StatCounter

Saturday, October 4, 2014

ਹਨੇਰਾ ਨਿਗਲ ਰਿਹੈ ਰੌਸ਼ਨ-ਦਿਮਾਗ ਧੀਆਂ ਨੂੰ

ਹਨੇਰਾ ਨਿਗਲ ਰਿਹੈ ਰੌਸ਼ਨ-ਦਿਮਾਗ ਧੀਆਂ ਨੂੰ

-ਅਮੋਲਕ ਸਿੰਘ


ਪੀ.ਐਮ.ਟੀ. ਦੇ ਇਮਤਿਹਾਨ ਸਮੇਂ ਪੰਜਾਬ ਵਿੱਚੋਂ ਪੰਜਵਾਂ ਸਥਾਨ ਹਾਸਲ ਕਰਨ ਵਾਲੀ, ਪੰਜ ਮਹੀਨੇ ਤੱਕ ਮੈਡੀਕਲ ਖੇਤਰ ‘ਚ ਐਮ.ਡੀ. ਦੀ ਡਿਗਰੀ ਹਾਸਲ ਕਰਨ ਵਾਲੀ 27 ਵਰ੍ਹਿਆਂ ਦੀ ਸੁਪ੍ਰੀਆ, ਦਇਆ ਨੰਦ ਮੈਡੀਕਲ ਹਸਪਤਾਲ ਅਤੇ ਕਾਲਜ ਵਿੱਚ ਆਪਣੀ ਵਿਦਵਤਾ ਪੱਖੋਂ ਕਿਸੇ ਜਾਣਕਾਰੀ ਦੀ ਮੁਥਾਜ ਨਹੀਂ। ਅਜੇਹੀ ਲੜਕੀ ਕਾਲਜ ਦੇ ਹੀ ਹੋਸਟਲ ਦੇ ਕਮਰੇ ਵਿੱਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਗਈ। ਉਹ ਆਪ ਇਸ ਸੰਸਾਰ ਨੂੰ ਅਲਵਿਦਾ ਆਖ ਗਈ; ਪਿੱਛੇ ਛੱਡ ਗਈ ਹੱਥ ਲਿਖਤ। ਪੰਜਾਬੀ ਅਤੇ ਅੰਗਰੇਜ਼ੀ ਦੋਵੇਂ ਭਾਸ਼ਾਵਾਂ ਵਿੱਚ ਲਿਖੀ ਉਸ ਦੀ ਲਿਖਤ ਬੋਲਦੀ ਹੈ:
‘‘ਮੰਮੀ, ਪਾਪਾ, ਆਈ ਐਮ ਟਾਇਰਡ ਨਓ। ਮੈਂ ਕੱਲੇ ਲੜ ਲੜ ਕੇ ਥੱਕ ਗਈ ਹਾਂ। ਹੁਣ ਮੈਥੋਂ ਹੋਰ ਨਹੀਂ ਸਹ ਹੁੰਦਾ। ਮੇਰੀ ਬੱਸ ਹੋ ਗਈ ਹੈ। ਪਾਪਾ ਤੁਸੀਂ ਟੈਨਸ਼ਨ ਨਹੀਂ ਲੈਣੀ। ਤੁਹਾਡੇ ਕੋਲ ਨਨੂੰ ਹੈ। ਉਹਦੇ ਬਾਰੇ ਸੋਚਿਓ। ਮੇਰੇ ਬਾਰੇ ਸੋਚਕੇ ਆਪਣੀ ਸਿਹਤ ਰਾਬ ਨਾ ਕਰਨਾ। ਮੈਂ ਨਹੀਂ ਚਾਹੁੰਦੀ ਮੇਰੀ ਵਜ੍ਹਾ ਨਾਲ ਨਨੂੰ ਦੀ ਲਾਈਫ਼ ਰਾਬ ਹੋਵੇ।‘‘

ਇਹ ਕੁੱਝ ਸਾਡੇ ਸਮਿਆਂ ਵਿੱਚ ਹੀ ਹੋਣਾ ਸੀ ਕਿ ਮੈਡੀਕਲ ਸਿੱਖਿਆ ਦੇ ਖੇਤਰ ‘ਚ ਉਭਰਦੀ ਇੱਕ ਧੀ ਨੇ ਮੌਤ ਨੂੰ ਗਲੇ ਲਗਾਉਂਦੇ ਹੋਏ, ਜ਼ਿੰਦਗੀ ਦਾ ਅੰਤ ਕਰਦੇ ਹੋਏ ਅਜੇਹਾ ਨੋਟ ਲਿਖਣਾ ਸੀ। ਜ਼ਿੰਦਗੀ ਅਤੇ ਮੌਤ ਬਾਰੇ ਪ੍ਰੀਭਾਸ਼ਾ ਹੀ ਬਦਲ ਜਾਣ ਵਾਲੀ ਚਿੰਤਾਜਨਕ ਮਨੋਦਸ਼ਾ ਤੱਕ ਪਹੁੰਚ ਰਹੀ ਜੁਆਨੀ ਨੂੰ ਇਸ ਮੁਕਾਮ ‘ਤੇ ਪਹੁੰਚਾਉਣ ਵਾਲੀ ਹਵਾ ਜੇ ਏਦਾਂ ਹੀ ਰਹੀ ਤਾਂ ਹੋਰ ਅਨੇਕਾਂ ਘਰਾਂ ਦੇ ਚਿਰਾਗ਼ ਵੀ ਇਉਂ ਹੀ ਬੁਝਦੇ ਰਹਿਣਗੇ।

ਸੁਪ੍ਰੀਆ ਦੇ ਪਿਤਾ, ਜਲੰਧਰ ਜ਼ਿਲੇ ਦੇ ਸਿਹਤ ਅਫ਼ਸਰ ਹਨ। ਉਹਨਾਂ ਦੇ ਨੈਣਾ ਦਾ ਨੀਰ ਸੁੱਕ ਅਤੇ ਮੁੱਕ ਚੁੱਕਾ ਹੈ। ਮਾਂ ਪ੍ਰੋ. ਰਜਿੰਦਰ ਕੌਰ, ਧਰਤੀ ਨਾਲ ਲੱਗ ਗਈ। ਐਮ.ਬੀ.ਬੀ.ਐਸ. ਕਰਦਾ ਭਰਾ ਨਨੂੰ ਗਹਿਰੀਆਂ ਸੋਚਾਂ ‘ਚ ਡੁੱਬ ਗਿਆ ਹੈ। ਉਸਦਾ ਕਹਿਣਾ ਹੈ ਕਿ,‘‘ਸਾਨੂੰ ਸਰੀਰਕ ਬਿਮਾਰੀਆਂ ਦੇ ਕਾਰਨਾਂ ਅਤੇ ਇਲਾਜ ਬਾਰੇ ਤਾਂ ਗਿਆਨ ਹਾਸਲ ਕਰਨ ਦਾ ਮੌਕਾ ਮਿਲ ਰਿਹੈ ਪਰ ਸਮਾਜ ਨੂੰ ਚਿੰਬੜੀਆਂ ਇਹਨਾਂ ਮਰਜ਼ਾਂ ਦਾ ਇਲਾਜ ਕਿਵੇਂ ਹੋਏਗਾ ਇਸਦੀ ਡੂੰਘੀ ਖੋਜ਼ ਕੌਣ ਕਰੇਗਾ?
ਸੁਪ੍ਰੀਆ ਦੇ ਮਾਪਿਆਂ ਦੀ ਦਰਦ-ਪਰੁੰਨੀ ਕਹਾਣੀ ਸੁਣਕੇ ਕਾਲਜੇ ਦਾ ਰੁੱਗ ਭਰਿਆ ਜਾਂਦਾ ਹੈ। ਉਹਨਾਂ ਨੂੰ ਸੁਪ੍ਰੀਆ ਲਗਾਤਾਰ ਦੱਸਦੀ ਰਹੀ ਕਿ ਡਾ. ਦੀਪਕ ਭੱਟ ਅਤੇ ਡਾ. ਪੁਨੀਤ ਲਗਾਤਾਰ ਤੰਗ-ਪ੍ਰੇਸ਼ਾਨ ਕਰਦੇ ਹਨ। ਉਸਦੇ ਪਿਤਾ ਡਾ. ਬਲਵਿੰਦਰ ਸਿੰਘ ਉਹਨਾਂ ਕੋਲ ਜਾ ਕੇ ਰੋਸ ਵੀ ਪ੍ਰਗਟ ਕਰਕੇ ਆਏ।


ਹਸਪਤਾਲ ‘ਚ ਇਹ ਵੀ ਚਰਚਾ ਹੈ ਕਿ ਘਟਨਾ ਵਾਲੇ ਦਿਨ ਵਾਰਡ ਵਿੱਚ ਉਸਨੂੰ ਜ਼ਲੀਲ ਕੀਤਾ ਗਿਆ। ਉਹ ਰੋਂਦੀ ਗਈ। ਜਿਉਂ ਹੀ ਮਾਪਿਆਂ ਨੂੰ ਪਤਾ ਲੱਗਾ ਕਿ ਉਹ ਮਿਲ ਨਹੀਂ ਰਹੀ, ਤਾਂ ਉਹ ਉਸੇ ਵਕਤ ਜਲੰਧਰ ਤੋਂ ਲੁਧਿਆਣੇ ਲਈ ਰਵਾਨਾ ਹੋ ਗਏ। ਉਹਨਾਂ ਦੇ ਜਾਣ ਤੋਂ ਪਹਿਲਾਂ ਹੀ ਸੁਪ੍ਰੀਆ ਦੇ ਕਮਰੇ ਦਾ ਦਰਵਾਜਾ ਤੋੜ ਦਿੱਤਾ ਗਿਆ। ਉਸ ਵੱਲੋਂ ਲਿਖਿਆ ਜਿਹੜਾ ਖੁਦਕੁਸ਼ੀ ਨੋਟ ਦਿਖਾਇਆ ਗਿਆ ਉਸਦੀ ਫੋਟੋਸਟੇਟ ਕਾਪੀ ਹੀ ਮਾਪਿਆਂ ਨੂੰ ਦਿੱਤੀ ਗਈ। ਉਹ ਸਫ਼ਾ ਗਹੁ ਨਾਲ ਪੜਤਾਲਿਆਂ ਪਤਾ ਲੱਗਦਾ ਹੈ ਕਿ ਉਹ ਡਾਇਰੀ ਦਾ ਸਫ਼ਾ ਹੈ। ਉਹ ਡਾਇਰੀ ਕਿੱਥੇ ਹੈ? ਫੋਟੋਸਟੇਟ ਦਾ ਸਫ਼ਾ ਹੀ ਕਿਉਂ ਦਿੱਤਾ ਗਿਆ। ਉਸ ਡਾਇਰੀ ਨੂੰ ਗੁੰਮ ਕਿਉਂ ਕੀਤਾ ਗਿਆ? ਕੀ ਪਤੈ ਉਸਨੇ ਕਿਸੇ ਹੋਰ ਸਫ਼ੇ ‘ਤੇ ਕੁੱਝ ਹੋਰ ਵੀ ਲਿਖਿਆ ਹੋਵੇ। ਇੱਕ ਤਿੱਖਾ ਸੁਆਲ ਇਹ ਉਠਦਾ ਹੈ ਕਿ ਜਦੋਂ ਸੁਪ੍ਰੀਆ ਦੇ ਮਾਪੇ ਲਿਖਤੀ ਤੌਰ ‘ਤੇ ਪੁਲਸ ਕੋਲ ਐਫ.ਆਈ.ਆਰ. ਦਰਜ ਕਰਾਉਣ ਸਮੇਂ ਲਿਖਕੇ ਦੇ ਕੇ ਆਏ ਹਨ ਕਿ ਡਾ. ਦੀਪਕ ਭੱਟ ਅਤੇ ਡਾ. ਪੁਨੀਤ ਉਸਦੀ ਮੌਤ ਦੇ ਜ਼ਿੰਮੇਵਾਰ ਹਨ ਫ਼ਿਰ ਉਹਨਾਂ ‘ਤੇ ਯੋਗ ਧਾਰਾਵਾਂ ਲਗਾਕੇ ਗ੍ਰਿਫ਼ਤਾਰੀ ਕਿਉਂ ਨਹੀਂ? ਪੁਲਸ ਕਮਿਸ਼ਨਰ ਦਾ ਪ੍ਰੈਸ ਅੱਗੇ ਇਹ ਕਹਿਣਾ ਕਿ ਪੜਤਾਲ ‘ਚ ਜੇ ਉਹ ਦੋਸ਼ੀ ਪਾਏ ਗਏ ਤਾਂ ਕਾਰਵਾਈ ਕੀਤੀ ਜਾਏਗੀ। ਜਦੋਂ ਸੁਪ੍ਰੀਆ, ਮਾਪਿਆਂ ਨੂੰ ਉਹਨਾਂ ਵੱਲੋਂ ਤੰਗ ਪ੍ਰੇਸ਼ਾਨ ਕਰਨ ਬਾਰੇ ਅਗਾਉਂ ਸੂਚਿਤ ਕਰਦੀ ਰਹੀ ਅਤੇ ਮਾਪੇ ਲਿਖਤੀ ਤੌਰ ‘ਤੇ ਦੋਸ਼ੀਆਂ ‘ਤੇ ਉਗਲ ਧਰ ਰਹੇ ਹਨ। ਕੀ ਮਾਪਿਆਂ ਦੇ ਹਲਫ਼ੀਆ ਬਿਆਨ ਦੀ ਕਾਨੂੰਨ ਦੀਆਂ ਨਜ਼ਰਾਂ ‘ਚ ਕੋਈ ਕੀਮਤ ਨਹੀਂ? 

ਪੜਤਾਲੀਆਂ ਕਮੇਟੀਆਂ ਚੋਰ ਮੋਰੀਆਂ ਰਾਹੀਂ ਦੋਸ਼ੀਆਂ ਨੂੰ ਬਰੀ ਕਰਨ ਦਾ ਹੀ ਸਾਧਨ ਬਣਦੀਆਂ ਹਨ। ਪੰਜਾਬ ਅੰਦਰ ਲੋਕ-ਹੱਕਾਂ ਲਈ ਜੂਝਣ ਵਾਲਿਆਂ ਉਪਰ ਪਿਛਲੇ 4-5 ਸਾਲ ਪੁਰਾਣੇ ਕੇਸ ਵੀ ਮੜ੍ਹੇ ਜਾ ਰਹੇ ਹਨ। ਉਹਨਾਂ ਨੂੰ ਝੂਠੇ ਕੇਸਾਂ ‘ਚ ਫਸਾਇਆ ਜਾ ਰਿਹਾ ਹੈ। ਪਰ ਜਦੋਂ ਸੁਪ੍ਰੀਆ ਵਰਗੀਆਂ ਕੁੜੀਆਂ ਦਾ ਮਾਮਲਾ ਹੋਵੇ ਉਸ ਵੇਲੇ ਕਾਨੂੰਨ ਹੋਰ ਦਾ ਹੋਰ ਹੋ ਜਾਂਦਾ ਹੈ।
ਸੁਪ੍ਰੀਆ ਇੱਕਲੀ ਨਹੀਂ। ਪੰਜਾਬ ਅੰਦਰ ਏਸੇ ਮਹੀਨੇ ਹੀ ਰਾਜਵਿੰਦਰ ਕੌਰ ਸੁਨਾਮ ਅਤੇ ਕਰਮਜੀਤ ਕੌਰ ਪਿੰਡ ਟਾਹਲੀਆਂ (ਮਾਨਸਾ) ਨੇ ਖੁਦਕੁਸ਼ੀ ਕੀਤੀ ਹੈ। ਤਿੰਨੇ ਕੁੜੀਆਂ ਮਜ਼ਦੂਰ ਪਰਿਵਾਰਾਂ ‘ਚੋਂ ਹਨ। ਸੁਪ੍ਰੀਆ ਪੜਾਈ ‘ਚ ਅਵੱਲ ਦਰਜੇ ਹਾਸਲ ਕਰਦੀ ਆ ਰਹੀ ਸੀ। ਰਾਜਵਿੰਦਰ ਹਾਕੀ ਦੀ ਮੰਨੀ-ਪ੍ਰਮੰਨੀ ਖਿਡਾਰਨ ਸੀ। ਉਹ ਚਾਰ ਵਾਰ ਸਟੇਟ ਇਕ ਵਾਰ ਨੈਸ਼ਨਲ ਖੇਡਕੇ ਆਈ। ਘਰ ਆਰਥਕ ਤੰਗੀਆਂ ਨੇ ਭੰਨਿਆ ਹੈ। ਸਰਕਾਰ ਨੇ ਸਪੋਰਟਸ ਵਿੰਗ ਰਾਹੀਂ ਮਿਲਦੀ ਸਹਾਇਤਾ ਉਪਰ ਕਾਂਟਾ ਮਾਰ ਦਿੱਤਾ। ਨਿਰਾਸ਼ਤਾ ਦੇ ਆਲਮ ‘ਚ ਘਿਰੀ ਰਾਜਵਿੰਦਰ ਨੇ ਰੇਲ ਗੱਡੀ ਅੱਗੇ ਛਾਲ ਮਾਰ ਦਿੱਤੀ। ਇਉਂ ਹੀ ਕਰਮਜੀਤ ਈ.ਟੀ.ਟੀ. ਕਰਨ ਉਪਰੰਤ ਆਪਣੇ ਮਾਪਿਆਂ ਦੇ ਨਾਲ ਸੰਘਰਸ਼ ਦੇ ਮੈਦਾਨ ‘ਚ ਕੁੱਦਦੀ ਰਹੀ। ਬੇਰੁਜ਼ਗਾਰੀ ਦੇ ਤੰਦੂਰ ‘ਚ ਸੜਦੀ ਉਹ ਆਫ਼ਤਾਂ ਅੱਗੇ ਹਾਰ ਗਈ।
ਇਹ ਵਰਤਾਰਾ ਸਮਾਜ ਦੇ ਸਭਨਾਂ ਸੰਵੇਦਨਸ਼ੀਲ ਹਿੱਸਿਆਂ ਦਾ ਧਿਆਨ ਖਿੱਚਦਾ ਹੈ। ਇਸ ਕਰਕੇ ਹੀ ਸੁਪ੍ਰੀਆ ਦੇ ਸ਼ਰਧਾਂਜ਼ਲੀ ਸਮਾਗਮ ‘ਤੇ 5 ਅਕਤੂਬਰ ਨੂੰ ਭੋਗਪੁਰ (ਜਲੰਧਰ) ਵਿਖੇ ਰੋਹ-ਭਰਿਆ ਮਾਰਚ, ਹੱਥਾਂ ‘ਚ ਮੋਮਬੱਤੀਆਂ ਲੈ ਕੇ ਕੀਤਾ ਜਾ ਰਿਹਾ ਹੈ। ਇਹ ਮਾਰਚ ਇਕ ਸੁਨੇਹਾ ਹੈ ਕਿ ਸਮਾਜ ਆਪਣੇ ਫ਼ਰਜ਼ਾਂ ਦੀ ਪਹਿਚਾਣ ਕਰਦੇ ਹੋਏ ਅੱਗੇ ਆਏ ਨਹੀਂ ਤਾਂ ਹਨੇਰਾ, ਰੌਸ਼ਨ ਦਿਮਾਗ ਧੀਆਂ ਨੂੰ ਨਿਗਲਦਾ ਰਹੇਗਾ।

ਸੰਪਰਕ: 94170 76735
  

No comments:

Post a Comment