StatCounter

Monday, February 10, 2014

ਜਥੇਬੰਦ ਹੋਣ ਅਤੇ ਸੰਘਰਸ਼ ਕਰਨ ਦੇ ਬੁਨਿਆਦੀ ਜਮਹੂਰੀ ਹੱਕ ਦੀ ਰਾਖੀ ਲਈ ਜਦੋ-ਜਹਿਦ

ਜਥੇਬੰਦ ਹੋਣ ਅਤੇ ਸੰਘਰਸ਼ ਕਰਨ ਦੇ ਬੁਨਿਆਦੀ ਜਮਹੂਰੀ ਹੱਕ ਦੀ ਰਾਖੀ ਲਈ ਜਦੋ-ਜਹਿਦ ਚ

ਮੌਤ ਦੀ ਭੇਟ ਚੜੀ ਬਚੀ ਦੀ ਸ਼ਹਾਦਤ ਨੂੰ ਸਲਾਮ ਕਰਦਿਆਂ
ਆਓ ਇਸ ਸੰਘਰਸ਼ ਨੂੰ ਕਾਮਯਾਬੀ ਦੀ ਮੰਜਿਲ ਤਕ ਪੁਚਾਈਏ

ਇਨਸਾਫ਼ ਪਸੰਦ ਲੋਕੋ

ਆਪਣੇ ਚੰਗੇਰੇ ਭਵਿਖ ਲਈ ਜਥੇਬੰਦ ਹੋਣ ਅਤੇ ਸੰਘਰਸ਼ ਕਰਨ ਦੇ ਬੁਨਿਆਦੀ ਜਮਹੂਰੀ ਹੱਕ ਦੀ ਰਾਖੀ ਲਈ ਨਿਕਲੇ ਈ.ਜੀ.ਐਸ ਅਧਿਆਪਕਾਂ ਦੇ ਜੁਝਾਰੂ ਕਾਫਲੇ 'ਚ ਸ਼ਾਮਲ ਸਵਾ 'ਕੁ ਸਾਲ ਦੀ ਬੱਚੀ "ਏਕਨੂਰ ਰੂਥ" ਪੰਜਾਬ ਦੇ ਹਾਕਮਾਂ ਅਤੇ ਪੁਲਸ ਦੀ ਦਰਿੰਦਗੀ ਦਾ ਸ਼ਿਕਾਰ ਹੋਕੇ ਮੌਤ ਦੀ ਗੋਦ ਵਿੱਚ ਜਾ ਸਮਾਈ। ਬਠਿੰਡਾ ਇਲਾਕਾ ਦੇ ਇਨਸਾਫ਼ ਪਸੰਦ ਜਮਹੂਰੀ ਅਤੇ ਸੰਘਰਸ਼ੀਲ ਲੋਕਾਂ ਨੇ ਉਸ ਦੀ ਸ਼ਹਾਦਤ ਨੂੰ ਸਲਾਮ ਕਰਦਿਆਂ ਆਪ-ਮੁਹਾਰੀ ਹਮਦਰਦੀ ਸੰਵੇਦਨਾ ਅਤੇ ਹਮਾਇਤ ਪ੍ਰਗਟਾਈ ਹੈ। ਸਾਰੇ ਪੰਜਾਬ 'ਚੋਂ ਅਕਾਲੀ-ਭਾਜਪਾ ਸਰਕਾਰ ਨੂੰ ਇਸ ਘਟਨਾ 'ਤੇ ਫਿੱਟ-ਲਾਹਣਤਾਂ ਪੈ ਰਹੀਆਂ ਹਨ। 7 ਫਰਵਰੀ ਨੂੰ ਹਿੰਦੋਸਤਾਨ ਟਾਈਮਜ਼ ਅਖਬਾਰ ਚ ਪਤਰਕਾਰ ਵਿਸ਼ਵ ਭਾਰਤੀ ਦੀ ਮੁੱਖ ਮੰਤਰੀ ਬਾਦਲ ਦੇ ਨਾਂ ਛਪੀ ਖੁੱਲ੍ਹੀ ਚਿੱਠੀ ਅਤੇ ਹੋਰ ਵੱਖ-ਵੱਖ ਅਖਬਾਰਾਂ'ਚ ਇਸ ਘਟਨਾ 'ਤੇ ਛਪੇ ਲੋਕਾਂ ਦੇ ਪ੍ਰਤੀਕਰਮ ਨੇ ਬਾਦਲ ਸਰਕਾਰ ਦਾ ਜਾਬਰ ਅਤੇ ਗੈਰ-ਜਮਹੂਰੀ ਚੇਹਰਾ ਜੱਗ-ਜਾਹਰ ਕਰ ਦਿੱਤਾ ਹੈ।


ਲੋਕਾਂ 'ਚ ਆਪਦਾ ਨੰਗ ਜਾਹਰ ਹੋਣ 'ਤੇ ਦੁਖੀ ਅਕਾਲੀ ਆਗੂ, ਕਾਤਲਾਂ ਦੀ ਨੰਗੀ-ਚਿੱਟੀ ਹਮਾਇਤ 'ਤੇ ਉੱਤਰ ਆਏ ਹਨ। ਉਹਨਾਂ ਦੀਆਂ ਜਾਬਰ ਅਤੇ ਗੈਰ-ਜਮਹੂਰੀ ਕਾਰਵਾਈਆਂ ਦੀ ਵਜਾਹਤ ਕਰ ਰਹੇ ਹਨ। ਲੱਛੇਦਾਰ ਸ਼ਬਦਾਂ ਦੇ ਜਾਲ ਬੁਣਕੇ ਜਾਬਰਾਂ ਅਤੇ ਕਾਤਲਾਂ ਦੇ ਚੇਹਰੇ ਢਕਣ ਦੀਆਂ ਕੋਸ਼ਿਸ਼ਾਂ 'ਚ ਜੁਟੇ ਹਨ। ਉਹਨਾਂ ਨੇ ਮ੍ਰਿਤਕ ਬੱਚੀ ਦੀ ਮਾਤਾ, EGS ਅਧਿਆਪਕਾ ਦੀ ਜਥੇਬੰਦੀ, ਪੱਤਰਕਾਰਾਂ ਅਤੇ ਹਮਾਇਤੀ ਲੋਕਾਂ ਦੇ ਖਿਲਾਫ ਹਮਲਾ ਬੋਲਿਆ ਹੈ। ਡਟ ਕੇ ਕੁਫਰ ਤੋਲਿਆ ਹੈ ਅਤੇ ਧਮਕੀਆਂ ਵਰਤਾਈਆਂ ਹਨ। ਇਸ ਕੂੜ ਪ੍ਰਚਾਰ ਦੀ ਅਗਵਾਈ ਮੁੱਖ ਮੰਤਰੀ ਬਾਦਲ ਦਾ ਮੀਡੀਆ ਸਲਾਹਕਾਰ ਹਰਚਰਨ ਬੈਂਸ ਕਰ ਰਿਹਾ ਹੈ| 


ਹਰਚਰਨ ਬੈਂਸ ਕੌਣ ਹੈ? 


ਮੁੱਖ ਮੰਤਰੀ ਦਾ ਮੀਡੀਆ ਸਲਾਹਕਾਰ ਹਰਚਰਨ ਬੈਂਸ ਤਨਖਾਹ ਭੱਤੇ ਤੇ ਹੋਰ ਸਹੂਲਤਾਂ ਸਰਕਾਰੀ ਖਜਾਨੇ 'ਚੋਂ ਲੈਂਦਾ ਹੈ। ਪਰ, ਸੇਵਾ ਕਰਦਾ ਹੈ ਅਕਾਲੀ ਦਲ ਬਾਦਲ ਦੀ। ਜਦੋਂ ਇਹ ਸਰਕਾਰ ਲੋਕਾਂ 'ਤੇ ਕਟਕ ਚਾੜ੍ਹਦੀ ਹੈ ਤਾਂ ਇਸਨੇ ਕਦੇ ਜਬਾਨ ਨਹੀਂ ਖੋਲ੍ਹੀ। ਸਰਕਾਰ ਨੇ ਲੋਕਾਂ ਦੀ ਜੁਬਾਨਬੰਦੀ ਕਰਨ ਲਈ ਧਰਨਿਆਂ, ਮੁਜਾਹਰਿਆਂ ਤੇ ਪਾਬੰਦੀ ਮੜ੍ਹਨ ਦਾ ਫਰਮਾਨ ਜਾਰੀ ਕੀਤਾ, ਬੈਂਸ ਜੀ ਚੁੱਪ ਰਹੇ। ਫਰੀਦਕੋਟ ਸ਼ਹਿਰ 'ਚੋਂ ਦਿਨ-ਦਿਹਾੜੇ ਅਕਾਲੀ ਮੰਤਰੀਆਂ ਦੀ ਸਰਪ੍ਰਸਤੀ ਹੇਠ ਪਲੀ ਗੁੰਡਾ ਢਾਣੀ ਇੱਕ ਮਾਸੂਮ ਲੜਕੀ ਨੂੰ ਵਾਲਾਂ ਤੋਂ ਘੜੀਸ ਕੇ ਲੈ ਗਈ। ਉਸਦੇ ਮਾਂ-ਪਿਓ ਦੀਆਂ ਲੱਤਾਂ ਬਾਹਾਂ ਭੰਨ ਗਈ। ਜਦੋਂ ਲੋਕ ਗੁੰਡਾ-ਢਾਣੀ ਖਿਲਾਫ ਡਟ ਗਏ ਉਹਨਾਂ ਦੇ ਸਰਪ੍ਰਸਤ ਅਕਾਲੀ ਮੰਤਰੀਆਂ ਨੂੰ ਨੰਗਾ ਕਰਨ ਲੱਗ ਪਏ ਤਾਂ ਬੈਂਸ ਸਾਹਬ ਦੁਖੀ ਹੋ ਗਏ । ਵੱਡੀ ਪ੍ਰੈਸ ਕਾਨਫਰੰਸ ਕਰਕੇ ਅਗਵਾ ਹੋਈ ਬਾਲੜੀ ਦੇ ਖਿਲਾਫ ਕੁਫਰ ਤੋਲਿਆ। ਸਾਰੀਆਂ ਇਖਲਾਕੀ ਕਦਰਾਂ-ਕੀਮਤਾਂ ਛਿੱਕੇ 'ਤੇ ਟੰਗ ਕੇ, ਉਸ 'ਤੇ ਆਪਣੀ ਮਰਜੀ ਨਾਲ ਨਿਕਲ ਜਾਣ ਅਤੇ ਵਿਆਹ ਕਰਾਉਣ ਦਾ ਇਲਜਾਮ ਲਗਾਇਆ। ਪਰ, ਲੋਕਾਂ ਨੇ ਆਪਦੀ ਤਾਕਤ ਦੇ ਜੋਰ ਇਸ ਕੂੜ-ਪ੍ਰਚਾਰ ਦੀ ਫੂਕ ਕੱਢੀ। ਅੱਜ ਉਹ ਸਾਰਾ ਗੁੰਡਾ-ਗਰੋਹ ਜੇਲ੍ਹ 'ਚ ਅੱਡੀਆਂ ਰਗੜ ਰਿਹਾ ਹੈ। ਅਦਾਲਤ ਦਾ ਇਹ ਫੈਸਲਾ ਹਰਚਰਨ ਬੈਂਸ ਜੀ ਦੇ ਮੂੰਹ 'ਤੇ ਕਰਾਰੀ ਚਪੇੜ ਹੈ। 


ਹੁਣ ਹਰਚਰਨ ਬੈਂਸ ਜੀ ਏਕਨੂਰ ਰੂਥ ਦੀ ਮੌਤ ਲਈ ਬਾਦਲ ਸਰਕਾਰ ਤੋਂ ਬਿਨਾ ਹੋਰ ਸਾਰਿਆਂ ਨੂੰ ਦੋਸ਼ੀ ਦਸ ਰਹੇ ਹਨ। 'ਜੰਜ ਕੁਪੱਤੀ ਸੁਥਰਾ ਭਲਾ ਮਾਨਸ'।


ਸਿਖਿਆ ਮੰਤਰੀ ਮਲੂਕਾ ਜੀ ਅਤੇ ਮੁਖ ਪਾਰਲੀਮਾਨੀ ਸਕਤਰ ਸਰੂਪ ਚੰਦ ਸਿੰਗਲਾ ਜੀ ਨੇ ਆਪਣੇ ਬਿਆਨਾਂ ਚ ਨਾਂ ਸਿਰਫ ਪੁਲਸ ਅਤੇ ਹੋਰ ਸਰਕਾਰੀ ਅਧਿਕਾਰੀਆਂ ਨੂੰ ਏਕਨੂਰ ਦੀ ਮੌਤ ਲਈ ਹਰ ਕਿਸਮ ਦੀ ਜ਼ਿਮੇੰਦਾਰੀ ਤੋਂ ਸੁਰਖਰੂ ਕੀਤਾ ਹੈ, ਸਗੋ ਮੋੜਵਾਂ ਵਾਰ ਕਰਦਿਆਂ EGS ਅਧਿਆਪਕਾਂ ਦੀ ਜਥੇਬੰਦੀ ਅਤੇ ਇਸ ਦੀ ਹਮਾਇਤ ਕਰ ਰਹੇ ਲੋਕਾਂ ਤੇ ਜਜ਼ਬਾਤੀ ਬਲੈਕਮੇਲ ਕਰਨ ਅਤੇ ਲਾਸ਼ਾਂ ਤੇ ਸਿਆਸਤ ਕਰਨ ਦਾ ਦੋਸ਼ ਲਾਇਆ ਹੈ | ਬੁਖਲਾਹਟ ਵਿਚ ਸ਼ਾਇਦ ਉਹ ਆਵਦੀ ਪਾਰਟੀ ਦਾ ਪਿਛਲਾ ਇਤਿਹਾਸ ਭੁਲ ਗਏ ਹਨ| ਰਾਜ ਸਤਾ ਹਾਸਲ ਕਰਨ ਲਈ ਅਕਾਲੀਆਂ ਨੇ ਜਜ਼ਬਾਤੀ ਬਲੈਕਮੇਲ ਅਤੇ ਲਾਸ਼ਾਂ ਤੇ ਸਿਆਸਤ ਕਰਨ ਤੋਂ ਸਿਵਾ ਹੋਰ ਕੀਤਾ ਵੀ ਕੀ ਹੈ ? 


ਹਰਚਰਨ ਬੈਂਸ ਜੀ ਦੇ ਲੇਖ ਅਤੇ ਉਕਤ ਅਕਾਲੀ ਆਗੂਆਂ ਦੇ ਬਿਆਨਾਂ ਤੋਂ ਇਹ ਗਲ ਸਪਸ਼ਟ ਹੋ ਜਾਂਦੀ ਹੈ ਕੇ ਸਰਕਾਰੀ ਅਧਿਕਾਰੀਆਂ ਵਲੋਂ EGS ਅਧਿਆਪਕਾਂ ਨਾਲ ਚਲ ਰਹੀ ਗਲਬਾਤ ਮਹਿਜ਼ ਇਕ ਡਰਾਮਾ ਹੈ| ਅਸਲ ਚ ਉਹ ਇਸ ਸੰਘਰਸ਼ ਨੂੰ ਪੁਲਸੀ ਡਾਂਗਾਂ ਦੇ ਜੋਰ ਕੁਚਲਣਾ ਚਾਹੁੰਦੇ ਹਨ, ਇਸੇ ਖਾਤਰ ਰਸੇ-ਪੈੜੇ ਵਟ ਰਹੇ ਹਨ| ਲੋਕਾਂ ਦੇ ਰੋਸ ਪ੍ਰਗਟਾਵੇ ਦੇ ਹਕ ਤੇ ਪਾਬੰਦੀ ਲਾਉਣ ਲਈ'ਜਜ਼ਬਾਤੀ ਬਲੈਕਮੇਲ' ਅਤੇ 'ਲਾਸ਼ਾਂ ਤੇ ਸਿਆਸਤ' ਕਰਨ ਦਾ ਬਹਾਨਾ ਬਣਾ ਰਹੇ ਹਨ|


ਸਿਖਿਆ ਮੰਤਰੀ ਜੀ ਤਾਂ ਇਸ ਤੋਂ ਵੀ ਅਗੇ ਗਏ ਹਨ | ਲੋਕਾਂ ਦੇ ਜ਼ਖਮਾਂ ਤੇ ਲੂਣ ਛਿੜਕਦਿਆਂ, ਉਹਨਾਂ ਮਿਰਤਕ ਲੜਕੀ ਦੇ ਮਾਪਿਆਂ ਤੇ ਉਸਦੀ ਲਾਸ਼ ਨੂੰ ਸਿਆਸੀ ਮਕਸਦ ਲਈ ਵਰਤਣ ਦਾ ਦੋਸ਼ ਲਾਇਆ ਹੈ, ਉਹਨਾਂ ਨੂੰ ਸਰਕਾਰ ਤੋਂ ਮਾਫ਼ੀ ਮੰਗਣ ਲਈ ਕਿਹਾ ਹੈ| ਇਨਸਾਫ਼ ਪਸੰਦ ਲੋਕੋ ਇਹ ਕੇਹੀ ਜਮਹੂਰੀਅਤ ਹੈ ਜਿਥੇ ਕਾਤਿਲ ਜਜ ਬਣ ਕੇ ਆਪੇ ਹੀ ਸਜ਼ਾ ਸੁਨਾ ਰਹੇ ਹਨ| ਆਪਣੇ ਹੱਕਾਂ ਲਈ ਲੜ ਰਹੇ, ਸਾਡੇ ਧੀਆਂ ਪੁੱਤਾਂ ਨੂੰ ਹਾਜੀ ਰਤਨ ਗੁਰਦਵਾਰੇ ਚ ਸ਼ਰੇਆਮ ਕੁਟਨ ਅਤੇ ਉਹਨਾਂ ਦੀਆਂ ਗੁਤਾਂ ਤੇ ਵਾਲ ਪੁਟਣ ਵਾਲੇ ਆਗੂ, ਸਤਾ ਦੇ ਨਸ਼ੇ ਚ ਹੁਣ ਸਾਨੂੰ ਹੀ ਜ਼ਲੀਲ ਕਰ ਰਹੇ ਹਨ| 


ਇਹਨਾਂ ਅਕਾਲੀ ਆਗੂਆਂ ਦੇ ਬਿਆਨਾਂ ਦਾ ਸਿਧਾ ਮਤਲਬ ਇਹ ਬਣਦਾ ਹੈ ਕੇ ਪੁਲਸ ਦੀ ਦਰਿੰਦਗੀ ਹਥੋਂ ਮੌਤ ਦੇ ਮੁੰਹ ਚ ਸਮਾਈ ਬਾਲੜੀ ਦੇ ਮਾਪਿਆਂ ਨੂੰ ਮੁਆਵਜ਼ਾ ਦੇਣ ਦੀ ਥਾਂ ਉਹਨਾਂ ਤੇ ਕੇਸ ਦਰਜ਼ ਕੀਤਾ ਜਾਵੇ, ਇਹ ਸ਼ਰਮਨਾਕ ਕਾਰਾ ਕਰਨ ਵਾਲੇ ਪੁਲਸ ਅਧਿਕਾਰੀਆਂ ਨੂੰ ਰਾਸ਼ਟਰਪਤੀ ਅਵਾਰਡ ਨਾਲ ਸਨਮਾਨਿਆ ਜਾਵੇ|



ਇਨਸਾਫ਼ ਪਸੰਦ ਲੋਕੋ ਜੇ ਅਸੀਂ ਚੇਤਨ ਨਾਂ ਹੋਏ, ਆਪਨੇ ਜਥੇਬੰਦ ਹੋਣ ਤੇ ਸੰਘਰਸ਼ ਕਰਨ ਦੇ ਜਮਹੂਰੀ ਹਕ ਦੀ ਰਾਖੀ ਲਈ ਸੜਕਾਂ ਤੇ ਨਾਂ ਨਿਕਲੇ, ਸੰਘਰਸ਼ਾਂ ਚ ਕੁਰਬਾਨੀਆਂ ਕਰਨ ਵਾਲਿਆਂ ਦੇ ਹਕ ਚ ਹਾਅ ਦਾ ਨਾਅਰਾ ਨਾਂ ਮਾਰਿਆ ਤਾਂ ਅਕਾਲੀ ਆਗੂ ਆਪਣੀ ਗਲ ਪੁਗਾ ਜਾਣਗੇ, ਲੋਕ ਹੱਕਾਂ ਤੇ ਇਕ ਹੋਰ ਡਾਕਾ ਮਾਰ ਜਾਣਗੇ | 
 
ਸੋ ਆਓ, ਇਕਠੇ ਹੋਈਏ, ਈ ਜੀ ਐਸ ਅਧਿਆਪਕਾਂ ਦੀ ਜਥੇਬੰਦੀ ਦੀ ਹਮਾਇਤ ਚ ਜੁਟੀਏ ਅਤੇ ਬੁਲੰਦ ਅਵਾਜ਼ ਚ ਮੰਗ ਕਰੀਏ:



*   ਲੋਕਾਂ ਦੇ ਜਥੇਬੰਦ ਹੋਣ ਤੇ ਸੰਘਰਸ਼ ਕਰਨ ਦੇ ਹਕ ਤੇ ਸਾਰੀਆਂ   ਪਾਬੰਦੀਆਂ ਖਤਮ ਕੀਤੀਆਂ ਜਾਨ

*     ਰੂਥ ਦੀ ਮੌਤ ਲਈ ਜ਼ਿਮੇੰਦਾਰ ਪੁਲਸ ਅਧਿਕਾਰੀਆਂ ਦੇ ਖਿਲਾਫ਼    
   ਮੁਕਦਮਾ ਦਰਜ਼ ਕਰਕੇ ਉਹਨਾਂ ਨੂੰ ਢੁਕਵੀਂ ਸਜ਼ਾ ਦਿੱਤੀ ਜਾਵੇ

*  ਏਕਨੂਰ ਰੂਥ ਦੇ ਮਾਪਿਆਂ ਨੂੰ ਨਕਦ ਮੁਆਵਜ਼ਾ ਅਤੇ ਨੌਕਰੀ ਦਿੱਤੀ 
   ਜਾਵੇ

*    EGS ਅਧਿਆਪਕਾਂ ਦੀਆਂ ਮੰਗਾਂ ਪਰਵਾਨ ਕੀਤੀਆਂ ਜਾਨ, ਉਹਨਾਂ 
   ਨਾਲ ਵਖ ਵਖ ਸਮੇਂ ਕੀਤੇ ਵਾਅਦੇ ਪੂਰੇ ਕੀਤੇ ਜਾਨ 

ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਬਠਿੰਡਾ

No comments:

Post a Comment