StatCounter

Monday, January 7, 2019

ਲੋਕ ਮੋਰਚਾ ਪੰਜਾਬ ਵੱਲੋਂ ਸੂਬਾਈ ਜਥੇਬੰਦਕ ਕਨਵੈਨਸ਼ਨ 20 ਜਨਵਰੀ ਨੂੰ ਟੀਚਰਜ਼ ਹੋਮ ਬਠਿੰਡਾ ਵਿਖੇ

ਲੋਕ ਮੋਰਚਾ ਪੰਜਾਬ ਵੱਲੋਂ ਸੂਬਾਈ ਜਥੇਬੰਦਕ ਕਨਵੈਨਸ਼ਨ 20 ਜਨਵਰੀ ਨੂੰ
ਸਾਮਰਾਜਵਾਦ ਤੇ ਜਗੀਰਦਾਰ-ਸਰਮਾਏਦਾਰ ਪੱਖੀ ਨੀਤੀਆਂ ਤੇ ਅਮਲਾ ਦਾ ਲੋਕ ਪੱਖੀ ਬਦਲ ਉਭਾਰਿਆਂ ਜਾਵੇਗਾ।
ਲੋਕ ਮੋਰਚਾ ਪੰਜਾਬ ਦੀ ਸੂਬਾ ਕਮੇਟੀ ਵੱਲੋਂ 20 ਜਨਵਰੀ ਦਿਨ ਐਤਵਾਰ ਨੂੰ ਸੂਬਾਈ ਜਥੇਬੰਦਕ ਕਨਵੈਨਸ਼ਨ ਸਥਾਨਕ ਟੀਚਰਜ਼ ਹੋਮ ਵਿਖੇ ਕੀਤੀ ਜਾ ਰਹੀ ਹੈ। ਇਸ ਕਨਵੈਨਸ਼ਨ ਦੀ ਤਿਆਰੀ ਵਿਚ ਆਉਣ ਵਾਲੇ ਦਿਨਾਂ ਵਿੱਚ ਲੋਕ ਮੋਰਚਾ ਪੰਜਾਬ ਦੇ ਮੈਬਰਾਂ ਸੁਭਚਿੰਤਕਾ ਤੇ ਹੋਰ ਸੰਘਰਸ਼ਸੀਲ ਹਿੱਸਿਆਂ ਨਾਲ ਮੀਟਿੰਗਾਂ ਕਤਿੀਆਂ ਜਾਣੀਆਂ ਹਨ। ਜਿਸ ਵਿਚ ਉਹਨਾਂ ਨੂੰ ਕਨਵੈਨਸ਼ਨ ਵਿਚ ਆਉਣ ਲਈ ਪ੍ਰੇਰਿਆ ਜਾਵੇਗਾ। ਇਸ ਦਿਨ ਨਵੀਂ ਸੂਬਾ ਕਮੇਟੀ ਦੀ ਚੋਣ ਕੀਤੀ ਜਾਵੇਗੀ।
ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਅੱਜ ਸੰਸਾਰ ਸਾਮਰਾਜ ਵਿਸ਼ੇਸ਼ ਕਰਕੇ ਅਮਰੀਕਾ ਗੰਭੀਰ ਸੰਕਟ ਦਾ ਸ਼ਿਕਾਰ ਹੈ ਤੇ ਆਏ ਦਿਨ ਸੰਕਟ ਉਸਨੂੰ ਘੇਰ ਰਹੇ ਹਨ। ਅਤੇ ਉਹ ਇਸ ਸੰਕਟ ਦਾ ਸਾਰਾ ਭਾਰ ਭਾਰਤ ਵਰਗੇ ਮੁਲਕਾਂ ਦੀ ਪਿੱਠ ਤੇ ਲੱਦ ਰਿਹਾ ਹੈ। ਸਾਮਰਾਜੀ ਆਰਥਿਕ ਨੀਤਿਆਂ ਨੇ ਜਿੱਥੇ ਇੱਕ ਪਾਸੇ ਲੋਕਾਂ ਦਾ ਕਚੂੰਮਰ ਕੱਢ ਦਿੱਤਾ ਹੈ। ਉਥੇ ਲੋਕਾ ਦੀ ਬੈਚੇਨੀ ਵਿੱਚ ਭਾਰੀ ਵਾਧਾ ਕੀਤਾ ਹੈ। ਇਹ ਨੀਤੀਆਂ ਦੁਨੀਆਂ ਭਰ ਦੇ ਲੋਕਾਂ ਦੇ ਗੁੱਸੇ ਤੇ ਸੰਘਰਸ਼ ਦਾ ਨਿਸ਼ਾਨਾ ਬਣ ਰਹੀਆਂ ਹਨ। ਅਮਰੀਕਾ ਅੰਦਰ ਕਬਜਾ ਕਰੋ ਮੁਹਿੰਮ ਚੱਲੀ ਹੈ ਅਤੇ ਫਰਾਂਸ ਦੇ ਲੋਕ ਇਹਨਾਂ ਨੀਤੀਆਂ ਖਿਲਾਫ ਸੰਘਰਸ਼ ਦੇ ਮੈਦਾਨ ਵਿਚ ਹਨ। ਲਾਤੀਨੀ ਅਮਰੀਕਾ ਦੇ ਲੋਕ ਇਹਨਾਂ ਨੀਤੀਆਂ ਦਾ ਡਟ ਕੇ ਟਾਕਰਾ ਕਰ ਰਹੇ ਹਨ। ਭਾਰਤ ਅੰਦਰ ਵੀ ਇਸ ਜਗੀਰੂ ਅਤੇ ਸਾਮਰਾਜੀ ਧਾਵੇ ਖਿਲਾਫ਼ ਆਦਿਵਾਸੀ ਕਿਸਾਨ ਸੰਘਰਸ਼ ਲੜ ਰਹੇ ਹਨ। ਕਰਜੇ ਤੋਂ ਮੁਕੰਮਲ ਮੁਕਤੀ ਦੀ ਮੰਗ ਲਈ ਪੰਜਾਬ ਸਮੇਤ ਸਮੁੱਚੇ ਮੁਲਕ ਦੇ ਕਿਸਾਨ ਜ਼ੋਰਦਾਰ ਸੰਘਰਸ਼ ਲੜ ਰਹੇ ਹਨ। ਬੇਰੁਜਗਾਰ ਨੌਜਵਾਨਾਂ, ਯੁਨੀਵਰਸਿਟੀ ਵਿਦਿਆਰਥੀਆਂ ਅਤੇ ਠੇਕੇ ਤੇ ਭਰਤੀ ਕਾਮਿਆਂ ਚ ਪਹਿਲਾਂ ਦੇ ਮੁਕਾਬਲੇ ਹਰਕਤਸ਼ੀਲਤਾ ਕਿਤੇ ਜਿਆਦਾ ਵਧੀ ਹੋਈ ਹੈ।
ਉਹਨਾਂ ਅੱਗੇ ਕਿਹਾ ਕਿ ਦੇਸ਼ ਦੇ ਮੌਜੂਦਾ ਹਾਕਮਾਂ ਨੇ ਭਾਰਤੀ ਲੋਕਾਂ ਤੇ ਇਹਨਾਂ ਸਾਮਰਾਜੀ ਸੰਸਾਰੀਕਰਨ ਅਤੇ ਫਿਰਕਾਪ੍ਰਸਤ ਨੀਤੀਆਂ ਦਾ ਹੱਲਾ ਪੂਰੀ ਬੇਕਿਰਕੀ ਨਾਲ ਵਿੱਢ ਰੱਖਿਆ ਹੈ। ਵਿਰੋਧੀ ਵਿਚਾਰਾਂ ਵਾਲਿਆਂ ਨੂੰ ਕਤਲ ਕਰਨ ਲਈ ਭੀੜਾਂ ਨੂੰ ਖੁੱਲਾਂ ਦਿੱਤੀਆਂ ਹੋਈਆਂ ਹਨ। ਨੋਟਬੰਦੀ ਅਤੇ ਜੀ.ਐਸ.ਟੀ. ਵਰਗੇ ਹਮਲਿਆਂ ਨੇ ਭਾਰਤ ਦੇ ਕਿਰਤੀ ਕਮਾਊ ਲੋਕਾਂ ਦਾ ਲੱਕ ਤੋੜ ਦਿੱਤਾ ਹੈ।ਮੇਕ ਇੰਨ ਇੰਡੀਆਂ ਅਤੇ ਐਫ.ਡੀ.ਆਈ. ਵਰਗੇ ਫੈਸਲਿਆਂ ਨਾਲ ਵੱਡੀਆਂ ਬਹੁਕੌਮੀ ਕੰਪਨੀਆਂ ਲਈ ਲੁੱਟ ਕਰਨ ਦਾ ਹਰ ਦਰਵਾਜਾ ਖੋਲ ਦਿੱਤਾ ਹੈ। ਪੰਜਾਬ ਦੀ ਕਾਂਗਰਸ ਸਰਕਾਰ ਵੀ ਕਿਸਾਨਾਂ, ਨੌਜਵਾਨਾਂ ਅਤੇ ਹੋਰ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਚੁੱਕੀ ਹੈ। ਕਿਸਾਨਾਂ ਦੀ ਕਰਜੇ ਦੀ ਪੰਡ ਭਾਰੀ ਹੋ ਰਹੀ ਹੈ ਅਤੇ ਖੁਦਕੁਸ਼ੀਆਂ ਦਾ ਵਰਤਾਰਾ ਕਈ ਗੁਣਾਂ ਵਧ ਗਿਆ ਹੈ।ਘਰ ਘਰ ਨੌਕਰੀ ਦੇਣ ਦੇ ਵਾਅਦੇ ਦੀ ਫੂਕ ਨਿਕਲ ਚੁੱਕੀ ਹੈ। 1010 ਸਾਲ ਤੋਂ ਨੌਕਰੀ ਕਰ ਰਹੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਥਾਂ ਉਹਨਾਂ ਦੀਆਂ ਤਨਖਾਹਾਂ ਵਿੱਚ ਭਾਰੀ ਕਟੌਤੀਆਂ ਕੀਤੀਆਂ ਹਨ। ਪੰਜਾਬ ਦੀ ਬੇਰੁਜਗਾਰ ਜਵਾਨੀ ਨਸ਼ਿਆਂ ਦਾ ਸੰਤਾਪ ਹੰਢਾ ਰਹੀ ਹੈ। ਲੋਕ ਬੇਚੈਨੀ ਨਾਲ ਨਜਿੱਠਣ ਲਈ ਫਿਰਕਾਪ੍ਰਸਤੀ ਦੇ ਹਥਿਆਰ ਦੀ ਬੇ ਦਰੇਗ ਵਰਤੋਂ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਭਰਾ ਮਾਰ ਲੜਾਈ ਵਿੱਚ ਧੱਕਿਆਂ ਜਾ ਰਿਹਾ ਹੈ। ਸੰਘਰਸ਼ਾਂ ਨੂੰ ਕੁਚਲਣ ਤੇ ਲੋਕਾਂ ਦੀ ਜ਼ੁਬਾਨਬੰਦੀ ਕਰਨ ਲਈ ਹਕੂਮਤੀ ਜਬਰ ਜ਼ੋਰਾਂ 'ਤੇ ਹੈ। ਅਫਸਪਾ ਵਰਗੇ ਜਾਬਰ ਕਾਲੇ ਕਾਨੂੰਨ ਨਿੱਤ ਨਵੇਂ ਘੜੇ ਜਾ ਰਹੇ ਹਨ।
ਇਸ ਜਬਰ ਤੇ ਲੁੱਟ ਦੇ ਰਾਜ ਤੋਂ ਕੁੱਲ ਲੁਕਾਈ ਮੁਕਤੀ ਚਾਹੁੰਦੀ ਹੈ। ਸਮਾਜ ਅੰਦਰ ਹਾਲਤ ਵੀ ਅਜਿਹੇ ਬਣੇ ਹੋਏ ਹਨ। ਲੋਕ ਮੋਰਚਾ ਪੰਜਾਬ, ਲੋਕ ਦੋਖੀ ਨੀਤੀਆਂ ਦੇ ਅਸਰਾਂ ਖਿਲਾਫ ਸੰਘਰਸ਼ ਕਰ ਰਹੇ ਲੋਕਾਂ ਨੂੰ ਉਹਨਾਂ ਦੀਆਂ ਤਬਕਾਤੀ ਮੰਗਾਂ ਮਸਲਿਆਂ ਤੋਂ ਅਗਾਂਹ ਇਹਨਾਂ ਨੀਤੀਆਂ ਖਿਲਾਫ ਸੰਘਰਸ਼ ਕਰਨ ਲਈ ਪਰੇਰੇਗਾ। ਜਗੀਰੂ ਤੇ ਸਾਮਰਾਜੀ ਪ੍ਰਬੰਧ ਦੇ ਮੁਕਾਬਲੇ ਲੋਕਾਂ ਚ ਖਰੇ ਇਨਕਲਾਬੀ ਬਦਲ ਦਾ ਪ੍ਰੋਗਰਾਮ ਉਭਾਰੇਗਾ। ਲੋਕ ਮੋਰਚਾ ਪੰਜਾਬ ਸਮਾਜਕ ਆਰਥਕ ਖੇਤਰ ਚ ਬਦਲ ਦੀ ਚਾਹਨਾ ਰੱਖਣ ਵਾਲੇ ਸਭਨਾ ਹਿੱਸਿਆਂ ਨੂੰ ਇਸ ਕਨਵੈਨਸ਼ਨ ਚ ਪਹੁੰਚਣ ਦਾ ਸਨਿਮਰ ਸੱਦਾ ਦਿੰਦਾ ਹੋਇਆ ਸਮੇਂ ਸਿਰ ਪਹੁੰਚਣ ਦੀ ਤਾਕੀਦ ਕਰਦਾ ਹੈ।
ਵਲੋ ੍ਰ ਸੁਖਵਿੰਦਰ ਸਿੰਘ (9417289536)

No comments:

Post a Comment