਨਾ ਢੰਗ ਨਾਲ 41 ਬਾਗ਼ੀ ਫ਼ੌਜੀਆਂ ਨੂੰ ਆਮ ਲੋਕਾਂ ਦੇ ਸਾਹਮਣੇ ਇਕ ਕਤਾਰ 'ਚ  ਖੜ ਕਰਕੇ ਗੋਲੀਆਂ ਨਾਲ ਉਡਾ ਦਿੱਤਾ। ਤਿੰਨ ਨੂੰ ਫ਼ਾਂਸੀ ਦੇ ਫੰਦੇ ਤੇ ਲਟਕਾ ਦਿੱਤਾ। ਕੋਰਟ ਮਾਰਸ਼ਲ ਕਰਕੇ ਦੋ ਸੌ ਤੋਂ ਵੱਧ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਅਤੇ 69 ਨੂੰ ਉਮਰ ਕੈਦ ਕਰ ਦਿੱਤੀ।


ਫਾਈਲ ਨੰ: ਹੋਮ 1916 ਕਨਫੀਡੈਂਨਸ਼ੀਅਲ ਨੰ: 18/1916 ਹੋਮ 1917 ਪੋਲੀਟੀਕਲ ਏ. ਨਵੰਬਰ 75 ਪੀ.ਏ. ਸੈਕਸ਼ਨ, ਨੈਸ਼ਨਲ ਆਰਕਾਈਵ ਆਫ ਇੰਡੀਆ ਨਵੀਂ ਦਿੱਲੀ ਫਾਈਲ ਨੰ: 76 ਮੈਨੂਸਕਰਿਪਟ ਹਿੰਦੀ ਪੀ.ਪੀ. 12-14 ਸ੍ਰੋਤ ਫੂਲ ਚੰਦ ਜੈਨ ਅਤੇ ਸਵਤੰਤਰਤਾ ਸੈਨਿਕ ਗ੍ਰੰਥ ਮਾਲਾ (ਹਿੰਦੀ) 19.3.2011 ਮੁਤਾਬਕ ਸਾਹਮਣੇ ਆਇਆ ਇਹ ਘਿਨੌਣਾ ਕਾਂਡ ਸਾਬਤ ਕਰਦਾ ਹੈ ਕਿ ਪਠਾਣ ਭਾਈਚਾਰੇ ਨਾਲ ਸਬੰਧਤ ਕਿੰਨੇ ਹੀ ਗੁੰਮਨਾਮ ਸ਼ਹੀਦਾਂ ਨੇ ਕਿਵੇਂ ਆਪਣੇ ਲਹੂ ਨਾਲ ਆਜ਼ਾਦੀ ਦੀ ਤਵਾਰੀਖ਼ ਦੇ ਮਾਣ-ਮੱਤੇ ਪੰਨੇ ਲਿਖੇ ਹਨ।

ਸੌ ਸਾਲ ਦਾ ਅਰਸਾ ਬੀਤ ਗਿਆ। ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ (1913-2013) ਸਾਡੀਆਂ ਬਰੂਹਾਂ ਤੇ ਹੈ। ਜਿਨ੍ਹਾ ਅਮਰ ਸ਼ਹੀਦਾਂ ਨੇ ਆਪਣੇ ਲਹੂ ਸੰਗ ਇਹ ਪੰਨੇ ਉਕਰੇ, ਇਹ ਪੰਨੇ ਕਿੱਥੇ ਹਨ? ਇਹਨਾਂ ਦੀ ਕਦੇ 15 ਅਗਸਤ ਜਾਂ 26 ਜਨਵਰੀ ਨੂੰ ਕੋਈ ਝਾਕੀ ਵੀ ਦਿਖਾਈ ਨਹੀਂ ਦਿੰਦੀ। ਸਾਡਾ ਇਤਿਹਾਸ ਇਨ੍ਹਾਂ ਦੀ ਲਹੂ ਰੱਤੀ ਇਬਾਰਤ ਬਾਰੇ ਖ਼ਾਮੋਸ਼ ਹੈ। ਮੁਲਕ ਦੀਆਂ ਯੂਨੀਵਰਸਿਟੀਆਂ, ਖੋਜ ਕੇਂਦਰਾਂ, ਲਾਇਬਰੇਰੀਆਂ, ਵਿਦਿਅਕ ਅਦਾਰਿਆਂ, ਇਤਿਹਾਸਕਾਰਾਂ, ਪੁਰਾਤਤਵ ਵਿਭਾਗ ਆਦਿ ਦੀਆਂ ਨਜ਼ਰਾਂ ਵਿਚ ਕੀ ਇਹ ਕੌਮ ਦਾ ਅਨਮੋਲ ਸਰਮਾਇਆ ਨਹੀਂ? ਇਨ੍ਹਾਂ  ਦਾ ਚਿੱਤ ਚੇਤਾ ਹੀ ਭੁਲਾ ਦਿੱਤਾ। ਇਸਦੇ ਉਲਟ ਸਾਡੇ ਉਪਰ ਲੰਮਾ ਸਮਾਂ ਰਾਜ ਕਰਨ ਵਾਲਿਆਂ ਦਾ ਇਤਿਹਾਸ ਬਾਖ਼ੂਬੀ ਸੰਭਾਲਿਆ ਅਤੇ ਪੜਆ ਇਆ  ਜਾ ਰਿਹਾ ਹੈ। ਉਹਨਾਂ ਦੀਆਂ ਸਿਫ਼ਤਾਂ ਦੀ ਰਾਗਣੀ ਵੀ ਛੇੜੀ ਜਾਂਦੀ ਹੈ। ਇਹਨਾਂ ਕੌਮੀ ਹੀਰਿਆਂ ਨਾਲ ਜੋ ਵੀ ਵਿਹਾਰ ਕੀਤਾ ਜਾਵੇ ਇਹਨਾਂ ਦੀ ਅਦੁਤੀ ਕੁਰਬਾਨੀ ਦੀ ਲੋਅ ਸਦਾ ਹੀ ਰੌਸ਼ਨੀ ਵੰਡਦੀ ਰਹੇਗੀ। ਅਜੇਹੇ ਰੌਸ਼ਨ ਚਿਰਾਗਾਂ ਬਾਰੇ ਸ਼ਹੀਦ ਭਗਤ ਸਿੰਘ ਨੇ ਸ਼ਹੀਦ ਮਦਨ ਲਾਲ ਢੀਂਗਰਾ ਬਾਰੇ ਲਿਖੇ ਇਕ ਲੇਖ 'ਚ ਬਹੁਤ ਹੀ ਸਾਰਥਕ ਅੰਦਾਜ਼ 'ਚ ਇਉਂ ਮੁਖ਼ਾਤਬ ਕੀਤਾ ਸੀ :

ਚਮਨ ਜਾਰੇ ਮੁਹੱਬਤ ਮੇਂ
ਉਸੀ ਨੇ ਕੀ ਬਾਗਬਾਨੀ
ਜਿਸਨੇ ਮਿਹਨਤ ਕੋ ਹੀ
ਮਿਹਨਤ ਕਾ ਸਮਰ ਜਾਨਾ
ਨਹੀਂ ਫੈਜ-ਏ-ਨੁਮਾਇਸ਼ ਸ਼ਬਨਮ ਕਾ
ਚੁਪਕੇ ਸੇ ਆਤੀ ਹੈ
ਮੋਤੀ ਲੁਟਾ ਜਾਤੀ ਹੈ

ਇਤਿਹਾਸ ਦੀਆਂ ਗੁੰਮਨਾਮ ਪੈੜਾਂ ਬੋਲਦੀਆਂ ਹਨ ਕਿ ਸਿੰਘਾਪੁਰ ਅਤੇ ਰੰਗੂਨ ਵਿਚ ਮੁਸਲਮਾਨ ਭਰਾਵਾਂ ਦੀਆਂ ਪਲਟਣਾਂ ਨੇ ਅੰਗਰੇਜ਼ ਸਾਮਰਾਜੀਆਂ ਦੀ ਧੌਂਸ ਵਗਾਹ ਮਾਰੀ। ਦੋਵੇਂ ਪਲਟਣਾਂ ਅੰਦਰ ਆਜ਼ਾਦੀ ਦੀ ਚਿੰਗਾੜੀ 'ਗ਼ਦਰ' ਅਖ਼ਬਾਰ ਨੇ ਲਾਈ। ਅਮਰੀਕਾ, ਕੈਨੇਡਾ, ਸ਼ੰਘਈ, ਮਨੀਲਾ ਅਤੇ ਹਾਂਗਕਾਂਗ ਤੋਂ 1914 ਦੇ ਸਤੰਬਰ-ਅਕਤੂਬਰ ਵਿਚ ਲੰਘਣ ਵਾਲੇ ਗ਼ਦਰੀ ਸਿੰਘਾਪੁਰ ਵਿਚ ਜਹਾਜ਼ਾਂ ਤੋਂ ਉਤਰਦੇ ਅਤੇ ਗੁਰਦੁਆਰੇ ਤੇ ਪਲਟਣਾਂ ਵਿਚ ਜਾ ਕੇ ਫ਼ੌਜੀਆਂ ਅਤੇ ਲੋਕਾਂ ਨੂੰ ਇਨਕਲਾਬ ਲਈ ਉੱਠਣ ਲਈ ਪ੍ਰੇਰਦੇ। ਛੱਤੀਵੀਂ ਸਿੱਖ ਪਲਟਨ ਤੋਂ ਇਹਤਿਆਤ ਵਜੋਂ ਅੰਗਰੇਜ਼ ਅਫ਼ਸਰਾਂ ਨੇ ਹਥਿਆਰ ਜ੍ਮਾਂਹ  ਕਰਵਾ ਲਏ ਕਿਉਂਕਿ ਇਨ੍ਹਾਂ  ਬਾਰੇ ੳਨਾ਼ ਨੂੰ ਗ਼ਦਰੀਆਂ ਨਾਲ ਮਿਲ ਤੁਰਨ ਦਾ ਖਦਸ਼ਾ ਸੀ। ਪਠਾਣ ਪਲਟਣ ਵੀ ਬਾਗ਼ੀ ਹੋ ਜਾਏਗੀ ਇਸਦਾ ਬਰਤਾਨਵੀ ਹਾਕਮਾਂ ਨੂੰ ਚਿੱਤ ਚੇਤਾ ਵੀ ਨਹੀਂ ਸੀ।

ਜਦੋਂ ਪਠਾਣ ਫ਼ੌਜੀਆਂ ਨੂੰ ਹਥਿਆਰ ਜਮਾਂ ਕਰਾਏ ਜਾਣ ਦਾ ਪਤਾ ਲੱਗਾ ਤਾਂ ਮਿਥੇ ਸਮੇਂ ਤੋਂ ਵੀ ਪਹਿਲਾਂ ਹੀ ਗ਼ਦਰ ਦੀ ਗੂੰਜ ਪੈ ਗਈ। ਹਥਿਆਰ ਜਮਾਂ ਕਰਨ ਤੋਂ ਪਠਾਣ ਫ਼ੌਜੀ ਠੋਕ ਕੇ ਜਵਾਬ ਦੇਣ ਲੱਗੇ। ਜਬਰੀ ਅਸਲਾ ਇਕੱਠਾ ਕਰਨ ਵਾਲੇ ਅੰਗਰੇਜ਼ ਅਫ਼ਸਰ ਨੂੰ ਮਾਰ ਮੁਕਾਇਆ। ਜਿਹੜਾ ਵੀ ਗੋਰਾ ਅਫ਼ਸਰ ਜਾਂ ਫ਼ੌਜੀ ਸਾਹਮਣੇ ਆਇਆ ਉਸਨੂੰ ਮਾਰ ਮੁਕਾਇਆ। ਗ਼ਦਰੀ ਸਭ ਕੁਝ ਜਿੱਤਣ ਦੇ ਰੌਅ 'ਚ ਐਧਰ ਓਧਰ ਟੁਕੜੀਆਂ 'ਚ ਖਿੰਡ ਗਏ। ਉਧਰ ਅੰਗਰੇਜ਼ ਹਾਕਮਾਂ ਨੇ ਵਿਆਪਕ ਹੱਲਾ ਬੋਲ ਦਿੱਤਾ। ਇਸ ਹੱਲੇ 'ਚ ਹੀ ਗ੍ਰਿਫ਼ਤਾਰ ਕੀਤੇ ਮੁਸਲਮਾਨ ਬਾਗ਼ੀ ਫ਼ੌਜੀਆਂ ਨੂੰ ਦੀਵਾਰ ਨਾਲ ਖੜੇ ਕਰਕੇ ਹੱਥ ਬੰਨਕੇ ਗੋਲੀਆਂ ਨਾਲ ਭੁੰਨਿਆ ਗਿਆ। ਸਿੰਘਾਪੁਰ ਬਗ਼ਾਵਤ ਵਾਂਗ ਹੀ 150ਵੀਂ ਬਲੋਚ ਰਜਮੈਂਟ ਨੇ ਗ਼ਦਰ ਪਾਰਟੀ ਦੇ ਪ੍ਰਭਾਵ ਵਿਚ ਆ ਕੇ ਰੰਗੂਨ ਵਿਚ ਗ਼ਦਰ ਕਰ ਦਿੱਤਾ। ਇਸ ਪਲਟਨ ਵਿਚ ਵੀ ਵਧੇਰੇ ਗਿਣਤੀ ਮੁਸਲਮਾਨ ਪਠਾਣਾਂ ਦੀ ਹੀ ਸੀ। ਇਨ੍ਹਾਂ  ਨੇ ਅੰਗਰੇਜ਼ੀ ਹਾਕਮਾਂ ਵੱਲੋਂ ਮੜੀ ਨਹੱਕੀ ਜੰਗ ਵਿਚ ਜਾਣ ਤੋਂ ਕੋਰਾ ਜਵਾਬ ਦੇ ਦਿੱਤਾ। ਫੇਰ ਇਕ ਗੋਰਾ ਅਫਸਰ ਮਾਰ ਦਿੱਤਾ। ਥਾਂ-ਥਾਂ 'ਗ਼ਦਰ' ਅਖ਼ਬਾਰ ਵੰਡਿਆ। ਇਨ੍ਹਾਂ  ਨੂੰ ਘੇਰ ਕੇ ਫੜਿਆ ਅਤੇ ਕੋਰਟ ਮਾਰਸ਼ਲ ਕਰਕੇ ਦੋ ਸੌ ਨੂੰ ਸਖ਼ਤ ਸਜ਼ਾਵਾਂ, ਫਾਂਸੀ ਅਤੇ ਉਮਰ ਕੈਦ ਕਰਨ ਦਾ ਚੱਕਰ ਤੇਜ਼ ਕੀਤਾ।

ਅੱਜ ਇਨ੍ਹਾਂ  ਕੁਰਬਾਨੀਆਂ ਨੂੰ ਘੱਟੇ ਰੋਲ ਕੇ ਮੁਲਕ ਅੰਦਰ ਅੰਨ੍ਹੇ  ਕੌਮਵਾਦ, ਫਿਰਕਾਪ੍ਰਸਤੀ, ਦਹਿਸ਼ਤਗਰਦੀ, ਜਮਹੂਰੀ ਹੱਕਾਂ ਦਾ ਘਾਣ ਅਤੇ ਜਬਰ ਜੁਲਮ ਦਾ ਸਿਲਸਲਾ ਬੇਰੋਕ ਅੱਗੇ ਵਧਾਇਆ ਜਾ ਰਿਹਾ ਹੈ। ਵੱਖ-ਵੱਖ ਧਰਮਾਂ, ਫਿਰਕਿਆਂ ਦੇ ਲੋਕਾਂ ਦੇ ਧਾਰਮਕ ਜਜਬਾਤਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਮੁਲਕ ਉਪਰ ਕਿਸੇ ਸਮੇਂ ਬਰਤਾਨਵੀ ਸਾਮਰਾਜ ਦਾ ਸਿੱਧਾ ਗ਼ਲਬਾ ਸੀ ਹੁਣ ਕਿੰਨੇ ਹੀ ਸਾਮਰਾਜੀਆਂ ਅਤੇ ਉਹਨਾਂ ਦੇ ਹਿੱਤ-ਪੂਰਤੀ ਦੇਸੀ ਸ਼ਾਹੂਕਾਰਾਂ ਦਾ ਲੋਕਾਂ ਦੇ ਸਵੈਮਾਣ, ਜਮਹੂਰੀ ਖ਼ਿਆਲਾਂ ਉਪਰ ਹੱਲਾ ਬੋਲਣ ਦਾ ਦੌਰ ਤਿੱਖਾ ਕੀਤਾ ਜਾ ਰਿਹਾ ਹੈ। ਅਜਿਹੇ ਸਮੇਂ 15-16 ਫਰਵਰੀ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ, ਉਹਨਾਂ ਨੂੰ ਭੁਲਾ ਰਹੀ ਸਥਾਪਤੀ ਦੇ ਇਰਾਦਿਆਂ ਨੂੰ ਬੁੱਝਦਿਆਂ ਸ਼ਹੀਦ ਭਗਤ ਸਿੰਘ ਬਾਰੇ ਲਿਖਿਆ ਫ਼ੈਜ ਅਹਿਮਦ ਫ਼ੈਜ ਦਾ ਸ਼ੇਅਰ ਦਾ ਜ਼ਿਕਰ ਕਰਨਾ ਬਾਗ਼ੀ ਫ਼ੌਜੀਆਂ ਲਈ ਵਧੇਰੇ ਪਰਸੰਗਕ ਹੈ :

'ਗਰ ਬਾਜ਼ੀ ਇਸ਼ਕ ਕੀ ਬਾਜ਼ੀ ਹੈ
ਲਗਾ ਦੋ ਜੋ ਮਨ ਚਾਹੇ।
ਜੀਤ ਗਏ ਤੋ ਕਿਆ ਕਹਿਨੇ
ਹਾਰੇ ਭੀ ਤੋ ਬਾਜ਼ੀ ਮਾਤ ਨਹੀਂ।

—ਅਮੋਲਕ ਸਿੰਘ ਸੰਪਰਕ : 94170-76735

Wednesday, July 4, 2012

ਅਣਗੌਲੇ ਆਜ਼ਾਦੀ ਸੰਗਰਾਮੀਆਂ ਦੀ ਡਾਇਰੈਕਟਰੀ ਤਿਆਰ


ਸੀਤਾ ਰਾਮ ਬਾਂਸਲ ਅਤੇ ਬਲਵਿੰਦਰ ਕੌਰ ਨੇ ਅਣਗੌਲੇ ਅਜ਼ਾਦੀ ਸੰਗਰਾਮੀਆਂ ਦੀ ਡਾਇਰੈਕਟਰੀ ਤਿਆਰ ਕੀਤੀ ਅਤੇ ਇਸਦੀ ਮੌਲਿਕ ਕਾਪੀ ਦੇਸ਼ ਭਗਤ ਯਾਦਗਾਰ ਕਮੇਟੀ ਨੂੰ ਭੇਂਟ ਕੀਤੀ

ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ 2013 ਜਿਉਂ ਜਿਉਂ ਨੇੜੇ ਢੁੱਕ ਰਹੀ ਹੈ ਇਤਿਹਾਸਕਾਰ, ਖੋਜ਼ਕਾਰ, ਲੇਖਕ, ਬੁੱਧੀਜੀਵੀ ਇਸਦੇ ਇਤਿਹਾਸ ਦੀਆਂ ਪੈੜ੍ਹਾਂ ਖੋਜਣ, ਸੰਗ੍ਰਹਿ ਕਰਨ, ਅਣਫੋਲੇ ਅਤੇ ਅਣਗੌਲੇ ਰੌਸ਼ਨ ਦਿਮਾਗ ਆਜ਼ਾਦੀ ਸੰਗਰਾਮੀਏ ਨਾਇਕਾਂ ਅਤੇ ਇਤਿਹਾਸਕ ਘਟਨਾਵਾਂ ਨੂੰ ਲੜੀਬੱਧ ਕਰਕੇ ਨਵੀਆਂ ਪੈੜਾਂ ਪਾਉਣ ਲਈ ਸਾਹਮਣੇ ਆ ਰਹੇ ਹਨ।

ਇਸ ਕੜੀ 'ਚ ਦੁਰਲੱਭ ਇਤਿਹਾਸਕ ਦਸਤਾਵੇਜ਼ ਤਿਆਰ ਕਰਨ 'ਚ ਸੀਤਾ ਰਾਮ ਬਾਂਸਲ ਅਤੇ ਉਹਨਾਂ ਦੀ ਜੀਵਨ ਸਾਥਣ ਬਲਵਿੰਦਰ ਕੌਰ ਨੇ ਵਰਨਣਯੋਗ ਉੱਦਮ ਕੀਤਾ ਹੈ।

ਉਨ੍ਹਾਂ ਨੇ 2500 ਅਜ਼ਾਦੀ ਸੰਗਰਾਮੀਆਂ ਦਾ ਪਿੰਡ-ਵਾਰ ਕੋਸ਼ (Village wise Directory) ਤਿਆਰ ਕੀਤੀ ਹੈ।  ਇਹ ਡਾਇਰੈਕਟਰੀ ਉਨ੍ਹਾਂ ਨੇ ਉੱਘੇ ਇਤਿਹਾਸਕਾਰ ਪ੍ਰੋ. ਮਲਵਿੰਦਰ ਜੀਤ ਸਿੰਘ ਵੜੈਚ ਅਤੇ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਮੁਹਿੰਮ ਕਮੇਟੀ ਦੇ ਕਨਵੀਨਰ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਪ੍ਰਧਾਨ ਕਾਮਰੇਡ ਨੌਨਿਹਾਲ ਸਿੰਘ ਨੂੰ ਸਮਰਪਤ ਕੀਤੀ ਹੈ।  ਇਹ ਡਾਇਰੈਕਟਰੀ ਗ਼ਦਰੀ ਅਤੇ ਹੋਰਨਾਂ ਦੇਸ਼ ਭਗਤਾਂ ਦੇ ਪਿੰਡਾਂ ਅੰਦਰ ਮੇਲੇ ਲਾਉਣ, ਲਾਇਬ੍ਰੇਰੀਆਂ ਅਤੇ ਅਜਾਇਬ ਘਰ ਸਥਾਪਿਤ ਕਰਨ ਅਤੇ ਪਿੰਡਾਂ ਅੰਦਰ ਸਮਾਗਮ ਕਰਨ ਦੇ ਕਾਰਜਾਂ ਨੂੰ ਹੁਲਾਰਾ ਦਿੰਦੀ ਹੋਈ ਗ਼ਦਰ ਸ਼ਤਾਬਦੀ ਮੁਹਿੰਮ 'ਚ ਅਹਿਮ ਯੋਗਦਾਨ ਪਏਗੀ।

ਇਸ ਜੋੜੀ ਨੇ ਇਸ ਦੀ ਵੱਡ-ਆਕਾਰੀ ਮੌਲਿਕ ਕਾਪੀ ਦੇਸ਼ ਭਗਤ ਯਾਦਗਾਰ ਕਮੇਟੀ ਨੂੰ ਭੇਂਟ ਕੀਤੀ।  ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ, ਕਾਮਰੇਡ ਨੌਨਿਹਾਲ ਸਿੰਘ, ਕਾਮਰੇਡ ਮੰਗਤ ਰਾਮ ਪਾਸਲਾ, ਖਜ਼ਾਨਚੀ ਕਾਮਰੇਡ ਰਘਬੀਰ ਸਿੰਘ ਛੀਨਾ, ਦੇਵ ਰਾਜ ਨਈਅਰ ਅਤੇ ਕਾਮਰੇਡ ਗੁਰਮੀਤ ਢੱਡਾ ਹਾਜ਼ਰ ਸਨ।

ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈਸ ਨੂੰ ਇਸ ਦੁਰਲੱਭ ਖੋਜ਼ ਭਰਪੂਰ ਕੋਸ਼ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿੱਚ ਕੂਕਾ ਲਹਿਰ, ਕਾਮਾਗਾਟਾ ਮਾਰੂ ਦੇ ਸੰਗਰਾਮੀਏ, ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ ਆਦਿ ਦਾ ਬਿਰਤਾਂਤ ਸ਼ਾਮਲ ਹੈ।  ਇਨ੍ਹਾਂ ਲਹਿਰਾਂ ਦੇ ਨਾਇਕਾਂ ਅਤੇ ਕਾਰਕੁੰਨਾਂ ਨੂੰ ਹੋਈਆਂ ਸਜ਼ਾਵਾਂ ਦਾ ਵੇਰਵਾ ਦਰਜ਼ ਹੈ।  ਪਿੰਡਾਂ, ਡਾਕਖ਼ਾਨਿਆਂ, ਪੁਲਸ ਸਟੇਸ਼ਨਾਂ ਅਤੇ ਜ਼ਿਲ੍ਹਿਆਂ ਦਾ ਵੇਰਵਾ ਇਕੱਤਰ ਕਰਕੇ ਇਨ੍ਹਾਂ ਦੇਸ਼ ਭਗਤਾਂ ਬਾਰੇ ਜਾਣਕਾਰੀ ਹਾਸਲ ਕਰਨ ਦਾ ਅਮੁੱਲਾ ਕਾਰਜ ਨੇਪਰੇ ਚੜ੍ਹਿਆ ਹੈ।

ਇਸ ਸੰਗ੍ਰ੍ਰਹਿ 'ਚ ਪੰਜਾਬ ਤੋਂ ਇਲਾਵਾ ਸਾਡੇ ਮੁਲਕ ਦੇ ਹੋਰ ਖਿੱਤਿਆਂ, ਕੈਨੇਡਾ, ਅਮਰੀਕਾ, ਅਫ਼ਰੀਕਾ, ਸ਼ਿਆਗ, ਚੀਨ, ਫਿਜ਼ੀ, ਇੰਡੋਨੇਸ਼ੀਆ, ਮਲਾਇਆ, ਪਨਾਮਾ, ਫਿਲਪਾਈਨਜ਼, ਸਿੰਘਾਪੁਰ, ਸਮਾਟਰਾ ਤੋਂ ਇਲਾਵਾ ਹੁਣ ਪਾਕਿਸਤਾਨ ਵਿੱਚ ਚਲੇ ਗਏ ਲਾਹੌਰ, ਪੇਸ਼ਾਵਰ, ਲਾਇਲਪੁਰ, ਰਾਵਲਪਿੰਡੀ, ਸਿਆਲਕੋਟ ਆਦਿ ਸ਼ਾਮਲ ਹਨ।

ਜਾਰੀ ਕਰਤਾ:
ਅਮੋਲਕ ਸਿੰਘ
94170 76735

Friday, April 13, 2012

ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ-2013:

ਸਾਥੋਂ ਕੁੱਝ ਆਸ ਕਰਦੀ ਹੈ
ਵਗਦੇ ਦਰਿਆ ਵਰਗੀ ਗ਼ਦਰ ਲਹਿਰ

- ਅਮੋਲਕ ਸਿੰਘ

ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ-2013 ਨੇੜੇ ਢੁਕ ਰਹੀ ਹੈ। ਮੁਲਕ ਦੀ ਆਜ਼ਾਦੀ ਲਈ ਸੌ ਵਰ੍ਹੇ ਪਹਿਲਾਂ ਅਮਰੀਕਾ ਦੀ ਧਰਤੀ 'ਤੇ 'ਹਿੰਦੀ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ' ਨਾਂਅ ਦੀ ਜਥੇਬੰਦੀ ਬਣੀ। ਇਸ ਜਥੇਬੰਦੀ ਨੇ 1 ਨਵੰਬਰ 1913 ਨੂੰ 'ਗ਼ਦਰ' ਅਖ਼ਬਾਰ ਜਾਰੀ ਕੀਤਾ। ਵੱਖ-ਵੱਖ ਭਾਸ਼ਾਵਾਂ 'ਚ ਛਪਦਾ, ਵੱਖ-ਵੱਖ ਮੁਲਕਾਂ ਤੱਕ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਤੱਕ ਪਹੁੰਚਦਾ ਇਹ ਅਖ਼ਬਾਰ ਐਨਾ ਮਕਬੂਲ ਹੋਇਆ ਕਿ ਇਹ ਜਥੇਬੰਦੀ 'ਗ਼ਦਰ ਪਾਰਟੀ' ਦੇ ਨਾਂਅ ਨਾਲ ਹੀ ਜਾਣੀ ਜਾਣ ਲੱਗੀ। ਇਸ ਅਖ਼ਬਾਰ ਦੀ ਹਰਮਨ ਪਿਆਰਤਾ ਕਾਰਨ ਹੀ ਪਾਰਟੀ ਦੇ ਸਨਫਰਾਂਸਿਸਕੋ (ਅਮਰੀਕਾ) ਸਥਿਤ ਹੈੱਡ ਕੁਆਟਰ 'ਯੁਗਾਂਤਰ ਆਸ਼ਰਮ' ਦਾ ਨਾਂਅ ਵੀ 'ਗ਼ਦਰ ਆਸ਼ਰਮ' ਦੇ ਨਾਂਅ ਨਾਲ ਹੀ ਪ੍ਰਸਿੱਧ ਹੋਇਆ।

ਵਰ੍ਹਾ ਭਾਵੇਂ ਸੌ ਬੀਤ ਚੱਲਿਐ ਪਰ ਗ਼ਦਰ ਪਾਰਟੀ ਦਾ ਅਮੁੱਲਾ ਇਤਿਹਾਸ, ਰਾਜਨੀਤੀ ਅਤੇ ਸਾਹਿਤ ਸਾਡੇ ਸਮਿਆਂ ਲਈ ਹੋਰ ਵੀ ਪ੍ਰਸੰਗਕ ਅਤੇ ਭਵਿੱਖ-ਮੁਖੀ ਹੈ। ਸਥਾਪਨਾ ਸ਼ਤਾਬਦੀ ਦੇ ਇਸ ਦੌਰ ਅੰਦਰ ਗ਼ਦਰ ਪਾਰਟੀ ਦੇ ਅਨੇਕਾਂ ਪੱਖਾਂ ਉੱਪਰ ਹੋਰ ਵੀ ਗਹਿਰਾਈ ਅਤੇ ਵਿਸਥਾਰ ਨਾਲ ਵਿਚਾਰ-ਚਰਚਾ ਅੱਗੇ ਤੁਰੇਗੀ। ਅਗਲੇ ਪੰਜ ਵਰ੍ਹਿਆਂ ਦੀ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਮੁਹਿੰਮ ਅਤੇ ਇਸ ਮੁਹਿੰਮ ਦਾ ਸਿਖਰ 2013 ਤੱਕ ਗ਼ਦਰ ਲਹਿਰ ਦੇ ਬਹੁ-ਪੱਖਾਂ ਤੋਂ ਯਾਦਗਾਰੀ ਬਣੇ ਇਸ ਲਈ ਵਿਸ਼ੇਸ਼ ਉੱਦਮ ਜੁਟਾਉਣ ਲਈ ਸਿਰ ਜੋੜਨ ਦੀ ਲੋੜ ਹੈ।

ਭਵਿੱਖ ਦਾ ਚਿੰਨ੍ਹ: ਅਮੀਰ ਵਿਰਸਾ

ਮਹਾਨ ਆਦਰਸ਼ਾਂ ਨੂੰ ਪ੍ਰਣਾਈ ਅਤੇ ਅਥਾਹ ਕੁਰਬਾਨੀਆਂ ਭਰੀ ਬੀਰ-ਗਾਥਾ, ਗ਼ਦਰ ਲਹਿਰ ਦੀ ਸਥਾਪਨਾ ਸ਼ਤਾਬਦੀ ਮਹਿਜ਼ ਰਸਮ ਪੂਰਤੀ ਬਣ ਕੇ ਨਾ ਰਹੇ। ਇਹ ਸਿਰਫ਼ ਇਤਿਹਾਸਕ ਸਫ਼ਿਆਂ ਤੋਂ ਵਾਕਫ ਲੋਕਾਂ ਤੱਕ ਹੀ ਸੀਮਤ ਚਰਚਾ ਦਾ ਵਿਸ਼ਾ ਬਣਕੇ ਨਾ ਰਹੇ। ਇਕ ਨਵੰਬਰ 2013 ਦਾ ਦਿਹਾੜਾ ਇਤਿਹਾਸਕ ਪੁਰਬ ਦੇ ਤੌਰ 'ਤੇ ਲੋਕਾਂ ਦੇ ਇਨਕਲਾਬੀ ਜਸ਼ਨਾ ਦਾ ਤਿਓਹਾਰ ਬਣ ਜਾਏ। ਇਸ ਮੁਹਿੰਮ ਨੂੰ ਗ਼ਦਰ ਪਾਰਟੀ ਦੇ ਆਦਰਸ਼ਾਂ ਦਾ ਰੰਗ ਚੜ੍ਹੇ ਅਤੇ ਗੂਹੜਾ ਹੁੰਦਾ ਜਾਵੇ। ਗ਼ਦਰ ਲਹਿਰ ਅਤੇ ਸ਼ਤਾਬਦੀ ਮੁਹਿੰਮ ਦਾ ਲੋਕਾਂ ਨਾਲ ਮੱਛੀ ਅਤੇ ਪਾਣੀ ਦਾ ਰਿਸ਼ਤਾ ਬਣੇ। ਇਹ ਮੁਹਿੰਮ ਸਾਡੇ ਸਮਿਆਂ ਦੇ ਸੁਲਘਦੇ ਸੁਆਲਾਂ ਨੂੰ ਸਮਝਣ ਅਤੇ ਇਨ੍ਹਾਂ ਦਾ ਹੱਲ ਤਲਾਸ਼ਣ ਲਈ ਗ਼ਦਰ ਪਾਰਟੀ ਦੇ ਨਿਸ਼ਾਨਿਆਂ ਨੂੰ ਲੋਕਾਂ ਵਿਚ ਉਭਾਰਨ ਵੱਲ ਵਿਸ਼ੇਸ਼ ਤਵੱਜੋਂ ਦੇਵੇ ਫੇਰ ਹੀ ਇਸਦਾ ਸਿਫ਼ਤੀ ਪੱਖ ਗਾੜ੍ਹਾ ਅਤੇ ਗੂਹੜ੍ਹਾ ਹੋ ਸਕੇਗਾ। ਗ਼ਦਰ ਪਾਰਟੀ ਨੇ ਜਿਨ੍ਹਾਂ ਸਾਮਰਾਜੀ ਪਹਾੜਾਂ ਨਾਲ ਮੱਥਾ ਲਾਇਆ। ਜਿਹੜੀ ਆਜ਼ਾਦੀ, ਜਮਹੂਰੀਅਤ ਅਤੇ ਲੋਕਾਂ ਦੀ ਪੁੱਗਤ ਵਾਲੀ ਆਰਥਕ-ਸਮਾਜਕ ਉਸਾਰੀ ਲਈ ਇਨਕਲਾਬੀ ਸਮਾਜਕ ਤਬਦੀਲੀ ਦੇ ਆਦਰਸ਼, ਗ਼ਦਰ ਪਾਰਟੀ ਨੇ ਮਿੱਥੇ ਉਹ ਕੇਂਦਰੀ ਮੁੱਦਾ, ਮੁਹਿੰਮ 'ਚ ਫੋਕਸ ਹੋਵੇ, ਗ਼ਦਰ ਸ਼ਤਾਬਦੀ ਦਾ ਇਹ ਹਾਸਲ ਹੋਵੇਗਾ।

ਗ਼ਦਰ ਲਹਿਰ ਸਾਡੇ ਅਤੀਤ ਦੀ ਹੀ ਅਮੀਰ ਧਰੋਹਰ ਨਹੀਂ, ਇਹ ਸਾਡਾ ਵਰਤਮਾਨ ਅਤੇ ਭਵਿੱਖ ਵੀ ਹੈ। ਜਿਸ ਸਾਮਰਾਜੀ ਅਤੇ ਹਰ ਵੰਨਗੀ ਦੀ ਦੇਸੀ-ਬਦੇਸ਼ੀ ਗ਼ੁਲਾਮੀ ਦੀਆਂ ਜੰਜ਼ੀਰਾਂ ਤੋੜ ਕੇ ਨਵੇਂ-ਨਰੋਏ, ਅਗਾਂਹ ਵਧੂ, ਲੋਕਾਂ ਦੀਆਂ ਸੱਧਰਾਂ, ਉਮੰਗਾਂ 'ਤੇ ਪੂਰਾ ਉਤਰਨ ਵਾਲਾ ਰਾਜ ਅਤੇ ਸਮਾਜ ਸਿਰਜਣ ਲਈ ਗ਼ਦਰੀ ਸੰਗਰਾਮੀਏ ਆਪਣਾ ਤਨ, ਮਨ, ਧਨ ਸਭ ਕੁਝ ਨਿਛਾਵਰ ਕਰ ਗਏ, ਉਹ ਕਾਜ਼ ਅਜੇ ਨੇਪਰੇ ਨਹੀਂ ਚੜ੍ਹਿਆ। ਗ਼ਦਰ ਦੇ ਉਦੇਸ਼ਾਂ ਦਾ ਗੀਤ ਇਸ ਮੁਹਿੰਮ ਦੌਰਾਨ ਲੋਕ-ਗਾਇਨ ਬਣ ਜਾਵੇ, ਸਾਡੀਆਂ ਸਰਗਰਮੀਆਂ ਦਾ ਵਿਸ਼ਾ-ਵਸਤੂ ਅਤੇ ਸੇਧ ਇਸ ਦਿਸ਼ਾ ਵਿਚ ਹੋਵੇ ਉਸ ਮਹਾਨ ਕਾਜ਼ ਦੀ ਪੂਰਤੀ ਲਈ ਇਸ ਸ਼ਤਾਬਦੀ ਮੁਹਿੰਮ ਦਾ ਵੱਡਮੁੱਲਾ ਯੋਗਦਾਨ ਹੋਵੇਗਾ।

ਕੂਕਾ ਲਹਿਰ, 1857 ਦਾ ਗ਼ਦਰ, ਸ਼ਹੀਦ ਭਗਤ ਸਿੰਘ ਦੀ ਜਨਮ ਸ਼ਤਾਬਦੀ ਇਨ੍ਹਾਂ ਤਿੰਨਾਂ ਦੇ ਵਿਸ਼ੇਸ਼ ਯਾਦਗਾਰੀ ਸਮਾਗਮਾਂ ਦੀ ਤਾਜ਼ਾ ਸ਼ਤਾਬਦੀ ਲੜੀ ਮੌਕੇ ਸਭ ਦੇ ਸਾਹਮਣੇ ਹੈ ਕਿ ਉਹ ਧਿਰਾਂ ਵੀ ਅੱਡੀਆਂ ਚੁੱਕ ਚੁੱਕ ਕੇ ਇਨ੍ਹਾਂ ਦੀਆਂ ਸ਼ਤਾਬਦੀਆਂ ਮਨਾਉਣ ਅਤੇ ਇਨ੍ਹਾਂ ਦੇ ਵਾਰਸ ਬਣਨ ਦਾ ਖੇਖਣ ਕਰਦੀਆਂ ਰਹੀਆਂ ਹਨ ਜਿਨ੍ਹਾਂ ਦਾ ਆਜ਼ਾਦੀ ਸੰਗਰਾਮ ਦੌਰਾਨ ਦੇਸ਼ ਭਗਤੀ ਦੀ ਥਾਂ ਸਾਮਰਾਜੀਆਂ ਦੀ ਭਗਤੀ ਦਾ ਕਾਲਾ ਰਿਕਾਰਡ ਹੈ। ਜਿਹੜੀਆਂ ਅੱਜ ਵੀ ਨਿਸੰਗ ਹੋ ਕੇ ਲੋਕਾਂ ਦੀ ਆਜ਼ਾਦੀ, ਜਮਹੂਰੀਅਤ ਅਤੇ ਬਰਾਬਰੀ ਲਈ ਚੱਲ ਰਹੇ ਸੰਗਰਾਮ ਨੂੰ ਦਬਾਉਣ ਲਈ ਹਰ ਹਰਬਾ ਵਰਤ ਰਹੀਆਂ ਹਨ। ਜਿਨ੍ਹਾਂ ਦੇ ਦੇਸੀ ਅਤੇ ਬਦੇਸ਼ੀ, ਲੋਕ-ਦੁਸ਼ਮਣਾਂ ਨਾਲ ਗੂਹੜੇ ਯਰਾਨੇ ਹਨ।

ਟਕਰਾਵਾਂ ਇਤਿਹਾਸ: ਲੋਕਾਂ ਤੇ ਜੋਕਾਂ ਦਾ

ਗ਼ਦਰ ਪਾਰਟੀ ਦੀ ਜਨਮ ਸ਼ਤਾਬਦੀ ਮੁਹਿੰਮ ਮੌਕੇ ਅਤੇ ਖਾਸ ਕਰਕੇ ਇਸਦੇ ਸਿਖ਼ਰ ਮੌਕੇ ਅਜਿਹੀਆਂ ਵੰਨ-ਸੁਵੰਨੀਆਂ ਕਾਲੀਆਂ ਤਾਕਤਾਂ ਆਪਣੇ ਅਪਰਾਧੀ ਮੁਖੜੇ ਅਤੇ ਕਾਲੇ ਇਤਿਹਾਸ ਦੇ ਚਿੱਠੇ, ਗੋਰੇ ਕਰਨ ਲਈ ਗ਼ਦਰੀ ਸੂਰਮਿਆਂ ਦੀਆਂ ਬੇਸ਼ਰਮੀ ਨਾਲ ਵਾਰਾਂ ਗਾਉਣਗੀਆਂ। ਸ਼ਹੀਦ ਭਗਤ ਸਿੰਘ ਦਾ ਸੰਸਦ 'ਚ ਬੁੱਤ ਲਾਉਣਾ ਵੀ ਇਸ ਸਿਆਸੀ ਪੱਤੇਬਾਜ਼ੀ ਦਾ ਅੰਗ ਹੈ। ਇਸ ਲਹਿਰ ਨੂੰ ਆਪਣੇ ਆਪਣੇ ਸਿਆਸੀ ਸਾਂਚੇ 'ਚ ਢਾਲ ਕੇ ਲਾਹਾ ਲੈਣ ਦਾ ਜਾਲ ਵਿਛਾਉਣਗੀਆਂ। ਇਹ ਗ਼ਦਰੀਆਂ ਦੀ ਯਾਦ 'ਚ ਸਮਾਗਮ ਕਰਨ, ਆਦਮ-ਖਾਣੀਆਂ ਅਤੇ ਟੋਲ ਟੈਕਸ ਖਾਣੀਆਂ ਸੜਕਾਂ ਦੇ ਨਾਂਅ ਗ਼ਦਰੀਆਂ ਦੇ ਨਾਂਅ ਰੱਖਣ, ਸੀਰੀਅਲਾਂ, ਕੈਸਿਟਾਂ, ਸਾਹਿਤਕ ਪ੍ਰਕਾਸ਼ਨਾਵਾਂ ਆਦਿ ਜਾਰੀ ਕਰਨ ਦੇ ਧੰਦੇ ਲੱਗਣਗੀਆਂ। ਸਰਕਾਰੀ, ਗੈਰ-ਸਰਕਾਰੀ ਅਦਾਰਿਆਂ, ਬਹੁ-ਕੌਮੀ ਸਾਮਰਾਜੀ ਕੰਪਨੀਆਂ, ਮਾਫ਼ੀਆ ਗਰੋਹਾਂ, ਵੱਡੇ ਕਾਲੋਨਾਈਜਰਾਂ ਆਦਿ ਵਲੋਂ ਮਾਇਆ ਦੇ ਗੱਫ਼ਿਆਂ ਨਾਲ ਸਪਾਂਸਰਡ ਪ੍ਰੋਗਰਾਮਾਂ ਨੂੰ ਗ਼ਦਰੀਆਂ ਦੀ ਯਾਦ 'ਚ ਸਮਾਗਮਾਂ ਦੇ ਨਾਂਅ ਦੇਣ ਦੀਆਂ ਯੁਗਤਾਂ ਖੇਡਣਗੇ। ਅੱਤ ਦਰਜੇ ਦੇ ਫਿਰਕੂ, ਫਾਸ਼ੀ, ਪਿਛਾਖੜੀ, ਸਾਮਰਾਜੀਆਂ ਦੇ ਚਾਟੜੇ ਅਤੇ ਲੋਕਾਂ ਦੀ ਹਰ ਕੋਨ ਤੋਂ ਨਰਕ ਬਣੀ ਜ਼ਿੰਦਗੀ ਦੇ ਮੁਜ਼ਰਿਮ, ਸਾਡੇ ਸ਼ਾਨਾਮੱਤੇ ਇਤਿਹਾਸ ਨੂੰ ਅਗਵਾ ਕਰਨ, ਜੱਫ਼ਾ ਮਾਰਨ ਅਤੇ ਇਸਦੀ ਆਪੇ ਕਲਗੀ ਸਜਾ ਕੇ ਆਪਣੇ ਕਾਲੇ ਚਿਹਰੇ ਕੱਜਣ ਦੇ ਅਡੰਬਰ ਰਚਣਗੇ। ਇਤਿਹਾਸ ਦਾ ਮੁਹਾਂਦਰਾ ਵਿਗਾੜਨ ਦਾ ਅਪਰਾਧ ਕਰਨਗੇ। ਇਸ ਸ਼ਤਾਬਦੀ ਮੁਹਿੰਮ ਦਾ ਮਹੱਤਵਪੂਰਣ ਪੱਖ ਹੋਵੇਗਾ ਕਿ ਇਨ੍ਹਾਂ ਵੰਨ-ਸੁਵੰਨੀਆਂ ਗਿਰਗਟਾਂ ਨਾਲੋਂ ਸਪੱਸ਼ਟ ਨਿਖੇੜੇ ਦੀ ਲੀਕ ਖਿੱਚ ਕੇ ਗ਼ਦਰ ਲਹਿਰ ਦੇ ਨਿਸ਼ਾਨਿਆਂ ਦੀ ਪੂਰਤੀ ਵੱਲ ਸੇਧਤ ਸ਼ਤਾਬਦੀ ਸਮਾਗਮਾਂ ਦਾ ਤੱਤ ਅਤੇ ਰੂਪ ਪੇਸ਼ ਕੀਤਾ ਜਾਵੇ।

ਲੋਕਾਂ ਅਤੇ ਜੋਕਾਂ ਦਾ ਇਤਿਹਾਸ, ਰਾਜਨੀਤੀ, ਸਾਹਿਤ ਅਤੇ ਸਭਿਆਚਾਰ ਇਕ ਨਹੀਂ ਹੁੰਦਾ। ਸਰਵ-ਸਾਂਝਾ ਨਹੀਂ ਹੁੰਦਾ। ਜੋਕਾਂ ਦੀਆਂ ਪ੍ਰਤੀਨਿਧ ਤਾਕਤਾਂ, ਲੋਕਾਂ ਦੇ ਇਤਿਹਾਸ ਨੂੰ ਲੋਕਾਂ ਅੱਗੇ ਆਉਣ ਤੋਂ ਰੋਕਣ ਲਈ ਜਿਹੜੀ ਵੀ ਯੁਗਤ ਵਰਤੀ ਜਾਵੇ ਵਰਤਦੀਆਂ ਹਨ। ਲੋਕਾਂ ਦੀ ਅਮੀਰ, ਜੁਝਾਰੂ, ਭਾਈਚਾਰਕ ਸਾਂਝ, ਸੰਗਰਾਮੀ ਵਿਰਾਸਤ ਨੂੰ ਲੋਕਾਂ ਦੀ ਚੇਤਨਾ ਵਿਚੋਂ ਮਨਫ਼ੀ ਕਰਨ ਲਈ ਵਾਹ ਜਹਾਨ ਦੀ ਲਾਉਂਦੀਆਂ ਹਨ। ਕੂਕਾ ਲਹਿਰ, ਕਾਮਾਗਾਟਾ ਮਾਰੂ ਅਤੇ ਜੱਲ੍ਹਿਆਂ ਵਾਲਾ ਬਾਗ ਦੇ ਅਮਰ ਸ਼ਹੀਦਾਂ ਨੂੰ ਸ਼ਹੀਦ ਅਤੇ ਆਜ਼ਾਦੀ ਲਹਿਰ ਦਾ ਅੰਗ ਮੰਨਣ ਤੋਂ ਵੀ ਅਜੇ ਤੱਕ ਕਿਨਾਰਾਕਸ਼ੀ ਕਰਦੇ ਰਹਿਣਾ ਇਸਦਾ ਮੂੰਹ ਬੋਲਦਾ ਸਬੂਤ ਹੈ। ਜਦੋਂ ਅਖੀਰ ਲੋਕਾਂ ਦੀ ਨਿਰੰਤਰ ਰੜਕਦੀ, ਉਭਰਦੀ ਮੰਗ ਕਰਕੇ ਇਹ ਕੌਮੀ ਇਤਿਹਾਸ ਦੇ ਅਣਗੌਲੇ ਪੰਨਿਆਂ ਅਤੇ ਸੰਗਰਾਮੀਆਂ ਨੂੰ ਮਾਨਤਾ ਦਾ ਰੁਤਬਾ ਵੀ ਦਿੰਦੇ ਹਨ ਤਾਂ ਇਹ ਮਜਬੂਰੀ ਵਸ ਭਰੀ ਕੌੜੀ ਘੁੱਟ ਹੁੰਦੀ ਹੈ ਨਾ ਕਿ ਇਨ੍ਹਾਂ ਦੇ ਹਿਰਦੇ-ਪ੍ਰੀਵਰਤਨ ਦਾ ਕੋਈ ਨਮੂਨਾ! ਗ਼ਦਰ ਲਹਿਰ ਅਤੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਅਤੇ ਮਹਾਨ ਆਦਰਸ਼ਾਂ ਨੂੰ ਘੱਟੇ ਰੋਲਣ ਲਈ ਅਜੇ ਵੀ ਸਰਕਾਰੀ ਅਤੇ ਗੈਰ ਸਰਕਾਰੀ ਸਮਾਗਮਾਂ 'ਚ ਕੂੜ ਪਰੋਸਿਆ ਜਾ ਰਿਹੈ। ਕਦੇ ਉਸਨੂੰ ਪੌੜੀ ਦੇ ਪਹਿਲੇ ਡੰਡੇ ਦਾ ਸ਼ਹੀਦ ਕਿਹਾ। ਕਦੇ ਸ਼ਹੀਦ ਮੰਨਣ ਤੋਂ ਹੀ ਇਨਕਾਰੀ ਹੋਇਆ ਗਿਆ ਪਰ ਲੋਕਾਂ ਦਾ ਸ਼ਹੀਦ ਨੋਟਾਂ 'ਤੇ ਨਹੀਂ ਛਪਦਾ ਲੋਕਾਂ ਦੀਆਂ ਸੋਚਾਂ 'ਚ ਵਸਦਾ ਹੈ। ਫ਼ਿਲਮਾਂ, ਸੀਰੀਅਲਾਂ, ਕੈਲੰਡਰਾਂ, ਕੈਸਿਟਾਂ ਅਤੇ ਸਟਿਕਰਾਂ ਆਦਿ ਰਾਹੀਂ ਉਸਨੂੰ ਕੀ ਦਾ ਕੀ ਬਣਾ ਕੇ ਪੇਸ਼ ਕੀਤਾ ਜਾ ਰਿਹੈ। ਜਲ੍ਹਿਆਂਵਾਲਾ ਬਾਗ਼ ਦਾ ਮੁਹਾਂਦਰਾ ਬਦਲ ਕੇ, ਆਜ਼ਾਦੀ ਤਵਾਰੀਖ਼ ਦੀ ਮਹਾਨ ਸਾਂਝੀ ਇਨਕਲਾਬੀ ਵਿਰਾਸਤ ਨੂੰ ਟੂਰਿਸਟ ਸਪਾਟ ਬਣਾ ਕੇ ਪੀਜਾ ਹੱਟ ਅਤੇ ਰੌਣਕ ਮੇਲੇ ਦੀ ਥਾਂ ਵੱਲ ਸਹਿਜੇ-ਸਹਿਜੇ ਤਬਦੀਲ ਕਰਨ ਲਈ ਕਦਮ ਪੁੱਟੇ ਜਾ ਰਹੇ ਹਨ। ਇਤਿਹਾਸਕ ਤੰਗ ਗਲੀਆਂ ਅਤੇ ਗੋਲੀਆਂ ਦੇ ਨਿਸ਼ਾਨਾਂ ਨੂੰ ਮਿਟਾਉਣ ਲਈ ਢਾਅ-ਢੁਆਈ ਅਤੇ ਮਿੱਟੀ ਦੀ ਭਰਤੀ ਦਾ ਕੰਮ ਜ਼ੋਰ ਸ਼ੋਰ ਨਾਲ ਹੋ ਰਿਹੈ। ਇਸ ਲਹੂ ਰੱਤੀ ਧਰਤੀ ਤੋਂ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਵਰਗੇ ਮਿੱਟੀ ਦੀ ਮੁੱਠ ਸੀਨੇ ਲਾ ਕੇ ਆਜ਼ਾਦੀ ਸੰਗਰਾਮ ਦੇ ਧਰੂ ਤਾਰੇ ਬਣ ਕੇ ਚਮਕੇ। ਅੱਜ ਦੇ ਬਾਲਾਂ ਨੂੰ ਹੁਣ ਉਥੇ ਗੁਬਾਰਿਆਂ ਅਤੇ ਮੱਕੀ ਦੇ ਭੁੰਨੇ ਦਾਣਿਆਂ ਨੂੰ ਪੌਪ ਕਾਰਨ ਦੱਸਕੇ ਇਨ੍ਹਾਂ ਨਾਲ ਪਰਚਾ ਕੇ ਗੋਲੀਆਂ ਨਾਲ ਭੁੰਨੇ ਗਏ ਨਿਹੱਥੇ ਅਤੇ ਪੁਰਅਮਨ ਲੋਕਾਂ ਨੂੰ ਭੁਲਾਉਣ ਦਾ ਯਤਨ ਕੀਤਾ ਜਾਏਗਾ। ਅਜੇ ਤੱਕ ਵੀ ਮੁਲਕ ਦੀ ਰਾਜਧਾਨੀ ਦਿੱਲੀ ਅੰਦਰ ਆਜ਼ਾਦੀ ਘੁਲਾਟੀਆਂ ਦੀ ਯਾਦਗਾਰ ਬਣਾਉਣ ਦੀ ਬਜਾਏ ਬਰਤਾਨਵੀ ਸਾਮਰਾਜ ਦੇ ਹੀ ਚਿੰਨ੍ਹ 'ਇੰਡੀਆ ਗੇਟ' ਨੂੰ ਹੀ ਪੂਰੀ ਕੌਮ ਦਾ ਮੱਥਾ ਟਿਕਾਇਆ ਜਾਂਦਾ ਹੈ। ਇਸ ਤੋਂ ਵਧ ਸਾਡੇ ਆਜ਼ਾਦੀ ਸੰਗਰਾਮੀਆਂ ਅਤੇ ਕੌਮੀ ਸਵੈਮਾਣ ਦਾ ਹੋਰ ਅਪਮਾਨ ਕੀ ਹੋ ਸਕਦਾ ਹੈ?

ਗ਼ਦਰ ਪਾਰਟੀ ਦੀ ਸਥਾਪਨਾ ਸ਼ਤਾਬਦੀ ਮੌਕੇ, 1857 ਦੇ ਗ਼ਦਰ ਦਾ ਪੂਰਵ-ਕਾਲ, 1857 ਦਾ ਗ਼ਦਰ, ਗ਼ਦਰ ਪਾਰਟੀ ਦਾ ਇਤਿਹਾਸ, ਬੱਬਰ ਅਕਾਲੀ ਲਹਿਰ, ਕਿਰਤੀ-ਕਿਸਾਨ ਲਹਿਰ, ਯੁੱਗ-ਪਲਟਾਊ ਲਹਿਰ, ਨੌਜਵਾਨ ਭਾਰਤ ਸਭਾ, ਸ਼ਹੀਦ ਭਗਤ ਸਿੰਘ ਉਸਦੇ ਸਮਕਾਲੀ ਸਾਥੀਆਂ/ਜਥੇਬੰਦੀਆਂ ਦਾ ਦੌਰ, ਆਈ.ਐਨ.ਏ. ਅਤੇ 1946 ਦੀ ਨੇਵੀ ਬਗਾਵਤ ਆਦਿ ਸਭਨਾਂ ਦਾ ਨਿਰੰਤਰ ਅੰਤਰ-ਸਬੰਧ, ਇਤਿਹਾਸ ਦੇ ਦਰਪਣ ਵਿੱਚੀਂ ਪੇਸ਼ ਕਰਨ ਦਾ ਯਤਨ ਹੋਏਗਾ। ਦੇਸ਼-ਬਦੇਸ਼ ਅੰਦਰ ਵੱਖ-ਵੱਖ ਖੇਤਰਾਂ 'ਚ ਸਰਗਰਮ ਸਭਨਾਂ ਸੁਹਿਰਦ ਹਿੱਸਿਆਂ ਸਿਰ ਇਨ੍ਹਾਂ ਲਹਿਰਾਂ ਦੀ ਖੋਜ-ਪੜਤਾਲ ਕਰਨ ਅਤੇ ਅਮੁੱਲੇ ਸ਼ਬਕਾਂ ਨੂੰ ਪੱਲੇ ਬੰਨਦਿਆਂ ਸਾਡੇ ਸਮਿਆਂ ਦੀਆਂ ਚੁਣੌਤੀਆਂ ਅਤੇ ਲੋੜਾਂ ਦਾ ਢੁਕਵਾਂ ਹਿੱਸਾ ਬਣਾਉਣ ਲਈ ਯਤਨ ਜਟਾਉਣ ਦੀ ਸਾਂਝੀ ਜ਼ਿੰਮੇਵਾਰੀ ਹੋਏਗੀ।

ਇਤਿਹਾਸ ਦਾ ਸੂਹਾ ਫੁੱਲ

ਗ਼ਦਰ ਪਾਰਟੀ ਦੇ ਇਤਿਹਾਸਕ ਬਾਗ਼ ਦੇ ਸੂਹੇ ਫੁੱਲ, ਸ਼ਹੀਦ ਭਗਤ ਸਿੰਘ ਦੀ ਜਨਮ ਸ਼ਤਾਬਦੀ ਦੀ ਸਭ ਤੋਂ ਅਹਿਮ ਪ੍ਰਾਪਤੀ ਇਹ ਕਹੀ ਜਾ ਸਕਦੀ ਹੈ ਕਿ ਇਸ ਦੌਰ 'ਚ ਭਗਤ ਸਿੰਘ ਜਾਂਬਾਜ਼ ਸੂਰਮੇ, ਹੱਸ ਕੇ ਫਾਂਸੀ ਦਾ ਰੱਸਾ ਚੁੰਮਣ ਵਾਲੇ, ਬੰਬ-ਬੰਦੂਕ ਵਾਲੇ, ਪੱਗ ਕਿ ਹੈਟ ਵਾਲੇ ਸਤਿਕਾਰਤ ਸ਼ਹੀਦ ਦੀਆਂ ਹੱਦਾਂ ਤੋਂ ਕਿਤੇ ਉੱਚੀ ਪਰਵਾਜ਼ ਭਰ ਗਿਆ ਹੈ। ਉਸ ਦਾ ਅਸਲੀ ਬਿੰਬ ਕਿਤੇ ਕੱਦਾਵਰ ਰੂਪ 'ਚ ਉਭਰਿਆ ਹੈ। ਉਹ ਗਹਿਰਾ, ਵਿਸ਼ਾਲ ਅਤੇ ਦੂਰ ਦ੍ਰਿਸ਼ਟੀ ਵਾਲਾ ਚਿੰਤਕ, ਰਾਜਨੀਤੀਵਾਨ, ਜੱਥੇਬੰਦਕਾਰ, ਲੇਖਕ ਅਤੇ ਕਹਿਣੀ ਅਤੇ ਕਰਨੀ ਦੇ ਪੂਰੇ, ਚੋਟੀ ਦੇ ਇਨਕਲਾਬੀ ਆਗੂ ਵਜੋਂ ਨਿਵੇਕਲੀ ਪਹਿਚਾਣ ਦਾ ਚਿੰਨ੍ਹ ਬਣ ਕੇ ਉਭਰਿਆ ਹੈ। ਕੌਮੀ ਮੁਕਤੀ ਸੰਗਰਾਮ ਨਾਲ ਜੁੜੀਆਂ ਸਭਨਾਂ ਲਹਿਰਾਂ ਦਾ ਡੂੰਘਾ ਅਧਿਐਨ ਕਰਕੇ, ਜੋ ਆਜ਼ਾਦੀ, ਜਮਹੂਰੀਅਤ ਅਤੇ ਸਮਾਜ ਦਾ ਮੁਹਾਂਦਰਾਂ ਭਗਤ ਸਿੰਘ ਨੇ ਪੇਸ਼ ਕੀਤਾ, ਜਨਮ ਸ਼ਤਾਬਦੀ ਮੁਹਿੰਮ ਉਸਨੂੰ ਉਚਿਆਉਣ 'ਚ ਸਫ਼ਲ ਰਹੀ। ਦੇਸੀ-ਬਦੇਸ਼ੀ ਹਰ ਵੰਨਗੀ ਦੀ ਗ਼ੁਲਾਮੀ ਦੇ ਸੰਗਲ ਚੂਰ-ਚੂਰ ਕਰਕੇ ਖ਼ਰੀ ਆਜ਼ਾਦੀ ਲਿਆਉਣ ਅਤੇ ਸਮਾਜਵਾਦੀ ਰਾਜ ਪ੍ਰਬੰਧ ਦੀ ਸਥਾਪਨਾ ਦੇ ਅਗਲੇ ਪੜਾਵਾਂ ਬਾਰੇ ਟੀਚੇ ਮਿਥ ਕੇ ਚੱਲਣ ਵਾਲੇ ਇਸ ਇਨਕਲਾਬੀ ਸੰਗਰਾਮੀਏ ਦਾ ਕੱਦ ਇਸ ਕਰਕੇ ਹੋਰ ਵੀ ਉਭਰਿਆ ਅਤੇ ਨਿਖਰਿਆ ਕਿਉਂਕਿ ਉਹ ਸਾਡੇ ਸਮਿਆਂ ਦਾ ਅਤੇ ਸਾਡੇ ਭਵਿੱਖ ਦਾ ਵੀ ਚਾਨਣ-ਮੁਨਾਰਾ ਹੈ। ਜੇ ਸ਼ਹੀਦ ਭਗਤ ਸਿੰਘ ਜਨਮ ਸ਼ਤਾਬਦੀ ਮੌਕੇ ਲੋਕਾਂ ਦੀਆਂ ਖਰੀਆਂ ਸਭੇ ਤਾਕਤਾਂ ਆਪਣੇ ਮਹਿਬੂਬ ਸ਼ਹੀਦ ਦੇ ਇਹ ਪੱਖ ਲੋਕਾਂ ਵਿਚ ਗੂਹੜੇ ਕਰਨ 'ਚ ਸਫ਼ਲ ਨਾ ਹੁੰਦੀਆਂ ਤਾਂ ਭਗਤ ਸਿੰਘ ਜਨਮ ਸ਼ਤਾਬਦੀ ਮਹਿਜ਼ ਰਸਮ ਅਤੇ ਇਕੱਤਰਤਾਵਾਂ ਦੀ ਖ਼ਬਰ ਬਣ ਕੇ ਰਹਿ ਜਾਣੀ ਸੀ। ਦੇਸ਼-ਬਦੇਸ਼ ਕਿਤੇ ਵੀ ਵਸਦੇ ਸ਼ਹੀਦ ਦੇ ਸੂਝਵਾਨ ਵਾਰਸ ਮੁਬਾਰਕਵਾਦ ਦੇ ਹੱਕਦਾਰ ਹਨ ਕਿ ਉਹ ਹਰ ਥਾਂ ਪੂਰੇ ਸਵੈ-ਵਿਸ਼ਵਾਸ, ਰਾਜਨੀਤਕ ਸਪੱਸ਼ਟਤਾ ਅਤੇ ਖਾਸ ਕਰਕੇ ਭਗਤ ਸਿੰਘ ਦੀ ਵਿਚਾਰਧਾਰਾ ਅਤੇ ਸੁਪਨਿਆਂ ਦਾ ਸਮਾਜ ਸਿਰਜਣ ਦੇ ਆਦਰਸ਼ਾਂ ਦਾ ਝੰਡਾ ਹੱਥ ਲੈ ਕੇ ਜੰਗੀ ਪਧਰ 'ਤੇ ਇਉਂ ਜਨਮ ਸ਼ਤਾਬਦੀ ਮੁਹਿੰਮ 'ਤੇ ਉਤਰੇ ਕਿ ਲੋਕਾਂ ਦੇ ਵਿਰੋਧੀ ਕੈਂਪ 'ਚ ਖੜ੍ਹੇ ਵੰਨ-ਸੁਵੰਨੇ ਲੋਕ-ਦੁਸ਼ਮਣਾਂ ਵਲੋਂ ਸਾਡੇ ਸ਼ਹੀਦ ਨੂੰ ਆਪਣੇ ਮਨੋਰਥ ਲਈ ਵਰਤਣ ਦੇ ਸਭਨਾਂ ਯਤਨਾਂ ਉੱਪਰ ਪਾਣੀ ਫੇਰ ਕੇ ਰੱਖ ਦਿੱਤਾ। ਇਸ ਮੁਹਿੰਮ ਦੀ ਤਾਕਤ ਇਸ ਤੱਤ ਵਿਚ ਪਈ ਹੈ ਕਿ ਇਸ ਨੇ ਇਤਿਹਾਸ ਦੀ ਪਰਸੰਗਕਤਾ ਉਭਾਰੀ। ਹਰ ਰੰਗ ਦੇ ਲੋਕ-ਦੋਖੀਆਂ ਨਾਲੋਂ ਨਿਖੇੜਾ ਕੀਤਾ। ਲੋਕਾਂ ਅੱਗੇ ਮੁਕਤੀ ਦਾ ਰੌਸ਼ਨ ਮਾਰਗ, ਇਤਿਹਾਸ ਦੇ ਝਰੋਖੇ 'ਚੋਂ ਪੇਸ਼ ਕੀਤਾ।

ਮਿਸਾਲੀ ਇਕੱਠ ਪੱਖੋਂ ਵੀ ਸ਼ਹੀਦ ਭਗਤ ਸਿੰਘ ਸ਼ਤਾਬਦੀ ਹਾਕਮ ਧੜਿਆਂ ਨੂੰ ਮੂਧੇ ਮੂੰਹ ਮਾਰ ਗਈ ਅਤੇ ਪ੍ਰੋ. ਵਰਿਆਮ ਸਿੰਘ ਸੰਧੂ ਵਲੋਂ ਲਿਖੇ 'ਸ਼ਹੀਦ ਦੇ ਬੁੱਤ' ਵਿਚਲੇ ਕਾਵਿਕ ਬੋਲਾਂ ਨੂੰ ਲੋਕਾਂ ਦੀ ਜ਼ੁਬਾਨ 'ਤੇ ਵੀ ਲੈ ਗਈ ਕਿ:

.....'ਮੇਰੇ ਬੁੱਤ ਨੂੰ ਤੁਸੀਂ
ਜੇ ਬੁੱਤ ਬਣ ਕੇ ਵੇਖਦੇ ਰਹਿਣਾ,
ਤਾਂ ਮੈਨੂੰ ਭੰਨ ਦੇਵੋ, ਤੋੜ ਦੇਵੋ
ਤੇ ਮਿੱਟੀ 'ਚ ਮਿਲਾ ਦੇਵੋ
ਜਿਸ ਮਿੱਟੀ 'ਚ
ਮੈਂ ਤਲਵਾਰ ਬਣ ਕੇ ਉੱਗਣਾ ਸੀ
ਤੇ ਦਹਿਕਦੇ ਅੰਗਿਆਰਾਂ ਵਾਂਗੂ
ਕਾਲੀਆਂ ਰਾਤਾਂ 'ਚ
ਅੱਗ ਦਾ ਫੁੱਲ ਬਣ ਕੇ ਸੀ ਖਿੜਨਾ

ਇਸ ਫੁੱਲ ਨੂੰ, ਇਸ ਦੀ ਖੁਸ਼ਬੋ ਨੂੰ ਜਿਨ੍ਹਾਂ ਕੁੱਲੀਆਂ, ਢਾਰਿਆਂ, ਮਿੱਲਾਂ, ਚੁੱਲ੍ਹੇ ਚੌਂਕੇ, ਚੜ੍ਹਦੀ ਜੁਆਨੀ ਅਤੇ ਬੁੱਧੀਮਾਨਾ, ਵਿਦਵਾਨਾਂ, ਕਲਾਕਾਰਾਂ, ਖੋਜੀਆਂ, ਸਾਹਿਤਕਾਰਾਂ, ਕਵੀਆਂ, ਸਭਿਆਚਾਰਕ ਕਾਮਿਆਂ ਅਤੇ ਅੱਧਾ ਅੰਬਰ ਬਣਦੇ ਔਰਤ ਵਰਗ ਤੱਕ ਲਿਜਾਣਾ ਚਾਹੀਦਾ ਸੀ ਉਥੇ ਲਿਜਾਣ ਲਈ ਸ਼ਤਾਬਦੀ ਮੁਹਿੰਮ ਮੌਕੇ ਉਦਾਹਰਣਮਈ ਉੱਦਮ ਹੋਏ ਅਤੇ ਹੋ ਰਹੇ ਹਨ।

ਇਹ ਜਰਾ ਲੰਮੀ ਝਾਤ ਇਸ ਕਰਕੇ ਪਵਾਉਣ ਦੀ ਲੋੜ ਪਈ ਕਿ ਸ਼ਹੀਦ ਭਗਤ ਸਿੰਘ ਦੀ ਸੋਚ ਅਤੇ ਸੁਪਨਿਆਂ ਦੀ ਅਸਲ ਆਧਾਰਸ਼ਿਲਾ ਗ਼ਦਰ ਪਾਰਟੀ, ਬਹੁ-ਪਾਸਾਰ ਵਾਲੀ ਸ਼ਾਨਾਮੱਤੀ ਇਨਕਲਾਬੀ ਲਹਿਰ ਹੈ। ਇਸ ਕਰਕੇ ਗ਼ਦਰ ਪਾਰਟੀ ਦੀ ਸਥਾਪਨਾ ਸ਼ਤਾਬਦੀ ਮਨਾਉਣ ਦੀਆਂ ਕੁੱਲ ਵਿਉਂਤਾਂ/ਸ਼ਕਲਾਂ 'ਚ ਕੇਂਦਰੀ ਨੁਕਤਾ ਗ਼ਦਰ ਪਾਰਟੀ ਦੀ ਵਿਚਾਰਧਾਰਾ, ਇਤਿਹਾਸ, ਸਾਹਿਤ, ਆਦਰਸ਼ ਅਤੇ ਅਜੋਕੇ ਸਮੇਂ ਨਾਲ ਇਸਦੀ ਪ੍ਰਸੰਗਕਤਾ ਨੂੰ ਉਭਾਰਨਾ ਕੇਂਦਰੀ ਨੁਕਤਾ ਹੋਣਾ ਚਾਹੀਦਾ ਹੈ।

ਮੂੰਹ ਬੋਲਦੇ ਗ਼ਦਰੀ ਆਦਰਸ਼

ਵਕਤ ਦੀ ਲੋੜ ਸਾਡੇ ਸਿਰਾਂ 'ਤੇ ਇਹ ਖੜ੍ਹੀ ਹੈ ਕਿ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਮੁਹਿੰਮ ਮੌਕੇ ਗ਼ਦਰ ਪਾਰਟੀ ਦੇ ਸ਼ਾਨਾਮੱਤੇ ਇਤਿਹਾਸ ਦੇ ਅਨੇਕਾਂ ਪੱਖਾਂ ਨੂੰ ਗੌਰ ਨਾਲ ਸਮਝ ਕੇ ਅੱਜ ਦੀਆਂ ਚੁਣੌਤੀਆਂ ਨੂੰ ਸਿੱਧੇ ਮੱਥੇ ਟੱਕਰਨ ਲਈ ਵੱਖ-ਵੱਖ ਖੇਤਰਾਂ 'ਚ ਸਰਗਰਮ ਲੋਕ-ਹਿੱਸੇ ਆਪਣਾ ਬਣਦਾ ਰੋਲ ਪਛਾਨਣ।
  •  ਗ਼ਦਰ ਪਾਰਟੀ ਨੇ ਸਾਮਰਾਜਵਾਦ ਨੂੰ ਪੂਰੀ ਤਰ੍ਹਾਂ ਮੁਲਕ ਵਿਚੋਂ ਉਖਾੜ ਕੇ ਸੰਪੂਰਨ ਆਜ਼ਾਦੀ ਦਾ ਨਿਸ਼ਾਨਾ ਮਿਥਿਆ।
  • ਗ਼ਦਰ ਪਾਰਟੀ ਨੇ ਜਮਹੂਰੀ, ਧਰਮ-ਨਿਰਪੱਖ (ਧਰਮ ਹਰੇਕ ਵਿਅਕਤੀ ਦਾ ਜਾਤੀ ਮਾਮਲਾ ਹੈ) ਅਤੇ ਪੰਚਾਇਤੀ ਲੋਕ-ਪੁਗਤ ਵਾਲੇ ਲੋਕ ਰਾਜ ਦਾ ਝੰਡਾ ਚੁੱਕਿਆ।
  • ਗ਼ਦਰ ਪਾਰਟੀ ਨੇ ਅਜਿਹੀ ਰਾਜਨੀਤਕ ਹਥਿਆਰਬੰਦ ਜੱਦੋ-ਜਹਿਦ ਦਾ ਰਾਹ ਫੜਿਆ ਜਿਸ ਬਗੈਰ ਉਹਦਾ ਖਿਆਲ ਸੀ ਸਾਮਰਾਜੀ ਧਾੜਵੀ ਸਾਡੇ ਮੁਲਕ 'ਚੋਂ ਆਪਣਾ ਕਬਜ਼ਾ ਕਦੇ ਨਹੀਂ ਛੱਡਣਗੇ। ਪਾਰਟੀ ਦਾ ਖਿਆਲ ਸੀ ਕਿ ਲੰਬੇ ਅਰਸੇ ਤੋਂ ਅਰਜ਼ੀਆਂ, ਤਰਲਿਆਂ ਦੇ ਫੜੇ ਰਾਹ ਨੇ ਮੁਲਕ ਦਾ ਕੁਝ ਨਹੀਂ ਸੰਵਾਰਿਆ।
  • ਗ਼ਦਰ ਪਾਰਟੀ ਨੇ ਸਭ ਲਈ ਰੁਜ਼ਗਾਰ, ਬਰਾਬਰ ਦੇ ਅਧਿਕਾਰ, ਪੂਰਨ ਹੁਨਰ ਤੱਕ ਲਾਜ਼ਮੀ ਮੁਫ਼ਤ ਪੜ੍ਹਾਈ ਦਾ ਨਿਸ਼ਾਨਾ ਮਿੱਥਿਆ।
  • ਗ਼ਦਰ ਪਾਰਟੀ ਪਹਿਲੇ ਪੜਾਅ ਸਮੇਂ ਮੁਲਕ ਦੀ ਆਜ਼ਾਦੀ ਅਤੇ ਜਮਹੂਰੀਅਤ ਲਈ ਜੂਝਦੀ ਹੋਈ ਅਗਲੇ ਪੜਾਵਾਂ ਵਿਚੋਂ ਗੁਜ਼ਰਦੀ ਹੋਈ ਸਾਂਝੀਵਾਲਤਾ ਦੇ ਸਮਾਜਕ ਪ੍ਰਬੰਧ ਦੇ ਆਪਣੇ ਸੰਕਲਪਾਂ ਨੂੰ ਅਮਲੀ ਰੂਪ ਦਿੰਦੀ ਸਮਾਜਵਾਦ ਤੱਕ ਅੱਗੇ ਜਾਣ ਲਈ ਸਾਫ਼ ਅਤੇ ਸਪੱਸ਼ਟ ਸੀ।
  • ਗ਼ਦਰ ਪਾਰਟੀ ਦੀ ਕੌਮਾਂਤਰੀਵਾਦੀ ਦ੍ਰਿਸ਼ਟੀ ਹਰੇਕ ਗ਼ਦਰੀ ਲਈ ਲਾਜ਼ਮੀ ਬਣਾਉਂਦੀ ਹੈ ਕਿ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਹੈ ਉਥੇ ਹੀ ਸਾਮਰਾਜ ਖਿਲਾਫ਼ ਚੱਲਦੀਆਂ ਕੌਮੀ ਮੁਕਤੀ ਅਤੇ ਲੋਕ-ਮੁਕਤੀ ਲਹਿਰਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰੇ ਅਤੇ ਆਪਣੇ ਮੁਲਕ ਨੂੰ ਆਜ਼ਾਦ ਕਰਾਉਣ ਲਈ ਆਜ਼ਾਦੀ ਲਹਿਰ 'ਚ ਹਿੱਸਾ ਪਾਵੇ।
  • ਗ਼ਦਰ ਪਾਰਟੀ ਦਾ ਅਮੁੱਲਾ ਪੱਖ ਹੈ ਕਿ ਇਸਨੇ ਮਿੱਲਾਂ, ਖੇਤਾਂ 'ਚ ਕੰਮ ਕਰਦੇ ਕਿਰਤੀਆਂ, ਕਿਸਾਨਾਂ ਅਤੇ ਵਿਦਿਆਰਥੀਆਂ ਤੋਂ ਲੈ ਕੇ ਬੁੱਧੀਜੀਵੀਆਂ, ਲੇਖਕਾਂ ਅਤੇ ਕਵੀਆਂ ਤੱਕ ਨੂੰ ਆਪਣੇ ਕਲਾਵੇ 'ਚ ਲਿਆ, ਨਵੇਂ ਪੂਰ ਪੈਦਾ ਕੀਤੇ।
  • ਗ਼ਦਰ ਪਾਰਟੀ ਦਾ ਮੁਢਲਾ ਲੜ ਪਰਉਪਕਾਰ, ਬੰਦੇ ਮਾਤਰਮ, ਸੂਫ਼ੀਆਨਾ ਰੰਗ, ਦੇਸ਼-ਭਗਤੀ, ਆਜ਼ਾਦੀ ਨਾਲ ਜੁੜਦਾ ਹੈ ਅਤੇ ਇਸਦਾ ਦੂਜਾ ਲੜ ਸਾਮਰਾਜਵਾਦ-ਮੁਰਦਾਬਾਦ! ਇਨਕਲਾਬ-ਜ਼ਿੰਦਾਬਾਦ!! ਅਤੇ ਸਮਾਜਵਾਦ-ਜ਼ਿੰਦਾਬਾਦ!!! ਨਾਲ ਜਾ ਜੁੜਦਾ ਹੈ।
  • ਗ਼ਦਰ ਪਾਰਟੀ ਵਲੋਂ ਛਾਪੇ ਜਾਂਦੇ ਅਖ਼ਬਾਰ 'ਗ਼ਦਰ' ਉੱਪਰ ''ਜੇ ਚਿਤ ਪ੍ਰੇਮ ਖੇਲਣ ਕਾ ਚਾਉ-ਸਿਰ ਧਰ ਤਲੀ ਗਲੀ ਮੋਰੀ ਆਉ'' ਉਕਰੇ ਹੋਣਾ, ਦੋ ਤਲਵਾਰਾਂ ਦਾ ਅਤੇ ਨਾਲ ਹੀ ਫੁੱਲਾਂ ਦਾ ਹੋਣਾ ਇਹ ਦਰਸਾਉਂਦਾ ਹੈ ਕਿ ਪਾਰਟੀ ਆਪਣੇ ਆਦਰਸ਼ਾਂ ਲਈ ਲੋੜ ਮੁਤਾਬਕ ਹਰ ਕੁਰਬਾਨੀ ਕਰਨ ਲਈ ਵੀ ਤਿਆਰ ਹੈ। ਇਹ ਪਾਰਟੀ ਅਮਨ ਦੀ ਛਾਂ ਵੀ ਲੋਚਦੀ ਹੈ ਅਤੇ ਫੁੱਲਾਂ ਲੱਦਿਆ ਮਹਿਕ ਭਰਿਆ ਖ਼ੂਬਸੂਰਤ ਸਮਾਜ ਵੀ ਸਿਰਜਣਾ ਚਾਹੁੰਦੀ ਹੈ।
ਸ਼ਹੀਦ ਭਗਤ ਸਿੰਘ, ਗ਼ਦਰ ਪਾਰਟੀ ਦੀ ਆਧਾਰਸ਼ਿਲਾ ਨੂੰ ਬੇਹੱਦ ਉਚਿਆਉਂਦਾ ਹੈ। ਉਹ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਗੁਰੂ, ਪ੍ਰੇਰਨਾ-ਸਰੋਤ ਅਤੇ ਸਾਥੀ ਵਜੋਂ ਸਤਿਕਾਰਦਾ ਹੈ। ਕੂਕਾ ਲਹਿਰ ਅਤੇ ਬੱਬਰ ਅਕਾਲੀ ਲਹਿਰ ਦੀ ਆਜ਼ਾਦੀ ਸੰਗਰਾਮ 'ਚ ਭੂਮਿਕਾ ਨੂੰ ਬੁਲੰਦ ਕਰਦਾ ਹੈ। ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਨਤਮਸਤਕ ਹੁੰਦਾ ਆਪਣੇ ਆਦਰਸ਼ਾਂ 'ਚ ਹੋਰ ਨਿਖਾਰ ਲਿਆਉਂਦਾ ਹੈ। ਇਤਿਹਾਸ ਦੇ ਸ਼ੀਸ਼ੇ 'ਚ ਇਉਂ ਹੀ ਅਜੋਕੀ ਲਹਿਰ ਨੂੰ ਵੀ ਆਪਾ ਵੇਖਣ ਦੀ ਲੋੜ ਹੈ। ਉਪਰੋਕਤ ਜ਼ਿਕਰ 'ਚ ਆਏ ਗ਼ਦਰ ਪਾਰਟੀ ਦੇ ਟੀਚਿਆਂ ਦੇ ਰੰਗ 'ਚ ਰੰਗੇ ਨਿਰੰਤਰ ਸੰਘਰਸ਼ ਦੀ ਗੱਲ ਕਰਦਿਆਂ ਜਿਵੇਂ ਭਗਤ ਸਿੰਘ ਲਿਖਦਾ ਹੈ ਕਿ:

''ਜਦ ਤੱਕ ਸਮਾਜਵਾਦੀ ਲੋਕ ਰਾਜ ਸਥਾਪਤ ਨਹੀਂ ਹੋ ਜਾਂਦਾ ਅਤੇ ਸਮਾਜ ਦਾ ਵਰਤਮਾਨ ਢਾਂਚਾ ਖ਼ਤਮ ਕਰਕੇ ਉਸ ਦੀ ਥਾਂ ਸਮਾਜਕ ਖੁਸ਼ਹਾਲੀ 'ਤੇ ਆਧਾਰਤ ਨਵਾਂ ਸਮਾਜਕ ਢਾਂਚਾ ਉਸਰ ਨਹੀਂ ਜਾਂਦਾ, ਜਦ ਤੱਕ ਹਰ ਕਿਸਮ ਦੀ ਲੁੱਟ-ਖਸੁੱਟ ਅਸੰਭਵ ਬਣਾ ਕੇ ਮਨੁੱਖਤਾ 'ਤੇ ਅਸਲ ਅਤੇ ਸਥਾਈ ਅਮਨ ਦੀ ਛਾਂ ਨਹੀਂ ਹੁੰਦੀ, ਤਦ ਤੱਕ ਇਹ ਜੰਗ ਹੋਰ ਨਵੇਂ ਜੋਸ਼ ਹੋਰ ਵਧੇਰੇ ਨਿਡਰਤਾ, ਬਹਾਦਰੀ ਤੇ ਅਟੱਲ ਇਰਾਦੇ ਨਾਲ ਲੜੀ ਜਾਂਦੀ ਰਹੇਗੀ।''

ਚਾਨਣ ਦੀ ਗ਼ੈਰ ਹਾਜ਼ਰੀ ਦਾ ਨਾਅ ਹਨ੍ਹੇਰਾ

ਪ੍ਰਕਾਸ਼ਨਾਵਾਂ ਅਤੇ ਸੈਮੀਨਾਰਾਂ ਆਦਿ 'ਚ ਗ਼ਦਰ ਪਾਰਟੀ ਬਾਰੇ 'ਭੁੱਲੜ', 'ਸਾਧਾਰਣ', 'ਜੋਸ਼ 'ਚ ਹੋਸ਼ ਨਾ ਰੱਖ ਸਕਣ ਵਾਲੇ', 'ਕਦੇ ਸਿੱਖ ਲਹਿਰ ਕਦੇ ਦਲਿਤ ਲਹਿਰ' ਬਣਾ ਕੇ ਪੇਸ਼ ਕਰਦਿਆਂ ਗ਼ਦਰ ਲਹਿਰ ਨੂੰ ਧਾਰਮਕ, ਜਾਤੀ ਰੰਗਣਾ ਚਾੜਨ, ਕਦੇ ਦਹਿਸ਼ਤਗਰਦ, ਲੋਕਾਂ ਨਾਲੋਂ ਟੁੱਟੇ ਹੋਏ, ਪਰਦੇਸਾਂ 'ਚ ਅਪਮਾਨ ਨਾ ਝੱਲਣ ਕਰਕੇ ਹੀ ਸੀਸ ਤਲੀ 'ਤੇ ਧਰ ਕੇ ਸਾਗਰਾਂ 'ਚ ਠਿੱਲ੍ਹ ਪੈਣ ਵਾਲੇ ਆਦਿ ਥੋਕ ਪੱਧਰ 'ਤੇ ਪੜ੍ਹਨ ਸੁਣਨ ਨੂੰ ਮਿਲਦਾ ਹੈ। ਗ਼ਦਰ ਪਾਰਟੀ ਦੇ ਉਲੀਕੇ ਆਦਰਸ਼ਾਂ, ਅਮਲਾਂ ਅਤੇ ਵਿਗਿਆਨਕ ਵਿਸ਼ਲੇਸ਼ਣ ਅੱਗੇ ਅਜਿਹੀ ਕੋਈ ਵੀ ਸ਼ਕਲ-ਵਿਗਾੜ ਕਰਦੀ ਕੋਸ਼ਿਸ਼ ਟਿਕ ਨਹੀਂ ਸਕਦੀ। ਸੋ, ਸਥਾਪਨਾ ਸ਼ਤਾਬਦੀ ਮੁਹਿੰਮ ਅੱਗੇ ਗ਼ਦਰ ਲਹਿਰ ਦੇ ਠੋਸ ਇਤਿਹਾਸਕ ਪ੍ਰਮਾਣਾਂ ਅਤੇ ਸਰਗਰਮੀਆਂ ਦੇ ਵੇਰਵੇ ਪੇਸ਼ ਕਰਦੇ ਸਮੇਂ ਅਜਿਹੇ ਇਰਾਦਿਆਂ ਬਾਰੇ ਚੌਕੰਨੇ ਕਰਨ ਦਾ ਕਾਰਜ ਹੋਏਗਾ। ਬਿਨਾਂ ਸ਼ੱਕ ਗ਼ਦਰ ਲਹਿਰ ਦੀਆਂ ਊਣਤਾਈਆਂ, ਸੀਮਤਾਈਆਂ, ਹਾਲਾਤ ਦੇ ਜਾਇਜਿਆਂ, ਯੁੱਧਨੀਤੀ ਆਦਿ ਕਿਸੇ ਵੀ ਪੱਖ ਉੱਪਰ ਉਂਗਲ ਧਰਦੇ ਸਮੇਂ ਉਸਾਰੂ ਆਲੋਚਨਾਤਮਕ ਨਜ਼ਰੀਆ ਉਸ ਤੋਂ ਅਮੁੱਲੇ ਸਬਕ ਹਾਸਲ ਕਰਨ ਦਾ ਹੋਵੇ। ਉਸ ਦੀ ਇਤਿਹਾਸਕ ਅਮੀਰੀ ਲਈ ਸਾਰਥਕ ਹੋਵੇ। ਸਾਡੇ ਅੱਜ ਅਤੇ ਕੱਲ੍ਹ ਦੇ ਸੰਗਰਾਮਾਂ ਮੌਕੇ ਉਨ੍ਹਾਂ ਝੁਕਾਵਾਂ, ਵਰਤਾਰਿਆਂ ਤੋਂ ਸੰਭਲ ਕੇ, ਸੁਚੇਤ ਹੋ ਕੇ ਚੱਲਣ ਦਾ ਹੋਵੇ ਅਜਿਹੀ ਪੜਚੋਲਵੀਂ ਕਸਵੱਟੀ ਉੱਪਰ ਕੀਤੀਆਂ ਇਤਿਹਾਸਕ ਨਿਰਖਾਂ ਪਰਖਾਂ ਨੂੰ ਕੌਣ ਜੀ ਆਇਆਂ ਨਹੀਂ ਕਹੇਗਾ। ਕਈ ਵਾਰੀ ਮੇਲਿਆਂ, ਸੈਮੀਨਾਰਾਂ, ਚਰਚਾਵਾਂ, ਸਰਗਰਮੀਆਂ ਮੌਕੇ ਅਫਸੋਸਨਾਕ ਪਹਿਲੂ ਸਾਹਮਣੇ ਆਉਂਦਾ ਹੈ ਜਿਸ ਸਦਕਾ ਨਾ ਤਾਂ ਗ਼ਦਰ ਲਹਿਰ ਦੇ ਇਤਿਹਾਸ ਨਾਲ ਇਨਸਾਫ ਹੁੰਦਾ ਹੈ। ਨਾ ਲਹਿਰ ਨੂੰ ਅਜੋਕੇ ਸਰੋਕਾਰਾਂ ਨਾਲ ਜੋੜ ਕੇ ਵਿਚਾਰਿਆ ਜਾਂਦਾ ਹੈ। ਨਾ ਹੀ ਭਵਿੱਖ ਸੰਵਾਰਨ ਲਈ ਇਸ ਦੀ ਅਮਿਟ ਦੇਣ ਤੋਂ ਰੌਸ਼ਨੀ ਲੈਣ ਦੇ ਪਹਿਲੂ ਉਭਾਰੇ ਜਾਂਦੇ ਹਨ। ਇਥੋਂ ਤੱਕ ਕਿ ਗ਼ਦਰ ਲਹਿਰ ਦੀ ਵਿਚਾਰਧਾਰਾ, ਇਤਿਹਾਸ, ਰਾਜਨੀਤੀ ਅਤੇ ਸਾਹਿਤ ਨਾਲ ਮੂਲੋਂ ਟਕਰਾਵੇਂ ਹਿੱਤਾਂ ਵਾਲੇ ਧੜੇ/ਵਿਅਕਤੀ, ਗ਼ਦਰੀ ਮੇਲੇ/ਸਮਾਗਮ ਦੇ ਮੌਕੇ ਦੇਸ਼-ਵਿਦੇਸ਼ ਅੰਦਰ ਮੁੱਖ ਮਹਿਮਾਨ ਸਜਾ ਲਏ ਜਾਂਦੇ ਹਨ। ਕਮਾਲ ਦਾ ਪੱਖ ਤਾਂ ਉਸ ਮੌਕੇ ਸਾਹਮਣੇ ਆਉਂਦਾ ਹੈ ਜਦੋਂ ਗ਼ਦਰ ਪਾਰਟੀ ਬਾਰੇ ਬੇਜ਼ਮੀਨੇ ਮਜ਼ਦੂਰਾਂ, ਕਿਸਾਨਾਂ, ਵਿਦਿਆਰਥੀਆਂ ਅਤੇ ਨੌਜਵਾਨਾਂ ਅੱਗੇ ਚਰਚਾ ਛੇੜਦੇ ਹਾਂ ਉਨ੍ਹਾਂ ਦਾ ਭਾਵੇਂ ਇਤਿਹਾਸਕ ਜਾਣਕਾਰੀ ਦਾ ਗਿਆਨ-ਭੰਡਾਰ ਊਣਾ ਹੋ ਸਕਦਾ ਹੈ ਪਰ ਉਨ੍ਹਾਂ ਦੀ ਲਹਿਰ ਦੀ ਵਿਚਾਰਧਾਰਾ ਅਤੇ ਉਦੇਸ਼ਾਂ ਨੂੰ ਆਤਮਸਾਤ ਕਰਨ ਦੀ ਦ੍ਰਿਸ਼ਟੀ ਵਧੇਰੇ ਸਪੱਸ਼ਟ ਹੈ। ਜਦ ਕਿ ਕਈ ''ਮਹਾਂ ਵਿਦਵਾਨ'' ਕਹਾਉਣ ਵਾਲੀਆਂ ਵੰਨਗੀਆਂ ਆਪਣੇ ਹੀ ਮਿਥੇ ਦਾਇਰਿਆਂ ਮੁਤਾਬਕ ਸਾਡੀ ਅਮੀਰ ਸਾਂਝੀ ਵਿਰਾਸਤ ਗ਼ਦਰ ਲਹਿਰ ਨੂੰ ਆਪਣੇ ਹੀ ਸਵੈ ਇੱਛਤ ਨਜ਼ਰੀਏ ਤੋਂ ਪੇਸ਼ ਕਰਦੀਆਂ ਹਨ। ਇਸ ਲਈ ਅਕਾਦਮਿਕ ਖੇਤਰਾਂ, ਸੰਘਰਸ਼ਸ਼ੀਲ ਲੋਕਾਂ ਅਤੇ ਅੱਜ ਵੀ ਵਿਸ਼ਵੀਕਰਣ ਦੇ ਨਵੇਂ ਲਿਬਾਸ 'ਚ ਸਾਮਰਾਜੀਆਂ ਵੱਲੋਂ ਬੋਲੇ ਹਮਲੇ ਹੇਠ ਆਏ ਲੋਕ ਹਿੱਸਿਆਂ ਵਿਚ ਸ਼ਤਾਬਦੀ ਮੁਹਿੰਮ ਉਤਸ਼ਾਹੀ ਵੇਗ ਅਤੇ ਨਵੇਂ ਮੁਹਾਵਰਿਆਂ 'ਚ ਛੇੜਨ ਦੀ ਜ਼ਰੂਰਤ ਹੈ। ਹਰ ਸੁਹਿਰਦ ਲੋਕ-ਪੱਖੀ ਸੰਸਥਾਵਾਂ ਅਤੇ ਵਿਅਕਤੀਆਂ ਦੀਆਂ ਵਿਸ਼ਾਲ ਕਮੇਟੀਆਂ ਉਸਾਰਕੇ ਗ਼ਦਰ ਲਹਿਰ ਦੇ ਸਾਂਝੇ ਪ੍ਰੋਗਰਾਮ ਨੂੰ ਆਧਾਰ ਬਣਾਕੇ ਸਾਂਝੀ ਸਰਗਰਮੀ ਅਤੇ ਮੁਹਿੰਮ ਵਿੱਢਣ ਦੀ ਲੋੜ ਹੈ। ਗ਼ਦਰ ਲਹਿਰ ਨੂੰ ਬਦਰੰਗ ਕਰਨ ਵਾਲੇ ਕਾਲਖ਼ ਦੇ ਵਣਜਾਰੇ ਉੱਥੇ ਹੀ ਚਾਂਬੜਾਂ ਪਾ ਸਕਦੇ ਹਨ ਜਿੱਥੇ ਇਤਿਹਾਸ ਦੇ ਚਾਨਣ ਦੀ ਗੈਰ ਹਾਜ਼ਰੀ ਹੁੰਦੀ ਹੈ ਕਿਉਂਕਿ ਰੌਸ਼ਨੀ ਅੱਗੇ ਹਨ੍ਹੇਰਾ ਖੜ੍ਹ ਨਹੀਂ ਸਕਦਾ। ਗ਼ਦਰ ਪਾਰਟੀ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ ਦੇ ਇਤਿਹਾਸਕ ਬੋਲਾਂ ਨੂੰ ਸ਼ਤਾਬਦੀ ਮੁਹਿੰਮ ਮੌਕੇ ਲੋਕ-ਮਨਾਂ ਉੱਪਰ ਗੂਹੜ੍ਹੀ ਤਰ੍ਹਾਂ ਉਕਰਨ ਲਈ 'ਕੁੱਜੇ 'ਚ ਬੰਦ ਸਮੁੰਦਰ' ਵਰਗੇ ਇਨ੍ਹਾਂ ਵਿਚਾਰਾਂ ਨੂੰ ਸਮਝਣਾ ਜ਼ਰੂਰੀ ਹੈ। ਉਨ੍ਹਾਂ ਦਾ ਕਹਿਣਾ ਹੈ:

''ਗ਼ਦਰ ਦਾ ਅਰਥ ਹੈ -
ਇਨਕਲਾਬ ਦਾ ਬਿਗਲ
ਏਕਤਾ ਦਾ ਫਲ - ਸ਼ਕਤੀ ਅਤੇ ਆਜ਼ਾਦੀ
ਏਕਤਾ ਦਾ ਮੂਲ - ਸਮਾਜਵਾਦ
ਅਨੇਕਤਾ ਦਾ ਮੂਲ - ਸਾਮਰਾਜਵਾਦ
ਨੌਜਵਾਨੋ! ਉੱਠੋ!! ਯੁੱਗ ਪਲਟ ਰਿਹਾ ਹੈ। ਆਪਣੇ ਕਰਤੱਵ ਪੂਰੇ ਕਰੋ। ਹਰ ਪ੍ਰਕਾਰ ਦੀ ਗ਼ੁਲਾਮੀ ਕੀ ਆਰਥਕ ਕੀ ਰਾਜਨੀਤਕ ਤੇ ਕੀ ਸਮਾਜਕ ਜੜ੍ਹ ਤੋਂ ਉਖੇੜ ਸੁੱਟੋ।
ਮਨੁੱਖਤਾ ਹੀ ਸੱਚਾ ਧਰਮ ਹੈ।
ਜੈ ਜਨਤਾ!!''

ਗ਼ਦਰ ਪਾਰਟੀ ਛੂਤ-ਛਾਤ ਦਾ ਸਖ਼ਤ ਵਿਰੋਧ ਕਰਨ ਦਾ ਰਾਹ ਦਿਖਾਉਂਦੀ ਇਉਂ ਕਹਿੰਦੀ ਹੈ;

''ਮਿਲਕੇ ਸਭ ਗਰੀਬਾਂ ਨੇ ਗ਼ਦਰ ਕਰਨਾ,
ਆਸ ਰੱਖਣੀ ਨਾ ਸ਼ਾਹੂਕਾਰ ਵਾਲੀ।
''ਛੂਤ ਛਾਤ ਦਾ ਕੋਈ ਖਿਆਲ ਨਾਹੀਂ
ਸਾਨੂੰ ਪਰਖ ਨਾ ਚੂਹੜੇ ਚੁਮਾਰ ਵਾਲੀ।''

ਗ਼ਦਰ ਲਹਿਰ ਤਾਂ ਫਿਰਕੂ, ਧਾਰਮਕ, ਜਾਤ-ਪਾਤੀ, ਖੇਤਰੀ, ਨਸਲੀ ਸਭਨਾ ਵੰਡੀਆਂ ਅਤੇ ਵਿਤਕਰਿਆਂ ਤੋਂ ਉੱਪਰ ਉਠ ਕੇ ਮਨੁੱਖ ਨੂੰ 'ਦੇਵਤੇ', ਕਿਰਤ ਨੂੰ ਧਰਮ ਅਤੇ ਕਿਰਤ ਦੀ ਆਜ਼ਾਦੀ ਨੂੰ ਸਭ ਤੋਂ ਪਵਿੱਤਰ ਕਾਜ਼ ਸਮਝਦੀ ਹੈ। ਫੇਰ ਵੀ ਮੱਲੋ ਜੋਰੀ ਕੁਝ ਵਿਅਕਤੀ ਜਿਨ੍ਹਾਂ ਦੇ ਆਪਣੇ ਪੱਲੇ ਨਾ ਕਿਰਤੀ ਲੋਕਾਂ ਦੀ ਮੁਕਤੀ ਲਈ ਵਿਚਾਰਧਾਰਾ/ਰਾਜਨੀਤੀ ਹੈ। ਨਾ ਹੀ ਆਪਣੇ ਮਿੱਤਰਾਂ ਅਤੇ ਦੁਸ਼ਮਣਾਂ 'ਚ ਸਹੀ ਨਿਖੇੜਾ ਕਰਨ ਦੀ ਦ੍ਰਿਸ਼ਟੀ ਅਤੇ ਇਰਾਦਾ ਹੈ। ਨਾ ਕਿਰਤੀਆਂ ਦਾ ਰਾਜ ਭਾਗ ਸਥਾਪਤ ਕਰਨ ਲਈ ਲੋਕ-ਸੰਗਰਾਮ ਦਾ ਕੋਈ ਏਜੰਡਾ ਹੈ। ਉਹ ਸੌ ਵਿੰਗ ਵਲ ਪਾ ਕੇ ਲੋਕ ਲਹਿਰ ਉਪਰ ਧਾਵਾ ਬੋਲਦੇ ਰਹਿੰਦੇ ਹਨ। ਉਹ ਅੱਜ ਵੀ ਕਿਰਤੀਆਂ ਦੀ ਪੁੱਗਤ ਵਾਲੇ ਸਮਾਜ ਲਈ ਜੂਝ ਰਹੀਆਂ ਤਾਕਤਾਂ ਉੱਪਰ ਬੇ ਸਿਰ ਪੈਰ ਦੂਸ਼ਣ ਥੱਪਣ ਦੀ ਖੇਡ 'ਚ ਗਲਤਾਨ ਰਹਿੰਦੇ ਹਨ। ਗ਼ਦਰੀ ਸੰਗਰਾਮੀਆਂ ਦੀ ਦ੍ਰਿਸ਼ਟੀ ਤਾਂ ਗ਼ਦਰੀ ਗੂੰਜਾਂ ਦੀਆਂ ਇਨ੍ਹਾਂ ਸਤਰਾਂ ਤੋਂ ਪਰਖੀ ਜਾ ਸਕਦੀ ਹੈ:

ਮਜ਼ਹਬੀ ਝਗੜਿਆਂ ਨੇ ਸਾਡਾ ਨਾਸ ਕੀਤਾ,
ਜਰਾ ਏਨ੍ਹਾ ਨੂੰ ਪਰੇ ਹਟਾ ਲਈਏ।
ਕਈ ਦੇਸ਼ ਘਾਤੀ ਫਿਰਨ ਇੱਲ੍ਹ ਵਾਂਗੂੰ,
ਬਾਜ਼ ਗ਼ਦਰ ਨੂੰ ਅਸੀਂ ਉੜਾ ਲਈਏ।

ਜੋਟੀਆਂ ਪਾ ਕੇ ਜੂਝਣ ਵਾਲੇ ਬਾਬਾ ਸੋਹਣ ਸਿੰਘ ਭਕਨਾ, ਲਾਲਾ ਹਰਦਿਆਲ, ਪੰਡਤ ਕਾਸ਼ੀ ਰਾਮ ਮੜੌਲੀ ਹੋਵੇ ਬਾਬਾ ਜਵਾਲਾ ਸਿੰਘ ਠੱਠੀਆਂ ਜਾਂ ਰਹਿਮਤ ਅਲੀ ਵਜੀਦਕੇ ਅਤੇ ਗ਼ਦਰੀ ਗੁਲਾਬ, ਗੁਲਾਬ ਕੌਰ ਵਰਗੇ ਹੋਣ। ਕੋਈ ਬੰਗਾਲੀ, ਮਰਾਠੀ, ਮੱਧ ਪ੍ਰਦੇਸ਼, ਯੂæਪੀæ ਪੰਜਾਬ ਆਦਿ ਤੋਂ ਹੋਵੇ ਇਨ੍ਹਾਂ 'ਚ ਕਿਸੇ ਤਰ੍ਹਾਂ ਦਾ ਮਜ਼੍ਹਬੀ ਅਤੇ ਇਲਾਕਾਈ ਭਿੰਨ ਭੇਦ ਲਾਗੇ ਨਹੀਂ ਆਇਆ। ਇਥੋਂ ਤੱਕ ਕਿ ਬਾਹਰਲੇ ਮੁਲਕਾਂ ਅੰਦਰ ਗੁਰਦਵਾਰਿਆਂ ਦੇ ਅੰਦਰ ਹੱਥੋ-ਹੱਥੀ ਗ਼ਦਰ ਅਖ਼ਬਾਰ ਵੰਡਿਆ ਜਾਂਦਾ ਸੀ। 'ਮੁਲਕ ਦੀ ਆਜ਼ਾਦੀ ਲਈ ਦੇਸ਼ ਨੂੰ ਚੱਲੋ' ਦੇ ਨਾਅਰੇ ਗੂੰਜਦੇ ਰਹਿੰਦੇ ਸਨ। ਰਹਿੰਦੀ ਖੂੰਹਦੀ ਕਸਰ ਇਤਿਹਾਸ ਦਾ ਲਹੂ ਰੱਤਾ ਸੁਨਹਿਰੀ ਪੰਨਾ ਕੱਢ ਦਿੰਦਾ ਹੈ ਜਿਹੜਾ ਦਰਸਾਉਂਦਾ ਹੈ ਕਿ ਕਿਵੇਂ ਇਕੋ ਦਿਨ, ਇਕੋ ਵੇਲੇ, ਇਕੋ ਰੱਸੇ ਨਾਲ ਬਲਵੰਤ ਸਿੰਘ ਖੁਰਦਪੁਰ (ਜਲੰਧਰ), ਡਾæ ਅਰੂੜ ਸਿੰਘ ਸੰਘਵਾਲ (ਜਲੰਧਰ), ਹਰਨਾਮ ਚੰਦ ਫਤਿਹਗੜ੍ਹ (ਹੁਸ਼ਿਆਰਪੁਰ), ਬਾਬੂ ਰਾਮ ਫਤਿਹਗੜ੍ਹ (ਹੁਸ਼ਿਆਰਪੁਰ) ਅਤੇ ਹਾਫ਼ਿਜ ਅਬਦੁੱਲਾ (ਜਗਰਾਓਂ) ਸੈਂਟਰਲ ਜੇਲ੍ਹ ਲਾਹੌਰ 'ਚ 27 ਮਾਰਚ 1915 ਨੂੰ ਸ਼ਹਾਦਤ ਦੀ ਹੱਸ ਹੱਸ ਕੇ ਇਕੱਠੇ ਹੀ ਪੀਂਘ ਝੂਟ ਗਏ। ਕੀ ਇਨ੍ਹਾਂ ਆਜ਼ਾਦੀ ਸੰਗਰਾਮੀਆ ਨੇ ਜਾਤ, ਧਰਮ, ਫ਼ਿਰਕਾ, ਇਲਾਕਾ ਆਦਿ ਦਾ ਫ਼ਰਕ ਸਮਝਿਆ? ਕੀ ਅੱਜ ਨਵੇਂ ''ਸਿਧਾਂਤਕਾਰ'', ''ਇਤਿਹਾਸਕਾਰ'' ਇਨ੍ਹਾਂ ਨੂੰ ਹੁਣ ਇਤਿਹਾਸ ਵਿਚੋਂ ਅਲੱਗ-ਅਲੱਗ ਕਰਨਗੇ? ਅਜਿਹੀਆਂ ਚੁਣੌਤੀਆਂ ਵਾਰ ਵਾਰ ਉਠਦੀਆਂ ਰਹਿੰਦੀਆਂ ਹਨ। ਇਨ੍ਹਾਂ ਨੂੰ ਪਛਾੜਨ ਲਈ ਕਾਰਗਰ ਢੰਗ ਤਾਂ ਇਹੀ ਹੈ ਕਿ ਗ਼ਦਰ ਲਹਿਰ ਦੀ ਇਤਿਹਾਸਕ ਅਮੀਰੀ ਨੂੰ ਅਜੋਕੀ ਲੋਕ ਹਿਤੈਸ਼ੀ, ਦੇਸ਼ ਭਗਤ ਇਨਕਲਾਬੀ-ਜਮਹੂਰੀ ਲਹਿਰ ਅੰਦਰ ਸਥਾਪਤ ਕਰਨ ਲਈ ਚਿੰਤਨ, ਚੇਤਨਾ ਅਤੇ ਲੋਕ ਸੰਘਰਸ਼ ਦਾ ਪਰਚਮ ਬੁਲੰਦ ਕੀਤਾ ਜਾਵੇ। ਗ਼ਦਰੀਆਂ ਦੇ ਕਾਜ਼ ਨੂੰ ਹੋਰ ਅੱਗੇ ਤੋਰਦੇ ਅਤੇ ਸ਼ਹੀਦ ਭਗਤ ਸਿੰਘ ਹੋਰਾਂ ਦੇ ਪੂਰੇ ਇਤਿਹਾਸਕ ਦੌਰ ਨੂੰ ਅੰਤਰ-ਸਬੰਧਤ ਤੌਰ 'ਤੇ ਹੱਥ ਲੈਂਦੇ ਹੋਏ ਇਨ੍ਹਾਂ ਦੇ ਸੁਪਨਿਆਂ ਦਾ ਰੰਗਲਾ ਰੰਗੀਲਾ, ਤਰੱਕੀ ਦੀਆਂ ਪੁਲਾਂਘਾਂ ਭਰਦਾ, ਦੇਸ਼ੀ-ਬਦੇਸ਼ੀ ਜੋਕਾਂ ਦੀ ਥਾਂ ਲੋਕਾਂ ਦੀ ਪੁੱਗਤ ਵਾਲਾ ਨਵਾਂ ਸਮਾਜ ਸਿਰਜਣ ਲਈ ਲੋਕ ਸੰਗਰਾਮ 'ਚ ਆਪੋ ਆਪਣੇ ਹਿੱਸੇ ਦੀ ਮੋਮਬੱਤੀ ਬਾਲੀ ਜਾਏ।

ਸੌ ਵਰ੍ਹੇ ਤੋਂ ਵੀ ਪਹਿਲਾਂ ਜਿਨ੍ਹਾਂ ਹਾਲਤਾਂ ਵਸ ਸਾਡੇ ਲੋਕ ਪਰਦੇਸੀ ਹੋਏ। ਫ�s  ਗ਼ਦਰੀ ਫ਼ਰੇਰੇ ਚੁੱਕੇ। ਲਾਮਿਸਾਲ ਕੁਰਬਾਨੀਆਂ ਦਾ ਇਤਿਹਾਸ ਰਚਿਆ। ਵਿਸ਼ਵ ਅੰਦਰ ਫੈਲੇ ਆਰਥਿਕ ਮੰਦਵਾੜੇ ਕਾਰਨ ਅਜੋਕੇ ਹਾਲਾਤ ਉਨ੍ਹਾਂ ਸਮਿਆਂ ਨਾਲੋਂ ਹੋਰ ਵੀ ਬਦ ਤੋਂ ਬਦਤਰ ਹੋਏ ਹਨ। ਗ਼ਦਰ ਦਾ ਗੀਤ ਮੁੜ ਚਹੁੰ ਕੂਟਾਂ 'ਚ ਗਾਉਣ ਦੀ ਤੀਬਰ ਲੋੜ ਹੈ। ਇਕ ਵਿਸ਼ਵੀਕਰਣ ਦਾ ਸੰਕਲਪ, ਗ਼ਦਰ ਪਾਰਟੀ, ਕਿਰਤੀ ਕਿਸਾਨ ਪਾਰਟੀ ਅਤੇ ਸ਼ਹੀਦ ਭਗਤ ਸਿੰਘ ਹੋਰਾਂ ਨੇ ਪੂਰੇ ਵਿਸ਼ਵ 'ਚੋਂ ਸਾਮਰਾਜ ਅਤੇ ਉਸਦਾ ਪਾਣੀ ਭਰਨ ਵਾਲਿਆਂ ਤੋਂ ਮੁਕਤ ਸਾਂਝੀਵਾਲਤਾ-ਸਮਾਜਵਾਦ ਵਾਲਾ ਵਿਸ਼ਵ ਭਾਈਚਾਰਾ ਉਸਾਰਨ ਦੇ ਨਿਸ਼ਾਨੇ ਵਾਲਾ ਮਿੱਥਿਆ। ਕਿੱਥੇ ਅਜੋਕਾ ਸਾਮਰਾਜੀ ਵਿਸ਼ਵੀਕਰਣ ਜੋ ਕੁੱਲ ਦੁਨੀਆਂ ਨੂੰ ਇਕ ਪਿੰਡ ਬਣਾਉਣ ਦੇ ਝੂਠੇ ਦਮਗਜ਼ੇ ਮਾਰਦਾ ਕੁੱਲ ਦੁਨੀਆਂ ਦੇ ਪਿੰਡ ਹੜੱਪਣ ਜਾ ਰਿਹੈ। ਵੇਲਾ, ਆਵਾਜ਼ ਦੇ ਰਿਹੈ ਆਪਣਾ ਇਤਿਹਾਸ, ਵਿਰਸਾ ਪਹਿਚਾਨਣ ਦੀ ਅਤੇ ਇਸਦੀ ਲੋਅ ਵੰਡਣ ਦੀ। ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਮੁਹਿੰਮ ਅਤੇ ਵਗਦੇ ਦਰਿਆ ਵਰਗੀ ਗ਼ਦਰ ਲਹਿਰ ਦੇ ਆਦਰਸ਼ਾਂ ਦੀ ਪੂਰਤੀ ਲਈ ਵਿਰਸੇ ਦੇ ਸਭਨਾ ਖਰੇ ਪਹਿਰੇਦਾਰਾਂ ਤੋਂ ਅਜੋਕਾ ਸਮਾਂ ਅਤੇ ਭਵਿੱਖ ਕੁੱਝ ਆਸ ਕਰਦਾ ਹੈ। ਆਓ! ਅਜਿਹੇ ਸੁਪਨਿਆਂ ਦੇ ਸੂਰਜਾਂ ਦੇ ਹਮਸਫ਼ਰ ਬਣੀਏ।

ਸਹਾਇਕ ਸਕੱਤਰ
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ
ਫ਼ੋਨ: 94170-76735

(ਧੰਨਵਾਦ ਸਹਿਤ 'ਸੀਰਤ' ਅਪ੍ਰੈਲ 2009 ਚੋਂ)

Thursday, March 29, 2012



ਗ਼ਦਰ ਲਹਿਰ ਦੇ ਮੋਢੀ ਆਗੂ ਸ਼ਹੀਦ ਭਾਈ ਬਲਵੰਤ ਸਿੰਘ ਅਤੇ ਸ਼ਹੀਦ ਭਾਈ ਰੰਗਾ ਸਿੰਘ ਖੁਰਦਪੁਰ ਦੀ ਯਾਦ ਵਿੱਚ ਭਾਰੀ ਸਮਾਗਮ
Martyr of Gadar movement BHAI BALWANT SINGH

ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਸਥਾਨਕ ਗੁਰਦੁਆਰਾ ਸ਼ਹੀਦਾਂ (ਬਾਖੂਹਾ) ਪਿੰਡ ਖੁਰਦਪੁਰ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦੁਆਬਾ ਦੇ ਦੇਸ਼ਭਗਤ ਸ਼ਹੀਦਾਂ ਦੇ ਵਾਰਿਸ ਸਨਮਾਨਿਤ


ਪੰਜਾਬ ਦੇ ਪਹਿਲੇ ਅਜ਼ਾਦੀ ਘੁਲਾਟੀਏ ਭਾਈ ਮਹਾਰਾਜ ਸਿੰਘ ਤੋਂ ਲੈ ਕੇ ਅਜ਼ਾਦ ਹਿੰਦ ਫੌਜ ਤੱਕ ਨਿਰੰਤਰ ਆਜ਼ਾਦੀ ਦੀ ਲਹਿਰ ਵਿੱਚ ਹਿੱਸਾ ਪਾਉਣ ਵਾਲੇ ਇਤਿਹਾਸਕ ਪਿੰਡ ਖੁਰਦਪੁਰ ਵਿਖੇ ਸ਼ਹੀਦ ਭਾਈ ਬਲਵੰਤ ਸਿੰਘ, ਭਾਈ ਰੰਗਾ ਸਿੰਘ ਦੀ ਯਾਦ ਵਿੱਚ ਸਲਾਨਾ ਸ਼ਹੀਦੀ ਸਮਾਗਮ ਮਨਾਉਣ ਦੇ ਸਬੰਧ ਵਿੱਚ ਸ੍ਰੀ ਆਖੰਡ ਸਾਹਿਬ ਦੇ ਭੋਗ ਉਪਰੰਤ ਰਾਗੀ-ਢਾਡੀ ਜਥਿਆਂ ਨੇ ਕੀਰਤਨ ਤੇ ਵੀਰ ਰਸੀ ਵਾਰਾਂ ਰਾਹੀਂ ਸ਼ਹੀਦਾਂ ਦੀ ਜ਼ਿੰਦਗੀ 'ਤੇ ਚਾਨਣਾ ਪਾਇਆ। ਸਮਾਗਮ ਦੌਰਾਨ ਹਲਕੇ ਦੇ ਚੁਣੇ ਗਏ ਵਿਧਾਇਕ ਪਵਨ ਕੁਮਾਰ ਟੀਨੂ ਨੇ ਹਾਜ਼ਰੀ ਭਰਦਿਆਂ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਟ ਕੀਤੀ।

ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਦੁਆਬਾ ਦੇ ਗ਼ਦਰੀ ਤੇ ਬੱਬਰ ਅਕਾਲੀ ਲਹਿਰ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਇਕੱਤਰ ਕਰਕੇ ਵਿਸ਼ਾਲ ਕਾਨਫਰੰਸ ਦੀ ਸ਼ੁਰੂਆਤ ਕੀਤੀ ਗਈ। ਕਮੇਟੀ ਵਲੋਂ ਪ੍ਰੋ. ਵਰਿਆਮ ਸਿੰਘ ਸੰਧੂ ਨੇ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਗ਼ਦਰੀ ਦੇਸ਼ ਭਗਤਾਂ ਤੇ ਬੱਬਰ ਅਕਾਲੀ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਵਿਸਥਾਰ ਸਹਿਤ ਪੇਸ਼ ਕੀਤਾ। ਇਸ ਤੋਂ ਉਪਰੰਤ ਦੇਸ਼ ਭਗਤਾਂ ਦੇ ਇਕੱਤਰ ਹੋਏ ਪਰਿਵਾਰਾਂ ਦਾ ਤੁਆਰਫ਼ ਕਰਾਉਂਦਿਆਂ ਚਰੰਜੀ ਲਾਲ ਕੰਗਣੀਵਾਲ ਨੇ ਦੁਆਬੇ ਦੇ ਦੇਸ਼ ਭਗਤ ਸੂਰਮਿਆਂ ਦੀ ਵਿਸਥਾਰ ਸਹਿਤ ਜਾਣਕਾਰੀ ਪੇਸ਼ ਕਰਦਿਆਂ ਸਥਾਨਕ ਕਮੇਟੀ ਦੇ ਕੈਪਟਨ ਹਰਭਜਨ ਸਿੰਘ (ਵੀਰ ਚੱਕਰ), ਸ. ਕੁਲਦੀਪ ਸਿੰਘ ਖੁਰਦਪੁਰ ਤੇ ਸੂਬੇਦਾਰ ਸੁਖਦੇਵ ਸਿੰਘ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਪ੍ਰਧਾਨ ਕਾਮਰੇਡ ਨੌਨਿਹਾਲ ਸਿੰਘ, ਸ੍ਰੀ ਕੁਲਬੀਰ ਸਿੰਘ ਸੰਘੇੜਾ (ਸਪੁੱਤਰ ਬਾਬਾ ਭਗਤ ਸਿੰਘ ਬਿਲਗਾ) ਵੱਲੋਂ ਦੇਸ਼ ਭਗਤਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸ਼ਹੀਦ ਭਾਈ ਬਲਵੰਤ ਸਿੰਘ, ਸ਼ਹੀਦ ਭਾਈ ਰੰਗਾ ਸਿੰਘ ਸਰਕਾਰੀ ਹਾਈ ਸਕੂਲ (ਕੰਨਿਆ) ਦੀਆਂ ਵਿਦਿਆਰਥਣਾਂ ਨੇ ਨਸ਼ਾ ਰੋਕੂ, ਭਰੂਣ ਹੱਤਿਆ, ਪਾਣੀ ਦੀ ਬਚਤ ਆਦਿ ਦੇ ਬੈਨਰ ਫੜੀ ਲਾ-ਮਿਸਾਲ ਮਾਰਚ ਕਰਕੇ ਪੰਡਾਲ ਵਿੱਚ ਪੁੱਜ ਕੇ ਸਮਾਗਮ ਦਾ ਹੋਰ ਵੀ ਰੰਗ ਬੰਨ• ਦਿੱਤਾ। ਵਰਨਣਯੋਗ ਹੈ ਕਿ ਇਨ•ਾਂ ਵਿਦਿਆਰਥਣਾਂ ਗ਼ਦਰ ਸ਼ਤਾਬਦੀ ਦਾ ਬੈਨਰ ਉਠਾਕੇ ਮਾਰਚ ਕਰਦੀਆਂ ਗ਼ਦਰੀ ਦੇਸ਼ ਭਗਤਾਂ ਦੇ ਨਾਅਰੇ ਗੁੰਜਾਉਂਦੀਆਂ ਪੰਡਾਲ 'ਚ ਪੁੱਜੀਆਂ।

ਇਸ ਮੌਕੇ ਭਾਈ ਬਲਵੰਤ ਸਿੰਘ, ਭਾਈ ਰੰਗਾ ਸਿੰਘ, ਬਾਬਾ ਹਰਨਾਮ ਸਿੰਘ ਟੁੰਡੀਲਾਟ, ਬਾਬੂ ਹਰਨਾਮ ਸਿੰਘ ਕਾਹਰੀ ਸਾਹਰੀ, ਭਾਈ ਵਤਨ ਸਿੰਘ, ਬਾਬਾ ਹਰਜਾਪ ਸਿੰਘ ਮਾਹਿਲਪੁਰ, ਬਾਬਾ ਗੰਡਾ ਸਿੰਘ, ਬਾਬਾ ਸੰਤਾ ਸਿੰਘ ਸੰਘਵਾਲ, ਬਾਬਾ ਭਗਤ ਸਿੰਘ ਬਿਲਗਾ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਬੱਬਰ ਅਕਾਲੀ ਲਹਿਰ ਦੇ ਮੋਢੀ ਮਾਸਟਰ ਮੋਤਾ ਸਿੰਘ, ਬੱਬਰ ਹਜ਼ਾਰਾ ਸਿੰਘ ਮੰਡੇਰ, ਬੱਬਰ ਸੰਤਾ ਸਿੰਘ, ਬੱਬਰ ਦਲੀਪ ਸਿੰਘ, ਬੱਬਰ ਸ਼ਿਵ ਸਿੰਘ, ਪੰਡੋਰੀ ਨਿੱਝਰਾਂ ਦੇ ਬੱਬਰ ਅਕਾਲੀ ਪਰਿਵਾਰਾਂ ਸਮੇਤ 35 ਪਰਿਵਾਰਾਂ ਨੂੰ ਸਨਮਾਨਤ ਕੀਤਾ।

ਬੀਬੀ ਰਘਬੀਰ ਕੌਰ (ਡਾ.) ਜਨਰਲ ਸਕੱਤਰ ਨੇ ਦਸਿਆ ਕਿ ਕਮੇਟੀ ਪੰਜਾਬ ਦੇ ਸਮੂਹ ਪਿੰਡਾਂ ਵਿੱਚ ਵਸਦੇ ਇਨਕਲਾਬੀ ਤਵਾਰੀਖ਼ ਨਾਲ ਜੁੜੇ ਪਰਿਵਾਰਾਂ ਨੂੰ ਆਉਣ ਵਾਲੇ ਸ਼ਤਾਬਦੀ ਸਮਾਗਮ ਵਿੱਚ ਸਨਮਾਨਿਤ ਕਰੇਗੀ।

ਵਿਸ਼ਵ ਰੰਗ ਮੰਚ ਦਿਹਾੜੇ ਨੂੰ ਸਮਰਪਤ ਸਮਾਗਮ


ਵਿਸ਼ਵ ਰੰਗ ਮੰਚ ਦਿਹਾੜੇ ਨੂੰ ਸਮਰਪਤ ਸਮਾਗਮ
'ਆਪਣਾ ਆਪਣਾ ਹਿੱਸਾ' ਅਤੇ 'ਹਵਾਲਾਤ' ਨੇ ਕੀਲੇ ਦਰਸ਼ਕ

ਜਲੰਧਰ, 28 ਮਾਰਚ: ਵਿਸ਼ਵ ਰੰਗ ਮੰਚ ਦਿਹਾੜੇ ਅਤੇ 27 ਮਾਰਚ 1915 ਨੂੰ ਬਰਤਾਨਵੀ ਹੁਕਮਰਾਨਾ ਵੱਲੋਂ ਸੱਤ ਗ਼ਦਰੀ ਦੇਸ਼ ਭਗਤਾਂ ਕਾਂਸ਼ੀ ਰਾਮ ਮੜੌਲੀ, ਰਹਿਮਤ ਅਲੀ ਵਜੀਦਕੇ, ਜੀਵਨ ਸਿੰਘ ਦੌਲੇ ਸਿੰਘ ਵਾਲਾ, ਲਾਲ ਸਿੰਘ ਸਾਹਿਬਆਣਾ, ਧਿਆਨ ਸਿੰਘ ਉਮਰਪੁਰਾ, ਜਗਤ ਸਿੰਘ ਬਿੰਜਲ ਅਤੇ ਬਖਸੀਸ਼ ਸਿੰਘ ਖਾਨਪੁਰ ਨੂੰ ਮਿੰਟਗੁੰਮਰੀ ਜੇਲ• 'ਚ ਫਾਂਸੀ ਲਗਾਏ ਅਮਰ ਸ਼ਹੀਦਾਂ ਨੂੰ ਸਮਰਪਤ ਰੰਗ ਮੰਚ ਦੀ ਸ਼ਾਮ ਨੇ ਲੋਕਾਂ ਨੂੰ ਆਪਣੇ ਅਮੁੱਲੇ ਇਤਿਹਾਸਕ ਸਭਿਆਚਾਰਕ ਵਿਰਸੇ ਤੋਂ ਸਿਖਦਿਆਂ ਆਜ਼ਾਦ, ਜਮਹੂਰੀ, ਖੁਸ਼ਹਾਲ, ਭਾਈਚਾਰਕ ਸਾਂਝ ਅਤੇ ਨਿਆਂ ਭਰਿਆ ਸਾਫ਼-ਸੁਥਰਾ ਨਿਜ਼ਾਮ ਸਿਰਜਣ ਲਈ ਵਿਚਾਰਾਂ ਅਤੇ ਨਾਟਕੀ ਕਲਾ ਕਿਰਤਾਂ ਪੇਸ਼ ਕੀਤੀਆਂ।

ਕੌਮਾਂਤਰੀ ਰੰਗ ਮੰਚ ਸੰਸਥਾ ਵੱਲੋਂ ਇਸ ਵਾਰ ਅਮਰੀਕਾ ਦੇ ਉੱਘੇ ਨਾਟਕਕਾਰ ਜੌਹਨ ਮਾਈਕੋਵਿਚ ਵੱਲੋਂ ਕੌਮਾਂਤਰੀ ਸੰਸਥਾਵਾਂ, ਰੰਗ ਕਰਮੀਆਂ ਦੇ ਨਾਂਅ ਜਾਰੀ ਸੁਨੇਹਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਪੜਿ•ਆ ਅਤੇ ਸਮੂਹ ਦਰਸ਼ਕਾਂ ਨੂੰ ਇਸ ਦੀ ਕਾਪੀ ਭੇਟ ਕੀਤੀ। ਸੁਨੇਹੇ 'ਚ ਮੰਦਹਾਲੀ, ਗਰੀਬੀ, ਲਿਖਣ ਬੋਲਣ ਦੇ ਅਧਿਕਾਰਾਂ ਉਪਰ ਪਾਬੰਦੀਆਂ ਆਦਿ ਦਾ ਹਨੇਰਾ ਦੂਰ ਕਰਨ ਲਈ ਰੰਗ ਮੰਚ ਲਈ ਪ੍ਰਤੀਬੱਧਤਾ ਉਪਰ ਜ਼ੋਰ ਦਿੱਤਾ।

ਸਮਾਗਮ ਦੇ ਮੁੱਖ ਬੁਲਾਰੇ ਨਾਮਵਰ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਨੇ ਗੁਰਸ਼ਰਨ ਸਿੰਘ ਦੀ ਸਮਰਪਤ ਲੋਕ ਧਾਰਾ ਵਾਲੀ ਨਾਟ-ਪਰੰਪਰਾ ਨੂੰ ਅਗੇ ਤੋਰਨ ਉਪਰ ਜੋਰ ਦਿੱਤਾ। ਉਨ•ਾਂ ਨੇ ਪੰਜਾਬ ਅੰਦਰ ਹੋ ਰਹੇ ਲੋਕ-ਪੱਖੀ ਰੰਗ ਮੰਚ ਉਪਰ ਮਾਣ ਕਰਦਿਆਂ ਕਿਹਾ ਕਿ ਵਿਸ਼ਾ-ਵਸਤੂ, ਕਲਾਤਮਕ ਅਤੇ ਨਿਹਚਾ ਪੱਖੋਂ ਇਸਦਾ ਕੋਈ ਜਵਾਬ ਨਹੀਂ। ਉਨ•ਾਂ ਨੇ ਰੰਗ ਮੰਚ ਨੂੰ ਲੋਕਾਂ ਵਿਚ ਹੋਰ ਵੀ ਮਕਬੂਲ ਕਰਨ ਲਈ ਰੰਗ ਕਰਮੀਆਂ ਨੂੰ ਲੋਕਾਂ ਨਾਲ ਆਤਮਸਾਤ ਹੋਣ 'ਤੇ ਜ਼ੋਰ ਦਿੱਤਾ।

ਸਰਵੇਸ਼ਵਰ ਦਿਆਲ ਸਕਸੇਨਾ ਦਾ ਲਿਖਿਆ ਨਾਟਕ 'ਹਵਾਲਾਤ' ਪ੍ਰੋ. ਅੰਕੁਰ ਸ਼ਰਮਾ ਦੀ ਨਿਰਦੇਸ਼ਨਾ 'ਚ ਯੁਵਾ ਥੀਏਟਰ ਜਲੰਧਰ ਵੱਲੋਂ ਪ੍ਰਭਾਵਸ਼ਾਲੀ ਅੰਦਾਜ਼ 'ਚ ਖੇਡਿਆ ਗਿਆ। ਨਾਟਕ ਨੇ ਅਜੋਕੀ ਸਮਾਜਕ ਤਸਵੀਰ, ਕਾਨੂੰਨ, ਇਨਸਾਫ਼ ਦੇ ਅਦਾਰਿਆ ਅਤੇ ਖਾਸ ਕਰਕੇ ਨੌਜਵਾਨ ਪੀੜ•ੀ ਦੀ ਮਨੋਦਸ਼ਾ ਪੇਸ਼ ਕਰਦਿਆਂ ਮੌਜੂਦਾ ਪ੍ਰਬੰਧ ਉਪਰ ਤਿੱਖੇ ਵਿਅੰਗ ਕਸੇ।

ਪ੍ਰੋ. ਵਰਿਆਮ ਸਿੰਘ ਸੰਧੂ ਦੀ ਕਲਮ ਤੋਂ ਲਿਖੀ ਮਕਬੂਲ ਕਹਾਣੀ 'ਤੇ ਅਧਾਰਤ ਪ੍ਰੋ. ਅਜਮੇਰ ਸਿੰਘ ਔਲਖ ਦੀ ਨਾਟ-ਰਚਨਾ ਅਤੇ ਨਿਰਦੇਸ਼ਨਾ 'ਚ 'ਆਪਣਾ ਆਪਣਾ ਹਿੱਸਾ' ਨਾਟਕ ਲੋਕ ਕਲਾ ਮੰਚ, ਮਾਨਸਾ ਵੱਲੋਂ ਪੇਸ਼ ਕੀਤਾ ਗਿਆ।

ਨਾਟਕ ਨੇ ਅਜੋਕੇ ਸਮਾਜ ਅੰਦਰ ਮਾਂ ਪੁੱਤਾਂ ਦੇ ਅਮੁੱਲੜੇ ਰਿਸ਼ਤਿਆਂ ਉਪਰ ਵੀ ਹਾਵੀ ਹੋਏ ਆਰਥਕ ਗਿਣਤੀਆਂ ਮਿਣਤੀਆਂ ਦੇ ਚੰਦਰੇ ਪਰਛਾਵਿਆਂ ਦੀ ਅਜੇਹੀ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ ਕਿ ਮੰਤਰ ਮੁਗਧ ਹੋ ਕੇ ਦਰਸ਼ਕਾਂ 'ਤੇ ਜ਼ੋਰਦਾਰ ਤਾੜੀਆਂ ਨਾਲ ਦਾਦ ਦਿੱਤੀ। ਨਾਟ ਕਥਾ 'ਚ ਮਾਂ ਦੇ ਸ਼ਹਿਰ/ਕਸਬੇ ਵਸਦੇ ਪੁੱਤਰਾਂ ਦੇ ਬਦਲੇ ਸਰੋਕਾਰ ਅਤੇ ਮਾਂ ਕੋਲ ਖੇਤਾਂ ਦਾ ਪੁੱਤ ਬਣਕੇ ਰਹਿੰਦੇ ਪੁੱਤ ਵੱਲੋਂ ਮਾਂ ਦੀਆਂ ਅਸਥੀਆਂ ਦਾ ਆਪਣਾ ਬਣਦਾ ਹਿੱਸਾ ਸੰਭਾਲ ਰੱਖਣ ਦੇ ਕਹੇ ਕਰਾਰੇ ਬੋਲਾਂ ਨੇ ਦਰਸ਼ਕਾਂ ਦੀ ਸੰਵੇਦਨਾ ਨੂੰ ਹਲੂਣਕੇ ਰੱਖ ਦਿੱਤਾ।

ਨਾਮਵਰ ਕਹਾਣੀਕਾਰ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਪ੍ਰੋ. ਵਰਿਆਮ ਸਿੰਘ ਸੰਧੂ ਨੇ ਵਿਸ਼ਵ ਰੰਗ ਮੰਚ ਦਿਹਾੜੇ ਦੀ ਧੜਕਦੀ ਰੂਹ ਨੂੰ ਆਪਣੀਆਂ ਸੋਚਾਂ ਅਤੇ ਅਮਲਾਂ 'ਚ ਸੁਮੇਲਣ ਉਪਰ ਜ਼ੋਰ ਦਿੱਤਾ। ਉਨ•ਾਂ ਨੇ ਰੰਗ ਕਰਮੀਆਂ ਦੀ ਕਲਾ ਦੀ ਦਾਦ ਦਿੰਦਿਆਂ ਉਨ•ਾਂ ਨੂੰ ਧਰਤੀ ਨਾਲ ਜੁੜੇ ਰੰਗ ਮੰਚ ਲਈ ਸਮਰਪਤ ਹੋਣ ਦੀ ਖੂਬਸੂਰਤ ਅੰਦਾਜ਼ 'ਚ ਗੱਲ ਕੀਤੀ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਮੰਚ ਸੰਚਾਲਨ ਦੀ ਭੂਮਿਕਾ ਅਦਾ ਕਰਦਿਆਂ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ-2013 ਦੀ ਸਿਖਰ ਵੱਲ ਅਜੇਹੀਆਂ ਸਾਹਿਤਕ/ਸਭਿਆਚਾਰਕ ਸਰਗਰਮੀਆਂ ਦੀ ਨਿਰੰਤਰਤਾ ਦਾ ਦਰਸ਼ਕਾਂ ਨੂੰ ਯਕੀਨ ਦੁਆਇਆ।

ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਹਰਵਿੰਦਰ ਭੰਡਾਲ, ਟਰੱਸਟੀ ਕਾਮਰੇਡ ਮੰਗਤ ਰਾਮ ਪਾਸਲਾ, ਗੁਰਮੀਤ, ਦੇਵ ਰਾਜ ਨਈਯਰ ਵੀ ਹਾਜ਼ਰ ਸਨ।

ਅਮੋਲਕ ਸਿੰਘ
94170 76735

Tuesday, March 27, 2012

ਵਿਸ਼ਵ ਰੰਗਮੰਚ ਦਿਹਾੜਾ ਤੇ ਸੱਤ ਗ਼ਦਰੀ ਸ਼ਹੀਦ



ਅਣਫੋਲੇ ਪੰਨੇ
ਹਨੇਰੇ ਤੋਂ ਰੌਸ਼ਨੀ ਵੱਲ ਸਫ਼ਰ ਦੇ ਪ੍ਰਤੀਕ
ਵਿਸ਼ਵ ਰੰਗਮੰਚ ਦਿਹਾੜਾ ਤੇ ਸੱਤ ਗ਼ਦਰੀ ਸ਼ਹੀਦ 
JAGAT SINGH BINJAL
JIWAN SINGH DOLE SINGH WAL
KANSHI RAM MAROLI
LAL SINGH SAHIPAANA
REHMAT ALI VAJIDKE
27 ਮਾਰਚ ਦਾ ਦਿਹਾੜਾ ਵਿਸ਼ਵ ਰੰਗਮੰਚ ਦਿਹਾੜਾ ਹੈ। ਇਸ ਦਿਨ ਹੀ ਇਤਿਹਾਸ ਦਾ ਅਣਫੋਲਿਆ ਪੰਨਾ ਗਵਾਹੀ ਭਰਦਾ ਹੈ ਕਿ 27 ਮਾਰਚ 1915 ਨੂੰ ਮਿੰਟਗੁਮਰੀ ਜੇਲ੍ਹ ਵਿੱਚ, ਸੱਤ ਗ਼ਦਰੀ ਦੇਸ਼ਭਗਤਾਂ ਨੂੰ ਫਾਂਸੀ ਦੇ ਤਖ਼ਤੇ 'ਤੇ ਲਟਕਾਇਆ ਗਿਆ। ਵਿਸ਼ਵ ਰੰਗਮੰਚ ਦਿਹਾੜੇ ਅਤੇ ਫਾਂਸੀ ਦੇ ਰੱਸੇ ਚੁੰਮਣ ਵਾਲੇ ਅਜ਼ਾਦੀ ਸੰਗਰਾਮੀਆਂ ਦੀ ਇਬਾਰਤ ਅਜੋਕੇ ਵਕਤ ਦੇ ਤੂਫ਼ਾਨਾਂ ਨੇ ਲੋਕ ਮਨਾਂ ਦੇ ਸਫਿਆਂ ਤੋਂ ਮੇਟਣ ਦੀਆਂ 'ਕਸਰਤਾਂ' ਤੇਜ਼ ਕੀਤੀਆਂ ਹੋਈਆਂ ਹਨ।

ਇਤਿਹਾਸਕ ਸਰੋਕਾਰ ਅਤੇ ਰੰਗਮੰਚ ਦੋਵੇਂ ਜੌੜੇ ਭੈਣ-ਭਰਾ ਹਨ। ਜਦੋਂ ਸੰਸਾਰ ਦੇ ਕਿਸੇ ਵੀ ਕੋਨੇ ਅੰਦਰ ਭਾਰਤੀ ਖਾਸ ਕਰਕੇ ਪੰਜਾਬੀ 27 ਮਾਰਚ ਦੇ ਕਲੈਂਡਰ ਉਪਰ ਝਾਤੀ ਮਾਰਨ ਤਾਂ ਉਹਨਾਂ ਦੇ ਮਨ ਦੀ ਖਿੜਕੀ ਰੰਗਮੰਚ ਅਤੇ ਸ਼ਹਾਦਤ ਦਿਹਾੜੇ ਦੇ ਅਟੁੱਟ ਰਿਸ਼ਤੇ ਵੱਲ ਖੁੱਲ੍ਹਣੀ ਚਾਹੀਦੀ ਹੈ।

ਰੰਗਮੰਚ ਸਾਡੇ ਸਮਾਜ ਦਾ ਦਰਪਣ ਹੈ। ਸਾਡੇ ਅੰਗ-ਸੰਗ ਸਫ਼ਰ ਕਰਦਾ ਚੇਤਨਾ ਦਾ ਸੂਰਜ ਹੈ। ਸਾਡਾ ਇਤਿਹਾਸ, ਸਾਡਾ ਰੰਗਮੰਚ ਅਤੇ ਸ਼ਹੀਦ ਸਾਡੀ ਅਮੁੱਲੀ ਧਰੋਹਰ ਹਨ। ਜੇ ਅਸੀਂ 27 ਮਾਰਚ ਵਾਲੇ ਦਿਨ ਵਿਸ਼ਵ ਰੰਗਮੰਚ ਦਿਹਾੜਾ ਵੀ ਮਨਾਈਏ ਅਤੇ ਆਪਣੀ ਗੌਰਵਮਈ ਵਿਰਾਸਤ ਦਾ ਸਫਾ ਵੀ ਆਪਣੇ ਧੜਕਦੇ ਸਾਹਾਂ ਨਾਲ ਵਸਾਈਏ ਤਾਂ ਅਸੀਂ ਚਿੱਬ-ਖੜਿੱਬੀ ਹੋਈ ਇਤਿਹਾਸ, ਰੰਗਮੰਚ, ਸਾਹਿਤ, ਕਲਾ ਅਤੇ ਸਭਿਆਚਾਰ ਦੀ ਤਸਵੀਰ ਨੂੰ ਨਿਹਾਰ ਸਕਦੇ ਹਾਂ। ਉਸ ਵਿੱਚ ਖੂਬਸੂਰਤ ਰੰਗ ਭਰ ਸਕਦੇ ਹਾਂ।

ਇਸ ਪ੍ਰਸੰਗ ਵਿੱਚ, ਸਾਡੇ ਸਲੇਬਸਾਂ, ਚਰਚਾਵਾਂ, ਲਾਇਬਰੇਰੀਆਂ, ਅਜਾਇਬ-ਘਰਾਂ ਅਤੇ ਖਾਸ ਕਰਕੇ ਸਾਡੇ ਚੇਤਿਆਂ ਅੰਦਰੋਂ ਖੋਹੀਆਂ ਜਾ ਰਹੀਆਂ ਇਤਿਹਾਸਕ ਹਕੀਕਤਾਂ ਦੀ ਇੱਕ ਵੰਨਗੀ ਸਾਡਾ ਧਿਆਨ ਖਿੱਚਦੀ ਹੈ।

27 ਮਾਰਚ 1915 ਨੂੰ ਮਿੰਟਗੁਮਰੀ ਜੇਲ੍ਹ ਵਿੱਚ ਗ਼ਦਰ ਪਾਰਟੀ ਦੇ 7 ਜੁਝਾਰੂਆਂ, ਗ਼ਦਰ ਪਾਰਟੀ ਦੇ ਬਾਨੀ ਖਜ਼ਾਨਚੀ ਕਾਸ਼ੀ ਰਾਮ ਮੜੌਲੀ (ਰੋਪੜ), ਜੀਵਨ ਸਿੰਘ ਦੌਲੇਸਿੰਘਵਾਲਾ (ਸੰਗਰੂਰ), ਰਹਿਮਤ ਅਲੀ ਵਜ਼ੀਦਕੇ (ਹੁਣ ਬਰਨਾਲਾ), ਲਾਲ ਸਿੰਘ ਸਾਹਿਬਆਣਾ (ਲੁਧਿਆਣਾ), ਧਿਆਨ ਸਿੰਘ ਉਮਰਪੁਰਾ (ਅੰਮ੍ਰਿਤਸਰ), ਜਗਤ ਸਿੰਘ ਬਿੰਝਲ (ਲੁਧਿਆਣਾ) ਅਤੇ ਬਖਸ਼ੀਸ਼ ਸਿੰਘ ਖਾਨਪੁਰ (ਲੁਧਿਆਣਾ) ਨੂੰ ਫਾਂਸੀ ਦੇ ਤਖ਼ਤੇ 'ਤੇ ਲਟਕਾਇਆ ਗਿਆ। ਇਹਨਾਂ ਦੇ ਸ਼ਹੀਦੀ ਤੱਕ ਪੁੱਜਣ ਦੀ ਸੰਖੇਪ ਕਹਾਣੀ ਇਉਂ ਬਿਆਨੀ ਜਾ ਸਕਦੀ ਹੈ:

ਇਤਿਹਾਸ ਦੇ ਸਫੇ ਬੋਲਦੇ ਹਨ ਕਿ ਬਦੇਸ਼ੀ ਸਾਮਰਾਜੀਆਂ ਤੋਂ ਆਪਣੇ ਵਤਨ ਨੂੰ ਆਜ਼ਾਦ ਕਰਵਾਉਣ ਲਈ ਹਜ਼ਾਰਾਂ ਲੋਕਾਂ ਨੂੰ ਗ਼ਦਰ ਅਖਬਾਰ ਅਤੇ ਗ਼ਦਰ ਲਹਿਰ ਨੇ ਵੰਗਾਰਿਆ। ਕੋਈ 8 ਹਜ਼ਾਰ ਦੇ ਕਰੀਬ ਆਜ਼ਾਦੀ ਦੇ ਆਸ਼ਿਕ ਆਪਣਾ ਤਨ, ਮਨ, ਧਨ ਸਭ ਕੁੱਝ ਕੁਰਬਾਨ ਕਰਨ ਲਈ ਪਰਦੇਸਾਂ ਤੋਂ ਆਪਣੇ ਵਤਨ ਵੱਲ ਕੂਚ ਕਰਨ ਨਿਕਲ ਤੁਰੇ।

ਮਨੀਲਾ ਤੋਂ ਭਾਈ ਜੀਵਨ ਸਿੰਘ (ਦੌਲਾਸਿੰਘਵਾਲਾ), ਭਾਈ ਹਾਫਿਜ਼ ਅਬਦੁੱਲਾ (ਜਗਰਾਓਂ), ਭਾਈ ਰਹਿਮਤ ਅਲੀ ਵਜ਼ੀਦਕੇ, ਬੀਬੀ ਗੁਲਾਬ ਕੌਰ ਬਖਸ਼ੀਵਾਲਾ, ਭਾਈ ਬਖਸ਼ੀਸ਼ ਸਿੰਘ ਖਾਨਪੁਰ, ਭਾਈ ਲਾਲ ਸਿੰਘ ਸਾਹਿਬਆਣਾ, ਭਾਈ ਜਗਤ ਸਿੰਘ ਬਿੰਝਲ, ਧਿਆਨ ਸਿੰਘ ਉਮਰਪੁਰਾ ਅਤੇ ਚੰਦਾ ਸਿੰਘ ਵੜੈਚ (ਸੁਨੇਤ) 45 ਗ਼ਦਰੀ ਵੱਡੇ ਜਥੇ ਵਿੱਚ ਜਾ ਰਲੇ ਸਨ। ਹਾਂਗਕਾਂਗ 'ਚ ਆਜ਼ਾਦੀ ਸੰਗਰਾਮੀਆਂ ਦਾ ਤਾਂ ਮੇਲਾ ਹੀ ਲੱਗ ਗਿਆ। ਬਰਤਾਨਵੀ ਹਾਕਮਾਂ ਅਤੇ ਸੂਹੀਆ ਏਜੰਸੀਆਂ ਨੇ ਕੰਨ ਖੜ੍ਹੇ ਕੀਤੇ ਹੋਏ ਸਨ। ਬਾਹਰੋਂ ਆ ਰਹੇ ਦੇਸ਼ ਭਗਤ ਜੱਥਿਆਂ 'ਚੋਂ 2500 ਨੂੰ ਪਿੰਡਾਂ ਵਿੱਚ ਨਜ਼ਰਬੰਦ ਕਰ ਦਿੱਤਾ। ਕੋਈ 400 ਨੂੰ ਜੇਲ੍ਹੀਂ ਸੁੱਟ ਦਿੱਤਾ। ਨੰਬਰਦਾਰਾਂ, ਮੁਕਾਮੀ ਸਰਕਾਰੀ ਮੁਲਾਜ਼ਮਾਂ ਦੀ ਨਿਗਰਾਨੀ ਵਿੱਚ 500 ਨੂੰ ਤਾੜਨਾ ਦੇ ਕੇ ਛੱਡ ਦਿੱਤਾ। ਕਿੰਨੇ ਹੀ ਆਪਣੇ ਮਿਸ਼ਨ ਦੀ ਸਫਲਤਾ ਲਈ ਡਟ ਗਏ। ਨਨਕਾਣਾ ਸਾਹਿਬ, ਝਾੜ ਸਾਹਿਬ, ਤਰਨਤਾਰਨ, ਸੁਰਸਿੰਘ, ਢੁੱਡੀਕੇ ਅਤੇ ਸੰਘਵਾਲ ਆਦਿ ਅਨੇਕਾਂ ਥਾਵਾਂ 'ਤੇ ਗ਼ਦਰੀ ਸੂਰਮਿਆਂ ਦੀਆਂ ਇਤਿਹਾਸਕ ਪੈੜਾਂ ਮੂੰਹੋਂ ਬੋਲਦੀਆਂ ਹਨ ਕਿ ਉਹ ਆਪਣੇ ਮੁਲਕ ਨੂੰ ਆਜ਼ਾਦ ਅਤੇ ਖੁਸ਼ਹਾਲ ਬਣਾਉਣ ਲਈ ਆਖਰੀ ਦਮ ਤੱਕ ਸਮਰਪਤ ਰਹੇ ਹਨ। ਇਸ ਲੜੀ ਦੇ ਹੀ ਮੋਤੀ ਹਨ 27 ਮਾਰਚ 1915 ਨੂੰ ਫਾਂਸੀ ਚੜ੍ਹਨ ਵਾਲੇ ਸੱਤ ਗ਼ਦਰੀ।

ਇਹ ਅਜ਼ਾਦੀ ਸੰਗਰਾਮੀਏ ਜਦੋਂ ਫ਼ਿਰੋਜ਼ਪੁਰ ਤੋਂ ਮੋਗੇ ਵੱਲ ਤਿੰਨ ਟਾਂਗਿਆਂ ਉਪਰ ਸਵਾਰ ਹੋ ਕੇ ਆ ਰਹੇ ਸਨ ਤਾਂ ਫ਼ਿਰੋਜ਼ਪੁਰ ਸ਼ਹਿਰ ਥਾਣੇ ਲਾਗੇ ਪਹੁੰਚੇ ਤਾਂ ਬੁਸ਼ਾਰਤ ਅਲੀ ਸਬ-ਇਨਸਪੈਕਟਰ, ਜੈਲਦਾਰ ਜਵਾਲਾ ਸਿੰਘ, ਜੈਲਦਾਰ ਫਤਿਹ ਸਿੰਘ ਅਤੇ ਸਫੈਦਪੋਸ਼ ਗੁਲਾਮ ਕਾਦਰ ਨੇ ਇਹਨਾਂ ਟਾਂਗਾ ਸਵਾਰਾਂ ਨੂੰ ਘੋਖਵੀਂ ਨਜ਼ਰ ਨਾਲ ਤਾੜਦਿਆਂ ਘੇਰ ਲਿਆ। ਤਲਾਸ਼ੀ ਸ਼ੁਰੂ ਕਰ ਦਿੱਤੀ। ਹੰਕਾਰੇ ਹੋਏ ਅੰਗਰੇਜ਼ ਹਾਕਮਾਂ ਦੇ ਵਫ਼ਾਦਾਰਾਂ ਨੇ ਗਾਲ੍ਹਾਂ ਦੀ ਵਾਛੜ ਕਰਦਿਆਂ ਰਹਿਮਤ ਅਲੀ ਵਜ਼ੀਰਕੇ ਦੇ ਥੱਪੜ ਮਾਰ ਦਿੱਤੇ। ਭਾਈ ਜਗਤ ਸਿੰਘ ਨੇ ਯਕਦਮ ਅਜਿਹੇ ਫਾਇਰ ਖੋਲ੍ਹੇ ਕਿ ਥਾਣੇਦਾਰ ਅਤੇ ਜੈਲਦਾਰ ਜਵਾਲਾ ਸਿੰਘ ਥਾਏਂ ਮਾਰੇ ਗਏ। ਮੌਕਾ ਤਾੜਦਿਆਂ ਕੁਝ ਗ਼ਦਰੀ ਇਧਰ-ਉਧਰ ਬਚ ਨਿਕਲੇ। ਕੁਝ ਨੇ ਨਹਿਰ ਕੰਢੇ ਸਰਕੜੇ ਵਿੱਚ ਪਨਾਹ ਲੈ ਲਈ। ਜਦੋਂ ਪੁਲਸ ਨੇ ਸਰਕੜੇ ਵੱਲ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਗੋਡੇ ਟੇਕਣ ਜਾਂ ਮੁਆਫੀ ਮੰਗਣ ਦੀ ਬਜਾਏ ਧਿਆਨ ਸਿੰਘ ਅਤੇ ਚੰਦਾ ਸਿੰਘ ਵੜੈਚ ਮੋੜਵੀਂ ਫਾਇਰਿੰਗ ਕਰਦੇ ਰਹੇ। ਅਖੀਰ ਪੁਲਸ ਨੇ ਸਰਕੰਡੇ ਨੂੰ ਅੱਗ ਲਗਾ ਦਿੱਤੀ। ਦੋਵੇਂ ਗ਼ਦਰੀ ਦੇਸ਼ਭਗਤ ਸ਼ਹੀਦੀ ਜਾਮ ਪੀ ਗਏ।

ਭਾਈ ਲਾਲ ਸਿੰਘ ਸਾਹਿਬਆਣਾ, ਭਾਈ ਜੀਵਨ ਸਿੰਘ, ਭਾਈ ਬਖਸ਼ੀਸ਼ ਸਿੰਘ, ਭਾਈ ਜਗਤ ਸਿੰਘ ਬਿੰਝਲ, ਭਾਈ ਧਿਆਨ ਸਿੰਘ, ਕਾਸ਼ੀ ਰਾਮ ਮੜੌਲੀ ਅਤੇ ਰਹਿਮਤ ਅਲੀ ਵਜ਼ੀਦਕੇ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਏ। ਇਹਨਾਂ ਉਪਰ 22 ਜਨਵਰੀ 1915 ਨੂੰ ਮੁਕੱਦਮਾ ਦਾਇਰ ਕੀਤਾ। ਮੇਜਰ ਬੀ.ਓ. ਰਾਓ ਸੈਸ਼ਨ ਜੱਜ ਫ਼ਿਰੋਜ਼ਪੁਰ ਦੀ ਅਦਾਲਤ ਵਿੱਚ ਚੱਲੇ ਮੁਕੱਦਮੇ ਦਾ 2 ਫਰਵਰੀ 1915 ਨੂੰ ਫੈਸਲਾ ਸੁਣਾਇਆ ਗਿਆ। ਫੈਸਲੇ ਵਿੱਚ ਲਿਖਿਆ ਗਿਆ ਕਿ :

''ਜਗਤ ਸਿੰਘ ਮੌਤ ਦੀ ਸਜ਼ਾ ਦਾ ਹੱਕਦਾਰ ਹੈ। ਬਾਕੀ ਛੇ ਨੂੰ ਵੀ ਫਾਂਸੀ ਦੀ ਸਜ਼ਾ ਨਾ ਦੇਣ ਦੀ ਕੋਈ ਤੁਕ ਨਹੀਂ, ਕਿਉਂਕਿ ਇਹ ਸਾਰੇ ਇਕੱਠੇ ਸਨ। ਗੋਲੀ ਭਾਵੇਂ ਜਗਤ ਸਿੰਘ ਨੇ ਹੀ ਚਲਾਈ ਹੈ, ਪਰ ਜੇ ਬਾਕੀਆਂ ਕੋਲ ਹਥਿਆਰ ਹੁੰਦੇ ਤਾਂ ਉਹਨਾਂ ਨੇ ਵੀ ਅਵੱਸ਼ ਵਰਤੋਂ ਕਰਨੀ ਸੀ।''

ਸੱਤਾਂ ਨੂੰ ਹੀ 27 ਮਾਰਚ 1915 ਨੂੰ ਮਿੰਟਗੁਮਰੀ ਜੇਲ੍ਹ ਵਿੱਚ ਫਾਂਸੀ ਲਟਕਾ ਦਿੱਤਾ ਗਿਆ। ਰੰਗਮੰਚ ਦਿਹਾੜੇ ਵਾਲੇ ਦਿਨ ਵਿਚਾਰਾਂ ਸਿਰਫ ਰੰਗਮੰਚ ਤੱਕ ਸੀਮਤ ਨਾ ਰਹਿਣ ਸਗੋਂ ਸੰਵੇਦਨਸ਼ੀਲ ਹਿੱਸੇ ਇਹ ਵੀ ਦਰਸਾਉਣ ਕਿ ਆਜ਼ਾਦੀ ਦੀ ਕਹਾਣੀ ਅਤੇ ਅਮਰ ਨਾਟ-ਕਥਾ ਦੇ ਨਾਇਕ ਫਾਂਸੀ ਚਾੜ੍ਹ ਕੇ ਭਲੇ ਹੀ ਮੰਚ ਤੋਂ ਮਿਟਾ ਦੇਣ ਦਾ ਭਰਮ ਪਾਲਿਆ ਗਿਆ ਅਤੇ ਆਜ਼ਾਦੀ ਅਤੇ ਬਰਾਬਰੀ ਦੀ ਕਹਾਣੀ ਦੀ ਬਦਲੀ ਝਲਕੀ ਦਾ ਨਾਇਕ ਬਣ ਕੇ ਰੰਗਮੰਚ 'ਤੇ ਆਇਆ ਭਗਤ ਸਿੰਘ ਉਸਨੂੰ ਅੱਗੇ ਤੋਰਦਾ ਹੈ। ਇਹ ਕਹਾਣੀ ਤੁਰਦੀ ਰਹੇਗੀ। ਲੋਕ ਰੰਗਮੰਚ ਦਾ ਸਫ਼ਰ ਜਾਰੀ ਰਹੇਗਾ। ਹਨੇਰੇ ਤੋਂ ਰੌਸ਼ਨੀ ਵੱਲ ਸਮਾਜ ਨੂੰ ਲਿਜਾਣ ਵਾਲੇ ਸੰਗਰਾਮੀਆਂ ਬਾਰੇ ਭਗਤ ਸਿੰਘ ਇਉਂ ਮੁਖਾਤਬ ਹੁੰਦਾ ਹੈ:

''ਨਹੀਂ ਹੋਤਾ ਹੈ ਮੁਹਤਾਜ਼ੇ ਨੁਮਾਇਸ਼ ਫੈਜ਼ ਸ਼ਬਨਮ ਕਾ
ਅੰਧੇਰੀ ਰਾਤ ਮੇਂ ਮੋਤੀ ਲੁਟਾ ਜਾਤੀ ਹੈ ਗੁਲਸ਼ਨ ਮੇਂ।''

—ਅਮੋਲਕ ਸਿੰਘ
(94170 76735)

Wednesday, November 2, 2011

GLIMPSE OF THE FESTIVAL OF GADAR VETERNS

Children taking part in a painting competition

Dhadi Jatha (Bald Singers) performing on the stage

Releasing the Souvenir

Preparing for the flag song

A play in progress

March past of the volunteers

Flag hoisting

ਨੌਜਵਾਨਾਂ ਨੂੰ ਇਨਕਲਾਬੀ ਯੋਧਿਆਂ ਦੇ ਵਿਰਸੇ ਨਾਲ ਜੁੜਨ ਦਾ ਹੋਕਾ
Punjabi Tribune,November 2, 2011


ਨਿੱਜੀ ਪੱਤਰ ਪ੍ਰੇਰਕ ਜਲੰਧਰ, 1 ਨਵੰਬਰ
ਨੌਜਵਾਨ ਪੀੜ੍ਹੀ ਨੂੰ ਇਨਕਲਾਬੀ ਯੋਧਿਆਂ ਦੇ ਵਿਰਸੇ ਨਾਲ ਜੋੜਨ, ਦੇਸ਼ ਭਗਤਾਂ ਦੀਆਂ ਯਾਦਗਾਰਾਂ ਸੰਭਾਲਣ ਅਤੇ ਕੱਟੜਵਾਦੀ ਸ਼ਕਤੀਆਂ ਦਾ ਡਟਵਾਂ ਵਿਰੋਧ ਕਰਦੇ ਰਹਿਣ ਦਾ ਹੋਕਾ ਦਿੰਦਿਆਂ 20ਵਾਂ ਮੇਲਾ ਗਦਰੀ ਬਾਬਿਆਂ ਦਾ ਸਮਾਪਤ ਹੋ ਗਿਆ।

ਚਾਰ ਦਿਨ ਚੱਲੇ ਇਸ ਮੇਲੇ ਦੇ ਆਖਰੀ ਦਿਨ ਝੰਡੇ ਦੇ ਗੀਤ ਨੇ ਹਰ ਇਕ ਦੇ ਰੌਂਗਟੇ ਖੜ੍ਹੇ ਕਰ ਦਿੱਤੇ। ਨਾਟਕਾਂ ਵਾਲੀ ਰਾਤ ਗੁਰਸ਼ਰਨ ਭਾਅ ਜੀ ਨੂੰ ਸਮਰਪਿਤ ਰਹੀ। ਮੇਲੇ ‘ਚ ਦੇਸ਼ ਵਿਦੇਸ਼ ਤੋਂ ਵੀ ਵੱਡੀ ਗਿਣਤੀ ‘ਚ ਪਰਵਾਸੀ ਪੰਜਾਬੀ ਜੰਗ-ਏ-ਆਜ਼ਾਦੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਗ਼ਦਰੀ ਬਾਬਿਆਂ ਦੇ ਮੇਲੇ ਦੇ ਅਖੀਰਲੇ ਦਿਨ ਸ਼ਹੀਦ ਕਰਤਾਰ ਸਿੰਘ ਸਰਾਭਾ ਨਗਰ ਦੇ ਵਿਹੜੇ ‘ਚ ਗ਼ਦਰੀ ਬਾਬਿਆਂ ਦੇ ਮੇਲੇ ਦੇ ਵਿੱਲਖਣ ਰੰਗ ਅਮੋਲਕ ਸਿੰਘ ਦੇ ਲਿਖੇ ‘ਝੰਡੇ ਦੇ ਗੀਤ’ ਦੇ ਬੋਲ ਅਜਿਹੇ ਸਨ, ਜਿਨ੍ਹਾਂ ਨੇ ਲੋਕਾਂ ਨੂੰ ਹਲੂਣ ਕੇ ਰੱਖ ਦਿੱਤਾ। ਇਸ ਮੌਕੇ ਮੇਲਾ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਜਨਰਲ ਸਕੱਤਰ ਰਘੁਬੀਰ ਕੌਰ ਨੇ ਕਿਹਾ ਕਿ ਗ਼ਦਰ ਲਹਿਰ ਦੀ 2013 ਵਿੱਚ ਆ ਰਹੀ ਸ਼ਤਾਬਦੀ ਲਈ ਜਨ ਸਮੂਹ ਨੂੰ ਨਾਲ ਲੈ ਕੇ ਗ਼ਦਰ ਪਾਰਟੀ ਦੇ ਮੁੱਖ ਨਿਸ਼ਾਨੇ ਵੱਲ ਵਧਿਆ ਜਾਵੇਗਾ। ਇਸ ਪਿੱਛੋਂ ਮੇਲੇ ਦੇ ਮੁੱਖ ਬੁਲਾਰੇ ਕਾਮਰੇਡ ਪ੍ਰਗਟ ਸਿੰਘ ਜਾਮਾਰਾਏ ਵੱਲੋਂ ਇਨਕਲਾਬੀ ਨਾਅਰਿਆਂ ਦੀ ਗੜਗੜਾਟ ‘ਚ ਗ਼ਦਰ ਪਾਰਟੀ ਦਾ ਝੰਡਾ ਲਹਿਰਾਇਆ ਗਿਆ। ਇਸ ਮੌਕੇ ਜਾਮਾਰਾਏ ਨੇ ਕਿਹਾ ਕਿ ਗ਼ਦਰ ਲਹਿਰ ਦੇ ਯੋਧਿਆਂ ਦਾ ਮਹਾਨ ਵਿਰਸਾ ਸਾਥੋਂ ਇਹ ਮੰਗ ਕਰਦਾ ਹੈ ਕਿ ਅਸੀਂ ਦੇਸ਼ ‘ਚ ਪੈਰ ਪਾਸਾਰ ਰਹੀਆਂ ਫਿਰਕੂ, ਫਾਸ਼ੀਵਾਦੀ ਅਤੇ ਕੱਟੜਵਾਦੀ ਸ਼ਕਤੀਆਂ ਦਾ ਡਟ ਕੇ ਵਿਰੋਧ ਕਰੀਏ ਕਿਉਂਕਿ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਜੱਦੋ ਜਹਿਦ ਤੇ ਫਿਰਕਾਪ੍ਰਸਤੀ ਵਿਰੁੱਧ ਲੜਾਈ ਨਾਲ ਬਹੁਤ ਹੀ ਨੇੜਿਓਂ ਹੋ ਕੇ ਜੁੜੀ ਹੋਈ ਹੈ।

ਇਸ ਮੌਕੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਦੀਆਂ ਵਿਦਿਆਰਥਣਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਪਿੱਛੋਂ ਅਮੋਲਕ ਸਿੰਘ ਦੀ ਕਲਮ ਨਾਲ ਉੱਕਰੇ ਝੰਡੇ ਦਾ ਗੀਤ ‘ਗੀਤ ਬਗਾਵਤ ਦਾ’ ਨੇ ਪੱਗੜੀ ਸੰਭਾਲ ਜੱਟਾ ਲਹਿਰ, ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ, ਫੌਜੀ ਤੇ ਨੇਵੀ ਬਗਾਵਤਾਂ ਦੇ ਇਤਿਹਾਸ ਨੂੰ ਬਹੁਤ ਹੀ ਦਿਲ ਟੁੰਬਵੇਂ ਤੇ ਕਲਾਤਮਿਕ ਅੰਦਾਜ਼ ‘ਚ ਪੇਸ਼ ਕੀਤਾ। ਯਾਦ ਰਹੇ ਕਿ ਝੰਡੇ ਦੀ ਗੀਤ ‘ਚ ਜਲੰਧਰ, ਬਿਲਗਾ, ਹੁਸ਼ਿਆਰਪੁਰ, ਬਠਿੰਡਾ, ਜਾਮਾਰਾਏ (ਤਰਨਤਾਰਨ) ਤੇ ਬਰਨਾਲਾ, ਚਮਕੌਰ ਸਾਹਿਬ ਤੇ ਸਾਹਨੇਵਾਲ ਦੇ ਕਰੀਬ 85 ਦੇ ਕਰੀਬ ਕਲਾਕਾਰਾਂ ਨੇ ਭਾਗ ਲਿਆ। ਬੈਂਡ ਰਾਹੀਂ ਸਲਾਮੀ ਐਸ.ਆਰ.ਟੀ. ਡੀ.ਏ.ਵੀ ਪਬਲਿਕ ਸਕੂਲ ਬਿਲਗਾ ਨੇ ਦਿੱਤੀ।

ਸ਼ਹੀਦ ਭਗਤ ਸਿੰਘ ਸਟੇਡੀਅਮ ਸਟੇਜ ਤੋਂ ਸੰਬੋਧਨ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਨੇ ਕਿਹਾ ਕਿ ਕੁਦਰਤੀ ਸੋਮਿਆਂ ਦੇ ਘਾਣ ਸਮੇਤ ਦੇਸ਼ ਦੀ ਸਿਫਤੀ ਰੂਪ ਪਿੰਡਾਂ ਨੂੰ ਜਿੱਥੇ ਵੱਡੇ ਸ਼ਹਿਰ ਨਿਗਲ ਰਹੇ ਹਨ, ਉੱਥੇ ਪ੍ਰਦੂਸ਼ਣ ਨੇ ਸਮੁੱਚੀ ਜ਼ਿੰਦਗੀ ਨੂੰ ਗੰਭੀਰ ਖਤਰੇ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਇਸ ਵਰਤਾਰੇ ਦੇ ਮੁੱਖ ਦੋਸ਼ੀ ਨਿਜ਼ਾਮ ਨੂੰ ਬਦਲਣ ਦਾ ਸੱਦਾ ਦਿੱਤਾ।

ਮੇਲੇ ਦੌਰਾਨ ਬੁੱਕ ਸਟਾਲ ਸਾਹਿਤ ਪ੍ਰੇਮੀਆਂ ਦੇ ਖਿੱਚ ਦਾ ਕੇਂਦਰ ਬਣੇ ਰਹੇ। ਇਸ ਵਾਰ ਫਲਸਫਾ (ਦਰਸ਼ਨ), ਇਤਿਹਾਸ, ´ਾਂਤੀਕਾਰੀ, ਤਰਕਸ਼ੀਲ ਤੇ ਵਾਤਾਵਰਣ ਸਬੰਧੀ ਸਾਹਿਤ ਜ਼ਿਆਦਾ ਫਰੋਲਿਆ ਗਿਆ। ਇਸ ਮੌਕੇ ਡਾ. ਪ੍ਰੇਮ ਸਿੰਘ ਨੇ ਤਕਰੀਰ ‘ਚ ਦੇਸ਼ ਦੀ ਆਜ਼ਾਦੀ ‘ਚ ਫੌਜੀ ਬਗਾਵਤਾਂ ਦੀਆਂ ਮਾਣਮੱਤੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਇਆ। ਦੇਸ਼ ਭਗਤ ਯਾਦਗਰ ਕਮੇਟੀ ਵੱਲੋਂ ਦੇਸ਼ ਦੇ ਸ਼ਹੀਦਾਂ ਨੂੰ ਸਮਰਪਿਤ ਸੋਵੀਨਰ ਤੇ ‘ਆਜ਼ਾਦੀ ਸੰਗਰਾਮ ‘ਚ ਬਾਗੀ ਫੌਜੀਆਂ ਦੀ ਦੇਣ (ਲੇਖਕ, ਪ੍ਰੋ. ਦਿਲਬੀਰ ਕੌਰ ਤੇ ਡਾ. ਪ੍ਰੇਮ ਸਿੰਘ) ਰਿਲੀਜ਼ ਕੀਤਾ ਗਿਆ। ਗ਼ਦਰੀ ਸ਼ਹੀਦ ਲਾਲ ਸਿੰਘ ਦੇ ਪਿੰਡ ਸਾਹਿਬਆਣਾ (ਲੁਧਿਆਣਾ) ਤੇ ਮੇਲੇ ‘ਚ ਲੰਗਰ ਦੀ ਸੇਵਾ ‘ਚ ਯੋਗਦਾਨ ਪਾਉਣ ਵਾਲੇ ਪਿੰਡ ਧਰਦਿਓ, ਠੱਠੀਆਂ ਤੇ ਬੁੱਟਰ ਵਾਸੀਆਂ ਦਾ ਸਨਮਾਨ ਵੀ ਕੀਤਾ ਗਿਆ। ਕਵੀਸ਼ਰ ਜੋਗਾ ਸਿੰਘ ਜੋਗੀ ਦੇ ਜਥੇ ਨੇ ਸਰੋਤਿਆਂ ਨੂੰ ਵੀਰ ਰਸ ‘ਚ ਰੰਗ ਦਿੱਤਾ। ਦਿਨ ਭਰ ਚੱਲੇ ਸੱਭਿਆਚਾਰਕ ਸਮਾਗਮ ‘ਚ ਲੋਕ ਸੰਗੀਤ ਮੰਡਲੀ ਭਦੌੜ (ਮਾਸਟਰ ਰਾਮ ਕੁਮਾਰ) ਨੇ ਗੀਤ ਗਾ ਕੇ ਰੰਗ ਬੰਨਿ੍ਹਆ। ਲੋਕ ਸੰਗੀਤ ਮੰਡਲੀ ਛਾਜਲੀ (ਦੇਸ ਰਾਜ ਛਾਜਲੀ) ਦੇ ਜਥੇ ਨੇ ‘ਗ਼ਦਰ ਦੀਆਂ ਗੂੁੰਜਾਂ’ ਤੇ ਪ੍ਰਸਿੱਧ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਦੀ ਵਾਰ ਪੇਸ਼ ਕੀਤੀ। ਇਸ ਪਿੱਛੋਂ ਵਿਅੰਗ ਕਰਦੀ ਸਕਿੱਟ ‘ਥ੍ਰੀ ਜੀ ਬਾਬੇ’ ਨੇ ਮੇਲਾ ਪ੍ਰੇਮੀਆਂ ਦੀਆਂ ਖੂਬ ਤਾੜੀਆਂ ਬਟੋਰੀਆਂ। ਬਾਬਾ ਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਸਠਿਆਲਾ (ਅੰਮ੍ਰਿਤਸਰ) ਦੇ ਵਿਦਿਆਰਥੀਆਂ ਵੱਲੋਂ ਕੋਰੀਓਗ੍ਰਾਫ਼ੀ ਪੇਸ਼ ਕੀਤੀ ਗਈ। ਮੇਲੇ ਦੀ ਸਟੇਜ ਤੋਂ ਰੈਵੋਲੂਸ਼ਨਰੀ ਕਲਚਰਲ ਫਰੰਟ ਦਿੱਲੀ ਦੇ ਵਿਦਿਆਰਥੀਆਂ ਨੇ ਇਨਕਲਾਬੀ ਗੀਤ ਪੇਸ਼ ਕੀਤੇ।

ਅੰਮ੍ਰਿਤਸਰ ਨਾਟਕ ਕਲਾ ਕੇਂਦਰ, ਚੰਡੀਗੜ੍ਹ ਦੇ ਨਾਟਕ ‘ਮਿੱਟੀ ਦਾ ਮੁੱਲ’ ਨਾਲ ਦਰਸ਼ਕਾਂ ਦਾ ਨਾਟਕਾਂ ਭਰੀ ਰਾਤ ਦਾ ਇੰਤਜ਼ਾਰ ਖਤਮ ਹੋਇਆ। ਡਾ. ਸਾਹਿਬ ਸਿੰਘ (ਅਦਾਕਾਰ ਮੰਚ, ਮੋਹਾਲੀ) ਦੀ ਨਿਰਦੇਸ਼ਨਾ ‘ਚ ਨਾਟਕ ‘ਬਾਬਾ ਬੋਲਦਾ ਹੈ’ ਖੇਡਿਆ ਗਿਆ। ਇਸੇ ਤਰ੍ਹਾਂ ਪ੍ਰੋ. ਅੰਕੁਰ ਸ਼ਰਮਾ (ਯੁਵਾ) ਦੀ ਟੀਮ ਵੱਲੋਂ ‘ਖ਼ਰਾਸ਼ੇਂ, ਅਨੀਤਾ-ਸ਼ਬਦੀਸ਼ (ਸੁਚੇਤਕ ਰੰਗ ਮੰਚ, ਮੋਹਾਲੀ) ਵੱਲੋਂ ਲਾਲ ਕਨੇਰ, ਕੇਵਲ ਧਾਲੀਵਾਲ (ਮੰਚ ਰੰਗ ਮੰਚ, ਅੰਮ੍ਰਿਤਸਰ) ਵੱਲੋਂ ‘ਕਥਾ ਕਸ਼ਮੀਰ ਦੀ’ ਤੇ ਪ੍ਰੋ. ਅਜਮੇਰ ਸਿੰਘ ਔਲਖ ਦੇ (ਲੋਕ ਕਲਾ ਮੰਚ, ਮਾਨਸਾ) ਵੱਲੋਂ ਨਾਟਕ ‘ਪਗੜੀ ਸੰਭਾਲ ਜੱਟਾ’ ਖੇਡੇ ਗਏ। ਇਸੇ ਦੌਰਾਨ 1 ਤੇ 2 ਨਵੰਬਰ ਦੀ ਰਾਤ ਨਾਟਕਾਂ ਦਾ ਸਿਲਸਿਲਾ ਜਾਰੀ ਰਿਹਾ।