StatCounter

Sunday, July 1, 2012

ਪਾਰਲੀਮੈਂਟ ਮੈਂਬਰਾਂ ਦਾ ਬਠਿੰਡਾ ਦੌਰਾ :

ਪੀੜਤ ਮਨਾਂ ਅਤੇ ਲੋਕਾਂ ਦੀ ਕਮਾਈ ਨਾਲ ਖਿਲਵਾੜ

ਬਠਿੰਡਾ ਪ੍ਰਸ਼ਾਸਨ ਤੇ ਖੇਤੀਬਾੜੀ ਵਿਭਾਗ ਨੇ ਕਈ ਦਿਨਾਂ ਤੋਂ ਮੀਡੀਏ ਰਾਹੀਂ ਇਹ ਗੁੱਡਾ ਬੰਨ ਰੱਖਿਆ ਸੀ ਕਿ ਪਾਰਲੀਮੈਂਟ ਦੀ ਇਕੱਤੀ (31) ਮੈਂਬਰੀ ਟੀਮ ਕੈਂਸਰ ਪੀੜਤਾਂ ਤੇ ਕਿਸਾਨਾਂ ਦੇ ਦੁੱਖੜੇ ਸੁਣਨ ਲਈ ਬਠਿੰਡਾ ਆ ਰਹੀ ਹੈ। ਖੇਤੀ ਖੇਤਰ ਵਿਚ ਵਰਤੀਆਂ ਜਾ ਰਹੀਆਂ ਰੇਹਾਂ-ਸਪਰੇਆਂ ਦੇ ਮਾੜੇ ਅਸਰਾਂ ਬਾਰੇ ਕਿਸਾਨਾਂ ਨਾਲ ਗੱਲ ਕਰੇਗੀ। ਇਨ੍ਹਾਂ ਖਬਰਾਂ ਨੇ ਕੈਂਸਰ ਪੀੜਤਾਂ ਵਿਚ ਅਤੇ ਕਿਸਾਨਾਂ ਅੰਦਰ ਉਤਸੁਕਤਾ ਜਗਾਈ ਹੋਈ ਆ। ਖੇਤੀਬਾੜੀ ਵਿਭਾਗ ਨੇ ਕਈ ਕਿਸਾਨ ਨੇਤਾਵਾਂ ਤੇ ਕਾਰਕੁੰਨਾਂ ਨੂੰ ਫੋਨ ਕਰ ਕਰ ਵੀ ਬੁਲਾਇਆ ਸੀ। ਪਾਰਲੀਮੈਂਟ ਦੇ ਇਕੱਤੀ ਮੈਂਬਰਾਂ ਦੀ ਥਾਂ ਸੱਤ (7) ਮੈਂਬਰੀ ਟੀਮ ਆਈ। ਇਕ ਰਾਤ ਬਠਿੰਡੇ ਠਹਿਰੀ ਤੇ ਅਗਲੀ ਸਵੇਰ ਚਲੀ ਗਈ। ਟੀਮ ਨੇ ਤਾਂ ਜਾਣਾ ਹੀ ਸੀ। ਚਲੀ ਗਈ। ਫੇਰ ਐਨਾ ਖਰਚਾ ਕਰਕੇ ਇਥੇ ਆਉਣ ਦਾ ਕੀ ਮਕਸਦ ਸੀ?

ਕਿਉਂਕਿ ਕੈਂਸਰ ਪੀੜਤਾਂ ਤੇ ਰੇਹਾਂ-ਸਪਰੇਆਂ ਜਾਂ ਕਰਜ਼ੇ ਮਾਰੇ ਕਿਸਾਨਾਂ ਨਾਲ ਹਮਦਰਦੀ ਨਾ ਇਨ੍ਹਾਂ ਤੋਂ ਹੋਈ ਤੇ ਨਾ ਇਨ੍ਹਾਂ ਤੋਂ ਹੋ ਸਕਣੀ ਸੀ ਕਿਉਂਕਿ ਜਿਸ ਪਾਰਲੀਮੈਂਟ ਦੇ ਇਹ ਮੈਂਬਰ ਹਨ, ਉਸ ਪਾਰਲੀਮੈਂਟ ਦਾ, ਉਸ ਵੱਲੋਂ ਬਣਾਏ ਨੀਤੀਆਂ-ਕਨੂੰਨ ਤੇ ਕੀਤੀ ਅਮਲਦਾਰੀ, ਲੋਕਾਂ ਨਾਲ ਹਮਦਰਦੀ ਦੀ ਥਾਂ ਜੋਕਾਂ ਨਾਲ, ਵੱਡੇ ਸਰਮਾਏਦਾਰਾਂ, ਜਗੀਰਦਾਰਾਂ, ਦੇਸੀ-ਬਦੇਸੀ ਕੰਪਨੀਆਂ ਤੇ ਸਾਮਰਾਜੀਆਂ ਨਾਲ ਹਮਦਰਦੀ ਦਾ ਮੁੱਢ ਤੋਂ ਅੱਜ ਤੱਕ ਦਾ ਰਿਕਾਰਡ ਹੈ। ਏਸੇ ਪਾਰਲੀਮੈਂਟ ਨੇ, ਦੇਸੀ-ਬਦੇਸ਼ੀ ਧਨ-ਲੋਟੂ ਕੰਪਨੀਆਂ ਨੂੰ ਮੋਟੀਆਂ ਕਮਾਈਆਂ ਕਰਵਾਉਣ ਲਈ ਉਨ੍ਹਾਂ ਵਲੋਂ ਵੇਚੇ ਜਾ ਰਹੇ ਬੇਰੜੇ ਬੀਜਾਂ, ਰਸਾਇਣਕ ਖਾਦਾਂ ਤੇ ਜ਼ਹਿਰੀ ਸਪਰੇਆਂ ਦੀ ਵਿਕਰੀ ਨੂੰ ਖੁੱਲ੍ਹਾਂ ਦੇ ਕੇ ਕਿਸਾਨਾਂ ਤੇ ਸਭਨਾਂ ਲੋਕਾਂ ਨੂੰ ਮਾਰੂ ਬਿਮਾਰੀਆਂ ਮੂੰਹ ਧੱਕਿਆ ਹੈ ਅਤੇ ਗਰੀਬੀ, ਬੇਰੁਜ਼ਗਾਰੀ ਤੇ ਕਰਜੇ ਦੇ ਤੰਦੂਏ ਜਾਲ 'ਚ ਸੁੱਟਿਆ ਹੈ। ਏਸੇ ਪਾਰਲੀਮੈਂਟ ਨੇ, ਦੇਸੀ-ਬਦੇਸ਼ੀ ਕੰਪਨੀਆਂ ਵੱਲੋਂ ਪੈਦਾ ਕੀਤੀਆਂ ਖੇਤੀ-ਲਾਗਤਾਂ ਦੀਆਂ ਕੀਮਤਾਂ ਨੂੰ ਕੰਟਰੋਲ ਮੁਕਤ ਕਰਕੇ ਮਹਿੰਗੀਆਂ ਕਰਨ ਰਾਹੀਂ ਤੇ ਕਿਸਾਨਾਂ-ਮਜ਼ਦੂਰਾਂ ਵਲੋਂ ਪੈਦਾ ਕੀਤੀਆਂ ਖੇਤੀ ਜਿਨਸਾਂ ਦੇ ਭਾਵਾਂ ਵਿਚ ਮਸਾਂ ਦਸਾ-ਬੀਸਾ ਵਧਾਉਣ ਰਾਹੀਂ ਖੇਤੀ ਧੰਦੇ ਨੂੰ ਘਾਟੇ ਦਾ ਧੰਦਾ ਬਣਾ ਕੇ ਸਿਰ ਚੜੇ ਕਰਜੇ ਨੂੰ ਨਾ ਮੋੜ ਸਕਣ ਦੇ ਭਾਰ ਕਾਰਨ ਕਿਸਾਨਾਂ ਨੂੰ ਖੁਦਕੁਸ਼ੀਆਂ ਵੱਲ ਧੱਕਿਆ ਹੈ। ਪੰਜਾਬ ਦੀਆਂ ਅੰਮ੍ਰਿਤਸਰ, ਪਟਿਆਲਾ ਤੇ ਲੁਧਿਆਣਾ ਯੂਨੀਵਰਸਿਟੀਆਂ ਦਾ ਸਰਵੇਖਣ ਦੱਸਦਾ ਹੈ ਕਿ ਪਿਛਲੇ 10 ਸਾਲਾਂ ਤੋਂ 500 ਵਿਅਕਤੀ ਪ੍ਰਤੀ ਸਾਲ ਪੰਜਾਬ ਦਾ ਕਿਸਾਨ-ਮਜ਼ਦੂਰ ਆਪਣੀ ਜੀਵਨ ਲੀਲਾ ਆਪਣੇ ਹੱਥੀਂ ਖ਼ਤਮ ਕਰ ਰਿਹਾ ਹੈ। ਬਠਿੰਡਾ ਜ਼ਿਲ੍ਹੇ ਦੀ ਰਿਪੋਰਟ ਕੂਕ ਕੂਕ ਕਹਿ ਰਹੀ ਹੈ ਕਿ ਜ਼ਿਲ੍ਹੇ ਦੇ 80 ਪਿੰਡਾਂ ਵਿਚੋਂ ਪਿਛਲੇ 18 ਸਾਲਾਂ ਵਿਚ 800 ਕਿਸਾਨ-ਮਜ਼ਦੂਰ ਖੁਦਕੁਸ਼ੀਆਂ ਕਰ ਚੁੱਕੇ ਹਨ। ਏਹੀ ਪਾਰਲੀਮੈਂਟ, ਬੈਂਕਾਂ ਨੂੰ ਖੇਤੀ ਕਰਜੇ ਘਟਾਉਣ ਤੇ ਵਪਾਰਕ ਕਰਜੇ ਵਧਾਉਣ ਦੇ ਕਨੂੰਨ ਪਾਸ ਕਰ ਰਹੀ ਹੈ। ਏਸੇ ਪਾਰਲੀਮੈਂਟ ਨੇ ਬਸਤੀਵਾਦ ਵੇਲੇ ਦਾ, 1894 ਦਾ ਭੂਮੀ ਗ੍ਰਹਿਣ ਕਨੂੰਨ ਦੇ ਸਹਾਰੇ 1951 ਤੋਂ ਹੁਣ ਤੱਕ ਇਕ ਕਰੋੜ ਏਕੜ ਦੇ ਲਗਪਗ ਜਮੀਨ 'ਗ੍ਰਹਿਣ ਕਰਕੇ' ਦਸ (10) ਕਰੋੜ ਲੋਕਾਂ ਨੂੰ ਉਜਾੜੇ ਮੂੰਹ ਧੱਕ ਦਿੱਤਾ ਹੈ। ਸੰਨ 2011 ਵਿਚ ਹੁਣ ਨਵੇਂ ਬਣਾਏ ਭੂਮੀ ਗ੍ਰਹਿਣ ਤੇ ਮੁੜ-ਵਸੇਬਾ ਕਨੂੰਨ ਰਾਹੀਂ ''ਵਿਕਾਸ'' ਅਤੇ ''ਜਨਤਕ-ਹਿੱਤ'' ਦੇ ਨਾਂ ਹੇਠ ਕਾਰਪੋਰੇਟ ਜਗਤ ਵਾਸਤੇ ਜਮੀਨਾਂ ਹਥਿਆਉਣਾ ਸੁਖਾਲਾ ਤੇ ਸਰਲ ਕਰ ਲਿਆ ਹੈ। ਸਰਕਾਰੀ ਰਿਕਾਰਡ ਸਿਰ ਚੜ੍ਹ ਬੋਲ ਰਿਹਾ ਹੈ ਕਿ ਪਿਛਲੇ 15 ਸਾਲਾਂ 'ਚ 5 ਏਕੜ ਤੋਂ ਘੱਟ ਜਮੀਨ ਵਾਲੇ ਕਿਸਾਨਾਂ ਦੀ ਗਿਣਤੀ ਖੇਤੀ ਖੇਤਰ ਵਿਚੋਂ 5 ਲੱਖ ਤੋਂ ਘੱਟ ਕੇ 3 ਲੱਖ ਰਹਿ ਗਈ ਹੈ ਤੇ ਇਹ ਸਭ ਸ਼ਹਿਰਾਂ ਦੇ ਲੇਬਰ ਚੌਕਾਂ ਵਿਚ ਖੜਨ ਲੱਗ ਪਏ ਹਨ। ਏਹ ਪਾਰਲੀਮੈਂਟ, ਕਿਸਾਨਾਂ ਨੂੰ ਖੇਤੀ-ਖੇਤਰ 'ਚੋਂ ਬਾਹਰ ਧੱਕਣ ਦੇ ਕਾਨੂੰਨ ਤਾਂ ਬਣਾ ਰਹੀ ਹੈ ਪਰ ਕਿਸਾਨਾਂ-ਮਜ਼ਦੂਰਾਂ ਨੂੰ ਸਨਅਤ ਤੇ ਸੇਵਾਵਾਂ ਦੇ ਖੇਤਰਾਂ 'ਚ ਰੁਜ਼ਗਾਰ ਨਹੀਂ ਦੇ ਰਹੀ। ਇਹੀ ਪਾਰਲੀਮੈਂਟ ਹੈ ਜਿਹੜੀ ਸੰਵਿਧਾਨ ਵਿਚ, ''ਐਸੋਸੀਏਸ਼ਨਾਂ ਬਣਾਉਣ ਤੇ ਰੋਸ ਪ੍ਰਗਟਾਉਣ ਦੀਆਂ ਦਿੱਤੀਆਂ ਮੁੱਢਲੀਆਂ ਆਜ਼ਾਦੀਆਂ'' ਨੂੰ ਨਕਾਰਦਿਆਂ, ਹੱਕਾਂ ਲਈ ਸੰਘਰਸ਼ ਕਰ ਰਹੇ ਹਰ ਹਿੱਸੇ ਉਪਰ ਪੁਲਿਸ ਨੂੰ ਲਾਠੀ-ਗੋਲੀ ਵਰਾਉਣ ਤੇ ਫੌਜ ਨੂੰ ਹਵਾਈ ਤੇ ਡਰੋਨ ਹਮਲੇ ਕਰਨ ਦੀਆਂ ਖੁੱਲ੍ਹਾਂ ਦੇ ਰਹੀ ਹੈ ਅਤੇ ਪਹਿਲਾਂ ਹੀ ਅਣਗਿਣਤ ਲੋਕ-ਵਿਰੋਧੀ ਕਾਨੂੰਨਾਂ ਦੇ ਹੁੰਦਿਆਂ ਵੀ ਪੂਰੀ ਤਰ੍ਹਾਂ ਜਬਾਨਬੰਦੀ ਕਰਨ ਵਾਲੇ ਐਨ.ਸੀ.ਟੀ.ਸੀ. ਵਰਗੇ ਜਾਬਰ ਸੰਦ ਘੜ ਰਹੀ ਹੈ। ਇਹੀ ਪਾਰਲੀਮੈਂਟ ਹੈ, ਜਿਹੜੀ ਦੇਸੀ-ਬਦੇਸੀ ਅਮੀਰ ਘਰਾਣਿਆਂ ਦੇ ਕਾਰਖਾਨਿਆਂ ਵਲੋਂ ਪਾਣੀ ਤੇ ਹਵਾ ਨੂੰ ਦੂਸ਼ਿਤ ਕੀਤੇ ਜਾਣ ਉਤੇ ਰੋਕਾਂ ਨਾ ਲਾ ਕੇ ਲੋਕਾਂ ਲਈ ਜਿਉਣਾ ਦੁੱਭਰ ਬਣਾ ਰਹੀ ਹੈ। ਅਜਿਹੀ ਪਾਰਲੀਮੈਂਟ ਤੋਂ ਲੋਕ ਕੀ ਤਵੱਕੋ ਰੱਖਣ ਤੇ ਉਸਦੇ ਮੈਂਬਰਾਂ ਤੋਂ ਕਿਹੜੇ ਭਲੇ ਦੀ ਆਸ? ਜਿਹੋ ਜਿਹੀ ਕੋਕੋ, ਉਹੋ ਜਿਹੇ ਹੀ ਉਹਦੇ ਬੱਚੇ! ਸਾਰੇ ਕੰਮ, ਰੁਝੇਵਿਆਂ ਤੇ ਸਮੇਂ ਨੂੰ ਵੇਖ-ਵਿਚਾਰ ਕੇ ਇਹ ਬਠਿੰਡਾ ਆਉਣ ਦੇ ਸ਼ਡਿਊਲ ਬਣੇ ਤੇ ਐਲਾਨੇ ਹੋਣ ਦੇ ਬਾਵਜੂਦ ਵੀ 31 ਮੈਂਬਰਾਂ ਵਿਚੋਂ ਟੀਮ ਮੁਖੀ ਦਾ ਵੀ ਨਾ ਆਉਣਾ, ਸਿਰਫ਼ 7 ਮੈਂਬਰਾਂ ਦਾ ਹੀ ਆਉਣਾ ਅਤੇ ਪੰਜਾਬ ਜਾਂ ਖਾਸ ਕਰਕੇ ਬਠਿੰਡੇ ਦੇ ਮੈਂਬਰ ਪਾਰਲੀਮੈਂਟ ਦਾ ਨਾ ਆਉਣਾ, ਇਨ੍ਹਾਂ ਮੈਂਬਰਾਂ ਦੀ ਲੋਕਾਂ ਨਾਲ ਹਮਦਰਦੀ ਦਾ ਸਭ ਹੀਜ-ਪਿਆਜ ਨੰਗਾ ਕਰ ਗਿਆ ਹੈ। ਕਿਸੇ ਪੀੜਤ ਮੂਹਰੇ ਅੱਥਰੂ ਵਹਾਉਣੇ, ਹਮਦਰਦੀ ਨਹੀਂ, ਲੋਭੀ-ਮਨ ਦਾ ਮਗਰਮੱਛੀ-ਦੰਭ ਹੈ।

ਇਸ ਟੀਮ ਦਾ ਕੈਂਸਰ ਪੀੜਤਾਂ ਤੇ ਕਿਸਾਨਾਂ ਨੂੰ ਸੁਣਨ ਦਾ ਮਕਸਦ ਕਿਹੜਾ ਪੂਰਾ ਹੋਇਆ? ਇਕ ਪਿੰਡ ਜਾ ਕੇ ਕੁਝ ਨੂੰ ਸੁਣਨ ਨਾਲ ਕੈਂਸਰ ਪੀੜਤਾਂ ਦਾ ਦਰਦ ਨਾ ਸੁਣਿਆ ਅਤੇ ਨਾ ਦਰਦ ਆਵਦਾ ਬਣਾ ਲਿਆ ਗਿਣਿਆ ਜਾ ਸਕਦਾ ਹੈ। ਏਸੇ ਤਰ੍ਹਾਂ ਦਰਜਨ ਦੇ ਕਰੀਬਨ ਸੱਦੇ ਭੇਜ ਕੇ ਬੁਲਾਏ ਕਿਸਾਨਾਂ ਵਿਚੋਂ ਵੀ ਸਿਰਫ਼ ਦੋ ਨੂੰ ਹੀ ਸੁਣਨ ਨਾਲ ਕਿਸਾਨ-ਦੁੱਖੜੇ ਸੁਣਨ ਨੂੰ ਨਾ ਸੁਣਿਆ ਮੰਨਿਆ ਜਾ ਸਕਦਾ ਹੈ ਤੇ ਨਾ ਸਮਝਿਆ ਕਿਹਾ ਜਾ ਸਕਦਾ ਹੈ! ਹਾਂ ਕਾਰਵਾਈ ਰਿਪੋਰਟ ਲੰਬੀ-ਚੌੜੀ ਬਣਾਈ ਜਾ ਸਕਦੀ ਹੈ। ਹੋਰ ਥਾਵਾਂ ਨੂੰ ਹਾਲ ਦੀ ਘੜੀ ਨਾ ਗਿਣਦੇ ਹੋਏ, ਇਕੱਲੇ ਬਠਿੰਡੇ ਜ਼ਿਲ੍ਹੇ ਵਿਚ ਹੀ ਦਰਜਨਾਂ ਪਿੰਡ ਕੈਂਸਰ ਦੀ ਮਾਰੂ ਜਕੜ ਵਿਚ ਫਸੇ ਹੋਏ ਹਨ ਤੇ ਸੈਂਕੜੇ ਪ੍ਰੀਵਾਰ ਪੀੜਤ ਹਨ। ਸਰਕਾਰੀ ਖਜਾਨੇ ਵਿਚੋਂ ਤਨਖਾਹਾਂ ਤੇ ਭੱਤੇ ਹਾਸਲ ਕਰਨ ਵਾਲੇ ਇਨ੍ਹਾਂ ਮੈਂਬਰਾਂ ਤੇ ਅਧਿਕਾਰੀਆਂ ਨੂੰ ਬਠਿੰਡੇ ਤੋਂ ਜੱਜਲ ਪਿੰਡ (ਕਰੀਬਨ 35 ਕਿਲੋਮੀਟਰ) ਲੈ ਜਾਣ ਵਾਲੀਆਂ ਸਰਕਾਰੀ ਤੇਲ ਸੜਾਕਦੀਆਂ ਹੂਟਰ ਵਾਲੀਆਂ ਜਿਪਸੀਆਂ ਤੇ ਏਅਰਕੰਡੀਸ਼ਨਡ ਕਾਰਾਂ ਦੇ ਖਰਚੇ ਬਰੋਬਰ ਤਾਂ ਬਠਿੰਡੇ ਦੇ ਸਾਰੇ ਕੈਂਸਰ-ਪੀੜਤਾਂ ਨੂੰ ਬਠਿੰਡਾ ਵਿਖੇ ਇਕ ਥਾਂ ਬੁਲਾ ਕੇ ਇਕੱਠਿਆਂ ਹੀ ਸੁਣਿਆ ਜਾ ਸਕਦਾ ਸੀ। ਸੁਣਨ ਵਾਲੇ ਵੀ ਘੱਟ ਨਹੀਂ ਸਨ। ਹੋਟਲ ਦੀਆਂ ਪਲੇਟਾਂ ਤੇ ਬਿਲ ਸਭ ਦਸਦੇ ਹਨ ਕਿ ਪਾਰਲੀਮੈਂਟ ਮੈਂਬਰ ਭਾਵੇਂ ਸੱਤ ਸਨ ਪਰ ਉਨ੍ਹਾਂ ਨਾਲ ਅਮਲਾ ਫੈਲਾ ਤੇ ਅਧਿਕਾਰੀ ਲਗਪਗ 5 ਦਰਜਨ ਸਨ। ਬਕਾਇਦਾ ਸੱਦਾ ਦੇ ਕੇ ਬੁਲਾਏ ਦਰਜਨ ਭਰ ਕਿਸਾਨ ਆਗੂਆਂ ਵਿਚੋਂ ਸਿਰਫ਼ ਦੋ ਨੂੰ ਹੀ ਸੁਣ ਕੇ ਚਲੋ ਬਈ ਚਲੋ, ਹੋ ਗਈ। ਜਿਨ੍ਹਾਂ ਨੂੰ ਸੁਣਿਆ, ਉਨ੍ਹਾਂ ਨੂੰ ਬੋਲਦਿਆਂ ਨੂੰ ਵਿਚੋਂ ਟੋਕਾ-ਟਾਕੀ ਕੀਤੀ ਗਈ।

ਪਾਰਲੀਮੈਂਟ ਮੈਂਬਰਾਂ ਦਾ ਇਥੇ ਘੁੰਮਣ-ਫਿਰਨ ਦਾ ਚਾਅ ਵੀ ਧਰਿਆ-ਧਰਾਇਆ ਰਹਿ ਗਿਆ। 470 ਤੇ ਸਵੇਰੇ ਹੀ ਭੱਠੀ ਬਣ ਜਾਂਦਾ ਅਤੇ ਕਿਸੇ ਨਾ ਕਿਸੇ ਦੀ, ਕਈ ਵਾਰ ਕਈ ਜਣਿਆਂ ਦੀ ਬਲੀ ਲੈਂਦਾ ਬਠਿੰਡਾ, ਬਠਿੰਡੇ ਉਡਦੀ-ਡਿਗਦੀ ਧੂੜ ਤੋਂ ਲਗਦੀਆਂ ਬਿਮਾਰੀਆਂ ਦੀਆਂ ਖਬਰਾਂ, ਕੈਂਸਰ ਪੀੜਤਾਂ ਨੂੰ ਮਿਲਣ ਸਮੇਂ ਉਨ੍ਹਾਂ ਦੇ ਕੋਲ ਖੜਕੇ ਸਾਹ ਲੈਣ ਦੀ ਦਹਿਸ਼ਤ ਅਤੇ ਬਠਿੰਡੇ ਅੰਦਰ ਭਖੇ ਰਹਿੰਦੇ ਸੰਘਰਸ਼ਾਂ ਦੇ ਅਖਾੜਿਆਂ ਕਰਕੇ ਹਰ ਕਿਸੇ ਦੇ ਬੋਲ ਉੱਠਣ ਦਾ ਡਰ ਵੀ ਡਰਾਉਂਦਾ ਰਿਹਾ ਲਗਦਾ ਹੈ। ਵਾਤਾਅਨੁਕੂਲ ਕਾਰਾਂ ਵਿਚੋਂ ਨਿਕਲ ਬਠਿੰਡਾ ਦੇ ''ਕਮਫਰਟ ਇੰਨ'' ਵਿਚ ਜਾ ਵੜੇ, ਇਹ ਮੈਂਬਰ ਮਿੱਤਲ ਮਾਲਜ਼ ਰਾਹੀਂ ਆਵਦੀ ਦਿੱਲੀ ਵਾਲੇ ਪਾਲਿਕਾ ਬਾਜ਼ਾਰ ਦੇ ਸੁਪਨੇ ਲੈਂਦੇ ਅੰਦਰੇ ਹੀ ਦੜੇ ਰਹੇ।

ਇਸ ਟੀਮ ਨੇ ਇਕ ਮਕਸਦ ਜਰੂਰ ਪੂਰਾ ਕਰ ਲਿਆ ਹੋਣਾ ਹੈ, ਉਹ ਹੈ ਸਰਕਾਰ ਦੀ, ਪਾਰਲੀਮੈਂਟ ਦੀ, ਆਵਦੀ ਬੱਲੇ ਬੱਲੇ ਕਰਾਉਣ ਦਾ। ਨਾਲੇ ਆਪ ਤੇ ਆਪਦੇ ਬੱਚਿਆਂ ਨੂੰ ਹਿਮਾਚਲ ਦੀਆਂ ਵਾਦੀਆਂ 'ਚ ਘੁੰਮਾਉਣ ਦਾ। ਲੋਕਾਂ ਨਾਲ ਦੰਭ ਖੇਡਣ ਦਾ।
ਪਰ ਇਸ ਸਾਰੇ ਨਾਲ ਨਾ ਕੈਂਸਰ ਦੇ ਦੈਂਤ ਨੂੰ ਨੱਥ ਪੈਣੀ ਹੈ ਅਤੇ ਨਾ ਕਰਜੇ ਦਾ ਤੰਦੂਆ-ਜਾਲ ਕੱਟਿਆ ਜਾਣਾ ਹੈ। ਲੋਕਾਂ ਨੂੰ ਆਵਦਾ ਸਿਰ ਖੁਦ ਗੁੰਦਣ ਵਾਂਗ ਆਪ ਹੀ ਇਕਜੁੱਟ ਹੋ ਕੇ ਕੁਝ ਸੋਚਣਾ ਤੇ ਕਰਨਾ ਪੈਣਾ ਹੈ। ਸਰਕਾਰਾਂ ਦੇ ਵਾਅਦੇ ਤੇ ਲਾਰੇ ਤਾਂ ਪਹਿਲਾਂ ਵੀ ਬਥੇਰੇ ਹਨ। ਪਾਰਲੀਮੈਂਟ ਜਾਂ ਅਸੰਬਲੀ ਦੇ ਸਿਰਫ਼ ਮੈਂਬਰ ਜਾਂ ਮੰਤਰੀ ਹੀ ਨਹੀਂ, ਸਗੋਂ ਪੰਜਾਬ ਦਾ ਗਵਰਨਰ ਵੀ ਚੱਕਰ ਮਾਰ ਕੇ ਗਿਆ ਹੈ। ਕਈ ਦਿਨ 'ਸ਼ੁੱਧ' ਪਾਣੀ ਦੇ ਟੈਂਕਰ ਵੀ ਆਉਂਦੇ ਰਹੇ ਹਨ। ''ਕੈਂਸਰ ਰੋਕੋ'' ਗੱਡੀਆਂ ਵੀ ਹਨ। ਬਠਿੰਡੇ ਤੋਂ ਬੀਕਾਨੇਰ ਨੂੰ ਚਲਦੀ ਕੈਂਸਰ ਮਰੀਜਾਂ ਦੀ ਟਰੇਨ ਦੀ ਥਾਂ ਇਥੇ ਹੀ ਕੈਂਸਰ ਮੁਕਾਊ ਹਸਪਤਾਲ ਖੋਹਲਣ ਦੇ ਦਮਗਜੇ ਵੀ ਹਨ ਪਰ ਕੈਂਸਰ ਦੇ ਦੈਂਤ ਦੀ ਲਪੇਟ ਤੇਜ ਹੋਈ ਜਾ ਰਹੀ ਹੈ।

ਚਾਹੇ ਕੈਂਸਰ ਰੋਕਣਾ ਹੈ ਜਾਂ ਇਸਦਾ ਇਲਾਜ ਕਰਨਾ ਹੈ ਅਤੇ ਚਾਹੇ ਕਰਜੇ ਦਾ ਤੰਦੂਆ ਜਾਲ ਕੱਟਣਾ ਹੈ ਤਾਂ ਇਕਜੁੱਟ ਸੰਘਰਸ਼ਾਂ ਦੇ ਅਜੰਡੇ ਬਣਾ ਕੇ ਸੰਘਰਸ਼ਾਂ ਦੇ ਅਖਾੜੇ ਮਘਾਉਣ ਤੇ ਭਖਾਉਣ ਦੇ ਸਵੱਲੜੇ ਰਾਹ ਤੁਰਨ ਲਈ ਸੋਚਾਂ-ਵਿਚਾਰਾਂ ਦੇ ਅਤੇ ਮਨ ਦੀ ਤਿਆਰੀ ਲਈ ਕਦਮ ਅੱਗੇ ਵਧਾਉਣੇ ਪੈਣੇ ਹਨ।

ਜਗਮੇਲ ਸਿੰਘ  General Secretary, Lok Morcha Punjab
94172-24822

No comments:

Post a Comment