StatCounter

Friday, February 15, 2013

ਗੋਲੀਆਂ ਨਾਲ ਉਡਾਏ ਗਏ ਆਜ਼ਾਦੀ ਪ੍ਰਵਾਨੇ - ਕੀ ਉਹ ਸਾਨੂੰ ਯਾਦ ਰਹਿਣਗੇ?15-16 ਫਰਵਰੀ ਤੇ ਵਿਸ਼ੇਸ਼
ਗੋਲੀਆਂ ਨਾਲ ਉਡਾਏ ਗਏ ਆਜ਼ਾਦੀ ਪ੍ਰਵਾਨੇ
ਕੀ ਉਹ ਸਾਨੂੰ ਯਾਦ ਰਹਿਣਗੇ


15 ਫਰਵਰੀ 1915 ਦਾ ਦਿਹਾੜਾ ਸਾਡੇ ਮੁਲਕ ਦੇ ਆਜ਼ਾਦੀ ਸੰਗਰਾਮ ਦੇ ਸ਼ਾਨਾਮੱਤੇ ਇਤਿਹਾਸ ਦਾ ਗੌਰਵਮਈ ਦਿਹਾੜਾ ਹੈ। ਇਸ ਦਿਨ ਮੁਸਲਮਾਨ ਭਾਈਚਾਰੇ ਨਾਲ ਸਬੰਧਤ 'ਪੰਜਵੀਂ ਲਾਈਟ ਪਲਟਨ' ਅਤੇ 'ਮਲਾਇਆ ਰਿਆਸਤੀ ਗਾਈਡ' ਵੱਲੋਂ ਸਿੰਘਾਪੁਰ ਅਤੇ ਰੰਗੂਨ ਵਿਚ ਫ਼ੌਜਾਂ ਅੰਦਰ ਲਾ-ਮਿਸਾਲ ਬਗ਼ਾਵਤ ਕਰਕੇ ਆਜ਼ਾਦੀ ਦਾ ਪਰਚਮ ਬੁਲੰਦ ਕੀਤਾ ਗਿਆ। ਸਾਮਰਾਜਵਾਦ ਦੀ ਗ਼ੁਲਾਮੀ ਤੋਂ ਆਪਣੇ ਪਿਆਰੇ ਵਤਨ ਨੂੰ ਆਜ਼ਾਦ ਕਰਾਉਣ ਦਾ ਬੀੜਾ ਚੁੱਕਣ ਵਾਲੇ ਪਠਾਣ ਰਜਮੈਂਟ ਦੇ ਇਹਨਾਂ ਸੂਰਮੇ ਬਾਗ਼ੀ ਫ਼ੌਜੀਆਂ ਨੂੰ ਪਲਾਂ ਛਿਣਾਂ 'ਚ ਜੁੜੀ ਹੋਰ ਫ਼ੌਜ ਨੇ ਕਾਬੂ ਕਰ ਲਿਆ। ਉਸੇ ਵੇਲੇ ਅਣਮਨੁੱਖੀ ਅਤੇ ਵਹਿਸ਼ੀਆਨਾ ਢੰਗ ਨਾਲ 41 ਬਾਗ਼ੀ ਫ਼ੌਜੀਆਂ ਨੂੰ ਆਮ ਲੋਕਾਂ ਦੇ ਸਾਹਮਣੇ ਇਕ ਕਤਾਰ 'ਚ  ਖੜ ਕਰਕੇ ਗੋਲੀਆਂ ਨਾਲ ਉਡਾ ਦਿੱਤਾ। ਤਿੰਨ ਨੂੰ ਫ਼ਾਂਸੀ ਦੇ ਫੰਦੇ ਤੇ ਲਟਕਾ ਦਿੱਤਾ। ਕੋਰਟ ਮਾਰਸ਼ਲ ਕਰਕੇ ਦੋ ਸੌ ਤੋਂ ਵੱਧ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਅਤੇ 69 ਨੂੰ ਉਮਰ ਕੈਦ ਕਰ ਦਿੱਤੀ।


ਫਾਈਲ ਨੰ: ਹੋਮ 1916 ਕਨਫੀਡੈਂਨਸ਼ੀਅਲ ਨੰ: 18/1916 ਹੋਮ 1917 ਪੋਲੀਟੀਕਲ ਏ. ਨਵੰਬਰ 75 ਪੀ.ਏ. ਸੈਕਸ਼ਨ, ਨੈਸ਼ਨਲ ਆਰਕਾਈਵ ਆਫ ਇੰਡੀਆ ਨਵੀਂ ਦਿੱਲੀ ਫਾਈਲ ਨੰ: 76 ਮੈਨੂਸਕਰਿਪਟ ਹਿੰਦੀ ਪੀ.ਪੀ. 12-14 ਸ੍ਰੋਤ ਫੂਲ ਚੰਦ ਜੈਨ ਅਤੇ ਸਵਤੰਤਰਤਾ ਸੈਨਿਕ ਗ੍ਰੰਥ ਮਾਲਾ (ਹਿੰਦੀ) 19.3.2011 ਮੁਤਾਬਕ ਸਾਹਮਣੇ ਆਇਆ ਇਹ ਘਿਨੌਣਾ ਕਾਂਡ ਸਾਬਤ ਕਰਦਾ ਹੈ ਕਿ ਪਠਾਣ ਭਾਈਚਾਰੇ ਨਾਲ ਸਬੰਧਤ ਕਿੰਨੇ ਹੀ ਗੁੰਮਨਾਮ ਸ਼ਹੀਦਾਂ ਨੇ ਕਿਵੇਂ ਆਪਣੇ ਲਹੂ ਨਾਲ ਆਜ਼ਾਦੀ ਦੀ ਤਵਾਰੀਖ਼ ਦੇ ਮਾਣ-ਮੱਤੇ ਪੰਨੇ ਲਿਖੇ ਹਨ।

ਸੌ ਸਾਲ ਦਾ ਅਰਸਾ ਬੀਤ ਗਿਆ। ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ (1913-2013) ਸਾਡੀਆਂ ਬਰੂਹਾਂ ਤੇ ਹੈ। ਜਿਨ੍ਹਾ ਅਮਰ ਸ਼ਹੀਦਾਂ ਨੇ ਆਪਣੇ ਲਹੂ ਸੰਗ ਇਹ ਪੰਨੇ ਉਕਰੇ, ਇਹ ਪੰਨੇ ਕਿੱਥੇ ਹਨ? ਇਹਨਾਂ ਦੀ ਕਦੇ 15 ਅਗਸਤ ਜਾਂ 26 ਜਨਵਰੀ ਨੂੰ ਕੋਈ ਝਾਕੀ ਵੀ ਦਿਖਾਈ ਨਹੀਂ ਦਿੰਦੀ। ਸਾਡਾ ਇਤਿਹਾਸ ਇਨ੍ਹਾਂ ਦੀ ਲਹੂ ਰੱਤੀ ਇਬਾਰਤ ਬਾਰੇ ਖ਼ਾਮੋਸ਼ ਹੈ। ਮੁਲਕ ਦੀਆਂ ਯੂਨੀਵਰਸਿਟੀਆਂ, ਖੋਜ ਕੇਂਦਰਾਂ, ਲਾਇਬਰੇਰੀਆਂ, ਵਿਦਿਅਕ ਅਦਾਰਿਆਂ, ਇਤਿਹਾਸਕਾਰਾਂ, ਪੁਰਾਤਤਵ ਵਿਭਾਗ ਆਦਿ ਦੀਆਂ ਨਜ਼ਰਾਂ ਵਿਚ ਕੀ ਇਹ ਕੌਮ ਦਾ ਅਨਮੋਲ ਸਰਮਾਇਆ ਨਹੀਂ? ਇਨ੍ਹਾਂ  ਦਾ ਚਿੱਤ ਚੇਤਾ ਹੀ ਭੁਲਾ ਦਿੱਤਾ। ਇਸਦੇ ਉਲਟ ਸਾਡੇ ਉਪਰ ਲੰਮਾ ਸਮਾਂ ਰਾਜ ਕਰਨ ਵਾਲਿਆਂ ਦਾ ਇਤਿਹਾਸ ਬਾਖ਼ੂਬੀ ਸੰਭਾਲਿਆ ਅਤੇ ਪੜਆ ਇਆ  ਜਾ ਰਿਹਾ ਹੈ। ਉਹਨਾਂ ਦੀਆਂ ਸਿਫ਼ਤਾਂ ਦੀ ਰਾਗਣੀ ਵੀ ਛੇੜੀ ਜਾਂਦੀ ਹੈ। ਇਹਨਾਂ ਕੌਮੀ ਹੀਰਿਆਂ ਨਾਲ ਜੋ ਵੀ ਵਿਹਾਰ ਕੀਤਾ ਜਾਵੇ ਇਹਨਾਂ ਦੀ ਅਦੁਤੀ ਕੁਰਬਾਨੀ ਦੀ ਲੋਅ ਸਦਾ ਹੀ ਰੌਸ਼ਨੀ ਵੰਡਦੀ ਰਹੇਗੀ। ਅਜੇਹੇ ਰੌਸ਼ਨ ਚਿਰਾਗਾਂ ਬਾਰੇ ਸ਼ਹੀਦ ਭਗਤ ਸਿੰਘ ਨੇ ਸ਼ਹੀਦ ਮਦਨ ਲਾਲ ਢੀਂਗਰਾ ਬਾਰੇ ਲਿਖੇ ਇਕ ਲੇਖ 'ਚ ਬਹੁਤ ਹੀ ਸਾਰਥਕ ਅੰਦਾਜ਼ 'ਚ ਇਉਂ ਮੁਖ਼ਾਤਬ ਕੀਤਾ ਸੀ :

ਚਮਨ ਜਾਰੇ ਮੁਹੱਬਤ ਮੇਂ
ਉਸੀ ਨੇ ਕੀ ਬਾਗਬਾਨੀ
ਜਿਸਨੇ ਮਿਹਨਤ ਕੋ ਹੀ
ਮਿਹਨਤ ਕਾ ਸਮਰ ਜਾਨਾ
ਨਹੀਂ ਫੈਜ-ਏ-ਨੁਮਾਇਸ਼ ਸ਼ਬਨਮ ਕਾ
ਚੁਪਕੇ ਸੇ ਆਤੀ ਹੈ
ਮੋਤੀ ਲੁਟਾ ਜਾਤੀ ਹੈ

ਇਤਿਹਾਸ ਦੀਆਂ ਗੁੰਮਨਾਮ ਪੈੜਾਂ ਬੋਲਦੀਆਂ ਹਨ ਕਿ ਸਿੰਘਾਪੁਰ ਅਤੇ ਰੰਗੂਨ ਵਿਚ ਮੁਸਲਮਾਨ ਭਰਾਵਾਂ ਦੀਆਂ ਪਲਟਣਾਂ ਨੇ ਅੰਗਰੇਜ਼ ਸਾਮਰਾਜੀਆਂ ਦੀ ਧੌਂਸ ਵਗਾਹ ਮਾਰੀ। ਦੋਵੇਂ ਪਲਟਣਾਂ ਅੰਦਰ ਆਜ਼ਾਦੀ ਦੀ ਚਿੰਗਾੜੀ 'ਗ਼ਦਰ' ਅਖ਼ਬਾਰ ਨੇ ਲਾਈ। ਅਮਰੀਕਾ, ਕੈਨੇਡਾ, ਸ਼ੰਘਈ, ਮਨੀਲਾ ਅਤੇ ਹਾਂਗਕਾਂਗ ਤੋਂ 1914 ਦੇ ਸਤੰਬਰ-ਅਕਤੂਬਰ ਵਿਚ ਲੰਘਣ ਵਾਲੇ ਗ਼ਦਰੀ ਸਿੰਘਾਪੁਰ ਵਿਚ ਜਹਾਜ਼ਾਂ ਤੋਂ ਉਤਰਦੇ ਅਤੇ ਗੁਰਦੁਆਰੇ ਤੇ ਪਲਟਣਾਂ ਵਿਚ ਜਾ ਕੇ ਫ਼ੌਜੀਆਂ ਅਤੇ ਲੋਕਾਂ ਨੂੰ ਇਨਕਲਾਬ ਲਈ ਉੱਠਣ ਲਈ ਪ੍ਰੇਰਦੇ। ਛੱਤੀਵੀਂ ਸਿੱਖ ਪਲਟਨ ਤੋਂ ਇਹਤਿਆਤ ਵਜੋਂ ਅੰਗਰੇਜ਼ ਅਫ਼ਸਰਾਂ ਨੇ ਹਥਿਆਰ ਜ੍ਮਾਂਹ  ਕਰਵਾ ਲਏ ਕਿਉਂਕਿ ਇਨ੍ਹਾਂ  ਬਾਰੇ ੳਨਾ਼ ਨੂੰ ਗ਼ਦਰੀਆਂ ਨਾਲ ਮਿਲ ਤੁਰਨ ਦਾ ਖਦਸ਼ਾ ਸੀ। ਪਠਾਣ ਪਲਟਣ ਵੀ ਬਾਗ਼ੀ ਹੋ ਜਾਏਗੀ ਇਸਦਾ ਬਰਤਾਨਵੀ ਹਾਕਮਾਂ ਨੂੰ ਚਿੱਤ ਚੇਤਾ ਵੀ ਨਹੀਂ ਸੀ।

ਜਦੋਂ ਪਠਾਣ ਫ਼ੌਜੀਆਂ ਨੂੰ ਹਥਿਆਰ ਜਮਾਂ ਕਰਾਏ ਜਾਣ ਦਾ ਪਤਾ ਲੱਗਾ ਤਾਂ ਮਿਥੇ ਸਮੇਂ ਤੋਂ ਵੀ ਪਹਿਲਾਂ ਹੀ ਗ਼ਦਰ ਦੀ ਗੂੰਜ ਪੈ ਗਈ। ਹਥਿਆਰ ਜਮਾਂ ਕਰਨ ਤੋਂ ਪਠਾਣ ਫ਼ੌਜੀ ਠੋਕ ਕੇ ਜਵਾਬ ਦੇਣ ਲੱਗੇ। ਜਬਰੀ ਅਸਲਾ ਇਕੱਠਾ ਕਰਨ ਵਾਲੇ ਅੰਗਰੇਜ਼ ਅਫ਼ਸਰ ਨੂੰ ਮਾਰ ਮੁਕਾਇਆ। ਜਿਹੜਾ ਵੀ ਗੋਰਾ ਅਫ਼ਸਰ ਜਾਂ ਫ਼ੌਜੀ ਸਾਹਮਣੇ ਆਇਆ ਉਸਨੂੰ ਮਾਰ ਮੁਕਾਇਆ। ਗ਼ਦਰੀ ਸਭ ਕੁਝ ਜਿੱਤਣ ਦੇ ਰੌਅ 'ਚ ਐਧਰ ਓਧਰ ਟੁਕੜੀਆਂ 'ਚ ਖਿੰਡ ਗਏ। ਉਧਰ ਅੰਗਰੇਜ਼ ਹਾਕਮਾਂ ਨੇ ਵਿਆਪਕ ਹੱਲਾ ਬੋਲ ਦਿੱਤਾ। ਇਸ ਹੱਲੇ 'ਚ ਹੀ ਗ੍ਰਿਫ਼ਤਾਰ ਕੀਤੇ ਮੁਸਲਮਾਨ ਬਾਗ਼ੀ ਫ਼ੌਜੀਆਂ ਨੂੰ ਦੀਵਾਰ ਨਾਲ ਖੜੇ ਕਰਕੇ ਹੱਥ ਬੰਨਕੇ ਗੋਲੀਆਂ ਨਾਲ ਭੁੰਨਿਆ ਗਿਆ। ਸਿੰਘਾਪੁਰ ਬਗ਼ਾਵਤ ਵਾਂਗ ਹੀ 150ਵੀਂ ਬਲੋਚ ਰਜਮੈਂਟ ਨੇ ਗ਼ਦਰ ਪਾਰਟੀ ਦੇ ਪ੍ਰਭਾਵ ਵਿਚ ਆ ਕੇ ਰੰਗੂਨ ਵਿਚ ਗ਼ਦਰ ਕਰ ਦਿੱਤਾ। ਇਸ ਪਲਟਨ ਵਿਚ ਵੀ ਵਧੇਰੇ ਗਿਣਤੀ ਮੁਸਲਮਾਨ ਪਠਾਣਾਂ ਦੀ ਹੀ ਸੀ। ਇਨ੍ਹਾਂ  ਨੇ ਅੰਗਰੇਜ਼ੀ ਹਾਕਮਾਂ ਵੱਲੋਂ ਮੜੀ ਨਹੱਕੀ ਜੰਗ ਵਿਚ ਜਾਣ ਤੋਂ ਕੋਰਾ ਜਵਾਬ ਦੇ ਦਿੱਤਾ। ਫੇਰ ਇਕ ਗੋਰਾ ਅਫਸਰ ਮਾਰ ਦਿੱਤਾ। ਥਾਂ-ਥਾਂ 'ਗ਼ਦਰ' ਅਖ਼ਬਾਰ ਵੰਡਿਆ। ਇਨ੍ਹਾਂ  ਨੂੰ ਘੇਰ ਕੇ ਫੜਿਆ ਅਤੇ ਕੋਰਟ ਮਾਰਸ਼ਲ ਕਰਕੇ ਦੋ ਸੌ ਨੂੰ ਸਖ਼ਤ ਸਜ਼ਾਵਾਂ, ਫਾਂਸੀ ਅਤੇ ਉਮਰ ਕੈਦ ਕਰਨ ਦਾ ਚੱਕਰ ਤੇਜ਼ ਕੀਤਾ।

ਅੱਜ ਇਨ੍ਹਾਂ  ਕੁਰਬਾਨੀਆਂ ਨੂੰ ਘੱਟੇ ਰੋਲ ਕੇ ਮੁਲਕ ਅੰਦਰ ਅੰਨ੍ਹੇ  ਕੌਮਵਾਦ, ਫਿਰਕਾਪ੍ਰਸਤੀ, ਦਹਿਸ਼ਤਗਰਦੀ, ਜਮਹੂਰੀ ਹੱਕਾਂ ਦਾ ਘਾਣ ਅਤੇ ਜਬਰ ਜੁਲਮ ਦਾ ਸਿਲਸਲਾ ਬੇਰੋਕ ਅੱਗੇ ਵਧਾਇਆ ਜਾ ਰਿਹਾ ਹੈ। ਵੱਖ-ਵੱਖ ਧਰਮਾਂ, ਫਿਰਕਿਆਂ ਦੇ ਲੋਕਾਂ ਦੇ ਧਾਰਮਕ ਜਜਬਾਤਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਮੁਲਕ ਉਪਰ ਕਿਸੇ ਸਮੇਂ ਬਰਤਾਨਵੀ ਸਾਮਰਾਜ ਦਾ ਸਿੱਧਾ ਗ਼ਲਬਾ ਸੀ ਹੁਣ ਕਿੰਨੇ ਹੀ ਸਾਮਰਾਜੀਆਂ ਅਤੇ ਉਹਨਾਂ ਦੇ ਹਿੱਤ-ਪੂਰਤੀ ਦੇਸੀ ਸ਼ਾਹੂਕਾਰਾਂ ਦਾ ਲੋਕਾਂ ਦੇ ਸਵੈਮਾਣ, ਜਮਹੂਰੀ ਖ਼ਿਆਲਾਂ ਉਪਰ ਹੱਲਾ ਬੋਲਣ ਦਾ ਦੌਰ ਤਿੱਖਾ ਕੀਤਾ ਜਾ ਰਿਹਾ ਹੈ। ਅਜਿਹੇ ਸਮੇਂ 15-16 ਫਰਵਰੀ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ, ਉਹਨਾਂ ਨੂੰ ਭੁਲਾ ਰਹੀ ਸਥਾਪਤੀ ਦੇ ਇਰਾਦਿਆਂ ਨੂੰ ਬੁੱਝਦਿਆਂ ਸ਼ਹੀਦ ਭਗਤ ਸਿੰਘ ਬਾਰੇ ਲਿਖਿਆ ਫ਼ੈਜ ਅਹਿਮਦ ਫ਼ੈਜ ਦਾ ਸ਼ੇਅਰ ਦਾ ਜ਼ਿਕਰ ਕਰਨਾ ਬਾਗ਼ੀ ਫ਼ੌਜੀਆਂ ਲਈ ਵਧੇਰੇ ਪਰਸੰਗਕ ਹੈ :

'ਗਰ ਬਾਜ਼ੀ ਇਸ਼ਕ ਕੀ ਬਾਜ਼ੀ ਹੈ
ਲਗਾ ਦੋ ਜੋ ਮਨ ਚਾਹੇ।
ਜੀਤ ਗਏ ਤੋ ਕਿਆ ਕਹਿਨੇ
ਹਾਰੇ ਭੀ ਤੋ ਬਾਜ਼ੀ ਮਾਤ ਨਹੀਂ।

—ਅਮੋਲਕ ਸਿੰਘ ਸੰਪਰਕ : 94170-76735

1 comment:

  1. I salut to all these brave soldiers who sacrifice themselves to save us

    ReplyDelete