StatCounter

Tuesday, February 18, 2014

SOME LESSONS FROM EGS TEACHERS' STRUGGLE -ਨੰਨ੍ਹੀ ਰੂਥ ਦੇ ਕਾਤਲਾਂ ਨੂੰ ਪਛਾਣੋ ਤੇ ਦੁਰਕਾਰੋਨੰਨ੍ਹੀ ਰੂਥ ਦੇ ਕਾਤਲਾਂ ਨੂੰ ਪਛਾਣੋ ਤੇ ਦੁਰਕਾਰੋ
 
VICTORY: Struggling EGS Teachers, who were sitting atop a water-tank at Bathinda, coming down after receiving appointment orders on 17.02.2014
 
14 month old Baby Eknoor Ruth, who died during the struggle of EGS Teachers due to police brutalities

ਪਿਆਰੇ ਲੋਕੋ,
      ਬੇਰੁਜ਼ਗਾਰ ਈ.ਟੀ.ਟੀ.ਅਧਿਆਪਕਾ ਕਿਰਨਜੀਤ ਦੀ ਨੰਨੀ ‘ਏਕਨੂਰ’ (ਰੂਥ) ਰੁਜ਼ਗਾਰ ਲਈ ਸੰਘਰਸ਼ ਕਰ ਰਹੀ ਆਪਣੀ ਮਾਂ ਦੀ ਬੁੱਕਲ ਵਿਚ ਸੁਪਨੇ ਲੈਂਦੀ ਲੈਂਦੀ ਸੁਪਨਾ ਹੋ ਗਈ ਹੈ। ਇਹ ਇਕ ਮਾਂ ਨਾਲ ਵਾਪਰੇ ਭਾਣੇ ਤੱਕ ਸੀਮਤ ਨਹੀਂ ਰਿਹਾ, ਸਭਨਾਂ ਮਾਵਾਂ, ਖਾਸ ਕਰਕੇ ਸੰਘਰਸ਼ ਕਰ ਰਹੀਆਂ ਸਭ ਮਾਵਾਂ ਅਤੇ ਸੰਘਰਸ਼ ਕਰ ਰਹੇ ਸਭਨਾਂ ਦੀਆਂ ਮਾਵਾਂ ਦੇ ਸੀਨੇ ਬਿੰਨ ਗਿਆ ਹੈ। ਨਾ ਸਿਰਫ ਮਾਵਾਂ ਦੇ ਹੀ, ਬਾਪੂਆਂ ਦੇ ਦਿਲਾਂ ਵਿੱਚੋਂ ਵੀ ਹੂਕ ਉੱਠੀ ਹੈ। ਹਰ ਕਿਸੇ ਦਾ ਗੱਚ ਭਰਿਆ ਹੈ। ਬੱਸ ਅੱਡਾ ਬੰਦ ਹੋਣ ਕਾਰਨ ਔਖਿਆਈਆਂ ਝੱਲ ਕੇ ਵੀ ਹਰ ਸਵਾਰੀ ਨੇ ਸੰਘਰਸ਼ ਵਿਚ ਯੋਗਦਾਨ ਪਾਇਆ ਹੈ। ਹਰ ਜਥੇਬੰਦ ਹਿੱਸੇ ਨੇ ਸੰਘਰਸ਼ ਨੂੰ ਹਮੈਤੀ ਕੰਨ੍ਹਾ ਲਾਇਆ ਹੈ।

      ਲੋਕ ਮੋਰਚਾ ਪੰਜਾਬ ਨੇ ਇਸ ਦੁੱਖ ਤੇ ਸੰਘਰਸ਼ ਦੀ ਘੜੀ ਵਿਚ ਸ਼ਰੀਕ ਹੋ ਕੇ ਨੰਨੀ ਰੂਥ ਦੀ ਕੁਰਬਾਨੀ ਨੂੰ ਸਿਜਦਾ ਕੀਤਾ ਹੈ। ਝੰਡਾ ਨਿਵਾਇਆ ਹੈ। ਗਮ ਨੂੰ ਗੁੱਸੇ ਵਿਚ ਬਦਲ ਕੇ ਸੰਘਰਸ਼ਾਂ ਨੂੰ ਤੇਜ਼ ਤੇ ਵਿਸ਼ਾਲ ਕਰਨ ਵਿਚ ਹਿੱਸਾ ਪਾਉਣ ਦਾ ਅਹਿਦ ਕੀਤਾ ਹੈ। ਆਪਣੇ ਪਿਆਰੇ ਲੋਕਾਂ ਨੂੰ, ਜਮਹੂਰੀ ਸ਼ਕਤੀਆਂ ਤੇ ਜਥੇਬੰਦ ਹਿੱਸਿਆਂ ਨੂੰ ਇਸ ਸੰਘਰਸ਼ ਵਿਚ ਹਿੱਸਾ ਪਾਉਣ ਦਾ ਸੱਦਾ ਦਿੱਤਾ ਹੈ।

      ਸਰਕਾਰ, ਉਸਦੇ ਮੰਤਰੀ ਤੇ ਅਧਿਕਾਰੀ ਅੱਜ ਕੁਝ ਵੀ ਕਹਿਣ, ਉਹਨਾਂ ਦੀਆਂ ਸਭ ਸ਼ਤਰੰਜੀਚਾਲਾਂ ਦੀ ਕੜੀ, ਉਹਨਾਂ ਦੇ ਚੁੱਲੇ ਵਿਚ ਹੀ ਮੁਧ ਚੁੱਕੀ ਹੈ। ਜਿਹੜੇ ਕਹਿੰਦੇ ਸੀ, ਇਹ ਪਾਸ ਨਹੀਂ ਹਨ। ਇਹਨਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਸਕਦਾ। ਇਹਨਾਂ ਦਾ ਸੰਘਰਸ਼ ਨਿਹੱਕਾ ਹੈ। ਸੰਘਰਸ਼ ਦੇ ਜ਼ੋਰ ਨੇ ਸਭ ਪੁੱਠੇ ਕਰ ਦਿੱਤੇ ਹਨ। ਉਹਨਾਂ ਨੂੰ ਸੱਦ ਕੇ ਮੀਟਿੰਗ ਕਰਕੇ ਸਭ ਕੁਝ ਦੇਣਾ ਪਿਆ ਹੈ। ਰਹਿੰਦੀਆਂ ਕਸਰਾਂ ਪੂਰੀਆਂ ਕਰਾਉਣ ਲਈ ਸੰਘਰਸ਼ ਦਾ ਝੰਡਾ ਚੁੱਕੀ ਰੱਖਣ ਦੇ ਉਹਨਾਂ ਦੇ ਐਲਾਨ ਹਨ।

ਸਰਕਾਰ ਤੇ ਉਸਦੇ ਸਿਵਲ ਤੇ ਪੁਲਸ ਅਧਿਕਾਰੀ ਇਹ ਕੁਝ ਦੇ ਕੇ ਵੀ ਨੰਨੀ ਰੂਥ ਦੀ ਮੌਤ ਦੇ ਦੋਸ਼ਾਂ ਤੋਂ ਬਚ ਨਹੀਂ ਸਕਦੇ। ਏਸੇ ਅਕਾਲੀਭਾਜਪਾ ਸਰਕਾਰ ਨੇ ਟੀਚਰ ਲੱਗਿਆ ਨੂੰ ਸਾਲ 2009 ਵਿਚ ਸੰਘਰਸ਼ ਦੇ ਦਬਾਅ ਹੇਠ ਇਕ ਵਿਸ਼ੇਸ਼ ਯੋਜਨਾ ਤਹਿਤ ਇਹਨਾਂ ਨੂੰ ਈ.ਟੀ.ਟੀ. ਦਾ ਕੋਰਸ ਕਰਵਾਇਆ ਸੀ ਤੇ ਕਿਹਾ ਸੀ ਕਿ ਪਾਸ ਕਰਨ ਵਾਲਿਆਂ ਨੂੰ ਰੈਗੂਲਰ ਰੁਜ਼ਗਾਰ ਦਿੱਤਾ ਜਾਵੇਗਾ। ਸਿੱਖਿਆ ਮੰਤਰੀ ਖੁਦ ਅਖਬਾਰਾਂ (8.2.2014) ਵਿਚ ਮੁੱਖ ਮੰਤਰੀ ਦੇ ਹਵਾਲੇ ਨਾਲ ਇਹੀ ਇਕਬਾਲ ਕਰ ਰਿਹਾ ਹੈ। ਫਿਰ ਹੁਣ ਤੱਕ ਰੁਜ਼ਗਾਰ ਨਾ ਦੇ ਕੇ ਸਰਕਾਰ ਨੇ ਇਹ ਮੁਜਰਮਾਨਾ ਰੋਲ ਨਿਭਾਇਆ ਹੈ। ਇਹ ਅਧਿਆਪਕ ਸਰਕਾਰੀ ਨੀਤੀਆਂ ਦੀ ਦੂਹਰੀ ਮਾਰ ਹੰਢਾਉਂਦੇ ਰਹੇ ਹਨ। ਇਹਨਾਂ ਨੂੰ ਨਾ ਸਿਰਫ ਬੇਰੁਜ਼ਗਾਰੀ ਤੇ ਗਰੀਬੀ ਦਾ ਸੰਤਾਪ ਭੋਗਣਾ ਪਿਆ, ਰੁਜ਼ਗਾਰ ਲਈ ਸੰਘਰਸ਼ ਕਰਦਿਆਂ ਨੂੰ ਅਣਗਿਣਤ ਵਾਰ ਪੁਲਸੀ ਡਾਗਾਂ ਦਾ ਸੇਕ ਵੀ ਹੰਢਾਉਣਾ ਪਿਆ ਹੈ।

ਜਥੇਬੰਦ ਹੋਣ ਤੇ ਰੋਸ ਪ੍ਰਗਟਾਉਣ ਦੇ ਬੁਨਿਆਦੀ ਤੇ ਜਮਹੂਰੀ ਹੱਕ 'ਤੇ ਰੋਕਾਂ ਲਾ ਕੇ ਤੇ ਪਾਬੰਦੀਆਂ ਮੜ ਕੇ ਨਾ ਸਿਰਫ ਜਬਾਨ-ਬੰਦੀ ਕੀਤੀ ਹੈ, ਬੇਰੁਜ਼ਗਾਰੀ ਤੇ ਭੁੱਖ ਦੇ ਮੌਤ ਜਬਾੜਿਆਂ ਵਿਚ ਵੀ ਧੱਕਿਆ ਹੈ ਅਤੇ ਟੈਂਕੀਆਂ 'ਤੇ ਚੜ ਕੇ ਮਰਨ ਲਈ ਮਜਬੂਰ ਵੀ ਕੀਤਾ ਹੈ। ਇੰਦਰਾ ਹਕੂਮਤ (1975) ਦੇ ਪੈੜਾਂ ਵਿੱਚ ਪੈਰ ਧਰਦਿਆਂ ਬਾਦਲ ਹਕੂਮਤ ਨੇ ਪੰਜਾਬ ਵਿਚ ਅਣਐਲਾਨੀ ਐਮਰਜੈਂਸੀ ਲਾਈ ਹੋਈ ਹੈ। ਕਿਸੇ ਗਰੀਬ ਤੇ ਸਾਧਾਰਨ ਬੰਦੇ ਨੂੰ ਸਰਕਾਰ ਕੋਲ ਆਵਦੀ ਗੱਲ ਕਹਿਣ ਦਾ, ਆਵਦਾ ਹੱਕ ਮੰਗਣ ਦਾ ਕੋਈ ਵੀ ਮੌਕਾ ਨਹੀਂ ਦਿੱਤਾ ਜਾ ਰਿਹਾ। ਸੰਗਤ ਦਰਸ਼ਨਾਂ ਦੇ ਢੌਂਗ ਵੇਲੇ ਵੀ ਨਹੀਂ। ਇਹਨਾਂ ਅਧਿਆਪਕਾਂ ਨੂੰ ਟੈਂਟ ਲਾਉਣ ਤੋਂ ਰੋਕਣ, ਟੈਂਟਾਂ ਵਾਲਿਆਂ ਨੂੰ ਟੈਂਟ ਨਾ ਦੇਣ ਲਈ ਤਾੜਨਾ, ਰੋਟੀ-ਚਾਹ ਤੇ ਕੰਬਲ ਰਜਾਈਆਂ ਦੇਣ ਵਾਲਿਆਂ ਨੂੰ ਧਮਕਾਉਣ ਅਤੇ ਇਹਨਾਂ ਉਪਰੋਂ ਰਜਾਈਆਂ ਖਿੱਚ ਕੇ ਲੈ ਜਾਣ ਵਾਲੇ ਪੁਲਸ ਅਧਿਕਾਰੀ ਜੁਰਮ ਦੇ ਭਾਗੀ ਹਨ।

ਨੰਨੀ ਰੂਥ ਦੀ ਮੌਤ ਦਾ ਸਵੇਰੇ ਤਿੰਨ ਵਜੇ ਪਤਾ ਲੱਗ ਜਾਣ ਉਪਰੰਤ ਅਤੇ ਇਹਨਾਂ ਸੰਘਰਸ਼ਸ਼ੀਲ ਅਧਿਆਪਕਾਂ ਵੱਲੋਂ ਰੋਸ ਵਜੋਂ ਸ਼ਾਮ ਤਿੰਨ ਵਜੇ ਬੱਸ ਅੱਡੇ ਮੂਹਰੇ ਸਰਕਾਰ ਦਾ ਸੱਥਰ ਵਿਛਾ ਕੇ ਬੈਠ ਜਾਣ ਤੱਕ ਸਰਕਾਰ ਦੇ ਨੁਮਾਇੰਦਿਆਂ ਦਾ ਸ਼ਹਿਰ ਵਿਚ ਹੀ ਪਾਸਾ ਵੱਟ ਕੇ ਬੋਚ ਕੇ ਘੁੰਮਦੇ ਰਹਿਣਾ, ਅਧਿਕਾਰੀਆਂ ਦਾ ਅਧਿਆਪਕਾਂ ਕੋਲ ਨਾ ਆਉਣਾ ਅਤੇ ਪੁਲਸੀ ਪਲਟਣਾਂ ਆਸਰੇ ਬੱਸ ਅੱਡਾ ਚਲਦਾ ਕਰਾਉਣ ਲਈ ਝਈਆਂ ਲੈਣਾ ਪੀੜਤਾਂ ਨਾਲ ਇਹਨਾਂ ਸਭ ਦੇ ਦੁਸ਼ਮਣਾਨਾ ਰਿਸ਼ਤੇ ਨੂੰ ਹੀ ਜ਼ਾਹਰ ਕਰਦਾ ਹੈ।

ਸੰਘਰਸ਼ ਦੇ ਬਣੇ ਦਬਾਅ ਤੇ ਮੀਡੀਏ ਦੇ ਪ੍ਰਚਾਰ ਮੂਹਰੇ ਬੁਰੀ ਤਰ੍ਹਾਂ ਫਸੀ-ਘਿਰੀ ਬਾਦਲ ਸਰਕਾਰ ਨੂੰ ਬਚਾਉਣ ਲਈ ਆਏ ਸਰਕਾਰ ਦੇ ਮੀਡੀਆ ਸਲਾਹਕਾਰ, ਸਿੱਖਿਆ ਮੰਤਰੀ ਤੇ ਸਿਵਲ ਸਰਜਨ ਬਠਿੰਡਾ ਨੇ ਅਖਬਾਰੀ ਬਿਆਨਾਂ ਰਾਹੀਂ ਨੰਨੀ ਰੂਥ ਦੀ ਮੌਤ ਬਾਰੇ ਹਕੂਮਤੀ ਟਿੱਪਣੀਆਂ ਕਰਕੇ ਆਪਣੇ ਆਪ ਨੂੰ ਦੋਸ਼ੀਆਂ ਦੀ ਕਤਾਰ ਵਿੱਚ ਮੂਹਰੇ ਖੜਾ ਲਿਆ ਹੈ। ਫਰੀਦਕੋਟ ਅਗਵਾ ਕਾਂਡ ਵਿਚ ਘਿਰੀ ਬਾਦਲ ਸਰਕਾਰ ਨੂੰ ਬਚਾਉਣ ਲਈ ਵੀ ਏਸੇ ਮੀਡੀਆ ਸਲਾਹਕਾਰ ਨੇ ਅਗਵਾਕਾਰ ਟੋਲੇ ਦੇ ਪੱਖ ਵਿੱਚ, ਅਗਵਾ ਨਾਬਾਲਗ ਬੱਚੀ ਦੇ ਖਿਲਾਫ ਅਤੇ ਸੰਘਰਸ਼ ਕਰ ਰਹੇ ਲੋਕਾਂ ਨੂੰ ਡਰਾਉਣ ਲਈ ਕੁਫਰ ਤੇ ਕਹਿਰ ਦੀਆਂ ਚੱਲੀਆਂ ਬੇਸ਼ਰਮ ਨਰਦਾਂ ਨੂੰ ਲੋਕਾਂ ਦੇ ਸੰਘਰਸ਼ ਨੇ ਥਾਈਂ ਹੀ ਕੁੱਟ ਧਰਿਆ ਸੀ।

ਸਰਕਾਰ ਅਤੇ ਉਸਦੇ ਸਿਵਲ ਤੇ ਪੁਲਸ ਅਧਿਕਾਰੀਆਂ ਦਾ ਇਹ ਮੁਜਰਮਾਨਾ ਕਿਰਦਾਰ, ਇਥੇ ਚੱਲ ਰਹੇ ਲੁਟੇਰੇ ਤੇ ਜਾਬਰ ਆਰਥਿਕ, ਸਮਾਜਿਕ ਤੇ ਰਾਜਨੀਤਿਕ ਨਿਜ਼ਾਮ ਦੀ ਦੇਣ ਹੈ। ਇਹ ਮੌਜੂਦਾ ਨਿਜ਼ਾਮ, ਜਿੰਨਾ ਕੋਲ ਬਹੁਤੀਆਂ ਜਮੀਨਾਂ ਤੇ ਬਹੁਤੀ ਪੂੰਜੀ ਹੈ, ਉਹਨਾਂ ਮੁੱਠੀ ਭਰ ਵੱਡਿਆਂ ਜਗੀਰਦਾਰਾਂ ਤੇ ਸਰਮਾਏਦਾਰਾਂ ਦਾ ਹੈ। ਇਨਾਂ ਦੀ ਸਾਮਰਾਜੀ ਲੁਟੇਰਿਆਂ ਤੇ ਜਰਵਾਣਿਆਂ ਨਾਲ ਜੋਟੀ ਹੈ।ਨਿਜ਼ਾਮ ਹੁੰਦਾ ਹੀ, ਜਮੀਨਾਂ ਤੇ ਪੂੰਜੀ ਦੀ ਮਾਲਕੀ ਵਾਲਿਆਂ ਦੀ ਮੁੱਠੀ ਵਿਚ ਹੈ। ਇਹਨਾਂ ਜਗੀਰਦਾਰਾਂ ਤੇ ਸਰਮਾਏਦਾਰਾਂ ਨੇ ਲੋਕਾਂ ਨੂੰ ਜਾਤਾਂ, ਧਰਮਾਂ, ਇਲਾਕਿਆਂ ਵਿਚ ਪਾੜ ਕੇ ਰੱਖਣ, ਗਰੀਬ ਤੇ ਬੇਰੁਜ਼ਗਾਰ ਬਣਾਕੇ ਰੱਖਣ, ਸਾਧਨਾਂ ਤੋਂ ਵਾਂਝੇ ਰੱਖਣ, ਹਕੂਮਤੀ ਦਬਸ਼ ਹੇਠ ਰੱਖਣ ਅਤੇ ਇਹਨਾਂ ਸਭ ਉਤੇ ਅਖੌਤੀ ਲੋਕਰਾਜ ਤੇ ਗਣਰਾਜ ਦੇ ਛਲਾਵੇ ਦਾ ਗਿਲਾਫ ਚੜਾ ਕੇ ਰੱਖਣ ਵਾਲੇ ਕਾਨੂੰਨ ਘੜੇ ਤੇ ਮੜੇ ਹੋਏ ਹਨ। ਇਹਨਾਂ ਨੇ ਹੀ ਰਾਜ ਦੇ ਵੱਡੇ ਥੰਮ ਵਿਧਾਨ-ਪਾਲਿਕਾ ਕਾਰਜ-ਪਾਲਿਕਾ ਨਿਆਂ-ਪਾਲਿਕਾ ਖੜੇ ਕੀਤੇ ਹਨ। ਪੁਲਸ-ਫੌਜ਼ ਬਣਾਈ ਹੈ।

ਲੋਕਾਂ ਵਿਚੋਂ ਹੀ ਲੋਕਾਂ 'ਤੇ ਚੌਧਰ ਤੇ ਛਟੀ ਚਲਾਉਣ ਦੇ ਸ਼ੌਕੀਨਾਂ ਦੀਆਂ ਬਣਾਈਆਂ ਸਰਕਾਰਾਂ ਅਤੇ ਅਧਿਕਾਰੀਆਂ ਰਾਹੀਂ ਆਵਦਾ ਲੁੱਟ ਦਾ ਰਾਜ ਚਲਾਉਂਦੇ ਆ ਰਹੇ ਹਨ। ਪੁਲਸਾਂ ਫੌਜਾਂ ਰਾਹੀਂ ਰਾਖੀ ਤੇ ਵਧਾਰਾ ਕਰ ਰਹੇ ਹਨ। ਸਰਕਾਰ ਵਿਚ ਜਾਂ ਕਿਸੇ ਅਹੁਦੇ 'ਤੇ ਵਿਅਕਤੀ ਜਿਹੋ ਜਿਹਾ ਮਰਜੀ ਆ ਜਾਵੇ, ਉਹ ਹਾਕਮਾਂ ਦੇ ਵਿਧੀ-ਵਿਧਾਨ ਅਨੁਸਾਰ ਹੀ ਚੱਲੇਗਾ। 64 ਸਾਲਾਂ ਦਾ ਮੁਲਕ ਦਾ ਅਮਲ ਏਸੇ ਦੀ ਗਵਾਹੀ ਭਰ ਰਿਹਾ ਹੈ। 

1947 ਵੇਲੇ ਮੁਲਕ ਵਿੱਚ ਉੱਠੀ ਸਾਮਰਾਜ ਵਿਰੋਧੀ ਲਹਿਰ ਨੂੰ ਝਕਾਨੀ ਦੇਣ ਲਈ ਅਤੇ 'ਆਵਦੇ ਰਾਜ' ਦਾ ਛਲਾਵਾ ਬਣਿਆ ਰਹਿਣ ਦੇਣ ਲਈ ਲੋਕ ਭਲਾਈ ਦੇ ਨਾਂ ਹੇਠ ਦਿੱਤੀਆਂ ਰਿਆਇਤਾਂ ਰਾਹਤਾਂ ਨੂੰ ਛਾਂਗਿਆ ਜਾ ਰਿਹਾ ਹੈ, ਬਹੁਤ ਸਾਰੀਆਂ ਛਾਂਗ ਦਿੱਤੀਆਂ ਗਈਆਂ ਹਨ। ਏਸੇ ਕਰਕੇ ਹੁਣ ਇਥੇ ਸਰਕਾਰ ਭਾਵੇਂ ਅਕਾਲੀ ਪਾਰਟੀ ਦੀ ਹੋਈ, ਭਾਵੇਂ ਕਾਂਗਰਸ ਪਾਰਟੀ ਦੀ ਜਾਂ ਗਵਰਨਰੀ ਰਾਜ ਹੋਇਆ, ਰੁਜਗਾਰ ਚਾਹੁਣ ਵਾਲਿਆਂ ਨੂੰ ਸੰਘਰਸ਼ ਕਰਨਾ ਪੈਂਦਾ ਹੈ ਤੇ ਹਕੂਮਤੀ ਜਬਰ ਝੱਲਣਾ ਪੈਂਦਾ ਹੈ।

ਆਪਣੇ ਦੁੱਖਾਂ ਦਰਦਾਂ ਦੇ ਦੋਖੀ ਤੇ ਦੋਸ਼ੀ ਇਸ ਨਿਜ਼ਾਮ ਨੂੰ ਬਦਲੇ ਬਿਨਾਂ ਲੋਕੋ, ਆਪਣੀ ਹਾਲਤ ਨਹੀਂ ਬਦਲਣੀ। ਲੋਕੀਂ, ਜਿਥੇ ਜਥੇਬੰਦ ਹੋ ਜਾਂਦੇ ਹਨ, ਚੇਤੰਨ ਹੋ ਜਾਂਦੇ ਹਨ, ਵੱਡੀ ਲਾਮਬੰਦੀ ਕਰ ਲੈਂਦੇ ਹਨ, ਇਰਾਦੇ ਦ੍ਰਿੜ ਕਰ ਲੈਂਦੇ ਹਨ ਤੇ ਨਿਰੰਤਰ ਖਾੜਕੂ ਘੋਲਾਂ ਦੇ ਸਵੱਲੜੇ ਰਾਹ ਚੱਲ ਪੈਂਦੇ ਹਨ, ਉਹ ਨਿਜ਼ਾਮ ਬਦਲ ਦਿੰਦੇ ਹਨ। ਆਵਦੀ ਹੋਣੀ ਆਵਦੇ ਹੱਥ ਕਰ ਲੈਂਦੇ ਹਨ। ਇਹੀ ਮੁਕਤੀ ਦਾ ਰਾਹ ਹੈ।

ਲੋਕ ਮੋਰਚਾ ਪੰਜਾਬ ਲੋਕ ਘੋਲਾਂ ਦੇ ਸਦਾ ਹੀ ਅੰਗ ਸੰਗ ਰਹਿੰਦਾ ਹੋਇਆ ਆਪਣੇ ਪਿਆਰੇ ਲੋਕਾਂ ਤੇ ਸੰਘਰਸ਼ਸ਼ੀਲ ਇਹਨਾਂ ਅਧਿਆਪਕਾਂ ਨੂੰ ਹੋਸ਼ਿਆਰ ਖਬਰਦਾਰ ਕਰਦਾ ਹੈ ਕਿ ਘੋਲਾਂ ਵਿਚ ਹਮਾਇਤ ਲੈਣੀ ਬੜੀ ਜ਼ਰੂਰੀ ਹੁੰਦੀ ਹੈ ਪਰ ਚੌਕਸ ਨਿਗਾਹ ਰੱਖਣ ਦੀ ਲੋੜ ਹੈ। ਅੱਜ ਕੱਲ੍ਹ ਵੋਟਾਂ ਡੁੰਗਣ ਦੀ ਰੁੱਤ ਹੈ। ਇਸ ਰੁੱਤ ਵਿਚ ਗੱਦੀਆਂ ਦੇ ਲੋਭੀ ਸਿਆਸਤਦਾਨਾਂ ਦੇ ਲੋਕ ਹਿਤਾਂ ਦੇ ਪਰਦੇ ਪਾਏ ਹੁੰਦੇ ਹਨ। ਖਿਆਲ ਰੱਖਿਓ, ਸੰਘਰਸ਼ਾਂ ਦੇ ਖੇਤ ਵਿਚੋਂ ਕੋਈ ਰੁੱਗ ਭਰ ਕੇ ਨਾ ਲੈ ਜਾਵੇ। ਆਪਣੇ ਤਾਂ ਏਕਾ ਤੇ ਘੋਲ ਹੀ ਕੰਮ ਆਉਣਾ ਹੈ। ਜਥੇਬੰਦੀ ਤੇ ਸੰਘਰਸ਼ ਹੀ ਢਾਲ ਤੇ ਤਲਵਾਰ ਹੈ। ਏਸੇ 'ਤੇ ਟੇਕ ਰੱਖੋ। ਏਸੇ ਨੂੰ ਮਜਬੂਤ ਕਰੋ।
ਵੱਲੋਂ
ਸੂਬਾ ਕਮੇਟੀ, ਲੋਕ ਮੋਰਚਾ ਪੰਜਾਬ
ਪ੍ਰਕਾਸ਼ਕ: ਜਗਮੇਲ ਸਿੰਘ ਜਨਰਲ ਸਕੱਤਰ (9417224822)
(10.02.2014)

No comments:

Post a Comment