StatCounter

Tuesday, May 1, 2012

ਸੀਤਲ ਫੈਬਰਿਕ ਫੈਕਟਰੀ ਘਟਨਾਕਰਮ ਨੂੰ ਕੇਂਦਰਤ ਕਰਦਿਆਂਮਈ ਦਿਹਾੜਾ ਮਨਾਉਣਗੀਆਂ ਇਨਕਲਾਬੀ ਜਥੇਬੰਦੀਆਂ

ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਨੇ ਸਾਂਝੇ ਸੱਦੇ ਰਾਹੀਂ ਪੰਜਾਬ ਦੀਆਂ ਵਿਸ਼ੇਸ਼ ਕਰਕੇ ਸਨਅੱਤੀ ਕਾਮਿਆਂ, ਖੇਤ ਮਜ਼ਦੂਰਾਂ, ਦਸਤਕਾਰਾਂ ਅਤੇ ਸਮੂਹ ਮਿਹਨਤਕਸ਼ ਤਬਕਿਆਂ ਦੀਆਂ ਜਥੇਬੰਦੀਆਂ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ ਪਹਿਲੀ ਮਈ ਦਾ ਕੌਮਾਂਤਰੀ ਮਜ਼ਦੂਰ ਦਿਹਾੜਾ ਜਲੰਧਰ ਵਿਖੇ ਸੀਤਲ ਫੈਬਰਿਕ ਫੈਕਟਰੀ ਵਿੱਚ ਵਾਪਰੇ ਦੁਖਾਂਤ ਨੂੰ ਸਮਰਪਤ ਕਰਦਿਆਂ ਇਸਦੇ ਮੁਜਰਿਮਾਂ ਖਿਫਾਫ ਢੁਕਵੀਂ ਕਾਰਵਾਈ ਕਰਨ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਸਾਂਝੀ ਆਵਾਜ਼ ਬੁਲੰਦ ਕਰਨ ਲਈ ਅੱਗੇ ਆਉਣ।

ਲੋਕ ਮੋਰਚਾ ਪੰਜਾਬ ਦੇ ਜਨਰਲ ਸੱਕਤਰ ਅਮੋਲਕ ਸਿੰਘ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਪ੍ਰੈਸ ਨੂੰ ਸਾਂਝੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵੇਂ ਜਥੇਬੰਦੀਆਂ ਪੰਜਾਬ ਦੇ ਇਸ ਅਤੀ ਭਖਦੇ ਮੁੱਦੇ ਨਾਲ ਜੁੜਵੇਂ ਪੱਖਾਂ ਉਪਰ ਮਈ ਦਿਹਾੜੇ ਦਾ ਧਿਆਨ ਕੇਂਦਰਤ ਕਰਨਗੀਆਂ। ਉਹਨਾਂ ਕਿਹਾ ਕਿ ਨਵੀਆਂ ਆਰਥਿਕ ਅਤੇ ਸਨਅੱਤੀ ਨੀਤੀਆਂ ਦੇ ਨਤੀਜੇ ਵਜੋਂ ਫੈਕਟਰੀ ਮਾਲਕਾਂ ਨੂੰ ਕਿਰਤੀ ਵਰਗ ਦੇ ਜੀਵਨ ਨਾਲ ਖੇਡਣ ਦੀਆਂ ਮਿਲੀਆਂ ਖੁੱਲ੍ਹਾਂ ਦਾ ਪਰਦਾਫਾਸ਼ ਕੀਤਾ ਜਾਏਗਾ ਜਿਹੜੀਆਂ ਨੀਤੀਆਂ ਪਹਿਲਾਂ ਨਾਲੋਂ ਵੀ ਕਿਤੇ ਵੱਧ ਸੀਤਲ ਵਿਜ਼ ਵਰਗੇ ਮਾਲਕਾਂ ਨੂੰ ਕਾਮਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਦੀ ਛੁੱਟੀ ਦਿੰਦੀਆਂ ਹਨ।

ਪ੍ਰੈਸ਼ ਬਿਆਨ ਵਿੱਚ ਮਈ ਦਿਹਾੜੇ 'ਤੇ ਸੀਤਲ ਫੈਬਰਿਕ ਵਰਗੇ ਮੁਲਕ ਵਿਆਪੀ ਵਰਤਾਰਿਆਂ ਦੀ ਜੰਮਣ ਭੋਇੰ ਅਜੋਕੇ ਪ੍ਰਬੰਧ ਨੂੰ ਜਿੰਮੇਵਾਰ ਕਰਾਰ ਦਿੰਦਿਆਂ ਕਿਹਾ ਗਿਆ ਹੈ ਕਿ ਆਪਣੀ ਕਰਤ, ਜਾਨ-ਮਾਲ ਦੀ ਰਾਖੀ ਅਤੇ ਸਵੈ-ਮਾਣ ਭਰੀ ਜ਼ਿੰਦਗੀ ਲਈ ਕਿਰਤੀ ਵਰਗ ਨੂੰ ਖੁਦ ਆਪਣੇ ਪੈਰਾਂ 'ਤੇ ਖੜ੍ਹਿਆਂ ਕਰਨ ਵਾਲੀ ਇਨਕਲਾਬੀ ਲੋਕ ਸ਼ਕਤੀ ਉਸਾਰਨ ਲਈ ਅੱਗੇ ਆਉਣਾ ਹੀ ਮਈ ਦਿਹਾੜੇ ਨੂੰ ਸਹੀ ਭਾਵਨਾ ਵਿੱਚ ਮਨਾਉਣਾ ਹੈ।

ਜਾਰੀ ਕਰਤਾ:
ਅਮੋਲਕ ਸਿੰਘ
ਸੰਪਰਕ: 94170 76735

No comments:

Post a Comment