StatCounter

Sunday, February 24, 2013

ਸ਼ਹੀਦ ਸਾਧੂ ਸਿੰਘ ਤਖ਼ਤੂਪੁਰਾ ਸ਼ਰਧਾਂਜਲੀ ਸਮਾਗਮ ਦਾ ਹੋਕਾ: ਤੇਰੇ ਖ਼ੂਨ 'ਚ ਰੰਗੀ ਧਰਤੀ 'ਤੇ, ਅਸੀਂ ਬੰਨ੍ਹ ਕਾਫ਼ਲੇ ਆਵਾਂਗੇਸ਼ਹੀਦ ਸਾਧੂ ਸਿੰਘ ਤਖ਼ਤੂਪੁਰਾ ਸ਼ਰਧਾਂਜਲੀ ਸਮਾਗਮ ਦਾ ਹੋਕਾ: 
ਤੇਰੇ ਖ਼ੂਨ 'ਚ ਰੰਗੀ ਧਰਤੀ 'ਤੇ, ਅਸੀਂ ਬੰਨ੍ਹ ਕਾਫ਼ਲੇ ਆਵਾਂਗੇ

-ਅਮੋਲਕ ਸਿੰਘ


ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਹਰਮਨ ਪਿਆਰੇ ਸੂਬਾਈ ਆਗੂ ਸਾਧੂ ਸਿੰਘ ਤਖ਼ਤੂਪੁਰਾ ਨੂੰ ਸ਼ਹੀਦ ਕਰਨ ਪਿੱਛੇ ਕੰਮ ਕਰਦੇ  ਕਾਲੇ ਮਨਸੂਬੇ ਉਸ ਮੌਕੇ ਧੂੜ ਵਿੱਚ ਮਿਲਾ ਧਰੇ ਸਾਫ ਦਿਖਾਈ ਦਿੱਤੇ ਜਦੋਂ ਸ਼ਹਾਦਤ ਤੋਂ ਤਿੰਨ ਵਰ੍ਹਿਆਂ ਪਿੱਛੋਂ ਵੀ ਹਜ਼ਾਰਾਂ ਮਰਦ-ਔਰਤਾਂ ਆਕਾਸ਼ ਗੁੰਜਾਊ ਨਾਅਰੇ ਲਾਉਂਦੇ ਅਤੇ ਕਾਤਲੀ ਲਾਣੇ ਦੇ ਕਾਲਜੇ ਹੌਲ ਪਾਉਂਦੇ ਮਾਝੇ ਦੀ ਉਸ ਧਰਤੀ ਵੱਲ ਉਮੜ ਪਏ ਜਿੱਥੇ ਸਾਧੂ ਸਿੰਘ ਤਖ਼ਤੂਪੁਰਾ ਨੂੰ ਸ਼ਹੀਦ ਕੀਤਾ ਸੀ। 
ਅੰਮ੍ਰਿਤਸਰ ਜ਼ਿਲ੍ਹੇ ਦਾ ਪਿੰਡ ਸੌੜੀਆਂ 20 ਫਰਵਰੀ ਨੂੰ ਵਿਸ਼ਾਲ ਸ਼ਹੀਦੀ ਜੋੜ-ਮੇਲੇ ਦਾ ਰੂਪ ਧਾਰਨ ਕਰ ਗਿਆ। ਟਰੈਕਟਰਾਂ, ਟਰਾਲੀਆਂ, ਬੱਸਾਂ, ਟਰੱਕਾਂ ਅਤੇ ਕੈਂਟਰਾਂ ਆਦਿ ਦਾ 300 ਤੋਂ ਵੱਧ ਵਹੀਕਲਾਂ ਦਾ ਲੰਮਾ ਮਾਰਚ, ਡੁੱਲ੍ਹ ਡੁੱਲ੍ਹ ਪੈਂਦਾ ਜੋਸ਼ ਅਤੇ ਸ਼ਹੀਦ ਦੇ ਪਾਏ ਪੂਰਨਿਆਂ 'ਤੇ ਅੱਗੇ ਵਧਦੇ ਜਾਣ ਦਾ ਦ੍ਰਿੜ੍ਹ ਸੰਕਲਪ ਦੇਖਿਆਂ ਹੀ ਬਣਦਾ ਸੀ। ਸਰੋਂ ਫੁੱਲੇ ਗੁਲਦਸਤਿਆਂ ਨਾਲ ਲੱਦੇ ਖੇਤਾਂ ਵਿੱਚੀਂ ਬਸੰਤੀ ਝੰਡੇ ਲਹਿਰਾਉਂਦੇ ਮਾਰਚ ਕਰਦੇ ਕਾਫ਼ਲੇ ਸ਼ਹੀਦ ਭਗਤ ਸਿੰਘ ਦਾ ਪੈਗ਼ਾਮ ਦੇ ਰਹੇ ਸਨ:

''ਤੁਸੀਂ ਵਿਅਕਤੀ ਨੂੰ ਤਾਂ ਕਤਲ ਕਰ ਸਕਦੇ ਹੋ, ਉਸਦੇ ਵਿਚਾਰਾਂ ਨੂੰ ਨਹੀਂ।''

 

ਮਾਲਵਾ ਖੇਤਰ ਤੋਂ ਸੈਂਕੜੇ ਗੱਡੀਆਂ ਦਾ ਬੱਝਵਾਂ ਕਾਫ਼ਲਾ ਸ਼ਹੀਦੀ ਜੋੜ-ਮੇਲੇ ਵਿੱਚ ਸਮੇਂ ਸਿਰ ਪੁੱਜਣ ਨੂੰ ਯਕੀਨੀ ਬਣਾਉਣ ਲਈ ਇੱਕ ਰਾਤ ਪਹਿਲਾਂ ਹੀ ਬਾਬਾ ਬੁੱਢਾ ਜੀ ਗੁਰਦੁਆਰਾ ਵਿਖੇ ਪਹੁੰਚ ਗਿਆ। ਇਸ ਲੰਮੇਰੇ ਕਾਫ਼ਲੇ ਵਿੱਚ ਵੱਡੀ ਗਿਣਤੀ ਔਰਤਾਂ ਵੀ ਸਨ। ਇਸ ਗੁਰਦੁਆਰੇ ਤੋਂ ਪਿੰਡ ਸੌੜੀਆਂ ਤੱਕ ਅਟਾਰੀ-ਬਾਘਾ ਬਾਰਡਰ ਹੁੰਦਾ ਹੋਇਆ 60 ਕਿਲੋਮੀਟਰ ਮਾਰਚ ਕਰਦਾ ਬੱਝਵਾਂ ਕਾਫ਼ਲਾ ਜਦੋਂ ਪੰਡਾਲ ਵਿੱਚ ਪੁੱਜਾ ਤਾਂ ਵਿਸ਼ਾਲ ਪੰਡਾਲ ਵੀ ਛੋਟਾ ਪੈ ਗਿਆ। ਮਾਝਾ ਖੇਤਰ ਦੇ ਕਾਫ਼ਲੇ ਆਪੋ ਆਪਣੇ ਖੇਤਰਾਂ ਤੋਂ ਸਿੱਧੇ ਪੰਡਾਲ 'ਚ ਪੁੱਜੇ। ਪਹਿਲਾਂ ਪੁੱਜੇ ਜੱਥੇ ਜਿਹੜੇ ਇਹ ਚਰਚਾ ਕਰ ਰਹੇ ਸਨ ਕਿ ''ਬਈ ਇਹ ਐਡਾ ਪੰਡਾਲ ਭਰਨਾ ਕਿਵੇਂ ਐ?'' ਉਹੀ ਟਿੱਪਣੀਆਂ ਕਰ ਰਹੇ ਸਨ ਕਿ, ''ਸਾਡੇ ਤਾਂ ਸਾਰੇ ਅੰਦਾਜ਼ੇ ਹੀ ਗਲਤ ਸਾਬਤ ਹੋ ਗਏ।'' ਸਾਰਾ ਪੰਡਾਲ ਤੁੰਨ ਕੇ ਭਰਿਆ ਸੀ। ਪਿੱਛੇ ਸੜਕ ਤੱਕ ਲੋਕ ਖੜ੍ਹੇ ਸਨ। ਪੰਡਾਲ ਤੋਂ ਬਾਹਰ ਖੜ੍ਹੀਆਂ ਬੱਸਾਂ ਦੀਆਂ ਛੱਤਾਂ ਭਰੀਆਂ ਸਨ। ਬੱਚੇ, ਬੁੱਢੇ, ਨੌਜਵਾਨ, ਵੱਡੀ ਗਿਣਤੀ ਵਿੱਚ ਔਰਤਾਂ ਇੱਕ ਪਲ ਵੀ ਅਜਾਈਂ ਨਾ ਕਰਦੇ ਹੋਏ ਪਲਾਂ-ਛਿਣਾਂ ਵਿੱਚ ਪੰਡਾਲ ਵਿੱਚ ਜੁੜ ਬੈਠੇ।


ਇਸ ਕਾਫ਼ਲੇ ਵਿੱਚ ਸ਼ਾਮਲ ਮਰਦ-ਔਰਤਾਂ ਭਾਵੇਂ ਕਿਸੇ ਵੀ ਇਲਾਕੇ ਤੋਂ ਆਏ, ਭਾਵੇਂ ਕਿਸੇ ਵੀ ਉਮਰ ਦੇ ਸਨ, ਭਾਵੇਂ ਕਿਸੇ ਵੀ ਮਿਹਨਤਕਸ਼ ਤਬਕੇ ਨਾਲ ਸਬੰਧਤ ਸਨ, ਉਹ ਸਭੇ ਆਪਣੇ ਮਹਿਬੂਬ ਸ਼ਹੀਦ ਨੂੰ ਸਿਜਦਾ ਕਰਨ ਆਏ ਇੱਕ ਜਨਤਕ ਸਾਗਰ ਵਿੱਚ ਸਮੋਏ ਜਾਪ ਰਹੇ ਸਨ। ਕੱਦਾਵਰ ਆਗੂ ਦੇ ਵਿਗੋਚੇ ਕਾਰਨ ਇਹ ਚਿਹਰੇ ਉਦਾਸ ਤਾਂ ਕੀ ਹੋਣੇ ਸਨ, ਇਹ ਆਪਣੇ ਆਪ ਨੂੰ ਮਾਣ-ਮੱਤੇ ਮਹਿਸੂਸ ਕਰ ਰਹੇ ਸਨ ਕਿ ਉਹਨਾਂ ਦਾ ਜੁਝਾਰ ਆਗੂ ਉਹਨਾਂ ਨੂੰ ਜ਼ਿੰਦਗੀ ਅਤੇ ਮੌਤ ਦੇ ਮਾਅਨੇ ਸਮਝਾ ਕੇ ਗਿਆ ਹੈ।
 

ਪੰਜਾਬ ਦੇ ਇੱਕ ਕੋਨੇ ਤੋਂ ਲੈ ਕੇ ਦੂਜੇ ਕੋਨੇ ਤੱਕ ਦੀ ਜੁੜੀ ਜਨਤਾ ਦੀ ਇਸ ਅਟੁੱਟ ਲੜੀ ਵਿੱਚ ਸਤਲੁਜ, ਬਿਆਸ ਅਤੇ ਰਾਵੀ ਤੱਕ ਦੇ ਪਾਣੀਆਂ ਵਿੱਚ ਉੱਠ ਰਹੀਆਂ ਲੋਕ-ਲਹਿਰਾਂ
 ਦੀਆਂ ਤਰੰਗਾਂ ਦੀ ਹਲਚਲ ਸਮੋਈ ਸੀ। ਲੁੱਟੀ ਜਾ ਰਹੀ ਕਿਰਤ ਦੀ ਗਾਥਾ ਸੀ। ਖੋਹੀਆਂ ਜਾ ਰਹੀਆਂ ਜ਼ਮੀਨਾਂ, ਉਜਾੜੇ, ਕਰਜ਼ੇ, ਮਹਿੰਗਾਈ, ਔਰਤਾਂ ਉੱਪਰ ਢਾਹੇ ਜਾ ਰਹੇ ਜਬਰ, ਕਾਲੇ ਕਾਨੂੰਨਾਂ ਦੇ ਤਿੱਖੇ ਕੀਤੇ ਜਾ ਰਹੇ ਦੰਦਿਆਂ, ਜ਼ਮੀਨਾਂ ਗ੍ਰਹਿਣ ਕਰਨ ਲਈ ਕਸੇ ਜਾ ਰਹੇ ਪੇਚਾਂ, ਅਸ਼ਲੀਲ ਸਭਿਆਚਾਰ, ਗ਼ਦਰ ਲਹਿਰ, ਦੁੱਲੇ ਭੱਟੀ ਦੀ ਗਾਥਾ ਅਤੇ ਜਮਹੂਰੀ ਹੱਕਾਂ ਦੀ ਰਾਖੀ ਲਈ ਉੱਠ ਖੜ੍ਹੇ ਹੋਣ ਦੀ ਬੁਲੰਦ ਆਵਾਜ਼ ਸੀ। ਭੂ-ਮਾਫ਼ੀਏ, ਸਰਕਾਰ, ਪੁਲਸ-ਸਿਵਲ ਪ੍ਰਸਾਸ਼ਨ ਅਤੇ ਗੁੰਡਾ ਗੱਠਜੋੜ ਦੇ ਨਾਪਾਕ ਇਰਾਦਿਆਂ ਨੂੰ ਬੇਪਰਦ ਕਰਨ ਅਤੇ ਜਨਤਕ ਤਾਕਤ ਦੇ ਜ਼ੋਰ ਨਾਕਾਮ ਕਰਨ ਦੀ ਗਰਜਵੀਂ ਲਲਕਾਰ ਸੀ।

ਵਾਲੰਟੀਅਰ, ਪ੍ਰਬੰਧਾਂ, ਲੰਗਰ ਦੀਆਂ ਸੇਵਾਵਾਂ ਦੇ ਆਪੋ ਆਪਣੇ ਮੋਰਚਿਆਂ ਉਪਰ ਡਟੇ ਸਭਨਾਂ ਕਾਮਿਆਂ ਦਾ ਕੇਂਦਰੀ ਅਤੇ ਸਾਂਝਾ ਨੁਕਤਾ ਸਮਾਗਮ ਨੂੰ ਹਰ ਹਾਲਤ ਸਫਲ ਕਰਕੇ, ਵਿਸ਼ੇਸ਼ ਤੌਰ 'ਤੇ ਇਸ ਖੇਤਰ ਅੰਦਰ ਲੋਕਾਂ ਨੂੰ ਦਹਿਸ਼ਤਜ਼ਦਾ ਕਰਕੇ ਲਾਦੂ ਕੱਢਣ ਦਾ ਭਰਮ ਪਾਲ ਰਹੇ ਲਾਣੇ ਨੂੰ ਸੁਣਾਉਣੀ ਕਰਨਾ ਸੀ ਕਿ ਜਾਗਦੀ ਅਤੇ ਜੂਝਦੀ ਕਿਸਾਨ ਲਹਿਰ ਨਾਲ ਮੱਥਾ ਲਾਉਣ ਦੀ ਕੀਮਤ ਹਰ ਹਾਲਤ ਤਾਰਨੀ ਪਵੇਗੀ। ਠਾਠਾਂ ਮਾਰਦਾ ਇਹ ਸ਼ਹੀਦੀ ਜੋੜ-ਮੇਲਾ ਉਸ ਹੋਛੇ ਪ੍ਰਚਾਰ ਦੀ ਚੰਗੀ ਖ਼ਬਰ ਲੈ ਰਿਹਾ ਸੀ ਜਿਸ ਰਾਹੀਂ ਇਹ ਪ੍ਰਚਾਰਿਆ ਗਿਆ ਸੀ ਕਿ ''ਸਾਧੂ ਸਿੰਘ ਤਖ਼ਤੂਪੁਰਾ ਦੇ ਵਾਰਸ ਉਸਦੀ ਸ਼ਹਾਦਤ ਉਪਰੰਤ ਹੁਣ ਇਲਾਕਾ ਛੱਡ ਗਏ।'' ਜਦੋਂ ਕਿ ਇਸ ਹੋਛੇ ਅਤੇ ਥੋਥੇ ਪ੍ਰਚਾਰ 'ਚ ਕੋਈ ਦਮ ਨਹੀਂ ਸੀ। ਬੀ.ਕੇ.ਯੂ. ਏਕਤਾ (ਉਗਰਾਹਾਂ) ਦੇ ਸਥਾਨਕ ਕਾਮੇ ਜਿਹੜੇ ਸ਼ਹੀਦ ਸਾਧੂ ਸਿੰਘ ਤਖ਼ਤੂਪੁਰਾ ਨਾਲ ਜਖ਼ਮੀ ਵੀ ਹੋਏ ਉਹ ਵੀ ਉਸ ਵੇਲੇ ਤੋਂ ਜਥੇਬੰਦੀ ਦਾ ਝੰਡਾ ਉਠਾ ਕੇ ਤੁਰੇ ਅਤੇ ਸ਼ਹੀਦ ਦੀ ਜੱਥੇਬੰਦੀ ਪੰਜਾਬ ਦੇ ਹੋਰਨਾਂ ਖੇਤਰਾਂ ਅੰਦਰ ਵੀ ਜਾਨ-ਹੂਲਵੇਂ ਕਿੰਨੇ ਹੀ ਗੋਬਿੰਦਪੁਰਾ ਅਤੇ ਸ਼ਰੂਤੀ ਅਗਵਾ ਕਾਂਡ ਵਰਗੇ ਘੋਲਾਂ ਦੇ ਮੈਦਾਨ ਵਿੱਚ ਡਟ ਕੇ ਨਿੱਤਰੀ ਹੈ। ਪੰਜਾਬ ਦੇ ਸ਼ਰੋਮਣੀ ਨਾਟਕਕਾਰ ਗੁਰਸ਼ਰਨ ਸਿੰਘ ਦੀ ਚੰਡੀਗੜ੍ਹ ਵਿਖੇ ਪਲਸ ਮੰਚ ਵੱਲੋਂ ਮਨਾਈ ਬਰਸੀ ਮੌਕੇ ਲਾ-ਮਿਸਾਲ ਸ਼ਮੂਲੀਅਤ ਕਰਨ ਦਾ ਨਮੂਨਾ ਬਣੀ ਹੈ। ਸ਼ਹੀਦ ਸਾਧੂ ਸਿੰਘ ਦੇ ਜਨਮ ਅਸਥਾਨ ਤਖ਼ਤੂਪੁਰਾ ਵਿਖੇ ਬੀਤੇ ਦੋ ਵਰ੍ਹੇ ਮਨਾਈ ਲਗਾਤਾਰ ਪ੍ਰਭਾਵਸ਼ਾਲੀ ਬਰਸੀ ਦੀ ਲੜੀ ਵਜੋਂ, ਇਸ ਵਰ੍ਹੇ 16 ਫਰਵਰੀ ਨੂੰ ਤਖਤੁਪੁਰਾ ਵਿਖੇ ਇਲਾਕਾ ਪੱਧਰੀ ਸਮਾਗਮ ਅਤੇ ਸੌੜੀਆਂ (ਅੰਮ੍ਰਿਤਸਰ) ਵਿਖੇ 20 ਫਰਵਰੀ ਨੂੰ ਸੂਬਾਈ ਸਮਾਗਮ ਨੇ ਆਪੋ ਆਪਣੀ ਥਾਂ ਅਮਿਟ ਪ੍ਰਭਾਵ ਛੱਡਿਆ। 

ਪੰਜਾਬ ਦੇ ਕੋਨੇ ਕੋਨੇ ਤੋਂ ਆਏ ਜੱਥਿਆਂ ਦੇ ਜੱਥੇ ਜੋ ਆਪੋ ਵਿੱਚ ਗੱਲਾਂ, ਵਿਚਾਰਾਂ ਕਰਦੇ ਸੁਣੇ ਗਏ, ਉਸਦਾ ਸਾਰ-ਤੱਤ ਅਜਿਹਾ ਸੀ ਕਿ, ''ਇਕੱਠੇ ਹੋਣ ਅਤੇ ਸੰਘਰਸ਼ ਬਿਨਾ ਕੋਈ ਚਾਰਾ ਨਹੀਂ। ਸਾਧੂ ਤਾਂ ਆਪਣੇ ਹਿੱਸੇ ਦੀ ਜਿੰਮੇਵਾਰੀ ਆਖਰੀ ਸਾਹ ਤੱਕ ਨਿਭਾ ਗਿਆ ਹੁਣ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਸਦੇ ਅਧੂਰੇ ਕਾਜ਼ ਨੂੰ ਨੇਪਰੇ ਚਾੜ੍ਹਨ ਲਈ ਸਿਰ ਜੋੜ ਕੇ ਅੱਗੇ ਵਧੀਏ।'' ਐਡੀ ਵਿਸ਼ਾਲ ਗਿਣਤੀ ਵਿੱਚ ਮਚਲਦੀ ਭਾਵਨਾ ਇਹ ਦਰਸਾ ਰਹੀ ਸੀ ਕਿ ਉਹ ਕੋਈ ਆਰਥਿਕ ਮੰਗ ਦੀ ਪੂਰਤੀ ਲਈ ਨਹੀਂ ਆਏ। ਇਸ ਦਿਨ ਉਹ ਬਿਜਲੀ ਬਿੱਲਾਂ ਜਾਂ ਕਰਜ਼ੇ 'ਤੇ ਲੀਕ ਮਰਵਾਉਣ ਵੀ ਨਹੀਂ ਆਏ। ਇਸ ਜੋੜ ਮੇਲੇ ਵਿੱਚ ਸਾਮਲ ਹੋਣ ਅਤੇ ਖੜ੍ਹੇ ਹੋ ਕੇ ਆਪਣੇ ਮਹਿਬੂਬ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਦੀ ਮਹੱਤਤਾ ਦਾ ਪ੍ਰਸੰਗ ਆਰਥਿਕ ਮੰਗਾਂ-ਮਸਲਿਆਂ ਤੋਂ ਕਿਤੇ ਵਡੇਰਾ ਅਤੇ ਉਚੇਰਾ ਹੈ।

ਵਿਸ਼ੇਸ਼ ਕਰਕੇ ਆਬਾਦਕਾਰਾਂ ਨਾਲ ਸਬੰਧਤ ਮਾਝੇ ਦੇ ਖੇਤਰ 'ਚੋਂ ਆਏ ਲੋਕਾਂ ਦੀਆਂ ਟਿੱਪਣੀਆਂ ਸਨ ਕਿ ਜਿਸ ਤਰ੍ਹਾਂ ਭੂ-ਮਾਫ਼ੀਆ ਉਸਦੇ ਸਰਗਰਣੇ ਅਕਾਲੀ ਆਗੂ ਵੀਰ ਸਿੰਘ ਲੋਪੋਕੇ ਵਰਗੇ ਦਹਿਸ਼ਤ ਜਮਾ ਕੇ ਚੰਮ ਦੀਆਂ ਚਲਾਉਣਾ ਚਾਹੁੰਦੇ ਹਨ, ਅੱਜ ਦਾ ਇਤਿਹਾਸਕ ਜੋੜ ਮੇਲਾ ਉਹਨਾਂ ਦੀਆਂ ਕਾਲੀਆਂ ਸਕੀਮਾਂ ਅਤੇ ਇਰਾਦਿਆਂ ਨੂੰ ਧੂੜ ਵਿੱਚ ਮਿਲਾ ਸੁੱਟਣ ਦਾ ਐਲਾਨ ਹੈ। ਆਪਣੀਆਂ ਜ਼ਮੀਨਾਂ ਦੀ ਰਾਖੀ ਲਈ ਉੱਠ ਖੜ੍ਹੇ ਹੋਣ ਲਈ ਨਗਾਰੇ 'ਤੇ ਚੋਟ ਹੈ। ਬੀ.ਕੇ.ਯੂ. ਏਕਤਾ ਬਾਰੇ ਹੋਛੇ ਤੋਤਕੜੇ ਛੱਡਣ ਵਾਲਿਆਂ ਦੀਆਂ ਜੀਭਾਂ ਠਾਕਣ ਦੀ ਗਰਜ਼ ਹੈ। ਕਿਸਾਨ ਅਤੇ ਖੇਤ ਮਜ਼ਦੂਰ ਪਰਿਵਾਰਾਂ ਵਿੱਚੋਂ ਆਈਆਂ ਔਰਤਾਂ ਆਪੋ ਵਿੱਚ ਗੱਲਾਂ ਕਰ ਰਹੀਆਂ ਸਨ ਕਿ, ''ਐਨੀ ਭੀੜ ਦੇ ਬਾਵਜੂਦ ਜਿਵੇਂ ਕਿਸਾਨ ਯੂਨੀਅਨ ਵਾਲੇ ਪੰਡਾਲ, ਅਤੇ ਲੰਗਰ ਆਦਿ ਸਭਨਾਂ ਬੰਦੋਬਸਤਾਂ ਵਿੱਚ ਔਰਤਾਂ ਦਾ ਸਤਿਕਾਰ ਕਰ ਰਹੇ ਹਨ, ਸਾਡੇ ਤਾਂ ਵਿਚਾਰ ਹੀ ਬਦਲ ਗਏ। ਸਾਨੂੰ ਪਿੰਡੋਂ ਚੱਲਣ ਵੇਲੇ ਵੱਡੇ 'ਕੱਠ ਕਰਕੇ 'ਡਰ' ਲੱਗਦਾ ਸੀ ਕਿ ਨਾ ਜਾਣੇ ਕੋਈ ਉਥੇ ਔਰਤਾਂ ਲਈ ਦਿੱਕਤ ਨਾ ਹੋ ਜਾਏ ਪਰ ਅਸੀਂ ਤਾਂ ਆਪਣੀ ਜ਼ਿੰਦਗੀ ਨਾਲ ਸਬੰਧਤ ਦੁੱਖਾਂ ਦਰਦਾਂ ਅਤੇ ਮੁਕਤੀ ਦੀਆਂ ਗੱਲਾਂ ਸੁਣਕੇ ਅਤੇ ਸਾਡੀਆਂ ਇੱਜਤਾਂ ਦੇ ਸਾਂਝੀਆਂ ਦਾ ਵਰਤ ਵਿਹਾਰ ਦੇਖ ਕੇ ਅੱਗੇ ਤੋਂ ਪੱਕਾ ਮਨ ਬਣਾ ਲਿਐ ਕਿ ਸਾਰੇ 'ਕੱਠਾਂ ਵਿੱਚ ਆਇਆ ਕਰਾਂਗੇ। ਯੂਨੀਅਨ ਦੀ ਡਟ ਕੇ ਮੱਦਦ ਕਰਾਂਗੇ।''

ਸਮਾਗਮ ਵਿੱਚ ਜਿਸ ਅੰਦਾਜ਼ ਵਿੱਚ ਵਾਅਦਾ ਮੁਆਫ ਗਵਾਹ ਸੰਦੀਪ ਕੋਹਾਲਾ ਦਾ ਹਲਫ਼ੀਆ ਬਿਆਨ ਪੇਸ਼ ਹੋਇਆ, ਉਸਨੇ ਖਚਾ-ਖਚ ਭਰੇ ਪੰਡਾਲ ਨੂੰ ਝੰਜੋੜ ਕੇ ਰੱਖ ਦਿੱਤਾ। ਦੱਸਿਆ ਗਿਆ ਕਿ ਸੰਦੀਪ ਨੇ ਅਦਾਲਤ ਵਿੱਚ ਅਰਜ਼ੀ ਪੇਸ਼ ਕਰਕੇ ਵੀਰ ਸਿੰਘ ਲੋਪੋਕੇ ਅਤੇ ਉਸਦੇ ਕਾਕੇ ਰਾਣੇ ਸਮੇਤ ਸਭਨਾਂ ਕਾਤਲਾਂ ਨੂੰ ਕਟਹਿਰੇ ਵਿੱਚ ਖੜ੍ਹੇ ਕਰਨ ਦੀ ਮੰਗ ਕੀਤੀ ਹੈ। ਇਹ ਵੀ ਦੱਸਿਆ ਕਿ ਸੰਦੀਪ ਅਤੇ ਇਸ ਕਤਲ ਨਾਲ ਜੁੜੀਆਂ ਤਾਰਾਂ ਕਿਵੇਂ ਜੱਗ ਜ਼ਾਹਰ ਕੀਤੀਆਂ ਹਨ। ਇਸ ਬਿਆਨ ਨੇ ਕਿਸਾਨ ਯੂਨੀਅਨ ਅਤੇ ਸਭਨਾਂ ਇਨਸਾਫਪਸੰਦ, ਇਨਕਲਾਬੀ ਜਮਹੂਰੀ ਸ਼ਕਤੀਆਂ ਵੱਲੋਂ ਕਤਲ ਦੀਆਂ ਅਸਲ ਮੁਜਰਿਮ ਸ਼ਕਤੀਆਂ ਉਪਰ ਪਹਿਲਾਂ ਹੀ ਧਰੀ ਉਂਗਲ ਦੇ ਸਹੀ ਹੋਣ ਦੀ ਪੁਸ਼ਟੀ ਕੀਤੀ ਹੈ।

ਬੀ.ਕੇ.ਯੂ. ਏਕਤਾ ਦੀ ਸੂਬਾਈ, ਜ਼ਿਲ੍ਹਿਆਂ, ਸਥਾਨਕ ਲੀਡਰਸ਼ਿੱਪ, ਭਰਾਤਰੀ ਕਿਸਾਨ ਜਥੱਬੇਦੀਆਂ ਤੋਂ ਇਲਾਵਾ ਸ਼ਹੀਦ ਦੀ ਤਸਵੀਰ 'ਤੇ ਫੁੱਲ ਭੇਟ ਕਰਨ ਵਾਲਿਆਂ ਵਿੱਚ ਜਮਹੂਰੀ ਹੱਕਾਂ ਦੀ ਲਹਿਰ ਦੇ ਆਗੂ ਡਾ. ਪਰਮਿੰਦਰ ਸਿੰਘ, ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਜਮਹੂਰੀ ਅਧਿਕਾਰ ਸਭਾ ਦੇ ਅਮਰਜੀਤ ਬਾਈ, ਯਸ਼ਪਾਲ ਝਬਾਲ, ਮੇਜਰ ਸਿੰਘ, ਕਾਮਰੇਡ ਗੁਰਦੇਵ ਕਾਲਾ ਆਦਿ ਸ਼ਾਮਲ ਸਨ। 

ਬੀ.ਕੇ.ਯੂ. ਏਕਤਾ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸ਼ਹੀਦ ਤਖਤੂਪੁਰਾ ਦੀ ਕੁਰਬਾਨੀ ਦੀ ਜੈ ਜੈਕਾਰ ਕਰਦਿਆਂ ਕਿਹਾ ਕਿ ਸ਼ਹੀਦ ਦੇ ਲਹੂ ਨਾਲ ਸਿੰਜਿਆ ਜੱਥੇਬੰਦੀ ਦਾ ਬੂਟਾ ਅਨੇਕਾਂ ਝੱਖੜਾਂ ਦੇ ਬਾਵਜੂਦ ਮੌਲਰਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆਬਾਦਕਾਰ, ਜ਼ਮੀਨਾਂ ਖੋਹਣ ਦੀ ਧੱਕੜ ਕਾਰਵਾਈ ਅੱਗੇ ਕੰਧ ਬਣ ਕੇ ਖੜ੍ਹੇ ਹਨ। ਉਹਨਾਂ ਕਿਹਾ ਭੂ-ਮਾਫ਼ੀਏ ਦੇ ਚੰਦਰੇ ਮਨਸੂਬੇ ਸ਼ਹੀਦ ਦੀ ਕੁਰਬਾਨੀ ਅਤੇ ਜ਼ਖਮੀਆਂ ਵੱਲੋਂ ਡਟ ਕੇ ਖੜ੍ਹਨ ਦੇ ਇਰਾਦੇ ਸਦਕਾ ਧੂੜ ਵਿੱਚ ਮਿਲਾ ਧਰੇ ਹਨ। 

ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਸ਼ਰਧਾਂਜਲੀ ਭੇਟ ਕਰਦੇ ਹੋਏ ਦੱਸਿਆ ਕਿ ਅੱਜ ਦੇ ਦੌਰ ਵਿੱਚ ਸ਼ਹੀਦ ਦੇ ਕਾਜ਼ ਨੂੰ ਅੱਗੇ ਤੋਰਦਿਆਂ ਜੱਥੇਬੰਦੀ ਵੱਲੋਂ ਜ਼ਮੀਨ ਦੀ ਤੋਟ ਪੂਰੀ ਕਰਵਾਉਣ ਅਤੇ ਬੇਘਰਿਆਂ ਨੂੰ ਦਸ ਦਸ ਮਰਲੇ ਦੇ ਪਲਾਟ ਦਿਵਾਉਣ, ਸੂਦਖੋਰੀ ਨੂੰ ਨੱਥ ਮਾਰਦਾ ਕਰਜ਼ਾ ਕਾਨੂੰਨ ਬਣਾਉਣ, ਮੁਕੰਮਲ ਕਰਜ਼ਾ ਮੁਕਤੀ ਕਰਾਉਣ, ਜਨਤਕ ਵੰਡ ਪ੍ਰਣਾਲੀ ਮਜਬੂਤ ਕਰਕੇ ਸਾਰੇ ਲੋੜਵੰਦ ਗਰੀਬਾਂ ਨੂੰ ਜੀਵਨ ਲੋੜਾਂ ਸਸਤੀਆਂ ਦੁਆਉਣ ਅਤੇ 58 ਸਾਲ ਦੀ ਉਮਰ ਤੋਂ ਮਗਰੋਂ ਦਰਜਾ ਚਾਰ ਕਰਮਚਾਰੀ ਦੇ ਬਰਾਬਰ ਪੈਨਸ਼ਨ ਦੁਆਉਣ ਵਰਗੀਆਂ ਬੁਨਿਆਦੀ ਮੰਗਾਂ ਨੂੰ ਲੈ ਕੇ 10 ਮਾਰਚ ਤੋਂ ਬਠਿੰਡਾ ਮਿੰਨੀ ਸਕੱਤਰੇਤ ਅੱਗੇ ਜਚਵਾਂ ਮੋਰਚਾ ਸ਼ੁਰੂ ਕੀਤਾ ਜਾਏਗਾ। ਉਹਨਾਂ ਸਭਨਾਂ ਪ੍ਰਵਾਨ ਸ਼ੁਦਾ ਮੰਗਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਮੋਰਚਾ ਆਵਾਜ਼ ਉਠਾਏਗਾ ਜੋ ਲਿਖਤੀ ਤੌਰ 'ਤੇ ਸਰਕਾਰ ਨੇ ਸਵਾ ਸਾਲ ਪਹਿਲਾਂ ਪ੍ਰਵਾਨ ਕੀਤੀਆਂ ਸਨ। 

ਔਰਤ ਆਗੂ ਹਰਿੰਦਰ ਕੌਰ ਬਿੰਦੂ ਨੇ ਸ਼ਹੀਦ ਤਖਤੂਪੁਰਾ ਵੱਲੋਂ ਔਰਤਾਂ ਨੂੰ ਜਾਗਰਤ ਅਤੇ ਜਥੇਬੰਦ ਕਰਨ ਪੱਖੋਂ ਪਾਏ ਯੋਗਦਾਨ ਨੂੰ ਚਿਤਾਰਿਆ ਅਤੇ ਕਿਹਾ ਕਿ ਸ਼ਰੂਤੀ ਕਾਂਡ ਨਾਲ ਸਬੰਧਤ 9 ਫਰਵਰੀ ਨੂੰ ਫਰੀਦਕੋਟ ਜਥੇਬੰਦੀ ਦੇ ਝੰਡੇ ਥੱਲੇ ਹਜ਼ਾਰਾਂ ਔਰਤਾਂ ਵੱਲੋਂ ਕੀਤੇ ਗੁੰਡਾਗਰਦੀ ਵਿਰੋਧੀ ਵਿਖਾਵੇ ਨਾਲ ਇਸਦਾ ਸਿੱਧਾ ਸਬੰਧ ਹੈ। ਬਿੰਦੂ ਨੇ 1 ਮਾਰਚ ਨੂੰ ਬਰਨਾਲਾ ਵਿਖੇ ਕੀਤੀ ਜਾ ਰਹੀ ਸੂਬਾਈ ਔਰਤ ਜਾਗਰਤੀ ਕਨਵੈਨਸ਼ਨ ਦੇ ਮਹੱਤਵ 'ਤੇ ਵੀ ਰੌਸ਼ਨੀ ਪਾਈ। 

ਬੀ.ਕੇ.ਯੂ. ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਜਨਤਕ ਆਧਾਰ ਵਾਲੀ ਕਿਸਾਨ ਜਥੇਬੰਦੀ ਅਤੇ ਲਹਿਰ ਉਸਾਰਨ ਉਪਰ ਜ਼ੋਰ ਦੇ ਕੇ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਭੇਟ ਕਰਨ ਦੇ ਨੁਕਤੇ ਨੂੰ ਕੇਂਦਰ ਵਿੱਚ ਰੱਖਿਆ।

ਬੀ.ਕੇ.ਯੂ. ਦੇ ਆਗੂ ਸ਼ਿੰਗਾਰਾ ਸਿੰਘ ਮਾਨ ਨੇ 20-21 ਫਰਵਰੀ ਨੂੰ ਮੁਲਕ ਵਿਆਪੀ ਦੋ ਰੋਜ਼ਾ ਹੜਤਾਲ ਦੇ ਡਟਵੇਂ ਸਮਰਥਨ ਦਾ ਮਤਾ ਪੇਸ਼ ਕੀਤਾ। ਪੰਜਾਬ ਸਰਕਾਰ ਵੱਲੋਂ ਸਾਮਰਾਜੀ ਕੰਪਨੀ ਮੌਨਸੈਂਟੋ ਨਾਲ ਬੀਜਾਂ ਸਬੰਧੀ ਕੀਤਾ ਕਿਸਾਨ ਮਾਰੂ ਸਮਝੌਤਾ ਰੱਦ ਕਰਨ ਦੀ ਮੰਗ ਕੀਤੀ। 

ਸ਼ਰਧਾਂਜਲੀ ਭੇਟ ਕਰਨ ਵਾਲੇ ਹੋਰ ਬੁਲਾਰਿਆਂ 'ਚ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਹੀਰਾ ਸਿੰਘ ਚੱਕ ਸਿਕੰਦਰ, ਜਨਰਲ ਸਕੱਤਰ ਹਰਚਰਨ ਸਿੰਘ ਮਹੱਦੀਪੁਰ ਤੋਂ ਇਲਾਵਾ ਕਿਸਾਨ ਸੰਘਰਸ਼ ਕਮੇਟੀ ਦੇ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂੰ ਅਤੇ ਦੂਜੀ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰੈਸ ਸਕੱਤਰ ਸਰਵਨ ਸਿੰਘ ਪੰਧੇਰ ਸਮੇਤ ਹੋਰ ਬਹੁਤ ਸਾਰੇ ਆਗੂ ਸ਼ਾਮਲ ਹੋਏ। ਇਹਨਾਂ ਤੋਂ ਇਲਾਵਾ ਕਸ਼ਮੀਰ ਸਿੰਘ ਧੰਗਾਈ, ਜਸਪਾਲ ਸਿੰਘ ਧੰਗਾਈ, ਅਨੋਖ ਸਿੰਘ ਕਰਾਲੀਆ, ਗੁਰਿੰਦਰਧੀਰ, ਰਛਪਾਲ ਟਰਪਈ, ਸੁਖਵਿੰਦਰ ਸਿੰਘ ਧਰਮਕੋਟ, ਸੰਤੋਖ ਸਿੰਘ ਧਰਮਕੋਟ, ਜਸਕਰਨ ਸਿੰਘ ਲੋਪੋਕੇ ਗੁਰਦਾਸਪੁਰ ਜ਼ਿਲ੍ਹੇ ਦੇ ਪ੍ਰਧਾਨ ਸਕੱਤਰ, ਲਖਵਿੰਦਰ ਸਿੰਘ ਮੰਜਿਆਂਵਾਲੀ ਨਰਿੰਦਰ ਸਿੰਘ (ਕੋਟਲਾ ਬਾਮਾ) ਆਦਿ ਵੀ ਹਾਜ਼ਰ ਸਨ।

ਸਮਾਗਮ ਦੇ ਸਿਖਰ 'ਤੇ ਪੰਜਾਬ ਲੋਕ ਸਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਕਿਸਾਨ ਮਸਲਿਆਂ ਅਤੇ ਸਭਿਆਚਾਰ ਦੀ ਜੁੜਵੀਂ ਤੰਦ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸ਼ਹੀਦ ਤਖ਼ਤੂਪੁਰਾ ਦੇ ਯਾਦਗਾਰੀ ਸਮਾਗਮ ਅਤੇ ਅਜੋਕੀ ਹਾਲਾਤ ਬਾਰੇ ਗੁਰਸ਼ਰਨ ਭਾਅ ਜੀ ਜੇ ਜਿਉਂਦੇ ਹੁੰਦੇ ਉਹ ਭਲਾ ਕਿਹੋ ਜਿਹੀ ਟਿੱਪਣੀ ਕਰਦੇ। ਅਸੀਂ ਉਸ ਤਰ੍ਹਾਂ ਦਾ ਯਤਨ ਕਰਦੇ ਹੋਏ ਤੁਹਾਡੇ ਘਰਾਂ, ਟਰੈਕਟਰਾਂ, ਮੋਟਰਾਂ, ਮੋਬਾਈਲਾਂ, ਟੇਪਾਂ ਆਦਿ ਵਿੱਚ ਜ਼ਿੰਦਗੀ ਦੇ ਗੀਤ, ਤਖਤੂਪੁਰਾ ਦੇ ਗੀਤ ਅਤੇ ਸੰਘਰਸ਼ਾਂ ਦੇ ਦੀਪ ਜਗਾਉਂਦੇ ਗੀਤ ਲੈ ਕੇ ਜਾਣ ਦੀ ਅਪੀਲ ਕਰਦੇ ਹਾਂ। ਤੁਹਾਡੇ ਸੰਗ ਸਾਥ ਨਾਲ ਹੀ ਲੋਕ-ਮਾਰੂ ਸਭਿਆਚਾਰ ਨੂੰ ਭਾਂਜ ਦਿੱਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਸ਼ਹੀਦ ਸਾਧੂ ਸਿੰਘ ਤਖ਼ਤੂਪੁਰਾ ਦੁੱਲੇ ਦੀ ਵਾਰ ਦਾ ਅਗਲ ਵਰਕਾ ਹੈ। ਉਹਨਾਂ ਕਿਹਾ ਕਿ ਗ਼ਦਰ ਸ਼ਤਾਬਦੀ ਦਾ ਵਰ੍ਹਾ ਪਗੜੀ ਸੰਭਾਲ ਲਹਿਰ ਅਤੇ ਗ਼ਦਰ ਲਹਿਰ ਨੂੰ ਅਜੋਕੇ ਸਰੋਕਾਰਾਂ ਅਤੇ ਚੁਣੌਤੀਆਂ ਦੇ ਪ੍ਰਸੰਗ ਵਿੱਚ ਸਮਝਣ ਦਾ ਵਰ੍ਹਾ ਹੈ। ਜਿਸਦੀ ਤੰਦ ਅੱਜ ਦੇ ਸ਼ਰਧਾਂਜਲੀ ਸਮਾਗਮ ਨਾਲ ਵੀ ਜੁੜੀ ਹੋਈ ਹੈ।

ਇਸ ਮੌਕੇ ਅਮੋਲਕ ਸਿੰਘ ਦਾ ਲਿਖਿਆ ਅਤੇ ਹਰਵਿੰਦਰ ਦੀਵਾਨਾ ਦੁਆਰਾ ਨਿਰਦੇਸ਼ਤ ਕੀਤਾ ਐਕਸ਼ਨ ਗੀਤ ਪਲਸ ਮੰਚ ਦੀ ਇਕਾਈ ਚੇਤਨਾ ਕਲਾ ਕੇਂਦਰ ਬਰਨਾਲਾ ਦੇ ਕਲਾਕਾਰਾਂ ਵੱਲੋਂ ਪੇਸ਼ ''ਕਬਹੂ ਨਾ ਛਾਡੈ ਖੇਤ'' ਸ਼ਹੀਦ ਸਾਧੂ ਸਿੰਘ ਤਖਤੂਪੁਰਾ ਨੂੰ ਵਿਲੱਖਣ ਸ਼ਰਧਾਂਜਲੀ ਸੀ, ਜਿਸਦਾ ਤਾੜੀਆਂ ਦੀ ਗੂੰਜ ਨਾਲ ਭਰੇ ਪੰਡਾਲ ਨੇ ਜ਼ੋਰਦਾਰ ਸੁਆਗਤ ਕੀਤਾ। ਗੀਤ ਦੇ ਮੁੱਖੜੇ ਅਤੇ ਪ੍ਰਭਾਵਸ਼ਾਲੀ ਤਕਰੀਰਾਂ ਨੂੰ ਮਨੀਂ ਵਸਾ ਕੇ ਲਿਜਾਂਦੇ ਹਜ਼ਾਰਾਂ ਲੋਕ ਇਉਂ ਜਾਪ ਰਿਹਾ ਸੀ, ਜਿਵੇਂ ਖੁਦ ਗਾ ਰਹੇ ਹੋਣ: 

ਤੇਰੇ ਖ਼ੂਨ 'ਚ ਰੰਗ ਧਰਤੀ 'ਤੇ
ਅਸੀਂ ਬੰਨ੍ਹ ਕਾਫ਼ਲੇ ਆਵਾਂਗੇ
ਤੇਰੇ ਸੁਪਨੇ ਬੀਜ ਕੇ ਧਰਤੀ 'ਤੇ
ਧਰਤੀ ਨੂੰ ਸਵਰਗ ਬਣਾਵਾਂਗੇ

No comments:

Post a Comment