StatCounter

Monday, January 19, 2015

ਬਜਰੰਗ ਦਲੀਆਂ ਦੀ ਗੁੰਡਾਗਰਦੀ ਰੋਕਣ ਦੀ ਥਾਂ ਕਿਸਾਨ ਆਗੂ ਜੇਲ ਡੱਕੇ

ਮਾਮਲਾ ਅਵਾਰਾ ਪਸ਼ੂਆਂ ਤੋਂ ਫਸਲਾਂ ਦੀ ਰਾਖੀ ਦਾ

ਬਜਰੰਗ ਦਲੀਆਂ ਦੀ ਗੁੰਡਾਗਰਦੀ ਰੋਕਣ ਦੀ ਥਾਂ ਕਿਸਾਨ ਆਗੂ ਜੇਲ ਡੱਕੇ


ਰਾਮਪੁਰਾ ਇਲਾਕੇ ਦੇ ਤਿਨ ਪਿੰਡਾਂ - ਗਿੱਲ ਕਲਾਂ, ਪਿਥੋ, ਅਤੇ ਰਾਮਪੁਰਾ ਚ ਅਵਾਰਾ ਪਸ਼ੂਆਂ ਦੀ ਸਮਸਿਆ ਬਹੁਤ ਗੰਭੀਰ ਬਣੀ ਹੋਈ ਹੈ | ਅਵਾਰਾ ਗਾਈਆਂ ਅਤੇ ਢਠਿਆਂ ਦੇ ਵੱਗ ਖੇਤਾਂ ਚ ਹਰਲ ਹਰਲ ਕਰਦੇ ਫਿਰਦੇ ਹਨ, ਹਰ ਰੋਜ਼ ਫਸਲ ਦਾ ਉਜੜਾ ਕਰਦੇ ਹਨ | ਪੁੱਤਾਂ ਵਾਂਗ ਪਾਲੀਆਂ ਫਸਲਾਂ ਦੀ ਰਾਖੀ ਲਈ ਕਿਸਾਨਾਂ ਨੂੰ ਪੋਹ ਮਾਘ ਦੀਆਂ ਬਰਫੀਲੀਆਂ ਰਾਤਾਂ, ਖੇਤਾਂ ਵਿਚ ਠੁਰ ਠੁਰ ਕਰਦਿਆਂ ਕਟਨੀਆਂ ਪੈ ਰਹੀਆਂ ਹਨ |  ਕਿਸਾਨਾਂ ਦੀਆਂ ਜਥੇਬੰਦੀਆਂ ਨੇਂ ਜ਼ਿਲਾ ਅਧਿਕਾਰੀਆਂ ਨੂੰ ਪਹੁੰਚ ਕਰਕੇ ਮਾਮਲਾ ਉਹਨਾਂ ਦੇ ਧਿਆਨ ਵਿਚ ਲਿਆਂਦਾ ਅਤੇ ਅਵਾਰਾ ਪਸ਼ੂਆਂ ਦਾ ਕੋਈ ਢੁਕਵਾਂ ਬੰਦੋਬਸਤ ਕਰਕੇ ਕਿਸਾਨਾਂ ਦੀਆਂ ਫਸਲਾਂ ਬਚਾਉਣ ਦੀ ਮੰਗ ਕੀਤੀ| ਅਧਿਕਾਰੀਆਂ ਨੇਂ ਕਾਰਵਾਈ ਦਾ ਭਰੋਸਾ ਤਾਂ ਦਿਵਾਇਆ ਪਰ ਕੀਤਾ ਕੁਝ ਨਹੀਂ|

ਆਖਿਰ ਇਹਨਾਂ ਪਿੰਡਾਂ ਦੇ ਲੋਕਾਂ ਨੇਂ ਮਿਲ ਕੇ ਕੁਝ ਰਖੇ ਤੈਨਾਤ ਕਰ ਦਿੱਤੇ, ਜੋ ਸਾਰੀ ਰਾਤ ਪੈਹਰਾ ਦਿੰਦੇ ਸਨ ਅਤੇ ਅਵਾਰਾ ਪਸ਼ੂਆਂ ਨੂੰ ਖੇਤਾਂ ਚ ਵੜਨ ਨਹੀਂ ਦਿੰਦੇ ਸਨ |

ਆਪਣੀਆਂ ਫਸਲਾਂ ਦੀ ਰਾਖੀ ਲਈ ਚੁੱਕੇ ਇਸ ਕਦਮ ਤੋਂ ਬਜਰੰਗ ਦਲੀਏ ਬੁਖਲਾ ਉਠੇ | 14 ਜਨਵਰੀ ਦੀ ਰਾਤ ਨੂੰ ਉਹਨਾਂ ਨੇਂ ਮਿਲ ਕੇ ਰਾਖਿਆਂ ਤੇ ਹਮਲਾ ਕਰ ਦਿੱਤਾ, ਉਹਨਾਂ ਨੂੰ ਕੁੱਟਿਆ ਅਤੇ ਸੱਟਾਂ ਮਾਰੀਆਂ |

ਇਸ ਘਟਨਾਂ ਤੋਂ ਰੋਹ ਵਿਚ ਆਏ ਤਿਨ ਪਿੰਡਾਂ - ਗਿੱਲ ਕਲਾਂ, ਪਿਥੋ, ਅਤੇ ਰਾਮਪੁਰਾ ਦੇ ਕਿਸਾਨਾਂ ਨੇਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਚ 15 ਜਨਵਰੀ ਨੂੰ ਥਾਣੇ ਮੁਹਰੇ ਧਰਨਾ ਲਾਕੇ ਗੁੰਡਾਗਰਦੀ ਕਰਨ ਵਾਲੇ ਬਜਰੰਗ ਦਲੀਆਂ ਖਿਲਾਫ਼ ਕਾਰਵਾਈ ਕੀਤੇ ਜਾਨ ਅਤੇ ਅਵਾਰਾ ਪਸ਼ੂਆਂ ਦੀ ਸਮਸਿਆ ਨਾਲ ਨਜਿਠਣ ਲਈ ਢੁਕਵੇਂ ਕਦਮ ਚੁਕਣ ਦੀ ਮੰਗ ਕੀਤੀ |

ਕਿਸਾਨਾਂ ਦਾ ਕਹਿਣਾ ਸੀ ਕਿ ਆਵਦੀ ਫਸਲ ਦੀ ਰਾਖੀ ਲਈ ਢੁਕਵੇਂ ਕਦਮ ਚੂਕਨਾ ਉਹਨਾਂ ਦਾ ਕਨੂਨੀ ਅਧਿਕਾਰ ਹੈ | ਜੇ ਬਜਰੰਗ ਦਲੀਆਂ ਜਾਂ ਕਿਸੇ ਹੋਰ ਨੂੰ ਇਹਨਾਂ ਅਵਾਰਾ ਗਾਈਆਂ ਅਤੇ ਢਠਿਆਂ ਨਾਲ ਬਹੁਤ ਮੋਹ ਹੈ ਤਾਂ ਉਹ ਇਹਨਾਂ ਨੂੰ ਜਾਂ ਤਾਂ ਆਵਦੇ ਘਰੇ ਲਿਜਾ ਕੇ ਪਾਲ ਲੈਣ ਜਾਂ ਅਜੇਹਾ ਬੰਦੋਬਸਤ ਕਰਨ ਕਿ ਇਹ ਕਿਸਾਨਾਂ ਦੇ ਖੇਤਾਂ ਚ ਜਾ ਕੇ ਉਹਨਾਂ ਦੀਆਂ ਫਸਲਾਂ ਦਾ ਨੁਕਸਾਨ ਨਾਂ ਕਰਨ | ਪਰ ਬਾਦਲ ਅਤੇ ਮੋਦੀ ਸਰਕਾਰ ਦੇ ਸਿਰ ਤੇ ਚਾਂਭਲੇ ਬਜਰੰਗ ਦਲੀਏ ਕੁਝ ਵੀ ਸੁਨਣ ਲਈ ਤਿਆਰ ਨਹੀਂ ਸਨ | ਸਰਕਾਰੀ ਥਾਪੜੇ ਕਰਕੇ ਪੁਲਸ ਵੀ ਉਹਨਾਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕਰਨਾਂ ਚਾਹੁੰਦੀ ਸੀ | ਇਸ ਕਾਰਣ ਕਿਸਾਨਾਂ ਨੂੰ ਟ੍ਰੈਫਿਕ ਜਮ ਕਰਨਾਂ ਪਿਆ | ਗੰਭੀਰ ਸਥਿਤੀ ਬਣਦਿਆਂ ਹੀ ਉਚ ਅਧਿਕਾਰੀ ਮੌਕੇ ਤੇ ਪਹੁੰਚ ਗਏ ਅਤੇ ਉਹਨਾਂ ਨੇਂ ਤਿਨ ਦਿਨਾਂ ਦੇ ਅੰਦਰ ਅੰਦਰ ਇਸ ਮਾਮਲੇ ਤੇ ਢੁਕਵੀਂ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ |

ਪ੍ਰੰਤੂ ਤਿਨ ਦਿਨ ਲੰਘਣ ਦੇ ਬਾਦ ਵੀ ਅਧਿਕਾਰੀਆਂ ਨੇਂ ਕੋਈ ਕਾਰਵਾਈ ਨਹੀਂ ਕੀਤੀ | ਇਸ ਤੇ ਰੋਸ ਵਜੋਂ ਅਜ ਲਗਪਗ ਡੇਢ -ਦੋ ਸੌ ਕਿਸਾਨ ਇਹਨਾਂ ਪਿੰਡਾਂ ਚੋਂ ਰੋਸ ਪ੍ਰਗਟਾਉਣ ਲਈ ਰਾਮਪੁਰਾ ਨੂੰ ਚਲ ਪਏ | ਪੁਲਸ ਨੇਂ ਰਾਹ ਵਿਚ ਹੀ, ਜਦੋਂ ਇਹ ਕਿਸਾਨ ਮੁਖ ਸੜਕ ਤੇ ਚੜ ਰਹੇ ਸਨ ਤਾਂ ਇਹਨਾਂ ਨੂੰ ਰੋਕ ਕੇ ਡੰਡੇ ਵਰਾਹੁਨੇ ਸ਼ੁਰੂ ਕਰ ਦਿੱਤੇ| ਕਿਸਾਨਾਂ ਦੇ 18 ਆਗੂਆਂ ਜਿਨਾਂਹ ਚ ਮੋਠੂ ਸਿੰਘ ਕੋਟੜਾ, ਸੁਰਜੀਤ ਗਿੱਲ, ਸੁਖਦੇਵ ਜਵੰਦਾ, ਦਰਸ਼ਨ ਪਿਥੋ (ਸਾਬਕਾ ਸਰਪੰਚ, ਪਿਥੋ ), ਹਰਜੀਵਨ ਸਿੰਘ (ਸਾਬਕਾ ਸਰਪੰਚ ਰਾਮਪੁਰਾ ) ਸ਼ਾਮਿਲ ਸਨ ਨੂੰ ਗਿਰਫਤਾਰ ਕਰ ਲਿਆ ਅਤ ਉਪ ਮੰਡਲ ਮਜਿਸਟ੍ਰੇਟ  ਫੂਲ ਦੇ ਹੁਕਮਾਂ ਅਨੁਸਾਰ ਕੇਂਦਰੀ ਜੇਲ ਬਠਿੰਡਾ ਬੰਦ ਕਰ ਦਿੱਤਾ |

ਲੋਕ ਮੋਰਚਾ ਪੰਜਾਬ, ਸਰਕਾਰ ਦੀ ਇਸ ਕਾਰਵਾਈ ਦੀ ਸਖਤ ਨਿਖੇਦੀ ਕਰਦਾ ਹੈ | ਬਾਦਲ ਅਤੇ ਮੋਦੀ ਸਰਕਾਰਾਂ ਨੇਂ ਇਸ ਕਦਮ ਰਾਹੀਂ ਦਿਖਾ ਦਿੱਤਾ  ਹੈ ਕਿ :

# ਪੰਜਾਬ ਚ ਨਸ਼ੇ ਵੇਚਣਾਂ ਜੁਰਮ ਨਹੀਂ ;
# ਰੇਤੇ, ਬਜਰੀ ਅਤੇ ਯੂਰੀਆ ਖਾਦ ਦੀ ਕਾਲਾ ਬਜਾਰੀ ਜੁਰਮ ਨਹੀਂ;
# ਫਿਰਕੂ ਅੱਗ ਦੇ ਭਾਂਬੜ ਬਾਲਨਾਂ ਜੁਰਮ ਨਹੀਂ;
# ਆਪਣੀਆਂ ਫਸਲਾਂ ਦੀ ਰਾਖੀ ਕਰਨਾਂ ਜੁਰਮ ਹੈ
   
ਲੋਕ ਮੋਰਚਾ ਪੰਜਾਬ, ਮੰਗ ਕਰਦਾ ਹੈ ਕਿ:

    @ ਕਿਸਾਨਾਂ ਵਲੋਂ ਆਪਣੀਆਂ ਫਸਲਾਂ ਦੀ ਰਾਖੀ ਕਰਨ ਦੇ ਹੱਕ ਦੀ ਜਾਮਨੀ
        ਕੀਤੀ ਜਾਵੇ
    @ ਅਵਾਰਾ ਪਸ਼ੂਆਂ ਤੋਂ ਰਾਖੀ ਲਈ ਤੈਨਾਤ ਰਾਖਿਆਂ ਦੀ ਕੁੱਟ ਮਾਰ ਕਰਨ 
        ਵਾਲੇ ਬਜਰੰਗ ਦਲੀਆਂ ਖਿਲਾਫ਼ ਮੁਕਦਮਾ ਦਰਜ ਕੀਤਾ ਜਾਵੇ
    @ ਸਾਰੇ ਗਿਰਫਤਾਰ ਕਿਸਾਨਾਂ ਨੂੰ ਬਿਨਾ ਸ਼ਰਤ ਰਿਹਾ ਕੀਤਾ ਜਾਵੇ

    @ ਅਵਾਰਾ ਪਸ਼ੂਆਂ ਦੀ ਸਮਸਿਆ ਦਾ ਕੋਈ ਚਿਰ ਸਥਾਈ ਹੱਲ ਲਭਿਆ 
        ਜਾਵੇ
Jagmel Singh, General Secretary
N.K.Jeet, Advisor,
Lok Morcha Punjab

No comments:

Post a Comment