StatCounter

Tuesday, January 6, 2015

ਸਾਹਿਤ ਨੂੰ ਲੋਕਾਂ ਦੀ ਜਿੰਦਗੀ, ਦੁਖ ਦਰਦਾਂ ਅਤੇ ਸੰਘਰਸ਼ਾਂ ਨਾਲ ਜੋੜਨ ਦਾ ਸੱਦਾ

ਨਾਮਵਰ ਕਹਾਣੀਕਾਰ ਅਤਰਜੀਤ ਦੇ 75 ਵੇਂ ਜਨਮ ਦਿਨ ਤੇ 

ਸਾਹਿਤ ਨੂੰ ਲੋਕਾਂ ਦੀ ਜਿੰਦਗੀ, ਦੁਖ ਦਰਦਾਂ ਅਤੇ ਸੰਘਰਸ਼ਾਂ ਨਾਲ ਜੋੜਨ ਦਾ ਸੱਦਾ







ਪੰਜਾਬੀ ਸਾਹਿਤ ਸਭਾ ਬਠਿੰਡਾ ਅਤੇ ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਵਲੋਂ ਸਾਂਝੇ ਤੌਰ ਤੇ ਬਠਿੰਡਾ ਦੇ ਟੀਚਰਜ਼ ਹੋਮ ਵਿਚ ਪੰਜਾਬੀ ਦੇ ਨਾਮਵਰ ਕਹਾਣੀਕਾਰ ਅਤਰਜੀਤ ਸਿੰਘ ਦੇ 75 ਵੇਂ ਜਨਮ ਦਿਨ ਦੇ ਮੌਕੇ ਤੇ ਅੱਜ ਇਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਦੇ ਸਿਰਮੌਰ ਨਾਟਕਕਾਰ ਪ੍ਰੋਫੈਸਰ ਅਜਮੇਰ ਸਿੰਘ ਔਲਖ ਨੇਂ ਕੀਤੀ| ਇਸ ਸਮਾਗਮ ਚ ਵਡੀ ਪਧਰ ਤੇ ਸਾਹਿਤਕਾਰਾਂ ਅਤੇ ਅਤਰਜੀਤ ਦੇ ਪ੍ਰਸ਼ੰਸ਼ਕਾਂ ਨੇਂ ਹਿੱਸਾ ਲਿਆ| ਅਤਰਜੀਤ ਸਿੰਘ ਦੀ ਸਾਹਿਤ ਸਿਰਜਨਾ, ਪ੍ਰਕਾਸ਼ਨਾਂ ਅਤੇ ਸਾਹਿਤ ਨੂੰ ਪਾਠਕਾਂ ਦੇ ਹਥਾਂ ਤਕ ਪੁਚਾਉਣ ਦੇ ਖੇਤਰ ਚ ਪਾਏ ਅਣਥਕ ਯੋਗਦਾਨ ਦੀ ਵਖ ਵਖ ਬੁਲਾਰਿਆਂ ਨੇਂ ਭਰਪੂਰ ਪ੍ਰਸ਼ੰਸਾ ਕੀਤੀ |


ਡਾਕਟਰ ਲਾਭ ਸਿੰਘ ਖੀਵਾ, ਪ੍ਰਧਾਨ ਪੰਜਾਬੀ ਸਾਹਿਤ ਸਭਾ, ਅਮੋਲਕ ਸਿੰਘ ਪ੍ਰਧਾਨ ਪੰਜਾਬ ਲੋਕ ਸਭਿਆਚਾਰ ਮੰਚ, ਸ਼ਿੰਗਾਰਾ ਸਿੰਘ ਮਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਲੋਕ ਮੋਰਚਾ ਪੰਜਾਬ ਦੇ ਸਲਾਹਕਾਰ ਐਨ ਕੇ ਜੀਤ, ਭੂਰਾ ਸਿੰਘ ਕਲੇਰ, ਗੁਰਦੇਵ ਸਿੰਘ ਖੋਖਰ ਪ੍ਰਧਾਨ ਪੰਜਾਬੀ ਸਾਹਿਤ ਸਭਾ ਬਠਿੰਡਾ, ਮਰਹੂਮ ਪ੍ਰਿੰਸਿਪਲ ਸੁਜਾਨ ਸਿੰਘ ਜੀ ਦੀ ਪੁਤਰੀ ਸੁਰਿੰਦਰ ਕੌਰ ਅਤੇ ਹੋਰਾਂ ਨੇਂ, ਇਸ ਮੌਕੇ ਤੇ ਬੋਲਦਿਆਂ ਜਿਥੇ ਕਹਾਣੀਕਾਰ ਅਤਰਜੀਤ ਦੀ ਜਿੰਦਗੀ ਅਤੇ ਰਚਨਾ ਦੇ ਵਖ ਵਖ ਪੈਹ੍ਲੂਆਂ ਤੇ ਚਾਨਣਾ ਪਾਇਆ ਉਥੇ ਨਾਲ ਹੀ ਸਾਹਿਤ ਨੂੰ ਲੋਕਾਂ ਦੀ ਜਿੰਦਗੀ, ਦੁਖ ਦਰਦਾਂ ਅਤੇ ਸੰਘਰਸ਼ਾਂ ਨਾਲ ਜੋੜਨ ਦੀ ਲੋੜ ਤੇ ਵੀ ਜੋਰ ਦਿੱਤਾ | 

ਸੁਰਿੰਦਰ ਪ੍ਰੀਤ ਘਣੀਆ, ਬਲਕਰਨ ਬਲ, ਵਿਨੋਦ ਗਰਗ, ਅਮ੍ਰਿਤ ਪਾਲ ਬੰਗੇ, ਮਲਕੀਤ ਮੀਤ ਅਤੇ ਹੋਰ ਕਵੀਆਂ/ਗੀਤਕਾਰਾਂ ਨੇਂ ਗਜ਼ਲਾਂ ਅਤੇ ਗੀਤ ਪੇਸ਼ ਕੀਤੇ | ਵਿਨੋਦ ਗਰਗ ਨੇ "ਦੈਹ੍ਕਦੇ ਅੰਗਿਆਰਾਂ ਤੇ ਵੀ ਗਾਉਂਦੇ ਰਹੇ ਨੇਂ ਲੋਕ, ਇਸ ਤਰਾਂ ਵੀ ਰਾਤ ਰੁਸ਼ਨਾਉਂਦੇ ਰਹੇ ਨੇਂ ਲੋਕ " ਕਲਾਸਿਕੀ ਅੰਦਾਜ਼ ਚ ਬਹੁਤ ਖੂਬਸੂਰਤੀ ਨਾਲ ਪੇਸ਼ ਕੀਤਾ | ਮਲਕੀਤ ਮੀਤ ਦੇ ਬੋਲ " ਅਸੀਂ ਤਾਂ ਝਖੜਾਂ ਦੇ ਦੌਰ ਵਿੱਚ ਵੀ, ਜਗਾਂਗੇ ਯਾਰਾ ਮਸ਼ਾਲ ਬਣਕੇ" ਬਹੁਤ ਦਿਲ ਟੁੰਬਵੇਂ ਸਨ |  ਅਮ੍ਰਿਤ ਪਾਲ ਬੰਗੇ ਦੇ ਇਸ ਗੀਤ ਨੂੰ ਹਾਜਰ ਸਰੋਤਿਆਂ ਨੇਂ ਤਾੜੀਆਂ ਦੀ ਜ਼ੋਰਦਾਰ ਗੂੰਜ ਨਾਲ ਹੁੰਗਾਰਾ ਦਿੱਤਾ :- 

ਤੁਰ ਬਿਖੜੇ ਰਾਹਾਂ ਤੇ ਅਸੀਂ ਮੰਜ਼ਿਲ ਪਾਵਾਂਗੇ;
ਸਰਘੀ ਦੇ ਗੀਤ ਗਾਕੇ ਨ੍ਹੇਰੇ ਰੁਸ਼ਨਾਵਾਂਗੇ |
ਸਭ ਵਸਣ ਸਮਾਨ ਜਿਥੇ ਉਹ ਚਾਹੁੰਦੇ ਰਾਜ ਅਸੀਂ; 
ਕਿਰਤੀ ਦੇ ਸਿਰ ਤੇ ਹਾਂ ਸਜਾਉਣਾ ਚਾਹੁੰਦੇ ਤਾਜ ਅਸੀਂ; 
ਦਿੱਲੀ ਦੇ ਤਖਤ ਉਤੇ, ਕਿਰਤੀ ਨੂੰ ਬਿਠਾਵਾਂਗੇ; 
ਤੁਰ ਬਿਖੜੇ ਰਾਹਾਂ ਤੇ ਅਸੀਂ ਮੰਜ਼ਿਲ ਪਾਵਾਂਗੇ |


 "ਅਨ੍ਹੀ ਥੇਹ", "ਬਠਲੂ ਚਮਿਆਰ" ਅਤੇ 'ਠੂਹਾਂ' ਵਰਗੇਆਂ ਪੰਜਾਬੀ ਦੀਆਂ ਸਰਵੋਤਮ ਕਹਾਣੀਆਂ ਦੇ ਲੇਖਕ ਅਤਰਜੀਤ ਨੇਂ ਹਾਜਰ ਲੋਕਾਂ ਨੂੰ ਸੰਬੋਧਨ ਕਰਦਿਆਂ, ਲੋਕ ਹਿਤਾਂ ਪ੍ਰਤੀ ਆਪਣੀ ਵਚਨ ਬ੍ਧਤਾ ਮੁੜ ਦੁਹਰਾਈ ਅਤੇ ਕਿਹਾ ਕਿ ਲੋਕ ਉਸਦੇ ਉਤਸ਼ਾਹ ਦਾ ਸੋਮਾਂ ਅਤੇ ਉਸਦੀ ਜਿੰਦਗੀ ਲਈ "ਚਵਨ ਪ੍ਰਾਸ਼" ਹਨ , ਉਹ ਆਪਣੀ ਬਾਕੀ ਦੀ ਜਿੰਦਗੀ  ਵੀ, ਸਾਹਿਤ ਦੇ ਖੇਤਰ ਚ ਲੋਕ ਹਿਤੂ ਸਾਹਿਤ ਰਚਨ ਅਤੇ ਲੋਕਾਂ ਤਕ ਪੁਚਾਉਣ ਦੇ ਲੇਖੇ ਲਾਵੇਗਾ | ਅਤਰਜੀਤ ਨੇਂ ਕਿਹਾ ਕਿ ਉਹ ਆਪਣੀਆਂ ਕਹਾਣੀਆਂ ਚ ਪੇਂਡੂ ਜੀਵਨ, ਖਾਸ ਤੌਰ ਤੇ ਦਲਿਤਾਂ ਦੇ ਜੀਵਨ ਦੇ ਯਥਾਰਥ ਨੂੰ ਚਿਤਰਦਾ ਹੈ, ਪਰ ਉਹ ਜਾਤ ਪ੍ਰਸਤ ਨਹੀਂ ਹੈ |  
ਪ੍ਰੋਫੈਸਰ ਅਜਮੇਰ ਔਲਖ ਨੇਂ ਅਤਰਜੀਤ ਨੂੰ ਉਸ ਦੇ ੭੫ ਵੇਂ ਜਨਮ ਦਿਨ ਤੇ ਵਧਾਈ ਦਿੰਦਿਆਂ ਉਸ ਦੇ ਸਿਰੜ, ਸਾਹਿਤ ਸਿਰਜਨਾ ਅਤੇ ਲੋਕਾਂ ਤਕ ਚੰਗਾ ਸਾਹਿਤ ਪੁਚਾਉਣ ਦੇ ਉਦਮਾਂ ਦੀ ਸ਼ਲਾਘਾ ਕੀਤੀ| ਉਹਨਾਂ ਸਾਹਿਤਕਾਰਾਂ ਦੀ ਲੋਕਾਂ ਨਾਲ ਪ੍ਰਤਿਬਧਤਾ ਦੀ ਲੋੜ ਤੇ ਜੋਰ ਦਿੱਤਾ| ਉਹਨਾਂ ਦੱਸਿਆ ਕਿ ਸਰਕਾਰ ਵਲੋਂ ਇਕ ਨਿੱਜੀ ਕੰਪਨੀ ਦੇ ਬਿਜਲੀ ਘਰ ਲਈ ਜਬਰੀ ਜਮੀਨ ਹਾਸਲ ਕੀਤੇ ਜਾਨ ਖਿਲਾਫ਼, ਮਾਨਸਾ ਜ਼ਿਲੇ ਦੇ ਗੋਬਿੰਦਪੁਰੇ ਪਿੰਡ ਚ ਕਿਸਾਨਾਂ ਅਤੇ ਖੇਤ ਮਜਦੂਰਾਂ ਦੇ ਸੰਘਰਸ਼ ਦੌਰਾਨ ਲੋਕਾਂ ਨਾਲ ਮਿਲ ਕੇ, ਉਹਨਾਂ ਵਲੋਂ ਹੱਡੀਂ ਹੰਢਾਏ ਜਾ ਰਹੇ ਦੁਖ ਤਕਲੀਫਾਂ ਦੀ ਦਾਸਤਾਨ ਉਹਨਾਂ ਖੁਦ ਉਹਨਾਂ ਦੇ ਮੂਹੋਂ ਸੁਣੀ ਅਤੇ ਫਿਰ ਇਸ ਨੂੰ ਆਪਣੀ ਸਾਹਿਤ ਰਚਨਾ ਅਤੇ ਨਾਟਕਾਂ ਚ ਪ੍ਰਤੀਬਿੰਬਤ ਕਰਨ ਦੀ ਕੋਸ਼ਿਸ਼ ਕੀਤੀ | ਉਹਨਾਂ ਸਾਹਿਤਕਾਰਾਂ ਨੂੰ ਕਾਰਪੋਰੇਟ ਕਲਚਰ ਦੇ ਮਾਰੂ ਪ੍ਰਭਾਵਾਂ ਤੋਂ ਬਚਦਿਆਂ ਲੋਕਾਂ ਦੇ ਦੁਖ ਦਰਦਾਂ ਅਤੇ ਸੰਘਰਸ਼ਾਂ ਦੀ ਗਾਥਾ ਨੂੰ ਆਪਣੀਆਂ ਰਚਨਾਵਾਂ ਦਾ ਵਿਸ਼ਾ ਬਣਾਉਣ ਤੇ ਜੋਰ ਦਿੱਤਾ |   

No comments:

Post a Comment