StatCounter

Monday, September 16, 2013

ਜਮੀਨ ਪ੍ਰਾਪਤੀ, ਕਰਜ਼ਾ ਮੁਕਤੀ ਤੇ ਖੁਦਕੁਸ਼ੀਆਂ ਦੇ ਮੁੱਦੇ 'ਤੇ ਕਿਸਾਨਾਂ ਤੇ ਖੇਤ ਮਜਦੂਰਾਂ ਨੇ ਦਿੱਤੇ ਧਰਨੇਜਮੀਨ ਪ੍ਰਾਪਤੀ, ਕਰਜ਼ਾ ਮੁਕਤੀ ਤੇ ਖੁਦਕੁਸ਼ੀਆਂ ਦੇ ਮੁੱਦੇ 'ਤੇ
    ਕਿਸਾਨਾਂ ਤੇ ਖੇਤ ਮਜਦੂਰਾਂ ਨੇ ਦਿੱਤੇ ਡੀ ਸੀ ਦਫਤਰਾਂ ਅੱਗੇ ਧਰਨੇ
Lachhaman Singh Sewewala addressing Dharna at Mukatsar

ਜਮੀਨਾਂ ਦੀ ਤੋਟ, ਕਰਜਿਆਂ ਦੇ ਬੋਝ ਤੇ ਆਰਥਿਕ ਤੰਗੀਆਂ ਦੇ ਸਤਾਏ ਖੁਦਕਸ਼ੀਆਂ ਕਰ ਗਏ ਕਿਸਾਨਾਂ ਤੇ ਖੇਤ ਮਜਦੂਰਾਂ ਦੇ ਹਜ਼ਾਰਾਂ ਪਰਿਵਾਰਾਂ ਵੱਲੋ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੱਦੇ 'ਤੇ ਬਠਿੰਡਾ, ਮੁਕਤਸਰ, ਫਰੀਦਕੋਟ, ਮੋਗਾ, ਸੰਗਰੂਰ, ਬਰਨਾਲਾ, ਮਾਨਸਾ, ਫਾਜਿਲਕਾ, ਫਿਰੋਜ਼ਪੁਰ ਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫਤਰਾਂ ਅੱਗੇ ਆਪਣੀਆਂ ਮੰਗਾਂ ਸਬੰਧੀ ਪੈਰਵੀ ਧਰਨੇ ਦਿੱਤੇ ਗਏ। ਇਹ ਜਾਣਕਾਰੀ ਦੋਹਾਂ ਜਥੇਬੰਦੀਆਂ ਦੇ ਜਰਨਲ ਸਕੱਤਰਾਂ ਸ੍ਰੀ ਸੁਖਦੇਵ ਸਿੰਘ ਕੋਕਰੀ ਕਲਾਂ ਤੇ ਸ੍ਰੀ ਲਛਮਣ ਸਿੰਘ ਸੇਵੇਵਾਲਾ ਵੱਲੋ ਇਥੇ ਜਾਰੀ ਕੀਤੇ ਇੱਕ ਪ੍ਰੈਸ ਬਿਆਨ ਰਾਂਹੀ ਦਿੱਤੀ ਗਈ।

ਇਹਨਾਂ ਧਰਨਿਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਲੋਕਾਂ ਦੇ ਜਥੇਬੰਦ ਹੋਣ ਤੇ ਸੰਘਰਸ਼ ਕਰਨ ਦੇ ਜਮਹੂਰੀ ਅਧਿਕਾਰਾਂ ਨੂੰ ਕਾਲੇ ਕਾਨੂੰਨਾਂ ਤੇ ਡਾਂਗ ਦੇ ਜ਼ੋਰ ਖੋਹ ਰਹੀ ਹੈ ਜਿਸਦੀ ਉਘੜਵੀ ਮਿਸਾਲ ਅੰਮ੍ਰਿਤਸਰ ਚ 49 ਤੇ ਤਰਨਤਾਰਨ ਚ 10 ਕਿਸਾਨਾਂ ਨੂੰ ਸੰਗੀਨ ਦੋਸਾਂ 'ਚ ਜੇਲੀ ਡੱਕਣ ਤੋ ਇਲਾਵਾ ਪੰਜਾਬ ਭਰ ਚ ਪ੍ਰਸਾਸਨਿਕ ਦਫਤਰਾਂ ਅੱਗੇ ਰੋਸ ਵਿਖਾਵਿਆ ਤੇ ਪਾਬੰਦ ਮੜਨਾ ਹੈ। ਓਹਨਾਂ ਕਿਹਾ ਕਿ ਜਮੀਨਾਂ ਦੀ ਅਣਸਾਵੀ ਫੰਡ, ਕਰਜਿਆਂ ਦੇ ਭਾਰੀ ਬੋਝ ਤੇ ਆਰਥਿਕ ਤੰਗੀਆਂ ਦੇ ਸਤਾਏ ਲੱਖਾਂ ਕਿਸਾਨ ਮਜਦੂਰ ਖੁਦਕੁਸ਼ੀਆਂ ਕਰ ਚੁੱਕੇ ਹਨ, ਜਿਹਨਾਂ ਕੋਲ ਸੰਘਰਸ਼ ਤੋ ਬਿਨਾਂ ਕੋਈ ਚਾਰਾ ਨਹੀ।
 
ਬੁਲਾਰਿਆਂ ਨੇ ਦੋਸ਼ ਲਾਇਆ ਕਿ ਅਕਾਲੀ ਭਾਜਪਾ ਸਰਕਾਰ ਸਮੇਤ ਵਖ ਵੱਖ ਸਰਕਾਰਾਂ ਨੇ ਨਾਂ ਤਾਂ ਜਮੀਨੀ ਹੱਦ ਬੰਦ ਕਾਨੂੰਨ ਲਾਗੂ ਕੀਤਾ ਜੀਹਦੇ ਤਹਿਤ
 ਪੰਜਾਬ ਚ ਹੀ ਸਰਕਾਰੀ ਰਿਕਾਰਡ ਮੁਤਾਬਿਕ ਪੌਣੇ ਸਤਾਰਾਂ ਲੱਖ ਏਕੜ ਦੇ ਕਰੀਬ ਜਮੀਨ ਵੰਡਣ ਲਈ ਨਿਕਲਦੀ ਹੈ, ਨਾਂ ਹੀ ਸਾਢੇ ਚਾਰ ਸਾਲ ਪਹਿਲਾਂ ਪ੍ਰਵਾਨ ਕੀਤੀਆਂ ਮੰਗਾਂ ਅਨੁਸਾਰ ਮਜਦੂਰ ਕਿਸਾਨ ਪੱਖੀ ਕਰਜ਼ਾ ਕਾਨੂੰਨ ਬਣਾਇਆ ਗਿਆ। ਹੋਰ ਤਾਂ ਹੋਰ ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਤੇ ਖੇਤ ਮਜਦੂਰਾਂ ਦੇ ਪਰਿਵਾਰਾਂ ਨੂੰ ਦੋ ਦੋ ਲੱਖ ਰੁਪਏ ਮੁਆਵਜ਼ਾ ਤੇ ਨੌਕਰੀ ਦੇਣ ਦੇ ਕੈਬਨਿਟ ਵੱਲੋ ਪੱਤਰ ਜ਼ਾਰੀ ਕਰਨ ਦੇ ਬਾਵਜੂਦ ਮੁਆਵਜ਼ੇ ਤੇ ਨੌਕਰੀ ਤੋ ਵਾਂਝੇ ਇਹ ਪੀੜਤ ਪਰਿਵਾਰ ਦਰ ਦਰ ਭਟਕ ਰਹੇ ਹਨ। ਪੰਜਾਬ ਚ ਇਕ ਲੱਖ ਦੇ ਕਰੀਬ ਖੁਦਕੁਸ਼ੀਆਂ ਹੋਣ ਦੇ ਬਾਵਜੂਦ ਸਰਕਾਰੀ ਸਰਵੇ 'ਚ ਮਹਿਜ 4800 ਦੇ ਲੱਗਭੱਗ ਦਰਜ਼ ਕਰਕੇ ਖਾਨਾ ਪੂਰਤੀ ਕੀਤੀ ਗਈ ਹੈ ਪਰ ਇਹਨਾਂ ਨੂੰ ਵੀ ਪੂਰਾ ਮੁਆਵਜ਼ਾ ਨਹੀ ਦਿੱਤਾ ਜਾ ਰਿਹਾ।

ਬੁਲਾਰਿਆਂ ਨੇ ਆਖਿਆ ਕਿ ਤਿੱਖੇ ਜਮੀਨੀ ਸੁਧਾਰ ਕਰਕੇ ਜਮੀਨਾਂ ਦੀ ਮੁੜ ਵੰਡ ਕਰਨ ਖੇਤੀ ਲਾਗਤ ਵਸਤਾਂ ਨੂੰ ਸਰਕਾਰੀ ਕਟਰੋਲ ਹੇਠ ਲਿਆਉਣ, ਫਸਲਾਂ ਦੀ ਸਰਕਾਰੀ ਖ੍ਰੀਦ ਯਕੀਨੀ ਬਣਾਉਣ, ਕੁਦਰਤੀ ਆਫਤਾਂ ਦਾ ਪੂਰਾ ਮੁਆਵਜ਼ਾ ਦੇਣ, ਮਜਦੂਰ-ਕਿਸਾਨ ਪੱਖੀ ਕਰਜ਼ਾ ਨੀਤੀ ਬਣਾਉਣ ਆਦਿ ਵਰਗੇ ਕਦਮ ਚੁੱਕਣ ਨਾਲ ਹੀ ਖੁਦਕੁਸ਼ੀਆਂ ਵਰਗੇ ਵਰਤਾਰੇ ਨੂੰ ਠੱਲ ਪੈ ਸਕਦੀ ਹੈ, ਕਿਸਾਨਾਂ ਮਜਦੂਰਾਂ ਤੇ ਦੇਸ ਦੀ ਤਰੱਕੀ ਹੋ ਸਕਦੀ ਹੈ।

ਇਹਨਾਂ ਧਰਨਿਆਂ ਨੂੰ ਬੀ ਕੇ ਯੂ ਏਕਤਾ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ, ਝੰਡਾ ਸਿੰਘ ਜੇਠੂਕੇ, ਬੂਟਾ ਸਿੰਘ ਫਰੀਦਕੋਟ, ਹਰਦੀਪ ਸਿੰਘ ਟੱਲੇਵਾਲ, ਮੇਜ਼ਰ ਸਿੰਘ ਕਾਲੇਕੇ, ਹਰਿੰਦਰ ਕੌਰ ਬਿੰਦੂ, ਪਰਮਜੀਤ ਕੌਰ, ਗੁਰਮੇਲ ਕੌਰ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਐਲਾਨ ਕੀਤਾ ਕਿ ਅੰਮ੍ਰਿਤਸਰ ਜਿਲੇ ਵਿੱਚ ਬਿਜਲੀ ਮੀਟਰ ਬਾਹਰ ਕੱਢਣ ਦਾ ਵਿਰੋਧ ਕਰਦੇ ਗ੍ਰਿਫਤਾਰ ਕਿਸਾਨਾਂ ਦੀ ਰਿਹਾਈ ਲਈ 20 ਸਤੰਬਰ ਨੂੰ 12 ਵਜੇ ਤੋ 3 ਵਜੇ ਤੱਕ ਪੰਜਾਬ ਭਰ ਵਿੱਚ ਸੜਕੀ ਆਵਾਜਾਈ ਜਾਮ ਕੀਤੀ ਜਾਵੇਗੀ।

ਇਹਨਾਂ ਧਰਨਿਆਂ ਦੌਰਾਣ ਵਿਦਿਆਰਥੀਆਂ ਤੇ ਲਾਠੀਚਾਰਜ਼ ਕਰਨ ਤੇ ਕੁੱਝ ਅਖੌਤੀ ਕਿਸਾਨ ਆਗੂਆਂ ਵੱਲੋ ਜਮੀਨੀ ਹੱਦ ਬੰਦੀ ਖਤਮ ਕਰਨ ਦੀ ਕੀਤੀ ਜਾ ਰਹੀ ਮੰਗ ਨੂੰ ਪੁਰਜ਼ੋਰ ਨਿਖੇਧੀ ਦੇ ਮਤੇ ਪਾਸ ਕੀਤੇ ਗਏ।

ਇਸ ਮੌਕੇ ਭੇਜੇ ਮੰਗ ਪੱਤਰਾਂ ਰਾਂਹੀ ਮੰਗ ਕੀਤੀ ਗਈ ਕਿ:
 • ਪ੍ਰਸਾਸ਼ਨਿਕ ਦਫਤਰਾਂ ਅੱਗੇ ਧਰਨਿਆਂ ਤੇ ਲਾਈ ਪਾਬੰਦੀ ਖਤਮ ਕਰੋ,
 • ਫੜੇ ਗਏ ਸਾਰੇ ਕਿਸਾਨ ਆਗੂ ਰਿਹਾਅ ਕਰੋ, 
 • ਜਮੀਨੀ ਸੁਧਾਰ ਲਾਗੂ ਕਰੋ, 
 • ਕਰਜ਼ਾ ਭਰਨੋ ਅਸਮੱਰਥ ਕਿਸਾਨਾਂ ਮਜਦੂਰਾਂ ਦੇ ਸਾਰੇ ਕਰਜ਼ੇ ਖਤਮ ਕਰੋ, 
 • ਖੁਦਕੁਸ਼ੀ ਪੀੜਤਾਂ ਨੂੰ ਦੋ ਦੋ ਲੱਖ ਰੁਪਏ ਮੁਆਵਜ਼ਾ ਤੇ ਨੌਕਰੀ ਦਿਓ,
 • ਸਰਵੇ ਤੋ ਬਾਹਰ ਸਾਰੀਆਂ ਖੁਦਕੁਸ਼ੀਆਂ ਨੂੰ ਦਰਜ਼ ਕਰੋ, ਇਹਨਾਂ ਦੇ ਕਰਜ਼ੇ ਖਤਮ ਕਰੋ,
 • ਖੇਤ ਮਜਦੂਰਾਂ ਤੇ ਬੇਜਮੀਨੇ ਕਿਸਾਨਾਂ ਨੂੰ ਘਰੇਲੂ ਲੋੜਾਂ ਲਈ 1 ਲੱਖ ਰੁਪਏ ਤੇ ਸਵੈ ਰੁਜ਼ਗਾਰ ਲਈ ਪੰਜ ਲੱਖ ਰੁਪਏ ਕਰਜ਼ੇ ਬਿਨਾਂ ਵਿਆਜ਼ ਤੇ ਬਿਨਾਂ ਗਰੰਟੀ ਤੇ ਦਿਓ, 
 • ਕਰਜ਼ੇ ਚ ਕੁਰਕੀਆਂ ਗ੍ਰਿਫਤਾਰੀਆਂ ਬੰਦ ਕਰੋ, ਪਹਿਲਾਂ ਕੀਤੀਆਂ ਕੁਰਕੀਆਂ ਰੱਦ ਕਰੋ,
 • ਸਹਿਕਾਰੀ ਸਭਾਵਾਂ ਦੇ ਮੇਬਰ ਖੇਤ ਮਜਦੂਰਾਂ ਤੇ ਬੇਜਮੀਨਿਆਂ ਨੂੰ ਮਿਲਦੇ 25 ਹਜ਼ਾਰ ਰੁਪਏ ਦੇ ਕਰਜ਼ੇ ਤੇ 14 ਪ੍ਰਤੀਸ਼ਤ ਦੀ ਥਾਂ 4 ਪ੍ਰਤੀਸ਼ਤ ਸਾਲਾਨਾ ਲਾਗੂ ਕਰੋ,
 • ਖੇਤੀ ਲਾਗਤ ਵਸਤਾਂ ਦੇ ਸਨਤਕਾਰਾਂ, ਵਪਾਰੀਆਂ, ਸੂਦਖੋਰਾਂ ਤੇ ਫਾਇਨਾਂਸ ਕੰਪਨੀਆਂ ਨੂੰ ਖੇਤੀ ਦੇ ਨਾਮ ਤੇ ਸਸਤੇ ਕਰਜ਼ੇ ਦੇਣੇ ਬੰਦ ਕਰੋ,
 • ਬੇਘਰੇ ਤੇ ਲੋੜਵੰਦਾਂ ਨੂੰ ਪਲਾਟ ਦਿਓ,
 • ਪੰਚਾਇਤੀ ਤੇ ਸਾਮਲਾਟ ਜਮੀਨਾਂ ਤੇ ਕਾਬਜ ਮਜਦੂਰਾਂ ਕਿਸਾਨਾਂ ਨੂੰ ਮਾਲਕੀ ਹੱਕ ਦਿਓ, ਧਨਾਢਾਂ ਤੇ ਜਗੀਰਦਾਰਾਂ ਦੇ ਕਬਜ਼ੇ ਖਤਮ ਕਰੋ।

                                   ਜ਼ਾਰੀ ਕਰਤਾ
 • ਸੁਖਦੇਵ ਸਿੰਘ ਕੋਕਰੀ ਕਲਾਂ  ਜਰਨਲ ਸਕੱਤਰ           ਲਛਮਣ ਸਿੰਘ ਸੇਵੇਵਾਲਾ ਜਰਨਲ ਸਕੱਤਰ
  ਭਾਰਤੀ ਕਿਸਾਨ ਯੁਨੀਅਨ ਏਕਤਾ (9417466038)  ਪੰਜਾਬ ਖੇਤ ਮਜਦੂਰ ਯੂਨੀਅਨ (941707917)

No comments:

Post a Comment