StatCounter

Friday, March 1, 2013

ਗ਼ਦਰ ਪਾਰਟੀ ਦੀ ਸਥਾਪਨਾ ਸ਼ਤਾਬਦੀ ਦੇ ਸੰਦਰਭ ਵਿੱਚ ਵਿਸ਼ਾਲ ਕਾਨਫਰੰਸ - ਸਾਮਰਾਜ ਵਿਰੁੱਧ ਨਵੀਂ ਜੰਗਿ-ਆਜ਼ਾਦੀ ਦਾ ਐਲਾਨ;



ਗ਼ਦਰ ਪਾਰਟੀ ਦੀ ਸਥਾਪਨਾ ਸ਼ਤਾਬਦੀ ਦੇ ਸੰਦਰਭ ਵਿੱਚ ਵਿਸ਼ਾਲ ਕਾਨਫਰੰਸ 

ਸਾਮਰਾਜ ਵਿਰੁੱਧ ਨਵੀਂ ਜੰਗਿ-ਆਜ਼ਾਦੀ ਦਾ ਐਲਾਨ;



  •  ਪੰਜਾਬ ਦੀ ਇੱਕ ਯੂਨੀਵਰਸਿਟੀ ਦਾ ਨਾਂ ਕਰਤਾਰ ਸਿੰਘ ਸਰਾਭਾ ਅਤੇ ਇੱਕ ਯੂਨੀਵਰਸਿਟੀ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਿਆ ਜਾਵੇ, 
  • ਗ਼ਦਰੀ ਸ਼ਹੀਦਾਂ ਨੂੰ ਕੌਮੀ ਸ਼ਹੀਦਾਂ ਦਾ ਦਰਜਾ ਦਿੱਤਾ ਜਾਵੇ। 
  • ਗ਼ਦਰ ਪਾਰਟੀ ਦੇ ਇਤਿਹਾਸ ਨੂੰ ਹਰ ਪੱਧਰ ਤੇ ਇਤਿਹਾਸ ਦੇ ਵਿਸ਼ੇ ਦੇ ਪਾਠਕ੍ਰਮ ਦਾ ਹਿੱਸਾ ਬਣਾਇਆ ਜਾਵੇ। 
  • ਗ਼ਦਰ ਪਾਰਟੀ ਦੇ ਇਤਿਹਾਸ ਅਤੇ ਸਾਹਿਤ ਤੇ ਖੋਜ ਕਰਨ ਲਈ ਯੂਨੀਵਰਸਿਟੀਆਂ ਵਿੱਚ ਚੇਅਰਾਂ ਸਥਾਪਿਤ ਕੀਤੀਆਂ ਜਾਣ।



ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਵੱਲੋਂ ਗ਼ਦਰ ਪਾਰਟੀ ਦੀ ਸਥਾਪਨਾ ਸ਼ਤਾਬਦੀ ਦੇ ਸੰਦਰਭ ਵਿੱਚ ਇੱਕ ਵਿਸ਼ਾਲ ਕਾਨਫਰੰਸ, ਸਰਾਭਾ (ਲੁਧਿਆਣਾ) ਵਿੱਚ 21 ਫਰਵਰੀ ਨੂੰ ਕੀਤੀ ਗਈ, ਇਸ ਕਾਨਫਰੰਸ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚੋਂ ਲੋਕਾਂ ਦਾ ਇੱਕ ਵਿਸ਼ਾਲ ਹਜ਼ੂਮ ਉਮੜ ਆਇਆ, ਜਿਸ ਵਿੱਚ ਵਧੇਰੇ ਕਰਕੇ ਮਜ਼ਦੂਰ, ਕਿਸਾਨ, ਔਰਤਾਂ, ਨੌਜੁਆਨ ਅਤੇ ਵਿਦਿਆਰਥੀ ਸ਼ਾਮਿਲ ਸਨ। ਉਤਸ਼ਾਹ ਨਾਲ ਲਬਰੇਜ਼ ਲੋਕੀਂ ਨਾਅਰੇ ਮਾਰਦੇ ਕਾਨਫਰੰਸ ਵਿੱਚ ਸ਼ਾਮਿਲ ਹੋਏ। ਲੋਕਾਂ ਨੇ ਹੱਥਾਂ ਵਿੱਚ ਝੰਡੇ ਅਤੇ ਬੈਨਰ ਚੁੱਕੇ ਹੋਏ ਸਨ।

ਕਾਨਫਰੰਸ ਦੀ ਕਾਰਵਾਈ, ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਦਰਸ਼ਨ ਸਿੰਘ ਖਟਕੜ ਵੱਲੋਂ ਗ਼ਦਰ ਪਾਰਟੀ ਦਾ ਝੰਡਾ ਝੁਲਾਉਣ ਨਾਲ ਹੋਈ। ਕਾਨਫਰੰਸ ਦਾ ਉਦਘਾਟਨ ਕਰਦਿਆਂ ਬਜ਼ੁਰਗ ਕਮਿਊਨਿਸਟ ਆਗੂ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਕਾਮਰੇਡ ਗੰਧਰਵ ਸੈਨ ਕੋਛੜ ਨੇ ਗ਼ਦਰ ਪਾਰਟੀ ਦੇ ਅਧੂਰੇ ਕਾਜ ਨੂੰ ਪੂਰਾ ਕਰਨ ਦਾ ਹੋਕਾ ਦਿੱਤਾ। ਪਾਰਟੀ ਦੇ ਸੀਨੀਅਰ ਆਗੂ ਸਾਥੀ ਅਜਮੇਰ ਸਿੰਘ ਨੇ ਕਿਹਾ ਕਿ ਗ਼ਦਰੀ ਪੰਜਾਬ ਦੀ ਥੁੜੋਂ ਮਾਰੀ ਕਿਸਾਨੀ ਵਿੱਚੋਂ ਸਨ, ਜੋ ਆਪਣੀਆਂ ਗਹਿਣੇ ਪਈਆਂ ਜ਼ਮੀਨਾਂ ਛੁਡਾਉਣ ਲਈ ਵਿਦੇਸ਼ਾਂ ਵਿੱਚ ਕਮਾਈ ਕਰਨ ਗਏ ਸਨ, ਪਰ ਉਥੋਂ ਵਤਨ ਨੂੰ ਆਜ਼ਾਦ ਕਰਾਉਣ ਦਾ ਅਹਿਦ ਕਰਕੇ ਵਤਨਾਂ ਨੂੰ ਚਾਲੇ ਪਾ ਦਿੱਤੇ। ਉਹਨਾਂ ਕਿਹਾ ਕਿ ਗ਼ਦਰੀ ਯੋਧਿਆਂ ਦੀਆਂ ਕੁਰਬਾਨੀਆਂ ਇਤਿਹਾਸ ਦਾ ਸੁਰਖ ਅਧਿਆਏ ਹਨ, ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਅਤੇ ਜਗਤ ਸਿੰਘ ਬਚ ਕੇ ਨਿਕਲ ਗਏ ਸਨ, ਪਰ ਅਣਖ ਅਤੇ ਜ਼ਮੀਰ ਦੀ ਆਵਾਜ਼ ਸੁਣਕੇ ਵਾਪਿਸ ਆ ਗਏ, ਫੜੇ ਗਏ ਅਤੇ ਫਾਂਸੀ ਲਾ ਦਿੱਤੇ ਗਏ। ਗ਼ਦਰੀਆਂ ਦੀਆਂ ਕੁਰਬਾਨੀਆਂ ਸਾਡੇ ਲਈ ਜੂਝਣ ਦਾ ਪ੍ਰੇਰਨਾ ਸਰੋਤ ਹਨ। ਪਾਰਟੀ ਦੇ ਸੀਨੀਅਰ ਆਗੂ ਸਾਥੀ ਖਟਕੜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਗ਼ਦਰ ਪਾਰਟੀ ਦੇਸ਼ ਦੀ ਪਹਿਲੀ ਰਾਜਨੀਤਕ ਪਾਰਟੀ ਸੀ ਜਿਸਨੇ ਕਾਂਗਰਸ ਤੋਂ ਪਹਿਲਾਂ, ਸੰਪੂਰਨ ਆਜ਼ਾਦੀ ਦਾ ਨਾਅਰਾ ਚੁੱਕਿਆ। ਅਹਿੰਸਾ ਦੇ ਨਾਂ ਥੱਲੇ ਸਾਮਰਾਜ ਨਾਲ ਸਮਝੌਤੇ ਦੇ ਰਾਹ ਪਈ ਕਾਂਗਰਸ ਦੇ ਮੁਕਾਬਲੇ ਗ਼ਦਰ ਪਾਰਟੀ ਹਥਿਆਰਬੰਦ ਸੰਘਰਸ਼ ਰਾਹੀਂ ਸਾਮਰਾਜ ਦਾ ਤਲਾਮੂਲ ਪੁੱਟਣ ਲਈ ਸੰਘਰਸ਼ਸ਼ੀਲ ਸੀ। ਜਦੋਂ ਗਾਂਧੀ 'ਰਾਮ-ਰਾਜ' ਦੇ ਜਗੀਰੂ ਪ੍ਰਬੰਧ ਦੇ ਹੋਕਰੇ ਮਾਰ ਰਿਹਾ ਸੀ ਤਾਂ ਗ਼ਦਰ ਪਾਰਟੀ ਨੇ ਆਪਣਾ ਨਿਸ਼ਾਨਾ ਦੇਸ਼ ਨੂੰ ਜਮਹੂਰੀ ਗਣਰਾਜ ਬਣਾਉਣਾ ਮਿੱਥਿਆ। ਜਿੱਥੇ ਮੁਸਲਿਮ ਲੀਗ ਮੁਲਸਮਾਨਾਂ, ਅਕਾਲੀ ਦਲ ਸਿੱਖਾਂ ਅਤੇ ਕਾਂਗਰਸ ਤੱਤ ਵਿੱਚ ਹਿੰਦੂਆਂ ਦੇ ਦਾਅਵੇਦਾਰ ਬਣੇ ਹੋਏ ਸਨ ਤਾਂ ਗ਼ਦਰ ਪਾਰਟੀ ਨੇ ਧਰਮ-ਨਿਰਪੱਖਤਾ ਦਾ ਝੰਡਾ ਚੁੱਕਿਆ। ਪਾਰਟੀ ਦੇ ਸੂਬਾਈ ਆਗੂ ਕਾਮਰੇਡ ਸਰਦਾਰਾ ਸਿੰਘ ਮਾਹਿਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਗ਼ਦਰੀ ਯੋਧਿਆਂ ਅਤੇ ਸ਼ਹੀਦ ਭਗਤ ਸਿੰਘ ਹੁਰਾਂ ਦੇ ਸੁਪਨਿਆਂ ਦੀ ਆਜ਼ਾਦੀ ਨਹੀਂ ਆਈ। 15 ਅਗਸਤ 1947 ਨੂੰ ਆਜ਼ਾਦੀ ਨਹੀਂ ਮਿਲੀ ਬਲਕਿ ਸਾਮਰਾਜ ਅਤੇ ਸਥਾਨਕ ਲੁਟੇਰੀਆਂ ਜਮਾਤਾਂ ਵਿੱਚ ਇੱਕ ਸਮਝੌਤਾ ਹੋਇਆ ਜਿਸ ਤਹਿਤ ਇਹਨਾਂ ਦੋਹਾਂ ਦੇ ਗੱਠਜੋੜ ਨੂੰ ਸੱਤਾ ਸੌਂਪ ਦਿੱਤੀ ਗਈ ਅਤੇ ਦੇਸ਼ ਬਸਤੀ ਤੋਂ ਅੱਧ ਬਸਤੀ ਬਣ ਗਿਆ। ਦੇਸ਼ ਦੀ ਆਰਥਿਕਤਾ ਦੀਆਂ ਚੋਟੀਆਂ ਅਤੇ ਕੁੰਜੀਵਤ ਥਾਵਾਂ ਤੇ ਵਿਦੇਸ਼ੀ ਸਰਮਾਇਆ ਕਾਬਜ਼ ਹੈ। ਸੂਈ ਤੋਂ ਹਵਾਈ ਜਹਾਜ਼ ਤੱਕ ਹਰ ਵਸਤ ਦੇ ਉਤਪਾਦਨ ਵਿੱਚ ਵਿਦੇਸ਼ੀ ਸਰਮਾਇਆ ਲੱਗਿਆ ਹੈ। 1991 ਵਿੱਚ ਕੌਮਾਂਤਰੀ ਮੁਦਰਾ ਕੋਸ਼ ਦੀਆਂ ਸ਼ਰਤਾਂ ਦੇ ਸਿੱਟੇ ਵਜੋਂ ਮਨਮੋਹਨ ਸਿੰਘ ਨੂੰ ਵਿੱਤ ਮੰਤਰੀ ਬਣਾਇਆ ਗਿਆ ਅਤੇ ਦੇਸ਼ ਵੇਚੂ ਗਾਟ ਸਮਝੌਤੇ ਤੇ ਦਸਖਤ ਕੀਤੇ ਗਏ। ਵਿੱਤ-ਮੰਤਰੀ ਬਣਦਿਆਂ ਮਨਮੋਹਨ ਸਿੰਘ ਨੇ ਸਾਮਰਾਜੀ ਦਿਸ਼ਾ-ਨਿਰਦੇਸ਼ਾਂ ਤਹਿਤ ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਅਧਾਰਿਤ ਨਵੀਂ ਆਰਥਿਕ ਨੀਤੀ ਲਾਗੂ ਕੀਤੀ। 'ਸੁਰੱਖਿਆ ਚੌਖਟਾ' ਅਤੇ 'ਪ੍ਰਮਾਣੂ ਸਮਝੌਤਾ' ਸਹੀਬੰਦ ਕਰਕੇ ਰੱਖਿਆ ਖੇਤਰ ਨੂੰ ਸਾਮਰਾਜੀ ਅੰਗੂਠੇ ਤਹਿਤ ਕਰ ਦਿੱਤਾ। ਪ੍ਰਚੂਨ, ਮੀਡੀਆ, ਬੈਂਕਾਂ, ਬੀਮਾ ਜਿਹੇ ਸੰਵੇਦਨਸ਼ੀਲ ਖੇਤਰਾਂ ਸਮੇਤ ਸਾਰੀ ਆਰਥਿਕਤਾ ਦੇ ਗੇਟ ਵਿਦੇਸ਼ੀ ਸਰਮਾਏ ਲਈ ਚੁਪੱਟ ਖੋਹਲ ਦਿੱਤੇ ਹਨ। ਉਹਨਾਂ ਸਾਮਰਾਜ ਵਿਰੁੱਧ ਨਵੀਂ ਜੰਗਿ-ਆਜ਼ਾਦੀ ਦਾ ਐਲਾਨ ਕਰਿਦਆਂ ਕਿਹਾ ਕਿ ਜਨਤਾ ਦੀ ਲਾਮਬੰਦੀ ਕਰਕੇ, ਸਾਮਰਾਜੀ ਸਰਮਾਏ ਵਾਲੇ ਸਭ ਅਦਾਰਿਆਂ ਨੂੰ ਜਾਮ ਕਰ ਦਿੱਤਾ ਜਾਵੇਗਾ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗਰੇਟ ਬ੍ਰਿਟੇਨ) ਦੇ ਬੁਲਾਰੇ ਅਤੇ ਦੇਸ਼ ਭਗਤ ਮਰਹੂਮ ਭਗਤ ਸਿੰਘ ਬਿਲਗਾ ਦੇ ਸਪੁੱਤਰ ਸਾਥੀ ਕੁਲਬੀਰ ਸਿੰਘ ਸੰਘੇੜਾ ਨੇ ਭਰਾਤਰੀ ਹਮਾਇਤ ਦਾ ਇਜ਼ਹਾਰ ਕੀਤਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੁਲਾਰੇ ਸ਼੍ਰੀ ਗੁਰਮੀਤ ਸਿੰਘ ਨੇ ਕਿਹਾ ਕਿ ਮਾਰਕਸੀ-ਲੈਨਿਨੀ ਪਾਰਟੀ ਨੇ ਗ਼ਦਰ ਪਾਰਟੀ ਸਥਾਪਨਾ-ਸ਼ਤਾਬਦੀ ਤੇ ਇੰਨੀ ਵਿਸ਼ਾਲ ਲਾਮਬੰਦੀ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ। ਸਟੇਜ ਸਕੱਤਰ ਦੇ ਫਰਜ਼ ਸਾਥੀ ਕੁਲਵਿੰਦਰ ਸਿੰਘ ਵੜੈਚ ਨੇ ਨਿਭਾਏ। ਜੁਗਰਾਜ ਧੌਲਾ ਤੇ ਸਾਥੀ, ਰਸੂਲਪੁਰ ਦਾ ਕਵੀਸ਼ਰੀ ਜੱਥਾ ਅਤੇ ਵਿਕਟਰ ਨੇ ਇਨਕਲਾਬੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।

ਕਾਨਫਰੰਸ ਦੀ ਕਾਰਵਾਈ ਦੌਰਾਨ, ਗ਼ਦਰ ਪਾਰਟੀ ਦੇ ਇਤਿਹਾਸ ਬਾਰੇ ਖੋਜ ਕਰਨ ਵਾਲੇ ਖੋਜਾਰਥੀ, ਚਿਰੰਜੀ ਲਾਲ ਕੰਗਣੀਵਾਲ ਨੂੰ ਸਨਮਾਨਿਤ ਕੀਤਾ ਗਿਆ। ਕਾਨਫਰੰਸ ਵੱਲੋਂ ਮਤੇ ਪਾਸ ਕਰਕੇ ਮੰਗ ਕੀਤੀ ਗਈ ਕਿ ਪੰਜਾਬ ਦੀ ਇੱਕ ਯੂਨੀਵਰਸਿਟੀ ਦਾ ਨਾਂ ਕਰਤਾਰ ਸਿੰਘ ਸਰਾਭਾ ਅਤੇ ਇੱਕ ਯੂਨੀਵਰਸਿਟੀ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਿਆ ਜਾਵੇ, ਅਤੇ ਗ਼ਦਰੀ ਸ਼ਹੀਦਾਂ ਨੂੰ ਕੌਮੀ ਸ਼ਹੀਦਾਂ ਦਾ ਦਰਜਾ ਦਿੱਤਾ ਜਾਵੇ। ਗ਼ਦਰ ਪਾਰਟੀ ਦੇ ਇਤਿਹਾਸ ਨੂੰ ਹਰ ਪੱਧਰ ਤੇ ਇਤਿਹਾਸ ਦੇ ਵਿਸ਼ੇ ਦੇ ਪਾਠਕ੍ਰਮ ਦਾ ਹਿੱਸਾ ਬਣਾਇਆ ਜਾਵੇ। ਗ਼ਦਰ ਪਾਰਟੀ ਦੇ ਇਤਿਹਾਸ ਅਤੇ ਸਾਹਿਤ ਤੇ ਖੋਜ ਕਰਨ ਲਈ ਯੂਨੀਵਰਸਿਟੀਆਂ ਵਿੱਚ ਚੇਅਰਾਂ ਸਥਾਪਿਤ ਕੀਤੀਆਂ ਜਾਣ।

ਮੰਚ ਤੇ ਬਜ਼ੁਰਗ ਪਾਰਟੀ ਆਗੂ ਤਾਰਾ ਸਿੰਘ ਚਲਾਕੀ ਅਤੇ ਮਜ਼ਦੂਰ ਜਮਾਤ ਦੇ ਆਗੂ ਤਰਸੇਮ ਪੀਟਰ ਅਤੇ ਰਾਜ ਸਿੰਘ ਮਲੋਟ ਆਦਿ ਹਾਜ਼ਰ ਸਨ। ਆਕਾਸ਼ ਗੁੰਜਾਊ ਨਾਅਰਿਆਂ ਨਾਲ ਕਾਨਫਰੰਸ ਦੀ ਸਮਾਪਤੀ ਹੋਈ।

ਜਾਰੀ ਕਰਤਾ,
ਅਜਮੇਰ ਸਿੰਘ
ਸੂਬਾ ਆਗੂ, ਭਾਰਤੀ ਕਮਿਊਨਿਸਟ ਪਾਰਟੀ, (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ

No comments:

Post a Comment