StatCounter

Sunday, April 27, 2014

ਆਓ ਵੋਟਾਂ ਤੋਂ ਭਲੇ ਦੀ ਝਾਕ ਛੱਡਦੇ ਹੋਏ, ਆਪੋ ਆਪਣੇ ਸੰਗਠਨਾਂ ਤੇ ਸੰਘਰਸ਼ਾਂ ਨੂੰ ਮਜਬੂਤ ਕਰਦੇ ਹੋਏ ਚੇਤਨ ਸਾਂਝੇ ਸੰਘਰਸ਼ਾਂ ਦੇ ਰਾਹ ਪਈਏ ਅਤੇ ਲੋਕ-ਪੱਖੀ ਖਰਾ ਜਮਹੂਰੀ ਰਾਜ ਉਸਾਰਨ ਲਈ ਅੱਗੇ ਵਧੀਏ।ਵੋਟਾਂ ਵਾਲੇ ਵੋਟਾਂ ਮੰਗਣ
ਲੋਕਾਂ ਦੇ ਵਿਨਾਸ਼ ਤੇ ਜੋਕਾਂ ਦੇ ਵਿਕਾਸ ਦੀਆਂ
ਇਨਾਂ ਨੂੰ ਦੁਰਕਾਰੋ! ਰਾਜ ਤੇ ਸਮਾਜ ਬਦਲਣ ਲਈ ਅੱਗੇ ਆਓ

ਪਿਆਰੇ ਲੋਕੋ,
ਵੋਟਾਂ ਦੀ ਕਾਵਾਂ-ਰੌਲੀ ਪੂਰੀ ਤੇਜ ਹੈ। ਪੈਸੇ ਅਤੇ ਸੋਨੇ ਦੁੱਗਣੇ ਕਰਕੇ ਦੇਣ ਦਾ ਪਾਖੰਡ ਕਰਨ ਵਾਲੇ ਠੱਗ-ਸਾਧ ਵਾਂਗੂੰ, ਵੋਟ-ਪਾਰਟੀਆਂ ਆਪਾਂ ਨੂੰ ਪਤਿਆਉਣ ਲਈ ਮੜਕੋ-ਮੁੜਕੀ ਹੋ ਰਹੀਆਂ ਹਨ। ਵੋਟਾਂ ਹਥਿਆ ਕੇ ਦਿੱਲੀ ਦੀ ਕੁਰਸੀ 'ਤੇ ਕਾਬਜ਼ ਹੋਣ ਲਈ ਤਹੂ, ਇੱਕ ਦੂਜੇ ਤੋਂ ਵਧ ਕੇ ਹਰਲ ਹਰਲ ਕਰਦੀਆਂ ਇੱਕ ਦੂਜੇ ਖਿਲਾਫ ਫੋਕੜ-ਭੜਾਸ ਕੱਢ ਰਹੀਆਂ ਹਨ। ਇਹਨਾਂ ਵੋਟ ਪਾਰਟੀਆਂ ਦੇ ਜਿਹਨਾਂ ਲੀਡਰਾਂ ਨੇ ਕਦੇ ਸੂਰਜ ਚੜਦਾ ਨਹੀਂ ਸੀ ਵੇਖਿਆ, ਉਹ ਹੁਣ ਮੂੰਹ ਹਨੇਰੇ ਹੀ ਵੋਟ-ਬਗਲੀਆਂ ਪਾ ਕੇ ਅਖੌਤੀ ਵਿਕਾਸ ਦੇ ਗੀਤ ਗਾਉਂਦੇ ਗਲੀਆਂ ਵਿੱਚ ਫੇਰੀਆਂ 'ਤੇ ਹੁੰਦੇ ਹਨ। ਜਿਹੜੀਆਂ ਪਾਰਟੀਆਂ ਕੇਂਦਰ ਜਾਂ ਸੂਬਿਆਂ ਵਿੱਚ ਰਾਜ-ਭਾਗ ਦਾ ਲੁਤਫ ਲੈਂਦੀਆਂ ਰਹੀਆਂ ਹਨ ਤੇ ਹੱਥ ਰੰਗਦੀਆਂ ਰਹੀਆਂ ਹਨ, ਹੁਣ ਇੱਕ ਦੂਜੇ ਦੇ ਕੱਟੜ ਵਿਰੋਧੀ ਹੋਣ ਦੇ ਖੇਖਣ ਕਰਦੀਆਂ ਹੋਈਆਂ ਪਰ ਮਨੋਂ-ਚਿੱਤੋਂ ਇੱਕ ਹੋਣ ਕਰਕੇ ''ਵਿਕਾਸ ਕੀਤਾ ਹੈ, ਵਿਕਾਸ ਕਰਾਂਗੇ'' ਦਾ ਇੱਕੋ ਢੋਲ ਕੁੱਟਣ ਵਿੱਚ ਇੱਕ ਦੂਜੀ ਨੂੰ ਮਾਤ ਪਾ ਦੇਣ ਲਈ ਖਫ਼ਾ ਹਨ। ਕਾਂਗਰਸ ਤੇ ਭਾਜਪਾ-ਅਕਾਲੀ ਲੋਕਾਂ ਦੀ ਕੀਮਤ 'ਤੇ ਕੀਤੇ ਇਸ ਦੇਸੀ-ਬਦੇਸ਼ੀ ਕਾਰਪੋਰੇਟ ਕੰਪਨੀਆਂ ਦੇ ਵਿਕਾਸ ਦੀ ਗੁਰਜ ਇੱਕ ਦੂਜੀ ਤੋਂ ਉੱਚੀ ਚੁੱਕ ਚੁੱਕ ਦਿਖਾਉਣ ਵਿੱਚ ਲੱਗੀਆਂ ਹੋਈਆਂ ਹਨ।

ਇਹ ਵਿਕਾਸ ਚਾਹੇ ਕਾਂਗਰਸ ਭਾਜਪਾ, ਅਕਾਲੀ, ਕਮਾਰੇਡਾਂ, ਬਹੁਜਨ ਸਮਾਜ ਪਾਰਟੀ ਜਾਂ ਕਿਸੇ ਹੋਰ ਵੋਟ ਪਾਰਟੀ ਨੇ ਕੀਤਾ ਹੈ ਤੇ ਚਾਹੇ ਬਿਹਾਰ, ਬੰਗਾਲ, ਉੱਤਰ ਪ੍ਰਦੇਸ਼, ਗੁਜਰਾਤ, ਮਹਾਂਰਾਸ਼ਟਰ, ਹਰਿਆਣਾ, ਪੰਜਾਬ ਜਾਂ ਕਿਤੋਂ ਹੋਰ ਵੇਖ ਲਈਏ, ਸਭਨਾਂ ਥਾਵਾਂ 'ਤੇ ਇੱਕੋ ਵੈਂਗਣੀ ਉੱਘੜੀ ਹੈ। ਮੁੱਠੀ ਭਰ ਦੇਸੀ-ਬਦੇਸ਼ੀ ਕਾਰਪੋਰੇਟਾਂ ਦਾ ਵਿਕਾਸ ਅਤੇ ਆਬਾਦੀ ਦੇ ਵੱਡੇ ਹਿੱਸੇ ਲੋਕਾਂ ਦਾ ਵਿਨਾਸ਼ ਹੈ।

ਇਹ ਆਪਣਾ ਲੋਕਾਂ ਦਾ ਵਿਨਾਸ਼ ਕਰਨ ਵਿੱਚ ਪਾਰਲੀਮੈਂਟ ਵੀ ਸ਼ਾਮਲ ਹੈ। ਉਸਦੇ ਦੀ ਮੋਹਰ ਨਾਲ ਇਹ ਸਭ ਹੋਇਆ ਹੈ। ਇਹ ਉਸੇ ਨਿਜ਼ਾਮ ਦਾ ਇੱਕ ਥੰਮ ਹੈ, ਜਿਹੜੀ ਮੁੱਠੀ ਭਰ, ਵੱਡੇ ਵੱਡੇ ਜਾਗੀਰਦਾਰਾਂ, ਸਰਮਾਏ ਅਤੇ ਸਾਮਰਾਜੀਆਂ ਦੇ ਕਬਜ਼ੇ ਵਿੱਚ ਹੈ ਤੇ ਉਹ ਇਹਨਾਂ ਪਾਰਟੀਆਂ ਨੂੰ ਮੂਹਰੇ ਲਾ ਕੇ ਇਹਨਾਂ ਥੰਮਾਂ ਆਸਰੇ ਆਵਦੇ ਹਿੱਤ ਪਾਲਦੇ ਤੇ ਵਧਾਉਂਦੇ ਹਨ। ਅੱਜ ਉਸੇ ਪਾਰਲੀਮੈਂਟ ਦੀ ਚੋਣ-ਖੇਡ ਵਿੱਚ ਅਤੇ ਆਵਦੇ ਕੁਰਸੀ-ਭੇੜ ਵਿੱਚ ਇਹ ਹਾਕਮਾਂ ਪਾਰਟੀਆਂ ਆਪਾਂ ਨੂੰ ਘੜੀਸ ਕੇ ਸ਼ਾਮਲ ਹੋਣ ਲਈ ਕਹਿ  ਰਹੀਆਂ ਹਨ।

ਅੱਜ ਫੇਰ, ਵੋਟਾਂ ਹਥਿਆਉਣ ਵੇਲੇ ਜਦੋਂ ਏਹਨੂੰ ਅੱਗੇ ਵਧਾਉਣਾ ਜਾਰੀ ਰੱਖਣ ਦੇ ਹੋਕਰੇ ਮਾਰੇ ਜਾ ਰਹੇ ਹਨ, ਉਸ ਵੇਲੇ ਇਹਨਾਂ ਨੀਤੀਆਂ ਦੇ ਖੜਨਹਾਰ ਖੁਦ ਸਾਮਰਾਜੀਏ ਗੋਡਿਆਂ ਵਿੱਚ ਸਿਰ ਦੇਈਂ ਬੈਠੇ ਹਨ। ਉਹਨਾਂ ਦੇ  ਗਲ ਪਿਆ ਆਰਥਿਕ ਸੰਕਟ ਉਹਨਾਂ ਦਾ ਖਹਿੜਾ ਨਹੀਂ ਛੱਡ ਰਿਹਾ। ਇਥੇ ਮਨਮੋਹਨ ਸਿੰਘ ਦਾ ਮੂੰਹ ਠਾਕਿਆ ਗਿਆ ਹੈ। ਪਰ ਇਹ ਹਾਕਮ ਪਾਰਟੀਆਂ ਵਿੱਚੋਂ ਮੋਹਰੀ ਕਾਂਗਰਸ ਪਾਰਟੀ ''ਭਾਰਤ ਨਿਰਮਾਣ ਮਾਡਲ'' ਅਤੇ ਭਾਜਪਾ-ਅਕਾਲੀ ਪਾਰਟੀ ''ਗੁਜਰਾਤ ਵਿਕਾਸ ਮਾਡਲ'' ਦੀਆਂ ਗੁਰਜਾਂ ਉਛਾਲਦੀਆਂ ਸਾਮਰਾਜੀ ਨਵ-ਉਦਾਰਵਾਦੀ ਨੀਤੀਆਂ ਦਾ ਗੁੱਡਾ ਬੰਨਦੀਆਂ ਅਤੇ ਇੱਕ-ਦੂਜੇ ਨੂੰ ਪਛਾੜਨ ਲਈ ਜੋਰ-ਤਾਣ ਲਾਉਂਦੀਆਂ ਹੋਈਆਂ ਡੁੱਬ ਰਹੇ ਸਾਮਰਾਜ ਨਾਲੋਂ ਗਲ-ਜੋਟੇ ਦੀ ਗੰਢ ਵੱਢਣ ਦੀ ਥਾਂ ਵਿੱਤੀ-ਪੂੰਜੀ ਨੂੰ ਨਿਵੇਸ਼ ਲਈ ਹਾਕਾਂ ਮਾਰਨੋਂ ਬਾਜ਼ ਨਹੀਂ ਆ ਰਹੀਆਂ। ਬਰਾਮਦਾਂ ਨਾਲ ਖੇਤੀ ਅਤੇ ਸਨਅਤ ਤਬਾਹ ਕਰਵਾ ਕੇ ਵੀ, ਬਰਾਮਦਾਂ ਵਧਾਉਣ ਲਈ ਸਭ ਕਾਨੂੰਨੀ ਰੋਕਾਂ ਦੂਰ ਕਰਨ ਦੇ ਸਾਮਰਾਜੀਆਂ ਦੇ ਸੱਦੇ ਦੇ ਰਹੀਆਂ ਹਨ।
ਇਸ ਹਾਲਤ ਵਿੱਚ ਵੋਟ ਪਾਉਣ ਦਾ ਫੈਸਲਾ ਕਰਨ ਤੋਂ ਪਹਿਲਾਂ ਆਓ ਇਸ 'ਵਿਕਾਸ' ਦੇ ਦਰਸ਼ਨ ਕਰ ਲਈਏ:

ਵਿਕਾਸ ਦੀਆਂ ਕਰਤੂਤਾਂ
ਖੇਤੀ-ਲਾਗਤਾਂ ਬੇਥਾਹ ਮਹਿੰਗੀਆਂ ਕਰਕੇ, ਸਬਸਿਡੀਆਂ ਖਤਮ ਕਰਕੇ ਅਤੇ ਜ਼ਮੀਨਾਂ ਖੋਹ ਕੇ ਮੁਲਕ ਦੇ ਲੱਖਾਂ ਛੋਟੇ ਕਿਸਾਨਾਂ ਨੂੰ ਖੇਤੀ ਵਿੱਚੋਂ ਬਾਹਰ ਧੱਕ ਦਿੱਤਾ ਹੈ। ਸਾਮਰਾਜੀ ਉੱਚ ਤਕਨੀਕ ਤੇ ਘਣੀ ਪੂੰਜੀ ਨੇ ਛੋਟੀਆਂ ਸਨਅੱਤਾਂ ਦਾ ਗਲਾ ਘੁੱਟ ਕੇ ਉਸਦੇ ਉੱਦਮੀਆਂ ਤੇ ਵਰਕਰਾਂ ਦੀ ਰੋਜ਼ੀ-ਰੋਟੀ ਖੋਹ ਲਈ ਹੈ। ਵਿਦੇਸ਼ਾਂ ਤੋਂ ਬਣੀਆਂ-ਬਣਾਈਆਂ ਵਸਤਾਂ ਨੂੰ ਦਿੱਤੀ ਖੁੱਲ ਨੇ ਮੁਲਕ ਦੀ ਸਨਅਤੀ ਪੈਦਾਵਾਰ ਨੂੰ ਮਰੁੰਡ ਦਿੱਤਾ ਹੈ। ਮਜ਼ਦੂਰਾਂ ਦਾ ਰੁਜ਼ਗਾਰ ਛਾਂਗ ਦਿੱਤਾ ਗਿਆ ਹੈ। ਕਿਸਾਨਾਂ ਕੋਲੋਂ ਜ਼ਮੀਨਾਂ ਖੁੱਸ ਜਾਣ ਕਰਕੇ ਵੇਹਲੇ ਹੋਏ ਖੇਤ ਮਜ਼ਦੂਰਾਂ ਨੂੰ ਨਰੇਗਾ ਕਾਨੂੰਨ ਵੀ ਕੰਮ ਨਾ ਦੇ ਸਕਿਆ। ਗਰੀਬਾਂ ਨੂੰ ਕੁੱਝ ਰਾਹਤ ਦੇਂਦੀ ਜਨਤਕ ਵੰਡ ਪ੍ਰਣਾਲੀ ਤੇ ਲੋਕ-ਭਲਾਈ ਦਾ ਭੋਗ ਪਾ ਦਿੱਤਾ ਹੈ। ਕੀਮਤਾਂ ਤੋਂ ਕੰਟਰੋਲ ਚੁੱਕ ਦਿੱਤਾ ਗਿਆ ਹੈ। ਪੂਰੀ ਤਨਖਾਹ ਵਾਲਾ ਰੈਗੂਲਰ ਰੁਜ਼ਗਾਰ, ਨਿਗੂਣੀ ਤਨਖਾਹ ਵਾਲੇ ਠੇਕੇ ਦੇ ਰੁਜ਼ਗਾਰ ਵਿੱਚ ਬਦਲ ਦਿੱਤਾ ਹੈ। ਇਹਨਾਂ ਮੁਲਾਜ਼ਮਾਂ ਤੋਂ ਸਮਾਜਿਕ-ਸੁਰੱਖਿਆ ਖੋਹ ਲਈ ਹੈ। ਅੰਨੇ ਟੈਕਸਾਂ, ਵਿਦੇਸ਼ੀ ਉੱਚ ਤਕਨੀਕਾਂ, ਵਿਦੇਸ਼ੀ ਵਸਤਾਂ ਅਤੇ ਮਾਲਜ਼ ਨੇ ਛੋਟੇ ਕਾਰੋਬਾਰੀ ਤੇ ਛੋਟੇ ਦੁਕਾਨਦਾਰ ਉਜਾੜੇ ਮੂੰਹ ਧੱਕ ਦਿੱਤੇ ਹਨ। ਦੇਸੀ-ਬਦੇਸ਼ੀ ਕਾਰਪੋਰੇਟਾਂ ਨੂੰ ਦੇਣ ਵਾਸਤੇ ਆਦਿਵਾਸੀਆਂ ਕੋਲੋਂ ਜਲ, ਜੰਗਲ, ਜ਼ਮੀਨ ਖੋਹੇ ਗਏ ਹਨ। ਬੇਰੁਜ਼ਗਾਰੀ, ਭੁੱਖਮਰੀ, ਗਰੀਬੀ ਵਧੀ ਜਾ ਰਹੀ ਹੈ। ਖੁਦਕੁਸ਼ੀਆਂ ਦੀ ਦਰ ਵਧ ਰਹੀ ਹੈ। ਪੈਨਸ਼ਨ, ਬੀਮਾ ਤੇ ਬੈਂਕਾਂ ਦਾ ਪੈਸਾ ਸੱਟਾ ਬਾਜ਼ਾਰੀ ਵਿੱਚ ਲਾਇਆ ਜਾ ਰਿਹਾ ਹੈ। ਬਿਜਲੀ, ਪਾਣੀ, ਸਿੱਖਿਆ, ਸਿਹਤ ਤੇ ਆਵਾਜਾਈ ਸਹੂਲਤਾਂ ਦਾ ਵਪਾਰੀਕਰਨ ਕੀਤਾ ਗਿਆ ਹੈ। ਸੁਰਤੀ ਭੰਵਾਉਣ ਲਈ ਨਸ਼ੇ ਤੇ ਗੰਦੇ ਸਭਿਆਚਾਰ ਨੂੰ ਖੁੱਲ ਹੈ। ਗੁੰਡਾਗਰਦੀ ਤੇ ਔਰਤ ਵਿਰੋਧੀ ਸਭਿਆਚਾਰ ਨੂੰ ਪੁਸ਼ਤਪਨਾਹੀ ਹੈ। ਰਿਸ਼ਵਤਖੋਰੀ ਤੇ ਕਾਲੇ ਧਨ ਨੂੰ ਬੜਾਵਾ ਦਿੱਤਾ ਗਿਆ ਹੈ। ਪ੍ਰਦੂਸ਼ਣ ਅਤੇ ਨਾਮੁਰਾਦ ਬਿਮਾਰੀਆਂ ਨੇ ਮੁਲਕ ਨੂੰ ਘੇਰ ਲਿਆ ਹੈ।

ਵਿਕਾਸ ਦਾ ਦੋ-ਧਾਰੀ ਹੱਲਾ
ਇਹਨਾਂ ਵੋਟ ਪਾਰਟੀਆਂ ਵੱਲੋਂ ਕੀਤੇ ਅਤੇ ਉਚਿਆਏ ਜਾ ਰਹੇ 'ਵਿਕਾਸ' ਨੇ ਜਿੱਥੇ ਇੱਕ ਹੱਥ, ਆਬਾਦੀ ਦੇ ਵੱਡੇ ਹਿੱਸੇ ਉੱਤੇ ਉਕਤ ਆਰਥਿਕ ਧਾਵਾ ਬੋਲਿਆ ਹੋਇਆ ਹੈ, ਉਥੇ ਦੂਜੇ ਹੱਥ ਫੌਜੀ ਹੱਲਾ ਵੀ ਬਰਾਬਰ ਵਿੱਢਿਆ ਹੋਇਆ ਹੈ। ਜ਼ਮੀਨਾਂ ਖੋਹੇ ਜਾਣ ਖਿਲਾਫ ਰੋਸ ਪ੍ਰਗਟਾਉਂਦੇ ਕਿਸਾਨਾਂ-ਮਜ਼ਦੂਰਾਂ ਉੱਪਰ ਗੋਲੀਆਂ ਚਲਾ ਕੇ ਮਾਰਨਾ ਆਮ ਵਰਤਾਰਾ ਬਣ ਕੇ ਸਾਹਮਣੇ ਆਉਂਦਾ ਰਹਿੰਦਾ ਹੈ। ਬੇਰੁਜ਼ਗਾਰੀ ਵੱਲੋਂ ਰੁਜ਼ਗਾਰ ਦੀ ਮੰਗ ਲੈ ਕੇ ਕੀਤੇ ਸੰਘਰਸ਼ਾਂ ਨੂੰ ਗੌਲਿਆ ਹੀ ਨਹੀਂ ਜਾਂਦਾ। ਸੇਵਾਵਾਂ ਰੈਗੂਲਰ ਕਰਵਾਉਣ ਦੀ ਅਤੇ ਪੂਰੀਆਂ ਤਨਖਾਹਾਂ ਲੈਣ ਦੀ ਮੰਗ ਲੈ ਕੇ ਘੋਲ ਮੈਦਾਨ ਵਿੱਚ ਆਏ ਕੱਚੇ ਕਰਮਚਾਰੀਆਂ ਨੂੰ ਜੇਲਾਂ ਵਿੱਚ ਡੱਕਿਆ ਜਾਂਦਾ ਹੈ, ਸੰਗੀਨ ਕੇਸ ਮੜੇ ਜਾਂਦੇ ਹਨ। ਹੱਕੀ ਮੰਗਾਂ ਲਈ ਕਿਸਾਨਾਂ, ਮਜ਼ਦੂਰਾਂ, ਬੇਰੁਜ਼ਗਾਰਾਂ, ਮੁਲਾਜ਼ਮਾਂ, ਵਿਦਿਆਰਥੀਆਂ ਦੀਆਂ ਰੈਲੀਆਂ, ਧਰਨਿਆਂ, ਮੁਜਾਹਰਿਆਂ 'ਤੇ ਪਾਬੰਦੀ ਮੜੀ ਹੋਈ ਹੈ। ਜਲ, ਜੰਗਲ, ਜ਼ਮੀਨ ਖੋਹੇ ਜਾਣ ਖਿਲਾਫ ਜੂਝ ਰਹੇ ਆਦਿਵਾਸੀਆਂ ਉੱਪਰ ਅਪ੍ਰੇਸ਼ਨ ਗਰੀਨ ਹੰਟ ਦੇ ਨਾਂ ਹੇਠ ਹਵਾਈ ਅਤੇ ਡਰੋਨ ਹਮਲੇ ਕਰਨ ਲਈ ਫੌਜ ਦੀਆਂ ਡੋਰਾਂ ਖੁੱਲੀਆਂ ਛੱਡ ਰੱਖੀਆਂ ਹਨ। ਅਫਸਪਾ ਸਮੇਤ ਦਰਜ਼ਨਾਂ ਕਾਲੇ ਕਾਨੂੰਨ ਮੜੇ ਹੋਏ ਹਨ। ਹਰ ਤਬਕੇ ਦੀ ਜੁਬਾਨਬੰਦੀ ਕਰਨ ਦੇ ਕਾਨੂੰਨ ਘੜੇ ਹੋਏ ਹਨ।

ਵਿਕਾਸ ਦੇ ਗੱਫੇ
ਮੁਲਕ ਦੇ 10 ਫੀਸਦੀ ਉੱਤਲੇ ਵੱਡੇ ਜਾਗੀਰਦਾਰਾਂ ਦੀ ਮਾਲਕੀ ਹੇਠ 48 ਫੀਸਦੀ ਖੇਤੀ ਵਾਲੀ ਜ਼ਮੀਨ ਵਧ ਕੇ 50 ਫੀਸਦੀ ਹੋ ਗਈ ਹੈ। ਮੁਲਕ ਦੀ 70 ਫੀਸਦੀ ਜਾਇਦਾਦ ਮੁਲਕ ਦੇ 8200 ਵਿਅਕਤੀਆਂ ਦੀ ਮੁੱਠੀ ਵਿੱਚ ਹੈ। ਬਾਕੀ 30 ਫੀਸਦੀ ਉੱਤੇ 120 ਕਰੋੜ ਵਿਅਕਤੀ ਜੂਨ ਕਟੀ ਕਰਦੇ ਹਨ। ਪ੍ਰਧਾਨ ਮੰਤਰੀ ਦੀ ਕੁਰਸੀ ਲਈ ਹਾਬੜੇ ਫਿਰਦੇ ਨਰਿੰਦਰ ਮੋਦੀ ਲਈ ਬਦਲਵੇਂ ਜਹਾਜ਼ਾਂ ਦਾ ਪ੍ਰਬੰਧ ਕਰਨ ਵਾਲਾ ਜੋਟੀਦਾਰ ਗੌਤਮ ਅਡਾਨੀ (ਗੁਜਰਾਤ) ਦੀ ਜਾਇਦਾਦ ਪਿਛਲੇ ਦਸਾਂ ਸਾਲਾਂ ਵਿੱਚ 2 ਅਰਬ ਡਾਲਰ ਤੋਂ ਵਧ ਕੇ 13 ਅਰਬ ਡਾਲਰ ਹੋ ਗਈ। ਮੋਦੀ ਨੇ ਗੁਜਰਾਤ ਦੀਆਂ ਚਰਾਂਦਾਂ ਤੇ ਦਰਿਆ ਵੀ ਇਹਨਾਂ ਦੀ ਝੋਲੀ ਪਾ ਦਿੱਤੇ ਹਨ। ਮੁਲਕ ਦੇ 70 ਅਰਬਪਤੀ ਮੁਲਕ ਦੀ ਜੀ.ਡੀ.ਪੀ. ਦੇ ਚੌਥੇ ਹਿੱਸੇ, 24 ਲੱਖ ਕਰੋੜ ਰੁਪਏ ਦੇ ਮਾਲਕ ਬਣ ਗਏ ਹਨ। ਵਪਾਰੀਕਰਨ ਦੀ ਨੀਤੀ ਨੇ ਬਥੇਰੇ ਕਾਰਪੋਰੇਟਾਂ ਦੇ ਹੱਥ ਰੰਗੇ ਹਨ। ਸਾਮਰਾਜੀ ਇੱਥੇ 1 ਰੁਪਇਆ ਲਾ ਕੇ 900 ਰੁਪਏ ਲੁੱਟ ਕੇ ਲੈ ਗਏ ਹਨ। ਭੂਪਾਲ ਗੈਸ ਕਾਂਡ ਵਰਗੇ ਕਾਂਡਾਂ ਰਾਹੀਂ ਮੌਤਾਂ ਤੇ ਬਿਮਾਰੀਆਂ ਦੇ ਗਏ ਹਨ। 70 ਵੱਡੀਆਂ ਕੰਪਨੀਆਂ ਦੇ 72000 ਕਰੋੜ ਰੁਪਏ ਦੇ ਡੁੱਬੇ ਕਰਜ਼ੇ ਬੈਂਕਾਂ ਵਿੱਚ ਵੱਟੇ-ਖਾਤੇ ਪਾਏ ਗਏ ਹਨ। ਰਿਫਾਇਨਰੀ ਵਾਲੇ ਮਿੱਤਲ ਵਰਗਿਆਂ ਨੂੰ ਟੈਕਸ ਛੋਟਾਂ ਤੇ ਰਿਆਇਤਾਂ ਰਾਹੀਂ 5 ਲੱਖ ਕਰੋੜ ਦੀ ਲੋਟੀ ਪਾਈ ਗਈ ਹੈ।

ਇਹ ਹੈ ਇਹਨਾਂ ਵੱਲੋਂ ਕੀਤੇ 'ਵਿਕਾਸ' ਦੀ ਤਸਵੀਰ! ਅਸਲ ਵਿਚ ਇਹ ਵਿਕਾਸ ਨਹੀਂ ਹੈ, ਇਹ ਲੋਕਾਂ ਦਾ ਵਿਨਾਸ਼ ਹੈ। ਸਾਰੀਆਂ ਹਾਕਮ ਪਾਰਟੀਆਂ ਨੇ ਇਹ ਕੀਤਾ ਹੈ ਤੇ ਸਾਰੀਆਂ ਹੀ ਹੁਣ ਏਸੇ ਨੂੰ ਹੋਰ ਅੱਗੇ ਵਧਾਉਣ ਲਈ ਆਪਾਂ ਤੋਂ ਆਪਣੇ ਹੀ ਵਿਨਾਸ਼ ਦੀ ਸਹਿਮਤੀ ਲਈ ਆਪਣੀ ਮਰਜੀ ਨਾਲ ਵੋਟ ਪਾਉਣ ਦੀ ਮੰਗ ਕਰ ਰਹੀਆਂ ਹਨ।
ਪਾਰਲੀਮੈਂਟ ਨੂੰ ਪੁੱਛਦਾ ਈ ਕੌਣ ਐ
ਇਹ ਪਾਰਲੀਮਾਨੀ ਖੇਡ, ਮਹਿੰਗੀ ਤੇ ਕੂੜ-ਕਪਟ ਦੀ ਖੇਡ, ਬਣਾਈ ਗਈ ਹੋਣ ਕਰਕੇ ਲੋਕਾਂ ਦਾ ਵੱਡਾ ਹਿੱਸਾ ਇਸ ਵਿੱਚ ਸ਼ਾਮਲ ਹੀ ਨਹੀਂ ਹੋ ਸਕਦਾ ਅਤੇ ਨਾ ਉਹ ਸ਼ਾਮਲ ਹੋਣਾ ਚਾਹੁੰਦਾ ਹੈ। ਹਾਕਮਾਂ ਵੱਲੋਂ ਰਾਜ-ਭਾਗ ਦੇ ਦੂਸਰੇ ਥੰਮ- ਜਿਸ ਦੀ ਚੋਣ ਕਰਨ ਦਾ ਲੋਕਾਂ ਨੂੰ ਹੱਕ ਨਹੀਂ ਦਿੱਤਾ ਗਿਆ- ਕਾਰਜਪਾਲਿਕਾ ਰਾਹੀਂ ਸਿਰਫ ਆਪਣੇ ਹਿੱਤਾਂ ਨੂੰ ਹੀ ਪੱਠੇ ਪਾਉਣ ਦਾ ਕੰਮ ਲੈਣਾ ਵਧਾ ਕੇ ਪਾਰਲੀਮੈਂਟ ਤੋਂ 'ਕੱਲੀ ਮੋਹਰ ਲਾਉਣ ਵਾਲਾ ਕੰਮ ਲੈਣ ਕਰਕੇ ਇਹਦੇ ਵਿੱਚ ਕਿਸੇ ਇਮਾਨਦਾਰ ਬੰਦੇ ਵੱਲੋਂ ਜਾ ਕੇ ਕਿਸੇ ਲੋਕ-ਪੱਖੀ ਸੁਧਾਰ ਦੇ ਕੀਤੇ ਜਾਣ ਦੀ ਗੁੰਜਾਇਸ਼ ਨੂੰ ਮੋਂਦਾ ਲਾ ਦਿੱਤਾ ਹੈ। 'ਆਪ' ਪਾਰਟੀ ਦੇ ਹੁਣ ਤੱਕ ਸਾਹਮਣੇ ਆਏ ਵਿਚਾਰ ਅਤੇ ਰੋਲ ਨੂੰ ਵੇਖਦਿਆਂ, ਉਸ ਤੋਂ ਲੋਕਾਂ ਦੇ ਸੱਚੇ ਵਿਕਾਸ ਦੀ ਆਸ ਰੱਖਦਿਆਂ ਉਸਨੂੰ ਸਹਿਮਤੀ ਦੇਣਾ, ਪਾਰਲੀਮੈਂਟ ਦੇ ਲੋਕ-ਪੱਖੀ ਹੋਣ ਦੇ ਭਰਮ ਨੂੰ ਪੱਕਿਆਂ ਕਰਨਾ ਹੈ। ਹੋਰ ਚੌਕਸ ਤੇ ਚੇਤਨ ਹੋਣ ਦੀ ਲੋੜ ਹੈ।

ਲੋਕਾਂ ਦਾ ਸੱਚਿਉਂ ਵਿਕਾਸ, ਲੋਕਾਂ ਦੀ ਵੋਟ ਦੀ ਤਾਕਤ, ਲੋਕਾਂ ਦੀ ਰਜ਼ਾ ਦੀ ਪੁੱਗਤ ਅਤੇ ਲੋਕਾਂ ਦੀ ਹੈਸੀਅਤ ਦੀ ਵੁੱਕਤ, ਮੁਲਕ ਦੇ ਰਾਜ ਦੇ ਸਮਾਜ ਦੀ ਬਦਲੀ ਅਤੇ ਆਰਥਿਕਤਾ ਦੀ ਮਾਲਕ ਬਦਲੀ ਬਿਨਾ ਅਸੰਭਵ ਹੈ। ਆਰਥਿਕਤਾ ਯਾਨਿ ਵੱਡੇ ਵੱਡੇ ਜਾਗੀਰਦਾਰਾਂ ਦੀ ਜ਼ਮੀਨ, ਸਰਮਾਏਦਾਰਾਂ ਦਾ ਸਰਮਾਇਆ ਅਤੇ ਸਾਮਰਾਜੀਆਂ ਦੀ ਪੂੰਜੀ ਜਬਤ ਕਰਕੇ ਮਜ਼ਦੂਰਾਂ, ਕਿਸਾਨਾਂ, ਛੋਟੇ ਕਾਰੋਬਾਰੀਆਂ, ਛੋਟੇ ਸਨਅਤਕਾਰਾਂ, ਮੁਲਾਜ਼ਮਾਂ, ਨੌਜਵਾਨਾਂ, ਵਿਦਿਆਰਥੀਆਂ ਨੂੰ ਇਸਦੇ ਮਾਲਕ ਬਣਾਉਣ ਨਾਲ ਹੀ ਸੰਭਵ ਹੈ। ਏਹਦੇ ਲਈ ਮੁਲਕ ਦੀ ਰਾਜਨੀਤਕ ਤਾਕਤ 'ਤੇ ਇਹਨਾਂ ਦਾਕਬਜ਼ਾ ਹੋਣਾ ਚਾਹੀਦਾ ਹੈ। ਇਹ ਕੰਮ, ਇਹਨਾਂ ਲੋਕ ਹਿੱਸਿਆਂ ਦੇ ਰਾਜਨੀਤਕ ਤੌਰ 'ਤੇ ਚੇਤਨ ਹੋਏ ਬਿਨਾ, ਸੰਗਠਿਤ ਹੋਏ ਬਿਨਾ ਅਤੇ ਦਮ ਰੱਖਵੇਂ ਸਾਂਝੇ ਤੇ ਕਰੜੇ ਸੰਘਰਸ਼ ਵਿੱਚ ਪਏ ਬਿਨਾ ਮੁੰਗੇਰੀ ਲਾਲ ਦੇ ਸੁਪਨੇ ਵਾਲੀ ਗੱਲ ਹੀ ਹੋਵੇਗੀ।

ਇਉਂ ਲੜਿਆਂ ਹੀ ਅੱਗੇ ਵਧਿਆ ਜਾ ਸਕਦਾ ਹੈ
ਪਿਛਲਾ ਅਮਲ ਇਹੋ ਦੱਸਦਾ ਹੈ, ਕਿਸੇ ਦੁੱਖ-ਮੁਸੀਬਤ ਵੇਲੇ, ਕਿਸੇ ਮੰਗ-ਮਸਲੇ ਵੇਲੇ, ਅੱਜ ਲੋਕ ਰਜ਼ਾ ਮੂਹਰੇ ਸਿਰ ਨਿਵਾਉਣ ਦਾ ਖੇਖਣਹਾਰਾ-ਭਾਸ਼ਣ ਕਰਨ ਵਾਲੇ ਰਾਜ ਗੱਦੀ 'ਤੇ ਬੈਠ ਕੇ ਲੋਕ ਰਜ਼ਾ ਦੀ ਢੂਹੀ ਕੁੱਟਣ ਦਾ ਕਹਿਰ ਢਾਹੁੰਦੇ ਹਨ। ਗੱਦੀ 'ਤੇ ਕੋਈ ਬੈਠੇ, ਕਾਂਗਰਸ ਜਾਂ ਅਕਾਲੀ ਜਾਂ ਕੋਈ ਹੋਰ ਇਸ ਗੱਲ ਦਾ ਫਰਕ ਨਹੀਂ ਪੈਂਦਾ। ਕਾਂਗਰਸੀ ਸਰਕਾਰ ਵੇਲੇ ਈ.ਟੀ.ਟੀ. ਵਾਲਿਆਂ ਨੇ ਰੁਜ਼ਗਾਰ ਦੀ ਮੰਗ ਕੀਤੀ। ਨਾ ਰਜ਼ਾ ਮੰਨੀ ਨਾ ਮੰਗ ਸੁਣੀ, ਡਾਂਗਾਂ ਦਾ ਮੀਂਹ ਵਰਾ ਦਿੱਤਾ। ਸੰਘਰਸ਼ ਦੇ ਜ਼ੋਰ ਉਹ ਰੁਜ਼ਗਾਰ ਲੈ ਗਏ। ਸਾਰੇ ਸਰਕਾਰੀ ਸਕੂੁਲ ਸੇਲ  'ਤੇ ਲਾ ਦਿੱਤੇ, ਅਧਿਆਪਕਾਂ ਤੇ ਲੋਕਾਂ ਦੇ ਸਾਂਝੇ ਸੰਘਰਸ਼ ਨੇ ਰੋਕੇ। ਪੰਜਾਬ ਦੇ ਲੋਕ ਸੱਤ ਸਾਲ ਮੰਗ ਕਰਦੇ ਰਹੇ, ਇੱਕ ਕਿਸਾਨ, ਮਜ਼ਦੂਰ ਕਰਮਚਾਰੀ-ਨਰ ਨਾਰੀ ਇਕੱਠੇ ਹੋ ਕੋ ਕੇ ਚੰਡੀਗੜ ਗਏ ਕਿ ਬਿਜਲੀ ਬੋਰਡ ਨਾ ਤੋੜੋ, ਅਕਾਲੀ ਭਾਜਪਾ ਸਰਕਾਰ ਨੇ ਲੋਕ-ਰਜ਼ਾ ਦੀ ਐਸੀ-ਤੈਸੀ ਕਰਦਿਆਂ ਡਾਂਗ-ਗੋਲੀ ਵਰਾ ਕੇ ਬੱਸਾਂ ਭੰਨੀਆਂ, ਤਿੰਨ ਜਣਿਆਂ ਨੂੰ ਜਾਨੋ ਮਾਰ ਦਿੱਤਾ ਤੇ ਬੋਰਡ ਤੋੜ ਦਿੱਤਾ। ਫਰੀਦਕੋਟ ਵਿੱਚ ਅਕਾਲੀ-ਭਾਜਪਾ ਸਰਕਾਰ ਵੱਲੋਂ ਗੁੰਡਿਆਂ ਦੀ ਕੀਤੀ ਪੁਸ਼ਤਪਨਾਹੀ ਦੇ ਉੱਪਰਦੀ ਪਏ ਲੋਕ ਸੰਘਰਸ਼ ਦੇ ਜ਼ੋਰ ਨੇ ਅਗਵਾਕਾਰ ਗੁੰਡਿਆਂ ਨੂੰ ਜੇਲੀਂ ਭਿਜਵਾਇਆ ਹੈ। ਬਠਿੰਡੇ ਵਿੱਚ ਰੁਜ਼ਗਾਰ ਮੰਗ ਰਹੇ ਬੇਰੁਜ਼ਗਾਰ ਅਧਿਆਪਕਾਂ ਦੀ ਮੰਗ ਨੂੰ ਅਤੇ ਪੁਲਸੀ ਧੱਕੇ ਨਾਲ ਠੰਢ ਦੀ ਮਾਰ ਵਿੱਚ ਆਈ ਨੰਨੀਂ ਬੱਤੀ ਦੀ ਲਾਸ਼ ਨੂੰ ਟਿੱਚ ਸਮਝਣ ਵਾਲੇ ਪੱਥਰ-ਚਿੱਤ ਅਕਾਲੀ-ਭਾਜਪਾ ਸਰਕਾਰ ਸੰਘਰਸ਼ ਦੀ ਵਧੀ ਦਾਬ ਮੂੁਹਰੇ ਝੁਕੀ। ਕੁਦਕੁਸ਼ੀ ਪੀੜਤ ਪਰਿਵਾਰਾਂ ਨੂੰਮੁਆਵਜਾ-ਰਾਸ਼ੀ ਦੇਣਾ ਅਤੇ ਖੇਤ ਮਜ਼ਦੂਰਾਂ ਨੂੰ ਪਲਾਟ ਦੇਣਾ ਮੰਨ ਕੇ ਵੀ ਨਾ ਦੇਣ ਵਾਲੀ ਪੰਜਾਬ ਸਰਕਾਰ ਕਿਸਾਨਾਂ-ਮਜ਼ਦੂਰਾਂ ਦੇ ਸੰਘਰਸ਼ ਦੀ ਤਾਕਤ ਮੂੁਹਰੇ ਬੁੱਤ ਬਣੀ ਖੜੀ ਆਪਾਂ ਸਭਨਾਂ ਨੇ ਵੇਖੀ ਹੈ ਅਤੇ ਹੁਣ ਨਿੱਤ ਦਿਨ ਕਿਤੇ ਨਾ ਕਿਤੇ ਕਾਲੇ ਝੰਡਿਆਂ ਵਿੱਚ ਘਿਰੀ ਵੇਖਦੇ ਹਾਂ।

ਇਹੀ ਹੈ ਵਿਕਾਸ ਦਾ ਰਾਹ। ਮੁਕਤੀ ਦਾ ਰਾਹ। ਕੋਈ ਹਿੱਸਾ ਜਿੰਨਾ ਚੇਤਨ ਹੋ ਕੇ ਸੰਘਰਸ਼ ਵਿੱਚ ਪੈ ਗਿਆ, ਉਸਨੇ ਓਨੀ ਹੀ ਵੱਡੀ ਜਿੱਤ ਹਾਸਲ ਕਰ ਲਈ।
ਸੋ ਆਓ ਵੋਟਾਂ ਤੋਂ ਭਲੇ ਦੀ ਝਾਕ ਛੱਡਦੇ ਹੋਏ, ਆਪੋ ਆਪਣੇ ਸੰਗਠਨਾਂ ਤੇ ਸੰਘਰਸ਼ਾਂ ਨੂੰ ਮਜਬੂਤ ਕਰਦੇ ਹੋਏ ਚੇਤਨ ਸਾਂਝੇ ਸੰਘਰਸ਼ਾਂ ਦੇ ਰਾਹ ਪਈਏ ਅਤੇ ਲੋਕ-ਪੱਖੀ ਖਰਾ ਜਮਹੂਰੀ ਰਾਜ ਉਸਾਰਨ ਲਈ ਅੱਗੇ ਵਧੀਏ।

ਵੱਲੋਂ :- ਲੋਕ ਮੋਰਚਾ ਪੰਜਾਬ, ਇਕਾਈ ਬਠਿੰਡਾ
ਪ੍ਰਕਾਸ਼ਕ: ਸੁਖਵਿੰਦਰ ਸਿੰਘ, ਜ਼ਿਲਾ ਸਕੱਤਰ (94172 89536) ਪ੍ਰਕਾਸ਼ਨ ਮਿਤੀ 23 ਅਪ੍ਰੈਲ, 2014

No comments:

Post a Comment