StatCounter

Thursday, February 24, 2011

ਕਚਰਾ ਫੈਕਟਰੀ ‘ਚੋਂ ਸੁਗੰਧੀਦਾਰ ਮੁਨਾਫ਼ਾ

ਉਪ ਮੁੱਖ ਮੰਤਰੀ ਦੇ ਪੀ.ਏ. ਦੀਆਂ ਮੌਜਾਂ ਹੀ ਮੌਜਾਂ

  • ਬਿਨਾਂ ਨਿਵੇਸ਼ ਤੋਂ 20% ਭਾਈਵਾਲੀ

  • ਮੁਨਾਫ਼ੇ ‘ਚੋਂ 20 ਫੀਸਦੀ ਹਿੱਸੇਦਾਰੀ, ਘਾਟੇ ਨਾਲ ਲੈਣਾ-ਦੇਣਾ ਨਹੀਂ

ਚਰਨਜੀਤ ਭੁੱਲਰ
ਬਠਿੰਡਾ, 23 ਫਰਵਰੀ

ਉਪ ਮੁੱਖ ਮੰਤਰੀ ਦੇ ਪੀ.ਏ. ਲਈ ‘ਕਚਰਾ ਫੈਕਟਰੀ’ ਘਾਟੇ ਦਾ ਸੌਦਾ ਨਹੀਂ। ਜ਼ਿਲ੍ਹਾ ਬਠਿੰਡਾ ‘ਚ ਲੱਗੀ ‘ਕਚਰਾ ਫੈਕਟਰੀ’ ਵਿਚ ਇਹ ਪੀ.ਏ. ਭਾਈਵਾਲ ਹੈ, ਪਰ ਬਿਨਾਂ ਕੋਈ ਰਕਮ ਖਰਚ ਕੀਤਿਆਂ। ਉਹ ਇਸ ਫੈਕਟਰੀ ਤੋਂ ਮੁਨਾਫਾ ਤਾਂ ਲਏਗਾ, ਘਾਟਾ ਨਹੀਂ ਝੱਲੇਗਾ। ਪਿੰਡ ਲਹਿਰਾ ਮੁਹੱਬਤ ‘ਚ ਲੱਗੀ ਇਸ ਕਚਰਾ ਫੈਕਟਰੀ ਦੇ ਪ੍ਰਦੂਸ਼ਣ ਖਿਲਾਫ ਕਾਫੀ ਸਮੇਂ ਤੋਂ ਲੋਕ ਉਠੇ ਹੋਏ ਹਨ। ਧਰਨੇ, ਮੁਜ਼ਾਹਰੇ ਹੋ ਚੁੱਕੇ ਹਨ। ਮੁੱਖ ਸੜਕਾਂ ‘ਤੇ ਲੋਕ ਜਾਮ ਵੀ ਲਾ ਚੁੱਕੇ ਹਨ। ਪਰ ਅਜੇ ਤਕ ਕੋਈ ਸੁਣਵਾਈ ਨਹੀਂ। ਇਸ ਪੱਤਰਕਾਰ ਨੂੰ ਕੁਝ ਅਜਿਹੇ ਦਸਤਾਵੇਜ਼ ਪ੍ਰਾਪਤ ਹੋਏ ਹਨ ਜਿਨ੍ਹਾਂ ਤੋਂ ਇਹ ਗੱਲ ਬੇਪਰਦ ਹੋਈ ਹੈ ਕਿ ‘ਕਚਰਾ ਫੈਕਟਰੀ’ ਵਿਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਪੀ.ਏ. ਗੁਰਬਿੰਦਰ ਸਿੰਘ ਦੀ ਬਿਨਾਂ ਪੈਸਿਆਂ ਤੋਂ ਹਿੱਸੇਦਾਰੀ ਹੈ। ਬਿਨਾਂ ਕਿਸੇ ਨਿਵੇਸ਼ ਤੋਂ ਪੀ.ਏ. ਨੂੰ ਮੁਨਾਫੇ ‘ਚੋਂ 20 ਫੀਸਦੀ ਹਿੱਸਾ ਮਿਲਦਾ ਹੈ। ਜੇਕਰ ਫੈਕਟਰੀ ਨੂੰ ਕੋਈ ਘਾਟਾ ਪੈਂਦਾ ਹੈ ਤਾਂ ਉਹ ਘਾਟੇ ਝੱਲਣ ਤੋਂ ਪੀ.ਏ. ਨੂੰ ਛੋਟ ਹੋਏਗੀ।
ਹਸਪਤਾਲਾਂ ਦੀ ਰਹਿੰਦਖੂੰਹਦ ਨੂੰ ਸੋਧ ਕੇ ਖਤਮ ਕਰਨ ਵਾਲੀ ਇਸ ਫੈਕਟਰੀ ‘ਤੇ ਕੁੱਲ 78 ਲੱਖ ਰੁਪਏ ਦਾ ਨਿਵੇਸ਼ ਹੋਇਆ ਹੈ। ਇਸ ਕਾਰਖਾਨੇ ਜਾਂ ਇਨਸਿਨਰੇਟਰ ਨੂੰ ਇਲਾਕੇ ਦੇ ਲੋਕ ਆਮ ਬੋਲਚਾਲ ਵਿਚ ‘ਕਚਰਾ ਫੈਕਟਰੀ’ ਹੀ ਆਖਦੇ ਹਨ।
ਮੈਸਰਜ਼ ਗਰੀਨ ਟੈੱਕ ਵੱਲੋਂ ਇਹ ਫੈਕਟਰੀ ਚਲਾਈ ਜਾ ਰਹੀ ਹੈ। ਮੈਸਰਜ਼ ਗਰੀਨ ਟੈੱਕ ਵੱਲੋਂ ਜੋ ਪਾਰਟਨਰਸ਼ਿਪ ਡੀਡ ਪਹਿਲੀ ਦਸੰਬਰ 2009 ਨੂੰ ਕੀਤੀ ਗਈ, ਉਸ ਅਨੁਸਾਰ ਇਸ ਫੈਕਟਰੀ ਨੂੰ ਚਲਾਉਣ ਵਾਲੇ ਚਾਰ ਹਿੱਸੇਦਾਰ ਹਨ। ਜ਼ਿਲ੍ਹਾ ਬਰਨਾਲਾ ਦੇ ਦਲਬੀਰ ਸਿੰਘ ਪੁੱਤਰ ਰੁਪਿੰਦਰ ਸਿੰਘ ਨੇ 12 ਫਰਵਰੀ 2009 ਨੂੰ ਮੈਸਰਜ਼ ਗਰੀਨ ਟੈੱਕ ਦੇ ਨਾਂ ਹੇਠ ਇਕੱਲੇ ਨੇ ਹੀ ਇਹ ਕੰਮ ਸ਼ੁਰੂ ਕੀਤਾ ਸੀ। ਡੀਡ ਅਨੁਸਾਰ ਦਲਬੀਰ ਸਿੰਘ ਨੇ ਮਗਰੋਂ ਆਪਣੇ ਕਾਰੋਬਾਰ ਦੀ ਬਿਹਤਰੀ ਅਤੇ ਚੰਗੀਆਂ ਸੁਵਿਧਾਵਾਂ ਦੇਣ ਲਈ ਤਿੰਨ ਹੋਰ ਹਿੱਸੇਦਾਰਾਂ ਨੂੰ ਸ਼ਾਮਲ ਕਰ ਲਿਆ ਜਿਨ੍ਹਾਂ ‘ਚੋਂ ਇਕ ਉਪਰੋਕਤ ਪੀ.ਏ. ਹੈ। ਹਿੱਸੇਦਾਰੀ ਡੀਡ ‘ਚ ਚਾਰੋਂ ਹਿੱਸੇਦਾਰਾਂ ਵੱਲੋਂ 13 ਸ਼ਰਤਾਂ ਲਿਖੀਆਂ ਗਈਆਂ ਹਨ। ਸ਼ਰਤ ਨੰਬਰ ਛੇ ਅਨੁਸਾਰ ਦਲਬੀਰ ਸਿੰਘ ਅਤੇ ਹਿੱਸੇਦਾਰ ਕੁਲਵਿੰਦਰਪ੍ਰੀਤ ਸਿੰਘ ਵਾਸੀ ਬਰਨਾਲਾ ਵੱਲੋਂ ਨਿਵੇਸ਼ ‘ਚ 30-30 ਫੀਸਦੀ ਹਿੱਸਾ ਪਾਇਆ ਜਾਏਗਾ ਜਦੋਂ ਕਿ ਗੁਰਬਿੰਦਰ ਸਿੰਘ ਅਤੇ ਅਮਰਦੀਪ ਸਿੰਘ ਵਾਸੀ ਕਾਂਸਲ ਜ਼ਿਲ੍ਹਾ ਮੁਹਾਲੀ ਵੱਲੋਂ ਕੋਈ ਪੈਸਾ ਨਹੀਂ ਲਾਇਆ ਜਾਵੇਗਾ। ਪੈਸਾ ਲਾਉਣ ਵਾਲੇ ਦਲਬੀਰ ਸਿੰਘ ਅਤੇ ਕੁਲਵਿੰਦਰਪ੍ਰੀਤ ਸਿੰਘ ਵੱਲੋਂ ਪੀ.ਏ. ਗੁਰਬਿੰਦਰ ਸਿੰਘ ਅਤੇ ਅਮਰਦੀਪ ਸਿੰਘ ਨੂੰ ਨਿਵੇਸ਼ ਕਰਨ ਲਈ ਆਖਿਆ ਵੀ ਨਹੀਂ ਜਾਏਗਾ। ਸ਼ਰਤ ਨੰਬਰ 9 ਦਾ ਸਬੰਧ ਫਰਮ ਦੇ ਮੁਨਾਫੇ ਅਤੇ ਘਾਟੇ ਨਾਲ ਹੈ। ਇਸ ਅਨੁਸਾਰ ਦਲਬੀਰ ਸਿੰਘ ਅਤੇ ਕੁਲਵਿੰਦਰਪ੍ਰੀਤ ਸਿੰਘ (ਜਿਨ੍ਹਾਂ ਵੱਲੋਂ ਸਾਰਾ ਪੈਸਾ ਖਰਚ ਕੀਤਾ ਗਿਆ ਹੈ) ਮੁਨਾਫੇ ‘ਚ 30-30 ਫੀਸਦੀ ਦੇ ਹਿੱਸੇਦਾਰ ਹੋਣਗੇ ਜਦੋਂ ਕਿ ਪੀ.ਏ. ਗੁਰਬਿੰਦਰ ਸਿੰਘ ਅਤੇ ਅਮਰਦੀਪ ਸਿੰਘ (ਜਿਨ੍ਹਾਂ ਕੋਈ ਪੈਸਾ ਖਰਚ ਨਹੀਂ ਕੀਤਾ) ਮੁਨਾਫੇ ‘ਚੋਂ 20-20 ਫੀਸਦੀ ਦੇ ਹਿੱਸੇਦਾਰ ਹੋਣਗੇ। ਜੇਕਰ ਫਰਮ ਨੂੰ ਕੋਈ ਘਾਟਾ ਪੈਂਦਾ ਹੈ ਤਾਂ ਦਲਬੀਰ ਸਿੰਘ ਅਤੇ ਕੁਲਵਿੰਦਰਪ੍ਰੀਤ ਸਿੰਘ ਸਾਰਾ ਘਾਟਾ ਝੱਲਣਗੇ, ਜਦੋਂ ਕਿ ਪੀ.ਏ. ਗੁਰਬਿੰਦਰ ਸਿੰਘ ਅਤੇ ਅਮਰਦੀਪ ਸਿੰਘ ਘਾਟੇ ਦਾ ਭਾਰ ਨਹੀਂ ਵੰਡਾਉਣਗੇ। ਸਾਫ ਲਿਖਿਆ ਗਿਆ ਹੈ ਕਿ ਇਨ੍ਹਾਂ ਦੋਵਾਂ ਦੀ ਵਿੱਤੀ ਜ਼ਿੰਮੇਵਾਰੀ ਨਹੀਂ ਹੋਏਗੀ। ਇਸ ਫਰਮ ਵੱਲੋਂ ਇਸ ਪਾਰਟਰਨਰਸ਼ਿਪ ਡੀਡ ਦੀ ਇਕ ਨਕਲ ਬਠਿੰਡਾ ‘ਚ ਸਿਵਲ ਜੱਜ ਜੂਨੀਅਰ ਡਿਵੀਜ਼ਨ ਸ੍ਰੀ ਪਰਿੰਦਰ ਸਿੰਘ ਦੀ ਅਦਾਲਤ ‘ਚ ਦਾਇਰ ਕੀਤੇ ਇਕ ਕੇਸ ‘ਚ ਵੀ ਲਗਾਈ ਗਈ ਹੈ। ਜ਼ਿਲ੍ਹਾ ਉਦਯੋਗ ਵਿਭਾਗ, ਬਠਿੰਡਾ ਕੋਲ ਵੀ ਇਨ੍ਹਾਂ ਹਿੱਸੇਦਾਰਾਂ ਦਾ ਇੰਦਰਾਜ 27 ਮਈ, 2010 ਨੂੰ ਹੋਇਆ ਹੈ। ਪੀ.ਏ. ਗੁਰਬਿੰਦਰ ਸਿੰਘ ਲੰਬੀ ਹਲਕੇ ਦੇ ਪਿੰਡ ਵਣਵਾਲਾ ਅਨੂਕਾ ਦਾ ਵਸਨੀਕ ਹੈ। ਜ਼ਿਲ੍ਹਾ ਉਦਯੋਗ ਵਿਭਾਗ ਕੋਲ ਜੋ ਇਸ ਫਰਮ ਵੱਲੋਂ ਫਾਰਮ ਨੰਬਰ 291 ਦਿੱਤਾ ਗਿਆ ਹੈ, ਉਸ ਅਨੁਸਾਰ ਫਰਮ ਨੇ ‘ਕਚਰਾ ਫੈਕਟਰੀ’ ਵਾਲੀ ਜ਼ਮੀਨ ਦੀ ਕੀਮਤ 14 ਲੱਖ ਲਿਖੀ ਹੈ ਜਦੋਂ ਕਿ ਇਮਾਰਤ ਦਾ ਖਰਚਾ 18 ਲੱਖ ਰੁਪਏ ਦੱਸਿਆ ਗਿਆ ਹੈ। ਪਲਾਂਟਸ ਅਤੇ ਹੋਰ ਮਸ਼ੀਨਰੀ ਦੀ ਕੀਮਤ 46 ਲੱਖ ਰੁਪਏ ਦੱਸੀ ਗਈ ਹੈ। ਇਸ ਫੈਕਟਰੀ ਦੀ ਸਮਰੱਥਾ 1500 ਮੀਟਰਿਕ ਟਨ ਦੀ ਹੈ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪਟਿਆਲਾ ਵੱਲੋਂ ਪੱਤਰ ਨੰਬਰ ਈ.ਈ. (ਈ.ਪੀ.ਏ.) 19194 ਮਿਤੀ 21 ਅਪਰੈਲ 2010 ਨੂੰ ਮੈਸਰਜ਼ ਗਰੀਨ ਟੈੱਕ ਨੂੰ ਬਾਇਓ ਮੈਡੀਕਲ ਵੇਸਟ (ਮੈਨੇਜਮੈਂਟ ਐਂਡ ਹੈਂਡÇਲੰਗ) ਰੂਲਜ਼ 1998 ਤਹਿਤ ਅਧਿਕਾਰ ਦਿੱਤੇ ਗਏ ਸਨ ਜੋ ਕਿ ਇਕ ਸਾਲ ਲਈ ਹਨ। ਇਸ ਫੈਕਟਰੀ ਨੂੰ 150 ਕਿਲੋਮੀਟਰ ਦੇ ਘੇਰੇ ਅੰਦਰ ਕਾਰਜ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਫੈਕਟਰੀ ਵੱਲੋਂ ਹਸਪਤਾਲਾਂ ‘ਚੋਂ ਰਹਿੰਦ-ਖੂੰਹਦ ਇਕੱਠੀ ਕੀਤੀ ਜਾਂਦੀ ਹੈ ਅਤੇ ਉਸ ਨੂੰ ਸੋਧ ਕੇ ਉਸ ਦੀ ਨਿਕਾਸੀ ਕੀਤੀ ਜਾਂਦੀ ਹੈ। ਇਸ ਫੈਕਟਰੀ ਦੇ ਪ੍ਰਦੂਸ਼ਣ ਖਿਲਾਫ ਇਕ ਐਕਸ਼ਨ ਕਮੇਟੀ ਵੀ ਬਣੀ ਹੈ ਜਿਸ ਦੇ ਕਨਵੀਨਰ ਸ੍ਰੀ ਰਣਜੀਤ ਸਿੰਘ ਦਾ ਕਹਿਣਾ ਸੀ ਕਿ ਉਹ ਇਸ ਫੈਕਟਰੀ ਦੇ ਪ੍ਰਦੂਸ਼ਣ ਖਿਲਾਫ ਕਾਨੂੰਨੀ ਚਾਰਾਜੋਈ ਵੀ ਕਰ ਰਹੇ ਹਨ ਕਿਉਂਕਿ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਲੋਕਾਂ ਦੀ ਸੁਣਵਾਈ ਤਕ ਨਹੀਂ ਕੀਤੀ। ਸਿਵਲ ਸਰਜਨ, ਬਠਿੰਡਾ ਵੱਲੋਂ ਪੱਤਰ (ਨੰਬਰ ਮਲੇ/ਟੈਕ/10-4268 ਮਿਤੀ 22 ਸਤੰਬਰ 2010) ਰਾਹੀਂ ਇਸ ਫੈਕਟਰੀ ਦੀ ਜਾਂਚ ਲਈ ਲਿਖਿਆ ਗਿਆ ਸੀ। ਮੁਢਲਾ ਸਿਹਤ ਕੇਂਦਰ, ਨਥਾਣਾ ਵੱਲੋਂ ਜਾਂਚ ਮਗਰੋਂ ਆਪਣੀ ਰਿਪੋਰਟ 24 ਸਤੰਬਰ 2010 ਨੂੰ ਪੱਤਰ (ਨੰਬਰ ਮਲੇ/ਟੈਕ/ਨੰਬਰ 10-155) ਤਹਿਤ ਐਸ. ਡੀ.ਐਮ. ਬਠਿੰਡਾ ਨੂੰ ਭੇਜ ਦਿੱਤੀ ਗਈ ਸੀ।
ਜਾਂਚ ਰਿਪੋਰਟ ਅਨੁਸਾਰ ਫੈਕਟਰੀ ‘ਚੋਂ ਬਦਬੂ ਆ ਰਹੀ ਸੀ। ਇਕ ਛੋਟਾ ਜਿਹਾ ਟੋਆ ਪੁੱਟ ਕੇ ਗੰਦਾ ਮੈਟੀਰੀਅਲ ਦੱਬਿਆ ਹੋਇਆ ਸੀ। ਪਹਿਲਾ ਟੱਕ ਲਾਏ ਜਾਣ ਮਗਰੋਂ ਗੰਦਾ ਮੈਟੀਰੀਅਲ ਬਾਹਰ ਆ ਗਿਆ। ਫੈਕਟਰੀ ‘ਚ ਰੋਜ਼ਾਨਾ ਚਾਰ-ਪੰਜ ਕੈਂਟਰ ਵੇਸਟ ਸਾਮਾਨ ਦੇ ਆਉਂਦੇ ਸਨ। ਬਠਿੰਡਾ ਦੇ ਐਸ.ਡੀ.ਐਮ. ਸ੍ਰੀ ਕੇ.ਪੀ.ਐਸ. ਮਾਹੀ ਦਾ ਕਹਿਣਾ ਸੀ ਕਿ ਐਸ.ਐਮ.ਓ. ਦੀ ਰਿਪੋਰਟ ਆ ਗਈ ਹੈ ਅਤੇ ਉਹ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਵੀ ਰਿਪੋਰਟ ਲੈ ਰਹੇ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਿਗਿਆਨਕ ਅਫਸਰ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਕਰੀਬ ਇਕ ਮਹੀਨਾ ਪਹਿਲਾਂ ਉਨ੍ਹਾਂ ਦੀ ਟੀਮ ਵੀ ਲਹਿਰਾ ਮੁਹੱਬਤ ਦੌਰਾ ਕਰਨ ਗਈ ਸੀ ਪ੍ਰੰਤੂ ਲੋਕਾਂ ਨੇ ਉਨ੍ਹਾਂ ਨੂੰ ਫੈਕਟਰੀ ‘ਚ ਜਾਣ ਨਹੀਂ ਦਿੱਤਾ। ਦੂਸਰੀ ਤਰਫ ਫੈਕਟਰੀ ਤੋਂ ਪੈਦਾ ਕੀਤੇ ਜਾ ਰਹੇ ਪ੍ਰਦੂਸ਼ਣ ਸਬੰਧੀ ਲੋਕ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ 19 ਫਰਵਰੀ, 2011 ਨੂੰ ਗੋਨਿਆਣਾ ਵਿਖੇ ਮਿਲੇ ਸਨ ਜਿਨ੍ਹਾਂ ਨੇ ਮਾਮਲੇ ਦੀ ਜਾਂਚ ਡਿਪਟੀ ਕਮਿਸ਼ਨਰ ਨੂੰ ਕਰਨ ਦੇ ਮੌਕੇ ‘ਤੇ ਹੁਕਮ ਦੇ ਦਿੱਤੇ ਸਨ।
ਸ੍ਰੀ ਗੁਰਬਿੰਦਰ ਸਿੰਘ ਨਾਲ ਜਦੋਂ 22 ਫਰਵਰੀ ਦੀ ਸ਼ਾਮ ਨੂੰ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਮੋਬਾਈਲ ਫੋਨ ਕਿਸੇ ਹੋਰ ਵਿਅਕਤੀ ਨੇ ਚੁੱਕਿਆ ਤੇ ਦੱਸਿਆ ਕਿ ‘ਸਾਹਿਬ ਕੈਬਨਿਟ ਮੀਟਿੰਗ ਵਿਚ ਹਨ।’ ਫੋਨ ਅਟੈਂਡ ਕਰਨ ਵਾਲੇ ਨੂੰ ਸੁਨੇਹਾ ਦੇ ਦਿੱਤਾ ਗਿਆ ਕਿ ਸ੍ਰੀ ਗੁਰਬਿੰਦਰ ਸਿੰਘ ਵਿਹਲੇ ਹੋਣ ‘ਤੇ ਗੱਲ ਕਰ ਲੈਣ। ਅੱਜ ਫਿਰ ਦੁਬਾਰਾ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਨ੍ਹਾਂ ਫੋਨ ਅਟੈਂਡ ਨਾ ਕੀਤਾ। ਅਖੀਰ ਉਨ੍ਹਾਂ ਦੇ ਮੋਬਾਈਲ ਫੋਨ ‘ਤੇ ਐਸ.ਐਮ.ਐਸ. ਕਰਕੇ ਵੀ ਉਨ੍ਹਾਂ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਉਨ੍ਹਾਂ ਦਾ ਕੋਈ ਜੁਆਬ ਨਾ ਆਇਆ

Courtesy: Punjabi Tribune, Chandigarh, 24.2.2010


1 comment:

  1. NK Jeet Jee..........Takhtupura Shaheedi smaagam di report hale tak nahin lagi...tasveeran bina , please eh jroori hae, brief hee hove.....

    ReplyDelete