StatCounter

Wednesday, July 27, 2011

LOK MORCHA PUNJAB PROTESTS FORCIBLE LAND ACQUISITION

ਖੇਤਰੀ ਪ੍ਰਤੀਨਿਧ ਬਠਿਡਾ, 26 ਜੁਲਾਈ
ਪਿੰਡ ਗੋਬਿੰਦਪੁਰਾ ਵਿਖੇ ਥਰਮਲ ਪਲਾਂਟ ਲਈ ਜ਼ਮੀਨ ਐਕੁਆਇਰ ਕਰਨ ਦਾ ਵਿਰੋਧ ਕਰ ਰਹੇ ਕਿਸਾਨਾਂ ਮਰਦ ਅਤੇ ਔਰਤਾਂ ਨੂੰ ਹਿਰਾਸਤ ਵਿੱਚ ਲੈਣ ਦੀ ਲੋਕ ਮੋਰਚਾ ਪੰਜਾਬ ਦੁਆਰਾ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਹਿਰਾਸਤ ਵਿੱਚ ਲਏ ਸਾਰੇ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਜ਼ਮੀਨਾਂ ਐਕੁਆਇਰ ਕਰਨੀਆਂ ਬੰਦ ਕੀਤੀਆਂ ਜਾਣ।
ਲੋਕ ਮੋਰਚਾ ਪੰਜਾਬ ਪ੍ਰਧਾਨ ਪੁਸ਼ਪ ਲਤਾ ਨੇ ਆਖਿਆ ਕਿ ਸੰਸਾਰ ਦੀ ਸਭ ਤੋਂ ਵੱਡੀ ਜਮਹੂਰੀਅਤ ਕਹਾਉਣ ਵਾਲੇ ਮੁਲਕ ਭਾਰਤ ‘ਚ ਪੂਰੀ ਤਰ੍ਹਾਂ ਗੈਰ-ਜਮਹੂਰੀ ‘ਤੇ ਤਾਨਾਸ਼ਾਹੀ ਤਰੀਕੇ ਨਾਲ ਆਰਥਿਕ ਵਿਕਾਸ ਦੇ ਨਾਂ ਹੇਠ ਕਿਸਾਨਾਂ ਤੋਂ ਜਬਰੀ ਜ਼ਮੀਨਾਂ ਖੋਹ ਕੇ ਉਨ੍ਹਾਂ ਨੂੰ ਰੋਜ਼ੀ ਰੋਟੀ ਤੋਂ ਵਿਰਵਾ ਕਰ ਰਹੇ ਹਨ। ਜ਼ਮੀਨਾਂ ਐਕੁਆਇਰ ਕਰਨ ਲਈ ਕੀਤੀ ਕਾਨੂੰਨੀ ਸੋਧ ਹੋਰ ਕੁਝ ਨਹੀਂ ਬਲਕਿ ਅੱਜ ਤੋਂ ਤਕਰੀਬਨ 117 ਸਾਲ ਪਹਿਲਾਂ 1894 ‘ਚ ਅੰਗਰੇਜ਼ ਸਾਮਰਾਜੀਆਂ ਵੱਲੋਂ ਬਣਾਏ ਬਸਤੀਵਾਦੀ ਕਾਨੂੰਨ ਦਾ ਚਿਹਰਾ-ਮੋਹਰਾ ਬਦਲ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਇਸ ਦੀ ਤਾਜ਼ਾ ਮਿਸਾਲ ਪਿੰਡ ਗੋਬਿੰਦਪੁਰਾ ਤੇ ਸਿਰਸੀਵਾਲਾ ਦੇ ਕਿਸਾਨਾਂ ਦੀ 171 ਏਕੜ ਜ਼ਮੀਨ, ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਐਕੁਆਇਰ ਨਾ ਕਰਨ ਦਾ ਵਾਅਦਾ ਕਰਕੇ ਵੀ ਬਿਨਾਂ ਕਿਸੇ ਕਾਨੂੰਨੀ ਚਾਰਾਜੋਈ ਤੋਂ ਐਕੁਆਇਰ ਕਰ ਲੈਣਾ ਹੈ। ਇਸ ਦਾ ਵਿਰੋਧ ਕਰ ਰਹੇ ਕਿਸਾਨ ਮਰਦ ਔਰਤਾਂ ਨੂੰ ਜੇਲ੍ਹਾਂ ਵਿੱਚ ਸੁੱਟ ਦਿੱਤਾ ਗਿਆ। ਉਨ੍ਹਾਂ ਆਖਿਆ ਕਿ ਵਿਕਾਸ ਦੇ ਨਾਂ ਹੇਠ ਜ਼ਮੀਨਾਂ ਐਕੁਆਇਰ ਕਰਨ ਦੇ ਇਸ ਅਮਲ ਵਿੱਚੋਂ ਧਨਾਢ ਮਲਟੀਨੈਸ਼ਨਲ ਕੰਪਨੀਆਂ ਨੂੰ ਅਤੇ ਬਿਲਡਰਾਂ ਨੂੰ ਮੁਨਾਫੇ ਹੋਣੇ ਹਨ। ਗਰੇਟਰ ਨੋਇਡਾ ਵਿਖੇ ਅਜਿਹੀਆਂ ਕਾਰਵਾਈਆਂ ਕਰਨ ‘ਤੇ ਨੋਇਡਾ ਵਿਕਾਸ ਅਥਾਰਟੀ ਨੂੰ 1747 ਕਰੋੜ ਰੁਪਏ ਦੇ ਮੁਨਾਫੇ ਹੋਏ ਹਨ। ਅਗਾਂਹ ਬਿਲਡਰਾਂ ਨੇ ਇਸ ਤੋਂ ਕਿਤੇ ਵੱਧ ਮੁਨਾਫੇ ਕਮਾਉਣੇ ਹਨ। ਇਹ ਵਰਤਾਰਾ ਪੂਰੇ ਭਾਰਤ ਵਿੱਚ ਜਾਰੀ ਹੈ। ਸ਼ਾਹੀ ਮਾਰਗਾਂ, ਐਕਸਪ੍ਰੈਸ ਵੇਅ, ਖਾਣਾਂ ਦੀ ਖੁਦਾਈ, ਥਰਮਲ ਪਲਾਂਟਾਂ ਅਤੇ ਸਪੈਸ਼ਲ ਇਕਨਾਮਿਕ ਜ਼ੋਨ ਆਦਿ ਦੇ ਨਾਂ ਹੇਠ ਉੱਤਰ ਪ੍ਰਦੇਸ਼, ਝਾਰਖੰਡ,ਬਿਹਾਰ,ਉੜੀਸਾ,ਪੱਛਮੀ ਬੰਗਾਲ,ਛੱਤੀਸਗੜ੍ਹ ਅਤੇ ਪੰਜਾਬ ਆਦਿ ਸੂਬਿਆਂ ਵਿੱਚ ਕਰੋੜਾਂ ਏਕੜ ਜ਼ਮੀਨ ਵੇਦਾਂਤ,ਪਾਸਕੋ,ਮਿੱਤਲ,ਟਾਟਾ,ਬਾਟਾ ਅਤੇ ਹੋਰ ਕਾਰਪੋਰੇਸ਼ਨਾਂ ਦੇ ਹਵਾਲੇ ਕੀਤੀ ਜਾ ਰਹੀ ਹੈ। ਜ਼ਮੀਨਾਂ ਦੇ ਰਾਖੀ ਦੇ ਸੁਆਲ ‘ਤੇ ਪੂਰੇ ਭਾਰਤ ਵਿੱਚ ਲੋਕਾਂ ਦੇ ਸੰਘਰਸ਼ਾਂ ਨੇ ਜ਼ੋਰ ਫੜਿਆ ਹੈ। ਉਨ੍ਹਾਂ ਆਖਿਆ ਕਿ ਲੋਕਾਂ ਦੇ ਸੰਘਰਸ਼ ਨੂੰ ਦਬਾਉਣ ਅਤੇ ਕਾਰਪੋਰੇਸ਼ਨਾਂ ਦੇ ਹਿੱਤਾਂ ਦੀ ਰਾਖੀ ਲਈ ਸੂਬੇ ਦੀਆਂ ਸਰਕਾਰਾਂ ਲੋਕਾਂ ਦੀ ਲਹੂ ਦੀ ਹੋਲੀ ਖੇਡ ਰਹੀ ਹੈ। ਉੱਤਰ ਪ੍ਰਦੇਸ਼ ਦਾ ਪਿੰਡ ਤੱਪਲ, ਪਰਸੌਲ, ਪੱਛਮੀ ਬੰਗਾਲ ਦਾ ਸਿੰਗੂਰ, ਨੰਦੀਗ੍ਰਾਮ, ਬਿਹਾਰ ਦੇ ਪਿੰਡ ਰਤਨਪੁਰ ਤੇ ਭਜਨਪੁਰ, ਪੰਜਾਬ ਦੇ ਪਿੰਡ ਖੰਨਾ ਚਮਾਰਾ, ਧੌਲਾ ਜਾਂ ਅੰਮ੍ਰਿਤਸਰ ਹੋਵੇ, ਹਰ ਥਾਂ ਕਿਸਾਨਾਂ ਨੂੰ ਜ਼ਮੀਨਾਂ ਦੀ ਰਾਖੀ ਲਈ ਸ਼ਹਾਦਤਾਂ ਦੇਣੀਆਂ ਪੈ ਰਹੀਆਂ ਹਨ। ਅਖੀਰ ਵਿੱਚ ਮੋਰਚੇ ਦੇ ਆਗੂਆਂ ਨੇ ਹੋਰਨਾਂ ਜਥੇਬੰਦੀਆਂ ‘ਤੇ ਲੋਕਾਂ ਨੂੰ ਕਿਸਾਨਾਂ ਦੇ ਇਸ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਨ ਦੀ ਅਪੀਲ ਕੀਤੀ ਹੈ।

Courtesy: Punjabi Tribune 27.7.2011

No comments:

Post a Comment