StatCounter

Saturday, January 10, 2015

ਉੱਘੇ ਨਾਟਕਕਾਰ ਪ੍ਰੋਫੈਸਰ ਅਜਮੇਰ ਔਲਖ ਨੂੰ ''ਭਾਈ ਲਾਲੋ ਕਲਾ ਸਨਮਾਨ''

ਹਜ਼ਾਰਾਂ ਲੋਕ ਉੱਘੇ ਨਾਟਕਕਾਰ ਪ੍ਰੋਫੈਸਰ  ਅਜਮੇਰ ਔਲਖ ਨੂੰ 
''ਭਾਈ ਲਾਲੋ ਕਲਾ ਸਨਮਾਨ'' ਨਾਲ ਸਤਿਕਾਰਨਗੇ

ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲੇ ਦੀ ਮੁਹਿੰਮ ਸ਼ੁਰੂ


ਪੰਜਾਬ ਦੀ ਅਗਾਂਹਵਧੂ, ਲੋਕ-ਪੱਖੀ ਅਤੇ ਇਨਕਲਾਬੀ ਸਾਹਿਤਕ ਧਾਰਾ ਦੀ ਉੱਘੀ ਸਖਸ਼ੀਅਤ, ਪ੍ਰੋ. ਅਜਮੇਰ ਸਿੰਘ ਔਲਖ ਨੂੰ ਪੰਜਾਬ ਦੀ ਇਨਕਲਾਬੀ ਜਨਤਕ ਲਹਿਰ ਵੱਲੋਂ ''ਭਾਈ ਲਾਲੋ ਕਲਾ ਸਨਮਾਨ'' ਨਾਲ ਸਤਿਕਾਰਿਆ ਜਾ ਰਿਹਾ ਹੈ।
ਪਹਿਲੀ ਮਾਰਚ ਨੂੰ ਪੰਜਾਬ ਦੇ ਹਜ਼ਾਰਾਂ ਕਿਰਤੀ-ਕਿਸਾਨ, ਨੌਜਵਾਨ, ਵਿਦਿਆਰਥੀ, ਮੁਲਾਜ਼ਮ, ਔਰਤਾਂ, ਬੁੱਧੀਜੀਵੀ, ਸਾਹਿਤਕਾਰ,ਕਲਾਕਾਰ, ਰੰਗਕਰਮੀ, ਲੋਕ-ਪੱਖੀ ਪੱਤਰਕਾਰ, ਇਨਕਲਾਬੀ, ਲੋਕ-ਪੱਖੀ ਜਮਹੂਰੀ ਅਤੇ ਸਮਾਜਿਕ ਕਾਰਕੁਨ, ਤਰਕਸ਼ੀਲ, ਇਤਿਹਾਸਕਾਰ ਅਤੇ ਹੋਰ ਹਿੱਸੇ ਮਾਨਸਾ ਨੇੜੇ ਮਾਈ ਭਾਗੋ ਗਰਲਜ਼ ਕਾਲਜ, ਰੱਲਾ ਵਿਖੇ ਇਕੱਤਰ ਹੋਣਗੇ ਅਤੇ ਪ੍ਰੋ. ਅਜਮੇਰ ਔਲਖ ਨੂੰ ਖਰੀ ਲੋਕ-ਪੱਖੀ ਕਲਾ ਨੂੰ ਉਹਨਾਂ ਦੇ ਯੋਗਦਾਨ ਲਈ ਸਲਾਮ ਕਰਨਗੇ।

ਇਹ ਸਮਾਗਮ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਨਾਂ ਦੇ ਪਲੇਟਫਾਰਮ ਵੱਲੋਂ ਕੀਤਾ ਜਾ ਰਿਹਾ ਹੈ। ਇਹ ਪਲੇਟਫਾਰਮ ਗੁਰਸ਼ਰਨ ਸਿੰਘ ਇਨਕਲਾਬੀ ਸਲਾਮ ਕਮੇਟੀ ਦਾ ਜਾਰੀ ਰੂਪ ਹੈ, ਜਿਸ ਨੇ 11 ਜਨਵਰੀ 2006 ਨੂੰ ਮੋਗਾ ਨੇੜੇ ਪਿੰਡ ਕੁੱਸਾ ਵਿਖੇ, 20 ਹਜ਼ਾਰ ਲੋਕਾਂ ਦੀ ਇਕੱਤਰਤਾ 'ਚ ਪੰਜਾਬ ਦੀ ਇਨਕਲਾਬੀ ਨਾਟਕ ਲਹਿਰ ਦੇ ਸ਼੍ਰੋਮਣੀ ਉਸਰੱਈਏ ਗੁਰਸ਼ਰਨ ਸਿੰਘ ਨੂੰ ''ਇਨਕਲਾਬੀ ਨਿਹਚਾ ਸਨਮਾਨ'' ਨਾਲ ਸਤਿਕਾਰਿਆ ਸੀ। ਇਸ ਸਨਮਾਨ ਸਮਾਰੋਹ ਰਾਹੀਂ ਲੋਕ ਹੱਕਾਂ ਦੀ ਸੰਘਰਸ਼ ਲਹਿਰ ਅਤੇ ਇਨਕਲਾਬੀ ਲੋਕ-ਪੱਖੀ ਸਾਹਿਤਕ ਲਹਿਰ ਦੀ ਸਾਂਝ ਦੀ ਇੱਕ ਨਿਵੇਕਲੀ ਪ੍ਰੰਪਰਾ ਸ਼ੁਰੂ ਹੋਈ। ਨਾਟਕਕਾਰ ਅਜਮੇਰ ਸਿੰਘ ਔਲਖ ਇਸ ਪਲੇਟਫਾਰਮ ਵੱਲੋਂ ਜਨਤਕ ਸਨਮਾਨ ਹਾਸਲ ਕਰਨ ਵਾਲੇ ਅਗਲੀ ਸਾਹਿਤਕ ਸਖਸ਼ੀਅਤ ਹਨ। ''ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ'' ਦੀ ਮੀਟਿੰਗ ਤੋਂ ਬਾਅਦ, ਪ੍ਰੋ. ਅਜਮੇਰ ਔਲਖ ਦੇ ਰੰਗ-ਮੰਚ ਦੀ ਕਰਮਭੂਮੀ ਮਾਨਸਾ ਤੋਂ ਮੁਹਿੰਮ ਦਾ ਆਗਾਜ਼ ਕਰਦਿਆਂ ਕਨਵੀਨਰ ਜਸਪਾਲ ਜੱਸੀ ਨੇ ਦੱਸਿਆ ਕਿ ਸਲਾਮ ਕਾਫ਼ਲਾ ਮਿਹਨਤਕਸ਼ ਅਤੇ ਇਨਸਾਫਪਸੰਦ ਲੋਕਾਂ ਦੀ ਇਨਕਲਾਬੀ ਲਹਿਰ ਅਤੇ ਸਮਾਜ ਨੂੰ ਬਦਲਣ ਲਈ ਇਨਕਲਾਬੀ ਜਾਗਰਤੀ ਪੈਦਾ ਕਰ ਰਹੀ ਸਾਹਿਤਕ ਲਹਿਰ ਦੇ ਸੰਗਮ ਨੂੰ ਸਮਰਪਤ ਹੈ। ਲੋਕ ਹੱਕਾਂ ਲਈ ਸੰਘਰਸ਼ ਦੇ ਮੈਦਾਨ ਦੀਆਂ ਸਮਰਪਤ ਮਕਬੂਲ ਸਖਸ਼ੀਅਤਾਂ ਇਸ ਪਲੇਟਫਾਰਮ ਦਾ ਧੁਰਾ ਹਨ। ਦੂਜੇ ਪਾਸੇ ਪੰਜਾਬੀ ਸਾਹਿਤ ਅਤੇ ਕਲਾ ਜਗਤ ਦੀਆਂ ਕੱਦਾਵਰ ਸਖਸ਼ੀਅਤਾਂ ਅਤੇ ਸਮਰਪਤ ਕਲਾ ਕਾਰਕੁਨ ਇਸ ਪਲੇਟਫਾਰਮ ਨਾਲ ਨੇੜਿਉਂ ਜੁੜੇ ਹੋਏ ਹਨ।

''ਕਾਫ਼ਲਾ ਟੀਮ'' ਵਿੱਚ, ਕਨਵੀਨਰ ਤੋਂ ਇਲਾਵਾ ਸ੍ਰੀਮਤੀ ਕੈਲਾਸ਼ ਕੌਰ, ਅਮੋਲਕ ਸਿੰਘ, ਝੰਡਾ ਸਿੰਘ ਜੇਠੂਕੇ, ਜ਼ੋਰਾ ਸਿੰਘ ਨਸਰਾਲੀ, ਦਰਸ਼ਨ ਸਿੰਘ ਕੂਹਲੀ, ਕਰੋੜਾ ਸਿੰਘ, ਯਸ਼ਪਾਲ, ਪਵੇਲ ਕੁੱਸਾ, ਹਰਜਿੰਦਰ ਸਿੰਘ, ਡਾ. ਪਰਮਿੰਦਰ ਸਿੰਘ, ਰਾਮ ਸਵਰਨ ਲੱਖੇਵਾਲੀ, ਪੁਸ਼ਪ ਲਤਾ, ਹਰਿੰਦਰ ਕੌਰ ਬਿੰਦੂ ਅਤੇ ਕੁਲਦੀਪ ਕੌਰ ਕੁੱਸਾ ਸ਼ਾਮਲ ਹਨ। ਕਾਫ਼ਲੇ ਦੀ ਸਹਿਯੋਗੀ ਕਮੇਟੀ ਵਿੱਚ ਸੁਰਜੀਤ ਪਾਤਰ, ਵਰਿਆਮ ਸਿੰਘ ਸੰਧੂ, ਡਾ. ਆਤਮਜੀਤ, ਅਤਰਜੀਤ, ਬਲਦੇਵ ਸਿੰਘ ਸੜਕਨਾਮਾ, ਲੋਕ ਨਾਥ, ਕੇਵਲ ਧਾਲੀਵਾਲ, ਪਾਲੀ ਭੁਪਿੰਦਰ, ਸ਼ਬਦੀਸ਼, ਡਾ. ਸਾਹਿਬ ਸਿੰਘ, ਸੈਮੂਅਲ ਜੌਹਨ, ਹਰਕੇਸ਼ ਚੌਧਰੀ, ਮਾਸਟਰ ਤਰਲੋਚਨ, ਹੰਸਾ ਸਿੰਘ, ਹਰਵਿੰਦਰ ਦੀਵਾਨਾ, ਇਕੱਤਰ ਸਿੰਘ, ਗੁਰਪ੍ਰੀਤ ਕੌਰ, ਮਾਸਟਰ ਰਾਮ ਕੁਮਾਰ, ਜਗਸੀਰ ਜੀਦਾ, ਜੁਗਰਾਜ ਧੌਲਾ, ਅਮਰਜੀਤ ਪ੍ਰਦੇਸੀ, ਦੇਸ ਰਾਜ ਛਾਜਲੀ, ਲੋਕ ਬੰਧੂ, ਦਲਜੀਤ ਅਮੀ, ਜਸਪਾਲ ਮਾਨਖੇੜਾ, ਰਾਕੇਸ਼ ਕੁਮਾਰ, ਡਾ. ਅਰੀਤ, ਨਵਸ਼ਰਨ ਅਤੇ ਮਨਜੀਤ ਔਲਖ ਸ਼ਾਮਲ ਹਨ।
ਪ੍ਰੋ. ਅਜਮੇਰ ਔਲਖ ਦੀ ਸਾਹਿਤਕ ਘਾਲਣਾ ਦੇ ਮਹੱਤਵ 'ਤੇ ਟਿੱਪਣੀ ਕਰਦਿਆਂ ਕਾਫ਼ਲਾ ਕਨਵੀਨਰ ਨੇ ਕਿਹਾ ਕਿ ਅਜਮੇਰ ਔਲਖ ਦੇ ਨਾਟਕ ਲੁੱਟ ਅਤੇ ਜਬਰ 'ਤੇ ਆਧਾਰਤ ਸਮਾਜ ਦੀ ਅਸਲੀਅਤ ਨੂੰ ਬੇਨਕਾਬ ਕਰਦੇ ਹਨ, ਰਾਜ-ਸੱਤਾ ਦੀ ਅੱਤਿਆਚਾਰੀ ਤਬੀਅਤ ਦਾ ਪਰਦਾਫਾਸ਼ ਕਰਦੇ ਹਨ ਅਤੇ ਸਮਾਜ ਨੂੰ ਬਦਲਣ ਲਈ ਜਾਗਰਤੀ ਦਾ ਹੋਕਾ ਦਿੰਦੇ ਹਨ। ਅਜਮੇਰ ਔਲਖ ਦੇ ਰੰਗ-ਮੰਚ ਨੇ ਪਿਛਾਂਹ-ਖਿੱਚੂ ਸਭਿਆਚਾਰਕ ਕਦਰਾਂ-ਕੀਮਤਾਂ ਨੂੰ ਬੇਨਕਾਬ ਕਰਨ ਅਤੇ ਵੰਗਾਰਨ ਵਾਲੀ ਜੁਝਾਰ ਕਲਾ ਦਾ ਝੰਡਾ ਉੱਚਾ ਕੀਤਾ ਹੈ। ਸੰਸਾਰੀਕਰਨ ਦੇ ਹੱਲੇ ਦੀਆਂ ਮੌਜੂਦਾ ਹਾਲਤਾਂ 'ਚ ਲੋਕ-ਪੱਖੀ ਕਲਾਕਾਰਾਂ ਦੇ ਕਿਰਦਾਰ ਦੀ ਸਾਲਮੀਅਤ ਖ਼ਤਰੇ ਮੂੰਹ ਆਈ ਹੋਈ ਹੈ। ਇਹਨਾਂ ਹਾਲਤਾਂ ਵਿੱਚ ਪ੍ਰੋ. ਅਜਮੇਰ ਔਲਖ ਨੇ ਨਾ ਸਿਰਫ ਮਜ਼ਲੂਮ ਲੋਕਾਈ ਦੇ ਹਿੱਤਾਂ ਨਾਲ ਆਪਣੀ ਕਲਾ ਦਾ ਰਿਸ਼ਤਾ ਬਰਕਰਾਰ ਰੱਖਿਆ ਹੈ ਸਗੋਂ ਇਸ ਨੂੰ ਹੋਰ ਅੱਗੇ ਵਧਾਇਆ ਹੈ। ਨੌਜਵਾਨਾਂ ਨੂੰ ਨਰੋਈ, ਲੋਕ-ਪੱਖੀ ਅਤੇ ਕਰਾਂਤੀਮੁਖੀ ਕਲਾ ਦੇ ਲੜ ਲਾਉਣ ਵਿੱਚ ਪ੍ਰੋ. ਅਜਮੇਰ ਔਲਖ ਦਾ ਉੱਘੜਵਾਂ ਅਤੇ ਨਿਵੇਕਲਾ ਯੋਗਦਾਨ ਹੈ। ਸਾਹਿਤਕ ਖੇਤਰ ਦੀਆਂ ਅਗਲੀਆਂ ਕਤਾਰਾਂ ਵਿੱਚ ਆਪਣੇ ਯੋਗਦਾਨ ਤੋਂ ਇਲਾਵਾ ਪ੍ਰੋ. ਅਜਮੇਰ ਔਲਖ ਉਹਨਾਂ ਸਖਸ਼ੀਅਤਾਂ ਵਿੱਚ ਸ਼ਾਮਲ ਹਨ, ਜਿਹਨਾਂ ਨੇ ਜਮਹੂਰੀ ਹੱਕਾਂ ਦੀ ਰਾਖੀ ਦਾ ਝੰਡਾ ਚੁੱਕਿਆ ਹੋਇਆ ਹੈ। ਉਹ ''ਅਪ੍ਰੇਸ਼ਨ ਗਰੀਨ ਹੰਟ'' ਦੀ ਲੋਕ-ਦੁਸ਼ਮਣ ਅਸਲੀਅਤ ਨੂੰ ਲੋਕਾਂ ਸਾਹਮਣੇ ਲਿਆਉਣ ਦੇ ਉੱਦਮ ਵਿੱਚ ਸ਼ਰੀਕ ਹਨ। ਬਿਮਾਰੀ ਨਾਲ ਜੂਝਦੇ ਹੋਏ ਵੀ ਉਹਨਾਂ ਨੇ ਆਪਣੀ ਮਾਨਸਿਕ ਅਤੇ ਜਿਸਮਾਨੀ ਸ਼ਕਤੀ ਲੋਕ-ਹਿੱਤਾਂ ਨੂੰ ਸਮਰਪਤ ਕੀਤੀ ਹੋਈ ਹੈ।
ਬਿਆਨ ਵਿੱਚ ਦੱਸਿਆ ਗਿਆ ਹੈ ਕਿ ਇਹ ਸਨਮਾਨ ਸਮਾਰੋਹ ''ਅਜਮੇਰ ਔਲਖ ਸਲਾਮ ਅਤੇ ਸਨਮਾਨ ਜਨਤਕ ਮੁਹਿੰਮ'' ਦਾ ਸਿਖਰ ਹੋਵੇਗਾ। ਇਸ ਮੁਹਿੰਮ ਦੌਰਾਨ ਪਿੰਡਾਂ, ਸ਼ਹਿਰਾਂ ਤੱਕ ਮੀਟਿੰਗਾਂ, ਰੈਲੀਆਂ, ਸੈਮੀਨਾਰਾਂ, ਜਾਗੋ ਕਾਫ਼ਲਾ ਮਾਰਚਾਂ, ਨੁੱਕੜ ਨਾਟਕਾਂ ਤੇ ਸੰਦੇਸ਼ ਇਕੱਤਰਤਾਵਾਂ ਰਾਹੀਂ ਲੋਕ-ਹੱਕਾਂ ਦੀ ਲਹਿਰ ਤੇ ਸਾਹਿਤ ਕਲਾ ਦੀ ਸਾਂਝ ਨੂੰ ਹੋਰ ਪੱਕੀ ਕਰਨ ਦਾ ਸੰਦੇਸ਼ ਉਭਾਰਿਆ ਜਾਵੇਗਾ, ਜਿਸ ਦੌਰਾਨ ਗੀਤਕਾਰਾਂ, ਕਲਮਕਾਰਾਂ ਅਤੇ ਨਾਟਕਕਾਰਾਂ ਦੀਆਂ ਦਰਜ਼ਨਾਂ ਟੋਲੀਆਂ ਪੰਜਾਬ ਦੇ ਕੋਨੇ ਕੋਨੇ ਤੱਕ ਪਹੁੰਚਣਗੀਆਂ। ਸਮਾਗਮ ਦੇ ਸੁਨੇਹੇ ਲਈ ਪੋਸਟਰ ਅਤੇ ਹੱਥ-ਪਰਚਾ ਜਾਰੀ ਕੀਤਾ ਜਾਵੇਗਾ। ਕਾਫ਼ਲੇ ਦੇ ਤਰਜਮਾਨ ''ਸਲਾਮ'' ਦਾ ਇਸ ਮੁਹਿੰਮ ਨੂੰ ਸਮਰਪਤ ਅੰਕ ਵੀ ਜਾਰੀ ਕੀਤਾ ਜਾਵੇਗਾ।
ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਨੇ ਪੰਜਾਬ ਅਤੇ ਦੇਸ਼ ਵਿਦੇਸ਼ ਚ ਵਸਦੇ ਸਭਨਾਂ ਲੋਕ-ਪੱਖੀ ਸਾਹਿਤਕਾਰਾਂ ਅਤੇ ਕਲਾਕਾਰਾਂ, ਇਨਕਲਾਬੀ ਤੇ ਲੋਕ-ਪੱਖੀ ਜਥੇਬੰਦੀਆਂ ਅਤੇ ਸਾਹਿਤਕ-ਸਭਿਆਚਾਰਕ ਪਲੇਟਫਾਰਮਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਵਧ ਚਡ਼ ਕੇ ਸ਼ਾਮਲ ਹੋਣ।
ਜਾਰੀ ਕਰਤਾ:
ਜਸਪਾਲ ਜੱਸੀ, ਕਨਵੀਨਰ
ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ
(ਕਨਵੀਨਰ ਫੋਨ ਨੰ. 9463167923)
ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਸੰਪਰਕ ਨੰ. (ਪਵੇਲ ਕੁੱਸਾ 9417054015, 01636282947, ਅਮੋਲਕ ਸਿੰਘ 9417076735)

No comments:

Post a Comment