StatCounter

Tuesday, November 15, 2011

ਟੈਕਸਟਾਈਲ ਕਾਮਿਆਂ ਅਤੇ ਗੋਬਿੰਦਪੁਰਾ ਦੇ ਸੰਗਰਾਮ ਦੇ ਸੰਦਰਭ 'ਚ

ਬੁੱਧੀਜੀਵੀ ਅਤੇ ਜਮਹੂਰੀ ਹਲਕਿਆਂ ਦੀ ਆਵਾਜ਼ ਦਾ ਮਹੱਤਵ
—ਅਮੋਲਕ ਸਿੰਘ (94170-76735)
ਟੈਕਸਟਾਈਲ ਮਿੱਲਾਂ ਦੇ ਕਾਮਿਆਂ ਤੋਂ ਇਲਾਵਾ ਹੋਰਨਾਂ ਵਰਗਾਂ ਦੇ ਕੰਮ ਕਰਦੇ ਸਨਅਤੀ ਕਾਮਿਆਂ, ਖੇਤ ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ, ਵਿਦਿਆਰਥੀਆਂ, ਕਿਸਾਨਾਂ, ਜਮਹੂਰੀਅਤ ਪਸੰਦ ਤਬਕਿਆਂ, ਸਾਹਿਤ, ਕਲਾ ਅਤੇ ਸਭਿਆਚਾਰ ਦੇ ਖੇਤਰ 'ਚ ਸਰਗਰਮ ਕਾਮਿਆਂ ਨੂੰ ਇਸ ਘੜੀ, ਟੈਕਸਟਾਈਲ ਕਾਮਿਆਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਨ ਲਈ ਅੱਗੇ ਆਉਣਾ ਚਾਹੀਦਾ ਹੈ।

ਪੰਜਾਬ ਦੇ ਸਨਅਤੀ ਕੇਂਦਰ ਲੁਧਿਆਣਾ ਅੰਦਰ ਮਸ਼ੀਨਾਂ ਨਾਲ ਮਸ਼ੀਨਾਂ ਹੋਕੇ, ਲਹੂ-ਪਸੀਨਾ ਇੱਕ ਕਰਨ ਵਾਲੇ 20 ਲੱਖ ਕਾਮਿਆਂ ਦੇ ਅਰਮਾਨ ਮਿੱਲਾਂ ਦੀਆਂ ਚਿਮਨੀਆਂ ਰਾਹੀਂ ਧੂੰਆਂ ਬਣਕੇ ਉਡ ਰਹੇ ਹਨ।

ਜਿਨ੍ਹਾਂ ਦੇ ਜਿਸਮ, ਭੱਠੀਆਂ 'ਚ ਬਲਦੇ ਹਨ ਉਹ ਜਾਣਦੇ ਨੇ ਕਿ ਜਦੋਂ ਲੋਹਾ ਪਿਘਲਦਾ ਹੈ ਤਾਂ ਭਾਫ਼ ਨਹੀਂ ਉੱਠਦੀ ਪਰ ਜਦੋਂ ਕਾਮਿਆਂ ਦੇ ਪਿੰਡਿਆਂ 'ਚੋਂ ਭਾਫ਼ ਨਿਕਲਦੀ ਹੈ ਤਾਂ ਲੋਹਾ ਪਿਘਲ ਜਾਂਦਾ ਹੈ।

ਇਹ 'ਵਿਕਾਸ' ਦੀ ਕੇਹੀ ਭਾਸ਼ਾ ਹੈ ਜਿਸਦੇ ਸ਼ੋਰ ਹੇਠ ਕਿਰਤੀਆਂ ਦੀ ਹੱਕੀ ਆਵਾਜ਼ ਅਣਸੁਣੀ ਕੀਤੀ ਜਾ ਰਹੀ ਹੈ। ਟੈਕਸਟਾਈਲ ਕਾਮੇ 22 ਸਤੰਬਰ ਤੋਂ ਆਪਣੀਆਂ ਹੱਕੀ ਮੰਗਾਂ ਲਈ ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣਾ ਦੀਆਂ 150 ਟੈਕਸਟਾਈਲ ਮਿੱਲਾਂ ਨੂੰ ਆਪਣੀ ਹੜਤਾਲ ਦੇ ਕਲਾਵੇ 'ਚ ਲੈ ਰਹੇ ਹਨ।

ਟੈਕਸਟਾਈਲ ਕਾਮਿਆਂ ਨੇ ਨਾ ਕੋਈ ਖੇਤ ਮੰਗਿਆ ਹੈ ਨਾ ਕੋਈ ਦੇਸ਼। ਨਾ ਮਿੱਲਾਂ 'ਚ ਹਿੱਸੇਦਾਰੀ ਮੰਗੀ ਹੈ ਨਾ ਰਾਜ ਭਾਗ ਦੀ ਕੁਰਸੀ। ਕਾਮਿਆਂ ਨੇ ਓਹੀ ਕੁਝ ਮੰਗਿਆ ਹੈ ਜੋ ਕੁਝ ਦੇਣ ਦੇ ਕੌਲ-ਕਰਾਰ 'ਭਾਰਤੀ ਸੰਵਿਧਾਨ' ਕਰਦਾ ਹੈ। ਓਹੀ ਮੰਗਿਆ ਹੈ ਜੋ ਮਜ਼ਬੂਰੀਆਂ ਦੇ ਪੁੜਾਂ ਹੇਠ ਪਿਸਦੇ ਕਾਮਿਆਂ ਤੋਂ ਮਿੱਲ ਮਾਲਕ ਚਤੁਰਾਈ ਅਤੇ ਜ਼ੋਰ-ਜ਼ਬਰੀ ਨਾਲ ਨੱਪੀ ਬੈਠੇ ਹਨ। ਹਕੀਕਤਾਂ ਦੀ ਰੌਸ਼ਨੀ 'ਚ ਦੇਖਿਆ ਜਾਵੇ ਤਾਂ ਮਿੱਲ ਮਾਲਕ, ਭਾਰਤੀ ਸੰਵਿਧਾਨ ਦੀ ਨਜ਼ਰ 'ਚ ਮੁਜ਼ਰਿਮ ਬਣਦੇ ਹਨ। ਜਿਹੜੇ ਇਸ ਮੁਲਕ ਦੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਉਪਰ ਛਾਪਾ ਮਾਰ ਕੇ ਕਾਨੂੰਨੀ ਦ੍ਰਿਸ਼ਟੀ ਤੋਂ ਅਪਰਾਧ ਕਰ ਰਹੇ ਹਨ। ਕਿਸੇ ਕੋਨੇ ਤੋਂ ਆਵਾਜ਼ ਉਠਣ ਜਾਂ ਉਠਾਉਣ ਦੀ ਬਜਾਏ ਹੱਕ ਅਤੇ ਸੱਚ ਦੀ ਮੂੰਹ ਜ਼ੋਰ ਮੰਗ ਤਾਂ ਇਹੀ ਹੈ ਕਿ ਲੱਖਾਂ ਕਾਮਿਆਂ ਦੀ ਕਿਰਤ ਕਮਾਈ ਅਤੇ ਜਮਹੂਰੀ ਹੱਕਾਂ ਦੀ ਰਾਖੀ ਲਈ ਸਰਕਾਰੀ ਤੰਤਰ ਕਾਮਿਆਂ ਦੀ ਬਾਂਹ ਫੜਦਾ। ਹੋਇਆ ਇਸਤੋਂ ਬਿਲਕੁਲ ਉਲਟ ਹੈ। ਕਿਰਤੀਆਂ ਦੀ ਬਾਂਹ ਫੜਨ ਦੀ ਵਜਾਏ ਉਹਨਾਂ ਦੀ ਸੰਘੀ ਫੜੀ ਜਾ ਰਹੀ ਹੈ।

ਟੈਕਸਟਾਈਲ ਕਾਮਿਆਂ ਨੂੰ ਲੰਮੀ ਹੜਤਾਲ 'ਤੇ ਜਾਣ ਦੀ ਨੌਬਤ ਹੀ ਨਹੀਂ ਸੀ ਆਉਣੀ ਜੇ ਸਰਕਾਰ ਕਿਰਤ-ਵਿਭਾਗ ਅਤੇ ਪ੍ਰਸ਼ਾਸ਼ਨ ਆਦਿ ਦਾ ਤਾਣਾ-ਬਾਣਾ, ਟੈਕਸਟਾਈਲ ਮਾਲਕਾਂ ਨੂੰ ਨਕੇਲ ਪਾਉਣ ਲਈ ਅੱਗੇ ਆਉਂਦਾ। ਪਰ ਇੱਥੇ ਤਾਂ ਡਾਢਿਆਂ ਦਾ ਸੱਤੀਂ ਵੀਹਵੀਂ ਸੌ ਹੈ। ਵਿਚਾਰ-ਚਰਚਾਵਾਂ, ਗੇਟ ਮੀਟਿੰਗਾਂ, ਰੈਲੀਆਂ, ਵਿਖਾਵਿਆਂ, ਧਰਨਿਆਂ ਆਦਿ ਦੇ ਦੌਰਾਂ ਵਿਚੀਂ ਗੁਜ਼ਰਦੇ ਕਾਮੇ ਆਪਣੇ ਹੱਡੀਂ ਹੰਢਾਏ ਤਜ਼ਰਬਿਆਂ ਤੋਂ ਮੂੰਹੋਂ ਮੂੰਹ ਕਹਿਣ ਲੱਗ ਪਏ ਹਨ ਕਿ ਇੱਥੇ ਕਾਇਦੇ-ਕਾਨੂੰਨ ਲੋਕਾਂ ਲਈ ਹੋਰ ਅਤੇ ਜੋਕਾਂ ਲਈ ਹੋਰ ਹਨ। ਕਾਮਿਆਂ ਦਾ ਕਹਿਣਾ ਹੈ ਕਿ, ਅਸੀਂ ਮਿੱਲ ਮਾਲਕਾਂ ਤੋਂ ਕਿਹੜਾ ਹਵਾਈ ਜਹਾਜ਼ ਮੰਗ ਲਿਐ, ਅਸੀਂ ਆਪਣੀ ਕਿਰਤ ਦਾ ਮੁੱਲ ਮੰਗਿਐ ਜਾਂ ਉਹ ਸਹੂਲਤਾਂ ਮੰਗੀਆਂ ਜਿਨ੍ਹਾਂ ਬਾਰੇ ਅਕਸਰ ਹੀ ਕਿਹਾ ਜਾਂਦਾ ਕਿ ਇਹ ਤਾਂ ਕਾਮਿਆਂ ਦਾ ਅਧਿਕਾਰ ਹੀ ਹੈ? ਫਿਰ ਇਹ ਪ੍ਰਵਾਨ ਕਰਨ ਦੀ ਬਜਾਏ ਸਾਨੂੰ, ਸਾਡੇ ਪਰਿਵਾਰਾਂ ਨੂੰ ਲੰਮੀ ਪੜਤਾਲ ਦੇ ਮੂੰਹ ਧੱਕ ਕੇ, ਸਾਨੂੰ ਭੁੱਖੇ ਮਾਰਨ ਅਤੇ ਦਮੋਂ ਕੱਢਕੇ ਆਪਣੇ ਚਰਨੀਂ ਲਾਉਣ ਤੇ ਮਜ਼ਬੂਰ ਕਰਨ ਦੀ ਇਹ ਸਾਜਸ਼ ਨਹੀਂ ਤਾਂ ਹੋਰ ਕੀ ਹੈ? ਕਾਮਿਆਂ ਦਾ ਕਹਿਣਾ ਹੈ ਕਿ ਬੇ-ਗੈਰਤ ਹੋ ਕੇ ਜੀਣ ਨਾਲੋਂ ਮੌਤ ਹਜ਼ਾਰ ਦਰਜ਼ੇ ਚੰਗੀ ਹੈ। ਅਸੀਂ ਆਪਣੇ ਹੱਕ ਲੈ ਕੇ ਰਹਾਂਗੇ ਨਹੀਂ ਤਾਂ ਮਿੱਲਾਂ 'ਚ ਕੰਮ ਠੱਪ ਰਹੇਗਾ।

ਉਦਾਸ ਹੋਣ ਦੀ ਬਜਾਏ ਕਾਮੇ ਚੜ੍ਹਦੀ ਕਲਾ 'ਚ ਨੇ। ਉਹ ਮਿੱਲ ਮਾਲਕਾਂ ਦੀਆਂ ਸਭ ਚਾਲਾਂ ਨੂੰ ਨਿਰਖਣ-ਪਰਖਣ ਲੱਗੇ ਹਨ। ਉਹ ਬਹੁਤ ਹੀ ਠਰੰਮੇ ਅਤੇ ਸੂਝ-ਸਿਆਣਪ ਨਾਲ ਆਪਣੀ ਜੱਦੋਜਹਿਦ ਨੂੰ ਦ੍ਰਿੜਤਾ ਨਾਲ ਚਲਾ ਰਹੇ ਹਨ।

ਟੈਕਸਟਾਈਲ ਮਿੱਲਾਂ ਦੇ ਕਾਮਿਆਂ ਤੋਂ ਇਲਾਵਾ ਹੋਰਨਾਂ ਵਰਗਾਂ ਦੇ ਕੰਮ ਕਰਦੇ ਸਨਅਤੀ ਕਾਮਿਆਂ, ਖੇਤ ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ, ਵਿਦਿਆਰਥੀਆਂ, ਕਿਸਾਨਾਂ, ਜਮਹੂਰੀਅਤ ਪਸੰਦ ਤਬਕਿਆਂ, ਸਾਹਿਤ, ਕਲਾ ਅਤੇ ਸਭਿਆਚਾਰ ਦੇ ਖੇਤਰ 'ਚ ਸਰਗਰਮ ਕਾਮਿਆਂ ਨੂੰ ਇਸ ਘੜੀ, ਟੈਕਸਟਾਈਲ ਕਾਮਿਆਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਨ ਲਈ ਅੱਗੇ ਆਉਣਾ ਚਾਹੀਦਾ ਹੈ।
ਟੈਕਸਟਾਈਲ ਕਾਮਿਆਂ ਦੀਆਂ ਮੰਗਾਂ ਬਿਲਕੁਲ ਹੱਕੀ ਅਤੇ ਜਾਇਜ਼ ਹਨ। ਉਹ ਮੰਗ ਕਰ ਰਹੇ ਹਨ ਕਿ ਸਾਨੂੰ ਪੱਕਿਆਂ ਕਰੋ। ਹਾਜ਼ਰੀ ਰਜਿਸਟਰ ਲਗਾਓ। ਪਹਿਚਾਣ-ਪੱਤਰ ਅਤੇ ਹਾਜ਼ਰੀ ਕਾਰਡ ਦਿਓ। ਈ.ਐਸ.ਆਈ., ਬੋਨਸ, ਪੀ.ਐਫ., ਹਫ਼ਤਾਵਾਰ ਅਤੇ ਹੋਰ ਬਣਦੀਆਂ ਛੁੱਟੀਆਂ ਦਿੱਤੀਆਂ ਜਾਣ। ਕਿਰਤ-ਕਾਨੂੰਨ ਲਾਗੂ ਕੀਤੇ ਜਾਣ। ਅੰਬਰ ਛੋਹ ਰਹੀ ਮਹਿੰਗਾਈ ਕਾਰਨ ਤਨਖ਼ਾਹਾਂ 'ਚ ਵਾਧਾ ਕੀਤਾ ਜਾਵੇ। ਤੱਥ ਮੂੰਹੋਂ ਬੋਲਦੇ ਹਨ ਕਿ ਪਿਛਲੇ 20 ਵਰ੍ਹਿਆਂ ਤੋਂ ਲਗਭਗ ਓਹੀ ਰੇਟ/ਤਨਖਾਹਾਂ ਚੱਲੀਆਂ ਆ ਰਹੀਆਂ ਹਨ ਜਦੋਂ ਕਿ ਮਹਿੰਗਾਈ ਨੇ ਕਮਿਆਂ ਦਾ ਕਚੁੰਮਰ ਕੱਢ ਰੱਖਿਆ ਹੈ।

ਆਰਥਕ ਤੰਗੀਆਂ ਦੇ ਭੰਨੇ ਕਾਮੇਂ 14-14 ਘੰਟੇ ਲਟਾ-ਪੀਂਘ ਹੋ ਕੇ ਕੰਮ ਕਰਕੇ ਵੀ ਜ਼ਿੰਦਗੀ ਦਾ ਭੱਠ ਝੋਕ ਰਹੇ ਹਨ। ਦੂਜੇ ਬੰਨੇ ਵਿਹਲੜ ਜਿਹੜੇ ਡੱਕਾ ਤੋੜ ਕੇ ਦੂਹਰਾ ਨਹੀਂ ਕਰਦੇ ਉਹ ਮੌਜ਼ਾਂ ਮਾਣਦੇ ਹਨ। ਜੇ ਕਿਤੇ ਸਾਡਾ ਏਕਾ ਲੋਹੇ ਵਰਗਾ ਹੋ ਜਾਵੇ, ਕਾਮੇ ਚੇਤੰਨ ਹੋ ਜਾਣ ਤਾਂ ਅਸੀਂ ਆਪਣੀ ਤਕਦੀਰ ਦੇ ਆਪ ਮਾਲਕ ਹੋ ਸਕਦੇ ਹਾਂ। ਅਜੇ ਤਾਂ 20 ਲੱਖ ਕਾਮਿਆਂ 'ਚੋਂ ਕਰੀਬ 2600 ਹੀ ਕਾਮਾ ਹੈ ਜਿਸਨੇ ਟੈਕਸਟਾਈਲ ਮਿੱਲਾਂ ਅੰਦਰ ਆਪਣੇ ਹੱਕ ਦਾ ਰੰਗ ਵਿਖਾਇਆ ਹੈ। ਐਨੇ ਨਾਲ ਹੀ ਮਾਲਕਾਂ ਦੇ ਹੱਥਾਂ ਦੇ ਭਾਂਡੇ ਸੁੱਟੇ ਪਏ ਹਨ। ਇਸ ਤਰੰਗ ਨੂੰ ਥਾਏਂ ਨੱਪਣ ਲਈ ਅਨੇਕਾਂ ਪਾਪੜ ਵੇਲੇ ਜਾ ਰਹੇ ਹਨ।

ਸਚਾਈ ਕਦੇ ਜਬਰ ਦੇ ਜ਼ੋਰ ਨਹੀਂ ਦਬਦੀ। ਨਾ ਹੀ ਝੂਠ ਦੇ ਪੁਲੰਦਿਆਂ ਦੇ ਭਾਰ ਹੇਠ ਨੱਪੀ ਜਾ ਸਕਦੀ ਹੈ। ਟੈਕਸਟਾਈਲ ਕਾਮਿਆਂ ਦਾ ਹੱਕੀ ਘੋਲ ਇਹੋ ਸਚਾਈ ਦੀ ਕਹਾਣੀ ਬਿਆਨ ਕਰ ਰਿਹਾ ਹੈ। ਕਾਮਿਆਂ ਦਾ ਸੈਲਾਬ ਲੁਧਿਆਣਾ ਦੀਆਂ ਸੜਕਾਂ 'ਤੇ ਨਿਕਲ ਤੁਰਿਆ ਹੈ। ਹੁਣ ਮਿੱਲਾਂ ਦੇ ਗੇਟ 'ਤੇ ਕੰਮ ਸ਼ੁਰੂ ਹੋਣ ਅਤੇ ਬੰਦ ਹੋਣ ਦੇ ਘੁੱਗੂ ਖ਼ਾਮੋਸ਼ ਨੇ। ਗੇਟਾਂ 'ਤੇ ਗੂੰਜ ਪੈਂਦੀ ਹੈ ਨਾਅਰਿਆਂ ਦੀ। ਕਿਰਤ-ਵਿਭਾਗ ਦੇ ਦਫ਼ਤਰ ਅੱਗੇ ਧਮਕ ਪੈਂਦੀ ਹੈ ਰੋਹਲੇ ਮਾਰਚਾਂ ਦੀ। ਮਿੱਲ ਮਾਲਕਾਂ ਦੀ ਰਾਤਾਂ ਦੀ ਨੀਂਦ ਉਡ ਗਈ। ਉਹ ਬੁਖ਼ਲਾਏ ਹੋਏ ਜੋ ਮੂੰਹ ਆਇਆ ਉਹ ਮਾਇਆ ਦੇ ਜ਼ੋਰ ਅਖ਼ਬਾਰਾਂ 'ਚ ਇਸ਼ਤਿਹਾਰ ਛਪਾਉਣ ਭੱਜ ਤੁਰੇ। ਉਹਨਾਂ ਨੂੰ ਭਰਮ ਹੈ ਕਿ ਸ਼ਾਇਦ ਅਸੀਂ ਕੂੜ ਦਾ ਅੰਬਾਰ ਖੜ੍ਹਾ ਕਰਕੇ ਸੱਚ ਦਾ ਸੂਰਜ ਚੜ੍ਹਨ ਤੋਂ ਡੱਕ ਲਵਾਂਗੇ। ਮਿੱਲ ਮਾਲਕਾਂ ਨੇ ਕੁਝ ਅਖ਼ਬਾਰਾਂ 'ਚ ਇਸ਼ਤਿਹਾਰ ਲਗਵਾਇਆ ਹੈ ਕਿ :

''ਸਤਿਕਾਰਤ ਅਤੇ ਪਰਮ ਪਿਆਰੇ ਮੁੱਖ ਮੰਤਰੀ ਸਾਹਿਬਾਨ ਜੀਓ, ਲੁਧਿਆਣਾ ਸ਼ਹਿਰ ਉਪਰ ਦਹਿਸ਼ਤਵਾਦ ਦਾ ਖ਼ਤਰਾ ਮੰਡਰਾ ਰਿਹਾ ਹੈ ਇਸ ਕਰਕੇ ਟੈਕਸਟਾਈਲ ਮਜ਼ਦੂਰ ਯੂਨੀਅਨ ਅਤੇ ਇਸ ਦੇ ਆਗੂਆਂ ਉਪਰ ਸਖ਼ਤ ਕਾਰਵਾਈ ਕੀਤੀ ਜਾਵੇ।''

ਇਹਨੂੰ ਕਹਿੰਦੇ ਨੇ 'ਉਲਟਾ ਚੋਰ ਕੋਤਵਾਲ ਕੋ ਡਾਂਟੇ'। ਟੈਕਸਟਾਈਲ ਕਾਮੇ, ਸ਼ਹਿਰ ਦੇ ਹੋਰ ਸਨਅਤੀ ਕਾਮੇ, ਮਿਹਨਤਕਸ਼ ਵਰਗ ਅਤੇ ਜਮਹੂਰੀਅਤ/ਇਨਸਾਫ ਪਸੰਦ ਲੋਕ-ਹਿੱਸੇ ਜਾਣਦੇ ਨੇ ਕਿ ਕਿਵੇਂ ਹੱਕ, ਸੱਚ ਦੀ ਆਵਾਜ਼ ਦਬਾਉਣ ਲਈ ਮਿੱਲ ਮਾਲਕ 'ਹਾਕੀ ਬਰਗੇਡ' ਬਣਾ ਕੇ ਅਤੇ ਦਹਿਸ਼ਤਗਰਦ ਗਰੋਹਾਂ ਨੂੰ ਥਾਪੜਾ ਦੇ ਕੇ ਕਾਮਿਆਂ ਨੂੰ ਦਹਿਸ਼ਤਜ਼ਦਾ ਕਰਨ ਅਤੇ ਉਜਾੜਨ ਲਈ ਨਾਦਰਸ਼ਾਹੀ ਹੱਲੇ ਬੋਲਦੇ ਰਹੇ ਹਨ।

ਹੁਣ ਫੇਰ 'ਦਹਿਸ਼ਤਗਰਦੀ' ਦਾ ਝੂਠਾ ਡਰ ਖੜ੍ਹਾ ਕਰਕੇ ਅਸਲ 'ਚ ਹੱਕੀ ਸੰਘਰਸ਼ ਲੜਦੇ ਕਾਮਿਆਂ ਉਪਰ ਦਹਿਸ਼ਤਗਰਦੀ ਦੇ ਝੱਖੜ ਝੁਲਾਉਣ ਲਈ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ। ਕਦੇ ਕਿਹਾ ਜਾ ਰਿਹੈ ਕਿ ਬਾਹਰੋਂ ਆਏ ਕੁਝ ਲੋਕ ਟੈਕਸਟਾਈਲ ਕਾਮਿਆਂ ਨੂੰ ਭੜਕਾਅ ਰਹੇ ਹਨ। ਹੈ ਨੀ ਕਮਾਲ ਦੀ ਚਤੁਰਾਈ! ਆਪਣੇ ਮੁੜ੍ਹਕੇ ਦਾ ਮੁੱਲ ਮੰਗਣਾ, ਸੰਵਿਧਾਨਕ ਹੱਕਾਂ ਨੂੰ ਵੀ ਲਾਗੂ ਕਰਨ ਦੀ ਮੰਗ ਕਰਨਾ, ਦਹਿਸ਼ਤਗਰਦੀ ਹੈ ਜਦੋਂ ਕਿ ਕਾਮਿਆਂ ਦੇ ਹੱਕਾਂ ਉੱਪਰ ਝਪਟਾ ਮਾਰਨਾ ਸ਼ਾਂਤੀ ਦੇ ਪੁੰਜ ਹੋਣਾ ਅਤੇ ਸ਼ਰੀਫ਼ ਨਾਗਰਿਕ ਹੋਣਾ ਹੈ! ਹੁਣ ਇਸ ਦੰਭ ਦੇ ਲੰਗਾਰ ਵਗਾਹ ਮਾਰੇ ਹਨ। ਕਾਮਿਆਂ ਨੇ ਅੱਖ ਖੋਲ੍ਹੀ ਹੈ। ਆਪਣੇ-ਪਰਾਏ ਦੀ ਪਹਿਚਾਣ ਕੀਤੀ ਹੈ। ਇਹ ਪਹਿਚਾਣ ਕਿਤੇ ਗੂਹੜੀ ਅਤੇ ਪੱਕੀ ਨਾ ਹੋ ਜਾਏ। ਟੈਕਸਟਾਈਲ ਕਾਮਿਆਂ ਦੀ ਆਵਾਜ਼ ਸੰਗ ਆਵਾਜ਼ ਮਿਲਾਉਣ ਲਈ ਹੋਰ ਸਨਅਤੀ ਕਾਮੇ ਜੋਟੀਆਂ ਪਾ ਕੇ ਸੜਕਾਂ 'ਤੇ ਨਿੱਤਰ ਨਾ ਪੈਣ ਇਸ ਡਰੋਂ ਮਿੱਲ ਮਾਲਕਾਂ ਦੇ ਕਲੇਜੇ ਹੌਲ ਪੈ ਰਹੇ ਹਨ।

ਟੈਕਸਟਾਈਲ ਕਾਮਿਆਂ ਉਪਰ ਇਸ ਮਜ਼ਦੂਰ ਵਿਰੋਧੀ ਅਤੇ ਲੋਕ-ਵਿਰੋਧੀ ਢਾਂਚੇ ਦੀ ਗੈਰ ਜਮਹੂਰੀ, ਗੈਰ-ਸੰਵਿਧਾਨਕ ਅਤੇ ਗੈਰ ਇਖਲਾਕੀ ਭਰੀ ਦਹਿਸ਼ਤਗਰਦੀ ਅਤੇ ਧੱਕੇ ਸ਼ਾਹੀ ਖਿਲਾਫ ਸਾਂਝੀ ਆਵਾਜ਼ ਬੁਲੰਦ ਕਰਨ ਲਈ ਅੱਜ 12 ਨਵੰਬਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਅਤੇ 13 ਨਵੰਬਰ ਨੂੰ ਪਿੰਡ ਭੈਣੀ ਬਾਘਾ (ਮਾਨਸਾ ਲਾਗੇ) ਅਪ੍ਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ, ਪੰਜਾਬ ਦੀ ਅਗਵਾਈ 'ਚ ਸਮੂਹ ਜਮਹੂਰੀ ਹਲਕੇ ਮਿਲ ਕੇ ਕਨਵੈਨਸ਼ਨਾਂ ਕਰ ਰਹੇ ਹਨ। ਇਸ ਸੁਲੱਖਣੇ ਵਰਤਾਰੇ ਨੂੰ ਹੁੰਗਾਰਾ ਭਰਨ ਲਈ ਹੋਰ ਮਿਹਨਤਕਸ਼ ਤਬਕੇ ਵੀ ਸਿਰ ਜੋੜ ਕੇ ਕਨਵੈਨਸ਼ਨਾਂ 'ਚ ਪੁੱਜ ਰਹੇ ਹਨ। ਟੈਕਸਟਾਈਲ ਕਾਮਿਆਂ ਉਪਰ ਦਬਾਅ ਪਾਉਣ, ਹੱਕ ਖੋਹਣ ਅਤੇ ਕੁੱਟਣ ਦੇ ਮੌਕੇ ਤਲਾਸ਼ਣ 'ਚ ਲੱਗੇ ਮਾਲਕਾਂ ਅਤੇ ਗੋਬਿੰਦਪੁਰਾ ਦੇ ਹੱਕੀ ਸੰਗਰਾਮ 'ਚ ਖ਼ਾਸ ਕਰਕੇ ਔਰਤਾਂ ਨੂੰ ਜ਼ੁਲਮ ਦਾ ਸ਼ਿਕਾਰ ਬਣਾਉਣ 'ਤੇ ਤੁਲੇ ਹਾਕਮਾਂ ਖਿਲਾਫ ਇਹ ਜਮਹੂਰੀ ਕਨਵੈਨਸ਼ਨਾਂ, ਅਪਰੇਸ਼ਨ ਗਰੀਨ ਹੰਟ ਦੇ ਮੁਲਕ-ਵਿਆਪੀ ਵਰਤਾਰੇ ਦੇ ਪ੍ਰਸੰਗ 'ਚ ਇਸ ਮਾਮਲੇ ਉਪਰ ਰੌਸ਼ਨੀ ਪਾ ਰਹੀ ਹੈ। ਇਹ ਕਾਰਪੋਰੇਸ਼ਨ ਉੱਘੇ ਰੰਗ ਕਰਮੀ ਜਤਿਨ ਮਰਾਂਡੀ ਨੂੰ ਫਾਂਸੀ ਦੀ ਸੁਣਾਈ ਸਜ਼ਾ ਅਤੇ ਸੋਨੀ ਸੋਰੀ ਉਪਰ ਮੜ੍ਹੇ ਝੂਠੇ ਕੇਸ ਵਾਪਸ ਕਰਾਉਣ ਲਈ ਆਵਾਜ਼ ਲਾਮਬੰਦ ਕਰਨ ਦੀ ਵੀ ਲਲਕਾਰ ਬਣੇਗੀ।

1 comment:

  1. ਲੁਧਿਆਣੇ ਦੇ ਮਜ਼ਦੂਰਾਂ ਦੇ ਜੋਰਦਾਰ ਸੰਘਰਸ਼ ਨੇ ਚੱਲ ਰਹੀ ਲੋਕ ਹੱਕਾਂ ਦੀ ਲਹਿਰ 'ਚ ਅਤਿ ਲੋੜੀਦੇ ਮੁਹਾਜ਼ ਦੀ ਭਰਵੀਂ ਹਾਜ਼ਰੀ ਲਵਾਈ ਹੈ। ਇਸ ਸੰਘਰਸ਼ ਬਾਰੇ ਹੋਰ ਜਾਣਕਾਰੀ ਦੀ ਹੋਰ ਲੋੜ ਹੈ।

    ReplyDelete