StatCounter

Sunday, July 15, 2012

ਛੱਤੀਸਗੜ੍ਹ ਦੇ ਲੋਕਾਂ ਦੇ ਸਮੂਹਕ ਕਤਲ - ਹਕੂਮਤ ਦਾ ਸੋਚਿਆ ਸਮਝਿਆ ਖੂੰਨੀ ਹੱਲਾ

ਲੋਕ-ਕਾਤਲਾਂ ਦਾ ਘਿਨਾਉਣਾ ਚਿਹਰਾ ਬੇਪਰਦ ਕਰਦੇ ਹੋਏ ਵਿਰੋਧ ਦੀ ਅਵਾਜ਼ ਉਭਾਰੋ
ਨਰਿੰਦਰ ਕੁਮਾਰ ਜੀਤ
28 ਜੂਨ ਦੀ ਰਾਤ ਛੱਤੀਸਗੜ੍ਹ ਦੇ ਬੀਜਾਪੁਰ ਜਿਲ੍ਹੇ ਦੇ ਤਿੰਨ ਪਿੰਡਾਂ - ਸਰਕੇਗੁਡਾ, ਕੋਟਾਗੁਡਾ ਅਤੇ ਰਾਜਪੈਂਟਾ ਦੇ ਲੋਕਾਂ 'ਤੇ ਕਹਿਰ ਬਣਕੇ ਆਈ। ਆਪਣੇ ਰੀਤੀ-ਤਿਵਾਜ਼ਾਂ ਅਨੁਸਾਰ ਫਸਲਾਂ ਦੀ ਬਿਜਾਈ ਦਾ ਉਤਸਵ (ਬੀਜ ਪੰਡੁਮ) ਮਨਾਉਣ ਦੀਆਂ ਤਿਆਰੀਆਂ ਕਰਨ ਲਈ ਜੁੜੇ ਨਿਹੱਥੇ ਧਰਤੀ ਪੁੱਤਰਾਂ ਨੂੰ ਅੱਧੀਂ ਰਾਤੀਂ, ਅਤਿ-ਆਧੁਨਿਕ ਹਥਿਆਰਾਂ ਨਾਲ ਲੈਸ, ਸੈਂਕੜੇ ਨੀਮ-ਫੌਜੀ ਧਾੜਵੀਆਂ ਨੇ ਹੈਲੀਕਾਪਟਰਾਂ ਦੀ ਓਟ-ਛੱਤਰੀ ਹੇਠ, ਤਿੰਨ ਪਾਸਿਆਂ ਤੋਂ ਘੇਰ ਕੇ ਅੰਨੇਵਾਹ ਗੋਲੀਆਂ ਦੀ ਵਾਛੜ ਸ਼ੁਰੂ ਕਰ ਦਿੱਤੀ। ਨਿਹੱਥੇ ਲੋਕ ਚੀਕਦੇ ਚਿਲਾਉਂਦੇ ਰਹੇ, ਬਚਾਅ ਦੀਆਂ ਦੁਹਾਈਆਂ ਪਾਉਂਦੇ ਰਹੇ, ਬੇਕਸੂਰ ਹੋਣ ਬਾਰੇ ਕੁਰਲਾਉਂਦੇ ਰਹੇ, ਪਰ ਕਾਤਲੀ ਧਾੜ ਨੇ ਬੇਰੋਕ ਅੱਗ ਵਰ੍ਹਾਉਣੀ ਜਾਰੀ ਰੱਖੀ। ਜਦੋਂ ਉਹਨਾਂ ਨੂੰ ਤਸੱਲੀ ਹੋ ਗਈ ਕਿ ਲੋਕ ਬਿਲਕੁਲ ਨਿਹੱਥੇ ਹਨ ਤਾਂ ਧਾੜਵੀਆਂ ਦੀ ਦਰੰਦਿਗੀ ਹੋਰ ਵਿਕਰਾਲ ਰੂਪ ਧਾਰ ਗਈ। ਉਹਨਾਂ ਨੇ ਗੋਲੀਆਂ ਵਿੰਨ੍ਹੇ ਲੋਕਾਂ ਨੂੰ ਕੁਹਾੜੀਆਂ ਅਤੇ ਚਾਕੂਆਂ ਨਾਲ ਕੋਹਣਾ ਸ਼ੁਰੂ ਕਰ ਦਿੱਤਾ। ਨੌਜੁਆਨ ਅਤੇ ਬਾਲੜੀਆਂ ਧੀਆਂ ਭੈਣਾਂ ਨੂੰ ਘਰਾਂ 'ਚੋਂ ਧੂਹ ਕੇ ਖੇਤਾਂ 'ਚ ਲੈ ਗਏ, ਉਹਨਾਂ ਦੇ ਕਪੜੇ ਪਾੜ ਸੁੱਟੇ, ਇੱਜ਼ਤਾਂ ਨੂੰ ਪੈਰਾਂ ਹੇਠ ਰੋਲਿਆ, ਬਲਾਤਕਾਰ ਕੀਤੇ। ਗਰੀਬ ਘਰਾਂ 'ਚੋਂ ਮਾੜਾ ਮੋਟਾ ਜੋ ਵੀ ਪੈਸਾ-ਟਕਾ ਜਾਂ ਗਹਿਣਾ-ਗੱਟਾ ਸੀ ਉਹ ਲੁੱਟ ਲਿਆ। ਕੁੱਲ 20 ਲੋਕ - ਜਿਹਨਾਂ 'ਚ 10 ਤੋਂ 15 ਸਾਲ ਦੀ ਉਮਰ ਦੇ ਬਾਲ-ਬਾਲੜੀਆਂ ਅਤੇ ਇੱਕ ਔਰਤ ਸ਼ਾਮਲ ਸਨ, ਮਾਰ-ਮੁਕਾ ਦਿੱਤੇ।

ਇਹ 20 ਲਾਸ਼ਾਂ ਇੱਕ ਟਰੈਕਟਰ 'ਚ ਸੁੱਟ ਕੇ, ਧਾੜਵੀਆਂ ਨੇ ਬਾਸਰਗੁਡਾ ਠਾਣੇ ਪੁਚਾ ਦਿੱਤੀਆਂ, ਜਿੱਥੇ ਡਾਕਟਰਾਂ ਦੀ ਇੱਕ ਟੀਮ ਬੁਲਾ ਕੇ ਉਹਨਾਂ ਤੋਂ ਮਨਮਰਜੀ ਦੀਆਂ ਪੋਸਟ-ਮਾਰਟਮ ਰਿਪੋਰਟਾਂ (ਬਗੈਰ ਲਾਸ਼ਾਂ ਦਾ ਮੁਆਇਨਾ ਕੀਤੇ ਤੋਂ) ਤਿਆਰ ਕਰਵਾ ਲਈਆਂ। ਉਸ ਤੋਂ ਬਾਅਦ ਮ੍ਰਿਤਕਾਂ ਦੇ ਵਾਰਸਾਂ ਤੋਂ ਖਾਲੀ ਕਾਗਜਾਂ 'ਤੇ ਦਸਤਖਤ, ਅੰਗੂਠੇ ਲਗਵਾਕੇ, ਲਾਸ਼ਾਂ ਉਹਨਾਂ ਦੀਆਂ ਝੁੱਗੀਆਂ ਮੂਹਰੇ ਲਿਜਾ ਸੁੱਟੀਆਂ। ਪੱਤਰਕਾਰਾਂ ਅਨੁਸਾਰ ਘਟਨਾ ਤੋਂ ਦੋ ਦਿਨ ਬਾਅਦ ਤੱਕ ਵੀ ਕੋਈ ਸਰਕਾਰੀ ਅਧਿਕਾਰੀ ਪੀੜਤ ਪਰਿਵਾਰਾਂ ਦੀ ਸਾਰ ਲੈਣ ਨਹੀਂ ਬਹੁੜਿਆ ਸੀ - ਉੱਝ ਇਸ ਗੱਲ ਦੀ ਆਸ ਰੱਖਣੀ ਹੀ ਬੇਸਮਝੀ ਹੈ।

ਇਸ ਰੂਹ-ਕੰਬਾਊ ਘਟਨਾ 'ਤੇ ਕੋਈ ਅਫਸੋਸ ਜਾਂ ਸ਼ਰਮਿੰਦਗੀ ਪ੍ਰਗਟ ਕਰਨ ਦੀ ਥਾਂ ਅਗਲੇ ਦਿਨ ਛੱਤੀਸਗੜ੍ਹ ਪੁਲੀਸ, ਸੀ.ਆਰ.ਪੀ.ਐਫ ਦੇ ਅਧਿਕਾਰੀਆਂ, ਉੱਥੋਂ ਦੇ ਮੁੱਖ-ਮੰਤਰੀ ਅਤੇ ਗ੍ਰਹਿ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ, ਇਸ ਨੂੰ ਨੀਮ -ਫੌਜੀ ਬਲਾਂ ਦੀ ਨਕਸਲੀਆਂ ਖਿਲਾਫ "ਵੱਡੀ ਫੌਜੀ ਜਿੱਤ" ਦਸਦਿਆਂ ਖੂਬ ਕੱਛਾਂ ਵਜਾਈਆਂ। ਛੱਤੀਸਗੜ੍ਹ 'ਚ ਨਕਸਲ-ਵਿਰੋਧੀ ਕਾਰਵਾਈਆਂ ਦੇ ਮੋਹਰੀ, ਪੁਲਸ ਦੇ ਵਧੀਕ ਡਾਇਰੈਕਟਰ, ਜਨਰਲ ਰਾਮ ਨਿਵਾਸ ਨੇ ਪ੍ਰੈਸ 'ਚ ਐਲਾਨ ਕੀਤਾ ਕਿ ਸੀ.ਆਰ.ਪੀ.ਐਫ ਨੇ ਦਾਂਤੇਵਾੜਾ ਦੇ ਸੰਘਣੇ ਜੰਗਲਾਂ 'ਚ ਰਾਤ ਭਰ ਚੱਲੇ 'ਗਹਿਗੱਚ ਮੁਕਾਬਲੇ' 'ਚ 20 ਨਕਸਲੀ - ਜਿਹਨਾਂ 'ਚ ਇੱਕ ਔਰਤ ਵੀ ਸ਼ਾਮਲ ਹੈ, ਮਾਰ ਮੁਕਾਏ ਹਨ। ਕਾਰਵਾਈ ਦੇ ਹੋਰ ਵੇਰਵੇ ਦਿੰਦਿਆਂ ਉਸ ਨੇ ਕਿਹਾ ਕਿ ਸੀ.ਆਰ.ਪੀ.ਐਫ ਦੇ ਇੱਕ ਡੀ.ਆਈ.ਜੀ, ਦੋ ਕਮਾਂਡੈਂਟ ਅਤੇ ਪੁਲਸ ਦੇ ਇੱਕ ਵਧੀਕ ਐਸ.ਪੀ ਦੀ ਅਗਵਾਈ 'ਚ ਨੀਮ-ਫੌਜੀ ਬਲਾਂ ਨੇ, ਹੈਲੀਕਾਪਟਰਾਂ ਦੀ ਨਿਗਰਾਨੀ ਹੇਠ ਨਕਸਲੀਆਂ ਦੇ ਇੱਕ ਵੱਡੇ ਦਸਤੇ ਨੂੰ ਤਿੰਨ-ਪਾਸਿਓਂ ਘੇਰ ਕੇ ਇੱਕਠਿਆਂ ਹਮਲਾ ਬੋਲਿਆ। ਪੀ. ਚਿਦੰਬਰਮ ਨੇ ਝੂਠ ਬੋਲਣ ਦੇ ਸਾਰੇ ਰਿਕਾਰਡ ਮਾਤ ਪਾਉਂਦਿਆਂ ਐਲਾਨ ਕੀਤਾ ਕਿ ਸੁਰੱਖਿਆ ਬਲਾਂ ਨੇ ਇਸ ਮੁਕਾਬਲੇ 'ਚ ਤਿੰਨ ਖਤਰਨਾਕ ਨਕਸਲੀ - ਮਹੇਸ਼, ਨਗੇਸ਼ ਅਤੇ ਸੋਮੋਲੂ ਮਾਰ ਮੁਕਾਏ ਹਨ।

ਹਕੀਕਤਾਂ ਹਾਕਮਾਂ ਦਾ ਮੂੰਹ ਚਿੜਾਉਂਦੀਆਂ ਹਨ

 ਪਿੰਡਾਂ ਦੇ ਲੋਕਾਂ ਅਤੇ ਪੱਤਰਕਾਰਾਂ ਰਾਹੀਂ ਪ੍ਰਗਟਾਈਆਂ ਹਕੀਕਤਾਂ ਇਹਨਾਂ ਗੱਲਾਂ ਤੋਂ ਬਿਲਕੁਲ ਉਲਟ ਤੱਥ ਬਿਆਨਦੀਆਂ ਹਨ। ਸਬੰਧਤ ਪਿੰਡਾਂ ਦੇ ਲੋਕ ਇੱਕ ਜ਼ੁਬਾਨ ਹੋ ਕੇ ਕਹਿ ਰਹੇ ਹਨ ਕਿ ਉਸ ਇੱਕਠ ਵਿੱਚ ਕੋਈ ਵੀ ਨਕਸਲੀ ਮੌਜੂਦ ਨਹੀਂ ਸੀ ਅਤੇ ਸਾਰੇ ਲੋਕ ਨਿਹੱਥੇ ਸਨ। ਪੀ. ਚਿਦੰਬਰਮ ਵਲੋਂ ਤਿੰਨ ਖਤਰਨਾਕ ਨਕਸਲੀਆਂ ਦੇ ਮਾਰੇ ਜਾਣ ਦਾ ਦਾਅਵਾ ਵੀ ਬਿਲਕੁਲ ਝੂਠਾ ਹੈ ਕਿਉਂਕਿ:
  • 'ਮਹੇਸ਼' ਨਾਂ ਦਾ ਕੋਈ ਵਿਅਕਤੀ ਇਸ ਖੂਨੀ ਕਾਂਡ 'ਚ ਨਹੀਂ ਮਾਰਿਆ ਗਿਆ।
  • 'ਨਗੇਸ਼' ਨਾਂ ਦੇ ਦੋ ਵਿਅਕਤੀ ਮਾਰੇ ਗਏ ਹਨ। ਇਹਨਾਂ 'ਚੋਂ ਇੱਕ 'ਕਾਕਾ ਨਗੇਸ਼', ਜਿਸਦਾ ਘਰੇਲੂ ਨਾਂ ਸਾਹਿਲ ਹੈ, ਅਸਲ 'ਚ 16 ਸਾਲ ਦੀ ਉਮਰ ਦਾ ਦਸਵੀਂ ਜਮਾਤ 'ਚ ਪੜ੍ਹਦਾ ਹੋਣਹਾਰ ਵਿਦਿਆਰਥੀ ਸੀ। ਇਸ ਸਾਲ ਜਨਵਰੀ 'ਚ ਉਹ ਸਕੂਲ ਵਲੋਂ ਭੇਜੇ ਇੱਕ ਵਿਦਿਅਕ ਟੂਰ 'ਚ ਵਿਸ਼ਾਖਾਪਟਨਮ ਗਿਆ ਸੀ। ਅਥਾਹ ਖੁੱਲ੍ਹੇ ਸਮੁੰਦਰ ਨੂੰ ਪਹਿਲੀ ਵਾਰ ਵੇਖਕੇ ਉਸ ਨੇ ਜਹਾਜੀ ਬਨਣ ਦਾ ਸੁਪਨਾ ਲਿਆ ਸੀ - ਜੋ ਹੁਣ ਉਸਦੀ ਲਾਸ਼ ਦੇ ਨਾਲ ਹੀ ਸੜ੍ਹ ਕੇ ਸੁਆਹ ਹੋ ਗਿਆ ਹੈ। ਉਹ ਹਿਸਾਬ 'ਚੋਂ ਬਹੁਤ ਹੁਸ਼ਿਆਰ ਸੀ। ਪਿੰਡ ਦੇ ਬਜ਼ੁਰਗਾਂ ਨੇ ਉਸ ਰਾਤ ਉਸਨੂੰ ਉਤਸਵ ਦੇ ਖਰਚੇ ਦਾ ਹਿਸਾਬ-ਕਿਤਾਬ ਲਾਉਣ ਲਈ ਹੀ ਇੱਕਠ 'ਚ ਬੁਲਾਇਆ ਸੀ।
  • ਦੂਸਰਾ 'ਨਗੇਸ਼', ਜਿਸਦਾ ਪੂਰਾ ਨਾ ਮਕਦਮ ਨਗੇਸ਼ ਸੀ, 32 ਸਾਲ ਦੀ ਉਮਰ ਦਾ ਦੋ ਬੱਚਿਆਂ ਦਾ ਬਾਪ ਅਤੇ ਕਿੱਤੇ ਵਜੋਂ ਢੋਲ ਮਾਸਟਰ ਸੀ। ਉਹ ਆਵਦੇ ਜੀਵਨ ਨਿਰਬਾਹ ਲਈ ਲੋਕਾਂ ਦੇ ਘਰੀਂ ਵਿਆਹ-ਸ਼ਾਦੀਆਂ ਅਤੇ ਮੇਲਿਆਂ ਮੌਕੇ ਢੋਲ ਵਜਾਉਂਦਾ ਸੀ। ਉਸ ਦੀ ਭੈਣ ਸੁਸ਼ੀਲਾ ਪੁੱਛਦੀ ਹੈ,"ਜੇ ਮੇਰਾ ਭਰਾ ਨਕਸਲੀ ਹੁੰਦਾ ਤਾਂ ਵਿਆਹ-ਸ਼ਾਦੀਆਂ 'ਤੇ ਢੋਲ ਵਜਾਉਣ ਜਾਂਦਾ?"
  • ਤੀਸਰਾ ਵਿਅਕਤੀ 'ਸੋਮੋਲੂ' ਇੱਕ ਛੋਟਾ ਕਿਸਾਨ ਸੀ, ਜੋ ਕਦੇ ਕਦੇ ਮਜ਼ਦੂਰੀ ਦੀ ਭਾਲ 'ਚ ਗੁਆਂਢੀ ਸੂਬੇ ਆਂਧਰਾ ਪ੍ਰਦੇਸ਼ ਵੀ ਚਲਾ ਜਾਂਦਾ ਸੀ। ਇਹਨਾਂ ਸਾਰਿਆਂ ਦਾ ਨਕਸਲੀ ਜਾਂ ਮਾਓਵਾਦੀਆਂ ਨਾਲ ਕੋਈ ਦੂਰ ਨੇੜੇ ਦਾ ਸਬੰਧ ਵੀ ਨਹੀਂ ਸੀ।
  • ਇੱਕ ਹੋਰ ਵਿਅਕਤੀ - 'ਕੋਰਸਾ ਵਿਜੈ' ਜਿਸਨੂੰ ਪੁਲਸ ਨਕਸਲੀ ਦੱਸ ਰਹੀ ਹੈ, 18 ਸਾਲ ਦੀ ਉਮਰ ਦਾ ਇੱਕ ਯਤੀਮ ਲੜਕਾ ਸੀ, ਜਿਸਦਾ ਪਾਲਣ-ਪੋਸ਼ਣ ਉਸਦਾ ਚਾਚਾ ਕਰ ਰਿਹਾ ਸੀ।
ਘਟਨਾ ਵਾਲੀ ਥਾਂ ਜਿੱਥੇ ਸਰਕਾਰੀ ਬੁਲਾਰਿਆਂ ਅਨੁਸਾਰ ਮਾਓਵਾਦੀ, ਲੋਕਾਂ ਨਾਲ ਮੀਟਿੰਗ ਕਰ ਰਹੇ ਸਨ, ਬਰਸਾਗੁੱਡਾ ਥਾਣੇ ਦੇ ਬਿਲਕੁੱਲ ਨਜ਼ਦੀਕ ਹੈ। ਉੱਥੋਂ ਤਿੰਨ ਕਿਲੋਮੀਟਰ ਦੀ ਦੂਰੀ 'ਤੇ ਸੀ.ਆਰ.ਪੀ.ਐਫ ਦਾ ਕੈਂਪ ਹੈ। ਅਜਿਹੀ ਥਾਂ ਨੂੰ ਉਹ ਜੱਥੇਬੰਦੀ - ਜਿਸਦੇ ਆਗੂਆਂ 'ਤੇ ਮੈਂਬਰਾਂ ਨੂੰ ਮਾਰ-ਮੁਕਾਉਣ ਲਈ ਪੁਲੀਸ ਅਤੇ ਨੀਮ-ਫੌਜੀ ਬਲ, ਸ਼ਿਕਾਰ-ਪਿੱਛਾ ਕਰ ਰਹੇ ਹੋਣ, ਭਲਾ ਮੀਟਿੰਗ ਲਈ ਕਿਉਂ ਚੁਣੇਗੀ?

ਪੁਲੀਸ ਦੀ ਅੰਨ੍ਹੇਵਾਹ ਅਤੇ ਵਹਿਸ਼ੀ ਫਾਇਰਿੰਗ ਦਾ ਪ੍ਰਮਾਣ ਮੌਕੇ 'ਤੇ ਮਿਲੀ ਇੱਕ ਸੂਰ ਦੀ ਲਾਸ਼ ਹੈ ਜਿਸਦੇ ਜਬ੍ਹਾੜੇ ਅਤੇ ਸਾਰੇ ਸਰੀਰ ਨੂੰ ਗੋਲੀਆਂ ਨਾਲ ਛਲਣੀ ਕੀਤਾ ਹੋਇਆ ਹੈ।

ਲੋਕ ਰੋਹ ਨੂੰ ਕੁਚਲਣ ਲਈ ਸਮੂਹਕ ਸਜ਼ਾਵਾਂ ਦੀ ਨੀਤੀ

ਇਸ ਵਹਿਸ਼ੀ ਘਟਨਾ ਦੇ ਪਿਛੋਕੜ 'ਚ, ਬਰਤਾਨਵੀ ਸਾਮਰਾਜੀਆਂ ਤੋਂ ਵਿਰਾਸਤ 'ਚ ਮਿਲੀ ਅਤੇ ਉੱਤਰ ਪੂਰਬ, ਜਮੂੰ-ਕਸ਼ਮੀਰ, ਪੰਜਾਬ ਅਤੇ ਗੁਜਰਾਤ ਆਦਿ 'ਚ, ਲਾਗੂ ਕੀਤੀ ਜਾਂਦੀ ਰਹੀ, ਉਹ ਬਦਲਾ-ਲਊ ਨੀਤੀ ਹੈ, ਜਿਸ ਦੇ ਤਹਿਤ ਭਾਰਤੀ ਰਾਜ ਦੀਆਂ ਲੋਕ-ਧ੍ਰੋਹੀ ਅਤੇ ਜਾਬਰ ਨੀਤੀਆਂ ਖਿਲਾਫ ਉੱਠੀਆਂ ਰੋਸ ਲਹਿਰਾਂ ਨੂੰ ਕੁਚਲਣ ਲਈ, ਲੋਕਾਂ ਨੂੰ ਵੱਖ-ਵੱਖ ਰੂਪਾਂ 'ਚ ਦਿਲ-ਕਬਾਂਊ ਸਮੂਹਕ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ, ਪਿੰਡਾਂ ਦੇ ਪਿੰਡ ਸਾੜ ਦਿੱਤੇ ਜਾਂਦੇ ਹਨ; ਬੰਬ ਵਰ੍ਹਾਏ ਜਾਂਦੇ ਹਨ; ਸਮੂਹਕ ਕਤਲ-ਕਾਂਡ ਰਚਾਏ ਜਾਂਦੇ ਹਨ; ਔਰਤਾਂ ਨਾਲ ਬਲਾਤਕਾਰ ਕੀਤੇ ਜਾਂਦੇ ਹਨ; ਅਤੇ ਝੂਠੇ ਪੁਲਸ ਮੁਕਾਬਲੇ ਬਣਾਏ ਜਾਂਦੇ ਹਨ; ਬਜ਼ੁਰਗ ਮਾਵਾਂ, ਪਿਉਆਂ ਨੂੰ ਸੱਥਾਂ 'ਚ ਕੁੱਟਿਆ ਜਾਂਦਾ ਹੈ, ਫੌਜ ਅਤੇ ਪੁਲਸ ਨੂੰ ਇਹ ਸਾਰੇ ਜਾਲਮਾਨਾ ਕਾਰੇ ਕਰਨ ਲਈ ਕਨੂੰਨਣ ਖੁੱਲ੍ਹੀਆਂ ਛੁੱਟੀਆਂ ਜਾਂਦੀਂ ਹਨ। 'ਹਥਿਆਰਬੰਦ ਫੌਜਾਂ ਦੇ ਵਿਸ਼ੇਸ਼ ਅਧਿਕਾਰਾਂ ਬਾਰੇ ਕਨੂੰਨ' (AFSPA), 'ਦਹਿਸ਼ਤਗਰਦੀ ਅਤੇ ਭੰਨਤੋੜ੍ਹ ਕਾਰਵਾਈਆਂ ਰੋਕੂ ਕਾਨੂੰਨ (TADA, POTA)', 'ਕੌਮੀ ਸੁਰੱਖਿਆ ਕਨੂੰਨ (NASA)' ਵਰਗੇ ਕਾਲੇ ਕਨੂੰਨ ਘੜੇ ਜਾਂਦੇ ਹਨ।

'ਕੱਟੂਰ ਦੀ ਵਿਰਾਸਤ'

5 ਜੁਲਾਈ 2012 ਦੇ "ਹਿੰਦੋਸਤਾਨ ਟਾਈਮਜ਼" 'ਚ ਬੰਗਲੌਰ ਦੇ ਇੱਕ ਪੱਤਰਕਾਰ ਸਮਰ ਹਾਲਾਰੰਕਰ ਦਾ "ਕੱਟੂਰ ਦੀ ਵਿਰਾਸਤ' ਸਿਰਲੇਖ ਹੇਠ ਇੱਕ ਲੇਖ ਛਪਿਆ ਹੈ ਜਿਸ ਵਿੱਚ ਉਸਨੇ ਭਾਰਤੀ ਹਾਕਮਾਂ ਵਲੋਂ ਬਗਾਵਤਾਂ ਨੂੰ ਕੁਚਲਣ ਲਈ ਨਿਰਦੋਸ਼ ਲੋਕਾਂ ਨੂੰ ਸਮੂਹਕ ਸਜ਼ਾਵਾਂ ਦੇ ਕੇ, ਲੋਕਾਂ ਦੇ ਮਨਾਂ 'ਚ ਹਕੂਮਤੀ ਦਹਿਲ ਬਿਠਾਉਣ ਦੀ ਨੀਤੀ ਦਾ ਵਿਸਥਾਰ ਸਹਿਤ ਵਿਸ਼ਲੇਸ਼ਣ ਕੀਤਾ ਹੈ। ਨਾਗਲੈਂਡ ਦੇ ਇੱਕ ਅਧਿਕਾਰੀ ਐਸ.ਸੀ ਦੇਵ ਵਲੋਂ ਆਤਮਕਥਾ ਦੇ ਰੂਪ 'ਚ ਲਿਖੀ ਕਿਤਾਬ - "ਨਾਗਾਲੈਂਡ - ਅਣਦੱਸੀ ਕਹਾਣੀ" 'ਚ ਦਿੱਤੇ ਤੱਥਾਂ ਦੇ ਹਵਾਲੇ ਨਾਲ ਉਹ ਉੱਥੋਂ ਦੇ ਇੱਕ ਪਿੰਡ "ਕੱਟੂਰ" 'ਚ ਵਾਪਰੀ ਦੁਖਦਾਈ ਘਟਨਾ ਦਾ ਜ਼ਿਕਰ ਕਰਦਾ ਹੈ। ਐਸ.ਸੀ. ਦੇਵ ਦੇ ਇਕਬਾਲੀਆ ਬਿਆਨ ਅਨੁਸਾਰ ਉਸਨੇ ਇਸ ਵਸਦੇ ਰਸਦੇ ਪਿੰਡ ਨੂੰ ਸਾੜ ਕੇ ਸੁਆਹ ਕਰਵਾ ਦਿੱਤਾ ਸੀ, ਕਿਉਂਕਿ ਨਾਗਾ ਬਾਗੀਆਂ ਨੇ ਉਸਦੇ ਨਾਲ ਗਏ ਅਸਾਮ ਰਾਈਫਲਜ਼ ਦੇ ਜੁਆਨਾਂ 'ਤੇ ਗੋਲੀ ਚਲਾਈ ਸੀ ਅਤੇ ਉਹਨੂੰ ਲਗਦਾ ਸੀ ਕਿ ਪਿੰਡ 'ਚ ਨਾਗਾ-ਬਾਗੀ ਉੱਥੋਂ ਦੇ ਲੋਕਾਂ ਦੀ ਜਾਣਕਾਰੀ ਤੋਂ ਬਿਨਾਂ ਨਹੀਂ ਵੜ ਸਕਦੇ, ਇਸ ਲਈ ਉਹਨਾਂ ਨੂੰ 'ਗੱਦਾਰੀ' ਦੀ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ। ਪਿੰਡ ਨੂੰ ਸਾੜ ਸੁੱਟਣ ਦੇ ਫੈਸਲੇ ਨੂੰ ਪੂਰੀ ਤਰ੍ਹਾਂ ਨਾਲ ਵਾਜਬ ਠਹਿਰਾਉਂਦਾ, ਇਹ ਅਧਿਕਾਰੀ ਆਪਣੀਆਂ ਯਾਦਾਂ 'ਚ ਲਿਖਦਾ ਹੈ, "ਚਾਹੇ ਪਿੰਡ ਨੂੰ ਸਾੜਾਨਾ ਇੱਕ ਵਹਿਸ਼ੀ ਫੈਸਲਾ ਸੀ, ਪਰ ਰਾਜ ਦੇ ਪ੍ਰਬੰਧਕੀ ਅਧਿਕਾਰੀਆਂ ਨੂੰ ਕੁੱਝ ਮੌਕਿਆਂ 'ਤੇ ਵਹਿਸ਼ੀ ਹੋਣਾ ਪੈਂਦਾ ਹੈ।" (ਜਲ੍ਹਿਆਂ ਵਾਲੇ ਬਾਗ਼ 'ਚ ਰਚਾਏ ਖੁਨੀ ਕਾਂਡ ਤੋਂ ਬਾਅਦ ਜਨਰਲ ਡਾਇਰ ਨੇ ਵੀ ਇਹੋ ਦਲੀਲ ਦਿੱਤੀ ਸੀ।)

ਸਰਕੇਗੁੱਡਾ ਕਤਲ-ਕਾਂਡ ਤੋਂ ਬਾਅਦ ਨੀਮ-ਫੌਜੀ ਬਲਾਂ ਦੇ ਇੱਕ ਸਿਪਾਹੀ ਵਲੋਂ, "ਦ ਹਿੰਦੂ" ਅਖਬਾਰ ਦੇ ਪੱਤਰਕਾਰ ਕੋਲ ਕੀਤੀ ਇਹ ਟਿੱਪਣੀ, "ਜੇ ਅਸੀਂ ਚਾਹੁੰਦੇ ਤਾਂ ਸਾਰੇ ਪਿੰਡ ਦਾ ਮਲੀਆ-ਮੇਟ ਕਰ ਦਿੰਦੇ।" ਇਸੇ ਵਹਿਸ਼ੀ ਨੀਤੀ 'ਚ ਰੰਗੀ ਮਾਨਸਿਕਤਾ ਦਾ ਪ੍ਰਗਟਾਵਾ ਹੀ ਹੈ। ਅਸਲ 'ਚ 'ਅਪ੍ਰੇਸ਼ਨ ਗ੍ਰੀਨ ਹੰਟ' ਤਹਿਤ 'ਖੱਬੇ-ਪੱਖੀ ਅਤਿਵਾਦ' ਨੂੰ ਕੁਚਲਣ ਲਈ, ਭਾਰਤੀ ਹਾਕਮ ਇਹਨਾਂ ਇਲਾਕਿਆਂ ਦੇ ਲੋਕਾਂ ਨੂੰ ਸਮੂਹਕ ਸਜ਼ਾਵਾਂ ਦੇਣ ਦੀ ਨੀਤੀ ਪੂਰੀ ਬੇਕਿਰਕੀ ਨਾਲ ਲਾਗੂ ਕਰ ਰਹੇ ਹਨ।

ਲੋਕਾਂ ਦੇ ਸਿਦਕ ਨੂੰ ਸਲਾਮ!


ਸਰਕੇਗੁਡਾ, ਕੋਟਾਗੁਡਾ ਅਤੇ ਰਾਜਪੈਂਟਾ ਪਿੰਡਾਂ ਦੇ ਲੋਕਾਂ ਨੇ ਇਸ ਜ਼ਾਲਮਾਨਾ ਹਮਲੇ ਦੀ ਮਾਰ ਝੱਲ ਕੇ ਵੀ ਆਪਣਾ ਸਿਦਕ ਕਾਇਮ ਰੱਖਿਆ ਹੈ। ਨਾਂ ਤਾਂ ਜਾਬਰਾਂ ਦੀ ਈਨ ਮੰਨੀ ਹੈ ਅਤੇ ਨਾ ਹੀ ਆਵਦਾ ਰੋਹ ਮੱਧਮ ਪਇਆ ਹੈ। ਇਸਦਾ ਸਪੱਸ਼ਟ ਝਲਕਾਰਾ ਉਦੋਂ ਮਿਲਿਆ ਜਦੋਂ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਰਾਹਤ ਪੁਚਾਉਣ ਦਾ ਪਖੰਡ ਕਰਨ ਗਏ ਭੁਪਾਲਪਟਨਮ ਦੇ ਉਪ ਮੰਡਲ ਅਧਿਕਾਰੀ ਆਰ.ਏ ਕੁਰੂਵੰਸ਼ੀ ਨੂੰ ਉਹਨਾਂ ਨੇ ਫਿੱਟ-ਲਾਹਣਤਾਂ ਪਾਈਆਂ ਅਤੇ ਲੱਟ-ਲੱਟ ਬਲਦੀ ਨਫਰਤ ਨਾਲ ਅਖੌਤੀ ਰਾਹਤ ਠੁਕਰਾ ਦਿੱਤੀ। ਕੋਟਾਗੁਡਾ ਦੇ ਲੋਕਾਂ ਨੇ ਤਾਂ ਸਰਕਾਰੀ ਰਾਹਤ ਟੀਮ ਨੂੰ ਇਹ ਕੰਹਿਦਿਆਂ ਉੱਥੋਂ ਭਜਾ ਹੀ ਦਿੱਤਾ ਕੇ, "ਸਾਡੇ ਬੱਚਿਆਂ ਨੂੰ ਮਾਰਕੇ ਹੁਣ ਤੁਸੀਂ ਰਾਹਤ ਦਾ ਖੇਖਣ ਕਰਦੇ ਹੋ।" ਸਰਕਾਰੀ ਬਿਆਨਾਂ ਦਾ ਮੂੰਹ ਚਿੜਾਉਂਦਿਆਂ ਉਹਨਾਂ ਨੇ ਕਿਹਾ,"ਤੁਸੀਂ ਸਾਨੂੰ ਮਾਓਵਾਦੀ ਦੱਸਦੇ ਹੋ। ਕੀ ਤੁਸੀਂ ਹੁਣ ਮਾਓਵਾਦੀਆਂ ਲਈ ਰਾਹਤ-ਸਮੱਗਰੀ ਲੈ ਕੇ ਆਏ ਹੋ?"ਆਓ! ਕਾਤਲਾਂ ਦੇ ਘਿਨਾਉਣੇ ਚਿਹਰੇ ਬੇਪਰਦ ਕਰੀਏ

ਇਹ ਵਹਿਸ਼ੀ ਸਮੂਹਕ ਕਤਲ-ਕਾਂਡ ਕਿਸੇ ਗਲਤ ਖੁਫੀਆ ਸੂਚਨਾ ਜਾਂ ਭਰਮ-ਭੁਲੇਖੇ ਕਰਕੇ ਨਹੀਂ ਵਾਪਰਿਆ ਜਿਵੇਂ ਕਿ ਸਰਕਾਰ ਦੇ ਕੁੱਝ ਮੱਕਾਰ ਪਿਛਲੱਗੂ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਭਾਰਤੀ ਹਾਕਮਾਂ ਵਲੋਂ ਲੋਕਾਂ ਖਿਲਾਫ ਇੱਕ ਸੋਚੀ ਸਮਝੀ ਸਾਜਿਸ਼ ਅਤੇ ਵਿਉਂਤਬੰਦੀ ਦਾ ਨਤੀਜਾ ਹੈ। ਇਸ ਸਾਜਿਸ਼ ਅਤੇ ਵਿਉਂਤਬੰਦੀ 'ਚ ਸ਼ਾਮਲ ਅਨਸਰਾਂ ਅਤੇ ਤਾਕਤਾਂ ਦੀ ਨਿਸ਼ਾਨਦੇਹੀ ਕੋਈ ਔਖਾ ਕੰਮ ਨਹੀਂ। ਇਸ ਸਾਜਿਸ਼ ਦਾ ਮੁੱਖ ਸੂਤਰਧਾਰ, ਭਾਰਤੀ ਸੱਤਾ ਦਾ ਕੇਂਦਰ - ਪ੍ਰਧਾਨ ਮੰਤਰੀ ਅਤੇ ਉਸਦਾ ਦਫ਼ਤਰ ਹੈ, ਜਿੱਥੋਂ ਹਰ ਰੋਜ਼ ਆਪਣੇ ਜਲ, ਜੰਗਲ, ਜ਼ਮੀਨ ਅਤੇ ਕੁਦਰਤੀ ਮਾਲ ਖਜਾਨਿਆਂ ਦੀ ਰਾਖੀ ਲਈ ਲਾਮਬੰਦ ਹੋਏ ਆਦਿਵਾਸੀਆਂ ਅਤੇ ਹੋਰ ਲੋਕਾਂ 'ਤੇ 'ਖੱਬੇ-ਪੱਖੀ ਅਤਿਵਾਦੀ' ਹੋਣ ਦਾ ਲੇਬਲ ਲਾ ਕੇ ਅਤੇ 'ਸਭ ਤੋਂ ਭਿਆਨਕ ਬਿਮਾਰੀ' ਦੱਸਦਿਆਂ ਇਹਨਾਂ ਨੂੰ 'ਕੁਚਲਣ' ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ। ਇਸ ਸਾਜਿਸ਼ ਨੂੰ ਅਮਲੀ ਰੂਪ ਦੇਣ ਲਈ ਕੇਂਦਰੀ ਗ੍ਰਹਿ ਮੰਤਰਾਲਾ ਜੁੰਮੇਵਾਰ ਹੈ ਜਿੱਥੇ ਹਾਲੀਂ ਨਾ-ਮੁਕੰਮਲ, 'ਕੌਮੀ ਉਲਟ-ਦਹਿਸ਼ਤਗਰਦੀ ਕੇਂਦਰ' (NCTC) ਅਤੇ ਉਸਦੇ ਉਦਾਲੇ ਜੁੜੀਆਂ ਅਣਗਿਣਤ ਖੁਫ਼ੀਆ ਏਜੰਸੀਆਂ ਲੋਕਾਂ ਵਿਰੁੱਧ ਜੰਗ ਦੇ ਨਕਸ਼ੇ ਅਤੇ ਵਿਉਂਤਾਂ ਤਿਆਰ ਕਰਦੀਆਂ ਹਨ। ਨਕਸਲੀਆਂ ਨਾਲ ਨੱਜਿਠਣ ਦੇ ਨਾਂ ਹੇਠ "ਫੜ੍ਹੋ ਜਾਂ ਮਾਰੋ" ਨੀਤੀ ਘੜ੍ਹ ਕੇ ਸ਼ਰੇਆਮ ਪਾਰਲੀਮੈਂਟ ਦੀ ਕਮੇਟੀ ਮੂਹਰੇ ਐਲਾਨੀ ਜਾਂਦੀ ਹੈ। ਇਸ ਸਾਜਿਸ਼ 'ਚ ਉਹ ਸਾਰੇ ਪਾਰਲੀਮੈਂਟ ਦੇ ਮੈਂਬਰ ਸ਼ਾਮਲ ਹਨ ਜੋ "ਫੜ੍ਹੋ ਜਾਂ ਮਾਰੋ" ਦੀ ਗੈਰ-ਸੰਵਿਧਾਨਕ, ਗੈਰ-ਕਾਨੂੰਨੀ ਅਤੇ ਜ਼ਾਲਮਾਨਾ ਨੀਤੀ ਅਤੇ ਇਸਦੇ ਤਹਿਤ ਨਿਰਦੋਸ਼ਾਂ ਦੇ ਕਤਲਾਂ ਬਾਰੇ ਇੱਕ ਸ਼ਬਦ ਵੀ ਨਹੀਂ ਬੋਲਦੇ, ਚੁੱਪ ਸਹਿਮਤੀ ਦਿੰਦੇ ਹਨ। ਇਸ ਸਾਜਿਸ਼ 'ਚ ਅਮਰੀਕੀ ਸਾਮਰਾਜੀ ਹਾਕਮ, ਵਿਸ਼ੇਸ਼ ਤੌਰ 'ਤੇ ਉਹਨਾਂ ਦਾ ਅੰਦਰੂਨੀ ਸੁਰੱਖਿਆ ਵਿਭਾਗ (Department of Homeland Security) ਅਤੇ ਪ੍ਰਧਾਨ ਮੰਤਰੀ ਵਾਜਪਾਈ ਦੇ ਕਾਰਜਕਾਲ ਦੌਰਾਨ ਦਿੱਲੀ 'ਚ ਖੋਲ੍ਹਿਆ ਐਫ.ਬੀ.ਆਈ (FBI- ਅਮਰੀਕੀ ਖੁਫੀਆ ਏਜੰਸੀ) ਦਾ ਠਾਣਾ ਸ਼ਾਮਲ ਹੈ ਜੋ ਇੱਥੋਂ ਦੇ ਹਾਕਮਾਂ ਨੂੰ ਉਹਨਾਂ ਦੀਆਂ ਸਾਮਰਾਜ-ਪੱਖੀ ਨੀਤੀਆਂ ਵਿਰੁੱਧ ਉੱਠ ਰਹੇ ਲੋਕ-ਰੋਹ ਨੂੰ ਕੁਚਲਣ ਖਾਤਰ ਹਮਲਾਵਰ ਰੁਖ਼ ਅਖਤਿਆਰ ਕਰਨ ਲਈ ਲਗਾਤਾਰ ਤੁੰਨ੍ਹਦੇ ਹਨ, ਭਾਰਤੀ ਫੌਜੀ, ਪੁਲਸ ਅਤੇ ਨੀਮ-ਫੌਜੀ ਬਲਾਂ ਨੂੰ ਇਸ ਮਕਸਦ ਲਈ ਸਿਖਲਾਈ, ਸਾਂਝੀਆਂ ਮਸ਼ਕਾਂ, ਹਥਿਆਰ ਅਤੇ ਜਸੂਸੀ ਦਾ ਆਧੁਨਿਕ ਸਾਜ਼ੋ-ਸਮਾਨ ਮੁਹੱਈਆ ਕਰਵਾਉਂਦੇ ਹਨ। ਇਸ ਸਾਜਿਸ਼ 'ਚ ਕਾਰਪੋਰੇਟ ਘਰਾਣਿਆਂ ਦੇ ਕੰਟਰੋਲ ਤਹਿਤ ਕੰਮ ਕਰ ਰਹੇ ਅਖਬਾਰਾਂ ਅਤੇ ਟੀ.ਵੀ ਚੈਨਲਾਂ ਦੇ ਖਬਰਚੀ, ਟਿੱਪਣੀਕਾਰ, ਪੱਤਰਕਾਰ ਅਤੇ ਮਾਲਕ ਸ਼ਾਮਲ ਹਨ ਜੋ ਦਿਨ-ਰਾਤ ਸਰਕਾਰ ਦੀਆਂ ਖੁਫੀਆ ਏਜੰਸੀਆਂ ਵਲੋਂ ਸੰਘਰਸ਼ ਕਰ ਰਹੇ ਲੋਕਾਂ ਖਿਲਾਫ ਉਗਲੇ ਜਹਿਰ ਨੂੰ ਖੋਜੀ-ਪੱਤਰਕਾਰੀ ਦੇ ਗਿਲਾਫ 'ਚ ਵਲ੍ਹੇਟਕੇ ਪਾਠਕਾਂ/ਦਰਸ਼ਕਾਂ 'ਤੇ ਮੜ੍ਹ ਰਹੇ ਹਨ। ਇਸ ਸਾਜਿਸ਼ ਦੀਆਂ ਪੈੜ੍ਹਾਂ ਟਾਟਿਆਂ, ਬਿਰਲਿਆਂ, ਅੰਬਾਨੀਆਂ, ਐਸਾਰ, ਵਿਦਾਂਤਾ, ਪਾਸਕੋ ਅਤੇ ਅਜਿਹੀਆਂ ਅਨੇਕਾਂ ਹੋਰ ਦੇਸੀ-ਬਦੇਸੀ ਕੰਪਨੀਆਂ ਦੇ ਮੁੱਖ ਦਫ਼ਤਰਾਂ ਤੱਕ ਜਾਂਦੀਆਂ ਹਨ ਜਿੱਥੇ ਭ੍ਰਿਸ਼ਟ ਸਿਆਸਤਦਾਨਾਂ ਨਾਲ ਮਿਲਕੇ ਇਸ ਮੁਲਕ ਦੇ ਅਥਾਹ ਖਣਿਜ ਪਦਾਰਥ, ਕਿਰਤ ਸ਼ਕਤੀ, ਜਲ, ਜੰਗਲ, ਜ਼ਮੀਨ ਅਤੇ ਸਰਕਾਰੀ ਖਜਾਨਾ ਲੁੱਟਣ ਦੀਆਂ ਨਿੱਤ ਨਵੀਆਂ ਵਿਉਂਤਾਂ ਘੜੀਆਂ ਜਾਂਦੀਆਂ ਹਨ।

ਸਰਕੇਗੁਡਾ 'ਚ ਲੋਕਾਂ ਨੂੰ ਗੋਲੀਆਂ ਨਾਲ ਭੁੰਨਣ ਵਾਲੀਆਂ ਸੀ.ਆਰ.ਪੀ.ਐਫ ਦੀਆਂ ਕੋਬਰਾ ਬਟਾਲੀਅਨਾਂ ਅਤੇ ਛੱਤੀਸਗੜ੍ਹ ਪੁਲਸ ਮਿਸਾਲੀ ਸਜ਼ਾ ਦੀਆਂ ਹੱਕਦਾਰ ਹਨ। ਪਰ ਇਸ ਸਾਰੀ ਕਾਰਵਾਈ ਦੀ ਸਾਜਿਸ਼ ਅਤੇ ਮਨਸੂਬੇ ਘੜਨ ਵਾਲੀਆਂ ਉਪਰੋਕਤ ਕਾਲੀਆਂ ਤਾਕਤਾਂ ਵੀ ਸੁੱਕੀਆਂ ਨਹੀਂ ਜਾਣ ਦੇਣੀਆਂ ਚਾਹੀਦੀਆਂ। ਇਹਨਾਂ ਲੋਕ-ਦੋਖੀ ਤਾਕਤਾਂ ਦਾ ਮੂੰਹ ਮੋੜਨ ਨਾਲ ਹੀ ਅਜਿਹੇ ਕਤਲ ਕਾਂਡਾਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ, ਅਪ੍ਰੇਸ਼ਨ ਗ੍ਰੀਨ ਹੰਟ ਨੂੰ ਰੋਕਿਆ ਜਾ ਸਕਦਾ ਹੈ। ਅਜਿਹਾ ਅਸੀਂ ਛੱਤੀਸਗੜ੍ਹ ਦੇ ਲੋਕਾਂ 'ਤੇ ਹੋਏ ਹਮਲੇ ਦੀ ਨਿਖੇਧੀ ਕਰਕੇ, ਕਾਤਲਾਂ ਅਤੇ ਉਹਨਾਂ ਦੇ ਸਿਆਸੀ ਸਰਪ੍ਰਸਤਾਂ ਲਈ ਢੁੱਕਵੀਆਂ ਸਜ਼ਾਵਾਂ ਦੀ ਮੰਗ ਕਰਕੇ, ਨਵ-ਉਦਾਰਵਾਦੀ ਆਰਥਕ-ਸਮਾਜਕ ਨੀਤੀਆਂ ਖਿਲਾਫ ਡੱਟਵੇਂ ਸੰਘਰਸ਼ ਲੜ੍ਹਕੇ, ਲੋਕਾਂ ਦੇ ਜਿਉਣ ਅਤੇ ਖੁੱਲ੍ਹੀ ਹਵਾ 'ਚ ਸਾਹ ਲੈਣ ਦੇ ਜਮਹੂਰੀ ਹੱਕ ਨੂੰ ਬੁਲੰਦ ਕਰਕੇ, ਝੂਠੇ ਪੁਲਸ ਮੁਕਾਬਲਿਆਂ ਅਤੇ ਕਾਲੇ ਕਨੂੰਨਾਂ ਤਹਿਤ ਉਹਨਾਂ ਨੂੰ ਮਾਰ ਮੁਕਾਉਣ ਅਤੇ ਜੇਲ੍ਹੀਂ ਡੱਕਣ ਖਿਲਾਫ ਰੋਹ ਭਰੀ ਵੰਗਾਰ ਬਣਕੇ ਕਰ ਸਕਦੇ ਹਾਂ।
"ਲੋਕ ਮੋਰਚਾ ਪੰਜਾਬ ਦਾ ਬਿਆਨ"
ਛੱਤੀਸਗੜ੍ਹ ਦੇ ਲੋਕਾਂ ਦੇ ਸਮੂਹਕ ਕਤਲ - ਸੋਚਿਆ ਸਮਝਿਆ ਖੂੰਨੀ ਹੱਲਾ 
ਹਕੂਮਤੀ ਜੋਰ ਦੇ ਸਿਰ 'ਤੇ ਲੱਖ ਝੂਠ ਬੋਲਿਆ ਜਾਵੇ, ਮਣਾਂ-ਮੂੰਹੀ ਕੁਫ਼ਰ ਤੋਲਿਆ ਜਾਵੇ, ਤਾਂ ਵੀ ਸੱਚ ਨੂੰ ਜੱਗ-ਜਾਹਰ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਹਕੂਮਤੀ-ਹਿੰਸਕ ਸ਼ਕਤੀਆਂ ਦੇ ਝੂਠੇ ਪੁਲਸ ਮੁਕਾਬਲਿਆਂ ਵਾਲੇ, ਲਾਸ਼ਾਂ ਖੁਰਦ-ਬੁਰਦ ਕਰਨ ਵਾਲੇ, ਝੂਠ ਨੂੰ ਸੱਚ ਬਨਾਉਣ ਲਈ ਆਵਦਿਆਂ ਨੂੰ ਝੂਠ-ਮੂਠ ਜਖਮੀ ਦਰਸਾਉਣ ਵਾਲੇ ਅਤੇ ਲੋਕਾਂ 'ਤੇ ਜ਼ਬਰ ਢਾਹੁਣ ਲਈ ਕਦੇ ਕਦੇ ਆਵਦਿਆਂ ਦੀ ਹੀ ਬਲੀ ਦੇਣ ਵਾਲੇ ਕਿਰਦਾਰ ਦੀਆਂ ਅਨੇਕਾਂ ਮਿਸਾਲਾਂ ਹਨ। ਪੰਜਾਬ ਅਤੇ ਜਮੂੰ-ਕਸ਼ਮੀਰ 'ਚ ਹਜ਼ਾਰਾਂ ਅਣ-ਪਛਾਤੀਆਂ ਲਾਸ਼ਾਂ ਜਾਬਰ ਹਾਕਮਾਂ ਦੇ ਮੂੰਹ 'ਤੇ ਚਪੇੜਾਂ ਮਾਰ ਰਹੀਆਂ ਹਨ। ਉਹਨਾਂ ਦੇ ਘਿਨਾਉਣੇ ਚਿਹਰੇ ਨੰਗੇ ਕਰ ਰਹੀਆਂ ਹਨ।

ਛੱਤੀਸਗੜ੍ਹ ਦੇ ਬੀਜੇਪੁਰ ਜਿਲ੍ਹੇ 'ਚ ਵਾਪਰੇ ਸਮੂਹਕ ਕਤਲ-ਕਾਂਡ ਦੇ ਤੱਥ ਸਾਫ ਅਤੇ ਸਪੱਸ਼ਟ ਹਨ। ਆਪਣਾ ਸਾਲਾਨਾ ਉਤਸਵ ਮਨਾਉਣ ਦੀ ਯੋਜਨਾਬੰਦੀ ਲਈ ਇਕੱਠੇ ਹੋਏ ਤਿੰਨ ਪਿੰਡਾਂ ਦੇ ਨਿੱਹਥੇ ਲੋਕਾਂ 'ਤੇ ਇਹ ਨੀਮ-ਫੌਜੀ ਬਲਾਂ ਦਾ ਨੰਗਾ-ਚਿੱਟਾ ਹਿੰਸਕ ਹਮਲਾ ਹੈ। ਇਹ ਹਮਲਾ ਹਾਕਮਾਂ ਦੇ ਲੋਕਾਂ ਨਾਲ ਜੱਦੀ-ਪੁਸ਼ਤੀ ਦੁਸ਼ਮਣਾਨਾ ਰਿਸ਼ਤੇ ਨੂੰ ਜੱਗ-ਜਾਹਰ ਕਰਦਾ ਹੈ। ਇਸ ਹਮਲੇ ਦਾ ਮਕਸਦ ਲੋਕ ਮਨਾਂ 'ਚ ਹਕੂਮਤੀ ਹਿੰਸਕ ਸ਼ਕਤੀ ਦਾ ਦਹਿਲ ਬਿਠਾ ਕੇ ਦਾਬਾ ਕਾਇਮ ਰੱਖਣਾ ਹੈ, ਰਾਜ-ਭਾਗ ਦੀ ਰਜ਼ਾ 'ਚ ਰੱਖਣਾ ਹੈ, ਰਜ਼ਾ 'ਚ ਨਾ ਰਹਿਣ ਵਾਲਿਆਂ ਨੂੰ ਸੋਧਣਾ ਹੈ। ਇਹ ਹਾਕਮਾਂ ਦੀ ਨੀਤੀ ਤੇ ਕਾਰਗੁਜਾਰੀ ਦਾ ਹਿੱਸਾ ਹੀ ਹੈ ਕਿ ਉਹਨਾਂ ਨੇ ਇੱਥੋਂ ਦੇ ਬਾਸ਼ਿੰਦਿਆਂ ਤੋਂ ਹਿੰਸਾ ਦੇ ਜੋਰ ਜਲ, ਜੰਗਲ ਅਤੇ ਜਮੀਨ ਖੋਹਣੀ ਹੈ, ਵੱਡੀਆਂ ਬਹੁ-ਕੌਮੀ ਕੰਪਨੀਆਂ ਨੂੰ ਉੱਥੋਂ ਦੇ ਖਣਿਜ ਪਦਾਰਥ, ਜੜੀਆਂ-ਬੂਟੀਆਂ ਕੱਢਣ ਦੀ ਖੁੱਲ੍ਹ ਦੇਣੀ ਹੈ। ਫੌਜ, ਪੁਲਸ, ਨੀਮ-ਫੌਜੀ ਬਲ ਅਤੇ ਸਲਵਾ ਜੁਡਮ ਵਰਗੇ ਹਿੰਸਕ ਕਾਤਲੀ ਗਰੋਹਾਂ ਦੀ ਅੰਨ੍ਹੀ ਹਿੰਸਾਂ ਮੂਹਰੇ ਵੀ ਹਿੱਕਾਂ ਡਾਹ ਕੇ ਡਟੇ ਰਹਿਣ ਵਾਲੇ ਇਹਨਾਂ ਪਿੰਡਾਂ ਦੇ ਲੋਕਾਂ 'ਤੇ ਮੁੜ੍ਹ-ਮੁੜ੍ਹ ਦਾਬਾ ਪਾਉਣ ਲਈ ਕਟਕ ਚੜ੍ਹਦੇ ਰਹਿਣਾ ਹੈ, ਕਾਰਪੋਰੇਟ ਘਰਾਣਿਆਂ, ਕੰਪਨੀਆਂ ਤੋਂ ਸੇਵਾ ਅਤੇ ਵਫਾਦਾਰੀ ਦੇ ਇਨਾਮ ਲੈਣੇ ਹਨ, ਰਾਜ ਦੀ ਹਿੰਸਕ-ਸ਼ਕਤੀ ਦੇ ਡਾਵਾਂ-ਡੋਲ ਚਿੱਤ ਨੂੰ ਠੁੰਮਣਾ ਦੇਣਾ ਹੈ, ਚੰਡਦੇ-ਤਰਾਸ਼ਦੇ ਰਹਿਣਾ ਹੈ, ਪੱਕੇ ਅਤੇ ਹੋਰ ਵੱਧ ਕਠੋਰ ਚਿੱਤ ਕਰਦੇ ਰਹਿਣਾ ਹੈ ਅਤੇ ਲੁੱਟ ਤੇ ਜਬਰ ਦਾ ਰਾਜ-ਭਾਗ ਚਲਦੇ ਰੱਖਣਾ ਹੈ।

ਲੋਕ-ਮੋਰਚਾ ਪੰਜਾਬ, ਇਸ ਵਹਿਸ਼ੀ ਕਤਲ ਕਾਂਡ 'ਤੇ ਝੂਠ ਦਾ ਗਿਲਾਫ ਚਾੜ੍ਹਨ ਦੀ ਕੋਸ਼ਿਸ਼ ਕਰ ਰਹੇ ਹਿੰਦੋਸਤਾਨ ਦੇ ਗ੍ਰਹਿ ਮੰਤਰੀ ਪੀ. ਚਿਦੰਬਰਮ ਵਲੋਂ ਮੁਲਕ ਅੰਦਰ - ਵਿਸ਼ੇਸ਼ ਤੌਰ 'ਤੇ ਮੁਲਕ ਦੇ ਛੇ-ਸੱਤ ਸੂਬਿਆਂ 'ਚ ਅਪ੍ਰੇਸ਼ਨ ਗ੍ਰੀਨ ਹੰਟ ਦੇ ਨਾਂ ਹੇਠ ਵਿੱਢੀ "ਫੜ੍ਹੋ ਜਾਂ ਮਾਰੋ" ਦੀ ਹਿੰਸਕ ਮੁਹਿੰਮ ਨੂੰ ਠੱਲ੍ਹ ਪਾਉਣ ਲਈ, ਆਵਦੇ ਪਿਆਰੇ ਸੰਘਰਸ਼ੀਲ ਘੁਲਾਟੀਆਂ, ਦੇਸ-ਭਗਤ ਸ਼ਕਤੀਆਂ, ਜਮਹੂਰੀਤ ਅਤੇ ਇਨਸਾਫ ਪਸੰਦ ਜੱਥੇਬੰਦੀਆਂ, ਵਿਅਕਤੀਆਂ ਅਤੇ ਬੁੱਧੀਜੀਵੀਆਂ ਨੂੰ ਹੱਕ-ਸੱਚ ਅਤੇ ਇਨਸਾਫ਼ ਦੀ ਅਵਾਜ਼ ਉਠਾਉਣ ਦਾ ਸਨਿਮਰ ਸੱਦਾ ਦਿੰਦਾ ਹੈ।
ਜਾਰੀ ਕਰਤਾ: ਜਗਮੇਲ ਸਿੰਘ (ਜਨਰਲ ਸਕੱਤਰ) ਲੋਕ ਮੋਰਚਾ, ਪੰਜਾਬ

No comments:

Post a Comment