StatCounter

Tuesday, January 22, 2019

ਲੋਕ ਮੋਰਚਾ ਪੰਜਾਬ ਦੀ ਸੂਬਾਈ ਕਨਵੈਨਸ਼ਨ

ਲੋਕ ਮੋਰਚਾ ਪੰਜਾਬ ਦੀ ਸੂਬਾਈ ਕਨਵੈਨਸ਼ਨ



ਮੌਜੂਦਾ ਲੁਟੇਰੇ ਰਾਜ-ਭਾਗ ਦੀ ਥਾਂ ਲੋਕਾਂ ਦੀ ਪੁੱਗਤ ਵਾਲੇ ਖਰੇ ਲੋਕ ਰਾਜ ਦਾ ਬਦਲ ਉਭਾਰਨ ਲਈ ਸਰਗਰਮ ਹੋਣ ਦਾ ਸੱਦਾ
ਬਠਿੰਡਾ, ੨੦ ਜਨਵਰੀ - ਲੋਕ ਮੋਰਚਾ ਪੰਜਾਬ ਦੀ ਸੂਬਾਈ ਜਥੇਬੰਦਕ ਕਨਵੈਨਸ਼ਨ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਣੇ ਹੱਕੀ ਮੰਗਾਂ ਮਸਲਿਆਂ ਲਈ ਚਲਦੇ ਸੰਘਰਸ਼ਾਂ ਨੂੰ ਖਰਾ ਲੋਕਰਾਜ ਉਸਾਰਨ ਦੀ ਮੰਜ਼ਿਲ ਤੱਕ ਲੈ ਜਾਣ ਦਾ ਇਰਾਦਾ ਧਾਰਨ ਕਿਉਂਕਿ ਲੋਕਾਂ ਦੀਆਂ ਸਭਨਾਂ ਮੁਸ਼ਕਲਾਂ ਦਾ ਹੱਲ ਮੌਜੂਦਾ ਲੁਟੇਰੇ ਰਾਜ 'ਚ ਨਹੀਂ ਸਗੋਂ ਲੋਕਾਂ ਦੀ ਪੁੱਗਤ ਵਾਲੇ ਖਰੇ ਜਮਹੂਰੀ ਲੋਕ ਰਾਜ ਦੀ ਸਿਰਜਨਾ ਨਾਲ ਹੀ ਹੋ ਸਕਦਾ ਹੈ। ਲੋਕਾਂ ਮੂਹਰੇ ਖਰੇ ਲੋਕ ਰਾਜ ਦੀ ਲੋੜ ਉਭਾਰਨ ਤੇ ਪ੍ਰਚਾਰਨ ਦੇ ਮਕਸਦ ਨੂੰ ਪ੍ਰਣਾਈ ਜਥੇਬੰਦੀ ਲੋਕ ਮੋਰਚਾ ਪੰਜਾਬ ਨੇ ਅੱਜ ਟੀਚਰਜ਼ ਹੋਮ ਬਠਿੰਡਾ 'ਚ ਕੀਤੀ ਆਪਣੀ ਸੂਬਾਈ ਜਥੇਬੰਦਕ ਕਨਵੈਨਸ਼ਨ 'ਚ ਇਨਕਲਾਬੀ ਬਦਲ ਉਭਾਰਨ ਪ੍ਰਚਾਰਨ ਦੇ ਆਪਣੇ ਕਾਰਜਾਂ ਦੀ ਰੂਪ ਰੇਖਾ ਉਲੀਕੀ ਅਤੇ ਜਥੇਬੰਦੀ ਦੇ ਸੰਚਾਲਨ ਲਈ ਆਪਣੀ ਸੂਬਾਈ ਜਥੇਬੰਦਕ ਕਮੇਟੀ ਦੀ ਚੋਣ ਕੀਤੀ। 
ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚੋਂ ਜੁੜੇ ਲੋਕ ਮੋਰਚਾ ਪੰਜਾਬ ਦੇ ਮੈਂਬਰਾਂ ਤੇ ਸਮਰਥਕਾਂ ਦੀ ਭਰਵੀਂ ਇਕੱਤਰਤਾ ਦੀ ਸ਼ੁਰੂਆਤ ਮੁਲਕ ਦੀ ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਨੂੰ ''ਮਿੱਤਰੋ ਨਾ ਭੁੱਲ ਜਾਣਾ ਪੈਗਾਮ ਸ਼ਹੀਦਾਂ ਦਾ'' ਗੀਤ ਰਾਹੀਂ ਸ਼ਰਧਾਂਜਲੀ ਭੇਂਟ ਕਰਨ ਨਾਲ ਹੋਈ। ਹਾਲ 'ਚ ਜੁੜੇ ਕਾਰਕੁੰਨਾਂ ਦਾ ਸਵਾਗਤ ਕਰਦਿਆਂ ਮੋਰਚਾ ਦੇ ੧੫ ਵਰ੍ਹੇ ਸੂਬਾ ਸਕੱਤਰ ਰਹੇ ਅਮੋਲਕ ਸਿੰਘ ਨੇ ਇਨਕਲਾਬੀ ਬਦਲ ਉਭਾਰਨ ਦੇ ਬੇਹੱਦ ਮਹੱਤਵਪੂਰਨ ਕਾਰਜ ਲਈ ਜੁਟਣ ਖਾਤਰ ਆਪਣੇ ਕੰਮਾਂ ਦੀ ਵਿਉਂਤਬੰਦੀ ਕਰਨ ਅਤੇ ਨਵੀਂ ਆਗੂ ਟੀਮ ਦੀ ਚੋਣ ਕਰਨ ਦੇ ਕਾਰਜ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਮੇਂ ਦੇ ਹਾਣ ਦੇ ਹੋ ਨਿਜੱਠਣ ਲਈ ਕਮਰਕੱਸੇ ਕਰਨ ਦਾ ਸੱਦਾ ਦਿੱਤਾ। 
ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਜਗਮੇਲ ਸਿੰਘ, ਸੂਬਾ ਕਮੇਟੀ ਮੈਂਬਰ ਗੁਰਦੀਪ ਸਿੰਘ ਅਤੇ ਸ਼ੀਰੀਂ ਨੇ ਮੌਜੂਦਾ ਦੌਰ ਦੀਆਂ ਕੌਮੀ ਅਤੇ ਕੌਮਾਂਤਰੀ ਹਾਲਤਾਂ ਬਾਰੇ ਅਤੇ ਇਨ੍ਹਾਂ 'ਚੋਂ ਨਿਕਲਣੇ ਜਥੇਬੰਦੀ ਦੇ ਕਾਰਜਾਂ ਬਾਰੇ ਵਿਸਥਾਰੀ ਚਰਚਾ ਕੀਤੀ। ਇਨ੍ਹਾਂ ਬੁਲਾਰਿਆਂ ਨੇ ਕਿਹਾ ਕਿ ਅੱਜ ਮੁਲਕ ਦੇ ਸਭਨਾਂ ਸੰਕਟਾਂ ਦੀਆਂ ਜੜ੍ਹਾਂ ਮੌਜੂਦਾ ਲੁਟੇਰੇ ਰਾਜ ਭਾਗ ਤੇ ਸਮਾਜ 'ਚ ਹਨ। ਅੰਗਰੇਜੀ ਸਾਮਰਾਜ ਵੱਲੋਂ ਮੁਲਕ ਦੀ ਅੰਨ੍ਹੀ ਲੁੱਟ ਖਸੁੱਟ ਕਰਕੇ ਇਸਨੂੰ ਪਛੜੇਵੇਂ ਵਿਚ ਧੱਕ ਦਿੱਤਾ ਗਿਆ ਸੀ ਅਤੇ ਮਗਰੋਂ ੧੯੪੭ ਦੀ ਸੱਤਾ ਬਦਲੀ 'ਚ ਮੁਲਕ ਦੇ ਜਗੀਰਦਾਰਾਂ ਤੇ ਦਲਾਲ ਸਮਰਾਏਦਾਰਾਂ ਨੇ ਰਾਜ ਭਾਗ ਸਾਂਭ ਕੇ ਸਾਮਰਾਜੀ ਗੁਲਾਮੀ ਨੂੰ ਜਾਰੀ ਰੱਖਿਆ ਅਤੇ ਮੁਲਕ ਦੇ ਕੁਦਰਤੀ ਸਰੋਤਾਂ ਤੇ ਕਿਰਤ ਦੀ ਲੁੱਟ ਜਿਉਂ ਤਿਉਂ ਜਾਰੀ ਰਹੀ ਅਤੇ ਹੋਰ ਤੇਜੀ ਹੁੰਦੀ ਗਈ। ਬੀਤੇ ੭੧ ਸਾਲਾਂ 'ਚ ਬਦਲ-ਬਦਲ ਕੇ ਰਾਜ ਕਰਦੀਆਂ ਆ ਰਹੀਆਂ ਸਭਨਾਂ ਮੌਕਾਪ੍ਰਸਤ ਸਿਆਸੀ ਪਾਰਟੀਆਂ ਨੇ ਲੋਕਾਂ ਤੇ ਨਵੀਆਂ-ਨਵੀਆਂ ਲੁਟੇਰੀਆਂ ਨੀਤੀਆਂ ਨੂੰ ਮੜ੍ਹਿਆ ਹੈ ਤੇ ਹਰ ਇੱਕ ਨੇ ਦੂਜੇ ਤੋਂ ਵੱਧ ਕੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਹੈ। ਲੋਕ ਥਾਂ-ਥਾਂ ਇਨ੍ਹਾਂ ਲੁੱਟਣ ਦੇ ਅਮਲਾਂ ਖਿਲਾਫ ਸੰਘਰਸ਼ ਭਖਾ ਰਹੇ ਹਨ ਤੇ ਆਪਣੀ ਮੁਕਤੀ ਦੇ ਅਰਥਾਂ ਦੀ ਤਲਾਸ਼ 'ਚ ਹਨ। ਸੋਹਣੀ ਤੇ ਖੁਸ਼ਹਾਲ ਜਿੰਦਗੀਆਂ ਦੀਆਂ ਆਸਾਂ ਲਾਈ ਮੁਕਤੀ ਦੇ ਹਰ ਆਸਮਈ ਨਾਅਰੇ ਨੂੰ ਹੁੰਗਾਰਾ ਦਿੰਦੇ ਹਨ। ਪਰ ਲੋਕਾਂ ਦੇ ਸਾਹਮਣੇ ਆਪਣੇ ਖਰ੍ਹੇ ਲੋਕ ਰਾਜ ਦਾ ਨਕਸ਼ਾ ਨਹੀਂ ਉਭਰਿਆ ਹੋਇਆ ਅਤੇ ਨਾ ਹੀ ਲੋਕਾਂ ਨੂੰ ਅਜਿਹੇ ਰਾਜ ਦੀ ਉਸਾਰੀ ਦਾ ਰਸਤਾ ਸਪੱਸ਼ਟ ਹੈ। ਇਸ ਲਈ ਵਾਰ-ਵਾਰ ਲੋਕ ਤਰ੍ਹਾਂ-ਤਰ੍ਹਾਂ ਦੇ ਚੋਣ ਮਦਾਰੀਆਂ ਤੋਂ ਠੱਗੇ ਜਾਂਦੇ ਹਨ। ਲੋਕਾਂ ਦੀ ਝਾਕ ਮੌਜੂਦਾ ਪਾਰਲੀਮੈਂਟਾਂ ਤੇ ਵਿਧਾਨ ਸਭਾਵਾਂ ਤੋਂ ਮੁੱਕਣ ਨਾਲ ਹੀ ਆਪਣੇ ਅਸਲ ਰਾਜ ਲਈ ਸੰਗਰਾਮ 'ਚ ਆ ਸਕਦੇ ਹਨ। ਇਸ ਲਈ ਲੋਕਾਂ ਨੂੰ ਬਦਲਵੇਂ ਲੋਕ ਰਾਜ ਦਾ ਨਕਸ਼ਾ ਤੇ ਰਾਸਤਾ ਪ੍ਰਚਾਰਨਾ ਤੇ ਉਭਾਰਨਾ ਬੇਹੱਦ ਜਰੂਰੀ ਹੈ ਤਾਂ ਕਿ ਉਹ ਆਪਣੇ ਰੋਜਮਰ੍ਹਾ ਦੇ ਸੰਘਰਸ਼ਾਂ ਦੀ ਅੰਤਿਮ ਮੰਜਿਲ ਦੇਖ ਸਕਣ। ਦਲਾਲ ਹਾਕਮਾਂ ਦੀਆਂ ਦੰਭੀ ਸੰਸਥਾਵਾਂ (ਪਾਰਲੀਮੈਂਟ, ਵਿਧਾਨ ਸਭਾਵਾਂ ਤੇ ਅਦਾਲਤਾਂ ਵਗੈਰਾ) ਤੋਂ ਝਾਕ ਛੱਡਣ ਅਤੇ ਆਪਣੀ ਤਾਕਤ ਜੋੜਨ ਦੇ ਰਾਹ ਪੈ ਸਕਣ। ਲੋਕਾਂ 'ਚ ਇਹ ਸੰਦੇਸ਼ ਉੱਚਾ ਕਰਨਾ ਜਰੂਰੀ ਹੈ ਕਿ ਉਨ੍ਹਾਂ ਦੇ ਮੌਜੂਦਾ ਹੱਕੀ ਸੰਘਰਸ਼ ਵਕਤੀ ਰਾਹਤ ਦੇ ਸਕਦੇ ਹਨ ਪਰ ਉਨ੍ਹਾਂ ਦੀ ਮੁਕਤੀ ਦਾ ਜਰੀਆ ਨਹੀਂ ਬਣ ਸਕਦੇ। ਮੁਕਤੀ ਦਾ ਜਰੀਆ ਤਾਂ ਹੀ ਬਣ ਸਕਦੇ ਹਨ ਜੇਕਰ ਇਹ ਮੌਜੂਦਾ ਲੁਟੇਰੇ ਰਾਜ ਖਿਲਾਫ ਸੇਧਤ ਹੋਣ ਤੇ ਆਪਣੀ ਸੱਤਾ ਸਥਾਪਤ ਕਰਨ ਦਾ ਨਿਸ਼ਾਨਾ ਮਿਥਣ।
ਇਸ ਲਈ ਸਾਨੂੰ ਦਿਨੋਂ ਦਿਨ ਤਿੱਖੀ ਹੋ ਰਹੀ ਇਨਕਲਾਬੀ ਬਦਲ ਦੀ ਜਰੂਰਤ ਨੂੰ ਹੁੰਗਾਰਾ ਦੇਣਾ ਚਾਹੀਦਾ ਹੈ ਤੇ ਲੋਕਾਂ 'ਚ ਅਜਿਹੇ ਬਦਲ ਦਾ ਸੰਦੇਸ਼ ਉਭਾਰਨ ਲਈ ਸਰਗਰਮ ਹੋਣਾ ਚਾਹੀਦਾ ਹੈ। ਖਰ੍ਹੇ ਬਦਲ ਦੀ ਅਣਹੋਂਦ 'ਚ ਹਾਕਮ ਜਮਾਤਾਂ ਲੋਕਾਂ 'ਚ ਭਰਮਾਊ ਤੇ ਭਟਕਾਊ ਨਾਅਰਿਆਂ ਸਹਾਰੇ ਪਾਟਕ ਪਾਉਂਦੀਆਂ ਹਨ ਅਤੇ ਆਪਣੇ ਲੁਟੇਰੇ ਰਾਜ ਦੀਆਂ ਜੜ੍ਹਾਂ ਹੀ ਹੋਰ ਮਜਬੂਤ ਕਰਦੀਆਂ ਹਨ। ਇਹ ਸੰਦੇਸ਼ ਪ੍ਰਚਾਰਨ ਲਈ ਸਾਨੂੰ ਸ਼ਹੀਦ ਭਗਤ ਸਿੰਘ ਦੇ ਨਾਅਰੇ ਇਨਕਲਾਬ-ਜਿੰਦਾਬਾਦ ਤੇ ਸਾਮਰਾਜਬਾਦ ਮੁਰਦਾਬਾਦ ਨੂੰ ਉਚਾ ਕਰਨ ਦੀ ਲੋੜ ਹੈ। 
ਇਸ ਵਿਸ਼ੇ 'ਤੇ ਚਰਚਾ 'ਚ ਹਾਜਰ ਕਾਰਕੁੰਨਾਂ ਨੇ ਭਾਗ ਲਿਆ ਤੇ ਕਈ ਸੁਝਾਅ ਦਿੱਤੇ। ਇਕੱਤਰਤਾ ਨੇ ਆਪਣੇ 'ਚੋਂ ਪੰਜ ਮੈਂਬਰੀ ਸੂਬਾ ਜਥੇਬੰਦਕ ਕਮੇਟੀ ਦੀ ਚੋਣ ਕੀਤੀ, ਜਿਸ ਵਿਚ ਜਗਮੇਲ ਸਿੰਘ, ਗੁਰਦੀਪ ਮਲੋਟ, ਸ਼ੀਰੀਂ, ਸੁਖਵਿੰਦਰ ਸਿੰਘ ਤੇ ਸਤਨਾਮ ਦੀਵਾਨਾ ਸ਼ਾਮਲ ਹਨ। ਕਮੇਟੀ ਨੇ ਆਪਣੇ 'ਚੋਂ ਜਗਮੇਲ ਸਿੰਘ ਨੂੰ ਸਕੱਤਰ ਚੁਣਿਆ। ਕਮੇਟੀ ਨੇ ਐਨ.ਕੇ. ਜੀਤ ਨੂੰ ਆਪਣੇ ਸਲਾਹਕਾਰ ਵਜੋਂ ਨਾਲ ਲਿਆ। ਅਖੀਰ 'ਤੇ ਐਨ.ਕੇ. ਜੀਤ ਨੇ ਸਭਨਾਂ ਕਾਰਕੁੰਨਾਂ ਦਾ ਧੰਨਵਾਦ ਕਰਦਿਆਂ ਲੋਕਾਂ ਮੂਹਰੇ ਇਨਕਲਾਬੀ ਬਦਲ ਉਭਾਰਨ ਦੇ ਕਾਰਜ 'ਚ ਇਨਕਲਾਬੀ ਉਤਸ਼ਾਹ ਤੇ ਜੋਸ਼ੋ ਖਰੋਸ਼ ਨਾਲ ਕੁੱਦਣ ਦਾ ਸੱਦਾ ਦਿੱਤਾ। ਅੱਜ ਦੀ ਇਕੱਤਰਤਾ ਨੇ ਪੰਜ ਸੰਘਰਸ਼ਸ਼ੀਲ ਅਧਿਆਪਕਾਂ ਨੂੰ ਨੌਕਰੀ ਤੋਂ ਬਰਖਾਸਤ ਕਰਨ, ਕੇਂਦਰੀ ਹਕੂਮਤ ਵੱਲੋਂ ਕੰਪਿਊਟਰ 'ਤੇ ਨਿਗਰਾਨੀ ਦਾ ਨੋਟੀਫਿਕੇਸ਼ਨ ਪਾਸ ਕਰਨ ਦਾ ਗੈਰ ਜਮਹੂਰੀ ਕਦਮ ਚੁੱਕਣ ਦੀ ਨਿੰਦਾ ਕਰਦੇ ਮਤੇ ਪਾਸ ਕਰਦਿਆਂ ਇਨ੍ਹਾਂ ਕਦਮਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਦੇਸ਼ ਭਰ 'ਚੋਂ ਗ੍ਰਿਫਤਾਰ ਕੀਤੇ ਗਏ ਬੁੱਧੀਜੀਵੀਆਂ ਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਦੀ ਰਿਹਾਈ ਲਈ ਵੀ ਆਵਾਜ਼ ਉਠਾਈ ਗਈ। ਇਸ ਮੌਕੇ ਗੁਰਦਿਆਲ ਸਿੰਘ, ਨਿਰਮਲ ਸਿੰਘ ਸਿਵੀਆਂ, ਰਤਨ ਮੂਣਕ, ਸਰਬਜੀਤ ਸਿੰਘ, ਨਨਪਾਲ, ਸੰਦੀਪ ਸਿੰਘ ਨੇ ਇਨਕਲਾਬੀ ਗੀਤ ਪੇਸ਼ ਕੀਤੇ। 
ਤਸਵੀਰਾਂ ਨੱਥੀ:
ਜਾਰੀ ਕਰਤਾ:
ਸੁਖਵਿੰਦਰ ਸਿੰਘ
ਫੋਨ ਨੰ: ੯੪੧੭੨੮੯੫੩੬ 
ਮਿਤੀ. ੨੦ ਜਨਵਰੀ ੨੦੧੯

No comments:

Post a Comment